.

ਗੁਰਦੁਆਰਾ ਗੁਰੂ ਨਾਨਕ ਦਰਬਾਰ ਐਡੀਲੇਡ ਵਿਖੇ ਵੀਹ ਸੌ ਤੇਰਾਂ ਨੂੰ ਦਿਤਾ
ਦੀਵਾਲੀ ਤੇ ਵਿਖਿਆਨ
ਸਤਿਕਾਰ ਯੋਗ ਸਾਧ ਸੰਗਤ ਜੀਓ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ॥

ਅਕਾਲ ਦਾ ਸਾਜਿਆ ਹੋਇਆ ਕਾਲ, ਅਰਥਾਤ ਸਮਾ ਧੁਰ ਤੋਂ ਹੀ ਸਦਾ ਇਕਸਾਰ ਚੱਲਦਾ ਆ ਰਿਹਾ ਹੈ। ਮਨੁਖ ਨੇ ਆਪਣੀ ਸਹੂਲਤ ਵਾਸਤੇ, ਇਸ ਨੂੰ ਦਹਿ ਸਦੀਆਂ, ਸਦੀਆਂ, ਸਾਲਾਂ, ਮਹੀਨਿਆਂ, ਹਫ਼ਤਿਆਂ, ਦਿਨਾਂ ਘੰਟਿਆਂ, ਮਿੰਟਾਂ ਆਦਿ ਵਿੱਚ ਵੰਡਿਆ ਹੈ।
ਏਸੇ ਤਰ੍ਹਾਂ ਮਨੁਖ ਨੇ ਹੀ ਦਿਨ ਦਿਹਾਰ ਨਿਸਚਤ ਕਰਕੇ, ਉਹਨਾਂ ਦਾ ਵੱਖ ਵੱਖ ਮਹੱਤਵ ਮੰਨਿਆਂ ਹੈ। ਮੱਸਿਆ, ਸੰਗ੍ਰਾਂਦ, ਚੌਦੇਂ, ਪੁੰਨਿਆਂ, ਪੰਚਮੀ ਆਦਿ ਨੂੰ ਮੰਨ ਕੇ, ਇਹਨਾਂ ਦਿਨਾਂ ਤੇ ਉਤਸ਼ਾਹ ਭਰਪੂਰ ਧਾਰਮਿਕ ਰਸਮਾਂ ਕੀਤੀਆ ਜਾਂਦੀਆਂ ਹਨ। ਏਸੇ ਤਰ੍ਹਾਂ ਵੈਸਾਖੀ, ਦਿਵਾਲੀ, ਹੋਲੀ, ਦੁਸਹਿਰਾ ਆਦਿ ਤਿਉਹਾਰ ਵੀ ਮਨਾਏ ਜਾਂਦੇ ਹਨ। ਇਹਨਾਂ ਤਿਉਹਾਰਾਂ ਤੋਂ ਇਲਾਵਾ ਵੱਖ ਵੱਖ ਧਰਮਾਂ, ਸੰਪਰਦਾਵਾਂ, ਜਥੇਬੰਦੀਆਂ, ਡੇਰਿਆਂ ਆਦਿ ਦੇ ਸ਼ਰਧਾਲੂ ਵੀ ਆਪਣੇ ਆਪਣੇ ਮਹਾਂਪੁਰਸ਼ਾਂ ਨਾਲ਼ ਸਬੰਧਤ ਦਿਹਾੜਿਆਂ ਨੂੰ ਉਤਸ਼ਾਹ ਸਹਿਤ ਮਨਾਉਂਦੇ ਹਨ।
ਸਿੱਖ ਸਮਾਜ ਵੀ ਦੇਸਾਂ ਪਰਦੇਸਾਂ ਵਿੱਚ ਆਪਣੇ ਗੁਰੂ ਸਾਹਿਬਾਨ, ਸ਼ਹੀਦਾਂ, ਮਹਾਂ ਪੁਰਸ਼ਾਂ ਆਦਿ ਨਾਲ਼ ਸਬੰਧਤ ਦਿਨਾਂ ਉਪਰ, ਗੁਰੂ ਘਰਾਂ ਵਿੱਚ ਉਚੇਚੇ ਸਮਾਗਮ ਰਚਦੇ ਹਨ। ਅਜਿਹਾ ਕੁੱਝ ਕਰਨ ਵਿੱਚ ਮੈਨੂੰ ਤਾਂ ਕੋਈ ਵੀ ਇਤਰਾਜ਼ ਯੋਗ ਗੱਲ ਨਹੀਂ ਲੱਗਦੀ ਪਰ ਕੁੱਝ ਸਮੇ ਤੋਂ ਮੈਂ ਪੜ੍ਹ ਅਤੇ ਸੁਣ ਰਿਹਾ ਹਾਂ ਕਿ ਕੁੱਝ ਨਵੀ ਵਿੱਦਿਆ ਦੇ ਵਿਦਵਾਨ, ਅਜਿਹੇ ਦਿਨ ਦਿਹਾਰਾਂ ਉਪਰ ਉਚੇਚੇ ਦੀਵਾਨ ਸਜਾਉਣ ਦੀ ਵਿਰੋਧਤਾ ਕਰ ਰਹੇ ਹਨ। ਪਹਿਲਾਂ ਪਹਿਲਾਂ ਤਾਂ ਹੋਰ ਕਈ ਸੱਜਣਾਂ ਵਾਂਙ, ਮੇਰੇ ਉਪਰ ਵੀ ਇਹਨਾਂ ਵਿਦਵਾਨਾਂ ਦੀਆਂ ਦਲੀਲਾਂ ਦਾ ਵਾਹਵਾ ਈ ਅਸਰ ਹੋ ਜਾਂਦਾ ਸੀ ਪਰ ਕੁੱਝ ਸਾਲਾਂ ਤੋਂ ਮੈਂ ਮੁਕੰਮਲ ਤੌਰ ਤੇ ਇਹਨਾਂ ਦੇ ਵਿਚਾਰਾਂ ਨਾਲ਼ ਸਹਿਮਤ ਨਹੀਂ, ਭਾਵੇਂ ਕਿ ਕਈ ਗੱਲਾਂ ਇਹਨਾਂ ਦੀਆਂ ਗੁਰਮਤਿ ਦੀ ਕਸਵਟੀ ਅਨੁਸਾਰ ਠੀਕ ਵੀ ਹਨ।
ਗੁਰੂ ਸਾਹਿਬਾਨ ਜੀ ਦੇ ਇਸ ਸੰਸਾਰ ਅੰਦਰ, ਪੰਜ ਭੂਤਕ ਸਰੀਰ ਧਾਰ ਕੇ ਪਧਾਰਨ ਤੋਂ ਵੀ ਬਹੁਤ ਪਹਿਲਾਂ, ਕਈ ਤਿਉਹਾਰ ਭਾਰਤੀ ਲੋਕਾਂ ਵੱਲੋਂ ਮਨਾਏ ਜਾਂਦੇ ਸਨ ਤੇ ਅੱਜ ਵੀ ਮਨਾਏ ਜਾ ਰਹੇ ਹਨ। ਇਹਨਾਂ ਦੀ ਵੰਡ ਵੀ ਬ੍ਰਾਹਮਣ ਨੇ ਵਰਨਾਂ ਅਨੁਸਾਰ ਕੀਤੀ ਹੋਈ ਸੀ। ਜਿਵੇਂ ਕਿ ਵੈਸਾਖੀ ਬ੍ਰਾਹਮਣਾਂ ਦਾ, ਦੁਸਹਿਰਾ ਖਤਰੀਆਂ ਦਾ, ਦੀਵਾਲੀ ਵੈਸ਼ਾਂ ਦਾ, ਲੋਹੜੀ ਤੇ ਹੋਲੀ ਸ਼ੂਦਰਾਂ ਦੇ ਤਿਉੇਹਾਰ ਹੋਣੇ ਮਿਥ ਲਏ ਗਏ। ਸ਼ੁਰੂ ਵਿੱਚ ਤਾਂ ਇਹ ਤਿਉਹਾਰ ਮਨੁਖੀ ਸਮਾਜ ਦੀ ਭਲਾਈ ਵਾਸਤੇ ਨਿਸਚਤ ਕੀਤੇ ਗਏ ਸਨ ਪਰ ਸਮਾ ਬੀਤਣ ਨਾਲ਼ ਇਹਨਾਂ ਤਿਉਹਾਰਾਂ ਵਿੱਚ ਬਹੁਤ ਸਾਰੀਆਂ ਹਾਨੀਕਾਰਕ ਰਸਮਾਂ ਵੀ ਸ਼ਾਮਲ ਹੋ ਗਈਆਂ। ਗੁਰੂ ਸਾਹਿਬਾਨ ਜੀ ਨੇ ਆਪਣੇ ਸਮਾਜ ਨੂੰ ਇਹਨਾਂ ਮਾੜੀਆਂ ਰਸਮਾਂ ਨੂੰ ਤਿਆਗ ਕੇ, ਇਹਨਾਂ ਤਿਉਹਾਰਾਂ ਨੂੰ ਸਰਬ ਪੱਖੀ ਮਨੁਖੀ ਚਰਿੱਤਰ ਦੀ ਉਸਾਰੀ ਵਾਸਤੇ ਵਰਤਿਆ। ਮਿਸਾਲ ਵਜੋਂ: ਲੋਹੜੀ ਸਮੇ ਮਾਘੀ ਦੇ ਰੂਪ ਵਿਚ, ਹੋਲੀ ਸਮੇ ਹੋਲਾ ਆਦਿ ਦੇ ਰੂਪ ਵਿਚ, ਬਾਕੀ ਭਾਰਤੀ ਸਮਾਜ ਨਾਲ਼ੋਂ ਵੱਖਰੇ ਰੂਪ ਵਿੱਚ ਮਨਾਏ ਜਾਂਦੇ ਹਨ।
ਸੂਰਜ ਪ੍ਰਕਾਸ਼ ਗ੍ਰੰਥ ਤੋਂ ਪਤਾ ਲੱਗਦਾ ਹੈ ਕਿ ਸਤਿਗੁਰੂ ਅਮਰਦਾਸ ਜੀ ਦੇ ਸਮੇ ਤੋਂ ਹੀ ਗੁਰੂ ਘਰ ਵਿੱਚ ਵੈਸਾਖੀ ਦੇ ਤਿਉਹਾਰ ਸਮੇ ਸੰਗਤਾਂ ਦੇ ਉਚੇਚੇ ਇਕੱਠ ਹੁੰਦੇ ਆ ਰਹੇ ਹਨ। ਉਸ ਸਮੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ, ਦੂਰ ਦੁਰਾਡੇ ਦੇਸਾਂ ਵਿੱਚ ਫੈਲ ਗਈ ਹੋਈ ਸੀ; ਇਸ ਕਰਕੇ ਹਰ ਰੋਜ ਸੰਗਤਾਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਾਜਰ ਨਹੀਂ ਸਨ ਹੋ ਸਕਦੀਆਂ। ਇਸ ਕਾਰਨ, ਭਾਈ ਪਾਰੋ ਜੀ ਦੀ ਬੇਨਤੀ ਮੰਨ ਕੇ, ਸ੍ਰੀ ਗੁਰੂ ਅਮਰ ਦਾਸ ਜੀ ਨੇ, ਵੈਸਾਖੀ ਅਤੇ ਦੀਵਾਲੀ ਦੇ ਸਮੇ ਸੰਗਤਾਂ ਨੂੰ ਹਜ਼ੂਰ ਹਾਜ਼ਰ ਹੋਣ ਦੀ ਆਗਿਆ ਕੀਤੀ। ਇਹਨਾਂ ਪੁਰਬਾਂ ਸਮੇ, ਵੱਖ ਵੱਖ ਇਲਾਕਿਆਂ ਦੀਆਂ ਸੰਗਤਾਂ, ਆਪੋ ਆਪਣੇ ਇਲਾਕੇ ਦੇ ਮੁਖੀਆਂ ਦੀ ਅਗਵਾਈ ਹੇਠ, ਗੁਰੂ ਦਰਬਾਰ ਵਿੱਚ ਹਾਜਰ ਹੋ ਕੇ, ਗੁਰੂ ਕੀਆਂ ਖ਼ੁਸ਼ੀਆਂ ਪਰਾਪਤ ਕਰਿਆ ਕਰਦੀਆਂ ਸਨ। ਇਸ ਕਰਕੇ ਅਜਿਹੇ ਤਿਉਹਾਰ ਗੁਰੂ ਸਾਹਿਬਾਨ ਦੇ ਸਮੇ ਤੋਂ ਹੀ ਗੁਰੂ ਘਰਾਂ ਵਿੱਚ ਉਚੇਚੇ ਉਤਸ਼ਾਹ ਨਾਲ਼ ਮਨਾਏ ਜਾਂਦੇ ਰਹੇ ਸਨ ਤੇ ਹਨ। ਕਲਗੀਧਰ ਪਾਤਿਸ਼ਾਹ ਜੀ ਨੇ ਵੀ ਖ਼ਾਲਸਾ ਸਜਾਉਣ ਦਾ ਫੈਸਲਾ ਵੈਸਾਖੀ ਦੇ ਸਮੇ ਹੀ ਕੀਤਾ ਸੀ ਅਤੇ ੧੬੯੯ ਦੀ ਵੈਸਾਖੀ ਸਮੇ ਉਚੇਚੇ ਹੁਕਨਾਮੇ ਭੇਜ ਕੇ, ਸੰਗਤਾਂ ਦਾ ਆਮ ਨਾਲ਼ੋਂ ਵਧ ਇਕੱਠ ਕੀਤਾ। ਕੁੱਝ ਵਿਦਵਾਨਾਂ ਅਨੁਸਾਰ ੮੦ ਹਜ਼ਾਰ ਦੇ ਕਰੀਬ ਇਸ ਵੈਸਾਖੀ ਤੇ ਉਸ ਸਮੇ ਇਕੱਤਰ ਹੋਈ ਜਦੋਂ ਕਿ ਨਾ ਏਨੀ ਆਬਾਦੀ ਸੀ ਤੇ ਨਾ ਹੀ ਹੁਣ ਵਾਂਙ ਸੰਪਰਕ ਅਤੇ ਆਵਾਜਾਈ ਦੇ ਸਾਧਨ ਸਨ। ਅਜਿਹੇ ਤਿਉਹਾਰਾਂ ਦੇ ਸਮੇ, ਉਚੇਚੇ ਉਤਸ਼ਾਹ ਸਹਿਤ, ਗੁਰੂ ਘਰਾਂ ਵਿੱਚ ਦੀਵਾਨ ਸਜਾਉਣ ਨਾਲ਼ ਗੁਰਮਤਿ ਦਾ ਕੋਈ ਵੀ ਅਸੂਲ ਭੰਗ ਹੁੰਦਾ ਮੈਨੂੰ ਨਹੀਂ ਦਿਸਦਾ।
ਇਹ ਦਲੀਲ ਵਿਦਵਾਨਾਂ ਦੀ ਠੀਕ ਹੈ ਕਿ ਗੁਰਮਤਿ ਅਨੁਸਾਰ ਕੋਈ ਦਿਨ ਜਾਂ ਸਮਾ ਨਾ ਸ਼ੁਭ ਹੈ ਤੇ ਨਾ ਹੀ ਅਸ਼ੁਭ। ਇਸ ਬਾਰੇ ਕੋਈ ਦੋ ਰਾਵਾਂ ਹੋ ਹੀ ਨਹੀਂ ਸਕਦੀਆਂ। ਇੱਕ ਤਿਉਹਾਰ ਆਪਾਂ ਜੇ ਸੰਗ੍ਰਾਂਦ ਬਾਰੇ ਹੀ ਵਿਚਾਰ ਕਰੀਏ ਤਾਂ ਇਉਂ ਸਮਝਣਾ ਕਿ ਸੰਗ੍ਰਾਂਦ ਦਾ ਦਿਹਾੜਾ ਕੋਈ ਉਚੇਚਾ ਪਵਿਤਰ ਅਤੇ ਦੂਜੇ ਦਿਨ ਅਪਵਿਤਰ ਹਨ; ਪਰ ਇਹ ਵੀ ਤਾਂ ਗੁਰਬਾਣੀ ਆਖਦੀ ਹੈ.”ਸਾਈ ਘੜੀ ਸੁਲਖਣੀ ਸਹੁ ਨਾਲਿ ਵਿਹਾਵੈ॥” ਇਸ ਉਪਦੇਸ਼ ਅਨੁਸਾਰ, ਪੁਰਾਤਨ ਭਾਰਤੀ ਪ੍ਰੰਪਰਾ ਮੁਤਾਬਿਕ ਚੱਲੇ ਆ ਰਹੇ ਇਹ ਵਿਸ਼ਵਾਸ਼ ਕਿ ਇਹ ਪਵਿਤਰ ਦਿਹਾੜਾ ਹੈ ਅਤੇ ਇਸ ਦਿਨ ਧਰਮ ਸਥਾਨ ਉਪਰ ਜਾਣਾ ਹੈ ਤੇ ਕੁੱਝ ਧਰਮ ਅਰਥ ਆਪਣੀ ਕਮਾਈ ਵਿਚੋਂ ਅਰਪਣ ਕਰਨਾ ਹੈ ਤਾਂ ਇਸ ਵਿੱਚ ਗੁਰਮਤਿ ਵਿਰੋਧੀ ਗਲ ਕੇਹੜੀ ਹੋਈ! ਹਾਂ, ਇਹ ਜਰੂਰ ਹੈ ਕਿ ਸੰਗ੍ਰਾਂਦ ਤੋਂ ਇੱਕ ਦਿਨ ਪਹਿਲਾਂ ਤੇ ਇੱਕ ਦਿਨ ਪਿਛੋਂ ਵਾਲ਼ੇ ਦਿਨ ਅਪਵਿਤਰ ਨਹੀਂ ਹਨ ਤੇ ਸੰਗ੍ਰਾਂਦ ਵਾਲ਼ਾ ਦਿਨ ਆਪਣੇ ਆਪ ਵਿੱਚ ਕੋਈ ਖਾਸ ਪਵਿਤਰ ਹੋਣ ਦਾ ਦਾਹਵਾ ਨਹੀਂ ਕਰ ਸਕਦਾ। ਪਰ ਜਦੋਂ ਕਿਸੇ ਵਹਿਮ, ਜਾਂ ਸ਼ਰਧਾ ਅਧੀਨ ਅਸੀਂ ਭਾਵੇਂ ਸੰਗ੍ਰਾਂਦ ਦਾ ਦਿਹਾੜਾ ਜਾਣ ਕੇ ਹੀ ਗੁਰਦੁਆਰੇ ਵਿੱਚ ਆ ਕੇ, ਆਪਣੀ ਕਿਰਤ ਕਮਾਈ ਵਿਚੋਂ ਸ਼ਰਧਾ ਸਹਿਤ ਕੁੱਝ ਗੁਰੂ ਜੀ ਦੇ ਚਰਨਾਂ ਵਿੱਚ ਅਰਪਣ ਕਰਦੇ ਹਾਂ, ਗੁਰੂ ਦਾ ਸ਼ਬਦ, ਗੁਰੂ ਦੀ ਸਾਖੀ ਆਦਿ ਸੁਣਦੇ ਹਾਂ, ਸਾਡੇ ਵਿੱਚ ਗੁਰਸਿੱਖੀ ਪ੍ਰਤੀ ਪਿਆਰ ਅਤੇ ਗੁਰੂ ਪ੍ਰਤੀ ਸ਼ਰਧਾ ਪੈਦਾ ਹੁੰਦੀ ਹੈ ਅਤੇ ਅਜਿਹਾ ਕਰਦੇ ਸਮੇ ਜੋ ਸਾਡਾ ਸਮਾ ਬੀਤਦਾ ਹੈ, ਉਹ ਗੁਰੂ ਲੇਖੇ ਲੱਗਦਾ ਹੈ। ਮਾੜੀ ਸੋਚ, ਮਾੜੇ ਕਰਮ, ਮਾੜਾ ਖਾਣਾ, ਘਰੋਗੀ ਅਸ਼ਾਂਤ ਵਾਤਾਵਰਣ ਆਦਿ ਤੋਂ ਬਚ ਕੇ, ਅਸੀਂ ਗੁਰੂ ਦੀ ਹਾਜਰੀ ਵਿੱਚ ਹਾਜਰ ਹੁੰਦੇ ਹਾਂ ਤਾਂ ਇਸ ਵਿੱਚ ਮਾੜਾ ਕੀ ਹੈ ਤੇ ਗੁਰਮਤਿ ਵਿਰੋਧੀ ਕੀ ਹੈ! ਭਾਵੇ ਕਿ ਗੁਰਸਿੱਖ ਨੂੰ ਹਰ ਰੋਜ ਗੁਰੂ ਘਰ ਵਿਖੇ ਹਾਜਰੀ ਭਰਨੀ ਚਾਹੀਦੀ ਹੈ ਪਰ ਸਾਰੇ ਕਿਰਤੀ ਸਿੱਖ ਅਜਿਹਾ ਨਹੀਂ ਕਰ ਸਕਦੇ। ਉਹਨਾਂ ਨੂੰ ਗੁਰੂ ਘਰ ਵਿੱਚ ਆਉਣ ਲਈ ਕੋਈ ਬਹਾਨਾ ਚਾਹੀਦਾ ਹੈ। ਬਹਾਨਾ ਚਾਹੇ ਸੰਗ੍ਰਾਂਦ ਦਾ ਹੋਵੇ ਚਾਹੇ ਕਿਸੇ ਹੋਰ ਤਿਉਹਾਰ ਦਾ ਜਾਂ ਕਿਸੇ ਗੁਰਪੁਰਬ ਦਾ। ਬਚਪਨ ਵਿੱਚ ਮੈਂ ਵੇਖਦਾ ਸਾਂ ਕਿ ੨੯ ਦਿਨ ਗੁਰਦੁਆਰੇ ਵਿੱਚ ਨਾ ਵੜਨ ਵਾਲ਼ੇ ਵੀ ਸੰਗ੍ਰਾਂਦ ਵਾਲ਼ੇ ਦਿਨ ਗੁਰਦੁਆਰੇ ਮੱਥਾ ਟੇਕਣ ਜਾਇਆ ਕਰਦੇ ਸਨ। ਮਾਈਆਂ ਬੀਬੀਆਂ ਥਾਲ਼ੀਆਂ ਵਿੱਚ ਦਾਣੇ ਜਾਂ ਆਟਾ ਆਦਿ ਵਸਤੂਆਂ ਭੇਟਾ ਹਿਤ ਲਿਜਾਇਆ ਕਰਦੀਆਂ ਸਨ। ਸੰਗ੍ਰਾਂਦ ਦੇ ਵਿਰੁਧ ਪ੍ਰਚਾਰ ਕਰਨ ਵਾਲ਼ੇ ਕੀ ਉਹਨਾਂ ਨੂੰ ਇਸ ਦਿਨ ਵੀ ਗੁਰਦੁਆਰੇ ਵੜਨ ਤੋਂ ਹਟਾਉਣਾ ਚਾਹੁੰਦੇ ਹਨ?
ਇਹਨੀਂ ਦਿਨੀਂ ਦੀਵਾਲੀ ਦੇ ਖ਼ਿਲਾਫ਼ ਬਹੁਤ ਸਾਰੇ ਨਵੀਨ ਵਿਦਵਾਨ ਆਪਣੀਆਂ ਕਲਮਾਂ ਨੂੰ ਡਾਂਗਾਂ ਵਾਂਙ ਵਰਤ ਕੇ ਦੀਵਾਲ਼ੀ ਦੀ ਯਹੀ ਤਹੀ ਫੇਰ ਰਹੇ ਹਨ। ਆਖਦੇ ਹਨ ਕਿ ਦੀਵਾਲ਼ੀ ਦਾ ਸਿੱਖ ਧਰਮ ਨਾਲ਼ ਕੋਈ ਸਰੋਕਾਰ ਨਹੀਂ। ਇਦ ਹਿੰਦੂਆਂ ਦਾ ਤਿਉਹਾਰ ਹੈ। ਇਹ ਸਿੱਖਾਂ ਨੂੰ ਨਹੀਂ ਮਨਾਉਣਾ ਚਾਹੀਦਾ। ੧੯੮੪ ਦੀਆਂ ਮੰਦਭਾਗੀਆਂ ਘਟਨਾਵਾਂ ਤੋਂ ਪਿੱਛੋਂ ਤਾਂ ਸਿੱਖ ਵਿਦਵਾਨਾਂ ਵਿੱਚ ਬਹੁਤ ਹੀ ਗੁੱਸਾ ਹੈ ਤੇ ਉਹ ਹਰੇਕ ਉਸ ਵਸਤੂ ਤੋਂ ਸਬੰਧ ਤੋੜਨੇ ਚਾਹੁੰਦੇ ਹਨ ਜਿਨ੍ਹਾਂ ਦਾ ਹਿੰਦੂ ਧਰਮ ਜਾਂ ਸਮਾਜ ਨਾਲ਼ ਕੋਈ ਸਬੰਧ ਹੋਵੇ। ਇੰਦਰਾ ਗਾਂਧੀ ਵਲੋਂ ਸਿੱਖਾਂ ਨਾਲ਼ ਜੋ ਜਗੋਂ ਤੇਹਰਵੀਂ ਕੀਤੀ ਗਈ ਹੈ, ਉਸ ਬਾਰੇ ਗੁੱਸਾ ਬੜਾ ਜਾਇਜ਼ ਹੈ। ਇਸ ਜ਼ੁਲਮ ਦੇ ਖ਼ਿਲਾਫ਼ ਰੋਹ ਹੋਣਾ ਸਾਡੇ ਜੀਂਦੇ ਹੋਣ ਦੀ ਨਿਸ਼ਾਨੀ ਹੈ ਪਰ ਇਸ ਗੁੱਸੇ ਅਧੀਨ, ਜੇ ਹਿੰਦੂ ਸੱਜੇ ਹੱਥ ਨਾਲ਼ ਰੋਟੀ ਖਾਂਦੇ ਹਨ ਤਾਂ ਕੀ ਉਹਨਾਂ ਨਾਲ਼ੋਂ ਵੱਖਰੇ ਹੋਣ ਲਈ ਅਸੀਂ ਖੱਬੇ ਹਥ ਨਾਲ਼ ਖਾਣੀ ਇਸ ਲਈ ਸ਼ੁਰੂ ਕਰ ਦਿਆਂਗੇ ਕਿ ਅਸੀਂ ਉਹ ਕੁੱਝ ਨਹੀਂ ਕਰਨਾ ਜੋ ਹਿੰਦੂ ਕਰਦੇ ਹਨ! ਅਖੇ, ਦੀਵਾਲ਼ੀ ਨਹੀਂ ਮਨਾਉਣੀ। ਦੀਵਾਲ਼ੀ ਸਾਡੇ ਨਾਲ਼ ਰੁੱਸੀ ਹੀ ਕਦੋਂ ਸੀ ਜੋ ਅਸੀਂ ਇਸ ਨੂੰ ਮਨਾਉਣ ਤੁਰੀਏ! ਗੁਰੂ ਸਾਹਿਬਾਨ ਦੇ ਸਮੇ ਤੋਂ ਇਸ ਦਿਨ ਸਿੱਖ ਇਕੱਤਰ ਹੁੰਦੇ ਰਹੇ ਸਨ ਤੇ ਅੱਜ ਵੀ ਹੁੰਦੇ ਹਨ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇਸ ਦਿਨ ਸਤਿਗੁਰੂ ਹਰਿ ਗੋਬਿੰਦ ਸਾਹਿਬ ਜੀ, ਚੰਦੂ ਦੀ ਸਾਜਸ਼ ਅਤੇ ਜਹਾਂਗੀਰ ਬਾਦਸ਼ਾਹ ਵੱਲੋਂ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤੇ ਗਏ ਸਨ। ਉਸ ਕੈਦ ਵਿਚੋਂ ੫੨ ਰਾਜਿਆਂ ਨੂੰ ਰਿਹਾ ਕਰਵਾ ਕੇ, ਇਸ ਦਿਨ ਸ੍ਰੀ ਅੰਮ੍ਰਿਤਸਰ ਆਏ ਸਨ ਤੇ ਸੰਗਤਾਂ ਨੇ ਇਸ ਖ਼ੁਸ਼ੀ ਵਿੱਚ ਦੀਪਮਾਲ਼ਾ ਕੀਤੀ ਅਤੇ ਆਤਿਸ਼ਬਾਜੀ ਚਲਾ ਕੇ ਪ੍ਰਸੰਨਤਾ ਦਾ ਪ੍ਰਗਟਾਵਾ ਕੀਤਾ। ਨਵੀਨ ਖੋਜਕਾਰ ਦੱਸਦੇ ਹਨ ਕਿ ਗੁਰੂ ਜੀ ਅੰਮ੍ਰਿਤਸਰ ਵਿੱਚ ਇਸ ਦਿਨ ਨਹੀਂ ਸਨ ਆਏ ਤੇ ਕਿਸੇ ਹੋਰ ਦਿਨ ਆਏ ਸਨ। ਜੇਕਰ ਇਹ ਨੁਕਤਾ ਅਸੀਂ ਸਹੀ ਵੀ ਸਾਬਤ ਕਰ ਲਈਏ ਤਾਂ ਫਿਰ ਅਸੀਂ ਕੀ ਕੱਦੂ ਵਿੱਚ ਤੀਰ ਮਾਰ ਲਿਆ?
ਦੀਵਾਲੀ ਦਾ ਤਿਉਹਾਰ ਵੀ ਇੱਕ ਮੌਸਮੀ ਤਿਉਹਾਰ ਹੈ। ਇਸ ਸਮੇ ਗਰਮੀ ਮੁੱਕ ਚੁੱਕੀ ਹੁੰਦੀ ਹੈ ਅਤੇ ਸੁੰਗੜਵੀਂ ਸਰਦੀ ਅਜੇ ਪਧਾਰੀ ਨਹੀਂ ਹੁੰਦੀ। ਇਸ ਉਤਸ਼ਵ ਤੇ ਸਾਰੇ ਦੁਕਾਨਦਾਰ ਆਪੋ ਆਪਣੇ ਕਾਰਾਂ ਵਿਹਾਰਾਂ ਵਾਲੇ ਸਥਾਨਾਂ ਅਤੇ ਘਰਾਂ ਦੀ ਸਫਾਈ ਕਰਦੇ ਹਨ। ਘਰਾਂ ਅਤੇ ਦੁਕਾਨਾਂ ਨੂੰ ਕਲੀ ਕਰਵਾਉਂਦੇ ਹਨ। ਵਪਾਰੀ ਲੋਕ ਇਸ ਦਿਨ ਨਵੇਂ ਵਹੀ ਖਾਤੇ ਸ਼ੁਰੂ ਕਰਦੇ ਹਨ। ਸ਼ਾਇਦ ਇਸ ਕਰਕੇ ਹੀ ਇਸ ਨੂੰ ਵੈਸ਼ਾਂ ਦਾ ਤਿਉਹਾਰ ਆਖਿਆ ਜਾਂਦਾ ਹੋਵੇ! ਜੇ ਸਿੱਖ ਘਰਬਾਰੀ ਅਤੇ ਵਾਪਾਰੀ ਵੀ ਇਹੋ ਕੁੱਝ ਕਰਦੇ ਹੋਣ ਤਾਂ ਇਸ ਨਾਲ਼ ਗੁਰਮਤਿ ਦੇ ਕਿਹੜੇ ਨਿਯਮ ਨੂੰ ਨੁਕਸਾਨ ਪੁੱਜਦਾ ਹੈ!
ਭਾਵੇਂ ਨਵੇਂ ਵਿਦਵਾਨ ਜਿੰਨੀ ਮਰਜੀ ਦੀਵਾਲੀ ਨੂੰ ਨਕਾਰਨ ਲਈ ਜ਼ਬਾਨੀ ਤੇ ਕਲਮੀ ਸ਼ਕਤੀ ਜ਼ਾਇਆ ਕਰੀ ਜਾਣ ਤੇ ਰੌਲ਼ਾ ਰੱਪਾ ਪਾਈ ਜਾਣ, ਸਿੱਖਾਂ ਦਾ ਅੱਜ ਵੀ ਸਭ ਤੋਂ ਵੱਡਾ ਜੇਕਰ ਕੋਈ ਸਰਬਪੱਖੀ ਅਰਥਾਤ ਧਾਰਮਿਕ, ਸਮਾਜਕ, ਵਾਪਾਰਕ, ਆਰਥਿਕ, ਰਾਜਨੀਤਕ, ਸਭ ਤੋਂ ਵੱਡਾ ਸਮਾਗਮ ਹੁੰਦਾ ਹੈ ਤਾਂ ਉਹ ਅੰਮ੍ਰਿਤਸਰ ਵਿੱਚ ਦੀਵਾਲੀ ਸਮੇ ਹੀ ਹੁੰਦਾ ਹੈ। ਲੋਕੋਕਤੀ ਵੀ ਬਣ ਚੁੱਕੀ ਹੋਈ ਹੈ, “ਦਾਲ਼ ਰੋਟੀ ਘਰ ਦੀ। ਦੀਵਾਲ਼ੀ ਅੰਮ੍ਰਿਤਸਰ ਦੀ।” ਸਿੱਖ ਸਾਇਕੀ ਵਿੱਚ ਦੀਵਾਲੀ ਦਾ ਸਭ ਤੋਂ ਵੱਡਾ ਤਿਉਹਾਰ ਬਣ ਕੇ ਬੈਠਾ ਹੋਇਆ ਹੈ; ਇਸ ਨੂੰ ਕੋਈ ਵੀ ਓਥੋਂ ਕਢ ਨਹੀਂ ਸਕਦਾ।
ਭਾਈ ਮਨੀ ਸਿੰਘ ਜੀ ਨੇ ਵੀ ਜਦੋਂ ਇਹ ਸੋਚਿਆ ਕਿ ਬਹੁਤ ਸਮਾ ਹੋ ਗਿਆ ਹੈ ਸਿੱਖ ਪੰਥ ਇੱਕ ਥਾਂ ਇਕੱਤਰ ਨਹੀਂ ਹੋ ਸਕਿਆ ਤਾਂ ਉਸ ਨੇ ਲਾਹੌਰ ਦੇ ਸੂਬੇ ਪਾਸੋਂ, ਪੰਜ ਹਜ਼ਾਰ ਰੁਪਏ, ਮੇਲੇ ਸਮੇ ਦੇ ਚੜ੍ਹਾਵੇ ਵਿਚੋਂ ਟੈਕਸ ਰੂਪ ਦੇਣੇ ਕਰਕੇ, ਜਦੋਂ ਆਗਿਆ ਪ੍ਰਾਪਤ ਕੀਤੀ ਤਾਂ ਇਸ ਇਕੱਠ ਨੂੰ ਕਰਨ ਸਮੇ ਉਸ ਨੇ ਦੀਵਾਲੀ ਦਾ ਦਿਨ ਹੀ ਚੁਣਿਆ ਜਦੋਂ ਕਿ ਉਹ ਵੈਸਾਖੀ, ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਦਿਵਸ ਜਾਂ ਹੋਰ ਕੋਈ ਸਮਾ ਵੀ ਚੁਣ ਸਕਦਾ ਸੀ। ਉਸ ਨੇ ਕਿਉਂ ਦੀਵਾਲ਼ੀ ਦਾ ਹੀ ਸਮਾ ਚੁਣਿਆਂ? ਇਸ ੧੭੩੪ ਦੀ ਦੀਵਾਲ਼ੀ ਦੇ ਉਤਸ਼ਵ ਨੂੰ ਮਨਾਉਣ ਦੇ ਉਦਮ ਸਦਕਾ ਹੀ ਭਾਈ ਸਾਹਿਬ ਜੀ ਨੂੰ ਨਾ ਕੇਵਲ ਆਪਣਾ ਬੰਦ ਬੰਦ ਹੀ ਕਟਵਾਉਣਾ ਪਿਆ ਬਲਕਿ ਉਹਨਾ ਦੇ ਦੋ ਪੁੱਤਰਾਂ ਭਤੀਜਿਆਂ, ਭਰਾ ਤੇ ਚਚੇਰੇ ਭਰੳ ਸਮੇਤ, ਪੰਝੀ ਸਿੰਘਾਂ ਸਮੇਤ ਸ਼ਹੀਦੀ ਦੇਣੀ ਪਈ। ਉਹਨਾਂ ਪੰਝੀ ਸ਼ਹੀਦ ਹੋਣ ਵਾਲ਼ੇ ਸਿੰਘਾਂ ਵਿਚੋਂ ਇੱਕ ਭਾਈ ਗੁਲਜ਼ਾਰ ਸਿੰਘ ਦੇ ਜੀਂਦੇ ਦੀ ਖੱਲ ਉਤਾਰੀ ਗਈ ਸੀ ਜਦੋਂ ਕਿ ਦੂਸਰੇ ਸਿੰਘਾਂ ਨੂੰ ਵੀ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਇਹ ਵੀ ਸਾਕਾ ਦੀਵਾਲ਼ੀ ਦੀ ਇਕੱਤਰਤਾ ਕਰਨ ਦਾ ਉਦਮ ਕਰਕੇ ਹੀ ਹੋਇਆ। ਇਸ ਤੋਂ ਸਿਧ ਹੁੰਦਾ ਹੈ ਕਿ ਉਸ ਸਮੇ ਅਤੇ ਉਸ ਤੋਂ ਪਹਿਲਾਂ ਵੀ ਦੀਵਾਲ਼ੀ ਦਾ ਉਤਸ਼ਵ ਸਿੱਖ ਪੰਥ ਵਿੱਚ ਸਭ ਤੋਂ ਵਧ ਮਹੱਤਵਪੂਰਨ ਸਮਝਿਆ ਜਾਂਦਾ ਸੀ। ਫਿਰ ਇਹ ਵੀ ਜ਼ਿਕਰ ਆਉਂਦਾ ਹੈ ਇਤਿਹਾਸ ਵਿੱਚ ਕਿ ੧੭੮੩ ਵਿਚ, ਦਿੱਲੀ ਫ਼ਤਿਹ ਕਰਨ ਉਪ੍ਰੰਤ ਵੀ ਸਿੱਖ ਦਿੱਲੀ, ਇਹ ਆਖ ਕੇ ਛੱਡ ਆਏ ਕਿ ਦਿੱਲੀ ਬਿਲੀ ਦਾ ਕੀ ਹੈ, ਜਦੋਂ ਚਾਹਾਂਗੇ ਫਿਰ ਇਸ ਨੂੰ ਮਾਰ ਲਵਾਂਗੇ; ਚੱਲੋ ਖਾਲਸਾ ਜੀ, ਸ੍ਰੀ ਅੰਮ੍ਰਿਤਸਰ ਵਿਖੇ ਦੀਵਾਲ਼ੀ ਦਾ ਤਿਉਹਾਰ ਮਨਾਈਏ!
ਇਹ ਗੱਲ ਠੀਕ ਹੈ ਕਿ ਇਹਨੀ ਦਿਨੀਂ ਜਦੋਂ ਕਿ ਵਾਤਾਵਰਣ ਦੇ ਗੰਧਲੇਪਣ ਦਾ ਪੰਜਾਬ ਸ਼ਿਕਾਰ ਹੈ, ਤਾਂ ਪਹਿਰਾਂ ਤੱਕ ਆਤਿਸ਼ਬਾਜੀ, ਦੀਪਮਾਲ਼ਾ ਆਦਿ ਕਰਕੇ, ਵਾਤਾਵਰਣ ਦੇ ਗੰਧਲੇਪਣ ਵਿੱਚ ਹੋਰ ਵਾਧਾ ਕਰਨਾ ਕੋਈ ਸਿਆਪਣਪ ਵਾਲ਼ੀ ਗੱਲ ਨਹੀਂ। ਅਜਿਹਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਪਾਸ ਸਮੇ ਸਮੇ ਸੂਝਵਾਨ ਸਿੱਖਾਂ ਵੱਲੋਂ ਬੇਨਤੀ ਕਰਕੇ, ਇਸ ਨੁਕਸਾਨਦਾਇਕ ਕਾਰਜ ਨੂੰ ਰੋਕਣ ਲਈ ਆਖਿਆ ਜਾਂਦਾ ਹੈ ਪਰ ਇਸ ਸਦੀਆਂ ਤੋਂ ਚਲੀ ਆ ਰਹੀ ਪ੍ਰੰਪਰਾ ਨੂੰ ਤੋੜਨ ਦਾ ਕੋਈ ਹੌਸਲਾ ਨਹੀਂ ਕਰਦਾ। ਇਸ ਤਰ੍ਹਾਂ ਕਰਨ ਨਾਲ਼ ਸਿੱਖ ਸੰਗਤਾਂ ਦੀ ਕਰੋਪੀ ਦਾ ਸ਼ਿਕਾਰ ਬਣਨ ਦਾ ਜੋਖਮ ਕੋਈ ਨਹੀ ਉਠਾਉਣਾ ਚਾਹੁੰਦਾ। ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜੀ ਕਰ ਚੁੱਕੇ ਹਨ। ਹਾਂ, ਉਹਨਾਂ ਨੇ ਇਹ ਜ਼ਰੂਰ ਆਖਿਆ ਹੈ ਕਿ ਆਤਿਸ਼ਬਾਜੀ ਚਲਾਉਣ ਦੇ ਸਮੇ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ ਤੇ ਕੀਤੀ ਵੀ ਗਈ ਹੈ। ਹੋ ਸਕਦਾ ਹੈ ਕਿ ਹੌਲ਼ੀ ਹੌਲ਼ੀ ਸੰਗਤਾਂ ਇਸ ਦੀ ਜ਼ਰੂਰਤ ਸਮਝਣੋ ਹਟ ਜਾਣ ਅਤੇ ਸਮਾ ਆਉਣ ਤੇ ਇਹ ਬੰਦ ਹੋ ਹੀ ਜਾਵੇ ਪਰ ਅਜਿਹੀਆਂ ਮਾਮੂਲੀ ਦਲੀਲਾਂ ਦੇ ਦੇ ਕੇ, ਇਸ ਮਹਾਨ ਉਤਸ਼ਵ ਦੇ ਸਮੇ ਮਨਾਈਆਂ ਜਾ ਰਹੀਆਂ ਖ਼ੁਸ਼ੀਆਂ ਨੂੰ, ਸਿੱਖ ਸੰਗਤਾਂ ਪਾਸੋਂ ਖੋਹਣ ਦਾ ਯਤਨ ਕਰਨਾ, ਕੋਈ ਸਿਆਣਪ ਵਾਲ਼ੀ ਗੱਲ ਨਹੀਂ। ਤਕਰੀਬਨ ਦੋ ਹਜ਼ਾਰ ਸਾਲ ਤੋਂ ੨੫ ਦਸੰਬਰ ਨੂੰ, ਈਸਾ ਜੀ ਦਾ ਜਨਮ ਦਿਨ ਸਮਝ ਕੇ, ਸਾਰਾ ਈਸਾਈ ਸੰਸਾਰ, ਕ੍ਰਿਸਮਿਸ ਦਾ ਦਿਨ ਮਨਾਉਂਦਾ ਆ ਰਿਹਾ ਹੈ। ਹੁਣ ਕੁੱਝ ਸਮੇ ਤੋਂ, ਨਵੇਂ ਈਸਾਈ ਇਤਿਹਾਸ ਖੋਜੀ ਆਖ ਰਹੇ ਹਨ ਕਿ ੨੫ ਦਸੰਬਰ ਵਾਲ਼ੇ ਦਿਨ ਈਸਾ ਜੀ ਦਾ ਜਨਮ ਨਹੀਂ ਹੋਇਆ, ਓਵੇਂ ਹੀ ਜਿਵੇਂ ਸਿੱਖ ਸਕਾਲਰ ਆਖ ਰਹੇ ਹਨ ਕਿ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀਵਾਲ਼ੀ ਵਾਲ਼ੇ ਦਿਨ ਸ੍ਰੀ ਅੰਮ੍ਰਿਤਸਰ ਵਿੱਚ ਨਹੀਂ ਆਏ।
ਗੁਰਦੁਆਰਿਆਂ ਵਿੱਚ ਇਹਨਾਂ ਦਿਨ ਦਿਹਾਰਾਂ, ਪੁਰਬਾਂ ਸਮੇ ਹੀ ਸੰਗਤ ਜੁੜਦੀ ਹੈ ਤੇ ਗੁਰੂ ਦਾ ਸ਼ਬਦ ਤੇ ਸਾਖੀਆਂ ਸੁਣਦੀ ਹੈ। ਇਹ ਕਿਸੇ ਬਹੁਤ ਹੀ ਸ਼ਾਤਰ ਦਿਮਾਗ ਦੀ ਕਾਢ ਹੈ ਕਿ ਸੰਗਤਾਂ ਨੂੰ ਗੁਰੂ ਘਰਾਂ ਵਿੱਚ ਜੁੜਨੋ ਰੋਕਿਆ ਜਾਵੇ। ਪਹਿਲਾਂ ਮੱਸਿਆ, ਸੰਗ੍ਰਾਂਦ, ਪੁੰਨਿਆਂ, ਦੀਵਾਲੀ ਆਦਿ ਦੇ ਦੀਵਾਨ ਬੰਦ ਕਰਵਾਏ ਜਾਣ। ਫਿਰ ਆਸਤੇ ਆਸਤੇ ਗੁਰਪੁਰਬਾਂ ਦੇ ਉਤਸ਼ਵ ਵੀ ਬੰਦ ਕੀਤੇ ਜਾਣ। ਅਜਿਹਾ ਕਰਨ ਲਈ ਗੁਰਬਾਣੀ ਦੇ ਪ੍ਰਮਾਣ ਵੀ ਉਹ ਦੇ ਸਕਦੇ ਨੇ। ਪ੍ਰਕਾਸ਼ ਪੁਰਬ ਨੂੰ ਇਹ ਤੁਕ ਸੁਣਾ ਕੇ ਰੱਦ ਕਰਨਗੇ, “ਪਿਤਾ ਕਾ ਜਨਮੁ ਕਿ ਜਾਨੈ ਪੂਤੁ॥” (ਪੰਨਾ ੨੮੪) ਅਰਥਾਤ ਅਸੀਂ ਕਦੋਂ ਜਾਣ ਸਕਦੇ ਹਾਂ ਕਿ ਸਾਡੇ ਗੁਰੂ ਜੀ ਕਦੋਂ ਜਨਮੇ ਸਨ! ਜੋਤੀ ਜੋਤ ਸਮਾਉਣ ਦੇ ਦਿਨਾਂ ਬਾਰੇ ਇਹ ਦਲੀਲ ਦੇ ਸਕਦੇ ਹਨ, “ਕਉਣ ਕਹੈ ਸ੍ਰੀ ਗੁਰੁ ਮੋਯੋ॥” ਇਸ ਲਈ ਸੰਗਤਾਂ ਨੂੰ ਇਹਨਾਂ ਦੀਆਂ ਲੱਛੇਦਾਰ ਭਾਸ਼ਾ ਵਿੱਚ ਦਿਤੀਆਂ ਜਾ ਰਹੀਆਂ ਦਲੀਲਾਂ ਨੂੰ ਸੁਣਨ ਸਮੇ ਸਾਵਧਾਨੀ ਵਰਤਣੀ ਚਾਹੀਦੀ ਹੈ।
ਸਾਰੇ ਸੰਸਾਰ ਵਿੱਚ ਇਸ ਅਵਸਰ ਤੇ ਜੋ ਲੋਕਾਂ ਵਿੱਚ ਉਤਸ਼ਾਹ ਭਰਦਾ ਹੈ ਤੇ ਇਸ ਤੋਂ ਪ੍ਰਭਾਵਤ ਹੋ ਕੇ, ਵਾਪਾਰਕ ਅਦਾਰੇ ਜੋ ਲਾਭ ਪ੍ਰਾਪਤ ਕਰਦੇ ਹਨ ਉਹ ਸਾਰਾ ਸਮਾਪਤ ਹੋ ਜਾਵੇਗਾ ਪਰ ਅੰਗ੍ਰੇਜ਼ੀ ਦੇ ਇਤਿਹਾਸਕਾਰ ਜਿੰਨਾ ਮਰਜੀ ਜੋਰ ਲਾਈ ਜਾਣ, ਉਹ ਲੋਕਾਂ ਨੂੰ ੨੫ ਦਸੰਬਰ ਵਾਲ਼ੇ ਦਿਨ ਕ੍ਰਿਸਮਿਸ ਦਾ ਮੇਲਾ ਮਨਾਉਣੋ ਹਟਾ ਨਹੀਂ ਸਕਦੇ। ਲੋਕ ਖ਼ੁਸ਼ਕ ਖੜੋਤ ਵਾਲ਼ੇ ਰੋਜ਼ਾਨਾ ਜੀਵਨ ਵਿੱਚ ਖ਼ੁਸ਼ਗਵਾਰ ਤਬਦੀਲੀ ਲੋਚਦੇ ਹਨ ਤੇ ਅਜਿਹੇ ਤਿਉਹਾਰ ਅਜਿਹੀ ਤਬਦੀਲੀ ਲੈ ਕੇ ਆਉਂਦੇ ਹਨ। ਲੋਕ ਇਹਨਾਂ ਉਤਸ਼ਵਾਂ ਤੋਂ ਆਰਜ਼ੀ ਖ਼ੁਸ਼ੀ ਦਾ ਅਨਭਵ ਕਰਦੇ ਹਨ ਅਤੇ ਭਾਰਤੀ ਲੋਕਾਂ ਵਾਸਤੇ, ਕ੍ਰਿਸਮਿਸ ਵਾਂਙ ਹੀ, ਦੀਵਾਲ਼ੀ ਵੀ ਸਭ ਤੋਂ ਵਧ ਅਜਿਹੀਆਂ ਖ਼ੁਸ਼ੀਆਂ ਲੈ ਕੇ ਹਰ ਸਾਲ ਆਉਂਦੀ ਹੈ। ਏਸੇ ਤਰ੍ਹਾਂ ਜਿਨਾ ਮਰਜੀ ਟਿੱਲ ਨਵੇਂ ਸਿੱਖ ਇਤਿਹਾਸ ਖੋਜੀ ਲਾ ਲੈਣ, ਸਿੱਖ ਸੰਗਤਾਂ ਦੀਵਾਲ਼ੀ ਨੂੰ ਉਤਸ਼ਾਹ ਸਹਿਤ ਉਡੀਕਣੋ ਅਤੇ ਇਸ ਅਵਸਰ ਤੇ ਖ਼ੁਸ਼ੀਆਂ ਮਨਾਉਣੋ ਨਹੀਂ ਹਟ ਸਕਦੀਆਂ।
ਸੰਤੋਖ ਸਿੰਘ




.