ਧਰਮ ਵਿੱਚ
ਸਮੱਸਿਆ-27
ਕਰਮ ਆਧਾਰਿਤ ਨਕਲੀ ਧਰਮ
ਹਰਚਰਨ ਸਿੰਘ (ਐਡੀਟਰ-ਸਿੱਖ
ਵਿਰਸਾ)
Tel.: 403-681-8689 Email: [email protected]
www.sikhvirsa.com
ਨੋਟ: ਅੱਜ ਦੇ ਪ੍ਰਚਲਤ 10-15
ਵੱਡੇ ਜਥੇਬੰਦਕ ਧਰਮਾਂ (ਧਾਰਮਿਕ ਫਿਰਕਿਆਂ) ਅਤੇ ਉਨ੍ਹਾਂ ਵਿਚੋਂ ਨਿਕਲੇ 30000 ਤੋਂ ਵੱਧ
ਵੱਡੇ-ਛੋਟੇ ਧਾਰਮਿਕ ਫਿਰਕਿਆਂ ਵਿੱਚ ਅਨੇਕਾਂ ਤਰ੍ਹਾਂ ਦੇ ਨਕਲੀ ਧਰਮ ਪ੍ਰਚਲਤ ਹੋ ਚੁੱਕੇ ਹਨ।
ਜਿਨ੍ਹਾਂ ਤੇ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦੀ ਤਿੱਕੜੀ ਦਾ ਪੂਰਾ ਕਬਜ਼ਾ ਹੋ ਚੁੱਕਾ
ਹੈ। ਧਰਮਾਂ ਦਾ ਤਕਰੀਬਨ 5 ਹਜ਼ਾਰ ਸਾਲ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਤਿੱਕੜੀ ਰਲ਼ ਕੇ
ਮਨੁੱਖਤਾ ਨੂੰ ਧਰਮ ਦੇ ਨਾਮ ਤੇ ਲੁੱਟਦੀ ਆ ਰਹੀ ਹੈ। ਧਰਮ ਇਨ੍ਹਾਂ ਲਈ ਪੈਸਾ ਕਮਾਉਣ ਦਾ ਧੰਦਾ ਤੇ
ਸ਼ਰਧਾਲੂਆਂ ਦੀ ਤਾਕਤ ਨੂੰ ਆਪਣੇ ਸਿਆਸੀ ਮੁਫਾਦਾਂ ਲਈ ਵਰਤਣ ਦਾ ਜ਼ਰੀਆ ਹੈ। ਇਨ੍ਹਾਂ ਦਾ ਇਹ ਧੰਦਾ
ਸਦੀਆਂ ਤੋਂ ਅਗਿਆਨਤਾ, ਅੰਧ-ਵਿਸ਼ਵਾਸ਼ ਤੇ ਕਰਮਕਾਂਡਾਂ ਦੇ ਅਧਾਰ ਤੇ ਚੱਲ ਰਿਹਾ ਹੈ। ਇਤਿਹਾਸ ਵਿੱਚ
ਸਮੇਂ-ਸਮੇਂ ਅਨੇਕਾਂ ਸੱਚੇ ਮਨੁੱਖਤਾਵਾਦੀ ਧਰਮ ਗੁਰੂ, ਰਹਿਬਰ, ਪੀਰ-ਪੈਗੰਬਰ, ਮਹਾਂਪੁਰਸ਼ ਪੈਦਾ
ਹੁੰਦੇ ਰਹੇ, ਜੋ ਮਨੁੱਖ ਨੂੰ ਅਸਲੀ ਧਰਮ ਨਾਲ ਜੋੜਦੇ ਰਹੇ, ਅਗਿਆਨਤਾ ਤੇ ਅੰਧ ਵਿਸ਼ਵਾਸ਼ ਦੀ ਬੇਹੋਸ਼ੀ
ਵਿਚੋਂ ਜਗਾ ਕੇ ਸੱਚ ਦੇ ਰਾਹ ਪਾਉਂਦੇ ਰਹੇ। ਪਰ ਇਸ ਤਿਕੜੀ ਨੇ ਅਜਿਹੇ ਮਹਾਨ ਪੁਰਸ਼ਾਂ ਨੂੰ ਕਦੇ
ਬਰਦਾਸ਼ਤ ਨਹੀਂ ਕੀਤਾ। ਉਨ੍ਹਾਂ ਨੂੰ ਸੂਲ਼ੀਆਂ, ਫਾਂਸੀਆਂ ਤੇ ਚੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਦੀ
ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚਦੇ ਰਹੇ ਤੇ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ
ਉਨ੍ਹਾਂ ਦੇ ਰਾਹਾਂ ਵਿੱਚ ਖੜੀਆਂ ਕਰਦੇ ਰਹੇ। ਪਰ ਫਿਰ ਵੀ ਜਦੋਂ ਅਜਿਹੇ ਮਹਾਂਪੁਰਸ਼ ਆਪਣੀ ਨਵੀਂ ਤੇ
ਵੱਖਰੀ ਵਿਚਾਰਧਾਰਾ ਮਨੁੱਖਤਾ ਨੂੰ ਦੇਣ ਵਿੱਚ ਸਫਲ ਹੋ ਜਾਂਦੇ ਤਾਂ ਉਨ੍ਹਾਂ ਦੇ ਸੰਸਾਰ ਤੋਂ ਚਲੇ
ਜਾਣ ਤੋਂ ਬਾਅਦ ਸਮਾਂ ਪਾ ਕੇ ਇਹ ਤਿਕੜੀ ਨਵੇਂ ਰੂਪ ਵਿੱਚ ਉਸੇ ਮਹਾਂਪੁਰਸ਼ ਦੇ ਨਾਮ ਤੇ ਨਵੀਆਂ
ਮਰਿਯਾਦਾਵਾਂ, ਕਰਮਕਾਂਡਾਂ ਤੇ ਚਿੰਨ੍ਹਾਂ ਨਾਲ ਲੈਸ ਹੋ ਕੇ ਨਵਾਂ ਧਾਰਮਿਕ ਫਿਰਕਾ ਖੜਾ ਕਰਕੇ
ਉਨ੍ਹਾਂ ਦੇ ਅਨੁਆਈਆਂ ਨੂੰ ਆਪਣੇ ਨਕਲੀ ਧਰਮ ਦੇ ਮਾਇਆ ਜਾਲ ਵਿੱਚ ਫਸਾ ਲੈਂਦੇ। ਅੱਜ ਦੇ ਪ੍ਰਚਲਤ ਹਰ
ਜਥੇਬੰਦਕ ਛੋਟੇ ਵੱਡੇ ਧਾਰਮਿਕ ਫਿਰਕੇ ਵਿੱਚ ਨਕਲੀ ਧਰਮਾਂ ਦਾ ਪੂਰਾ ਬੋਲਬਾਲਾ ਹੈ ਤੇ ਅਸਲੀ ਧਰਮ
ਇਨ੍ਹਾਂ ਵਿਚੋਂ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ। ਹਰ ਧਾਰਮਿਕ ਫਿਰਕਾ ਝੂਠੀਆਂ, ਅੰਧ ਵਿਸ਼ਵਾਸ਼ੀ,
ਅਗਿਆਨਤਾ ਭਰਪੂਰ ਰੀਤਾਂ-ਰਸਮਾਂ, ਕਰਾਮਾਤਾਂ, ਕਰਮਕਾਂਡਾਂ, ਮਰਿਯਾਦਾਵਾਂ, ਪ੍ਰੰਪਰਾਵਾਂ, ਧਾਰਮਿਕ
ਚਿੰਨ੍ਹਾਂ ਦਾ ਮਿਲਗੋਭਾ ਜਿਹਾ ਨਕਲੀ ਧਰਮ ਬਣ ਚੁੱਕਾ ਹੈ। ਇਸ ਲੇਖ ਲੜੀ ਦਾ ਮਕਸਦ ਆਮ ਵਿਅਕਤੀ ਨੂੰ
ਜਿਥੇ ਧਰਮ ਦੇ ਨਾਮ ਤੇ ਬਣੇ ਹੋਏ ਇਨ੍ਹਾਂ ਧਾਰਮਿਕ ਫਿਰਕਿਆਂ ਵਿਚਲੇ ਨਕਲੀ ਧਰਮਾਂ ਤੋਂ ਜਾਣੂ
ਕਰਾਉਣਾ ਹੈ, ਉਥੇ ਅਸਲੀ ਧਰਮ ਦੀ ਜਾਣ ਪਛਾਣ ਕਰਾਉਣਾ ਵੀ ਹੈ ਤਾਂ ਕਿ ਲੋਕ ਸੱਚੇ ਤੇ ਅਸਲੀ ਧਰਮ ਨਾਲ
ਜੁੜ ਸਕਣ। ਕੋਸ਼ਿਸ਼ ਇਹੀ ਹੈ ਕਿ ਲੋਕ ਬੇਹੋਸ਼ੀ ਤੋਂ ਜਾਗ ਪੈਣ ਤੇ ਪਛਾਣ ਕਰਨ ਦੇ ਸਮਰੱਥ ਹੋ ਸਕਣ ਕਿ
ਜਿਸਨੂੰ ਉਹ ਤਨੋ, ਮਨੋ, ਧਨੋ ਧਰਮ ਸਮਝ ਕੇ ਆਪਾ ਨਿਛਾਵਰ ਕਰ ਰਹੇ ਹਨ, ਕੀ ਉਸ ਵਿੱਚ ਕੁੱਝ ਧਰਮ ਦਾ
ਅੰਸ਼ ਹੈ ਵੀ ਜਾਂ ਉਹ ਸਿਰਫ ਪੁਜਾਰੀਆਂ ਦੀਆਂ ਬਣਾਈਆਂ ਅਗਿਆਨਤਾ ਤੇ ਅੰਧ ਵਿਸ਼ਵਾਸ਼ ਅਧਾਰਿਤ
ਮਰਿਯਾਦਾਵਾਂ, ਰੀਤਾਂ-ਰਸਮਾਂ, ਕਰਮਕਾਂਡਾਂ ਦਾ ਭਾਰ ਹੀ ਢੋਹ ਰਹੇ ਹਨ। ਇਹ ਤਿਕੜੀ ਧਰਮ ਨੂੰ ਵਧਾਉਣ,
ਧਰਮ ਦਾ ਰਾਜ ਸਥਾਪਿਤ ਕਰਨ ਅਤੇ ਧਰਮ ਨੂੰ ਖਤਰੇ ਦੇ ਨਾਂ ਤੇ ਪਿਛਲੇ 5 ਹਜ਼ਾਰ ਸਾਲਾਂ ਵਿੱਚ 15 ਹਜ਼ਾਰ
ਤੋਂ ਵੱਧ ਯੁੱਧਾਂ ਰਾਹੀਂ ਮਨੁੱਖਤਾ ਦਾ ਵੱਡੇ ਪੱਧਰ ਤੇ ਘਾਣ ਕਰ ਚੁੱਕੀ ਹੈ। ਅੱਜ ਵੀ ਦੁਨੀਆਂ ਦੇ
ਵੱਖ-ਵੱਖ ਖਿੱਤਿਆਂ ਵਿੱਚ ਧਰਮ ਅਧਾਰਿਤ ਹਥਿਆਰਬੰਦ ਸੰਗਠਨ ਧਰਮ ਨੂੰ ਖਤਰਾ, ਧਰਮ ਦਾ ਰਾਜ ਜਾਂ ਧਰਮ
ਦਾ ਪ੍ਰਸਾਰ ਦੇ ਨਾਮ ਹੇਠ ਮਾਨਵਤਾ ਦਾ ਖੂਨ ਵਹਾ ਰਹੇ ਹਨ। ਅੱਜ ਕਿਸੇ ਵੀ ਅਖੌਤੀ ਧਰਮ ਨੂੰ ਖਤਰਾ
ਨਾਸਤਿਕਾਂ, ਸਾਇੰਸਦਾਨਾਂ, ਅਧੁਨਿਕਵਾਦੀਆਂ ਜਾਂ ਧਰਮ ਵਿਰੋਧੀਆਂ ਤੋਂ ਨਹੀਂ, ਇਨ੍ਹਾਂ ਨਕਲੀ ਧਰਮਾਂ
ਤੇ ਕਾਬਿਜ਼ ਇਸ ਤਿੱਕੜੀ ਤੋਂ ਹੈ। ਇਨ੍ਹਾਂ ਤੇ ਕਾਬਿਜ਼ ਕੱਟੜਪੰਥੀ ਤਾਕਤਾਂ ਤੋਂ ਹੈ, ਜੋ ਆਪਣੇ ਫਿਰਕੇ
ਦੀਆਂ ਧਾਰਮਿਕ ਰਸਮਾਂ (ਪੂਜਾ-ਪਾਠ), ਧਾਰਮਿਕ ਚਿੰਨ੍ਹਾਂ ਜਾਂ ਬਾਹਰੀ ਧਾਰਮਿਕ
ਦਿਖਾਵਿਆਂ-ਪਹਿਰਾਵਿਆਂ ਨੂੰ ਹੀ ਧਰਮ ਸਮਝਦੀਆਂ ਹਨ ਅਤੇ ਇਨ੍ਹਾਂ ਨੂੰ ਲੋਕਾਂ ਤੇ ਤਾਕਤ ਦੇ ਜ਼ੋਰ ਨਾਲ
ਥੋਪਣਾ ਚਾਹੁੰਦੀਆਂ ਹਨ। ਧਰਮ ਨੂੰ ਕਦੇ ਕਿਸੇ ਤੋਂ ਖਤਰਾ ਨਹੀਂ ਹੁੰਦਾ, ਧਰਮ ਹਰ ਇੱਕ ਦਾ ਆਪਣਾ
ਹੁੰਦਾ ਹੈ ਤੇ ਉਹ ਹਰ ਇੱਕ ਦੇ ਅੰਦਰ ਹੁੰਦਾ ਹੈ। ਖਤਰਾ ਧਾਰਮਿਕ ਫਿਰਕਿਆਂ ਨੂੰ ਇੱਕ ਦੂਜੇ ਤੋਂ
ਆਪਸੀ ਤੰਗ ਨਜ਼ਰੀ ਤੇ ਸੌੜੀ ਸੋਚ ਕਾਰਨ ਹੁੰਦਾ ਹੈ। ਹਰ ਧਾਰਮਿਕ ਫਿਰਕਾ ਆਪਣਾ ਫਿਰਕਾ ਵਧਾਉਣ ਦੇ
ਚੱਕਰ ਵਿੱਚ ਰਹਿੰਦਾ ਹੈ, ਜਿਸ ਨਾਲ ਛੋਟੇ ਫਿਰਕੇ ਵੱਡੇ ਫਿਰਕਿਆਂ ਤੋਂ ਖਤਰਾ ਮਹਿਸੂਸ ਕਰਦੇ ਹਨ।
ਅਸਲੀ ਧਰਮ ਤੁਹਾਡੇ ਅੰਦਰੋਂ ਜਾਗ ਪੈਣ ਦਾ ਨਾਮ ਹੈ। ਆਪਣੇ ਆਪੇ ਦੀ ਪਹਿਚਾਣ ਦਾ ਨਾਮ ਹੈ ਤੇ ਸਭ
ਵਿੱਚ ਵਸਦੀ ਰੱਬੀ ਜੋਤ ਨੂੰ ਮਹਿਸੂਸ ਕਰਨ ਦਾ ਨਾਮ ਹੈ। ਤੁਸੀਂ ਇਸ ਲੇਖ ਲੜੀ ਬਾਰੇ ਆਪਣੇ ਵਿਚਾਰ
ਭੇਜ ਸਕਦੇ ਹੋ ਤਾਂ ਕਿ ਗੱਲ ਅੱਗੇ ਤੁਰ ਸਕੇ। ਤੁਹਾਡੇ ਸੁਝਾਵਾਂ ਤੇ ਵਿਚਾਰਾਂ ਬਾਰੇ ਗੰਭੀਰਤਾ ਨਾਲ
ਵਿਚਾਰ ਕੀਤੀ ਜਾਵੇਗੀ।
ਨਕਲੀ ਧਰਮਾਂ ਦੀ ਚੱਲ ਰਹੀ ਵਿਚਾਰ ਚਰਚਾ ਵਿੱਚ ਅੱਜ ਅਸੀਂ ‘ਕਰਮ ਜਾਂ ਕਰਮਾਂ ਅਧਾਰਿਤ ਨਕਲੀ
ਧਰਮ’ ਦੀ ਗੱਲ ਕਰਾਂਗੇ। ਇਸ ਤੋਂ ਪਹਿਲਾਂ ਕਿ ਅਸੀਂ ਇਸ ਨਕਲੀ ਧਰਮ ਦੀ ਚਰਚਾ ਨੂੰ ਅੱਗੇ
ਤੋਰੀਏ, ਕੁੱਝ ਗੱਲਾਂ ਅਸਲੀ ਤੇ ਨਕਲੀ ਧਰਮ ਬਾਰੇ ਜਾਣ ਲੈਣੀਆਂ ਬਹੁਤ ਜਰੂਰੀ ਹਨ ਤਾਂ ਕਿ ਅਸੀਂ
ਅਸਲੀ ਤੇ ਨਕਲੀ ਧਰਮ ਨੂੰ ਜਾਨਣ ਵਿੱਚ ਕੋਈ ਭੁਲੇਖਾ ਨਾ ਖਾਈਏ, ਕਿਸੇ ਗਲਤ ਫਹਿਮੀ ਦਾ ਸ਼ਿਕਾਰ ਨਾ
ਹੋਈਏ। ਧਾਰਮਿਕ ਫਿਰਕਿਆਂ ਨੇ ਧਰਮਾਂ ਦੀ ਦੁਨੀਆਂ ਵਿੱਚ ਬੜਾ ਭੰਬਲਭੂਸਾ ਪਾਇਆ ਹੋਇਆ ਹੈ, ਇਸ ਲਈ ਆਮ
ਵਿਅਕਤੀ ਲਈ ਅਸਲੀ ਤੇ ਨਕਲੀ ਦੀ ਪਛਾਣ ਕਰਨੀ ਬੜੀ ਔਖੀ ਹੋਈ ਪਈ ਹੈ। ਜਦੋਂ ਅਸੀਂ ਨਕਲੀ ਧਰਮਾਂ ਦੀ
ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਧਾਰਮਿਕ ਬਿਰਤੀ ਵਾਲੇ ਜਾਂ ਫਿਰਕਿਆਂ ਦੀ ਸਿਆਸਤ ਵਿੱਚ ਯਕੀਨ ਕਰਨ
ਵਾਲੇ ਲੋਕ ਅਜਿਹਾ ਸੋਚਦੇ ਹਨ ਜਾਂ ਪ੍ਰਚਾਰ ਵੀ ਕਰਦੇ ਹਨ ਕਿ ਇਹ ਲੇਖ ਲੜੀ ਧਰਮ ਵਿਰੋਧੀ ਹੈ। ਬੇਸ਼ਕ
ਉਨ੍ਹਾਂ ਦੀ ਗੱਲ ਵੀ ਕਿਸੇ ਹੱਦ ਤੱਕ ਗਲਤ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਸਿਖਾਇਆ ਹੀ ਅਜਿਹਾ ਗਿਆ
ਹੈ ਕਿ ਉਹ ਇਨ੍ਹਾਂ ਨਕਲੀ ਧਰਮਾਂ ਨੂੰ ਹੀ ਹੁਣ ਤੱਕ ਅਸਲੀ ਸਮਝਦੇ ਰਹੇ ਹਨ, ਉਨ੍ਹਾਂ ਦੀ ਧਾਰਮਿਕ
ਪੁਜਾਰੀਆਂ, ਪਰਿਵਾਰਾਂ ਜਾਂ ਸਮਾਜ ਵਲੋਂ ਬਚਪਨ ਤੋਂ ਟਿਊਨਿੰਗ ਹੀ ਅਜਿਹੀ ਕੀਤੀ ਹੁੰਦੀ ਹੈ ਕਿ ਉਹ
ਨਕਲੀ ਨੂੰ ਅਸਲੀ ਸਮਝਦੇ ਰਹੇ ਹੁੰਦੇ ਹਨ, ਉਨ੍ਹਾਂ ਨੇ ਕਦੇ ਇਸ ਪੱਖ ਤੋਂ ਸੋਚਿਆ ਹੀ ਨਹੀਂ ਹੁੰਦਾ
ਕਿ ਜਿਸ ਧਾਰਮਿਕ ਫਿਰਕੇ ਵਿੱਚ ਉਸਦਾ ਵਿਸ਼ਵਾਸ਼ ਜਾਂ ਆਸਥਾ ਹੈ, ਉਹ ਵੀ ਨਕਲੀ ਹੋ ਸਕਦਾ ਹੈ, ਉਸਦੀ
ਕੰਡੀਸ਼ਨਿੰਗ ਅਜਿਹੀ ਕੀਤੀ ਹੁੰਦੀ ਹੈ ਕਿ ਉਸਦਾ ਧਰਮ ਹੀ ਸਰਬੋਤਮ ਹੈ, ਉਸਦੇ ਗੁਰੂ ਜਾਂ ਪੈਗੰਬਰ ਹੀ
ਦੁਨੀਆਂ ਦੇ ਸਭ ਤੋਂ ਮਹਾਨ ਵਿਅਕਤੀ ਸਨ, ਉਨ੍ਹਾਂ ਦਾ ਗ੍ਰੰਥ ਹੀ ਇਲਾਹੀ ਬਾਣੀ ਦਾ ਭੰਡਾਰ ਹੈ, ਜਿਸ
ਵਿੱਚ ਕੁਦਰਤ ਬਾਰੇ ਆਖਰੀ ਸੱਚ ਲਿਖ ਦਿੱਤਾ ਗਿਆ ਸੀ। ਅਜਿਹੇ ਵਿੱਚ ਜਦੋਂ ਉਹ ਨਕਲੀ ਧਰਮਾਂ ਬਾਰੇ
ਪੜ੍ਹਦਾ-ਸੁਣਦਾ ਹੈ ਤਾਂ ਉਸਦੇ ਵਿਸ਼ਵਾਸ਼ ਨੂੰ ਜਰੂਰ ਧੱਕਾ ਲਗਦਾ ਹੈ ਕਿਉਂਕਿ ਉਹ ਵਿਸ਼ਵਾਸ਼ ਕਿਸੇ ਤਰਕ,
ਦਲੀਲ, ਤਜ਼ਰਬੇ ਦੇ ਅਧਾਰਿਤ ਤਾਂ ਹੁੰਦਾ ਨਹੀਂ, ਉਹ ਤੇ ਸਿਰਫ ਅੰਧ ਵਿਸ਼ਵਾਸ਼ੀ ਸ਼ਰਧਾ ਜਾਂ ਅੱਖਾਂ ਮੀਟ
ਕੇ ਮੰਨਣ ਵਾਲਾ ਹੀ ਹੁੰਦਾ ਹੈ। ਇਸ ਲਈ ਉਸਦਾ ਅਜਿਹਾ ਸੋਚਣਾ ਕਿ ਇਹ ਲੇਖ ਲੜੀ ਉਸਦੇ ਧਰਮ ਜਾਂ
ਧਰਮਾਂ ਵਿਰੁੱਧ ਹੈ, ਕੋਈ ਅਤਕਥਨੀ ਨਹੀਂ ਹੈ। ਪਰ ਜੇ ਉਹ ਆਪਣੀ ਅੰਧ ਵਿਸ਼ਵਾਸ਼ੀ ਸ਼ਰਧਾ ਵਾਲੀ ਪੱਟੀ
ਲਾਹ ਕੇ ਖੁੱਲ੍ਹੇ ਮਨ ਨਾਲ ਤਰਕ, ਦਲੀਲ, ਸਾਇੰਸ ਦੇ ਅਧਾਰ ਤੇ ਸੋਚੇ ਤਾਂ ਉਸਨੂੰ ਵੀ ਕੁੱਝ ਸਚਾਈ
ਸਮਝ ਆ ਸਕਦੀ ਹੈ। ਉਸਨੂੰ ਅਸਲੀ ਤੇ ਨਕਲੀ ਦੀ ਪਛਾਣ ਹੋ ਸਕਦੀ ਹੈ। ਗੱਲ ਅੱਗੇ ਤੋਰਨ ਤੋਂ ਪਹਿਲਾਂ
ਮੈਂ ਪਾਠਕਾਂ ਨੂੰ ਅਸਲੀ ਤੇ ਨਕਲੀ ਧਰਮ ਦੀ ਪਛਾਣ ਲਈ ਕੁੱਝ ਨੁਕਤੇ ਆਪਣੇ ਵਲੋਂ ਦੇਣਾ ਚਾਹੁੰਦਾ
ਹਾਂ, ਸ਼ਾਇਦ ਇਹ ਉਨ੍ਹਾਂ ਨੂੰ ਅਸਲੀ-ਨਕਲੀ ਧਰਮ ਦੀ ਪਛਾਣ ਕਰਨ ਵਿੱਚ ਮੱਦਦ ਕਰ ਸਕਣ।
1. ਅਸਲੀ ਧਰਮ ਦਾ ਕੋਈ ਫਿਰਕਾ ਨਹੀਂ ਹੁੰਦਾ, ਫਿਰਕਿਆਂ ਵਾਲਾ ਧਰਮ ਨਕਲੀ ਹੁੰਦਾ ਹੈ। ਧਰਮ ਉਹੀ
ਅਸਲੀ ਹੈ, ਜਿਹੜਾ ਸਾਰੀ ਮਨੁੱਖਤਾ ਲਈ ਸਰਬ ਸਾਂਝਾ ਹੈ। ਮਨੁੱਖਤਾ ਵਿੱਚ ਧਾਰਮਿਕ ਪਹਿਰਾਵਿਆਂ,
ਧਾਰਮਿਕ ਚਿੰਨ੍ਹਾਂ, ਬਾਹਰੀ ਸਰੀਰਕ ਦਿੱਖ ਆਦਿ ਦੇ ਨਾਮ ਤੇ ਵੰਡੀਆਂ ਪਾਉਣ ਵਾਲਾ ਧਰਮ ਕਦੇ ਵੀ ਅਸਲੀ
ਨਹੀਂ ਹੋ ਸਕਦਾ।
2. ਅਸਲੀ ਧਰਮ ਦਾ ਕਿਸੇ ਕਲਪਿਤ ਰੱਬ ਜਾਂ ਉਸਦੇ ਕਿਸੇ ਕਲਪਿਤ ਦੇਵੀ-ਦੇਵਤੇ, ਅਵਤਾਰ ਆਦਿ ਨਾਲ ਕੋਈ
ਸਬੰਧ ਨਹੀਂ ਹੈ, ਅਸਲੀ ਧਰਮ ਦਾ ਅਜਿਹੇ ਰੱਬ ਜਾਂ ਉਸਦੇ ਦੇਵਤਿਆਂ ਦੀ ਪੂਜਾ, ਪਾਠ, ਆਰਤੀ,
ਕਰਮਕਾਂਡ, ਮਰਿਯਾਦਾ ਆਦਿ ਨਾਲ ਵੀ ਕੋਈ ਸਬੰਧ ਨਹੀਂ ਹੁੰਦਾ। ਇਹ ਸਭ ਨਕਲੀ ਧਰਮ ਪੁਜਾਰੀਆਂ ਦਾ ਅਸਲੀ
ਧੰਦਾ ਹੁੰਦਾ ਹੈ।
3. ਧਾਰਮਿਕ ਮਹਾਂਪੁਰਸ਼ਾਂ, ਗੁਰੂਆਂ, ਰਹਿਬਰਾਂ, ਪੀਰਾਂ, ਪੈਗੰਬਰਾਂ ਦੇ ਬੋਲਾਂ, ਸ਼ਬਦਾਂ,
ਵਿਚਾਰਧਾਰਾ ਨੂੰ ਯਾਦ ਕਰ ਲੈਣਾ, ਉਸਦੇ ਅਰਥ ਕਰ ਲੈਣੇ, ਅਰਥ ਸਮਝ ਲੈਣੇ, ਵਿਚਰਧਾਰਾ ਦਾ ਨੇਮ ਨਾਲ
ਪਾਠ ਕਰ ਲੈਣਾ, ਉਸਦਾ ਮੰਤਰ ਰਟਨ ਕਰ ਲੈਣ ਆਦਿ ਦਾ ਅਸਲੀ ਧਰਮ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀ
ਨਕਲੀ ਪੁਜਾਰੀਆਂ ਵਲੋਂ ਤੁਹਾਨੂੰ ਮਾਨਸਿਕ ਤੌਰ ਤੇ ਗੁਲਾਮ ਬਣਾ ਕੇ ਰੱਖਣ ਜਾਂ ਤੁਹਾਨੂੰ ਅਜਿਹਾ
ਲਗਦਾ ਰਹੇ ਕਿ ਤੁਸੀਂ ਧਰਮ-ਕਰਮ ਕਰ ਰਹੇ ਹੋ, ਦਾ ਇੱਕ ਜੁਗਾੜ ਹੀ ਹੈ।
4. ਅਸਲੀ ਧਰਮ ਦਾ ਨਾ ਹੀ ਕੋਈ ਪ੍ਰਚਾਰ ਹੁੰਦਾ ਹੈ ਤੇ ਨਾ ਹੀ ਅਸਲੀ ਧਰਮ ਨੂੰ ਕਿਸੇ ਪ੍ਰਸਾਰ ਦੀ
ਲੋੜ ਹੈ। ਪ੍ਰਚਾਰ ਤੇ ਪ੍ਰਸਾਰ ਦੀ ਲੋੜ ਨਕਲੀ ਧਰਮਾਂ ਨੂੰ ਹੈ ਕਿਉਂਕਿ ਉਨ੍ਹਾਂ ਨੇ ਹੀ ਆਪਣਾ ਫਿਰਕਾ
ਵੱਡਾ ਕਰਕੇ ਲੋਕਾਂ ਦੀ ਤਾਕਤ ਨਾਲ ਧਾਰਮਿਕ, ਰਾਜਨੀਤਕ, ਸਮਾਜਿਕ, ਆਰਥਿਕ ਲਾਭ ਲੈਣੇ ਹੁੰਦੇ ਹਨ।
ਅਸਲੀ ਧਰਮ ਨੂੰ ਕਿਸੇ ਪ੍ਰਚਾਰ ਜਾਂ ਪ੍ਰਸਾਰ ਦੀ ਲੋੜ ਨਹੀਂ ਹੁੰਦੀ, ਅਸਲੀ ਧਰਮ ਦੀ ਸਿਰਫ ਕਮਾਈ ਹੋ
ਸਕਦੀ ਹੈ, ਅਸਲੀ ਧਰਮ ਦੀ ਸਿਰਫ ਸਾਧਨਾ ਹੋ ਸਕਦੀ ਹੈ। ਅਸਲੀ ਧਰਮ ਸਾਨੂੰ ਇਹ ਸਿਖਾਉਂਦਾ ਹੈ ਕਿ
ਅਸੀਂ ਦੁਨੀਆਂ ਵਿੱਚ ਵਿਚਰਦੇ ਹੋਏ ਜਾਗਰੂਕ ਹੋ ਕੇ, ਵਿਕਾਰਾਂ ਤੋਂ ਬਚ ਕੇ, ਕਿਵੇਂ ਇੱਕ ਵਧੀਆ
ਇਨਸਾਨ ਹੀ ਨਹੀਂ ਬਣਨਾ ਸਗੋਂ ਇੱਕ ਸੋਸ਼ਣ ਰਹਿਤ ਵਧੀਆ ਸਮਾਜ ਸਿਰਜਣ ਵਿੱਚ ਯੋਗਦਾਨ ਕਿਵੇਂ ਪਾਉਣਾ
ਹੈ, ਇਸ ਲਈ ਸਾਨੂੰ ਸਭ ਨੂੰ ਆਪਣੇ ਮਨ ਨੂੰ ਸਾਧਣਾ ਹੁੰਦਾ ਹੈ।
5. ਨਕਲੀ ਧਰਮ ਸਾਨੂੰ ਰੱਬ ਬਾਰੇ ਬਹੁਤ ਕੁੱਝ ਸਿਖਾਉਂਦੇ ਹਨ, ਅਸੀਂ ਪੁਜਾਰੀਆਂ ਤੇ ਧਰਮ ਗ੍ਰੰਥਾਂ
ਵਿੱਚੋਂ ਰੱਬ ਬਾਰੇ ਤਾਂ ਬਹੁਤ ਕੁੱਝ ਜਾਣ ਲੈਂਦੇ ਹਾਂ, ਪਰ ਰੱਬ ਨੂੰ ਨਹੀਂ ਜਾਣਦੇ? ਅਸਲੀ ਧਰਮ
ਸਾਨੂੰ ਅਸਲੀ ਰੱਬ ਬਾਰੇ ਸੋਝੀ ਕਰਾਉਂਦਾ ਹੈ। ਉਸ ਰੱਬ ਦੇ ਦਰਸ਼ਨ ਕਰਾਉਂਦਾ ਹੈ, ਜੋ ਸਭ ਜਗ੍ਹਾ ਵਸਦਾ
ਹੈ। ਸਾਡੇ ਅੰਦਰ ਵੀ ਚੇਤੰਨਤਾ ਰੂਪ ਵਿੱਚ ਵਸਦਾ ਹੈ, ਪਰ ਉਸ ਬਾਰੇ ਤੁਹਾਡਾ ਆਪਣਾ ਅਨੁਭਵ ਕਿਵੇਂ
ਹੋਵੇ, ਬਾਰੇ ਜਾਨਣਾ ਹੀ ਅਸਲੀ ਧਰਮ ਦੀ ਸਾਧਨਾ ਹੈ। ਇਸਨੂੰ ਇਵੇਂ ਵੀ ਕਹਿ ਸਕਦੇ ਹਾਂ ਕਿ ਰੱਬ ਬਾਰੇ
ਜਾਨਣਾ ਨਕਲੀ ਧਰਮ ਹੈ ਤੇ ਰੱਬ ਨੂੰ ਜਾਨਣਾ ਅਸਲੀ ਧਰਮ ਹੈ।
6. ਨਕਲੀ ਧਰਮਾਂ ਵਲੋਂ ਪਿਛਲੇ 5-6 ਹਜ਼ਾਰ ਸਾਲਾਂ ਵਿੱਚ ਹਜ਼ਾਰਾਂ ਧਰਮ ਯੁੱਧ ਲੜੇ ਗਏ ਹਨ ਤੇ ਅੱਜ ਵੀ
ਦੁਨੀਆਂ ਵਿੱਚ ਧਰਮ ਯੁੱਧ ਜਾਂ ਜ਼ਿਹਾਦ ਚੱਲ ਰਹੇ ਹਨ, ਪਰ ਅਸਲੀ ਧਰਮ ਦਾ ਯੁੱਧ ਕਿਸੇ ਹੋਰ ਨਾਲ
ਨਹੀਂ, ਤੁਹਾਡੇ ਆਪਣੇ ਆਪੇ ਨਾਲ ਹੁੰਦਾ ਹੈ, ਆਪਣੇ ਅੰਦਰਲੇ ਵਿਕਾਰਾਂ ਨਾਲ ਹੁੰਦਾ ਹੈ। ਆਪਣੇ
ਅੰਦਰੋਂ ਜਾਗ ਚੁੱਕਾ ਇਨਸਾਨ ਹੀ ਮਨੁੱਖਤਾ ਲਈ ਲੜ ਸਕਦਾ ਹੈ, ਖੜ ਸਕਦਾ ਹੈ, ਸੋਸ਼ਣ ਵਿਰੁੱਧ ਆਵਾਜ
ਬੁਲੰਦ ਕਰ ਸਕਦਾ ਹੈ। ਪੁਜਾਰੀਆਂ ਦੇ ਫਿਰਕਿਆਂ ਦੀ ਸਿਆਸਤ ਵਿੱਚ ਫਸਿਆ ਮਨੁੱਖ ਬਾਹਰ ਦਹਿਸ਼ਤ ਜਾਂ
ਅਤੰਕ ਤਾਂ ਫੈਲਾ ਸਕਦਾ ਹੈ, ਪਰ ਧਰਮ ਯੁੱਧ ਨਹੀਂ ਲੜ ਸਕਦਾ? ਇਸ ਲਈ ਨਕਲੀ ਧਰਮਾਂ ਦੇ ਯੁੱਧ ‘ਧਰਮ
ਯੁੱਧ’ ਨਹੀਂ ਸਗੋਂ ‘ਅਧਰਮ ਯੁੱਧ’ ਹੀ ਸਾਬਿਤ ਹੋਏ ਹਨ, ਜਿਥੇ ਫਿਰਕਾਪ੍ਰਸਤੀ ਦੀ ਸੋਚ ਅਧੀਨ
ਬੇਕਸੂਰਾਂ ਦਾ ਖੂਨ ਹੀ ਡੁੱਲ੍ਹਿਆ ਹੈ।
7. ਅਸਲੀ ਧਰਮ ਦਾ ਬਾਹਰ ਨਾਲ ਨਹੀਂ, ਤੁਹਾਡੇ ਅੰਦਰ ਨਾਲ ਸਬੰਧ ਹੁੰਦਾ ਹੈ। ਤੁਹਾਡੇ ਅੰਦਰ ਅਸਲੀ
ਧਰਮ ਉਦੋਂ ਤੱਕ ਪੈਦਾ ਨਹੀਂ ਹੋ ਸਕਦਾ, ਜਦੋਂ ਤੱਕ ਤੁਹਾਡੀ ਸੁਰਤ ਬਾਹਰਮੁੱਖੀ ਹੈ। ਅਸਲੀ ਧਰਮ
ਦੂਜਿਆਂ ਦੂਜਿਆਂ ਨੂੰ ਜਾਨਣਾ ਨਹੀਂ, ਸਗੋਂ ਆਪਣੇ ਅੰਦਰ ਝਾਕਣਾ ਜਾਂ ਆਪਣੇ ਆਪ ਨੂੰ ਜਾਨਣਾ
ਸਿਖਾਉਂਦਾ ਹੈ। ਅੰਤਰਮੁੱਖੀ ਹੋਏ ਬਿਨਾਂ ਕੋਈ ਵੀ ਅਸਲੀ ਤੇ ਸੱਚੇ ਧਰਮ ਨੂੰ ਨਹੀਂ ਜਾਣ ਸਕਦਾ ਤੇ ਨਾ
ਹੀ ਅੰਦਰ ਵਸਦੀ ਰੱਬੀ ਜੋਤ ਨੂੰ ਪਛਾਣ ਸਕਦਾ ਹੈ ਤੇ ਨਾ ਹੀ ਕੁਦਰਤ ਦੇ ਚੇਤੰਨਤਾ ਬਾਰੇ ਅੰਦਰਲੇ
ਭੇਦਾਂ ਨੂੰ ਜਾਣ ਸਕਦਾ ਹੈ।
8. ਅਸਲੀ ਧਰਮ ਸਾਇੰਸ ਵਾਂਗ ਖੋਜ ਦਾ ਨਾਮ ਹੈ, ਜਾਨਣ ਦਾ ਨਾਮ ਹੈ। ਜਦਕਿ ਨਕਲੀ ਧਰਮ ਸਾਨੂੰ ਅੱਖਾਂ
ਮੀਟ ਕੇ ਸ਼ਰਧਾ ਨਾਲ ਮੰਨਣਾ ਸਿਖਾਉਂਦਾ ਹੈ, ਜਾਨਣਾ ਜਾਂ ਖੋਜਣਾ ਨਕਲੀ ਧਰਮ ਦਾ ਵਿਸ਼ਾ ਹੀ ਨਹੀਂ ਹੈ।
ਸਾਇੰਸ ਤੇ ਧਰਮ ਵਿੱਚ ਇਹੀ ਫਰਕ ਹੈ ਕਿ ਸਾਇੰਸ ਮੈਟਰ (ਮਾਦੇ) ਦੀ ਖੋਜ ਕਰਦੀ ਹੈ ਤੇ ਧਰਮ ਮੈਟਰ
ਵਿਚਲੀ ਚੇਤੰਨਤਾ ਦੀ ਖੋਜ ਕਰਦਾ ਹੈ। ਇਸ ਲਈ ਸਾਇੰਸ ਤੇ ਧਰਮ ਦਾ ਕੋਈ ਵਿਰੋਧ ਨਹੀਂ, ਦੋਨੋਂ ਕੁਦਰਤ
ਦੀਆਂ ਮੈਟਰ ਤੇ ਚੇਤੰਨਤਾ ਵਿੱਚ ਛੁਪੀਆਂ ਸਚਾਈਆਂ ਦੀ ਖੋਜ ਦਾ ਨਾਮ ਹਨ। ਇਸਨੂੰ ਇਵੇਂ ਵੀ ਕਹਿ ਸਕਦੇ
ਹਾਂ ਕਿ ਸਾਇੰਸ ਬਾਹਰ ਦੀ ਤੇ ਧਰਮ ਅੰਦਰ ਦੀ ਖੋਜ ਹੈ। ਧਾਰਮਿਕ ਭਾਸ਼ਾ ਵਿੱਚ ਇਵੇਂ ਵੀ ਕਿਹਾ ਜਾਂਦਾ
ਹੈ ਕਿ ਸਾਇੰਸ ਆਕਾਰ ਦੀ ਤੇ ਧਰਮ ਨਿਰਾਕਾਰ ਦੀ ਖੋਜ ਹੈ। ਇਥੇ ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ
ਸਾਇੰਸ ਦੀਆਂ ਖੋਜਾਂ ਸਰਬ ਪ੍ਰਵਾਨਤ ਜਾਂ ਸਰਬ ਸੰਸਾਰੀ ਹੋ ਸਕਦੀਆਂ ਹਨ ਕਿਉਂਕਿ ਮੈਟਰ ਹਰ ਜਗ੍ਹਾ
ਇਕੋ ਜਿਹੇ ਗੁਣ ਰੱਖਦਾ ਹੈ, ਜਦਕਿ ਇਸਦੇ ਉਲਟ ਧਰਮ ਦੀ ਖੋਜ ਵਿੱਚ ਹਰ ਇੱਕ ਦੇ ਨਤੀਜੇ ਵੱਖ ਹੋ ਸਕਦੇ
ਹਨ ਕਿਉਂਕਿ ਹਰ ਇੱਕ ਦੇ ਅੰਦਰਲੀ ਅਵਸਥਾ ਵੱਖਰੀ-ਵੱਖਰੀ ਹੈ, ਹੋਰ ਕੋਈ ਸ਼ਕਲ ਤੇ ਅਕਲ ਕਰਕੇ ਵੱਖ ਹੈ।
ਇਸ ਲਈ ਧਰਮ ਦੀ ਖੋਜ ਦਾ ਅਨੁਭਵ ਹਰ ਇੱਕ ਦਾ ਵੱਖਰਾ ਹੋ ਸਕਦਾ ਹੈ, ਪਰ ਰਿਜਲਟ ਸਭ ਦਾ ਇੱਕ ਹੀ
ਹੁੰਦਾ ਹੈ ਕਿ ਅਸਲੀ ਧਰਮ ਨੂੰ ਅਪਨਾ ਕੇ ਮਨੁੱਖ ਇੱਕ ਸ਼ਾਂਤ ਤੇ ਸੱਚਾ-ਸੁੱਚਾ ਇਨਸਾਨ ਬਣ ਸਕਦਾ ਹੈ।
9. ਤਕਰੀਬਨ ਬਹੁਤੇ ਧਰਮ ਗ੍ਰੰਥ ਅਸਲੀ ਧਰਮ ਗੁਰੂਆਂ ਦੇ ਧਰਮ ਬਾਰੇ ਆਪਣੇ ਨਿੱਜੀ ਅਨੁਭਵ ਵਿਚੋਂ
ਉਪਜੇ ਵਿਚਾਰ ਹੁੰਦੇ ਹਨ, ਉਨ੍ਹਾਂ ਦੇ ਅਰਥ ਉਸ ਆਤਮਿਕ ਪੱਧਰ ਦੀ ਅਵਸਥਾ ਵਾਲੇ ਅਨੁਭਵੀ ਵਿਅਕਤੀ
ਵਲੋਂ ਕੀਤੇ ਹੀ ਸਹੀ ਹੋ ਸਕਦੇ ਹਨ, ਨਕਲੀ ਧਰਮਾਂ ਦੇ ਨਕਲੀ ਪੁਜਾਰੀਆਂ ਜਾਂ ਵਿਦਵਾਨਾਂ ਦੇ ਆਪਣੀ
ਅਕਲ (ਦਿਮਾਗ) ਨਾਲ ਕੀਤੇ ਅਰਥ ਹਮੇਸ਼ਾਂ ਅਨਰਥ ਹੁੰਦੇ ਹਨ, ਇਸੇ ਲਈ ਨਕਲੀ ਪੁਜਾਰੀ ਤੇ ਨਕਲੀ ਵਿਦਵਾਨ
ਧਾਰਮਿਕ ਫਿਰਕਿਆਂ ਵਿੱਚ ਗ੍ਰੰਥਾਂ ਦੇ ਅਰਥਾਂ ਦੇ ਅਨਰਥ ਕਰਕੇ ਅਨੇਕਾਂ ਤਰ੍ਹਾਂ ਦੇ ਮਸਲੇ ਖੜੇ ਕਰੀ
ਰੱਖਦੇ ਹਨ ਤੇ ਧਰਮ ਨੂੰ ਅਧਰਮ ਬਣਾ ਦਿੰਦੇ ਹਨ।
10. ਤਕਰੀਬਨ ਸਾਰੇ ਨਕਲੀ ਧਰਮ ਮਨੁੱਖ ਦੀ ਡਰ ਤੇ ਲਾਲਚੀ ਬਿਰਤੀ ਆਸਰੇ ਖੜੇ ਹਨ ਤੇ ਪੁਜਾਰੀਆਂ ਦੀ
ਕੋਸ਼ਿਸ਼ ਹੁੰਦੀ ਹੈ ਕਿ ਸ਼ਰਧਾਲੂ ਦਾ ਡਰ ਤੇ ਲਾਲਚ ਹਮੇਸ਼ਾਂ ਬਣਿਆ ਰਹੇ, ਇਸ ਨਾਲ ਹੀ ਉਨ੍ਹਾਂ ਦੀ
ਦੁਕਾਨਦਾਰੀ ਚਲਦੀ ਰਹਿ ਸਕਦੀ ਹੈ। ਜਦਕਿ ਅਸਲੀ ਧਰਮ ਮਨੁੱਖ ਵਿਚਲੇ ਡਰ, ਲਾਲਚ ਸਮੇਤ ਹਰ ਤਰ੍ਹਾਂ ਦੇ
ਵਿਕਾਰਾਂ ਤੋਂ ਮੁਕਤੀ ਦਾ ਮਾਰਗ ਹੈ। ਵਿਕਾਰ ਤੋਂ ਮੁਕਤ ਆਜ਼ਾਦ ਮਨੁੱਖ ਹੀ ਅਸਲੀ ਧਰਮੀ ਹੋ ਸਕਦਾ ਹੈ।
ਇਸ ਲਈ ਮਨ ਨੂੰ ਵਿਕਾਰਾਂ ਤੋਂ ਸਾਧਣ ਦਾ ਨਾਮ ਹੀ ਧਰਮ ਹੈ। ਧਰਮ ਪੁਜਾਰੀਆਂ ਦੀਆਂ ਮਰਿਯਾਦਾਵਾਂ,
ਕਰਮਕਾਂਡਾਂ, ਪੂਜਾ-ਪਾਠਾਂ, ਮੰਤਰ ਜਾਪਾਂ ਆਦਿ ਨੂੰ ਨਿਭਾਉਣ ਦਾ ਨਾਮ ਧਰਮ ਨਹੀਂ ਹੈ।
11. ਨਕਲੀ ਧਰਮ ਤੁਹਾਨੂੰ ਸੁੱਖ-ਦੁੱਖ ਦੇ ਚੱਕਰ ਵਿੱਚ ਪਾਈ ਰੱਖਦੇ ਹਨ। ਉਹ ਇੱਕ ਪਾਸੇ ਨਕਲੀ ਧਰਮ
ਨੂੰ ਸ਼ਰਧਾ ਨਾਲ ਮੰਨ ਕੇ ਸੁੱਖਾਂ ਦੀ ਪ੍ਰਾਪਤੀ ਦੇ ਲਾਲਚ ਦਿੰਦੇ ਹਨ ਅਤੇ ਦੂਜੇ ਪਾਸੇ ਸ਼ਰਧਾ ਨਾ
ਕਰਨ, ਮਰਿਯਾਦਾ ਨਾ ਮੰਨਣ, ਧਾਰਮਿਕ ਚਿੰਨ੍ਹ ਨਾ ਪਹਿਨਣ, ਧਾਰਮਿਕ ਪਹਿਰਾਵਾ ਨਾ ਪਾਉਣ, ਕਰਮਕਾਂਡ ਨਾ
ਨਿਭਾਉਣ ਨਾਲ ਮਿਲਣ ਵਾਲੇ ਦੁੱਖਾਂ ਦੇ ਡਰਾਵੇ ਦਿੰਦੇ ਹਨ। ਜਦਕਿ ਉਨ੍ਹਾਂ ਨੂੰ ਸੋਝੀ ਨਹੀਂ ਹੈ ਕਿ
ਸੁੱਖ-ਦੁੱਖ ਹਮੇਸ਼ਾਂ ਇਕੱਠੇ ਚਲਦੇ ਹਨ, ਜਿਥੇ ਸੁੱਖ ਹਨ, ਉਥੇ ਦੁੱਖ ਵੀ ਹਨ। ਤੁਸੀਂ ਇਨ੍ਹਾਂ ਨੂੰ
ਵੱਖ ਨਹੀਂ ਕਰ ਸਕਦੇ, ਇਹੀ ਜੀਵਨ ਦਾ ਸੱਚ ਹੈ। ਪਰ ਅਸਲੀ ਧਰਮ ਮਨੁੱਖ ਨੂੰ ਦੁੱਖਾਂ-ਸੁੱਖਾਂ ਤੋਂ
ਉਪਰ ਉਠਾ ਕੇ ਆਨੰਦ ਦੀ ਅਵਸਥਾ ਵਿੱਚ ਲਿਜਾਣ ਦਾ ਨਾਮ ਹੈ। ਮਨੁੱਖ ਅਸਲੀ ਧਰਮ ਨੂੰ ਅਪਨਾ ਕੇ
ਸੁੱਖਾਂ-ਦੁੱਖਾਂ ਤੋਂ ਉਪਰ ਪਰਮ ਆਨੰਦ ਦੀ ਅਵਸਥਾ ਵਿੱਚ ਪਹੁੰਚ ਸਕਦਾ ਹੈ। ਸੱਚ ਪੁਛੋ ਤਾਂ ਅਸਲੀ
ਧਰਮ ਦੀ ਮੰਜ਼ਿਲ ਉਸ ਆਨੰਦ ਦੀ ਪ੍ਰਾਪਤੀ ਹੀ ਹੈ। ਉਸ ਪਰਮ ਆਨੰਦ ਦੀ ਅਵਸਥਾ ਵਿੱਚ ਪਹੁੰਚਾ ਮਨੁੱਖ ਹੀ
ਉਸ ਪਰਮ ਸੱਚ ਦਾ ਅਨੁਭਵ ਕਰ ਸਕਦਾ ਹੈ, ਜਿਸਨੂੰ ਪਾਉਣਾ ਅਸਲੀ ਧਰਮ ਦਾ ਲਕਸ਼ ਹੈ।
ਇਹ ਉਪਰਲੇ ਨੁਕਤੇ ਤੁਹਾਡੇ ਵਲੋਂ ਅਸਲੀ ਤੇ ਨਕਲੀ ਧਰਮ ਦੀ ਪਛਾਣ ਕਰਨ ਲਈ ਸਾਂਝੇ ਕੀਤੇ ਗਏ ਹਨ ਤਾਂ
ਕਿ ਸਾਨੂੰ ਪਛਾਣ ਕਰਨ ਵਿੱਚ ਆਸਾਨੀ ਹੋ ਸਕੇ। ਹੁਣ ਆਪਾਂ ਗੱਲ ਕਰਦੇ ਹਾਂ, ਕਰਮ ਜਾਂ ਕਰਮਾਂ ਅਧਾਰਿਤ
ਨਕਲੀ ਧਰਮ ਦੀ। ਕਰਮਾਂ ਬਾਰੇ ਵੱਖ-ਵੱਖ ਧਾਰਮਿਕ ਫਿਰਕਿਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਵਿਚਾਰ
ਪ੍ਰਚਲਤ ਹਨ। ਆਮ ਭਾਸ਼ਾ ਵਿੱਚ ਕਰਮ ਦਾ ਅਰਥ ਹੈ, ਕੰਮ ਕਰਨਾ। ਪਰ ਧਰਮਾਂ ਵਿੱਚ ਕਰਮ ਦਾ ਅਰਥ ਸਿਰਫ
ਬਾਹਰੀ ਕੰਮ ਨਹੀਂ ਹੈ, ਸਗੋਂ ਸਾਡੇ ਉਹ ਕਰਮ (ਸੰਸਕਾਰ) ਹਨ, ਜੋ ਅਸੀਂ ਵੱਖ-ਵੱਖ ਜੂਨਾਂ ਵਿੱਚ ਕਰਦੇ
ਆਏ ਹਾਂ ਜਾਂ ਇਸ ਜੀਵਨ ਵਿੱਚ ਕਰ ਰਹੇ ਹਾਂ। ਉਨ੍ਹਾਂ ਅਨੁਸਾਰ ਸਾਡੇ ਇਨ੍ਹਾਂ ਕਰਮਾਂ ਨੇ ਹੀ ਸਾਡਾ
ਇਹ ਜਨਮ ਤਹਿ ਕੀਤਾ ਹੈ ਤੇ ਇਸ ਤੋਂ ਅਗਲਾ ਤਹਿ ਹੋਵੇਗਾ ਅਤੇ ਸਾਡੇ ਜੀਵਨ ਦੇ ਦੁੱਖ-ਸੁੱਖ ਵੀ
ਇਨ੍ਹਾਂ ਕਰਮਾਂ (ਸੰਸਕਾਰਾਂ) ਅਨੁਸਾਰ ਹੀ ਹੁੰਦੇ ਹਨ। ਸਾਰੇ ਧਾਰਮਿਕ ਫਿਰਕੇ ਇਸ ਵਿਚਾਰਧਾਰਾ ਤੇ
ਇੱਕਮਤ ਨਹੀਂ ਹਨ, ਜਿਥੇ ਇੱਕ ਵਿਚਾਰਧਾਰਾ ਵਾਲੇ ਆਤਮਾ (ਜੀਵਾਤਮਾ, ਸੋਲ, ਰੂਹ, ਜ਼ਿੰਦ, ਜੋਤ) ਦੀ
ਵੱਖ-ਵੱਖ ਜਨਮਾਂ ਰਾਹੀਂ ਲਗਾਤਾਰਤਾ ਵਿੱਚ ਵਿਸ਼ਵਾਸ਼ ਕਰਦੇ ਹਨ, ਉਥੇ ਦੂਜੇ ਅਜਿਹਾ ਵਿਸ਼ਵਾਸ਼ ਰੱਖਦੇ ਹਨ
ਕਿ ਆਤਮਾ ਇੱਕ ਵਾਰ ਹੀ ਜਨਮਦੀ ਹੈ ਤੇ ਸਰੀਰ ਵਿੱਚ ਆਪਣਾ ਸਫਰ ਤਹਿ ਕਰਕੇ ਕਿਆਮਤ ਦੇ ਦਿਨ ਦੀ ਉਡੀਕ
ਕਰਦੀ ਰਹਿੰਦੀ ਹੈ ਤਾਂ ਕਿ ਉਸਦੇ ਕਰਮਾਂ ਅਨੁਸਾਰ ਉਸਨੂੰ ਸਵਰਗ ਜਾਂ ਨਰਕ ਮਿਲ ਸਕੇ। ਬੇਸ਼ਕ ਉਹ ਅੱਗੇ
ਇਸ ਗੱਲ ਤੇ ਚੁੱਪ ਹਨ ਕਿ ਉਹ ਸਵਰਗਾਂ ਜਾਂ ਨਰਕਾਂ ਵਿੱਚ ਕਦੋਂ ਤੱਕ ਰਹਿਣਗੇ ਜਾਂ ਪੱਕੇ ਹੀ ਉਥੇ
ਰਹਿਣਗੇ? ਕੀ ਸਵਰਗਾਂ ਜਾਂ ਨਰਕਾਂ ਵਿੱਚ ਵੀ ਮੌਤ ਹੁੰਦੀ ਹੋਵੇਗੀ? ਕੀ ਕਿਸੇ ਨੇ ਅਜਿਹੇ ਸਵਰਗ ਜਾਂ
ਨਰਕ ਦੇਖੇ ਹਨ? ਕੀ ਇਸ ਵਿੱਚ ਕੋਈ ਸਚਾਈ ਹੈ ਜਾਂ ਸਿਰਫ ਮਨ ਦੀਆਂ ਉਡਾਰੀਆਂ ਹੀ ਹਨ? ਇਸ ਤੋਂ ਇਲਾਵਾ
ਹੋਰ ਵੀ ਕਈ ਤਰ੍ਹਾਂ ਦੀਆਂ ਧਰਮਾਂ ਵਿੱਚ ਵਿਚਾਰਧਾਰਾਵਾਂ ਪ੍ਰਚਲਤ ਹਨ। ਜਿਸ ਤਰ੍ਹਾਂ ਕਈ ਅਜਿਹਾ
ਵਿਸ਼ਵਾਸ਼ ਕਰਦੇ ਹਨ ਕਿ ਰੱਬ ਨੇ ਸਾਰੀਆਂ ਆਤਮਾਵਾਂ ਇਕੋ ਵਾਰ ਬਣਾ ਲਈਆਂ ਸਨ ਤੇ ਜਿਸ ਤਰ੍ਹਾਂ ਬੱਚੇ
ਜੰਮੀ ਜਾਂਦੇ ਹਨ, ਉਹ ਆਪਣੇ ਸਟਾਕ (ਵੇਅਰ ਹਾਊਸ) ਵਿਚੋਂ ਧਰਤੀ ਤੇ ਭੇਜੀ ਜਾਂਦਾ ਹੈ ਤੇ ਉਹ
ਆਤਮਾਵਾਂ ਆਪਣੀ ਜੀਵਨ ਲੀਲਾ ਸਮਾਪਤ ਕਰਕੇ ਖਤਮ ਹੋ ਜਾਂਦੀਆਂ ਹਨ ਜਾਂ ਇੱਕ ਜੀਵਨ ਖਤਮ ਹੋਣ ਤੋਂ
ਬਾਅਦ ਨਵਾਂ ਜੀਵਨ ਸ਼ੁਰੂ ਹੋ ਜਾਂਦਾ ਹੈ? ਇੱਕ ਵਿਚਾਰਧਾਰਾ ਇਹ ਵੀ ਹੈ ਕਿ ਬੇਸ਼ਕ ਆਤਮਾ ਤੇ ਨਹੀਂ
ਮਰਦੀ, ਪਰ ਸਰੀਰ ਦੀ ਮੌਤ ਤੋਂ ਬਾਅਦ ਆਤਮਾ ਰੱਬ ਦੀ ਇੱਕ ਡਿਪਾਰਟਮੈਂਟ ਵਿੱਚ ਜਮ੍ਹਾਂ ਹੋ ਜਾਂਦੀ
ਹੈ, ਉਥੇ ਕੋਈ ਸਵਰਗ ਨਰਕ ਨਹੀਂ ਹੈ, ਪਰ ਜਿਸ ਤਰ੍ਹਾਂ ਬੱਚੇ ਜੰਮੀ ਜਾਂਦੇ ਹਨ, ਸਟਾਕ ਵਿਚੋਂ
ਪੁਰਾਣੀਆਂ ਆਤਮਾਵਾਂ ਆਪਣੀ ਵਾਰੀ ਅਨੁਸਾਰ ਦੁਆਰਾ ਜੰਮੀ ਜਾਂਦੀਆਂ ਹਨ, ਉਦੋਂ ਤੱਕ, ਜਦੋਂ ਤੱਕ
ਉਨ੍ਹਾਂ ਨੂੰ ਮੋਕਸ਼ ਨਹੀਂ ਮਿਲ ਜਾਂਦਾ ਭਾਵ ਵਾਹਿਗੁਰੂ ਦੇ ਚਰਨਾਂ ਵਿੱਚ ਨਿਵਾਸ ਨਹੀਂ ਮਿਲਦਾ, ਉਸ
ਤੋਂ ਬਾਅਦ ਉਹ ਜੇ ਚਾਹੁਣ ਤਾਂ ਆਪਣੀ ਮਰਜ਼ੀ ਨਾਲ ਧਰਤੀ ਤੇ ਜਨਮ ਲੈ ਸਕਦੀਆਂ ਹਨ। ਅਜਿਹੀਆਂ
ਸਚਖੰਡਵਾਸੀ ਰੂਹਾਂ ਹੀ ਗੁਰੂ, ਪੀਰ, ਪੈਗੰਬਰ ਆਦਿ ਬਣ ਕੇ ਦੁਨੀਆਂ ਦੇ ਉਧਾਰ (ਸੁਧਾਰ) ਕਰਨ
ਆਉਂਦੀਆਂ ਹਨ। ਇੱਕ ਹੋਰ ਵਿਚਾਧਾਰਾ ਅਨੁਸਾਰ ਹਰ ਨਵੇਂ ਜਨਮ ਲੈਣ ਵਾਲੇ ਬੱਚੇ ਲਈ ਰੱਬ ਵਲੋਂ ਨਵੀਂ
ਆਤਮਾ ਬਣਾਈ ਜਾਂਦੀ ਹੈ? ਜਿਥੇ ਇੱਕ ਵਿਚਾਰਧਾਰਾ ਵਾਲੇ ਇਹ ਵਿਸ਼ਵਾਸ਼ ਕਰਦੇ ਹਨ ਕਿ ਮਨੁੱਖਾਂ, ਜੀਵਾਂ
(ਪਸ਼ੂਆਂ-ਪੰਛੀਆਂ), ਬਨਸਪਤੀ ਸਮੇਤ ਸਭ ਵਿੱਚ ਇੱਕ ਹੀ ਜੋਤ (ਆਤਮਾ) ਹੁੰਦੀ ਹੈ ਤੇ ਉਹ ਬਨਸਪਤੀ ਤੋਂ
ਆਪਣਾ ਸਫਰ ਸ਼ੁਰੂ ਕਰਕੇ ਤਰੱਕੀ ਕਰਦੀ ਜੀਵਾਂ ਤੋਂ ਹੁੰਦੀ ਹੋਈ, 84 ਲੱਖ ਜੂਨਾਂ ਭੋਗਦੀ, ਆਪਣੀ ਪਰਮ
ਅਵਸਥਾ ਮਨੁੱਖਾ ਜੀਵਨ ਵਿੱਚ ਪਹੁੰਚਦੀ ਹੈ, ਜਿਥੇ ਉਸ ਕੋਲ ਜੂਨਾਂ ਦੇ ਚੱਕਰ ਤੋਂ ਬਚ ਕੇ ਪਰਮ ਆਤਮਾ
ਵਿੱਚ ਲੀਨ ਹੋਣ ਦਾ ਮੌਕਾ ਹੁੰਦਾ ਹੈ, ਪਰ ਉਹ ਮਨੁੱਖਾ ਸਰੀਰ ਵਿੱਚ ਆਪਣੇ ਕਰਮਾਂ (ਮਾੜੇ) ਅਨੁਸਾਰ
ਫਿਰ ਜੂਨਾਂ ਦੇ ਚੱਕਰ ਵਿੱਚ ਪੈ ਜਾਂਦੀ ਹੈ, ਪਰ ਦੁਆਰਾ ਚੱਕਰ ਸ਼ੁਰੂ ਹੋਣ ਤੋਂ ਪਹਿਲਾਂ ਉਹ ਕੁੱਝ
ਚਿਰ ਲਈ ਭੂਤ-ਪ੍ਰਤ ਬਣ ਕੇ ਵਿਚਰ ਸਕਦੀ ਹੈ ਜਾਂ ਉਸਨੂੰ ਕੁੱਝ ਸਮੇਂ ਲਈ ਸਵਰਗ-ਨਰਕ ਦੇ ਚੱਕਰ ਵਿੱਚ
ਪੈਣਾ ਪੈਂਦਾ ਹੈ। ਇਸ ਤੋਂ ਉਲਟ ਇੱਕ ਹੋਰ ਵਿਚਾਰਧਾਰਾ ਅਨੁਸਾਰ ਮਨੁੱਖਾਂ, ਜੀਵਾਂ ਤੇ ਬਨਸਪਤੀ ਵਿੱਚ
ਵੱਖਰੀ-ਵੱਖਰੀ ਤਰ੍ਹਾਂ ਦੀ ਆਤਮਾ (ਸੋਲ) ਹੁੰਦੀ ਹੈ। ਇਹ ਇੱਕ ਦੂਜੇ ਵਿੱਚ ਨਹੀਂ ਜਾਂਦੀ। ਭਾਵ
ਮਨੁੱਖ ਦੀ ਆਤਮਾ ਮੁੜ ਕੇ ਮਨੁੱਖ ਹੀ ਬਣਦੀ ਹੈ, ਜੀਵਾਂ-ਜੰਤੂਆਂ, ਪਸ਼ੂਆਂ-ਪੰਛੀਆਂ ਦੀ ਆਤਮਾ ਉਨ੍ਹਾਂ
ਵਿੱਚ ਹੀ ਸਰਕਲ ਕਰਦੀ ਹੈ। ਬਨਸਪਤੀ ਦੀ ਆਤਮਾ ਬਨਸਪਤੀ ਵਿੱਚ ਹੀ ਵਿਚਰਦੀ ਹੈ। ਜਿਥੇ ਬਹੁਤੇ ਧਰਮ
ਆਤਮਾ ਤੇ ਪ੍ਰਮਾਤਮਾ ਦੇ ਅਧਾਰ ਤੇ ਚੱਲ ਰਹੇ ਹਨ, ਉਥੇ ਕਈ ਸਿਰਫ ਪ੍ਰਮਾਤਮਾ ਨੂੰ ਮੰਨਦੇ ਹਨ, ਪਰ
ਆਤਮਾ ਨੂੰ ਨਹੀਂ ਤੇ ਕਈ ਆਤਮਾ ਨੂੰ ਮੰਨਦੇ ਹਨ, ਪਰ ਪ੍ਰਮਤਮਾਤਮਾ ਨੂੰ ਨਹੀਂ ਮੰਨਦੇ। ਕੁੱਝ ਅਜਿਹੇ
ਵੀ ਹਨ ਜੋ ਆਤਮਾ ਤੇ ਪ੍ਰਮਾਤਮਾ ਦੋਨਾਂ ਨੂੰ ਨਹੀਂ ਮੰਨਦੇ।
ਇਸੇ ਤਰ੍ਹਾਂ ਸਾਇੰਟਿਫਿਕ ਵਿਚਾਰਧਾਰਾ ਅਨੁਸਾਰ ਸਭ ਕੁੱਝ ਕੁਦਰਤ ਦੇ ਅਟੱਲ ਨਿਯਮਾਂ ਅਨੁਸਾਰ ਇਥੇ ਹੀ
ਪੈਦਾ ਹੁੰਦਾ ਹੈ ਤੇ ਇੱਕ ਦਿਨ ਇਥੇ ਹੀ ਖਤਮ ਹੋ ਜਾਂਦਾ ਹੈ। ਇਹ ਸਭ ਕੈਮੀਕਲ ਰੀਐਕਸ਼ਨਜ਼ ਹਨ। ਸਾਰਾ
ਕੁੱਝ ਸੈਲਾਂ ਦੇ ਜੋੜ ਨਾਲ ਬਣਦਾ ਹੈ ਤੇ ਇਸੇ ਨਿਯਮ ਨਾਲ ਇੱਕ ਦਿਨ ਖਤਮ ਹੋ ਜਾਂਦਾ ਹੈ। ਸਾਨੂੰ
ਜੀਵਨ ਵਿੱਚ ਕਈ ਤਰ੍ਹਾਂ ਦੇ ਦੁੱਖ-ਸੁੱਖ ਸਾਡੇ ਮਾਪਿਆਂ ਜਾਂ ਪਿਛਲੀਆਂ ਪੀੜ੍ਹੀਆਂ ਦੇ ਜੀਨਜ਼ ਜਾਂ
ਡੀ. ਐਨ. ਏ. ਰਾਹੀਂ ਮਿਲਦੇ ਹਨ, ਇਸਦਾ ਪਿਛਲੇ ਜਨਮਾਂ ਜਾਂ ਪਿਛਲੇ ਕਰਮਾਂ (ਸੰਸਕਾਰਾਂ) ਨਾਲ ਕੋਈ
ਸਬੰਧ ਨਹੀਂ। ਕੁੱਝ ਵੀ ਕਿਤਿਉਂ ਆ ਨਹੀਂ ਰਿਹਾ ਤੇ ਨਾ ਹੀ ਕਿਤੇ ਜਾ ਰਿਹਾ ਹੈ। ਸਾਰਾ ਮੈਟਰ ਇਕੋ
ਵਾਰ ਇਥੇ ਬਣ ਗਿਆ ਸੀ, ਇਹ ਨਾ ਘਟਦਾ ਹੈ ਤੇ ਨਾ ਵਧਦਾ ਹੈ, ਸਿਰਫ ਸ਼ਕਲ ਹੀ ਬਦਲਦਾ ਹੈ। ਹਰ ਬੀਜ
ਵਿੱਚ ਦਰਖਤ ਛੁਪਿਆ ਹੁੰਦਾ ਹੈ, ਜੋ ਹੋਰ ਬੀਜ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। ਕੁਦਰਤ ਨੇ
ਸ੍ਰਿਸ਼ਟੀ ਚਲਦਾ ਰੱਖਣ ਲਈ ਮੇਲ-ਫੀਮੇਲ, ਅੰਡੇ ਜਾਂ ਬੀਜ ਰਾਹੀਂ ਪੈਦਾ ਕਰਨ ਦਾ ਸਿਸਟਮ ਬਣਾਇਆ ਹੋਇਆ
ਹੈ, ਉਸ ਅਨੁਸਾਰ ਹੀ ਸਭ ਕੁੱਝ ਪੈਦਾ ਹੋ ਰਿਹਾ ਹੈ ਤੇ ਖਤਮ ਹੋ ਰਿਹਾ ਹੈ, ਪਰ ਅਸਲੀਅਤ ਵਿੱਚ ਕੁੱਝ
ਵੀ ਪੈਦਾ ਨਹੀਂ ਹੋ ਰਿਹਾ ਤੇ ਨਾ ਹੀ ਖਤਮ ਹੋ ਰਿਹਾ ਹੈ। ਸਭ ਕੁੱਝ ਇਥੇ ਹੀ ਰੀਸਾਈਕਲ ਹੋ ਰਿਹਾ ਹੈ।
ਇਸੇ ਤਰ੍ਹਾਂ ਇਹ ਸਾਈਕਲ ਚਲਦਾ ਆ ਰਿਹਾ ਹੈ ਤੇ ਚਲਦਾ ਰਹੇਗਾ।
ਇਹ ਸਭ ਕੁੱਝ ਦੱਸਣ ਤੋਂ ਭਾਵ ਸਿਰਫ ਇਹੀ ਹੈ ਕਿ ਇਹ ਸਭ ਵਿਚਾਰਧਾਰਾਵਾਂ ਜਾਂ ਥਿਊਰੀਆਂ ਹੀ ਕਹੀਆਂ
ਜਾ ਸਕਦੀਆਂ ਹਨ, ਇਸ ਵਿੱਚ ਕਿਤਨੀ ਕੁ ਸਚਾਈ ਹੈ ਜਾਂ ਕਿਹੜੀ ਥਿਊਰੀ (ਵਿਚਾਰਧਾਰਾ) ਸਹੀ ਹੈ ਜਾਂ
ਕਿਹੜੀ ਗਲਤ ਜਾਂ ਕਿਹੜੀ ਜ਼ਿਆਦਾ ਸਹੀ ਤੇ ਕਿਹੜੀ ਜ਼ਿਆਦਾ ਗਲਤ, ਇਸ ਬਾਰੇ ਕੁੱਝ ਨਹੀਂ ਕਿਹਾ ਸਕਦਾ,
ਪਰ ਇਹ ਬਿਲਕੁਲ ਵਿਸ਼ਵਾਸ਼ ਨਾਲ ਕਿਹਾ ਜਾ ਸਕਦਾ ਹੈ ਕਿ ਕੁਦਰਤ ਬੜੀ ਬੇਅੰਤ ਹੈ, ਇਸ ਵਿੱਚ ਕੀ ਕੁੱਝ
ਛੁਪਿਆ ਪਿਆ ਹੈ, ਕਿਹਾ ਨਹੀਂ ਜਾ ਸਕਦਾ? ਜਿਸ ਤਰ੍ਹਾਂ ਇਸ ਸ੍ਰਿਸ਼ਟੀ ਵਿੱਚ ਸਭ ਕੁੱਝ ਅਟੱਲ ਨਿਯਮਾਂ
ਵਿੱਚ ਚਲਦਾ ਹੈ, ਉਸ ਅਨੁਸਾਰ ਫਿਰ ਇਹ ਆਤਮਾ ਵਾਲਾ ਸਿਸਟਮ ਵੀ ਜਰੂਰ ਕਿਸੇ ਨਿਯਮ ਵਿੱਚ ਹੀ ਹੋਵੇਗਾ।
ਫਿਰ ਸਾਨੂੰ ਇਹ ਮੰਨਣਾ ਪਵੇਗਾ ਕਿ ਇਨ੍ਹਾਂ ਵੱਖ-ਵੱਖ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਵਿਚੋਂ ਸਿਰਫ
ਇੱਕ ਹੀ ਸਹੀ ਹੋ ਸਕਦੀ ਹੈ ਜਾਂ ਫਿਰ ਸਾਰੀਆਂ ਵੀ ਗਲਤ ਹੋ ਸਕਦੀਆਂ ਹਨ ਤੇ ਇਹ ਵੀ ਸੰਭਵ ਹੈ ਕਿ
ਮਨੁੱਖ ਨੇ ਅਜੇ ਅਜਿਹੇ ਸੂਖਸ਼ਮ ਵਿਸ਼ਿਆਂ ਬਾਰੇ ਕਿਆਸ ਅਰਾਈਆਂ ਹੀ ਲਗਾਈਆਂ ਹੋਣ ਤੇ ਅਸਲੀਅਤ ਕੁੱਝ
ਹੋਰ ਹੋਵੇ। ਇਹ ਤਾਂ ਸਾਰੇ ਧਰਮ ਮੰਨਦੇ ਹਨ ਕਿ ਕੁਦਰਤ ਬੜੀ ਬੇਅੰਤ ਹੈ, ਇਸਦਾ ਅੰਤ ਨਹੀਂ ਪਾਇਆ ਜਾ
ਸਕਦਾ ਜਾਂ ਘੱਟੋ-ਘੱਟ ਅਜੇ ਤੱਕ ਨਹੀਂ ਪਾਇਆ ਜਾ ਸਕਿਆ, ਹੋ ਸਕਦਾ ਮਨੁੱਖ ਭਵਿੱਖ ਵਿੱਚ ਅੰਤ ਪਾ
ਲਵੇ। ਇਹ ਵੀ ਸੰਭਵ ਹੈ ਕਿ ਕੁਦਰਤ ਨੇ ਸ੍ਰਿਸ਼ਟੀ ਵਿੱਚ ਇੱਕ ਖੇਲ ਹੀ ਰਚਾਇਆ ਹੋਵੇ, ਜਿਸ ਵਿੱਚ
ਮਨੁੱਖ ਦੀ ਡਿਊਟੀ ਕੁਦਰਤ ਦੇ ਭੇਤਾਂ ਨੂੰ ਲੱਭਣ ਦੀ ਹੋਵੇ (ਜਿਸ ਤਰ੍ਹਾਂ ਬੱਚੇ ਲੁਕਣਮੀਚੀ ਖੇਡਦੇ
ਹੋਏ, ਲੁਕੇ ਹੋਏ ਸਾਥੀਆਂ ਨੂੰ ਲੱਭਦੇ ਹਨ, ਜਦੋਂ ਸਾਰੇ ਲੱਭ ਪੈਂਦੇ ਹਨ, ਖੇਡ ਖਤਮ ਤੇ ਫਿਰ ਨਵੀਂ
ਖੇਡ ਸ਼ੁਰੂ), ਮਨੁੱਖ ਲੱਖਾਂ ਸਾਲਾਂ ਤੋਂ ਕੁਦਰਤ ਦੇ ਭੇਦ ਲੱਭਣ ਵਿੱਚ ਲੱਗਾ ਹੋਇਆ ਹੈ ਤੇ ਜਦੋਂ
ਸਾਰੇ ਕੁੱਝ ਦਾ ਅੰਤ ਪੈ ਜਾਵੇ, ਕੁਦਰਤ ਆਪਣਾ ਸਾਰਾ ਪਸਾਰਾ ਸਮੇਟ ਲੈਂਦੀ ਹੋਵੇ ਤੇ ਫਿਰ ਆਦਮ ਤੇ ਈਵ
ਤੋਂ ਨਵੀਂ ਖੇਡ ਸ਼ੁਰੂ ਹੋ ਜਾਂਦੀ ਹੋਵੇ।
ਪਰ ਨਕਲੀ ਧਰਮਾਂ ਦੇ ਪੁਜਾਰੀਆਂ ਨੇ ਅਜਿਹਾ ਜ਼ਾਲ ਬੁਣਿਆ ਹੋਇਆ ਹੈ ਕਿ ਉਹ ਇੱਕ ਧਾਰਮਿਕ ਗੁਰੂ ਦੀ
ਖੋਜ (ਆਤਮਾ, ਪ੍ਰਮਾਤਮਾ ਆਦਿ ਬਾਰੇ) ਨੂੰ ਲੈ ਕੇ ਅੱਗੇ ਨਹੀਂ ਤੁਰਦੇ ਤੇ ਨਾ ਹੀ ਕਿਸੇ ਨੂੰ ਤੁਰਨ
ਦਿੰਦੇ ਹਨ। ਉਹ ਆਪਣੇ ਗੁਰੂ ਦੀ ਖੋਜ ਤੇ ਜੱਫਾ ਮਾਰ ਕੇ ਬੈਠ ਜਾਂਦੇ ਹਨ ਤੇ ਉਸ ਖੋਜ ਨੂੰ ਅੱਗੇ
ਤੋਰਨ ਦੀ ਥਾਂ ਮਨੁੱਖ ਨੂੰ ਉਸਦੀ ਪੂਜਾ ਵਿੱਚ ਲਗਾ ਦਿੰਦੇ ਹਨ। ਇਸੇ ਲਈ ਹਰ ਧਾਰਮਿਕ ਫਿਰਕਾ ਸਮਾਂ
ਪਾ ਕੇ ਪਿਛਾਂਹਖਿਚੂ ਸੋਚ ਦਾ ਧਾਰਨੀ ਬਣ ਜਾਂਦਾ ਹੈ। ਉਹ ਪ੍ਰੰਪਰਾਵਾਂ, ਮਰਿਯਾਦਾਵਾਂ, ਚਿੰਨ੍ਹਾਂ,
ਪਹਿਰਾਵਿਆਂ, ਗ੍ਰੰਥਾਂ ਦੇ ਪੂਜਾ ਪਾਠਾਂ, ਮੰਤਰ ਰਟਨਾਂ ਵਿੱਚ ਫਸ ਕੇ ਰਹਿ ਜਾਂਦਾ ਹੈ। ਜੇ ਕਿਤੇ
ਧਰਮ ਵੀ ਸਾਇੰਸ ਵਾਂਗ ਖੋਜੀ ਬਿਰਤੀ ਵਾਲਾ ਹੁੰਦਾ ਤਾਂ ਹੁਣ ਤੱਕ ਮਨੁੱਖ ਨੇ ਆਤਮਾ, ਪ੍ਰਮਾਤਮਾ, ਮਨ,
ਸਵਰਗ, ਨਰਕ, ਸੱਚਖੰਡ, ਪ੍ਰਲੋਕ ਆਦਿ ਅਨੇਕਾਂ ਵਿਸ਼ਿਆਂ ਬਾਰੇ ਖੋਜਾਂ ਕਰਕੇ ਕੁਦਰਤ ਦੇ ਭੇਦ ਲੱਭ ਲਏ
ਹੁੰਦੇ। ਉਸਨੂੰ ਇਨ੍ਹਾਂ ਵਿਸ਼ਿਆਂ ਬਾਰੇ ਕਿਆਸ ਅਰਾਈਆਂ ਨਾ ਲਗਾਉਣੀਆਂ ਪੈਂਦੀਆਂ, ਉਸਨੂੰ ਸਾਰਾ ਜ਼ੋਰ
ਸ਼ਰਧਾ ਨਾਲ ਮੰਨਣ ਤੇ ਨਾ ਲਗਾਉਣਾ ਪੈਂਦਾ। ਜਿਸ ਤਰ੍ਹਾਂ ਸਾਇੰਸ ਵਿੱਚ ਜਦੋਂ ਮੈਟਰ ਤੇ ਇੱਕ ਖੋਜ
ਹੁੰਦੀ ਹੈ, ਉਸ ਖੋਜ ਨੂੰ ਲੈ ਕੇ ਅਗਲੇ ਵਿਗਿਆਨੀ ਹੋਰ ਅੱਗੇ ਤੁਰ ਪੈਂਦੇ ਹਨ, ਫਿਰ ਇਸ ਤਰ੍ਹਾਂ ਇਹ
ਸਰਕਲ ਚਲਦਾ ਰਹਿੰਦਾ ਹੈ, ਹਰ ਕੋਈ ਦੂਜੇ ਦੀ ਖੋਜ ਤੋਂ ਲਾਭ ਉਠਾ ਕੇ ਅੱਗੇ ਤੁਰ ਸਕਦਾ ਹੈ, ਆਪਣੀ
ਨਵੀਂ ਖੋਜ ਕਰ ਸਕਦਾ ਹੈ, ਇਸੇ ਤਰ੍ਹਾਂ ਸਾਇੰਸ ਅੱਗੇ ਤੋਂ ਅੱਗੇ ਕੁਦਰਤ ਦੇ ਭੇਤਾਂ ਨੂੰ ਲੱਭਣ ਵਿੱਚ
ਕਾਮਯਾਬ ਰਹੀ ਹੈ। ਪਰ ਬਦਕਿਸਮਤੀ ਨਾਲ ਧਰਮਾਂ ਵਿੱਚ ਅਜਿਹਾ ਨਹੀਂ ਹੁੰਦਾ, ਅਸੀਂ ਪੁਜਾਰੀਆਂ ਮਗਰ
ਲੱਗ ਕੇ ਧਾਰਮਿਕ ਰਹਿਬਰਾਂ ਦੀਆਂ ਖੋਜਾਂ ਨੂੰ ਫਿਰਕਿਆਂ ਦੀਆਂ ਮਰਿਯਾਦਾਵਾਂ ਵਿੱਚ ਬੰਨ੍ਹ ਲੈਂਦੇ
ਹਾਂ ਤੇ ਧਾਰਮਿਕ ਗੁਰੂਆਂ ਦੀ ਮੈਟਰ ਵਿਚਲੀ ਚੇਤੰਨਤਾ ਤੇ ਸਥੂਲ ਅੰਦਰ ਸੂਖਸ਼ਮ ਦੀ ਅਗਾਂਹਵਧੂ ਖੋਜ
ਨੂੰ ਪਿਛਾਂਹਖਿਚੂ ਬਣਾ ਲੈਂਦੇ ਹਾਂ। ਉਸਦੇ ਪੂਜਾ ਪਾਠ ਤੇ ਮੰਤਰ ਰਟਨ ਵਿੱਚ ਪੈ ਜਾਂਦੇ ਹਾਂ।
ਇਥੇ ਇੱਕ ਪੱਖ ਹੋਰ ਵੀ ਵਿਚਾਰਨ ਵਾਲਾ ਹੈ ਕਿ ਇਸ ਧਰਤੀ ਤੇ ਕੋਈ ਮਨੁੱਖ ਸੁੱਖ ਭੋਗ ਰਿਹਾ ਹੈ ਤੇ
ਕੋਈ ਦੁੱਖ ਭੋਗ ਰਿਹਾ ਹੈ। ਕੋਈ ਸੁੱਖਾਂ ਵਿੱਚ ਜੰਮਦਾ ਤੇ ਸੁੱਖ ਭੋਗਦਾ ਮਰ ਜਾਂਦਾ ਹੈ ਤੇ ਕੋਈ
ਸਾਰੀ ਉਮਰ ਰੋਟੀ, ਕੱਪੜਾ ਤੇ ਮਕਾਨ ਲਈ ਸੰਘਰਸ਼ ਕਰਦਾ ਹੀ ਤੁਰ ਜਾਂਦਾ ਹੈ। ਕੋਈ ਮਨੁੱਖ ਸਾਰੀ ਉਮਰ
ਗਲਤ ਕੰਮ ਕਰਦਾ, ਗਲਤ ਢੰਗਾਂ ਨਾਲ ਪੈਸਾ ਇਕੱਠਾ ਕਰਦਾ, ਲੋਕਾਂ ਨੂੰ ਦੁੱਖ ਦਿੰਦਾ ਹੈ, ਹੋਰ ਵੀ ਗਲਤ
ਕੰਮ ਕਰਦਾ ਹੈ, ਪਰ ਉਸਨੂੰ ਕੋਈ ਸਜ਼ਾ ਨਹੀਂ ਮਿਲਦੀ, ਉਸਦੇ ਜੀਵਨ ਵਿੱਚ ਕੋਈ ਬਹੁਤੇ ਦੁੱਖ ਵੀ ਨਹੀਂ
ਹੁੰਦੇ, ਉਹ ਇਸੇ ਤਰ੍ਹਾਂ ਬਿਨਾਂ ਕੋਈ ਸਜ਼ਾ ਭੁਗਤੇ ਸੰਸਾਰ ਤੋਂ ਚਲਾ ਜਾਂਦਾ ਹੈ। ਦੂਜੇ ਪਾਸੇ ਕਈ
ਆਪਣੇ ਵਲੋਂ ਚੰਗਾ ਕਰਦੇ ਹਨ, ਕਿਸੇ ਨੂੰ ਤੰਗ ਪ੍ਰੇਸ਼ਾਨ ਵੀ ਨਹੀਂ ਕਰਦੇ, ਦੂਜਿਆਂ ਦਾ ਹੱਕ ਵੀ ਨਹੀਂ
ਮਾਰਦੇ, ਆਪਣੀ ਮਿਹਨਤ ਦੀ ਕਮਾਈ ਨਾਲ ਪਰਿਵਾਰ ਪਾਲ਼ਦੇ ਹਨ, ਫਿਰ ਵੀ ਸਾਰੀ ਉਮਰ ਦੁੱਖਾਂ-ਤਕਲੀਫਾਂ
ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਸਾਰੀ ਉਮਰ ਸੰਘਰਸ਼ ਕਰਨਾ ਪੈਂਦਾ ਹੈ। ਜੇ ਕਰਮਵਾਦੀਆਂ ਦੀ ਗੱਲ ਤੇ
ਵਿਸ਼ਵਾਸ਼ ਕਰੀਏ ਤਾਂ ਇਹ ਮੰਨਣਾ ਪਵੇਗਾ ਕਿ ਇਹ ਸਭ ਕੁਦਰਤ ਦੇ ਨਿਯਮਾਂ ਅਨੁਸਾਰ ਜਾਂ ਪ੍ਰਭੂ ਦੇ ਹੁਕਮ
ਵਿੱਚ ਹੀ ਹੋ ਰਿਹਾ ਹੈ ਤੇ ਹਰ ਕੋਈ ਆਪਣੇ ਪਿਛਲੇ ਕਰਮਾਂ ਅਨੁਸਾਰ ਹੀ ਦੁੱਖ-ਸੁੱਖ ਭੋਗ ਰਿਹਾ ਹੈ।
ਜੋ ਵੀ ਮਾੜਾ-ਚੰਗਾ ਹੋ ਰਿਹਾ ਹੈ, ਉਹ ਵੀ ਸਭ ਪ੍ਰਮਾਤਮਾ ਦੇ ਹੁਕਮ ਵਿੱਚ ਮਨੁੱਖ ਦੇ ਕਰਮਾਂ ਅਨੁਸਾਰ
ਹੀ ਹੈ। ਫਿਰ ਸਵਾਲ ਪੈਦਾ ਹੁੰਦਾ ਹੈ ਕਿ ਮਨੁੱਖ ਦੇ ਹੱਥ ਕੀ ਹੈ? ਕੀ ਮਨੁੱਖ ਸਿਰਫ ਇੱਕ ਕਠਪੁਤਲੀ
ਹੈ? ਧਰਮ ਸਾਨੂੰ ਅਜਿਹੀਆਂ ਗੱਲਾਂ ਸਿਖਾਉਂਦਾ ਤੇ ਜਰੂਰ ਹੈ, ਪਰ ਉਸ ਕੋਲ ਇਨ੍ਹਾਂ ਸਵਾਲਾਂ ਦੇ ਜਵਾਬ
ਕੋਈ ਨਹੀਂ ਹਨ? ਸਿਰਫ ‘ਦਿਲ ਕੋ ਬਹਿਲਾਨੇ ਕੇ ਲੀਏ ਖਿਆਲ ਅੱਛਾ ਹੈ ਗਾਲਿਬ. .’ ਵਾਂਗ, ਇਹ ਸਿਰਫ
ਇੱਕ ਝੂਠੀ ਤਸੱਲੀ ਹੀ ਕਹੀ ਜਾ ਸਕਦੀ ਹੈ। ਸਚਾਈ ਕੀ ਹੈ, ਕੁੱਝ ਨਹੀਂ ਕਿਹਾ ਜਾ ਸਕਦਾ। ਇਸਦਾ ਕਾਰਨ
ਇਹੀ ਹੈ ਕਿ ਜੇ ਕਿਸੇ ਨੇ ਇਸ ਪਾਸੇ ਖੋਜ ਕੀਤੀ ਤਾਂ ਅਸੀਂ ਉਸ ਖੋਜ ਤੋਂ ਅੱਗੇ ਤੁਰਨ ਦੀ ਥਾਂ ਸਿਰਫ
ਮੰਨਣ ਦੇ ਰਾਹ ਤੁਰ ਪਏ ਜਾਂ ਤੋਰ ਦਿੱਤੇ ਗਏ ਹਾਂ। ਇਸਦੇ ਉਲਟ ਭੌਤਿਕਵਾਦੀਆਂ ਜਾਂ ਸਮਾਜਵਾਦੀਆਂ
ਅਨੁਸਾਰ ਮਨੁੱਖ ਦੇ ਦੁੱਖਾਂ-ਸੁੱਖਾਂ ਦਾ ਕਾਰਨ ਜਿਥੇ ਮਨੁੱਖ ਦੀਆਂ ਆਪਣੀਆਂ ਗਲਤੀਆਂ ਹਨ, ਉਥੇ ਸਮਾਜ
ਵਿੱਚ ਤਾਕਤਵਰ ਧਿਰਾਂ ਵਲੋਂ ਮਨੁੱਖੀ ਵਸੀਲਿਆਂ ਤੇ ਕਬਜ਼ਾ ਕਰਕੇ ਕੀਤੀ ਹੋਈ ਕਾਣੀ ਵੰਡ ਅਨੁਸਾਰ ਹੈ।
ਜਦੋਂ ਤੁਸੀਂ ਦੋਨੋਂ ਧਿਰਾਂ ਦੀਆਂ ਦਲੀਲਾਂ ਨੂੰ ਇਮਾਨਦਾਰੀ ਨਾਲ ਨਿਰਪੱਖ ਹੋ ਕੇ ਸੋਚਦੇ ਹੋ ਤਾਂ
ਦੋਨੇ ਪਾਸੇ ਕੁੱਝ ਨਾ ਕੁੱਝ ਸਚਾਈ ਨਜ਼ਰ ਆਉਂਦੀ ਹੈ। ਬੇਸ਼ਕ ਦੋਨਾਂ ਪੱਖਾਂ ਦੇ ਕੱਟੜਵਾਦੀ ਇੱਕ ਦੂਜੇ
ਦੇ ਪੱਖ ਨੂੰ ਮੁਢੋਂ ਹੀ ਰੱਦ ਕਰ ਦਿੰਦੇ ਹਨ, ਪਰ ਅਸਲੀਅਤ ਤੋਂ ਭੱਜ ਕੇ ਅਸੀਂ ਸਚਾਈ ਤੱਕ ਨਹੀਂ
ਪਹੁੰਚ ਸਕਦੇ। ਬਦਕਿਸਮਤੀ ਇਹ ਹੈ ਕਿ ਦੋਨੋਂ ਪਾਸੇ ਦਾਅਵਾ ਮਨੁੱਖਤਾ ਦੀ ਭਲਾਈ ਦਾ ਹੀ ਕਰਦੇ ਹਨ, ਪਰ
ਨਿਰਪੱਖਤਾ ਨਾਲ ਸਚਾਈ ਲੱਭਣ ਜਾਂ ਸੱਚ ਦੀ ਖੋਜ ਕਰਨ ਦੀ ਥਾਂ ਖੜ ਇੱਕ ਪੱਖ ਤੇ ਜਾਂਦੇ ਹਨ। ਜਿਸ ਨਾਲ
ਆਮ ਮਨੁੱਖ ਦੁਬਿਧਾ ਦਾ ਸ਼ਿਕਾਰ ਹੋ ਕੇ ਦੋਨਾਂ ਧਿਰਾਂ ਦੀ ਸਿਆਸਤ ਦੀ ਚੱਕੀ ਵਿੱਚ ਪਿਸਦਾ ਹੈ। ਮੇਰਾ
ਇਹ ਮੰਨਣਾ ਹੈ ਕਿ ਜੇ ਅਸੀਂ ਸੱਚ ਦੇ ਮਾਰਗ ਤੇ ਤੁਰਨਾ ਹੈ, ਸੱਚ ਦੀ ਖੋਜ ਕਰਨੀ ਹੈ, ਕੁਦਰਤ ਦੇ
ਭੇਦਾਂ ਦੇ ਸੱਚ ਨੂੰ ਜਾਨਣਾ ਹੈ, ਤਾਂ ਅਸੀਂ ਇਹ ਸਭ ਧਿਰ ਬਣ ਕੇ ਨਹੀਂ ਕਰ ਸਕਦੇ, ਅਸੀਂ ਇੱਕ ਪੱਖ
ਦੇ ਹੱਕ ਜਾਂ ਵਿਰੋਧ ਵਿੱਚ ਖੜ ਕੇ ਸਚਾਈ ਤੱਕ ਨਹੀਂ ਪਹੁੰਚ ਸਕਦੇ? ਕੁਦਰਤ ਦੇ ਭੇਦਾਂ ਨੂੰ ਜਾਨਣ ਲਈ
ਸਾਨੂੰ ਮੰਨਣ ਦੀ ਥਾਂ ਜਾਨਣ ਤੇ ਖੋਜੀ ਬਿਰਤੀ ਅਪਨਾਉਣੀ ਪਵੇਗੀ? ਬਾਹਰੀ ਮੈਟਰ ਬਾਰੇ ਸਾਇੰਸਦਾਨਾਂ
ਦੀ ਖੋਜਾਂ ਨੂੰ ਜਾਣੇ ਬਿਨਾਂ ਵੀ ਅਸੀਂ ਉਸਦਾ ਲਾਭ ਉਠਾ ਸਕਦੇ ਹਾਂ, ਪਰ ਮੈਟਰ ਵਿਚਲੀ ਚੇਤੰਨਤਾ ਦੀ
ਖੋਜ ਸਾਨੂੰ ਆਪ ਹੀ ਕਰਨੀ ਪਵੇਗੀ, ਅਸੀਂ ਦੂਜੇ ਦੀ ਖੋਜ ਤੋਂ ਆਪਣੇ ਲਈ ਸੇਧ ਤਾਂ ਲੈ ਸਕਦੇ ਹਾਂ, ਪਰ
ਆਪਣੇ ਆਪੇ ਦੀ, ਆਪਣੇ ਅੰਦਰ ਵਸਦੀ ਉਸ ਰੱਬੀ ਜੋਤ ਦੀ ਖੋਜ ਸਾਨੂੰ ਆਪ ਹੀ ਕਰਨੀ ਪਵੇਗੀ, ਫਿਰ ਹੀ
ਅਸੀਂ ਸੱਚ ਦੇ ਨੇੜੇ ਪਹੁੰਚ ਸਕਦੇ ਹਾਂ। ਜੇ ਅਸੀਂ ਆਪਣੀ ਖੋਜ ਨਹੀਂ ਕਰ ਸਕਦੇ ਤਾਂ ਵੀ ਸਿਰਫ ਮੰਨਣ
ਨਾਲ ਜਾਂ ਸ਼ਰਧਾ ਕਰਨ ਨਾਲ ਦੁਬਿਧਾ ਹੀ ਪੈਦਾ ਹੋ ਸਕਦੀ ਹੈ, ਉਸ ਨਾਲੋਂ ਨਾ ਮੰਨਣਾ ਬਿਹਤਰ ਹੈ।
ਕੁਦਰਤ ਦੇ ਭੇਦਾਂ ਬਾਰੇ ਕਿਸੇ ਦੀਆਂ ਕਹੀਆਂ ਗੱਲਾਂ ਤੇ ਯਕੀਨ ਕਰਕੇ ਜਾਂ ਕਿਸੇ ਗ੍ਰੰਥ ਦੇ ਸਬਦਾਂ
ਨੂੰ ਰੱਬੀ ਬਾਣੀ ਤੇ ਆਖਰੀ ਸੱਚ ਮੰਨ ਕੇ ਅੱਖਾਂ ਮੀਟ ਕੇ ਤੁਰਨ ਵਾਲਿਆਂ ਨਾਲੋਂ, ਨਾ ਮੰਨਣ ਵਾਲੇ
ਸਚਾਈ ਦੇ ਵੱਧ ਨੇੜੇ ਹੋ ਸਕਦੇ ਹਨ। ਉਹ ਘੱਟੋ-ਘੱਟ ਧਰਮਾਂ ਵਿੱਚ ਚੱਲ ਰਹੇ ਸੋਸ਼ਣ ਤੋਂ ਤਾਂ ਬਚ ਹੀ
ਜਾਂਦੇ ਹਨ। ਉਸ ਨਾਲ ਤੁਸੀਂ ਘੱਟੋ-ਘੱਟ ਪੁਜਾਰੀਆਂ ਦੇ ਝੂਠੇ ਲਾਰਿਆਂ ਤੇ ਝੂਠੇ ਪੂਜਾ-ਪਾਠਾਂ, ਮੰਤਰ
ਜਾਪਾਂ, ਕਰਮਕਾਂਡਾਂ ਨੂੰ ਨਿਭਾਉਣ ਵਿੱਚ ਸਮਾਂ ਖਰਾਬ ਕਰਨ ਦੀ ਥਾਂ ਉਸ ਸਮੇਂ ਨਾਲ ਸਮਾਜ ਲਈ ਕੁੱਝ
ਸਾਰਥਿਕ ਕਰ ਸਕਦੇ ਹੋ। ਮੇਰਾ ਅਖੀਰ ਵਿੱਚ ਇਹੀ ਕਹਿਣਾ ਹੈ ਕਿ ਨਕਲੀ ਜਾਂ ਝੂਠੇ ਧਰਮੀ ਬਣਨ ਨਾਲੋਂ
ਸੱਚੇ ਤੇ ਇਮਾਨਦਾਨ ਅਧਰਮੀ ਜਾਂ ਨਾਸਤਿਕ ਬਣਨਾ ਸੌ ਗੁਣਾਂ ਚੰਗਾ ਹੈ। ਜੇ ਅਸੀਂ ਅਸਲੀ ਤੇ ਸੱਚੇ
ਧਰਮੀ ਬਣਨਾ ਹੈ ਤਾਂ ਅਸੀਂ ਮੰਨਣ ਦੀ ਥਾਂ ਜਾਨਣ ਦੇ ਰਾਹ ਤੁਰੀਏ, ਸ਼ਰਧਾ ਦੀ ਥਾਂ ਖੋਜ ਦੇ ਮਾਰਗ
ਪਈਏ। ਇਸ ਵਿੱਚ ਹੀ ਮਨੁੱਖਤਾ ਦਾ ਭਲਾ ਹੈ। ਨਕਲੀ ਧਰਮਾਂ ਨੇ ਮਨੁੱਖਤਾ ਨੂੰ ਸੋਸ਼ਣ, ਅਗਿਆਨਤਾ, ਅੰਧ
ਵਿਸ਼ਵਾਸ਼, ਦੀਨਤਾ, ਦਰਿਦਰਤਾ, ਡਰ, ਲਾਲਚ ਆਦਿ ਹੀ ਦਿੱਤਾ ਹੈ। ਇਸ ਨਾਲੋਂ ਸਾਇੰਸ ਨੇ ਮਨੁੱਖ ਨੂੰ
ਹਜ਼ਾਰਾਂ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਹਨ। ਜੇ ਅਸੀਂ ਅਸਲੀ ਧਰਮ ਦੀ ਖੋਜ ਨਹੀਂ ਕਰ ਸਕਦੇ ਤਾਂ
ਘੱਟ-ਘੱਟ ਨਕਲੀ ਧਰਮਾਂ ਦੇ ਝੂਠੇ ਤੇ ਕਲਪਿਤ ਲਾਰਿਆਂ ਦੀ ਥਾਂ ਸਾਇੰਸ ਦੇ ਸੁੱਖਾਂ ਦਾ ਹੀ ਆਨੰਦ ਮਾਣ
ਲਈਏ, ਉਸਦਾ ਹੀ ਲਾਭ ਉਠਾ ਲਈਏ? ਪੁਜਾਰੀਆਂ ਦੇ ਨਕਲੀ ਧਰਮ ਅਸਥਾਨਾਂ ਵਿੱਚ ਸਮਾਂ ਤੇ ਪੈਸਾ ਬਰਬਾਦ
ਕਰਨ ਦੀ ਥਾਂ ਉਸ ਪੈਸੇ ਤੇ ਸਮੇਂ ਨੂੰ ਚੰਗੀਆਂ ਥਾਵਾਂ ਤੇ ਪਰਿਵਾਰ ਨਾਲ ਘੁੰਮਣ ਫਿਰਨ, ਕੁਦਰਤ ਦੇ
ਨਜ਼ਾਰਿਆਂ ਨੂੰ ਮਾਨਣ, ਸਮਾਜ ਦੇ ਭਲੇ ਲਈ ਖਰਚ ਕਰੀਏ ਤਾਂ ਬਿਹਤਰ ਹੋਵੇਗਾ। ਸੋਸ਼ਣ ਰਹਿਤ ਚੰਗਾ ਸਮਾਜ
ਸਿਰਜਣ ਵਿੱਚ ਯੋਗਦਾਨ ਪਾਈਏ, ਕਿਸੇ ਲੋੜਵੰਦ ਦੀ ਮੱਦਦ ਕਰਕੇ ਸਮਾਜ ਵਿੱਚ ਸਤਿਕਾਰ ਨਾਲ ਚੱਲਣ ਯੋਗਾ
ਬਣਾ ਦੇਈਏ। ਇੱਕ ਦੂਜੇ ਦੇ ਕੰਮ ਆਈਏ, ਇਹ ਵੀ ਅਸਲੀ ਧਰਮ ਦਾ ਹੀ ਹਿੱਸਾ ਹੈ।