.

ਵਕਤੇ ਅਤੇ ਸਰੋਤੇ ਦੇ ਚੌਦਾਂ ਗੁਣ

ਇਸ ਸਮੇ ਸਿਖ ਸੰਸਾਰ ਵਿੱਚ ਜਿਥੇ ਸੰਤ ਮਹਾਤਮਾਂ, ਕੀਰਤਨੀਏ, ਲੇਖਕ, ਵਿਦਵਾਨ ਆਦਿ ਸਤਿਗੁਰਾਂ ਦੀ ਕਿਰਪਾ ਸਦਕਾ ਸਿੱਖ ਪੰਥ ਦੀ ਆਪਣੀ ਆਪਣੀ ਯੋਗਤਾ ਅਤੇ ਵਿੱਦਿਆ ਰਾਹੀਂ ਸੇਵਾ ਕਰ ਰਹੇ ਹਨ ਓਥੇ ਕਥਾਕਾਰ ਅਤੇ ਪ੍ਰਚਾਰਕ ਵੀ ਪੂਰਾ ਪੂਰਾ ਹਿੱਸਾ ਪਾ ਰਹੇ ਹਨ। ਪਹਿਲਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਸਿੱਖ ਪੁਰਾਤਨ ਧਾਰਮਿਕ ਅਤੇ ਇਤਿਹਾਸਕ ਗ੍ਰੰਥਾਂ ਦੀ ਇੱਕ ਇੱਕ ਤੁਕ ਦਾ ਪਾਠ ਕਰਕੇ ਤੇ ਫਿਰ ਉਸ ਦੀ ਜੋ ਵਿਆਖਿਆ ਕੀਤੀ ਜਾਂਦੀ ਸੀ, ਉਸ ਨੂੰ ਕਥਾ ਆਖਿਆ ਜਾਂਦਾ ਸੀ। ਜਿਵੇਂ ਅੰਮ੍ਰਿਤਸਰ ਦੇ ਗੁਰਦੁਆਰਾ ਮੰਜੀ ਸਾਹਿਬ ਸਮੇਤ ਇਤਿਹਸਕ ਗੁਰਦੁਆਰਾ ਸਾਹਿਬਾਨ ਵਿਖੇ ਅੱਜ ਵੀ ਇਸ ਤਰ੍ਹਾਂ ਹੀ ਕਥਾ ਕੀਤੀ ਜਾਂਦੀ ਹੈ। ਅਧੀ ਕੁ ਸਦੀ ਪਹਿਲਾਂ ਕੁੱਝ ਵਿਦਵਾਨ ਜੋ ਧਾਰਮਿਕ ਵਿਖਿਆਨ ਕਰਿਆ ਕਰਦੇ ਸਨ ਅਜੋਕੇ ਸਮੇ ਉਹਨਾਂ ਨੂੰ ਕਥਾ ਆਖਿਆ ਜਾਂਦਾ ਹੈ। ਸਿੱਖ ਵਿਦਵਾਨਾਂ ਦੇ ਸੰਸਾਰ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਆਗਮਨ ਨਾਲ਼ ਇਸ ਵਿਖਿਆਨ ਦਾ ਨਾਂ ਕਥਾ ਦਾ ਪੈ ਗਿਆ ਹੈ ਅਤੇ ਅੱਜ ਕਲ੍ਹ ਇਸ ਨੂੰ ਕਥਾ ਹੀ ਆਖਿਆ ਜਾਂਦਾ ਹੈ। ਇਸ ਦੇ ਕੁੱਝ ਕਾਰਨ ਹਨ; ਇੱਕ ਤਾਂ ਕਥਾ ਨਾਂ ਤੋਂ ਧਾਰਮਿਕਤਾ ਦਾ ਪ੍ਰਭਾਵ ਪੈਂਦਾ ਹੈ ਜਦੋਂ ਕਿ ਵਿਖਿਆਨ ਸ਼ਬਦ ਤੋਂਓਨੀ ਧਾਰਮਿਕਤਾ ਦਾ ਆਭਾਸ ਨਹੀਂ ਹੁੰਦਾ। ਫਿਰ ਗਿਆਨੀ ਮਸਕੀਨ ਜੀ ਦੇ, ਪੁਰਾਤਨ ਕਥਾ ਦੀ ਪ੍ਰੰਪਰਾ ਤੋਂ ਹਟ ਕੇ, ਵਿਲੰਖਣ ਤਰੀਕੇ ਨਾਲ਼ ਸਿੱਖ ਸਟੇਜਾਂ ਉਪਰ ਕੀਤੇ ਗਏ ਵਿਖਿਆਨਾਂ ਨੂੰ, ਸੰਗਤਾਂ ਵੱਲੋਂ ਕਥਾ ਤਸੱਵਰ ਕਰ ਲਿਆ ਗਿਆ। ਵੀਹਵੀਂ ਸਦੀ ਦੇ ਹਿੰਦੀ ਸੰਸਾਰ ਦੇ ਅਤੀ ਪ੍ਰਭਾਵਸ਼ਾਲੀ ਬੁਲਾਰੇ ਅਚਾਰੀਆ ਰਜਨੀਸ਼ (ਓਸ਼ੋ) ਦੇ ਬੋਲਣ ਦੀ ਸ਼ੈਲੀ ਨੂੰ, ਗਿਆਨੀ ਮਸਕੀਨ ਜੀ ਨੇ ਏਨੀ ਸਫ਼ਲਤਾ ਸਹਿਤ ਸਿੱਖ ਧਾਰਮਿਕ ਸੰਸਾਰ ਵਿੱਚ ਹਰਮਨ ਪਿਆਰਤਾ ਪ੍ਰਦਾਨ ਕਰ ਦਿਤੀ ਕਿ ਇਸ ਨੂੰ ਸਿੱਖ ਧਾਰਮਿਕ ਵਿਦਵਾਨਾਂ ਨੇ ਬੜੇ ਉਤਸ਼ਾਹ ਸਹਿਤ ਸਵੀਕਾਰ ਕਰ ਲਿਆ ਤੇ ਸਿੱਖ ਸੰਗਤਾਂ ਵੱਲੋਂ ਵੀ ਇਸ ਸ਼ੈਲੀ ਨੂੰ ਮਾਨਤਾ ਪ੍ਰਾਪਤ ਹੋ ਗਈ ਅਤੇ ਇਹ ਕਥਾ ਸਵੀਕਾਰੀ ਗਈ। ਮਸਕੀਨ ਉਪਰ ਗੁਰੂ ਜੀ ਦੀ ਏਨੀ ਬਖ਼ਸ਼ਿਸ਼ ਹੋਈ ਕਿ ਉਹਨਾਂ ਨੇ ਓਸ਼ੋ ਦੀ ਸ਼ੈਲੀ ਨੂੰ, ਸ਼ੇਖ਼ ਸਾਅਦੀ ਦੀਆਂ ਦੋ ਕਿਤਾਬਾਂ ਗੁਲਿਸਤਾਂ ਅਤੇ ਬੋਲਿਸਤਾਂ ਦੀ ਫ਼ਿਲਾਸਫ਼ੀ ਦੀ ਪੁਠ ਚਾਹੜ ਕੇ, ਸਿੱਖ ਸਾਹਿਤ ਅਤੇ ਸਿੱਖ ਧਾਰਮਿਕ ਰੰਗਣ ਏਨੀ ਸਫ਼ਲਤਾ ਨਾਲ਼ ਦੇ ਦਿਤੀ ਕਿ ਉਹਨਾਂ ਦੇ ਬੋਲਣ ਢੰਗ ਨੂੰ ਤਕਰੀਬਨ ਸਾਰੇ ਸਿੱਖ ਸਟੇਜ ਦੇ ਬੁਲਾਰਿਆਂ ਨੇ ਅਪਨਾ ਲਿਆ। ਮਸਕੀਨ ਦੀ ਅਦਾਇਗੀ ਨਾਲ਼ ਇਹ ਸ਼ੈਲੀ ਏਨੀ ਪਸੰਦੀਦਾ ਬਣ ਗਈ ਕਿ ਕਿ ਤਿੰਨ ਸਦੀਆਂ ਪੁਰਾਣੀ ਦਮਦਮੀ ਟਕਸਾਲ ਦੇ ਕਥਾਕਾਰ ਵੀ ਇਸ ਸ਼ੈਲੀ ਤੋਂ ਪ੍ਰਭਾਵਤ ਹੋਣੋ ਨਾ ਰਹਿ ਸਕੇ। ਸਿੱਖ ਸੰਸਾਰ ਵਿੱਚ ਮਸਕੀਨ ਜੀ ਦੀ ਸਰਬਪੱਖੀ ਸਫ਼ਲਤਾ ਵੇਖ ਕੇ ਤਾਂ ਕਈ ਬੁਲਾਰੇ ਤਾਂ ਉਹਨਾਂ ਵਰਗੇ ਬਸਤਰ ਵੀ ਪਹਿਨਣ ਲੱਗ ਪਏ ਹਨ। ਇਕੋ ਰੰਗ ਦਾ ਕੁਰਤਾ ਪਜਾਮਾ ਅਤੇ ਜੈਕਟ ਵਾਲ਼ੇ ਥ੍ਰੀ ਪੀਸ ਸੂਟ ਦਾ ਪ੍ਰਚੱਲਨ ਗਿਆਨੀ ਮਸਕੀਨ ਜੀ ਤੋਂ ਹੀ ਤੁਰਿਆ ਸੀ। ਦਸਤਾਰ ਦਾ ਕਾਲ਼ਾ ਰੰਗ ਭੀ ਕਥਾਵਾਚਕਾਂ ਨੇ, ਉਹਨਾ ਤੋਂ ਹੀ ਪ੍ਰਭਾਵਤ ਹੋ ਕੇ ਅਪਨਾਇਆ। ਏਥੋਂ ਤੱਕ ਕਿ ਕੁੱਝ ਬੁਲਾਰੇ ਤਾਂ ਆਪਣੀ ਦਾਹੜੀ ਵਿੱਚ ਵਲ਼ ਵੀ ਓਨੇ ਹੀ ਪਾਉਣ ਲੱਗ ਪਏ ਜਿੰਨੇ ਗਿਆਨੀ ਮਸਕੀਨ ਜੀ ਦੀ ਦਾਹੜੀ ਵਿੱਚ ਹੁੰਦੇ ਸਨ।
ਅਜਿਹਾ ਹੋ ਜਾਣਾ ਸੁਭਾਵਕ ਹੀ ਹੈ ਤੇ ਇਸ ਵਿੱਚ ਕੋਈ ਗੁਰਮਤਿ ਤੋਂ ਉਲ਼ਟ ਜਾਂ ਗ਼ਲਤ ਗੱਲ ਵੀ ਨਹੀਂ। ਕਿਸੇ ਵਿਅਕਤੀ ਦੀਆਂ ਨੂੰ ਅਪਨਾਉਣਾ, ਉਸ ਵਰਗੇ ਬਣਨ ਦਾ ਯਤਨ ਕਰਨਾ ਬਿਲਕੁਲ ਕੁਦਰਤੀ ਵਰਤਾਰਾ ਹੈ।
ਇਸ ਲੇਖ ਦੁਆਰਾ ਆਪਾਂ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਵਕਤੇ ਅਤੇ ਸਰੋਤੇ ਦੇ ਗੁਣਾਂ ਦਾ ਜੋ ਗਿਆਨ, ਆਪਣੇ ਸ਼ਰਧਾਲੂ ਸਿੱਖਾਂ ਨੂੰ ਬਖ਼ਸ਼ਿਆ ਸੀ ਉਸ ਦਾ ਸੰਖੇਪ ਵਿੱਚ ਜ਼ਿਕਰ ਕੀਤਾ ਜਾ ਰਿਹਾ ਹੈ। ‘ਪ੍ਰਥਾਇ ਸਾਖੀ ਮਹਾਪੁਰਖ ਬੋਲਦੇ” ਵਾਲ਼ੇ ਮਹਾਵਾਕ ਅਨੁਸਾਰ ਗੁਰੂ ਸਾਹਿਬਾਨ ਦੇ ਬਚਨ ਸਦੀਵ ਕਾਲ ਵਾਸਤੇ ਹੀ ਮਨੁਖਤਾ ਲਈ ਚਾਨਣ ਮੁਨਾਰਾ ਹੁੰਦੇ ਹਨ।
ਭਾਈ ਤੁਲਸੀਆ, ਭਾਈ ਦਰਗਾਹ, ਭਾਈ ਤਖਤੂ ਧੀਰ ਅਤੇ ਭਾਈ ਤੀਰਥ ਉਪਲ ਚਾਰ ਸਿੱਖ ਮਨਸ਼ਾ ਧਾਰ ਕੇ ਇਕੱਠੇ ਹੋ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਬੰਦਨਾ ਕਰਕੇ ਸਾਰੇ ਗੁਰੂ ਜੀ ਪਾਸ ਬੈਠ ਗਏ। ਹੱਥ ਜੋੜ ਕੇ ਉਹਨਾਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਇਉਂ ਬੇਨਤੀ ਕੀਤੀ, “ਹੇ ਸੱਚੇ ਪਾਤਿਸ਼ਾਹ ਜੀ! ਜੇਹੜੇ ਅਨੇਕ ਸਿੱਖ ਕਥਾ, ਵਿਖਿਆਨ ਅਤੇ ਗੁਰਬਾਣੀ ਦੇ ਅਰਥ ਕਰਦੇ ਹਨ, ਅਸੀਂ ਉਹ ਸੁਣਦੇ ਹਾਂ। ਸੁਣ ਕੇ ਕਿਸੇ ਦੇ ਵੀ ਮਨ ਨੂੰ ਸ਼ਾਤੀ ਨਹੀਂ ਆਉਂਦੀ। ਏਧਰ ਓਧਰ ਤੋਂ ਹਟ ਕੇ ਬਿਰਤੀ ਸਥਿਰ ਨਹੀਂ ਰਹਿੰਦੀ ਹੈ ਪਰ ਜਦੋ ਭਾਈ ਨਿਵਲਾ ਅਤੇ ਨਿਹਾਲੂ ਦੋਵੇਂ ਕਥਾ ਕਰਦੇ ਹਨ ਤਾਂ ਉਹਨਾਂ ਦੇ ਮੁਖੋਂ ਕਥਾ ਸੁਣ ਕੇ ਮਨ ਪ੍ਰਭਾਵਤ ਹੁੰਦਾ ਤੇ ਵਿਕਾਰਾਂ ਤੋਂ ਡਰ ਲੱਗਣ ਲੱਗਦਾ ਹੈ। ਹਿਰਦੇ ਵਿਚੋਂ ਦੁਰਮਤਿ ਦਾ ਨਾਸ ਤੇ ਗੁਰਮਤਿ ਦਾ ਪ੍ਰਕਾਸ਼ ਹੁੰਦਾ ਹੈ। ਅਨੇਕਾਂ ਗੁਣ ਹਿਰਦੇ ਵਿੱਚ ਪਰਗਟ ਹੋ ਜਾਂਦੇ ਹਨ ਤੇ ਮਨ ਵਿੱਚ ਪਰਉਪਕਾਰ ਕਰਨ ਦਾ ਉਮਾਹ ਪੈਦਾ ਹੁੰਦਾ ਹੈ।”
ਸਿਖਾਂ ਦੀ ਇਹ ਬੇਨਤੀ ਸੁਣ ਕੇ ਸ੍ਰੀ ਗੁਰੂ ਹਰਿ ਗੋਬਿੰਦ ਜੀ ਨੇ ਮੁਖੋਂ ਉਚਾਰਿਆ ਕਿ ਸਤਿਗੁਰੂ ਜੀ ਦਾ ਸ਼ਬਦ ਅੰਮ੍ਰਿਤ ਸਮਾਨ ਮਹਾਨ ਹੈ। ਇਸ ਦੀ ਕਥਾ ਕਰਨ ਵਾਲ਼ੇ ਬੁਲਾਰੇ ਵਿੱਚ ਚੌਦਾਂ ਗੁਣ ਹੋਣੇ ਚਾਹੀਦੇ ਹਨ। ਜਿਸ ਵਿੱਚ ਇਹ ਚੌਦਾਂ ਗੁਣ ਹੋਣ ਉਸ ਤੋਂ ਗੁਰਬਾਣੀ ਦੀ ਕਥਾ ਸੁਣ ਕੇ ਗੁਰਸਿੱਖ ਗਿਆਨ ਪਰਾਪਤ ਕਰ ਲੈਂਦੇ ਹਨ। ਜਿਵੇਂ ਵਕਤੇ ਵਿੱਚ ਚੌਦਾਂ ਗੁਣ ਚਾਹੀਦੇ ਹਨ ਓਸੇ ਤਰ੍ਹਾਂ ਸਰੋਤੇ ਵਿੱਚ ਵੀ ਚੌਂਦਾਂ ਗੁਣ ਹੋਣ ਤਾਂ ਸੋਨੇ ਤੇ ਸੁਹਾਗੇ ਵਾਲ਼ੀ ਗੱਲ ਬਣ ਜਾਂਦੀ ਹੈ। ਅਜਿਹਾ ਸਰੋਤਾ ਗੁਣਵਾਨ ਵਕਤੇ ਤੋਂ ਸੁਣ ਕੇ ਤੁਰਤ ਗਿਆਨ ਪਰਾਪਤ ਕਰ ਲੈਂਦਾ ਹੈ। ਜੇ ਦੋਹਾਂ ਵਿੱਚ ਚੌਂਦਾਂ ਗੁਣ ਨਾ ਹੋਣ ਤਾਂ ਫਿਰ ਤੁਰਤ ਗਿਆਨ ਪਰਾਪਤ ਨਹੀਂ ਹੁੰਦਾ। ਜੇਕਰ ਵਕਤਾ ਵਿੱਚ ਵੀ ਸਾਰੇ ਗੁਣ ਹੋਣ ਤਾਂ ਉਸ ਨੂੰ ਸੁਣ ਕੇ ਸਰੋਤਿਆਂ ਨੂੰ ਵੀ ਅਜਿਹੇ ਗੁਣ ਪਰਾਪਤ ਹੋ ਜਾਂਦੇ ਹਨ।
ਸਤਿਗੁਰੂ ਜੀ ਦੇ ਮੁਖਰਬਿੰਦ ਤੋਂ ਅਜਿਹੇ ਬਚਨ ਸੁਣ ਕੇ ਫਿਰ ਸਿੱਖਾਂ ਨੇ ਗੁਰੂ ਜੀ ਨੂੰ ਪੁੱਛਿਆ ਕਿ ਜੇਹੜੇ ਚੌਦਾਂ ਗੁਣ ਆਪ ਜੀ ਨੇ ਦੱਸੇ ਹਨ ਉਹਨਾਂ ਬਾਰੇ ਸਾਨੂੰ ਵਿਸਥਾਰ ਸਹਿਤ ਦੱਸਣ ਦੀ ਕਿਰਪਾ ਕਰੋ। ਆਪਣੇ ਸੇਵਕ ਜਾਣ ਕੇ ਸਾਡੇ ਤੇ ਇਹ ਕਿਰਪਾ ਕਰੋ। ਉਹਨਾਂ ਸਾਰੇ ਗੁਣਾਂ ਬਾਰੇ ਇਕੱਲੇ ਇਕੱਲੇ ਤੇ ਚਾਨਣਾ ਪਾਓ ਜੀ।
ਤਦੋਂ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਸੁਣਾਇਆ:
ਸਿੱਖੋ ਇਹ ਸੁਣੋ ਤੇ ਸਾਰੇ ਧਾਰਨ ਕਰੋ। ਚੰਗੇ ਵਕਤੇ ਦਾ ਪਹਿਲਾ (੧) ਗੁਣ ਇਹ ਹੈ ਕਿ ਉਸ ਦੀ ਆਵਾਜ਼ ਅਤੇ ਬਾਣੀ ਸੁੰਦਰ ਹੋਵੇ। ਉਹ ਸਮੂਹ ਬੋਲੇ ਜਾਣ ਵਾਲ਼ੇ ਸ਼ਬਦਾਂ ਦਾ ਸਰੂਪ ਜਾਣਦਾ ਹੋਵੇ। ਹਾਜਰ ਸਰੋਤਿਆਂ ਦੀ ਗਿਣਤੀ ਅਨੁਸਾਰ ਹੀ ਆਪਣੀ ਆਵਾਜ਼ ਦੀ ਸੁਰ ਰੱਖੇ; ਇਹ ਨਾ ਹੋਵੇ ਕਿ ਸਰੋਤੇ ਥੋਹੜੇ ਹੋਣ ਪਰ ਆਵਾਜ਼ ਬਹੁਤ ਉਚੀ ਹੋਵੇ ਤੇ ਨਾ ਹੀ ਭਾਰੀ ਗਿਣਤੀ ਵਿੱਚ ਸਰੋਤਿਆਂ ਦੀ ਹਾਜਰੀ ਵਿੱਚ ਏਨਾ ਹੌਲ਼ੀ ਬੋਲੇ ਕਿ ਸਾਰੇ ਸਰੋਤੇ ਸੁਣ ਹੀ ਨਾ ਸਕਣ। ਅਰਥਾਤ ਸਮਾ ਵਿਚਾਰ ਕੇ ਆਪਣੀ ਆਵਾਜ਼ ਦਾ ਪਧਰ ਲੋੜ ਅਨੁਸਾਰ ਰੱਖੇ। ਫਿਰ ਜਿਸ ਗ੍ਰੰਥ ਦੀ ਕਥਾ ਕਰਨੀ ਹੋਵੇ ਉਸ ਦਾ ਉਚਾਰਣ ਉਸ ਦੇ ਛੰਦ ਅਨੁਸਾਰ ਕਰੇ। ਭਾਵ ਕਿ ਚੌਪਈ ਨੂੰ ਚੌਪਈ ਵਾਂਙ, ਸਵੱਈਏ ਨੂੰ ਸਵੱਈਏ, ਕਬਿੱਤ ਨੂੰ ਕਬਿੱਤ, ਦੋਹਰੇ ਨੂੰ ਦੋਹਰੇ, ਸੋਰਠੇ ਆਦਿ ਨੂੰ, ਉਹਨਾਂ ਦੇ ਤੋਲ, ਚਾਲ ਆਦਿ ਅਨੁਸਾਰ ਉਚਾਰੇ ਜਿਵੇਂ ਛੰਦ ਦਾ ਬਹਿਰ ਹੋਵੇ।
ਦੂਸਰਾ (੨) ਗੁਣ ਵਕਤੇ ਦਾ ਇਹ ਹੈ ਕਿ ਉਹ ਕਥਾ ਦੇ ਵਿਸਥਾਰ ਤੇ ਸੰਕੋਚ ਦਾ ਜਾਣੂ ਹੋਵੇ; ਕਿਸ ਸਮੇ ਵਿਖਿਆਨ ਨੂੰ ਵਧਾਉਣਾ ਹੈ ਜਾਂ ਸਮੇ ਤੇ ਸਰੋਤਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਸ ਨੂੰ ਕਦੋਂ ਸਮੇਟਣਾ ਹੈ। ਇਹ ਵੀ ਵੇਖ ਲਵੇ ਕਿ ਉਸ ਦੇ ਵਿਖਿਆਨ ਤੋਂ ਸਰੋਤੇ ਕਿਸ ਤਰ੍ਹਾਂ ਪ੍ਰਭਾਵਤ ਹੋ ਰਹੇ ਹਨ। ਤੀਜਾ (੩) ਗੁਣ ਇਹ ਹੈ ਕਿ ਸਰੋਤਿਆਂ ਦੀ ਬਿਰਤੀ ਜਦ ਉਤਮ ਰੂਪ ਵਿੱਚ ਠਹਿਰੀ ਹੋਵੇ, ਓਥੇ ਉਹ ਅਰਥਾਂ ਦਾ ਵਿਸਥਾਰ ਕਰੇ। ਜਿਸ ਥਾਂ ਬਿਰਤੀ ਉਦਾਸ ਹੋਵੇ, ਓਥੇ ਸੰਖੇਪ ਵਿੱਚ ਉਚਾਰਣ ਕਰੇ। ਕਥਾ ਦੇ ਪ੍ਰਸੰਗ ਨੂੰ ਰੌਚਕ ਬਣਾ ਕੇ ਆਖਣਾ ਜਾਣਦਾ ਹੋਵੇ; ਇਹ ਵਕਤੇ ਦਾ ਚੌਥਾ (੪) ਗੁਣ ਸਮਝੋ। ਮਿੱਠੀ ਆਵਾਜ਼ ਨਾਲ਼ ਆਪਣੇ ਸ਼ਬਦਾਂ ਨੂੰ ਇਸ ਤਰ੍ਹਾਂ ਉਚਾਰੇ ਕਿ ਉਸ ਦੇ ਬੋਲ ਸਭ ਨੂੰ ਪਿਆਰੇ ਲੱਗਣ। ਪੰਜਵਾਂ (੫) ਗੁਣ ਵਕਤੇ ਦਾ ਇਹ ਹੈ ਕਿ ਸੱਚੇ ਬਚਨ ਉਹ ਕਹੇ ਜੇਹੜੇ ਕਰਮ, ਉਪਾਸਨਾ ਅਤੇ ਗਿਆਨ ਨਾਲ਼ ਸਬੰਧਤ ਹੋਣ। ਸ਼ਬਦ ਦੇ ਸਿਧਾਂਤ ਨੂੰ ਵਰਨਣ ਕਰੇ। ਨਿਰਣੇ ਕਰ ਕਰ ਕੇ ਅਰਥ ਕਰੇ। ਛੇਵਾਂ (੬) ਗੁਣ ਵਕਤੇ ਦਾ ਇਹ ਹੈ ਕਿ ਉਹ ਸਰੋਤੇ ਦੇ ਸ਼ੰਕੇ ਦੀ ਨਵਿਰਤੀ ਕਰ ਸਕਦਾ ਹੋਵੇ। ਜੇ ਕੋਈ ਪ੍ਰਸ਼ਨ ਕਰੇ ਤਾਂ ਢੁਕਵਾਂ ਉਤਰ ਦੇਣ ਜਾਣਦਾ ਹੋਵੇ। ਜਿਵੇਂ ਸ਼ਬਦ ਦਾ ਆਸ਼ਾ ਹੋਵੇ, ਉਸ ਤਰ੍ਹਾਂ ਹੀ ਸਾਖੀ ਦਾ ਪ੍ਰਮਾਣ ਦੇਵੇ। ਜਿਸ ਤਰ੍ਹਾਂ ਸਰੋਤਾ, ਸਤਿਗੁਰਾਂ ਦੀ ਸਿੱਖਿਆ ਨੂੰ ਚੰਗੀ ਤਰ੍ਹਾਂ ਸਮਝ ਸਕੇ। ਆਪਣੇ ਵਿਖਿਆਨ ਦੌਰਾਨ ਵਕਤਾ ਉਦਾਹਰਣ ਵੀ ਪ੍ਰਸੰਗ ਅਨੁਸਾਰ ਦੇਵੇ। ਸੱਤਵਾਂ (੭) ਗੁਣ ਵਕਤੇ ਦਾ ਇਹ ਹੈ ਕਿ ਉਹ ਸਾਰੇ ਮੱਤਾਂ ਦਾ ਜਾਣੂ ਹੋਵੇ: ਸ਼ਾਸਤਰਾਂ ਵਿਚਲੇ ਗਿਆਨ ਤੇ ਵਿਰੋਧਾਂ ਬਾਰੇ ਵੀ ਜਾਣਕਾਰੀ ਰੱਖਦਾ ਹੋਵੇ। ਅੱਠਵਾਂ (੮) ਗੁਣ ਇਹ ਹੈ ਕਿ ਕਥਾ ਵਿੱਚ ਵਿਖੇਪ ਨਾ ਕਰੇ। ਅਰਥਾਤ ਜੇ ਕਥਾ ਹੋਰ ਹੋਵੇ ਤਾਂ ਸਾਖੀ ਹੋਰ ਪ੍ਰਸੰਗ ਦੀ ਨਾ ਸੁਣਾਵੇ ਬਲਕਿ ਪ੍ਰਸੰਗ ਨੂੰ ਹੋਰ ਸਪੱਸ਼ਟ ਕਰਨ ਵਾਲ਼ੀ ਸਾਖੀ ਹੀ ਸੁਣਾਵੇ। ਕਥਾ ਦੇ ਪ੍ਰਸੰਗੋਂ ਬਾਹਰ ਨਾ ਜਾਵੇ। ਹੋਰਨਾਂ ਮੱਤਾਂ ਦੇ ਜੇ ਪ੍ਰਮਾਣ ਦੇਣ ਦੀ ਲੋੜ ਹੋਵੇ ਤਾਂ ਉਹਨਾਂ ਦਾ ਆਸ਼ਾ ਸਮਝ ਕੇ ਆਪਣੀ ਕਥਾ ਵਿੱਚ ਵਰਨਣ ਕਰੇ।
ਨੌਵੇਂ (੯) ਗੁਣ ਦਾ ਨਾਂ ਅਵਿੰਗ ਹੈ। ਭਾਵ ਕਿ ਚੰਗੀ ਤਰ੍ਹਾਂ ਸੋਹਣਾ ਸਿਧਾ ਬੈਠੇ ਤੇ ਮਨ ਦੀ ਵਿਧੀ ਵੀ ਓਸੇ ਤਰ੍ਹਾਂ ਸਰਲ ਰੱਖੇ। ਦਸਵਾਂ (੧੦) ਜਨ ਰੰਜਕ ਪਛਾਣੇ ਭਾਵ ਸਰੋਤਿਆਂ ਦੇ ਦਿਲਾਂ ਨੂੰ ਪ੍ਰਸੰਨ ਕਰਨਾ ਜਾਣਦਾ ਹੋਵੇ। ਜਿਵੇਂ ਜਿਵੇਂ ਸਰੋਤੇ ਕੰਨ ਦੇ ਕੇ ਸੁਣਨ ਤਿਵੇਂ ਤਿਵੇਂ ਉਹਨਾਂ ਵਿੱਚ ਪ੍ਰੀਤ ਦਾ ਰੰਗ ਚੜ੍ਹੇ। ਇਸ ਤਰ੍ਹਾਂ ਕਹਿ ਕੇ ਸਾਰੀ ਸਭਾ ਵੱਸ ਕਰ ਲਵੇ। ਗਿਆਰਵਾਂ (੧੧) ਗੁਣ ਹੈ ਸਭਾ ਨੂੰ ਜਿੱਤਣਾ। ਸਰੋਤਿਆਂ ਨੂੰ ਮੋਹਤ ਕਰ ਲੈਣ ਵਾਲਾ ਹੋਵੇ। ਸਾਰੇ ਸਰੋਤੇ ਸਾਹਮਣੇ ਮੁਖ ਕਰਕੇ ਸਾਵਧਾਨ ਹੋ ਕੇ ਸੁਣ ਰਹੇ ਹੋਣ। ਉਹਨਾਂ ਦੇ ਕੰਨ ਤੇ ਅੱਖਾਂ ਵਕਤੇ ਵੱਲ ਹੋਣ। ਉਹ ਇਹ ਚਾਹੁਣ ਕਿ ਵਕਤਾ ਅੱਗੇ ਕੀ ਕਹੇਗਾ। ਅੱਗੇ ਕੀ ਉਚਾਰਣ ਕਰੇਗਾ? ਬਾਰਵਾਂ (੧੨) ਗੁਣ ਹੈ ਇਹ ਹੈ ਕਿ ਵਕਤਾ ਹੰਕਾਰ ਰਹਿਤ ਹੋਵੇ। ਹਿਰਦੇ ਦੇ ਸਾਰੇ ਹੰਕਾਰ ਦੂਰ ਕਰੇ। ਸਾਰਿਆਂ ਦੇ ਨਾਲ਼ ਮਨ ਨੂੰ ਨੀਵਾਂ ਰੱਖੇ। ਆਪਣੇ ਵਿੱਚ ਵੱਡੇ ਗੁਣ ਜਾਣ ਕੇ ਕਿਸੇ ਦੇ ਚਿੱਤ ਨੂੰ ਨਾ ਦੁਖਾਵੇ। ਤੇਰਵਾਂ (੧੩) ਗੁਣ ਇਹ ਹੈ ਕਿ ਵਕਤਾ ਧਾਰਮਿਕ ਵਿਚਾਰਾਂ ਵਾਲਾ ਹੋਵੇ। ਜੋ ਕਹੇ ਉਹ ਆਪ ਵੀ ਕਮਾਉਣ ਵਾਲਾ ਹੋਵੇ। ਵਕਤੇ ਦਾ ਆਸਤਕ ਹੋਣਾ ਜਰੂਰੀ ਹੈ; ਉਹ ਨਾਸਤਕ ਨਾ ਹੋਵੇ। ਚੌਦਵਾਂ (੧੪) ਗੁਣ ਵਕਤੇ ਦਾ ਸੰਤੋਖੀ ਹੋਣਾ ਹੈ। ਜੋ ਕੁੱਝ ਸਤਿਕਾਰ ਸਹਿਤ ਸੰਗਤ ਵੱਲੋਂ ਪਰਾਪਤ ਹੋਵੇ ਉਸ ਨੂੰ ਆਪਣਾ ਭਾਗ ਹੀ ਸਮਝੇ। ਜੋ ਕੁੱਝ ਵੀ ਪਾਵੇ ਉਹ ਅਨੰਦ ਸਹਿਤ ਲੈ ਲਵੇ। ਇਹ ਸਮਝੇ ਕਿ ਬਿਨਾ ਮੰਗੇ ਜੋ ਕੋਈ ਕਥਾ ਦੀ ਭੇਟਾ ਕਰੇ ਸੋ ਅੰਮ੍ਰਿਤ ਸਮਾਨ ਹੈ। ਵਾਧੂ ਪਦਾਰਥਾਂ ਦੀ ਚਾਹਤ ਨਾ ਧਾਰਨ ਕਰੇ। ਜੋ ਕੁੱਝ ਪਾਸ ਹੋਵੇ ਉਸ ਨੂੰ ਹੀ ਵਰਤ ਲਵੇ। “ਛਾਦਨ ਭੋਜਨ ਕੀ ਚਿੰਤ ਨਾ ਕਰਈ ਅਚਿੰਤ ਮਿਲੈ ਸੋ ਪਾਇ॥”
ਇਕ ਚੰਗੇ ਵਕਤਾ ਦੇ ਇਹ ਚੌਦਾਂ ਗੁਣ ਹੁੰਦੇ ਹਨ। ਜੇਹੜਾ ਸਿੱਖ ਅਜਿਹੇ ਵਕਤੇ ਪਾਸੋਂ ਕਥਾ ਸੁਣਦਾ ਹੈ ਉਸ ਵਿੱਚ ਵੀ ਇਹਨਾਂ ਗੁਣਾਂ ਦਾ ਪ੍ਰਵੇਸ਼ ਹੋ ਜਾਂਦਾ ਹੈ।
ਹੁਣ ਸਰੋਤਾ ਦੇ ਗੁਣ ਸੁਣੋ ਕਿ ਉਹ ਵਕਤਾ ਦੀ ਕਰਨੀ ਦਾ ਮਨ, ਬਚਨ ਅਤੇ ਕਰਮ ਕਰਕੇ ਪ੍ਰਸੰਸਕ ਹੋਵੇ। ਇਸ ਨੂੰ ਸਰੋਤੇ ਦਾ ਪਹਿਲਾ ਗੁਣ ਜਾਣੋ। ਉਸ ਦੇ ਮਨ ਵਿੱਚ ਕੋਈ ਹੰਕਾਰ ਨਾ ਹੋਵੇ। ਇਹ ਜਾਣੇ ਕਿ ਮੈਂ ਵਡੀ ਸੇਵਾ ਧਾਰਨ ਕੀਤੀ ਹੈ। ਤੀਸਰਾ ਗੁਣ ਸੁਣਨ ਦੀ ਸ਼ਰਧਾ ਹੋਵੇ। ਮਨ ਨੂੰ ਉਚਾਟ ਨਾ ਕਰੇ। ਚੌਥਾ ਆਪਣੇ ਚਿੱਤ ਦੀ ਚਤਰਾਈ ਵਕਤੇ ਉਪਰ ਲਾਗੂ ਨਾ ਕਰੇ। ਪੰਜਵਾਂ ਵਕਤਾ ਜੇਹੜੇ ਅਰਥ ਕਰੇ, ਉਹਨਾ ਨੁੰ ਸਮਝਣ ਦੇ ਸਮਰਥ ਹੋਵੇ। ਛੇਵਾਂ ਗੁਣ ਵਕਤੇ ਨੂੰ ਪ੍ਰਸੰਨ ਕਰਨੇ ਜਾਣਦਾ ਹੋਵੇ। ਸੱਤਵਾਂ ਗ੍ਰੰਥ ਨੂੰ ਕੰਨ ਦੇ ਕੇ ਬਹੁਤ ਧਿਆਨ ਨਾਲ ਸੁਣੇ। ਅੱਠਵਾਂ ਆਲਸ ਨਾ ਧਾਰਨ ਕਰੇ। ਨੌਵਾਂ ਨੀਂਦ ਨੂੰ ਵੱਸ ਵਿੱਚ ਰੱਖੇ। ਦਸਵਾਂ ਜੋ ਸੁਣੇ ਉਸ ਨੂੰ ਹਿਰਦੇ ਵਿੱਚ ਧਾਰਨ ਕਰੇ। ਜੋ ਪਾਸ ਹੋਵੇ ਉਸ ਨੂੰ ਵੰਡ ਕੇ ਖਾਵੇ। ਜੋ ਗੱਲ ਸਿਧਾਂਤ ਅਨੁਸਾਰ ਹੋਵੇ ਉਸ ਅਨੁਸਾਰ ਚਿੱਤ ਸ਼ਾਂਤ ਕਰਕੇ ਸੁਣੇ। ਜੇ ਵਿਖਿਆਨ ਗੁਰੂ ਸਿਧਾਂਤ ਦੇ ਉਲ਼ਟ ਹੋਵੇ ਤਾਂ ਉਸ ਨੂ ਤਿਆਗ ਦੇਵੇ। ਤੇਹਰਵਾਂ, ਤਨ ਵਿੱਚ ਸੁੱਚਮ ਧਾਰਨ ਕਰੇ ਤੇ ਚੌਧਵਾਂ ਸਭ ਪਖੰਡਾਂ ਦਾ ਤਿਆਗ ਕਰੇ। ਮਨ ਨੂੰ ਪ੍ਰਭੂ ਦੇ ਸ਼ਬਦ ਨਾਲ਼ ਜੋੜੇ ਤੇ ਅਖੰਡ ਚਿੱਤ ਹੋ ਕੇ ਅਨਹਦ ਨਾਦ ਸੁਣੇ। ਇਸ ਤਰ੍ਹਾਂ ਦੇ ਸਰੋਤਾ ਤੇ ਵਕਤਾ ਜੇਹੜੇ ਹੁੰਦੇ ਹਨ ਉਹ ਦੋਵੇਂ ਗਿਆਨ ਨੂੰ ਪਰਾਪਤ ਕਰ ਲੈਂਦੇ ਹਨ।
ਜੇਹੜਾ ਸਿੱਖ ਇਹ ਲੱਛਣ ਧਾਰਨ ਕਰਦਾ ਹੈ, ਉਹ ਨਿਹਾਲ ਹੋ ਜਾਂਦਾ ਹੈ। ਉਸ ਸਿੱਖ ਦੀ ਹਮੇਸ਼ਾਂ ਸੰਗਤ ਕਰੋ। ਤੁਹਾਡੇ ਵਿੱਚ ਵੀ ਉਸ ਦੇ ਬਹੁਤ ਗੁਣ ਆ ਜਾਣਗੇ। ਉਸ ਦੇ ਮੁਖ ਤੋਂ ਸੁੰਦਰ ਕਥਾ ਸੁਣੋ। ਤੁਹਾਡੇ ਜੀ ਦੀ ਫਿਰ ਕਿਉਂ ਮੁਕਤੀ ਨਹੀਂ ਹੋਵੇਗੀ? ਗੁਰੂ ਜੀ ਦੇ ਮੁਖ ਤੋਂ ਅਜਿਹਾ ਉਪਦੇਸ਼ ਸੁਣ ਕੇ ਸਾਰੇ ਸਿੱਖ ਬਹੁਤ ਪ੍ਰਸੰਨ ਹੋਏ।
ਨੋਟ: ਇਹਨਾਂ ਚੌਦਾਂ ਗੁਣਾਂ ਦੇ ਅਰਥ ਇਸ ਪ੍ਰਕਾਰ ਹਨ:
1. ਵਾਗਮੀ, ਭਾਵ ਰਸੀਲੀ ਆਵਾਜ਼ ਅਤੇ ਸੁਰ ਨਾਲ ਬੋਲ ਸਕਣਾ।
2. ਵਿਆਸ: ਭਾਵ ਸਰੋਤਿਆ ਦੀ ਪਸੰਦ ਅਨੁਸਾਰ ਵਿਸਥਾਰ ਨਾਲ਼ ਸਮਝਾ ਸਕਣਾ।
3. ਸਮਾਸ ਵਤ: ਭਾਵ ਲੋੜ ਅਨੁਸਾਰ ਸੰਖੇਪ ਕਰ ਸਕਣਾ।
4. ਪ੍ਰਿਯ ਕਥਾ ਦਾ ਪ੍ਰਸਤਾਵ: ਭਾਵ ਦਿਲ ਲੁਭਾਉਣ ਵਾਲ਼ੀਆਂ ਕਥਾਵਾਂ ਕਹਿਣਾ।
5. ਸਪੱਸ਼ਟ ਵਾਕ: ਭਾਵ ਸਾਫ ਬੋਲਣਾ ਤੇ ਸਪੱਸ਼ਟ ਕਰਕੇ ਸਮਝਾ ਸਕਣਾ।
6. ਸੰਦੇਹ ਛਿਦਰ: ਭਾਵ ਸ਼ੰਕਿਆਂ ਨੂੰ ਦੂਰ ਕਰ ਸਕਣਾ।
7. ਅਸ਼ੇਖ ਸ਼ਾਸਤਰ ਕੁਸ਼ਲ: ਭਾਵ ਸਾਰੇ ਸ਼ਾਸਤਰਾਂ ਦਾ ਜਾਣਕਾਰ ਹੋਣਾ।
8. ਨਖਯਾਤ ਵਿਖੇਪ ਕ੍ਰਿਤ: ਭਾਵ ਕਥਾ ਦੇ ਪ੍ਰਸੰਗ ਵਿੱਚ ਹੋਰ ਪ੍ਰਸੰਗ ਤੋਂ ਉਲਟ ਪ੍ਰਮਾਣ ਦਾ ਦੇਣਾ।
9. ਅਵਯੰਗੋ: ਭਾਵ ਸੋਹਣੀ ਤਰ੍ਹਾਂ ਸਿਧਾ ਬੈਠਣਾ।
10. ਜਨ ਰੰਜਕੋ: ਭਾਵ ਸਰੋਤਿਆ ਦੇ ਦਿਲਾਂ ਨੂੰ ਪ੍ਰਸੰਨ ਕਰਨਾ।
11. ਜਿਤ ਸਭੋ: ਸਭ ਨੂੰ ਜਿੱਤਣਾ ਭਾਵ ਸਰੋਤਿਆਂ ਨੂੰ ਆਪਣੇ ਤੇ ਮੋਹਤ ਕਰ ਲੈਣਾ।
12. ਨਾ ਹੰਕ੍ਰਤੋ: ਭਾਵ ਹੰਕਾਰ ਰਹਿਤ ਹੋਣਾ।
13. ਧਾਰਮਿਕੋ: ਜੋ ਕਹੇ ਉਹ ਆਪ ਵੀ ਕਮਾਉਣ ਵਾਲ਼ਾ ਹੋਵੇ।
14. ਸੰਤੋਖੀ: ਭਾਵ ਸੰਤੋਖ ਵਾਲਾ ਹੋਵੇ।
(ਪੰਜਵੀਂ ਰਾਸ ਦੇ ਬਤਾਲੀਵੇ ਅਧਿਆਇ ਦੀਆਂ ੧ ਤੋਂ ੩੦ ਪਉੜੀਆਂ ਵਿੱਚ ਆਏ ਉਪਦੇਸ਼ ਉਪਰ ਆਧਾਰਤ)
ਸੰਤੋਖ ਸਿੰਘ
[email protected]
.