.

ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ (ਭਾਗ-3)

(ਸੁਖਜੀਤ ਸਿੰਘ- ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਪਹਿਲਾ ਭਾਗ ਪੜੋ

ਇਸ ਚਲ ਰਹੀ ਲੇਖ ਲੜੀ ਤਹਿਤ ਉਹਨਾਂ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਨੂੰ ਪ੍ਰਾਰੰਭ ਕੀਤਾ ਗਿਆ ਹੈ ਜਿਹੜੇ ਸ਼ਬਦ ਕਿਸੇ ਨਾ ਕਿਸੇ ਇਤਿਹਾਸਕ ਘਟਨਾ ਨਾਲ ਸਬੰਧ ਰੱਖਦੇ ਹਨ। ਇਤਿਹਾਸਕ ਤੌਰ ਤੇ ਇਹ ਸ਼ਬਦ ਭਾਵੇਂ ਵਿਅਕਤੀ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ ਪਰ ਅਧਿਕਆਤਕ ਤੌਰ ਤੇ ਉਪਦੇਸ਼ ਸਮੁੱਚੀ ਮਾਨਵਤਾ ਲਈ ਹੈ।

ਸੂਹੀ ਮਹਲਾ ੧ ਘਰ ੭ - (੭੩੦)

ਜੋਗੁ ਨਾ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ।।

ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ।।

ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤਿ ਇਵ ਪਾਈਐ।। ੧।।

ਗਲੀ ਜੋਗੁ ਨ ਹੋਈ।।

ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ।। ਰਹਾਉ।।

ਜੋਗ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ।।

ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ।।

ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤਿ ਇਵ ਪਾਈਐ।। ੨।।

ਸਤਗਿੁਰੁ ਭੇਟੇ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ।।

ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ।।

ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤਿ ਇਵ ਪਾਈਐ।। ੩।।

ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ।।

ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ।।

ਅੰਜਨ ਮਾਹਿ ਨਿਰੰਜਨਿ ਰਹੀਐ ਜੋਗੁ ਜੁਗਤਿ ਤਉ ਪਾਈਐ।। ੪।। ੧।। ੮।।

ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਸਮੇਂ ਚਲਦੇ-ਚਲਦੇ ਹਰਿਦੁਆਰ ਤੋਂ ਅੱਗੇ ਗੋਰਖ ਮਤੇ ਦੇ ਅਸਥਾਨ ਤੇ ਪਹੁੰਚੇ। ਇਸ ਅਸਥਾਨ ਦਾ ਨਾਮ ਗੋਰਖ ਮਤਾ ਹੋਣ ਦਾ ਕਾਰਣ ਹੀ ਇਹ ਸੀ ਕਿ ਇਥੇ ਯੋਗ ਮਤ ਦੇ ਆਗੂ ਗੋਰਖ ਨਾਥ ਦਾ ਪੂਰਾ ਪ੍ਰਭਾਵ ਸੀ ਅਤੇ ਬਹੁਗਿਣਤੀ ਗੋਰਖ ਦੀ ਮਤ ਨੂੰ ਮੰਨਣ ਵਾਲੇ ਜੋਗੀਆਂ ਦੀ ਸੀ। ਪ੍ਰੰਤੂ ਗੁਰੂ ਨਾਨਕ ਸਾਹਿਬ ਦੇ ਆਗਮਨ ਅਤੇ ਉਪਦੇਸ਼ ਉਪਰੰਤ ਇਸ ਅਸਥਾਨ ਦਾ ਨਾਮ ‘ਗੋਰਖ ਮਤਾ` ਤੋਂ ਬਦਲ ਕੇ ‘ਨਾਨਕ ਮਤਾ` ਪ੍ਰਚਲਿਤ ਹੋ ਗਿਆ।

ਭਾਵ ਕਿ ਜਿੰਨਾ ਚਿਰ ਇਸ ਅਸਥਾਨ ਤੇ ਗੋਰਖ ਦੀ ਮਤ ਦਾ ਪ੍ਰਚਲਣ ਰਿਹਾ ਉੰਨਾਂ ਚਿਰ ਗੋਰਖ ਮਤਾ ਜਦੋਂ ਗੁਰੂ ਨਾਨਕ ਸਾਹਿਬ ਰਾਹੀਂ ਪ੍ਰਮੇਸ਼ਰ ਦੇ ਦਿਤੇ ਸ਼ਬਦ ਦੁਆਰਾ ਗੁਰੂ ਨਾਨਕ ਸਾਹਿਬ ਦੀ ਮਤ ਦਾ ਪ੍ਰਚਲਣ ਹੋ ਗਿਆ ਇਸ ਅਸਥਾਨ ਦਾ ਨਾਮ ਬਦਲ ਕੇ ‘ਨਾਨਕ ਮਤਾ` ਪੈ ਗਿਆ।

ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੁਆਰਾ ਉਸ ਸਮੇਂ ਦੇ ਪ੍ਰਚਲਿਤ ਧਰਮਾਂ ਨੂੰ ਪ੍ਰਚਾਰਣ ਵਾਲੇ ਧਾਰਮਿਕ ਆਗੂ ਜੋ ਧਰਮ ਦੇ ਸਹੀ ਉਪਦੇਸ਼ ਨੂੰ ਮਨੁੱਖਤਾ ਵਿੱਚ ਪ੍ਰਚਾਰਣ ਦੀ ਥਾਂ ਧਰਮ ਨੂੰ ਆਪਣੀ ਉਪਜੀਵਕਾ ਚਲਾਉਣ ਲਈ ਧਰਮ ਦੀ ਗਲਤ ਵਿਆਖਿਆ ਕਰਨ ਵਾਲੇ ਧਾਰਮਿਕ ਆਗੂਆਂ ਦਾ ਅਸਲੀ ਕਿਰਦਾਰ ਸਾਹਮਣੇ ਲਿਆਂਦਾ।

ਕਾਦੀ ਕੂੜੁ ਬੋਲਿ ਮਲੁ ਥਾਇ।।

ਬਾਹਮਣ ਨਾਵੈ ਜੀਆ ਘਾਇ।।

ਜੋਗੀ ਜੁਗਤਿ ਨ ਜਾਣੈ ਅੰਧੁ।।

ਤੀਨੇ ਓਜਾੜੇ ਕਾ ਬੰਧੁ।।

(ਧਨਾਸਰੀ ਮਹਲਾ ੧-੬੬੨)

ਵਿਚਾਰ ਅਧੀਨ ਲੇਖ ਦਾ ਵਿਸ਼ਾ ਯੋਗ ਮਤ ਨਾਲ ਸਬੰਧਿਤ ਹੋਣ ਕਰਕੇ ਇਥੇ ਕੇਵਲ ਜੋਗੀਆਂ ਦੀ ਗੱਲ ਕਰਨੀ ਹੀ ਉਚਿਤ ਹੋਵੇਗੀ। ਯੋਗ ਮੱਤ ਧਾਰਨ ਕਰਨ ਵਾਲੇ ਲਈ ਘਰ ਬਾਰ ਦਾ ਤਿਆਗ ਕਰਕੇ, ਜਟਾਂ ਵਧਾ ਕੇ, ਸਿਰ ਵਿੱਚ ਸਵਾਹ ਪਾਉਣਾ ਜਰੂਰੀ ਮੰਨਿਆ ਗਿਆ। ਗੁਰੂ ਸਾਹਿਬ ਨੇ ਇਸ ਪ੍ਰਥਾਇ ਗੁਰਮਤਿ ਦ੍ਰਿੜ ਕਰਾਉਂਦੇ ਹੋਏ ਫੁਰਮਾਨ ਕੀਤਾ:-

ਜੋਗੀ ਗਿਰਹੀ ਜਟਾ ਬਿਭੂਤ।।

ਆਗੈ ਪਾਛੈ ਰੋਵਹਿ ਪੂਤ।।

ਜੋਗੁ ਨਾ ਪਾਇਆ ਜੁਗਤਿ ਗਵਾਈ।।

ਕਿਤੁ ਕਾਰਣਿ ਸਿਰਿ ਛਾਈ ਪਾਈ।।

(ਵਾਰ ਰਾਮਕਲੀ-ਮ: ੧-੯੫੧)

ਗੁਰੂ ਨਾਨਕ ਸਾਹਿਬ ਦਾ ਜੋਗੀਆਂ ਨਾਲ ਮਿਲਾਪ ਸੁਮੇਰ ਪਰਬਤ ਉਪਰ ਹੋਇਆ। ਇਥੇ ਹੋਈ ਵਿਚਾਰ ਚਰਚਾ ਨੂੰ ‘ਸਿਧ ਗੋਸਟਿ` ਬਾਣੀ ਵਿੱਚ ਪੜਿਆ ਜਾ ਸਕਦਾ ਹੈ। ਜਿਥੇ ਸਿਧ ਗੁਰੂ ਨਾਨਕ ਸਾਹਿਬ ਨੂੰ ਬਾਲਾ ਭਾਵ ਬੱਚਾ ਕਹਿ ਕੇ ਸੰਬੋਧਨ ਕਰਦੇ ਹਨ, ਗੁਰੂ ਨਾਨਕ ਸਾਹਿਬ ਉਨਾਂ ਨੂੰ ਸਤਿਕਾਰ ਦਿੰਦੇ ਹੋਏ ਆਖਦੇ ਹਨ ਕਿ ਤੁਹਾਡੇ ਕੋਲ ਰੱਬ ਦੇ ਘਰ ਦਾ ਗਿਆਨ ਹੈ, ਤੁਸੀਂ ਲੋਕਾਂ ਵਿੱਚ ਗਿਆਨ ਵੰਡਣ ਦੀ ਥਾਂ ਗਿਆਨਵਾਨ ਹੁੰਦੇ ਹੋਏ ਵੀ ਮਨੁੱਖਤਾ ਨੂੰ ਔਝੜੇ ਛੱਡ ਕੇ ਪਹਾੜਾਂ ਦੀਆਂ ਕੰਦਰਾਂ ਵਿੱਚ ਛੁਪ ਕੇ ਬੈਠੇ ਹੋ, ਇਹ ਤੁਹਾਡਾ ਕੈਸਾ ਧਰਮ ਹੈ? ਤੁਸੀਂ ਕੈਸੇ ਧਰਮੀ ਹੋ?

ਸਿਧ ਛਪਿ ਬੈਠੇ ਪਰਬਤੀਂ ਕਉਣੁ ਜਗਤ੍ਰਿ ਕਉ ਪਾਰਿ ਉਤਾਰਾ।।

ਜੋਗੀ ਗਿਆਨ ਵਿਹੂਣਿਆ ਨਿਸਦਿਨ ਅੰਗਿ ਲਗਾਇਨਿ ਛਾਰਾ।।

ਬਾਝੁ ਗੁਰੂ ਡੁਬਾ ਜਗੁ ਸਾਰਾ।।

(ਭਾਈ ਗੁਰਦਾਸ ਜੀ-ਵਾਰ ੧ ਪਉੜੀ ੨੯)

ਗੁਰੂ ਨਾਨਕ ਸਾਹਿਬ ਦਾ ਜੋਗੀਆਂ/ਸਿਧਾਂ ਨਾਲ ਫਿਰ ਮਿਲਾਪ ਅਚਲ ਵਟਾਲੇ ਦੀ ਧਰਤੀ ਤੇ ਹੋਇਆ। ਪਹਿਲੇ ਮਿਲਾਪ ਸਮੇਂ ਗੁਰੂ ਨਾਨਕ ਸਾਹਿਬ ਨੇ ਗੇਰੂਏ ਰੰਗ ਦੇ ਕਪੜੇ ਪਹਿਨੇ ਹੋਏ ਸਨ ਪਰ ਹੁਣ ਸੰਸਾਰੀ/ਗ੍ਰਿਹਸਥੀ ਕਪੜੇ ਪਾਏ ਹੋਏ ਸਨ। ਜੋਗੀ ਭੰਗਰਨਾਥ ਨੇ ਇਸ ਪੱਖ ਤੇ ਤਨਜ ਕਰਦੇ ਹੋਏ ਗੁਰੂ ਨਾਨਕ ਸਾਹਿਬ ਨੂੰ ‘ਦੁਧ ਵਿਚਿ ਕਾਂਜੀ` ਪਾਉਣ ਵਾਲਾ ਆਖਿਆ ਅਤੇ ਗ੍ਰਹਿਸਥ ਧਰਮ ਸਬੰਧੀ ਵੀ ਟੀਕਾ-ਟਿਪਣੀ ਕੀਤੀ।

ਗੁਰੂ ਨਾਨਕ ਸਾਹਿਬ ਨੇ ਤਰਕ ਭਰਪੂਰ ਜਵਾਬ ਦਿੰਦੇ ਹੋਏ ਕਿਹਾ ਕਿ ਜੋਗੀਓ ਤੁਹਾਡੀ ਪਹਿਚਾਣ ਬਸਤ੍ਰ ਹਨ, ਮੇਰੀ ਪਹਿਚਾਣ ਕੇਵਲ ਬਸਤ੍ਰ ਨਹੀਂ। ਜਿਹੜੇ ਗ੍ਰਹਿਸਥੀਆਂ ਨੂੰ ਤੁਸੀਂ ਮਾੜਾ ਆਖਦੇ ਹੋ, ਫਿਰ ਉਹਨਾਂ ਦੇ ਘਰਾਂ ਵਿੱਚ ਠੂਠਾ ਫੜ ਕੇ ਮੰਗਣ ਕਿਉਂ ਜਾਂਦੇ ਹੋ? ਜੇ ਗ੍ਰਹਿਸਥੀ ਨਾਂ ਹੋਵਣ ਤਾਂ ਤੁਹਾਡੇ ਵਰਗੇ ਵਿਹਲੜ ਭੁਖੇ ਮਰ ਜਾਣ, ਤੁਸੀਂ ਉਦਾਸੀਆਂ ਵਾਲੇ ਬਸਤ੍ਰ ਉਤਾਰ ਕੇ ਮੰਗਣ ਜਾਵੋ ਤੁਹਾਡੇ ਖੱਪਰ ਵਿੱਚ ਕੋਈ ਖੈਰ ਵੀ ਨਹੀਂ ਪਾਵੇਗਾ।

ਹੋਇ ਅਤੀਤੁ ਗ੍ਰਿਹਸਤਿ ਤਜਿੁ ਫਿਰਿ ਉਨ ਕੇ ਘਰਿ ਮੰਗਣਿ ਜਾਈ।।

(ਭਾਈ ਗੁਰਦਾਸ ਜੀ-ਪਉੜੀ ੧ ਵਾਰ ੪੦)

ਜਪੁਜੀ ਸਾਹਿਬ ਦੀ ਬਾਣੀ (ਪਉੜੀ ਨੰਬਰ 28 ਤੋਂ 31 ਤਕ) ਵਿੱਚ ਵੀ ਗੁਰੂ ਨਾਨਕ ਸਾਹਿਬ ਨੇ ਸਿਧਾਂ/ਜੋਗੀਆਂ ਦੇ ਬਾਹਰਲੇ ਭੇਖਾਂ, ਕਠਿਨ ਸਾਧਨਾਵਾਂ, ਵੱਖ-ਵੱਖ ਤਰਾਂ ਦੇ ਕੀਤੇ ਜਾਂਦੇ ਕਰਮਕਾਂਡਾਂ ਅਤੇ ਗਲਤ ਵਿਸ਼ਵਾਸਾਂ ਉਪਰ ਚੋਟ ਮਾਰਦੇ ਹੋਏ ਜੀਵਨ ਵਿੱਚ ਸ਼ੁਭ ਗੁਣਾਂ ਨੂੰ ਧਾਰਣ ਕਰਦੇ ਹੋਏ ਸਮਾਜ ਦਾ ਤਿਆਗ ਕਰਨ ਦੀ ਥਾਂ ਸਮਾਜ ਵਿੱਚ ਰਹਿੰਦੇ ਹੋਏ ਪ੍ਰਮੇਸ਼ਰ ਨਾਲ ਸੱਚੀ ਪ੍ਰੀਤ ਪਾਉਣ ਦਾ ਉਪਦੇਸ਼ ਦਿਤਾ ਗਿਆ ਹੈ।

ਸੁਮੇਰ ਪਰਬਤ ਉਪਰ ਜੋਗੀਆਂ ਨੇ ਜਦੋਂ ਗੁਰੂ ਨਾਨਕ ਸਾਹਿਬ ਦੀਆਂ ਤਰਕ-ਭਰਪੂਰ ਗੱਲਾਂ ਨੂੰ ਸੁਣਿਆ ਤਾਂ ਬਹੁਤ ਪ੍ਰਭਾਵਿਤ ਹੋਏ। ਸੋਚਣ ਲੱਗੇ ਕਿ ਕੋਈ ਐਸੀ ਤਰਕੀਬ ਲਗਾਈ ਜਾਵੇ ਜਿਸ ਨਾਲ ਗੁਰੂ ਨਾਨਕ ਵਰਗਾ ਸਿਆਣਾ ਪੁਰਖ ਸਾਡੇ ਯੋਗ ਮਤ ਨੂੰ ਧਾਰਨ ਕਰ ਲਏ ਤਾਂ ਸਾਡੇ ਯੋਗ ਮਤ ਦਾ ਨਾਮ ਉਜੀਆਰਾ ਹੋ ਸਕਦਾ ਹੈ। ਉਹਨਾਂ ਗੁਰੂ ਸਾਹਿਬ ਨੂੰ ਪਾਣੀ ਲੈਣ ਲਈ ਖੱਪਰ ਦੇ ਕੇ ਭੇਜਿਆ। ਗੁਰੂ ਸਾਹਿਬ ਵਲੋਂ ਖਾਲੀ ਹੱਥ ਮੁੜਣ ਤੇ ਪੁਛਦੇ ਹਨ-ਕੀ ਤੁਸੀਂ ਉਥੇ ਹੀਰੇ- ਜਵਾਹਰਾਤ- ਲਾਲ ਨਹੀਂ ਦੇਖੇ। ਭਾਵ ਕਿ ਜੋਗੀ ਆਪਣੀਆਂ ਰਿਧੀਆਂ-ਸਿਧੀਆਂ, ਕਰਾਮਾਤਾਂ ਰਾਹੀਂ ਗੁਰੂ ਨਾਨਕ ਸਾਹਿਬ ਨੂੰ ਭਰਮਾਉਣਾ ਚਾਹੁੰਦੇ ਸਨ। ਪਰ ਉਹ ਨਹੀਂ ਜਾਣਦੇ ਸਨ ਕਿ ਗਰੂ ਨਾਨਕ ਦੇ ਘਰ ਦਾ ਸਿਧਾਂਤ ਕੀ ਹੈ?

-ਰਿਧਿ ਸਿਧਿ ਅਵਰਾ ਸਾਦ।।

(ਜਪੁਜੀ ਸਾਹਿਬ)

-ਬ੍ਰਹਮ ਬਿੰਦੈ ਤਿਸਦਾ ਬ੍ਰਹਮਤਿ ਰਹੈ ਏਕ ਸਬਦ ਲਿਵ ਲਾਏ।।

ਨਵਨਿੱਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ।।

(ਵਾਰ ਸੋਰਠਿ -ਮ: ੩-੬੪੯)

ਗੁਰੂ ਨਾਨਕ ਸਾਹਿਬ ਨੇ ਜਵਾਬ ਦਿਤਾ ਕਿ ਉਥੇ ਪਾਣੀ ਨਹੀਂ ਹੈ, ਮੈਂ ਪਾਣੀ ਲੈਣ ਗਿਆ ਸੀ, ਮੈਨੂੰ ਹੀਰੇ-ਜਵਾਹਰਾਤ-ਲਾਲਾਂ ਨਾਲ ਕੀ ਮਤਲਬ। ਜਿਹੜੇ ਸਿਧ ਲੋਕ ਗੁਰੂ ਜੀ ਨੂੰ ‘ਬਾਲਾ` (ਬਾਲਕ) ਆਖਦੇ ਸਨ, ਆਪਣੇ ਯੋਗ ਮਤ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ, ਗੁਰੂ ਨਾਨਕ ਸਾਹਿਬ ਨੇ (ਸਬਦਿ ਜਿਤੀ ਸਿਧ ਮੰਡਲੀ ਕੀਤੋਸੁ ਆਪਣਾ ਪੰਥੁ ਨਿਰਾਲਾ) ਸ਼ਬਦ ਗੁਰੂ ਦੇ ਸਿਧਾਂਤ ਦਾ ਐਸਾ ਉਜਵਲ ਸੰਦੇਸ਼ ਉਹਨਾਂ ਸਾਹਮਣੇ ਰੱਖਿਆ ਤਾਂ ਉਹੀ ਸਿਧ ਆਖਣ ਤੇ ਮਜਬੂਰ ਹੋ ਗਏ-

ਸਿਧਿ ਬੋਲਨਿ ਸੁਭ ਬਚਨਿ ਧਨ ਨਾਨਕ ਤੇਰੀ ਵਡੀ ਕਮਾਈ।।

(ਭਾਈ ਗੁਰਦਾਸ ਜੀ-ਵਾਰ ੧ ਪਉੜੀ ੪੪)

ਯੋਗ ਮਤ ਦੀਆਂ ਗੱਲਾਂ ਕਰਨ ਵਾਲੇ ਪ੍ਰੰਤੂ ਧਰਮ ਦੇ ਅਸਲੀ ਗਿਆਨ ਤੋਂ ਕੋਹਾਂ ਦੂਰ ਵਿਚਰਣ ਵਾਲੇ ਜੋਗੀਆਂ ਨਾਲ ਭਰਪੂਰ ਗੋਰਖ ਮਤੇ ਦੀ ਧਰਤੀ ਉਪਰ ਭਾਈ ਮਰਦਾਨਾ ਜੀ ਦੀ ਰਬਾਬ ਸੰਗ ਰਾਗ ਸੂਹੀ ਦਾ ਵਿਚਾਰ ਅਧੀਨ ਸ਼ਬਦ ਉਚਾਰਣ ਕਰਦੇ ਹੋਏ ਜੋਗੀਆਂ ਨੂੰ ਗਿਆਨ ਦਿਤਾ ਕਿ ਉਹ ਬਾਹਰੀ ਧਾਰਮਿਕ ਸਾਧਨਾਂ ਜਿਵੇਂ ਸਮਾਧੀਆਂ ਲਾਉਣਾ, ਸੁਆਹ ਮਲਣਾ, ਜਟਾਂ ਵਧਾਉਣਾ, ਕੰਨ ਪੜਾਉਣਾ, ਘਰ-ਘਰ ਵਿੱਚ ਜਾ ਕੇ ਸੰਖ-ਨਾਦ ਵਜਾ ਕੇ ਭਿਖਿਆ ਮੰਗਣ ਦੀ ਬਜਾਏ ਸਹੀ ਅਰਥਾਂ ਵਿੱਚ ਜੀਵਨ ਨੂੰ ਸਵਾਰਣ ਵਾਲੇ ਸ਼ੁਭ ਗੁਣ-ਸੰਤੋਖ, ਦਇਆ, ਪ੍ਰਭੂ-ਪ੍ਰੀਤ, ਸਰਬੱਤ ਦਾ ਭਲਾ ਆਦਿ ਧਾਰਨ ਕਰ ਲੈਣ ਤਾਂ ਪ੍ਰਭ ਨਾਲ ਸਾਂਝ ਬਣ ਕੇ ਜੀਵਨ ਵਿਕਾਰਾਂ ਰਹਿਤ ਹੋ ਸਕਦਾ ਹੈ। ਜੋ ਰਿਧੀਆਂ ਸਿਧੀਆਂ ਹਾਸਲ ਕਰਕੇ ਪ੍ਰਾਪਤੀ ਸਮਝ ਰਹੇ ਹੋ ਇਹ ਤਾਂ ਪ੍ਰਮੇਸ਼ਰ ਦੇ ਘਰ ਤੋਂ ਦੂਰ ਲਿਜਾਣ ਵਾਲੇ ਵਿਅਰਥ ਕਰਮ ਹਨ, ਐਸੀਆਂ ਬਾਹਰੀ ਗੱਲਾਂ ਨਾਲ ਜੀਵਨ ਸਫਲ ਨਹੀਂ ਹੁੰਦਾ। ਸਗੋਂ ਘਰ ਪਰਿਵਾਰ, ਗ੍ਰਹਿਸਥ ਦਾ ਤਿਆਗ ਕਰਨ ਦੀ ਥਾਂ ਤੇ ਸਮਾਜ ਦਾ ਹਿੱਸਾ ਬਣਕੇ ਸਮਾਜ ਵਿੱਚ ਪ੍ਰਚਲਤ ਬੁਰਾਈਆਂ ਅਉਗਣਾਂ ਤੋਂ ਜਿਥੇ ਆਪ ਬਚੀਏ ਉਥੇ ਨਾਲ-ਨਾਲ ਹੋਰਾਂ ਨੂੰ ਵੀ ਵਿਕਾਰਾਂ ਤੋਂ ਬਚਾਉਣ ਦਾ ਉਪਰਾਲਾ ਕਰੀਏ। ਇਹੀ ਸਹੀ ਅਰਥਾਂ ਵਿੱਚ ਸੁਚੇ-ਸੁਚੇ ਜੋਗੀ ਦੀ ਨਿਸ਼ਾਨੀ ਅਤੇ ਫਰਜ਼ ਬਣਦਾ ਹੈ। ਐਸੇ ਵਿਦਵਤਾ-ਤਰਕ ਭਰਪੂਰ ਬਚਨਾਂ ਸਾਹਮਣੇ ਜੋਗੀ ਨਿਰੁੱਤਰ ਹੋ ਗਏ ਅਤੇ ਬਹੁਤ ਸਾਰਿਆਂ ਨੇ ਗੁਰੂ ਨਾਨਕ ਮੱਤ ਧਾਰਨ ਕਰ ਲਿਆ। ਗੋਰਖ ਮਤਾ ਹੁਣ ਨਾਨਕ ਮਤਾ ਬਣ ਕੇ ਸਿੱਖੀ ਪ੍ਰਚਾਰ ਦਾ ਕੇਂਦਰ ਬਣ ਗਿਆ।

ਸਿਖਿਆ:- ਅਜ ਅਸੀਂ ਸਿਖ ਅਖਵਾਉਣ ਦਾ ਮਾਣ ਤਾਂ ਹਾਸਲ ਕਰਨਾ ਚਾਹੁੰਦੇ ਹਾਂ, ਇਸੇ ਪਾਸੇ ਯਤਨਸ਼ੀਲ ਹੁੰਦੇ ਹੋਏ ਧਰਮ ਦੇ ਬਾਹਰੀ ਚਿੰਨ ਵੀ ਧਾਰਨ ਕਰ ਲਏ ਹਨ, ਪਰ ਜੀਵਨ ਵਿੱਚ ਸਹੀ ਅਰਥਾਂ ਵਿੱਚ ਧਰਮੀ ਨਹੀਂ ਬਣੇ, ਜੋਗੀਆਂ ਵਾਂਗ ਆਪਣੇ ਹੀ ਪੈਦਾ ਕਰਨ ਵਾਲੇ ਮਾਂ-ਬਾਪ, ਪ੍ਰਵਾਰ, ਸਮਾਜ ਤੋਂ ਦੂਰੀ ਬਣਾ ਲੈਣਾ ਹੀ ਧਰਮ ਸਮਝੀ ਬੈਠੇ ਹਾਂ, ਪਰ ਅਸਲ ਵਿੱਚ ਧਰਮੀ ਬਣੇ ਨਹੀਂ। ਧਰਮੀ ਅਖਵਾਉਣ/ਵਿਖਾਈ ਦੇਣ ਦੀ ਥਾਂ ਤੇ ਧਰਮੀ ਬਨਣਾ ਜਰੂਰੀ ਹੈ। ਜੇ ਅਸੀਂ ‘ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ` ਨੂੰ ਸਮਝ ਕੇ ਐਸਾ ਸੁੱਚਜਾ ਜੀਵਨ ਨਹੀਂ ਬਣਾ ਸਕੇ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਇਸ ਸ਼ਬਦ ਨੂੰ ਕੇਵਲ ਪੜਿਆ-ਸੁਣਿਆ ਹੈ ਸਮਝਿਆ ਨਹੀਂ।

===========

-ਸੁਖਜੀਤ ਸਿੰਘ, ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.