.

ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ (ਭਾਗ -2)

(ਸੁਖਜੀਤ ਸਿੰਘ ਕਪੂਰਥਲਾ)

‘ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ` ਲੇਖ ਲੜੀ ਤਹਿਤ ਉਹਨਾਂ ਸ਼ਬਦਾ ਨੂੰ ਲੜੀ ਬੱਧ ਕਰਨ ਦਾ ਯਤਨ ਹੈ। ਜਿਹੜੇ ਸ਼ਬਦ ਕਿਸੇ ਇਤਿਹਾਸਕ ਘਟਨਾ ਨੂੰ ਆਪਣੇ ਵਿੱਚ ਸਮੋਈ ਬੈਠੇ ਹੋਣ ਦੇ ਨਾਲ-ਨਾਲ ਅਧਿਆਤਮਕ ਮਾਰਗ ਦੀ ਸਿਖਿਆ ਵੀ ਦਿੰਦੇ ਹਨ। ਇਸ ਲੇਖ ਲੜੀ ਤਹਿਤ ਭਾਗ-2 ਪੇਸ਼ ਹੈ।

ਸਲੋਕ ਮ: ੧- ਕੁਬੁਧਿ ਡੂਮਣੀ ਕੁਦਇਆ ਕਸਾਇਣਿ

ਪਰਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ।।

ਕਾਰੀ ਕਢੀ ਕਿਆ ਥੀੲੈ ਜਾਂ ਚਾਰੇ ਬੈਠੀਆਂ ਨਾਲਿ।।

ਸਚੁ ਸੰਜਮੁ ਕਰਨੀ ਕਾਰਾਂ ਨਾਵਣ ਨਾਂਉ ਜਪੇਹੀ।।

ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਧਿ ਨ ਦੇਹੀ।।

(ਵਾਰ ਸਿਰੀ ਰਾਗ- ਸਲੋਕ ਮ: ੧-੯੧)

ਗੁਰੂ ਨਾਨਕ ਸਾਹਿਬ ਸੁਲਤਾਨਪੁਰ ਦੀ ਧਰਤੀ ਤੋਂ `ਚੜਿਆ ਸੋਧਣ ਧਰਤਿ ਲੋਕਾਈ` ਦਾ ਮਕਸਦ ਲੈ ਕੇ ਵੱਖ-ਵੱਖ ਥਾਵਾਂ ਤੇ ਪਹੁੰਚੇ। ਗੁਰੂ ਸਾਹਿਬ ਦੀਆਂ ਉਦਾਸੀਆਂ ਵਾਲੇ ਪੱਖ ਨੂੰ ਪੜਚੋਲਵੀਂ ਨਜ਼ਰ ਨਾਲ ਵੇਖੀਏ ਤਾਂ ਇੱਕ ਗੱਲ ਉਭਰਵੇਂ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਗੁਰੂ ਸਾਹਿਬ ਉਹਨਾਂ ਵੱਖ-ਵੱਖ ਧਾਰਮਿਕ ਸਥਾਨਾਂ ਉਪਰ ਵਿਸ਼ੇਸ਼ ਤੌਰ ਤੇ ਗਏ, ਜਿਥੇ ਧਰਮ ਦੇ ਨਾਮ ਹੇਠ ਨਿਜੀ ਸਵਾਰਥਾਂ ਨੂੰ ਮੁੱਖ ਰੱਖਦੇ ਹੋਏ ਧਰਮ ਨੂੰ ਨਿਜੀ ਲੁੱਟ-ਖਸੁਟ ਲਈ ਵਰਤਿਆ ਜਾ ਰਿਹਾ ਸੀ, ਐਸੇ ਪਖੰਡੀ ਲੋਕਾਂ ਦੇ ਪਖੰਡ ਦਾ ਭਾਂਡਾ ਚੌਰਾਹੇ ਵਿੱਚ ਭੰਨਣ ਦੀ ਜਰੂਰਤ ਸੀ।

ਇਸੇ ਭਾਵਨਾ ਤਹਿਤ ਸਤਗਿੁਰੂ ਨਾਨਕ ਦੇਵ ਜੀ ‘ਹਰਿਦੁਆਰ` ਦੀ ਧਰਤੀ ਤੇ ਪਹੁੰਚੇ। ਜਿਥੇ ਸਤਿਗੁਰੂ ਨੇ ਗੰਗਾ ਵਿੱਚ ਖੜੇ ਹੋ ਕੇ ਪਿਤਰ ਲੋਕ ਨੂੰ ਪਾਣੀ ਪਹੁੰਚਾਉਣ ਲਈ ਸੂਰਜ ਵਲ ਪਾਣੀ ਸੁਟ ਰਹੇ ਲੋਕਾਂ ਨੂੰ ਅਸਲੀਅਤ ਤੋਂ ਜਾਣੂ ਕਰਵਾਇਆ, ਉਸ ਦੇ ਨਾਲ-ਨਾਲ ਇਸੇ ਧਰਤੀ ਉਪਰ ਧਰਮ ਦੇ ਪਹਿਰਾਵੇ ਹੇਠ ਵਿਚਰਨ ਵਾਲੇ ਵੈਸ਼ਨਵ ਸਾਧੂ ਨੂੰ ਕੇਵਲ ਬਾਹਰ ਦੀ ਸੁਚਮਤਾ ਰੱਖਣ ਦੀ ਥਾਂ ਜੀਵਨ ਵਿੱਚ ਸ਼ੁਭ ਗੁਣਾਂ ਵਾਲੀ ਸੁਚਮਤਾ ਦੀ ਮਹਤੱਤਾ ਨੂੰ ਦਰਸਾਇਆ।

ਗੁਰੂ ਨਾਨਕ ਸਾਹਿਰ ਦੇ ਘਰ ਦਾ ਤਾਂ ਸਪਸ਼ਟ ਸਿਧਾਂਤ ਵੀ ਇਹੀ ਹੈ ਕਿ ‘ਸਚ` ਰੂਪੀ ਪ੍ਰਮੇਸ਼ਰ ਨਾਲ ਜੁੜਿਆ ਹੀ ਤਾਂ ਜਾ ਸਕਦਾ ਹੈ ਜੇਕਰ ਅਸੀਂ ਵਿਖਾਵੇ ਦੀ ਥਾਂ ਅਮਲੀ ਰੂਪ ਵਿੱਚ ਸਚੇ-ਸੁਚੇ ਕਿਰਦਾਰ ਦੇ ਮਾਲਕ ਬਣੀਏ। ਇਸ ਪ੍ਰਥਾਇ ਗੁਰਵਾਕ ਹੈ-

-ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ।।

(ਸਿਰੀ ਰਾਗ ਮਹਲਾ ੧- ੬੨)

- ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ।।

ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਇ।।

(ਆਸਾ ਕੀ ਵਾਰ -ਮਹਲਾ ੧-੪੭੨)

ਹਰਿਦੁਆਰ ਵਿਖੇ ਗੰਗਾ ਦੇ ਕਿਨਾਰੇ ਸਵੇਰੇ ਸਮੇਂ ਸ਼ਾਸ਼ਤਰਾਂ ਦੀ ਦੱਸੀ ਮਰਿਆਦਾ ਅਨੁਸਾਰ ਗੰਗਾ ਦੇ ਪਵਿੱਤਰ ਜਲ ਨਾਲ ਇਸ਼ਨਾਨ ਕਰਕੇ, ਗਊ ਦੇ ਗੋਬਰ ਦਾ ਪੋਚਾ ਫੇਰ ਕੇ, ਚੌਂਕੇ ਨੂੰ ਸੁੱਚਾ ਕਰਨ ਉਪਰੰਤ, ਚੌਂਕੇ ਦੇ ਆਲੇ-ਦੁਆਲੇ ‘ਕਾਰ` ਕੱਢ ਕੇ ਬੈਠਣ ਵਾਲੇ ਵੈਸ਼ਨੋ ਸਾਧੂ ਨਾਲ ਮੇਲ ਹੋਇਆ। ਉਸ ਸਾਧੂ ਨੇ ਉਕਤ ਦੱਸੀ ਸਾਰੀ ਮਰਿਆਦਾ ਨਿਭਾਉਣ ਉਪਰੰਤ ਭੋਜਨ ਤਿਆਰ ਕਰਨ ਲਈ ਅੱਗ ਬਾਲ ਦਿਤੀ।

ਇਸੇ ਵਿਸ਼ੇ ਉਪਰ ਗੁਰੂ ਨਾਨਕ ਸਾਹਿਬ ਨੇ ‘ਆਸਾ ਕੀ ਵਾਰ` ਅੰਦਰ ਵੀ ਸਪਸ਼ਟ ਕੀਤਾ ਹੈ-

ਦੇ ਕੇ ਚਉਕਾ ਕਢੀ ਕਾਰ।। ਉਪਰਿ ਆਇ ਬੈਠੇ ਕੂੜਿਆਰ।।

ਮਤੁ ਭਿਟੈ ਵੇ ਮਤੁ ਭਿਟੈ।। ਇਹੁ ਅੰਨੁ ਅਸਾਡਾ ਫਿਟੈ।।

ਤਨਿ ਫਿਟੈ ਫੇੜਿ ਕਰੇਨਿ।। ਮਨ ਜੂਠੈ ਚੁਲੀ ਭਰੇਨਿ।।

ਕਹੁ ਨਾਨਕ ਸਚੁ ਧਿਆਈਐ।। ਸੁਚਿ ਹੋਵੈ ਤਾ ਸਚੁ ਪਾਈਐ।।

(ਆਸਾ ਕੀ ਵਾਰ -ਮਹਲਾ ੧-੪੭੨)

ਵੈਸ਼ਨਵ ਸਾਧ ਨੇ ਇਸ ਬਾਹਰੀ ਕਰਮਕਾਂਡ ਦਾ ਭਾਂਡਾ ਚੌਰਾਹੇ ਵਿੱਚ ਭੰਨਣ ਲਈ ਗੁਰੂ ਸਾਹਿਬ ਨੇ ਭਾਈ ਮਰਦਾਨਾ ਨੂੰ ਅੱਗ ਮੰਗ ਕੇ ਲਿਆਉਣ ਲਈ ਕਿਹਾ। ਭਾਈ ਮਰਦਾਨੇ ਨੇ ਸੁਭਾਵਿਕ ਹੀ ਪੂਰਬ ਵਾਲੇ ਪਾਸੇ ਖੜੇ ਹੋ ਕੇ ਅੱਗ ਦੀ ਮੰਗ ਕੀਤੀ। ਭਾਈ ਮਰਦਾਨੇ ਦਾ ਪਰਛਾਂਵਾ ਉਸ ਸਾਧੂ ਅਤੇ ਸੁਚੇ ਕੀਤੇ ਚੌਂਕੇ ਉਪਰ ਪੈਣ ਤੇ ਸਾਧੂ ਤ੍ਰਬਕ ਕੇ ਭਾਈ ਮਰਦਾਨੇ ਦੀ ਜਾਤ ਪੁੱਛਦਾ ਹੈ। ਭਾਈ ਮਰਦਾਨੇ ਵਲੋਂ ‘ਮਰਾਸੀ` ਜਾਤ ਬਾਰੇ ਦੱਸਣ ਦੇ ਗੁੱਸੇ ਵਿੱਚ ਆ ਕੇ ਅੱਗ ਤਾਂ ਕੀ ਦੇਣੀ ਸੀ, ਭਾਈ ਮਰਦਾਨੇ ਨੂੰ ਮਾਰਨ ਲਈ ਬਲਦੀ ਲੱਕੜ ਹੱਥ ਵਿੱਚ ਫੜ ਕੇ ਆਖਦਾ ਹੈ ਕਿ ਮੈਂ ਤੈਨੂੰ ਨਹੀਂ ਛੱਡਾਂਗਾ ਕਿਉਂਕਿ ਤੇਰੇ ਸ਼ੂਦਰ ਦੇ ਪ੍ਰਛਾਵੇਂ ਨਾਲ ਉਸ ਵਲੋਂ ਇੰਨੀ ਮਿਹਨਤ ਨਾਲ ਤਿਆਰ ਕੀਤੇ ਗਏ ਸੁੱਚੇ ਚੌਂਕੇ ਨੂੰ ਭਿਟ ਦਿਤਾ ਗਿਆ ਹੈ ਜਿਸ ਨਾਲ ਉਸਦੀ ਸਾਰੀ ਕੀਤੀ ਧਾਰਮਿਕ ਮਿਹਨਤ ਵਿਅਰਥ ਚਲੀ ਗਈ ਹੈ।

ਭਾਈ ਮਰਦਾਨਾ ਜੀ ਅੱਗੇ ਅੱਗੇ, ਵੈਸ਼ਨਵ ਸਾਧ ਬਲਦੀ ਹੋਈ ਹੱਥ ਵਿੱਚ ਲੱਕੜ ਲੈ ਕੇ ਮਾਰਨ ਲਈ ਪਿੱਛੇ-ਪਿਛੇ, ਦੌੜਦੇ ਹੋਏ ਗੁਰੂ ਨਾਨਕ ਸਾਹਿਬ ਕੋਲ ਪਹੁੰਚ ਗਏ। ਲੋਕਾਂ ਦਾ ਹਜ਼ੂਮ ਵੀ ਤਮਾਸ਼ਾ ਵੇਖਣ ਲੱਗਾ। ਸਾਰਾ ਹਾਲ ਜਾਨਣ ਤੋਂ ਬਾਦ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਦੀ ਰਬਾਬ ਸੰਗ ਇਸ ਇਤਿਹਾਸਕ ਘਟਨਾ ਸਬੰਧੀ ਵਿਸ਼ਾ ਅਧੀਨ ਸ਼ਬਦ ਉਚਾਰਣ ਕੀਤਾ ਅਤੇ ਲੋਕਾਂ ਸਾਹਮਣੇ ਬਾਹਰੀ ਤੌਰ ਤੇ ਧਾਰਮਿਕ ਪਹਿਰਾਵਾ ਧਾਰਨ ਕਰਕੇ ਧਾਰਮਿਕ ਕਰਮ ਕਰਨ ਵਾਲੇ ਵੈਸ਼ਨਵ ਸਾਧ ਦੀ ਅਸਲੀਅਤ ਲੋਕਾਂ ਸਾਹਮਣੇ ਰੱਖ ਦਿਤੀ। ਇਸ ਸ਼ਬਦ ਰਾਹੀਂ ਸਤਿਗੁਰੂ ਨੇ ਸਮਝਾਇਆ ਕਿ ਪ੍ਰਮੇਸ਼ਰ ਕੇਵਲ ਬਾਹਰੀ ਸੁਚਮਤਾ ਤੇ ਪ੍ਰਸੰਨ ਨਹੀਂ ਹੁੰਦਾ ਸਗੋਂ ਉਹਨਾਂ ਮਨੁੱਖਾਂ ਉਪਰ ਪ੍ਰਸੰਨ ਹੁੰਦਾ ਹੈ ਜਿਹੜੇ ਆਪਣੇ ਜੀਵਨ ਵਿਚੋਂ ਵਿਕਾਰਾਂ ਦਾ ਤਿਆਗ ਕਰਕੇ ਅੰਦਰੋਂ ਬਾਹਰੋਂ ਇੱਕ ਹੋ ਜਾਂਦੇ ਹਨ। ਜਿੰਨਾਂ ਚਿਰ ਮਨੁੱਖ ਦੇ ਜੀਵਨ ਵਿਚੋਂ ਭੈੜੀ ਮੱਤ ਰੂਪੀ ਮਰਾਸਣ, ਨਿਰਦਇਤਾ ਰੂਪੀ ਕਸਾਇਣ, ਪਰਾਈ ਨਿੰਦਾ ਰੂਪੀ ਚੂਹੜੀ, ਕ੍ਰੋਧ ਰੂਪੀ ਚੰਡਾਲ 4 ਮੁੱਖ ਵਿਕਾਰ ਹਨ, ਉਨਾਂ ਚਿਰ ਨਾਹ ਧੋ ਕੇ ਚੌਂਕਾ ਸੁੱਚਾ ਕਰਕੇ ਬਾਹਰੀ ਕਾਰਾਂ ਕੱਢਣ ਦਾ ਕੀ ਲਾਭ ਹੈ?

ਸਿਖਿਆ:- ਕੇਵਲ ਬਾਹਰੀ ਸੁੱਚਮਤਾ ਦੀ ਥਾਂ ਤੇ ਜੀਵਨ ਵਿਚੋਂ ਅਉਗਣਾਂ ਨੂੰ ਬਾਹਰ ਕੱਢ ਕੇ ਸਹੀ ਅਰਥਾਂ ਵਿੱਚ ਸੁਚੇ ਹੋਣ ਦੀ ਲੋੜ ਹੈ। ਜੇ ਅਸੀਂ ਐਸੇ ਜੀਵਨ ਵਾਲੇ ਨਹੀਂ ਬਣਦੇ ਤਾਂ ਅਸੀਂ ਗੁਰੂ ਨਾਨਕ ਦੇ ਇਸ ਇਤਿਹਾਸਕ ਸ਼ਬਦ ਨੂੰ ਕੇਵਲ ਪੜਿਆ ਸੁਣਿਆ ਹੀ ਹੈ, ਸਮਝਿਆ ਕੋਈ ਨਹੀਂ।

===========

-ਸੁਖਜੀਤ ਸਿੰਘ, ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.