.

ਕਛੂਅਕ ਪੜ੍ਹੀਐ ਗਿਆਨ

ਅਵਤਾਰ ਸਿੰਘ ਮਿਸ਼ਨਰੀ (5104325827)

ਗਿਆਨ ਸੰਸਕ੍ਰਿਤ ਦਾ ਸ਼ਬਦ ਹੈ। ਮਹਾਂਨ ਕੋਸ਼ ਅਨੁਸਾਰ ਇਸ ਦੇ ਅਰਥ ਹਨ-ਜਾਣਨਾ, ਬੋਧ, ਸਮਝ, ਇਲਮ, ਪਾਰਬ੍ਰਹਮ ਅਤੇ ਅੰਗਰੇਜੀ ਵਿੱਚ ਨਾਲਜ ਹੈ। ਭਾਈ ਕਾਹਨ ਸਿੰਘ ਨ੍ਹਾਭਾ ਗੁਰਮਤਿ ਮਾਰਤੰਡ ਦੇ ਪੰਨਾ ੪੫੨ ਤੇ ਲਿਖਦੇ ਹਨ ਕਿ ਜਾਣ ਲੈਣ ਦਾ ਨਾਉਂ ਗਯਾਨ ਹੈ ਪਰ ਇੱਥੇ ਜਥਾਰਥ ਸਮਝ ਤੋਂ ਭਾਵ ਹੈ ਜਿਸ ਤੋਂ ਵਿਹਾਰ ਅਤੇ ਪ੍ਰਮਾਰਥ ਦਾ ਅਨੰਦ ਪ੍ਰਾਪਤ ਹੋਵੇ। ਇਸ ਤੋਂ ਉਲਟ ਅਗਯਾਨ ਹੈ ਜੋ ਸਾਰੇ ਕਲੇਸ਼ਾਂ ਦਾ ਮੂਲ ਹੈ। ਦਾਸ ਨੇ ਜੋ ਇਸ ਲੇਖ ਦਾ ਨਾਉਂ “ਕਛੂਅਕ ਪੜ੍ਹੀਐ ਗਿਆਨ” ਰੱਖਿਆ ਹੈ ਉਹ ਭਗਤ ਕਬੀਰ ਸਾਹਿਬ ਦੀ ਬਾਣੀ ਦੇ ਸ਼ਬਦ ਦੀ ਇਹ ਪੰਗਤੀ-ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ॥ (੩੪੦) ਵਿੱਚ ਅੰਕਤ ਹੈ ਜਿਸ ਦਾ ਭਾਵ ਹੈ ਕਿ ਮਨ ਨੂੰ ਸਮਝਾਉਣ ਅਤੇ ਸਿਖਾਉਣ ਲਈ, ਗਿਆਨ ਪੜ੍ਹਨਾ, ਸਮਝਣਾ, ਵਿਚਾਰਨਾ ਅਤੇ ਧਾਰਨਾ ਜਰੂਰੀ ਹੈ ਤਾਂ ਕਿ ਸਾਨੂੰ ਅਗਿਆਨੀ ਜੀਵਾਂ ਨੂੰ ਸੰਸਾਰ ਅਤੇ ਨਿਰੰਕਾਰ ਦਾ ਜਥਾਰਥ ਗਿਆਨ ਪ੍ਰਾਪਤ ਹੋ ਜਾਵੇ ਵਰਨਾ ਅਗਿਆਨਤਾ ਦੇ ਅੰਧੇਰੇ ਵਿੱਚ ਭਟਕਦੇ ਜੀਵਨ ਵਿਅਰਥ ਹੀ ਬੀਤ ਜਾਂਦਾ ਹੈ।

ਦੁਨੀਆਂ ਦਾ ਹਰੇਕ ਜੀਵ ਭਾਵੇਂ ਉਹ ਮਨੁੱਖਜਾਤ ਹੈ ਤੇ ਭਾਵੇਂ ਪਸ਼ੂ ਪੰਛੀ ਜਾਤੀ ਨਾਲ ਸਬੰਧ ਰੱਖਦਾ ਹੈ, ਉਹ ਸਭ ਤੋਂ ਪਹਿਲਾਂ ਆਪਣੇ ਮਾਂ ਬਾਪ, ਭੈਣਾਂ ਭਰਾਵਾਂ, ਦੋਸਤਾਂ ਮਿਤਰਾਂ ਅਤੇ ਸਬੰਧੀਆਂ ਤੋਂ ਸੰਸਾਰ ਦਾ ਗਿਆਨ ਸਿੱਖਦਾ ਜਾਂਦਾ ਹੈ। ਹੋਰ ਉੱਚ ਗਿਆਨ ਵਾਸਤੇ ਮਨੁੱਖੀ ਜੀਵ ਇਨਸਾਨ ਨੂੰ ਮਦਰੱਸਿਆਂ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਨਾਂ ਪੈਂਦਾ ਹੈ। ਜਿਨਾ ਕੋਈ ਵੱਧ ਪੜ੍ਹ ਲੈਂਦਾ ਅਤੇ ਉਸ ਦੀ ਪ੍ਰੈਕਟਸ ਕਰਦਾ ਹੈ ਓਨੀ ਉਸ ਨੂੰ ਵੱਧ ਜਾਣਕਾਰੀ ਹਾਸਲ ਹੋਣ ਕਾਰਨ ਉਸ ਦਾ ਜੀਵਨ ਅਨਪੜਾਂ ਨਾਲੋਂ ਸੁਜਾਖਾ ਤੇ ਸੁਖਾਲਾ ਹੋ ਜਾਂਦਾ ਹੈ। ਗਿਆਨ ਵਾਸਤੇ ਬੋਲਣਾ, ਲਿਖਣਾਂ, ਪੜ੍ਹਨਾਂ ਅਤੇ ਵਿਚਾਰਨਾਂ (ਪ੍ਰੈਕਟਸ ਕਰਨਾ) ਜਰੂਰੀ ਅੰਗ ਹਨ। ਇਸ ਸਬੰਧ ਵਿੱਚ ਪਸ਼ੂ ਪੰਛੀ ਤਾਂ ਅਬੋਧ ਹੋਣ ਕਰਕੇ ਨਿਰੱਖਰ ਹਨ ਪਰ ਉਹ ਵੀ ਆਪਣੇ ਮਾਂ ਬਾਪ, ਜਾਤੀ ਨਸਲ ਦੇ ਸੰਗ ਤੋਂ ਖਾਣ, ਪੀਣ, ਬੈਠਣ ਉੱਠਣ, ਚਲਨ ਫਿਰਨ, ਸੌਣ ਅਤੇ ਰਹਿਣ ਸਹਿਣ ਦਾ ਗਿਆਨ ਸਿੱਖ ਲੈਂਦੇ ਹਨ। ਉਨ੍ਹਾਂ ਦਾ ਮਨ-ਬੁੱਧਿ-ਦਿਮਾਗ ਮਨੁੱਖਾ ਜਾਤੀ ਜਿਨਾ ਵਿਕਸਤ ਨਹੀਂ ਇਸ ਲਈ ਉਹ ਭੈਣ ਭਰਾ ਦੇ ਰਿਸ਼ਤੇ ਦਾ ਫਰਕ ਨਹੀਂ ਸਮਝਦੇ ਅਤੇ ਪ੍ਰਮਾਰਥ ਦੇ ਗਿਆਨ ਤੋਂ ਹੀਣ ਹੁੰਦੇ ਹਨ।

ਹੁਣ ਆਪਾਂ ਵਿਚਾਰ ਕਰਦੇ ਹਾਂ ਕਿ ਬੁੱਧ-ਅਕਲ ਅਤੇ ਵਿਗਸਤ ਦਿਮਾਗ ਹੋਣ ਕਰਕੇ, ਸੰਸਾਰ ਦੇ ਗਿਆਨ ਦੇ ਨਾਲ ਨਾਲ ਸਾਨੂੰ ਮਨੁੱਖਾਂ ਨੂੰ ਨਿਰੰਕਾਰ ਦਾ ਗਿਆਨ ਵੀ ਹਾਸਲ ਕਰਨ ਦੀ ਜਰੂਰਤ ਹੈ। ਪ੍ਰਮਾਰਥੀ ਗਿਆਨ ਸਾਨੂੰ ਧਰਮ ਗ੍ਰੰਥਾਂ ਤੋਂ ਗੁਰੂਆਂ, ਪੀਰਾਂ ਅਤੇ ਗਿਆਨਵਾਨ ਗੁਰਮੁਖਾਂ ਤੋਂ ਪ੍ਰਾਪਤ ਹੁੰਦਾ ਹੈ। ਪ੍ਰਮਾਰਥੀ ਗਿਆਨ ਹਾਸਲ ਕਰਨ ਲਈ ਪਹਿਲੇ ਧਰਮ ਅਸਥਾਨ ਤੇ ਮਹਾਂਪੁਰਖ ਹੁੰਦੇ ਸਨ ਪਰ ਅੱਜ ਧਰਮ ਵਿਦਿਆਲੇ, ਟਕਸਾਲਾਂ, ਮਿਸ਼ਨਰੀ ਕਾਲਜ, ਯੂਨੀਵਰਸਿਟੀਆਂ, ਗ੍ਰੰਥਾਂ ਦੇ ਟੀਕੇ, ਕੰਪਿਊਟਰ, ਇੰਟ੍ਰਨੈੱਟ ਅਤੇ ਫੇਸ ਬੁੱਕ ਆਦਿਕ ਸਾਧਨ ਹਨ। ਦੇਖੋ ਸੰਸਾਰ ਦੇ ਇਤਿਹਾਸ ਵਿੱਚ ਅਨੇਕਾਂ ਧਰਮ, ਫਿਲੌਸਫਰ, ਧਰਮ ਗ੍ਰੰਥ ਅਤੇ ਹੋਰ ਗਿਆਨ ਦੀਆਂ ਪੁਸਤਕਾਂ ਹਨ। ਉਹ ਸਾਰੇ ਹੀ ਪੜ੍ਹਨ ਵਿਚਾਰਨ ਅਤੇ ਧਾਰਨ ਕਰਨ ਲਈ ਲਿਖੇ ਗਏ ਹਨ। ਪਰ ਧਰਮ ਦੇ ਠੇਕੇਦਾਰ ਪੁਜਾਰੀਆਂ ਨੇ ਉਨ੍ਹਾਂ ਨੂੰ ਪੜ੍ਹਨ, ਸਮਝਣ, ਵਿਚਾਰਨ ਅਤੇ ਧਾਰਨ ਦੀ ਥਾਂ ਉਨ੍ਹਾਂ ਦੇ ਵੱਖ-ਵੱਖ ਵਿੱਧੀਆਂ ਨਾਲ ਪੂਜਾ ਪਾਠ ਕਰਨੇ, ਰੁਮਾਲਿਆਂ ਕਪੜਿਆਂ ਵਿੱਚ ਵਲੇਟ ਕੇ ਰੱਖਣਾਂ ਅਤੇ ਦਾਨ-ਪੂਜਾ ਦੇ ਨਾਂ ਤੇ ਉਨ੍ਹਾਂ ਅੱਗੇ ਮੱਥੇ ਟੇਕਣੇ ਟਿਕਾਉਣੇ ਸ਼ੁਰੂ ਕੀਤੇ ਹੋਏ ਹਨ। ਆਂਮ ਲੋਕਾਈ ਨੂੰ ਇਹ ਡਰ ਪਾਇਆ ਹੋਇਆ ਹੈ ਕਿ ਇਨ੍ਹਾਂ ਧਰਮ ਗ੍ਰੰਥ ਜਾਂ ਪੁਸਤਕਾਂ ਨੂੰ ਕੇਵਲ ਸੰਪ੍ਰਦਾਈ ਸਾਧ-ਸੰਤ, ਮੁਲਾਂ-ਮੁਲਾਣੇ, ਪੰਡਿਤ-ਪੁਜਾਰੀ, ਗੁਣੀ-ਗਿਆਨੀ ਅਤੇ ਗ੍ਰੰਥੀ-ਪ੍ਰਚਾਰਕ ਆਦਿਕ ਧਰਮ ਦੇ ਠੇਕੇਦਾਰ ਹੀ ਪੜ੍ਹ ਸਕਦੇ ਹਨ।

ਇਨ੍ਹਾਂ ਧਰਮ ਅਤੇ ਰਾਜਨੀਤਕ ਲੀਡਰਾਂ ਨੇ ਆਮ ਲੋਕਾਈ ਨੂੰ ਸੰਸਾਰ ਅਤੇ ਨਿਰੰਕਾਰ ਦੇ ਜਥਾਰਥ ਗਿਆਨ ਤੋਂ ਦੂਰ ਜਾਂ ਅਧੂਰਾ ਹੀ ਰੱਖਿਆ, ਜਿਸ ਕਰਕੇ ਇਹ “ਅਗਿਆਨੀ ਰੱਖੀ ਗਈ ਪਰਜਾ” ਨੂੰ ਦੋਹੀਂ ਹੱਥੀਂ ਲੁੱਟਦੇ ਆ ਰਹੇ ਹਨ। ਗੁਰਮਤਿ ਦੇ ਸਕਾਲਰ ਭਾਈ ਗੁਰਦਾਸ ਜੀ ਵੀ ਲਿਖਦੇ ਹਨ ਕਿ-ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤਿ ਮੁਖਹੁ ਅਲਾਈ॥ ਪਰਜਾ ਦੇ ਗਿਆਨਹੀਨ ਹੋਣ ਕਰਕੇ ਹੀ ਚਾਲਬਾਜ ਧਰਮ ਅਤੇ ਰਾਜਨੀਤ ਆਗੂਆਂ ਨੇ ਬਹੁਤ ਸਾਰੀਆਂ ਪਾਰਟੀਆਂ ਅਤੇ ਮੱਤ ਮਤਾਂਤਰ ਬਣਾ ਲਏ। ਤਾਕਤ ਅਤੇ ਮਾਇਆ ਦੀ ਖਾਤਰ ਅਗਿਆਨੀ ਪਰਜਾ ਨੂੰ ਆਪਸ ਵਿੱਚ ਇੱਕ ਦੂਜੇ ਨਾਲ ਲੜਾ-ਲੜਾ ਕੇ ਇਹ ਲੋਕ ਐਸ਼ਾਂ ਕਰ ਰਹੇ ਹਨ।

ਇਸ ਅਗਿਆਨਤਾ ਦੇ ਅੰਧਰੇ ਨੂੰ ਦੂਰ ਕਰਨ ਵਾਸਤੇ ਸੱਚ ਦੇ ਮੁਤਲਾਸ਼ੀ ਮਹਾਂ ਪੁਰਖਾਂ, ਸੂਫੀ ਫਕੀਰਾਂ, ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਲੁਕਾਈ ਨੂੰ ਰੱਬੀ ਗਿਆਨ ਵੰਡ ਕੇ ਸੁਚੇਤ ਕੀਤਾ। ਬਾਬੇ ਨਾਨਕ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ-ਰਾਜੇ ਸ਼ੀਹ ਮੁਕਦਮ ਕੁਤੇ॥ ਜਾਇ ਜਗਾਇਨ ਬੈਠੇ ਸੁਤੇ॥ ਚਾਕਰ ਨਹਦਾ ਪਾਇਨ ਘਾਉ॥ ਰਤੁ ਪਿਤੁ ਕੁਤਿਹੁ ਚਟਿ ਜਾਹੁ॥ (੧੨੮੮) ਕਾਦੀ ਕੂੜੁ ਬਲਿ ਮਲੁ ਖਾਇ॥ ਬ੍ਰਾਹਮਣੁ ਨ੍ਹਾਵੈ ਜੀਆਂ ਘਾਇ॥ ਜੋਗੀ ਜੁਗਤਿ ਨਾ ਜਾਣੈ ਅੰਧੁ॥ ਤੀਨੇ ਉਜਾੜੇ ਕਾ ਬੰਧੁ॥ (੬੬੨) ਬਾਬੇ ਨਾਨਕ ਦੇ ਪੰਜਵੇਂ ਜਾਂਨਸ਼ੀਨ ਗੁਰੂ ਅਰਜਨ ਸਾਹਿਬ ਨੇ ਰੱਬੀ ਭਗਤਾਂ ਅਤੇ ਸਿੱਖ ਗੁਰੂ ਸਹਿਬਾਨਾਂ ਦੀ ਬਾਣੀ ਨੂੰ ਇੱਕ ਜਿਲਦ ਵਿੱਚ ਸੰਗ੍ਰਹਿ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਤਿਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਦੀ ਬਾਣੀ ਨੂੰ ਇਸ ਗ੍ਰੰਥ ਵਿੱਚ ਚੜ੍ਹਾ, ਸੰਪੂਰਨ ਕਰਕੇ ਇਸ ਗਿਆਨ ਗੁਰੂ ਨੂੰ ਸਮਰਪਤ ਹੋ, ਮੱਥਾ ਟੇਕਦੇ ਹੋਏ, ਸਭ ਸਿੱਖਾਂ ਨੂੰ ਹੁਕਮ ਕੀਤਾ ਕਿ-ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਗੁਰੂ ਗ੍ਰੰਥ ਜੀ ਮਾਨਿਓਂ ਪ੍ਰਗਟ ਗੁਰਾਂ ਕੀ ਦੇਹ॥ ਜੋ ਪ੍ਰਭ ਕਉ ਮਿਲਬੋ ਚਹੈ ਖੋਜਿ ਸ਼ਬਦ ਮੇਂ ਲੇਹ॥ ਇਸ ਗ੍ਰੰਥ ਨੂੰ “ਗੁਰੂ ਗ੍ਰੰਥ” ਦਾ ਲਕਬ ਦੇ, ਇਸ ਨੂੰ ਪੜ੍ਹਨ, ਵਿਚਾਰਨ (ਖੋਜਕਰਨ) ਅਤੇ ਇਸ ਦੇ ਉਪਦੇਸ਼ਾਂ ਨੂੰ ਜਿੰਦਗੀ ਵਿੱਚ ਧਾਰਨ ਦਾ ਉਪਦੇਸ਼ ਦਿੱਤਾ।

“ਸੱਚ ਕਹਾਂ ਤੇ ਭਾਬੜ ਮੱਚਦਾ ਏ” ਦੇ ਕਥਿਨ ਅਨੁਸਾਰ ਐਸਾ ਨਿਰੋਲ ਸੱਚ ਸੁਣ ਕੇ ਜਦ ਜਨਤਾ ਜਾਗੀ, ਹੰਕਾਰੀ, ਵਿਕਾਰੀ ਅਤੇ ਦੁਰਾਚਾਰੀ ਧਰਮ ਤੇ ਰਾਜਨੀਤਕ ਲੋਟੂ ਆਗੂਆਂ ਤੋਂ ਬਾਗੀ ਹੋ, ਗੁਰੂਆਂ ਦੀ ਸ਼ਰਨ ਆਉਣ ਲੱਗੀ ਤਾਂ ਚੋਰ ਤੇ ਕੁੱਤੀ (ਧਰਮੀ ਤੇ ਰਾਜਨੀਤਕ ਲੋਕ) ਰਲ ਕੇ ਰੱਬੀ ਭੱਗਤਾਂ ਅਤੇ ਸਿੱਖ ਗੁਰੂਆਂ ਦੇ ਵਿਰੁੱਧ ਹੋ ਗਏ। ਭਗਤਾਂ ਅਤੇ ਗੁਰੁਆਂ ਨੂੰ ਜੇਲ੍ਹਾਂ ਵਿੱਚ ਪਾ, ਸਕਤ ਤੋਂ ਸਖਤ ਸਜਾਵਾਂ ਵੀ ਦਿੱਤੀਆਂ ਗਈਆਂ ਜੋ ਉਨ੍ਹਾਂ ਨੇ ਖਿੜੇ ਮੱਥੇ ਪ੍ਰਵਾਨ ਕੀਤੀਆਂ ਅਤੇ ਜਾਗੀ ਲੁਕਾਈ ਨੂੰ ਸੰਗੱਠਿਤ ਕਰਕੇ ਭੂਤਰੇ ਹੋਏ ਪੁਜਾਰੀਆਂ ਤੇ ਰਾਜਿਆਂ ਦੇ ਮੂੰਹ ਵੀ ਭੰਨੇ। ਇਹ ਸਾਰਾ ਵਾਕਿਆ ਇਤਿਹਾਸਕ ਗ੍ਰੰਥਾਂ ਵਿੱਚ ਲਿਖਿਆ ਪਿਆ ਹੈ। ਭਾਵੇਂ ਜੰਗਾਂ ਯੁੱਧਾਂ ਕਰਕੇ ਇਹ ਇਤਿਹਾਸਕ ਸਮਗਰੀ ਮੁਕੰਮਲ ਤੌਰ ਤੇ ਸਾਂਭੀ ਨਹੀਂ ਗਈ ਤੇ ਇਸ ਵਿੱਚ ਚਾਲਬਾਜ ਪੁਜਾਰੀ ਅਤੇ ਰਾਜਿਆਂ ਨੇ ਰਲਾ ਕਰ ਦਿੱਤਾ ਪਰ ਫਿਰ ਵੀ ਵੱਖ-ਵੱਖ ਗ੍ਰੰਥਾਂ, ਪੁਸਤਕਾਂ, ਚਿੱਠੀਆਂ, ਖਤਾਂ ਅਤੇ ਸਰਕਾਰੀ ਰਿਕਾਰਡਾਂ ਵਿੱਚ ਭਰੀ ਪਈ ਹੈ। ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਿਧਾਂਤਕ ਕਸਵੱਟੀ ਤੇ ਸੋਧ ਕੇ ਪ੍ਰਕਾਸ਼ਤ ਕੀਤਾ ਜਾ ਸਕਦਾ ਹੈ। ਇਸ ਸਬੰਧ ਵਿੱਚ ਕੁੱਝ ਸੂਝਵਾਨ ਇਤਿਹਾਸ ਦੇ ਖੋਜੀ ਲੇਖਕ ਅਤੇ ਮਿਸ਼ਨਰੀ ਪ੍ਰਚਾਰਕ ਲੱਗੇ ਵੀ ਹੋਏ ਹਨ।

ਗੁਰਮਤਿ ਸਿਧਾਂਤਾਂ ਮੂਹਰੇ ਹਾਰੇ ਹੋਏ ਪੁਜਾਰੀਆਂ ਅਤੇ ਰਾਜਿਆਂ ਨੇ ਅਜੋਕੇ ਡੇਰੇਦਾਰ ਸਾਧਾਂ ਸੰਤਾਂ ਦਾ ਰੂਪ ਧਾਰਨ ਕਰਕੇ ਟਕਸਾਲਾਂ, ਸੰਪ੍ਰਦਾਵਾਂ ਅਤੇ ਡੇਰੇ ਪੈਦਾ ਕਰ ਵੱਖ-ਵੱਖ ਕਰਮਕਾਂਡ ਅਤੇ ਮਰਯਾਦਾ ਚਲਾ ਦਿੱਤੀਆਂ। ਸਿੱਖਾਂ ਨੂੰ-ਬਾਬਾਣੀਆਂ ਕਹਾਣੀਆਂ. . (੯੫੧) ਪੜ੍ਹਨ ਵਿਚਾਰਨ ਅਤੇ ਧਾਰਨ ਤੋਂ ਦੂਰ ਕਰ ਦਿੱਤਾ ਕਿ ਗੁਰਬਾਣੀ ਸਿਰਫ ਟਕਸਾਲੀ ਸੰਪ੍ਰਦਾਈ ਪਾਠੀ ਹੀ ਪੜ੍ਹ ਸਕਦੇ ਹਨ, ਤੁਸੀਂ ਤਾਂ ਵੱਧ ਤੋਂ ਵੱਧ ਗਿਣਤੀ ਦੇ ਪੂਜਾ ਪਾਠ ਕਰਕੇ ਫਲ ਅਤੇ ਮੁਕਤੀ ਹੀ ਪ੍ਰਾਪਤ ਕਰ ਸਕਦੇ ਹੋ। ਜਿਸ ਦਾ ਨਤੀਜਾ ਅੱਜ ਬਹੁਤੇ ਸਿੱਖ ਅਗਿਆਨੀ ਹੋਣ ਕਰਕੇ, ਇੱਕ ਗ੍ਰੰਥ, ਪੰਥ, ਨਿਸ਼ਾਨ, ਵਿਧਾਨ ਅਤੇ ਨਾਨਕਸ਼ਾਹੀ ਕੈਲੰਡਰ ਤੋਂ ਮਨੁਕਰ ਹੋ, ਡੇਰੇਦਾਰ ਸੰਪ੍ਰਦਾਈ ਟਕਸਾਲੀਆਂ ਦੇ ਮੱਗਰ ਲੱਗ, ਅੰਧ ਵਿਸ਼ਵਾਸਾਂ ਨੂੰ ਧਾਰਨ ਕਰਕੇ, ਪੂਜਾ ਪਾਠ, ਦਾਨ ਭੇਟਾਵਾਂ, ਅਖੌਤੀ ਨਰਕ-ਸਵਰਗ ਵੱਖ-ਵੱਖ ਸੱਚਖੰਡਾਂ, ਸੁੱਚਾਂ-ਭਿੱਟਾਂ, ਜਾਤਾਂ-ਪਾਤਾਂ, ਬਰਾਦਰੀਆਂ ਅਤੇ ਥੋਥੇ ਕਰਮਕਾਂਡਾਂ ਦੀ ਘੁੰਮਣਘੇਰੀ ਵਿੱਚ ਹੀ ਫਸੇ ਹੋਏ ਹਨ। ਜੋਤਸ਼ੀ ਪੁਜਾਰੀ ਬ੍ਰਾਹਮਣਾਂ ਦੀ ਭਾਰਤ ਸਰਕਾਰ ਸਿੱਖਾਂ ਨੂੰ ਕੇਸ਼ਾਧਾਰੀ ਹਿੰਦੂ ਜਾਂ ਸਹਿਜਧਾਰੀ ਸਿੱਖ ਪ੍ਰਚਾਰੀ ਜਾ ਰਹੀ ਹੈ, ਇੱਥੋਂ ਤੱਕ ਕਿ ਵਿਧਾਨ ਦੀ ਧਾਰਾ ੨੫ ਬੀ ਵਿੱਚ ਵੀ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਲਿਖਿਆ ਹੋਇਆ ਹੈ।

ਦਾਸ ਦਾ ਇਹ ਲੇਖ ਲਿਖਣ ਤੋਂ ਭਾਵ ਹੈ ਕਿ ਸਾਨੂੰ ਆਪਣੇ ਆਪ ਵੀ ਗੁਰਮਤਿ ਗਿਆਨ (ਗੁਰੂ ਗ੍ਰੰਥ ਸਾਹਿਬ), ਇਤਿਹਾਸ ਅਤੇ ਕੰਪੈਰੇਟਿਵ ਸਟੱਡੀ ਲਈ ਹੋਰ ਗ੍ਰੰਥ ਵੀ ਪੜ੍ਹਨੇ ਚਾਹੀਦੇ ਹਨ। ਤਾਂ ਹੀ ਅਸੀਂ ਪੁਜਾਰੀ, ਰਾਜੇ ਅਤੇ ਅਖੌਤੀ ਸੰਪ੍ਰਦਾਈ ਡੇਰੇਦਾਰ ਸਾਧਾਂ-ਸੰਤਾਂ ਦੇ ਅੰਧਵਿਸ਼ਵਾਸ਼, ਭਰਮਜਾਲ, ਥੋਥੇ ਕਰਮਕਾਂਡ, ਨਰਕ-ਸਵਰਗ, ਲੋਕ-ਪ੍ਰਲੋਕ, ਊਚ-ਨੀਚ, ਕਰਾਮਾਤਾਂ, ਕਲਯੁਗ ਆਦਿਕ ਦੇ ਦਿੱਤੇ ਡਰਾਵਿਆਂ ਦੀਆਂ ਲੁੱਟਾਂ ਤੋਂ ਬਚ ਸਕਦੇ ਹਾਂ।

ਹੋਰ ਦੇਖੋ ਗੁਰੂ ਦੇ ਫੁਰਮਾਨ ਕਿ ਗਿਆਨਹੀਨ ਲੋਕ ਮੁਰਦੇ ਹਨ-ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ॥ (੮੮) ਇਹ ਗਿਆਨ ਰੂਪੀ ਸੁਰਮਾਂ ਗੁਰੂ ਤੋਂ ਹੀ ਮਿਲਦਾ ਹੈ ਜਿਸ ਨਾਲ ਅਗਿਆਨਤਾ ਦਾ ਅੰਧੇਰਾ ਬਿਨਸ ਜਾਂਦਾ ਹੈ-ਗਿਆਨ ਅੰਜਨੁ ਗੁਰਿ ਦੀਆ, ਅਗਿਆਨ ਅੰਧੇਰ ਬਿਨਾਸੁ॥ (੨੯੩) ਅਗਿਆਨਤਾ ਵਿੱਚ ਕਦੇ ਸੁਖ ਪ੍ਰਾਪਤ ਨਹੀਂ ਹੋ ਸਕਦਾ, ਰਾਜਾ ਤੇ ਰੰਕ ਦੋਨੋਂ ਹੀ ਦੁਖੀ ਹੁੰਦੇ ਹਨ-ਅੰਧਕਾਰ ਸੁਖਿ ਕਬਹਿ ਨ ਸੋਈ ਹੈ॥ ਰਾਜਾ ਰੰਕੁ ਦੋਊ ਮਿਲਿ ਰੋਈ ਹੈ॥ (੩੨੫) ਅਗਿਆਨਤਾ ਦੇ ਅੰਧੇਰੇ ਵਿੱਚ ਜੀਵਨ ਤੇ ਪ੍ਰਮਾਰਥ ਦੀ ਕੋਈ ਸਮਝ ਨਹੀਂ ਪੈਂਦੀ ਸਗੋਂ ਬਾਰ-ਬਾਰ ਭਟਣਾ ਹੀ ਲੱਗੀ ਰਹਿੰਦੀ ਹੈ-ਅਗਿਆਨਿ ਅੰਧੇਰੈ ਸੂਝਸਿ ਨਾਹੀ ਬਹੁੜਿ ਬਹੁੜਿ ਭਰਮਾਤਾ॥ (੬੧੦) ਕੋਈ ਪਖੰਡੀ ਆਪਣੇ ਹੂੜ ਮਤ ਦਾ ਜਾਲ ਫੈਲਾ ਕੇ ਗਿਆਨੀਆਂ ਨੂੰ ਨਹੀਂ ਫਸਾ ਸਕਦਾ ਅਤੇ ਉਹ ਕਿਸੇ ਦੇ ਧੋਖੇ ਵਿੱਚ ਗੁੰਮਰਾਹ ਨਹੀਂ ਹੁੰਦੇ-ਗਿਆਨੀਆ ਨੋ ਸਭੁ ਸਚੁ ਹੈ ਸਚੁ ਸੋਝੀ ਹੋਈ॥ ਓਇ ਭੁਲਾਏ ਕਿਸੈ ਦੇ ਨ ਭੁਲਨੀ ਸਚੁ ਜਾਣਨਿ ਸੋਈ॥ (੪੨੫) ਗਿਆਨੀ ਚਤੁਰਾਈ ਅਤੇ ਬਿਬੇਕ (ਗਿਆਨ) ਨਾਲ ਕੰਮ ਕਰਦਾ ਹੈ ਅਤੇ ਅਗਿਆਨੀ ਅੰਧਾ ਧੁੰਦ ਬਿਨਾ ਸੋਚੇ ਵਿਚਾਰੇ ਕਰਮਕਾਂਡ ਕਰੀ ਜਾਂਦਾ ਹੈ-ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਈ॥ (੫੫੬)

ਸੋ ਦਾਸ ਦੇ ਅਗਲੇ ਲੇਖ ਗਿਆਨ-ਵਿਗਿਆਨ, ਫਿਲੌਸਫੀ ਅਤੇ ਇਤਿਹਾਸ ਨਾਲ ਸਬੰਧ ਰੱਖਦੇ ਹਨ ਜਿਨ੍ਹਾਂ ਵਿੱਚ ਬਹੁਤਾ ਕਰਕੇ ਪਾਖੰਡੀ ਡੇਰੇਦਾਰ ਸੰਪ੍ਰਦਾਈਆਂ, ਧੋਖੇਬਾਜ ਪੁਜਾਰੀਆਂ, ਚਾਲਬਾਜ ਰਾਜਨੀਤਕ ਲੀਡਰਾਂ, ਕਰਾਮਾਤੀ ਸਾਧਾਂ, ਜੋਤਸ਼ੀਆਂ, ਇਤਿਹਾਸ ਵਿਗਾੜੂ ਲੇਖਕਾਂ ਅਤੇ ਗੁਰਮਤਿ ਵਿਰੋਧੀ ਗ੍ਰੰਥਾਂ ਤੋਂ ਬਚਣ ਲਈ ਗੁਰ-ਉਪਦੇਸ਼ ਵਿਚਾਰਨ ਦਾ ਯਤਨ ਕੀਤਾ ਹੈ। ਨੋਟ-ਜੇ ਅਸੀਂ ਗੁਰਸਿੱਖ ਹਾਂ ਤਾਂ ਕੁੱਝ ਸਿੱਖੀਏ, ਸਿੱਖ ਦਾ ਤਾਂ ਅਰਥ ਹੀ ਸਿਖਿਆਰਥੀ ਹੈ। ਆਪਣੇ ਆਪ ਨੂੰ ਸਮਝਾਉਣ ਤੇ ਹੋਰਨਾਂ ਨੂੰ ਦਰਸਾਉਣ ਲਈ ਪੜ੍ਹਨ ਵਿਚਾਰਨ ਅਤੇ ਧਾਰਨ ਵੱਲ ਥੋੜਾ-ਬਹੁਤਾ ਤਾਂ ਧਿਆਨ ਦੇਣਾ ਹੀ ਚਾਹੀਦਾ ਹੈ-ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ॥ (੩੪੦)




.