.

ਵਿਅਕਤੀ ਅਤੇ ਸਮਾਜ

ਹਾਕਮ ਸਿੰਘ

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਰਭੂ, ਆਤਮਾ ਅਤੇ ਮਨ ਦਾ ਅਧਿਆਤਮਿਕ ਗਿਆਨ ਹੈ। ਗੁਰਬਾਣੀ ਸਰਿਸ਼ਟੀ ਨੂੰ ਪਰਭੂ ਦੀ ਕਿਰਤ ਆਖਦੀ ਹੈ ਜਿਸ ਵਿਚ ਪਰਭੂ ਆਪ ਵਿਆਪਕ ਹੈ। ਸੰਸਾਰ ਵਿਚ ਪਰਭੂ ਦੀ ਵਿਆਪਕਤਾ ਹੁੰਦੇ ਹੋਏ ਵੀ ਸੰਸਾਰ ਪਰਭੂ ਤੋਂ ਵਖਰਾ ਅਤੇ ਦੂਜਾ ਹੋਣ ਦਾ ਭਰਮ ਪਾਉਂਦਾ ਹੈ, ਕਿਉਂਕਿ, ਗੁਰਬਾਣੀ ਅਨੁਸਾਰ, ਸੰਸਾਰ ਵਿਚ ਹੁਕਮ ਤੇ ਪਰਭੂ ਦਾ ਵਰਤਦਾ ਹੈ ਪਰ ਪਰਭਾਵ ਤ੍ਰੈਗੁਣੀ ਮਾਇਆ ਦਾ ਹੈ: "ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹੁ ਤੇਰੀ ਸਭ ਮਾਇਆ॥" (ਪੰ: ੧੧੨੩)। ਮਾਇਆ ਮਨੁੱਖ ਤੇ ਆਪਣਾ ਪਰਭਾਵ ਕਾਇਮ ਰੱਖਣ ਲਈ ਉਸ ਨੂੰ ਪਰਭੂ ਨੂੰ ਯਾਦ ਕਰਨ ਤੋਂ ਰੋਕਦੀ ਹੈ। ਗੁਰਬਾਣੀ ਦਾ ਫੁਰਮਾਨ ਹੈ: "ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ॥" (ਪੰ: ੩੧)। ਮਾਇਆ ਦੇ ਪਰਭਾਵ ਕਾਰਨ ਗੁਰਬਾਣੀ ਸੰਸਾਰ ਨੂੰ ਭਰਮਾਊ, ਭੌਜਲ, ਬਿਖ, ਸੁਪਨਾ, ਝੂਠ, ਖੋਟੀ ਰਾਸ, ਕਾਗਦ ਦਾ ਕਿਲਾ, ਚਲਣਹਾਰ, ਫਾਨੀ, ਖੇਡ੍ਹ, ਤਮਾਸ਼ਾ, ਮਾਇਆ ਮੋਹ, ਆਦਿ ਆਖਦੀ ਹੈ। ਇਸੇ ਲਈ ਉਹ ਮਨੁੱਖ ਨੂੰ ਸੰਸਾਰ ਵਿਚ ਖਚਿਤ ਹੋਣ ਤੋਂ ਵਰਜਦੀ ਅਤੇ ਸੰਸਾਰਕ ਇੱਛਾਵਾਂ ਦਾ ਤਿਆਗ ਕਰਨ ਦਾ ਉਪਦੇਸ਼ ਕਰਦੀ ਹੈ। ਤ੍ਰੈਗੁਣੀ ਸੰਸਾਰ ਦੀ ਸਿਰਜਨਾ ਪਰਭੂ ਨੇ ਆਪ ਆਪਣੇ ਹੁਕਮ ਵਿਚ ਕੀਤੀ ਹੈ ਜਿਸ ਨੂੰ ਉਹ ਆਪ ਚਲਾ ਰਿਹਾ ਹੈ। ਗੁਰਬਾਣੀ ਦੇ ਕਥਨ ਹਨ: "ਜਾ ਤਿਸੁ ਭਾਣਾ ਤ ਜਗਤੁ ਉਪਾਇਆ॥" (ਪੰ: ੧੦੩੬) ਅਤੇ "ਹੁਕਮੀ ਹੋਵਨਿ ਆਕਾਰ ਹੁਕੁਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖੁ ਸੁਖ ਪਾਈਅਹਿ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥" (ਪੰ: ੧); "ਤੂੰ ਆਪੇ ਆਪਿ ਵਰਤਦਾ ਆਪਿ ਬਣਤ ਬਣਾਈ॥ ਤੁਧੁ ਬਿਨੁ ਦੂਜਾ ਕੋ ਨਹੀ ਤੂ ਰਹਿਆ ਸਮਾਈ॥" (ਪੰ: ੧੨੯੧) ਅਤੇ "ਚਹੁਦਿਸਿ ਹੁਕਮੁ ਵਰਤੈ ਪ੍ਰਭੁ ਤੇਰਾ ਚਹੁਦਿਸਿ ਨਾਮ ਪਤਾਲੰ॥ ਸਭ ਮਹਿ ਸਬਦੁ ਵਰਤੈ ਪ੍ਰਭੁ ਸਾਚਾ ਕਰਮਿ ਮਿਲੈ ਬੈਆਲੰ॥" (ਪੰ: ੧੨੭੫)। ਪਰਭੂ ਦੇ ਹੁਕਮ ਵਿਚ ਚੱਲ ਰਹੇ ਸੰਸਾਰ ਵਿਚ ਗੁਰਬਾਣੀ ਮਨੁੱਖ ਨੂੰ ਭਾਣਾ ਮੰਨਣ ਦਾ ਉਪਦੇਸ਼ ਕਰਦੀ ਹੈ: " ਹਰਿ ਕਾ ਭਾਣਾ ਮੰਨਹਿ ਸੇ ਜਨ ਪਰਵਾਣੁ॥" (ਪੰ: ੧੧੩੮); "ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ॥" (ਪੰ: ੭੨੬); "ਜੋ ਤੁਧੁ ਭਾਵੈ ਸਾਈ ਭਲੀ ਕਾਰ॥" (ਪੰ: ੧੯); "ਜਿਵ ਜਿਵ ਹੁਕਮੁ ਤਿਵੈ ਤਿਵ ਕਾਰ॥" (ਪੰ: ੮); ਅਤੇ "ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲ॥" (ਪੰ: ੧)। ਮਨੁੱਖ ਪਰਭੂ ਦਾ ਭਾਣਾ ਮੰਨਣ ਦੀ ਥਾਂ, ਹਉਮੈ ਵਸ, ਗੁਰਬਾਣੀ ਉਪਦੇਸ਼ ਦੇ ਵਿਪਰੀਤ, ਆਪਣੀ ਮਰਜ਼ੀ ਅਨੁਸਾਰ ਸਮਾਜ ਵਿਚ ਬਦਲਾਓ ਲਿਆਉਣ ਦਾ ਜਤਨ ਕਰਦਾ ਹੈ। ਗੁਰਬਾਣੀ ਸਮਾਜ ਸੁਧਾਰ ਦਾ ਉਪਦੇਸ਼ ਨਹੀਂ ਕਰਦੀ ਪਰ ਸਿੱਖ ਧਰਮ ਦੇ ਬਹੁਤੇ ਉਪਾਸ਼ਕ ਸਮਾਜ ਵਿਚ ਧਾਰਮਕ ਸੁਧਾਰ ਲਿਆਉਣ ਲਈ ਉਤਸੁਕ ਰਹਿੰਦੇ ਹਨ। ਕੁੱਝ ਸ਼ਰਧਾਲੂ ਸਿੱਖ ਧਰਮ ਦਾ ਰਾਜ ਸਥਾਪਤ ਕਰਨ ਦੇ ਚਾਹਵਾਨ ਹਨ।
ਸਿੱਖ ਧਰਮ ਦੇ ਉਪਾਸ਼ਕਾਂ ਦੀਆਂ ਸਮਾਜ ਵਿਚ ਬਦਲਾਓ ਲਿਆਉਣ ਦੀਆਂ ਗਤੀਵਿਧੀਆਂ ਗੁਰਬਾਣੀ ਉਪਦੇਸ਼ ਦੇ ਵਿਪਰੀਤ ਹਨ। ਅਜੋਕੇ ਸਿੱਖ ਜਗਤ ਦੀ ਇਹ ਸਮਸਿਆ ਹੈ ਕਿ ਉਸ ਦੇ ਆਗੂ ਗੁਰਬਾਣੀ ਨੂੰ ਆਪਣੇ ਦੁਨਿਆਵੀ ਅਤੇ ਰਾਜਸੀ ਐਜੰਡੇ ਵਿਚ ਇਕ ਸੰਦ
(Instrument) ਵਜੋਂ ਵਰਤਣ ਦੀ ਰੁੱਚੀ ਰਖਦੇ ਹਨ। ਪਹਿਲੋਂ, ਜਦੋਂ ਨਿਰਮਲੇ ਅਤੇ ਉਦਾਸੀ ਗੁਰਦੁਆਰਿਆਂ ਤੇ ਕਾਬਜ਼ ਸਨ, ਐਸਾ ਨਹੀਂ ਸੀ ਹੁੰਦਾ ਕਿਉਂਕਿ ਉਦਾਸੀ ਅਤੇ ਨਿਰਮਲੇ ਪਰਚਾਰਕ ਗੁਰਬਾਣੀ ਉਪਦੇਸ਼ ਨੂੰ ਸਨਾਤਨੀ ਵਿਚਾਰਧਾਰਾ ਅਨੁਸਾਰ ਪਰਚਾਰ ਕੇ ਉਸ ਨੂੰ ਕਰਮ ਕਾਡਾਂ ਦਾ ਰੂਪ ਦੇਣ ਦਾ ਉਪਰਾਲਾ ਤੇ ਕਰਦੇ ਸਨ ਪਰ ਉਹ ਗੁਰਬਾਣੀ ਦੀ ਅਧਿਆਤਮਿਕ ਵਿਸ਼ੇਸ਼ਤਾ ਦੇ ਕਾਇਲ ਸਨ ਅਤੇ ਉਸ ਨੂੰ ਸਮਾਜਕ ਸ਼ਕਤੀਆਂ ਦਾ ਹੱਥ-ਠੋਕਾ ਬਨਾਉਣ ਦੇ ਹੱਕ ਵਿਚ ਨਹੀਂ ਸਨ। ਇਹ ਕੰਮ ਤੇ ਸਿੰਘ ਸਭਾਵਾਂ, ਚੀਫ ਖਾਲਸਾ ਦੀਵਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁੱਝ ਆਗੂਆਂ ਨੇ ਪੱਛਮੀ ਵਿਚਾਰਧਾਰਾ ਦੇ ਪਰਭਾਵ ਅਧੀਨ ਕੀਤਾ ਹੈ। ਉਹਨਾਂ ਸਿੱਖ ਧਰਮ ਦੇ ਕੁੱਝ ਉਪਾਸ਼ਕਾਂ ਨੂੰ ਸਿੱਖ ਪੰਥ ਦੇ ਨਾਂ ਹੇਠ ਸੰਗਠਿਤ ਕਰ ਕੇ ਉਸ ਸੰਗਠਨ ਦੀਆਂ ਸੰਸਾਰਕ ਅਤੇ ਰਾਜਸੀ ਗਤੀਵਿਧੀਆਂ ਨੂੰ ਅਯੋਗ ਢੰਗ ਨਾਲ ਗੁਰਬਾਣੀ ਦੀ ਧਾਰਮਿਕਤਾ ਨਾਲ ਜੋੜ ਕੇ ਧਾਰਮਕ ਕਿਰਿਆਵਾਂ ਪਰਚਾਰਨਾ ਸ਼ੁਰੂ ਕਰ ਦਿੱਤਾ ਹੈ। ਪੰਥ ਇਕ ਸਮਾਜਕ ਸੰਗਠਨ ਹੈ ਉਸ ਦੀਆਂ ਸੰਸਾਰਕ ਇੱਛਾਵਾਂ ਨੂੰ ਸਿੱਖ ਧਰਮ ਦੀ ਬੁਨਿਆਦੀ ਅਧਿਆਤਮਿਕ ਵਿਚਾਰਧਾਰਾ ਦਾ ਸੈ ਭਾਗੀ ਆਖਣਾ ਗੁਰਬਾਣੀ ਦਾ ਨਿਰਾਦਰ ਕਰਨ ਸਮਾਨ ਹੈ। ਕਾਫੀ ਸੰਖਿਆ ਵਿਚ ਸਿੱਖ ਸ਼ਰਧਾਲੂ ਇਹਨਾਂ ਆਗੂਆਂ ਦੇ ਸਮਰਥਕ ਬਣ ਗਏ ਹਨ ਅਤੇ ਉਹਨਾਂ ਆਗੂਆਂ ਵੱਲੋਂ ਗੁਰਬਾਣੀ ਦੀ ਅਯੋਗ ਵਰਤੋਂ ਨੇ ਸਿੱਖ ਜਗਤ ਵਿਚ ਗੁਰਬਾਣੀ ਉਪਦੇਸ਼ ਬਾਰੇ ਬਹੁਤ ਸਾਰੇ ਭੁਲੇਖੇ ਪਾ ਦਿੱਤੇ ਹਨ। ਇਹ ਵਿਚਾਰਨ ਦੀ ਲੋੜ ਹੈ ਕਿ ਗੁਰਬਾਣੀ ਦੀ ਅਧਿਆਤਮਿਕ ਵਿਚਾਰਧਾਰਾ ਵਿਚ ਸਿੱਖ ਪੰਥ ਅਤੇ ਹੋਰ ਸਮਾਜਕ ਇਕਾਈਆਂ ਦੀ ਕੀ ਪ੍ਰਸੰਗਕਤਾ ਹੈ?
ਗੁਰਬਾਣੀ ਮਾਨਵਤਾ ਦੇ ਕਲਯਾਨ ਲਈ ਰਚਿਆ ਅਧਿਆਤਮਿਕ ਗਿਆਨ ਹੈ ਅਤੇ ਇਸ ਦਾ ਉਪਦੇਸ਼ ਵਿਅਕਤੀ ਨੂੰ ਸੰਬੋਧਿਤ ਹੈ। ਗੁਰਬਾਣੀ ਉਪਦੇਸ਼ ਕਿਸੇ ਸਮਾਜਕ ਸਮੂਹ, ਸੰਗਠਨ ਜਾਂ ਪੰਥ ਨੂੰ ਸੰਬੋਧਿਤ ਨਹੀਂ ਹੈ। ਗੁਰਬਾਣੀ ਤੇ ਮੁੱਖ ਰੂਪ ਵਿਚ ਮਨੁੱਖ ਨੂੰ ਆਪਣੇ ਮਨ ਨੂੰ ਦੁਨਿਆਵੀ ਬੰਧਨਾਂ ਤੋਂ ਮੁਕਤ ਕਰ ਕੇ ਪਰਭੂ ਮਿਲਾਪ ਲਈ ਉੱਦਮ ਕਰਨ ਵਲ ਪ੍ਰੇਰਿਤ ਕਰਨ ਲਈ ਰਚੀ ਬਾਣੀ ਹੈ। ਇਹ ਸਮਾਜ ਵਿਚ ਸੁਧਾਰ ਕਰਨ ਲਈ ਨਹੀਂ ਰਚੀ ਗਈ ਹੈ। ਇਹ ਵਿਅਕਤੀ ਨੂੰ ਮੁਖਾਤਿਬ ਹੈ ਅਤੇ ਉਸ ਨੂੰ ਸਮਾਜਕ ਖ਼ਲਜਗਣ ਤੋਂ ਮੂੰਹ ਮੋੜ ਕੇ ਆਪਣੇ ਅੰਤਹਿਕਰਣ ਵਲ ਧਿਆਨ ਕੇਂਦਰਤ ਕਰਨ ਦਾ ਉਪਦੇਸ਼ ਹੈ। ਗੁਰਬਾਣੀ ਵਿਚ ਸੰਗਤ ਦੇ ਸੰਕਲਪ ਦੀ ਵੀ ਸੰਸਾਰ, ਸਮਾਜ ਜਾਂ ਪੰਥ ਨਾਲ ਕੋਈ ਸਾਂਝ ਨਹੀਂ ਹੈ ਕਿਉਂਕਿ ਸੰਸਾਰ ਵਿਚ ਮਾਇਆ ਦਾ ਵਰਤਾਰਾ ਹੈ ਅਤੇ ਸੰਗਤ ਵਿਚ ਮਾਇਆ ਲਈ ਕੋਈ ਥਾਂ ਨਹੀਂ ਹੈ। "ਸਤ ਸੰਗਤਿ ਕੈਸੀ ਜਾਣੀਐ॥ ਜਿਥੇ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰ ਦੀਆ ਬੁਝਾਇ ਜੀਉ॥" (ਪੰ: ੭੨) ਅਤੇ "ਸਤ ਸੰਗਤਿ ਨਾਮੁ ਨਿਧਾਨੁ ਹੈ ਜਿਥਹੁ ਹਰਿ ਪਾਇਆ॥" (ਪੰ: ੧੨੪੪)। ਸੰਗਤ ਸਮਾਜ ਨਹੀਂ ਹੁੰਦੀ। ਸਮਾਜ ਵਿਚ ਮਾਇਆ ਦਾ ਭਰਮ ਜਾਲ ਮਨੁੱਖੀ ਜੀਵਨ ਦੇ ਮਨੋਰਥ ਵਿਚ ਅੜਿੱਕਾ ਬਣਿਆ ਰਹਿੰਦਾ ਹੈ ਜਦੋਂ ਕਿ ਸੰਗਤ ਮਨੁੱਖ ਨੂੰ ਪਰਭੂ ਨਾਲ ਮਿਲਾਪ ਕਰਨ ਵਿਚ ਸਹਾਈ ਹੁੰਦੀ ਹੈ। ਇਸ ਪੱਖੋਂ ਸਮਾਜ ਨੂੰ ਮਨੁੱਖ ਦਾ ਵਿਰੋਧੀ ਆਖਿਆ ਜਾ ਸਕਦਾ ਹੈ। ਇਸ ਪਰਥਾਏ ਗੁਰਬਾਣੀ ਦੇ ਕਥਨ ਹਨ: "ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥ ਇਹੁ ਮਾਇਆ ਜਿਤੁ ਹਰਿ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ॥" (ਪੰ: ੯੨੧) ਅਤੇ "ਇਹੁ ਸੰਸਾਰੁ ਤੇ ਤਬਹੀ ਛੂਟਉ ਜਉ ਮਾਇਆ ਨਹ ਲਪਟਾਵਉ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥" (ਪੰ: ੬੯੩)। ਸਮਾਜ ਉਤੇ ਛਾਈ ਮਾਇਆ ਮਨੁੱਖ ਨੂੰ ਭਰਮਾ ਕੇ ਕੁਰਾਹੇ ਪਾਉਂਦੀ ਅਤੇ ਉਸ ਦਾ ਸ਼ੋਸ਼ਣ ਕਰਦੀ ਹੈ। ਦਰ ਅਸਲ, ਮਨੁੱਖ ਅਤੇ ਸਮਾਜ ਮੁੱਢ ਕਦੀਮ ਤੋਂ ਇਕ ਦੂਜੇ ਦੇ ਵੈਰੀ ਚਲੇ ਆ ਰਹੇ ਹਨ ਅਤੇ ਗੁਰਬਾਣੀ ਮਨੁੱਖ ਨੂੰ ਸਮਾਜ ਦੇ ਬੰਧਨਾਂ ਵੱਲੋਂ ਉਸ ਨੂੰ ਬੰਦੀ ਬਨਾਉਣ ਦੀਆਂ ਵਿਉਂਤਾਂ ਤੋਂ ਸੁਚੇਤ ਕਰਦੀ ਹੈ। ਗੁਰਬਾਣੀ ਮਨੁੱਖ ਦੀ ਨਿਜੀ ਸੁਤੰਤਰਤਾ, ਬਰਾਬਰਤਾ ਅਤੇ ਪ੍ਰਭੁਸੱਤਾ ਦੀ ਸਮਰਥਕ ਹੈ ਜਦੋਂ ਕਿ ਸਮਾਜ ਮਨੁੱਖ ਨੂੰ ਸੁਤੰਤਰ ਰਹਿਣ ਅਤੇ ਵਿਚਰਨ ਤੋਂ ਰੋਕ ਕੇ ਆਪਣਾ ਗੁਲਾਮ ਬਨਾਉਣ ਲਈ ਜਤਨਸ਼ੀਲ ਹੈ। ਅਜੋਕਾ ਸਮਾਜ ਮਨੁੱਖ ਨੂੰ ਆਪਣੇ ਅਧੀਨ ਰੱਖਣ ਲਈ ਮੁੱਖ ਮਨੁੱਖੀ ਲੋੜਾਂ, ਜਿਵੇਂ ਰੋਟੀ, ਕੱਪੜਾ, ਮਕਾਨ ਅਤੇ ਮਨੋਰੰਜਨ, ਦੀ ਤਰਿਪਤੀ ਦੇ ਸਾਧਨ ਆਪਣੇ ਉਦਯੋਗਪਤੀ ਸਹਿਯੋਗੀਆਂ ਦੇ ਹਵਾਲੇ ਕਰ ਰਿਹਾ ਹੈ। ਥਾਂ-ਥਾਂ ਤੇ ਫ਼ਜ਼ੂਲ ਜੰਗਾਂ ਛੇੜ ਕੇ ਮਨੁੱਖਤਾ ਦਾ ਘਾਣ ਕਰ ਰਿਹਾ ਹੈ ਅਤੇ ਰਖਿਆ ਦੇ ਨਾਂ ਤੇ ਮਨੁੱਖੀ ਅਧਿਕਾਰਾਂ ਅਤੇ ਸੁਤੰਤਰਤਾ ਤੇ ਬੰਦਸ਼ਾਂ ਲਾ ਰਿਹਾ ਹੈ। ਸਮਾਜ ਦੇ ਪ੍ਰਬੰਧਕ ਮਨੁੱਖੀ ਸੁਤੰਤਰਤਾ ਤੇ ਪਾਬੰਦੀਆਂ ਲਾਉਣ ਲਈ ਬਹਾਨੇ ਲੱਭਦੇ ਹਨ। ਵਿਗਿਆਨਕ ਤਕਨੀਕੀ ਕਾਢਾਂ ਮਨੁੱਖ ਵੱਲੋਂ ਕੀਤੇ ਜਾਣ ਵਾਲੇ ਸਰੀਰਕ ਕੰਮ ਮਸ਼ੀਨਾਂ ਨੂੰ ਸੌਂਪ ਕੇ ਮਨੁੱਖਾਂ ਨੂੰ ਮਸ਼ੀਨਾਂ ਤੇ ਨਿਰਭਰ ਕਰ ਉਹਨਾਂ ਦਾ ਮਾਨਸਕ ਤਣਾਓ ਵਧਾ ਰਹੀਆਂ ਹਨ, ਜਾਂ ਇਉਂ ਕਹੋ ਕਿ ਸਰੀਰਕ ਕੰਮ ਨੂੰ ਮਾਨਸਕ ਤਣਾਓ ਵਿਚ ਬਦਲ ਰਹੀਆਂ ਹਨ। ਸਮਾਜ ਦੇ ਬੰਧਨ ਮਨੁੱਖ ਨੂੰ ਪਰਭੂ ਦੀ ਰਜ਼ਾ ਅਨੁਸਾਰੀ ਸੁਤੰਤਰ ਜੀਵਨ ਬਤੀਤ ਕਰਨ ਤੋਂ ਰੋਕਣ ਵਿਚ ਲੱਗੇ ਹੋਏ ਹਨ ਜਦੋਂ ਕਿ ਗੁਰਬਾਣੀ ਮਨੁੱਖ ਦੀ ਨਿਜੀ ਸੁਤੰਤਰਤਾ, ਬਰਾਬਰਤਾ ਅਤੇ ਪ੍ਰਭੁਸੱਤਾ ਦੀ ਹਾਮੀ ਹੈ ਕਿਉਂਕਿ ਮਨੁੱਖੀ ਮਨ ਜੋਤ ਸਰੂਪ ਹੈ ਅਤੇ ਪਰਭੂ ਦੀ ਯਾਦ ਵਿਚ ਲੀਨ ਮਨ ਪਰਭੂ ਰੂਪ ਹੁੰਦਾ ਹੈ।
ਮਨੁੱਖੀ ਸਮਾਜ ਨੂੰ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਵਿਚਾਰਿਆਂ ਪਤਾ ਚਲਦਾ ਹੈ ਕਿ ਸਮਾਜ ਮਨੁੱਖ ਦੀ ਕਿਰਤ ਹੈ। ਪਰਭੂ ਨੇ ਤੇ ਸੰਸਾਰ ਦੀ ਸਿਰਜਨਾ ਕੀਤੀ ਸੀ ਪਰ ਮਨੁੱਖ ਨੇ ਵਿਸ਼ੇਸ਼ ਗੁਣ ਜਾਂ ਗੁਣ ਸਮੂਹ ਦੇ ਆਧਾਰ ਤੇ ਆਪਣੀ ਸਹੂਲੀਅਤ ਲਈ ਪਰਭੂ ਦੇ ਸਿਰਜੇ ਸੰਸਾਰ ਵਿਚ ਵੰਡੀਆਂ ਪਾ ਕੇ ਸਮਾਜ ਅਤੇ ਰਾਸ਼ਟਰ ਦੀ ਸਿਰਜਣਾ ਕਰ ਲਈ ਹੈ। ਸਮਾਜ ਅਤੇ ਰਾਸ਼ਟਰ ਮਨੁੱਖੀ ਮੈਂਬਰਾਂ ਦੇ ਸਹਿਯੋਗ ਅਤੇ ਸੰਮਤੀ ਤੇ ਆਸ਼ਰਿਤ ਹਨ। ਮੈਂਬਰਾਂ ਦੀ ਸੰਮਤੀ ਤੇ ਆਸ਼ਰਿਤ ਹੋਣ ਕਾਰਨ ਇਹਨਾਂ ਸੰਸਥਾਵਾਂ ਨੂੰ ਸੁਤੰਤਰ ਆਖਣਾ ਵੀ ਉਚਿਤ ਨਹੀ ਹੈ। ਇਹ ਤੇ ਆਰਜ਼ੀ ਅਤੇ ਬਨਾਵਟੀ ਸੰਗਠਨ ਹਨ ਜੋ ਬਦਲਦੇ ਰਹਿੰਦੇ ਹਨ। ਇਸ ਪੱਖੋਂ ਰਾਸ਼ਟਰ ਨੂੰ ਪ੍ਰਭੁਸੱਤਾ ਦਾ ਅਧਿਕਾਰੀ ਸਮਝਣਾ ਨਿਰਾਧਾਰ ਹੈ।
ਵਿਅਕਤੀ ਅਤੇ ਸਮਾਜ ਦੇ ਪਰਸਪਰ ਵਿਰੋਧ ਅਤੇ ਮਨੁੱਖਤਾ ਦੇ ਨਿਜੀ ਸੁਤੰਤਰਤਾ ਲਈ ਸੰਘਰਸ਼ ਦਾ ਬਹੁਤ ਲੰਮਾ ਅਤੇ ਹਿੰਸਕ ਇਤਹਾਸ ਹੈ। ਨਿਜੀ ਸੁਤੰਤਰਤਾ ਦੇ ਸੰਘਰਸ਼ ਵਿਚ ਪਰਭੂ ਦੇ ਸੰਤਾਂ, ਭਗਤਾਂ, ਚਿੰਤਕਾਂ ਅਤੇ ਵਿਗਿਆਨੀਆਂ ਦਾ ਮਹੱਤਵਪੂਰਨ ਯੋਗਦਾਨ ਹੈ, ਜਿਹਨਾਂ ਵਿਚੋਂ ਕੈਪਲਰ
(Johannes Kepler) ਅਤੇ ਗਲੇਲੀਓ (Galileo Galilei) ਦੇ ਨਾਵਾਂ ਦਾ ਜ਼ਿਕਰ ਅਕਸਰ ਹੀ ਕੀਤਾ ਜਾਂਦਾ ਹੈ। ਮਨੁੱਖੀ ਸੁਤੰਤਰਤਾ ਦੀ ਵਿਰੋਧੀ ਸਮਾਜਕ ਪ੍ਰਭੁਸੱਤਾ ਦਾ ਸੰਕਲਪ ਜੀਨ ਬੋਡਿਨ (Jean Bodin, ੧੫੩੦-੧੫੯੬) ਨੇ ਪ੍ਰਸਤੁਤ ਕੀਤਾ ਸੀ ਜਿਸ ਸੰਕਲਪ ਨਾਲ ਸਬੰਧਿਤ ਵਿਚਾਰ ਚਰਚਾ ਯੂਰਪ ਵਿਚ ਤਕਰੀਬਨ ਦੋ ਸੌ ਤੋਂ ਵੱਧ ਸਾਲਾਂ ਤਕ ਹੁੰਦੀ ਰਹੀ ਸੀ। ਜੀਨ ਜੈਕਸ ਰੂਸੋ (Jean Jacques Rousseau, ੧੭੧੨-੧੭੭੮) ਨੇ ਤੇ ਇਥੋਂ ਤਕ ਆਖ ਦਿੱਤਾ ਸੀ "ਕਿ ਮਨੁੱਖ ਜੰਮਦਾ ਤੇ ਸੁਤੰਤਰ ਹੈ ਪਰ ਉਹ ਹਰ ਥਾਂ ਜ਼ੰਜੀਰਾਂ ਵਿਚ ਜਕੜਿਆ ਪਿਆ ਹੈ", ਭਾਵੇਂ ਉਸ ਨੇ ਤਰਫ਼ਦਾਰੀ ਸਮਾਜ ਦੀ ਹੀ ਕੀਤੀ ਸੀ। ਪੀਟਰ ਕਰੋਪੋਟਕਿਨ (Peter Kropootkin, ੧੮੪੨-੧੯੨੧) ਨੇ ਮਨੁੱਖੀ ਅਧਿਕਾਰਾਂ ਨੂੰ ਪ੍ਰਥਮ ਮੰਨ ਕੇ ਸਮਾਜ ਨੂੰ ਸਵੈ ਇੱਛਕ ਸੰਸਥਾ (Voluntary Organization) ਦਾ ਦਰਜਾ ਦਿੱਤਾ ਹੈ। ਬਹੁਤੇ ਸਮਾਜ ਸ਼ਾਸਤਰੀ, ਉਦਯੋਗਪਤੀ ਅਤੇ ਸਮਾਜਕ ਆਗੂ ਸਮਾਜ ਦੇ ਵੱਡੇ ਪਰਸੰਸਕ ਅਤੇ ਸਮਰਥਕ ਹਨ। ਸਮਾਜ ਵਿਗਿਆਨੀ ਮਨੁੱਖ ਨੂੰ ਸਮਾਜਕ ਜਾਨਵਰ ਆਖਦੇ ਹਨ ਅਤੇ ਸਮਾਜ ਨੂੰ ਮਨੁੱਖੀ ਪਰਗਤੀ ਦਾ ਦਾਵੇਦਾਰ ਮੰਨਦੇ ਹਨ, ਜਦੋਂ ਕਿ ਹਰ ਨਵੀਂ ਵਿਚਾਰ ਅਤੇ ਤਕਨੀਕੀ ਕਾਢ ਸੂਝਵਾਨ ਵਿਅਕਤੀਆਂ ਦੀ ਦੇਣ ਹੈ ਅਤੇ ਸਮਾਜਕ ਸੰਗਠਨਾਂ ਦਾ ਉਹਨਾਂ ਕਾਢਾਂ ਪ੍ਰਤੀ ਬਹੁਤਾ ਨਿਖੇਧੀ ਪੂਰਨ ਅਤੇ ਵਿਨਾਸ਼ਕਾਰੀ ਯੋਗਦਾਨ ਰਿਹਾ ਹੈ, ਜਿਵੇਂ ਪਰਮਾਣੂ ਬੰਬਾਂ ਨਾਲ ਮਾਸੂਮ ਲੋਕਾਂ ਦਾ ਵਿਨਾਸ਼।
ਪੰਜਾਬ ਵਿਚ ਮਨੁੱਖ ਅਤੇ ਸਮਾਜ ਤੇ ਕਾਬਜ਼ ਸ਼ਕਤੀਆਂ ਦੀ ਪਰਸਪਰ ਵਿਰੋਧਤਾ ਮਿਸਲਾਂ ਦੇ ਸਮੇਂ ਸ਼ੁਰੂ ਹੋ ਗਈ ਸੀ ਜੋ ਮਹਾਰਾਜਾ ਰਣਜੀਤ ਸਿੰਘ ਨੇ ਦਬਾ ਦਿੱਤੀ ਸੀ। ਵੀਹਵੀਂ ਸ਼ਤਾਬਦੀ ਵਿਚ ਇਸ ਦਾ ਪੁਨਰ ਉਥਾਨ ਹੋਇਆ। ਇਸ ਤੋਂ ਪਹਿਲੋਂ, ਭਾਰਤ ਵਿਚ ਸਦੀਆਂ ਪੁਰਾਣੀ ਕਿੱਤਿਆਂ ਤੇ ਆਧਾਰਤ ਸਮਾਜਕ ਵਰਨ ਵੰਡ ਪਰਨਾਲੀ ਵਿਚ ਬਹੁਗਿਣਤੀ ਸ਼ੂਦਰ ਅਤੇ ਵੈਸ਼ ਪਰਵਾਰਾਂ ਨਾਲ ਵਿਤਕਰਾ ਅਤੇ ਜ਼ੁਲਮ ਹੁੰਦਾ ਆਇਆ ਸੀ। ਇਹ ਅਣ ਮਨੁੱਖੀ ਵਰਨ ਵੰਡ ਪਰਨਾਲੀ ਹਿੰਦੂ ਧਰਮ ਵਿਚ ਪਵਿਤਰ ਸਮਝੀ ਜਾਂਦੀ ਮਨੁਸਿਮ੍ਰਿਤੀ ਤੇ ਆਧਾਰਤ ਹੈ ਅਤੇ ਹਿੰਦੂ ਸਮਾਜ ਦਾ ਆਧਾਰ ਮੰਨੀ ਜਾਂਦੀ ਹੈ। ਇਸ ਜਾਤ ਪਰਨਾਲੀ ਦੇ ਦੋ ਪੱਖ ਹਨ: ਇਕ, ਅਣ ਮਨੁੱਖੀ ਸਮਾਜਕ ਵੰਡ, ਅਤੇ ਦੂਜਾ, ਧਰਮ ਵੱਲੋਂ ਪ੍ਰਵਾਣਤ ਰਹਿਤ। ਇਸ ਪਰਨਾਲੀ ਨੂੰ ਖਤਮ ਕਰਨ ਲਈ ਇਸ ਦੀ ਦੋਨੋਂ ਪੱਧਰਾਂ ਤੇ ਵਿਰੋਧਤਾ ਕਰਨੀ ਜ਼ਰੂਰੀ ਹੈ: ਧਾਰਮਕ ਅਤੇ ਸਮਾਜਕ ਪੱਧਰ ਤੇ। ਭਗਤ ਜਨਾਂ ਅਤੇ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿਚ ਹਿੰਦੂ ਸਮਾਜ ਦੀ ਵਰਣ ਵੰਡ ਪਰਨਾਲੀ ਦੇ ਧਾਰਮਕ ਆਧਾਰ ਦਾ ਜ਼ੋਰਦਾਰ ਖੰਡਨ ਕੀਤਾ ਹੈ ਅਤੇ ਇਸ ਪਰਨਾਲੀ ਨੂੰ ਮੁੱਢੋਂ ਨਕਾਰ ਦਿੱਤਾ ਹੈ। ਗੁਰਬਾਣੀ ਦੇ ਫੁਰਮਾਨ ਹਨ: "ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ॥" (ਪੰ: ੮੩) ਅਤੇ "ਗਰਭ ਵਾਸ ਮਹਿ ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ॥" (ਪੰ: ੩੨੪)। ਸਿੱਖ ਧਰਮ ਦੇ ਉਪਾਸ਼ਕਾਂ ਤੋਂ ਆਸ ਕੀਤੀ ਜਾਂਦੀ ਸੀ ਕਿ ਉਹ ਵੀ ਗੁਰਬਾਣੀ ਉਪਦੇਸ਼ ਅਨੁਸਾਰ ਜਾਤ ਪਰਨਾਲੀ ਨੂੰ ਸਮਾਜਕ ਪੱਧਰ ਤੇ ਤਿਆਗ ਦੇਣਗੇ। ਪਰ ਉਹ ਐਸਾ ਕਰਨ ਦੇ ਸਮਰਥ ਨਾ ਹੋ ਸਕੇ ਅਤੇ ਹਿੰਦੂ ਧਰਮ ਦੀ ਬੁਨਿਆਦ ਮੰਨੀ ਜਾਂਦੀ ਜਾਤ ਪਰਨਾਲੀ ਨੂੰ ਤਿਆਗੇਂ ਬਿਨਾ ਹੀ ਆਪਣੇ ਆਪ ਨੂੰ ਹਿੰਦੂਆਂ ਤੋਂ ਵਖਰੇ ਹੋਣ ਦਾ ਦਾਅਵਾ ਕਰਨ ਲੱਗ ਪਏ। ਉਹਨਾਂ ਸਿੱਖ ਧਰਮ ਵਿਚ ਹਿੰਦੂ ਧਰਮ ਵਾਲੀ ਜਾਤ ਪਾਤ ਨੂੰ ਬਰਕਰਾਰ ਰਖਿਆ ਹੋਇਆ ਹੈ ਪਰ ਇਹ ਪਰਚਾਰਨਾ ਨਹੀਂ ਭੁੱਲਦੇ ਕਿ ਗੁਰਬਾਣੀ ਜਾਤ ਪਾਤ ਦਾ ਖੰਡਨ ਕਰਦੀ ਹੈ। ਬੇਹਤਰ ਹੁੰਦਾ ਜੇਕਰ ਸਿੱਖ ਸ਼ਰਧਾਲੂ ਅਜਿਹੇ ਪਖੰਡ ਤੋਂ ਸੰਕੋਚ ਕਰਦੇ।

ਗੁਰਬਾਣੀ ਸੰਸਾਰ ਅਤੇ ਸਮਾਜ ਵਿਰੁਧ ਮਨੁੱਖ ਦੀ ਨਿਜੀ ਸੁਤੰਤਰਤਾ ਅਤੇ ਬਰਾਬਰਤਾ ਦੀ ਹਾਮੀ ਹੈ ਕਿਉਂਕਿ ਗੁਰਬਾਣੀ ਅਨੁਸਾਰ ਸੰਸਾਰ ਮਨੁੱਖ ਨੂੰ ਪਰਭੂ ਬਾਰੇ ਸੋਚਣ, ਯਾਦ ਕਰਨ ਅਤੇ ਉਸ ਦੀ ਰਜ਼ਾ ਅਨੁਸਾਰੀ ਜੀਵਨ ਬਤੀਤ ਕਰਨ ਵਿਚ ਬੜੀ ਭਾਰੀ ਰੁਕਾਵਟ ਬਣਿਆ ਹੋਇਆ ਹੈ। ਗੁਰਬਾਣੀ ਦੇ ਕਥਨ ਹਨ: "ਦੁਨੀਆ ਖੋਟੀ ਰਾਸਿ ਕੂੜ ਕਮਾਈਐ॥" (ਪੰ: ੧੪੪); "ਨਾਨਕ ਦੁਨੀਆ ਭਸੁ ਰੰਗੁ ਭਸੂ ਹੂ ਭਸੁ ਖੇਹ॥ ਭਸੋ ਭਸੁ ਕਮਾਵਣੀ ਭੀ ਭਸੁ ਭਰੀਐ ਦੇਹ॥" (ਪੰ: ੧੨੪੦); "ਇਹ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰ ਲੰਘਾਈ" (ਪੰ: ੩੫੩); "ਧੰਧੁ ਪਿਟੈ ਸੰਸਾਰ ਸਚੁ ਨ ਭਾਇਆ" (ਪੰ: ੪੧੯); "ਬਾਬਾ ਬਿਖੁ ਦੇਖਿਆ ਸੰਸਾਰ॥" (ਪੰ: ੩੮੨); "ਪੁਤ੍ਰ ਕਲਤ੍ਰ ਲਛਿਮੀ ਮਾਇਆ ਇਹੈ ਤਜਹੁ ਜੀਅ ਜਾਨੀ ਰੇ॥ ਕਹਤ ਕਬੀਰੁ ਸੁਨਹੁ ਰੇ ਸੰਤਹੁ ਮਿਲਿ ਹੈ ਸਾਰਗਿ ਪਾਨੀ ਰੇ॥" (ਪੰ: ੮੫੫); "ਨਾਨਕ ਦੁਨੀਆ ਕੀਆ ਵਡਿਆਈਆ ਅਗੀ ਸੇਤੀ ਜਾਲਿ॥ ਏਨੀ ਜਲੀਈ ਨਾਮੁ ਵਿਸਾਰਿਆ ਇਕ ਨ ਚਲੀਆ ਨਾਲਿ॥" (ਪੰ: ੧੨੯੦); " ਕਾਗਦ ਕੋਟੁ ਇਹੁ ਜਗੁ ਹੈ ਬਪੁਰੋ ਰੰਗਨਿ ਚਿਹਨ ਚਤੁਰਾਈ॥ ਨਾਨੀ ਸੀ ਬੂੰਦ ਪਵਨੁ ਪਤਿ ਖੋਵੈ ਜਨਮਿ ਮਰੈ ਖਿਨੁ ਤਾਈ॥" (ਪੰ: ੧੨੭੪); "ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ॥" (ਪੰ: ੪੬੮)। ਸੰਸਾਰ ਵਿਚ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਮਨੁੱਖ ਨੂੰ ਟਿਕਣ ਨਹੀਂ ਦਿੰਦੇ, ਉਸ ਨੂੰ ਭਵਾਂਈ ਫਿਰਦੇ ਹਨ ਤਾਂ ਜੋ ਉਹ ਪਰਭੂ ਨੂੰ ਚੇਤੇ ਨਾ ਕਰ ਸਕੇ। ਗੁਰਵਾਕ ਹੈ: "ਭੀਤਰਿ ਪੰਚ ਗੁਪਤਮਨਿ ਵਾਸੇ॥ ਥਿਰੁ ਨ ਰਹਹਿ ਜੈਸੇ ਭਵਹਿ ਉਦਾਸੇ॥ ਮਨੁ ਮੇਰਾ ਦਇਆਲ ਸੇਤੀ ਥਿਰੁ ਨ ਰਹੈ॥ ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ॥" (ਪੰ: ੩੫੯)। ਸੰਸਾਰ ਭਾਵੇਂ ਭਰਮਾਊ ਅਤੇ ਭੌਜਲ ਹੈ ਪਰ ਗੁਰਬਾਣੀ ਸੰਸਾਰ ਵਿਚ ਮਨੁੱਖਾ ਜਨਮ ਨੂੰ ਦੁਰਲਭ ਆਖਦੀ ਹੈ ਕਿਊਂਕੇ ਸੰਸਾਰਕ ਜੀਵਨ ਹੀ ਮਨੁੱਖ ਨੂੰ ਪਰਭੂ ਮਿਲਾਪ ਲਈ ਉਦਮ ਕਰਨ ਦਾ ਸੁਭਾਗ ਪਰਦਾਨ ਕਰਦਾ ਹੈ। ਗੁਰਬਾਣੀ ਦੇ ਕਥਨ ਹਨ: "ਗੁਰ ਸੇਵਾ ਤੇ ਭਗਤਿ ਕਮਾਈ॥ ਤਬ ਇਹ ਮਾਨਸ ਦੇਹੀ ਪਾਈ॥ ਇਸ ਦੇਹੀ ਕਉ ਸਿਮਰਹਿ ਦੇਵ॥ ਸੋ ਦੇਹੀ ਭਜੁ ਹਰਿ ਕੀ ਸੇਵ॥ ਭਜਹੁ ਗੋਬਿੰਦ ਭੂਲਿ ਮਤ ਜਾਹੁ॥ ਮਾਨਸ ਜਨਮ ਕਾ ਏਹੀ ਲਾਹੁ॥" (ਪੰ: ੧੧੫੯); "ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥" (ਪੰ: ੧੩੬੬); "ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥" (ਪੰ: ੧੨) ਅਤੇ "ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ" (ਪੰ: ੨੬)।

ਵਿਅਕਤੀ ਅਤੇ ਸਮਾਜ ਦੀ ਵਿਰੋਧਤਾ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਪੀਰੀ ਅਤੇ ਮੀਰੀ ਦੀਆਂ ਦੋ ਤਲਵਾਰਾਂ ਧਾਰਨ ਕਰ ਕੇ ਦ੍ਰਿੜ ਕਰਵਾਇਆ ਹੈ। ਉਹਨਾਂ ਇਹ ਸਿਧਾਂਤ ਪੇਸ਼ ਕੀਤਾ ਹੈ ਕਿ ਜਿਵੇਂ ਦੋ ਤਲਵਾਰਾਂ ਇਕ ਮਿਆਨ ਵਿਚ ਨਹੀਂ ਸਮਾ ਸਕਦੀਆਂ ਉਸੇ ਤਰ੍ਹਾਂ ਪੀਰੀ ਅਤੇ ਮੀਰੀ ਇਕ ਵਿਅਕਤੀ ਵਿਚ ਇਕੱਠੀਆਂ ਨਹੀਂ ਰਹਿ ਸਕਦੀਆਂ। ਪੀਰੀ ਅਤੇ ਮੀਰੀ ਦੋ ਵਖਰੇ ਅਤੇ ਵਿਰੋਧੀ ਜੀਵਨ ਢੰਗ ਹਨ। ਮੀਰੀ ਦੇ ਪਰਭਾਵ ਤੋਂ ਮੁਕਤ ਹੋ ਕੇ ਹੀ ਪੀਰੀ ਦੀ ਕਾਮਨਾ ਕੀਤੀ ਜਾ ਸਕਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਅਧਿਆਤਮਿਕ ਉਪਦੇਸ਼ ਨੂੰ ਸਮਾਜਕ ਗਤੀਵਿਧੀਆਂ ਵਿਚ ਰਲਗੱਡ ਨਹੀਂ ਕੀਤਾ ਸੀ ਪਰ ਉਹਨਾਂ ਬਾਰੇ ਰਚੇ ਵਿਸ਼ਾਲ ਮਿਥਿਹਾਸ ਨੇ ਹਿੰਦੂਤਵ ਦੇ ਸਮਰਥਕਾਂ ਨੂੰ ਵੀ ਉਹਨਾਂ ਦੀ ਤੁਲਨਾ ਸ਼ਿਵਾ ਜੀ ਮਰਾਠੇ ਨਾਲ ਕਰਨ ਲਈ ਉਤਸ਼ਾਹਿਤ ਕਰ ਦਿੱਤਾ ਹੈ।
ਗੁਰਬਾਣੀ ਮਨੁੱਖਾਂ ਵਿਚ ਸਾਂਝੀਵਾਲਤਾ ਅਤੇ ਬੇਗਮਪੁਰਾ ਸ਼ਹਿਰ ਦੀ ਗੱਲ ਕਰਦੀ ਹੈ। ਸਮਾਜ ਵਿਚੋਂ ਮਾਇਆ ਦੇ ਪਰਭਾਵ ਨੂੰ ਘਟਾਉਣ ਨਾਲ ਹੀ ਸਾਂਝੀਵਾਲਤਾ ਸੰਭਵ ਹੁੰਦੀ ਹੈ। ਸਮਾਜ ਮਨੁੱਖਾਂ ਦਾ ਸੰਗਠਨ ਹੁੰਦਾ ਹੈ। ਮਨੁੱਖਾਂ ਦੇ ਗੁਰਮਤਿ ਅਨੁਸਾਰੀ ਜੀਵਨ ਧਾਰਨ ਕਰਨ ਨਾਲ ਹੀ ਸਮਾਜ ਵਿਚ ਸੁਧਾਰ ਆਉਣ ਦੀ ਸੰਭਾਵਨਾ ਬਣਦੀ ਹੈ। ਨੇਕ ਸਮਾਜ ਵਿਚ ਮਨੁੱਖ ਨੂੰ ਨੇਕ ਬਣਾਉਣ ਦੀ ਯੋਗਤਾ ਨਹੀਂ ਹੁੰਦੀ, ਪਰ ਨੇਕ ਮਨੁੱਖ ਵਿਚ ਸਮਾਜ ਨੂੰ ਨੇਕ ਬਣਾਉਣ ਦੀ ਯੋਗਤਾ ਹੁੰਦੀ ਹੈ। ਮਨੁੱਖਤਾ ਨੇ ਲੰਮੇ ਅਤੇ ਖ਼ੂਨੀ ਸੰਘਰਸ਼ਾਂ ਰਾਹੀ ਨਿਜੀ ਸੁਤੰਤਰਤਾ ਲਈ ਬਹੁਤ ਪਰਾਪਤੀਆਂ ਕੀਤੀਆਂ ਹਨ ਪਰ ਉਹਨਾਂ ਪਰਾਪਤੀਆਂ ਵਿਚ ਇਹ ਘਾਟ ਰਹੀ ਹੈ ਕਿ ਉਹਨਾਂ ਵੱਲੋਂ ਜਿੱਤੇ ਅਧਿਕਾਰ ਕਨੂੰਨ ਦੀ ਸਹਾਇਤਾ ਤੇ ਨਿਰਭਰ ਕਰਦੇ ਹਨ। ਗੁਰਬਾਣੀ ਸਮਾਜ ਸੁਧਾਰ ਜਾਂ ਸਮੂਹਕ ਸੁਧਾਰ ਲਈ ਸੰਘਰਸ਼ ਦੀ ਗੱਲ ਨਹੀਂ ਕਰਦੀ, ਉਹ ਤੇ ਮਨੁੱਖ ਨੂੰ ਆਪਣਾ ਆਪ ਸੁਧਾਰਨ ਦਾ ਉਪਦੇਸ਼ ਕਰਦੀ ਹੈ ਤਾਂ ਜੋ ਨੇਕ ਮਨੁੱਖਾਂ ਰਾਹੀਂ ਸਮਾਜ ਵਿਚ ਖ਼ੁਸ਼ਹਾਲ ਅਤੇ ਸੁਤੰਤਰ ਜੀਵਨ ਦੀ ਵਿਵਸਥਾ ਬਣ ਜਾਵੇ। ਗੁਰਬਾਣੀ ਦਾ ਨਿਰਨਾ ਹੈ ਕਿ ਪਿੰਡ ਵਿਚ ਇਕ ਸਾਧ ਬਿਰਤੀ ਵਾਲੇ ਮਨੁੱਖ ਦੀ ਹੋਂਦ ਸਾਰੇ ਪਿੰਡ ਨੂੰ ਪਵਿਤਰ ਬਣਾ ਦਿੰਦੀ ਹੈ। ਨੇਕ ਪੁਰਸ਼ ਦੀ ਮੌਜੂਦਗੀ ਹੀ ਸਮਾਜਕ ਵਾਤਾਵਰਣ ਨੂੰ ਬਦਲਣ ਯੋਗ ਹੈ।
ਮਨੁੱਖ ਨੂੰ ਪਰਭੂ ਦਾ ਭਾਣਾ ਮੰਨਦੇ ਅਤੇ ਆਪਣੀਆਂ ਪਰਿਵਾਰਕ ਅਤੇ ਸਮਾਜਕ ਜ਼ਿੰਮੇਵਾਰੀਆਂ ਨੇਕ ਨੀਤੀ ਨਾਲ ਨਿਭਾਉਂਦੇ ਹੋਏ ਸਮਾਜਕ ਬੰਧਨਾਂ ਅਤੇ ਦੁਨਿਆਵੀ ਇੱਛਾਵਾਂ ਤੇ ਕਾਬੂ ਪਾਉਣ ਦਾ ਪਰਆਸ ਕਰਨਾ ਚਾਹੀਦਾ ਹੈ। ਸਮਾਜ, ਪਰਵਾਰ ਜਾਂ ਕਿਸੇ ਦੂਜੇ ਤੇ ਦਬਾਓ ਪਾ ਕੇ ਉਸ ਨੂੰ ਬਦਲਣ ਜਾਂ ਕੰਟ੍ਰੋਲ ਕਰਨ ਦਾ ਜਤਨ ਮਨੁੱਖੀ ਸੁਤੰਤਰਤਾ ਵਿਚ ਦਖ਼ਲ ਅੰਦਾਜ਼ੀ ਹੈ ਜਿਸ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ।




.