.

ਮਾਨਵਵਾਦ ਦੀ ਕਰਾਂਤੀਕਾਰੀ ਲਹਿਰ: ਸਿੱਖੀ

ਸਿੱਖੀ ਬਾਰੇ ਗੱਲ ਕਰਦਿਆਂ ਜੋ ਤਿੰਨ ਸ਼ਬਦ ਸਾਹਮਣੇ ਆਉਂਦੇ ਹਨ ਉਹ ਹਨ ‘ਸਿਖ’, ‘ਸਿੱਖੀ’ ਅਤੇ ‘ਧਰਮ’ ਕਿਉਂਕਿ ਸਿੱਖੀ ਨੂੰ ‘ਸਿਖ ਧਰਮ’ ਦਾ ਨਾਮ ਵੀ ਦਿੱਤਾ ਜਾਂਦਾ ਹੈ। ਸਮਾਜਕ ਪੱਧਰ ਤੇ ਸ਼ਬਦ ‘ਸਿਖ’ ਉਸ ਵਰਗ ਦੇ ਲੋਕਾਂ ਲਈ ਵਰਤੋਂ ਵਿੱਚ ਆਉਂਦਾ ਹੈ ਜੋ ਆਪਣੇ-ਆਪ ਨੂੰ ‘ਸਿੱਖੀ’ ਜਾਂ ‘ਸਿਖ ਧਰਮ’ ਦੇ ਪੈਰੋਕਾਰ ਹੋਣ ਦਾ ਦਾਵਾ ਕਰਦੇ ਹਨ। ਅਜਿਹੇ ਪੈਰੋਕਾਰਾਂ ਲਈ ‘ਸਿਖ’ ਸ਼ਬਦ ਦੀ ਵਰਤੋਂ ਕਦੋਂ ਕੁ ਸ਼ੁਰੂ ਹੋਈ ਇਸ ਬਾਰੇ ਕੁੱਝ ਨਿਸਚਤ ਨਹੀਂ।

ਗੁਰੂ ਸਾਹਿਬਾਨ ਦੇ ਵੇਲੇ ਉਹਨਾਂ ਦੇ ਪੈਰੋਕਾਰਾਂ ਨੂੰ ਆਪਸ ਵਿੱਚ ਪਹਿਲਾਂ ‘ਗੁਰਮੁਖ’ ਕਹਿ ਕੇ ਬੁਲਾਇਆ ਜਾਂਦਾ ਸੀ ( ‘ਗੁਰਮੁਖ’ ਦਾ ਅਰਥ ਇੱਕ ਪ੍ਰਭੂ ਉੱਤੇ ਵਿਸ਼ਵਾਸ ਰੱਖਣ ਵਾਸਤੇ ਸੀ) ਅਤੇ ਦੂਸਰੇ ਵਰਗਾਂ ਦੇ ਲੋਕ ਉਹਨਾਂ ਨੂੰ ‘ਨਾਨਕਪ੍ਰਸਤ’ ਜਾਂ ‘ਨਾਨਕ-ਪੰਥੀ’ ਕਹਿ ਕੇ ਬੁਲਾਉਂਦੇ ਸਨ। ਗੁਰੂ ਗੋਬਿੰਦ ਸਿੰਘ ਨੇ ਇਹਨਾਂ ਲਈ ‘ਖਾਲਸਾ’ ਸ਼ਬਦ ਵੀ ਵਰਤਣਾ ਸ਼ੁਰੂ ਕਰ ਦਿੱਤਾ ਜੋ ਫਾਰਸੀ ਦੇ ਸ਼ਬਦ ‘ਖਾਲਿਸ’ (ਸ਼ੁਧ) ਭਾਵ ‘ਨਾਨਕ-ਪੰਥ’ ਨੂੰ ਪੂਰੀ ਤਰ੍ਹਾਂ ਸਮਰਪਿਤ ਰਹਿਣ ਵਾਲੇ ਪੈਰੋਕਾਰਾਂ ਲਈ ਵਿਸ਼ੇਸ਼ ਤੌਰ ਤੇ ਵਰਤੋਂ ਵਿੱਚ ਲਿਆਂਦਾ ਗਿਆ ਸੀ। ਇਹ ਬਹੁਤ ਪਿੱਛੋਂ ਜਾਕੇ ਹੋਇਆ ਹੈ ਕਿ ‘ਸਿਖ’ ਸ਼ਬਦ ਦੀ ਵਰਤੋ ਕਿਸੇ ਵਿਸ਼ੇਸ਼ ਸਮਾਜਕ ਫਿਰਕੇ ਦੇ ਮੈਂਬਰਾਂ ਵਾਸਤੇ ਪਰਚਲਤ ਹੋਈ ਹੈ। ਘਟੋ-ਘਟ ਇਸ ਸ਼ਬਦ ਦਾ ਇਸ ਮਕਸਦ ਲਈ ਪਰਯੋਗ ਗੁਰੂ ਸਾਹਿਬਾਨ ਦੇ ਵੇਲੇ ਨਹੀਂ ਹੋਇਆ। ਗੁਰਬਾਣੀ ਵਿੱਚ ‘ਸਿਖ’ ਸ਼ਬਦ ਦੀ ਵਰਤੋਂ ਕੀਤੀ ਹੋਈ ਜ਼ਰੂਰ ਮਿਲਦੀ ਹੈ ਪਰੰਤੂ ਇਹ ਵਰਤੋਂ ਕਿਸੇ ਫਿਰਕੇ-ਵਿਸ਼ੇਸ਼ ਦੇ ਸੰਦਰਭ ਵਿੱਚ ਨਹੀਂ ਸਗੋਂ ਮਨੁੱਖ ਦੇ ਆਮ ਵਰਤਾਰੇ ਦੇ ਸੰਦਰਭ ਵਿੱਚ ਹੋਈ ਹੈ ਜਿਵੇਂ ਕਿ

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥

ਆਪਣੈ ਭਾਣੈ ਜੋ ਚਲੇ ਭਾਈ ਵਿਛੁੜਿ ਚੋਟਾ ਖਾਵੈ॥ (ਪਵਿੱਤਰ ਗ੍ਰੰਥ: ਪੰਨਾ 601)

ਸ਼ਬਦ ‘ਧਰਮ’ ਬਾਰੇ ਵਿਚਾਰ ਕਰਦਿਆਂ ਬੜੀ ਦਿਲਚਸਪ ਸਥਿਤੀ ਪੈਦਾ ਹੋ ਜਾਂਦੀ ਹੈ। ਲਗ-ਭਗ ਹਰੇਕ ਭਾਸ਼ਾ ਵਿੱਚ ਕੁੱਝ ਅਜਿਹੇ ਸ਼ਬਦ ਮਿਲ ਜਾਣਗੇ ਜਿਹਨਾਂ ਦੇ ਅਰਥ ਇੱਕ ਤੋਂ ਵੱਧ ਨਿਕਲਦੇ ਹੋਣ। ਭਾਸ਼ਾ-ਵਿਗਿਆਨਕ ਪੱਖੋਂ ਇਸ ਸਥਿਤੀ ਨੂੰ ਇੰਜ ਦਰਸਾਇਆ ਜਾ ਸਕਦਾ ਹੈ ਕਿ ਕਿਸੇ ਭਾਸ਼ਾ-ਵਿਸ਼ੇਸ਼ ਵਿੱਚ ਇੱਕੋ ਹੀ ਸ਼ਬਦ-ਜੋੜ (spellings) ਵਾਲੇ ਜਾਂ ਇੱਕੋ ਹੀ ਉਚਾਰਨ ਵਾਲੇ ਇੱਕ ਤੋਂ ਵੱਧ ਸ਼ਬਦ ਹੋ ਸਕਦੇ ਹਨ। ਉਦਾਹਰਨ ਵਜੋਂ ਅਸੀਂ ਅੰਗਰੇਜ਼ੀ ਦਾ ਸ਼ਬਦ-ਜੋੜ bear ਲੈਂਦੇ ਹਾਂ ਜਿਸ ਦੇ ਘਟੋ-ਘਟ ਚਾਰ ਭਿੰਨ ਅਰਥ ਮੌਜੂਦ ਹਨ: ‘ਸਹਿਣ ਕਰਨਾ’, ‘ਲੈਕੇ ਜਾਣਾ’, ‘ਜਨਮ ਦੇਣਾ’ ਅਤੇ ‘ਰਿੱਛ’ (ਉਚਾਰਨ ਪੱਖੋਂ beer ਨੂੰ ਵੀ ਨਾਲ ਜੋੜਿਆ ਜਾ ਸਕਦਾ ਹੈ)। ਇੱਸੇ ਤਰ੍ਹਾਂ ਪੰਜਾਬੀ ਭਾਸ਼ਾ ਸਮੇਤ ਭਾਰਤੀ ਭਾਸ਼ਾਵਾਂ ਵਿੱਚ ਸ਼ਬਦ-ਜੋੜ ‘ਧਰਮ’ ਦੇ ਦੋ ਵੱਖ-ਵੱਖ ਅਰਥ ਨਿਕਲਦੇ ਹਨ।

ਸ਼ਬਦ ‘ਧਰਮ’ ਦਾ ਇੱਕ ਅਰਥ ਅੰਗਰੇਜ਼ੀ ਦੇ ਸ਼ਬਦ ‘ਰਿਲੀਜਨ’ (religion) ਵਾਲਾ ਨਿਕਲਦਾ ਹੈ। ਇਹਨਾਂ ਅਰਥਾਂ ਵਿੱਚ ਇਸ ਸ਼ਬਦ ਦਾ ਭਾਵ ਕਿਸੇ ਵਿਸ਼ੇਸ਼ ਮਨੁੱਖੀ ਜਨ-ਸਮੂਹ (ਫਿਰਕੇ) ਵੱਲੋਂ ਮਾਨਤਾ ਪਰਾਪਤ ਸਾਂਝੇ ਵਿਸ਼ਵਾਸਾਂ ਅਤੇ ਉਹਨਾਂ ਨਾਲ ਸਬੰਧਤ ਸਾਂਝੇ ਕਰਮ-ਕਾਂਡਾਂ ਦੇ ਸਮੁੱਚ ਤੋਂ ਹੈ। ਇਸ ਭਾਵ ਵਾਲਾ ‘ਧਰਮ’ ਨਿਸਚੇ ਹੀ ਇੱਕ ਸਮੂਹਿਕ ਵਰਤਾਰਾ ਹੁੰਦਾ ਹੈ ਜਿਸ ਦੇ ਹੇਠਾਂ ਦਿੱਤੇ ਪਹਿਲੂ ਨਜ਼ਰੀਂ ਪੈਂਦੇ ਹਨ:

1. ਕੋਈ ਵਿਸ਼ੇਸ਼ ਜਨ-ਸਮੂਹ (ਮਨੁੱਖੀ ਤਬਕਾ) ਜਿਸ ਦੇ ਧਰਮ ਦੀ ਗੱਲ ਹੋ ਰਹੀ ਹੈ।

2. ਇਸ ਜਨ-ਸਮੂਹ ਦੇ ਸਾਂਝੇ ਵਿਸ਼ਵਾਸ।

3. ਇਸ ਜਨ-ਸਮੂਹ ਦੇ ਸਾਂਝੇ ਵਿਸ਼ਵਾਸਾਂ ਅਤੇ ਸਬੰਧਤ ਕਾਰ-ਵਿਹਾਰ ਦਾ ਬਾਨੀ ਅਵਤਾਰ।

4. ਇਸ ਜਨ-ਸਮੂਹ ਵਿੱਚ ਦੈਵੀ ਸ਼ਕਤੀ/ਸ਼ਕਤੀਆਂ ਦੀ ਮਾਨਤਾ।

5. ਇਸ ਜਨ-ਸਮੂਹ ਵਿੱਚ ਮਾਨਤਾ-ਪਰਾਪਤ ਦੈਵੀ ਸ਼ਕਤੀ/ਸ਼ਕਤੀਆਂ ਦਾ ਮਨੁੱਖੀ ਜੀਵਾਂ ਨਾਲ ਸਰੋਕਾਰ।

6. ਇਸ ਜਨ-ਸਮੂਹ ਵਿੱਚ ਮਾਨਤਾ-ਪਰਾਪਤ ਦੈਵੀ ਸ਼ਕਤੀ/ਸ਼ਕਤੀਆਂ ਦਾ ਬ੍ਰਹਿਮੰਡ ਨਾਲ ਸਰੋਕਾਰ।

7. ਇਸ ਜਨ-ਸਮੂਹ ਵਿੱਚ ਪਰਚਲਤ ਵਿਸ਼ੇਸ਼ ਪੂਜਾ ਵਿਧੀ ਅਤੇ ਰਹੁ-ਰੀਤਾਂ।

8. ਇਸ ਜਨ-ਸਮੂਹ ਵਿੱਚ ਪਰਚਲਤ ਵਿਸ਼ੇਸ਼ ਅਰਦਾਸ ਵਿਧੀ

9. ਇਸ ਜਨ-ਸਮੂਹ ਦੇ ਵਿਸ਼ੇਸ਼ ਧਾਰਮਿਕ ਗ੍ਰੰਥ

10. ਇਸ ਜਨ-ਸਮੂਹ ਦਾ ਵਿਸ਼ੇਸ਼ ਪੌਰਾਣਿਕ ਸਾਹਿਤ (ਲਿਖਤੀ ਜਾਂ ਮੌਖਿਕ)

11. ਇਸ ਜਨ-ਸਮੂਹ ਨਾਲ ਸਬੰਧਤ ਸਾਂਝਾ ਇਤਹਾਸ ਅਤੇ ਫੁਟਕਲ ਲਿਖਤਾਂ

12. ਇਸ ਜਨ-ਸਮੂਹ ਵਿੱਚ ਪਰਚਲਤ ਪਵਿੱਤਰਤਾ ਅਤੇ ਅਪਵਿੱਤਰਤਾ ਦਾ ਸੰਕਲਪ।

13. ਇਸ ਜਨ-ਸਮੂਹ ਦੀਆਂ ਮਾਨਤਾ-ਪਰਾਪਤ ਨੈਤਿਕ ਧਾਰਨਾਵਾਂ।

14. ਇਸ ਜਨ-ਸਮੂਹ ਦੇ ਲੋਕਾਂ ਲਈ ਨਿਰਧਾਰਤ ਵਿਸ਼ੇਸ਼ ਸਰੀਰਕ ਦਿੱਖ।

ਸਾਰੇ ਸੰਸਾਰ ਵਿੱਚ ਲਗ-ਭਗ ਚਾਰ ਹਜ਼ਾਰ ਅਜਿਹੇ ਸਮੂਹਿਕ ‘ਧਰਮ’ ਹਨ ਜਿਹਨਾਂ ਵਿੱਚੋਂ, ਹਰੇਕ ਧਰਮ ਦੇ ਪੈਰੋਕਾਰਾਂ ਦੀ ਗਿਣਤੀ ਦੇ ਹਿਸਾਬ ਨਾਲ ਇਸਾਈ ਧਰਮ, ਇਸਲਾਮ, ਬੁੱਧ ਧਰਮ, ਜੈਨ ਧਰਮ, ਸਿਖ ਧਰਮ ਅਤੇ ਯਹੂਦੀ ਧਰਮ ਪਰਮੁੱਖ ਸਮਝੇ ਜਾਂਦੇ ਹਨ। ਸੰਸਾਰ ਦੀ ਕੁੱਲ ਅਬਾਦੀ ਵਿੱਚੋਂ 30% ਲੋਕ ਕਿਸੇ ਅਜਿਹੇ ਧਰਮ ਨੂੰ ਨਹੀਂ ਮੰਨਦੇ ਅਤੇ ਇਹਨਾਂ ਵਿੱਚੋਂ ਅੱਧੇ ਤਾਂ ਉਂਜ ਹੀ ਨਾਸਤਿਕ (ਰੱਬ ਅਤੇ ਹੋਰ ਦੈਵੀ ਸ਼ਕਤੀਆਂ ਦੀ ਹੋਂਦ ਤੋਂ ਇਨਕਾਰੀ) ਹਨ। ਇਸ ਸਥਿਤੀ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਅਜਿਹਾ ਸਮੂਹਿਕ ਧਰਮ ਮਨੁੱਖ ਦੀਆਂ ਬੁਨਿਆਦੀ ਜ਼ਰੂਰਤਾਂ ਵਿੱਚ ਸ਼ਾਮਲ ਨਹੀਂ।

ਉੱਪਰ ਦਰਸਾਏ ਸਮੂਹਿਕ ਧਰਮ ਲਈ ਉੱਚਿਤ ਸ਼ਬਦ ‘ਸੰਸਥਾਗਤ’ (organized or institutionalized) ਧਰਮ ਬਣਦਾ ਹੈ ਕਿਉਂਕਿ ਅੰਗਰੇਜ਼ੀ ਦੇ ਸ਼ਬਦ ‘ਰਿਲੀਜਨ’ ਦਾ ਭਾਰਤੀ ਭਾਸ਼ਾਵਾਂ ਵਿੱਚ ਪਰਿਆਇਵਾਚੀ ਇੱਕੋ-ਇਕ ਸ਼ਬਦ ਉਪਲਭਦ ਨਹੀਂ। ‘ਸੰਸਥਾਗਤ ਧਰਮਾਂ’ ਸਬੰਧੀ ਇਹ ਗੱਲ਼ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ਇਹਨਾਂ ਵਿੱਚੋਂ ਕੋਈ ਕਦੀ ਵੀ ਨਿਵੇਕਲਾ ਜਾਂ ਨਿਆਰਾ ਨਹੀਂ ਹੁੰਦਾ ਬਲਕਿ ਇਹਨਾਂ ਸਭਨਾਂ ਨੇ ਇੱਕ ਦੂਜੇ ਦੇ ਸਮਾਨੰਤਰ ਆਪਣੇ-ਅਪਣੇ ਢੰਗ ਨਾਲ ਉੱਪਰ ਦਿੱਤੇ ਪੱਖ ਅਪਣਾਏ ਹੁੰਦੇ ਹਨ। ਇਹ ਗੱਲ ਸੰਸਥਾਗਤ ਰੂਪ ਵਾਲੇ ‘ਸਿਖ ਧਰਮ’ ਤੇ ਵੀ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ।

ਭਾਰਤੀ ਭਾਸ਼ਾਵਾਂ ਵਿੱਚ ਸ਼ਬਦ ‘ਧਰਮ’ ਦੇ ਦੂਸਰੇ ਅਰਥ ਹਨ ਸੁਚੱਜੀ ਅਤੇ ਨੈਤਿਕਤਾ-ਅਧਾਰਿਤ ਜੀਵਨ-ਜਾਚ ਦੇ ਸਿਧਾਂਤ। ਉਦਾਹਰਨ ਦੇ ਤੌਰ ਤੇ ਕੋਈ ਵਿਅਕਤੀ ਕਹਿ ਸਕਦਾ ਹੈ ਕਿ ‘ਸੱਚ ਬੋਲਣਾ’ ਹੀ ਮੇਰਾ ਧਰਮ ਹੈ, ਕੋਈ ਦੂਸਰਾ ਵਿਅਕਤੀ ਕਹਿ ਸਕਦਾ ਹੈ ਕਿ ‘ਦੁਖੀ ਇਨਸਾਨਾਂ ਦੀ ਸੇਵਾ ਕਰਨਾ’ ਹੀ ਮੇਰਾ ਧਰਮ ਹੈ ਅਤੇ ਕੋਈ ਤੀਸਰਾ ਵਿਅਕਤੀ ਕਹਿ ਸਕਦਾ ਹੈ ਕਿ ‘ਮਨੁੱਖੀ ਹੱਕਾਂ ਲਈ ਜੂਝਣਾ’ ਹੀ ਮੇਰਾ ਧਰਮ ਹੈ। ਜ਼ਰੂਰੀ ਨਹੀਂ ਕਿਸੇ ਨੈਤਿਕ ਸਿਧਾਂਤ ਨੂੰ ਮੰਨਣ ਵਾਲੇ ਅਜਿਹੇ ਵਿਅਕਤੀ ਆਸਤਿਕ ਵੀ ਹੋਣ ਜਾਂ ਉਹ ਇਸਾਈ, ਹਿੰਦੂ, ਬੁੱਧ, ਯਹੂਦੀ, ਸਿਖ ਜਾਂ ਇਸਲਾਮ ਆਦਿਕ ਸੰਸਥਾਗਤ ਧਰਮਾਂ ਵਿੱਚੋਂ ਕਿਸੇ ਇੱਕ ਨਾਲ ਸਬੰਧ ਰੱਖਦੇ ਹੋਣ।

ਜੇਕਰ ਗਹੁ ਨਾਲ ਪੜਚੋਲ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਗੁਰੂ ਨਾਨਕ ਨੇ ਆਪਣੀ ਲਹਿਰ ਦੀ ਮੁੱਢਲੀ ਧਾਰਨਾ (concept) ਨੂੰ ‘ਧਰਮ’ ਦੇ ਉੱਪਰ ਦਿੱਤੇ ਪਹਿਲੀ ਕਿਸਮ ਦੇ ਅਰਥਾਂ ਉੱਤੇ ਅਧਾਰਿਤ ਨਹੀਂ ਕੀਤਾ ਸੀ। ਭਾਵ ਉਹਨਾਂ ਨੇ ਹਿੰਦੂ-ਮੱਤ, ਇਸਲਾਮ, ਬੁੱਧ ਧਰਮ, ਜੈਨ-ਮੱਤ ਆਦਿਕ ਦੇ ਮੁਕਾਬਲੇ ਤੇ ਕੋਈ ਨਵਾਂ ਸੰਸਥਾਗਤ ਸਥਾਪਤ ਨਹੀਂ ਕੀਤਾ ਸੀ ਨਾ ਹੀ ਬਾਕੀ ਗੁਰੂ ਸਾਹਿਬਾਨ ਵਿੱਚੋਂ ਕਿਸੇ ਨੇ ਉਹਨਾਂ ਵੱਲੋਂ ਚਲਾਈ ਲਹਿਰ ਨੂੰ ਅਜਿਹਾ ਰੂਪ ਦਿੱਤਾ ਸੀ। ਇਹ ਇੱਕ ਅਜਿਹੀ ਮੌਲਿਕ ਲਹਿਰ ਸੀ ਜਿਸ ਵਰਗੀ ਸੰਸਾਰ ਭਰ ਵਿੱਚ ਨਾ ਉਹਨਾਂ ਤੋਂ ਪਹਿਲਾਂ ਕਿਸੇ ਨੇ ਚਲਾਈ ਸੀ ਅਤੇ ਨਾ ਹੀ ਬਾਦ ਵਿੱਚ ਚਲਾਈ ਗਈ ਹੈ। ਪਰੰਤੂ ਉਨ੍ਹੀਵੀਂ ਸਦੀ ਈਸਵੀ ਵਿੱਚ ਯੂਰਪ ਦੇ ਕੁੱਝ ਦੇਸ਼ਾਂ ਵਿੱਚ ਇਸ ਲਹਿਰ ਦੇ ਫਲਸਫੇ ਨਾਲ ਮੇਲ ਖਾਂਦੀ ਵਿਚਾਰਧਾਰਾ ਦਾ ਉਥਾਨ ਹੋਇਆ ਜਿਸ ਦਾ ਨਾਮ ‘ਮਾਨਵਵਾਦ’ (‘Humanism’) ਦੇ ਤੌਰ ਤੇ ਪਰਚਲਤ ਹੋਇਆ। ਪਰੰਤੂ ਦੁੱਖ ਦੀ ਗੱਲ ਇਹ ਹੈ ਕਿ ਉੱਧਰ ਇਸ ਵਿਚਾਰਧਾਰਾ ਨੂੰ ਏਸ਼ੀਆ ਵਿੱਚ ਪੰਦਰ੍ਹਵੀਂ ਸਦੀ ਈਸਵੀ ਵਿੱਚ ਚਾਲੂ ਕਰਨ ਵਾਲੇ ਮਹਾਂਪੁਰਸ਼ ਨਾਨਕ ਦੇ ਨਾਮ ਨਾਲ ਨਹੀਂ ਜੋੜਿਆ ਜਾ ਸਕਿਆ। ਅਜਿਹਾ ਸ਼ਾਇਦ ਇਸ ਕਰਕੇ ਵਾਪਰਿਆ ਕਿ ਸਦੀਆਂ ਬੀਤ ਜਾਣ ਤੇ ਵੀ ਗੁਰੂ ਸਾਹਿਬਾਨ ਦੇ ਸ਼ਰਧਾਲੂ ਉਹਨਾਂ ਦੇ ਮਿਸ਼ਨ ਨੂੰ ਸੰਸਾਰ ਪੱਧਰ ਉੱਤੇ ਪਰਚਾਰ ਨਾ ਸਕੇ ਅਤੇ, ਦੂਸਰੇ ਪਾਸੇ, ਅਠਾਰ੍ਹਵੀਂ ਸਦੀ ਈਸਵੀ ਦੇ ਅੱਧ ਤੋਂ ਲੈ ਕੇ ਸਾਜ਼ਿਸ਼ ਅਧੀਨ ਇਸ ਮਿਸ਼ਨ ਨੂੰ ਇੱਕ ਹਿੰਦੂ ਵੰਨਗੀ ਦੇ ਸੰਸਥਾਗਤ ਧਰਮ ਦੇ ਤੌਰ ਤੇ ਪੇਸ਼ ਕਰਦੇ ਹੋਏ ‘ਸਿੱਖੀ’ ਦਾ ਨਾਮ ਦੇ ਦਿੱਤਾ ਗਿਆ।

ਮਾਨਵਵਾਦ ਇੱਕ ਐਸਾ ਧਰਮ-ਨਿਰਪੇਖ ਫਲਸਫਾ ਹੈ ਜੋ ਕਰਾਮਾਤ ਅਤੇ ਧਾਰਮਿਕ ਹਠਧਰਮੀ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਹੋਇਆਂ ਮਨੁੱਖੀ ਭਲਾਈ ਹਿਤ ਕੇਵਲ ਤਰਕ, ਨੈਤਕਿਤਾ ਅਤੇ ਨਿਆਂ ਦੀ ਵਰਤੋਂ ਤੇ ਬਲ ਦਿੰਦਾ ਹੈ। ਮਾਨਵਵਾਦ ਦੇ ਮਿਸ਼ਨ ਦੇ ਤਿੰਨ ਪ੍ਰਮੁੱਖ ਅੰਗ ਮੰਨੇ ਜਾਂਦੇ ਹਨ: ਮਨੁੱਖੀ ਹਿਤ (human rights), ਮਨੁੱਖੀ ਕਦਰਾਂ-ਕੀਮਤਾਂ (human values) ਅਤੇ ਮਨੁੱਖੀ ਵਕਾਰ (human dignity)। ਵੀਹਵੀਂ ਸਦੀ ਈਸਵੀ ਵਿੱਚ ਅਮਰੀਕਾ ਅਤੇ ਯੂਰਪ ਦੇ ਦੇਸ਼ਾਂ ਵਿੱਚ ਮਾਨਵਵਾਦੀ ਸੰਸਥਾਵਾਂ ਸਥਾਪਤ ਹੋਈਆਂ ਜਿਹਨਾਂ ਦੀ ਕਾਰਗੁਜ਼ਾਰੀ ਦੇ ਅਧਾਰ ਤੇ ਸੰਯੁਕਤ ਰਾਸ਼ਟਰ (U. N. O.) ਵੱਲੋਂ ਮਾਨਵਵਾਦ ਨੂੰ 1952 ਈਸਵੀ ਤੋਂ ਲੈਕੇ ਮਾਨਤਾ ਦਿੱਤੀ ਗਈ ਜਦੋਂ ਕਿ ਸਾਢੇ ਚਾਰ ਸਦੀਆਂ ਪਹਿਲਾਂ ਹੀ ਪੰਜਾਬ ਦੀ ਧਰਤੀ ਉੱਤੇ ਗੁਰੂ ਨਾਨਕ ਵੱਲੋਂ ਨਾ ਕੇਵਲ ਮਾਨਵਵਾਦ ਲਹਿਰ ਦੀ ਨੀਂਹ ਰੱਖੀ ਗਈ ਸੀ ਸਗੋਂ ਇਸ ਲਹਿਰ ਨੂੰ ਦੋ-ਢਾਈ ਸਦੀਆਂ ਦੇ ਅਰਸੇ ਤਕ ਸਫਲਤਾ ਪੂਰਵਕ ਨਿਭਾਇਆ ਵੀ ਗਿਆ ਸੀ। ਸਿਖ ਗੁਰੂ ਸਾਹਿਬਾਨ ਵੱਲੋਂ ਪੇਸ਼ ਕੀਤੇ ਗਏ ਮਾਨਵਵਾਦੀ ਫਲਸਫੇ ਦੇ ਮੁੱਖ ਤੌਰ ਤੇ ਹੇਠਾਂ ਦਰਸਾਏ ਅੰਗ ਸਨ:

1. ਮਨੁੱਖੀ ਭਲਾਈ

2. ਮਨੁੱਖੀ ਹੱਕ

3. ਮਨੁੱਖੀ ਵਕਾਰ

4. ਮਨੁੱਖੀ ਬਰਾਬਰੀ

5. ਮਨੁੱਖੀ ਸ਼ਾਂਤੀ

6. ਮਨੁੱਖੀ ਸਾਂਝੀਵਾਲਤਾ

7. ਮਨੁੱਖੀ ਵਿਕਾਸ (ਸ਼ਖਸੀਅਤ ਪੱਖੋਂ)

8. ਮਨੁੱਖੀ ਕਦਰਾਂ-ਕੀਮਤਾਂ (ਨੈਤਕਿਤਾ)

9. ਮਨੁੱਖੀ ਅਧਿਆਤਮਿਕਤਾ (ਪ੍ਰਭੂ ਦੀ ਦਿਆਲਤਾ ਵਿੱਚ ਵਿਸ਼ਵਾਸ)

10. ਮਨੁੱਖੀ ਸਰੋਕਾਰਾਂ ਹਿਤ ਸੰਘਰਸ਼

ਗੁਰੂ ਨਾਨਕ ਦੇ ਮਾਨਵਵਾਦ ਦਾ ਫਲਸਫਾ ਪੂਰੀ ਤਰ੍ਹਾਂ ਧਰਮ-ਨਿਰਪੇਖ ਹੈ ਭਾਵੇਂ ਕਿ ਇਸ ਵਿੱਚ ਪ੍ਰਭੂ-ਪਰਮੇਸ਼ਰ ਦੀ ਹੋਂਦ ਵਿੱਚ ਅਟੱਲ ਵਿਸ਼ਵਾਸ (ਫਲਸਫੇ ਦੇ ਕੇਂਦਰ ਵਿੱਚ ਮਨੁੱਖੀ ਭਲਾਈ ਨੂੰ ਹੀ ਰੱਖਦੇ ਹੋਏ) ਸ਼ਾਮਲ ਹੈ। ਇਸ ਫਲਸਫੇ ਵਿੱਚ ਪ੍ਰਭੂ ਭਗਤੀ, ਪੂਜਾ-ਕਾਰਜ, ਅਵਤਾਰਵਾਦ, ਮਿਥਹਾਸ, ਕਰਾਮਾਤ, ਵਹਿਮ-ਭਰਮ ਅਤੇ ਰਹੁ-ਰੀਤਾਂ ਨੂੰ ਕੋਈ ਸਥਾਨ ਨਹੀਂ ਸੀ ਦਿੱਤਾ ਗਿਆ। ਸ਼ਾਇਦ ਪ੍ਰਭੂ-ਪਰਮੇਸ਼ਰ ਵਾਲੇ ਇਸ ਪਰਮੁੱਖ ਅੰਗ ਦੀ ਵਿਲੱਖਣਤਾ ਕਰਕੇ ਹੀ ਬ੍ਰਾਹਮਣਵਾਦੀ ਤਾਕਤਾਂ ਨੂੰ ਸਭ ਤੋਂ ਵੱਧ ਖਤਰਾ ਗੁਰੂ ਸਾਹਿਬਾਨ ਵੱਲੋਂ ਚਲਾਈ ਲਹਿਰ ਤੋਂ ਮਹਿਸੂਸ ਹੋ ਰਿਹਾ ਸੀ। ਨਾਲ ਹੀ ਮਾਨਵਵਾਦ ਉੱਤੇ ਬਲ ਦੇਣ ਅਤੇ ਵਿਸ਼ੇਸ਼ ਕਰਕੇ ਮਨੁੱਖੀ ਹੱਕਾਂ ਲਈ ਸੰਘਰਸ਼ ਵਿੱਢਣ ਕਾਰਨ 18ਵੀਂ ਸਦੀ ਈਸਵੀ ਵਿੱਚ ਗੁਰੂ ਸਾਹਿਬਾਨ ਦੇ ਸ਼ਰਧਾਲੂਆਂ ਉੱਤੇ ਸਰਕਾਰੀ ਤਸ਼ੱਦਦ ਦਾ ਦੌਰ ਚੱਲ ਪਿਆ। ਇੱਸੇ ਸਮੇਂ ਦੌਰਾਨ ਸਿਖ ਭਾਈਚਾਰੇ ਨੂੰ ਬਦੇਸ਼ੀ ਹਮਲਾਵਰਾਂ ਨਾਲ ਵੀ ਜੂਝਣਾ ਪਿਆ। ਇਸ ਸੰਕਟਮਈ ਸਮੇਂ ਦਾ ਅਤੇ ਗੁਰੂ ਸਾਹਿਬਾਨ ਦੀ ਗੈਰਮੌਜੂਦਗੀ ਦਾ ਫਾਇਦਾ ਉਠਾਉਂਦੇ ਹੋਏ ਬ੍ਰਾਹਮਣਵਾਦੀ ਤਾਕਤਾਂ ਦੇ ਉਦਾਸੀ ਅਤੇ ਨਿਰਮਲੇ ਫਿਰਕਿਆਂ ਨੇ ਗੁਰੁ ਸਾਹਿਬਾਨ ਵੱਲੋਂ ਸਥਾਪਿਤ ਪਰਚਾਰ ਕੇਂਦਰ ਆਪਣੇ ਕੰਟਰੋਲ ਵਿੱਚ ਲੈ ਲਏ। ਉਹਨਾਂ ਨੇ ਗੁਰੂ ਸਾਹਿਬਾਨ ਵੱਲੋਂ ਚਲਾਈ ਮਾਨਵਵਾਦੀ ਲਹਿਰ ਨੂੰ ਇੱਕ ਸੰਸਥਾਗਤ ਧਰਮ ਬਣਾ ਦਿੱਤਾ, ਕੇਂਦਰਾਂ ਨੂੰ ਮੰਦਰਾਂ ਦਾ ਰੂਪ ਦੇ ਦਿੱਤਾ, ਉੱਥੇ ਤਰ੍ਹਾਂ-ਤਰ੍ਹਾਂ ਦੇ ਕਰਮ-ਕਾਂਡ ਪਰਚਲਤ ਕਰ ਦਿੱਤੇ ਗਰੂ ਸਾਹਿਬਾਨ ਦੇ ਮਿਸ਼ਨ ਲਈ ‘ਸਿਖ ਧਰਮ’ ਦਾ ਨਾਮ ਪਰਚਲਤ ਕਰ ਦਿੱਤਾ। ਇਹ ਮੰਦਭਾਗਾ ਰੁਝਾਨ ਅਠਾਰ੍ਹਵੀਂ ਸਦੀ ਈਸਵੀ ਦੇ ਅੱਧ ਤੋਂ ਪਹਿਲਾਂ ਸ਼ੁਰੂ ਹੋ ਗਿਆ ਸੀ।

ਅਜ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਮੁੱਢਲੇ ਤੌਰ ਤੇ ਨਾਨਕ ਮਿਸ਼ਨ ਵਿੱਚ ਸੰਸਥਾਗਤ ਧਰਮ ਨੂੰ ਸਵੀਕਾਰਿਆ ਨਹੀਂ ਗਿਆ ਅਤੇ ਇਸ ਸਬੰਧੀ ਆਦੇਸ਼ ਗੁਰਬਾਣੀ ਵਿੱਚ ਹੇਠਾਂ ਦਿੱਤੇ ਅਨੁਸਾਰ ਦਰਜ ਹੈ:

ਨਾ ਹਮ ਹਿੰਦੂ ਨ ਮੁਸਲਮਾਨ॥

ਅਲਹ ਰਾਮ ਕੇ ਪਿੰਡੁ ਪਰਾਨ॥ (ਪਵਿੱਤਰ ਗ੍ਰੰਥ ਪੰਨਾਂ 1136)

ਉੱਪਰ ਦਿੱਤੀਆਂ ਸਤਰਾਂ ਦਾ ਅਰਥ ਇਹ ਨਹੀਂ ਬਣਦਾ ਕਿ ਗੁਰੂ ਸਾਹਿਬਾਨ ਦੇ ਪੈਰੋਕਾਰ ਹਿੰਦੂ ਜਾਂ ਮੁਸਲਮਾਨ ਨਹੀ ਅਤੇ ਉਹ ਇੱਕ ਵੱਖਰੇ ਧਰਮ ‘ਸਿੱਖੀ’ ਨਾਲ ਸਬੰਧ ਰੱਖਦੇ ਹਨ। ਸਗੋਂ ਇਹਨਾਂ ਸਤਰਾਂ ਵਿੱਚ ਸੰਸਥਾਗਤ ਧਰਮ ਦੇ ਸੰਕਲਪ ਨੂੰ ਮੂਲੋਂ ਹੀ ਨਕਾਰਿਆ ਗਿਆ ਹੈ, ਨਾਨਕ ਮਿਸ਼ਨ ਦੀ ਇੱਕ ਧਰਮ ਦੇ ਤੌਰ ਤੇ ਪਰੋੜਤਾ ਨਹੀਂ ਕੀਤੀ ਗਈ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਮਨੁੱਖ ਨੂੰ ਪ੍ਰਭੂ ਵਿੱਚ ਕੇਵਲ ਨਿਸਚਾ ਰੱਖਣ ਦੀ ਲੋੜ ਹੈ ਪੂਜਾ ਕਰਨ ਦੀ ਨਹੀਂ। ਅਜਿਹਾ ਹੀ ਸੰਦੇਸ਼ ਗੁਰਬਾਣੀ ਦੀਆਂ ਹੇਠਾਂ ਦਿੱਤੀਆਂ ਸਤਰਾਂ ਰਾਹੀਂ ਪਰਾਪਤ ਹੁੰਦਾ ਹੈ:

ਸਰਬ ਧਰਮ ਮਹਿ ਸ੍ਰੇਸਟ ਧਰਮੁ॥

ਹਰਿ ਕੋ ਨਾਮ ਜਪਿ ਨਿਰਮਲ ਕਰਮੁ॥ (ਪਵਿੱਤਰ ਗ੍ਰੰਥ ਪੰਨਾਂ 266)

ਪਰਤੱਖ ਹੈ ਕਿ ਗੁਰੂ ਸਾਹਿਬਾਨ ਨੇ ਆਪਣੇ ਮਿਸ਼ਨ ਨੂੰ ਧਰਮ ਦੇ ਤੌਰ ਤੇ ਪਰਚਲਤ ਨਹੀਂ ਸੀ ਕੀਤਾ। ਸਗੋਂ ਉਹਨਾਂ ਨੇ ਇਸ ਲਹਿਰ ਨੂੰ ਸੰਸਥਾਗਤ ਧਰਮ ਦੇ ਵਿਕਲਪ/ਬਦਲ (substitute) ਦੇ ਤੌਰ ਤੇ ਪੇਸ਼ ਕੀਤਾ ਸੀ। ਇੱਸੇ ਕਰਕੇ ਗੁਰੂ ਗੋਬਿੰਦ ਸਿੰਘ ਨੇ ਵੀ ‘ਧਰਮ ਨਾਸ਼’ ਉੱਤੇ ਵਿਸ਼ੇਸ ਬਲ ਦਿੱਤਾ ਸੀ। ਨਾਨਕ ਮਿਸ਼ਨ ਇੱਕ ਅਜਿਹੀ ਕਰਾਂਤੀਕਾਰੀ ਲਹਿਰ ਸੀ ਜਿਸ ਰਾਹੀਂ ਸੰਸਾਰ ਦੇ ਹਰ ਮਨੁੱਖ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਕਿਸੇ ਸੰਸਥਾਗਤ ਧਰਮ ਨੂੰ ਅਪਣਾਏ ਬਗੈਰ ਹੀ ਆਦਰਸ਼ਕ ਜੀਵਨ-ਜਾਚ ਅਤੇ ਮਨੁੱਖੀ ਭਲਾਈ ਨੂੰ ਸੁਨਿਸਚਤ ਕੀਤਾ ਜਾ ਸਕਦਾ ਹੈ। ਗੁਰੂ ਸਾਹਿਬਾਨ ਦੇ ਪੈਰੋਕਾਰ ਹੋਣ ਦਾ ਅਰਥ ਬਣਦਾ ਸੀ ਕਿ ਕਿਰਿਆਵਾਦੀ-ਵਲੰਟੀਅਰ (activist) ਬਣਨਾ। ਪਰੰਤੂ ਅਸੀਂ ‘ਸਿਖ ਧਰਮ’ ਅਤੇ ‘ਸਿਖ ਪੰਥ’ ਦਾ ਝੰਡਾ ਚੁੱਕ ਕੇ ਸੰਸਥਾਗਤ ਧਰਮ ਵਾਲੇ ਅਰਥਾਂ ਨੂੰ ਹੀ ਅਪਣਾ ਰਹੇ ਹੁੰਦੇ ਹਾਂ। ਵਿਵਹਾਰਿਕ ਪੱਖੋਂ ਵੀ ਅਸੀਂ ਅਜਿਹਾ ਪਰਭਾਵ ਦੇਣ ਵਿੱਚ ਕੋਈ ਕਸਰ ਨਹੀਂ ਛੱਡਦੇ। ਅਜਿਹਾ ਕਰਦੇ ਹੋਏ ਅਸੀਂ ਇਹ ਨਹੀਂ ਸੋਚਦੇ ਕਿ ਸੰਸਥਾਗਤ ‘ਸਿਖ ਧਰਮ’ ਹਿੰਦੂ ਮੱਤ ਦੀ ਕੇਵਲ ਨਕਲ ਜਾਂ ਇੱਕ ਸ਼ਾਖ ਹੀ ਬਣ ਚੁੱਕਾ ਹੈ ਅਤੇ ਅਜ ਇਹਨਾਂ ਸ਼ਬਦਾ ਦੇ ਕੋਈ ਅਰਥ ਨਹੀਂ ਰਹੇ: “ਹਮ ਹਿੰਦੂ ਨਹੀਂ”। ਅਸਲ ਵਿੱਚ ‘ਸਿਖ’ ਅਖਵਾਉਣ ਵਾਲੇ ਭਾਈਚਾਰੇ ਨੂੰ ਦੇਸ-ਵਿਦੇਸ਼ ਵਿੱਚ ਦਰਪੇਸ਼ ਲਗ-ਭਗ ਸਾਰੀਆਂ ਸਮੱਿਸਆਵਾਂ ਦੀ ਜੜ੍ਹ ਗੁਰੂ ਸਾਹਿਬਾਨ ਦੇ ਮਿਸ਼ਨ ਨੂੰ ਇੱਕ ਸੰਸਥਾਗਤ ਧਰਮ ਦੇ ਤੌਰ ਤੇ ਸਵੀਕਾਰ ਕਰ ਲੈਣ ਵਿੱਚ ਹੀ ਹੈ।

ਗੁਰੂ ਨਾਨਕ ਵੱਲੋਂ ਦਿੱਤਾ ਹੋਇਆ ‘ਮਾਨਵਵਾਦ’ ਦਾ ਫਲਸਫਾ ਸੰਸਾਰ ਦੇ ਇਤਹਾਸ ਵਿੱਚ ਪਰਾਪਤ ਸਰਵਸਰੇਸ਼ਟ ਫਲਸਫਾ ਕਿਹਾ ਜਾ ਸਕਦਾ ਹੈ। ਖੁਸ਼ੀ ਦੀ ਗੱਲ ਹੈ ਕਿ ਇਹ ਸਮੁੱਚਾ ਫਲਸਫਾ ਗੁਰਬਾਣੀ ਵਿੱਚ ਅੰਕਿਤ ਹੈ ਅਤੇ ਇਸ ਨੂੰ ‘ਗੁਰਮੱਤ’ ਦੇ ਨਾਮ ਹੇਠ ਜਾਂ ਗੁਰੂ ਨਾਨਕ ਦੇ ਮਿਸ਼ਨ ਦੇ ਤੌਰ ਤੇ ਅਪਣਾਇਆ ਅਤੇ ਪਰਚਾਰਿਆ ਜਾ ਸਕਦਾ ਹੈ। ਅਜ ਗੁਰੂ ਨਾਨਕ ਦੇ ਉੱਚੇ-ਸੁੱਚੇ ਕਰਾਂਤੀਕਾਰੀ ਮਿਸ਼ਨ ਨੂੰ ਪੁਨਰ-ਸੁਰਜੀਤ ਕਰਨ ਅਤੇ ਉਹਨਾਂ ਵੱਲੋਂ ਪੇਸ਼ ਕੀਤੇ ਗਏ ‘ਮਾਨਵਵਾਦ’ ਦੇ ਫਲਸਫੇ ਨੁੰ ਸੰਸਾਰ ਪੱਧਰ ਤੇ ਫੈਲਾਉਣ ਦੀ ਸਖਤ ਲੋੜ ਹੈ। ਆਓ ਆਪਾਂ ਸਾਰੇ ਰਲ-ਮਿਲ ਕੇ ਇਸ ਪਵਿੱਤਰ ਫਰਜ਼ ਨੂੰ ਨਿਭਾਉਣ ਵੱਲ ਤੁਰੀਏ।

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।
.