.

ਕਬੀਰ ਜੀ ਦੀ ਕਾਸ਼ੀ/ਵਾਰਾਣਸੀ

(ਭਾਗ 2)

ਇਸ ਲੇਖ ਦੇ ਪਹਿਲੇ ਭਾਗ ਵਿੱਚ ਵਾਰਾਣਸੀ ਬਾਰੇ ਦਿੱਤੀ ਗਈ ਸੰਖੇਪ ਜਾਣਕਾਰੀ ਵਿੱਚੋਂ ‘ਧਰਮ’ ਦੀ ਜੋ ਤਸਵੀਰ ਉਘੜ ਕੇ ਸਾਡੇ ਸਾਹਮਣੇ ਆਈ, ਉਸ ਦਾ ਸੰਖੇਪ ਸਾਰ: ਭਾਰਤ ਵਿੱਚ, ਪ੍ਰਾਚੀਨ ਗ੍ਰੰਥਾਂ ਦੇ ਹਵਾਲੇ ਨਾਲ, ਮਿਥਿਹਾਸਕ ਦੇਵੀ ਦੇਵਤਿਆਂ ਦੇ ਨਾਮਾਂ ਨਾਲ ਜੋੜੇ ਜਾਂਦੇ ਕਈ ਤੀਰਥ (ਪਾਪ-ਨਾਸ਼ਕ ਤੇ ਮੁਕਤੀ-ਦਾਤਾ ਸਥਾਨ, ਜੋ ਅਧਿਕਤਰ ਪਵਿੱਤਰ ਕਹੀਆਂ ਜਾਂਦੀਆਂ ਨਦੀਆਂ ਉੱਤੇ ਸਥਿਤ ਹਨ) ਬਣਾਏ ਗਏ, ਇਨ੍ਹਾਂ ਤੀਰਥਾਂ ਉੱਤੇ ਮਿਥਿਹਾਸਕ ਦੇਵੀ-ਦੇਵਤਿਆਂ ਦੇ ਨਾਂਵਾਂ `ਤੇ ਕੀਮਤੀ ਪੱਥਰਾਂ ਨਾਲ ਉਸਾਰੇ ਗਏ ਹਜ਼ਾਰਾਂ ਮੰਦਿਰ, ਮੰਦਿਰਾਂ ਅੰਦਰ ਇਸ਼ਟ-ਦੇਵੀਆਂ ਤੇ ਇਸ਼ਟ-ਦੇਵਾਂ ਦੀਆਂ ਅਣਗਿਣਤ ਕਾਲਪਣਿਕ ਮੂਰਤੀਆਂ, ਉਨ੍ਹਾਂ ਪੱਥਰ ਦੀਆਂ ਮੂਰਤੀਆਂ ਦੀ ਪੂਜਾ-ਅਰਚਨਾ, ਪੂਜਾ-ਅਰਚਨਾ ਦੀਆਂ ਅਨੇਕ ਵਿਧੀਆਂ, ਇਨ੍ਹਾਂ ਵਿਧੀਆਂ ਨਾਲ ਜੋੜੇ ਗਏ ਅਣਗਿਣਤ ਕਰਮ-ਕਾਂਡ, ਇਨ੍ਹਾਂ ਕਰਮਕਾਂਡਾਂ ਨੂੰ ਜਜਮਾਨਾਂ ਨਮਿੱਤ ਸੰਪੰਨ ਕਰਨ ਲਈ ਬੇਸ਼ੁਮਾਰ ਪਾਂਡੇ-ਪੁਰੋਹਿਤ (ਜਿਨ੍ਹਾਂ ਨੂੰ ਤੀਰਥ-ਪੁਰੋਹਿਤ ਵੀ ਕਿਹਾ ਜਾਂਦਾ ਹੈ), ਇਨ੍ਹਾਂ ਤੀਰਥ-ਪੁਰੋਹਿਤਾਂ ਨੂੰ ਆਮ ਜਨਤਾ ਤੋਂ ਨਿਖੇੜਣ ਵਾਸਤੇ ਤਰ੍ਹਾਂ-ਤਰ੍ਹਾਂ ਦੇ ਭੇਖ ਤੇ ਚਿੰਨ੍ਹ, ਕਰਮ-ਕਾਂਡ ਕਰਨ-ਕਰਵਾਉਣ ਲਈ ਲੋੜੀਂਦੀ ਨਿਸ਼ਚਿਤ ਸਾਮਗ੍ਰੀ, ਇਸ ਸਾਮਗ੍ਰੀ ਦਾ ਲਾਹੇਵੰਦ ਵਪਾਰ, ਇਸ਼ਟ-ਦੇਵ/ਦੇਵੀਆਂ ਦੇ ਨਾਂ `ਤੇ ਠੱਗਣ ਤੇ ਮੰਗਣ ਦਾ ਅਮਾਨਵੀ ਧੰਦਾ ਅਤੇ ਇਸ ਧੰਦੇ ਨੂੰ ਸਫ਼ਲ ਬਣਾਉਣ ਵਾਸਤੇ ਬੇਅਕਲੀ ਨਾਲ ਦਾਨ ਦੇਣ ਦੀ ਹਉਮੈਂ-ਯੁਕਤ ਰੁਚੀ……! ! (ਹਾਹ! ਇਹ ਸੂਚੀ ਮੁੱਕਣ ਵਾਲੀ ਨਹੀਂ!)

ਉਕਤ ਵੇਰਵੇ ਵਿੱਚ ਸਿਰਜਨਹਾਰ ਤੇ ਪਾਲਣਹਾਰ ਪ੍ਰਭੂ ਪਰਮਾਤਮਾ, ਭਗਵਾਨ, ਰਾਮ, ਰਹੀਮ, ਹਰਿ, ਈਸ਼ਵਰ ਜਾਂ ਨਿਰੰਕਾਰ ਅਕਾਲ ਪੁਰਖ ਦੀ ਜ਼ਰਾ ਵੀ ਝਲਕ ਨਹੀਂ ਹੈ, ਅਤੇ ਨਾ ਹੀ ਉਸ ਦੀ ਉਪਾਸਨਾ-ਭਗਤੀ ਦਾ ਕੋਈ ਸੰਕੇਤ। ਸਾਰੇ ਵੇਰਵੇ ਵਿੱਚ ਮਿਥਿਹਾਸ, ਅਗਿਆਨਤਾ, ਅੰਧਵਿਸ਼ਵਾਸ ਤੇ ਵਹਿਮਾਂ ਭਰਮਾਂ ਦਾ ਗ਼ੁਬਾਰ ਹੀ ਹੈ। ਅਧਿਆਤਮ ਗਿਆਨ ਦੇ ਪ੍ਰਕਾਸ਼ ਦੀ ਪੂਰਣ ਅਣਹੋਂਦ ਹੈ ਅਤੇ ਬਿਬੇਕ ਕਿਧਰੇ ਵੀ ਨਜ਼ਰ ਨਹੀਂ ਆਉਂਦਾ।

ਦੂਜਾ, ਧਰਮ-ਧਾਮਾਂ ਉੱਤੇ ਕੀਤੇ/ਕਰਵਾਏ ਜਾਂਦੇ ਸਾਰੇ ਧਰਮ-ਕਰਮਾਂ ਦਾ ਸੰਬੰਧ, ਜੇ ਕੋਈ ਹੈ ਤਾਂ, ਕੇਵਲ ਸਰੀਰ ਨਾਲ ਹੈ, ਮਨ ਦੀ ਮੈਲ ਦੀ ਧੁਲਾਈ ਜਾਂ ਆਤਮਾ ਦੇ ਕਲਅਿਾਣ ਨਾਲ ਉੱਕਾ ਹੀ ਨਹੀਂ।

ਤੀਜਾ, ਮਾਨਵਤਾ ਵਿੱਚ ਅਮਾਨਵੀ ਵਰਣ-ਵੰਡ ਤੇ ਜਾਤੀ-ਵੰਡ ਵੀ ਪ੍ਰਾਚੀਨ ਭਾਰਤੀ ਗ੍ਰੰਥਾਂ (ਵੇਦ, ਪੁਰਾਣ ਤੇ ਸਿਮ੍ਰਿਤੀਆਂ ਆਦਿ) ਦੀ ਹੀ ਦੇਣ ਹੈ। ਗ੍ਰੰਥਾਂ ਦੀ ਇਸ ਦੇਣ ਦੇ ਪ੍ਰਭਾਵ ਹੇਠ, ਹਜ਼ਾਰਾਂ ਸਾਲ ਤੋਂ, ਨਾਮਧਰੀਕ ਊਚ ਜਾਤੀਆਂ ਦੇ ਹਉਮੈਂ ਗਾਲੇ ਪਾਪੀ ਲੋਕ ਰੱਬ ਦੇ ਕਿਰਤੀ ਬੰਦਿਆਂ ਨੂੰ ਸ਼ੂਦਰ ਤੇ ਨੀਚ ਜਾਤਿ ਕਹਿਕੇ ਉਨ੍ਹਾਂ ਨਾਲ ਅਮਾਨਵੀ ਤੇ ਜ਼ਾਲਮਾਨਾਂ ਵਿਵਹਾਰ ਕਰਦੇ ਰਹੇ ਹਨ।

ਮੱਧ ਕਾਲ ਵਿੱਚ, ਉਪਰੋਕਤ ਦੇ ਖ਼ਿਲਾਫ਼ ਇੱਕ ਕ੍ਰਾਂਤੀ ਨੇ ਜਨਮ ਲਿਆ, ਜਿਸ ਨੂੰ ਇਤਿਹਾਸ ਦੀ ਬੋਲੀ ਵਿੱਚ ਨਿਰਗੁਣ ਭਗਤੀ ਲਹਿਰ ਕਿਹਾ ਜਾਂਦਾ ਹੈ। ਇਹ ਕ੍ਰਾਂਤੀ ਲਿਆਉਣ ਵਾਲੇ ਮੋਢੀਆਂ ਵਿੱਚੋਂ ਰਾਮਾਨੰਦ ਜੀ ਇੱਕ ਸਨ। ਰਾਮਾਨੰਦ ਜੀ ਨੇ ਬਹੁ-ਦੇਵਤਾਵਾਦ (polytheism) ਨੂੰ ਰੱਦ ਕਰਕੇ ਇਕ-ਈਸ਼ਵਰਵਾਦ (Monotheism) ਨੂੰ ਅਪਣਾਇਆ ਅਤੇ ਇਸ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਬਿਬੇਕ ਨਾਲ ਲੋਕਾਂ ਨੂੰ ਦ੍ਰਿੜ੍ਹ ਕਰਵਾਇਆ ਕਿ ਮਨੁੱਖਤਾ ਦੇ ਇੱਕੋ-ਇਕ ਸੱਚੇ ਇਸ਼ਟ-ਦੇਵ ਨਿਰਗੁਣ, ਅਸਥੂਲ ਤੇ ਅਲਖ ਈਸ਼ਵਰ ਦੀ ਮੂਰਤੀ ਹੋ ਹੀ ਨਹੀਂ ਸਕਦੀ ਜਿਸ ਵਾਸਤੇ ਮੰਦਿਰ ਦੀ ਲੋੜ ਹੋਵੇ। ਇਸ ਲਈ ਮਨ-ਮੰਦਿਰ ਅੰਦਰ ਹਰਿ-ਨਾਮ-ਸਿਮਰਨ ਹੀ ਸਹੀ ਮੁਕਤੀ-ਮਾਰਗ ਹੈ। ਰਾਮਾਨੰਦ ਜੀ ਨੇ ਬੁਰੇ ਸੰਸਕਾਰਾਂ ਤੋਂ ਮੁਕਤੀ ਪ੍ਰਾਪਤ ਕਰਨ ਵਾਸਤੇ ਗ੍ਰੰਥਾਂ, ਮੰਦਿਰਾਂ, ਮੂਰਤੀਆਂ, ਤੀਰਥ-ਸਥਨਾਂ ਦੀ ਯਾਤ੍ਰਾ, ਤੀਰਥ-ਇਸ਼ਨਾਨ ਤੇ ਹੋਰ ਸਾਰੇ ਕਰਮਕਾਂਡਾਂ ਨੂੰ ਨਿਗੁਣੇ, ਤੁੱਛ ਤੇ ਨਿਰਾਰਥਕ ਜਾਣ ਕੇ ਨਿਕਾਰਿਆ, ਅਤੇ ਮਨ-ਮੰਦਿਰ ਅੰਦਰ ਸੱਚੇ ਮੁਕਤੀ-ਦਾਤੇ ਇੱਕ ਅਕਾਲਪੁਰਖ ਦੀ ਭਗਤੀ ਕੀਤੀ ਅਤੇ ਆਪਣੇ ਸਿੱਖਾਂ ਨੂੰ ਵੀ ਇਸੇ ਰਾਹ ਤੋਰਿਆ।

ਰਾਮਾਨੰਦ ਜੀ (1366-1467 ਈ: ) ਦਾ ਜਨਮ ਭਾਵੇਂ ਅੱਲ੍ਹਾਆਬਾਦ ਵਿਖੇ ਹੋਇਆ ਪਰੰਤੂ ਉਨ੍ਹਾਂ ਨੇ ਆਪਣਾ ਬਹੁਤਾ ਜੀਵਨ ਕਰਮ-ਕਾਂਡੀ ਬ੍ਰਾਹਮਣਾਂ ਦੇ ਗੜ੍ਹ ਕਾਸ਼ੀ (ਵਾਰਾਣਸੀ) ਵਿੱਚ ਹੀ ਗੁਜ਼ਾਰਿਆ। ਇੱਥੇ ਗੰਗਾ ਕਿਨਾਰੇ ਆਪਣਾ ਮਠ ਸਥਾਪਿਤ ਕਰਕੇ ਉਨ੍ਹਾਂ ਨੇ ਸਮਾਜਿਕ ਅਤੇ ਧਾਰਮਿਕ ਖੇਤੱਰਾਂ ਵਿੱਚ ਵਿਆਪਕ ਭ੍ਰਸ਼ਟਾਚਾਰ ਵਿਰੁੱਧ ਆਵਾਜ਼ ਉਠਾਈ। ਪ੍ਰਭੂ ਦੀ ਸਰਬਵਿਆਪਕਤਾ ਦੇ ਸਿੱਧਾਂਤ ਨੂੰ ਦ੍ਰਿੜਾਉਂਦਿਆਂ ਉਨ੍ਹਾਂ ਨੇ, ਆਪ ਉੱਚ ਕੁਲ ਦੇ ਬ੍ਰਾਹਮਣ ਹੁੰਦੇ ਹੋਏ ਵੀ, ਵਰਣ-ਵੰਡ, ਵਰਗ-ਵੰਡ ਤੇ ਜਾਤੀ-ਭੇਦ ਨੂੰ ਠੁਕਰਾਇਆ ਅਤੇ ਅਛੂਤ ਤੇ ਨੀਚ ਜਾਤ ਕਹੇ ਜਾਂਦੇ ਰਵੀਦਾਸ ਜੀ, ਸੈਣ ਜੀ ਅਤੇ ਕਬੀਰ ਜੀ ਆਦਿ ਨੂੰ ਆਪਣਾ ਸ਼ਿਸ਼ ਬਣਾ ਕੇ ਕੱਟੜ ਬ੍ਰਾਹਮਣਾਂ ਅਤੇ ‘ਉੱਚੀ ਜਾਤ’ ਦੇ ਹਿੰਦੂਆਂ ਦਾ ਵਿਰੋਧ ਸਹੇੜ ਲਿਆ; ਇਹ ਵਿਰੋਧ ਅੱਜ ਵੀ ਦੇਖਿਆ ਜਾ ਸਕਦਾ ਹੈ। ਰਾਮਾਨੰਦ ਜੀ ਦੇ ਬਾਰਾਂ ਮੁੱਖ ਚੇਲੇ ਪ੍ਰਸਿੱਧ ਸਨ, ਜਿਨ੍ਹਾਂ ਵਿੱਚੋਂ ਪੰਜ {ਰਵੀਦਾਸ ਜੀ, ਸੈਣ ਜੀ, ਕਬੀਰ ਜੀ, ਧੰਨਾ ਜੀ ਅਤੇ ਪੀਪਾ ਜੀ (ਰਾਮਾ ਨੰਦ ਜੀ ਸਮੇਤ ਛੇ)} ਦੀ ਬਾਣੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਇਕੱਠੀ ਕਰਕੇ ਪੋਥੀ ਦਾ ਰੂਪ ਦਿੱਤਾ, ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਵਿੱਚ ਸੰਕਲਿਤ ਕੀਤਾ।

ਰਾਮਾ ਨੰਦ ਜੀ ਦੀ ਯਾਦ ਵਿੱਚ ਉਨ੍ਹਾਂ ਦੇ ਪੈਰੋਕਾਰਾਂ ਨੇ ਵਾਰਾਣਸੀ ਵਿਖੇ ਗੰਗਾ-ਘਾਟ `ਤੇ ਇੱਕ ਆਸ਼੍ਰਮ ਬਣਾਇਆ ਜੋ ਆਧੁਨਿਕ ਰੂਪ ਵਿੱਚ ਅਜੇ ਵੀ ਕਾਇਮ ਹੈ। ਇੱਥੋਂ ਰਾਮਾਨੰਦ ਸੰਪ੍ਰਦਾਯ ਦੇ ਲੋਕ ਉਨ੍ਹਾਂ ਦੁਆਰਾ ਸਥਾਪਿਤ ਕੀਤੇ ਅਧਿਆਤਮਵਾਦੀ ਤੇ ਮਾਨਵਵਾਦੀ ਸਿੱਧਾਂਤਾਂ ਦਾ ਪ੍ਰਚਾਰ ਕਰਦੇ ਹਨ। ਇਸ ਆਸ਼੍ਰਮ ਦੇ ਇਰਦ-ਗਿਰਦ ਰਾਮਾਨੰਦ ਸੰਪਰਦਾਯ ਦੇ ਦੋ ਆਦਰਸ਼ ਵਾਕ ਲਿਖੇ ਮਿਲਦੇ ਹਨ; ਪਹਿਲਾ ਅਦਵੈਤਵਾਦ ਤੇ ਸਦਸਥਿਰ ਪ੍ਰਭੂ ਦੀ ਸਰਬਵਿਆਪਕਤਾ ਦੇ ਸਿੱਧਾਂਤਾਂ ਨੂੰ ਦ੍ਰਿੜ੍ਹਾਉਂਦਾ ਹੈ: “ਸਤ ਸਾਹਿਬ ਹੀ ਕੁਲ ਮਾਲਿਕ ਹੈ”। ਅਤੇ ਦੂਜਾ ਜਾਤ-ਪਾਤ ਦਾ ਖੰਡਨ ਕਰਦਾ ਹੋਇਆ ਇੱਕ ਈਸ਼ਵਰ-ਭਗਤੀ ਵਿੱਚ ਠੋਸ ਨਿਸ਼ਚਾ ਪ੍ਰਗਟ ਕਰਦਾ ਹੈ: “ਜਾਤਿ ਪਾਤਿ ਪੂਛੈ ਨਹੀਂ ਕੋਈ, ਹਰਿ ਭਜੈ ਸੋ ਹਰਿ ਕਾ ਹੋਈ”।

ਰਾਮਾਨੰਦ ਜੀ ਦੀ ਯਾਦ ਵਿੱਚ ਉਸਾਰੇ ਹੋਏ ਭਵਨ ਬਾਰੇ ਸੰਖੇਪ ਜਾਣਕਾਰੀ ਦੇਣੀ ਵੀ ਜ਼ਰੂਰੀ ਹੈ: ਇਹ 4-5 ਮੰਜ਼ਿਲੀ ਇਮਾਰਤ ਗੰਗਾ-ਘਾਟ ਦੇ ਉੱਤਰ ਵੱਲ ਸਥਿਤ ਹੈ। ਇਹ ਅਤਿ ਸਾਧਾਰਨ ਇਮਾਰਤ ਹੈ ਜਿਸ ਅੰਦਰ ਕੋਈ ਕੀਮਤੀ ਪੱਥਰ ਜਾਂ ਸੰਗ ਏ ਮਰਮਰ ਨਹੀਂ ਲੱਗਿਆ ਹੋਇਆ ਅਤੇ ਨਾ ਹੀ ਇਹ ਬਾਹਰੋਂ ਸੋਨੇ ਨਾਲ ਗਲੇਫ਼ਿਆ ਹੋਇਆ ਹੈ! ਇਹ ਕੋਈ ਮੰਦਿਰ ਨਹੀਂ ਹੈ ਸਗੋਂ ਇਸ ਨੂੰ ਰਾਮਾਨੰਦ ਸੰਪਰਦਾਯ ਦੀ ਧਰਮ-ਸ਼ਾਲਾ ਕਹਿਣਾ ਸਹੀ ਹੈ। ਭਾਰਤ ਦੇ ਕੋਨੇ-ਕੋਨੇ ਤੋਂ ਹਰ ਧਰਮ, ਜਾਤੀ ਤੇ ਵਰਗ ਦੇ ਸ਼ਰੱਧਾਲੂ ਇੱਥੇ ਆਉਂਦੇ ਹਨ ਜਿਨ੍ਹਾਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਗੁਰਮਤਿ ਦੇ ਮਾਨਵਵਾਦੀ ਸਿੱਧਾਂਤਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ। ਸ਼ਿਸ਼ਾਂ ਜਾਂ ਆਮ ਪੈਰੋਕਾਰਾਂ ਵਾਸਤੇ ਕੋਈ ਭੇਖ ਜਾਂ ਚਿੰਨ੍ਹ ਨਿਰਧਾਰਤ ਨਹੀਂ ਹੈ। ਹਾਂ, ਇੱਥੋਂ ਦੇ ਮੁਖੀਏ ਦੇ ਵਸਤਰ, ਜੋ ਕਿ ਖ਼ਾਸ ਕਰਕੇ ਇੱਕ ਧੋਤੀ ਹੀ ਹੈ, ਦਾ ਰੰਗ ਗੇਰੂਆ ਜਿਹਾ ਹੈ। ਉਨ੍ਹਾਂ ਦੇ ਆਸ਼੍ਰਮ ਦਾ ਰੰਗ ਵੀ ਬਾਹਰੋਂ ਇਹੋ ਹੈ। ਭਵਨ ਦੀ ਵਿਚਲੀ ਮੰਜ਼ਿਲ `ਤੇ ਇੱਕ ਕਮਰੇ ਵਿੱਚ ਰਾਮਾਨੰਦ ਜੀ ਤੇ ਉਨ੍ਹਾਂ ਦੇ ਬਾਰਾਂ ਮੁੱਖ ਚੇਲਿਆਂ ਦੀਆਂ ਪੁਰਾਣੇ ਸਮੇਂ ਤੋਂ ਪ੍ਰਚੱਲਿਤ ਮੂਰਤੀਆਂ ਸਥਾਪਿਤ ਹਨ। ਇਨ੍ਹਾਂ ਮੂਰਤੀਆਂ ਦੀ ਪੂਜਾ ਨਹੀਂ ਕੀਤੀ/ਕਰਵਾਈ ਜਾਂਦੀ। ਇਨ੍ਹਾਂ ਮੂਰਤੀਆਂ ਨੂੰ ਦੇਖਿ ਉਨ੍ਹਾਂ ਮਹਾਨ ਹਸਤੀਆਂ ਪ੍ਰਤਿ ਸਤਿਕਾਰ ਵਜੋਂ ਮਨ ਆਪਮੁਹਾਰੇ ਝੁਕ ਜਾਂਦਾ ਹੈ।

ਆਸ਼੍ਰਮ ਦੇ ਖੱਬੇ ਵੱਲ ਦੀ ਇਮਾਰਤ ਵੀ ਰਾਮਾਨੰਦ ਸੰਪਰਦਾਯ ਦੀ ਲਗਦੀ ਹੈ। ਇਸ ਵਿੱਚ ਲੰਗਰ ਹੈ, ਜਿੱਥੇ ਆਸ਼੍ਰਮ ਵਿੱਚ ਰਹਿੰਦੇ ਸ਼ਿਸ਼ਾਂ ਤੇ ਯਾਤ੍ਰੀਆਂ ਨੂੰ, ਨਿਸ਼ਚਿਤ ਸਮੇਂ `ਤੇ, ਸਾਦਾ ਭੋਜਨ ਪ੍ਰੋਸਿਆ ਜਾਂਦਾ ਹੈ।

ਰਾਮਾਨੰਦ ਸੰਪਰਦਾਯ ਨਾਲ ਜੁੜੇ ਸਾਰੇ ਲੋਕ ‘ਮਿੱਠਤ’ ਦੀ ਮੂਰਤ ਹਨ। ਮਠ ਦਾ ਮੁਖੀਆ ਸੁੰਦਰ ਸ਼ਖ਼ਸੀਅਤ ਵਾਲਾ ਸੁਸਿਖਸ਼ਿਤ ਅਤਿਅੰਤ ਸਾਦਾ ਰੱਬ ਦਾ ਬੰਦਾ ਹੈ, ਜਿਸ ਕੋਲ ਨਾ ਤਾਂ ਲਾਲ ਬੱਤੀ ਵਾਲੀ ਕਾਰ ਹੈ, ਨਾ ਸਰਕਾਰੀ ਸੁਰੱਖਿਆ ਅਤੇ ਨਾ ਹੀ ਸਟੇਨ ਗੰਨਾਂ ਵਾਲੇ ਨਿੱਜੀ ਅੰਗ-ਰੱਖਿਅਕ। ਮਠ ਦੁਆਲੇ ਕੋਈ ‘ਟਾਸਕ ਫ਼ੋਰਸ’ ਵੀ ਨਜ਼ਰ ਨਹੀਂ ਆਈ। ਅਤੇ ਨਾ ਹੀ ਉਸ ਦੀ ਝੂਠੀ ਪ੍ਰਸ਼ੰਸਾ ਦੇ ਪੁਲ ਬੰਨ੍ਹਣ ਵਾਲੇ ਜ਼ਮੀਰ-ਮਰੇ ਜੂਠ-ਖ਼ੋਰੇ ਚਾਪਲੂਸ ਕਿਧਰੇ ਦਿਖਾਈ ਦਿੱਤੇ! ਆਸ਼੍ਰਮ ਦੇ ਮੁਖੀ ਨਾਲ ਸਾਡੀ ਮੁਲਾਕਾਤ ਇੱਕ ਸਾਧਾਰਨ ਬੰਦੇ ਨੂੰ ਮਿਲਣ ਸਮਾਨ ਸੀ। ਉਸ ਦਾ ਇੱਕ ਸ਼ਿਸ਼ ਬਿਨਾਂ ਕਿਸੇ ਪੁੱਛ-ਪੜਤਾਲ, ਰੋਕ-ਟੋਕ ਜਾਂ ਸੰਕੋਚ ਦੇ ਸਾਨੂੰ ਸਿੱਧਾ ਮੁਖੀ ਦੇ ਕਮਰੇ ਵਿੱਚ ਲੈ ਗਿਆ ਜਿੱਥੇ ਮੁਖੀ ਨਾਲ ਸਾਡਾ 20-25 ਮਿਨਟ ਵਿਚਾਰ-ਵਿਮਰਸ਼ ਹੋਇਆ, ਜਿਸ ਤੋਂ ਇਹ ਸਾਬਤ ਹੋਇਆ ਕਿ ਰਾਮਾਨੰਦ ਸੰਪਰਦਾਯ ਵਾਲੇ ਰਾਮਾਨੰਦ ਜੀ ਦੇ ਦੱਸੇ ਮਾਰਗ ਤੋਂ ਅਜੇ ਤਕ ਵੀ ਥਿੜਕੇ ਨਹੀਂ ਹਨ। ਵਾਰਾਣਸੀ ਦੇ ਹਜ਼ਾਰਾਂ ਮੰਦਿਰਾਂ ਬਾਰੇ ਪੁੱਛੇ ਗਏ ਸਾਡੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, “ਸਰਦਾਰ ਜੀ! ਯਹਾਂ ਪਰ ਤੋ ਕੰਕਰ ਕੰਕਰ ਮੇਂ ਸ਼ੰਕਰ ਹੈ!”

ਰਾਮਾਨੰਦ ਜੀ ਦਾ ਬਸੰਤ ਰਾਗੁ ਵਿੱਚ ਲਿਖਿਆ ਇੱਕ ਸ਼ਬਦ ਜੋ ਗੁਰੂ ਗ੍ਰੰਥ ਵਿੱਚ ਦਰਜ ਹੈ, ਦੀ ਵਿਆਖਿਆ ਹੇਠਾਂ ਕੀਤੀ ਗਈ ਹੈ:-

ਕਤ ਜਾਈਐ ਰੇ ਘਰਿ ਲਾਗੋ ਰੰਗੁ॥ ……

ਕਤ ਜਾਈਐ ਰੇ ਘਰਿ ਲਾਗੋ ਰੰਗਿ॥ ਮੇਰਾ ਚਿਤ ਨ ਚਲੇ ਮਨੁ ਭਇਓ ਪੰਗੁ॥ ੧॥ ਰਹਾਉ॥

ਏਕ ਦਿਵਸ ਮਨਿ ਭਈ ਉਮੰਗ॥

ਘਸਿ ਚੰਦਨ ਚੋਆ ਬਹੁ ਸੁਗੰਧ॥

ਪੂਜਨ ਚਾਲੀ ਬ੍ਰਹਮ ਠਾਇ॥

ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹਿ॥ ੧॥

ਜਹਾ ਜਾਈਐ ਤਹ ਜਲ ਪਖਾਨ॥

ਤੂ ਪੂਰਿ ਰਹਿਓ ਹੈ ਸਭ ਸਮਾਨ॥

ਬੇਦ ਪੁਰਾਨ ਸਭ ਦੇਖੇ ਜੋਇ॥

ਊਹਾਂ ਤਉ ਜਾਈਐ ਜੋ ਈਹਾਂ ਨ ਹੋਇ॥ ੨॥

ਸਤਿਗੁਰ ਮੈ ਬਲਿਹਾਰੀ ਤੋਰ॥

ਜਿਨਿ ਸਕਲ ਬਿਕਲ ਕਾਟੇ ਮੋਰ॥

ਰਾਮਾਨੰਦ ਸੁਆਮੀ ਰਮਤ ਬ੍ਰਹਮ॥

ਗੁਰ ਕਾ ਸਬਦੁ ਕਾਟੈ ਕੋਟਿ ਕਰਮ॥ ੩॥ ੧॥

ਸ਼ਬਦ ਅਰਥ:- ਕਤ: (ਹੋਰ) ਕਿਤੇ, ਕਿੱਥੇ। ਘਰਿ: (ਹਿਰਦੇ) ਘਰ ਵਿੱਚ। ਰੰਗੁ: ਪ੍ਰੇਮ, ਆਨੰਦ। ਚਿਤ: ਮਨ। ਨ ਚਲੈ: ਚਲਦਾ ਨਹੀਂ ਅਰਥਾਤ ਭਟਕਣ ਮੁੱਕ ਗਈ ਹੈ। ਪੰਗੁ: ਪਿੰਗਲਾ, ਜੋ ਭਟਕਦਾ ਨਹੀਂ, ਸਹਿਜ ਅਵਸਥਾ ਵਿੱਚ ਪਹੁੰਚ ਗਿਆ ਹੈ। ੧। ਰਹਾਉ।

ਦਿਵਸ: ਦਿਨ। ਉਮੰਗ: ਉਤਸ਼ਾਹ, ਆਨੰਦ ਦੀ ਲਹਿਰ। ਘਸਿ: ਰਗੜ ਕੇ। ਚੋਆ: ਚੋਇਆ ਹੋਇਆ: ਅਰਕ, ਸਤ ਜਾਂ ਤੇਲ। ਬ੍ਰਹਮ: ਸਰਵਉੱਚ ਅਕਾਲਪੁਰਖ, ਪਰਮਾਤਮਾ। ਠਾਇ: ਥਾਂ, ਸਥਾਨ। ਬ੍ਰਹਮ ਠਾਇ: ਰੱਬ

ਦੇ ਨਾਂ `ਤੇ ਬਣਾਏ ਸਥਾਨ: ਮੰਦਰ, ਮਸਜਿਦ, ਗੁਰੂਦਵਾਰੇ ਆਦਿ। ੧।

ਜਹਾ: ਜਹਾਂ, ਜਿੱਥੇ ਵੀ। ਤਹ: ਉੱਥੇ। ਜਲ: ਪਾਣੀ ਅਰਥਾਤ ਤੀਰਥਾਂ `ਤੇ। ਪਖਾਨ: ਪੱਥਰ ਅਰਥਾਤ ਕੀਮਤੀ ਪੱਥਰਾਂ ਨਾਲ ਉਸਾਰੇ ਮੰਦਿਰ ਅਤੇ ਉਨ੍ਹਾਂ ਵਿੱਚ ਸਥਾਪਿਤ ਪੱਥਰ ਦੀਆਂ ਹੀ ਕਾਲਪਣਿਕ ਮੂਰਤੀਆਂ ਜਿਨ੍ਹਾਂ ਦੀ ਪੂਜਾ ਕੀਤੀ/ਕਰਵਾਈ ਜਾਂਦੀ ਹੈ। ਪੂਰਿ ਰਹਿਓ: ਵਿਆਪਕ ਹੈ। ਜੋਇ: ਖੋਜ ਕੇ, ਜਿਹੜਾ। ਊਹਾਂ: ਉੱਥੇ (ਤੀਰਥਾਂ `ਤੇ ਅਤੇ ਮੰਦਰਾਂ ਵਿੱਚ)। ਤਉ: ਤਾਂ। ਈਹਾਂ: ਇੱਥੇ ਹਿਰਦੇ ਵਿੱਚ। ੨।

ਤੋਰ: ਤੇਰੇ ਤੋਂ। ਸਕਲ: ਸਗਲ, ਸਾਰੇ। ਬਿਕਲ: ਮਨ ਤਨ ਨੂੰ ਢਹਿੰਦੀਆਂ ਕਲਾਂ ਵੱਲ ਲਿਜਾਣ ਵਾਲੇ। ਭ੍ਰਮ: ਵਹਿਮ-ਭਰਮ, ਭੁਲੇਖੇ, ਸ਼ੰਕੇ। ਮੋਰ: ਮੇਰੇ। ਸੁਆਮੀ: ਮਾਲਿਕ, ਪ੍ਰਭੂ। ਰਮਤ: ਰਮਿਆ ਹੋਇਆ, ਵਿਆਪਕ। ਕੋਟਿ: ਕਰੋੜਾਂ, ਅਣਗਿਣਤ। ਕਰਮ: (ਬੁਰੇ) ਕੰਮ। ੩॥

ਭਾਵ ਅਰਥ:- ਹੇ ਭਾਈ! ਹੁਣ ਮੈਨੂੰ ਹੋਰ ਕਿਤੇ (ਤੀਰਥਾਂ `ਤੇ ਅਤੇ ਮੰਦਿਰਾਂ ਵਿੱਚ) ਜਾਣ ਦੀ ਲੋੜ ਨਹੀਂ ਰਹੀ, (ਕਿਉਂਕਿ) ਮੇਰੇ ਹਿਰਦੇ-ਘਰ ਵਿੱਚ ਹੀ ਪ੍ਰਭੂ-ਪ੍ਰੇਮ ਅਤੇ ਇਸ ਤੋਂ ਮਿਲਣ ਵਾਲਾ ਆਨੰਦ ਪੈਦਾ ਹੋ ਗਿਆ ਹੈ। (ਮਨ ਵਿੱਚ ਉਪਜੇ ਪ੍ਰਭੂ-ਪ੍ਰੇਮ ਤੇ ਇਸ ਤੋਂ ਪ੍ਰਾਪਤ ਆਤਮਾਨੰਦ ਸਦਕਾ) ਮੇਰਾ ਮਨ ਅਡੋਲ ਅਵਸਥਾ ਵਿੱਚ ਪਹੁੰਚ ਗਿਆ ਹੈ, ਅਤੇ ਇਸ ਦੀ ਭਟਕਨਾ ਵੀ ਮੁੱਕ ਗਈ ਹੈ। ੧। ਰਹਾਉ।

ਇਕ ਦਿਨ ਮੈਂ ਚੰਦਨ ਆਦਿ ਸੁਗੰਧੀਆਂ ਰਗੜ ਕੇ ਸੁਗੰਧੀਆਂ ਦਾ ਰਸ ਲੈ ਕੇ ਰੱਬ ਦੇ (ਕਹੇ ਜਾਂਦੇ) ਘਰ (ਮੰਦਰ) ਵਿੱਚ ਉਸ ਦੀ ਪੂਜਾ ਕਰਨ ਵਾਸਤੇ ਗਿਆ। (ਪਰੰਤੂ ਮੈਨੂੰ ਮੇਰੇ ਗਿਆਨ-) ਗੁਰੂ ਨੇ ਦੱਸਿਆ ਕਿ (ਜਿਸ ਪਰਮਾਤਮਾ ਦੀ ਪੂਜਾ ਕਰਨ ਲਈ ਮੈਂ ਮੰਦਿਰ ਜਾਂਦਾ ਹਾਂ) ਉਹ ਪਰਮਾਤਮਾ ਤਾਂ ਮੇਰੇ ਹਿਰਦੇ-ਘਰ ਵਿੱਚ ਹੀ ਵੱਸਦਾ ਹੈ। ੧।

(ਬ੍ਰਾਹਮਣਾਂ ਦੇ ਕਹੇ ਅਨੁਸਾਰ ਇਸ਼ਟ-ਦੇਵ ਦੀ ਭਾਲ ਵਿੱਚ) ਜਿੱਥੇ ਵੀ ਜਾਓ, ਓਥੇ ਜਾਂ ਤਾਂ ਪਾਣੀ (ਜਿਸ ਨੂੰ ਤੀਰਥ ਕਿਹਾ ਜਾਂਦਾ ਹੈ) ਹੈ, ਅਤੇ ਜਾਂ (ਪੱਥਰ ਦੇ ਮੰਦਿਰਾਂ ਵਿੱਚ) ਪੱਥਰ ਦੀਆਂ ਮੂਰਤੀਆਂ ਹਨ। (ਪਰੰਤੂ ਸੱਚਾ ਇਸ਼ਟ-ਦੇਵ ਪਰਮਾਤਮਾ ਕਿਧਰੇ ਵੀ ਨਹੀਂ ਹੈ।) ਹੇ ਪਰਮਾਤਮਾ! ਤੂੰ ਤਾਂ ਇਕਸਾਰ ਤੇ ਇਕਰਸ ਸਰਬਵਿਆਪਕ ਹੈਂ। ਵੇਦ ਪੁਰਾਣ ਆਦਿ ਧਰਮ-ਗ੍ਰੰਥ ਵੀ ਮੈਂ ਖੋਜ ਕੇ ਵੇਖ ਲਏ ਹਨ (ਉਨ੍ਹਾਂ ਵਿੱਚ ਵੀ ਰੱਬ ਨਜ਼ਰ ਨਹੀਂ ਆਇਆ।) ਗ੍ਰੰਥਾਂ ਵਿੱਚ, ਤੀਰਥਾਂ ਉੱਤੇ ਅਤੇ ਮੰਦਰਾਂ ਵਿੱਚ (ਪ੍ਰਭੂ ਦੀ ਭਾਲ ਕਰਨ) ਮੈਂ ਤਾਂ ਜਾਂਵਾਂ ਜੇ ਰੱਬ ਇੱਥੇ ਮੇਰੇ ਹਿਰਦੇ-ਘਰ ਵਿੱਚ ਨਾ ਹੋਵੇ। ੨।

ਹੇ ਮੇਰੇ ਸੱਚੇ (ਗਿਆਨ-) ਗੁਰੂ! ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ ਕਿਉਂਕਿ ਤੂੰ ਮਨ/ਆਤਮਾ ਨੂੰ ਨਿਢਾਲ ਕਰਨ ਵਾਲੇ ਮੇਰੇ ਸਾਰੇ ਸ਼ੰਕੇ ਤੇ ਭਰਮ-ਭੁਲੇਖੇ ਮਿਟਾ ਦਿੱਤੇ ਹਨ। ਰਾਮਾਨੰਦ ਕਹਿੰਦਾ ਹੈ ਕਿ ਸ੍ਰਿਸ਼ਟੀ ਦਾ ਸਾਹਿਬ ਸਭ ਥਾਂ ਰਮਿਆ ਹੋਇਆ ਹੈ ਅਰਥਾਤ ਸਰਬਵਿਆਪਕ ਹੈ। ਗੁਰੂ ਦਾ ਗਿਆਨ (ਬ੍ਰਾਹਮਣਾਂ ਦੁਆਰਾ ਰਬ ਬਾਰੇ ਪਾਏ ਗਏ) ਸ਼ੰਕਿਆਂ ਤੋਂ ਨਿਵਿਰਤ ਕਰਕੇ ਕ੍ਰੋੜਾਂ ਕੀਤੇ ਬੁਰੇ ਕਰਮਾਂ ਤੋਂ ਮੁਕਤ ਕਰ ਦਿੰਦਾ ਹੈ। ੩।

ਉਪਰੋਕਤ ਸ਼ਬਦ-ਵਿਚਾਰ ਤੋਂ ਸਪਸ਼ਟ ਹੈ ਕਿ ਰਾਮਾਨੰਦ ਜੀ ਭਾਰਤ ਵਿੱਚ ਨਿਰਗੁਣ ਭਗਤੀ ਮਾਰਗ ਦੇ ਮੋਢੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਗਾਗਰ ਵਿੱਚ ਸਾਗਰ ਭਰਦਿਆਂ ਆਪਣੇ ਇੱਕੋ ਸ਼ਬਦ ਵਿੱਚ ਗੁਰਮਤਿ ਦੇ ਬਹੁਤ ਸਾਰੇ ਮੂਲ ਸਿੱਧਾਂਤਾਂ ਨੂੰ ਦ੍ਰਿੜ ਕਰਵਾ ਦਿੱਤਾ ਹੈ। ਬ੍ਰਾਹਮਣਾਂ ਅਤੇ ਕੱਟੜ ਹਿੰਦੂਆਂ ਦੇ ਵਿਰੋਧ ਦੀ ਪਰਵਾਹ ਨਾ ਕਰਦਿਆਂ, ਰਾਮਾਨੰਦ ਜੀ ਨੇ ਨਿਧੜਕ ਮਸ਼ਾਲਚੀ ਬਣਕੇ ਅਗਿਆਨ-ਅੰਧੇਰੇ ਵਿੱਚ ਭਟਕਦੀ ਮਨੁੱਖਤਾ ਵਾਸਤੇ ਅਧਿਆਤਮ ਗਿਆਨ ਦਾ ਰਾਹ ਰੌਸ਼ਨ ਕੀਤਾ। ਰਾਮਾਨੰਦ ਜੀ ਗਿਆਨ ਦੀ ਇਹ ਮਸ਼ਾਲ ਆਪਣੇ ਸ਼ਿਸ਼ਾਂ ਦੇ ਸਪੁਰਦ ਕਰਕੇ ਆਪਣੀ ਜੀਵਨ-ਯਾਤ੍ਰਾ ਪੂਰੀ ਕਰ ਗਏ।

ਚਲਦਾ……

ਗੁਰਿੰਦਰ ਸਿੰਘ ਪਾਲ

ਫ਼ਰਵਰੀ 22, 2015.

ਫ਼ੋਟੋਆਂ ਦਾ ਵੇਰਵਾ:-

1. ਰਾਮਾਨੰਦ ਸੰਪ੍ਰਦਾਯ ਦਾ ਆਸ਼੍ਰਮ।

2. ਆਸ਼੍ਰਮ ਦੇ ਸੱਜੇ ਹੱਥ ਸਥਿਤ ਅਤਿ ਪੁਰਾਣਾ ਸਮਾਰਕ ਜੋ ਰਾਮਾਨੰਦ ਜੀ ਦੇ ਸਮੇਂ ਦਾ ਬਣਿਆ ਦੱਸਿਆ ਜਾਂਦਾ ਹੈ। ਕਿਸੇ ਕਿਸੇ ਖ਼ਾਸ ਪੁਰਬ ਵਾਲੇ ਦਿਨ ਰਾਤ ਸਮੇਂ ਇਸ ਸਮਾਰਕ ਦੇ ਸਾਰੇ ਕਿੰਗਰਿਆਂ ਉੱਤੇ ਦੀਵੇ ਜਗਾਏ ਜਾਂਦੇ ਹਨ।

3. ਰਾਮਾਨੰਦ ਜੀ ਅਤੇ ਉਨ੍ਹਾਂ ਦੇ, ਸ਼ੂਦਰ ਤੇ ਨੀਚ ਕਹੇ ਜਾਂਦੇ, ਦਲਿਤ ਕਿਰਤੀ ਚੇਲਿਆਂ ਦਾ ਚਿੱਤਰ। ਚਿੱਤਰ ਦੇ ਉਪਰ ਜਾਤ-ਪਾਤ ਤੇ ਛੂਤ-ਛਾਤ ਨੂੰ ਨਿਕਾਰਦੀ ਆਦਰਸ਼ ਤੁਕ ਵੀ ਲਿਖੀ ਹੋਈ ਹੈ।

4. ਪ੍ਰਭੂ ਦੀ ਪ੍ਰਭੁਤਾ ਨੂੰ ਪ੍ਰਗਟਾਉਂਦਾ ਆਦਰਸ਼ ਵਾਕ ਜੋ ਗੁਰਮਤਿ ਦਾ ਮੂਲ ਸਿੱਧਾਂਤ ਹੈ।


.