.

ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ (ਭਾਗ-11)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ-10 ਪੜੋ

ਇਸ ਚਲ ਰਹੀ ਲੇਖ ਲੜੀ ਤਹਿਤ ਉਹਨਾਂ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਅਤੇ ਸ਼ਬਦ ਦੇ ਭਾਵ- ਅਰਥ ਨੂੰ ਮੁੱਖ ਰੱਖਦੇ ਹੋਏ ਵਿਸ਼ੇ ਨਾਲ ਸਬੰਧਿਤ ਗੁਰਮਤਿ ਸਿਧਾਂਤਾਂ ਪ੍ਰਤੀ ਜਾਣਕਾਰੀ ਨੂੰ ਪ੍ਰਾਰੰਭ ਕੀਤਾ ਗਿਆ ਹੈ ਜਿਹੜੇ ਸ਼ਬਦ ਕਿਸੇ ਨਾ ਕਿਸੇ ਇਤਿਹਾਸਕ ਘਟਨਾ ਨਾਲ ਸਬੰਧ ਰੱਖਦੇ ਹਨ। ਇਤਿਹਾਸਕ ਤੌਰ ਤੇ ਇਹ ਸ਼ਬਦ ਭਾਵੇਂ ਵਿਅਕਤੀ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ ਪਰ ਅਧਿਆਤਮਕ ਤੌਰ ਤੇ ਉਪਦੇਸ਼ ਅਤੇ ਸਿਖਿਆ “ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ” (੬੪੭) ਅਨੁਸਾਰ ਸਮੁੱਚੀ ਮਾਨਵਤਾ ਲਈ ਸਰਬ ਸਾਂਝੀ ਹੀ ਹੈ।

==========

ਸੂਹੀ ਮਹਲਾ ੧ ਘਰ ੬ ਸਤਿਗੁਰ ਪ੍ਰਸਾਦਿ।। (੭੨੯)

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ।।

ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ।। ੧।।

ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ।।

ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ।। ੧।। ਰਹਾਉ।।

ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ।।

ਢਠੀਆ ਕੰਮਿ ਨ ਆਵਨੀ ਵਿਚਹੁ ਸਖਣੀਆਹਾ।। ੨।।

ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ।।

ਘੁਟਿ ਘੁਟਿ ਜੀਆ ਖਾਵਣੇ ਬਗੇ ਨ ਕਹੀਅਨਿ।। ੩।।

ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿ।।

ਸੇ ਫਲ ਕੰਮਿ ਨ ਆਵਨੀ ਤੇ ਗੁਣ ਮੈ ਤਨਿ ਹੰਨਿ।। ੪।।

ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ।।

ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ।। ੫।।

ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ।।

ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ।। ੬।।

ਸਤਿਗੁਰੂ ਨਾਨਕ ਸਾਹਿਬ ਆਪਣੇ ਪ੍ਰਚਾਰ ਦੌਰੇ (ਉਦਾਸੀਆਂ) ਦੌਰਾਨ ਚਲਦੇ-ਚਲਦੇ ਤੁਲੰਭੇ (ਪਾਕਿਸਤਾਨ) ਦੀ ਧਰਤੀ ਤੇ ਪਹੁੰਚੇ। ਇਸ ਧਰਤੀ ਉਪਰ ਸਜੱਣ ਨਾਮ ਦੇ ਬਾਹਰੋਂ ਧਰਮੀ ਪਰ ਅੰਦਰੋਂ ਅਧਰਮੀ ਪੁਰਸ਼ ਨਾਲ ਗੁਰੂ ਸਾਹਿਬ ਦਾ ਮਿਲਾਪ ਹੋਇਆ ਜਿਸ ਨੂੰ ਸਿੱਖ ਇਤਿਹਾਸ ਵਿੱਚ ਸੱਜਣ ਠੱਗ ਕਰਕੇ ਲਿਖਿਆ ਮਿਲਦਾ ਹੈ।

ਸੱਜਣ ਠੱਗ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ- “ਤੁਲੰਬਾ ਅਥਵਾ ਤੁਲੰਬਾ ਪਿੰਡ (ਜਿਲ੍ਹਾ ਮੁਲਤਾਨ) ਦਾ ਵਸਨੀਕ ਬਗੁਲ ਸਮਾਧੀ ਇੱਕ ਠੱਗ ਸੀ, ਜਿਸ ਨੇ ਧਰਮ ਮੰਦਿਰ ਬਣਾ ਕੇ ਲੋਕਾਂ ਦੇ ਫਸਾਉਣ ਲਈ ਅਨੇਕ ਉਪਾਇ ਰਚ ਰੱਖੇ ਸਨ, ਜੋ ਮੁਸਾਫਰ ਇਸਦੇ ਪੰਜੇ ਵਿੱਚ ਆਉਂਦਾ, ਉਸ ਦਾ ਧਨ ਪ੍ਰਾਣਾਂ ਸਮੇਤ ਲੁਟ ਲੈਂਦਾ, ਸਤਿਗੁਰੂ ਨਾਨਕ ਦੇਵ ਜਦ ਇਸ ਪਾਸ ਪਹੁੰਚੇ ਤਾਂ ਉਨ੍ਹਾਂ ਨੂੰ ਵੀ ਇਸ ਨੇ ਆਪਣਾ ਸ਼ਿਕਾਰ ਬਣਾਉਣਾ ਚਾਹਿਆ, ਪਰ ਜਗਤ ਗੁਰੂ ਦੇ ਸ਼ਬਦ ਬਾਣ ਤੋਂ ਵੇਧਣ ਹੋ ਕੇ ਆਪ ਹੀ ਸ਼ਿਕਾਰ ਬਣ ਗਿਆ। ਗੁਰੂ ਸਾਹਿਬ ਨੇ ਇਸ ਨੂੰ ਸੱਚਾ ਸੱਜਣ ਬਣਾ ਕੇ ਗੁਰਸਿਖਾਂ ਦੀ ਪੰਗਤਿ ਵਿੱਚ ਮਿਲਾਇਆ ਅਤੇ ਪ੍ਰਚਾਰਕ ਥਾਪਿਆ। “

(ਮਹਾਨ ਕੋਸ਼- ਪੰਨਾ ੧੪੫)

ਪੁਰਾਤਨ ਸਮੇਂ ਬਹੁਗਿਣਤੀ ਲੋਕਾਂ ਨੂੰ ਪੈਦਲ ਸਫ਼ਰ ਕਰਕੇ ਆਪਣੀ ਮੰਜਿਲ ਤੇ ਪਹੁੰਚਣਾ ਪੈਂਦਾ ਸੀ, ਜਿਹੜੇ ਲੋਕਾਂ ਕੋਲ ਆਵਾਜਾਈ ਦੇ ਸਾਧਨ ਵੀ ਸਨ, ਉਹ ਵੀ ਅੱਜ ਵਰਗੇ ਤੇਜ਼ ਤਰਾਰ ਨਹੀਂ ਸਨ, ਇਸ ਲਈ ਮੁਸਫਰਾਂ ਨੂੰ ਆਪਣੀ ਮੰਜਿਲ ਤਕ ਪਹੁੰਚਣ ਲਈ ਰਸਤੇ ਵਿੱਚ ਬਣੇ ਪੜਾਵਾਂ, ਸਰਾਵਾਂ ਆਦਿਕ ਦਾ ਰਾਤ ਠਹਿਰਣ ਲਈ ਆਸਰਾ ਲੈਣਾ ਪੈਂਦਾ ਸੀ। ਸੱਜਣ ਨੇ ਵੀ ਲੋਕਾਂ ਦੀ ਸਹੂਲਤ ਲਈ ਲਾਹੌਰ ਤੋਂ ਮੁਲਤਾਨ ਜਾਣ ਵਾਲੇ ਰਸਤੇ ਵਿੱਚ ਮਖਦੂਮਪੁਰੇ ਦੇ ਨੇੜੇ ਸਰਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਇਸ ਦੀ ਆਰੰਭਤਾ ਤਾਂ ਠੀਕ ਮਕਸਦ ਨਾਲ ਕੀਤੀ ਸੀ, ਪ੍ਰੰਤੂ ਸਮਾਂ ਪਾ ਕੇ ਮਾਇਆ ਦੇ ਲੋਭ ਲਾਲਚ ਨੇ ਸੱਜਣ ਨੂੰ ਭਰਮਾ ਲਿਆ। ਹੁਣ ਸੱਜਣ ਬਾਹਰੋਂ ਤਾਂ ਸੱਜਣ ਹੀ ਰਿਹਾ, ਧਰਮੀ ਲਿਬਾਸ ਦਾ ਧਾਰਨੀ, ਪਰ ਅੰਦਰੋਂ ਧਰਮੀ ਨਾ ਹੋ ਕੇ ਬਗੁਲੇ ਦੀ ਤਰਾਂ ਸਮਾਧੀ ਲਾਉਣ ਵਾਲਾ ਬਣ ਗਿਆ। ਐਸੇ ਵਿਖਾਵੇ ਵਾਲੇ ਧਰਮੀ ਮਨੁੱਖਾਂ ਬਾਰੇ ਗੁਰਬਾਣੀ ਸੁਚੇਤ ਕਰਦੀ ਹੈ-

-ਸਾਪ ਕੁੰਚ ਛੋਡੈ ਬਿਖੁ ਨਹੀ ਛਾਡੈ।।

ਉਦਕ ਮਾਹਿ ਜੈਸੇ ਬਗੁ ਧਿਆਨ ਮਾਡੈ।। ੧।।

ਕਾਹੇ ਕਉ ਕੀਜੈ ਧਿਆਨ ਜਪੰਨਾ।।

ਜਬ ਤੇ ਸੁਧੁ ਨਾਹੀ ਮਨੁ ਅਪਨਾ।। ੧।। ਰਹਾਉ।।

(ਆਸਾ-ਨਾਮਦੇਵ ਜੀ-੪੮੫)

-ਮਾਥੈ ਤਿਲਕੁ ਹਥ ਮਾਲਾ ਬਾਨਾਂ।।

ਲੋਗਨ ਰਾਮ ਖਿਲਉਨਾ ਜਾਨਾਂ।।

(ਰਾਗ ਭੈਰਉ-ਬਾਣੀ ਕਬੀਰ ਜੀਉ-੧੧੮੫)

-ਪੜਿ ਪੁਸਤਕ ਸੰਧਿਆ ਬਾਦੰ।।

ਸਿਲ ਪੂਜਸਿ ਬਗੁਲ ਸਮਾਧੰ।।

(ਵਾਰ ਆਸਾ-ਮਹਲਾ ੧-੪੭੦)

ਐਸੇ ਬਾਹਰੋਂ ਧਰਮੀ ਦਿਖਾਈ ਦਿੰਦੇ ਪਰ ਅੰਦਰੋਂ ਧਰਮ ਦੀ ਜੀਵਨ ਜਾਚ ਗ੍ਰਹਿਣ ਨਾ ਕਰਨ ਵਾਲੇ, ਘਰ ਪਰਿਵਾਰ ਦੀਆਂ ਜਿੰਮੇਵਾਰੀਆਂ ਤੋਂ ਭਗੌੜੇ, ਕੰਨ ਪਾਟੇ, ਭੇਖੀ, ਵਿਹਲੜ, ਘਰ-ਘਰ ਮੰਗਦੇ ਹੋਏ, ਪਰਾਈਆਂ ਇਸਤਰੀਆਂ ਨੂੰ ਮੰਦ-ਭਾਵਨਾ ਨਾਲ ਤੱਕਣ ਵਾਲੇ ਮਨੁੱਖਾਂ ਪ੍ਰਤੀ ਗੁਰੂ ਅਰਜਨ ਸਾਹਿਬ ਫੁਰਮਾਣ ਕਰਦੇ ਹਨ ਕਿ ਛੱਡਣੇ ਤਾਂ ਜੀਵਨ ਨੂੰ ਬਰਬਾਦੀ ਵਲ ਲਿਜਾਣ ਵਾਲੇ ਵਿਕਾਰ ਸਨ ਇਸ ਦੀ ਥਾਂ ਤੇ ਘਰ-ਬਾਰ ਤਿਆਗ ਕੇ ਆ ਗਿਆ ਮਨੁੱਖ ਕੇਵਲ ਪਾਖੰਡੀ ਤਾਂ ਹੋ ਸਕਦਾ ਹੈ, ਧਰਮੀ ਕਦਾਚਿਤ ਨਹੀਂ।

ਪੂੰਅਰ ਤਾਪ ਗੇਰੀ ਕੇ ਬਸਤ੍ਰਾ।।

ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ।।

ਦੇਸੁ ਛੋਡਿ ਪਰਦੇਸਹਿ ਧਾਇਆ।।

ਪੰਚ ਚੰਡਾਲ ਨਾਲੇ ਲੈ ਆਇਆ।। ੪।।

ਕਾਨ ਫਰਾਇ ਹਿਰਾਏ ਟੂਕਾ।।

ਘਰਿ ਘਰਿ ਮਾਗੈ ਤ੍ਰਿਪਤਾਵਨ ਤੇ ਚੂਕਾ।।

ਬਨਿਤਾ ਛੋਡਿ ਬਦ ਨਦਰਿ ਪਰ ਨਾਰੀ।।

ਵੇਸ ਨ ਪਾਈਐ ਮਹਾ ਦੁਖਿਆਰੀ।। ੫।। ….

(ਪ੍ਰਭਾਤੀ ਮਹਲਾ ੫-੧੩੪੮)

“ਸਾਧ ਨਾਮ ਨਿਰਮਲ ਤਾ ਕੇ ਕਰਮ” (੨੯੬) ਵਾਲੀ ਜੀਵਨ ਜਾਚ ਧਾਰਨ ਕਰਨ ਦੀ ਬਜਾਏ ਕੇਵਲ ਬਾਹਰੀ ਚਿੰਨ੍ਹਾਂ ਦੁਆਰਾ ਧਰਮੀ ਦਿਖਾਈ ਦੇਣ ਵਾਲੇ ਮਨੁੱਖ ਇੱਕ ਨਹੀਂ ਅਨੇਕਾਂ ਤਰਾਂ ਦੇ ਭੇਖ ਧਾਰਨ ਕਰਦੇ ਹੋਏ ਆਪਣੀ ਉਪਜੀਵਕਾ ਲਈ ਪੈਰਾਂ ਵਿੱਚ ਘੁੰਘਰੂ ਪਾ ਕੇ ਰਾਮਦਾਸੀਏ (ਮੰਦਿਰਾਂ ਵਿੱਚ ਭਜਨ ਗਾ ਕੇ ਉਪਜੀਵਕਾ ਕਰਨ ਵਾਲੇ ਪ੍ਰਸਿਧ ਭਗਤੀਏ) ਬਣ ਕੇ ਹੱਥ ਵਿੱਚ ਮਾਲਾ ਫੜ ਕੇ ਪਰਾਇਆ ਹੱਕ ਖਾਣ ਵਾਲੇ ਪਰ ਅੰਦਰੋਂ ਲੋਭੀ ਬਿਰਤੀ ਦੇ ਧਾਰਨੀ ਮਨੁੱਖਾਂ ਪ੍ਰਤੀ ਗੁਰਬਾਣੀ ਸਾਨੂੰ ਬਾਰ-ਬਾਰ ਸੁਚੇਤ ਕਰਦੀ ਹੈ-

-ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ।।

ਹਿਰਦੈ ਰਾਮ ਨ ਚੇਤਹੀ ਇਹ ਜਪਨੀ ਕਿਆ ਹੋਇ।।

(ਸਲੋਕ ਕਬੀਰ ਜੀ- ੧੩੬੮)

-ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ।।

ਬਰਤ ਨੇਮ ਕਰਮ ਖਟ ਕੀਨੇ ਬਾਹਰ ਭੇਖ ਦਿਖਾਵਾ।।

ਗੀਤ ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿ ਹਰਿ ਗਾਵਾ।।

(ਮਾਰੂ ਮਹਲਾ ੫-੧੦੦੩)

-ਖੁਸਿ ਖਸਿ ਲੈਦਾ ਵਸਤੁ ਪਰਾਈ।।

ਵੇਖੈ ਸੁਣੈ ਤੇਰੈ ਨਾਲਿ ਖੁਦਾਈ।।

ਦੁਨੀਆ ਲਬਿ ਪਾਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ।।

(ਮਾਰੂ ਮਹਲਾ ੫-੧੦੨੦)

ਗੁਰੂ ਨਾਨਕ ਸਾਹਿਬ ਨੇ ਬਾਹਰੋਂ ਧਰਮੀ ਦਿਖਾਈ ਦਿੰਦੇ ਮਨੁੱਖਾਂ (ਜੋ ਸੱਜਣ ਠੱਗ ਵਾਂਗ ਹਰ ਤਰਾਂ ਦੇ ਭੁਲੇਖਾ ਪਾਊ ਯਤਨ ਕਰਦੇ ਹੋਏ ਆਪਣੇ ਜਾਲ ਵਿੱਚ ਫਸਾ ਕੇ ਲੁਟਦੇ ਹਨ) ਨੂੰ ਸਿੰਮਲ ਦੇ ਰੁਖ ਨਾਲ ਤੁਲਨਾ ਦਿੰਦੇ ਹਨ ਕਿ ਜਿਵੇਂ ਸਿੰਮਲ ਦਾ ਰੁਖ ਵੱਡਾ ਬਹੁਤ ਹੁੰਦਾ ਹੈ, ਮੋਟਾ ਤੇ ਉਚਾ ਵੀ ਬਹੁਤ ਹੈ, ਪੱਤੇ, ਫੁੱਲ, ਫਲ ਵੀ ਹਨ, ਤੋਤੇ ਆਪਣੇ ਪੇਟ ਦੀ ਭੁਖ ਬੁਝਾਉਣ ਦੀ ਆਸ ਨਾਲ ਸਿੰਮਲ ਦੇ ਰੁਖ ਉਪਰ ਆ ਕੇ ਬੈਠਦੇ ਹਨ, ਪ੍ਰੰਤੂ ਉਹਨਾਂ ਪੰਛੀਆਂ ਦੇ ਪੱਲੇ ਕੇਵਲ ਨਿਰਾਸਤਾ ਹੀ ਪੈਂਦੀ ਹੈ-

ਸਿੰਮਲ ਰੁਖ ਸਾਰਾਇਰਾ ਅਤਿ ਦੀਰਘ ਅਤਿ ਮੁਚੁ।।

ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ।।

ਫਲ ਫਿਕੇ ਫੁਲ ਬਕ ਬਕੇ ਕੰਮਿ ਨ ਆਵਹਿ ਪਤ।।

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।।

(ਵਾਰ ਆਸਾ- ਸਲੋਕ ਮਹਲਾ ੧-੪੭੦)

ਅਜ ਵੀ ਐਸੇ ਸਿੰਮਲ ਰੁਖ ਵਰਗੇ ‘ਹੈਨ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰ` (੧੪੧੧) ਅਨੇਕਾਂ ਮਿਲ ਜਾਂਦੇ ਹਨ, ਜਿਨ੍ਹਾਂ ਵਲੋਂ ਵੱਖ-ਵੱਖ ਡੇਰੇ ਚਲਾਏ ਜਾ ਰਹੇ ਹਨ, ਪ੍ਰਕਾਸ਼ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ, ਪਰ ਮਾਲਕ, ਵੱਡੇ ਬਾਬਾ ਜੀ ਆਪ ਗੁਰੂ ਦੇ ਸ਼ਰੀਕ ਬਣ ਕੇ ਬੈਠੇ ਹਨ, ਇਹਨਾਂ ਅਸਥਾਨਾਂ ਉਪਰ ਹਰ ਰੋਜ਼ ਭਾਈ ਲਾਲੋ ਵਰਗੇ ਗਰੀਬਾਂ ਨੂੰ ਦੁਰਕਾਰ ਦੇ ਮਲਕ ਭਾਗੋ ਵਰਗੇ ਧਨਾਢ ਹੀ ਸਤਿਕਾਰੇ ਜਾਂਦੇ ਹਨ, ਕਿਵੇਂ ਆਖਾਂਗੇ ਇਹ ਧਰਮੀ ਪੁਰਸ਼ਾਂ ਦਾ ਅਸਥਾਨ ਹੈ-

ਨਿਰਧਨੁ ਆਦਰੁ ਕੋਈ ਨ ਦੇਇ।।

ਲਾਖ ਜਤਨ ਕਰੈ ਓਹ ਚਿਤਿ ਨ ਧਰੇਇ।। ੧।। ਰਹਾਉ।।

ਜਉ ਨਿਰਧਨੁ ਸਰਧਨੁ ਕੈ ਜਾਇ।।

ਆਗੇ ਬੈਠਾ ਪੀਠਿ ਫਿਰਾਇ।। ੧।।

ਜਉ ਸਰਧਨੁ ਨਿਰਧਨ ਕੈ ਜਾਇ।।

ਦੀਆ ਆਦਰੁ ਲੀਆ ਬੁਲਾਇ।। ੨।। … … …

(ਭੈਰਉ ਕਬੀਰ ਜੀ-੧੧੫੯)

ਅਜੋਕੇ ਸਮੇਂ ਐਸੇ ਬਾਹਰੋਂ ਧਰਮੀ ਲਿਬਾਸ ਧਾਰੀ, ਡੇਰੇਦਾਰਾਂ ਦਾ ਬਰਸਾਤ ਦੇ ਦਿਨਾਂ ਵਿੱਚ ਰੂੜੀਆਂ ਤੇ ਆਪਣੇ ਆਪ ਉਗੀਆਂ ਖੁੰਭਾਂ ਵਾਂਗ ਬਹੁਗਿਣਤੀ ਸਾਹਮਣੇ ਆਉਣ ਵਿੱਚ ਕਸੂਰ ਇਹਨਾਂ ਦੀ ਬਜਾਏ ਸਾਡੇ ਵਰਗੇ ਅਗਿਆਨੀਆਂ ਦਾ ਹੈ, ਜਿਨ੍ਹਾਂ ਨੇ ਗੁਰਬਾਣੀ ਗਿਆਨ ਦੀ ਰੋਸ਼ਨੀ ਵਿੱਚ ਕਸਵੱਟੀ ਤੇ ਲਾ ਕੇ ਪਰਖ ਕਰਨ ਦੀ ਜਾਚ ਹੀ ਨਹੀਂ ਸਿਖੀ, ਬਸ ਦੇਖਾ-ਦੇਖੀ ਭੇਡਾਂ ਦੇ ਵਾਂਗ ਬਿਨਾ ਸੋਚੇ-ਸਮਝੇ ਇੱਕ ਦੂਜੇ ਦੇ ਪਿਛੇ ਚਲਦੇ ਹੋਏ ਅਜੋਕੇ ਦੇਹਧਾਰੀ ਗੁਰੂ ਡੰਮ ਦੇ ਖੂਹ ਵਿੱਚ ਡਿਗਦੇ ਜਾ ਰਹੇ ਹਾਂ।

ਦਾਸ ਦਾ ਸੁਝਾਉ ਹੈ ਕਿ ਹਰ ਸਿੱਖ ਦੇ ਘਰ ਵਿੱਚ ਘੱਟੋ-ਘੱਟ ਭਾਈ ਕਾਨ੍ਹ ਸਿੰਘ ਨਾਭਾ ਵਲੋਂ ਗੁਰਮਤਿ ਸਿਧਾਂਤਾਂ ਪ੍ਰਤੀ ਗੁਰਮਤਿ ਗਿਆਨ ਦਾ ਖਜ਼ਾਨਾ ‘ਗੁਰਮਤਿ ਮਾਰਤੰਡ` (ਪ੍ਰਕਾਸ਼ਕ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ) ਜ਼ਰੂਰ ਹੋਣਾ ਚਾਹੀਦਾ ਹੈ, ਜਿਸ ਦੇ ਅਧਾਰ ਉਪਰ ਲੋੜ ਪੈਣ ਤੇ ਅਸੀਂ ਕਿਸੇ ਹੋਰ ਨੂੰ ਪੁਛਣ-ਪੁਛਾਉਣ ਦੀ ਥਾਂ ਤੇ ਆਪ ਹੀ ਪੜ ਕੇ ਵੱਖ-ਵੱਖ ਵਿਸ਼ਿਆਂ ਸਬੰਧੀ ਗੁਰਮਤਿ ਗਿਆਨ ਪ੍ਰਾਪਤ ਕਰ ਸਕਦੇ ਹਾਂ। ‘ਲਿਬਾਸ` ਦੇ ਵਿਸ਼ੇ ਉਪਰ ਗੁਰਮਤਿ ਮਾਰਤੰਡ ਵਿੱਚ ਹੇਠ ਲਿਖੇ ਅਨੁਸਾਰ ਗੁਰਮਤਿ ਸਿਧਾਂਤ ਦਰਸਾਇਆ ਗਿਆ ਹੈ-

ਕਿਸੇ ਖਾਸ ਫਰਜ਼ (ਡਯੂਟੀ) ਦੇ ਨਿਰਵਾਹ ਲਈ ਜੋ ਸਮਾਜ ਵਲੋਂ ਲਿਬਾਸ ਨਿਯਤ ਕੀਤਾ ਜਾਵੇ ਉਸ ਦਾ ਪਹਿਰਾਵਾ ਨਿੰਦਤ ਨਹੀਂ। ਪਰ ਆਮ ਤੌਰ ਤੇ ਜੋ ਅਨੇਕ ਸਿੱਖ ਭਾਈਆਂ ਨੇ ਸੁਤੰਤਰ ਹੋ ਕੇ ਸੰਤ ਲਿਬਾਸ ਥਾਪ ਲਿਆ ਹੈ, ਅਰਥਾਤ ਛੋਟੀ ਪੱਗ, ਲੰਮਾ ਕੁੜਤਾ ਜਾਂ ਚੋਲਾ, ਚਾਦਰ ਦੀ ਗਿਲ੍ਹਤੀ, ਕੰਬਲ ਪਹਿਰਨਾ ਅਤੇ ਪਜ਼ਾਮੇ ਅਰ ਕੋਟ ਦਾ ਤਿਆਗ, ਜੁੱਤੀ ਦੀ ਥਾਂ ਖੜਾਵਾਂ, ਇਸ ਦਾ ਸ਼ੁਮਾਰ ਪਾਖੰਡ ਭੇਸ ਵਿੱਚ ਹੈ। “

ਅਗਿਆਨਤਾ ਵਸ ਅਸੀਂ ਅਜ ਅਕਸਰ ਹੀ ਡੇਰੇਦਾਰਾਂ ਦੇ ਮਗਰ ਲੱਗੀਆਂ ਹੋਈਆਂ ਭੀੜਾਂ ਨੂੰ ਵੇਖ ਕੇ “ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ” (੨੮) ਅਨੁਸਾਰ ਭੁਲੇਖਾ ਖਾ ਕੇ ਉਸ ਭੀੜ ਦਾ ਹਿਸਾ ਬਣ ਜਾਂਦੇ ਹਾਂ, ਜੇਕਰ ਗੁਰਬਾਣੀ ਗਿਆਨ ਸਾਡੇ ਜੀਵਨ ਵਿੱਚ ਹੋਵੇ ਤਾਂ ਇਹ ਭੀੜਾਂ ਸਾਨੂੰ ਗੁਮਰਾਹ ਨਹੀਂ ਕਰ ਸਕਣਗੀਆਂ।

-ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ।।

ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ।। ੯੬।।

- ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ।।

ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ।। ੧੬੫।।

(ਸਲੋਕ ਕਬੀਰ ਜੀ-੧੩੬੯/੧੩੭੩)

ਜਿਵੇਂ ਇਸ ਵਿਸ਼ੇ ਉੱਪਰ ਭਾਈ ਗੁਰਦਾਸ ਜੀ ਬਹੁਤ ਸੰਦਰ ਉਦਾਹਰਣਾਂ ਦੇ ਕੇ ਸਮਝਾਉਂਦੇ ਹਨ ਕਿ ਕੇਵਲ ਬਾਹਰੋਂ ਵੇਖਣ ਨਾਲ ਭੁਲੇਖਾ ਖਾ ਜਾਣਾ ਸੁਭਾਵਿਕ ਹੈ, ਜਿਵੇਂ ਧਰੇਕ ਦੇ ਧ੍ਰਿਕਾਉਣੂਆਂ ਦਾ ਗੁੱਛਾ ਕਦੀ ਦਾਖ (ਵਧੀਆ ਅੰਗੂਰ) ਨਹੀਂ ਬਣ ਸਕਦਾ, ਅਕ ਵੀ ਖਖੜੀ ਸ਼ਕਲ ਤੋਂ ਭਾਵੇਂ ਅੰਬ ਵਰਗੀ ਹੈ ਪਰ ਅੰਬ ਨਹੀਂ ਹੋ ਸਕਦੀ, ਹੋਰ ਧਾਤ ਦੇ ਗਹਿਣੇ ਸੋਨੇ ਦੀ ਝਾਲ ਚੜ੍ਹਣ ਨਾਲ ਸੋਨਾ ਨਹੀਂ ਹੋ ਸਕਦੇ, ਦੁੱਧ ਅਤੇ ਲੱਸੀ ਭਾਵੇਂ ਰੰਗ ਵਿੱਚ ਦੋਵੇਂ ਚਿਟੇ ਹਨ ਪਰ ਸਵਾਦ ਅੱਡ-ਅੱਡ ਹੈ। ਇਸੇ ਤਰਾਂ ਬਾਹਰੀ ਤੌਰ ਤੇ ਸਾਧ-ਅਸਾਧ ਵੇਖਣ ਨੂੰ ਭਾਵੇਂ ਇਕੋ ਜਿਹੇ ਹੁੰਦੇ ਹਨ, ਪਰ ਅਸਾਧ ਮਨੁੱਖ ਆਪਣੀਆਂ ਕਰਤੂਤਾਂ ਕਾਰਣ ਇੱਕ ਨ ਇੱਕ ਦਿਨ ਦੁਨੀਆਂ ਦੇ ਸਾਹਮਣੇ ਨਸ਼ਰ ਹੋ ਹੀ ਜਾਂਦਾ ਹੈ-

ਗੁਛਾ ਹੋਇ ਧ੍ਰਿਕਾਨੂਆ ਕਿਉ ਵੜੀਐ ਦਾਖੈ।

ਅਕੈ ਕੇਰੀ ਖਖੜੀ ਕੋਈ ਅੰਬੁ ਨ ਆਖੈ।

ਗਹਣੇ ਜਿਉ ਜਰਪੋਸ ਦੇ ਨਹੀ ਸੋਇਨਾ ਸਾਖੈ।

ਫਟਕ ਨ ਪੁਜਨਿ ਹੀਰਿਆ ਓਇ ਭਰੇ ਬਿਆਖੈ।

ਧਉਲੇ ਦਿਸਨਿ ਛਾਹਿ ਦੁਧੁ ਸਾਦਹੁ ਗੁਣ ਗਾਖੈ।

ਤਿਉ ਸਾਧ ਅਸਾਧ ਪਰਖੀਅਨਿ ਕਰਤੂਤਿ ਸੁ ਭਾਖੈ।

(ਭਾਈ ਗੁਰਦਾਸ ਜੀ- ਵਾਰ ੩੫ ਪਉੜੀ ੧੭)

ਅਜ ਦਾ ਬਹੁਗਿਣਤੀ ਸਾਧ ਲਾਣਾ-ਰਾਮ ਪਾਲ, ਆਸਾ ਰਾਮ ਆਦਿ ਜੋ ਝਾਂਸਾ ਰਾਮ ਬਣ ਕੇ ਸਾਹਮਣੇ ਆ ਗਏ ਹੀ ਹਨ। ਪਰ ਸਮੇਂ ਨਾਲ ਪਹਿਚਾਨਣ ਦੀ ਜਰੂਰਤ ਹੈ, ਅਜੇ ਪਰਦਾ ਲੱਥਾ ਨਹੀਂ, ਜਿੱਦਣ ਲੱਥ ਗਿਆ ਸਾਰੇ ਸੱਜਣ ਠੱਗ ਹੀ ਪ੍ਰਗਟ ਹੋਣਗੇ।

ਪਾਖੰਡੀ ਡੇਰੇਦਾਰਾਂ ਦੇ ਚੇਲੇ ਅੱਜ ਸਿੱਖਾਂ ਨੂੰ ਭਰਮਾਉਣ ਲਈ ਆਖਦੇ ਹਨ ਕਿ ਉਥੇ ਵੀ ਤਾਂ ਬਾਣੀ ਪੜੀ ਜਾਂਦੀ ਹੈ ਬਾਣੀ ਦੀ ਕਥਾ ਹੀ ਹੁੰਦੀ ਹੈ। ਇਸ ਪੱਖ ਨੂੰ ਸਮਝਣ ਦੀ ਲੋੜ ਹੈ। ਅਸੀਂ ਆਪਣੇ ਘਰਾਂ ਵਿੱਚ ਚੂਹੇ ਨੂੰ ਫੜਣ ਲਈ ਕੁੜਿਕੀ, ਚੂਹੇਦਾਨੀ ਵਿੱਚ ਰੋਟੀ ਦੀ ਬੁਰਕੀ ਲਾਉਂਦੇ ਹਾਂ। ਕੋਈ ਸਾਨੂੰ ਪੁੱਛੇ ਕਿ ਕੀ ਬੁਰਕੀ ਚੂਹੇ ਨੂੰ ਖਵਾਉਣ ਲਈ ਲਾਈ ਹੈ, ਸਾਡਾ ਸਪਸ਼ਟ ਜਵਾਬ ਹੋਵੇਗਾ ਕਿ ਖਵਾਉਣ ਲਈ ਨਹੀਂ ਸਗੋਂ ਫਸਾਉਣ ਲਈ ਲਾਈ ਹੈ। ਠੀਕ ਇਸੇ ਤਰਾਂ ਇਹ ਠੱਗ ਲਾਣਾ ਗੁਰਬਾਣੀ ਦੇ ਪਾਠ-ਕਥਾ ਰੂਪੀ ਬੁਰਕੀ ਪਾ ਕੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਦੇਹਧਾਰੀ ਗੁਰੂ-ਡੰਮ ਦੇ ਪਿੰਜਰੇ ਵਿੱਚ ਫਸਾਉਣ ਵਿੱਚ ਕਾਮਯਾਬ ਹੋ ਰਿਹਾ ਹੈ। ਜੇ ਉਹਨਾਂ ਦਾ ਗੁਰਬਾਣੀ ਨਾਲ ਪਿਆਰ ਹੈ ਤਾਂ ਡੇਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਉਂ ਨਹੀਂ ਕਰਦੇ। ਪੰਜਾਬ ਦੀ ਧਰਤੀ ਤੇ ਚਲ ਰਹੇ ਬਹੁਗਿਣਤੀ ਡੇਰਿਆਂ ਦੇ ਮੁਖੀ, ਭਾਵੇਂ ਉਹਨਾਂ ਵਿਚੋਂ ਕਿਸੇ ਦਾ ਪਿਛੋਕੜ ਬਿਹਾਰ ਵੀ ਕਿਉਂ ਨਾ ਹੋਵੇ, ਪਗੜੀਧਾਰੀ, ਕੇਸਾਧਾਰੀ ਹੋ ਕੇ ਵਿਚਰਦੇ ਹਨ।

ਦਾਸ ਦੇ ਜੀਵਨ ਵਿੱਚ ਇਸ ਸਬੰਧ ਵਿੱਚ ਇੱਕ ਘਟਨਾ- ਫਿਰੋਜਪੁਰ ਕੈਂਟ ਵਿੱਚ ਵਾਪਰੀ। ਦਾਸ ਦੇ ਇੱਕ ਜਾਣਕਾਰ ਫੌਜੀ ਅਫਸਰ ਜੋ ਸਿੱਖ ਪ੍ਰਵਾਰ ਨਾਲ ਸਬੰਧ ਰੱਖਣ ਦੇ ਬਾਵਜੂਦ ਸਹੁਰਾ ਪ੍ਰਵਾਰ ਦੇ ਪ੍ਰਭਾਵ ਅਧੀਨ ਦਾੜ੍ਹੀ-ਕੇਸ ਕੱਟਦੇ ਹੋਏ ਪੰਜਾਬ ਦੇ ਬਹੁਤ ਵੱਡੇ ਗੁਰੂ-ਡੰਮ ਦੇ ਜਾਲ ਵਿੱਚ ਫਸ ਚੁੱਕੇ ਸਨ। ਉਸ ਨੇ ਸਾਡੇ ਉਪਰ ਸਵਾਲ ਕੀਤਾ ਕਿ ਦਾੜ੍ਹੀ-ਕੇਸਾਂ ਦਾ ਨਾਮ ਜਪਣ ਨਾਲ ਕੀ ਸਬੰਧ ਹੈ, ਨਾਮ ਤਾਂ ਦਾੜ੍ਹੀ -ਕੇਸਾਂ ਤੋਂ ਬਿਨਾਂ ਵੀ ਜਪਿਆ ਜਾ ਸਕਦਾ ਹੈ? ਅਸੀਂ (ਦਾਸ ਅਤੇ ਮਿਤਰ) ਉਸਦੇ ਸਵਾਲ ਦਾ ਸਿੱਧਾ ਜਵਾਬ ਦੇਣ ਦੀ ਬਜਾਏ ਉਸ ਦੇ ਦੇਹਧਾਰੀ ਗੁਰੂ ਦੇ ਬਾਹਰੀ ਸਰੂਪ ਨੂੰ ਸਾਹਮਣੇ ਰੱਖਦੇ ਹੋਏ ਉਲਟਾ ਸਵਾਲ ਕੀਤਾ ਕਿ ਇਸ ਦਾ ਜਵਾਬ ਤਾਂ ਤੁਸੀਂ ਆਪਣੇ ਮਹਾਰਾਜ ਨੂੰ ਪੁੱਛ ਲੈਣਾ। ਜਦੋਂ ਉਹ ਆਪਣੇ ਡੇਰੇ ਦੀ ਗੱਦੀ ਤੇ ਬੈਠਾ ਤਾਂ ਉਹਨਾਂ ਦੀ ਦਾੜ੍ਹੀ ਕੁਤਰੀ (ਟਰਿਮ) ਹੋਈ ਸੀ, ਉਸ ਸਮੇਂ ਦੀਆਂ ਪ੍ਰਤੱਖ ਸਬੂਤ ਦਿੰਦੀਆਂ ਤਸਵੀਰਾਂ ਕਈ ਘਰਾਂ ਵਿੱਚ ਲੱਗੀਆਂ ਅਜ ਵੀ ਦੇਖੀਆਂ ਜਾ ਸਕਦੀਆਂ ਹਨ ਅਤੇ ਉਹ ਮਹਾਰਾਜ ਲਗਭਗ 6 ਮਹੀਨੇ ਆਪਣੇ ਸ਼ਰਧਾਲੂਆਂ ਦੇ ਸਾਹਮਣੇ ਹੀ ਨਹੀਂ ਆਏ। ਸਗੋਂ ਉਦੋਂ ਸਾਹਮਣੇ ਆਏ ਜਦੋਂ ਉਹਨਾਂ ਦੀ ਦਾੜ੍ਹੀ ਵੱਡੀ ਹੋ ਚੁੱਕੀ ਸੀ। ਜੇ ਦਾੜ੍ਹੀ ਕੇਸਾਂ, ਪਗੜੀਧਾਰੀ ਸਰੂਪ ਦਾ ਨਾਮ ਜਪਣ ਨਾਲ ਕੋਈ ਵਾਸਤਾ ਨਹੀਂ ਹੈ ਤਾਂ ਤੁਹਾਡੇ ਮਹਾਰਾਜ ਨੇ ਐਸਾ ਭੇਖ ਕਿਉਂ ਬਣਾਇਆ ਹੋਇਆ ਹੈ? ਹੁਣ ਉਹ ਫੌਜੀ ਅਫਸਰ ਨਿਰ-ਉੱਤਰ ਹੋ ਗਿਆ।

ਸਮਝਣ ਵਾਲੀ ਗੱਲ ਹੈ ਕਿ ਪੰਜਾਬ ਬਹੁ-ਗਿਣਤੀ ਸਿੱਖ ਵਸੋਂ ਵਾਲਾ ਸੂਬਾ ਹੈ, ਪੰਜਾਬੀ ਦੀ ਜੇਬ ਵਿੱਚ ਪੈਸਾ ਹੈ। ਸਿੱਖਾਂ ਦੀ ਜੇਬ ਵਿਚਲੇ ਪੈਸੇ ਨੂੰ ਆਪਣਾ ਬਨਾਉਣ ਲਈ, ਇਸ ਪੈਸੇ ਨਾਲ ਐਸ਼ੋ ਇਸ਼ਰਤ ਦੇ ਸਾਧਨ ਜੁਟਾਉਣ ਲਈ ਗੁਰਬਾਣੀ ਦੀ ਬੁਰਕੀ ਅਤੇ ਬਾਹਰੀ ਸਿੱਖੀ ਭੇਖ ਧਾਰਨ ਕਰਨ ਤੋਂ ਬਿਨਾਂ ਸਫਲਤਾ ਨਹੀਂ ਮਿਲ ਸਕਦੀ। ਬਾਬਾ ਨਾਨਕ ਤਾਂ ਆਪਣੇ ਪ੍ਰਚਾਰ ਦੌਰਿਆਂ (ਉਦਾਸੀਆਂ) ਦੌਰਾਨ ਉਥੇ-ਉਥੇ ਵਿਸ਼ੇਸ਼ ਤੌਰ ਤੇ ਚੱਲ ਕੇ ਗਏ ਜਿਥੇ-ਜਿਥੇ ਅਗਿਆਨਤਾ ਦਾ ਪਸਾਰਾ ਸੀ, ਪਰ ਅੱਜ ਦੇ ਬਹੁਗਿਣਤੀ ਦੇਹਧਾਰੀ ਬਾਬੇ ਅਗਿਆਨਤਾ ਨਾਲ ਭਰਪੂਰ ਆਪਣੇ ਸੂਬਿਆਂ ਨੂੰ ਛੱਡ ਕੇ ਪੰਜਾਬ ਦੀ ਧਰਤੀ ਤੇ ਆ ਕੇ ਪੈਰ ਪਸਾਰਦੇ ਹੋਏ ਆਲੀਸ਼ਾਨ ਡੇਰੇ ਕਿਉਂ ਉਸਾਰ ਰਹੇ ਹਨ? ਸਾਨੂੰ ਸਿੱਖਾਂ ਨੂੰ ਇਸ ਵਿਸ਼ੇ ਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।

ਸੱਜਣ ਠੱਗ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਨੂੰ ਮਾਲਦਾਰ ਅਸਾਮੀ ਸਮਝ ਕੇ ਵਧੀਆ ਥਾਲੀਆਂ ਵਿੱਚ ਭੋਜਨ ਭਰੋਸ ਕੇ ਲਿਆਇਆ। ਪਰ ਗੁਰੂ ਸਾਹਿਬ ਨੇ ਭਾਈ ਮਰਦਾਨਾ ਨੂੰ ਪਹਿਲਾਂ ਹੀ ਸਮਝਾ ਦਿਤਾ ਸੀ ਕਿ ਇਸ ਦੇ ਹੱਥੋਂ ਕੁੱਝ ਵੀ ਨਹੀਂ ਛਕਣਾ, ਕਿਉਂ ਕਿ ਬਾਬਾ ਨਾਨਕ ਜਾਣਦੇ ਸਨ ਕਿ ਇਸਦੀ ਸੇਵਾ ਦੇ ਪਿਛੇ ਛਲ-ਕਪਟ ਹੈ। ਸਤਿਗੁਰਾਂ ਵਲੋਂ ਇਨਕਾਰ ਕਰਨ ਤੇ ਉਸਨੇ ਵਧੀਆ ਬਿਸਤਰ ਲਗਵਾ ਕੇ ਉਹਨਾਂ ਨੂੰ ਸੌਣ ਲਈ ਬੇਨਤੀ ਕੀਤੀ (ਕਿਉਂ ਕਿ ਸੱਜਣ ਦਾ ਰੋਜ਼ਮਰਾ ਦਾ ਕੰਮ ਸੀ ਕਿ ਜੋ ਵੀ ਮਾਲਦਾਰ ਅਸਾਮੀ ਆਉਂਦੀ, ਖਾਣੇ ਵਿੱਚ ਜ਼ਹਿਰ ਮਿਲਾ ਕੇ ਖਵਾਉਂਦਾ ਅਤੇ ਬਾਅਦ ਵਿੱਚ ਪੂਰੀ ਤਰਾਂ ਗਲ ਘੁਟ ਕੇ ਮਾਰਣ ਉਪਰੰਤ ਸਰਾਂ ਅੰਦਰ ਬਣੇ ਖੂਹ ਵਿੱਚ ਲਾਸ਼ਾਂ ਸੁਟਣ ਉਪਰੰਤ ਸਾਰਾ ਮਾਲ ਅਸਬਾਬ ਲੁਟ ਲੈਂਦਾ) ਪ੍ਰੰਤੂ ਸਤਿਗੁਰਾਂ ਨੇ ਜਵਾਬ ਦਿਤਾ ਕਿ ਜਿਸ ਕੰਮ ਲਈ ਕਰਤਾਰ ਨੇ ਇਥੇ ਭੇਜਿਆ ਹੈ ਉਹ ਕੰਮ ਪੂਰਾ ਕਰਕੇ ਹੀ ਸੌਣਗੇ।

ਸੱਜਣ ਦੂਸਰੇ ਕਮਰੇ ਵਿੱਚ ਜਾ ਕੇ ਉਹਨਾਂ ਦੇ ਸੌਣ ਦੀ ਉਡੀਕ ਕਰਨ ਲੱਗਾ ਕਿ ਕਦੋਂ ਸੌਂਦੇ ਹਨ ਅਤੇ ਕਦੋਂ ਮੈਂ ਇਹਨਾਂ ਦੇ ਗਲੇ ਘੁਟ ਕੇ ਖੂਹ ਵਿੱਚ ਸੁਟ ਕੇ ਇਹਨਾਂ ਦਾ ਮਾਲ ਅਸਬਾਬ ਲੁਟ ਸਕਾਂ।

ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਦੀ ਰਬਾਬ ਸੰਗ ਸੂਹੀ ਰਾਗ ਦਾ ਵਿਸ਼ਾ ਅਧੀਨ ਸ਼ਬਦ ਕੀਰਤਨ ਰੂਪ ਵਿੱਚ ਗਾਉਣਾ ਆਰੰਭ ਕਰ ਦਿਤਾ। ਰਹਾਉ ਦੀ ਪੰਕਤੀ “ਸੱਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ” ਨੂੰ ਸਥਾਈ ਬਣਾਉਣ ਕਰਕੇ ਕੀਰਤਨ ਵਿੱਚ ਬਾਰ-ਬਾਰ ਆਉਂਦੀ ਗਈ। ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਨਾਲ ਉਸਨੂੰ ਸਮਝ ਆਉਣ ਲੱਗੀ ਕਿ ਇਹ ਬਾਰ-ਬਾਰ ਸੱਜਣ ਦੀ ਗੱਲ ਮੇਰੀ ਹੀ ਹੈ। ਬਾਹਰੋਂ ਲਿਸ਼ਕਦਾ ਪਰ ਅੰਦਰੋਂ ਕਾਲਖ ਨਾਲ ਭਰਿਆ ਕੈਂਹ ਦਾ ਭਾਂਡਾ, ਬਾਹਰੋਂ ਵਧੀਆ ਸ਼ਿੰਗਾਰੇ ਮੱਹਲ ਰੂਪੀ ਮਕਾਨ ਪਰ ਅੰਦਰੋਂ ਕਿਸੇ ਦੇ ਰਹਿਣ ਦੇ ਕਾਬਲ ਨਹੀਂ, ਬਾਹਰੋਂ ਬਗਲੇ ਦੇ ਖੰਭਾਂ ਵਰਗੇ ਚਿਟੇ ਬਸਤਰ ਅਤੇ ਸਮਾਧੀ ਪਰ ਅੰਦਰੋਂ ਬਿਰਤੀ ਡੱਡੀਆਂ ਮੱਛੀਆਂ ਨੂੰ ਖਾਣ ਵਾਲੀ, ਸਿੰਮਲ ਦੇ ਰੁਖ ਵਰਗਾ ਬਾਹਰੋਂ ਲੰਮਾ ਉਚਾ ਪਰ ਆਸ ਕਰ ਕੇ ਆਏ ਪੰਛੀਆਂ ਨੂੰ ਨਿਰਾਸਤਾ ਦੇਣ ਵਾਲਾ, ਵਿਸ਼ੇ ਵਿਕਾਰਾਂ-ਅਉਗਣਾਂ ਰੂਪੀ ਸਿਰ ਤੇ ਭਾਰ ਚੁੱਕ ਕੇ ਅਗਿਆਨਤਾ ਵਿੱਚ ਅੰਨਾ ਮਨੁੱਖ ਕੋਈ ਹੋਰ ਨਹੀਂ ਸਾਰਾ ਕੁੱਝ ਪਾਖੰਡ ਭਰਪੂਰ ਮੈਂ ਹੀ ਹਾਂ ਕੋਈ ਹੋਰ ਨਹੀਂ। ਇਹਨਾਂ ਸਾਰੀਆਂ ਗੱਲਾਂ ਦੀ ਸਮਝ ਨੇ ਸੱਜਣ ਦੇ ਕਪਾਟ ਖੋਲ ਦਿਤੇ। ਉਸ ਨੂੰ ਲਗਿਆ ਕਿ ਗੁਰੂ ਸਾਹਿਬ ਉਸਦੇ ਧਰਮ ਦੇ ਪਰਦੇ ਹੇਠ ਅੰਦਰਲੇ ਕੀਤੇ ਜਾ ਰਹੇ ਸਾਰੇ ਪਾਪ ਕਰਮਾਂ ਨੂੰ ਚੰਗੀ ਤਰਾਂ ਜਾਣਦੇ ਹਨ।

ਜਿਸ ਕੰਮ ਲਈ ਸਤਿਗੁਰੂ ਇਥੇ ਆਏ ਸਨ ਸਤਿਗੁਰੂ ਦੇ ਸ਼ਬਦ ਨੇ ਉਹ ਕੰਮ ਕਰ ਦਿਤਾ ਸੀ।

-ਕਬੀਰ ਸਾਚਾ ਸਤਿਗੁਰੁ ਮੈ ਮਿਲਿਆ ਸਬਦੁ ਜੁ ਬਾਹਿਆ ਏਕੁ।।

ਲਾਗਤ ਹੀ ਭੁਇ ਮਿਲਿ ਗਇਆ ਪਰਿਆ ਕਲੇਜੇ ਛੇਕੁ।। ੧੫੭।।

-ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ।।

ਪਾਵਹੁ ਤੇ ਪਿੰਗੁਲ ਭਇਆ ਮਾਰਿਆ ਸਤਿਗੁਰੂ ਬਾਨ।। ੧੯੩।।

-ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕ।।

ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ।। ੧੯੪।।

(ਸਲੋਕ ਕਬੀਰ ਜੀ-੧੩੭੨/੧੩੭੪)

ਜਿਹੜਾ ਸੱਜਣ ਪਹਿਲਾਂ ਸਤਿਗੁਰੂ ਅਤੇ ਭਾਈ ਮਰਦਾਨਾ ਜੀ ਦੇ ਗਲੇ ਘੁਟ ਕੇ ਖੂਹ ਵਿੱਚ ਸੁਟਣ ਲਈ ਸ਼ਿਕਾਰੀ ਬਣ ਕੇ ਦੂਜੇ ਕਮਰੇ ਵਿੱਚ ਤਿਆਰੀ ਕਰਕੇ ਬੈਠਾ ਸੀ, ਹੁਣ ਉਹ ਆਪ ਸ਼ਿਕਾਰ ਹੋ ਗਿਆ। ਸੱਜਣ ਗੁਰੂ ਨਾਨਕ ਸਾਹਿਬ ਦੇ ਚਰਨਾਂ ਉਪਰ ਢਹਿ ਪਿਆ, ਪਛਤਾਵੇ ਦੇ ਅਥਰੂਆਂ ਨਾਲ ਸਤਿਗੁਰਾਂ ਦੇ ਚਰਨ ਧੋ ਦਿਤੇ, ਅਥਰੂਆਂ ਨਾਲ ਉਸਦਾ ਅਪਣਾ ਅੰਦਰਲਾ ਪਾਪਾਂ-ਪਾਖੰਡ ਰੂਪੀ ਮਨ ਵੀ ਧੋਤਾ ਗਿਆ।

ਸਤਿਗੁਰਾਂ ਨੇ ਸਵਾਲ ਕੀਤਾ “ਤੇਰਾ ਨਾਮ ਕੀ ਹੈ? “ ਜਵਾਬ ਮਿਲਿਆ “ਜੀ! ਮੇਰਾ ਨਾਮ ਸੱਜਣ ਹੈ, ਲੋਕ ਮੇਰੀ ਇੱਜਤ ਕਰਦੇ ਹੋਏ ਸ਼ੇਖ ਸੱਜਣ ਜੀ ਆਖ ਕੇ ਵੀ ਬੁਲਾਉਂਦੇ ਹਨ”। ਸਾਹਿਬਾਂ ਨੇ ਅਗਲਾ ਸਵਾਲ ਫਿਰ ਕੀਤਾ “ਤੇਰਾ ਨਾਮ ਤਾਂ ਸੱਜਣ ਹੈ, ਪਰ ਕੀ ਕੰਮ ਵੀ ਸੱਜਣਾਂ ਵਾਲੇ ਕਰਦਾ ਹੈ? “ ਬਸ ਇਸ ਸਵਾਲ ਦਾ ਜਵਾਬ ਹੁਣ ਸੱਜਣ ਕੋਲ ਨਹੀਂ ਸੀ।

ਚਰਨਾਂ ਤੇ ਡਿਗੇ ਸੱਜਣ ਨੂੰ ਉਪਰ ਚੁਕ ਕੇ ਸਤਗਿੁਰਾਂ ਨੇ ਉਸਨੂੰ ਮਨੁੱਖਾ ਜੀਵਨ ਦੇ ਸੱਚ ਦੀ ਸੋਝੀ ਦਿਤੀ ਜਿਸ ਦੁਆਰਾ ਉਹ ਸਹੀ ਅਰਥਾਂ ਵਿੱਚ ਸੱਜਣ ਬਣ ਕੇ ਬਾਕੀ ਜੀਵਨ ਗੁਰਮਤਿ ਪ੍ਰਚਾਰਕ ਬਣ ਕੇ ਵਿਚਰਿਆ।

ਗੁਰੂ ਨਾਨਕ ਸਾਹਿਬ ਨੇ ਸਮੁੱਚੀ ਮਾਨਵਤਾ ਦੇ ਸਦੀਵੀਂ ਮਾਰਗ ਦਰਸ਼ਨ ਲਈ ਇਸ ਸ਼ਬਦ ਨੂੰ ਸੂਹੀ ਰਾਗ ਵਿੱਚ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿਸਾ ਬਣਾ ਦਿਤਾ।

ਨਾਨਕ ਕਚੜਿਆ ਸਿਉ ਤੋੜਿ ਢੂੰਢਿ ਸਜਣ ਸੰਤ ਪਕਿਆ।।

ਓਇ ਜੀਵੰਦੇ ਵੀਛੁੜਹਿ ਉਹਿ ਮੁਇਆ ਨ ਜਾਹੀ ਛੋੜਿ।।

(ਵਾਰ ਮਾਰੂ-ਮਹਲਾ ੫-੧੧੦੨)

ਸਿਖਿਆ:- ਗੁਰੂ ਨਾਨਕ ਸਾਹਿਬ ਦਾ ਸੱਜਣ ਉਪਰ ਕੀਤਾ ਸਵਾਲ ਅਜ ਵੀ ਕਾਇਮ ਹੈ ਅਤੇ ਹਮੇਸ਼ਾ ਰਹੇਗਾ। ਸਾਨੂੰ ਇਸ ਸ਼ਬਦ ਦੁਆਰਾ ਮਿਲਦੀ ਸਿਖਿਆ ਦੇ ਆਧਾਰ ਤੇ ਆਪਾ ਪੜਚੋਲ ਕੇ ਵੇਖਣ ਦੀ ਲੋੜ ਹੈ ਕਿ ਕੀ ਅਸੀਂ ਸਿੱਖ ਹੋ ਕੇ ਸਿੱਖਾਂ ਵਾਲੇ ਕੰਮ ਕਰਦੇ ਹਾਂ ਜਾਂ ਨਹੀਂ। ਜੇ ਗੁਰਬਾਣੀ ਅਤੇ ਇਤਿਹਾਸ ਦੇ ਸੁਮੇਲ ਵਾਲੀ ਜੀਵਨ ਜਾਚ ਅਜੇ ਨਹੀਂ ਬਣੀ ਤਾਂ ਸਾਨੂੰ ਸੱਜਣ ਨੂੰ ਠੱਗ ਕਹਿਣ - ਲਿਖਣ ਦਾ ਕੋਈ ਅਧਿਕਾਰ ਨਹੀਂ, ਉਹ ਤਾਂ ਇੱਕ ਸ਼ਬਦ ਸੁਣ ਕੇ ਸਹੀ ਅਰਥਾਂ ਵਿੱਚ ਸੱਜਣ ਬਣ ਗਿਆ, ਅਸੀਂ ਹਜ਼ਾਰਾਂ ਵਾਰ ਸ਼ਬਦ ਸੁਣਕੇ ਵੀ ਜੇਕਰ ਨਹੀਂ ਬਦਲੇ ਤਾਂ ਠੱਗ ਹੋਰ ਕੋਈ ਨਹੀਂ ਸਗੋਂ ਅਸੀਂ ਆਪ ਹੀ ਹਾਂ। ਜੇ ਐਸਾ ਨਹੀਂ ਕਰਦੇ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਇਸ ਸ਼ਬਦ ਸਾਖੀ ਨੂੰ ਕੇਵਲ ਪੜਿਆ-ਸੁਣਿਆ ਹੀ ਹੈ ਸਮਝਿਆ ਨਹੀਂ।

=======

(ਚਲਦਾ … …)

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.