.

(ਨੋਟ:- ਕੱਲ 3 ਜਨਵਰੀ ਨੂੰ ਨਾਨਕਸ਼ਾਹੀ ਕੈਲੰਡਰ ਸੰਬੰਧੀ ਇੱਕ ਸੈਮੀਨਾਰ ਹੋਇਆ ਸੀ। ਇਹ ਲੇਖ ਉਸ ਸੈਮੀਨਾਰ ਲਈ ਭੇਜਿਆ ਗਿਆ ਸੀ। ਸਮੇ ਦੀ ਕਮੀ ਕਾਰਨ ਸ਼ਾਇਦ ਇਹ ਲੇਖ ਸਾਰਾ ਉਥੇ ਪੜ੍ਹਿਆ ਨਹੀਂ ਜਾ ਸਕਿਆ। ਇਹ ਪਾਠਕਾਂ ਦੀ ਜਾਣਕਾਰੀ ਲਈ ਛਾਪਣ ਲਈ ਭੇਜਿਆ ਗਿਆ ਹੈ-ਸੰਪਾਦਕ)

ਮੌਜੂਦਾ ਪੰਥਕ ਮਸਲਿਆਂ ਤੇ ਕੁਝ ਵਿਚਾਰ
ਭਾਈ ਅਸ਼ੋਕ ਸਿੰਘ ਬਾਗੜੀਆ

ਸਿੱਖਾਂ ਨੇ ਸ਼ੁਰੂ ਤੋਂ ਹੀ ਹਰ ਇਕ ਧਰਮ ਦੇ ਰਾਜ ਦੇਖੇ ਅਤੇ ਭੁਗਤੇ ਹਨ । ਮੁਗਲ ਰਾਜ ਵਿੱਚ ਸਿੱਖ ਸਿੱਖੀ ਦੇ ਪੱਕੇ ਸਨ, ਜਿਸ ਦੀ ਮਿਸਾਲ ਬਾਬਾ ਬੰਦਾ ਸਿੰਘ ਬਹਾਦੁਰ ਨਾਲ ਸ਼ਹੀਦ ਹੋਏ ੭੪੨ ਸਿੰਘਾਂ ਵਿੱਚੋਂ ਕਿਸੇ ਇਕ ਦਾ ਵੀ ‘ਧਰਮ ਤੋਂ ਨਾ ਫਿਰਨਾ’, ਉਸ ਲਈ ਆਪਣੀ ਜਾਨ ਦੇਣੀ ਜ਼ਿਆਦਾ ਛੋਟੀ ਕੀਮਤ ਸਮਝਿਆ ਗਿਆ । ਫਿਰ ਅੰਗਰੇਜ਼ ਭਾਰਤ ਵਿੱਚ ਆਏ ਤਾਂ ਇਸ ਖ਼ਿੱਤੇ ਵਿੱਚ ਉਨ੍ਹਾਂ ਨੇ ਚਾਰ ਕੌਮਾਂ ਦਾ ਪ੍ਰਭਾਵ ਦੇਖਿਆ ਸਿੱਖ, ਅਫਗਾਨ, ਗੋਰਖੇ ਅਤੇ ਬਲੋਚ । ਅੰਗਰੇਜ਼ ਦਾ ਮੁੱਖ ਸੰਘਰਸ਼ ਸਿੱਖਾਂ ਨਾਲ ਸੀ ਕਿਉਂਕਿ ਅਫਗਾਨਾਂ ਨੂੰ ਘਰੇਲੂ ਯੁੱਧਾਂ ਅਤੇ ਸਿੱਖਾਂ ਦੇ ਹਮਲਿਆਂ ਨੇ ਬਲੋਚਿਸਤਾਨ ਤੋਂ ਅੱਗੇ ਅਫ਼ਗਾਨਿਸਤਾਨ ਤੱਕ ਧੱਕ ਦਿੱਤਾ । ਗੋਰਖੇ ਮੈਦਾਨੀ ਇਲਾਕਿਆਂ ਵਿੱਚ ਆ ਕੇ ਯੁੱਧ ਨਹੀਂ ਕਰ ਸਕੇ । ਪਠਾਣ ਵੀ ਬਲੋਚਿਸਤਾਨ ਤੱਕ ਹੀ ਸੀਮਤ ਹੋ ਗਏ ਸਨ । ਅੰਗਰੇਜ਼ ਨੂੰ ਸਿੱਖਾਂ ਬਾਰੇ ਇਕ ਗੱਲ ਬੜੀ ਸਪਸ਼ਟ ਹੋ ਗਈ ਸੀ ਕਿ ਸਿੱਖਾਂ ਤੇ ਕਾਬੂ ਪਾਉਣਾ ਹੈ ਤਾਂ ਉਨ੍ਹਾਂ ਦੇ ਧਰਮ ਤੇ ਕੰਟ੍ਰੋਲ ਕਰਨਾ ਬਹੁਤ ਜਰੂਰੀ ਹੈ । ਇਸੇ ਮਕਸਦ ਨਾਲ ਉਨ੍ਹਾਂ ਨੇ ਸਿੱਖਾਂ ਦੇ ਗੁਰਦੁਆਰਿਆਂ ਤੇ ਕਾਬਜ਼ ਮਹੰਤਾਂ ਦੀ ਪਿੱਠ ਥੱਪ ਥਪਾਈ ਅਤੇ ਉਹ ਮਹੰਤ ਅੰਗਰੇਜ਼ਾਂ ਦੀ ਸਹਿ ਤੇ ਸਿੱਖੀ ਸਿਧਾਂਤਾਂ ਨੂੰ ਕਰਮਕਾਂਡਾਂ ਵਿੱਚ ਦੁਬਾਰਾ ਰਲਗੱਡ ਕਰਨ ਲੱਗੇ । ਦਹਾਕਿਆਂ ਦੇ ਖ਼ੂਨੀ ਸੰਘਰਸ਼ ਤੋਂ ਬਾਅਦ ਇਨ੍ਹਾਂ ਮਹੰਤਾਂ ਦੇ ਕਬਜ਼ੇ ਚੋਂ ਸਿੱਖੀ ਸਿਧਾਂਤ ਦੇ ਸਰੋਤ ਗੁਰਧਾਮਾਂ ਨੂੰ ਆਜ਼ਾਦ ਕਰਵਾਇਆ ਗਿਆ । ਇਥੋਂ ਹੀ ਸਿੱਖਾਂ ਨੂੰ ਦੂਸਰਿਆਂ ਨਾਲੋਂ ਨਿਖੇੜਨ ਲਈ ਆਪਣੇ ਆਪ ਨੂੰ ਇਕ ਆਜ਼ਾਦ ਅਤੇ ਅੱਡਰੀ ਕੌਮ ਹੋਣ ਦਾ ਸੰਘਰਸ਼ ਸ਼ੁਰੂ ਕਰਨਾ ਪਿਆ । ਅੰਗਰੇਜ਼ਾਂ ਤੋਂ ਬਾਅਦ ਹਿੰਦੁਸਤਾਨੀ ਸਰਕਾਰਾਂ ਦੇ ਰਾਜ ਆਏ । ਜਿਸ ਵਿੱਚ ਸਿੱਖਾਂ ਨੂੰ ਆਪਣੇ ਸਨਮੁੱਖ ਚੁਣੌਤੀਆਂ ਨੂੰ ਸਮਝਣ ਦਾ ਸਮਾਂ ਮਿਲਿਆ । ਮੌਜੂਦਾ ਸਮੇ ਹਿੰਦੂ ਰਾਜ ਵਿੱਚ ਸਿੱਖਾਂ ਦੀ ਵੱਖਰੀ ਪਹਿਚਾਣ ਦਾ ਮਸਲਾ ਹੋਰ ਵੀ ਅਹਿਮ ਹੋ ਗਿਆ ਹੈ ਕਿਉਂਕਿ ਇਹ ਮਜ਼੍ਹਬੀ ਤਾਕਤਾਂ ਇਸ ਨਿਵੇਕਲੀ ਕੌਮ ਨੂੰ ਹਿੰਦੂ ਧਰਮ ਦੀ ਇਕ ਸਾਖ ਪ੍ਰਚਾਰ ਰਹੀਆਂ ਹਨ। (ਇੱਥੇ ਇਹ ਸਾਫ ਕਰਨਾ ਜ਼ਰੂਰੀ ਹੈ ਕਿ ਸਿੱਖ ਧਰਮ ਉਨ੍ਹਾਂ ਕੁ ਹੀ ਹਿੰਦੂ ਧਰਮ ਦਾ ਹਿੱਸਾ ਹਨ ਜਿਨ੍ਹਾਂ ਇਸਲਾਮ ਯਹੂਦੀ ਧਰਮ ਦਾ ਹਿੱਸਾ ਹੈ ।) ਇਸੇ ਸਾਜ਼ਿਸ਼ ਤਹਿਤ ਸਿੱਖਾਂ ਵਿੱਚ ਡੇਰਾਵਾਦ ਨੂੰ ਪਰਫੁੱਲਤ ਕੀਤਾ ਜਾ ਰਿਹਾ ਹੈ । ਸਿੱਖਾਂ ਦੇ ਵੱਖ-ਵੱਖ ਡੇਰਿਆਂ ਵਿੱਚ ਆਪਣੀ-ਆਪਣੀ ਰਹਿਤ ਮਰਿਯਾਦਾ ਨੂੰ ਚਲਾ ਕੇ ਸਿੱਖਾਂ ਨੂੰ ਸਿੱਖਾਂ ਦੇ ਵੈਰੀ ਬਣਾਇਆ ਜਾ ਰਿਹਾ ਹੈ ਅਤੇ ਪੰਥ ਵਿੱਚ ਵੰਡਿਆਂ ਖੜੀਆਂ ਹੋ ਗਈਆਂ ਹਨ । ਇੱਥੇ ਵੀ ਅੰਗਰੇਜ਼ਾਂ ਦੀ ਤਰਜ਼ ਤੇ ਸਿੱਖ ਕੌਮ ਉਤੇ ਆਪਣਾ ਕੰਟ੍ਰੋਲ ਰੱਖਣ ਲਈ ਡੇਰੇਦਾਰਾਂ ਨੂੰ ਸਰਪ੍ਰਸਤੀ ਦਿੱਤੀ ਜਾ ਰਹੀ ਹੈ । ਇਹ ਡੇਰੇਦਾਰ ਸਾਧ-ਮਸੰਦ ਆਪਣੀ ਦਾਲ-ਮੁਰਗੀ ਲਈ ਸਿੱਖਾਂ ਨੂੰ ਮੱਸਿਆ, ਪੁੰਨਿਆ, ਅਤੇ ਹੋਰ ਕਰਮ ਕਾਂਡੀ ਚੱਕਰਾਂ ਵਿੱਚ ਫਿਰ ਤੋਂ ਪਾ ਰਹੇ ਹਨ ਜਿਨ੍ਹਾਂ ਦਾ ਸਿੱਖ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ ।
ਹਰ ਮਜ਼ਹਬ, ਕੌਮ ਦੀ ਆਪਣੀ ਆਜ਼ਾਦ ਨਿਵੇਕਲੀ ਹਸਤੀ ਦਾ ਪ੍ਰਤੀਕ ਹੋਇਆ ਕਰਦਾ ਹੈ ਇਸ ਦਾ ਕੈਲੰਡਰ ਜੋ ਉਸ ਦੇ ਮੋਢੀ ਨਾਲ ਸਬੰਧਿਤ ਹੁੰਦਾ ਹੈ । ਜਿਵੇਂ ਈਸਾਈ ਭਾਈਚਾਰੇ ਦਾ ਕੈਲੰਡਰ ਉਹਨਾਂ ਦੇ ਬਾਨੀ ਹਜ਼ਰਤ ਈਸਾ ਨਾਲ ਅਤੇ ਮੁਸਲਮਾਨ ਵੀਰਾਂ ਦਾ ਹਿਜਰੀ ਕੈਲੰਡਰ ਹਜ਼ਰਤ ਮੁਹੰਮਦ ਸਾਹਿਬ ਨਾਲ । ਨਾਨਕਸ਼ਾਹੀ ਕੈਲੰਡਰ, ਜੋ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਹੈ, ਸਿੱਖ ਧਰਮ ਦੀ ਆਜ਼ਾਦ ਹੋਂਦ ਨੂੰ ਪੱਕਿਆਂ ਕਰਨ ਲਈ ਇਕ ਉਚ ਦਰਜੇ ਦਾ ਉਪਰਾਲਾ ਕੀਤਾ ਗਿਆ । ਪੰਥ ਦੇ ਇਤਿਹਾਸਕਾਰਾਂ, ਬੁੱਧੀਜੀਵੀਆਂ ਦਾਨਸ਼ਮੰਦਾਂ ਤੇ ਚਿੰਤਕਾਂ ਦੀ ਦਿਨ-ਰਾਤ ਸਾਲਾਂ-ਦਰ-ਸਾਲ ਦੀ ਮਿਹਨਤ ਸਦਕਾ ਇਹ ਕੈਲੰਡਰ ਤਿਆਰ ਕੀਤਾ ਗਿਆ ਅਤੇ ਪਹਿਲਾਂ ਸੰਨ ੧੯੯੯ ਵਿੱਚ ਤੇ ਬਾਅਦ ਵਿੱਚ ਕੁਝ ਹੋਰ ਪੰਥ ਪ੍ਰਵਾਨਿਤ ਸੋਧਾਂ ਨਾਲ ੨੦੦੩ ਨੂੰ ਸਿੱਖ ਧਰਮ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਨੂੰ ਲਾਗੂ ਕਰਕੇ ਇਕ ਇਤਿਹਾਸਕ ਫੈਸਲਾ ਲਿਆ ਗਿਆ ।
ਅੱਜ ਕੱਲ ਵੀ ਸਾਡੇ ਧਰਮ ਅਤੇ ਹਸਤੀ ਤੇ ਸਿੱਧੇ ਜਾਂ ਅਸਿੱਧੇ ਹਮਲੇ ਅੰਦਰੋਂ-ਬਾਹਰੋਂ ਹੋ ਰਹੇ ਹਨ । ਬਾਹਰੋਂ ਤਾਂ ਗੁਰੂ ਨਾਨਕ ਵਕਤ ਤੋਂ ਹੀ ਹੋ ਰਹੇ ਸਨ ਲੇਕਿਨ ਅੰਦਰੋਂ ਹੁਣ ਇਹ ਘੁਣ ਵਾਂਗ ਸਾਡੀ ਹਸਤੀ ਤੇ ਸਾਡੇ ਧਰਮ ਨੂੰ ਖੋਰਾ ਲਾ ਰਹੇ ਹਨ । ਬਾਹਰੀ ਹਮਲਾ ਰੋਕਣਾ ਸੌਖਾ ਹੋਇਆ ਕਰਦਾ ਹੈ ਅੰਦਰੂਨੀ ਨਾਲੋਂ । (ਕੀ ਸਾਨੂੰ ਹੁਣ ਸਿੱਖੀ ਸਿਖਾਂ ਤੋਂ ਬਚਾਉਣੀ ਪਵੇਗੀ ?)
ਇਸ ਬਾਰੇ ਸੋਚਣ ਅਤੇ ਅੱਗੇ ਚਲਣ ਤੋਂ ਪਹਿਲਾਂ ਆਪਣੇ ਅੰਦਰ ਇਹ ਸਵਾਲ ਸਾਫ ਹੋਣਾ ਚਾਹੀਦਾ ਹੈ ਜਿਸ ਦਾ ਸਮੁੱਚਾ ਸਿੱਖ ਭਾਈਚਾਰਾ ਪਹਿਰੇਦਾਰ ਹੋਵੇ । ਉਹ ਹੈ ਕਿ “ਕੀ ਸਿੱਖ ਧਰਮ ਇਕ ਨਿਰਮਲ ਪੰਥ (ਨਾਨਕ ਨਿਰਮਲ ਪੰਥ ਚਲਾਇਆ) ਆਜ਼ਾਦ ਧਰਮ ਹੈ ਜਾਂ ਕਿਸੇ ਦੂਸਰੇ ਧਰਮ ਦਾ ਸੋਧਿਆ ਹੋਇਆ ਭਾਗ।“ ਪਿੱਛੇ ਨਜ਼ਰ ਮਾਰਨੀ ਬਹੁਤ ਲਾਜ਼ਮੀ ਹੈ ਤਾਂ ਕਿ ਸਿੱਖ ਕੌਮ ਆਪਣੇ ਵਿਰੁੱਧ ਚਲ ਰਹੀਆਂ ਚਾਲਾਂ ਤੇ ਪ੍ਰਚਾਰ ਤੋਂ ਸੁਚੇਤ ਹੋ ਜਾਵੇ । ਇਹ ਸਿੱਖਾਂ ਦੀ ਬਦਕਿਸਮਤੀ ਹੈ ਕਿ ਇਸ ਨੂੰ ਅਜੇ ਤੱਕ ਆਪਣੇ ਦੁਸ਼ਮਣ ਦੀ ਪਹਿਚਾਣ ਹੀ ਨਹੀਂ ਹੋਈ । ਇਤਿਹਾਸ ਗਵਾਹ ਹੈ ਕਿ ਜਦੋਂ ੧੯ਵੀਂ ਸਦੀ ਦੇ ਅੰਤ ਤੱਕ ਸਿੱਖ ਸਿਧਾਂਤ ਉਤੇ ਹਮਲੇ ਇੰਨੇ ਵੱਧ ਗਏ ਤਾਂ ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਅਤੇ ਹੋਰ ਪੰਥ ਦੇ ਵਿਦਵਾਨਾਂ ਨੇ ਸਿੱਖੀ ਤੇ ਹੋ ਰਹੇ ਹਮਲਿਆਂ ਦਾ ਮੂੰਹ ਤੋੜਿਆ ਤੇ ਸਿੱਖ ਧਰਮ ਦੇ ਇਕ ਆਜ਼ਾਦ ਧਰਮ ਹੋਣ ਦੀ ਵਕਾਲਤ ਕੀਤੀ । ਪੰਥ ਰਤਨ ਭਾਈ ਕਾਹਨ ਸਿੰਘ ਨਾਭਾ ਨੂੰ ‘ਹਮ ਹਿੰਦੂ ਨਹੀਂ’ ਜਿਹਾ ਇਤਿਹਾਸਕ ਦਸਤਾਵੇਜ਼ ਬਣਾਉਣਾ ਪਿਆ । ਦੁਨੀਆਂ ਵਿੱਚ ਦੋ ਹੀ ਮਾਪ ਦੰਡ ਹਨ ਵਕਤ ਦੀ ਗਿਣਤੀ ਦੇ, ਇਕ ਸੂਰਜ ਦੀ ਗਰਦਿਸ਼ ਤੇ ਦੂਸਰਾ ਚੰਦਰਮਾ ਦੀ । ਜੋ ਚੰਦਰਮਾ ਪੱਖੀ ਦੋ ਅੰਗ ਹਨ ਉਨ੍ਹਾਂ ਨੂੰ ਸੁਦੀ ਵਦੀ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਸੁਦੀਆਂ, ਵਦੀਆਂ ਦਾ ਗੁਰਬਾਣੀ ਵਿੱਚ ਤਿਆਗ ਹੀ ਨਹੀਂ ਸਗੋਂ ਖੰਡਨ ਵੀ ਕੀਤਾ ਗਿਆ ਹੈ । ਸਰਦਾਰ ਪਾਲ ਸਿੰਘ ਪੁਰੇਵਾਲ ਨੇ ਅਣਥਕ ਮਿਹਨਤ ਪੂਰੀ ਅਤੇ ਤਨ ਦੇਹੀ ਨਾਲ ਗੁਰੂ ਨਾਨਕ ਨਾਮ ਲੇਵਾ ਵਾਸਤੇ ਆਪਣਾ ਕੈਲੰਡਰ ਦੇ ਕੇ ਕੌਮ ਉਤੇ ਜੋ ਅਹਿਸਾਨ ਕੀਤਾ ਹੈ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ ਆਉਣ ਵਾਲੀਆਂ ਨਸਲਾਂ ਇਸ ਨੂੰ ਯਾਦ ਕਰਨਗੀਆਂ । ਹੁਣ ਜੋ ਵਿਚਾਰਨ ਵਾਲੀ ਗੱਲ ਇਹ ਹੈ ਕਿ ਇਸ ਦੀ ਮੁਖ਼ਾਲਫ਼ਤ ਕਿਉਂ ਤੇ ਕਿਸ ਨੇ ਸ਼ੁਰੂ ਕੀਤੀ ਜਿਸ ਨੇ ਭੀ ਕੀਤੀ ਪੰਥ ਹਿਤੈਸ਼ੀ ਨਹੀਂ ਹੋ ਸਕਦਾ । ਸਿੱਖ ਸਮਾਜ ਵਿੱਚ ਇਕ ਹੋਰ ਸਮਾਜ ਪੈਦਾ ਕੀਤਾ ਗਿਆ–“ਸੰਤ ਸਮਾਜ”। ਇਸ ਦੀ ਰਚਨਾ ਵੱਲ ਧਿਆਨ ਦਿਓ ਇਹ ੧੯੯੯ ਵਿੱਚ ਘੜਿਆ ਗਿਆ ਅਕਾਲੀ ਦਲ ਨੂੰ ਫਾੜਨ ਲਈ (੧੯੯੯ ਵਿੱਚ ਕੀ ਹੋਇਆ ਕੀ ਨਹੀਂ ਇਹ ਇਕ ਵੱਖਰਾ ਪਰ ਬਹੁਤ ਨਾਜ਼ੁਕ ਅਤੇ ਮਹੱਤਵਪੂਰਨ ਵਿਸ਼ਾ ਹੈ)।
ਜੋ ਇਹ ਨਵਾਂ ਸਮਾਜ ਧਾਪਿਆ ਗਿਆ ਇਸ ਦੇ ਮੈਂਬਰ ਕੋਈ ਵੀ ਪੰਥਕ ਰਹਿਤ ਮਰਿਯਾਦਾ ਨਹੀਂ ਮੰਨਦੇ ਸਭ ਦੀ ਆਪੋ ਆਪਣੀ ਮਰਿਯਾਦਾ ਹੈ ਜਿਸ ਕਾਰਨ ਸਿੱਖ ਸਮਾਜ ਵੰਡਿਆ ਜਾ ਰਿਹਾ ਹੈ । ਸਰਕਾਰਾਂ ਹਮੇਸ਼ਾ ਹੀ ਸਮਾਜ ਵੰਡ ਕੇ ਰਾਜ ਕਰਦੀਆਂ ਹਨ । ਕਿਸੇ ਦਾ ਦਾੜ੍ਹਾ ਪ੍ਰਕਾਸ਼ ਕੀਤਾ ਹੋਵੇ, ਗਲੇ ਵਿੱਚ ਕ੍ਰਿਪਾਨ ਹੋਵੇ, ਉਸ ਨੂੰ ਪੁੱਛੋ ਭਾਈ ਸਿੰਘਾਂ ਅੰਮ੍ਰਿਤ ਕਿੱਥੋਂ ਪਾਨ ਕੀਤਾ ਹੈ ਤਾਂ ਆਮ ਜਵਾਬ ਮਿਲੇਗਾ, “ਮੈਂ ਫਲਾਣੇ ਸਾਧ ਤੋਂ ਅੰਮ੍ਰਿਤ ਛਕਿਆ ਹੈ, ਨਾਮ ਲਿਆ ਹੈ । ਹੁਣ ਮੈਂ ਮਾਸ ਅੰਡਾ ਨਹੀਂ ਖਾਂਦਾ । ਨਾਮ ਲੈਣਾ ਦੇਣਾ ਸਿੱਖ ਧਰਮ ਵਿੱਚ ਵਰਜਿਤ ਹੈ । ਮਾਸ ਖਾਣਾ ਜਾਂ ਨਾ ਖਾਣਾ ਇਸ ਦਾ ਸਬੰਧ ਸਿੱਖ ਧਰਮ ਨਾਲ ਨਹੀਂ ਹੈ, ਭਾਵੇਂ ਖਾਵੋ ਜਾਂ ਨਾ ਖਾਵੋ, ਆਪਣੇ ਮਨ ਜਾਂ ਸਿਹਤ ਮੁਤਾਬਕ । ਪੰਥ ਪ੍ਰਵਾਨਿਤ ‘ਸਿੱਖ ਰਹਿਤ ਮਰਿਯਾਦਾ’ ਵਿੱਚ ਦਰਜ਼ ਚਾਰ ਕੁਰਹਿਤਾਂ ਵਿੱਚ ਸਿਰਫ ‘ਕੁੱਠਾ’ ਖਾਣ ਦੀ ਮਨਾਹੀ ਹੈ । ਇਕ ਡੇਰਾ ਉਹ ਭੀ ਹੈ ਜੋ ਕਿਸੇ ਹੋਰ ਦੇ ਹੱਥ ਦਾ ਬਣਾਇਆ ਕੜਾਹ ਪ੍ਰਸ਼ਾਦ ਹੀ ਨਹੀਂ ਲੈਂਦੇ । ਇਕ ਹੋਰ ਡੇਰਾ ਹੈ ਜੋ ਅਰਦਾਸ ਬਦਲ ਕੇ “ਪੰਜ ਪਿਆਰਿਆਂ ਚਾਰ ਸਾਹਿਬਜ਼ਾਦਿਆਂ” ਦੀ ਬਜਾਏ “ਚਾਰ ਸਾਹਿਬਜ਼ਾਦਿਆਂ ਅਤੇ ਪੰਜ ਪਿਆਰਿਆਂ” ਦੀ ਤਰਤੀਬ ਦੇਂਦੇ ਹਨ, ਜੋ ਸਿੱਖ ਸੰਗਤੀ ਸਿਧਾਂਤ ਦੇ ਬਿਲਕੁਲ ਹੀ ਉਲਟ ਹੈ । ਇੱਥੇ ਇਹ ਵੀ ਗੱਲ ਬੜੇ ਗਹੁ ਨਾਲ ਵਾਚਣ ਵਾਲੀ ਹੈ ਜਿੰਨੇ ਵੀ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਹਨ ਅਤੇ ਬਿਕਰਮੀ ਕੈਲੰਡਰ ਦੇ ਹੱਕ ਵਿੱਚ ਹਨ ਲੋਕ ਜਿਆਦਾਤਰ ਕਿਸੇ ਨਾ ਕਿਸੇ ਡੇਰੇ ਜਾਂ ਸਾਧ ਦੇ ਪ੍ਰਭਾਵ ਵਿੱਚ ਹਨ । ਇਹ ਉਹ ਲੋਕ ਹਨ ਜੋ ਕਰਮਕਾਂਡੀ ਤਰਜ਼ ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ‘ਸੰਕਟ ਮੋਚਨ ਸ਼ਬਦ’, ਵਹਿਮ, ਜਾਂ ਹੋਰ ਸਮਾਜ-ਵਿਰੋਧੀ ਰੀਤਾਂ ਦਾ ਹਵਾਲਾ ਦਿੰਦੇ ਹਨ । ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਪਿਛਲੇ ੫੦੦ ਸਾਲਾਂ ਤੋਂ ਤਾਂ ਸਿੱਖ ਧਰਮ ਨੂੰ ਨਿਵੇਕਲਾ ਧਰਮ ਸਾਬਤ ਕਰਨ ਲਈ ਕਿਸੇ ਨਾਨਕਸ਼ਾਹੀ ਕੈਲੰਡਰ ਜਾਂ ਹੋਰ ਕਿਸੇ ਤਰ੍ਹਾਂ ਦੀ ਲੋੜ ਨਹੀਂ ਪਈ ਤੇ ਹੁਣ ਕਿਉਂ । ਇਸ ਦਾ ਬੜਾ ਸਿੱਧਾ ਤੇ ਸਪਸ਼ਟ ਉੱਤਰ ਹੈ ਭਾਈ ਪਹਿਲਾਂ ਕਦੀ ਸਿੱਖੀ ਸਿਧਾਂਤ ਉਤੇ ਹਮਲਾ ਨਹੀਂ ਹੋਇਆ ਸਿਰਫ ਸਿੱਖਾਂ ਦੇ ਹਮਲੇ ਹੋਏ ਹਨ। ਅੱਜ ਸਿੱਖ ਸਿਧਾਂਤ ਤੇ ਸਿੱਧੇ ਅਸਿੱਧੇ ਹਮਲੇ ਹੋ ਰਹੇ ਹਨ ਤੇ ਸਿੱਖ ਕੌਮ ਲਈ ਬੜੇ ਘਾਤਕ ਸਿੱਧ ਹੋਣਗੇ । ਅੱਜ ਕਿਸੇ ਹੋਰ ਧਰਮ ਦੇ ਅਨੁਯਾਈ ਗੈਰ-ਸਿੱਖਾਂ ਨੂੰ ‘ਸੁੱਧੀ ਕਰਨ’ ਕਰਕੇ ‘ਘਰ ਵਾਪਸੀ’ ਦੇ ਨਾ ਤੇ ਜ਼ਬਰਦਸਤੀ ਸਿੱਖ ਕੌਮ ਦਾ ਹਿੱਸਾ ਬਣਾ ਰਹੇ ਹਨ ਜਦਕਿ ਘਰ-ਵਾਪਸੀ ਜਾਂ ‘ਸ਼ੁੱਧੀ ਕਰਨ’ ਦਾ ਸਿਧਾਂਤ ਸਿੱਖ ਧਰਮ ਵਿੱਚ ਨਹੀਂ ਹੈ । ਕਿਸੇ ਨੂੰ ਘਰੋਂ ਬੁਲਾ ਕੇ ਸਿੱਖ ਨਹੀਂ ਬਣਾਇਆ ਜਾ ਸਕਦਾ । ਗੈਰ-ਸਿੱਖਾਂ ਦੀਆਂ ਲਿਖਤਾਂ ਨੂੰ ਆਧਾਰ ਬਣਾ ਕੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।
ਅੰਤ ਵਿੱਚ ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ ਕਿ ਅਜੇ ੧੦੦ ਸਾਲ ਦਾ ਸਮਾਂ ਵੀ ਨਹੀਂ ਹੋਇਆ ਸਿੱਖਾਂ ਨੇ ਮਹੰਤਾਂ ਦੇ ਕਬਜ਼ੇ ਵਿੱਚ ਕੁਰਬਾਨੀਆਂ ਦੇ ਗੁਰਦੁਆਰੇ ਪੰਥ ਦੇ ਹਵਾਲੇ ਕੀਤੇ। ਪੰਥ ਨੇ ਸ੍ਰੀ ਅਕਾਲ ਤਖਤ ਦੇ ਅਧੀਨ ਇਨ੍ਹਾਂ ਗੁਰਧਾਮਾਂ ਦੀ ਸਾਂਭ-ਸੰਭਾਲ ਲਈ ਐਸ ਜੀ ਪੀ ਸੀ ਦਾ ਗਠਨ ਕੀਤਾ। ਐਸ ਜੀ ਪੀ ਸੀ ਨੇ ਸਿੱਖਾਂ ਦੇ ਰਾਜਨੀਤਕ ਹਿੱਤਾਂ ਦੀ ਰਾਖੀ ਕਰਨ ਲਈ ਅਕਾਲੀ ਦਲ, ਸਿੱਖ ਸਿਆਸੀ ਜਮਾਤ ਨੂੰ ਹੋਂਦ ਵਿੱਚ ਲਿਆਂਦਾ। ਬਦਕਿਸਮਤੀ ਨਾਲ ਇਉਂ ਜਾਪਦਾ ਹੈ ਕਿ ਇਹ ਜੋ ਗੁਰਦੁਆਰੇ ਜੋ ਮਹੰਤਾਂ ਤੋਂ ਆਜ਼ਾਦ ਕਰਵਾਏ ਸਨ ਮੁੜ ਸਾਧਾਂ ਅਤੇ ਡੇਰਿਆਂ ਨੂੰ ਸੰਭਾਲੇ ਜਾ ਰਹੇ ਹਨ ਜੋ ਪੰਥ ਦੀ ਏਕਤਾ ਲਈ ਖਤਰਨਾਕ ਹੈ।
ਹੁਣ ਅਕਾਲੀ ਦਲ ਦਾ ਇਹ ਫਰਜ਼ ਬਣ ਗਿਆ ਸੀ ਕਿ ਸਿੱਖ ਕੌਮ ਦੇ ਹਿੱਤਾਂ ਦੀ ਰਾਖੀ ਕਰੇ । ਪਰ ਇਹ ਸਿੱਖ ਸਿਆਸੀ ਜਮਾਤ ਨੇ ਆਪਣੇ ਆਪ ਨੂੰ ਹਾਲਾਤ ਦੇ ਮੁਤਾਬਿਕ ਪੰਜਾਬੀ ਪਾਰਟੀ ਘੋਸ਼ਿਤ ਕਰ ਲਿਆ ਹੈ ਕਿਉਂਕਿ ਕੋਈ ਵੀ ਘੱਟ-ਗਿਣਤੀ ਧਾਰਮਿਕ ਸਿਆਸਤ ਨਹੀਂ ਕਰ ਸਕਦੀ । ਅੱਜ ਹਾਲਾਤ ਇਹ ਹੋ ਗਏ ਹਨ ਕਿ ਬਜਾਏ ਇਸ ਦੇ ਕਿ ਐਸ ਜੀ ਪੀ ਸੀ ਜਾਂ ਅਕਾਲ ਤਖਤ ਸਾਹਿਬ ਅਕਾਲੀ ਦਲ ਨੂੰ ਸੇਧ ਦੇਣ, ਅਕਾਲੀ ਦਲ ਨੇ ਹੀ ਐਸ ਜੀ ਪੀ ਸੀ ਅਤੇ ਸ੍ਰੀ ਅਕਾਲ ਤਖਤ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ ਜੋ ਸਮੁੱਚੇ ਸਿੱਖ ਜਗਤ ਦੇ ਹਿੱਤ ਵਿੱਚ ਨਹੀਂ । ਅੱਜ ਦੇ ਬਦਲੇ ਹਾਲਾਤ ਵਿੱਚ ਪੰਥ ਲਈ ਲਾਜ਼ਮੀ ਹੈ ਕਿ ਐਸ ਜੀ ਪੀ ਸੀ ਨੂੰ ਸਿਆਸਤ ਰਹਿਤ ਕੀਤਾ ਜਾਏ ਅਤੇ ਐਸ ਜੀ ਪੀ ਸੀ ਸਿਰਫ ਧਰਮ ਪ੍ਰਚਾਰ ਅਤੇ ਗੁਰਧਾਮਾਂ ਦੀ ਸਾਂਭ ਸੰਭਾਲ ਦੀ ਆਪਣੀ ਜਿੰਮੇਵਾਰੀ ਮੁਸ਼ਤੈਦੀ ਨਾਲ ਨਿਭਾਵੇ । ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਸਿੱਖ ਪੰਥ ਦੇ ਹਿੱਤ ਵਿੱਚ ਲਏ ਗਏ ਫੈਸਲਿਆਂ ਵਿੱਚ ਕਿਸੇ ਵਰਗ ਜਾਂ ਪਾਰਟੀ ਦਾ ਪ੍ਰਭਾਵ ਨਹੀਂ ਝਲਕਣਾ ਚਾਹੀਦਾ । ਸਿੱਖ ਧਾਰਮਿਕ ਅਤੇ ਸਿਆਸੀ ਆਗੂਆਂ ਨੂੰ ਵੀ ਬੇਨਤੀ ਹੈ ਕਿ ਸੰਸਾਰ ਵਿੱਚ ਸਿੱਖਾਂ ਦੀ ਸਥਿਤੀ ਹਾਸੋਹੀਣੀ ਨਾ ਬਨਾਉਣ ।




.