.

ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ (ਭਾਗ-4)

(ਸੁਖਜੀਤ ਸਿੰਘ- ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ-3 ਪੜੋ

ਇਸ ਚਲ ਰਹੀ ਲੇਖ ਲੜੀ ਤਹਿਤ ਉਹਨਾਂ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਨੂੰ ਪ੍ਰਾਰੰਭ ਕੀਤਾ ਗਿਆ ਹੈ ਜਿਹੜੇ ਸ਼ਬਦ ਕਿਸੇ ਨਾ ਕਿਸੇ ਇਤਿਹਾਸਕ ਘਟਨਾ ਨਾਲ ਸਬੰਧ ਰੱਖਦੇ ਹਨ। ਇਤਿਹਾਸਕ ਤੌਰ ਤੇ ਇਹ ਸ਼ਬਦ ਭਾਵੇਂ ਵਿਅਕਤੀ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ ਪਰ ਅਧਿਆਤਮਕ ਤੌਰ ਤੇ ਉਪਦੇਸ਼ ਅਤੇ ਸਿਖਿਆ “ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ” (੬੪੭) ਅਨੁਸਾਰ ਸਮੁੱਚੀ ਮਾਨਵਤਾ ਲਈ ਸਰਬ ਸਾਂਝੀ ਹੀ ਹੈ।

============

ਮਹਲਾ ੧ ਬਸੰਤੁ ਹਿੰਡੋਲ ਘਰ ੨ (੧੧੭੧)

ਸਾਲਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤ ਤੁਲਸੀ ਮਾਲਾ।।

ਰਾਮ ਨਾਮੁ ਜਪਿ ਬੇੜਾ ਬਾਂਧਹੁ ਦਇਆ ਕਰਹੁ ਦਇਆਲਾ।। ੧।।

ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ।।

ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ।। ੧।। ਰਹਾਉ।।

ਕਰਿ ਹਰਿਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ।।

ਅੰਮ੍ਰਿਤ ਸਿੰਚਹੁ ਕਰਹੁ ਕਿਆਰੇ ਤਉ ਮਾਲੀ ਕੇ ਹੋਵਹੁ।। ੨।।

ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ।।

ਜਿਉ ਗੋਡਹੁ ਤੁਮ ਸੁਖ ਪਾਵਹੁ ਕਿਰਤੁ ਨ ਮੇਟਿਆ ਜਾਈ।। ੩।।

ਬਗੁਲੇ ਤੇ ਫੁਨਿ ਹੰਸੁਲਾ ਹੋਵੈ ਜੇ ਤੂੰ ਕਰਹਿ ਦਇਆਲਾ।।

ਪ੍ਰਣਵਤਿ ਨਾਨਕੁ ਦਾਸਨਿ ਦਾਸਾ ਦਇਆ ਕਰਹੁ ਦਇਆਲਾ।। ੪।। ੧।। ੯।।

ਗੁਰੂ ਨਾਨਕ ਸਾਹਿਬ ਪਹਿਲੀ ਉਦਾਸੀ ਦੌਰਾਨ ਬਨਾਰਸ ਦੀ ਧਰਤੀ ਤੇ ਹਿੰਦੂ ਧਰਮ ਦੇ ਪ੍ਰਸਿਧ ਧਾਰਮਿਕ ਅਸਥਾਨ ਉਪਰ ਪ੍ਰਸਿਧ ਧਾਰਮਿਕ ਤਿਉਹਾਰ ਸ਼ਿਵਰਾਤਰੀ ਮੌਕੇ ਪਹੁੰਚੇ। ਬਨਾਰਸ ਸ਼ਹਿਰ ਦੇ ਦੋ ਹੋਰ ਨਾਮ ਦੀ ਪ੍ਰਚਲਿਤ ਹਨ- ਵਾਰਾਣਸੀ ਅਤੇ ਕਾਂਸ਼ੀ। ਸ਼ਿਵ ਉਪਾਸਨਾ ਦਾ ਕੇਂਦਰ ਹੋਣ ਕਰਕੇ ਇਸ ਨਗਰ ਨੂੰ ਸ਼ਿਵ ਨਗਰੀ/ ਸ਼ਿਵਪੁਰੀ ਵੀ ਕਿਹਾ ਜਾਂਦਾ ਹੈ। ਸਨਾਤਨ ਮਤ ਅਨੁਸਾਰ 7 ਪੁਰੀਆਂ ਵਿਚੋਂ ਇਸ ਸ਼ਹਿਰ ਨੂੰ 1 ਪੁਰੀ ਦਾ ਦਰਜਾ ਵੀ ਪ੍ਰਾਪਤ ਹੈ। ਇਸੇ ਵੱਸਣ ਵਾਲੇ ਪੰਡਿਤਾਂ ਨੇ ਆਪਣੀ ਉਪਜੀਵਕਾ ਲਈ ਧਰਮ ਦੀ ਗਲਤ ਵਰਤੋਂ ਕਰਦੇ ਹੋਏ ਲੋਕਾਂ ਸਾਹਮਣੇ ਇਹ ਪ੍ਰਚਲਤ ਕੀਤਾ ਸੀ ਕਿ ਜਿਹੜਾ ਵੀ ਮਨੁੱਖ ਆਪਣਾ ਸਾਰਾ ਕੁੱਝ ਪੰਡਿਤਾਂ ਨੂੰ ਦਾਨ ਕਰਨ ਉਪਰੰਤ ਇਥੇ ਰਖੇ ਆਰੇ (ਕਰਵਤਰ) ਨਾਲ ਆਪਣਾ ਸਰੀਰ ਚਿਰਵਾ ਕੇ ਸਵਾਸ ਤਿਆਗੇਗਾ ਉਹ ਸਿੱਧਾ ‘ਸ਼ਿਵਪੁਰੀ` ਦੀ ਪ੍ਰਾਪਤੀ ਕਰ ਲਵੇਗਾ। ਇਸ ਦੇ ਉਲਟ ਜਿਹੜਾ ਕੋਈ ਸਰਾਪੀ ਹੋਈ ‘ਮਗਹਰ` (ਹਾੜੰਬੈ) ਦੀ ਧਰਤੀ ਉਪਰ ਪ੍ਰਾਣ ਤਿਆਗੇਗਾ, ਉਹ ਖੋਤੇ (ਗਧੇ) ਦੀ ਜੂਨ ਵਿੱਚ ਪਵੇਗਾ। ਪੰਡਤਾਂ ਨੇ ਇਸ ਪੱਖ ਨੂੰ ਸਵਰਗ ਅਤੇ ਨਰਕ ਦੀ ਪ੍ਰਾਪਤੀ ਨਾਲ ਵੀ ਜੋੜ ਦਿਤਾ।

ਪੰਡਿਤਾਂ ਵਲੋਂ ਐਸੇ ਪ੍ਰਚਲਿਤ ਕਰਮਕਾਂਡ ਦਾ ਖੰਡਨ ਕਰਦੇ ਹੋਏ ਮਨੁੱਖਤਾ ਦੇ ਸਦੀਵੀ ਮਾਰਗ ਦਰਸ਼ਨ ਲਈ ਗੁਰੂ ਅਰਜਨ ਸਾਹਿਬ ਨੇ ਰਾਗ ਸੋਰਠਿ ਦੇ ਅੰਦਰ ਗੁਰਬਾਣੀ ਫੁਰਮਾਣ ਦਰਜ ਕੀਤਾ ਹੈ-

ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ।।

ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ।।

(ਸੋਰਠਿ ਮਹਲਾ ੫- ੬੪੨)

ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਇਸ ਬਨਾਰਸ ਦੀ ਧਰਤੀ ਤੇ ਵੱਸਣ ਵਾਲੇ ਭਗਤ ਕਬੀਰ ਜੀ ਨੇ ਆਪਣੀ ਬਾਣੀ ਅਤੇ ਜੀਵਨ ਜਾਚ ਰਾਹੀਂ ਪੰਡਿਤਾਂ ਦੇ ਇਸ ਫੋਕਟ ਕਰਮ-ਕਾਂਡ (ਕਿਉਂਕਿ ਪੰਡਿਤਾਂ ਦੀ ਸ਼ਰਤ ਹੀ ਇਹ ਸੀ ਕਿ ਸਭ ਕੁੱਝ ‘ਪੰਡਿਤਾਂ ਨੂੰ ਦਾਨ ਕਰਨ ਉਪਰੰਤ` ਆਰੇ ਨਾਲ ਸਰੀਰ ਚਿਰਵਾ ਕੇ ਮੌਤ ਨੂੰ ਪ੍ਰਾਪਤ ਕਰਨਾ) ਦਾ ਭਾਂਡਾ ਚੌਰਾਹੇ ਵਿੱਚ ਭੰਨਿਆ ਸੀ। ਆਪਣੇ ਜੀਵਨ ਦੇ ਆਖਰੀ ਸਮੇਂ ਤਕ ਬਨਾਰਸ ਦੀ ਧਰਤੀ ਤੇ ਵਸਣ ਉਪਰੰਤ ਅੰਤ ਸਮੇਂ ਕਬੀਰ ਜੀ ਜਾਣ ਬੁੱਝ ਕੇ ਮਗਹਰ (ਹਾੜੰਬੈ) ਦੀ ਧਰਤੀ ਤੇ ਚਲੇ ਗਏ। ਵਹਿਮਾਂ-ਭਰਮਾਂ ਦੇ ਜਾਲ ਵਿੱਚ ਫਸੇ ਹੋਏ ਲੋਕਾਂ ਨੇ ਕਬੀਰ ਸਾਹਿਬ ਦੇ ਇਸ ਕਰਮ ਦਾ ਮਖੌਲ ਉਡਾਇਆ-

ਅਬ ਕਹੁ ਰਾਮ ਕਵਨ ਗਤਿ ਮੋਰੀ।। ਤਜੀਲੇ ਬਨਾਰਸਿ ਮਤਿ ਭਈ ਥੋਰੀ।। ੧।। ਰਹਾਉ।।

ਸਗਲ ਜਨਮੁ ਸਿਵਪੁਰੀ ਗਵਾਇਆ।। ਮਰਤੀ ਬਾਰ ਮਗਹਰ ਉਠਿ ਆਇਆ।। ੨।।

ਬਹੁਤੁ ਬਰਸ ਤਪੁ ਕੀਆ ਕਾਸੀ।। ਮਰਨੁ ਭਇਆ ਮਗਹਰ ਕੀ ਬਾਸੀ।। ੩।।

ਕਾਸੀ ਮਗਹਰ ਸਮ ਬੀਚਾਰੀ।। ਓਛੀ ਭਗਤਿ ਕੈਸੇ ਉਤਰਸਿ ਪਾਰੀ।। ੪।।

ਕਹੁ ਗੁਰ ਗਜਿ ਸਿਵ ਸਭ ਕੋ ਜਾਨੈ।। ਮੁਆ ਕਬੀਰੁ ਰਮਤ ਸ੍ਰੀ ਰਾਮੈ।। ੫।।

(ਗਉੜੀ-ਕਬੀਰ ਜੀ-੩੨੬)

ਭਗਤ ਕਬੀਰ ਜੀ ਨੇ ਆਪਣੇ ਜੀਵਨ ਦੇ ਇਸ ਕਰਮ ਨੂੰ ਅਪਣੀ ਬਾਣੀ ਵਿੱਚ ਵੀ ਦਰਜ ਕਰਦੇ ਹੋਏ ਇਹ ਸਪਸ਼ਟ ਕੀਤਾ ਕਿ ਕਿਸੇ ਵਿਸ਼ੇਸ਼ ਅਸਥਾਨ ਤੇ ਵਸਣ ਨਾਲ ਪ੍ਰਾਣੀ ਦੀ ਮੁਕਤੀ ਨਾਲ ਕੋਈ ਸਬੰਧ ਨਹੀਂ ਹੈ। ਸਗੋਂ ਨਿਬੇੜਾ ਉਸ ਪ੍ਰਾਣੀ ਵਲੋਂ ਆਪਣੇ ਜੀਵਨ ਕਾਲ ਅੰਦਰ ਕੀਤੇ ਗਏ ਚੰਗੇ ਜਾਂ ਮਾੜੇ ਕਰਮਾਂ ਦੇ ਅਧਾਰ ਤੇ ਹੀ ਹੋਵੇਗਾ-

-ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ।।

ਕਿਆ ਕਾਸੀ ਕਿਆ ਊਖਰ ਮਗਹਰ ਰਾਮ ਰਿਦੈ ਜਉ ਹੋਈ।।

(ਧਨਾਸਰੀ-ਕਬੀਰ ਜੀ-੬੯੨)

-ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ।।

ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ।।

(ਆਸਾ-ਕਬੀਰ ਜੀ-੪੮੪)

ਦਾਸ ਨੂੰ ਪਿਛਲੇ ਸਮੇਂ ਆਪਣੀ ਗੋਰਖਪੁਰ ਦੀ ਪ੍ਰਚਾਰ ਯਾਤਰਾ ਦੌਰਾਨ ਗੋਰਖਪੁਰ ਤੋਂ ਲਗਭਗ 17 ਮੀਲ ਦੂਰੀ ਤੇ ਮਗਹਰ ਦੀ ਧਰਤੀ ਉਪਰ ਜਾਣ ਦਾ ਮੌਕਾ ਮਿਲਿਆ। ਉਥੇ ਕੈਸਾ ਸੁਮੇਲ ਬਣਿਆ ਦੇਖਿਆ ਕਿ ਉਸ ਧਰਤੀ ਉਪਰ ਕਬੀਰ ਸਾਹਿਬ ਦੇ ਨਾਮ ਉਪਰ ਉਹਨਾਂ ਦੀ ਯਾਦ ਅੰਦਰ ‘ਸਿੱਖ ਕੌਮ ਵਲੋਂ ਗੁਰਦੁਆਰਾ` ‘ਹਿੰਦੂ ਕੌਮ ਵਲੋਂ ਮੰਦਿਰ` ਅਤੇ ‘ਮੁਸਲਮਾਨ ਕੌਮ ਵਲੋਂ ਮਜ਼ਾਰ` ਦੀ ਉਸਾਰੀ ਕੀਤੀ ਹੋਈ ਹੈ।

ਗੁਰੂ ਨਾਨਕ ਸਾਹਿਬ ਨੇ ਇਸ ਧਰਤੀ (ਬਨਾਰਸ) ਉਪਰ ਪੰਡਿਤਾਂ ਦੀਆਂ ਇਹਨਾਂ ਲੋਟੂ ਚਾਲਾਂ ਤੋਂ ਲੋਕਾਂ ਨੂੰ ਸੁਚੇਤ ਕਰਦੇ ਹੋਏ ਸਮਝਾਇਆ ਕਿ ਮੁਕਤੀ, ਸਵਰਗ-ਨਰਕ ਦੀ ਪ੍ਰਾਪਤੀ ਦਾ ਸਬੰਧ ਕਿਸੇ ਵਿਸ਼ੇਸ਼ ਥਾਂ ਤੇ ਅੰਤ ਨਾਲ ਨਹੀਂ ਹੈ ਸਗੋਂ ਵਿਅਕਤੀ ਦੇ ਆਚਰਣ ਨਾਲ ਹੈ। ਜੀਵਨ ਵਿਚੋਂ ਅਉਗਣਾਂ ਦਾ ਤਿਆਗ ਕਰਕੇ ਸ਼ੁਭ ਗੁਣਾਂ ਨੂੰ ਧਾਰਣ ਕਰਨ ਨਾਲ ਹੀ (ਮਰਣ ਉਪਰੰਤ ਮੁਕਤੀ ਪਤਾ ਨਹੀਂ ਮਿਲੇ ਜਾਂ ਨਾਂ ਮਿਲੇ) ਜੀਵਨ ਮੁਕਤ ਹੋਣ ਦੀ ਗਰੰਟੀ ਗੁਰਬਾਣੀ ਸਾਨੂੰ ਬਾਰ-ਬਾਰ ਦਿੰਦੀ ਹੈ। ਇਸ ਪੱਖ ਨੂੰ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਅੰਦਰ ਸਪਸ਼ਟ ਕੀਤਾ ਹੈ-

ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ।।

ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ।।

(ਮਲਾਰ-ਨਾਮਦੇਵ ਜੀ- ੧੨੯੨)

ਬਨਾਰਸ ਦੇ ਪੰਡਤਾਂ ਨੇ ਜਦੋਂ ਦੇਖਿਆ ਕਿ ਉਹਨਾਂ ਨੇ ਹਲਵੇ-ਮੰਡੇ ਦਾ ਪ੍ਰਬੰਧ ਕਰਨ ਵਾਲੇ ਇਸ ਧਾਰਮਿਕ ਕਰਮ-ਕਾਂਡ ਦਾ ਭਾਂਡਾ ਭੱਜ ਚੁੱਕਾ ਹੈ ਤਾਂ ਉਹ ਗੁਰੂ ਨਾਨਕ ਸਾਹਿਬ ਨਾਲ ਈਰਖਾ ਕਰਨ ਲਗੇ। ਈਰਖਾ ਵਸ ਉਹਨਾਂ ਨੇ ਪੰਡਿਤ ਚਤੁਰਦਾਸ ਦੀ ਅਗਵਾਈ ਵਿੱਚ ਗੁਰੂ ਸਾਹਿਬ ਨੂੰ ਨੀਵਾਂ ਦਿਖਾਉਣ ਅਤੇ ਲੋਕਾਂ ਵਿੱਚ ਆਪਣੀ ਗੁਆਚ ਚੁੱਕੀ ਸਾਖ ਨੂੰ ਮੁੜ ਉਜਾਗਰ ਕਰਨ ਲਈ ਗੁਰੂ ਨਾਨਕ ਸਾਹਿਬ ਉਪਰ ਦੋਸ਼ ਲਾਉਣੇ ਸ਼ੁਰੂ ਕਰ ਦਿਤੇ ਕਿ ਇਹ ਨਕਲੀ ਸਾਧ ਐਵੇਂ ਲੋਕਾਂ ਨੂੰ ਭਰਮਾ ਰਿਹਾ ਹੈ। ਇਹਦੇ ਕੋਲ ਨਾ ਸਾਲਗ੍ਰਾਮ ਹੈ, ਨਾ ਇਹ ਤੁਲਸੀ ਦੀ ਮਾਲਾ ਪਹਿਨ ਕੇ ਪੂਜਾ ਕਰਦਾ ਹੈ, ਨਾਂ ਤਿਲਕ ਲਾਉਂਦਾ ਹੈ ਇਹ ਕੈਸਾ ਧਰਮੀ ਪੁਰਸ਼ ਹੈ?

(ਸਾਲਗ੍ਰਾਮ- ਵਿਸ਼ਨੂੰ ਦੀ ਮੂਰਤੀ। ਨੋਟ- ਨੇਪਾਲ ਦੀ ਧਰਤੀ ਦੇ ਦੱਖਣ ਪਾਸੇ ਇੱਕ ਗ੍ਰਾਮ (ਪਿੰਡ) ਹੈ ਜਿਸ ਦੇ ਆਸੇ ਪਾਸੇ ਸਾਲ ਦੇ ਰੁੱਖ ਬਹੁਤ ਹਨ। ਉਸ ਪਿੰਡ ਦਾ ਨਾਮ ਹੀ ਸਾਲਗ੍ਰਾਮ ਪ੍ਰਸਿੱਧ ਹੋ ਗਿਆ। ਉਸ ਪਿੰਡ ਦੇ ਕੋਲੋਂ ਇੱਕ ਪਹਾੜੀ ਨਦੀ ਵਹਿੰਦੀ ਹੈ ਜਿਸ ਦਾ ਨਾਮ ਗੰਡਕੀ ਹੈ। ਗੰਡਕੀ ਵਿਚੋਂ ਪਿੰਡ ਸਾਲਗ੍ਰਾਮ ਦੇ ਨੇੜੇ ਗੋਲ ਧਾਰੀਦਾਰ ਪੱਥਰ ਬਹੁਤ ਨਿਕਲਦੇ ਹਨ। ਪਿੰਡ ਦੇ ਨਾਮ ਤੋਂ ਇਹਨਾਂ ਗੋਲ ਪੱਥਰਾਂ ਦਾ ਨਾਮ ਭੀ ਸਾਲਗ੍ਰਾਮ ਪੈ ਗਿਆ। ਇੱਕ ਪੁਰਾਣਿਕ ਸਾਖੀ ਅਨੁਸਾਰ ਵਿਸ਼ਨੂੰ ਨੂੰ ਸਾਲਗ੍ਰਾਮ ਦੇ ਰੂਪ ਵਿੱਚ ਆਉਣਾ ਪਿਆ। ਉਸ ਸਾਖੀ ਅਨੂਸਾਰ ਤੁਲਸੀ ਅਤੇ ਸਾਲਗ੍ਰਾਮ ਦੀ ਇਕੱਠੀ ਪੂਜਾ ਚਲੀ ਆ ਰਹੀ ਹੈ।) (ਪ੍ਰੋ. ਸਾਹਿਬ ਸਿੰਘ- ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ-ਪੋਥੀ ਅਠਵੀਂ-ਪੰਨਾ ੪੯੯)

ਪ੍ਰੰਤੂ ਪੰਡਿਤਾਂ ਦੀ ਦ੍ਰਿਸ਼ਟੀ ਤੋਂ ਧਰਮੀ ਅਖਵਾਉਣ ਲਈ ਉਕਤ ਵਰਨਣ ਸਾਰਾ ਕੁੱਝ ਹੋਣਾ ਜਰੂਰੀ ਮੰਨਿਆ ਗਿਆ ਹੈ। ਪੰਡਿਤ ਚਤੁਰਦਾਸ ਵਲੋਂ ਹੋਰ ਪੰਡਿਤਾਂ ਨੂੰ ਨਾਲ ਲੈ ਕੇ ਕਾਫੀ ਲੰਮੀ ਬਹਿਸ ਗੁਰੂ ਜੀ ਨਾਲ ਕੀਤੀ ਗਈ।

ਗੁਰੂ ਨਾਨਕ ਵਿਚਾਰਧਾਰਾ ਅਨੁਸਾਰ ਧਰਮੀ ਅਖਵਾਉਣ ਲਈ ਜੀਵਨ ਨੂੰ ਸਚਿਆਰ ਬਨਾਉਣ ਤੋਂ ਬਿਨਾਂ ਇਹਨਾਂ ਬਾਹਰੀ ਚਿੰਨਾਂ ਦੀ ਕੋਈ ਅਹਿਮੀਅਤ ਨਹੀਂ ਹੈ। ਮਨੁੱਖਾ ਜੀਵਨ ਦੀ ਮੰਜ਼ਿਲ ਰੂਪੀ ਪ੍ਰਮਾਤਮਾ ਦੇ ਮਿਲਾਪ ਵਿੱਚ ਇਹ ਸਹਾਈ ਹੋਣ ਦੀ ਥਾਂ ਸਗੋਂ ਰੁਕਾਵਟ ਬਣਦੇ ਹਨ-

-ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ।।

ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ।।

(ਸਲੋਕ ਕਬੀਰ ਜੀ- ੧੩੬੮)

-ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ।।

ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ।। ੧।।

ਪ੍ਰਭ ਜੀ ਕੋ ਨਾਮੁ ਜਪਤ ਮਨ ਚੈਨ।।

ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ ਬਿਖਮੁ ਨ ਜਾਈ ਲੈਨ।। ੧।। ਰਹਾਉ।।

(ਧਨਾਸਰੀ ਮਹਲਾ ੫- ੬੭੪)

ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਦੀ ਰਬਾਬ ਸੰਗ ਵਿਸ਼ਾ ਅਧੀਨ ਸ਼ਬਦ ਗਾਇਆ ਅਤੇ ਸਮਝਾਇਆ ਕਿ ਉਹਨਾਂ ਨੇ ਚੰਗੇ, ਉਚੇ-ਸੁਚੇ ਆਚਰਣ ਰੂਪੀ ਸ਼ੁਭ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਦੇ ਹੋਏ ਪ੍ਰਮੇਸ਼ਰ ਦੀ ਸਿਫਤ ਸਾਲਾਹ ਨੂੰ ਹੀ ਜੀਵਨ ਦਾ ਅਧਾਰ ਬਣਾਇਆ ਹੋਇਆ ਹੈ, ਜਿਸ ਦੇ ਆਸਰੇ ਤੇ ਉਹਨਾਂ (ਗੁਰੂ ਨਾਨਕ) ਨੇ ਜੀਵਨ ਨੂੰ ਸਚਿਆਰ ਬਣਾਇਆ ਹੋਇਆ ਹੈ ਅਤੇ ਆਪਣੇ ਜੀਵਨ ਵਿਚੋਂ ਵਿਕਾਰਾਂ ਦਾ ਖਾਤਮਾ ਕਰਕੇ ਬਗੁਲਾ ਬਿਰਤੀ (ਅੰਦਰੋਂ ਹੋਰ ਬਾਹਰੋਂ ਹੋਰ) ਦੀ ਥਾਂ ਤੇ ਹੰਸ ਬਿਰਤੀ (ਅੰਦਰੋਂ ਬਾਹਰੋਂ ਇਕ) ਨੂੰ ਧਾਰਨ ਕੀਤਾ ਹੋਇਆ ਹੈ। ਇਹ ਸਭ ਕੁੱਝ ਪ੍ਰਮੇਸ਼ਰ ਦੀ ਸਿਫਤ ਸਾਲਾਹ ਰੂਪੀ ਕ੍ਰਿਪਾ ਨਾਲ ਹੀ ਸੰਭਵ ਹੈ। ਜੇ ਅਸੀਂ ਐਸਾ ਨਹੀਂ ਕਰਦੇ ਤਾਂ ਇਹ ਕਲਰਾਠੀ ਧਰਤੀ ਨੂੰ ਪਾਣੀ ਲਾ ਕੇ ਸਿੰਜਣ, ਬੀਜ ਬੀਜਣ ਅਤੇ ਕਚੀ ਮਿਟੀ ਦੀ ਕੰਧ (ਜੋ ਭੁਰ ਰਹੀ ਹੋਵੇ) ਨੂੰ ਚੂਨੇ ਨਾਲ ਲਿੱਪਣ ਦੇ ਸਮਾਨ ਹੈ ਜਿਸ ਵਿਚੋਂ ਕਿਸੇ ਵੀ ਤਰਾਂ ਦੀ ਪ੍ਰਾਪਤੀ ਸੰਭਵ ਨਹੀ ਹੈ। ਸਗੋਂ ਕੀਤੀ ਗਈ ਮਿਹਨਤ ਵੀ ਵਿਅਰਥ ਗੁਆਉਣਾ ਹੈ।

ਸਿਖਿਆ:- ਅਸੀਂ ਆਪਣੇ ਜੀਵਨ ਵਿਚੋਂ ਫੋਕਟ ਕਰਮ-ਕਾਂਡਾ ਨੂੰ ਬਾਹਰ ਕੱਢ ਕੇ ਜੀਵਨ ਵਿੱਚ ਸ਼ੁਭ ਗੁਣਾਂ ਨੂੰ ਧਾਰਨ ਕਰਦੇ ਹੋਏ, ਜੀਵਨ ਨੂੰ ਅਉਗਣਾਂ ਤੋਂ ਰਹਿਤ ਕਰੀਏ ਅਤੇ ਉੱਚੇ-ਸੁਚੇ ਆਰਚਣ ਦੇ ਮਾਲਕ ਬਣੀਏ। ਜੇ ਅਸੀਂ ਐਸਾ ਨਹੀਂ ਕਰਦੇ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਇਸ ਸ਼ਬਦ ਨੂੰ ਕੇਵਲ ਪੜਿਆ-ਸੁਣਿਆ ਹੀ ਹੈ, ਸਮਝਿਆ ਕੋਈ ਨਹੀਂ।

===========

(ਚਲਦਾ … …)

ਸੁਖਜੀਤ ਸਿੰਘ, ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.