.

ਭੱਟ ਬਾਣੀ-48

ਬਲਦੇਵ ਸਿੰਘ ਟੋਰਾਂਟੋ

ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਮੰਨ ਰੇ।।

ਜਾ ਕੀ ਸੇਵ ਸਿਵ ਸਿਧ ਸਾਧਿਕ ਸੁਰ ਅਸੁਰ

ਗਣ ਤਰਹਿ ਤੇਤੀਸ ਗੁਰ ਬਚਨ ਸੁਣਿ ਕੰਨ ਰੇ।।

ਫੁਨਿ ਤਰਹਿ ਤੇ ਸੰਤ ਹਿਤ ਭਗਤ ਗੁਰੁ ਗੁਰੁ ਕਰਹਿ

ਤਰਿਓ ਪ੍ਰਹਲਾਦੁ ਗੁਰ ਮਿਲਤ ਮੁਨਿ ਜੰਨ ਰੇ।।

ਤਰਹਿ ਨਾਰਦਾਦਿ ਸਨਕਾਦਿ ਹਰਿ ਗੁਰਮੁਖਹਿ ਤਰਹਿ

ਇਕ ਨਾਮ ਲਗਿ ਤਜਹੁ ਰਸ ਅੰਨ ਰੇ।।

ਦਾਸੁ ਬੇਨਤਿ ਕਹੈ ਨਾਮੁ ਗੁਰਮੁਖਿ ਲਹੈ

ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਮੰਨ ਰੇ।। ੪।। ੧੬।। ੨੯।।

(ਪੰਨਾ ੧੪੦੧)

ਪਦ ਅਰਥ:- ਗੁਰੂ – ਅਗਿਆਨਤਾ ਦੇ ਹਨੇਰੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲਾ ਗਿਆਨ। ਗੁਰੁ – ਗਿਆਨ ਨੂੰ ਗ੍ਰਹਿਣ ਕਰ, ਕਰਨਾ। ਗੁਰੂ ਗੁਰੁ ਗੁਰੂ ਗੁਰੁ – ਦੁਹਰਾਅ ਦ੍ਰਿੜ੍ਹਤਾ ਲਈ ਹੈ। ਜਪੁ – ਅਭਿਆਸ। ਮੰਨ – ਮੰਨ ਕੇ। ਰੇ – ਹੇ ਭਾਈ। ਜਪੁ ਮੰਨ ਰੇ – ਹੇ ਭਾਈ! ਇਹ ਮੰਨ ਕੇ ਆਪਣੇ ਜੀਵਨ ਵਿੱਚ ਅਭਿਆਸ ਕਰ। ਜਾ ਕੀ – ਉਸ ਦੀ। ਸੇਵ – ਸੇਵਾ। ਸਿਵ – ਮੁਕਤ (ਮ: ਕੋਸ਼)। ਸਿਧ – ਸ੍ਰੇਸ਼ਟ। ਸੁਰ – ਦੇਵਤੇ। ਅਸੁਰ – ਜਮਦੂਤ। ਗਣ – ਗਿਰੋਹ। ਤਰਹਿ – ਤਰਿਆ। ਤੇਤੀਸ – ਤੇਤੀ। ਗੁਰ ਬਚਨ – ਗਿਆਨ ਦੀ ਗੱਲ। ਕੰਨ – ਧਿਆਨ ਨਾਲ ਤਵੱਜੋਂ ਦੇ ਕੇ। ਰੇ – ਹੇ ਭਾਈ! । ਤੇ – ਉਹ। ਸੰਤ – ਗਿਆਨ। ਹਿਤ – ਹਿਤ, ਮਨੋਰਥ। ਭਗਤ – ਇਨਕਲਾਬੀ ਪੁਰਸ਼। ਗੁਰੁ – ਗਿਆਨ ਨੂੰ ਗ੍ਰਹਿਣ ਕਰਨਾ। ਗੁਰੁ ਕਰਹਿ – ਗਿਆਨ ਨੂੰ ਗ੍ਰਹਿਣ ਕਰਨ ਲਈ ਪ੍ਰੇਰਨਾ ਕਰਨਾ, ਕਰਦੇ ਹਨ। ਤਰਿਓ – ਅਗਿਆਨਤਾ ਤੋਂ ਉੱਪਰ ਉੱਠਣਾ, ਉਠਿਆ, ਉਠ ਕੇ। ਪ੍ਰਹਲਾਦੁ – ਪ੍ਰਹਿਲਾਦ ਜੀ ਨੇ। ਤਰਹਿ – ਅਗਿਆਨਤਾ ਤੋਂ ਉੱਪਰ ਉਠੇ। ਗੁਰ ਮਿਲਤ – ਗਿਆਨ ਪ੍ਰਾਪਤੀ। ਮੁਨਿ – ਬੁੱਧੀਜੀਵੀ। ਜੰਨ – ਪੁਰਸ਼। ਰੇ – ਹੇ ਭਾਈ! ਤਰਹਿ – ਜੋ ਅਗਿਆਨਤਾ ਤੋਂ ਉੱਪਰ ਉਠੇ। ਨਾਰ – ਇਸਤਰੀ। ਦਾਦਿ – ਨਿਆਂ, ਸਮਾਜਕ ਬਰਾਬਰਤਾ (justice)ਨਾਰਦਾਦਿ – ਇਸਤਰੀ ਨਾਲ ਨਿਆਂ ਕਰਨਾ, ਸਮਾਜਕ ਬਰਾਬਰੀ ਲਈ ਮਾਨਤਾ ਦੇਣੀ। ਸਨਕਾਦਿ – ਸਤਿਕਾਰ ਸਹਿਤ ਕਰਤੇ ਦੀ ਬਖ਼ਸ਼ਿਸ਼ ਨਾਲ। ਹਰਿ – ਹਰੀ। ਗੁਰਮੁਖਹਿ – ਗਿਆਨ ਨੂੰ ਮੁਖ ਰੱਖਣਾ, ਹਰੇਕ ਗੱਲ ਗਿਆਨ ਨੂੰ ਮੁਖ ਰੱਖ ਕੇ ਕਰਨੀ। ਤਰਹਿ – ਅਗਿਆਨਤਾ ਤੋਂ ਉੱਪਰ ਉੱਠਣਾ, ਉੱਠੇ। ਇੱਕ ਨਾਮ ਲਗਿ – ਇੱਕ ਸੱਚ ਨਾਲ ਜੁੜ ਕੇ। ਤਜਹੁ – ਛੱਡ ਕੇ, ਛੱਡ ਦੇਣਾ, ਛੱਡਣ ਲਈ ਪ੍ਰੇਰਨਾ ਕਰਨਾ। ਅੰਨ ਰਸ – ਅਗਿਆਨਤਾ ਦਾ ਰਸ। ਰੇ – ਹੇ ਭਾਈ! । ਦਾਸੁ – (ਅਵਤਾਰਵਾਦੀ) ਗ਼ੁਲਾਮੀ ਨੂੰ। ਬੇਨਤਿ ਕਹੈ – ਭੱਟ ਨਲ੍ਹ ਬੇਨਤੀ ਕਰਦਾ ਹੈ। ਨਾਮੁ – ਸੱਚ ਦਾ ਆਪਣੇ ਜੀਵਨ ਵਿੱਚ ਅਭਿਆਸ ਕਰਨਾ। ਗੁਰਮੁਖਿ – ਕਰਤਾ। ਲਹੈ – ਅਪਣਾਉਣਾ ਚਾਹੀਦਾ ਹੈ। ਗੁਰੂ – ਅਗਿਆਨਤਾ ਦੇ ਹਨੇਰੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲਾ ਗਿਆਨ। ਗੁਰੁ – ਗਿਆਨ ਨੂੰ ਗ੍ਰਹਿਣ ਕਰਨਾ। ਗੁਰੂ ਗੁਰੁ – ਇਨ੍ਹਾਂ ਸ਼ਬਦਾਂ ਦਾ ਦੁਹਰਾਅ ਦ੍ਰਿੜ੍ਹਤਾ ਲਈ ਹੈ। ਜਪੁ – ਅਭਿਆਸ। ਮੰਨ – ਮੰਨ ਕੇ। ਰੇ – ਹੇ ਭਾਈ! ।

ਅਰਥ:- ਹੇ ਭਾਈ! ਜਿਨ੍ਹਾਂ ਨੇ ਅਗਿਆਨਤਾ ਦੇ ਹਨੇਰੇ ਵਿੱਚ ਪ੍ਰਕਾਸ਼ ਕਰ ਦੇਣ ਵਾਲੇ ਗਿਆਨ ਨੂੰ ਮੰਨ ਕੇ, ਦ੍ਰਿੜ੍ਹਤਾ ਨਾਲ ਗ੍ਰਹਿਣ ਕਰਕੇ ਆਪਣੇ ਜੀਵਨ ਵਿੱਚ ਅਭਿਆਸ (practice) ਕੀਤਾ। ਉਹ ਗਿਆਨ ਨੂੰ ਆਪਣੇ ਜੀਵਨ ਵਿੱਚ ਅਭਿਆਸ ਕਰਨ ਵਾਲੇ ਅਗਿਆਨਤਾ ਤੋਂ ਮੁਕਤ ਹੋ ਕੇ ਉਸ ਦੀ ਸੇਵਾ ਵਿੱਚ ਜੁੜਨ ਵਾਲੇ ਪੁਰਸ਼ ਹੀ ਸ੍ਰੇਸ਼ਟ ਪੁਰਸ਼ ਕਹੇ ਜਾ ਸਕਦੇ ਹਨ। ਬਾਕੀ ਜੋ ਤੇਤੀ ਕਰੋੜ (ਦੇਵਤਿਆਂ) ਦਾ ਗਿਰੋਹ ਤਰਿਆ ਆਖਦੇ ਹਨ, ਉਹ ਸੁਰ-ਦੇਵਤੇ ਨਹੀਂ, ਅਸੁਰ-ਰਾਖਸ਼ਸ਼ (ਕਿਸਮ ਦੇ ਲੋਕ) ਸਨ। ਇਸ ਕਰਕੇ ਹੇ ਭਾਈ! ਗਿਆਨ ਦੀ ਗੱਲ ਬੜੇ ਧਿਆਨ ਨਾਲ ਸੁਣਨੀ ਚਾਹੀਦੀ ਹੈ। ਜਿਨ੍ਹਾਂ ਦਾ ਗਿਆਨ ਨਾਲ ਹਿਤ ਹੈ, ਉਹੀ ਭਗਤ-ਇਨਕਲਾਬੀ ਪੁਰਸ਼ ਆਪ ਗਿਆਨ ਨੂੰ ਗ੍ਰਹਿਣ ਕਰਦੇ ਹਨ ਅਤੇ ਫਿਰ ਅੱਗੇ ਹੋਰਨਾਂ ਨੂੰ ਅਗਿਆਨਤਾ ਤੋਂ ਉੱਪਰ ਉੱਠਣ ਲਈ ਗਿਆਨ ਦ੍ਰਿੜ੍ਹ ਕਰਾਉਂਦੇ ਹਨ, ਜਿਵੇਂ ਪ੍ਰਹਿਲਾਦ ਜੀ ਵਰਗੇ ਬੁੱਧੀਜੀਵੀ ਇਨਕਲਾਬੀ ਜਨ ਨੇ ਗਿਆਨ ਪ੍ਰਾਪਤ ਕਰਕੇ ਜੀਵਨ ਵਿੱਚ ਗ੍ਰਹਿਣ ਕੀਤਾ ਅਤੇ ਫਿਰ ਹੋਰਨਾਂ ਨੂੰ ਗ੍ਰਹਿਣ ਕਰਾਇਆ, ਜਿਸ ਕਰਕੇ ਹੋਰ ਵੀ ਅਗਿਆਨਤਾ ਤੋਂ ਉੱਪਰ ਉਠੇ। ਇਸ ਤਰ੍ਹਾਂ ਜਿਹੜੇ ਇੱਕ ਨਾਮ ਭਾਵ ‘ਸੱਚ` ਨਾਲ ਜੁੜੇ, ਉਨ੍ਹਾਂ ਨੇ ਅਗਿਆਨਤਾ ਦੇ ਰਸ ਨੂੰ ਛੱਡਦਿਆਂ ਸਤਿਕਾਰ ਸਹਿਤ ਕਰਤੇ ਹਰੀ ਦੇ ਗਿਆਨ ਨੂੰ ਮੁਖ ਰੱਖ ਕੇ ਇਸਤਰੀ ਜਾਤੀ ਨਾਲ ਨਿਆਂ ਕਰਕੇ ਸਮਾਜਕ ਬਰਾਬਰਤਾ ਲਈ ਮਾਨਤਾ ਦਿੱਤੀ। ਇਸ ਲਈ ਭੱਟ ਨਲ੍ਹ ਇਹ ਹੀ ਬੇਨਤੀ ਕਰਦਾ ਹੈ ਕਿ ਹੇ ਭਾਈ! ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉ (ਅਵਤਾਰਵਾਦੀ) ਗ਼ੁਲਾਮੀ ਨੂੰ ਛੱਡੋ ਅਤੇ ਅਗਿਆਨਤਾ ਦੇ ਹਨੇਰੇ ਵਿੱਚ ਪ੍ਰਕਾਸ਼ ਕਰ ਦੇਣ ਵਾਲੇ ਕਰਤੇ ਦੇ ਸੱਚ ਗਿਆਨ ਨੂੰ ਹੀ ਆਪਣੇ ਜੀਵਨ ਵਿੱਚ ਦ੍ਰਿੜ੍ਹਤਾ ਨਾਲ ਮੰਨ ਕੇ ਅਭਿਆਸ ਕਰੋ।

ਨੋਟ:- ਇਸ ਸਵਈਏ ਅੰਦਰ ਸਪੱਸ਼ਟ ਹੈ ਕਿ ਭਗਤ-ਇਨਕਲਾਬੀ ਪੁਰਸ਼ ਸਮਾਜਕ ਬੁਰਿਆਈਆਂ ਵਿਰੁੱਧ ਗਿਆਨ ਦੇ ਹਿਤ ਨੂੰ ਮੂਹਰੇ ਰੱਖ ਕੇ ਸੱਚ ਦੀ ਆਵਾਜ਼ ਉਠਾਉਂਦੇ ਹਨ। ਉਨ੍ਹਾਂ ਦਾ ਆਪਣਾ ਕੋਈ ਖ਼ੁਦ ਦਾ ਮੁਫ਼ਾਦ ਨਹੀਂ ਹੁੰਦਾ। ਦੂਸਰੀ ਗੱਲ ਅਖ਼ੀਰਲੀ ਪੰਗਤੀ ਵਿੱਚ ਦਾਸੁ-ਗ਼ੁਲਾਮੀ ਵਾਸਤੇ ਸ਼ਬਦ ਆਇਆ ਹੈ। ਸ਼ਾਇਦ ਪਾਠਕ ਜਨ ਸੋਚਣ ਕਿ ‘ਛੱਡੋ` ਸ਼ਬਦ ਤਾਂ ਇਸ ਪੰਗਤੀ ਵਿੱਚ ਆਇਆ ਨਹੀਂ, ਇਹ ਸ਼ਬਦ ਕਿਥੋਂ ਆ ਗਿਆ, ਅੱਗੇ ਸ਼ਬਦ ਹੈ, “ਨਾਮੁ ਗੁਰਮੁਖਿ ਲਹੈ” ਇਥੇ ਕਾਵਿ ਦੀਆਂ ਬਰੀਕੀਆਂ ਸਮਝਣ ਦੀ ਲੋੜ ਹੈ। ਇਥੇ ਸ਼ਬਦ ਆਇਆ ਹੈ ਲਹੈ-ਲੈਣਾ, ਅਪਣਾਉਣਾ, ਸੱਚ ਤਾਂ ਹੀ ਜੀਵਨ ਵਿੱਚ ਅਪਣਾਇਆ ਜਾਏਗਾ, ਜੇਕਰ ਝੂਠ ਨੂੰ ਜੀਵਨ ਵਿੱਚੋਂ ਛੱਡੋਗੇ। ਸੋ ਇਸ ਵਾਸਤੇ ਛੱਡੋ ਸ਼ਬਦ ਇਸ ਪੰਗਤੀ ਵਿੱਚ ਵਰਤਿਆ ਹੈ। ਇਹ ਕਾਵਿ ਦਾ ਆਪਣਾ ਵਿਲੱਖਣ ਨਿਯਮ ਹੈ। ਸ਼ਾਇਦ ਪਾਠਕਾਂ ਦੇ ਸਮਝਣ ਵਿੱਚ ਸਹਾਇਕ ਹੋ ਸਕੇ।

ਇਹ ਉੱਪਰਲੇ ੨੯ ਸਵਈਏ ਭੱਟ ਨਲ੍ਹ ਜੀ ਦੇ ਉਚਾਰਣ ਕੀਤੇ ਹਨ। ਜਿੱਥੇ ਨੰਬਰ ਬਦਲਦਾ ਹੈ, ਉਸ ਦਾ ਕਾਰਨ ਇਹ ਕਿ ਸਵਈਯਾਂ ਦੀ ਲਿਖਣ-ਸ਼ੈਲੀ ਭਾਵ ਚਾਲ ਬਦਲਦੀ ਹੈ, ਜਿਵੇਂ ਰਡ ਛੰਦ ਅਤੇ ਫਿਰ ਉਸ ਤੋਂ ਬਾਅਦ ਝੋਲਣਾ ਛੰਦ ਆਦਿ ਪਰ ਰਚੇਤਾ ਨਹੀਂ ਬਦਲੇ।

ਅਗਲੇ ਸਵਈਏ ਅੰਦਰ ਇਹ ਦਰਸਾਇਆ ਗਿਆ ਹੈ ਕਿ ਇਨ੍ਹਾਂ ਇਨਕਲਾਬੀ ਪੁਰਸ਼ਾਂ `ਤੇ ਸਭ ਤੋਂ ਉੱਪਰ ਜੋ ਸਾਹਿਬ ਹੈ, ਉਸ ਦੀ ਹੀ ਬਖ਼ਸ਼ਿਸ਼ ਹੋਈ, ਕਿਸੇ ਅਵਤਾਰਵਾਦੀ ਦੀ ਨਹੀਂ।

ਸਿਰੀ ਗੁਰੂ ਸਾਹਿਬੁ ਸਭ ਊਪਰਿ।।

ਕਰੀ ਕ੍ਰਿਪਾ ਸਤਜੁਗਿ ਜਿਨਿ ਧ੍ਰੂ ਪਰਿ।।

ਸ੍ਰੀ ਪ੍ਰਹਲਾਦ ਭਗਤ ਉਧਰੀਅੰ।।

ਹਸ੍ਤ ਕਮਲ ਮਾਥੇ ਪਰ ਧਰੀਅੰ।।

ਅਲਖ ਰੂਪ ਜੀਅ ਲਖ੍ਯ੍ਯਾ ਨ ਜਾਈ।।

ਸਾਧਿਕ ਸਿਧ ਸਗਲ ਸਰਣਾਈ।।

ਗੁਰ ਕੇ ਬਚਨ ਸਤਿ ਜੀਅ ਧਾਰਹੁ।।

ਮਾਣਸ ਜਨਮੁ ਦੇਹ ਨਿਸ੍ਤਾਰਹੁ।।

ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ।।

ਗੁਰ ਪ੍ਰਸਾਦਿ ਪ੍ਰਭੁ ਪਾਈਐ ਗੁਰ ਬਿਨੁ ਮੁਕਤਿ ਨ ਹੋਇ।।

ਗੁਰੁ ਨਾਨਕੁ ਨਿਕਟਿ ਬਸੈ ਬਨਵਾਰੀ।।

ਤਿਨਿ ਲਹਣਾ ਥਾਪਿ ਜੋਤਿ ਜਗਿ ਧਾਰੀ।।

ਲਹਣੈ ਪੰਥੁ ਧਰਮ ਕਾ ਕੀਆ।।

ਅਮਰਦਾਸ ਭਲੇ ਕਉ ਦੀਆ।।

ਤਿਨਿ ਸ੍ਰੀ ਰਾਮਦਾਸੁ ਸੋਢੀ ਥਿਰੁ ਥਪ੍ਯ੍ਯਉ।।

ਹਰਿ ਕਾ ਨਾਮੁ ਅਖੈ ਨਿਧਿ ਅਪ੍ਯ੍ਯਉ।।

ਅਪ੍ਯ੍ਯਉ ਹਰਿ ਨਾਮੁ ਅਖੈ ਨਿਧਿ ਚਹੁ

ਜੁਗਿ ਗੁਰ ਸੇਵਾ ਕਰਿ ਫਲੁ ਲਹੀਅੰ।।

ਬੰਦਹਿ ਜੋ ਚਰਣ ਸਰਣਿ ਸੁਖੁ ਪਾਵਹਿ ਪਰਮਾਨੰਦ ਗੁਰਮੁਖਿ ਕਹੀਅੰ।।

ਪਰਤਖਿ ਦੇਹ ਪਾਰਬ੍ਰਹਮੁ ਸੁਆਮੀ ਆਦਿ ਰੂਪਿ ਪੋਖਣ ਭਰਣੰ।।

ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸੁ ਤਾਰਣ ਤਰਣੰ।। ੧।।

(ਪੰਨਾ ੧੪੦੧)

ਪਦ ਅਰਥ:- ਸਿਰੀ ਗੁਰੂ ਸਾਹਿਬੁ ਸਭ ਊਪਰਿ – ਸ੍ਰੇਸ਼ਟ ਗਿਆਨ ਦੀ ਬਖ਼ਸ਼ਿਸ਼ ਕਰਨ ਵਾਲਾ ਸਾਹਿਬ ਹੀ ਸਭ ਤੋਂ ਉੱਪਰ ਹੈ। ਕਰੀ ਕ੍ਰਿਪਾ – ਬਖ਼ਸ਼ਿਸ਼ ਕੀਤੀ ਸੀ। ਸਤਜੁਗਿ – ਸਮੇਂ ਨੂੰ ਦਿੱਤਾ ਨਾਮ। ਜਿਨਿ ਧ੍ਰੂ ਪਰਿ - ਜਿਸ ਨੇ ਧ੍ਰੂ ਉੱਪਰ। ਸ੍ਰੀ – ਸ੍ਰੇਸ਼ਟ। ਸ੍ਰੀ ਪ੍ਰਹਲਾਦ ਭਗਤ ਉਧਰੀਅੰ – ਉਸੇ ਸ੍ਰੇਸ਼ਟ ਸਾਹਿਬ ਦੀ ਬਖ਼ਸ਼ਿਸ਼ ਗਿਆਨ ਨਾਲ, ਭਗਤ-ਇਨਕਲਾਬੀ ਪੁਰਸ਼ ਪ੍ਰਹਿਲਾਦ ਜੀ (ਕਰਮ-ਕਾਂਡੀ ਵੀਚਾਰਧਾਰਾ ਤੋਂ) ਉੱਪਰ ਉਠੇ ਸਨ। ਉਧਰੀਅੰ – (ਕਰਮ-ਕਾਂਡਾਂ ਤੋਂ) ਉੱਪਰ ਉਠੇ ਸਨ। ਹਸ੍ਤ ਕਮਲ ਮਾਥੇ ਪਰ ਧਰੀਅੰ – ਤੇ ਸਾਹਿਬ ਨੇ ਹੀ ਆਪਣਾ ਬਖ਼ਸ਼ਿਸ਼ ਰੂਪ ਹੱਥ ਪ੍ਰਹਿਲਾਦ ਜੀ ਦੇ ਸਿਰ ਉੱਪਰ ਧਰਿਆ ਸੀ। ਅਲਖ ਰੂਪ – ਉਹ ਅਲਖ ਰੂਪ ਹੈ। ਜੀਅ – ਕਿਸੇ ਜੀਅ-ਸਰੀਰ, ਦੇਹਧਾਰੀ ਨਾਲ ਤੁਲਨਾ ਦੇ ਕੇ। ਲਖ੍ਯ੍ਯਾ ਨ ਜਾਈ – ਉਸ ਨੂੰ ਜਾਣਿਆ ਨਹੀਂ ਜਾ ਸਕਦਾ। ਸਾਧਿਕ ਸਿਧ ਸਗਲ ਸਰਣਾਈ – ਅਸਲ ਵਿੱਚ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਹੋਇਆ ਹੈ, ਉਹ ਸਭ ਉਸ ਦੀ ਹੀ ਸ਼ਰਨ ਆਉਂਦੇ ਹਨ। ਗੁਰ ਕੇ ਬਚਨ ਸਤਿ ਜੀਅ ਧਾਰਹੁ – ਇਹ ਪ੍ਰੇਰਨਾ ਕਰਦੇ ਹਨ ਕਿ ਹਰੇਕ ਜੀਵ ਨੂੰ ਉਸ ਦੀ ਬਖ਼ਸ਼ਿਸ਼ ਗਿਆਨ ਹੀ ਸਤਿ ਬਚਨ-ਮੰਨ ਕੇ, ਪ੍ਰਵਾਨ ਕਰਕੇ ਆਪਣੇ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ। ਮਾਣਸ ਜਨਮੁ ਦੇਹ ਨਿਸ੍ਤਾਰਹੁ – ਮਨੁੱਖਾ ਜੀਵਨ ਵਿੱਚ ਉਸ ਦੀ ਬਖ਼ਸ਼ਿਸ਼ ਗਿਆਨ ਨਾਲ ਹੀ ਨਿਸਤਾਰਾ-ਸੱਚ ਝੂਠ ਵਿੱਚ ਫ਼ਰਕ ਜਾਣਿਆ ਜਾ ਸਕਦਾ ਹੈ। ਦੇਹ – ਦੇਣ, ਉਸ ਦੀ ਬਖ਼ਸ਼ਿਸ਼। ਗੁਰੁ ਜਹਾਜੁ – ਗਿਆਨ ਨੂੰ ਜੀਵਨ ਵਿੱਚ ਗ੍ਰਹਿਣ ਕਰਨ ਦਾ ਨਾਮ ਹੀ ਜਹਾਜ਼ ਹੈ। ਖੇਵਟੁ ਗੁਰੂ – ਅਗਿਆਨਤਾ ਦੇ ਹਨੇਰੇ ਵਿੱਚ ਗਿਆਨ ਦਾ ਪ੍ਰਕਾਸ਼ ਹੀ ਮਲਾਹ ਹੈ। ਗੁਰ ਬਿਨ ਤਰਿਆ ਨ ਕੋਇ – ਅੱਜ ਤੱਕ ਕੋਈ ਵੀ ਗਿਆਨ ਦੀ ਬਖ਼ਸ਼ਿਸ਼ ਪ੍ਰਾਪਤ ਕਰਨ ਤੋਂ ਬਗ਼ੈਰ (ਕਰਮ-ਕਾਂਡਾਂ ਦਾ ਖਾਰਾ ਸਮੁੰਦਰ) ਨਹੀਂ ਤਰ ਸਕਿਆ। ਗੁਰ ਪ੍ਰਸਾਦਿ ਪ੍ਰਭੁ ਪਾਈਐ – ਪ੍ਰਭੂ ਦੀ ਬਖ਼ਸ਼ਿਸ਼ ਗਿਆਨ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਗੁਰ – ਗਿਆਨ। ਪ੍ਰਸਾਦਿ – ਬਖ਼ਸ਼ਿਸ਼। ਗੁਰ ਬਿਨੁ ਮੁਕਤਿ ਨ ਕੋਇ – ਗਿਆਨ ਤੋਂ ਬਗ਼ੈਰ ਕੋਈ (ਅਗਿਆਨਤਾ ਤੋਂ) ਮੁਕਤ ਨਹੀਂ ਹੋ ਸਕਦਾ। ਗੁਰੁ ਨਾਨਕੁ – ਨਾਨਕ ਜੀ ਨੇ ਗਿਆਨ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕੀਤਾ। ਨਾਨਕ ਦੇ ਕੱਕੇ ਨੂੰ ਔਂਕੜ ਤੋਂ ਭਾਵ ਨਾਨਕ ਨੇ, ਨੂੰ, ਦਾ, ਦੇ, ਦੀ। ਨਿਕਟਿ ਬਸੈ ਬਨਵਾਰੀ – ਇਹ ਗੱਲ ਸਿਧ ਕਰ ਦਿੱਤੀ ਹੈ ਕਿ ਸ੍ਰਿਸ਼ਟੀ ਦਾ ਮਾਲਕ ਸਭ ਤੋਂ ਨੇੜੇ ਵੱਸਦਾ ਹੈ (ਕਿਤੇ ਸੱਤਵੇਂ ਅਸਮਾਨ ਉੱਪਰ ਨਹੀਂ)। ਤਿਨਿ ਲਹਣਾ ਥਾਪਿ ਜੋਤਿ ਜਗਿ ਧਾਰੀ – ਜਦੋਂ ਲਹਣੇ ਨੇ ਜਗ ਰਹੀ ਜੋਤਿ-ਵੀਚਾਰਧਾਰਾ ਅਪਣਾਈ ਤਾਂ ਨਾਨਕ ਨੇ ਉਸ ਨੂੰ ਆਪਣਾ ਜਾਨਸ਼ੀਨ ਥਾਪ ਦਿੱਤਾ। ਜੋਤਿ – ਵੀਚਾਰਧਾਰਾ। ਜਗਿ – ਜਗ ਰਹੀ, ਚੱਲ ਰਹੀ। ਲਹਣੈ ਪੰਥੁ ਧਰਮ ਕਾ ਕੀਆ – ਉਸੇ ਤਰ੍ਹਾਂ ਲਹਣੇ ਨੇ ਧਰਮ-ਸੱਚ ਦਾ ਰਸਤਾ ਅੱਗੇ ਚਲਾਇਆ ਭਾਵ ਜਿੰਮੇਵਾਰੀ ਅੱਗੇ ਸੌਂਪੀ। ਅਮਰਦਾਸ ਭਲੇ ਕਉ ਦੀਆ – ਉੱਤਮ ਗਿਆਨ ਨੂੰ ਅੱਗੇ ਪ੍ਰਚਾਰਨ ਲਈ ਇਹ ਜ਼ਿੰਮੇਵਾਰੀ ਅਮਰਦਾਸ ਜੀ ਨੂੰ ਸੌਂਪ ਦਿੱਤੀ। ਤਿਨਿ ਸ੍ਰੀ ਰਾਮਦਾਸੁ ਸੋਢੀ ਥਿਰੁ ਥਪ੍ਯ੍ਯਉ – ਉਨ੍ਹਾਂ ਤੋਂ ਅੱਗੇ ਸਤਿਕਾਰ ਸਹਿਤ ਅਮਰਦਾਸ ਜੀ ਨੇ ਇਹ ਜ਼ਿੰਮੇਵਾਰੀ ਅੱਗੇ ਰਾਮਦਾਸ ਜੀ ਨੂੰ ਸੌਂਪ ਦਿੱਤੀ। ਭਲੇ – ਉੱਤਮ। ਸ੍ਰੀ – ਸਤਿਕਾਰ ਸਹਿਤ, ਆਦਰ ਬੋਧਕ ਸ਼ਬਦ ਹੈ। ਸੋਢੀ – ਸ੍ਰੇਸ਼ਟ। ਹਰਿ ਕਾ ਨਾਮੁ – ਹਰੀ ਦੇ ਸੱਚ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਇਆ। ਅਖੈ ਨਿਧਿ – ਕਦੇ ਨਾ ਨਿਖੁਟਣ ਵਾਲਾ ਖ਼ਜ਼ਾਨਾ। ਅਪ੍ਯ੍ਯਉ – ਅਰਪਿਆ, ਅਰਪਣ ਕੀਤਾ। ਹਰੀ ਦੇ ਕਦੇ ਨਾ ਨਿਖੁਟਣ ਵਾਲੇ ਸੱਚ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਇਆ ਅਤੇ ਅੱਗੇ ਹੋਰਨਾਂ ਨੂੰ ਵੀ ਅਰਪਣ ਕੀਤਾ ਭਾਵ ਵੰਡਿਆ। ਨਾਮੁ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ, ਅਭਿਆਸ ਕਰਨਾ। ਅਪ੍ਯ੍ਯਉ ਹਰਿ ਨਾਮੁ – ਜਿਨ੍ਹਾਂ ਨੇ ਸੱਚੇ ਹਰੀ ਦੇ ਨਾ ਨਿਖੁਟਣ ਵਾਲੇ ਸੱਚ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਇਆ। ਚਹੁ ਜੁਗਿ ਗੁਰ ਸੇਵਾ ਲਹੀਅੰ – ਚਹੁੰ ਜੁਗਾਂ ਤੋਂ ਲੈ ਕਰ ਉਨ੍ਹਾਂ ਨੇ ਗੁਰ ਗਿਆਨ ਦੀ ਸੇਵਾ-ਕਮਾਈ ਕਰਕੇ ਲਾਹਾ ਲਿਆ। ਬੰਦਹਿ – ਉਹ ਮਨੁੱਖ। ਗੁਰਮੁਖਿ – ਕਰਤਾ। ਪਰਮਾਨੰਦ – ਪਰਮ ਆਨੰਦ ਦਾ ਮਾਲਕ। ਬੰਦਹਿ ਜੋ ਚਰਣ ਸਰਣਿ ਸੁਖੁ ਪਾਵਹਿ ਪਰਮਾਨੰਦ ਗੁਰਮੁਖਿ ਕਹੀਅੰ – ਉਹ ਬੰਦੇ ਜੋ ਪਰਮ ਆਨੰਦ ਦੇ ਮਾਲਕ ਕਰਤੇ ਦੀ ਚਰਨ ਸ਼ਰਨ ਭਾਵ ਰਜ਼ਾ ਵਿੱਚ ਆਉਂਦੇ ਹਨ ਉਹ ਹੀ ਆਤਮਿਕ ਸੁਖ ਪ੍ਰਾਪਤ ਕਰਦੇ ਹਨ। ਪਰਤਖਿ ਦੇਹ ਪਾਰਬ੍ਰਹਮੁ ਸੁਆਮੀ ਆਦਿ ਰੂਪਿ ਪੋਖਣ ਭਰਣੰ।। ਪਰਤਖਿ – ਸਪੱਸ਼ਟ ਹੈ। ਦੇਹ – ਦੇਣ, ਬਖ਼ਸ਼ਿਸ਼। ਪਰਤਖਿ ਦੇਹ – ਉਸ ਦੀ ਬਖ਼ਸ਼ਿਸ਼ ਸਪੱਸ਼ਟ ਹੈ, ਉਹ ਗੱਲ ਜਿਸ ਵਿੱਚ ਕੋਈ ਦੋ ਰਾਵਾਂ ਨਾ ਹੋਣ, ਜਿਵੇਂ ਜੇਕਰ ਧ੍ਰੂ ਅਤੇ ਪ੍ਰਹਿਲਾਦ ਅਕਾਲ ਪੁਰਖ ਦੀ ਬਖ਼ਸ਼ਿਸ਼ ਨਾਲ ਤਰੇ ਸਨ, ਕਿਸੇ ਅਵਤਾਰਵਾਦੀ ਦੀ ਬਖ਼ਸ਼ਿਸ਼ ਨਾਲ ਨਹੀਂ। ਪਾਰਬ੍ਰਹਮੁ – ਕਰਤਾ ਜੋ ਮਨੁੱਖੀ ਸੀਮਾਵਾਂ ਤੋਂ ਪਰੇ ਹੈ। ਸੁਆਮੀ – ਸ੍ਰਿਸ਼ਟੀ ਦਾ ਮਾਲਕ। ਆਦਿ ਪੋਖਣ ਭਰਣੰ – ਆਦਿ ਤੋਂ ਪਾਲਣਾ ਕਰਨ ਵਾਲਾ। ਸਤਿਗੁਰੁ – ਸਤਿਗੁਰ ਦੀ ਬਖ਼ਸ਼ਿਸ਼ ਗਿਆਨ। ਗੁਰੁ – ਗਿਆਨ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਨ ਨਾਲ। ਸੇਵਿ – ਕਮਾਈ ਕਰਨ ਨਾਲ। ਗਤਿ – ਮੁਕਤੀ। ਜਾ ਕੀ – ਉਸ ਦੀ। ਸ੍ਰੀ ਰਾਮਦਾਸੁ – ਸ੍ਰੀ ਰਾਮਦਾਸ ਜੀ ਨੇ।

ਅਰਥ:- ਹੇ ਭਾਈ! ਜਿਸ ਕਰਤੇ ਨੇ ਸਤਜੁਗਿ (ਸਮੇਂ ਨੂੰ ਦਿੱਤਾ ਨਾਮ) ਦੇ ਵਿੱਚ ਧ੍ਰੂ ਉੱਪਰ ਕ੍ਰਿਪਾ ਕੀਤੀ ਸੀ, ਉਹ ਅਗਿਆਨਤਾ ਦੇ ਹਨੇਰੇ ਵਿੱਚ ਪ੍ਰਕਾਸ਼ ਕਰ ਦੇਣ ਵਾਲਾ ਸਾਹਿਬ ਹੀ ਸਭ ਤੋਂ ਉੱਪਰ ਹੈ। ਉਸ ਸਾਹਿਬ ਦੀ ਬਖ਼ਸ਼ਿਸ਼, ਗਿਆਨ ਨਾਲ ਜਦੋਂ ਭਗਤ-ਇਨਕਲਾਬੀ ਪੁਰਸ਼ ਪ੍ਰਹਿਲਾਦ ਜੀ (ਕਰਮ-ਕਾਂਡੀ ਵੀਚਾਰਧਾਰਾ) ਤੋਂ ਉੱਪਰ ਉੱਠੇ ਸਨ ਤੇ ਸਾਹਿਬ ਨੇ ਹੀ ਆਪਣਾ ਬਖ਼ਸ਼ਿਸ਼ ਰੂਪ ਹੱਥ ਪ੍ਰਹਿਲਾਦ ਜੀ ਦੇ ਸਿਰ ਉੱਪਰ ਧਰਿਆ ਭਾਵ ਉਸ ਨੂੰ ਆਪਣੇ ਅਕੀਦੇ ਤੋਂ ਡੋਲਣ ਨਹੀਂ ਸੀ ਦਿੱਤਾ। ਉਹ ਸਾਹਿਬ ਅਲਖ ਰੂਪ ਹੈ, ਕਿਸੇ ਜੀਅ-ਦੇਹਧਾਰੀ (ਅਵਤਾਰਵਾਦੀ) ਨਾਲ ਉਸ ਦੀ ਤੁਲਨਾ ਕਰ ਕੇ ਉਸ ਨੂੰ ਨਹੀਂ ਜਾਣਿਆ ਜਾ ਸਕਦਾ। ਅਸਲ ਵਿੱਚ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਹੋਇਆ ਹੈ, ਉਹ ਸਭ ਉਸ ਦੀ ਸ਼ਰਨ ਹੀ ਆਉਂਦੇ ਹਨ ਅਤੇ ਹਰੇਕ ਜੀਵ ਨੂੰ ਵੀ ਇਹੀ ਪ੍ਰੇਰਨਾ ਕਰਦੇ ਹਨ ਕਿ ਹੇ ਭਾਈ! ਉਸ ਦੇ ਗਿਆਨ-ਉਸ ਦੀ ਬਖ਼ਸ਼ਿਸ਼ ਨੂੰ ਹੀ ਆਪਣੇ ਜੀਵਨ ਵਿੱਚ ਧਾਰਨਾ ਚਾਹੀਦਾ ਹੈ। ਇਹ ਮਨੁੱਖਾ ਜੀਵਨ ਉਸ ਦੀ ਹੀ ਬਖ਼ਸ਼ਿਸ਼ ਹੈ ਅਤੇ ਇਸ (ਮਨੁੱਖਾ ਜੀਵਨ) ਵਿੱਚ ਹੀ ਨਿਸਤਾਰਾ-ਸੱਚ ਅਤੇ ਝੂਠ ਵਿੱਚ ਫ਼ਰਕ ਜਾਣਿਆ ਜਾ ਸਕਦਾ ਹੈ (ਭਾਵ ਪਸ਼ੂ ਬਿਰਤੀ ਤੋਂ ਮਨੁੱਖ ਨੂੰ ਗਿਆਨ ਨਾਲ ਉੱਪਰ ਉੱਠਣਾ ਚਾਹੀਦਾ ਹੈ)। ਇਸ ਕਰਕੇ ਗਿਆਨ ਨੂੰ ਜੀਵਨ ਵਿੱਚ ਗ੍ਰਹਿਣ ਕਰਨ ਦਾ ਨਾਮ ਹੀ ਜਹਾਜ਼ ਹੈ ਅਤੇ ਅਗਿਆਨਤਾ ਦੇ ਹਨੇਰੇ ਵਿੱਚ ਪ੍ਰਕਾਸ਼ ਕਰ ਦੇਣ ਵਾਲੇ ਗਿਆਨ ਦਾ ਨਾਂਅ ਹੀ ਮਲਾਹ ਹੈ। ਅੱਜ ਤੱਕ ਕੋਈ ਵੀ ਗਿਆਨ ਦੀ ਬਖ਼ਸ਼ਿਸ਼ ਤੋਂ ਬਗ਼ੈਰ (ਕਰਮ-ਕਾਂਡਾਂ ਦੇ ਖਾਰੇ ਸਮੁੰਦਰ ਤੋਂ) ਨਹੀਂ ਤਰ, ਭਾਵ ਪਾਰ ਨਹੀਂ ਹੋ ਸਕਿਆ। ਉਸ ਸੱਚੇ ਪ੍ਰਭੂ ਦੀ ਬਖ਼ਸ਼ਿਸ਼ ਗਿਆਨ ਤੋਂ ਬਿਨਾਂ (ਕਰਮ-ਕਾਂਡਾਂ ਤੋਂ) ਕੋਈ ਮੁਕਤ ਹੋ ਹੀ ਨਹੀਂ ਸਕਦਾ। ਨਾਨਕ ਜੀ ਨੇ ਆਪ ਗਿਆਨ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਕੇ ਇਹ ਗੱਲ ਸਿਧ ਕਰ ਦਿੱਤੀ ਹੈ ਕਿ ਸ੍ਰਿਸ਼ਟੀ ਦਾ ਮਾਲਕ ਸਭ ਤੋਂ ਨੇੜੇ ਵੱਸਦਾ ਹੈ (ਭਾਵ ਕਿਤੇ ਸਤਵੇਂ ਅਸਮਾਨ `ਤੇ ਨਹੀਂ ਬੈਠਾ)। ਇਸ ਤਰ੍ਹਾਂ ਜਦੋਂ ਲਹਣਾ ਜੀ ਨੇ ਇਹ ਚੱਲ ਰਹੀ ਜੋਤਿ-ਵੀਚਾਰਧਾਰਾ ਅਪਣਾਈ ਤਾਂ ਨਾਨਕ ਜੀ ਨੇ ਉਸ ਨੂੰ ਆਪਣਾ ਜਾਨਸ਼ੀਨ ਥਾਪ ਦਿੱਤਾ। ਇਸੇ ਤਰ੍ਹਾਂ ਲਹਣਾ ਜੀ ਨੇ ਧਰਮ-ਸੱਚ ਦੇ ਰਸਤੇ ਉੱਪਰ ਚੱਲਣਾ ਕੀਤਾ ਅਤੇ ਆਪਣੇ ਤੋਂ ਅੱਗੇ ਇਹ ਉੱਤਮ ਵੀਚਾਰਧਾਰਾ-ਉੱਤਮ ਕਾਰਜ ਅਗਾਂਹ ਤੋਰਨ ਲਈ ਅਮਰਦਾਸ ਜੀ ਨੂੰ ਸੌਂਪ ਦਿੱਤਾ। ਤਿਨਿ-ਉਸ ਨੇ ਭਾਵ ਅਮਰਦਾਸ ਜੀ ਨੇ ਇਸ ਸ੍ਰੇਸ਼ਟ ਕਾਰਜ ਦੀ ਜ਼ਿੰਮੇਵਾਰੀ ਅੱਗੇ ਰਾਮਦਾਸ ਜੀ ਨੂੰ ਸੌਂਪ ਦਿੱਤੀ ਅਤੇ ਰਾਮਦਾਸ ਜੀ ਨੇ ਹਰੀ ਦੀ ਬਖ਼ਸ਼ਿਸ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਇਆ ਅਤੇ ਇਸੇ ਤਰ੍ਹਾਂ ਇਹ ਕਦੇ ਵੀ ਨਾ ਨਿਖੁਟਣ ਵਾਲੇ ਗਿਆਨ ਦੇ ਖ਼ਜ਼ਾਨੇ ਨੂੰ ਅਪਣਾਉਣ ਲਈ ਅੱਗੇ ਹੋਰਨਾਂ ਨੂੰ ਵੀ ਪ੍ਰੇਰਿਆ। ਜਿਨ੍ਹਾਂ ਹੋਰਨਾਂ ਨੇ ਵੀ ਚਹੁੰ ਜੁਗਾਂ ਤੋਂ ਲੈ ਕੇ ਇਸ ਨਾ ਨਿਖੁਟਣ ਵਾਲੇ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਇਆ, ਉਨ੍ਹਾਂ ਨੇ ਗੁਰ ਗਿਆਨ ਦੀ ਜੀਵਨ ਵਿੱਚ ਕਮਾਈ ਕਰਕੇ ਲਾਹਾ ਲਿਆ। ਇਸ ਵਾਸਤੇ ਪ੍ਰਤੱਖ ਹੈ ਕਿ ਜੋ ਬੰਦੇ ਆਪਣੇ ਜੀਵਨ ਵਿੱਚ ਗਿਆਨ ਦੀ ਸੇਵਾ-ਕਮਾਈ ਕਰਕੇ ਲਾਹਾ ਲੈ ਕੇ ਪਰਮ ਆਨੰਦ ਦੀ ਬਖ਼ਸ਼ਿਸ਼ ਕਰਨ ਵਾਲੇ ਕਰਤੇ ਦੀ ਚਰਨ ਸ਼ਰਨ ਆਉਂਦੇ ਹਨ, ਉਹ ਹੀ (ਅਵਤਾਰਵਾਦੀ ਕਰਮ-ਕਾਂਡੀ ਵੀਚਾਰਧਾਰਾ) ਤੋਂ (ਮੁਕਤ) ਸੁਖ-ਨਿਜਾਤ ਪਾਉਂਦੇ ਅਤੇ ਉਹ ਕਰਤੇ ਨੂੰ ਹੀ ਕਰਤਾ ਕਹਿੰਦੇ ਹਨ। ਇਸੇ ਤਰ੍ਹਾਂ ਗਿਆਨ ਨੂੰ ਹੀ ਰਾਮਦਾਸ ਜੀ ਨੇ ਸ੍ਰੇਸ਼ਟ ਦਰਸਾਇਆ ਹੈ ਕਿ ਤਾਰਨ ਤਰਣੰ ਉਸ ਅਲਖ-ਬੇਮਿਸਾਲ ਸਤਿਗੁਰ ਜਿਸ ਦੀ ਬਖ਼ਸ਼ਿਸ਼, ਗਿਆਨ ਨੂੰ ਜੀਵਨ ਵਿੱਚ ਗ੍ਰਹਿਣ ਕਰਕੇ, ਕਮਾਈ ਕਰਕੇ, ਉਸ ਦੀ ਬਖ਼ਸ਼ਿਸ਼ ਨਾਲ ਹੀ (ਅਵਤਾਰਵਾਦ ਦੀ) ਅਗਿਆਨਤਾ ਤੋਂ ਗਤਿ-ਮੁਕਤੀ ਪਾਈ ਜਾ ਸਕਦੀ ਹੈ।

ਨੋਟ:- ਉਹ ਆਪਣੇ ਵਰਗਾ ਆਪ ਹੀ ਹੈ, ਉਸ ਦੀ ਤੁਲਨਾ ਕਿਸੇ ਜੀਵ-ਦੇਹਧਾਰੀ, ਅਵਤਾਰਵਾਦੀ ਨਾਲ ਹੋ ਹੀ ਨਹੀਂ ਸਕਦੀ, ਇਸ ਸਵਈਏ ਅੰਦਰ ਭੱਟ ਸਾਹਿਬਾਨ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਧ੍ਰੂ ਅਤੇ ਪ੍ਰਹਿਲਾਦ ਜੀ ਉੱਪਰ ਕ੍ਰਿਪਾ ਕਰਨ ਵਾਲਾ ਕੋਈ ਅਵਤਾਰਵਾਦੀ ਨਹੀਂ ਸੀ ਬਲਕਿ ਸਦੀਵੀ ਸਥਿਰ ਰਹਿਣ ਵਾਲਾ ਸਤਿਗੁਰ ਆਪ ਹੀ ਸੀ।




.