.

ਧਰਮ ਦੇ ਕਰਤਵ
ਹਾਕਮ ਸਿੰਘ

ਧਰਮ ਸੱਭਿਆ ਮਨੁੱਖਤਾ ਦੀ ਇਕ ਸੋਚ ਪ੍ਰਣਾਲੀ ਹੈ ਜੋ ਅਧਿਆਤਮਿਕ ਗਿਆਨ ਰਾਹੀਂ ਮਨੁੱਖ ਵਿਚ ਪ੍ਰਭੂ ਪ੍ਰੇਮ, ਨਿਮਰਤਾ, ਸ਼ਾਂਤੀ ਅਤੇ ਸੇਵਾ ਭਾਵਨਾ ਉਤੇਜਿਤ ਕਰਦੀ ਹੈ। ਸਮਾਜਕ ਸ਼ਕਤੀਆਂ ਧਾਰਮਕ ਵਿਸ਼ਵਾਸ ਤੋਂ ਲਾਭ ਉਠਾਉਂਦੀਆਂ ਹਨ ਅਤੇ ਬਹੁਤ ਵੇਰ ਇਸ ਵਿਸ਼ਵਾਸ ਨੂੰ ਫਿਰਕੂ ਰੰਗਣ ਦੇ ਕੇ ਵਿਵਾਦ, ਲੜਾਈ, ਜੰਗ, ਸ਼ੋਸ਼ਣ, ਨਸਲਕੁਸ਼ੀ ਜਾਂ ਅਤਿਆਚਾਰ ਕਰਵਾਉਣ ਲਈ ਵਰਤਦੀਆਂ ਹਨ। ਧਰਮ ਦੇ ਇਹ ਦੋ ਕਰਤਵ, ਇਕ, ਅਧਿਆਤਮਿਕ ਅਤੇ ਦੂਜਾ, ਸੰਸਾਰਕ ਇਕ ਦੂਜੇ ਤੋਂ ਬਿਲਕੁਲ ਉਲਟ ਹਨ। ਇਹਨਾਂ ਦੋ ਵਖਰੇ ਕਰਤਵਾਂ ਦੇ ਆਧਾਰ ਤੇ ਹੀ ਧਰਮ ਸ਼ਬਦ ਦੇ ਦੋ ਅਰਥ ਪਰਚਲਤ ਹਨ: ਇਕ, ਧਰਮ ਅਧਿਆਤਮਿਕ ਕਿਰਿਆ ਹੈ, ਅਤੇ ਦੂਜਾ, ਧਰਮ ਇਕ ਵਿਸ਼ੇਸ਼ ਧਾਰਮਕ ਵਿਚਾਰਧਾਰਾ ਤੇ ਆਧਾਰਤ ਸਮਾਜ ਜਾਂ ਸਮਾਜਕ ਸੰਗਠਨ ਹੈ। ਧਰਮ ਦੇ ਇਨ੍ਹਾਂ ਦੋਨਾਂ ਕਰਤਵਾਂ ਨੂੰ ਅਕਸਰ ਰਲਗੱਡ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਸਾਧਾਰਣ ਵਿਅਕਤੀ ਨੂੰ ਧਰਮ ਦੇ ਅਸਲੀ ਮਨੋਰਥ ਨੂੰ ਸਮਝਣ ਵਿਚ ਬਹੁਤ ਔਕੜ ਪੇਸ਼ ਆਉਂਦੀ ਹੈ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਧਿਆਤਮਿਕ ਧਰਮ ਦੀ ਅਸਲੀਅਤ ਨੂੰ ਪ੍ਰਗਟ ਕਰਦੀ ਹੈ ਅਤੇ ਸਮਾਜਕ ਧਰਮ ਨੂੰ ਪਰਵਾਨ ਨਹੀਂ ਕਰਦੀ। ਗੁਰਬਾਣੀ ਅਨੁਸਾਰ ਪ੍ਰਭੂ ਨੇ ਧਰਤੀ ਦੀ ਸਿਰਜਨਾ ਅਨੇਕ ਜੀਵਾਂ ਲਈ ਧਰਮਸ਼ਾਲ ਜਾਂ ਧਰਮ ਕਮਾਉਣ ਲਈ ਕੀਤੀ ਹੈ: "ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥ ਤਿਸੁ ਵਿਚ ਧਰਤੀ ਥਾਪਿ ਰਖੀ ਧਰਮਸਾਲ॥" (ਪੰ: ੭)। ਧਰਮ ਦੇ ਮਾਰਗ ਤੇ ਚਲਦਿਆਂ ਮਨੁੱਖ ਨੂੰ ਸੂਝ ਪੈਂਦੀ ਹੈ ਕਿ ਚੰਗੇ ਮਾੜੇ ਕਰਮਾਂ ਦਾ ਨਿਬੇੜਾ ਪ੍ਰਭੂ ਆਪ ਕਰਦਾ ਹੈ। ਇਸ ਸੂਝ ਦੀ ਅਵਸਥਾ ਨੂੰ ਗੁਰਬਾਣੀ ਧਰਮ ਖੰਡ ਆਖਦੀ ਹੈ। ਧਰਮ ਅਤੇ ਗਿਆਨ ਦਾ ਡੂੰਘਾ ਸਬੰਧ ਹੈ ਅਤੇ ਮਨੁੱਖ ਧਰਮ ਖੰਡ ਤੋਂ ਸਹਿਜੇ ਹੀ ਗਿਆਨ ਖੰਡ ਵਿਚ ਪ੍ਰਵੇਸ਼ ਕਰ ਜਾਂਦਾ ਹੈ ਜਿਥੇ ਉਸ ਨੂੰ ਪ੍ਰਭੂ ਦੀ ਸਾਜੀ ਸ੍ਰਿਸ਼ਟੀ ਦਾ ਗਿਆਨ ਪ੍ਰਾਪਤ ਹੁੰਦਾ ਹੈ। ਗਿਆਨ ਤੋਂ ਮਨੁੱਖ ਵਿਚ ਉੱਦਮ ਉਤਪੰਨ ਹੋਣਾ ਸੁਭਾਵਕ ਹੈ ਅਤੇ ਉੱਦਮ ਅਧਿਆਤਮਿਕ ਮਾਰਗ ਦੇ ਅਗਲੇ ਪੜਾ, ਸਰਮ ਖੰਡ ਦਾ ਗੁਣ ਹੈ। ਸਰਮ ਖੰਡ ਵਿਚ ਮਨੁੱਖ ਆਪਣੀ ਸੁਰਤ, ਮੱਤ, ਮਨ ਅਤੇ ਬੁੱਧ ਨੂੰ ਤਰਾਸ਼ ਕੇ ਸਿੱਧਾ ਜੈਸੀ ਸੋਹਣੀ ਬਣਾ ਲੈਂਦਾ ਹੈ। ਐਸਾ ਸਿੱਧ ਪੁਰਸ਼ ਪ੍ਰਭੂ ਦੀ ਬਖ਼ਸ਼ਿਸ਼ ਦਾ ਪਾਤਰ ਬਣ ਜਾਂਦਾ ਹੈ। ਪ੍ਰਭੂ ਦੀ ਬਖ਼ਸ਼ਿਸ਼ ਤੋਂ ਪ੍ਰਾਪਤ ਮਨੋਬਲ ਨਾਲ ਮਨੁੱਖ ਮਾਇਆ ਦੇ ਪ੍ਰਭਾਵ ਤੇ ਜਿੱਤ ਹਾਸਲ ਕਰ ਪਾਉਂਦਾ ਹੈ। ਇਸ ਅਵਸਥਾ ਨੂੰ ਗੁਰਬਾਣੀ ਕਰਮ ਖੰਡ ਆਖਦੀ ਹੈ। ਕਰਮ ਖੰਡ ਤੋਂ ਮਨੁੱਖ ਭਗਤਾਂ ਲਈ ਸਿਰਜੇ ਸੱਚ ਖੰਡ ਵਿਚ ਪ੍ਰਵੇਸ਼ ਕਰਕੇ ਪ੍ਰਭੂ ਦੀ ਸੰਗਤ ਦੀ ਪ੍ਰਾਪਤੀ ਕਰ ਆਪਣੇ ਜੀਵਨ ਦੇ ਮਨੋਰਥ ਵਿਚ ਸਫਲ ਹੋ ਜਾਂਦਾ ਹੈ। ਪ੍ਰਭੂ ਮਿਲਾਪ ਦੇ ਮਾਰਗ ਦੇ ਪੰਜ ਪੜਾਵਾਂ, ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚ ਖੰਡ ਵਿਚ ਧਰਮ ਮਨੁੱਖ ਦਾ ਸਾਥ ਦਿੰਦਾ ਹੈ। ਇਸ ਅਧਿਆਤਮਿਕ ਮਾਰਗ ਦੇ ਸਫਰ ਦਾ ਵਰਨਣ ਜਪੁ ਬਾਣੀ ਦੀਆਂ ੩੪ ਤੋਂ ੩੭ ਪੌੜੀਆਂ ਵਿਚ ਕੀਤਾ ਗਿਆ ਹੈ। ਧਰਮ ਬਾਰੇ ਗੁਰਬਾਣੀ ਦੇ ਹੋਰ ਫੁਰਮਾਨ ਹਨ: "ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨ॥" (ਪੰ: ੧੧੬੮)। ਸ਼ੁਭ ਕਰਮ ਨੂੰ ਧਰਮ ਦੇ ਫੁਲ ਅਤੇ ਗਿਆਨ ਦੇ ਫਲ ਲਗਦੇ ਹਨ। ; "ਧੌਲੁ ਧਰਮੁ ਦਇਆ ਕਾ ਪੂਤੁ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥" (ਪੰ: ੩)। ਧਰਮ ਦਾ ਦਇਆ ਅਤੇ ਸੰਤੋਖ ਨਾਲ ਗੂੜ੍ਹਾ ਰਿਸ਼ਤਾ ਹੈ। ਧਰਮ ਦਇਆ ਦਾ ਪੁਤਰ ਅਤੇ ਸੰਤੋਖ ਦਾ ਜਨਮਦਾਤਾ ਹੈ। "ਕਬੀਰਾ ਜਹਾ ਗਿਆਨੁ ਤਹ ਧਰਮ ਹੈ ਜਹਾ ਝੂਠੁ ਤਹ ਪਾਪ॥ ਜਹ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥" (ਪੰ: ੧੩੭੨)। ਧਰਮ ਦਾ ਗਿਆਨ ਨਾਲ ਡੂੰਘਾ ਰਿਸ਼ਤਾ ਹੈ ਅਤੇ ਇਹ ਦੋਨੋ ਇਕੱਠੇ ਰਹਿੰਦੇ ਹਨ। ਪਰਵਿਰਿਤਿ ਨਿਰਵਿਰਤਿ ਹਾਠਾ ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ॥" (ਪੰ: ੧੨੮੦)। ਧਰਮ ਮਨਮੁਖਾਂ ਅਤੇ ਗੁਰਮੁਖਾਂ ਦਾ ਰਹਿਬਰ ਹੈ। ਗੁਰਬਾਣੀ ਅਨੁਸਾਰ ਧਰਮ ਦਾ ਅਧਿਆਤਮਿਕ ਜੀਵਨ ਵਿਚ ਸ੍ਰੇਸ਼ਟ ਸਥਾਨ ਹੈ।
ਧਰਮ ਸ਼ਬਦ ਦਾ ਦੂਜਾ ਅਰਥ ਸੰਸਾਰਕ ਵਿਹਾਰ ਨਾਲ ਸਬੰਧਿਤ ਹੈ। ਇਕ ਵਿਸ਼ੇਸ਼ ਧਾਰਮਕ ਵਿਚਾਰਧਾਰਾ ਤੇ ਆਧਾਰਤ ਸਮਾਜ ਜਾਂ ਸਮਾਜਕ ਸੰਗਠਨ ਨੂੰ ਧਰਮ ਜਾਂ ਮਜ਼੍ਹਬ ਆਖਿਆ ਜਾਂਦਾ ਹੈ। ਮਜ਼੍ਹਬ ਕਿਸੇ ਸਮਾਜ ਜਾਂ ਸਮਾਜਕ ਸਮੂਹ ਦੇ ਵਿਸ਼ੇਸ਼ ਧਾਰਮਕ ਵਿਸ਼ਵਾਸ ਦੀ ਪ੍ਰਤੀਨਿਧਤਾ ਕਰਦਾ ਹੈ। ਅਧਿਆਤਮਿਕ ਅਤੇ ਸੰਸਾਰਕ ਧਰਮ ਵਿਚ ਜੋ ਅੰਤਰ ਹੈ ਇਸ ਦੀ ਸਮਝ ਧਰਮ ਦੇ ਵਿਸ਼ੇ ਨੂੰ ਮਨੁੱਖੀ ਗਿਆਨ ਦੇ ਪਰਸੰਗ ਵਿਚ ਵਿਚਾਰਨ ਨਾਲ ਸੌਖੀ ਆ ਸਕਦੀ ਹੈ। ਇਸ ਲਈ ਮਨੁੱਖੀ ਗਿਆਨ ਵਿਚ ਧਰਮ ਦੇ ਵਿਸ਼ੇ ਤੇ ਸੰਖੇਪ ਵਿਚਾਰ ਹੇਠ ਕੀਤੀ ਜਾਂਦੀ ਹੈ।
ਵਿਗਿਆਨ ਅਤੇ ਅਧਿਆਤਮਿਕ ਗਿਆਨ ਦੋ ਵਖਰੀਆਂ ਅਤੇ ਅਸਬੰਧਿਤ ਗਿਆਨ ਪ੍ਰਣਾਲੀਆਂ ਹਨ। ਇਨ੍ਹਾਂ ਵਿਚ ਕੋਈ ਵਿਚਾਰਧਾਰਕ ਅਤੇ ਵਿਧੀ ਵਿਗਿਆਨਕ ਸਾਂਝ ਨਹੀਂ ਹੈ। ਇਹ ਦੋ ਵਖਰੀਆਂ ਧਰਾਤਲਾਂ ਤੇ ਵਿਚਰਦੀਆਂ ਹਨ। ਵਿਗਿਆਨ ਪਦਾਰਥ ਅਤੇ ਗਿਣੀ ਜਾਂ ਮਿਣੀ ਜਾਣ ਵਾਲੀ ਸਥਿਤੀ ਬਾਰੇ ਜਾਣਕਾਰੀ ਦਿੰਦਾ ਹੈ ਜਦੋਂ ਕਿ ਅਧਿਆਤਮਿਕ ਗਿਆਨ ਅਦਿੱਖ ਅਤੇ ਅਗਿਣਤ ਪ੍ਰਭੂ ਅਤੇ ਉਸ ਦੇ ਗੁਣਾਂ ਅਤੇ ਚੋਜਾਂ ਦਾ ਵਿਸ਼ਵਾਸ ਤੇ ਆਧਾਰਤ ਗਿਆਨ ਹੈ। ਵਿਗਿਆਨ ਅਤੇ ਹੋਰ ਸੰਸਾਰਕ ਜਾਣਕਾਰੀ ਨਿਰੰਤਰ ਬਦਲ ਰਹੀ ਸ੍ਰਿਸ਼ਟੀ ਦੀ ਜਾਣਕਾਰੀ ਹੋਣ ਕਾਰਨ ਬਦਲਦੀ ਰਹਿੰਦੀ ਹੈ ਪਰ ਅਧਿਆਤਮਿਕ ਗਿਆਨ ਨਿਹਚਲ ਅਤੇ ਸੱਚੇ ਪ੍ਰਭੂ ਦਾ ਗਿਆਨ ਹੈ ਅਤੇ ਸਦੀਵੀ ਸੱਚ ਹੈ। ਵਿਗਿਆਨ ਦੇ ਵਿਸ਼ੇ ਕੇਵਲ ਦਿਖਾਈ ਦੇ ਰਹੀ ਸ੍ਰਿਸ਼ਟੀ ਵਿਚ ਗਿਣੇ ਜਾਂ ਮਿਣੇ ਜਾਣ ਵਾਲੇ ਪਦਾਰਥ ਜਾਂ ਸਥਿਤੀਆਂ ਹਨ ਜਿਨ੍ਹਾਂ ਨੂੰ ਮਨੁੱਖ ਅਨੁਭਵ ਕਰਨ ਦੇ ਸਮਰਥ ਹੈ ਅਤੇ ਇਸੇ ਲਈ ਇਹਨਾਂ ਨੂੰ ਸੱਚ ਮੰਨਦਾ ਹੈ। ਵਿਗਿਆਨ ਦੇ ਹਰ ਵਿਸ਼ੇ ਦੀ ਆਪਣੀ ਵਖਰੀ ਕਾਰਜ ਵਿਧੀ ਹੈ ਅਤੇ ਵਖਰੇ ਸਿੱਖਿਆ ਅਦਾਰੇ ਹਨ। ਪ੍ਰਭੂ ਅਤੇ ਉਸ ਨਾਲ ਸਬੰਧਿਤ ਅਧਿਆਤਮਿਕ ਗਿਆਨ ਸੰਸਾਰਕ ਜਾਣਕਾਰੀ ਜਾਂ ਵਿਗਿਆਨ ਦਾ ਵਿਸ਼ਾ ਨਹੀਂ ਹੈ ਕਿਉਂਕਿ ਪ੍ਰਭੂ ਕੋਈ ਪਦਾਰਥ, ਸਰੀਰ ਜਾਂ ਗਿਣੀ ਮਿਣੀ ਜਾਣ ਵਾਲੀ ਸਥਿਤੀ ਜਾਂ ਵਸਤੂ ਨਹੀਂ ਹੈ ਅਤੇ ਸਾਧਾਰਣ ਮਨੁੱਖ ਵਿਚ ਪ੍ਰਭੂ ਨੂੰ ਵੇਖਣ ਜਾਂ ਅਨੁਭਵ ਕਰਨ ਦੀ ਸਮਰਥਾ ਨਹੀਂ ਹੈ। ਗੁਰਬਾਣੀ ਤੇ ਮਨੁੱਖ ਨੂੰ ਸੋਇਆ ਹੋਇਆ ਆਖਦੀ ਹੈ। ਜਿਸ ਸੰਸਾਰ ਨੂੰ ਵਿਗਿਆਨ ਸੱਚ ਮੰਨਦਾ ਹੈ ਅਧਿਆਤਮਿਕ ਗਿਆਨ ਉਸੇ ਸੰਸਾਰ ਨੂੰ ਤ੍ਰੈਗੁਣੀ ਮਾਇਆ ਦੀ ਜਨਮ-ਮਰਨ ਦੇ ਗੇੜ ਵਿਚ ਪਈ ਖੇਡ, ਭਰਮਾਊ ਅਤੇ ਝੂਠ ਆਖਦਾ ਹੈ। ਅਧਿਆਤਮਿਕ ਗਿਆਨ ਪਰਭੂ ਨੂੰ, ਜੋ ਸੰਸਾਰ ਦੇ ਕਣ-ਕਣ ਵਿਚ ਵਿਆਪਕ "ਅਕਾਲ ਮੂਰਤਿ ਅਜੂਨੀ ਸੈਭੰ" ਹੈ, ਸੱਚ ਮੰਨਦਾ ਹੈ ਅਤੇ ਮਨੁੱਖ ਨੂੰ ਦਿਖਾਈ ਦੇ ਰਹੇ ਗਤੀਸ਼ੀਲ ਸੰਸਾਰ ਵਿਚ ਵਰਤ ਰਹੀ ਝੂਠੀ ਮਾਇਆ ਦੀ ਅਸਲੀਅਤ ਨੂੰ ਪਛਾਨਣ, ਜਾਨਣ ਅਤੇ ਸਮਝਣ ਦਾ ਪਰਯਾਸ ਕਰਨ ਦਾ ਉਪਦੇਸ਼ ਕਰਦਾ ਹੈ। ਗੁਰਬਾਣੀ ਵਿਗਿਆਨਕ ਸੱਚ ਨੂੰ ਅਧਿਆਤਮਿਕ ਸੱਚ ਨਹੀਂ ਮੰਨਦੀ।
ਅਕਾਦਮਿਕ ਵਿਦਵਾਨ ਸੰਸਾਰਕ ਜਾਣਕਾਰੀ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਦੇ ਹਨ: ੧. ਵਿਗਿਆਨ (ਭੌਤਕ ਅਤੇ ਜੀਵ); ੨. ਸਮਾਜ ਵਿਗਿਆਨ; ਅਤੇ ੩. ਫ਼ਲਸਫਾ, ਧਰਮ ਅਤੇ ਮਨੋਰੰਜਨ
(Humanities )। ਸੰਸਾਰਕ ਜਾਣਕਾਰੀ ਪ੍ਰਣਾਲੀ ਵਿਚ ਧਰਮ ਨੂੰ ਇਕ ਵਿਸ਼ੇਸ਼ ਸਮਾਜ ਜਾਂ ਸਮਾਜਕ ਸੰਗਠਨ ਵਜੋਂ ਸਾਖਿਆਤ ਕੀਤਾ ਜਾਂਦਾ ਹੈ ਅਤੇ ਇਸ ਦੇ ਅਧਿਆਤਮਿਕ ਆਧਾਰ ਦੀ ਵਿਆਖਿਆ ਫ਼ਿਲਾਸਫ਼ੀ ਦੇ ਦ੍ਰਿਸ਼ਟੀਕੋਣ ਤੋਂ ਕੀਤੀ ਜਾਂਦੀ ਹੈ। ਜਿਵੇਂ ਉਪਰ ਦਿੱਤੇ ਧਰਮ ਦੇ ਗੁਰਬਾਣੀ ਫ਼ਰਮਾਨਾਂ ਤੋਂ ਸਪਸ਼ਟ ਹੋ ਜਾਂਦਾ ਹੈ ਅਧਿਆਤਮਿਕ ਗਿਆਨ ਧਰਮ ਨੂੰ ਅਧਿਆਤਮਿਕ ਜੀਵਨ ਦਾ ਮਹੱਤਵਪੂਰਨ ਅੰਗ ਮੰਨਦਾ ਹੈ ਅਤੇ ਸਮਾਜਕ ਧਰਮ ਦੇ ਸੰਕਲਪ ਨੂੰ ਪਰਵਾਨ ਨਹੀਂ ਕਰਦਾ ਕਿਉਂਕਿ ਸੰਸਾਰ ਵਿਚ ਵਰਤ ਰਹੀ ਤ੍ਰੈਗੁਣੀ ਮਾਇਆ ਦੀ ਅਧਿਆਤਮਿਕ ਜੀਵਨ ਨਾਲ ਕੋਈ ਸਾਂਝ ਨਹੀਂ ਹੈ। ਅਧਿਆਤਮਿਕ ਜੀਵਨ ਧਾਰਨ ਕਰਨ ਲਈ ਮਨੁੱਖੀ ਮਨ ਨੂੰ ਮਾਇਆ ਦੇ ਪਰਭਾਵ ਤੋਂ ਮੁਕਤ ਹੋਣਾ ਪੈਂਦਾ ਹੈ।
ਸੰਸਾਰਕ ਜੀਵਨ ਬਤੀਤ ਕਰ ਰਹੇ ਸਾਧਾਰਣ ਮਨੁੱਖ ਲਈ ਅਧਿਆਤਮਿਕ ਜੀਵਨ ਦੀ ਸਚਾਈ ਬਾਰੇ ਕਲਪਨਾ ਕਰਨੀ ਵੀ ਔਖੀ ਬਣੀ ਹੋਈ ਹੈ। ਇਸ ਲਈ ਬਹੁਤੇ ਲੋਕ ਪੁਜਾਰੀਆਂ ਵੱਲੋਂ ਪ੍ਰਚਾਰੇ ਜਾ ਰਹੇ ਸਮਾਜਕ ਧਰਮ ਨੂੰ ਹੀ ਅਸਲੀ ਧਰਮ ਸਮਝਦੇ ਹਨ। ਧਰਮ ਦਾ ਗੁਰਮਤਿ ਵਿਰੋਧੀ ਸਮਾਜਕ ਸੰਕਲਪ ਪੁਜਾਰੀ ਸ਼੍ਰੇਣੀ ਬਹੁਤ ਹੁਸ਼ਿਆਰੀ ਨਾਲ ਘੜਦੀ ਅਤੇ ਪ੍ਰਚਾਰਦੀ ਆ ਰਹੀ ਹੈ। ਪੁਜਾਰੀ ਸ਼੍ਰੇਣੀ ਨੇ ਲੋਕਾਂ ਨੂੰ ਭਰਮਾਉਣ ਲਈ ਧਰਮ ਦੀ ਅਧਿਆਤਮਿਕ ਵਿਚਾਰਧਾਰਾ ਨੂੰ ਸਮਾਜਕ ਵਿਹਾਰ ਵਿਚ ਰਲਗੱਡ ਕਰਕੇ ਇਕ ਨਵਾਂ ਰੂਪ ਦੇ ਦਿੱਤਾ ਹੈ। ਕਬੀਰ ਸਾਹਿਬ ਫ਼ੁਰਮਾਉਂਦੇ ਹਨ: "ਪੰਡਿਤ ਲੋਗਹੁ ਕਉ ਬਿਉਹਾਰ॥ ਗਿਆਨਵੰਤ ਕਉ ਤਤੁ ਬੀਚਾਰ॥" (ਪੰ: ੩੪੩)। ਪੁਜਾਰੀਆਂ ਨੇ ਅਧਿਆਤਮਿਕ ਗਿਆਨ ਨੂੰ ਪੂਜਾ ਪਾਠਾਂ ਅਤੇ ਕਰਮ ਕਾਂਡਾਂ ਦੇ ਬਿਉਹਾਰ ਵਿਚ ਰਲਾ ਕੇ ਧਰਮ ਨੂੰ ਇਕ ਆਕਰਸ਼ਕ ਸਮਾਜਕ ਵਿਹਾਰ ਬਣਾ ਲਿਆ ਹੈ। ਇਸ ਸਮਾਜਕ ਵਿਹਾਰ ਵਿਚ ਪੁਜਾਰੀ ਪ੍ਰਭੂ ਅਤੇ ਸ਼ਰਧਾਲੂ ਵਿਚਕਾਰ ਵਿਚੋਲੇ ਦਾ ਰੋਲ ਅਦਾ ਕਰਦਾ ਹੈ ਅਤੇ ਆਪਣੀਆਂ ਕਰਮ ਕਾਂਡੀ ਕਿਰਿਆਵਾਂ ਨੂੰ ਪ੍ਰਭੂ ਤੋਂ ਸੰਸਾਰਕ ਇੱਛਾਵਾਂ ਦੀ ਪੂਰਤੀ ਦਾ ਕਾਰਗਰ ਢੰਗ ਪ੍ਰਚਾਰਦਾ ਹੈ। ਇਸ ਲਈ ਆਮ ਲੋਕਾਂ ਦਾ ਗੁਰਬਾਣੀ ਵੱਲੋਂ ਦਰਸਾਏ ਸੰਸਾਰਕ ਇੱਛਾਵਾਂ ਦਾ ਤਿਆਗ ਕਰਕੇ ਅਧਿਆਤਮਿਕ ਜੀਵਨ ਧਾਰਨ ਕਰਨ ਨਾਲੋਂ ਪੁਜਾਰੀਆਂ ਵੱਲੋਂ ਪਰਚਾਰੇ ਸੁਖਾਲੇ, ਗੌਰਵਮਈ ਅਤੇ ਲਾਹੇਵੰਦ ਧਾਰਮਕ ਜੀਵਨ ਵਲ ਆਕਰਸ਼ਤ ਹੋ ਜਾਣਾ ਸੁਭਾਵਕ ਹੈ। ਉਨ੍ਹਾਂ ਨੂੰ ਵਿਸ਼ਵਾਸ ਦੁਆ ਦਿੱਤਾ ਗਿਆ ਹੁੰਦਾ ਹੈ ਕਿ ਪੁਜਾਰੀ ਦੇ ਉਪਾਸ਼ਕ ਬਨਣ ਨਾਲ ਉਹ ਧਾਰਮਕ ਜੀਵਨ ਨੂੰ ਉਪਲੱਬਧ ਸਾਰੇ ਲਾਭ ਪ੍ਰਾਪਤ ਕਰਨ ਯੋਗ ਹੋ ਜਾਣਗੇ। ਕਈ ਰਾਜਸੀ ਆਗੂ ਵੀ ਪੁਜਾਰੀਆਂ ਨਾਲ ਮਿਲ ਅਧਿਆਤਮਕਤਾ ਦਾ ਦਿਖਾਵਾ ਕਰਕੇ ਲੋਕਾਂ ਦੀ ਪ੍ਰਸੰਸਾ ਖੱਟਣ ਦਾ ਜਤਨ ਕਰਦੇ ਹਨ।
ਅਧਿਆਤਮਿਕ ਗਿਆਨ ਦੀ ਵਿਗਿਆਨ ਵਾਂਗ ਰਸਮੀ ਸਿੱਖਿਆ ਦੀ ਵਿਵਸਥਾ ਨਹੀਂ ਹੈ ਕਿਉਂਕਿ ਇਹ ਤੇ ਜੀਵਨ ਜਾਚ ਅਤੇ ਪ੍ਰਭੂ ਪ੍ਰਾਪਤੀ ਦਾ ਮਾਰਗ ਹੈ ਜੋ ਸ਼ਰਧਾਲੂ ਨੂੰ ਗੁਰੂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਇਸ ਮਾਰਗ ਦੀ ਚੋਣ ਵਿਚ ਸੰਗਤ ਅਧਿਆਤਮਿਕ ਮਾਰਗ ਦੇ ਪਾਂਧੀਆਂ ਦੀ ਸਹਾਇਤ ਅਤੇ ਅਗਵਾਈ ਕਰਦੀ ਹੈ। ਅਧਿਆਤਮਿਕ ਮਾਰਗ ਦੇ ਪਾਂਧੀ ਬਨਣ ਲਈ ਵਿਅਕਤੀ ਨੂੰ ਅਕਸਰ ਸਿੱਖਿਆ ਦੇ ਦੋ ਪੜਾ ਪਾਰ ਕਰਨੇ ਪੈਂਦੇ ਹਨ: ਇਕ, ਸਿੱਖਿਆ ਅਦਾਰਿਆਂ ਜਾਂ ਗੁਰ ਅਸਥਾਨਾਂ ਤੋਂ ਧਰਮ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਪੈਂਦੀ ਹੈ, ਅਤੇ, ਦੂਜਾ, ਧਾਰਮਕ ਸਿੱਖਿਆ ਸੰਸਥਾਵਾਂ ਜਾਂ ਸਿੱਖਿਅਕਾਂ ਤੋਂ ਪਵਿਤਰ ਗ੍ਰੰਥਾਂ, ਧਾਰਮਕ ਇਤਹਾਸ ਅਤੇ ਅਧਿਆਤਮਿਕ ਜੀਵਨ ਬਾਰੇ ਮੁਢਲੀ ਜਾਣਕਾਰੀ ਦੀ ਸਿੱਖਿਆ ਲੈਣੀ ਪੈਂਦੀ ਹੈ। ਵੇਖਣ ਵਿਚ ਆਇਆ ਹੈ ਕਿ ਸਿੱਖ ਧਾਰਮਕ ਜੀਵਨ ਧਾਰਨ ਕਰਨ ਦੇ ਬਹੁਤੇ ਅਭਿਲਾਸ਼ੀ ਪਹਿਲੇ ਪੜਾ ਤੋਂ ਅੱਗੇ ਨਹੀਂ ਜਾ ਪਾਉਂਦੇ। ਉਨ੍ਹਾਂ ਦੀ ਸਾਧਾਰਣ ਸਿੱਖਿਆ ਅਦਾਰਿਆਂ ਅਤੇ ਗੁਰਦੁਆਰਾ ਇਕੱਠਾਂ ਵਿਚ ਪੁਜਾਰੀਆਂ ਤੋਂ ਸਿੱਖ ਧਰਮ ਦੀ ਅਪ੍ਰਮਾਣਿਕ ਜਾਣਕਾਰੀ ਪ੍ਰਾਪਤ ਕਰਨ ਨਾਲ ਅਧਿਆਤਮਿਕ ਗਿਆਨ ਪ੍ਰਤੀ ਬੇਰੁਖ਼ੀ ਹੋ ਜਾਂਦੀ ਹੈ। ਅਜੋਕੇ ਸਿੱਖ ਸਮਾਜ ਵਿਚ ਐਸੇ ਵਿਅਕਤੀਆਂ ਦੀ ਬਹੁਗਿਣਤੀ ਹੈ। ਬਹੁਤ ਘੱਟ ਸਿੱਖ ਸ਼ਰਧਾਲੂ ਸਿੱਖ ਮਿਸ਼ਨਰੀ ਸੰਸਥਾਵਾਂ, ਗੁਰਮਤਿ ਕਾਲਜਾਂ ਅਤੇ ਵਿਦਵਾਨਾਂ ਤੋਂ ਸਿੱਖ ਧਰਮ ਬਾਰੇ ਵਿਸਤ੍ਰਤ ਅਤੇ ਅਧਿਆਤਮਿਕ ਜੀਵਨ ਬਾਰੇ ਮੁਢਲੀ ਜਾਣਕਾਰੀ ਪ੍ਰਾਪਤ ਕਰਨ ਦੇ ਚਾਹਵਾਨ ਹੁੰਦੇ ਹਨ। ਜੋ ਵੀ ਥੋੜੇ ਬਹੁਤ ਸ਼ਰਧਾਲੂ ਸਿੱਖ ਮਿਸ਼ਨਰੀ ਸੰਸਥਾਵਾਂ ਜਾਂ ਵਿਦਵਾਨਾਂ ਤੋਂ ਸਿੱਖ ਧਰਮ ਦੀ ਸਿੱਖਿਆ ਪ੍ਰਾਪਤ ਕਰਦੇ ਹਨ ਉਹ ਸਿੱਖ ਸਮਾਜ ਵਿਚ ਗੁਰਬਾਣੀ ਬਾਰੇ ਵਿਆਪਕ ਅਗਿਆਨਤਾ ਅਤੇ ਵਹਿਮਾਂ, ਭਰਮਾਂ ਅਤੇ ਕਰਮ ਕਾਡਾਂ ਪ੍ਰਤੀ ਅੰਨ੍ਹੀ ਸ਼ਰਧਾ ਤੋਂ ਚਿੰਤਤ ਹੋ ਕੇ ਸਿੱਖ ਸਮਾਜ ਵਿਚ ਸੁਧਾਰ ਲਿਆਉਣ ਲਈ ਉਤਸੁਕ ਹੋ ਉਠਦੇ ਹਨ। ਅਜੋਕਾ ਸਿੱਖ ਜਗਤ ਇਕ ਧਾਰਮਕ ਅਖਾੜਾ ਬਣਿਆ ਹੋਇਆ ਹੈ ਕਿਉਂਕਿ ਤਿੰਨ ਹੋਰ ਸ਼੍ਰੇਣੀਆਂ ਸਿੱਖ ਧਰਮ ਦੇ ਪ੍ਰਚਾਰ ਵਿਚ ਰੁਝੀਆਂ ਹੋਈਆਂ ਹਨ। ਉਨ੍ਹਾਂ ਤਿੰਨ ਸ਼੍ਰੇਣੀਆਂ ਵਿਚ ਸ਼ਾਮਲ ਧਾਰਮਕ ਵਰਗ ਇਸ ਪ੍ਰਕਾਰ ਹਨ: ਇਕ, ਡੇਰਿਆਂ ਦੇ ਸੰਤ ਬਾਬੇ ਜਿਨ੍ਹਾਂ ਵਿਚੋਂ ਬਹੁਤਿਆਂ ਲਈ ਸਿੱਖ ਧਰਮ ਇਕ ਵਪਾਰਕ ਵਸਤੂ ਹੈ; ਦੂਜਾ, ਪੁਜਾਰੀ ਵਰਗ, ਜਿਨ੍ਹਾਂ ਦਾ ਸਿੱਖ ਧਰਮ ਕਿੱਤਾ ਹੈ; ਅਤੇ ਤੀਜੇ, ਗੁਰਦੁਆਰਾ ਪ੍ਰਬੰਧਕ, ਜੋ ਸਿੱਖ ਧਰਮ ਨੂੰ ਇਕ ਪ੍ਰਬੰਧਕੀ ਕਿਰਿਆ ਸਮਝਦੇ ਹਨ। ਇਹ ਤਿੰਨੋਂ ਸ਼੍ਰੇਣੀਆਂ ਸਿੱਖ ਵਿਦਵਾਨਾਂ ਅਤੇ ਸਿੱਖ ਮਿਸ਼ਨਰੀਆਂ ਦਾ ਬੌਧਿਕ ਪੱਧਰ ਤੇ ਵਿਰੋਧ ਕਰਦੀਆਂ ਹਨ। ਕਈ ਰਾਜਸੀ ਆਗੂ ਵੀ ਸਿੱਖ ਧਰਮ ਨੂੰ ਇਕ ਮੋਹਰੇ ਵਜੋਂ ਵਰਤਣ ਵਿਚ ਦਿਲਚਸਪੀ ਰੱਖਦੇ ਹਨ ਅਤੇ ਰਾਜ ਪ੍ਰਾਪਤੀ ਨੂੰ ਧਰਮ ਦਾ ਰਖਿਅਕ ਗਰਦਾਨਦੇ ਹਨ। ਪਰ ਧਰਮ ਦੀ ਸਿਆਸਤ ਅਕਸਰ ਇਕ ਭਿਆਨਕ ਘਟਨਾ ਹੋ ਨਿਬੜਦੀ ਹੈ ਕਿਉਂਕਿ ਇਸ ਦੇ ਸੰਘਰਸ਼ ਵਿਚ ਮਾਸੂਮ ਲੋਕਾਂ ਦਾ ਘਾਣ ਹੋ ਜਾਂਦਾ ਹੈ ਅਤੇ ਇਸ ਦੇ ਰਾਜ ਵਿਚ ਲੋਕਾਂ ਤੇ ਧਾਰਮਕ ਅਨੁਸ਼ਾਸਨ ਲਾਗੂ ਕਰਨ ਲਈ ਜਬਰ ਕੀਤਾ ਜਾਂਦਾ ਹੈ।
ਜਿਵੇਂ ਗੁਰਬਾਣੀ ਬਾਰ-ਬਾਰ ਆਗਾਹ ਕਰਦੀ ਹੈ ਕਿ ਵਿਰਲੇ ਹੀ ਹਨ ਜੋ ਗੁਰਮਤਿ ਮਾਰਗ ਦੇ ਪਾਂਧੀ ਬਨਣ ਲਈ ਹਿੰਮਤ ਜੁਟਾਂ ਪਾਉਂਦੇ ਹਨ, ਕਿਉਂਕਿ ਇਹ ਮਾਰਗ ਬਹੁਤ ਕਠਨ ਹੈ ਅਤੇ ਇਸ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੁਆਰਾ ਹੀ ਸੰਭਵ ਹੁੰਦੀ ਹੈ। ਇਸ ਮਾਰਗ ਦੇ ਪਾਂਧੀ ਬਨਣ ਲਈ ਮਨੁੱਖ ਨੂੰ (੧) ਗੁਰ-ਸ਼ਬਦ ਦੀ ਓਟ ਲੈ ਕੇ ਨਿਰਭੈਤਾ ਅਤੇ ਨਿਰਵੈਰਤਾ ਦੇ ਗੁਣ ਧਾਰਨ ਕਰਨ ਲਈ ਉੱਦਮ ਕਰਨਾ ਪੈਂਦਾ ਹੈ; (੨) ਸੰਸਾਰਕ ਇੱਛਾਵਾਂ ਦਾ ਤਿਆਗ ਕਰਨਾ ਪੈਂਦਾ ਹੈ; (੩) ਪ੍ਰਭੂ ਦਾ ਭਾਣੇ ਵਿਚ ਰਹਿਣ ਦੇ ਯੋਗ ਬਨਣਾ ਪੈਂਦਾ ਹੈ, ਅਤੇ (੪) ਸੰਗਤ ਨਾਲ ਮਿਲਾਪ ਅਤੇ ਗੁਰ ਕਿਰਪਾ ਲਈ ਅਰਦਾਸ ਬੇਨਤੀ ਕਰਨੀ ਪੈਂਦੀ ਹੈ।




.