.

108 ਦਾ ਭੇਦ ਅਤੇ ਗੁਰਮਤਿ

(ਸੁਖਜੀਤ ਸਿੰਘ ਕਪੂਰਥਲਾ)

ਅਜੋਕੇ ਸਮੇ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਸਾਧ ਸੰਤ ਆਪਣੇ ਨਾਮ ਨਾਲ ਬ੍ਰਹਮਗਿਆਨੀ, ਪੂਰਨ ਬ੍ਰਹਮਗਿਆਨੀ, 108 ਅਤੇ 1008 ਦੀਆਂ ਪਦਵੀਆਂ ਲਾਉਂਦੇ ਹਨ। ਇਸ ਸਬੰਧੀ ਪੂਰੀ ਜਾਣਕਾਰੀ ਦਾ ਦਾਸ ਦਾਅਵਾ ਤਾਂ ਨਹੀ ਕਰਦਾ ਪਰ ਆਪਣੀ ਤੁੱਛ ਬੁੱਧੀ ਅਨੁਸਾਰ ਕੁੱਝ ਦੱਸਣ ਦਾ ਯਤਨ ਜ਼ਰੂਰ ਕਰ ਰਿਹਾ ਹੈ।

ਜੋ ਮਨੁੱਖ ਆਪਣੇ ਨਾਵਾਂ ਦੇ ਨਾਲ 108 ਦੀ ਗਿਣਤੀ ਲਾ ਲੈਂਦੇ ਹਨ, ਕਦੀ ਉਨ੍ਹਾਂ ਨੂੰ ਪੁੱਛ ਕੇ ਦੇਖਣਾ ਕਿ 108 ਦਾ ਕੀ ਮਤਲਬ ਹੁੰਦਾ ਹੈ? ਸ਼ਾਇਦ ਉਹਨਾਂ ਦੇ ਨਾਲ-ਨਾਲ ਸਾਡੇ ਵਿਚੋਂ ਵੀ ਬਹੁਗਿਣਤੀ ਨੂੰੰ 108 ਦੇ ਮਤਲਬ ਦਾ ਨਹੀ ਪਤਾ। ਪਰ ਉਹਨਾਂ ਲੋਕਾਂ ਦੀ ਤਸੱਲੀ 108 ਦੇ ਨਾਲ ਨਹੀ ਹੁੰਦੀ ਤੇ ਉਹ ਆਪਣੇ ਨਾਵਾਂ ਦੇ ਨਾਲ 1008 (ਇਕ ਹਜਾਰ ਅੱਠ) ਲਗਾਉਣ ਲਗ ਪਏ ਹਨ। ਮੈਨੂੰ ਲਗਦਾ ਹੈ ਕਿ ਹੁਣ ਭਵਿੱਖ ਵਿੱਚ ਉਹ ਇਹ ਗਿਣਤੀ ਵਧਾ ਕੇ 100008 (ਇਕ ਲਖ ਅੱਠ) ਕਰ ਕੇ ਆਪਣੇ ਨਾਮ ਦੇ ਨਾਲ ਲਗਾਉਣਗੇ। ਪਰ ਇਹਨਾਂ ਨੂੰ ਵੀ ਨਹੀ ਪਤਾ ਕਿ 108 ਦਾ ਮਤਲਬ ਕੀ ਹੈ?

ਵੈਸੇ ਸਾਡੇ ਦੇਸ਼ ਵਿੱਚ ਕੁੱਝ ਜਾਤਾਂ, ਬਰਾਦਰੀਆਂ ਵੀ ਦਿਖਾਈ ਦਿੰਦੀਆਂ ਨੇ, ਜਿਨ੍ਹਾਂ ਵਿੱਚ ਬੇਦੀ ਹੈ, ਦਵੇਦੀ ਹੈ, ਤ੍ਰਿਵੇਦੀ ਹੈ, ਚਤੁਰਵੇਦੀ ਹੈ। ਇਸ ਦਾ ਭਾਵ ਹੈ ਕਿ ਹਿੰਦੂ ਧਰਮ ਦੇ ਚਾਰ ਵੇਦ ਹਨ। ਜਿਹੜਾ ਵੀ ਕੋਈ ਗਿਆਨਵਾਨ ਇੱਕ ਵੇਦ ਦਾ ਗਿਆਤਾ ਹੈ ਉਹ ‘ਬੇਦੀ` ਹੈ, ਜਿਹੜਾ ਦੋ ਵੇਦਾਂ ਦਾ ਗਿਆਤਾ ਹੈ ਉਸਨੂੰ ‘ਦਵੇਦੀ` ਨਾਲ ਨਿਵਾਜਿਆ ਜਾਂਦਾ ਹੈ। ਜਿਸ ਨੂੰ ਤਿੰਨ ਵੇਦਾਂ ਦਾ ਗਿਆਨ ਹੈ ਉਹ ‘ਤ੍ਰਿਵੇਦੀ`ਹੈ, ਇਸੇ ਤਰਾਂ ਨਾਲ ਜਿਸਨੂੰ ਚਾਰੇ ਵੇਦਾਂ ਦਾ ਗਿਆਨ ਹੈ, ਉਸਨੂੰ `ਚਤੁਰਵੇਦੀ` (ਪੰਡਿਤ) ਦੀ ਪਦਵੀ ਨਾਲ ਨਿਵਾਜਿਆ ਜਾਂਦਾ ਹੈ। ਇਹ ਗਿਆਨ ਦੀਆਂ ਪਦਵੀਆਂ ਹਨ। ਇਹ ਵੱਖਰੀ ਗਲ ਹੈ ਕਿ ਇਹਨਾਂ ਨੂੰ ਅਸੀਂ ਜਾਤਾਂ ਬਰਾਦਰੀਆਂ ਵਿੱਚ ਵੰਡ ਕੇ ਰੱਖੀ ਬੈਠੇ ਹਾਂ।

108 ਦੀ ਪਦਵੀ ਦਾ ਮਤਲਬ ਕੀ ਹੈ ? ਇਸ 108 ਦੀ ਪਦਵੀ ਦਾ ਸਿੱਖ ਧਰਮ/ਗੁਰਮਤਿ ਨਾਲ ਕਿਸੇ ਤਰਾਂ ਦਾ ਸਿੱਧਾ ਜਾਂ ਅਸਿੱਧਾ ਸਬੰਧ ਵੀ ਨਹੀ ਹੈ, ਇਹ ਹਿੰਦੂ ਧਰਮ ਨਾਲ ਸਬੰਧਤ ਗਿਆਨ ਦੀ ਗੱਲ ਹੈ, ਜੋ ਹਿੰਦੂ ਧਰਮ ਦੇ 108 ਗਿਆਨ ਦੇ ਗ੍ਰੰਥਾਂ ਦਾ ਗਿਆਤਾ ਹੈ, ਉਸ ਨੂੰ 108 ਦੀ ਪਦਵੀ ਦਿਤੀ ਜਾਂਦੀ ਹੈ। ਉਹ ਗਿਆਨ ਦੇ 108 ਗ੍ਰੰਥ ਕਿਹੜੇ ਹਨ? ਕੁਝ ਵਿਚਾਰਵਾਨਾਂ ਨੇ ਇਸ ਗਿਣਤੀ ਪ੍ਰਤੀ ਹੇਠ ਲਿਖੇ ਅਨੁਸਾਰ ਸਪਸ਼ਟ ਕਰਨ ਦਾ ਯਤਨ ਕੀਤਾ ਹੈ-

ਚਾਰ - ਵੇਦ

ਛੇ- ਸ਼ਾਸਤਰ

ਅਠਾਰਾਂ -ਪੁਰਾਨ

ਸਤਾਈ- ਸਿਮ੍ਰਤੀਆਂ

ਬਵੰਜਾ- ਉਪਨਿਸ਼ਦ

ਇਕ- ਗਾਇਤਰੀ ਮੰਤ੍ਰ

ਇਹਨਾਂ ਦੀ ਕੁਲ ਗਿਣਤੀ 108 ਬਣਦੀ ਹੈ ਜੋ ਕਿ ਗਿਆਨ ਨਾਲ ਸਬੰਧਤ ਧਾਰਮਿਕ ਗ੍ਰੰਥ ਹਨ। ਸੋ ਜੋ ਇਹਨਾਂ 108 ਧਾਰਮਿਕ ਗ੍ਰੰਥਾਂ ਦਾ ਗਿਆਤਾ ਹੁੰਦਾ ਹੈ, ਉਸ ਨੂੰ ਹਿੰਦੂ ਧਰਮ ਵਿੱਚ 108 ਦੀ ਪਦਵੀ ਦਿਤੀ ਜਾਂਦੀ ਹੈ।

ਹੁਣ ਫੈਸਲਾ ਅਸੀਂ ਆਪ ਕਰ ਲਈਏ ਕਿ ਗੁਰਮਤਿ/ਸਿੱਖ ਧਰਮ ਨਾਲ 108 ਦਾ ਕੀ ਸਬੰਧ ਹੈ? ਅਸੀਂ ਕਦੀ ਇਹ ਵਿਚਾਰਣਾ ਹੀ ਨਹੀ ਹੈ ਤੇ ਨਾ ਕਦੀ ਵਿਚਾਰਣ ਦੀ ਜ਼ਰੂਰਤ ਸਮਝੀ ਹੈ, ਬਸ! ਲੋਕ ਬਾਬਾ ਜੀ 108, ਬਾਬਾ ਜੀ 108 ਦੀ ਰਟ ਲਾਈ ਜਾਂਦੇ ਨੇ ਤੇ ਬਾਬਾ ਜੀ ਆਪਣੇ ਨਾਮ ਦੇ ਨਾਲ 108 ਲਾ ਕੇ ਹੀ ਭੋਲੇ ਭਾਲੇ ਲੋਕਾਂ/ਸਿੱਖਾਂ ਨੂੰ ਆਪਣੇ ਪਿਛੇ ਲਾਈ ਫਿਰਦੇ ਨੇ।

ਇਸ ਸਬੰਧ ਵਿੱਚ ਹੈਰਾਨਗੀ ਉਦੋਂ ਹੁੰਦੀ ਹੈ ਜਦੋਂ ਸਿੱਖ ਸਮਾਜ ਅੰਦਰ ਵੀ ਦੇਖਾ-ਦੇਖੀ ਐਸਾ ਹੀ ਪ੍ਰਚਲਣ ਆਮ ਦਿਖਾਈ ਦਿੰਦਾ ਹੈ, ਜੋ ਸਾਡੀ ਗੁਰਮਤਿ ਸਿਧਾਂਤਾਂ/ ਗੁਰਬਾਣੀ ਗਿਆਨ ਪ੍ਰਤੀ ਪ੍ਰਤੱਖ ਰੂਪ ਵਿੱਚ ਅਗਿਆਨਤਾ ਦਾ ਸਬੂਤ ਹੈ। ਗਿਆਨ ਦੇ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਮੁਬਾਰਕ/ਹੋਰ ਗੱਲ ਹੈ, ਪ੍ਰੰਤੂ ਅਸਲ ਪ੍ਰਾਪਤੀ ਸ਼ਬਦ ਗੁਰੂ ਦੇ ਗਿਆਨ ਨੂੰ ਸਮਝਣ ਉਪਰੰਤ ਜੀਵਨ ਵਿੱਚ ਅਪਨਾਉਣ ਦੀ ਹੈ।

ਅਜ ਕਲ੍ਹ ਇੱਕ ਹੋਰ ਰਿਵਾਜ ਵੀ ਚਲ ਪਿਆ ਹੈ ਕਿ ਬਾਬਿਆਂ ਦੇ ਸ਼ਰਧਾਲੂ ਅਕਸਰ ਕਹਿੰਦੇ ਸੁਣੇ ਜਾਂਦੇ ਹਨ ਕਿ ਸਾਡੇ ਬਾਬਾ ਜੀ ਜਤੀ-ਸਤੀ ਨੇ, ਬਾਬਾ ਜੀ ਨੇ ਵਿਆਹ ਨਹੀ ਕਰਵਾਇਆ। ਪਰ ਉਹ ਇਹ ਗੱਲ ਕਿਉਂ ਭੁੱਲ ਜਾਂਦੇ ਨੇ ਕਿ ਭਗਤ ਕਬੀਰ ਜੀ ਸਾਨੂੰ ਬੜੇ ਵਧੀਆ ਢੰਗ ਨਾਲ ਸਮਝਾ ਰਹੇ ਨੇ-

ਬਿੰਦੁ ਰਾਖਿ ਜੌ ਤਰੀਐ ਭਾਈ।।

ਖੁਸਰੈ ਕਿਉ ਨ ਪਰਮ ਗਤਿ ਪਾਈ।।

(ਗਉੜੀ ਕਬੀਰ ਜੀ-੩੨੪)

ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ! ਜੇਕਰ ਜਤੀ-ਸਤੀ ਹੋਣ ਨਾਲ ਹੀ ਰਬ ਮਿਲਦਾ ਹੈ ਤਾਂ ਖੁਸਰੇ ਨੂੰ ਅਕਾਲ ਪੁਰਖ ਨੇ ਜਤੀ-ਸਤੀ ਹੀ ਪੈਦਾ ਕੀਤਾ ਹੈ। ਫਿਰ ਉਹ ਤਾਂ ਵੱਡਾ ਸੰਤ ਹੋਣਾ ਚਾਹੀਦਾ ਹੈ ਤੇ ਉਸਨੂੰ ਪਰਮਗਤੀ ਦੀ ਪ੍ਰਾਪਤੀ ਵੀ ਅੱਵਸ਼ ਹੋ ਜਾਣੀ ਚਾਹੀਦੀ ਹੈ।

ਕਈ ਹੋਰ ਵੀਰ ਇਹ ਗੱਲ ਵੀ ਕਹਿੰਦੇ ਨੇ ਕਿ ਸਾਡੇ ਬਾਬਾ ਜੀ ਰੂੰਡ-ਮੂੰਡ ਸਾਧੂ ਨੇ। ਪਰ ਭਗਤ ਕਬੀਰ ਜੀ ਨੇ ਲਿਹਾਜ਼ ਇਥੇ ਵੀ ਨਹੀ ਕੀਤਾ, ਉਹ ਕਹਿੰਦੇ ਨੇ ਕਿ:-

ਮੂੰਡ ਮੁੰਡਾਏ ਜੌ ਸਿਧਿ ਪਾਈ।।

ਮੁਕਤੀ ਭੇਡ ਨ ਗਈਆ ਕਾਈ।।

(ਗਉੜੀ ਕਬੀਰ ਜੀ-੩੨੪)

ਭਗਤ ਜੀ ਸਮਝਾਉਂਦੇ ਨੇ ਕਿ ਭਾਈ! ਭੇਡ ਤਾਂ ਜਿੰਦਗੀ ਵਿੱਚ ਪਤਾ ਨਹੀ ਕਿੰਨੀ ਵਾਰ ਮੁੰਨੀ ਜਾਂਦੀ ਹੈ ਤਾਂ ਤੇ ਭੇਡ ਨੂੰ ਰੱਬ ਪਹਿਲਾਂ ਮਿਲ ਜਾਣਾ ਚਾਹੀਦਾ ਹੈ।

ਇਨ੍ਹਾਂ ਗੁਰਬਾਣੀ ਦੇ ਬਚਨਾਂ ਅਨੁਸਾਰ ਪੂਰੀ ਤਰਾਂ ਕਸਵੱਟੀ ਤੇ ਲਾ ਕੇ ਪਰਖ ਕੇ ਵਿਚਾਰਣ ਦੀ ਜ਼ਰੂਰਤ ਹੈ ਪਰ ਅਫਸੋਸ ਕਿ ਅਸੀ ਨਾ-ਸਮਝ ਬਣ ਕੇ ਹੀ ਰਹਿਣਾ ਚੰਗਾ ਸਮਝਦੇ ਹਾਂ ਤੇ ਵਿਚਾਰਣ ਦਾ ਯਤਨ ਹੀ ਨਹੀ ਕਰਦੇ।

ਇਹ ਵੱਖਰੀ ਬਾਤ ਹੈ ਕਿ ਗੁਰੂ ਸਾਹਿਬਾਨ ਦਾ ਸਵਾਂਗ ਰਚਣ ਵਾਲੇ ਅੱਜ ਕਲ੍ਹ ਬਹੁਤ ਤੁਰੇ ਫਿਰਦੇ ਹਨ, ਬਹੁਤ ਲੋਕ ਮਿਲ ਜਾਣਗੇ ਜੋ ਉਹਨਾਂ ਦੇ ਨਾਮ ਦੀਆਂ ਖੱਟੀਆਂ ਖਾਂਦੇ ਤੁਰੇ ਫਿਰਦੇ ਹਨ। ਇਹ ਲੋਕ ਸਿਰਫ ਨਾਟਕ ਚੇਟਕ ਹੀ ਕਰ ਸਕਦੇ ਹਨ, ਜੋ ਲੋਕ ਬਲਾਤਕਾਰਾਂ/ਕਤਲਾਂ ਆਦਿ ਦੇ ਕੇਸਾਂ ਵਿੱਚ ਪੇਸ਼ੀਆਂ ਭੁਗਤਦੇ ਤੁਰੇ ਫਿਰਦੇ ਨੇ ਉਹ ਕਾਹਦੇ ਸਾਧ ਨੇ, ਕਾਹਦੇ ਗੁਰੂ ਨੇ ?

ਅਸੀਂ ਅੱਜ ਸਿਰਫ ਪਹਿਰਾਵੇ ਤੇ ਹੀ ਰੁਕ ਜਾਂਦੇ ਹਾਂ ਤੇ ਉਨ੍ਹਾਂ ਨੂੰ ਗੁਰੂ ਸਮਝ ਕੇ ਬੈਠ ਜਾਂਦੇ ਹਾਂ ਕਿ ਲੰਮਾਂ ਚੋਲਾ ਪਾਇਆ ਹੈ, ਪਜਾਮਾ ਪਾਉਣ ਤੋਂ ਪਰਹੇਜ਼ ਕਰਦਾ ਹੈ ਤੇ ਅਸੀਂ ਉਸਨੂੰ ਸਾਧ ਸਮਝ ਲੈਂਦੇ ਹਾਂ ਪਰ ਗੁਰੂ ਨਾਨਕ ਦੇ ਘਰ ਅੰਦਰ ਪਹਿਰਾਵਾ ਸਾਧ ਨਹੀਂ ਮੰਨਿਆ ਗਿਆ। ਫਿਰ ਸਾਧ ਕੌਣ ਹੈ ? ਜਿਸਦੇ ਕਰਮ ਨਿਰਮਲ ਨੇ, ਉਹੀ ਸਾਧ ਹੈ। ਗੁਰੂ ਸਾਹਿਬ ਆਪਣੇ ਪਾਵਨ ਬਚਨਾਂ ਰਾਹੀਂ ਸਾਨੂੰ ਸਮਝਾਉਣਾ ਕਰਦੇ ਹਨ-

ਸਾਧ ਨਾਮ ਨਿਰਮਲ ਤਾ ਕੇ ਕਰਮ।।

(ਗਉੜੀ ਸੁਖਮਨੀ ਮਹਲਾ ੫-੨੯੬)

ਇੱਕ ਰਿਕਸ਼ਾ ਚਲਾ ਕੇ ਪੇਟ ਪਾਲਣ ਵਾਲਾ ਵੀ ਸਾਧ ਹੋ ਸਕਦਾ ਹੈ, ਰੋਜ਼ਾਨਾ ਦਿਹਾੜੀ ਕਰਨ ਵਾਲਾ ਵੀ ਸਾਧ ਹੋ ਸਕਦਾ ਹੈ, ਜੇ ਉਸਨੇ ਆਪਣੇ ਜੀਵਨ ਨੂੰ ਸਹੀ ਅਰਥਾਂ ਵਿੱਚ ਸਾਧਿਆ ਹੋਵੇ ਤਾਂ। ਇਹ ਜ਼ਰੂਰੀ ਨਹੀ ਕਿ ਡੇਰੇ ਵਿੱਚ ਬੈਠ ਕੇ ਸਾਧ ਬਣ ਜਾਈਦਾ ਹੈ, ਇਹ ਪਾਖੰਡ ਵੀ ਹੋ ਸਕਦਾ ਹੈ।

ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਡੇਰੇਦਾਰਾਂ ਨੂੰ ਅੰਦਰੋਂ ਦੇਖਿਆ ਸੀ, ਪਰ ਅਸੀਂ ਇਹਨਾਂ ਨੂੰ ਬਾਹਰੋਂ-ਬਾਹਰੋਂ ਹੀ ਤੱਕਦੇ ਹਾਂ। ਗੁਰੂ ਸਾਹਿਬ ਨੇ ਇਹਨਾਂ ਨੂੰ ਅੰਦਰੋਂ ਤੱਕ ਕੇ ਕਿਹਾ ਸੀ ਕਿ ਇਹ ਪਤਾ ਕੌਣ ਨੇ:-

ਪੂੰਅਰ ਤਾਪ ਗੇਰੀ ਕੇ ਬਸਤ੍ਰਾ।।

ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ।।

(ਪ੍ਰਭਾਤੀ ਮਹਲਾ ੫-੧੩੪੮)

ਇਹ ਆਪਣੀਆਂ ਪਰਿਵਾਰਕ ਜਿੰਮੇਵਾਰੀਆਂ ਤੇ ਭੱਜੇ ਹੋਏ ਭਗੌੜੇ ਮਨੁੱਖ ਨੇ। ਇਹ ਉਹ ਲੋਕ ਨੇ ਜੋ ਬਿਪਤਾ ਦੇ ਮਾਰੇ ਹੋਏ, ਆਪਣੀਆਂ ਪਰਿਵਾਰਕ ਅਤੇ ਸਮਾਜਿਕ ਜਿੰਮੇਵਾਰੀਆਂ ਪੂਰੀਆਂ ਨਹੀਂ ਕਰ ਸਕਦੇ ਤੇ ਇਹਨਾਂ ਡਰਾਂ ਕਾਰਨ ਘਰੋਂ ਭੱਜ ਜਾਂਦੇ ਹਨ, ਪਰ ਇਹਨਾਂ ਨੂੰ ਕੋਈ ਪੁੱਛੇ ਕਿ:-

ਦੇਸੁ ਛੋਡਿ ਪਰਦੇਸਹਿ ਧਾਇਆ।।

ਪੰਚ ਚੰਡਾਲ ਨਾਲੇ ਲੈ ਆਇਆ।।

(ਪ੍ਰਭਾਤੀ ਮਹਲਾ ੫-੧੩੪੮)

ਗੁਰੂ ਸਾਹਿਬ ਬਚਨ ਕਰਦੇ ਹਨ ਕਿ ਕੀ ਹੋਇਆ ਜੇਕਰ ਘਰ ਛੱਡ ਦਿਤਾ ਹੈ ਪਰ ਇਹ ਫਿਰ ਵੀ ਪੰਜ ਚੋਰ ਨਾਲੇ ਹੀ ਲੈ ਕੇ ਆਇਆ ਹੈ। ਜੋ ਛੱਡਣਾ ਚਾਹੀਦਾ ਸੀ ਉਹ ਛੱਡ ਨਹੀ ਸਕਿਆ ਤੇ ਜੋ ਨਹੀ ਸੀ ਛੱਡਣਾ ਚਾਹੀਦਾ ਉਹ ਛੱਡ ਆਇਆ ਹੈ।

ਡੇਰਿਆਂ ਵਿੱਚ ਆਪਾਂ ਨੂੰ ਬਹੁਤ ਖਤਰੇ ਦਿਖਾਈ ਦਿੰਦੇ ਹਨ, ਅਸੀਂ ਬਹੁਤ ਸਾਰੇ ਡੇਰਿਆਂ ਨਾਲ ਸਬੰਧਤ ਖਬਰਾਂ ਆਮ ਹੀ ਦੇਖਦੇ, ਸੁਣਦੇ ਹਾਂ। ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਵਿੱਚ ਕਿਸੇ ਨੂੰ ਕੋਈ ਖਤਰਾ ਨਹੀਂ ਹੈ। ਗੁਰੂ ਸਾਹਿਬ ਨੇ ਸਾਡੇ ਤੇ ਮਹਾਨ ਬਖਸ਼ਿਸ਼ਾਂ ਕੀਤੀਆਂ ਹਨ। ਪਰ ਅਸੀਂ ਮੰਨਣ ਲਈ ਤਿਆਰ ਨਹੀ ਹਾਂ, ਬੱਸ ਅਸੀਂ ਸਰੀਰ ਹੀ ਲਭੀ ਜਾ ਰਹੇ ਹਾਂ। ਪਰ ਗੁਰੂ ਨਾਨਕ ਦੇ ਘਰ ਅੰਦਰ ਸਰੀਰ ਗੁਰੂ ਨਹੀ ਹੈ। ਜੇਕਰ ਸਰੀਰ ਗੁਰੂ ਹੁੰਦਾ ਤਾਂ ਭਾਈ ਲਹਿਣਾ ਵੀ ਗੁਰੂ ਹੋਣਾ ਚਾਹੀਦਾ ਸੀ ਕਿਉਕਿ ਭਾਈ ਲਹਿਣਾ ਅਤੇ ਗੁਰੂ ਅੰਗਦ ਦੇਵ ਜੀ ਦਾ ਸਰੀਰ ਇਕੋ ਹੈ। ਬਾਬਾ ਅਮਰਦਾਸ ਅਤੇ ਗੁਰੂ ਅਮਰਦਾਸ ਜੀ ਦਾ ਸਰੀਰ ਵੀ ਇੱਕ ਹੈ। ਇਸੇ ਤਰਾਂ ਭਾਈ ਜੇਠਾ ਅਤੇ ਸ੍ਰੀ ਗੁਰੂ ਰਾਮਦਾਸ ਜੀ ਦਾ ਸਰੀਰ ਵੀ ਇੱਕ ਹੈ।

ਖਿਆਲ ਕਰਨਾ! ਸਰੀਰ ਸਾਡਾ ਗੁਰੂ ਨਹੀ ਹੈ, ਸਾਡੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਨੇ ਤੇ ਉਹ ਵੀ ਉਦੋਂ ਗੁਰੂ ਨੇ ਜਦੋਂ ਉਹਨਾਂ ਦੇ ਸਰੀਰ ਅੰਦਰ ਗੁਰੂ ਜੋਤ ਪ੍ਰਵੇਸ਼ ਕੀਤੀ। ਜਦ ਤਕ ਉਹਨਾਂ ਅੰਦਰ ਗੁਰੂ-ਜੋਤ ਪ੍ਰਵੇਸ਼ ਨਹੀ ਕੀਤੀ, ਉਹ ਉਨਾਂ ਚਿਰ ਭਾਈ ਲਹਿਣਾ ਜੀ, ਬਾਬਾ ਅਮਰਦਾਸ ਜੀ ਅਤੇ ਭਾਈ ਜੇਠਾ ਜੀ ਨੇ, ਸਤਿਕਾਰਯੋਗ ਜ਼ਰੂਰ ਨੇ ਪਰ ਗੁਰੂ ਨਹੀ। ਪਰ ਜਦੋਂ ਜੋਤ ਪ੍ਰਵੇਸ਼ ਕਰਦੀ ਹੈ ਤਾਂ ਉਹ ਗੁਰੂ ਬਣ ਜਾਂਦੇ ਨੇ। ਫਿਰ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਵੀ ਇਹ ਕਹਿੰਦੇ ਨੇ-

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।।

ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ।।

ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਆ।।

ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤ ਨ ਪਾਰਾਵਾਰਿਆ।।

(ਰਾਮਕਲੀ-ਸਤੇ ਬਲਵੰਡ ਕੀ ਵਾਰ-੯੬੮)

ਅਜੋਕੇ ਪਖੰਡੀ ਡੇਰੇਦਾਰਾਂ ਦੇ ਕਿਰਦਾਰ ਵਲ ਵੇਖ ਕੇ ਭਾਈ ਗੁਰਦਾਸ ਜੀ ਦੇ ਬਚਨ ਚੇਤੇ ਆਉਂਦੇ ਹਨ:-

ਸਤਿਗੁਰੁ ਸਾਹਿਬ ਛਡ ਕੈ ਮਨਮੁਖ ਹੋਏ ਬੰਦੇ ਕਾ ਬੰਦਾ।।

ਭਾਈ ਸਾਹਿਬ ਕਹਿੰਦੇ ਹਨ ਕਿ ਜੋ ਸਚੇ ਸਤਿਗੁਰੂ ਨੂੰ ਛੱਡ ਕੇ ਬੰਦਿਆ ਦਾ ਬੰਦਾ ਬਣਦਾ ਹੈ ਉਹ ਮਨਮੁਖ ਹੈ। ਜ਼ਰਾ ਅਜ ਕਲ ਦੇ ਪਖੰਡੀ ਗੁਰੂਆਂ/ਚੇਲਿਆਂ ਨੂੰ ਭਾਈ ਗੁਰਦਾਸ ਜੀ ਦੀ ਦੱਸੀ ਕਸਵੱਟੀ ਤੇ ਪਰਖ ਕੇ ਵੇਖਣਾ ਪਵੇਗਾ ਕਿ ਕਿਤੇ ਅਜ ਅਸੀਂ ਸੱਚੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਧਰੇ ਬੰਦਿਆ ਦੇ ਬੰਦੇ ਤੇ ਨਹੀ ਬਣ ਰਹੇ। ਸੁਚੇਤ ਹੋਣ ਦੀ ਲੋੜ ਹੈ।

==============

ਨੋਟ:- ਦਾਸ (ਲੇਖਕ) ਵਲੋਂ ਲੇਖ ਦੇ ਆਰੰਭ ਵਿੱਚ ਹੀ ਇਸ ਗਿਣਤੀ ਸਬੰਧੀ ਸੰਪੂਰਨ ਜਾਣਕਾਰੀ ਹੋਣ ਦਾ ਦਾਅਵਾ ਨਹੀ ਕੀਤਾ ਗਿਆ ਹੈ।

ਜੇਕਰ ਕਿਸੇ ਪਾਠਕ/ਸਿੱਖ/ ਵਿਦਵਾਨ/ 108-1008 ਦੀਆਂ ਪਦਵੀਆਂ ਲਾਉਣ-ਲਵਾਉਣ ਵਾਲਿਆਂ ਕੋਲ ਇਸ ਸਬੰਧੀ ਪ੍ਰਮਾਣੀਕ ਜਾਣਕਾਰੀ ਹੋਵੇ ਤਾਂ ਉਹ ‘ਸਿੱਖ ਮਾਰਗ` ਦੇ ਪਾਠਕਾਂ ਨਾਲ ਸਬੂਤਾਂ ਸਹਿਤ ਸਾਂਝੀ ਕਰਨ ਦਾ ਉਪਰਾਲਾ ਜ਼ਰੂਰ ਕਰਨ ਤਾਂ ਜੋ ਇਸ ਵਿਸ਼ੇ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਜਿਸ ਮੰਤਵ ਨੂੰ ਸਾਹਮਣੇ ਰੱਖ ਕੇ ਇਹ ਲੇਖ ਲਿਖਿਆ ਗਿਆ ਹੈ, ਉਹ ਮੰਤਵ ਹੋਰ ਸਪਸ਼ਟ ਹੋ ਕੇ ਕਿਸੇ ਨਿਰਣੇ ਤਕ ਪਹੁੰਚ ਸਕੇ।

================

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201/6 ਸੰਤਪੁਰਾ ਕਪੂਰਥਲਾ

098720-76876, 01822- 276876

ਈ. ਮੇਲ-[email protected]




.