.

ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ (ਭਾਗ-8)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ-7 ਪੜੋ

ਇਸ ਚਲ ਰਹੀ ਲੇਖ ਲੜੀ ਤਹਿਤ ਉਹਨਾਂ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਅਤੇ ਸ਼ਬਦ ਦੇ ਭਾਵ- ਅਰਥ ਨੂੰ ਮੁੱਖ ਰੱਖਦੇ ਹੋਏ ਵਿਸ਼ੇ ਨਾਲ ਸਬੰਧਿਤ ਗੁਰਮਤਿ ਸਿਧਾਂਤਾਂ ਪ੍ਰਤੀ ਜਾਣਕਾਰੀ ਨੂੰ ਪ੍ਰਾਰੰਭ ਕੀਤਾ ਗਿਆ ਹੈ ਜਿਹੜੇ ਸ਼ਬਦ ਕਿਸੇ ਨਾ ਕਿਸੇ ਇਤਿਹਾਸਕ ਘਟਨਾ ਨਾਲ ਸਬੰਧ ਰੱਖਦੇ ਹਨ। ਇਤਿਹਾਸਕ ਤੌਰ ਤੇ ਇਹ ਸ਼ਬਦ ਭਾਵੇਂ ਵਿਅਕਤੀ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ ਪਰ ਅਧਿਆਤਮਕ ਤੌਰ ਤੇ ਉਪਦੇਸ਼ ਅਤੇ ਸਿਖਿਆ “ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ” (੬੪੭) ਅਨੁਸਾਰ ਸਮੁੱਚੀ ਮਾਨਵਤਾ ਲਈ ਸਰਬ ਸਾਂਝੀ ਹੀ ਹੈ।

==========

ਰਾਮਕਲੀ ਮਹਲਾ ੧ ਅਸਟਪਦੀਆ ਸਤਿਗੁਰ ਪ੍ਰਸਾਦਿ।। (੯੦੨-੯੦੩)

ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ।।

ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੈ ਥਾਵ ਕੈਸੇ।। ੧।।

ਜੀਵਨ ਤਲਬ ਨਿਵਾਰਿ।।

ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ।। ੧।। ਰਹਾਉ।।

ਕਿਤੈ ਦੇਸਿ ਨਾ ਆਇਆ ਸੁਣੀਐ ਤੀਰਥ ਪਾਸਿ ਨ ਬੈਠਾ।।

ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਨ ਬੈਠਾ।। ੨।।

ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ।।

ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ।। ੩।।

ਜਿਸੁ ਸਿਕਦਾਰੀ ਤਿਸਹਿ ਖੁਆਰੀ ਚਾਕਰ ਕੇਹੇ ਡਰਣਾ।।

ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹਥਹੁ ਮਰਣਾ।। ੪।।

ਆਖੁ ਗੁਣਾ ਕਲਿ ਆਈਐ।।

ਤਿਹੁ ਜਗੁ ਕੇਰਾ ਰਹਿਆ ਤਪਾਵਸੁ ਜੇ ਗੁਣ ਦੇਹਿ ਤ ਪਾਈਐ।। ੧।। ਰਹਾਉ।।

ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ।।

ਬਾਣੀ ਬ੍ਰਹਮਾ ਬੇਦੁ ਅਥਰਬਣੁ ਕਰਣੀ ਕੀਰਤਿ ਲਹਿਆ।। ੫।।

ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ।।

ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ।। ੬।।

ਕਲਿ ਪਰਵਾਣੁ ਕਤੇਬ ਕੁਰਾਣੁ।। ਪੋਥੀ ਪੰਡਿਤ ਰਹੇ ਪੁਰਾਣ।।

ਨਾਨਕ ਨਾਮੁ ਭਇਆ ਰਹਮਾਣੁ।। ਕਰਿ ਕਰਤਾ ਤੂ ਏਕੋ ਜਾਣੁ।। ੭।।

ਨਾਨਕ ਨਾਮ ਮਿਲੈ ਵਡਿਆਈ ਏਦੂ ਉਪਰਿ ਕਰਮੁ ਨਹੀ।।

ਜੇ ਘਰਿ ਹੋਦੈ ਮੰਗਣਿ ਜਾਈਐ ਫਿਰਿ ਓਲਾਮਾ ਮਿਲੈ ਤਹੀ।। ੮।।

ਗੁਰੂ ਨਾਨਕ ਦੇਵ ਜੀ ਆਪਣੇ ਪ੍ਰਚਾਰ ਦੌਰੇ (ਉਦਾਸੀਆਂ) ਦੌਰਾਨ ਚਲਦੇ-ਚਲਦੇ ਇੱਕ ਦਿਨ ਕਹਿਣ ਲਗੇ `ਚੱਲ ਭਾਈ ਮਰਦਾਨਾ ! ਤੈਨੂੰ ਤੀਰਥਾਂ ਦੀ ਯਾਤਰਾ ਕਰਵਾ ਕੇ ਲਿਆਈਏ। ` ਗੁਰੂ ਸਾਹਿਬ ਭਾਈ ਮਰਦਾਨੇ ਨੂੰ ਨਾਲ ਲੈ ਕੇ ਮਥਰਾ-ਵ੍ਰਿੰਦਾਵਣ ਦੀ ਧਰਤੀ ਤੇ ਪਹੁੰਚ ਗਏ। ਉਸ ਸਮੇਂ ਲੋਕ ਹਿੰਦੂ ਧਰਮ ਦੇ ਪ੍ਰਸਿੱਧ ਤਿਉਹਾਰ ਸ੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਮਨਾਉਣ ਦੀ ਤਿਆਰੀ ਵਿੱਚ ਰੁੱਝੇ ਹੋਏ ਸਨ। ਲੋਕ ਇਸ ਤਿਉਹਾਰ ਨੂੰ ਸ਼ਰਧਾ ਨਾਲ ਮਨਾਉਂਦੇ ਹੋਏ ਸ੍ਰੀ ਕ੍ਰਿਸ਼ਨ ਨੂੰ ਭਗਵਾਨ ਮੰਨ ਕੇ ਪੰਘੂੜੇ ਵਿੱਚ ਬਾਲ ਕ੍ਰਿਸ਼ਨ ਦੀ ਮੂਰਤੀ ਰੱਖ ਕੇ ਝੂਲਣਾ ਝੁਲਾਉਂਦੇ ਹਨ। ਇਥੋਂ ਦੀਆਂ ਹੋਲੀਆਂ ਵੀ ਬਹੁਤ ਮਸ਼ਹੂਰ ਸਨ। ਲੋਕ ਇਹਨਾਂ ਤਿਉਹਾਰਾਂ ਨੂੰ ਮਨਾਉਂਦੇ ਹੋਏ ਸ੍ਰੀ ਕ੍ਰਿਸ਼ਨ ਦਾ ਸਵਾਂਗ ਰਚ ਕੇ ਗੋਪੀਆਂ ਸੰਗ ਝਾਕੀਆਂ ਦੇ ਰੂਪ ਵਿੱਚ ਰਾਸ-ਲੀਲਾਵਾਂ ਰਚਾਉਂਦੇ ਸਨ ਅਤੇ ਬਹੁਤ ਸਾਰੀਆਂ ਕਾਮ-ਉਤੇਜਕ ਰਾਸ-ਲੀਲਾਵਾਂ ਵੀ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰ ਦਰਸ਼ਕਾਂ ਦੇ ਸਾਹਮਣੇ ਕੀਤੀਆਂ ਜਾਂਦੀਆਂ। ਇਸ ਸਭ ਕੁੱਝ ਦਾ ਪ੍ਰਭਾਵ ਉਲਟਾ ਪੈਂਦਾ, ਲੋਕ ਸਮਝਦੇ ਕਿ ਜੇ ਸਾਡੇ ਇਸ਼ਟ ਸ੍ਰੀ ਕ੍ਰਿਸ਼ਨ ਐਸੀਆਂ ਰਾਸ-ਲੀਲਾਵਾਂ ਕਰਦੇ ਹੋਣਗੇ ਤਾਂ ਅਸੀਂ ਵੀ ਐਸੀਆਂ ਗੱਲਾਂ ਕਰ ਸਕਦੇ ਹਾਂ। ਇਸ ਤਰਾਂ ਇਹ ਤਿਉਹਾਰ ਧਾਰਮਿਕ ਸੰਦੇਸ਼ ਪ੍ਰਸਾਰਣ ਦੀ ਥਾਂ ਧਰਮੀ ਇਖਲਾਕ ਤੋਂ ਨੀਵੇਂ ਲਿਜਾਣ ਦਾ ਕੰਮ ਕਰ ਜਾਂਦੇ ਹਨ ਜੋ ਕਿਸੇ ਵੀ ਤਰਾਂ ਯੋਗ ਮੰਨਿਆ ਨਹੀਂ ਜਾ ਸਕਦਾ। ਜਦੋਂ ਇਹ ਸਭ ਕੁੱਝ ਭਾਈ ਮਰਦਾਨਾ ਜੀ ਨੇ ਵੀ ਆਪਣੇ ਅੱਖੀਂ ਦੇਖਿਆ ਤਾਂ ਸਤਿਗੁਰੂ ਜੀ ਨੂੰ ਪੁੱਛਣ ਲੱਗੇ ‘ਕੀ ਕਾਰਣ ਹੈ ਇਥੋਂ ਦੇ ਲੋਕ ਲੁੱਚੇ- ਲਵਾਰ, ਚੋਰ ਆਦਿ ਬਹੁਤ ਹਨ ਤੀਰਥਾਂ ਉਤੇ ਤਾਂ ਇਹੋ ਜਿਹੇ ਨਹੀਂ ਹੋਣੇ ਚਾਹੀਦੇ` (ਤਵਾਰੀਖ ਗੁਰੂ ਖਾਲਸਾ)। ਅਜੇ ਗੁਰੂ ਸਾਹਿਬ ਨੇ ਜਵਾਬ ਨਹੀਂ ਸੀ ਦਿਤਾ ਕਿ ਇੱਕ ਚੌਬਾ (ਪੁਜਾਰੀ- ਜੋ ਚਾਰ ਵੇਦਾਂ ਦਾ ਗਿਆਨ ਰੱਖਦਾ ਹੋਵੇ ਉਸਨੂੰ ਚੌਬਾ ਆਖਿਆ ਜਾਂਦਾ ਹੈ) ਬੋਲ ਉਠਿਆ ਕਿ ਹੁਣ ਕਲਯੁਗ ਦਾ ਪਹਿਰਾ ਹੈ, ਕਲਯੁਗ ਦੇ ਤੀਰਥ ਅਸਥਾਨਾਂ ਉਪਰ ਨਿਵਾਸ ਕਰਨ ਨਾਲ ਲੋਕਾਂ ਦੇ ਮਨ ਭ੍ਰਸ਼ਟੇ ਗਏ ਹਨ। ਭਾਵ ਕਿ ਆਚਰਣ ਤੋਂ ਗਿਰੇ, ਨੀਵੇਂ, ਇਖਲਾਕ ਹੀਣ, ਸਮਾਜਿਕ-ਧਾਰਮਿਕ ਪੱਧਰ ਤੋਂ ਨੀਚ ਕਰਮਾਂ ਨੂੰ ‘ਕਲਯੁਗ` ਦਾ ਪ੍ਰਭਾਵ ਦੱਸ ਕੇ ਆਪਣੇ ਗਲਤ ਕਰਮਾਂ ਨੂੰ ਵੀ ਜ਼ਾਇਜ਼ ਠਹਿਰਾਉਣ ਦਾ ਯਤਨ ਕੀਤਾ ਜਾ ਰਿਹਾ ਸੀ।

ਇਸ ਵਿਸ਼ੇ ਉਪਰ ਜਦੋਂ ਅਸੀਂ ਗੁਰਬਾਣੀ ਗਿਆਨ ਦੀ ਰੋਸ਼ਨੀ ਵਿੱਚ ਪੜਚੋਲ ਕੇ ਵੇਖਦੇ ਹਾਂ ਤਾਂ ਗੁਰਮਤਿ ਕਿਸੇ ਵੀ ਤਰਾਂ ਐਸੀਆਂ ਗੱਲਾਂ ਨੂੰ ਮਾਨਤਾ ਨਹੀਂ ਦਿੰਦੀ। ਗੁਰੂ ਸਾਹਿਬ ਦਾ ਤਰਕ-ਭਰਪੂਰ ਬਚਨ ਹੈ ਕਿ ਜੋ ਅਕਾਲ ਪੁਰਖ ਨਿਰਾਕਾਰ ਹੈ, ਜਨਮ-ਮਰਣ ਤੋਂ ਰਹਿਤ ਹੈ, ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਉਸ ਦਾ ਜਨਮ ਦਿਨ ਮਨਾਉਂਦੇ ਹੋਏ ਪੰਘੂੜੇ ਵਿੱਚ ਮੂਰਤੀ ਰੱਖ ਕੇ ਲੋਰੀਆਂ ਦੇਣਾ-ਝੂਲੇ ਝੁਲਾਉਣਾ ਅਗਿਆਨਤਾ ਵੱਸ ਕੀਤਾ ਗਿਆ ਨਿਰਾਰਥਕ ਕਰਮ ਹੈ।

ਸਗਲ ਪਰਾਧ ਦੇਹਿ ਲੋਰੋਨੀ।।

ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ।। ੩।।

ਜਨਮਿ ਨ ਮਰੈ ਨ ਆਵੈ ਨ ਜਾਇ।।

ਨਾਨਕ ਕਾ ਪ੍ਰਭ ਰਹਿਓ ਸਮਾਇ।। ੪।।

(ਭੈਰਉ ਮਹਲਾ ੫-੧੧੩੬)

ਸਾਰੇ ਅਪਰਾਧਾਂ ਤੋਂ ਵਧ ਕੇ ਗੁਨਾਹ ਹੈ ਜੋ ਕਰਤਾਰ ਨੂੰ ਰੋਂਦਾ ਹੋਇਆ ਬਾਲਕ ਮੰਨ ਕੇ ਚੁਪ ਕਰਾਉਣ ਲਈ ਲੋਰੀ ਦਿੰਦੇ ਹੈਨ। ` (ਮਹਾਨ ਕੋਸ਼-ਪੰਨਾ 253)

ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ।।

ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ।।

(ਗਉੜੀ-ਕਬੀਰ ਜੀ-੩੩੯)

ਧਰਮ ਦੇ ਨਾਮ ਹੇਠ ਪ੍ਰਚਲਿਤ ਗਲਤ ਵਿਸ਼ਵਾਸ਼ ਜੋ ਸਮੇਂ ਨੂੰ ਸਤਿਯੁਗ, ਤ੍ਰੇਤਾ, ਦੁਆਪਰ, ਕਲਯੁਗ ਚਾਰ ਯੁਗਾਂ ਵਿੱਚ ਵੰਡਦੇ ਹੋਏ ਕਲਯੁਗ ਨੂੰ ਚਾਰੇ ਯੁਗਾਂ ਵਿਚੋਂ ਸਭ ਤੋਂ ਮਾੜਾ ਸਮਝਦੇ ਹਨ, ਉਹ ਗੁਰਬਾਣੀ ਗਿਆਨ ਤੋਂ ਹੀਣੇ ਹਨ।

ਬਾਲਮੀਕ ਰਾਮਾਇਣ ਅਤੇ ਪੁਰਾਣਾਂ ਵਿੱਚ 4320000 ਵਰੇ ਦਾ ਸਮਾਂ ਸਤਿਯੁਗ, ਤ੍ਰੇਤਾ ਦੁਆਪਰ ਅਤੇ ਕਲਿ ਕਹਾਉਂਦਾ ਹੈ। ਅਰ ਇਹ ਨਿਸ਼ਚਾ ਹੈ ਕਿ ਚਾਰ ਯੁਗਾਂ ਦਾ ਚੱਕ੍ਰ ਕੁਦਰਤੀ ਤੌਰ ਤੇ ਸਦਾ ਬਣਿਆ ਰਹਿੰਦਾ ਹੈ ਅਰ ਲੋਕਾਂ ਦੀ ਉਮਰ, ਕੱਦ ਅਤੇ ਸੁਭਾਉ ਯੁਗਾਂ ਦੇ ਪ੍ਰਭਾਵ ਨਾਲ ਬਦਲਦੇ ਰਹਿੰਦੇ ਹਨ, ਪਰ ਗੁਰਮਤਿ ਵਿੱਚ ਇਹ ਵਿਸ਼ਵਾਸ ਨਹੀਂ। ਲੋਕਾਂ ਦੇ ਸੁਕਰਮੀ ਅਤੇ ਕੁਕਰਮੀ ਹੋਣ ਕਰਕੇ ਇਸ ਸਮੇਂ ਵਿੱਚ ਹੀ ਸਤਯੁਗ ਅਤੇ ਕਲਿਯੁਗ ਵਰਤ ਜਾਂਦਾ ਹੈ। `

(ਭਾਈ ਕਾਨ੍ਹ ਸਿੰਘ ਨਾਭਾ-ਗੁਰਮਤਿ ਮਾਰਡੰਡ-ਪੰਨਾ ੨੮੭-੨੮੮)

‘ਗੁਰੂ ਸਾਹਿਬ ਨੇ ਜੁਗਾਂ ਦੀ ਮਾਨਤਾ ਇਉਂ ਨਹੀਂ ਮੰਨੀ ਅਤੇ ਨਾ ਹੀ ਕਿਸੇ ਖਾਸ ਸਮੇਂ ਨੂੰ ਭੈੜਾ ਕਿਹਾ ਹੈ। ਉਹਨਾਂ ਦੇ ਵਿਚਾਰ ਅਨੁਸਾਰ ਨਾਮ ਹੀ ਹਰ ਯੁਗ ਵਿੱਚ ਮਾਨਸਕ ਸ਼ਾਂਤੀ ਪੈਦਾ ਕਰਦਾ ਆਇਆ ਹੈ ਤੇ ਕਲਿਯੁਗ ਵਿੱਚ ਵੀ ਇਹੋ ਜੀਵਨ- ਅਧਾਰ ਬਣ ਸਕਦਾ ਹੈ। `

(ਗੁਰੂ ਗ੍ਰੰਥ ਸੰਕੇਤ ਕੋਸ਼- ਪੰਨਾ ੧੬੦- ਪੰਜਾਬੀ ਯੂਨੀਵਰਸਿਟੀ ਪਟਿਆਲਾ)

-ਇਸੁ ਕਲਿਜੁਗ ਮਹਿ ਕਰਮ ਧਰਮੁ ਨ ਕੋਈ।।

ਕਲੀ ਕਾ ਜਨਮੁ ਚੰਡਾਲ ਕੈ ਘਰਿ ਹੋਈ।।

ਨਾਨਕ ਨਾਮ ਬਿਨਾ ਕੋ ਮੁਕਤਿ ਨ ਹੋਈ।।

(ਗਉੜੀ ਮਹਲਾ ੩- ੧੬੧)

-ਕਲਿ ਤਾਤੀ ਠਾਂਢਾ ਹਰਿ ਨਾਉ।।

ਸਿਮਰਿ ਸਿਮਰਿ ਸਦਾ ਸੁਖ ਪਾਉ।।

(ਗਉੜੀ ਸੁਖਮਨੀ ਮਹਲਾ ੫- ੨੮੮

-ਅਬ ਕਲੂ ਆਇਓ ਰੇ।। ਇਕੁ ਨਾਮੁ ਬੋਵਹੁ ਬੋਵਹੁ।।

ਅਨ ਰੂਤਿ ਨਾਹੀ ਨਾਹੀ।। ਮਤੁ ਭਰਮਿ ਭੂਲਹੁ ਭੂਲਹੁ।।

(ਬਸੰਤ ਮਹਲਾ ੫-੧੧੮੫)

ਗੁਰਮਤਿ ਸਿਧਾਂਤਾਂ ਅਨੁਸਾਰ ਮਨੁੱਖੀ ਮਨ ਦਾ ਸੁਭਾਉ ਜਿਵੇਂ-ਜਿਵੇਂ ਵੱਖ-ਵੱਖ ਤਰਾਂ ਦੇ ਪੱਕ ਚੁਕੇ ਸੰਸਕਾਰਾਂ ਦੇ ਪ੍ਰਭਾਵ ਅਧੀਨ ਮਨੁੱਖਾਂ ਕੋਲੋਂ ਕਰਮ ਕਰਵਾਉਂਦਾ ਹੈ ਅਤੇ ਮਨੁੱਖ ਐਸੇ-ਐਸੇ ਕਰਮ ਬਾਰ-ਬਾਰ ਕਰੀ ਜਾਂਦੇ ਹਨ, ਉਸੇ ਅਵਸਥਾ ਦਾ ਨਾਮ ਹੀ ਯੁਗਾਂ ਦਾ ਬਦਲ ਜਾਣਾ ਹੈ। ਇਸ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਹਰ ਸਮੇਂ ਚਾਰੇ ਯੁਗ ਵਰਤਦੇ ਰਹਿੰਦੇ ਹਨ ਇਹ ਮਨੁੱਖ ਵਲੋਂ ਕੀਤੇ ਜਾ ਰਹੇ ਕਰਮਾਂ ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਯੁਗ ਵਿੱਚ ਰਹਿ ਰਿਹਾ ਹੈ। ਸਿੱਖ ਫਿਲਾਸਫੀ ਪ੍ਰਚਲਿਤ ਯੁਗਾਂ ਦੇ ਵਿਸ਼ਵਾਸ ਦੀ ਭਟਕਣਾ ਵਿਚੋਂ ਕੱਢ ਕੇ ਕਰਮ-ਫਿਲਾਸਫੀ ਦੁਆਰਾ ਜੀਵਨ ਨੂੰ ਸਵਾਰਨ ਦੀ ਗੱਲ ਕਰਦੀ ਹੈ। ਗੁਰੂ ਨਾਨਕ ਸਾਹਿਬ ਇਸ ਪੱਖ ਉੱਪਰ ਆਸਾ ਕੀ ਵਾਰ ਅੰਦਰ ਫੁਰਮਾਣ ਕਰਦੇ ਹਨ ਕਿ ਮਨੁੱਖੀ ਸਰੀਰ ਰੂਪੀ ਰੱਥ ਦੇ ਰਥਵਾਨ ਸੁਭਾਉ ਅਨੁਸਾਰ ਬਦਲਦੇ ਰਹਿੰਦੇ ਹਨ ਇਹੀ ਯੁੱਗਾਂ ਦਾ ਬਦਲਣਾ ਹੈ, ਇਹ ਗਲ ਗਿਆਨਵਾਨਾਂ ਦੀ ਸਮਝ ਵਿੱਚ ਆਉਂਦੀ ਹੈ-

ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ।।

ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ।।

ਸਤਿਜੁਗ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ।।

ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ।।

ਦੁਆਪਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ।।

ਕਲਿਜੁਗਿ ਰਥੁ ਅਗਿਨ ਕਾ ਕੂੜੁ ਅਗੈ ਰਥਵਾਹੁ।। ੧।।

(ਆਸਾ ਕੀ ਵਾਰ -ਸਲੋਕ ਮਹਲਾ ੧-੪੭੦)

ਮਨੁੱਖਾਂ ਦੇ ਕਲਯੁਗੀ ਸਭਾਉ ਦੇ ਪ੍ਰਭਾਵ ਕਾਰਣ ਸਮਾਜ ਦੇ ਹਰ ਖੇਤਰ ਵਿੱਚ ਇਸਦਾ ਗਲਤ ਪ੍ਰਭਾਵ ਹਰ ਪਾਸੇ ਵਰਤਦਾ ਦਿਖਾਈ ਦਿੰਦਾ ਹੈ। ਬਿਹਾਗੜੇ ਕੀ ਵਾਰ ਅੰਦਰ ਗੁਰੂ ਨਾਨਕ ਸਾਹਿਬ ਇੱਕ ਸਲੋਕ ਦੁਆਰਾ ਦਸਦੇ ਹਨ ਕਿ ਅੱਜ ਐਸੇ ਪ੍ਰਭਾਵ ਕਾਰਣ ਪ੍ਰਵਾਰਾਂ ਦੇ ਪ੍ਰਵਾਰ (ਕਿਉਂਕਿ ਇੱਕ ਕਹਾਵਤ ਹੈ-ਜੈਸਾ ਅੰਨ ਤੈਸਾ ਮਨ, ਇਸ ਕਹਾਵਤ ਨੂੰ ਅੱਗੇ ਹੋਰ ਵਧਾਇਆ ਜਾ ਸਕਦਾ ਹੈ-ਜੈਸਾ ਪ੍ਰਵਾਰ ਦੇ ਮੁਖੀ ਦਾ ਕਲਯੁਗੀ ਸੁਭਾਉ ਉਸੇ ਤਰਾਂ ਬਾਕੀ ਪ੍ਰਵਾਰ ਦਾ ਸੁਭਾਉ) ਗਲਤ ਪੈਦਾਇਸ਼ ਦਾ ਸ਼ਿਕਾਰ ਹੋ ਰਹੇ ਹਨ-

ਕਲੀ ਅੰਦਰਿ ਨਾਨਕਾ ਜਿੰਨਾ ਦਾ ਅਉਤਾਰੁ।।

ਪੁਤੁ ਜਿਨ੍ਵੂਰਾ ਧੀ ਜਿੰਨੂਰੀ ਜੋਰੂ ਜਿੰਨਾ ਦਾ ਸਿਰਦਾਰੁ।।

(ਵਾਰ ਬਿਹਾਗੜਾ- ਮਹਲਾ ੧-੫੫੬)

ਜਿਹੜੇ ਲੋਕ ਕਲਯੁਗ ਨੂੰ ਦੂਸਰੇ ਯੁਗਾਂ ਦੇ ਮੁਕਾਬਲੇ ਮਾੜਾ ਮੰਨ ਕੇ ਅਤੇ ਇਸ ਤਹਿਤ ਲੋਕਾਂ ਨੂੰ ਭਰਮਾ ਕੇ ਲੁਟਦੇ ਹਨ, ਗੁਰਬਾਣੀ ਐਸੇ ਲੋਕਾਂ ਦਾ ਸਪਸ਼ਟ ਰੂਪ ਵਿੱਚ ਖੰਡਨ ਕਰਦੀ ਹੈ ਕਿ ਇਹ ਯੁਗ ਸਗੋਂ ਸਾਰੇ ਯੁਗਾਂ ਵਿਚੋਂ ਉਤਮ ਹੈ ਕਿਉਂਕਿ ਇਸ ਯੁੱਗ ਵਿੱਚ ਗੁਰੂ ਨਾਨਕ ਸਾਹਿਬ ਵਰਗੀ ਅਗੰਮੀ ਸ਼ਖਸ਼ੀਅਤ ‘ਜਾਹਰ ਪੀਰ ਜਗਤ ਗੁਰੁ ਬਾਬਾ` (ਭਾਈ ਗੁਰਦਾਸ ਜੀ-ਵਾਰ ੨੪ ਪਉੜੀ ੩) ਦਾ ਆਗਮਨ ਹੋਇਆ ਹੈ। ਬਾਬਾ ਨਾਨਕ ਨੇ ਆਪਣੇ ਵਿਚਾਰਾਂ ਨਾਲ ਮਨੁਖੀ ਸੁਭਾਉ ਬਦਲ ਦਿਤੇ ਅਤੇ ਲੋਕਾਂ ਨੂੰ ਸਤਿਨਾਮ ਦੇ ਮੰਤਰ ਨਾਲ ਜੋੜ ਕੇ ਕਲਯੁਗੀ ਜੀਵਾਂ ਦਾ ਉਧਾਰ ਕਰ ਦਿਤਾ। ਗੁਰਬਾਣੀ ਅੰਦਰ ਇਹ ਸਿਧਾਂਤ ਵੀ ਸਪਸ਼ਟ ਕੀਤਾ ਗਿਆ ਕਿ ਕਲਯੁਗ ਚਾਰੇ ਯੁਗਾਂ ਵਿਚੋਂ ਉਤਮ ਹੈ ਕਿਉਂਕਿ ਇਸ ਯੁਗ ਵਿੱਚ ਜਿਹੜਾ ਵੀ ਕੋਈ ਮਾੜਾ ਕਰਮ ਕਰਦਾ ਹੈ, ਉਸ ਕੀਤੇ ਹੋਏ ਮਾੜੇ ਕਰਮ ਦੀ ਸਜ਼ਾ ਉਸੇ ਨੂੰ ਹੀ ਭੁਗਤਣੀ ਪੈਂਦੀ ਹੈ।

-ਕਲਿਜੁਗੁ ਬਾਬੇ ਤਾਰਿਆ ਸਤਿਨਾਮੁ ਪੜਿ ਮੰਤ੍ਰ ਸੁਣਾਇਆ।।

ਕਲਿ ਤਾਰਣ ਗੁਰੁ ਨਾਨਕ ਆਇਆ।।

(ਭਾਈ ਗੁਰਦਾਸ ਜੀ -ਵਾਰ ੧ ਪਉੜੀ ੨੩)

-ਸਤਜੁਗੁ ਤ੍ਰੇਤਾ ਦੁਆਪਰੁ ਭਣੀਐ ਕਲਿਜੁਗੁ ਊਤਮੋ ਜੁਗਾ ਮਾਹਿ।।

ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ।।

(ਆਸਾ ਮਹਲਾ ੫-੪੦੬)

ਉਪਰੋਕਤ ਸਾਰੀ ਵਿਚਾਰ ਤੋਂ ਮਨ ਵਿੱਚ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕਲਯੁਗ ਦੇ ਪ੍ਰਭਾਵ ਅਧੀਨ ਆਏ ਮਨੁੱਖ ਦੇ ਸੁਭਾਉ ਦੀ ਪਰਖ ਕਿਵੇਂ ਕੀਤੀ ਜਾਵੇ, ਉਸਦੇ ਲੱਛਣ ਕੀ ਹਨ, ਉਸਦੇ ਕਰਮ ਕੀ ਹਨ? ਇਸ ਪ੍ਰਸ਼ਨ ਦਾ ਉਤਰ ਪਹਿਲੇ ਪਾਤਸ਼ਾਹ ਨੇ ਗਉੜੀ ਰਾਗ ਅੰਦਰ ਦਿੰਦੇ ਹੋਏ ਸਪਸ਼ਟ ਕੀਤਾ ਹੈ ਕਿ ਕਲਯੁਗੀ ਪ੍ਰਭਾਵ ਅਧੀਨ ਪੱਕ ਚੁੱਕੇ ਗਲਤ ਸੁਭਾਉ ਵਾਲਾ ਮਨੁੱਖ ਹਰ ਖੇਤਰ ਵਿੱਚ ਉਲਟਾ ਕਰਮ ਕਰਦਾ ਹੈ, ਉਲਟਾ ਸੋਚਦਾ ਹੈ, ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਦਾ ਹੈ। ਪ੍ਰਮੇਸ਼ਰ ਨੂੰ ਛੱਡ ਕੇ ਪ੍ਰਮੇਸ਼ਰ ਦੀ ਕਿਰਤ ਦੀ ਪੂਜਾ ਕਰਦਾ ਹੈ, ਜਿਵੇਂ ਪਾਣੀ ਵਿਚੋਂ ਮੱਖਣ ਲਭਣ ਦੇ ਯਤਨ ਕਰਦਾ ਹੈ ਜੋ ਕਿ ਬਿਲਕੁਲ ਅਸੰਭਵ ਗੱਲਾਂ ਹਨ, ਨਿਰਾਰਥਕ ਕਰਮ ਹਨ-

ਖੋਟੇ ਕਓ ਖਰਾ ਕਹੈ ਖਰੇ ਸਾਰ ਨ ਜਾਣੈ।।

ਅੰਧੇ ਨਾ ਨਾਉ ਪਾਰਖੂ ਕਲੀ ਕਾਲ ਵਿਡਾਣੈ।। ੩।।

ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ।।

ਜੀਵਤ ਕਉ ਮੂਆ ਕਹੈ ਮੂਐ ਨਹੀ ਰੋਤਾ।। ੪।।

ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ।।

ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ।। ੫।।

ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ।।

ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ।। ੬।।

ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ।।

ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀਂ ਰੀਸੈ।। ੭।।

(ਗਉੜੀ ਅਸਟਪਦੀ ਮਹਲਾ ੧-੨੨੯)

ਪੁਰੀ ਦੀ ਧਰਤੀ ਉਪਰ ਧਰਮ ਦੇ ਨਾਮ ਉਪਰ ਇਖਲਾਕ ਤੋਂ ਗਿਰੇ ਹੋਏ ਨੀਵੇਂ ਕੰਮ ਕਰਨ ਵਾਲੇ ਚੌਬੇ (ਪੰਡਿਤ) ਜੋ ਆਪਣੇ ਇਹਨਾਂ ਮਾੜੇ ਕੰਮਾਂ ਨੂੰ ਕਲਯੁਗ ਦੇ ਮੱਥੇ ਮੜ੍ਹ ਕੇ ਆਪ ਸੁਰਖਰੂ ਹੋਣ ਦਾ ਯਤਨ ਕਰ ਰਹੇ ਸਨ ਉਨ੍ਹਾਂ ਨੂੰ ਅਤੇ ਸਮੁੱਚੀ ਮਨੁੱਖਤਾ ਦੇ ਸਦੀਵੀਂ ਮਾਰਗ ਦਰਸ਼ਨ ਲਈ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਦੀ ਰਬਾਬ ਸੰਗ ਵਿਸ਼ਾ ਅਧੀਨ ਸ਼ਬਦ ਉਚਾਰਨ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹਿਸਾ ਬਣਾ ਦਿਤਾ।

ਇਸ ਸ਼ਬਦ ਦੁਆਰਾ ਗੁਰੂ ਨਾਨਕ ਸਾਹਿਬ ਨੇ ਪਾਂਡਿਆਂ ਉੱਪਰ ਸਵਾਲ ਕੀਤਾ ਕਿ ਤੁਸੀਂ ਆਖਦੇ ਹੋ ਕਿ ਹੁਣ ਕਲਯੁਗ ਦੇ ਪ੍ਰਭਾਵ ਅਧੀਨ ਇਸ ਤੀਰਥ ਉਪਰ ਵਸਦੇ ਲੋਕਾਂ ਦੇ ਮਨ ਭ੍ਰਿਸ਼ਟ ਹੋ ਗਏ ਹਨ, ਦੱਸੋ ਕਿ ਕਲਯੁਗ ਕਿਥੇ ਨਿਵਾਸ ਕਰਦਾ ਹੈ, ਜਿਹੜੇ ਚੰਦਰਮਾਂ, ਤਾਰੇ, ਸੂਰਜ, ਧਰਤੀ, ਹਵਾ, ਪਾਣੀ, ਆਦਿ ਸਤਯੁਗ ਵਿੱਚ ਸਨ ਉਹੀ ਤ੍ਰੇਤਾ, ਦੁਆਪਰ, ਕਲਯੁਗ ਵਿੱਚ ਹਨ ਦਸੋ ਕੀ ਬਦਲਿਆ ਹੈ, ਕਲਯੁਗ ਆਉਂਦਾ ਕਿਥੋਂ ਹੈ, ਜਾਂਦਾ ਕਿਥੇ ਹੈ, ਕੀ ਯੁਗਾਂ ਦੇ ਬਦਲਣ ਨਾਲ ਮਨੁਖੀ ਬਿਰਤੀ ਵਿੱਚ ਵੀ ਕੋਈ ਅੰਤਰ ਪੈਦਾ ਹੁੰਦਾ ਹੈ? ਆਪਣੇ ਵਲੋਂ ਕੀਤੇ ਜਾਂਦੇ ਕੁਕਰਮਾਂ ਨੂੰ ਕਲਯੁਗ ਦੇ ਮੱਥੇ ਲਾ ਕੇ ਅਗਿਆਨੀ ਲੋਕਾਂ ਦੀ ਨਜ਼ਰ ਵਿੱਚ ਭਾਵੇਂ ਤੁਸੀ ਪ੍ਰਵਾਨ ਹੋ ਜਾਵੋ ਪ੍ਰੰਤੂ ਪਮੇਸ਼ਰ ਦੀ ਦਰਗਾਹ ਵਿੱਚ ਤਾਂ ਨਿਬੇੜਾ ਕੇਵਲ ਅਮਲਾਂ ਦੇ ਆਧਾਰ ਉਪਰ ਹੀ ਹੋਣਾ ਹੈ। ਸਮੇਂ, ਯੁਗਾਂ ਦਾ ਪਾਪ-ਪੁੰਨ ਰੂਪੀ ਕਰਮਾਂ ਨਾਲ ਕੋਈ ਵੀ ਸਬੰਧ ਨਹੀਂ ਹੁੰਦਾ। ਅਸਲ ਵਿੱਚ ਕਲਯੁਗ ਦੇ ਵਰਤਾਰੇ ਦਾ ਲੱਛਣ ਇਹ ਹੈ ਕਿ ਜਦੋਂ ਮਨੁੱਖੀ ਸੁਭਾਉ ਵਿੱਚ ਖੁਦਗਰਜ਼ੀ-ਸੁਆਰਥ ਇੰਨਾ ਜਿਆਦਾ ਵਧ ਜਾਵੇ ਕਿ ਇਸ ਦੀ ਪੂਰਤੀ ਲਈ ਹਰ ਤਰਾਂ ਦੇ ਧੱਕੇ, ਜਬਰ, ਜੁਲਮ ਨੂੰ ਧਾਰਮਿਕ, ਰਾਜਨੀਤਕ, ਸਮਾਜਿਕ ਵਰਤਾਰੇ ਦੇ ਨਾਮ ਹੇਠ ਜਾਇਜ਼ ਠਹਿਰਾਉਣ ਦਾ ਯਤਨ ਕੀਤਾ ਜਾਵੇ ਤਾਂ ਇਹ ਮਨੁੱਖੀ ਮਨਾਂ ਦੇ ਭ੍ਰਿਸ਼ਟ ਜਾਣ ਦੀ ਇੰਤਹਾ ਹੈ। ਕਲਯੁਗ ਕਿਤੇ ਬਾਹਰੋਂ ਨਹੀਂ ਆਉਂਦਾ ਸਗੋਂ ਵਿਕਾਰੀ ਮਨੁੱਖ ਦਾ ਆਪਣਾ ਮਨ ਹੀ ਕਲਯੁਗ ਹੈ। ਸਚਿਆਰ ਮਨੁੱਖ ਦਾ ਆਪਣਾ ਮਨ ਹੀ ਸਤਯੁਗ, ਤ੍ਰੇਤਾ, ਦੁਆਪਰ ਹੈ।

ਕਿੰਨੀ ਹੈਰਾਨੀ ਦੀ ਗੱਲ ਹੈ ਕਿ ਗੁਰੂ ਸਾਹਿਬ ਨੇ ਮਥਰਾ -ਵਿੰਦਾਵਣ ਦੀ ਧਰਤੀ ਤੇ ਜਿਸ ਕਲਯੁਗ ਦਾ ਪਰਦਾ ਫਾਸ਼ ਕਰਕੇ ਅਸਲੀਅਤ ਸਮਝਾਈ ਸੀ ਅਸੀਂ ਜਾਣੇ-ਅਣਜਾØਣੇ ਵਿੱਚ ਅੱਜ ਗੁਰਦੁਆਰਿਆਂ ਵਿੱਚ ਹੀ ਕਲਯੁਗ ਦੀ ਹੋਂਦ ਨੂੰ ਮਨਘੜ੍ਹਤ ਸਾਖੀਆਂ ਦੇ ਸਹਾਰੇ ਆਪ ਹੀ ਮੰਨਣਾ ਸ਼ੁਰੂ ਕਰ ਦਿਤਾ ਹੈ। ਕਲਯੁਗ ਨੇ ਗੁਰੂ ਨਾਨਕ ਸਾਹਿਬ ਕੋਲੋਂ ਗੁਰਦੁਆਰੇ ਵਿੱਚ ਕੜਾਹ ਪ੍ਰਸ਼ਾਦਿ ਵੰਡਣ ਵੇਲੇ ਅੰਦਰ ਦਾਖਲ ਹੋਣ ਦੀ ਆਗਿਆ ਲੈ ਲਈ ਸੀ, ਕਲਯੁਗ ਦੇ ਆਉਣ ਕਾਰਣ ਹੀ ਇਸ ਸਮੇਂ ਸਭਿਅਤਾ ਤੋਂ ਹੀਣਾ-ਪਣ ਵਿਖਾਉਂਦੇ ਹੋਏ ਅਸੀਂ ਆਪਾ-ਧਾਪੀ ਦਾ ਪ੍ਰਤੱਖ ਮੁਜ਼ਾਹਰਾ ਕਰਦੇ ਦਿਖਾਈ ਦਿੰਦੇ ਹਾਂ। ਅਸਲੀਅਤ ਵਿੱਚ ਇਹ ਮਨਘੜ੍ਹਤ ਸਾਖੀ, ਜੋ ਇਸ ਸ਼ਬਦ ਦੀ ਮੂਲ ਭਾਵਨਾ-ਉਪਦੇਸ਼ ਤੋਂ ਬਿਲਕੁਲ ਵਿਪਰੀਤ ਹੈ, ਰਾਹੀਂ ਮਥਰਾ ਦੇ ਪੰਡਿਤਾਂ ਵਾਂਗ ਆਪਣੇ ਬੇ-ਸਬਰੇਪਨ ਨੂੰ ਕਲਯੁਗ ਦੇ ਨਾਮ ਹੇਠਾਂ ਕਰਦੇ ਹੋਏ ਆਪ ਸੁਰਖਰੂ ਹੋਣ ਦਾ ਯਤਨ ਕਰ ਰਹੇ ਹੁੰਦੇ ਹਾਂ। ਲੋੜ ਹੈ ਗੁਰਬਾਣੀ ਗਿਆਨ ਦੀ ਰੋਸ਼ਨੀ ਵਿੱਚ ਆਪਣੇ ਜੀਵਨ ਵਿਚੋਂ ਵਿਕਾਰੀ, ਸੁਆਰਥੀ, ਧੱਕੇ, ਵਿਕਾਰਾਂ ਅਧੀਨ ਬਿਰਤੀ ਦਾ ਤਿਆਗ ਕਰਕੇ ਸੁਆਰਥ ਰਹਿਤ ਸਚਿਆਰ ਜੀਵਨ ਜੀਊਣ ਦੀ, ਇਹੀ ਸਹੀ ਰਸਤਾ ਹੈ।

ਸਿਖਿਆ:- ਅਸੀਂ ਆਪਣੇ ਜੀਵਨ ਦੀਆਂ ਬੁਰਾਈਆਂ, ਅਉਗਣਾਂ, ਵਿਕਾਰਾਂ ਨੂੰ ਕਿਸੇ ਨਾ ਕਿਸੇ ਮਨਘੜ੍ਹਤ ਸਹਾਰੇ ਦੁਆਰੇ ਜਾਇਜ਼ ਠਹਿਰਾਉਣਾ ਛੱਡ ਕੇ ਆਪਣੇ ਜੀਵਨ ਦੇ ਮਾੜੇ ਪੱਖਾਂ ਨੂੰ ਤਸਲੀਮ ਕਰਦੇ ਹੋਏ ਜੀਵਨ ਨੂੰ ਸਹੀ ਅਰਥਾਂ ਵਿੱਚ ਸ਼ੁਭ ਗੁਣਾਂ ਦੁਆਰਾ ਸੁਆਰਣ ਦਾ ਯਤਨ ਕਰੀਏ। ਜੇ ਅਸੀਂ ਅਜਿਹਾ ਨਹੀਂ ਕਰਦੇ ਤਾਂ ਗੁਰੂ ਨਾਨਕ ਸਾਹਿਬ ਦੇ ਇਸ ਸ਼ਬਦ ਨੂੰ ਪੜਿਆ-ਸੁਣਿਆ ਹੈ ਸਮਝਿਆ ਕੋਈ ਨਹੀਂ।

========

(ਚਲਦਾ … …)

ਸੁਖਜੀਤ ਸਿੰਘ, ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.