.

ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ (ਭਾਗ-12)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ-11 ਪੜੋ

ਇਸ ਚਲ ਰਹੀ ਲੇਖ ਲੜੀ ਤਹਿਤ ਉਹਨਾਂ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਅਤੇ ਸ਼ਬਦ ਦੇ ਭਾਵ- ਅਰਥ ਨੂੰ ਮੁੱਖ ਰੱਖਦੇ ਹੋਏ ਵਿਸ਼ੇ ਨਾਲ ਸਬੰਧਿਤ ਗੁਰਮਤਿ ਸਿਧਾਂਤਾਂ ਪ੍ਰਤੀ ਜਾਣਕਾਰੀ ਨੂੰ ਪ੍ਰਾਰੰਭ ਕੀਤਾ ਗਿਆ ਹੈ ਜਿਹੜੇ ਸ਼ਬਦ ਕਿਸੇ ਨਾ ਕਿਸੇ ਇਤਿਹਾਸਕ ਘਟਨਾ ਨਾਲ ਸਬੰਧ ਰੱਖਦੇ ਹਨ। ਇਤਿਹਾਸਕ ਤੌਰ ਤੇ ਇਹ ਸ਼ਬਦ ਭਾਵੇਂ ਵਿਅਕਤੀ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ ਪਰ ਅਧਿਆਤਮਕ ਤੌਰ ਤੇ ਉਪਦੇਸ਼ ਅਤੇ ਸਿਖਿਆ “ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ” (੬੪੭) ਅਨੁਸਾਰ ਸਮੁੱਚੀ ਮਾਨਵਤਾ ਲਈ ਸਰਬ ਸਾਂਝੀ ਹੀ ਹੈ।

==========

ਤਿਲੰਗ ਮਹਲਾ ੧ (੭੨੨)

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ।।

ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।।

ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ।।

ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ।।

ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ।।

ਜਾਤਿ ਸਨਾਤੀ ਹੋਰਿ ਹਿੰਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ।।

ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ।।

ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸਪੁਰੀ ਵਿਚਿ ਆਖੁ ਮਸੋਲਾ।।

ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ।।

ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ।।

ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ।।

ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ।।

ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ।। ੨।। ੩।। ੫।।

ਗੁਰੂ ਨਾਨਕ ਸਾਹਿਬ ਪ੍ਰਚਾਰ ਦੌਰੇ (ਉਦਾਸੀਆਂ) ਦੇ ਦੌਰਾਨ ਚਲਦੇ-ਚਲਦੇ ਭਾਈ ਮਰਦਾਨਾ ਜੀ ਦੇ ਸੰਗ ਸੈਦਪੁਰ (ਐਮਨਾਬਾਦ- ਪਾਕਿਸਤਾਨ) ਦੀ ਧਰਤੀ ਤੇ ਪਹੁੰਚੇ। ਉਹਨਾਂ ਨੇ ਆਪਣਾ ਨਿਵਾਸ ਉਸ ਸਮੇਂ ਦੀ ਪ੍ਰਚਲਿਤ ਅਖੌਤੀ ਸ਼੍ਰੇਣੀ ਵੰਡ ਅਨੁਸਾਰ ਨੀਚ ਜਾਤ ਆਖ ਕੇ ਸਮਾਜ ਵਲੋਂ ਦੁਰਕਾਰੇ ਗਏ ਭਾਈ ਲਾਲੋ ਦੇ ਗ੍ਰਹਿ ਵਿਖੇ ਕੀਤਾ। ਕਿਉਂ ਕਿ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਕੇਵਲ ਕਥਨੀ ਨਹੀਂ ਸਗੋਂ ਅਮਲੀ ਜੀਵਨ ਜਾਚ ਸਿਖਾਉਣ ਵਾਲਾ ਹੈ। ਗੁਰੂ ਨਾਨਕ ਸਾਹਿਬ ਦਾ ਗੁਰਬਾਣੀ ਫੁਰਮਾਣ ਹੈ-

ਨੀਚਾ ਅੰਦਰਿ ਨੀਚ ਜਾਤ ਨੀਚੀ ਹੂ ਅਤਿ ਨੀਚੁ।।

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।।

(ਸਿਰੀ ਰਾਗ ਮਹਲਾ ੧-੧੫)

ਇਸੇ ਹੀ ਨਗਰ ਦੇ ਅੰਦਰ ਮਲਕ ਭਾਗੋ ਦਾ ਨਿਵਾਸ ਵੀ ਸੀ। ਅਜ ਦੀ ਚਿਟੀ ਸਿਉਂਕ ਰੂਪੀ ਸਾਧ ਬਾਬਾ ਹੁੰਦਾ ਤਾਂ ਉਹ ਜਰੂਰ ਹੀ ਅਮੀਰ ਮਲਕ ਭਾਗੋ ਦੇ ਘਰ ਵਿਚ, ਜਿਥੇ ਸਾਰੀਆਂ ਸੁਖ ਸਹੂਲਤਾਂ ਮੌਜੂਦ ਹੋਣ, ਖਾਣ-ਪੀਣ ਦਾ ਵਧੀਆ ਸਮਾਨ ਹੋਵੇ, ਬਾਅਦ ਵਿੱਚ ਨੋਟਾਂ/ਡਾਲਰਾਂ/ਪੌਂਡਾਂ/ਯੂਰੋ ਦਾ ਭਰਿਆ ਹੋਇਆ ਭਾਰੀ ਲਿਫਾਫਾ ਮਿਲਣ ਦੀ ਆਸ ਵੀ ਹੋਵੇ, ਜਾ ਕੇ ਟਿਕਾਣਾ ਕਰਦਾ। ਗਰੀਬ ਕਿਰਤੀ ਦੀ ਕੁਲੀ ਨੂੰ ਭਾਗ ਕਿਸਨੇ ਲਾਉਣਾ ਸੀ।

ਗੁਰੂ ਨਾਨਕ ਸਾਹਿਬ ਨੇ ਜਦੋਂ ਭਾਈ ਲਾਲੋ ਦੇ ਘਰ ਦਾ ਦਰਵਾਜਾ ਖਟਖਟਾਇਆ। ਦਰਵਾਜਾ ਖੁਲਿਆ। ਭਾਈ ਲਾਲੋ ਨੇ ਦੋਵਾਂ ਨੂੰ ਜੀ ਆਇਆਂ ਆਖਦੇ ਹੋਏ ਅਦਬ ਸਤਿਕਾਰ ਨਾਲ, ਜਿਸ ਤਰਾਂ ਦੇ ਬੈਠਣ ਦਾ ਉਹ ਵਧੀਆ ਪ੍ਰਬੰਧ ਕਰ ਸਕਦਾ ਸੀ, ਆਪਣੇ ਵਿਤ ਅਨੁਸਾਰ ਅਲੂਣੇ ਮੰਜੇ ਤੇ ਬੈਠਣ ਦੀ ਬੇਨਤੀ ਕੀਤੀ। ਗੁਰੂ ਸਾਹਿਬ ਨੇ ਸਵਾਲ ਕੀਤਾ - `ਤੇਰਾ ਨਾਮ ਕੀ ਹੈ? ` ਜਵਾਬ ਮਿਲਿਆ- ‘ਜੀ! ਮੇਰਾ ਨਾਮ ਲਾਲੋ ਹੈ`। ਅਗਲਾ ਸਵਾਲ ਸੀ- ‘ਲਾਲੋ! ਕੀ ਪਿਆ ਕਰਨਾ ਏਂ? ਜਵਾਬ ਸੀ- ‘ਜੀ! ਕਿੱਲੇ ਪਿਆ ਘੜਨਾ ਵਾਂ`। ਸਤਿਗੁਰੂ ਕਿਸੇ ਦੈਵੀ ਮਕਸਦ ਨਾਲ ਬਖਸ਼ਿਸ਼ ਕਰਨ ਲਈ ਆਏ ਸਨ। ਉਹਨਾਂ ਫਿਰ ਸਵਾਲ ਕੀਤਾ- ‘ਲਾਲੋ! ਕੀ ਸਾਰੀ ਉਮਰ ਕਿੱਲੇ ਹੀ ਘੜ੍ਹਦਾ ਰਹੇਗਾ, ਕੀ ਕਦੀ ਮਨ ਨੂੰ ਘੜ੍ਹਣ ਬਾਰੇ ਵੀ ਸੋਚਿਆ ਈ? ` ਲਾਲੋ ਨੇ ਹੱਥ ਜੋੜ ਕੇ, ਸੀਸ ਨਿਵਾ ਕੇ ਬੜੀ ਆਜ਼ੀਜ਼ਗੀ ਨਾਲ ਪ੍ਰਵਾਨ ਕਰਦੇ ਹੋਏ ਜਵਾਬ ਦਿਤਾ- ‘ਜੀ! ਕਿੱਲੇ ਘੜ੍ਹਣਾ ਤਾਂ ਮੇਰਾ ਪਿਤਾ- ਪੁਰਖੀ ਕਿੱਤਾ ਹੈ, ਇਸ ਲਈ ਕਿੱਲੇ ਘੜ੍ਹਣ ਦੀ ਜਾਚ ਤਾਂ ਹੈ, ਪਰ ਮਨ ਨੂੰ ਕਿਵੇਂ ਘੜਿਆ ਜਾਂਦੈ ਇਹ ਜਾਚ ਮੈਨੂੰ ਨਹੀਂ ਹੈ, ਕ੍ਰਿਪਾ ਕਰਕੇ ਇਹ ਜਾਚ ਤੁਸੀ ਸਿਖਾ ਦਿਉ। `

ਹੁਣ ਭਾਈ ਲਾਲੋ ਨੇ ਆਪਣਾ ਮਨ ਵੀ ਪੂਰੀ ਤਰਾਂ ਸਤਿਗੁਰਾਂ ਦੇ ਅਰਪਣ ਕਰ ਦਿਤਾ। ਉਹਨਾਂ ਨੇ ਉਸ ਦੇ ਪੰਘਰੇ ਹੋਏ ਮਨ ਨੂੰ ਐਸਾ ਘੜਿਆ ਕਿ ਭਾਈ ਲਾਲੋ ਕੇਵਲ ਇਤਿਹਾਸ ਹੀ ਨਹੀਂ ਸਗੋਂ ਗੁਰਬਾਣੀ ਅਤੇ ਇਤਿਹਾਸ ਦੇ ਸੁਮੇਲ ਦਾ ਪਾਤਰ ਬਣ ਕੇ ਸਾਹਮਣੇ ਆਇਆ। ਗੁਰੂ ਸਾਹਿਬ ਨੇ ਵਿਸ਼ਾ ਅਧੀਨ ਸ਼ਬਦ ਵਿੱਚ 7 ਵਾਰ ਭਾਈ ਲਾਲੋ ਨੂੰ ਸੰਬੋਧਨ ਕਰਦੇ ਹੋਏ ਉਸ ਦਾ ਨਾਮ ਗੁਰਬਾਣੀ ਵਿੱਚ ਦਰਜ ਕਰ ਦਿਤਾ, ਰਹਿੰਦੀ ਦੁਨੀਆਂ ਤਕ ਗੁਰਬਾਣੀ ਪੜ੍ਹਣ ਵਾਲੇ ਭਾਈ ਲਾਲੋ ਤੋਂ ਪ੍ਰੇਰਣਾ ਲੈਂਦੇ ਰਹਿਣਗੇ।

ਜਦੋਂ ਗੁਰੂ ਨਾਨਕ ਸਾਹਿਬ ਸੈਦਪੁਰ ਦੀ ਧਰਤੀ ਤੇ ਪਹੁੰਚੇ ਸਨ ਉਸੇ ਸਮੇਂ ਉਥੇ ਪਠਾਣਾਂ ਦਾ ਰਾਜ ਸੀ। ਇਹ ਪਠਾਣ ਤੇ ਇਹਨਾਂ ਦੇ ਅਹਿਲਕਾਰ ਅਖੌਤੀ ਉਚ ਜਾਤੀਏ, ਅਮੀਰ, ਬ੍ਰਾਹਮਣ ਆਦਿ ਸਭ ਮਾਇਆ ਦੇ ਪ੍ਰਭਾਵ ਅਧੀਨ ਐਸ਼ੋ-ਇਸ਼ਰਤ ਵਿੱਚ ਫਸ ਕੇ ਇਖਲਾਕੀ ਪੱਧਰ ਤੋਂ ਗਿਰੇ ਹੋਏ ਕੰਮ ਕਰ ਰਹੇ ਸਨ। ਧਾਰਮਿਕ ਆਗੂਆਂ ਵਲੋਂ ਮਨੁਖਤਾ ਦਾ ਮਾਰਗ ਦਰਸ਼ਨ ਕਰਨ ਦੀ ਥਾਂ ਤੇ ਧਰਮ ਦੀ ਦੁਰਵਰਤੋਂ ਸਬੰਧੀ ਗੁਰਬਾਣੀ ਵਿੱਚ ਦਰਜ ਹੈ-

-ਕਾਦੀ ਕੂੜੁ ਬੋਲਿ ਮਲੁ ਖਾਇ।।

ਬਾਹਮਣ ਨਾਵੈ ਜੀਆ ਘਾਇ।।

ਜੋਗੀ ਜੁਗਤਿ ਨ ਜਾਣੈ ਅੰਧੁ।।

ਤੀਨੇ ਓਜਾੜੈ ਕਾ ਬੰਧੁ।।

(ਧਨਾਸਰੀ ਮਹਲਾ ੧-੬੬੨)

- ਸਰਮ ਧਰਮ ਕਾ ਡੇਰਾ ਦੂਰਿ।।

ਨਾਨਕ ਕੂੜੁ ਰਹਿਆ ਭਰਪੂਰਿ।।

(ਵਾਰ ਆਸਾ -ਮਹਲਾ ੧-੪੭੧)

- ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ।।

ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ।।

(ਸਿਰੀ ਰਾਗ ਮਹਲਾ ੧-੫੬)

-ਕਾਜੀ ਹੋਇ ਕੈ ਬਹੈ ਨਿਆਇ।।

ਫੇਰੇ ਤਸਬੀ ਕਰੇ ਖੁਦਾਇ।।

ਵਢੀ ਲੈ ਕੈ ਹਕ ਗਵਾਏ।।

ਜੇ ਕੋ ਪੁਛੈ ਤਾਂ ਪੜਿ ਸੁਣਾਇ।।

(ਵਾਰ ਰਾਮਕਲੀ- ਸਲੋਕ ਮਹਲਾ ੧-੯੫੧)

ਇਹਨਾਂ ਧਾਰਮਿਕ ਆਗੂਆਂ ਦਾ ਕਿਰਦਾਰ ਇਸ ਤਰਾਂ ਦਾ ਬਣ ਚੁਕਾ ਸੀ ਕਿ ਆਪਣੇ ਪਿਛੇ ਲਗਣ ਵਾਲੀ ਭੋਲੀ-ਭਾਲੀ ਜਨਤਾ ਨੂੰ ਔਝੜੇ ਪਾ ਕੇ ਲੁਟ ਰਹੇ ਸਨ। ਉਸ ਸਮੇਂ ਦੇ ਹਾਲਾਤ ਦੀ ਹੋਰ ਤਸਵੀਰ ਜਿਸ ਤੋਂ ਸਭ ਕੁੱਝ ਸਪਸ਼ਟ ਹੋ ਜਾਂਦਾ ਹੈ, ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਵਿੱਚ ਦਰਜ ਕੀਤੀ ਹੈ-

-ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ।।

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ।।

(ਵਾਰ ਮਾਝ-ਮਹਲਾ ੧-੧੪੫)

-ਰਾਜੇ ਸੀਹ ਮੁਕਦਮ ਕੁਤੇ।।

ਜਾਇ ਜਗਾਇਨਿ ਬੈਠੇ ਸੁਤੇ।।

ਚਾਕਰ ਨਹਦਾ ਪਾਇਨਿ ਘਾਉ।।

ਰਤੁ ਪਿਤੁ ਕੁਤਿਹੋ ਚਟਿ ਜਾਹੁ।।

(ਵਾਰ ਮਲਾਰ-ਮਹਲਾ ੧-੧੨੮੮)

-ਕਲਿ ਆਈ ਕੁਤੇ ਮੁਹੀ ਖਾਜ ਹੋਇਆ ਮੁਰਦਾਰ ਗੁਸਾਈ।।

ਰਾਜੇ ਪਾਪੁ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।।

ਪਰਜਾ ਅੰਧੀ ਗਿਆਨ ਬਿਨ ਕੂੜੁ ਕੁਸਤੁ ਮੁਖਹੁ ਆਲਾਈ।।

… …. ਵਰਤਿਆ ਪਾਪੁ ਸਭਸਿ ਜਗਿ ਮਾਂਹੀ।।

(ਭਾਈ ਗੁਰਦਾਸ ਜੀ-ਵਾਰ ੧ ਪਉੜੀ ੩੦)

ਜਦੋਂ ਲੋਕਾਈ ਨੂੰ ਰਸਤਾ ਦਿਖਾਉਣ ਵਾਲੇ ਹੀ ਸਹੀ ਰਸਤੇ ਤੋਂ ਭਟਕ ਜਾਣ ਤਾਂ ਪਿਛੇ ਲਗਣ ਵਾਲਿਆਂ ਦਾ ਹਸ਼ਰ ਬੁਰਾ ਹੋਣਾ ਸੁਭਾਵਿਕ ਹੀ ਸੀ। ਉਸ ਸਮੇਂ ਦੇ ਹਾਲਾਤ ਦੀ ਇੱਕ ਤਸਵੀਰ ਇਸ ਘਟਨਾ ਤੋਂ ਸਪਸ਼ਟ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਸੈਦਪੁਰ ਦੇ ਕਿਲੇਦਾਰ ਨਵਾਬ ਜਾਲਮ ਖਾਨ ਦਾ ਲੜਕਾ ਬੀਮਾਰ ਹੋਣ ਤੇ ਜਦੋਂ ਕਿਸੇ ਤਰਾਂ ਦਵਾ-ਦਾਰੂ ਨਾਲ ਵੀ ਅਰੋਗ ਨਹੀ ਸੀ ਹੋ ਰਿਹਾ, ਸਹੀ ਇਲਾਜ ਕਰਨ ਦੀ ਥਾਂ ਤੇ ਪੀਰਾਂ-ਫਕੀਰਾਂ, ਸਾਧਾਂ ਨੂੰ ਗ੍ਰਿਫਤਾਰ ਕਰਕੇ ਕਰਾਮਾਤੀ ਤਾਕਤ ਨਾਲ ਠੀਕ ਕਰਨ ਲਈ ਮਜਬੂਰ ਕੀਤਾ ਗਿਆ ਜੋ ਕਿ ਅਸੰਭਵ ਗੱਲ ਸੀ।

ਐਸੇ ਸਮੇਂ ਇਸ ਤਰਾਂ ਦੇ ਹਾਲਾਤ ਵਿੱਚ ਰੱਬ ਦੀ ਯਾਦ ਕਿਸਨੂੰ ਸੀ, ਆਪਣੇ ਆਉਣ ਵਾਲੇ ਹਸ਼ਰ ਨੂੰ ਭੁਲ ਕੇ ਸਭ ਹਉਮੈ- ਗ੍ਰਸਤ ਹੋ ਕੇ ਪਰਜਾ ਉਪਰ ਅਣ-ਕਿਆਸੇ ਜੁਲਮ ਕਰ ਰਹੇ ਸਨ। ਪਰਜਾ ਦੀ ਕੂਕ ਪੁਕਾਰ ਸੁਨਣ ਵਾਲਾ ਕੋਈ ਦਰ ਨਹੀਂ ਸੀ। ਧਨ, ਦੌਲਤ, ਰਾਜਨੀਤਕ, ਸਮਾਜਕ ਤਾਕਤ ਦੇ ਨਸ਼ੇ ਵਿੱਚ ਗਲਤਾਨ ਹਾਕਮਾਂ, ਅਹਿਲਕਾਰਾਂ ਨੇ ਹੋਰਾਂ ਦੇ ਨਾਲ-ਨਾਲ ਭਾਈ ਮਰਦਾਨਾ ਜੀ ਦੀ ਵੀ ਦੁਰਗਤ ਕਰਨ ਤੋਂ ਸੰਕੋਚ ਨਹੀਂ ਕੀਤਾ।

ਐਸੇ ਹਾਲਾਤ ਦੇ ਮੱਦੇ-ਨਜ਼ਰ ਭਾਈ ਲਾਲੋ ਗੁਰੂ ਨਾਨਕ ਸਾਹਿਬ ਨੂੰ ਪੁਛਦੇ ਹਨ ਕਿ ਕੀ ਇਹਨਾਂ ਜੁਲਮਾਂ ਦਾ ਕਦੀ ਅੰਤ ਵੀ ਹੋਵੇਗਾ? ਸਤਿਗੁਰਾਂ ਨੇ ਆਉਣ ਵਾਲੇ ਸਮੇਂ ਦੀ ਪੇਸ਼ੀਨਗੋਈ ਕਰਨ ਲਈ ਭਾਈ ਮਰਦਾਨਾ ਦੀ ਰਬਾਬ ਸੰਗ ਭਾਈ ਲਾਲੋ ਨੂੰ ਸੰਬੋਧਨ ਕਰਦੇ ਹੋਏ ਵਿਸ਼ਾ ਅਧੀਨ ‘ਖਸਮ ਕੀ ਬਾਣੀ` ਦਾ ਸ਼ਬਦ ਗਾਇਆ ਅਤੇ ਇਸ ਸ਼ਬਦ ਨੂੰ ਮਨੁਖਤਾ ਦੇ ਸਦੀਵੀ ਮਾਰਗ ਦਰਸ਼ਨ ਲਈ ਤਿਲੰਗ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹਿਸਾ ਬਣਾ ਦਿਤਾ।

ਗੁਰੂ ਨਾਨਕ ਸਾਹਿਬ ਨੇ ਵਿਸ਼ਾ ਅਧੀਨ ਸ਼ਬਦ ਰਾਹੀਂ ਦਸਿਆ ਕਿ ਜਲਦੀ ਹੀ ਸਮਾਂ ਆਉਣ ਵਾਲਾ ਹੈ, ਪ੍ਰਮੇਸ਼ਰ ਨੂੰ ਭੁਲ ਕੇ, ਮਾਇਆ-ਪਦਵੀਆਂ, ਉਚ-ਜਾਤ, ਨਸ਼ੇ ਆਦਿ ਦੇ ਹੰਕਾਰ ਵਿੱਚ ਮਦ-ਮਸਤ ਹੋਏ ਇਹਨਾਂ ਲੋਕਾਂ ਦੀ ਕੀ-ਕੀ ਦੁਰਦਸ਼ਾ ਹੋਣ ਵਾਲੀ ਹੈ, ਸਾਰੀ ਲੋਕਾਈ ਆਉਣ ਵਾਲੇ ਸਮੇਂ ਵਿੱਚ ਪ੍ਰਤੱਖ ਵੇਖੇਗੀ। ਉਸ ਸਮੇਂ ਲੋਕਾਈ ਉਹਨਾਂ ਦੇ ਉਚਾਰਣ ਕੀਤੇ ਗਏ ਅੱਜ ਦੇ ਸ਼ਬਦਾਂ ਦੀ ਅਸਲੀਅਤ ਨੂੰ ਪ੍ਰਤੱਖ ਰੂਪ ਵਿੱਚ ਵਰਤਦਾ ਹੋਇਆ ਜਾਣੇਗੀ ਅਤੇ ਗੁਰੂ ਨਾਨਕ ਨੂੰ ਯਾਦ ਕਰੇਗੀ।

ਗੁਰੂ ਨਾਨਕ ਸਾਹਿਬ ਵਲੋਂ ਵਿਸ਼ਾ ਅਧੀਨ ਸ਼ਬਦ ਵਿੱਚ ਦਰਜ ਪਾਵਨ ਪੰਕਤੀ “ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ” (੭੨੨) ਇਤਿਹਾਸਕ ਤੌਰ ਤੇ ਪੂਰੀ ਤਰਾਂ ਸੱਚ ਸਾਬਤ ਹੋਈ।

ਉਸ ਸਮੇਂ ਈਸਵੀਂ ਸੰਨ ਅਜੇ ਪ੍ਰਚਲਤ ਨਹੀਂ ਸੀ ਸਗੋਂ ਬਿਕਰਮੀ ਕੈਲੰਡਰ ਹੀ ਚਲਦਾ ਸੀ। ਜਿਵੇਂ ਅਜ ਸਾਨੂੰ ਕੋਈ ਸਾਡਾ ਜਨਮ ਕਦੋਂ ਬਾਰੇ ਪੁਛੇ ਤਾਂ ਅਸੀਂ ਸੰਖੇਪ ਵਿੱਚ 61-65-85 ਆਦਿ ਹੀ ਕਹਿ ਦਿੰਦੇ ਹਾਂ, ਜਿਸ ਦਾ ਸਪਸ਼ਟ ਮਤਲਬ 1961-1965-1985 ਈਸਵੀ ਆਦਿ ਹੀ ਹੁੰਦਾ ਹੈ ਅਸੀਂ ਕਦੀ ਵੀ ਭੁਲੇਖਾ ਨਹੀਂ ਖਾਂਦੇ। ਠੀਕ ਇਸੇ ਤਰਾਂ ਗੁਰੂ ਨਾਨਕ ਸਾਹਿਬ ਨੇ ਉਸ ਸਮੇਂ ਦੇ ਪ੍ਰਚਲਿਤ ਬਿਕਰਮੀ ਕੈਲੰਡਰ ਅਨੁਸਾਰ ‘ਅਠਤਰੈ- ਸਤਾਨਵੈ` ਦੀ ਗੱਲ ਕੀਤੀ ਹੈ। ਜਿਸ ਦਾ ਸਪਸ਼ਟ ਅਰਥ ‘ਬਿਕਰਮੀ ਸੰਮਤ 1578 ਅਤੇ 1597` ਹੀ ਹੈ ਹੋਰ ਕੋਈ ਨਹੀਂ।

ਕੈਲੰਡਰ ਮਾਹਰਾਂ ਦੀਆਂ ਗਿਣਤੀਆਂ-ਗਿਣਤੀਆਂ ਅਨੁਸਾਰ ਬਿਕਰਮੀ ਸੰਮਤ-ਈਸਵੀ ਸੰਨ ਨਾਲੋਂ ਲਗਭਗ 57 ਸਾਲ ਅੱਗੇ ਚਲਦਾ ਹੈ। ਜਦੋਂ ਅਸੀਂ ਇਤਿਹਾਸਕ ਪਰਿਖੇਪ ਵਿੱਚ ਪੜਚੋਲ ਕੇ ਵੇਖਦੇ ਹਾਂ ਤਾਂ ਤਸਵੀਰ ਬਿਲਕੁਲ ਸਪਸ਼ਟ ਸਾਹਮਣੇ ਆ ਜਾਂਦੀ ਹੈ-

ਆਵਨਿ ਅਠਤਰੈ - ਬਾਬਰ ਨੇ ਬਿਕਰਮੀ ‘ਸੰਮਤ 1578` (ਸੰਨ 1521 ਈਸਵੀ) ਨੂੰ ਕਾਬਲ (ਅਫਗਾਨਿਸਤਾਨ) ਤੋਂ ਬੜੀ ਭਾਰੀ ਫੌਜ (ਪਾਪ ਕੀ ਜੰਝ) ਲੈ ਕੇ ਐਮਨਾਬਾਦ (ਸੈਦਪੁਰ) ਦੀ ਧਰਤੀ ਦੇ ਮਦਮਸਤ ਲੋਕਾਂ-ਹਾਕਮਾਂ-ਅਹਿਲਕਾਰਾਂ ਦਾ ਬੁਰਾ ਹਾਲ ਕੀਤਾ, ਹਰ ਪਾਸੇ ਖੂਨ ਹੀ ਖੂਨ ਨਾਲ ਧਰਤੀ ਲਾਲ ਰੰਗ ਵਿੱਚ ਰੰਗੀ ਗਈ ਤਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੇ ਉਚਾਰਣ ਕੀਤੇ ਇਹਨਾਂ ਭਵਿਖ ਮਈ ਬਚਨਾਂ- ‘ਹਿੰਦੁਸਤਾਨ ਸਮਾਲਸੀ ਬੋਲਾ`ਨੂੰ ਯਾਦ ਕੀਤਾ।

ਜਾਨਿ ਸਤਾਨਵੈ- ਬਾਬਰ ਨੇ ਭਾਰਤ ਉਪਰ ਕਈ ਹਮਲੇ ਕੀਤੇ। ਚੌਥੇ ਅਤੇ ਆਖਰੀ ਹਮਲੇ ਵਿੱਚ ਇਬਰਾਹੀਮ ਲੋਧੀ ਨੂੰ ਹਰਾ ਕੇ ਅਪਰੈਲ 1526 ਈਸਵੀ (ਬਿਕਰਮੀ ਸੰਮਤ 1584) ਨੂੰ ਦਿਲੀ ਦੇ ਤਖਤ ਉਪਰ ਕਬਜਾ ਕਰ ਲਿਆ। ਸੰਮਤ 1588 ਵਿੱਚ ਬਾਬਰ ਦੀ ਮੌਤ ਉਪੰਰਤ ਉਸਦਾ ਪੁਤਰ ਹਮਾਯੂੰ ਦਿਲੀ ਦੇ ਤਖਤ ਉਪਰ ਬੈਠਾ। ਹਮਾਯੂੰ ਨੂੰ ਆਪਣੇ ਭਰਾਵਾਂ ਦੇ ਸਹਿਯੋਗ ਦੀ ਥਾਂ ਤੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਿਸ ਦੇ ਨਤੀਜੇ ਵਜੋਂ ਬਿਕਰਮੀ ‘ਸੰਮਤ 1597` ਵਿੱਚ ਹਮਾਯੂੰ ਨੂੰ ਸ਼ੇਰ ਸ਼ਾਹ ਸੂਰੀ ਦਾ ਮੁਕਾਬਲਾ ਨਾ ਕਰ ਸਕਣ ਕਾਰਣ ਆਪਣੀ ਜਾਨ ਬਚਾ ਕੇ ਈਰਾਨ ਨੂੰ ਭੱਜਣਾ ਪੈ ਗਿਆ। ਇਸ ਸਮੇਂ ਦੌਰਾਨ ਹਮਾਯੂੰ ਵਲੋਂ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਅਤੇ ਗੁਰੂ ਸਾਹਿਬ ਉਪਰ ਤਲਵਾਰ ਕੱਢਣ ਦਾ ਜ਼ਿਕਰ ਸਿਖ ਇਤਿਹਾਸ ਵਿੱਚ ਮਿਲਦਾ ਹੈ। ਦਿਲੀ ਦਾ ਤਖਤ ਹੁਣ ਸ਼ੇਰ ਸ਼ਾਹ ਸੂਰੀ ਦੇ ਕਬਜ਼ੇ ਹੇਠ ਸੀ।

ਮਰਦ ਕਾ ਚੇਲਾ- ਇਤਿਹਾਸ ਦੀ ਨਿਰਪੱਖ ਪੜਚੋਲ ਕਰਨ ਵਾਲੇ ਇਸ ਨੁਕਤੇ ਉਪਰ ਇਕ-ਮੱਤ ਹੋ ਕੇ ਫੈਸਲਾ ਦਿੰਦੇ ਹਨ ਕਿ ਸ਼ੇਰ ਸ਼ਾਹ ਸੂਰੀ ਨੇ ਆਪਣੇ ਰਾਜ-ਕਾਲ ਦੌਰਾਨ ਹਿੰਦੁਸਤਾਨ ਦੀ ਧਰਤੀ ਦੇ ਲੋਕਾਂ ਨੂੰ ਬਹੁਤ ਵਧੀਆ ਰਾਜ- ਪ੍ਰਬੰਧ ਦਿਤਾ (ਜਿਵੇਂ ਕਲਕੱਤਾ ਤੋਂ ਲਾਹੌਰ ਤਕ ਜੀ. ਟੀ. ਰੋਡ, ਜਿਸਨੂੰ ਪਹਿਲਾਂ ਸ਼ੇਰ ਸ਼ਾਹ ਸੂਰੀ ਮਾਰਗ ਕਿਹਾ ਜਾਂਦਾ ਸੀ- ਇਸ ਦੀ ਹੀ ਦੇਣ ਸੀ) ਮੁਗਲ ਬਾਦਸ਼ਾਹਾਂ ਵਿਚੋਂ ਭਾਰਤ ਉਪਰ ਵਧੀਆ ਰਾਜ ਪ੍ਰਬੰਧ ਦੇਣ ਵਾਲੇ ਅਕਬਰ ਦਾ ਰਾਜ ਵੀ ਸ਼ੇਰ ਸ਼ਾਹ ਸੂਰੀ ਦੇ ਪਦ-ਚਿੰਨਾਂ ਉਪਰ ਹੀ ਚਲਦਾ ਹੋਇਆ ਬਹੁਤ ਲੰਮਾ ਸਮਾਂ ਚਲਿਆ ਸੀ। ਉਸ ਸਮੇਂ ਦੇ ਹਾਲਾਤ ਨੂੰ ਮੱਦੇ-ਨਜ਼ਰ ਰੱਖਦੇ ਹੋਏ ਇਤਿਹਾਸਕ ਪਰਿਖੇਪ ਵਿੱਚ ‘ਮਰਦ ਕਾ ਚੇਲਾ` ਭਾਵ ਬਹਾਦਰ-ਸੂਰਬੀਰ-ਨਿਆਂਕਾਰੀ ‘ਸ਼ੇਰ ਸ਼ਾਹ ਸੂਰੀ` ਲਈ ਗੁਰੂ ਨਾਨਕ ਸਾਹਿਬ ਵਲੋਂ ਬਾਣੀ ਵਿੱਚ ਦਿਤਾ ਇਹ ਵਿਸ਼ੇਸ਼ਣ ਬਿਲਕੁਲ ਢੁਕਵਾਂ ਅਤੇ ਸਾਰਥਿਕ ਹੈ।

ਵਿਸ਼ਾ ਅਧੀਨ ਸ਼ਬਦ ਵਿੱਚ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀ ਦੁਰਦਸ਼ਾ ਦੀ ਜੋ ਪੇਸ਼ੀਨਗੋਈ ਗੁਰੂ ਨਾਨਕ ਸਾਹਿਬ ਨੇ ਕੀਤੀ ਸੀ, ਉਹ ਸਪਸ਼ਟ ਰੂਪ ਵਿੱਚ ਸੱਚ ਬਣ ਕੇ ਸਾਹਮਣੇ ਆਈ ਹੋਈ ਇਸੇ ਪੱਖ ਨਾਲ ਸਬੰਧਿਤ ‘ਆਸਾ ਰਾਗ` ਦੇ ਤਿੰਨ ਸ਼ਬਦਾਂ ਵਿਚੋਂ ਇਤਿਹਾਸ ਅਤੇ ਗੁਰਬਾਣੀ ਦੇ ਸੁਮੇਲ ਰੂਪ ਵਿੱਚ ਵੇਖੀ ਜਾ ਸਕਦੀ ਹੈ।

ਸਿਖਿਆ:- ਜੇਕਰ ਅੱਜ ਅਸੀਂ ਵੀ ਕਿਸੇ ਤਰਾਂ ਦੇ ਹੰਕਾਰ ਵਿੱਚ ਆ ਕੇ ਪ੍ਰਭੂ ਵਲੋਂ ਬਖ਼ਸ਼ਿਸ਼ ਕੀਤੀਆਂ ਪਦਵੀਆਂ ਆਦਿ ਦੀ ਦੂਰਵਰਤੋਂ ਕਰਾਂਗੇ ਤਾਂ ਇੱਕ ਨਾ ਇੱਕ ਦਿਨ ਸਾਡਾ ਹਸ਼ਰ ਵੀ ਸੈਦਪੁਰ ਦੇ ਹਾਕਮਾਂ ਵਾਲਾ ਅਵੱਸ਼ ਹੋਵੇਗਾ। ਪ੍ਰਮੇਸ਼ਰ ਨੂੰ ਹਮੇਸ਼ਾ ਯਾਦ ਰੱਖਦੇ ਹੋਏ ਮਨੁੱਖਤਾ ਦੇ ਭਲੇ ਲਈ ਯਤਨਸ਼ੀਲ ਰਹੀਏ। ਜੇ ਐਸਾ ਨਹੀਂ ਕਰਦੇ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਇਸ ਸ਼ਬਦ ਨੂੰ ਕੇਵਲ ਪੜਿਆ-ਸੁਣਿਆ ਹੀ ਹੈ ਸਮਝਿਆ ਨਹੀਂ।

=======

(ਚਲਦਾ … …)

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected] 




.