.

ਗੁਰ ਡਿਠਾ ਤਾਂ ਮਨੁ ਸਾਧਾਰਿਆ

(ਸੁਖਜੀਤ ਸਿੰਘ- ਕਪੂਰਥਲਾ)

ਜਦੋਂ ਅਸੀਂ ਸੰਸਾਰ ਦੇ ਵੱਖ-ਵੱਖ ਧਰਮਾਂ ਵਲੋਂ ਅਧਿਆਤਮ ਮਾਰਗ ਦੇ ਦਿਤੇ ਗਿਆਨ ਉਪਦੇਸ਼ਾਂ ਵਲ ਝਾਤੀ ਮਾਰਦੇ ਹਾਂ ਤਾਂ ਇੱਕ ਗੱਲ ਪ੍ਰਤੱਖ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਹਰ ਧਰਮ ਪ੍ਰਮੇਸ਼ਰ ਦੇ ਮਿਲਾਪ ਰੂਪੀ ਮੰਜ਼ਿਲ ਦੀ ਪ੍ਰਾਪਤੀ ਲਈ ਮਨ ਦੇ ਟਿਕਾਉ ਦੀ ਗੱਲ ਕਰਦਾ ਹੈ। ਮਨ ਦੇ ਟਿਕਾਉ ਤੋਂ ਬਿਨਾਂ ਕੁੱਝ ਵੀ ਸੰਭਵ ਨਹੀਂ ਹੋ ਸਕਦਾ। ਹਰੇਕ ਧਰਮ ਨੇ ਆਪਣੇ-ਆਪਣੇ ਤਰੀਕੇ ਨਾਲ ਮਨ ਦੇ ਟਿਕਾਉਣ ਦੀ ਗੱਲ ਕੀਤੀ ਹੈ। ਪ੍ਰੰਤੂ ਜਦੋਂ ਅਸੀਂ ਗੁਰਬਾਣੀ-ਸਿਖ ਇਤਿਹਾਸ ਵੱਲ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਇਥੇ ਸਪਸ਼ਟ ਰੂਪ ਵਿੱਚ ਮਾਰਗ ਦਰਸ਼ਨ ਮਿਲਦਾ ਹੈ ਕਿ ਗੁਰੂ ਦੇ ਉਪਦੇਸ਼ ਰੂਪੀ ਦਰਸ਼ਨ ਕੀਤਿਆਂ ਹੀ ਮਨ ਦਾ ਟਿਕਾਉ ਬਣ ਸਕਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ‘ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਡੈ ਡੂਮਿ ਆਖੀ` ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਉਸਤਤ ਕੀਤੀ ਗਈ ਹੈ। ਇਸ ਵਾਰ ਦੀ ਸਤਵੀਂ ਪਉੜੀ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੀ ਵਡਿਆਈ ਕਰਦਿਆਂ ਚੌਥੇ ਪਾਤਸ਼ਾਹ ਦੇ ਦਰਸ਼ਨਾਂ ਵਿਚੋ ਹੀ ਮਨ ਦੇ ਟਿਕਾਉ ਵਾਲੀ ਪ੍ਰਾਪਤੀ ਦੀ ਗੱਲ ਕੀਤੀ ਗਈ ਹੈ-

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।।

ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ।।

ਸਿਖੀ ਅਤੈ ਸੰਗਤੀ ਪਾਰਬ੍ਰਹਮ ਕਰਿ ਨਮਸਕਾਰਿਆ।।

ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ।।

ਜਿਨੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ।।

ਲਬੁ ਲੋਭੁ ਕਾਮੁ ਕ੍ਰੋਧ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ।।

ਧੰਨ ਸੁ ਤੇਰਾ ਥਾਨ ਹੈ ਸਚੁ ਤੇਰਾ ਪੈਸਕਾਰਿਆ।।

ਨਾਨਕ ਤੂ ਲਹਿਣਾ ਤੂ ਹੈ ਗੁਰੁ ਅਮਰੁ ਤੂ ਵੀਚਾਰਿਆ।।

ਗੁਰੁ ਡਿਠਾ ਤਾਂ ਮਨੁ ਸਾਧਾਰਿਆ।।

(ਰਾਮਕਲੀ ਕੀ ਵਾਰ-ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ-੯੬੮)

ਜਿਸ-ਜਿਸ ਨੇ ਵੀ ਗੁਰੂ ਰਾਮਦਾਸ ਜੀ ਦੇ ਉਪਦੇਸ਼ ਰੂਪੀ ਬਚਨਾਂ ਨੂੰ ਜੀਵਨ ਵਿੱਚ ਕਮਾਉਣ ਹਿੱਤ ਦਰਸ਼ਨ ਕੀਤੇ, ਮਨ ਦਾ ਟਿਕਾਉ ਵੀ ਮਿਲ ਗਿਆ। ਜਿਸ ਮਨ ਨੂੰ ਟਿਕਾਉਣ ਲਈ ਯੋਗੀ, ਤਪੀਸ਼ਰ, ਸੰਨਿਆਸੀ, ਗਿਆਨੀ, ਧਿਆਨੀ ਆਦਿ ਆਪਣੇ-ਆਪਣੇ ਸਾਧਨਾਂ ਦੁਆਰਾ ਯਤਨਸ਼ੀਲ ਹੁੰਦੇ ਹਨ, ਪ੍ਰੰਤੂ ਸਾਰੇ ਸਾਧਨ ਵਰਤਣ ਦੇ ਬਾਵਜੂਦ ਵੀ ਮਨ ਦਾ ਟਿਕਾਉ ਪ੍ਰਾਪਤ ਨਹੀ ਹੁੰਦਾ। ਗੁਰੂ ਰਾਮਦਾਸ ਜੀ ਜੋ ਪ੍ਰਤੱਖ ਹਰੀ ਦਾ ਆਪਣਾ ਰੂਪ ਹਨ, ਗੁਰੂ ਨਾਨਕ ਜੋਤ ਉਹਨਾਂ ਅੰਦਰ ਪ੍ਰਕਾਸ਼ਮਾਨ ਹੈ, ਅਕਾਲ ਪੁਰਖ ਨੇ ਕ੍ਰਿਪਾ ਕਰਕੇ ਇੰਨੀ ਉਚੀ ਆਤਮਿਕ ਅਵਸਥਾ ਬਖ਼ਸ਼ਿਸ਼ ਕੀਤੀ ਹੈ। ਐਸੇ ਗੁਰੂ ਦੇ ਦਰਸ਼ਨਾਂ ਵਿਚੋਂ ਹੀ ਮਨ ਦੀ ਭਟਕਣਾ ਖਤਮ ਹੋ ਜਾਂਦੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੇ ਰਚਨਕਾਰਾਂ ਵਿਚੋਂ ਭੱਟ ਉਹ ਮਹਾਨ ਆਤਮਾਵਾਂ ਸਨ, ਜਿਨ੍ਹਾਂ ਨੇ ਮਨ ਦੇ ਟਿਕਾਉ ਦੀ ਪ੍ਰਾਪਤੀ ਲਈ ਸੱਚੇ-ਸੁੱਚੇ ਧਾਰਮਿਕ ਆਗੂਆਂ ਦੀ ਖੋਜ ਵਿੱਚ ਅਨੇਕਾਂ ਯਤਨ ਕਰਦੇ ਹੋਏ ਬੇਅੰਤ ਯਾਤਰਾਵਾਂ ਕੀਤੀਆਂ। ਉਹਨਾਂ ਨੂੰ ਕਈ ਅਖੌਤੀ ਮਹਾਂਪੁਰਖਾਂ, ਧਾਰਮਿਕ ਆਗੂਆਂ ਨਾਲ ਮਿਲਾਪ ਤਾਂ ਹੋਇਆ ਪ੍ਰੰਤੂ ਜਿਸ ਟਿਕਾਉ ਦੀ ਭਾਲ ਵਿੱਚ ਨਿਕਲੇ ਸਨ, ਉਹ ਪ੍ਰਾਪਤੀ ਨਹੀਂ ਮਿਲੀ। ਕਿਉਂਕਿ ਇਹ ਅਖੌਤੀ ਧਾਰਮਿਕ ਆਗੂ, ਰਹਿਬਰ ਕਹਿਣੀ ਅਤੇ ਕਥਨੀ ਦੇ ਸੂਰੇ ਨਹੀਂ ਸਨ, ਅੰਦਰੋਂ ਬਾਹਰੋ ਇੱਕ ਨਹੀ ਸਨ। ਜਿਹੜੇ ਆਪ ਹੀ “ਜਿਨੁ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ” (੪੮੮) ਵਾਲੀ ਅਵਸਥਾ ਦੇ ਧਾਰਣੀ ਹੋਣ, ਉਹਨਾਂ ਦੇ ਦਰਸ਼ਨ, ਉਹਨਾਂ ਦੀ ਸੰਗਤ ਵਿਚੋਂ ਮਨ ਦਾ ਟਿਕਾਉ ਕਿਵੇਂ ਮਿਲ ਸਕਦਾ ਸੀ? ਇਸ ਵਿਸ਼ੇ ਤੇ ਆਪਣੇ ਨਿਜੀ ਤਜਰਬੇ ਨੂੰ ਦਰਸਾਉਂਦਾ ਸਵਈਆ ਭੱਟ ਭਿਖਾ ਜੀ ਨੇ ਉਚਾਰਨ ਕੀਤਾ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਮਾਨਵਤਾ ਦੇ ਸਦੀਵੀ ਮਾਰਗ ਦਰਸ਼ਨ ਲਈ ਇਸ ਸਵਈਏ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿਤਾ-

ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ।।

ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ।।

ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ।।

ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ।।

ਹਰਿ ਨਾਮੁ ਛੋਡਿ ਦੂਜੈ ਲਗੇ ਤਿਨੁ ਕੇ ਗੁਣ ਹਉ ਕਿਆ ਕਹਉ।।

ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ।।

(ਸਵਈਏ ਮਹਲੇ ਤੀਜੇ ਕੇ-੧੩੯੫)

ਇਸ ਵਿਸ਼ੇ ਉਪਰ ਜਦੋਂ ਅਸੀਂ ਗੁਰ ਇਤਿਹਾਸ ਵਿੱਚ ਝਾਤੀ ਮਾਰ ਕੇ ਦੇਖਦੇ ਹਾਂ ਤਾਂ ਸਾਡੇ ਸਾਹਮਣੇ ਪ੍ਰਤੱਖ ਉਦਾਹਰਣਾਂ ਆਉਂਦੀਆਂ ਹਨ। ਭਾਈ ਲਹਿਣਾ ਜੀ ਜਿੰਨ੍ਹਾ ਚਿਰ ਪੂਰੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਮਨ ਦੀ ਭਟਕਣਾ ਖਤਮ ਨਹੀਂ ਹੋਈ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਰਣ ਵਿੱਚ ਆਉਣ ਤੇ ਮਨ ਦਾ ਐਸਾ ਟਿਕਾਉ ਮਿਲਿਆ ਕਿ ਫਿਰ ਕਿਸੇ ਹੋਰ ਦਰ ਤੇ ਜਾਣ ਦੀ ਲੋੜ ਨਹੀਂ ਰਹੀ। ਪੂਰੇ ਗੁਰੂ ਦੀ ਕ੍ਰਿਪਾ ਨਾਲ ਭਾਈ ਲਹਿਣਾ ਤੋਂ ਗੁਰੂ ਅੰਗਦ ਪਾਤਸ਼ਾਹ ਬਣ ਗਏ।

ਤੀਜੇ ਪਾਤਸ਼ਾਹ ਪੂਰੇ ਗੁਰੂ ਦੀ ਸੰਗਤ ਵਿੱਚ ਆਉਣ ਤੋਂ ਪਹਿਲਾਂ ਬਾਬਾ ਅਮਰਦਾਸ ਦੇ ਰੂਪ ਵਿੱਚ ਜੀਵਨ ਦਾ ਬਹੁਤ ਵੱਡਾ ਹਿਸਾ ਲਗਭਗ 62 ਸਾਲ ਦੀ ਉਮਰ ਤਕ ਮਨ ਦੀ ਸ਼ਾਂਤੀ ਤੋਂ ਵਾਂਝੇ ਰਹੇ। ਸੱਚੇ ਗੁਰੂ ਸ੍ਰੀ ਗੁਰੂ ਅੰਗਦ ਸਾਹਿਬ ਦੀ ਸੰਗਤ ਦਾ ਐਸਾ ਰੰਗ ਚੜਿਆ ਕਿ ਬਿਰਧ ਅਵਸਥਾ ਦੀ ਪ੍ਰਵਾਹ ਨਾਂ ਕਰਦਿਆਂ ਹੋਇਆਂ ਵੀ ਸੇਵਾ-ਸਿਮਰਨ ਦੀ ਅਦੁਤੀ ਘਾਲਣਾ ਘਾਲ ਕੇ ਜਿਥੇ ਆਪਣੇ ਮਨ ਨੂੰ ਟਿਕਾਇਆ, ਉਥੇ ਦੂਸਰੇ ਜਗਿਆਸੂਆਂ ਦੇ ਡੋਲਦੇ ਮਨਾਂ ਨੂੰ ਟਿਕਾਉਣ ਵਾਲੇ ‘ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ” (੧੩੯੬) ਵਾਲੇ ਸਮਰੱਥ ਸਤਿਗੁਰੂ ਬਣ ਗਏ।

ਭਾਈ ਜੇਠਾ ਜੀ ਤੋਂ ‘ਧੰਨੁ ਧੰਨੁ ਰਾਮਦਾਸ ਗੁਰ` ਅਤੇ ‘ਪੂਰੀ ਹੋਈ ਕਰਾਮਾਤਿ` ਰੂਪੀ ਤਬਦੀਲੀ ਹੋਣ ਪਿਛੇ ਵੀ ਪੂਰੇ ਗੁਰੂ ਦੀ ਸੰਗਤ ਹੀ ਕਾਰਣ ਬਣੀ। ਅਧੂਰੇ ਗੁਰੂਆਂ ਤੋਂ ਬਚ ਕੇ ਹੀ ਮਨ ਦੀ ਦੁਬਿਧਾ ਖਤਮ ਹੋ ਸਕਦੀ ਹੈ, ਜਿੰਨਾਂ ਚਿਰ ਮਨ ਵਿੱਚ ਦੁਬਿਧਾ ਹੋਵੇਗੀ, ਉਨਾਂ ਚਿਰ ਮਨ ਦੀ ਭਟਕਣਾ ਟਿਕਣ ਨਹੀਂ ਦੇਵੇਗੀ। ਪੂਰੇ ਗੁਰੂ ਨਾਲ ਮਿਲ ਕੇ ਅਨੰਦ ਅਤੇ ਪਰਮਗਤੀ ਦੀ ਪ੍ਰਾਪਤੀ ਸੰਭਵ ਹੋ ਸਕਦੀ ਹੈ। ਇਸ ਪ੍ਰਥਾਇ ਗੁਰੂ ਰਾਮਦਾਸ ਜੀ ਦਾ ਬਚਨ ਹੈ-

ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ।।

ਮਨ ਕੀ ਦੁਬਿਧਾ ਬਿਨਸਿ ਜਾਇ ਹਰਿ ਪਰਮ ਪਦੁ ਲਹੀਐ।।

(ਗਉੜੀ ਬੈਰਾਗਣਿ ਮਹਲਾ ੪-੧੬੮)

ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਸੰਗਤ ਵਿਚੋਂ ਬਖ਼ਸ਼ਿਸ਼ਾਂ ਨਾਲ ਨਿਵਾਜੀ ਹੋਈ ਮਹਾਨ ਆਤਮਾ ਜਦੋਂ ‘ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ` (੧੩੯੯) ਬਣ ਕੇ ਤਖ਼ਤ ਤੇ ਬਿਰਾਜਮਾਨ ਹੋਈ ਤਾਂ 1574 ਈਸਵੀ ਨੂੰ ਗੋਇੰਦਵਾਲ ਸਾਹਿਬ ਦੀ ਇਤਿਹਾਸਕ ਧਰਤੀ ਤੇ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਸੰਗਤ ਨੂੰ ਪਹਿਲਾ ਉਪਦੇਸ਼ ਦਿੰਦੇ ਹੋਏ ਆਪਣੀ ਮਨੋ-ਭਾਵਨਾ ਦਾ ਜ਼ਿਕਰ ਆਪਣੀ ਬਾਣੀ ਵਿੱਚ ਇਸ ਤਰਾਂ ਕੀਤਾ-

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ।।

ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ।।

ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ।।

(ਗਉੜੀ ਬੈਰਾਗਣਿ ਮਹਲਾ ੪-੧੬੭)

ਸੰਨ 1574 ਤੋਂ 1581 ਤਕ ਗੁਰਿਆਈ ਦੇ 7 ਸਾਲਾਂ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਨੇ ਜਿਥੇ ਸਿਖੀ ਦੇ ਮਹਾਨ ਕੇਂਦਰ ਸ੍ਰੀ ਅੰਮ੍ਰਿਤਸਰ ਦੀ ਸਥਾਪਨਾ ਦਾ ਮਹਾਨ ਕਾਰਜ ਕੀਤਾ, ਉਥੇ ਗੁਰੂ ਰਾਮਦਾਸ ਜੀ ਨੇ ਵਿਸ਼ਾ-ਵਸਤੂ ਅਤੇ ਅਕਾਰ ਪੱਖੋਂ ਅਥਾਹ ਬਾਣੀ ਦੀ ਰਚਨਾ ਵੀ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗਾਂ ਵਿਚੋਂ 30 ਰਾਗਾਂ ਵਿੱਚ ਆਪ ਜੀ ਨੇ ਬਾਣੀ ਉਚਾਰਣ ਕੀਤੀ ਹੈ। ਕੁਲ 22 ਵਾਰਾਂ ਵਿਚੋਂ 8 ਵਾਰਾਂ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਹਨ।

ਚੌਥੇ ਪਾਤਸ਼ਾਹ ਦੀ ਉਚਾਰਣ ਕੀਤੀ ਬਾਣੀ ਪ੍ਰਤੀ ਵਿਦਵਾਨਾਂ ਨੇ ਬਹੁਤ ਹੀ ਭਾਵ-ਪੂਰਤ ਵਿਚਾਰ ਪ੍ਰਗਟ ਕੀਤੇ ਹਨ- “ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਮਹਾਨ ਅਤੇ ਕਾਫੀ ਵੱਡਾ ਹਿੱਸਾ ਹੈ। ਵਿਛੋੜਾ, ਵੈਰਾਗ ਤੇ ਮਿਲਣ ਦੀ ਤਾਂਘ ਆਪ ਦੀ ਬਾਣੀ ਦੇ ਮੁੱਖ ਵਿਸ਼ੇ ਹਨ। ‘ਨੀਰ ਵਹੈ ਵਹਿ ਚਲੈ ਜੀਉ`, ‘ਅੰਮ੍ਰਿਤ ਭਿੰਨੇ ਲੋਇਨਾ, ‘ਮੇਰਾ ਮਨ ਤਨ ਵਿਧਾ`, ਅਣੀਆਲੇ ਅਣੀਆ ਰਾਮ ਰਾਜੇ`, ਗੁਰਮੁਖ ਰੰਗ ਚਲੂਲਿਆ`, ਜਨੁ ਨਾਨਕੁ ਮੁਸਕਿ ਝਕੋਲਿਆ, ‘ਗੁਰ ਅੰਮ੍ਰਿਤ ਭਿੰਨੀ ਦੇਹੁਰੀ`, ‘ਅੰਮ੍ਰਿਤ ਬੁਰਕੇ ਰਾਮ ਰਾਜੇ`, ਮੈਂ ਚਿਰੀ ਵਿਛੁੰਨੀ ਰਾਮ ਰਾਜੇ`, ‘ਹਰਿ ਸਜਣੁ ਲਧਾ ਰਾਮ ਰਾਜੇ`, ਆਦਿ ਬੋਲਾਂ ਵਿੱਚ ਅਗੰਮੀ ਰਸ ਅਤੇ ਸੁਆਦ ਹੈ। ਆਪ ਨੇ ਅਪਾਰ ਕੋਮਲਤਾ, ਸੂਖਮਤਾ ਤੇ ਸੁਚੱਜਤਾ ਨਾਲ ਰਾਗ ਅਤੇ ਕਵਿਤਾ ਦਾ ਸੁਮੇਲ ਕੀਤਾ ਹੈ। ‘ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸੁ ਪਹਿ ਆਪ ਵੇਚਾਈ` (੭੫੭) ਵਾਲੇ ਬਚਨਾਂ ਵਿੱਚ ਗੁਰੂ ਮਿਲਾਪ ਲਈ ਕਿੰਨੀ ਸਿਕ ਅਤੇ ਕਿੰਨੀ ਬਿਹਬਲਤਾ ਹੈ। ਗੁਰੂ ਰਾਮਦਾਸ ਜੀ ਦੀ ਬਾਣੀ ਪੜਦਿਆਂ ਇਸ ਤਰਾਂ ਲਗਦਾ ਹੈ ਜਿਵੇਂ ਉਹ ਆਪਣੇ ਪਿਆਰੇ ਨੂੰ ਸਾਹਮਣੇ ਬਿਠਾ ਕੇ ਉਸ ਨਾਲ ਪਿਆਰ ਦੀਆਂ ਗੱਲਾਂ ਕਰ ਰਹੇ ਹੋਣ। ਉਸਦੇ ਬਚਣ ਸੁਣ ਰਹੇ ਹੋਣ, ਉਸ ਤੋਂ ਸਦਕੇ ਤੇ ਵਾਰੀ ਜਾ ਰਹੇ ਹੋਣ। ਇਹੋ ਜਾਪਦਾ ਹੈ ਜਿਵੇਂ ਗੁਰੂ ਰਾਮਦਾਸ ਜੀ ਸਤਿਗੁਰੂ ਦੇ ਸਦਾ ਨਿਕਟ ਵਸਦੇ, ਹਰ ਵੇਲੇ ਉਸਦੇ ਬਚਨ ਸੁਣਦੇ ਤੇ ਉਸਤੋਂ ਕੁਰਬਾਨ ਪਏ ਹੁੰਦੇ ਹੋਣ। “

‘ਗੁਰ ਡਿਠਾ ਤਾਂ ਮਨੁ ਸਾਧਾਰਿਆ` ਤਕ ਦੀ ਅਵਸਥਾ ਨੂੰ ਪ੍ਰਾਪਤ ਸ੍ਰੀ ਗੁਰੂ ਰਾਮਦਾਸ ਜੀ ਦੀ ਵਡਿਆਈ ਅਕੱਥ ਹੈ। ਸਾਡੇ ਵਰਗਾ ਵਿਸ਼ੇ-ਵਿਕਾਰਾਂ, ਅਉਗਣਾਂ, ਪ੍ਰਵਾਰਿਕ ਝਮੇਲਿਆਂ ਵਿੱਚ ਖਚਿਤ ਆਮ ਮਨੁੱਖ ਪੂਰੇ ਸਤਿਗੁਰੂ ਦੀ ਥਾਹ ਨਹੀ ਪਾ ਸਕਦਾ। ਬਸ ਅਸੀਂ ਤਾਂ ਭੱਟ ਕੀਰਤ ਜੀ ਦੇ ਬਚਨਾਂ ਅਨੁਸਾਰ ਮਨ ਦੇ ਟਿਕਾਉ ਵਾਲੀ ਅਵਸਥਾ ਦੀ ਪ੍ਰਾਪਤੀ ਲਈ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਜਰੂਰ ਕਰ ਸਕਦੇ ਹਾਂ-

ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤ ਛਾਡਿ ਬਿਖੈ ਬਿਖੁ ਖਾਈ।।

ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ।।

ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ।।

ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ।।

(ਸਵਈਏ ਮਹਲੇ ਚੌਥੇ ਕੇ -੧੪੦੬)

============

-ਸੁਖਜੀਤ ਸਿੰਘ, ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

[email protected]
.