.

☬ ਗੂਜਰੀ ਕੀ ਵਾਰ ਮਹਲਾ ੩ ☬

(ਪੰ: 508-517)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੬)

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਪਉੜੀ ਨੰ: ੨ ਦਾ ਮੂਲ ਪਾਠ, ਸਲੋਕਾਂ ਸਮੇਤ)

ਸਲੋਕੁ ਮਃ ੩॥ ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ॥ ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ॥ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ॥ ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ॥ ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ॥ ੧ 

ਮਃ ੩॥ ਸਚਾ ਨਾਮੁ ਧਿਆਈਐ ਸਭੋ ਵਰਤੈ ਸਚੁ॥ ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ॥ ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਨ ਬੁਝਈ ਅੰਧਾ ਕਚੁ ਨਿਕਚੁ॥ ੨ 

ਪਉੜੀ॥ ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ॥ ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ॥ ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ॥ ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ॥ ਮਾਇਆ ਕਾ ਮੂਲੁ ਰਚਾਇਓਨੁ ਤੁਰੀਆ ਸੁਖੁ ਪਾਇਆ॥ ੨ 

(ਪਉੜੀ ੨, ਸਟੀਕ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕੁ ਮਃ ੩॥ ਸਾਹਿਬੁ ਮੇਰਾ ਸਦਾ ਹੈ, ਦਿਸੈ ਸਬਦੁ ਕਮਾਇ॥ ਓਹੁ ਅਉਹਾਣੀ ਕਦੇ ਨਾਹਿ, ਨਾ ਆਵੈ ਨਾ ਜਾਇ॥ ਸਦਾ ਸਦਾ ਸੋ ਸੇਵੀਐ, ਜੋ ਸਭ ਮਹਿ ਰਹੈ ਸਮਾਇ॥ ਅਵਰੁ ਦੂਜਾ ਕਿਉ ਸੇਵੀਐ, ਜੰਮੈ ਤੈ ਮਰਿ ਜਾਇ॥ ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ, ਅਵਰੀ ਕਉ ਚਿਤੁ ਲਾਇ॥ ਨਾਨਕ ਏਵ ਨ ਜਾਪਈ, ਕਰਤਾ ਕੇਤੀ ਦੇਇ ਸਜਾਇ॥ ੧॥ {ਪੰ: ੫੦੯}

ਪਦ ਅਰਥ : — ਸਾਹਿਬੁ ਮੇਰਾ- ਸਮੂਚੀ ਰਚਨਾ ਦਾ ਮਾਲਿਕ ਅਕਾਲਪੁਰਖ। ਅਉਹਾਣੀ—ਨਾਸ ਹੋਣ ਵਾਲਾ, ਨਾਸ਼ਵਾਨ। ਨਿਹਫਲੁ—ਵਿਅਰਥ, ਬਿਰਥਾ, ਅਹਿਲਾ। ਚਿਤੁ ਲਾਇ—ਚਿੱਤ ਲਾ ਕੇ। ਏਵ—ਇਸ ਤਰ੍ਹਾਂ, ਅੰਦਾਜ਼ੇ ਲਗਾਇਆਂ। ਕੇਤੀ—ਕਿਤਨੀ ਜ਼ਿਆਦਾ।

ਅਰਥ : — ਸਾਹਿਬੁ ਮੇਰਾ ਸਦਾ ਹੈ, ਦਿਸੈ ਸਬਦੁ ਕਮਾਇ” - ਗੁਰਦੇਵ ਫ਼ੁਰਮਾਉਂਦੇ ਹਨ, ਮੇਰਾ ਪ੍ਰਭੂ ਅਕਾਲਪੁਰਖ ਸਦਾ ਥਿਰ ਤੇ ਸਦਾ ਕਾਇਮ ਰਹਿਣ ਵਾਲਾ ਹੈ। ਇਹ ਵੀ ਕਿ ‘ਸ਼ਬਦ-ਗੁਰੂ’ ਦੀ ਕਮਾਈ ਨਾਲ ਹੀ, ਉਸ ਪ੍ਰਭੂ ਦੇ ਦਰਸ਼ਨ ਹੋ ਸਕਦੇ ਹਨ। ਭਾਵ ਉਸ ਸਦਾ ਥਿਰ ਪ੍ਰਭੂ ਬਾਰੇ ਸੋਝੀ ਵੀ ਕੇਵਲ ਸ਼ਬਦ ਗੁਰੂ ਦੀ ਕਮਾਈ ਨਾਲ ਹੀ ਹੋ ਸਕਦੀ ਹੈ ਅਤੇ ਉਸ ਤੋਂ ਬਿਨਾ ਅਜਿਹਾ ਸੰਭਵ ਨਹੀਂ।

ਓਹੁ ਅਉਹਾਣੀ ਕਦੇ ਨਾਹਿ, ਨਾ ਆਵੈ ਨਾ ਜਾਇ” - ਪ੍ਰਭੂ ਕਦੇ ਨਾਸ ਹੋਣ ਵਾਲਾ ਵੀ ਨਹੀਂ, ਅਵਿਨਾਸੀ ਹੈ ਤੇ ਉਹ ਪ੍ਰਭੂ ਨਾ ਕਦੇ ਜੰਮਦਾ ਹੈ ਅਤੇ ਨਾ ਮਰਦਾ ਹੈ।

ਸਦਾ ਸਦਾ ਸੋ ਸੇਵੀਐ, ਜੋ ਸਭ ਮਹਿ ਰਹੈ ਸਮਾਇ” -ਗੁਰਦੇਵ ਸਪਸ਼ਟ ਕਰਦੇ ਹਨ, ਉਹ ਸਦਾ ਥਿਰ ਪ੍ਰਭੂ ਹਰੇਕ ਜੀਵ `ਚ ਮੌਜੂਦ ਹੈ। ਇਸ ਲਈ ਉਸ ਸਾਰਿਆਂ `ਚ ਵੱਸ ਰਹੇ ਪ੍ਰਭੂ ਦਾ ਸਦਾ ਸਿਮਰਨ ਕਰਣਾ ਹੈ ਭਾਵ ਉਸ ਕਰਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਹੀ ਸਦਾ ਜੁੜੇ ਰਹਿਣਾ ਹੈ।

ਅਵਰੁ ਦੂਜਾ ਕਿਉ ਸੇਵੀਐ, ਜੰਮੈ ਤੈ ਮਰਿ ਜਾਇ” - ਤਾਂ ਤੇ ਉਸ ਸਦਾ ਥਿਰ ਪ੍ਰਭੂ ਦਾ ਦਰ ਛੱਡ ਕੇ, ਕਿਸੇ ਅਜਿਹੇ ਦੀ ਭਗਤੀ ਕਿਉਂ ਕੀਤੀ ਜਾਵੇ ਜਿਹੜਾ ਜੰਮਦਾ ਵੀ ਹੈ ਤੇ ਫ਼ਿਰ ਮਰਦਾ ਵੀ ਹੈ।

ਨਿਹਫਲੁ ਤਿਨ ਕਾ ਜੀਵਿਆ, ਜਿ ਖਸਮੁ ਨ ਜਾਣਹਿ ਆਪਣਾ, ਅਵਰੀ ਕਉ ਚਿਤੁ ਲਾਇ”- ਗੁਰਦੇਵ ਵੱਡੀ ਦ੍ਰਿੜਤਾ ਨਾਲ ਸਪਸ਼ਟ ਕਰਦੇ ਹਨ, ਉਨ੍ਹਾਂ ਬੰਦਿਆਂ ਦਾ ਜੀਊਣਾ ਵਿਅਰਥ ਹੈ ਜਿਹੜੇ ਸਦਾ ਥਿਰ ਪ੍ਰਭੂ ਦਾ ਦਰ ਛੱਡ ਕੇ, ਕਿਸੇ ਹੋਰ ਨਾਲ ਆਪਣਾ ਚਿੱਤ ਜੋੜਦੇ ਤੇ ਆਪਣੇ ਖਸਮ-ਪ੍ਰਭੂ ਨੂੰ ਨਹੀਂ ਪਛਾਣਦੇ।

ਨਿਹਫਲੁ ਤਿਨ ਕਾ ਜੀਵਿਆ” ਜਾਂ ਉਨ੍ਹਾਂ ਬੰਦਿਆਂ ਦਾ ਜੀਊਣਾ ਵਿਅਰਥ ਹੈ ਤੋਂ ਭਾਵ ਅਜਿਹੇ ਲੋਕਾਂ ਲਈ ਮਨੁੱਖਾ ਜਨਮ `ਚ ਅਉਣਾ ਵੀ ਉਸੇ ਤਰ੍ਹਾਂ ਹੀ ਹੈ ਜਿਵੇਂ ਬਾਕੀ ਅਰਬਾਂ-ਖਰਬਾਂ ਹੋਰ ਕਰਮਭੋਗੀ ਜੂਨਾਂ। ਅਜਿਹੇ ਲੋਕ ਮਨੁੱਖਾ ਜਨਮ ਪਾ ਕੇ ਵੀ ਮੁੜ ਜਨਮਾਂ-ਜੂਨਾਂ ਦੇ ਗੇੜ `ਚ ਹੀ ਪੈਂਦੇ ਹਨ, ਪ੍ਰਭੂ `ਚ ਅਭੇਦ ਨਹੀਂ ਹੁੰਦੇ।

ਨਾਨਕ ਏਵ ਨ ਜਾਪਈ, ਕਰਤਾ ਕੇਤੀ ਦੇਇ ਸਜਾਇ” -ਸਲੋਕ `ਚ ਤੀਜੇ ਨਾਨਕ ਹੋਰ ਫ਼ੁਰਮਾਉਂਦੇ ਹਨ, ਅਜਿਹੇ ਲੋਕ ਜਿਹੜੇ ਖਸਮ ਪ੍ਰਭੂ ਦਾ ਲੜ ਛੱਡ ਕੇ ਇਧਰ ਓਧਰ ਭਟਕੇ ਰਹਿੰਦੇ ਹਨ, ਕਰਤਾ ਉਨ੍ਹਾਂ ਨੂੰ ਕਿਤਨੀ ਸਜ਼ਾ ਦਿੰਦਾ ਹੈ, ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ੧।

ਗੁਰਮੱਤ ਪ੍ਰਚਾਰ ਦਰਸਲ਼ਨ- ਨਿਹਫਲੁ ਤਿਨ ਕਾ ਜੀਵਿਆ” -ਸਲੋਕ `ਚ ਤੀਜੇ ਪਾਤਸ਼ਾਹ ਨੇ ਸਪਸ਼ਟ ਕੀਤਾ ਹੈ ਕਿ ਸਮੂਚੀ ਰਚਨਾ ਦਾ ਕਰਤਾ ਇਕੋ ਇੱਕ ਅਕਾਲਪੁਰਖ ਹੈ, ਭਿੰਨ ਭਿੰਨ ਜਾਂ ਵਧ ਨਹੀਂ ਹਨ। ਇਹ ਵੀ ਕਿ ਪ੍ਰਭੂ ਸਦਾ ਥਿਰ ਰਹਿਣ ਵਾਲਾ ਹੈ, ਅਵਿਨਾਸ਼ੀ ਹੈ ਉਹ ਨਾਸ਼ਵਾਨ ਨਹੀਂ, ਉਹ ਜਨਮ ਮਰਨ `ਚ ਨਹੀਂ ਆਉਂਦਾ ਇਸੇ ਲਈ ਮੰਗਲਾਚਰਣ `ਚ ਪ੍ਰਭੂ ਨੂੰ ‘ਅਜੂਨੀ’ ਤੇ ‘ਸੈਭੰ’ ਵੀ ਕਿਹਾ ਹੈ। ਉਪ੍ਰੰਤ ਇਹ ਵੀ ਕਿ ਦਿਸੈ ਸਬਦੁ ਕਮਾਇ” ਭਾਵ ਉਸ ਪ੍ਰਭੂ ਦੀ ਪ੍ਰਾਪਤੀ ਸ਼ਬਦ ਗੁਰੂ ਦੀ ਕਮਾਈ ਨਾਲ ਹੀ ਸੰਭਵ ਹੈ ਇਸ ਤੋਂ ਬਿਨਾ ਸੰਭਵ ਨਹੀਂ। ਬਲਕਿ ਸਲੋਕ `ਚ ਪਾਤਸ਼ਾਹ ਵੱਲੋਂ ਵਰਤੇ ਗਏ ਲਫ਼ਜ਼ ਮੇਰਾ ਤੋਂ ਭਾਵ ਵੀ ਸਮੂਚੇ ਮਨੁੱਖ ਮਾਤ੍ਰ ਸਮੇਤ ਪ੍ਰਭੂ ਦੀ ਸਮੂਚੀ ਰਚਨਾ ਦਾ ਇਕੋ ਇੱਕ ਸਾਹਿਬ ਕਰਣਾ ਹੈ, ਇਹ ਨਹੀਂ ਕਿ ਗੁਰਦੇਵ ਇਹ ਲਫ਼ਜ਼ ਕੇਵਲ ਇਕੱਲੇ ਆਪਣੇ ਲਈ ਹੀ ਵਰਤ ਰਹੇ ਹਨ।

ਫ਼ਿਰ ਇਹ ਵੀ ਫ਼ੁਰਮਾਇਆ ਜੋ ਸਭ ਮਹਿ ਰਹੈ ਸਮਾਇ” ਭਾਵ ਉਸ ਪ੍ਰਭੂ ਦਾ ਵਜੂਦ ਸਾਰਿਆਂ `ਚ ਹੈ। ਇਸ ਲਈ ਮਨੁੱਖ ਨੂੰ ਸਿਮਰਨ ਭਾਵ ਸਿਫ਼ਤ ਸਲਾਹ ਵੀ ਕਿਸੇ ਹੋਰ ਦੀ ਨਹੀਂ, ਕੇਵਲ ਉਸੇ ਪ੍ਰਭੂ ਦੀ ਹੀ ਕਰਣੀ ਚਾਹੀਦੀ ਹੈ ਜਿਹੜਾ ਪ੍ਰਭੂ ਸਾਰਿਆਂ ਅੰਦਰ ਵੱਸ ਰਿਹਾ ਹੈ। ਇਸ ਦੇ ਉਲਟ, ਮਨੁੱਖ ਨੇ ਉਸ ਸਦਾ ਥਿਰ ‘ਅਜੂਨੀ’ ਤੇ ‘ਸੈਭੰ’ ਪ੍ਰਭੂ ਕਰਤੇ ਦਾ ਦਰ ਛੱਡ ਕੇ ਅਜਿਹੇ ਕਿਸੇ ਵੀ ਹੋਰ ਨਾਲ ਚਿੱਤ ਨਹੀਂ ਜੋੜਣਾ ਜਿਹੜਾ ਜੰਮਦਾ ਵੀ ਹੈ ਤੇ ਫ਼ਿਰ ਮਰਦਾ ਵੀ ਹੈ।

ਬਲਕਿ ਇਥੋਂ ਤੱਕ ਵੀ ਫ਼ੁਰਮਾਇਆ ਹੈ ਕਿ ਜਿਹੜੇ ਲੋਕ ਇਕੋ ਇੱਕ ਉਸ ਸਦਾ ਥਿਰ ਪ੍ਰਭੂ ਦਾ ਦਰ ਛੱਡ ਕੇ ਇਧਰ ਓਧਰ ਭਟਕ ਜਾਂਦੇ ਤੇ ਉਨ੍ਹਾਂ ਦੀ ਅਰਚਾ-ਪੂਜਾ-ਮਾਣਤਾ ਆਦਿ `ਚ ਹੀ ਲੱਗੇ ਰਹਿੰਦੇ ਹਨ ਨਿਹਫਲੁ ਤਿਨ ਕਾ ਜੀਵਿਆ” ਉਨ੍ਹਾਂ ਦਾ ਮਨੁੱਖਾ ਜਨਮ ਲੈਣਾ ਵੀ ਬੇਮਕਸਦ ਤੇ ਬਿਰਥਾ ਜਾਂਦਾ ਹੈ। ਬਿਰਥਾ ਅਥਵਾ ਨਿਹਫਲ ਜਾਂ ਅਹਿਲਾ ਆਦਿ ਸ਼ਬਦਾਵਲੀ ਦੇ ਮਨੁੱਖਾ ਜਨਮ ਲਈ ਗੁਰਬਾਣੀ ਅਰਥ ਹਨ ਕਿ ਉਹ ਜੀਂਦੇ ਜੀ ਵੀ ਖੁਆਰੀਆਂ ਤੇ ਪਲ-ਪਲ ਦੀ ਆਤਮਕ ਮੌਤੇ ਮਰੇ ਰਹਿੰਦੇ ਹਨ ਉਪ੍ਰੰਤ ਸਰੀਰਕ ਮੌਤ ਤੋਂ ਬਾਅਦ ਵੀ ਉਨ੍ਹਾਂ ਲਈ ਮੁੜ ਜਨਮ-ਮਰਨ ਦਾ ਉਹੀ ਗੇੜ ਹੁੰਦਾ ਹੈ।

ਗੁਰਦੇਵ ਤਾਂ ਨਿਹਫਲੁ ਤਿਨ ਕਾ ਜੀਵਿਆ” ਤੋਂ ਬਾਅਦ ਅਜਿਹੇ ਨਿਹਫਲ ਜਨਮ ਵਾਲਿਆਂ ਪ੍ਰਤੀ ਇਥੇ ਹੋਰ ਵੀ ਫ਼ੁਰਮਾਉਂਦੇ ਹਨ। ਫ਼ੁਰਮਾਉਂਦੇ ਹਨ ਨਾਨਕ ਏਵ ਨ ਜਾਪਈ, ਕਰਤਾ ਕੇਤੀ ਦੇਇ ਸਜਾਇ” ਕਿ ਇਹ ਵੀ ਕੇਵਲ ਅਕਾਲਪੁਰਖ ਹੀ ਜਾਣਦਾ ਹੈ ਨਿਹਫਲੁ ਤਿਨ ਕਾ ਜੀਵਿਆ” ਇਸ ਤਰ੍ਹਾਂ ਆਪਣੇ ਦੁਰਲਭ ਤੇ ਅਮੁੱਲੇ ਮਨੁੱਖਾ ਜਨਮ ਨੂੰ ਬਿਰਥਾ ਤੇ ਨਿਹਫਲੁ ਕਰਣ ਵਾਲਿਆਂ ਨੂੰ ਪ੍ਰਭੂ ਕਿਤਨੀ ਤੇ ਕਿਹੋ ਜਿਹੀ ਸਜ਼ਾ ਦਿੰਦਾ ਹੈ, ਇਸ ਦਾ ਤਾਂ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ।

ਉਂਝ ਇਸ ਨਿਹਫਲੁ ਤੇ ਬਿਰਥਾ ਜਨਮ ਵਾਲੇ ਪੱਖ ਨੂੰ ਸਪਸ਼ਟ ਕਰਣ ਸੰਬੰਧੀ ਵੀ ਗੁਰਬਾਣੀ `ਚ ਬੇਅੰਤ ਫ਼ੁਰਮਾਨ ਹਨ। ਉਥੇ ਉਨ੍ਹਾਂ ਗੁਰ ਫ਼ੁਰਮਾਨਾਂ ਰਾਹੀਂ ਸਪਸ਼ਟ ਕੀਤਾ ਹੋਇਆ ਹੈ ਕਿ ਇਸ ਦੁਰਲਭ ਮਨੁੱਖਾ ਜਨਮ ਨੂੰ ਬਿਰਥਾ ਕਰਣ ਬਾਅਦ ਜੀਵ ਨੂੰ, ਮਨੁੱਖਾ ਜਨਮ ਦੌਰਾਨ ਹਉਮੈ ਵੱਸ ਕੀਤੇ ਚੰਗੇ ਭਾਵੇਂ ਮੰਦੇ ਕਰਮਾਂ ਅਨੁਸਾਰ ਮੁੜ ਅਨੰਤ ਕਰਮ ਭੋਗੀ ਜਨਮਾਂ-ਜੂਨਾਂ ਤੇ ਗਰਭਾਂ `ਚੋਂ ਹੀ ਨਿਕਲਣਾ ਤੇ ਉਸ ਬੀਤੇ ਸਮੇਂ ਲਈ ਪਛਤਾਉਣਾ ਵੀ ਪੈਂਦਾ ਹੈ। ਇਹ ਵੱਖਰੀ ਗੱਲ ਹੈ ਕਿ ਪਉੜੀ ਦੀ ਸਮਾਪਤੀ ਬਾਅਦ ਕੁੱਝ ਗੁਰਬਾਣੀ ਫ਼ੁਰਮਾਨਾਂ ਦੇ ਆਧਾਰ `ਤੇ ਹੀ, ਇਸ ਨਿਹਫਲੁ ਤਿਨ ਕਾ ਜੀਵਿਆ” ਭਾਵ ਬਿਰਥਾ ਤੇ ਨਿਹਫਲੁ ਜਨਮ ਵਾਲੇ ਵਿਸ਼ੇ ਨੂੰ ਕੁੱਝ ਹੋਰ ਘੋਖਣ ਦਾ ਯਤਣ ਵੀ ਕਰਾਂਗੇ।

ਮਃ ੩॥ ਸਚਾ ਨਾਮੁ ਧਿਆਈਐ, ਸਭੋ ਵਰਤੈ ਸਚੁ॥ ਨਾਨਕ ਹੁਕਮੁ ਬੁਝਿ ਪਰਵਾਣੁ ਹੋਇ, ਤਾ ਫਲੁ ਪਾਵੈ ਸਚੁ॥ ਕਥਨੀ ਬਦਨੀ ਕਰਤਾ ਫਿਰੈ, ਹੁਕਮੈ ਮੂਲਿ ਨ ਬੁਝਈ, ਅੰਧਾ ਕਚੁ ਨਿਕਚੁ॥ ੨॥ {ਪੰ: ੫੦੯}

ਪਦ ਅਰਥ : —ਸਭੋ—ਹਰ ਥਾਂ। ਸਚੁ—ਸਦਾ-ਥਿਰ ਰਹਿਣ ਵਾਲਾ ਪ੍ਰਭੂ। ਕਥਨੀ—ਗੱਲਾਂ। ਬਦਨੀ—ਬਦਨ ਭਾਵ ਮੂੰਹ ਨਾਲ। ਕਥਨੀ ਬਦਨੀ—ਮੂੰਹ ਨਾਲ ਬਥੇਰੀਆਂ ਗੱਲਾਂ ਕਰਦਾ ਹੈ। ਅੰਧਾ— ਅਗਿਆਨੀ ਮਨੁੱਖ, ਦੁਰਲਭ ਮਨੁੱਖਾ ਜਨਮ ਦੇ ਆਪਣੇ ਇਕੋ ਇੱਕ ਸਫ਼ਲਤਾ ਵਾਲੇ ਮਕਸਦ ਤੋਂ ਅਨਜਾਣ। ਕਚੁ ਨਿਕਚੁ—ਨਿਰੋਲ ਕੱਚਾ, ਬਿਰਥਾ ਜਨਮ, ਮਨੁੱਖਾ ਜਨਮ ਨੂੰ ਬਿਰਥਾ ਗੁਆਉਣ ਵਾਲਾ, ਆਤਮਕ ਪੱਖੋਂ ਮੁਰਦਾ, ਜੀਉਂਦੇ ਜੀਅ ਵੀ ਖੁਆਰੀਆਂ ਤੇ ਮੌਤ ਤੋਂ ਬਾਅਦ ਵੀ ਮੁੜ ਜਨਮ-ਮਰਨ ਦੇ ਗੇੜ ਜਿਵੇਂ “ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ” (ਪੰ: ੪੬੩)।

ਅਰਥ : — ਸਚਾ ਨਾਮੁ ਧਿਆਈਐ, ਸਭੋ ਵਰਤੈ ਸਚੁ” - ਜਿਹੜਾ ਪ੍ਰਭੂ ਸਦਾ-ਥਿਰ ਤੇ ਅਵਿਨਾਸ਼ੀ ਹੈ, ਕਦੇ ਬਿਨਸਦਾ ਨਹੀਂ ਤੇ ਹਰ ਥਾਂ ਵੱਸਦਾ ਵੀ ਹੈ। ਉਸ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ, ਭਾਵ ਸਦਾ ਉਸ ਕਰਤੇ ਦੀ ਸਿਫ਼ਤ ਸਲਾਹ ਨਾਲ ਹੀ ਜੁੜੇ ਰਹਿਣਾ ਚਾਹੀਦਾ ਹੈ।

ਨਾਨਕ ਹੁਕਮੁ ਬੁਝਿ ਪਰਵਾਣੁ ਹੋਇ, ਤਾ ਫਲੁ ਪਾਵੈ ਸਚੁ” - ਤੀਜੇ ਪਾਤਸ਼ਾਹ ਫ਼ੁਰਮਾਉਂਦੇ ਹਨ, ਜਿਹੜੇ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਸਮਝਦੇ ਅਤੇ ਪ੍ਰਭੂ ਦੀ ਰਜ਼ਾ ਨੂੰ ਖਿੜੇ ਮੱਥੇ ਪ੍ਰਵਾਣ ਕਰਦੇ ਹਨ, ਉਹ ਪ੍ਰਭੂ ਦੇ ਦਰ `ਤੇ ਕਬੂਲ ਹੋ ਜਾਂਦੇ ਹਨ।

ਭਾਵ ਉਹ ਆਪਣੇ ਮਨੁੱਖਾ ਜਨਮ ਦੇ ਇਕੋ ਇੱਕ ਪ੍ਰਭੂ ਪ੍ਰਾਪਤੀ ਵਾਲੇ ਮਕਸਦ ਨੂੰ ਜੀਂਦੇ ਜੀਅ ਹਾਸਲ ਕਰ ਲੈਂਦੇ ਹਨ, ਉਨਾਂ ਦਾ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ। ਜਿਵੇਂ “ਇਕਿ ਖੋਟੇ ਇਕਿ ਖਰੇ, ਆਪੇ ਪਰਖਣਹਾਰੁ॥ ਖਰੇ ਖਜਾਨੈ ਪਾਈਅਹਿ, ਖੋਟੇ ਸਟੀਅਹਿ ਬਾਹਰ ਵਾਰਿ” (ਪੰ: ੧੪੩)

ਕਥਨੀ ਬਦਨੀ ਕਰਤਾ ਫਿਰੈ, ਹੁਕਮੈ ਮੂਲਿ ਨ ਬੁਝਈ, ਅੰਧਾ ਕਚੁ ਨਿਕਚੁ” -ਪਰ ਜਿਹੜੇ ਨਿਰੀਆਂ ਮੂੰਹ ਨਾਲ ਗੱਲਾਂ ਕਰਦੇ ਫਿਰਦੇ ਹਨ, ਪ੍ਰਭੂ ਦੀ ਰਜ਼ਾ ਨੂੰ ਉੱਕਾ ਨਹੀਂ ਸਮਝਦੇ ਭਾਵ ਪ੍ਰਭੂ ਦੀ ਹਰੇਕ ਕਰਣੀ `ਤੇ ਕਿਉਂ-ਕਿੰਤੂ ਹੀ ਕਰਦੇ ਹਨ ਤੇ ਪ੍ਰਭੂ ਨਾਲ ਉਲਾਹਨਿਆਂ `ਚ ਹੀ ਪਏ ਰਹਿੰਦੇ ਹਨ; ਉਹ ਅੰਨ੍ਹੇ ਅਗਿਆਨੀ ਹੁੰਦੇ ਹਨ ਤੇ ਨਿਰੀਆਂ ਕੱਚੀਆਂ ਗੱਲਾਂ ਕਰਨ ਵਾਲੇ ਹੀ ਹੁੰਦੇ ਹਨ।

ਇਸ ਤਰ੍ਹਾਂ ਅੰਧਾ” ਤੇ ਕਚੁ ਨਿਕਚੁ” ਤੋਂ ਭਾਵ ਅਜਿਹੇ ਲੋਕ ਦੁਰਲਭ ਮਨੁੱਖਾ ਜਨਮ ਦੇ ਇਕੋ ਇੱਕ ਮਕਸਦ ਤੋਂ ਅਨਜਾਣ ਹੁੰਦੇ ਹਨ। ਇਸੇ ਲਈ ਉਹ ਜੀਉਂਦੇ ਜੀਅ ਵੀ ਵਿਕਾਰਾਂ ਦੀ ਮਾਰ ਹੇਠ ਦੱਬੇ ਰਹਿੰਦੇ ਤੇ ਖੁਆਰ ਹੁੰਦੇ ਹਨ ਉਪ੍ਰੰਤ ਮੌਤ ਤੋਂ ਬਾਅਦ ਵੀ ਫ਼ਿਰ ਤੋਂ ਜਨਮ-ਮਰਨ ਦੇ ਗੇੜ `ਚ ਹੀ ਪੈਂਦੇ ਹਨ ਜਿਵੇਂ “ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ” (ਪੰ: ੪੬੩)। ੨।

ਗੁਰਮੱਤ ਵਿਚਾਰ ਦਰਸ਼ਨ-ਗੁਰਦੇਵ ਫ਼ੁਰਮਾਉਂਦੇ ਹਨ, ਸੰਪੂਰਨ ਰਚਨਾ `ਚ ਇਕੋ ਇੱਕ ਕਰਤੇ ਪ੍ਰਭੂ ਦੀ ਕਲਾ ਵਰਤ ਰਹੀ ਹੈ ਅਤੇ ਉਸ ਪ੍ਰਭੂ ਦੀ ਕਰਣੀ `ਚ ਉੱਕਾ ਉਕਾਈ ਨਹੀਂ। ਇਸ ਲਈ ਜਿਹੜੇ ਲੋਕ, ਮਨੁੱਖਾ ਜਨਮ ਪ੍ਰਾਪਤ ਕਰਕੇ, ਕਰਤੇ ਦੀ ਰਜ਼ਾ `ਚ ਖਿੜੇ ਮੱਥੇ ਰਹਿ ਕੇ, ਜੀਵਨ ਬਤੀਤ ਕਰਦੇ ਹਨ। ਉਹ, ਉਸ ਪ੍ਰਭੂ ਦੇ ਦਰ `ਤੇ ਪ੍ਰਵਾਣ ਹੋ ਜਾਂਦੇ ਹਨ। ਪ੍ਰਵਾਣ ਭਾਵ ਉਨ੍ਹਾਂ ਦਾ ਪ੍ਰਾਪਤ ਇਸ ਤਰ੍ਹਾਂ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ। ਇਸ ਤਰ੍ਹਾਂ ਉਨ੍ਹਾਂ ਦਾ ਇਹ ਲੋਕ ਵੀ ਸੁਧਰ ਜਾਂਦਾ ਹੈ ਤੇ ਪ੍ਰਲੋਕ ਵੀ। ਉਹ ਜੀਊਂਦੇ ਜੀਅ ਵੀ ਕਰਤੇ `ਚ ਇੱਕ ਮਿੱਕ ਤੇ ਉਸ ਨਾਲ ਅਭੇਦ ਹੋ ਕੇ ਜੀਂਦੇ ਹਨ, ਅਨਂਦਮਈ ਸੰਤੋਖੀ ਮਾਨਸਿਕ ਟਿਕਾਅ, ਅਡੋਲਤਾ ਤੇ ਸਹਿਜ ਵਾਲਾ ਜੀਵਨ ਬਤੀਤ ਕਰਦੇ ਹਨ। ਫ਼ਿਰ ਸਰੀਰ ਤਿਆਗਣ ਬਾਅਦ ਵੀ ਉਹ ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਪੈਂਦੇ, ਉਹ ਆਪਣੇ ਅਸਲੇ ਪ੍ਰਭੂ ਅਕਾਲਪੁਰਖ `ਚ ਹੀ ਸਦਾ ਲਈ ਸਮਾ ਜਾਂਦੇ ਹਨ।

ਦੂਜੇ ਜਿਹੜੇ ਸੰਸਾਰਕ ਮੋਹ ਮਾਇਆ ਤੇ ਕੱਚੀਆਂ ਬਾਤਾਂ `ਚ ਰੁਝੇ ਰਹਿ ਕੇ ਦੁਰਲਭ ਮਨੁੱਖਾ ਜਨਮ ਮੁਕਾਅ ਦਿੰਦੇ ਹਨ। ਅਜਿਹੇ ਲੋਕ ਮਨੁੱਖਾ ਜਨਮ ਦੇ ਅਸਲ ਮਕਸਦ ਤੋਂ ਪੂਰੀ ਤਰ੍ਹਾਂ ਅਨਜਾਣ ਤੇ ਕੋਰੇ ਭਾਵ ਅਗਿਆਨੀ ਹੁੰਦੇ ਹਨ। ਉਹ ਬਹੁਤਾ ਕਰਕੇ ਪ੍ਰਭੂ ਦੀ ਕਰਣੀ `ਤੇ ਹੀ ਕਿਉਂ-ਕਿੰਤੂ ਕਰਦੇ ਰਹਿੰਦੇ ਹਨ ਤੇ ਗੱਲ ਗੱਲ ਤੇ ਅਕਾਲਪੁਰਖ ਨੂੰ ਉਲਾਹਣੇ ਹੀ ਦਿੰਦੇ ਰਹਿੰਦੇ ਹਨ। ਉਨ੍ਹਾਂ ਨੂੰ ਕਰਤੇ ਦੀ ਰਜ਼ਾ ਵਾਲੇ ਜੀਵਨ ਦੀ ਉੱਕਾ ਸਮਝ ਨਹੀਂ ਹੁੰਦੀ। ਗੁਰਦੇਵ ਫ਼ੁਰਮਾਉਂਦੇ ਹਨ, ਅਜਿਹੇ ਲੋਕ ਕਥਨੀ ਬਦਨੀ ਕਰਤਾ ਫਿਰੈ, ਹੁਕਮੈ ਮੂਲਿ ਨ ਬੁਝਈ, ਅੰਧਾ ਕਚੁ ਨਿਕਚੁ” ਆਪਣੇ ਅਨਮੋਲ ਮਨੁੱਖਾ ਜਨਮ ਨੂੰ ਬਿਰਥਾ ਤੇ ਬੇ-ਮਕਸਦ ਕਰਣੀ `ਚ ਗੁਆ ਦਿੰਦੇ ਹਨ। ਉਹ ਅੰਧਾ ਕਚੁ ਨਿਕਚੁ” ਅਨੁਸਾਰ ਜੀਉਂਦੇ ਜੀਅ ਵੀ ਵਿਕਾਰਾਂ ਦੀ ਮਾਰ ਹੇਠ ਦੱਬੇ ਰਹਿੰਦੇ ਹਨ, ਖੁਆਰ ਹੁੰਦੇ ਹਨ ਅਤੇ ਆਤਮਕ ਪੱਖੋਂ ਮੁਰਦਾ ਹੁੰਦੇ ਹਨ। ਉਪ੍ਰੰਤ ਸਰੀਰਕ ਮੌਤ ਤੋਂ ਬਾਅਦ ਵੀ ਮੁੜ ਜਨਮ-ਮਰਨ ਦੇ ਗੇੜ `ਚ ਹੀ ਪੈਂਦੇ ਹਨ।

ਪਉੜੀ॥ ਸੰਜੋਗੁ ਵਿਜੋਗੁ ਉਪਾਇਓਨੁ, ਸ੍ਰਿਸਟੀ ਕਾ ਮੂਲੁ ਰਚਾਇਆ॥ ਹੁਕਮੀ ਸ੍ਰਿਸਟਿ ਸਾਜੀਅਨੁ, ਜੋਤੀ ਜੋਤਿ ਮਿਲਾਇਆ॥ ਜੋਤੀ ਹੂੰ ਸਭੁ ਚਾਨਣਾ, ਸਤਿਗੁਰਿ ਸਬਦੁ ਸੁਣਾਇਆ॥ ਬ੍ਰਹਮਾ ਬਿਸਨੁ ਮਹੇਸੁ, ਤ੍ਰੈ ਗੁਣ ਸਿਰਿ, ਧੰਧੈ ਲਾਇਆ॥ ਮਾਇਆ ਕਾ ਮੂਲੁ ਰਚਾਇਓਨੁ, ਤੁਰੀਆ ਸੁਖੁ ਪਾਇਆ॥ ੨॥ {ਪੰ: ੫੦੯}

ਪਦ ਅਰਥ : —ਸੰਜੋਗੁ—ਮੇਲ ਹੋਣਾ, ਮਿਲਾਪ ਹੋਣਾ। ਵਿਜੋਗੁ—ਵਿਛੋੜਾ। ਉਪਾਇਓਨੁ—ਉਪਾਇਆ ਉਸ ਨੇ। ਸੰਜੋਗੁ ਵਿਜੋਗੁ ਉਪਾਇਓਨੁ—ਉਸ ਪ੍ਰਭੂ ਨੇ ਜੀਵਾਂ ਦੇ ਮਿਲਾਪ ਤੇ ਵਿਛੋੜੇ ਵਾਲੇ ਨਿਯਮ ਨੂੰ ਕਾਇਮ ਕੀਤਾ। ਮੂਲੁ—ਮੁੱਢ। ਰਚਾਇਆ— ਰਚਾਇਆ ਉਸ ਨੇ, ਪ੍ਰਭੂ ਨੇ ਬਾਨ੍ਹਨ ਬੰਨਿਆਂ, ਉਸ ਪ੍ਰਭੂ ਨੇ ਚਾਲੂ ਕੀਤਾ। ਸਾਜੀਅਨੁ—ਸਾਜੀ ਉਸ ਨੇ। ਜੋਤੀ ਜੋਤਿ—ਜੀਵਾਂ ਅੰਦਰ ਆਤਮਾ ਰੂਪ ਪ੍ਰਭੂ ਦੀ ਆਪਣੀ ਜੋਤ। ਜੋਤੀ ਹੂੰ—ਜੋਤਿ ਤੋਂ ਹੀ। ਚਾਨਣਾ—ਪ੍ਰਕਾਸ਼, ਪ੍ਰਭੂ ਦਾ ਜੋਤ ਰੂਪ ਪ੍ਰਕਾਸ਼, ਜੀਵਨ ਜੋਤ, ਜੀਵਾਂ ਅੰਦਰ ਜੀਵਨ ਅਥਵਾ ਜ਼ਿੰਦਗੀ ਦੀ ਲਹਿਰ।

ਜੋਤੀ ਹੂੰ ਸਭੁ ਚਾਨਣਾ—ਪ੍ਰਭੂ ਦੀ ਆਪਣੀ ਜੋਤ ਤੋਂ ਹੀ ਸਾਰੇ ਜੀਵਾਂ ਅੰਦਰ ਜੀਵਨ ਦੀ ਜੋਤ ਦਾ ਪ੍ਰਕਾਸ਼। ਬ੍ਰਹਮਾ—ਉਤਪਤੀ ਵਾਲਾ ਗੁਣ। ਬਿਸਨੁ—ਪਾਲਨਾ ਕਰਣ ਵਾਲਾ ਗੁਣ। ਮਹੇਸ—ਸਮੇਟਨਾ, ਅੰਤ ਕਰਣਾ, ਨਾਲ ਨਾਲ ਸਮੇਟਣ ਵਾਲਾ ਗੁਣ, ਕਚਹਿਰੀ। ਤ੍ਰੈ ਗੁਣ—ਤਿੰਨ ਗੁਣ-ਜੀਵਾਂ ਦੀ ਉਤਪਤੀ, ਪਾਲਨਾ ਤੇ ਜੀਵਾਂ ਨੂੰ ਸਮੇਟਨ ਵਾਲੇ ਤਿੰਨ ਗੁਣ। ਸਿਰਿ—ਸਿਰਜ ਕੇ, ਪੈਦਾ ਕਰਕੇ, ਬਣਾ ਕੇ, ਕਾਇਮ ਕਰਕੇ। ਧੰਧੈ ਲਾਇਆ—ਆਹਿਰਾਂ `ਚ ਲਗਾਇਆ। ਬ੍ਰਹਮਾ ਬਿਸਨੁ ਮਹੇਸੁ, ਤ੍ਰੈ ਗੁਣ ਸਿਰਿ, ਧੰਧੈ ਲਾਇਆ— ਜੀਵਾਂ ਦੀ ਉਤਪਤੀ, ਪਾਲਨਾ ਤੇ ਫ਼ਿਰ ਉਨ੍ਹਾਂ ਨੂੰ ਸਮੇਟਣ ਵਾਲੇ ਤਿੰਨ ਗੁਣ ਕਾਇਮ ਕਰਕੇ (ਪ੍ਰਭੂ ਨੇ) ਉਨ੍ਹਾਂ ਜੀਵਾਂ ਨੂੰ ਸਿਰੇ ਸਿਰ ਧੰਦਿਆਂ `ਚ ਵੀ ਲਗਾ ਦਿੱਤਾ। ਸੁਣਾਇਆ—ਇਸ ਮੂਲ ਤੱਥ ਨੂੰ ਪ੍ਰਗਟ ਕੀਤਾ। ਮਾਇਆ—ਰਜੋ ਤਮੋ ਸਤੋ ਤ੍ਰੈ ਗੁਣੀ ਮਾਇਆ। ਤੁਰੀਆ—ਚੌਥੇ ਪਦ `ਚ।

ਅਰਥ : — ਸੰਜੋਗੁ ਵਿਜੋਗੁ ਉਪਾਇਓਨੁ, ਸ੍ਰਿਸਟੀ ਕਾ ਮੂਲੁ ਰਚਾਇਆ” -ਪ੍ਰਭੂ ਪ੍ਰਮਾਤਮਾ ਨੇ ਸੰਜੋਗ ਤੇ ਵਿਜੋਗ ਦੇ ਰੂਪ `ਚ ਜੀਵਾਂ ਦੇ ਮਿਲਾਪ ਤੇ ਵਿਛੋੜੇ ਵਾਲਾ ਨਿਯਮ ਕਾਇਮ ਕਰਕੇ ਇਸ ਸ੍ਰਿਸ਼ਟੀ ਦੇ ਮੁੱਢ ਅਥਵਾ ਬਾਨ੍ਹਨ ਨੂੰ ਬੰਨਿਆ।

ਹੁਕਮੀ ਸ੍ਰਿਸਟਿ ਸਾਜੀਅਨੁ, ਜੋਤੀ ਜੋਤਿ ਮਿਲਾਇਆ” -ਪ੍ਰਭੂ ਨੇ ਆਪਣੇ ਹੀ ਹੁਕਮ `ਚ ਇਸ ਸ੍ਰਿਸ਼ਟੀ ਦੀ ਸਾਜਨਾ ਕੀਤੀ ਤੇ ਜੀਵਾਂ ਅੰਦਰ ਆਪਣੀ ਜੌਤ ਤੋਂ ਜੋਤ ਵੀ ਮਿਲਾ ਦਿੱਤੀ।

ਜੋਤੀ ਹੂੰ ਸਭੁ ਚਾਨਣਾ, ਸਤਿਗੁਰਿ ਸਬਦੁ ਸੁਣਾਇਆ” -ਇਸ ਤਰ੍ਹਾਂ ਸਾਰੇ ਜੀਵਾਂ ਅੰਦਰ ਪ੍ਰਭੂ ਦੀ ਉਸ ਜੋਤ ਦਾ ਹੀ ਪ੍ਰਕਾਸ਼ ਹੈ ਭਾਵ ਜੀਵਾਂ ਅੰਦਰ ਪ੍ਰਭੂ ਦੀ ਜੋਤ ਤੋਂ ਜੀਵਨ ਦੀ ਲਹਿਰ ਟੁਰ ਰਹੀ ਹੈ। ਉਪ੍ਰੰਤ ਕਰਤੇ ਨੇ ਸ਼ਬਦ ਰੂਪ ਹੋ ਕੇ ਸਤਿਗੁਰੂ ਦੇ ਰੂਪ `ਚ ਜੀਵਾਂ ਅੰਦਰੋਂ ਇਸ ਸੱਚ ਨੂੰ ਪ੍ਰਗਟ ਕੀਤਾ।

ਬ੍ਰਹਮਾ ਬਿਸਨੁ ਮਹੇਸੁ, ਤ੍ਰੈ ਗੁਣ ਸਿਰਿ, ਧੰਧੈ ਲਾਇਆ” - ਉਪ੍ਰੰਤ ਬ੍ਰਹਮਾ, ਵਿਸ਼ਨੂ ਤੇ ਮਹੇਸ਼ ਭਾਵ ਉਨ੍ਹਾਂ ਜੀਵਾਂ ਦੀ ਉਤਪਤੀ, ਪਾਲਨਾ ਤੇ ਫ਼ਿਰ ਉਨ੍ਹਾਂ ਨੂੰ ਸਮੇਟਣ ਵਾਲੇ ਇਹ ਤਿੰਨ ਗੁਣ ਕਾਇਮ ਕਰਕੇ, ਪ੍ਰਭੂ ਨੇ ਉਨ੍ਹਾਂ ਜੀਵਾਂ ਨੂੰ ਧੰਦਿਆਂ `ਚ ਵੀ ਲਗਾ ਦਿੱਤਾ। ਜਿਵੇਂ “ਤੁਧੁ ਸੰਸਾਰੁ ਉਪਾਇਆ॥ ਸਿਰੇ ਸਿਰਿ ਧੰਧੇ ਲਾਇਆ” (ਪੰ: ੭੧)

ਮਾਇਆ ਕਾ ਮੂਲੁ ਰਚਾਇਓਨੁ, ਤੁਰੀਆ ਸੁਖੁ ਪਾਇਆ” - ਅਕਾਲਪੁਰਖ ਨੇ ਸ੍ਰਿਸ਼ਟੀ ਰਚਨਾ ਦੀ ਇਸ ਸਾਰੀ ਖੇਡ ਨੂੰ ਚਲਾਉਣ ਲਈ ਤ੍ਰੈ ਗੁਣੀ ਮਾਇਆ ਦਾ ਮੂਲ ਵੀ ਬੰਨਿਆਂ। ਫ਼ਿਰ ਇਸ ਤ੍ਰੈ ਗੁਣੀ ਮਾਇਆ `ਚ ਰਹਿੰਦੇ ਤੇ ਵਿਚਰਦੇ ਹੋਏ, ਜੀਵਨ ਦਾ ਅਸਲ ਸੁਖ ਕੇਵਲ ਉਨ੍ਹਾਂ ਨੂੰ ਹੀ ਪ੍ਰਾਪਤ ਹੋਇਆ ਜਿਹੜੇ ਜੀਵਨ `ਚ ਮਾਇਆ ਦੇ ਹੀ ਚੌਥੇ ਅਥਵਾ ਤੁਰੀਆ ਪਦ ਨੂੰ ਪ੍ਰਾਪਤ ਹੋਏ। ੨। (ਇਸ ਪਉੜੀ ਦਾ ਬਾਕੀ ਭਾਗ ਇਸ ਵਾਰ ਦੀ ਕਿਸ਼ਤ ਨੰ: ੭ `ਚ ਪੜੋ ਜੀ)। (ਚਲਦਾ) #Instt. 06 Gu.ki.v.02.014#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Gujri Ki Vaar M:3 Steek & GVD” BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org  




.