.

ਧਰਮ ਵਿੱਚ ਸਮੱਸਿਆ-25
ਵਹਿਮ-ਭਰਮ ਅਧਾਰਿਤ ਨਕਲੀ ਧਰਮ
ਹਰਚਰਨ ਸਿੰਘ (ਸਿੱਖ ਵਿਰਸਾ)
Tel.: 403-681-8689 Email: [email protected] www.sikhvirsa.com

ਨੋਟ: ਅੱਜ ਦੇ ਪ੍ਰਚਲਤ 10-15 ਜਥੇਬੰਦਕ ਧਰਮਾਂ (ਧਾਰਮਿਕ ਫਿਰਕਿਆਂ) ਵਿੱਚ ਅਨੇਕਾਂ ਤਰ੍ਹਾਂ ਦੇ ਨਕਲੀ ਧਰਮ ਪ੍ਰਚਲਤ ਹੋ ਚੁੱਕੇ ਹਨ। ਜਿਨ੍ਹਾਂ ਤੇ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦੀ ਤਿੱਕੜੀ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ। ਧਰਮਾਂ ਦਾ ਤਕਰੀਬਨ 5 ਹਜ਼ਾਰ ਸਾਲ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਤਿੱਕੜੀ ਰਲ਼ ਕੇ ਮਨੁੱਖਤਾ ਨੂੰ ਧਰਮ ਦੇ ਨਾਮ ਤੇ ਲੁੱਟਦੀ ਆ ਰਹੀ ਹੈ। ਧਰਮ ਇਨ੍ਹਾਂ ਲਈ ਪੈਸਾ ਕਮਾਉਣ ਦਾ ਧੰਦਾ ਤੇ ਸ਼ਰਧਾਲੂਆਂ ਦੀ ਤਾਕਤ ਨੂੰ ਆਪਣੇ ਸਿਆਸੀ ਮੁਫਾਦਾਂ ਲਈ ਵਰਤਣ ਦਾ ਜ਼ਰੀਆ ਹੈ। ਇਨ੍ਹਾਂ ਦਾ ਇਹ ਧੰਦਾ ਸਦੀਆਂ ਤੋਂ ਅਗਿਆਨਤਾ, ਅੰਧ-ਵਿਸ਼ਵਾਸ਼ ਤੇ ਕਰਮਕਾਂਡਾਂ ਦੇ ਅਧਾਰ ਤੇ ਚੱਲ ਰਿਹਾ ਹੈ। ਇਤਿਹਾਸ ਵਿੱਚ ਸਮੇਂ-ਸਮੇਂ ਅਨੇਕਾਂ ਸੱਚੇ ਮਨੁੱਖਤਾਵਾਦੀ ਧਰਮ ਗੁਰੂ, ਰਹਿਬਰ, ਪੀਰ-ਪੈਗੰਬਰ, ਮਹਾਂਪੁਰਸ਼ ਪੈਦਾ ਹੁੰਦੇ ਰਹੇ, ਜੋ ਮਨੁੱਖ ਨੂੰ ਅਸਲੀ ਧਰਮ ਨਾਲ ਜੋੜਦੇ ਰਹੇ, ਅਗਿਆਨਤਾ ਤੇ ਅੰਧ ਵਿਸ਼ਵਾਸ਼ ਦੀ ਬੇਹੋਸ਼ੀ ਵਿਚੋਂ ਜਗਾ ਕੇ ਸੱਚ ਦੇ ਰਾਹ ਪਾਉਂਦੇ ਰਹੇ। ਪਰ ਇਸ ਤਿਕੜੀ ਨੇ ਅਜਿਹੇ ਮਹਾਨ ਪੁਰਸ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ। ਉਨ੍ਹਾਂ ਨੂੰ ਸੂਲ਼ੀਆਂ, ਫਾਂਸੀਆਂ ਤੇ ਚੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚਦੇ ਰਹੇ ਤੇ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਉਨ੍ਹਾਂ ਦੇ ਰਾਹਾਂ ਵਿੱਚ ਖੜੀਆਂ ਕਰਦੇ ਰਹੇ। ਪਰ ਫਿਰ ਵੀ ਜਦੋਂ ਅਜਿਹੇ ਮਹਾਂਪੁਰਸ਼ ਆਪਣੀ ਨਵੀਂ ਤੇ ਵੱਖਰੀ ਵਿਚਾਰਧਾਰਾ ਮਨੁੱਖਤਾ ਨੂੰ ਦੇਣ ਵਿੱਚ ਸਫਲ ਹੋ ਜਾਂਦੇ ਤਾਂ ਉਨ੍ਹਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਸਮਾਂ ਪਾ ਕੇ ਇਹ ਤਿਕੜੀ ਨਵੇਂ ਰੂਪ ਵਿੱਚ ਉਸੇ ਮਹਾਂਪੁਰਸ਼ ਦੇ ਨਾਮ ਤੇ ਨਵੀਆਂ ਮਰਿਯਾਦਾਵਾਂ, ਕਰਮਕਾਂਡਾਂ ਤੇ ਚਿੰਨ੍ਹਾਂ ਨਾਲ ਲੈਸ ਹੋ ਕੇ ਨਵਾਂ ਧਾਰਮਿਕ ਫਿਰਕਾ ਖੜਾ ਕਰਕੇ ਉਨ੍ਹਾਂ ਦੇ ਅਨੁਆਈਆਂ ਨੂੰ ਆਪਣੇ ਨਕਲੀ ਧਰਮ ਦੇ ਮਾਇਆ ਜਾਲ ਵਿੱਚ ਫਸਾ ਲੈਂਦੇ। ਅੱਜ ਦੇ ਪ੍ਰਚਲਤ ਹਰ ਜਥੇਬੰਦਕ ਛੋਟੇ ਵੱਡੇ ਧਾਰਮਿਕ ਫਿਰਕੇ ਵਿੱਚ ਨਕਲੀ ਧਰਮਾਂ ਦਾ ਪੂਰਾ ਬੋਲਬਾਲਾ ਹੈ ਤੇ ਅਸਲੀ ਧਰਮ ਇਨ੍ਹਾਂ ਵਿਚੋਂ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ। ਹਰ ਧਾਰਮਿਕ ਫਿਰਕਾ ਝੂਠੀਆਂ, ਅੰਧ ਵਿਸ਼ਵਾਸ਼ੀ, ਅਗਿਆਨਤਾ ਭਰਪੂਰ ਰੀਤਾਂ-ਰਸਮਾਂ, ਕਰਾਮਾਤਾਂ, ਕਰਮਕਾਂਡਾਂ, ਮਰਿਯਾਦਾਵਾਂ, ਪ੍ਰੰਪਰਾਵਾਂ, ਧਾਰਮਿਕ ਚਿੰਨ੍ਹਾਂ ਦਾ ਮਿਲਗੋਭਾ ਜਿਹਾ ਨਕਲੀ ਧਰਮ ਬਣ ਚੁੱਕਾ ਹੈ। ਇਸ ਲੇਖ ਲੜੀ ਦਾ ਮਕਸਦ ਆਮ ਵਿਅਕਤੀ ਨੂੰ ਜਿਥੇ ਧਰਮ ਦੇ ਨਾਮ ਤੇ ਬਣੇ ਹੋਏ ਇਨ੍ਹਾਂ ਧਾਰਮਿਕ ਫਿਰਕਿਆਂ ਵਿਚਲੇ ਨਕਲੀ ਧਰਮਾਂ ਤੋਂ ਜਾਣੂ ਕਰਾਉਣਾ ਹੈ, ਉਥੇ ਅਸਲੀ ਧਰਮ ਦੀ ਜਾਣ ਪਛਾਣ ਕਰਾਉਣਾ ਵੀ ਹੈ ਤਾਂ ਕਿ ਲੋਕ ਸੱਚੇ ਤੇ ਅਸਲੀ ਧਰਮ ਨਾਲ ਜੁੜ ਸਕਣ। ਕੋਸ਼ਿਸ਼ ਇਹੀ ਹੈ ਕਿ ਲੋਕ ਬੇਹੋਸ਼ੀ ਤੋਂ ਜਾਗ ਪੈਣ ਤੇ ਪਛਾਣ ਕਰਨ ਦੇ ਸਮਰੱਥ ਹੋ ਸਕਣ ਕਿ ਜਿਸਨੂੰ ਉਹ ਤਨੋ, ਮਨੋ, ਧਨੋ ਧਰਮ ਸਮਝ ਕੇ ਆਪਾ ਨਿਛਾਵਰ ਕਰ ਰਹੇ ਹਨ, ਕੀ ਉਸ ਵਿੱਚ ਕੁੱਝ ਧਰਮ ਦਾ ਅੰਸ਼ ਹੈ ਵੀ ਜਾਂ ਉਹ ਸਿਰਫ ਪੁਜਾਰੀਆਂ ਦੀਆਂ ਬਣਾਈਆਂ ਅਗਿਆਨਤਾ ਤੇ ਅੰਧ ਵਿਸ਼ਵਾਸ਼ ਅਧਾਰਿਤ ਮਰਿਯਾਦਾਵਾਂ, ਰੀਤਾਂ-ਰਸਮਾਂ, ਕਰਮਕਾਂਡਾਂ ਦਾ ਭਾਰ ਹੀ ਢੋਹ ਰਹੇ ਹਨ। ਇਹ ਤਿਕੜੀ ਧਰਮ ਨੂੰ ਵਧਾਉਣ, ਧਰਮ ਦਾ ਰਾਜ ਸਥਾਪਿਤ ਕਰਨ ਅਤੇ ਧਰਮ ਨੂੰ ਖਤਰੇ ਦੇ ਨਾਂ ਤੇ ਪਿਛਲੇ 5 ਹਜ਼ਾਰ ਸਾਲਾਂ ਵਿੱਚ 15 ਹਜ਼ਾਰ ਤੋਂ ਵੱਧ ਯੁੱਧਾਂ ਰਾਹੀਂ ਮਨੁੱਖਤਾ ਦਾ ਵੱਡੇ ਪੱਧਰ ਤੇ ਘਾਣ ਕਰ ਚੁੱਕੀ ਹੈ। ਅੱਜ ਵੀ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਵਿੱਚ ਧਰਮ ਅਧਾਰਿਤ ਹਥਿਆਰਬੰਦ ਸੰਗਠਨ ਧਰਮ ਨੂੰ ਖਤਰਾ, ਧਰਮ ਦਾ ਰਾਜ ਜਾਂ ਧਰਮ ਦਾ ਪ੍ਰਸਾਰ ਦੇ ਨਾਮ ਹੇਠ ਮਾਨਵਤਾ ਦਾ ਖੂਨ ਵਹਾ ਰਹੇ ਹਨ। ਅੱਜ ਕਿਸੇ ਵੀ ਅਖੌਤੀ ਧਰਮ ਨੂੰ ਖਤਰਾ ਨਾਸਤਿਕਾਂ, ਸਾਇੰਸਦਾਨਾਂ, ਅਧੁਨਿਕਵਾਦੀਆਂ ਜਾਂ ਧਰਮ ਵਿਰੋਧੀਆਂ ਤੋਂ ਨਹੀਂ, ਇਨ੍ਹਾਂ ਨਕਲੀ ਧਰਮਾਂ ਤੇ ਕਾਬਿਜ਼ ਇਸ ਤਿੱਕੜੀ ਤੋਂ ਹੈ। ਇਨ੍ਹਾਂ ਤੇ ਕਾਬਿਜ਼ ਕੱਟੜਪੰਥੀ ਤਾਕਤਾਂ ਤੋਂ ਹੈ, ਜੋ ਆਪਣੇ ਫਿਰਕੇ ਦੀਆਂ ਧਾਰਮਿਕ ਰਸਮਾਂ (ਪੂਜਾ-ਪਾਠ), ਧਾਰਮਿਕ ਚਿੰਨ੍ਹਾਂ ਜਾਂ ਬਾਹਰੀ ਧਾਰਮਿਕ ਦਿਖਾਵਿਆਂ-ਪਹਿਰਾਵਿਆਂ ਨੂੰ ਹੀ ਧਰਮ ਸਮਝਦੀਆਂ ਹਨ ਹੈ ਤੇ ਇਨ੍ਹਾਂ ਨੂੰ ਲੋਕਾਂ ਤੇ ਤਾਕਤ ਦੇ ਜ਼ੋਰ ਨਾਲ ਥੋਪਣਾ ਚਾਹੁੰਦੀਆਂ ਹਨ। ਤੁਸੀਂ ਇਸ ਲੇਖ ਲੜੀ ਬਾਰੇ ਆਪਣੇ ਵਿਚਾਰ ਭੇਜ ਸਕਦੇ ਹੋ ਤਾਂ ਕਿ ਗੱਲ ਅੱਗੇ ਤੁਰ ਸਕੇ। ਤੁਹਾਡੇ ਸੁਝਾਵਾਂ ਤੇ ਵਿਚਾਰਾਂ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ।
ਨਕਲੀ ਧਰਮਾਂ ਦੀ ਚੱਲ ਰਹੀ ਚਰਚਾ ਵਿੱਚ ‘ਵਹਿਮ-ਭਰਮ ਅਧਾਰਿਤ ਨਕਲੀ ਧਰਮ’ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਸਾਨੂੰ ਨਕਲੀ ਧਰਮਾਂ ਬਾਰੇ ਕੁੱਝ ਬੁਨਿਆਦੀ ਨੁਕਤੇ ਸਮਝ ਲੈਣੇ ਬਹੁਤ ਜਰੂਰੀ ਹਨ। ਜਦੋਂ ਅਸੀਂ ਪ੍ਰਚਲਤ ਜਥੇਬੰਦਕ ਧਰਮਾਂ ਵਿਚਲੇ ਨਕਲੀ ਧਰਮਾਂ ਦੀ ਗੱਲ ਕਰਦੇ ਹਾਂ ਤਾਂ ਇਸਦਾ ਮਤਲਬ ਇਹ ਨਹੀਂ ਹੁੰਦਾ ਕਿ ਜਥੇਬੰਦਕ ਧਾਰਮਿਕ ਫਿਰਕੇ ਪੂਰੀ ਤਰ੍ਹਾਂ ਹੀ ਨਕਲੀ ਹਨ, ਇਨ੍ਹਾਂ ਵਿੱਚ ਕੁੱਝ ਅੰਸ਼ ਅਸਲੀ ਧਰਮ ਦਾ ਵੀ ਮੌਜੂਦ ਹੁੰਦਾ ਹੈ ਕਿਉਂਕਿ ਇਨ੍ਹਾਂ ਵਿਚੋਂ ਬਹੁਤੇ ਖੜੇ ਹੀ ਅਸਲੀ ਧਰਮ ਗੁਰੂਆਂ ਜਾਂ ਪੈਗੰਬਰਾਂ ਦੇ ਨਾਮ ਤੇ ਹੁੰਦੇ ਹਨ, ਇਸ ਲਈ ਇਸ ਵਿਚੋਂ ਕਿਤੇ ਕਿਤੇ ਤੁਹਾਨੂੰ ਅਸਲੀ ਧਰਮ ਦੀ ਝਲਕ ਵੀ ਮਿਲਦੀ ਹੈ, ਭਾਵੇਂ ਕਿ ਇਨ੍ਹਾਂ ਵਿੱਚ ਨਕਲੀਪਨ ਜ਼ਿਆਦਾ ਭਾਰੂ ਹੁੰਦਾ ਹੈ ਤੇ ਅਸਲੀ ਧਰਮ ਨੂੰ ਲੱਭਣਾ ਬੜਾ ਮੁਸ਼ਕਿਲ ਹੁੰਦਾ ਹੈ। ਇਸਦਾ ਮੁੱਖ ਕਾਰਨ ਇਹ ਹੁੰਦਾ ਹੈ ਕਿ ਜਥੇਬੰਦਕ ਧਰਮਾਂ ਨੂੰ ਚਲਾਉਣ ਵਾਲੇ ਉਹ ਪੁਜਾਰੀ ਹਨ, ਜਿਨ੍ਹਾਂ ਲਈ ਧਰਮ ਧੰਦਾ ਜਾਂ ਪ੍ਰੋਫੈਸ਼ਨ ਹੁੰਦਾ ਹੈ। ਉਨ੍ਹਾਂ ਨੇ ਧਰਮ ਪੜ੍ਹਿਆ ਜਾਂ ਸਿੱਖਿਆ ਤਾਂ ਜਰੂਰ ਹੁੰਦਾ ਹੈ, ਪਰ ਆਪਣੇ ਜੀਵਨ ਵਿੱਚ ਕਮਾਇਆ ਨਹੀਂ ਹੁੰਦਾ। ਜ਼ਿਆਦਾਤਰ ਉਨ੍ਹਾਂ ਕੋਲ ਜਥੇਬੰਧਕ ਫਿਰਕੇ ਦਾ ਬਾਹਰੀ ਲਿਬਾਸ ਤੇ ਧਰਮ ਗ੍ਰੰਥਾਂ ਦੀਆਂ ਯਾਦ ਕੀਤੀਆਂ ਗੱਲਾਂ ਹੀ ਹੁੰਦੀਆਂ ਹਨ। ਧਰਮ ਉਨ੍ਹਾਂ ਲਈ ਕਦੇ ਵੀ ਜੀਵਨ ਜਾਚ ਜਾਂ ਮਨ ਨੂੰ ਸਾਧਣ ਦਾ ਨਾਮ ਨਹੀਂ, ਸਗੋਂ ਰੋਜ਼ੀ-ਰੋਟੀ ਦੇ ਸਾਧਨ ਤੋਂ ਵੱਧ ਕੁੱਝ ਨਹੀਂ ਹੁੰਦਾ। ਧਰਮ ਪੜ੍ਹਨ ਜਾਂ ਸਿੱਖਣ ਦਾ ਨਹੀਂ, ਸਗੋਂ ਧਰਮ ਕਮਾਉਣ ਦਾ ਵਿਸ਼ਾ ਹੈ। ਧਰਮ ਕਮਾਇਆ ਜਾ ਸਕਦਾ ਹੈ, ਧਰਮ ਕਦੇ ਵੀ ਸਿਖਾਇਆ ਨਹੀਂ ਜਾ ਸਕਦਾ ਹੈ। ਜਥੇਬੰਧਕ ਧਰਮ ਇਸੇ ਲਈ ਫੇਲ੍ਹ ਹਨ ਕਿਉਂਕਿ ਉਹ ਧਰਮ ਪੜ੍ਹਾਉਂਦੇ ਜਾਂ ਸਿਖਾਉਂਦੇ ਹਨ। ਇਹੀ ਵਜ੍ਹਾ ਹੈ ਕਿ ਸਾਰੀ ਉਮਰ ਜਥੇਬੰਧਕ ਧਰਮ ਅਸਥਾਨਾਂ ਵਿੱਚ ਪੂਜਾ-ਪਾਠ ਕਰਦਾ ਮਨੁੱਖ ਕਦੇ ਵੀ ਧਰਮੀ ਨਹੀਂ ਬਣਦਾ, ਭਾਵੇਂ ਧਰਮੀ ਕਹਾਉਂਦਾ ਜਰੂਰ ਹੈ। ਪੁਜਾਰੀਆਂ ਲਈ ਧਰਮ ਧੰਦਾ ਹੋਣ ਕਰਕੇ ਉਹ ਮਨੁੱਖ ਨੂੰ ਕਦੇ ਵੀ ਅਸਲੀ ਧਰਮ ਵੱਲ ਨਹੀਂ ਤੋਰਦੇ, ਸਗੋਂ ਆਪਣੀਆਂ ਬਣਾਈਆਂ ਰੀਤਾਂ-ਰਸਮਾਂ, ਪੂਜਾ-ਪਾਠਾਂ, ਫੋਕਟ-ਕਰਮਕਾਂਡਾਂ ਆਦਿ ਵਿੱਚ ਹੀ ਉਲਝਾਈ ਰੱਖਦੇ ਹਨ। ਕਈ ਵਾਰ ਉਹ ਮਨ, ਆਤਮਾ, ਪ੍ਰਮਾਤਮਾ, ਮਨ ਦੀ ਸ਼ਾਂਤੀ, ਜੀਵਨ ਤੋਂ ਪਹਿਲਾਂ ਜੀਵਨ, ਮਰਨ ਤੋਂ ਬਾਅਦ ਦਾ ਜੀਵਨ, ਭੂਤ-ਪੇਤ, ਕਰਾਮਾਤਾਂ, ਅਰਦਾਸ ਦੀ ਸ਼ਕਤੀ, ਜਪ-ਤਪ, ਪਾਪ-ਪੁੰਨ, ਮੰਤਰ-ਜੰਤਰ-ਤੰਤਰ ਜਾਂ ਪ੍ਰਲੋਕ ਆਦਿ ਦੀਆਂ ਸਿੱਖੀਆਂ-ਸਿਖਾਈਆਂ, ਪੜ੍ਹੀਆਂ-ਪੜ੍ਹਾਈਆਂ, ਯਾਦ ਕੀਤੀਆਂ ਗੱਲਾਂ ਤਾਂ ਕਰਦੇ ਹਨ, ਪਰ ਜੇ ਕੋਈ ਉਨ੍ਹਾਂ ਨੂੰ ਅੱਗੋਂ ਅਜਿਹੇ ਕਿਸੇ ਵਿਸ਼ੇ ਤੇ ਸਵਾਲ ਕਰ ਦੇਵੇ ਕਿ ਕੀ ਤੁਹਾਡੇ ਕੋਲ ਆਪਣਾ ਕੋਈ ਜੀਵਨ ਅਨੁਭਵ ਹੈ ਤਾਂ ਜਵਾਬ ਦੇਣ ਦੀ ਥਾਂ ਸ਼ਰਧਾ ਰੱਖਣ ਤੇ ਜ਼ੋਰ ਦਿੰਦੇ ਹਨ, ਕਿਉਂਕਿ ਸੱਚ ਉਨ੍ਹਾਂ ਦੇ ਪੱਲੇ ਨਹੀਂ ਹੁੰਦਾ, ਉਨ੍ਹਾਂ ਦਾ ਧਰਮ ਬਾਰੇ ਕੋਈ ਆਪਣਾ ਅਨੁਭਵ ਨਹੀਂ ਹੁੰਦਾ। ਉਹ ਰੱਬ ਦੀਆਂ ਗੱਲਾਂ ਤਾਂ ਜਰੂਰ ਕਰਦੇ ਹਨ, ਪਰ ਜੇ ਕੋਈ ਪੁਛ ਲਵੇ ਕਿ ਤੁਸੀਂ ਜਿਸ ਰੱਬ ਬਾਰੇ ਵੱਡੇ-ਵੱਡੇ ਦਾਅਵੇ ਕਰਦੇ ਹੋ, ਜਿਸ ਰੱਬ ਦਾ ਨਾਮ ਵੇਚ ਕੇ ਰੋਜ਼ੀ-ਰੋਟੀ ਚਲਾ ਰਹੇ ਹੋ, ਜਿਸ ਰੱਬ ਬਾਰੇ ਸਵਾਲ ਕਰਨ ਵਾਲੇ ਨੂੰ ਨਾਸਤਿਕ ਹੋਣ ਦਾ ਲੇਬਲ ਲਗਾਉਂਦੇ ਹੋ, ਉਸ ਰੱਬ ਨੂੰ ਤੁਸੀਂ ਆਪ ਜਾਣਿਆ ਹੈ, ਆਪ ਅਨੁਭਵ ਕੀਤਾ ਹੈ, ਆਪ ਉਸਦੀ ਖੋਜ ਕੀਤੀ ਹੈ, ਆਪ ਉਸਦੇ ਦਰਸ਼ਨ ਕੀਤੇ ਹਨ ਤਾਂ ਉਹ ਨਾ ਪਤਾ ਹੋਣ ਦੇ ਬਾਵਜੂਦ ਵੀ ਇਹ ਕਹਿਣ ਦੀ ਕਦੇ ਹਿੰਮਤ ਨਹੀਂ ਕਰਦੇ ਕਿ ਮੈਨੂੰ ਕੁੱਝ ਪਤਾ ਨਹੀਂ, ਮੈਂ ਤੇ ਧਰਮ ਗ੍ਰੰਥਾਂ ਦੀਆਂ ਯਾਦ ਕੀਤੀਆਂ ਗੱਲਾਂ ਹੀ ਸੁਣਾਉਂਦਾ ਹਾਂ? ਪਰ ਮੈਨੂੰ ਇਸਦਾ ਕੋਈ ਭੇਤ ਨਹੀਂ। ਉਹ ਕਦੇ ਵੀ ਸੱਚ ਨਹੀਂ ਬੋਲਦੇ ਜਾਂ ਬਹੁਤ ਵਾਰ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਆਪਣੇ ਸ਼ਰਧਾਲੂਆਂ ਨੂੰ ਝੂਠ ਦਾ ਪਾਠ ਪੜ੍ਹਾ ਰਹੇ ਹਨ। ਉਨ੍ਹਾਂ ਕੋਲ ਧਰਮ ਬਾਰੇ ਆਪਣਾ ਕੋਈ ਅਨੁਭਵ ਨਹੀਂ ਹੁੰਦਾ। ਉਹ ਸਾਰੀ ਉਮਰ ਉਹੀ ਕੁੱਝ ਸ਼ਰਧਾਲੂਆਂ ਨੂੰ ਪੜ੍ਹਾਉਂਦੇ ਸਿਖਾਉਂਦੇ ਰਹਿੰਦੇ ਹਨ, ਜੋ ਉਨ੍ਹਾਂ ਨੇ ਪੁਜਾਰੀ ਬਣਨ ਦੀ ਟਰੇਨਿੰਗ ਦੌਰਾਨ ਸਿੱਖਿਆ ਹੁੰਦਾ ਹੈ। ਇਸੇ ਕਰਕੇ ਧਾਰਮਿਕ ਫਿਰਕਿਆਂ ਦੇ ਬਹੁਤੇ ਸ਼ਰਧਾਲੂ ਸਾਰੀ ਉਮਰ ਧਰਮ ਅਸਥਾਨਾਂ ਵਿੱਚ ਮੱਥੇ ਰਗੜਨ ਤੋਂ ਬਾਅਦ ਵੀ ਖਾਲੀ ਦੇ ਖਾਲੀ ਰਹਿ ਜਾਂਦੇ ਹਨ। ਉਹ ਵੀ ਪੁਜਾਰੀਆਂ ਵਾਂਗ ਧਰਮ ਗ੍ਰੰਥਾਂ ਦੀਆਂ ਕੁੱਝ ਗੱਲਾਂ ਯਾਦ ਕਰਨ ਜਾਂ ਧਰਮ ਗ੍ਰੰਥਾਂ ਦੇ ਸ਼ਬਦਾਂ ਦਾ ਪਾਠ ਕਰਨ, ਉਨ੍ਹਾਂ ਦਾ ਰਟਨ ਕਰਨ, ਉਨ੍ਹਾਂ ਦਾ ਮੰਤਰ ਜਾਪ ਕਰਨ ਨੂੰ ਹੀ ਧਰਮ ਸਮਝਦੇ ਹਨ? ਪੁਜਾਰੀਆਂ ਮਗਰ ਲੱਗ ਕੇ ਧਾਰਮਿਕ ਫਿਰਕੇ ਦੀ ਪੁਜਾਰੀਆਂ ਵਲੋਂ ਬਣਾਈ ਮਰਿਯਾਦਾ ਅਨੁਸਾਰ ਕੁੱਝ ਧਾਰਮਿਕ ਚਿੰਨ੍ਹ ਧਾਰਨ ਕਰ ਲੈਣ, ਧਾਰਮਿਕ ਪਹਿਰਾਵਾ ਪਾ ਲੈਣ ਨਾਲ ਆਪਣੇ ਆਪ ਨੂੰ ਧਰਮੀ ਹੋਣ ਦਾ ਭਰਮ ਪਾਲਣਾ ਸ਼ੁਰੂ ਕਰ ਦਿੰਦੇ ਹਨ ਤੇ ਜਿਹੜੇ ਉਨ੍ਹਾਂ ਵਰਗੀ ਬਾਹਰੀ ਦਿਖ ਨਹੀਂ ਰੱਖਦੇ, ਉਨ੍ਹਾਂ ਵਾਂਗ ਦਿਖਾਵੇ ਵਾਲੇ ਧਾਰਮਿਕ ਚਿੰਨ੍ਹ ਨਹੀਂ ਪਹਿਨਦੇ, ਉਨ੍ਹਾਂ ਨੂੰ ਧਰਮ ਵਿਰੋਧੀ ਦੱਸ ਕੇ ਆਪਣੇ ਆਪ ਨੂੰ ਵੱਡੇ ਧਰਮੀ ਸਮਝਦੇ ਰਹਿੰਦੇ ਹਨ? ਜਦਕਿ ਬਹੁਤੀ ਵਾਰ ਉਨ੍ਹਾਂ ਦੇ ਆਪਣੇ ਧਾਰਮਿਕ ਗ੍ਰੰਥਾਂ ਅਨੁਸਾਰ ਵੀ ਇਨ੍ਹਾਂ ਬਾਹਰੀ ਦਿਖਾਵਿਆਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੁੰਦਾ। ਇਸ ਲਈ ਨਕਲੀ ਧਰਮਾਂ ਨੂੰ ਸਮਝਣ ਲਈ ਸਾਨੂੰ ਇਹ ਗੱਲ ਬਿਲਕੁਲ ਸਪੱਸ਼ਟ ਸਮਝ ਲੈਣੀ ਚਾਹੀਦੀ ਹੈ ਕਿ ਜਿਨ੍ਹਾਂ ਧਾਰਮਿਕ ਫਿਰਕਿਆਂ ਨੂੰ ਅਸੀਂ ਆਮ ਤੌਰ ਤੇ ਧਰਮ ਸਮਝਦੇ ਹਾਂ, ਇਹ ਧਰਮ ਨਹੀਂ ਹਨ, ਧਰਮ ਦੇ ਨਾਮ ਤੇ ਬਣੇ ਹੋਏ ਬਿਜਨੈਸ ਹਨ, ਜਿਨ੍ਹਾਂ ਤੋਂ ਪੁਜਾਰੀ, ਸਿਆਸਤਦਾਨ ਤੇ ਸਰਮਾਏਦਾਰ ਆਪਣੇ ਆਪਣੇ ਢੰਗ ਨਾਲ ਲਾਭ ਉਠਾਉਂਦੇ ਹਨ ਤੇ ਸ਼ਰਧਾਲੂਆਂ ਨੂੰ ਆਪਣੇ ਮੁਫਾਦਾਂ ਲਈ ਧਰਮ ਦੇ ਪ੍ਰਚਾਰ, ਧਰਮ ਦੇ ਪ੍ਰਸਾਰ, ਧਰਮ ਦੇ ਰਾਜ ਆਦਿ ਦੇ ਨਾਹਰਿਆ ਦੇ ਨਾਮ ਤੇ ਵਰਤਦੇ ਹਨ। ਜਦ ਕਿ ਅਸਲੀ ਧਰਮ ਨੂੰ ਨਾ ਪ੍ਰਚਾਰ ਦੀ ਲੋੜ ਹੈ, ਨਾ ਪ੍ਰਸਾਰ ਦੀ ਲੋੜ ਹੈ ਤੇ ਨਾ ਹੀ ਰਾਜ ਦੀ ਲੋੜ ਹੈ। ਪ੍ਰਚਾਰ, ਪ੍ਰਸਾਰ ਤੇ ਰਾਜ ਦੀ ਲੋੜ ਸਿਰਫ ਫਿਰਕਿਆਂ ਨੂੰ ਹੈ, ਤਾਂ ਕਿ ਉਹ ਵੱਧ ਤੋਂ ਵੱਧ ਲੋਕਾਂ ਦਾ ਧਰਮ ਦੇ ਨਾਮ ਤੇ ਸੋਸ਼ਣ ਕਰ ਸਕਣ। ਆਪਣੀ ਸ਼ਕਤੀ ਵਧਾ ਕੇ ਅਖੌਤੀ ਧਰਮ ਦਾ ਰਾਜ ਸਥਾਪਿਤ ਕਰ ਸਕਣ। ਛੋਟੇ ਫਿਰਕਿਆਂ ਨੂੰ ਲਾਲਚ ਤੇ ਡਰਾਵੇ ਆਦਿ ਦੇ ਨਾਲ ਆਪਣੇ ਵਿੱਚ ਸ਼ਾਮਿਲ ਕਰਕੇ ਆਪਣੇ ਫਿਰਕੇ ਦੀ ਸਰਦਾਰੀ ਕਾਇਮ ਕਰ ਸਕਣ। ਜਦਕਿ ਧਰਮ ਤਾਂ ਹਰੇਕ ਮਨੁੱਖ ਦੇ ਅੰਦਰੋਂ ਜਾਗਣ, ਆਪਾ ਚੀਨਣ, ਮਨ ਨੂੰ ਜਿੱਤਣ, ਅੰਦਰਲੀ ਸਦੀਵੀ ਸ਼ਾਂਤੀ, ਅੰਦਰ ਵਸਦੀ ਉਸ ਇਲਾਹੀ ਜੋਤ ਨੂੰ ਪਛਾਨਣ ਦਾ ਨਾਮ ਹੈ। ਪਰ ਪੁਜਾਰੀ ਸਾਨੂੰ ਹੋਰ ਪਾਸੇ ਹੀ ਉਲਝਾਈ ਰੱਖਦੇ ਹਨ। ਸਾਨੂੰ ਕਦੇ ਅਸਲੀ ਧਰਮ ਦੀ ਸੋਝੀ ਹੀ ਨਹੀਂ ਹੋਣ ਦਿੰਦੇ। ਸਾਡੇ ਅੰਦਰ ਅਸਲੀ ਧਰਮ ਨੂੰ ਜਾਨਣ ਦੀ ਇੱਛਾ ਹੀ ਪੈਦਾ ਨਹੀਂ ਹੋਣ ਦਿੰਦੇ? ਇਸ ਲਈ ਸਾਡੀ ਵਿਚਾਰ ਚਰਚਾ ਦਾ ਮਕਸਦ ਮਨੁੱਖ ਨੂੰ ਨਕਲੀ ਧਰਮਾਂ ਤੋਂ ਤੋੜ ਕੇ ਅਸਲੀ ਧਰਮ ਨਾਲ ਜੋੜਨਾ ਹੈ, ਜੋ ਕਿ ਬਾਹਰੋਂ ਨਹੀਂ, ਤੁਹਾਡੇ ਆਪਣੇ ਅੰਦਰੋਂ ਪੈਦਾ ਹੋਣਾ ਹੈ। ਜਿਤਨੀ ਜਲਦੀ ਅਸੀਂ ਨਕਲੀ ਧਰਮਾਂ ਦੇ ਮਾਇਆਜ਼ਾਲ ਵਿਚੋਂ ਨਿਕਲ ਜਾਈਏ, ਉਤਨਾ ਹੀ ਸਾਡਾ ਭਲਾ ਹੈ।
ਜਦੋਂ ਅਸੀਂ ਵਹਿਮਾਂ-ਭਰਮਾਂ ਅਧਾਰਿਤ ਨਕਲੀ ਧਰਮ ਦੀ ਗੱਲ ਕਰ ਰਹੇ ਹਾਂ ਤਾਂ ਇਹ ਜਾਣ ਲੈਣਾ ਵੀ ਜਰੂਰੀ ਹੈ ਕਿ ਵਹਿਮ-ਭਰਮ ਕਹਿੰਦੇ ਕਿਸਨੂੰ ਹਨ। ਵਹਿਮ ਜਾਂ ਭਰਮ ਤੋਂ ਭਾਵ ਹੈ, ਕਿਸੇ ਚੀਜ਼ ਦੀ ਸਚਾਈ ਜਾਨਣ ਤੋਂ ਬਿਨਾਂ ਉਸਨੂੰ ਸੱਚ ਮੰਨ ਲੈਣਾ (ਜਿਵੇਂ ਕਿ ਅਸੀਂ ਧਰਮ ਜਾਂ ਰੱਬ ਨੂੰ ਮੰਨਦੇ ਹਾਂ), ਕਲਪਨਾ ਕਰ ਲੈਣਾ ਕਿ ਸਿਰਫ ਇਹੀ ਸੱਚ ਹੈ, ਜਦਕਿ ਉਹ ਹੁੰਦਾ ਕੁੱਝ ਵੀ ਨਹੀਂ, ਆਪਣੇ ਮਨ ਦੇ ਖਿਆਲਾਂ ਨਾਲ ਦਿਮਾਗ ਵਿੱਚ ਕੁੱਝ ਚਿੱਤਰ ਲੈਣਾ ਤੇ ਫਿਰ ਉਸ ਦੇ ਸੱਚ ਹੋਣ ਬਾਰੇ ਆਪ ਹੀ ਯਕੀਨ ਕਰ ਲੈਣਾ, ਮਨ ਵਲੋਂ ਕਲਪਿਤ ਜਾਂ ਕਿਸੇ ਵਲੋਂ ਦੱਸੀ ਹੋਈ ਕਿਸੇ ਕਲਪਿਤ ਚੀਜ਼ ਜਾਂ ਵਿਚਾਰ ਦੇ ਸੱਚੇ ਹੋਣ ਦਾ ਭਰਮ ਪਾ ਲੈਣਾ, ਕਿਸੇ ਝੂਠ ਨੂੰ ਸੱਚ ਬਣਾ ਕੇ ਇਸ ਢੰਗ ਨਾਲ ਪੇਸ਼ ਕਰਨਾ ਕਿ ਅਗਲਾ ਉਸਨੂੰ ਸੱਚ ਮੰਨ ਲਵੇ, ਕਿਸੇ ਪ੍ਰਚਲਤ ਧਾਰਨਾ ਨੂੰ ਇਸ ਢੰਗ ਨਾਲ ਪੇਸ਼ ਕਰਨਾ ਕਿ ਮੂਹਰਲਾ ਵਿਅਕਤੀ ਸਾਰੀ ਉਮਰ ਉਸਨੂੰ ਸੱਚ ਮੰਨ ਕੇ ਤੁਰਦਾ ਰਹੇ ਤੇ ਕਦੇ ਸੋਚੇ ਨਾ ਕਿ ਇਹ ਗਲਤ ਵੀ ਹੋ ਸਕਦੀ ਹੈ, ਕਿਸੇ ਵਸਤੂ ਜਾਂ ਵਿਚਾਰ ਬਾਰੇ ਭੁਲੇਖੇ ਵਿੱਚ ਹੋਣਾ, ਕਿਸੇ ਭੁਲੇਖੇ ਕਾਰਨ ਭਟਕਦੇ ਫਿਰਨਾ, ਸਮਾਜ ਵਿੱਚ ਧਰਮ ਦੇ ਨਾਮ ਤੇ ਪ੍ਰਚਲਤ ਕਲਪਿਤ ਛੋਟੇ-ਛੋਟੇ ਭੁਲੇਖਿਆਂ ਕਾਰਨ ਡਰਦੇ ਰਹਿਣਾ ਆਦਿ। ਹੁਣ ਵਿਚਾਰਨ ਵਾਲਾ ਮੁੱਦਾ ਇਹ ਵੀ ਹੈ ਕਿ ਕੋਈ ਵਿਅਕਤੀ ਭਰਮ-ਭੁਲੇਖਿਆਂ ਦਾ ਸ਼ਿਕਾਰ ਕਿਉਂ ਹੁੰਦਾ ਹੈ? ਵਹਿਮਾਂ-ਭਰਮਾਂ ਵਿੱਚ ਫਸਦਾ ਕਿਉਂ ਹੈ? ਅਸਲ ਵਿੱਚ ਮਨੁੱਖ ਦੇ ਸੁਭਾਅ ਵਿੱਚ ਕੁਦਰਤ ਵਲੋਂ ਡਰ ਤੇ ਲਾਲਚ ਪਾਇਆ ਹੋਇਆ। ਡਰ ਇਸ ਲਈ ਹੈ ਤਾਂ ਕਿ ਉਹ ਜਦ ਆਪਣੇ ਜੀਵਨ ਨੂੰ ਦੂਸਰੇ ਜੀਵ ਜੰਤੂਆਂ ਜਾਂ ਕਿਸੇ ਵੀ ਤਰ੍ਹਾਂ ਦੇ ਖਤਰੇ ਵਿੱਚ ਮਹਿਸੂਸ ਕਰੇ ਤਾਂ ਡਰ ਦੀ ਬਿਰਤੀ ਅਧੀਨ ਆਪਣਾ ਬਚਾਉ ਕਰ ਸਕੇ। ਜੇ ਮਨੁੱਖ ਸਮੇਤ ਸਾਰੇ ਜੀਵਾਂ-ਜੰਤੂਆਂ ਵਿੱਚ ਇਹ ਡਰ ਵਾਲਾ ਪੁਰਜਾ ਨਾ ਲੱਗਾ ਹੋਵੇ ਤਾਂ ਉਹ ਕਦੇ ਵੀ ਕਿਸੇ ਖਤਰੇ ਤੋਂ ਆਪਣਾ ਬਚਾਅ ਨਾ ਕਰ ਸਕਣ। ਇਸੇ ਤਰ੍ਹਾਂ ਲਾਲਚ ਵੀ ਸਾਡੇ ਸੁਭਾਅ ਦਾ ਇੱਕ ਅਜਿਹਾ ਭਾਗ ਹੈ, ਜਿਸ ਕਾਰਨ ਹੀ ਅਸੀਂ ਜ਼ਿੰਦਾ ਰਹਿਣ ਵਾਸਤੇ, ਆਪਣੇ ਖਾਣ-ਪੀਣ ਲਈ ਯਤਨ ਕਰਦੇ ਹਾਂ। ਜਿਥੇ ਡਰ ਤੇ ਲਾਲਚ, ਸਾਡੇ ਜ਼ਿੰਦਾ ਰਹਿਣ ਲਈ ਸਾਡੇ ਸਹਾਇਕ ਹਨ, ਉਥੇ ਇਨ੍ਹਾਂ ਦੇ ਪ੍ਰਭਾਵ ਵਿੱਚ ਹੀ ਅਸੀਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਫਸਦੇ ਹਾਂ। ਧਾਰਮਿਕ ਫਿਰਕਿਆਂ ਦਾ ਪਿਛਲੇ 5000 ਸਾਲ ਦਾ ਸਾਰਾ ਦਾਰੋ-ਮਦਾਰ ਮਨੁੱਖ ਦੀਆਂ ਇਨ੍ਹਾਂ ਦੋ ਪ੍ਰਵਿਰਤੀਆਂ ਤੇ ਹੀ ਖੜਾ ਹੈ। ਧਰਮ ਪੁਜਾਰੀ ਮਨੁੱਖ ਦੀਆਂ ਇਨ੍ਹਾਂ ਦੋ ਬੁਨਿਆਦੀ ਲੋੜਾਂ ਤੇ ਬੁਨਿਆਦੀ ਕਮਜ਼ੋਰੀਆਂ ਨੂੰ ਵਰਤਣਾ ਖੂਬ ਜਾਣਦੇ ਹਨ। ਧਰਮ ਦੇ ਨਾਮ ਤੇ ਇਨ੍ਹਾਂ ਦਾ ਸਾਰਾ ਕੂੜ ਪਸਾਰਾ ਜਾਂ ਧਰਮ ਅਧਾਰਿਤ ਧੰਦਾ, ਡਰ ਤੇ ਲਾਲਚ ਦੇ ਥੰਮਾਂ ਤੇ ਹੀ ਖੜਾ ਹੈ। ਸਾਡੀ ਡਰ ਵਾਲੀ ਮਾਨਸਿਕਤਾ ਵਿਚੋਂ ਹੀ ਵਹਿਮ ਤੇ ਭਰਮ ਪੈਦਾ ਹੁੰਦੇ ਹਨ। ਜਿਤਨਾ ਕੋਈ ਮਨੁੱਖ ਵੱਧ ਡਰੂ ਹੈ, ਉਤਨਾ ਹੀ ਵੱਧ ਉਹ ਵਹਿਮੀ ਤੇ ਭਰਮੀ ਹੋਵੇਗਾ। ਜਿਸ ਤਰ੍ਹਾਂ ਰਾਤ ਦੇ ਹਨ੍ਹੇਰੇ ਵਿੱਚ ਪਈ ਹੋਈ ਰੱਸੀ ਮਨੁੱਖ ਨੂੰ ਸੱਪ ਦਾ ਭੁਲੇਖਾ ਪਾਉਂਦੀ ਹੈ ਤੇ ਮਨੁੱਖ ਡਰ ਜਾਂਦਾ ਹੈ। ਇਸੇ ਤਰ੍ਹਾਂ ਅਗਿਆਨਤਾ ਦੇ ਹਨ੍ਹੇਰੇ ਵਿੱਚ ਭਟਕਦਾ ਮਨੁੱਖ ਹਰ ਭੇਖਧਾਰੀ ਨੂੰ ਜਿਥੇ ਪੂਰਨ ਬ੍ਰਹਮ ਗਿਆਨੀ ਹੋਣ ਦਾ ਭਰਮ ਪਾਲ੍ਹ ਲੈਂਦਾ ਹੈ, ਉਥੇ ਉਸਦੀ ਹਰ ਉਲਟੀ ਸਿੱਧੀ ਗੱਲ ਨੂੰ ਅੱਖਾਂ ਮੀਟ ਕੇ ਸੱਚ ਮੰਨ ਲੈਂਦਾ ਹੈ ਤੇ ਭਰਮ-ਭੁਲੇਖਿਆਂ ਵਿੱਚ ਫਸ ਕੇ ਆਪਣਾ ਸੋਸ਼ਣ ਕਰਵਾਉਂਦਾ ਹੈ। ਪੁਜਾਰੀਆਂ ਦਾ ਨਕਲੀ ਧਰਮਾਂ ਦਾ ਧੰਦਾ ਆਮ ਤੌਰ ਤੇ ਅਗਿਆਨਤਾ ਤੇ ਅੰਧ-ਵਿਸ਼ਵਾਸ਼ ਦੇ ਸਿਰ ਤੇ ਚਲਦਾ ਹੈ, ਇਸ ਲਈ ਇਨ੍ਹਾਂ ਨੂੰ ਉਹ ਲੋਕ ਬੜੇ ਰਾਸ ਆਉਂਦੇ ਹਨ, ਜੋ ਡਰਪੋਕ ਤੇ ਲਾਲਚੀ ਮਾਨਸਿਕਤਾ ਵਾਲੇ ਹੋਣ। ਅਜਿਹੀ ਬਿਰਤੀ ਵਾਲੇ ਲੋਕਾਂ ਨੂੰ ਮਗਰ ਲਾਉਣਾ, ਵਹਿਮਾਂ-ਭਰਮਾਂ-ਕਰਮਕਾਡਾਂ ਵਿੱਚ ਫਸਾਉਣਾ, ਪੁਜਾਰੀਆਂ ਲਈ ਬੜਾ ਆਸਾਨ ਹੁੰਦਾ ਹੈ। ਜਿਤਨਾ ਕੋਈ ਵੱਧ ਵਹਿਮੀ-ਭਰਮੀ ਹੋਵੇਗਾ, ਉਤਨਾ ਹੀ ਉਸਦਾ ਸਰੀਰਕ, ਮਾਨਸਿਕ, ਆਰਥਿਕ ਸੋਸ਼ਣ ਕਰਨਾ ਆਸਾਨ ਹੋਵੇਗਾ। ਅਜਿਹੇ ਲਾਈਲੱਗ ਲੋਕਾਂ ਦੇ ਸਿਰ ਤੇ ਹੀ ਪੁਜਾਰੀ ਆਪਣਾ ਧਾਰਮਿਕ ਧੰਦਾ ਹਜ਼ਾਰਾਂ ਸਾਲਾਂ ਤੋਂ ਕਰਦੇ ਆ ਰਹੇ ਹਨ। ਧਾਰਮਿਕ ਫਿਰਕਿਆਂ ਵਿੱਚ ਅਨੇਕਾਂ ਤਰ੍ਹਾਂ ਦੇ ਬੇ ਸਿਰ ਪੈਰ ਵਹਿਮ ਭਰਮ ਪ੍ਰਚਲਤ ਹਨ। ਜਿਨ੍ਹਾਂ ਨੂੰ ਮੰਨਣ ਪਿਛੇ ਸਿਵਾਏ ਅੰਨ੍ਹੀ ਸ਼ਰਧਾ ਦੇ ਕੋਈ ਦਲੀਲ ਜਾਂ ਤਰਕ ਨਹੀਂ ਹੁੰਦਾ? ਪਰ ਪੁਜਾਰੀ ਮਨੁੱਖ ਦੀ ਟਿਊਨਿੰਗ ਜਾਂ ਕੰਡੀਸ਼ਨਿੰਗ ਹੀ ਅਜਿਹੀ ਕਰਦੇ ਹਨ ਕਿ ਸ਼ਰਧਾਲੂ ਹਜ਼ਾਰਾਂ ਸਾਲ ਪੁਰਾਣੀਆਂ ਤਰਕ ਵਿਹੂਣੀਆਂ, ਗਲ੍ਹੀਆਂ-ਸੜ੍ਹੀਆਂ, ਰੀਤਾਂ-ਰਸਮਾਂ ਤੇ ਮਰਿਯਾਦਾਵਾਂ ਦਾ ਭਾਰ ਢੋਂਹਦਾ ਰਹਿੰਦਾ ਹੈ। ਉਸਨੇ ਮਰਿਯਾਦਾ ਰੂਪੀ ਅਜਿਹੇ ਸੰਗਲ ਆਪਣੇ ਗਲ਼ ਵਿੱਚ ਪਾਏ ਹੁੰਦੇ ਹਨ ਕਿ ਜਿਨ੍ਹਾਂ ਨੂੰ ਜਾਣਦੇ ਹੋਏ ਵੀ ਕਿ ਇਹ ਸਭ ਫੋਕਟ ਕਰਮ ਹਨ, ਭਰਮ ਅਧੀਨ ਤੋੜਨ ਦੀ ਹਿੰਮਤ ਨਹੀਂ ਕਰਦਾ। ਤਕਰੀਬਨ ਸਾਰੇ ਧਾਰਮਿਕ ਫਿਰਕਿਆਂ ਵਿੱਚ ਅਨੇਕਾਂ ਤਰ੍ਹਾਂ ਦੇ ਵਹਿਮ-ਭਰਮ ਪਾਏ ਜਾਂਦੇ ਹਨ, ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ, ਪਰ ਲੋਕ ਦੇਖੋ-ਦੇਖੀ, ਸ਼ਰਧਾ ਵੱਸ, ਅਗਿਆਨਤਾ ਵੱਸ, ਡਰ ਅਧੀਨ ਜਾਂ ਲਾਲਚ ਵਿੱਚ ਕਰਦੇ ਰਹਿੰਦੇ ਹਨ। ਪਰ ਜੇ ਕੋਈ ਇਨ੍ਹਾਂ ਦੇ ਕਰਨ ਦਾ ਕਾਰਨ ਪੁਛੇ ਤਾਂ ਕੋਈ ਜਵਾਬ ਨਹੀਂ ਹੁੰਦਾ, ਸਿਵਾਏ ਇਸਦੇ ਕਿ ਸਾਨੂੰ ਸ਼ੰਕਾ ਨਹੀ ਕਰਨੀ ਚਾਹੀਦੀ। ਧਾਰਮਿਕ ਫਿਰਕਿਆਂ ਵਿੱਚ ਅਨੇਕਾਂ ਤਰ੍ਹਾਂ ਦੀਆਂ ਮੂਰਖਤਾ ਭਰਪੂਰ ਕਿਰਿਆਵਾਂ ਕਰਦੇ, ਮਰਿਯਾਦਾਵਾਂ ਨਿਭਾਉਂਦੇ ਸ਼ਰਧਾਲੂ ਮਿਲਣਗੇ ਤੇ ਜਦੋਂ ਉਨ੍ਹਾਂ ਨੂੰ ਕੋਈ ਪੁਛੇ ਕਿ ਇਸਦਾ ਕੀ ਲਾਭ ਹੈ ਤਾਂ ਕਹਿਣਗੇ ਕਿ ਲਾਭ ਤਾਂ ਭਾਵੇਂ ਕੋਈ ਨਹੀਂ, ਪਰ ਲੋਕ ਹਜ਼ਾਰਾਂ ਸਾਲਾਂ ਤੋਂ ਕਰਦੇ ਆ ਰਹੇ ਹਨ ਤਾਂ ਸਾਨੂੰ ਕਰਨ ਵਿੱਚ ਕੀ ਹਰਜ ਹੈ ਜਾਂ ਕਈ ਅਜਿਹਾ ਕਹਿੰਦੇ ਵੀ ਸੁਣੇ ਜਾਂਦੇ ਹਨ ਕਿ ਜੇ ਹੁਣ ਅਸੀਂ ਅਜਿਹਾ ਕਰਨਾ ਬੰਦ ਕਰ ਦਿੱਤਾ ਤਾਂ ਕੀ ਅਜਿਹਾ ਨਹੀਂ ਲੱਗੇਗਾ ਕਿ ਸਾਡੇ ਪੂਰਵਜ ਜੋ ਕੁੱਝ ਕਰਦੇ ਸਨ, ਉਹ ਗਲਤ ਸੀ ਜਾਂ ਕੀ ਸਾਡੇ ਬਜ਼ੁਰਗ ਜੋ ਹਜ਼ਾਰਾਂ ਸਾਲਾਂ ਤੋਂ ਅਜਿਹੀਆਂ ਮਰਿਯਾਦਾਵਾਂ, ਕਰਮਕਾਂਡ, ਪੂਜਾ-ਪਾਠ ਕਰਦੇ ਆਏ ਹਨ, ਉਹ ਮੂਰਖ ਸਨ, ਕੀ ਅਸੀਂ ਉਨ੍ਹਾਂ ਤੋਂ ਸਿਆਣੇ ਹੋ ਗਏ ਹਾਂ? ਉਨ੍ਹਾਂ ਅੰਧ ਵਿਸ਼ਵਾਸ਼ੀਆਂ ਤੇ ਅਗਿਆਨੀਆਂ ਨੂੰ ਕੌਣ ਸਮਝਾਵੇ ਕਿ ਜੇ ਸਾਡੇ ਬਜ਼ੁਰਗ ਹਜ਼ਾਰਾਂ ਸਾਲਾਂ ਤੋਂ ਮੂਰਖਤਾ ਭਰਪੂਰ ਕੁੱਝ ਕਰ ਰਹੇ ਸਨ ਤਾਂ ਜੇ ਅਸੀਂ ਜਦੋਂ ਹੁਣ ਸੂਝਵਾਨ ਹੋ ਗਏ ਹਾਂ ਤੇ ਸਾਨੂੰ ਪਤਾ ਲੱਗ ਗਿਆ ਹੈ ਕਿ ਇਹ ਸਭ ਫੋਕਟ ਕਰਮ ਹਨ ਤਾਂ ਇਨ੍ਹਾਂ ਨੂੰ ਛੱਡਣ ਵਿੱਚ ਕੀ ਹਰਜ ਹੈ? ਇੱਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਜੇ ਕੋਈ ਕਾਰਜ ਭਾਵੇਂ ਕਿਤਨਾ ਵੀ ਵੀ ਮੂਰਖਤਾ ਵਾਲਾ, ਅੰਧ ਵਿਸ਼ਵਾਸ਼ ਵਾਲਾ, ਫੋਕਟ ਕਰਮਕਾਂਡ, ਅਸੀਂ ਕਈ ਸਾਲ ਜਾਂ ਕਈ ਸੌ ਸਾਲ ਕਰਦੇ ਰਹੀਏ ਤਾਂ ਕੀ ਉਹ ਸੱਚ ਹੋ ਜਾਂਦਾ ਹੈ? ਕੀ ਕਿਸੇ ਵਿਸ਼ਵਾਸ਼ ਦਾ ਪੁਰਾਣਾ ਹੋਣਾ ਕੋਈ ਕਸਵੱਟੀ ਹੈ ਕਿ ਉਹ ਸੱਚ ਹੋਵੇਗਾ? ਜੇ ਸਾਡੇ ਬਜ਼ੁਰਗ ਸਚੁਮੱਚ ਕਈ ਕੁੱਝ ਅਣਜਾਣੇ, ਨਾ-ਸਮਝੀ ਜਾਂ ਅਗਿਆਨਤਾ ਵਿੱਚ ਕਰਦੇ ਰਹੇ ਸਨ ਤਾਂ ਕੀ ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਉਸਨੂੰ ਸਹੀ ਕਰਕੇ ਅਗਲੀਆਂ ਨਸਲਾਂ ਲਈ ਕੁੱਝ ਚੰਗਾ ਕਰਨ ਦੀ ਪਿਰਤ ਪਾਈਏ। ਇੱਕ ਕਹਾਣੀ ਕਿਤੇ ਪੜ੍ਹੀ ਸੀ ਕਿ ਕੁੱਝ ਲੋਕਾਂ ਨੇ ਕਿਸੇ ਜਗ੍ਹਾ ਪਹੁੰਚਣਾ ਸੀ ਤੇ ਰਸਤੇ ਵਿੱਚ ਨਦੀ ਪੈਂਦੀ ਸੀ, ਕਿਨਾਰੇ ਜਾ ਕੇ ਦੇਖਿਆ ਕਿ ਇੱਕ ਬੇੜੀ ਖੜ੍ਹੀ ਹੈ, ਹਨ੍ਹੇਰਾ ਵੀ ਹੋ ਗਿਆ ਸੀ, ਉਨ੍ਹਾਂ ਸੋਚਿਆ ਕਿ ਬੇੜੀ ਵਿੱਚ ਬੈਠ ਕੇ ਪਾਰ ਚਲੇ ਜਾਵਾਂਗੇ, ਸਾਰੇ ਬੇੜੀ ਵਿੱਚ ਜਾ ਬੈਠੇ ਤੇ ਚੱਪੂ ਮਾਰਨੇ ਸ਼ੁਰੂ ਕਰ ਦਿੱਤੇ, ਸਾਰੀ ਰਾਤ ਇਸ ਆਸ ਵਿੱਚ ਚੱਪੂ ਮਾਰਦੇ ਰਹੇ ਕਿ ਸਵੇਰ ਤੱਕ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗੇ, ਜਦੋਂ ਸਵੇਰਾ ਚੜ੍ਹਿਆ ਤਾਂ ਦੇਖਿਆ ਕਿ ਬੇੜੀ ਤਾਂ ਉਥੇ ਹੀ ਖੜੀ ਸੀ, ਸਾਰੀ ਰਾਤ ਐਵੇਂ ਹੀ ਚੱਪੂ ਮਾਰੀ ਗਏ, ਜਦੋਂ ਉਤਰ ਕੇ ਦੇਖਿਆ ਤਾਂ ਪਤਾ ਲੱਗਾ ਕਿ ਬੇੜੀ ਨੂੰ ਮਲਾਹ ਨੇ ਨਦੀ ਵਿੱਚ ਰੁੜ੍ਹਨ ਤੋਂ ਰੋਕਣ ਲਈ ਹੇਠਾਂ ਰੱਸਾ ਬੰਨ੍ਹਿਆ ਹੋਇਆ ਸੀ। ਸ਼ਾਇਦ ਉਹ ਰਾਹੀ ਸਿਆਣੇ ਹੋਣਗੇ, ਜੋ ਰੱਸਾ ਖੋਲ ਕੇ ਚੱਪੂ ਮਾਰਦੇ ਆਪਣੀ ਮੰਜ਼ਿਲ ਵੱਲ ਤੁਰ ਪਏ ਹੋਣਗੇ ਜਾਂ ਸ਼ਾਇਦ ਉਹ ਧਾਰਮਿਕ ਬਿਰਤੀ ਵਾਲੇ ਨਹੀਂ ਹੋਣਗੇ, ਨਹੀਂ ਤੇ ਉਨ੍ਹਾਂ ਸਾਰੀ ਉਮਰ ਉਥੇ ਖੜਿਆਂ ਨੇ ਹੀ ਚੱਪੂ ਮਾਰਨ ਦੀ ਮਰਿਯਾਦਾ ਨਿਭਾਈ ਜਾਣੀ ਸੀ। ਪਰ ਧਾਰਮਿਕ ਫਿਰਕਿਆਂ ਵਿਚਲੇ ਅੰਧ ਵਿਸ਼ਵਾਸ਼ੀ ਸ਼ਰਧਾਲੂ ਸਾਰੀ ਉਮਰ ਧਰਮ ਅਸਥਾਨਾਂ ਵਿੱਚ ਜਾ ਕੇ ਪੂਜਾ-ਪਾਠ, ਜਪ-ਤਪ, ਸਿਮਰਨ, ਕਰਮਕਾਂਡ, ਧਾਰਮਿਕ ਦਿਖਾਵਿਆਂ, ਪਹਿਰਾਵਿਆਂ ਦੇ ਚੱਪੂ ਮਾਰਦੇ ਰਹਿੰਦੇ, ਜਦਕਿ ਉਨ੍ਹਾਂ ਦੀ ਬੇੜੀ ਨੂੰ ਪੁਜਾਰੀਆਂ ਦੀ ਮਰਿਯਾਦਾ ਦੇ ਸੰਗਲ (ਰੱਸੇ) ਪਏ ਹੁੰਦੇ ਹਨ, ਉਹ ਕਦੇ ਵੀ ਫੋਕਟ ਤੇ ਸਮਾਂ ਵਿਹਾ ਚੁੱਕੀਆਂ ਮਰਿਯਾਦਾਵਾਂ ਦੇ ਸੰਗਲ ਨਹੀਂ ਤੋੜਦੇ, ਸਗੋਂ ਇਸ ਭਰਮ ਵਿੱਚ ਚੱਪੂ ਮਾਰਦੇ ਰਹਿੰਦੇ ਕਿ ਲੋਕ ਕੀ ਕਹਿਣਗੇ ਕਿ ਪਹਿਲਾਂ ਅਸੀਂ ਬੇਵਕੂਫ ਸੀ ਕਿ ਸਾਨੂੰ ਪਤਾ ਨਹੀਂ ਲੱਗਾ ਜਾਂ ਕਿਉਂਕਿ ਉਨ੍ਹਾਂ ਦੇ ਬਜ਼ੁਰਗ ਵੀ ਸਾਰੀ ਉਮਰ ਖੜੀ ਬੇੜੀ ਤੇ ਹੀ ਚੱਪੂ ਮਾਰਦੇ ਰਹੇ ਸਨ ਤਾਂ ਹੁਣ ਉਹ ਮਰਿਯਾਦਾ ਦੇ ਸੰਗਲ ਤੋੜ ਕੇ ਇਹ ਸਾਬਿਤ ਨਹੀਂ ਕਰਨਗੇ ਕਿ ਉਨ੍ਹਾਂ ਦੇ ਬਜ਼ੁਰਗ ਮੂਰਖ ਸਨ। ਕਿਸੇ ਨੇ ਠੀਕ ਹੀ ਕਿਹਾ ਸੀ ਕਿ ਅੰਧ ਵਿਸ਼ਵਾਸ਼ੀ ਸ਼ਰਧਾਲੂਆਂ ਦਾ ਹਾਲ ਉਸ ਵਿਅਕਤੀ ਵਾਂਗ ਹੁੰਦਾ ਹੈ, ਜੋ ਖੜੇ ਸਾਈਕਲ (ਬਾੲ੍ਹੀਕ) ਤੇ ਇਸ ਭਰਮ ਵਿੱਚ ਪੈਡਲ ਮਾਰੀ ਜਾਵੇ ਕਿ ਇੱਕ ਦਿਨ ਉਹ ਕਿਸੇ ਮੰਜ਼ਿਲ ਤੇ ਪਹੁੰਚ ਜਾਵੇਗਾ। ਪਰ ਅਸਲੀਅਤ ਇਹੀ ਹੁੰਦੀ ਹੈ ਕਿ ਸਾਰੀ ਉਮਰ ਵੀ ਖੜੇ ਸਾਈਕਲ ਤੇ ਪੈਡਲ ਮਾਰਨ ਨਾਲ ਕੋਈ ਮੰਜ਼ਿਲ ਸਰ ਨਹੀਂ ਹੋ ਸਕਦੀ। ਕੁੱਝ ਸਾਲ ਪਹਿਲਾਂ ਜਦੋਂ ਵਿਦੇਸ਼ਾਂ ਵਿੱਚ ਲੰਗਰ ਵਿੱਚ ਚੇਅਰਾਂ, ਬੈਂਚਾਂ ਦਾ ਰੌਲਾ ਪਿਆ ਤਾਂ ਕਿਸੇ ਸੂਝਵਾਨ (?) ਗੁਰਸਿੱਖ ਨੂੰ ਕਿਸੇ ਨੇ ਸਵਾਲ ਕੀਤਾ ਕਿ ਇਸ ਵਿੱਚ ਕੀ ਹਰਜ ਹੈ ਕਿ ਲੰਗਰ ਚੇਅਰ ਤੇ ਖਾਧਾ ਜਾਵੇ ਜਾਂ ਤੱਪੜ ਉਪਰ, ਮਸਲਾ ਤੇ ਬਰਾਬਰਤਾ ਦਾ ਸੀ ਕਿ ਸਾਰੇ ਬਰਾਬਰ ਬੈਠ ਕੇ ਲੰਗਰ ਛਕਣ, ਜੇ ਸਾਰੇ ਚੇਅਰਾਂ ਤੇ ਬਿਨਾਂ ਕਿਸੇ ਵਿਤਕਰੇ ਦੇ ਲੰਗਰ ਛਕਦੇ ਹਨ ਤਾਂ ਝਗੜਾ ਕਿਸ ਗੱਲ ਹੈ? ਉਹ ਸੱਜਣ ਅੱਗੋਂ ਕਹਿਣ ਲੱਗਾ ਕਿ ਕੀ ਗੁਰੂ ਸਾਹਿਬ ਬੇਵਕੂਫ ਸਨ, ਜਿਨ੍ਹਾਂ ਨੇ ਸਾਨੂੰ ਪੰਗਤ ਵਿੱਚ ਜਮੀਨ ਤੇ ਬੈਠ ਕੇ ਲੰਗਰ ਛਕਣ ਦਾ ਹੁਕਮ ਕੀਤਾ ਸੀ, ਕੀ ਉਹ ਲੰਗਰ ਵਿੱਚ ਚੇਅਰਾਂ ਨਹੀਂ ਰੱਖ ਸਕਦੇ ਸਨ? ਅਜਿਹੀ ਸੋਚ ਦਾ ਤੁਸੀਂ ਕੀ ਕਰੋਗੇ? ਹੁਣ ਉਨ੍ਹਾਂ ਨੂੰ ਕੌਣ ਸਮਝਾਵੇ ਕਿ ਅੱਜ ਦੇ ਸਮੇਂ ਦੀਆਂ ਹੋਰ ਸਾਰੀਆਂ ਸੁੱਖ ਸਹੂਲਤਾਂ ਜੋ ਅਸੀਂ ਮਾਣਦੇ ਹਾਂ, ਉਹ ਗੁਰੂ ਸਾਹਿਬਾਨ ਦੇ ਸਮੇਂ ਨਹੀਂ ਸਨ। ਗੁਰੂ ਸਾਹਿਬਾਨ ਦੇ ਸਮੇਂ ਹਵਾਈ ਜਹਾਜ਼ ਨਹੀਂ ਸਨ, ਇਸੇ ਕਰਕੇ ਗੁਰੂ ਨਾਨਕ ਸਾਹਿਬ ਨੂੰ ਹਜਾਰਾਂ ਮੀਲਾਂ ਦਾ ਪੈਦਲ ਸਫਰ ਕਰਨਾ ਪਿਆ ਸੀ। ਪਿਛਲੀ ਸਦੀ ਤੱਕ ਲੋਕ ਘੋੜਿਆਂ ਦੀ ਸਵਾਰੀ ਕਰਦੇ ਸਨ ਕਿਉਂਕਿ ਉਹ ਹੀ ਸਵਾਰੀ ਦਾ ਤੇਜ ਸਾਧਨ ਸੀ। ਜੇ ਉਨ੍ਹਾਂ ਕੋਲ ਅੱਜ ਵਾਂਗ ਕਾਰਾਂ ਜਾਂ ਜਹਾਜ ਹੁੰਦੇ ਤਾਂ ਉਹ ਵੀ ਸਾਡੇ ਵਾਂਗ ਕਾਰਾਂ ਵਿੱਚ ਹੀ ਸਫਰ ਕਰਦੇ। ਲੰਗਰ ਹੇਠਾਂ ਬੈਠ ਕੇ ਛਕਣ ਬਾਰੇ ਝਗੜਾ ਖੜਾ ਕਰਨ ਵਾਲੇ ਇਹ ਕਦੇ ਨਹੀਂ ਕਹਿੰਦੇ ਕਿ ਅਸੀਂ ਕਨੇਡਾ ਵੀ ਤੁਰ ਕੇ ਆਉਣਾ ਹੈ ਕਿਉਂਕਿ ਗੁਰੂ ਸਾਹਿਬ ਸਾਰੀ ਜਗ੍ਹਾ ਤੁਰ ਕੇ ਜਾਂਦੇ ਸਨ, ਜਾਂ ਘੋੜਿਆਂ ਤੇ ਜਾਣਾ ਹੈ ਕਿਉਂਕਿ ਪੁਰਾਣੇ ਲੋਕ ਘੋੜਿਆਂ ਤੇ ਸਫਰ ਕਰਦੇ ਸਨ?
ਇਸੇ ਤਰ੍ਹਾਂ ਵੱਖ-ਵੱਖ ਧਾਰਮਿਕ ਫਿਰਕਿਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਵਹਿਮ-ਭਰਮ ਪਾਏ ਜਾਂਦੇ ਹਨ। ਭਾਰਤੀ ਸਮਾਜ ਵਿੱਚ ਤਾਂ ਕੁੱਝ ਜ਼ਿਆਦਾ ਹੀ ਹਨ। ਬਿੱਲੀ ਰਸਤਾ ਕੱਟ ਗਈ ਤਾਂ ਕੰਮ ਤੇ ਨਹੀਂ ਜਾਣਾ, ਭਲਾ ਬਿੱਲੀ ਦੇ ਲੰਘਣ ਦਾ ਕੰਮ ਨਾਲ ਕੀ ਸਬੰਧ ਹੋਇਆ? ਜਿਨ੍ਹਾਂ ਦੇ ਘਰਾਂ ਵਿੱਚ ਬਿੱਲੀਆਂ ਹਨ, ਉਨ੍ਹਾਂ ਦੇ ਤਾਂ ਉਠਦੇ ਸਾਰ ਸਭ ਤੋਂ ਪਹਿਲਾਂ ਮੱਥੇ ਵੀ ਲਗਦੀਆਂ ਹਨ ਤੇ ਕਈ ਵਾਰ ਰਸਤਾ ਕੱਟਦੀਆਂ ਹਨ? ਸੂਰਜ ਗ੍ਰਹਿਣ ਮੌਕੇ ਜਾਂ ਕੁੱਝ ਹੋਰ ਖਾਸ ਮੌਕਿਆਂ ਤੇ ਲੋਕ ਧਾਰਮਿਕ ਸਰੋਵਰਾਂ ਵਿੱਚ ਸੂਰਜ ਵੱਲ ਮੂੰਹ ਕਰਕੇ ਪਿੱਤਰਾਂ ਨੂੰ ਪਾਣੀ ਸੁੱਟਦੇ ਅੰਧ ਵਿਸ਼ਾਵਸ਼ੀ ਸ਼ਰਧਾਲੂ ਅੱਜ ਵੀ ਦੇਖੀਦੇ ਹਨ, ਜਦਕਿ ਪਾਣੀ ਉਨ੍ਹਾਂ ਦੇ ਸਾਹਮਣੇ ਹੀ ਉਨ੍ਹਾਂ ਦੇ ਆਪਣੇ ਸਰੀਰ ਜਾਂ ਪੈਰਾਂ ਉਪਰ ਡਿਗ ਰਿਹਾ ਹੁੰਦਾ ਹੈ। ਪਿਛੇ ਜਿਹੇ ਕਰਵਾ ਚੌਥ ਦਾ ਵਰਤ ਲੰਘ ਕੇ ਗਿਆ, ਪੜ੍ਹੀਆਂ ਲਿਖੀਆਂ ਔਰਤਾਂ ਵੀ ਇਸ ਭਰਮ ਵਿੱਚ ਇੱਕ ਦਿਨ ਰੋਟੀ ਨਹੀਂ ਖਾਂਦੀਆਂ ਕਿ ਉਨ੍ਹਾਂ ਦੇ ਪਤੀ ਦੀ ਉਮਰ ਲੰਬੀ ਹੋਵੇਗੀ ਜਾਂ ਪਤੀ ਦੀ ਤਰੱਕੀ ਜਾਂ ਚੰਗੀ ਸਿਹਤ ਹੋਵੇਗੀ। ਅਜਿਹੇ ਪੜ੍ਹੇ ਲਿਖੇ ਅਨਪੜ੍ਹਾਂ ਨੂੰ ਕੌਣ ਸਮਝਾਵੇ ਕਿ ਕਿਸੇ ਦੇ ਇੱਕ ਦਿਨ ਰੋਟੀ ਨਾ ਖਾਣ ਨਾਲ ਦੂਜੇ ਕਿਸੇ ਵਿਅਕਤੀ ਦੀ ਉਮਰ ਦੇ ਵਧਣ ਘਟਣ ਨਾਲ ਕੀ ਸਬੰਧ? ਦੂਸਰੇ ਦੀ ਸਿਹਤ ਨਾਲ ਕੀ ਸਬੰਧ? ਦੂਸਰੇ ਦੀ ਤਰੱਕੀ ਨਾਲ ਕੀ ਸਬੰਧ? ਵਰਤ ਰੱਖਣ ਵਾਲੇ ਦੀ ਸਿਹਤ ਤੇ ਨਾ ਖਾਣ ਜਾਂ ਖਾਣ ਨਾਲ ਮਾੜਾ ਜਾਂ ਚੰਗਾ ਪ੍ਰਭਾਵ ਤਾਂ ਪੈ ਸਕਦਾ ਹੈ, ਪਰ ਦੂਜੇ ਉਪਰ ਕਿਵੇਂ ਪੈ ਸਕਦਾ ਹੈ, ਪਰ ਹਜਾਰਾਂ ਸਾਲਾਂ ਤੋਂ ਅਸੀਂ ਅਜਿਹੇ ਮੂਰਖਤਾਪੂਰਨ ਕਰਮ ਧਰਮ ਦੇ ਨਾਮ ਤੇ ਕਰਦੇ ਆ ਰਹੇ ਹਾਂ। ਹੁਣ ਜਰਾ ਸੋਚੋ, ਭਾਰਤੀ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਤਾਂ ਫਿਰ ਭਾਰਤੀ ਮਰਦਾਂ ਦੀ ਉਮਰ ਦੁਨੀਆਂ ਵਿੱਚ ਸਭ ਤੋਂ ਵੱਧ ਹੋਣੀ ਚਾਹੀਦੀ ਸੀ? ਜਦ ਕਿ ਅਸਲੀਅਤ ਇਹ ਹੈ ਕਿ ਭਾਰਤੀ ਮਰਦਾਂ ਦੀ ਔਸਤ ਉਮਰ ਤਕਰੀਬਨ ਸਾਰੇ ਵਿਕਸਤ ਦੇਸ਼ਾਂ ਦੇ ਮਰਦਾਂ ਨਾਲੋਂ ਕਾਫੀ ਘੱਟ ਹੈ। ਇਹ ਕੁੱਝ ਉਦਾਹਰਨਾਂ ਸਿਰਫ ਟੂਕ ਮਾਤਰ ਸਮਝਾਉਣ ਜਾਂ ਥੋੜਾ ਜਿਹਾ ਹਲੂਣਾ ਦੇਣ ਲਈ ਲਿਖੀਆਂ ਹਨ। ਨਹੀਂ ਤਾਂ ਧਾਰਮਿਕ ਫਿਰਕਿਆਂ ਵਿੱਚ ਇਤਨੇ ਜ਼ਿਆਦਾ ਮੂਰਖਤਾ ਭਰਪੂਰ ਕਰਮਕਾਂਡ ਜਾਂ ਰੀਤਾਂ-ਰਸਮਾਂ ਹਨ ਕਿ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ।
ਜਿਸ ਤਰ੍ਹਾਂ ਕਿ ਸ਼ੁਰੂ ਵਿੱਚ ਜ਼ਿਕਰ ਕੀਤਾ ਸੀ ਕਿ ਮਨੁੱਖ ਪੁਜਾਰੀਆਂ ਦੀਆਂ ਇਨ੍ਹਾਂ ਫੋਕਟ ਰੀਤਾਂ-ਰਸਮਾਂ, ਕਰਮਕਾਂਡਾਂ, ਮਰਿਯਾਦਾਵਾਂ, ਵਹਿਮਾਂ-ਭਰਮਾਂ ਵਿੱਚ ਡਰ ਤੇ ਲਾਲਚ ਵਿੱਚ ਫਸਦਾ ਹੈ। ਉਸ ਅੰਦਰ ਬਚਪਨ ਤੋਂ ਪੁਜਾਰੀ ਜਿਥੇ ਇਹ ਰਸਮਾਂ ਜਾਂ ਵਹਿਮ ਭਰਮ ਨਾ ਨਿਭਾਉਣ ਨਾਲ ਹੋਣ ਵਾਲੇ ਨੁਕਸਾਨ ਦਾ ਡਰ ਪਾ ਦਿੰਦਾ ਹੈ, ਉਥੇ ਇਸਦੇ ਕਰਨ ਨਾਲ ਮਿਲਣ ਵਾਲੇ ਲਾਭਾਂ ਦਾ ਲਾਲਚ ਪਾ ਦਿੰਦਾ ਹੈ। ਜਿਸ ਕਰਕੇ ਡਰ ਤੇ ਲਾਲਚ ਅਧਾਰਿਤ ਪੁਜਾਰੀਆਂ ਤੇ ਸ਼ਰਧਾਲੂਆਂ ਦੀ ਇਹ ਖੇਡ ਪੀੜ੍ਹ-ਦਰ-ਪੀੜ੍ਹੀ ਚਲਦੀ ਰਹਿੰਦੀ ਹੈ। ਬੜੇ ਥੋੜੇ ਲੋਕ ਇਨ੍ਹਾਂ ਵਿਚੋਂ ਨਿਕਲਦੇ ਹਨ। ਪੁਜਾਰੀਆਂ ਦੇ ਇਸ ਮਾਇਆਜਾਲ ਵਿਚੋਂ ਨਿਕਲਣ ਲਈ ਸਾਨੂੰ ਜਿਥੇ ਸੂਝਵਾਨ ਤੇ ਐਜੂਕੇਟ ਹੋਣ ਦੀ ਲੋੜ ਹੈ, ਉਥੇ ਆਪਣੀ ਬਿਬੇਕ ਬੁੱਧ, ਤਰਕ, ਦਲੀਲ ਵੀ ਵਰਤਣ ਦੀ ਲੋੜ ਹੈ। ਕੋਈ ਵੀ ਧਾਰਮਿਕ ਰੀਤ-ਰਸਮ, ਕਰਮਕਾਂਡ, ਮਰਿਯਾਦਾ ਨਿਭਾਉਣ ਤੋਂ ਪਹਿਲਾਂ ਆਪਣੇ ਮਨ (ਦਿਮਾਗ) ਅੰਦਰ ਸ਼ੰਕਾ ਖੜਾ ਕਰਨ ਦੀ ਲੋੜ ਹੈ, ਪੁਜਾਰੀ ਨੂੰ ਸਵਾਲ ਕਰਨ ਤੇ ਉਸ ਤੋਂ ਜਵਾਬ ਮੰਗਣ ਵਾਲੀ ਬਿਰਤੀ ਬਣਾਉਣ ਦੀ ਲੋੜ ਹੈ? ਜੇ ਅਸੀਂ ਸਾਰੀ ਉਮਰ ਭੀੜ ਮਗਰ ਜਾਂ ਭੀੜ ਵਿੱਚ ਹੀ ਤੁਰੇ ਰਹੇ ਤਾਂ ਆਪਣਾ ਵਜੂਦ ਗੁਆ ਕੇ ਇਹ ਹੀਰੇ ਜੈਸਾ ਜਨਮ ਕੌਡੀਆਂ ਭਾਅ ਗੁਆ ਕੇ ਚਲੇ ਜਾਵਾਂਗੇ, ਜਿਸ ਤਰ੍ਹਾਂ ਰੋਜ਼ਾਨਾ ਲੱਖਾਂ ਲੋਕ ਜਾ ਰਹੇ ਹਨ। ਇਸ ਜੀਵਨ ਦਾ ਕੀ ਮਨੋਰਥ ਹੈ, ਅਸੀਂ ਇਸ ਧਰਤੀ ਤੇ ਕੀ ਕਰਨ ਆਏ ਹਾਂ, ਕੀ ਸਿਰਫ ਇਹੀ ਜੀਵਨ ਹੈ ਕਿ ਅਸੀਂ ਇੱਕ ਦਿਨ ਜੰਮੇ, ਵੱਡੇ ਹੋ ਕੇ ਆਪ ਬੱਚੇ ਜੰਮ ਦਿੱਤੇ, ਉਨ੍ਹਾਂ ਦਾ ਪਾਲਣ ਪੋਸਣ ਕੀਤਾ ਤੇ ਇੱਕ ਦਿਨ ਖਤਮ ਹੋ ਗਏ? ਜਾਂ ਕੀ ਇਹ ਜੀਵਨ ਇਥੇ ਹੀ ਖਤਮ ਹੋ ਜਾਵੇਗਾ ਜਾਂ ਇਸ ਤੋਂ ਪਹਿਲਾਂ ਵੀ ਕੁੱਝ ਸੀ ਤੇ ਬਾਅਦ ਵਿੱਚ ਵੀ ਕੁੱਝ ਹੋਵੇਗਾ, ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਸਾਨੂੰ ਖੁਲਦਿਲੀ ਨਾਲ ਲੱਭਣੇ ਪੈਣਗੇ। ਪਰ ਇਹ ਜਵਾਬ ਬਾਹਰੋਂ ਨਹੀਂ, ਸਾਨੂੰ ਆਪਣੇ ਅੰਦਰੋਂ ਖੋਜਣੇ ਪੈਣਗੇ? ਅਸਲੀ ਧਰਮ ਆਪੇ ਦੀ ਖੋਜ ਦਾ ਹੀ ਨਾਂ ਹੈ? ਬਾਹਰੋਂ ਕਿਸੇ ਤੋਂ ਲਏ ਉਧਾਰੇ ਜਵਾਬ, ਸਾਡੇ ਲਈ ਹੋਰ ਨਵੇਂ ਬੰਧਨਾਂ ਦਾ ਕਾਰਨ ਬਣਨਗੇ? ਜੇ ਅਸੀਂ ਆਪਣੇ ਆਪ ਨੂੰ ਇਸ ਕਾਬਿਲ ਨਹੀਂ ਸਮਝਦੇ ਕਿ ਅਸੀਂ ਆਪੇ ਦੀ ਖੋਜ ਕਰਕੇ ਆਪਣੇ ਸਵਾਲਾਂ ਦੇ ਜਵਾਬ ਆਪ ਲੱਭ ਲਵਾਂਗੇ ਤਾਂ ਫਿਰ ਜੇ ਅਸੀਂ ਇਹ ਸੋਚ ਵੀ ਅਪਨਾ ਲਈਏ ਕਿ ਮੈਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਪਤਾ ਨਹੀਂ, ਜਦੋਂ ਤੱਕ ਮੈਨੂੰ ਨਹੀਂ ਪਤਾ ਮੈਂ ਨਹੀਂ ਮੰਨਾਂਗਾ? ਜੇ ਜਵਾਬ ਮਿਲ ਗਏ ਤਾਂ ਹੀ ਮੰਨਾਂਗਾ? ਦੂਜਿਆਂ ਦੇ ਜਵਾਬ ਮੇਰੇ ਕਿਸੇ ਕੰਮ ਦੇ ਨਹੀਂ ਹਨ? ਦੂਜਿਆਂ ਦੇ ਉਧਾਰੇ ਗਿਆਨ ਦਾ ਬੋਝ ਮੈਂ ਨਹੀਂ ਢੋਵਾਂਗਾ? ਮੈਂ ਆਪਣਾ ਰਸਤਾ ਆਪ ਬਣਾਵਾਂਗਾ? ਜਿਸ ਗੱਲ ਵਿੱਚ ਕੋਈ ਲੌਜਿਕ ਨਹੀਂ, ਕੋਈ ਤਰਕ ਨਹੀਂ, ਕੋਈ ਦਲੀਲ ਨਹੀਂ, ਅੱਜ ਤੱਕ ਦੀਆਂ ਸਾਇੰਸ ਦੀਆਂ ਖੋਜਾਂ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ, ਮੈਂ ਉਸਨੂੰ ਨਹੀਂ ਮੰਨਾਂਗਾ? ਇਸ ਨਾਲੋਂ ਕਿ ਮੈਂ ਫੋਕਟ ਧਾਰਮਿਕ ਰੀਤਾਂ ਰਸਮਾਂ, ਕਰਮਕਾਂਡਾਂ, ਮਰਿਯਾਦਾਵਾਂ ਦਾ ਬੋਝ ਢੋਹਵਾਂ, ਮੈਂ ਇਨ੍ਹਾਂ ਨੂੰ ਮੰਨਣ ਤੋਂ ਹੀ ਇਨਕਾਰ ਕਰਦਾ ਹਾਂ। ਮੈਂ ਸਿਰਫ ਉਹ ਹੀ ਮੰਨਾਂਗਾ, ਜਿਸ ਵਿੱਚ ਮੈਨੂੰ ਕੋਈ ਤਰਕ, ਦਲੀਲ, ਲੌਜਿਕ ਦਿਸੇਗਾ ਜਾਂ ਮੇਰਾ ਕੋਈ ਆਪਣਾ ਅਨੁਭਵ ਹੋਵੇਗਾ। ਆਪਣੇ ਨਿਜ਼ੀ ਅਨੁਭਵ ਤੋਂ ਬਿਨਾਂ ਮਨ, ਆਤਮਾ, ਪ੍ਰਲੋਕ, ਆਵਾਗਵਨ, ਜਨਮ-ਮਰਨ, ਭੂਤ-ਪ੍ਰੇਤ, ਵਹਿਮ-ਭਰਮ ਆਦਿ ਦੀਆਂ ਧਾਰਮਿਕ ਗ੍ਰੰਥਾਂ ਵਿਚੋਂ ਪੜ੍ਹੀਆਂ-ਸੁਣੀਆਂ, ਯਾਦ ਕਰ ਲਈਆਂ ਗੱਲਾਂ ਦਾ ਮੇਰੇ ਲਈ ਕੋਈ ਮਤਲਬ ਨਹੀਂ, ਜਦੋਂ ਤੱਕ ਮੈਂ ਆਪਣੇ ਅਨੁਭਵ ਨਾਲ ਸਚਾਈ ਨੂੰ ਆਪ ਨਾ ਜਾਣ ਲਵਾਂ? ਅਜਿਹਾ ਸਾਇੰਟਿਫਿਕ ਮਨ, ਅਜਿਹਾ ਸਚਾਈ ਅਧਾਰਿਤ ਮਨ, ਅਜਿਹਾ ਦਲੀਲ ਤੇ ਤਰਕ ਵਿੱਚ ਵਿਸ਼ਵਾਸ਼ ਰੱਖਣ ਵਾਲਾ ਮਨ ਹੀ ਸੱਚਾ ਧਰਮੀ ਹੋ ਸਕਦਾ ਹੈ। ਪੁਜਾਰੀਆਂ ਦੀ ਝੂਠੀਆਂ, ਨਕਲੀ ਤੇ ਫੋਕਟ ਰੀਤਾਂ-ਰਸਮਾਂ, ਮਰਿਯਾਦਾਵਾਂ ਨੂੰ ਨੇਮ ਨਾਲ ਅੱਖਾਂ ਮੀਟ, ਸਿਰ ਸੁੱਟ ਕੇ, ਸ਼ਰਧਾ ਤੇ ਅੰਧ-ਵਿਸ਼ਵਾਸ਼ ਵਿੱਚ ਨਿਭਾਉਣ ਵਾਲਾ ਮਨੁੱਖ ਧਰਮੀ ਨਹੀਂ, ਪੁਜਾਰੀਆਂ ਵਰਗਾ ਧਾਰਮਿਕ ਪਾਖੰਡੀ ਹੀ ਹੋਵੇਗਾ। ਧਾਰਮਿਕ ਗ੍ਰੰਥਾਂ ਵਿਚਲੇ ਅਸਲੀ ਗੁਰੂਆਂ, ਪੈਗੰਬਰਾਂ ਦੇ ਬਚਨ, ਉਨ੍ਹਾਂ ਦੇ ਸ਼ਬਦ, ਸਾਡੇ ਲਈ ਇਸ਼ਾਰੇ ਤਾਂ ਹੋ ਸਕਦੇ ਹਨ, ਪਰ ਸਾਡੀ ਮੰਜ਼ਿਲ ਨਹੀਂ ਹੋ ਸਕਦੇ? ਅਸੀਂ ਉਨ੍ਹਾਂ ਦੇ ਇਸ਼ਾਰਿਆਂ ਦੀ ਰੌਸ਼ਨੀ ਵਿੱਚ ਆਪਣਾ ਰਸਤਾ ਆਪ ਬਣਾ ਕੇ ਆਪਣੀ ਮੰਜ਼ਿਲ ਤੇ ਆਪ ਪਹੁੰਚਣਾ ਹੈ। ਧਾਰਮਿਕ ਗ੍ਰੰਥਾਂ ਦੇ ਬਚਨਾਂ, ਸ਼ਬਦਾਂ, ਵਿਚਾਰਾਂ ਨੂੰ ਯਾਦ ਕਰ ਲੈਣਾ, ਉਸਦੇ ਪਾਠ ਕਰ ਲੈਣਾ, ਉਸਦੇ ਅਰਥ ਸਮਝ ਲੈਣੇ, ਉਸਤੇ ਚਰਚਾ ਕਰ ਲੈਣੀ, ਉਨ੍ਹਾਂ ਨੂੰ ਯਾਦ ਕਰਕੇ ਦੂਜਿਆਂ ਨੂੰ ਸੁਣਾਉਣ ਲੱਗ ਪੈਣਾ ਧਰਮ ਨਹੀਂ ਹੈ? ਧਰਮ ਆਪਣੇ ਆਪੇ ਦੀ ਆਪ ਖੋਜ ਕਰਨ ਦਾ ਨਾਮ ਹੈ। ਛੋਟੇ-ਛੋਟੇ ਵਹਿਮਾਂ-ਭਰਮਾਂ, ਕਰਮਕਾਂਡਾਂ ਵਿੱਚ ਫਸਿਆ ਮਨੁੱਖ ਕਦੇ ਵੀ ਨਾ ਹੀ ਧਰਮ ਦੇ ਰਸਤੇ ਤੇ ਤੁਰ ਸਕਦਾ ਹੈ ਤੇ ਨਾ ਹੀ ਧਰਮੀ ਹੋ ਸਕਦਾ ਹੈ। ਜੇ ਸੱਚੇ ਧਰਮੀ ਬਣਨਾ ਹੈ ਤਾਂ ਪੁਜਾਰੀਆਂ ਦੇ ਵਹਿਮਾਂ-ਭਰਮਾਂ, ਕਰਮਕਾਂਡਾਂ, ਪੂਜਾ-ਪਾਠਾਂ, ਸਿਮਰਨਾਂ, ਜਪਾਂ-ਤਪਾਂ ਦੇ ਜਾਲ ਵਿਚੋਂ ਨਿਕਲੀਏ ਤੇ ਬਿਬੇਕ ਬੁੱਧ ਨਾਲ ਅਸਲੀ ਧਰਮ ਨੂੰ ਜਾਨਣ ਦੀ ਕੋਸ਼ਿਸ਼ ਕਰੀਏ, ਆਪਣੇ ਅੰਦਰ ਵਸਦੇ ਰੱਬ ਦੀ ਜੋਤ ਨੂੰ ਪਹਿਚਾਨਣ, ਜਾਨਣ, ਮਾਨਣ ਦੀ ਕੋਸ਼ਿਸ਼ ਕਰੀਏ।




.