.

ਸਿੱਖ ਸੰਪ੍ਰਦਾਵਾਂ ਦੀ ਗੁਰਬਾਣੀ ਨਾਲ ਵਿਚਾਰਧਾਰਕ ਅਸੰਮਤੀ

(ਕਿਸ਼ਤ ਦੂਜੀ)

ਹਾਕਮ ਸਿੰਘ

ਗੁਰੂ ਸਾਹਿਬਾਨ ਦਾ ਗੁਰਬਾਣੀ ਦੇ ਉਪਰ ਦਿੱਤੇ ਮੂਲ ਸਿਧਾਂਤ ਅਤੇ ਸ਼ੁਧਤਾ ਨਾਲ ਛੇੜ ਛਾਵ ਕਰਨ ਵਾਲਿਆਂ ਪ੍ਰਤਿ ਬਹੁਤ ਸਖਤ ਰੱਵਈਆ ਸੀ। ਉਹਨਾਂ ਮੀਣਿਆਂ ਅਤੇ ਰਾਮ ਰਾਈਆਂ ਨਾਲ ਪਰਵਾਰਕ ਨੇੜਤਾ ਹੋਣ ਦੇ ਬਾਵਜੂਦ ਵੀ ਗੁਰਬਾਣੀ ਉਪਦੇਸ਼ ਦੀ ਅੱਵਗਿਆ ਕਾਰਨ ਸਬੰਧ ਤੋੜ ਦਿੱਤੇ ਸਨ। ਉਹਨਾਂ ਦਾ ਜੀਵਨ ਗੁਰਬਾਣੀ ਨਾਲ ਇੱਕ ਮਿਕ ਸੀ। ਉਹਨਾਂ ਲਈ “ਸਭਿ ਨਾਦਿ ਬੇਦ ਗੁਰਬਾਣੀ॥ ਮਨੁ ਰਾਤਾ ਸਾਰਿਗਪਾਣੀ॥ ਤਹਾ ਤੀਰਥ ਵਰਤ ਤਪ ਸਾਰੇ॥ ਗੁਰ ਮਿਲਿਆ ਹਰਿ ਨਿਸਤਾਰੇ॥” (ਪੰ: ੮੭੯) ਸੀ। ਗੁਰਬਾਣੀ ਹੋਰ ਰਚਨਾਵਾਂ ਨੂੰ ਕੱਚੀਆਂ ਆਖਦੀ ਹੈ: “ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥” (ਪੰ: ੯੨੦)। ਇਹੋ ਸਿੱਖ ਧਰਮ ਦੀ ਮੁਢਲੀ ਅਤੇ ਅਸਲੀ ਪਰੰਪਰਾ ਸੀ ਜਿਸ ਵਿੱਚ ਹਰ ਕਰਮ ਅਤੇ ਸਥਿਤੀ ਨੂੰ ਗੁਰਬਾਣੀ ਉਪਦੇਸ਼ ਦੀ ਕਸੌਟੀ ਤੇ ਪਰਖ ਕੇ ਸਹੀ ਅਤੇ ਗਲਤ ਦਾ ਨਿਰਨਾ ਕੀਤਾ ਜਾਂਦਾ ਸੀ। ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ੍ਰੀ ਅੰਮ੍ਰਿਤਸਰ ਛੱਡਣ ਤੇ ਦਰਬਾਰ ਸਾਹਿਬ ਉਤੇ ਮੀਣਿਆਂ ਨੇ ਕਬਜ਼ਾ ਕਰਕੇ ਗੁਰਬਾਣੀ ਉਪਦੇਸ਼ ਦੀ ਅੱਵਗਿਆ ਕਰਨੀ ਸ਼ੁਰੂ ਕਰ ਦਿੱਤੀ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਅਤੇ ਬੰਦਾ ਬਹਾਦਰ ਦੇ ਮੁਗਲ ਸਾਸ਼ਨ ਤੇ ਆਕਰਮਣ ਉਪਰੰਤ, ਜਦੋਂ ਮੁਗਲ ਸਾਸ਼ਨ ਨੇ ਸਾਰੇ ਸਿੱਖ ਸ਼ਰਧਾਲੂਆਂ ਨੂੰ ਮਾਰ ਮੁਕਾਉਣ ਦਾ ਆਦੇਸ਼ ਜਾਰੀ ਕਰ ਦਿੱਤੇ ਸਨ, ਸਾਰੇ ਹੀ ਸਿੱਖ ਧਰਮ ਅਸਥਾਨਾਂ ਤੇ ਉਦਾਸੀ ਅਤੇ ਨਿਰਮਲ ਸਾਧੂਆਂ ਨੇ ਕਬਜ਼ੇ ਕਰਕੇ ਆਪਣੀਆਂ ਗੁਰਮਤਿ ਵਿਰੋਧੀ ਵਿਚਾਰਧਾਰਾਵਾਂ ਦਾ ਪਰਚਾਰ ਸ਼ੁਰੂ ਕਰ ਦਿੱਤਾ ਸੀ। ਮੁਗਲ ਸਾਸ਼ਨ ਉਦਾਸੀ ਅਤੇ ਨਿਰਮਲੇ ਸਾਧੂਆਂ ਨੂੰ ਗੁਰੂ ਕੇ ਸਿੱਖ ਨਹੀਂ ਮੰਨਦਾ ਸੀ ਕਿਊਂਕੇ ਉਹ ਗੁਰਮਤਿ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਸਮਰਪਤ ਨਹੀਂ ਸਨ। ਇਸੇ ਲਈ ਗੁਰੂ ਕਾਲ ਵਿੱਚ ਇਹਨਾਂ ਸਾਰੇ ਮੀਣਿਆਂ, ਰਾਮ ਰਾਈਆਂ, ਉਦਾਸੀਆ ਅਤੇ ਨਿਰਮਲਿਆਂ ਨੂੰ ਗੁਰੂ ਕੇ ਸਿੱਖ ਸ਼ਰਧਾਲੂਆਂ ਵਜੋਂ ਸਵੀਕਾਰ ਨਹੀਂ ਕੀਤਾ ਗਿਆ ਸੀ। ਗੁਰ ਅਸਥਾਨਾਂ ਤੇ ਕਬਜ਼ੇ ਕਰ ਕੇ ਇਨ੍ਹਾਂ ਲੋਕਾਂ ਨੇ ਆਪਣੇ ਵਖਰੇ ਪੰਥ ਚਲਾਉਣ ਦਾ ਜਤਨ ਕੀਤਾ ਸੀ ਪਰ ਗੁਰਬਾਣੀ ਦੀ ਉਤਮ ਵਿਚਾਰਧਾਰਾ ਦੇ ਮੁਕਾਬਲੇ ਲੋਕਾਂ ਵਲੋਂ ਹੁੰਗਾਰਾ ਨਾ ਮਿਲਨ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੇ ਧਰਮ ਪਰਚਾਰ ਦਾ ਮਾਧਿਅਮ ਬਣਾ ਕੇ ਲੋਕਾਂ ਦੀ ਪਰਸੰਸਾ ਖਟਣ ਲੱਗ ਪਏ ਸਨ। ਉਦਾਸੀ ਅਤੇ ਨਿਰਮਲੇ ਸਾਧੂ ਵੇਦਾਂਤਿਕ ਅਤੇ ਸਨਾਤਨੀ ਵਿਚਾਰਧਾਰਾ ਦੇ ਸ਼ਰਧਾਲੂ ਸਨ ਇਸ ਲਈ ਉਹ ਗੁਰਬਾਣੀ ਦੀ ਵਿਆਖਿਆ ਵੇਦਾਂਤਿਕ ਮੁਹਾਵਰੇ ਅਨੁਸਾਰੀ ਕਰਦੇ ਸਨ ਅਤੇ ਗੁਰਬਾਣੀ ਨੂੰ ਹੋਰ ਕੱਚੀਆਂ ਰਚਨਾਵਾਂ ਨਾਲ ਮਿਲਾ ਕੇਂ ਸ਼ਰਧਾਲੂਆਂ ਨੂੰ ਕਰਮ ਕਾਂਡਾਂ ਰਾਹੀਂ ਸੰਸਾਰਕ ਜੀਵਨ ਵਿੱਚ ਸਫਲਤਾਵਾਂ ਪਰਾਪਤ ਕਰਨ ਦਾ ਭਰੋਸਾ ਦਿਵਾਉਂਦੇ ਸਨ। ਉਹਨਾਂ ਦੀ ਵਿਚਾਰਧਾਰਾ ਅਤੇ ਵਿਹਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਧਿਆਤਮਕ ਉਪਦੇਸ਼ ਦੇ ਅਨੁਕੂਲ ਨਹੀਂ ਸਨ। ਉਦਾਸੀ ਅਤੇ ਨਿਰਮਲੇ ਸਾਧੂਆਂ ਦੀ ਵਿਚਾਰਧਾਰਾ ਹੀ ਨਹੀਂ ਸਗੋਂ ਉਹਨਾਂ ਦਾ ਜੀਵਨ ਢੰਗ ਅਤੇ ਵਿਹਾਰ ਵੀ ਗੁਰਬਾਣੀ ਉਪਦੇਸ ਦੇ ਵਿਪ੍ਰੀਤ ਸੀ। ਉਹ ਸਨਾਤਨ ਧਰਮ ਦੀ ਜਾਤ ਪਾਤ ਪਰਣਾਲੀ ਦੇ ਸਮਰਥਕ ਸਨ ਅਤੇ ਦਲਿਤ ਵਰਗ ਦੇ ਲੋਕਾਂ ਨਾਲ ਵਿਤਕਰਾ ਕਰਦੇ ਸਨ ਜਦੋਂ ਕਿ ਗੁਰਬਾਣੀ ਮਨੁੱਖੀ ਬਰਾਬਰਤਾ ਅਤੇ ਏਕਤਾ ਦਾ ਉਪਦੇਸ਼ ਕਰਦੀ ਹੈ। “ਫਕੜੁ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ॥” (ਪੰ: ੮੩) ਅਤੇ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਕੈ ਚਾਨਣਿ ਸਭਿ ਮਹਿ ਚਾਨਣੁ ਹੋਇ॥” (ਪੰ: ੬੬੩)। ਦੂਜੇ, ਉਹ ਪਰਵਾਰਕ ਅਤੇ ਸਮਾਜਕ ਜੀਵਨ ਦੇ ਤਿਆਗ ਨੂੰ ਬਹੁਤ ਵੱਡਾ ਅਤੇ ਜ਼ਰੂਰੀ ਧਾਰਮਕ ਕਰਮ ਸਮਝਦੇ ਸਨ ਜਿਸ ਨੂੰ ਗੁਰਬਾਣੀ ਪਰਵਾਨ ਨਹੀਂ ਕਰਦੀ। ਗੁਰਬਾਣੀ ਕੇਵਲ ਸੰਸਾਰਕ ਇੱਛਾਵਾਂ ਦਾ ਤਿਆਗ ਕਰਨ ਦਾ ਉਪਦੇਸ਼ ਕਰਦੀ ਹੈ, ਪਰਵਾਰਕ ਅਤੇ ਸਮਾਜ ਦੇ ਤਿਆਗ ਦੀ ਸਮਰਥਕ ਨਹੀਂ ਹੈ। ਗੁਰਬਾਣੀ ਦੇ ਫੁਰਮਾਨ ਹਨ: “ਇਕਿ ਤਪਸੀ ਬਨ ਮਹਿ ਤਪੁ ਕਰਹਿ ਨਿਤ ਤੀਰਥ ਵਾਸਾ॥ ਆਪੁ ਨ ਚੀਨਹਿ ਤਾਮਸੀ ਕਾਹੇ ਭਏ ਉਦਾਸਾ॥ ੫॥ ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ॥ ਬਿਨੁ ਗੁਰ ਸਬਦ ਨ ਛੂਟਹੀ ਭਰਮਿ ਆਵਹਿ ਜਾਵਹਿ॥” (ਪੰ: ੪੧੯) ਅਤੇ “ਸਤਿਗੁਰ ਕੀ ਅੇਸੀ ਵਡਿਆਈ॥ ਪੁਤ੍ਰ ਕਲਤ੍ਰ ਵਿਚੇ ਗਤਿ ਪਾਈ॥” (ਪੰ: ੬੬੧)।

ਕੁੱਝ ਵਿਦਵਾਨਾਂ ਦੀ ਰਾਏ ਹੈ ਕਿ ਉਦਾਸੀ ਅਤੇ ਨਿਰਮਲੇ ਸਾਧੂਆਂ ਨੇ ਗੁਰ ਅਸਥਾਨਾਂ ਦੀ ਸੇਵਾ ਸੰਭਾਲ ਆਪਣੇ ਹੱਥ ਵਿੱਚ ਲੈ ਕੇ ਸਿੱਖ ਧਰਮ ਨੂੰ ਬਰਕਰਾਰ ਰਖਣ ਵਿੱਚ ਭਾਰੀ ਯੋਗਦਾਨ ਪਾਇਆ ਹੈ। ਇਹ ਵਿਚਾਰ ਨਿਰਮੂਲ਼ ਅਤੇ ਸਰਾਸਰ ਗਲਤ ਹੈ ਕਿਊਂਕੇ ਉਹਨਾਂ ਨੇ ਤੇ ਗੁਰਮਤਿ ਵਿਚਾਰਧਾਰਾ ਦੇ ਮੂਲ਼ ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ ਆਪਣੇ ਵਖਰੇ ਗੁਰਮਤਿ ਵਿਰੋਧੀ ਉਦਾਸੀ ਅਤੇ ਨਿਰਮਲੇ ਮਤਾਂ ਨੂੰ ਪਰਚਾਰਨਾ ਸ਼ੁਰੂ ਕਰ ਦਿੱਤਾ ਸੀ। ਸਿੱਖ ਮਿਸਲਾਂ ਦੀ ਚੜ੍ਹਤ ਹੋਣ ਤੇ ਉਦਾਸੀ ਅਤੇ ਨਿਰਮਲੇ ਸਾਧੂਆਂ ਨੂੰ ਆਪਣੀ ਧਾਰਮਕ ਹੈਸੀਅਤ ਕਾਇਮ ਰਖਣ ਲਈ ਆਪਣੇ ਆਪ ਨੂੰ ਸਿੱਖ ਧਰਮ ਨਾਲ ਜੋੜਨਾ ਪਿਆ ਸੀ। ਉਦਾਸੀ ਵਿਚਾਰਧਾਰਾ ਅਤੇ ਨਿਰਮਲ ਪੰਥ ਸਦਾ ਤੋਂ ਹੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਭਿੰਨ ਅਤੇ ਵਖਰੇ ਰਹੇ ਹਨ। ਉਦਾਸੀ ਅਤੇ ਨਿਰਮਲੇ ਸਾਧੂਆਂ ਦੇ ਹੱਕ ਵਿੱਚ ਕੇਵਲ ਏਨਾ ਹੀ ਆਖਿਆ ਜਾ ਸਕਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵੀ ਆਪਣੇ ਪਰਚਾਰ ਦਾ ਮਾਧਿਅਮ ਬਣਾਉਂਦੇ ਸਨ ਅਤੇ ਅੱਜ ਵੀ ਬਣਾਉਂਦੇ ਹਨ। ਪਰ ਗੁਰਬਾਣੀ ਦੀ ਵਰਤੋਂ ਉਹ ਆਪਣੀ ਨਿਵੇਕਲੀ ਵਿਚਾਰਧਾਰਾ ਦੇ ਪਰਚਾਰ ਲਈ ਕਰਦੇ ਹਨ, ਗੁਰਬਾਣੀ ਦੀ ਅਧਿਆਤਮਕ ਵਿਚਾਰਧਾਰਾ ਦੇ ਸੰਚਾਰ ਲਈ ਨਹੀਂ। ਜੇਕਰ ਉਸ ਵੇਲੇ ਗੁਰੂ ਸਾਹਿਬਾਨ ਵਲੋਂ ਚਾਲੂ ਕੀਤੀ ਪਰੰਪਰਾ ਕਾਇਮ ਹੁੰਦੀ ਤਾਂ ਸਿੱਖ ਸ਼ਰਧਾਲੂਆਂ ਨੇ ਉਦਾਸੀਆਂ ਅਤੇ ਨਿਰਮਲਿਆਂ ਨਾਲ ਪੂਰੀ ਤਰ੍ਹਾਂ ਨਾਤਾ ਤੋੜ ਦੇਣਾ ਸੀ ਪਰ ਗੁਰੂ ਸਾਹਿਬ ਦੇ ਸੱਚੇ ਸ਼ਰਧਾਲੂ ਤੇ ਜੰਗਲਾਂ ਵਿੱਚ ਚਲੇ ਗਏ ਸਨ। ਐਸੀ ਸਥਿਤੀ ਵਿੱਚ ਉਦਾਸੀ ਅਤੇ ਨਿਰਮਲੇ ਸਾਧੂਆਂ ਨੂੰ ਗੁਰਬਾਣੀ ਦੇ ਉਪਦੇਸ਼ਕ ਅਤੇ ਅਲਮ ਬਰਦਾਰ ਹੋਣ ਦਾ ਹੱਕ ਜਮਾਉਣ ਤੋਂ ਕੌਣ ਰੋਕ ਸਕਦਾ ਸੀ?

ਨਿਰਮਲ ਪੰਥ ਨੂੰ ਗੁਰੁ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਵੀ ਜੋੜਿਆ ਜਾਂਦਾ ਹੈ। ਇੱਕ ਸਾਖੀ ਵਿੱਚ ਦਸਿਆ ਗਿਆ ਹੈ ਕਿ ੧੬੮੬ ਈ: ਵਿੱਚ ਗੁਰੂ ਸਾਹਿਬ ਨੇ ਵਿਸ਼ੇਸ਼ ਸਮਾਗਮ ਬੁਲਾ ਕੇ ਪੰਜ ਸਿੱਖਾਂ, ਸੰਤ ਕਰਮ ਸਿੰਘ, ਸੰਤ ਰਾਮ ਸਿੰਘ, ਸੰਤ ਗੰਡਾ ਸਿੰਘ, ਸੰਤ ਵੀਰ ਸਿੰਘ, ਅਤੇ ਸੰਤ ਸੈਣਾ ਸਿੰਘ ਨੂੰ ਸੰਸਕ੍ਰਿਤ ਪੜ੍ਹਣ ਲਈ ਕਾਸ਼ੀ ਜਾਣ ਦੇ ਆਦੇਸ਼ ਦਿੱਤੇ ਸਨ ਅਤੇ ਆਖਿਆ ਸੀ ਕਿ “ਕਖਾਏ ਵਸਤਰ ਧਾਰਨ ਕਰਕੇ ਸੰਨਿਆਸੀ ਰੂਪ ਵਿਚ, ਵੇਦ/ਸ਼ਾਸਤ੍ਰਾਂ ਦੀ ਸੰਸਕ੍ਰਿਤੀ ਵਿੱਚ ਸਾਰੀ ਵਿਦਿਆ ਪ੍ਰਾਪਤ ਕਰੋ।” (ਬਲਵੰਤ ਸਿੰਘ ਕੋਠਾਗੁਰੂ: ਨਿਰਮਲ ਸੰਪ੍ਰਦਾਇ)। ਮਾਲਵੇ ਦੀਆਂ ਕਈ ਰਿਆਸਤਾਂ ਦੇ ਰਾਜਿਆਂ ਤੇ ਨਿਰਮਲ ਪੰਥੀਆਂ ਦਾ ਬਹੁਤ ਪਰਭਾਵ ਸੀ। ਉਹਨਾਂ ਰਾਜਾਂ ਦੀ ਮਾਲੀ ਸਹਾਇਤਾ ਨਾਲ ਹੀ ਨਿਰਮਲੇ ਸਾਧੂਆਂ ਨੇ “ਧਰਮ ਧੁਜਾ” ਨਾਂ ਦਾ ਇੱਕ ਵੱਡਾ ਅਖਾੜਾ ਸਥਾਪਤ ਕੀਤਾ ਸੀ। ਕਈ ਨਿਰਮਲੇ ਪ੍ਰਸਿਧ ਵਿਦਵਾਨ ਸਨ, ਜਿਨ੍ਹਾਂ ਵਿੱਚ ਪੰਡਤ ਗੁਲਾਬ ਸਿੰਘ, ਪੰਡਤ ਤਾਰਾ ਸਿੰਘ ਨਰੋਤਮ, ਗਿਆਨੀ ਗਿਆਨ ਸਿੰਘ, ਗਿਆਨੀ ਬਦਨ ਸਿੰਘ ਸੇਖਵਾਂ ਵਾਲੇ ਅਤੇ ਮਹੰਤ ਗਣੇਸ਼ਾ ਸਿੰਘ ਵਰਨਨਯੋਗ ਹਨ।

ਉਦਾਸੀ ਸੰਪ੍ਰਦਾਇ ਗੁਰੂ ਨਾਨਕ ਸਾਹਿਬ ਦੇ ਵੱਡੇ ਪੁਤਰ ਬਾਬਾ ਸਿਰੀ ਚੰਦ ਤੋਂ ਆਰੰਭ ਹੋਈ ਸੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਵੱਡੇ ਪੁਤਰ, ਬਾਬਾ ਗੁਰਦਿੱਤਾ ਜੀ, ਨੇ ਵੀ ਉਦਾਸੀ ਮਤ ਧਾਰਨ ਕਰ ਲਿਆ ਸੀ। ਇਸ ਮਤ ਦਾ ਗੁਰ ਪਰਵਾਰਾਂ ਨਾਲ ਜੁੜੇ ਹੋਣ ਕਾਰਨ ਕਈ ਵਿਦਵਾਨਾਂ ਨੂੰ ਇਹ ਭੁਲੇਖਾ ਪੈ ਜਾਂਦਾ ਹੈ ਕਿ ਸ਼ਾਇਦ ਇਸ ਮਤ ਦੀ ਗੁਰਮਤਿ ਨਾਲ ਕੋਈ ਨੇੜਤਾ ਸੀ। ਉਦਾਸੀ ਮਹੰਤਾਂ ਨੇ ਸਨਿਆਸੀ ਅਤੇ ਵੈਰਾਗੀ ਸਾਧੂਆਂ ਦੇ ਮੁਕਾਬਲੇ ਪਰਯਾਗ ਅਤੇ ਕਨਖਲ ਵਿੱਚ ਧਾਰਮਕ ਪਰਚਾਰ ਲਈ ਆਪਣੇ ਉਦਾਸੀ ਅਖਾੜੇ ਸਥਾਪਤ ਕਰ ਲਏ ਸਨ। ਉਦਾਸੀ ਮਹੰਤ ਸਿੱਖ ਧਾਰਮਕ ਅਸਥਾਨਾਂ ਅਤੇ ਉਹਨਾਂ ਨਾਲ ਜੁੜੀਆਂ ਜ਼ਮੀਨਾਂ ਨੂੰ ਆਪਣੀ ਨਿੱਜੀ ਸੰਪੱਤੀ ਸਮਝਦੇ ਸਨ। ਕਈ ਮਹੰਤਾਂ ਦਾ ਆਚਰਣ ਆਪੱਤੀਜਨਕ ਸੀ ਅਤੇ ਉਹ ਸਿੱਖ ਧਰਮ ਅਸਥਾਨਾਂ ਵਿੱਚ ਇਤਰਾਜ਼ਯੋਗ ਕਾਰਵਾਈਆਂ ਕਰਦੇ ਸਨ। ਸਿੰਘ ਸਭਾਵਾਂ ਦੇ ਪਰਚਾਰ ਤੋਂ ਉਤੇਜਤ ਹੋਈ ਗੁਰਦੁਆਰਾ ਸੁਧਾਰ ਲਹਿਰ ਦੇ ਫਲ ਸਰੂਪ ਸਾਰੇ ਇਤਹਾਸਕ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾ ਕੇ ਸਿੱਖ ਗੁਰਦੁਆਰਾਜ਼ ਐਕਟ, ੧੯੨੫ ਅਧੀਨ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਗਿਆ ਸੀ।

ਨਿਰਮਲੇ ਅਤੇ ਉਦਾਸੀਆਂ ਦੀਆਂ ਧਾਰਮਕ ਗਤਵਿਧੀਆਂ ਤੋਂ ਉਤਸਾਹਤ ਹੋ ਕੇ ਕਈ ਵਿਅਕਤੀਆਂ ਨੇ ਆਪਣੇ ਨਿੱਜੀ ਡੇਰੇ ਸਥਾਪਤ ਕਰ ਲਏ ਹਨ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਆਪਣੇ ਸੰਤਵਾਦੀ ਮਤ ਦਾ ਪਰਚਾਰ ਕਰਦੇ ਹਨ। ਇਸ ਪਦਾਰਥਵਾਦੀ ਵਪਾਰ ਪਰਧਾਨ ਯੁਗ ਵਿੱਚ ਬਹੁਤੇ ਡੇਰੇ ਸਿੱਖ ਧਰਮ ਦੇ ਵਪਾਰਕ ਕੇਂਦਰ ਅਤੇ ਸਿਆਸੀ ਵੋਟ ਬੈਂਕ ਬਣ ਗਏ ਹਨ। ਡੇਰਾ ਸਭਿਆਚਾਰ ਦਾ ਆਧਾਰ ਡੇਰਾ ਮੁੱਖੀ ਦੀ ਸ਼ਕਤੀ ਅਤੇ ਸ਼ਰਧਾਲੂਆਂ ਦੀ ਅੰਨ੍ਹੀ ਸ਼ਰਧਾ ਹੈ। ਡੇਰਿਆ ਦਾ ਵੱਡਾ ਹਿੱਸਾ ਸੰਤ ਸਮਾਜ ਸੰਸਥਾ ਨਾਲ ਜੁੜਿਆ ਹੋਇਆ ਹੈ। ਸੰਤ ਸਮਾਜ ਅਤੇ ਕਈ ਡੇਰੇ ਸਿੱਖ ਜਗਤ ਵਿੱਚ ਇੱਕ ਵੱਡੀ ਸੰਪ੍ਰਦਾਇਕ ਸ਼ਕਤੀ ਵਜੋਂ ਵਿਚਰ ਰਹੇ ਹਨ।

ਦੋ ਐਸੀਆਂ ਸੰਪਰਦਾਵਾਂ ਵੀ ਹਨ ਜੋ ਸਥਾਪਨਾ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸੰਚਾਰ ਨੂੰ ਸਮਰਪਤ ਸਨ ਪਰ ਜਿਨ੍ਹਾਂ ਨੂੰ ਸਮੇਂ ਦੀ ਮਾਰ ਨੇ ਗੁਰਬਾਣੀ ਨਾਲੋਂ ਤੋੜ ਕੇ ਗੁਰਬਾਣੀ ਉਪਦੇਸ਼ ਦੇ ਵਿਰੋਧੀ ਬਣਾ ਦਿੱਤਾ ਹੈ। ਇਨ੍ਹਾਂ ਨਿਰੰਕਾਰੀ ਅਤੇ ਨਾਮਧਾਰੀ ਲਹਿਰਾਂ ਨੇ ਗੁਰਬਾਣੀ ਸੰਚਾਰ ਵਿੱਚ ਨਿਗਰ ਯੋਗਦਾਨ ਪਾਇਆ ਸੀ ਪਰ ਸਮੇਂ ਦੇ ਫੇਰ ਨੇ ਇਹਨਾਂ ਨੂੰ ਗੁਰਬਾਣੀ ਵਿਰੋਧੀਆਂ ਦੇ ਰਾਹ ਪਾ ਦਿੱਤਾ। ਨਾਮਧਾਰੀ ਸੰਪ੍ਰਧਾਇ ਦੇ ਸ਼ਰਧਾਲੂ ਅੱਜ ਵੀ ਸਿੱਖੀ ਸਰੂਪ ਵਿੱਚ ਵਿਚਰਦੇ ਅਤੇ ਗੂਰੂ ਗ੍ਰੰਥ ਸਾਹਿਬ ਦੀ ਬਾਣੀ ਲਈ ਸ਼ਰਧਾ ਦਾ ਪਰਗਟਾਵਾ ਕਰਦੇ ਹਨ। ਰਾਧਾ ਸੁਆਮੀ ਸਤਿਸੰਗ ਦੇ ਕਈ ਸ਼ਰਧਾਲੂ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਰੋਸੇ ਦਾ ਪਰਗਟਾਵਾ ਕਰਦੇ ਹਨ। ਇਹਨਾਂ ਸਾਰੀਆਂ ਸੰਪ੍ਰਦਾਵਾਂ ਨੇ ਆਪਣੀਆਂ ਪੱਕੀਆਂ ਗੱਦੀਆਂ ਸਥਾਪਤ ਕੀਤੀਆਂ ਹੋਈਆਂ ਹਨ ਜਿਨ੍ਹਾਂ ਤੇ ਵਿਸ਼ੇਸ਼ ਵਿਅਕਤੀਆਂ ਨੂੰ ਗੁਰੂ ਦੀ ਪਦਵੀ ਨਾਲ ਸਨਮਾਨਤ ਕੀਤਾ ਜਾਂਦਾ ਹੈ।

ਦਮਦਮੀ ਟਕਸਾਲ ਗੁਰੂ ਗੋਬਿੰਦ ਸਿੰਘ ਜੀ ਵਲੋਂ ਗੁਰਬਾਣੀ ਦੀ ਸੰਥਿਆ ਦੇਣ ਲਈ ਸਥਾਪਤ ਕੀਤੇ ਜਾਣ ਦਾ ਦਾਅਵਾ ਕਰਦੀ ਹੈ। ਇਸ ਦੇ ਆਗੂਆਂ ਨੇ ਕੁੱਝ ਸਿੱਖ ਧਾਰਮਕ ਸਾਹਿਤ ਦੀ ਰਚਨਾ ਵੀ ਕੀਤੀ ਹੈ। ਇਸ ਦੀ ਆਪਣੀ ਵਖਰੀ ਰਹਿਤ ਮਰਯਾਦਾ ਹੈ। ਇਹ ਸੰਸਥਾ ਬਚਿਤ੍ਰ ਨਾਟਕ ਨੂੰ ਗੁਰੂ ਕਿਰਤ ਮੰਨ ਕੇ ਉਸ ਨੂੰ ਦਸਮ ਗ੍ਰੰਥ ਵਜੋਂ ਪੂਜਦੀ ਹੈ। ਇਹ ਸੰਪ੍ਰਦਾਇ ਅਕਸਰ ਧਾਰਮਕ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ।

ਸਿੱਖ ਸੰਪ੍ਰਦਾਵਾਂ ਅਖਵਾਉਣ ਵਾਲੀਆਂ ਸੰਪਰਦਾਵਾਂ ਵਿੱਚ ਨਿਮਨ ਲਿਖਤ ਸੰਪ੍ਰਦਾਵਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ:

ਸੇਵਾ ਪੰਥੀ ਸੰਪਰਦਾ ਭਾਈ ਸੇਵਾ ਰਾਮ ਤੋਂ ਚਲੀ ਸਮਝੀ ਜਾਂਦੀ ਹੈ ਅਤੇ ਭਾਈ ਅਡੱਣ ਸ਼ਾਹ ਦੇ ਸਮੇਂ ਤੋਂ ਉਨ੍ਹਾਂ ਦੇ ਸ਼ਰਧਾਲੂ ਅੱਡਣ ਸ਼ਾਹੀ ਅਖਵਾਉਣ ਲੱਗ ਪਏ ਸਨ। ਪਰ ਰਵਾਇਤ ਗੁਰੂ ਗੋਬਿੰਦ ਸਿੰਘ ਜੀ ਦੇ ਸੇਵਕ, ਭਾਈ ਕਨੱ੍ਹਈਆਂ ਜੀ ਨੂੰ ਇਸ ਸੰਪ੍ਰਦਾ ਦਾ ਸੰਚਾਲਕ ਮੰਨਦੀ ਹੈ। ਪਿਰਥੀ ਚੰਦ ਦਾ ਪੁਤਰ ਮਿਹਰਵਾਨ ਵੀ ਵਿਦਵਾਨ ਸੀ ਅਤੇ ਉਸ ਨੇ ਵੀ ਮਿਹਰਵਾਨੀ ਸੰਪ੍ਰਦਾਇ ਸ਼ਥਾਪਤ ਕੀਤੀ ਸੀ। ਭਾਈ ਮਨੀ ਸਿੰਘ ਦਾ ਨਾਂ ਵੀ ਗਿਆਨੀ ਸੰਪ੍ਰਦਾ ਨਾਲ ਜੋੜਿਆ ਜਾਂਦਾ ਹੈ। ਨਿਹੰਗ ਸਿੰਘ ਵੀ ਇੱਕ ਵਖਰੀ ਫੌਜੀ ਸੰਪ੍ਰਦਾਇ ਵਜੋਂ ਸਿੱਖ ਧਰਮ ਵਿੱਚ ਵਿਚਰਦੇ ਰਹੇ ਹਨ। ਸੁਥਰੇਸ਼ਾਹੀ ਸੰਪ੍ਰਦਾਇ ਭਾਈ ਸੁਥਰੇ ਜੀ ਵਲੋਂ ਸਥਾਪਤ ਕੀਤੀ ਗਈ ਸੀ। ਅਕਾਲੀਆਂ ਅਤੇ ਅਖੰਡ ਕੀਰਤਨੀਆਂ ਦੀਆਂ ਵੀ ਆਪਣੀਆਂ ਵਖਰੀਆਂ ਸੰਪ੍ਰਦਾਵਾਂ ਹਨ।

ਸਿੱਖ ਜਗਤ ਵਿੱਚ ਸੰਪ੍ਰਦਾਵਾਂ ਦੀ ਭਰਮਾਰ ਹੈ। ਜਿਥੇ ਇਹ ਸਾਰੀਆਂ ਸੰਪ੍ਰਦਾਵਾਂ ਗੂਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਸ਼ਾਲ ਪ੍ਰਭਾਵ ਦਾ ਸਿੱਟਾ ਹਨ ਉਥੇ ਹੀ ਇਹ ਗੁਰਬਾਣੀ ਉਪਦੇਸ਼ ਬਾਰੇ ਭੁਲੇਖੇ ਅਤੇ ਗਲਤ ਫੈਹਮੀਆਂ ਪਾਉਣ ਦੇ ਅਦਾਰੇ ਵੀ ਹਨ। ਗੁਰੂ ਕਾਲ ਮਗਰੋਂ ਕੇਵਲ ਨਿਰੰਕਾਰੀ ਅਤੇ ਨਾਮਧਾਰੀ ਲਹਿਰਾਂ ਨੇ ਹੀ ਕੁੱਝ ਸਮੇਂ ਲਈ ਸ਼ੁਧ ਗੁਰਬਾਣੀ ਸੰਚਾਰ ਲਈ ਉਦੱਮ ਕੀਤਾ ਸੀ। ਬਾਕੀ ਸਾਰੀਆਂ ਸੰਪ੍ਰਦਾਵਾਂ ਤੇ ਗੁਰਬਾਣੀ ਉਪਦੇਸ਼ ਦੇ ਪ੍ਰਤੀਕੂਲ ਹੀ ਪਰਚਾਰ ਕਰਦੀਆਂ ਰਹਿਈਆਂ ਹਨ। ਇਹਨਾਂ ਸਾਰੀਆਂ ਸੰਪ੍ਰਦਾਵਾਂ ਨੇ ਆਪਣੀਆਂ ਗੱਦੀਆਂ ਅਤੇ ਵਖਰੇ ਡੇਰੇ ਸਥਾਪਤ ਕੀਤੇ ਹੋਏ ਹਨ। ਗੱਦੀ ਪਰ ਸਸ਼ੋਭਤ ਵਿਅਕਤੀ ਨੂੰ ਸੰਤ ਜਾਂ ਗੁਰੂ ਦੀ ਪਦਵੀ ਨਾਲ ਸਨਮਾਨਤ ਕੀਤਾ ਜਾਂਦਾ ਹੈ। ਗੁਰਬਾਣੀ ਐਸੀਆਂ ਗੁਰ ਗੱਦੀਆਂ ਦੀ ਸਮਰਥਕ ਨਹੀਂ ਹੈ।

ਸਿੰਘ ਸਭਾਵਾਂ ਨੇ ਨਿਰਮਲੇ ਅਤੇ ਉਦਾਸੀ ਸਾਧੂਆਂ ਵਲੋਂ ਪਰਚਾਰੀ ਜਾ ਰਹੀ ਵੇਦਾਂਤਕ ਮੁਹਾਵਰੇ ਅਤੇ ਸਨਾਤਨੀ ਕਰਮ ਕਾਂਡਾਂ ਵਾਲੀ ਸਿੱਖ ਵਿਚਾਰਧਾਰਾ ਦਾ ਡੱਟ ਕੇ ਵਿਰੋਧ ਕੀਤਾ। ਉਹਨਾਂ ਪੱਛਮੀ ਵਿਚਾਰਧਾਰਾ ਅਤੇ ਸਿਖਿਆ ਤੋਂ ਪਰਭਾਵਤ ਹੋ ਕੇ ਗੁਰਬਾਣੀ ਦੀ ਅਧਿਆਤਮਕ ਵਿਚਾਰਧਾਰਾ ਨੂੰ ਵੇਦਾਂਤਕ ਵਿਆਖਿਆ ਅਤੇ ਸਨਾਤਨੀ ਕਰਮ ਕਾਂਡਾਂ ਨਾਲੋਂ ਤੋੜ ਕੇ ਸਮਾਜਕ ਲਹਿਰ ਦਾ ਰੂਪ ਦੇ ਦਿੱਤਾ ਅਤੇ ਇੱਕ ਨਵੇਂ ਸਮਾਜ ਦੀ ਬੁਨਿਆਦ ਬਨਾਉਣ ਦੀ ਵਿਊਂਤ ਬਣਾ ਲਈ। ਉਸ ਸਮਾਜ ਨੂੰ ਹਿੰਦੂ ਸਮਾਜ ਨਾਲੋਂ ਵਖਰਾ ਕਰਨ ਲਈ ਉਨ੍ਹਾਂ ਆਪਣੇ ਨਿਆਰੇ ਸਮਾਜਕ ਕਰਮ ਕਾਂਡ ਨਿਰਧਾਰਤ ਕਰ ਲਏ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਮਾਨਵਤਾ ਦੇ ਕਲਯਾਨ ਲਈ ਰਚੀ ਬਾਣੀ ਨੂੰ ਇੱਕ ਵਖਰੇ ਸਮਾਜ ਅਤੇ ਉਸ ਸਮਾਜ ਦੇ ਰਾਜਸੀ ਉਦੇਸ਼ਾਂ ਤਕ ਸੀਮਤ ਰਖਣ ਦਾ ਉਪਰਾਲਾ ਕੀਤਾ ਗਿਆ। ਗੁਰਬਾਣੀ ਸੰਸਾਰ ਨੂੰ ਤ੍ਰੈਗੁਣੀ ਮਾਇਆ ਦਾ ਪਿੜ ਆਖਦੀ ਹੈ ਅਤੇ ਮਨੁੱਖ ਨੂੰ ਸੰਸਾਰ ਵਿੱਚ ਰਹਿੰਦੇ ਹੋਏ ਸੰਸਾਰਕ ਇਛਾਵਾਂ ਦਾ ਤਿਅਗ ਕਰਕੇ ਪਰਭੂ ਦਾ ਭਾਣਾ ਮੰਨਣ ਦਾ ਉਪਦੇਸ਼ ਦਿੰਦੀ ਹੈ। ਪਰ ਸਿੰਘ ਸਭਾਵਾਂ ਗੁਰਬਾਣੀ ਉਪਦੇਸ਼ ਨੂੰ ਆਪਣੇ ਸੀਮਤ ਸਮਾਜਕ ਅਤੇ ਰਾਜਸੀ ਮਨਸੂਬਿਆਂ ਦੀ ਸਫਲਤਾ ਲਈ ਵਰਤਣ ਦੀਆਂ ਚਾਹਵਾਨ ਸਨ। ਗੁਰਬਾਣੀ ਸੰਸਾਰ ਜਾਂ ਸਮਾਜ ਨੂੰ ਬਦਲਣ ਜਾਂ ਸੁਧਾਰਣ ਦੀ ਵਿੱਧੀ ਨਹੀਂ ਹੈ ਉਹ ਤੇ ਕੇਵਲ ਵਿਅਕਤੀ ਨੂੰ ਆਪਣੇ ਮਨ ਤੇ ਕਾਬੂ ਪਾ ਕੇ ਸੰਸਾਰਕ ਮਾਇਆ ਦੇ ਪਰਭਾਵ ਤੋਂ ਅਣਭਿੱਜ ਰਹਿਣ ਦਾ ਉਪਦੇਸ਼ ਕਰਦੀ ਹੈ। ਸਿੱਖ ਜਗਤ ਨੇ ਸਮਾਜਕ ਉਨਤੀ ਅਤੇ ਰਾਜਸੀ ਮਨੋਰਥਾਂ ਦੀ ਪਰਾਪਤੀ ਲਈ ਗੁਰਬਾਣੀ ਵਿੱਚ ਮਨੁੱਖ ਲਈ ਤਜਵੀਜ਼ ਅਧਿਆਤਮਕ ਕਿਰਿਆਵਾਂ ਜਿਵੇਂ ਸ਼ਾਂਤੀ, ਸਹਿਜ, ਨਿਮ੍ਰਤਾ, ਸਾਂਝੀਵਾਲਤਾ, ਨਿਰਵੈਰਤਾ, ਦਯਾ ਅਤੇ ਪਰਉਪਕਾਰ ਨੂੰ ਲਾਭਹੀਣ ਸਮਝ ਕੇ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਗੁਰਬਾਣੀ ਉਪਦੇਸ਼ਾਂ ਨੂੰ ਨਜ਼ਰ ਅੰਦਾਜ਼ ਕਰਨ ਨਾਲ ਧਰਮ ਦੇ ਖੇਤਰ ਵਿੱਚ ਸਿੱਖ ਦਿਸ਼ਾਹੀਣ ਹੋ ਗਿਆ ਅਤੇ ਸੰਸਾਰਕ ਭਰਮ ਭੁਲੇਖਿਆਂ ਵਿੱਚ ਭਟਕਣ ਲੱਗ ਪਿਆ।

ਸਿੰਘ ਸਭਾਵਾਂ ਦੀ ਘਾਲਣਾ ਦੇ ਸਿੱਟੇ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਇਸ ਕਮੇਟੀ ਦਾ ਮਨੋਰਥ ਕੁੱਝ ਇਤਹਾਸਕ ਗੁਰਦੁਆਰਿਆ ਦਾ ਪ੍ਰਬੰਧ ਕਰਨਾ ਹੈ। ਇਸ ਦੀ ਬਣਤਰ ਤਾਂ ਲੋਕਤੰਤਰਾਤਮਕ ਹੈ ਪਰ ਇਸ ਦਾ ਸਭਿਆਚਾਰ ਤਾਨਾਸ਼ਾਹੀ ਹੈ। ਇਸ ਨੇ ਆਪਣੇ ਤਾਨਾਸ਼ਾਹੀ ਵਿਹਾਰ ਦੀ ਆਲੋਚਨਾ ਦੀ ਸੰਭਾਵਨਾ ਨੂੰ ਠਲ੍ਹ ਪਾਉਣ ਲਈ ਇੱਕ ਜਥੇਦਾਰੀ ਸੰਸਥਾ ਸਥਾਪਤ ਕਰ ਲਈ। ਸ਼੍ਰੋਮਣੀ ਕਮੇਟੀ ਦੇ ਢਾਂਚੇ ਅਤੇ ਕਾਰਜ ਵਿਧੀ ਵਿੱਚ ਇਕਸੁਰਤਾ ਨਾ ਹੋਣ ਕਾਰਨ ਇਹ ਅਕਸਰ ਸਿੱਖ ਜਗਤ ਵਿੱਚ ਧਾਰਮਕ ਪਖੋਂ ਨਿਰਾਸਤਾ ਅਤੇ ਨਿਰਬਲਤਾ ਦੀਂ ਭਾਵਨਾ ਪੈਦਾ ਕਰਦੀ ਰਹਿੰਦੀ ਹੈ। ਫਿਰ ਵੀ ਇਹ ਸਿੱਖ ਧਰਮ ਦੀ ਮੁੱਖ ਧਾਰਾ ਦੀ ਸਰਪਰਸਤ ਹੋਣ ਦਾ ਦਾਅਵਾ ਕਰਦੀ ਹੈ। ਵੈਸੇ ਤੇ ਤਕਰੀਬਨ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹੀ ਇਹ ਪਰਭਾਵ ਦਿੰਦੀਆਂ ਹਨ ਜਿਵੇਂ ਸਿੱਖ ਧਰਮ ਦਾ ਭਵਿਖ ਉਹਨਾਂ ਦੀਆਂ ਗਤੀਵਿਧੀਆਂ ਤੇ ਨਿਰਭਰ ਕਰਦਾ ਹੋਵੇ ਅਤੇ ਉਹਨਾਂ ਦੀਆਂ ਪ੍ਰਬੰਧਕੀ ਜ਼ਿਮੇਵਾਰੀਆਂ ਗੁਰਬਾਣੀ ਉਪਦੇਸ਼ ਨਾਲੋਂ ਵੱਧ ਮਹਤੱਵਪੂਰਨ ਹੋਣ।

ਦਿੱਲੀ ਅਤੇ ਪਾਕਿਸਤਨ ਵਿੱਚ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਣੀਆਂ ਹੋਈਆਂ ਹਨ। ਅਮ੍ਰੀਕਾ ਵਿੱਚ ਵੀ ਅਮ੍ਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆ ਗਈ ਹੈ। ਇਹ ਸਾਰੀਆਂ ਪ੍ਰਬੰਧਕੀ ਕਮੇਟੀਆਂ ਵਖੋ ਵਖਰੀਆਂ ਸੰਪ੍ਰਦਾਵਾਂ ਵਜੋਂ ਵਿਚਰ ਰਹਿਈਆਂ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਿੱਖ ਵਿਦਵਾਨਾਂ ਅਤੇ ਧਰਮ ਸ਼ਾਸਤਰੀਆਂ ਨੂੰ ਗੁਰਬਾਣੀ ਉਪਦੇਸ਼ ਦੇ ਸੰਚਾਰ ਦੀ ਜ਼ਿਮੇਵਾਰੀ ਦੇਣ ਦੇ ਹੱਕ ਵਿੱਚ ਨਹੀਂ ਹਨ ਅਤੇ ਸਿੱਖ ਧਰਮ ਵਿੱਚ ਪੁਜਾਰੀਵਾਦ ਨੂੰ ਬੜ੍ਹਾਵਾ ਦਿੰਦੀਆਂ ਹਨ, ਜਿਸ ਨੂੰ ਗੁਰਬਾਣੀ ਪਰਵਾਨ ਨਹੀਂ ਕਰਦੀ।

ਸਿੱਖ ਧਰਮ ਦੇ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਦੇ ਗੁਰਦੁਆਰਿਆਂ ਨੂੰ ਤਖਤਾਂ ਦੀ ਪਦਵੀ ਹਾਸਲ ਹੈ। ਪੰਜਾਬ ਤੋਂ ਬਾਹਰ ਹੋਣ ਕਾਰਨ ਇਹਨਾਂ ਤਖਤਾਂ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਬੰਧਾਂ ਅਤੇ ਮਰਯਾਦਾਵਾਂ ਨਾਲੋਂ ਕਾਫੀ ਭਿੰਨਤਾ ਹੈ। ਇਨ੍ਹਾਂ ਤਖਤਾਂ ਵਿੱਚ ਬਚਿਤ੍ਰ ਨਾਟਕ ਨੂੰ ਗੁਰੂ ਕਿਰਤ ਮੰਨਿਆ ਜਾਂਦਾ ਹੈ ਅਤੇ ਉਸ ਨੂੰ ਦਸਮ ਗ੍ਰੰਥ ਦਾ ਨਾਂ ਦੇ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤਾ ਜਾਂਦਾ ਹੈ। ਇਹ ਤਖਤ ਸੰਪ੍ਰਦਾਵਾਂ ਦੂਜੇ ਤਖਤਾ ਨਾਲ ਮਿਲ ਕੇ ਸਿੱਖ ਜਗਤ ਵਿੱਚ ਐਹਮ ਧਾਰਮਕ ਰੋਲ ਅਦਾ ਕਰਦੀਆਂ ਹਨ।

ਅਮ੍ਰੀਕਾ ਵਿੱਚ ਹਰਭਜਨ ਯੋਗੀ ਨੇ ਵੀ ਆਪਣੀ ਵਖਰੀ ਸੰਪ੍ਰਦਾਇ ਸਥਾਪਤ ਕੀਤੀ ਹੋਈ ਸੀ ਜਿਸ ਨੇ ਬਹੁਤ ਸਾਰੇ ਅਮ੍ਰੀਕਨ ਨਾਗਰਿਕਾਂ ਨੂੰ ਸਿੰਘ ਸਜਾਇਆ ਹੈ।

ਸਿੱਖ ਮਿਸ਼ਨਰੀ ਸੰਸਥਾਵਾਂ ਨੇ ਵੀ ਸਿੱਖ ਜਗਤ ਵਿੱਚ ਆਪਣੀ ਵਖਰੀ ਹੋਂਦ ਸਥਾਪਤ ਕਰ ਲਈ ਹੈ। ਇਨ੍ਹਾਂ ਸੰਸਥਾਵਾਂ ਨੇ ਗੁਰਬਾਣੀ ਉਪਦੇਸ਼ ਦੀ ਸਿਖਿਆ ਦੇਣ ਲਈ ਸਾਰਥਕ ਉਦੱਮ ਕੀਤਾ ਹੈ। ਇਹ ਗੁਰਬਾਣੀ ਦੇ ਸਹੀ ਸੰਚਾਰ ਪ੍ਰਤਿ ਬਹੁਤ ਗੰਭੀਰ ਹਨ। ਇਹ ਸੰਸਥਾਵਾਂ “ਸਿੱਖ ਰਹਿਤ ਮਰਯਾਦਾ” ਦਾ ਜ਼ੋਰਦਾਰ ਸਮਰਥਨ ਕਰਦੀਆਂ ਹਨ। ਪਰ ਸਿੱਖ ਰਹਿਤ ਮਰਯਾਦਾ ਗੁਰਬਾਣੀ ਨਹੀਂ ਹੈ। ਰਹਿਤ ਮਰਯਾਦਾ ਤੇ ਸਮਾਜਕ ਜੀਵਨ ਵਿੱਚ ਧਾਰਮਕ ਅਨੁਸਾਸ਼ਨ ਅਤੇ ਸਭਿਆਚਾਰ ਦੇ ਨਿਯਮ ਜਾਂ ਕਰਮ ਕਾਂਡ ਹੁੰਦੇ ਹਨ। ਸਿੱਖ ਰਹਿਤ ਮਰਯਾਦਾ ਦੇ ਨਿਯਮਾਂ ਵਿੱਚ ਬਚਿਤ੍ਰ ਨਾਟਕ ਦੀਆਂ ਰਚਨਾਵਾਂ ਨੂੰ ਗੁਰਬਾਣੀ ਮੰਨ ਕੇ ਨਿਤ ਨੇਮ ਅਤੇ ਖੰਡੇ ਦੀ ਪਾਹੁਲ ਦੇ ਅੰਮ੍ਰਿਤ ਦੀਆਂ ਬਾਣੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਸ ਨਾਲ ਬਚਿਤ੍ਰ ਨਾਟਕ ਦੇ ਸਮਰਥਕਾਂ ਲਈ ਇਸ ਨੂੰ ਗੁਰਬਾਣੀ ਵਜੋਂ ਪਰਵਾਨਗੀ ਦਾ ਮੁਤਾਲਬਾ ਕਰਨ ਦਾ ਰਾਹ ਖੁਲ੍ਹ ਗਿਆ ਹੈ। ਰਹਿਤ ਮਰਯਾਦਾ ਦੇ ਸਾਰੇ ਨਿਯਮਾਂ ਨੂੰ ਪਿਛਲੇ ਸਤਰ ਸਾਲ ਤੋਂ ਕਿਸੇ ਵੀ ਸੰਸਥਾ ਅਤੇ ਵਿਅਕਤੀ ਨੇ ਪੂਰੀ ਤਰ੍ਹਾਂ ਪਰਵਾਨ ਨਹੀਂ ਕੀਤਾ ਹੈ ਕਿਊਂਕੇ ਇਸ ਦੇ ਨਿਯਮਾਂ ਦੀ ਮਰਜ਼ੀ ਨਾਲ ਚੁਣ ਚੁਣ ਕੇ ਵਰਤੋਂ ਕੀਤੀ ਜਾਂਦੀ ਰਹੀ ਹੈ। ਅਨੰਦ ਸੰਸਕਾਰ, ਅਖੰਡ ਪਾਠ ਅਤੇ ਅੰਮ੍ਰਿਤ ਸੰਸਕਾਰ ਦੇ ਨਿਯਮਾਂ ਨੂੰ ਤੇ ਚੁਣ ਕੇ ਵਰਤਣ ਜਾਂ ਨਜ਼ਰ ਅੰਦਾਜ਼ ਕਰਨ ਦੀ ਰੀਤ ਹੈ ਜੋ ਰਹਿਤ ਮਰਯਾਦਾ ਦੀ ਮਾਨਤਾ ਦੇ ਭਰੋਸੇ ਪਰ ਪ੍ਰਸ਼ਨ ਚਿੰਨ੍ਹ ਲਾ ਦਿੰਦੀ ਹੈ।

ਤੱਤ ਗੁਰਮਤਿ ਦੇ ਸ਼ਰਧਾਲੂਆਂ ਨੇ ਮਿਸ਼ਨਰੀ ਸੰਸਥਾਵਾਂ ਵਲੋਂ ਆਰੰਭਿਆ ਗੁਰਬਾਣੀ ਉਪਦੇਸ਼ ਦੇ ਸਹੀ ਸੰਚਾਰ ਦਾ ਟੀਚਾ ਅਪਣਾ ਲਿਆ ਹੈ। ਭਵਿਖ ਹੀ ਦੱਸੇਗਾ ਕਿ ਤੱਤ ਗੁਰਮਤਿ ਦੇ ਸ਼ਰਧਾਲੂ ਸਿੱਖ ਧਰਮ ਦੇ ਮੂਲ਼ ਸਿਧਾਂਤ ਨੂੰ ਸਾਕਾਰ (Project) ਕਰਨ ਵਿੱਚ ਕਿਨੇ ਸਫਲ ਹੁੰਦੇ ਹਨ?




.