.

☬ ਗੂਜਰੀ ਕੀ ਵਾਰ ਮਹਲਾ ੩ ☬

(ਪੰ: ੫੦੮-੫੧੭)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੧)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਅਰੰਭਕ ਜਾਣਕਾਰੀ

“ਗੂਜਰੀ ਕੀ ਵਾਰ ਮ: ੩” ਦੀ ਅਰੰਭਕ ਜਾਣਕਾਰੀ: —ਇਹ ‘ਵਾਰ’ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਹੈ। ਇਸ ਵਾਰ `ਚ ਕੁਲ ੨੨ ਪਉੜੀਆਂ ਹਨ ਤੇ ਹਰੇਕ ਪਉੜੀ `ਚ ਪੰਜ ਪੰਜ ਤੁੱਕਾਂ ਹਨ। ਇਸ ਵਾਰ ਦੀ ਹਰੇਕ ਪਉੜੀ ਨਾਲ ਦੋ ਦੋ ਸਲੋਕ ਹਨ; ਉਂਝ ਸਮੂਹ ਵਾਰਾਂ `ਚ ਦੇਖੀਏ ਤਾਂ ਪਉੜੀਆਂ ਨਾਲ ਸਲੋਕ ਘਟ ਤੋਂ ਘਟ ਦੋ ਤੇ ਵੱਧ ਤੋਂ ਵੱਧ ਸੱਤ ਦੀ ਗਿਣਤੀ `ਚ ਆਏ ਹਨ। ਇਹ ਸਲੋਕ, “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦੀ ਸੰਪਾਦਨਾ ਤੇ ਬਾਣੀ ਨੂੰ ਤਰਤੀਬ ਦੇਣ ਸਮੇਂ ਪੰਜਵੇਂ ਪਾਤਸ਼ਾਹ ਨੇ ਪਉੜੀਆਂ ਨਾਲ ਆਪ ਜੋੜੇ ਹੋਏ ਹਨ।

ਉਪ੍ਰੰਤ ਵਾਰਾਂ `ਚ ਸਲੋਕਾਂ ਨੂੰ ਜੋੜਣ ਸਮੇਂ ਗੁਰਦੇਵ ਨੇ ਕਮਾਲ ਦੀ ਦੂਰ-ਦਰਸ਼ਤਾ ਵੀ ਵਰਤੀ ਹੋਈ ਹੈ। ਪੰਚਮ ਪਿਤਾ ਨੇ ਹਰੇਕ ਵਾਰ ਦੀ ਹਰੇਕ ਪਉੜੀ ਨਾਲ ਸਲੋਕ, ਸੰਬੰਧਤ ਪਉੜੀ ਦੀ ਵਿਆਖਿਆ ਵਜੋਂ ਜੋੜੇ ਹੋਏ ਹਨ; ਇਸ ਲਈ ਉਥੇ ਇਹ ਸਲੋਕ ਕੇਵਲ ਖਾਨਾ ਪੁਰੀ ਲਈ ਨਹੀਂ ਹਨ। ਇਹੀ ਕਾਰਣ ਹੈ ਕਿ ਜਿਹੜੇ ਸਲੋਕ ਵਾਰਾਂ ਤੋਂ ਵਧੀਕ ਬੱਚੇ ਭਾਵ ਜਿਨ੍ਹਾਂ ਸਲੋਕਾਂ `ਤੇ ਇਹ ਸਿਧਾਂਤ ਲਾਗੂ ਨਹੀਂ ਸੀ ਹੁੰਦਾ, ਉਹ ਬਾਕੀ ਸਲੋਕ ਅਜੋਕੀਆਂ ਛਾਪੇ ਵਾਲੀਆਂ ਬੀੜਾ ਦੇ ਪੰਨਾਂ ਨੰ: ੧੪੧੦ `ਤੇ ‘ਸਲੋਕ ਵਾਰਾਂ ਤੋ ਵਧੀਕ’ ਦੇ ਸਿਰਲੇਖ ਹੇਠ ਦਰਜ ਹਨ।

ਹੱਥਲੀ ਵਾਰ `ਚ ਇੱਕ ਵਿਸ਼ੇਸ਼ਤਾ ਹੋਰ ਵੀ ਹੈ, ਇਥੇ ਹਰੇਕ ਪਉੜੀ ਨਾਲ ਜਿਹੜੇ ਦੋ-ਦੋ ਸਲੋਕ ਆਏ ਹਨ, ਉਹ ਸਲੋਕ ਵੀ ਤੀਜੇ ਪਾਤਸ਼ਾਹ ਦੇ ਹੀ ਹਨ। ਤਾਂ ਵੀ ਪਉੜੀ ਨੰ: ੪ ਨਾਲ ਪਹਿਲਾ ਸਲੋਕ ਕਬੀਰ ਸਾਹਿਬ ਦਾ ਹੈ ਤੇ ਦੂਜਾ ਤੀਜੇ ਪਾਤਸ਼ਾਹ ਦਾ। ਇਹ ਵਿਸ਼ਾ ਵੀ ਆਪਣੇ ਆਪ `ਚ ਵਿਸ਼ੇਸ਼ ਧਿਆਨ ਮੰਗਦਾ ਹੈ। ਤਾਂ ਤੇ ਪਹਿਲਾਂ ਇਹ ਵੀ ਦੇਖਾਂਗੇ ਕਿ ਇਸ ਵਾਰ ਦੀ ਚੌਥੀ ਪਉੜੀ ਨਾਲ ਇਹ ਦੋਵੇਂ ਸਲੋਕ ਹੈਣ ਕਿਹੜੇ? ਤਾਂ ਤੇ ਇਹ ਸਲੋਕ ਹਨ:-

ਸਲੋਕੁ॥ ਕਬੀਰ ਮੁਕਤਿ ਦੁਆਰਾ ਸੰਕੁੜਾ, ਰਾਈ ਦਸਵੈ ਭਾਇ॥ ਮਨੁ ਤਉ ਮੈਗਲੁ ਹੋਇ ਰਹਾ, ਨਿਕਸਿਆ ਕਿਉ ਕਰਿ ਜਾਇ॥ ਐਸਾ ਸਤਿਗੁਰੁ ਜੇ ਮਿਲੈ, ਤੁਠਾ ਕਰੇ ਪਸਾਉ॥ ਮੁਕਤਿ ਦੁਆਰਾ ਮੋਕਲਾ, ਸਹਜੇ ਆਵਉ ਜਾਉ॥ ੧ 

ਮਃ ੩॥ ਨਾਨਕ ਮੁਕਤਿ ਦੁਆਰਾ ਅਤਿ ਨੀਕਾ, ਨਾਨਾੑ ਹੋਇ ਸੁ ਜਾਇ॥ ਹਉਮੈ ਮਨੁ ਅਸਥੂਲੁ ਹੈ, ਕਿਉ ਕਰਿ ਵਿਚੁ ਦੇ ਜਾਇ॥ ਸਤਿਗੁਰ ਮਿਲਿਐ ਹਉਮੈ ਗਈ, ਜੋਤਿ ਰਹੀ ਸਭ ਆਇ॥ ਇਹੁ ਜੀਉ ਸਦਾ ਮੁਕਤੁ ਹੈ, ਸਹਜੇ ਰਹਿਆ ਸਮਾਇ॥ ੨ 

ਇਹ ਵੀ ਆਪਣੇ ਆਪ `ਚ ਇਸ ਵੇਰਵੇ ਦਾ ਸਬੂਤ ਹੈ ਕਿ ਵਾਰਾਂ ਦੀਆਂ ਪਉੜੀਆਂ ਨਾਲ ਸਲੋਕ ਪੰਜਵੇਂ ਪਾਤਸ਼ਾਹ ਨੇ ਜੋੜੇ ਸਨ, ਨਹੀਂ ਤਾਂ ਚੌਥੀ ਪਉੜੀ ਨਾਲ ਸਮੂਚੀਆਂ ਵਾਰਾਂ ਵਿਚਲੇ ਘਟੋ ਘਟ ਆਪਣੇ ਦੋ ਸਲੋਕਾਂ ਦੇ ਨਿਯਮ ਨੂੰ ਤੋੜ ਕੇ ਤੀਜੇ ਪਾਤਸ਼ਾਹ ਨੇ ਇਥੇ ਇੱਕ ਸਲੋਕ ਕਬੀਰ ਸਾਹਿਬ ਦਾ ਕਿਉਂ ਜੋੜਣਾ ਸੀ। ਗੁਰਦੇਵ ਸਮ੍ਰਥ ਸਨ ਤੇ ਉਹ ਇਥੇ ਜੋੜਣ ਲਈ, ਚਲਦੀ ਲੜੀ `ਚ ਨਾਲ ਹੀ ਇੱਕ ਹੋਰ ਲੋੜੀਂਦੇ ਸਲੋਕ ਦੀ ਰਚਨਾ ਵੀ ਕਰ ਸਕਦੇ ਸਨ, ਪਰ ਨਹੀਂ ਕੀਤੀ।

ਦਰਅਸਲ ਸੰਬੰਧਤ ਪਉੜੀ ਦੀ ਵਿਆਖਿਆ ਵਜੋਂ ਤੀਜੇ ਪਾਤਸ਼ਾਹ ਦੇ ਹੀ ਸਲੋਕਾਂ ਨੂੰ ਵਾਰ `ਚ ਜੋੜਦੇ ਸਮੇਂ ਜਦੋਂ ਪੰਜਵੇਂ ਪਾਤਸ਼ਾਹ ਨੇ ਦੇਖਿਆ ਕਿ ਕਬੀਰ ਸਾਹਿਬ ਦੇ ਦਰਜ ਕੀਤੇ ਜਾ ਰਹੇ ਸਲੋਕਾਂ ਦੀ ਲੜੀ `ਚ ਜਿਹੜਾ ਸਲੋਕ ਨੰ: ੫੮ ਹੈ ਉਹ ਤੀਜੇ ਪਾਤਸ਼ਾਹ ਨੇ ਉਸ ਸਲੋਕ ਦੀ ਵਿਆਖਿਆ ਵਜੋਂ ਹੀ ਉਚਾਰਿਆ ਹੋਇਆ ਹੈ। ਇਸ ਤਰ੍ਹਾਂ ਸਪਸ਼ਟ ਹੈ ਕਿ ਆਪ ਨੇ ਉਸ ਸਲੋਕ ਨੂੰ ਉਚੇਚੇ ਇਥੇ, ਇਸ ਵਾਰ `ਚ ਵੀ ਉਸੇ ਤਰ੍ਹਾਂ ਤੇ ਕਬੀਰ ਸਾਹਿਬ ਦੇ ਨਾਂ ਨਾਲ ਹੀ ਦਰਜ ਕਰ ਦਿੱਤਾ। ‘

ਫ਼ਿਰ ਇਥੋਂ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਭਗਤਾਂ ਦੀ ਬਾਣੀ ਤੀਜੇ ਪਾਤਸ਼ਾਹ ਕੋਲ ਵੀ ਸੀ। ਤਾਂ ਹੀ, ਉਨ੍ਹਾਂ ਨੇ ਭਗਤ ਕਬੀਰ ਜੀ ਦੇ ਉਸ ਸਲੋਕ ਦੀ ਵਿਆਖਿਆ ਵਜੋਂ ਸੰਬੰਧਤ ਸਲੋਕ ਉਚਾਰਿਆ ਸੀ। ਉਂਝ ਇਹ ਵੀ ਸੱਚ ਹੈ ਕਿ ਸੰਪਾਦਨਾ ਸਮੇਂ, ਪਹਿਲੇ ਪਾਤਸ਼ਾਹ ਤੋਂ ਦਰਜਾ-ਬ-ਦਰਜਾ ਚਲਦਾ ਆ ਰਿਹਾ ਬਾਣੀ ਦਾ ਖਜ਼ਾਨਾ ਪੰਜਵੇਂ ਪਾਤਸ਼ਾਹ ਕੋਲ ਵੀ ਪਹਿਲਾਂ ਤੋਂ ਮੌਜੂਦ ਸੀ, ਇਸ ਲਈ ਉਨ੍ਹਾਂ ਨੂੰ ਵੀ ਬਾਣੀ ਕਿਧਰੋਂ ਇਕਤ੍ਰ ਕਰਵਾਉਣ ਦੀ ਲੋੜ ਨਹੀਂ ਸੀ। ਤਾਂ ਤੇ:-

੦ ਸਮਝਣਾ ਹੈ ਬੀੜ ਸਾਹਿਬ ਦੀ ਸੰਪਾਦਨਾ ਸਮੇਂ ਪੰਜਵੇਂ ਪਾਤਸ਼ਾਹ ਰਾਹੀਂ ਸੈਂਚੀਆਂ-ਬਾਬਾ ਮੋਹਨ ਜੀ ਦੇ ਚੁਬਾਰੇ, ਸੰਗਲਾ ਦੀਪ, ਬਾਬਾ ਸ੍ਰੀ ਚੰਦ ਆਦਿ ਤੋਂ ਲਿਆਉਣ ਜਾਂ ਬਾਣੀ ਇਕੱਤ੍ਰ ਕਰਣ-ਕਰਵਾਉਣ ਵਾਲੀਆਂ ਕਹਾਣੀਆਂ ਬੇਸਿਰਪੈਰ, ਨਿਰਮੂਲ ਤੇ ਨਿਰੋਲ ਮਨ-ਘੜੰਤ ਹਨ। ਗੁਰਬਾਣੀ ਦੀਆਂ ਅੰਦਰਲੀਆਂ ਗਵਾਹੀਆਂ ਤੋਂ ਵੀ ਇਹ ਕਹਾਣੀਆਂ ਗ਼ਲਤ ਸਾਬਤ ਹੁੰਦੀਆਂ ਹਨ। ਇਸ ਤਰ੍ਹਾਂ ਇਨ੍ਹਾਂ ਨੂੰ ਸਾਖੀਆਂ ਕਹਿਣਾ ਵੀ ਸਾਡੀ ਵੱਡੀ ਭਾਰੀ ਭੁੱਲ ਹੈ।

੦ ਦਰਅਸਲ ਇਨ੍ਹਾਂ ਕਹਾਣੀਆਂ ਦਾ ਮਕਸਦ ਹੀ, ਸੰਗਤਾਂ ਨੂੰ ਟਪਲਾ ਦੇਣਾ ਸੀ। ਅਜਿਹਾ ਭਰਮ ਪੈਦਾ ਕਰਣਾ, ਜਿਵੇਂ ਕਾਫ਼ੀ ਬਾਣੀ ਬਾਹਰ ਛੁੱਟ ਗਈ ਹੈ ਜਾਂ ਬੀੜ ਅਧੂਰੀ ਹੈ ਆਦਿ। ਇਸਤਰ੍ਹਾਂ ਸੰਗਤਾਂ ਨੂੰ ਭਮਲ ਭੁਸੇ `ਚ ਪਾ ਕੇ ਗੁਰਬਾਣੀ `ਚ ਕੱਚੀਆਂ ਰਚਣਾਵਾਂ ਦਾ ਰਲਾ ਪਾਉਣਾ। ਗੁਰਬਾਣੀ ਦੀ ਵਿਸ਼ੁਧਤਾ `ਤੇ ਚੋਟ ਕਰਣੀ ਤੇ ਵਿਰੋਧੀਆਂ ਰਾਹੀਂ ਆਪਣਾ ਉਲੂ ਸਿਧਾ ਕਰਣਾ, ਆਪਣੀਆਂ ਦੁਕਾਨਾਂ ਚਲਾਉਣੀਆਂ ਆਦਿ। ਇਸ ਲਈ ਸੰਗਤਾਂ ਨੂੰ ਇਸ ਪੱਖੋਂ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ।

੦ ਗੁਰਬਾਣੀ ਰਚਨਾ ਨਾਲ ਸੰਬੰਧਤ ਉਹ ਸਭ ਕਹਾਣੀਆਂ ਗਿਆਨੀ ਗਿਆਨ ਸਿੰਘ, ਕਵੀ ਸੰਤੋਖ ਸਿੰਘ ਆਦਿ ਦੀਆਂ ਲਿਖਤਾਂ ਚੋਂ ਹੀ ਮਿਲਦੀਆਂ ਹਨ ਜਦਕਿ ਇਹ ਸਭ ਕੱਚੀਆ ਤੇ ਸਵੈ-ਵਿਰੋਧੀ ਹਨ। ਫ਼ਿਰ ਵੀ ਉਨ੍ਹਾਂ ਸਤਿਕਾਰਜੋਗ ਲਿਖਾਰੀਆਂ ਰਾਹੀਂ ਇਤਿਹਾਸ ਨੂੰ ਮਿਲੀ ਹੋਈ ਸੰਭਾਲ ਲਈ, ਪੰਥ ਉਨ੍ਹਾਂ ਦਾ ਸਦਾ ਰਿਣੀ ਰਵੇਗਾ।

੦ ਸੰਪਾਦਨਾ ਸਬੰਧੀ ਪੰਜਵੇਂ ਪਾਤਸ਼ਾਹ ਨੇ ਨਾ ਕੋਈ ਰਚਨਾ ਕਿਧਰੋਂ ਬਾਹਿਰੋਂ ਇਕੱਤ੍ਰ ਕੀਤੀ ਤੇ ਨਾ ਉਨ੍ਹਾਂ ਨੂੰ ਇਸ ਦੀ ਲੋੜ ਸੀ। ਮ: ੫ ਦੀ ਬਾਣੀ ਪੰਜਵੇਂ ਪਾਤਸ਼ਾਹ ਨੇ ਆਪ ਰਚੀ ਤੇ ਭਗਤਾਂ ਦੀ ਬਾਣੀ ਸਮੇਤ, ਪਹਿਲੇ ਚਾਰ ਗੁਰੂ ਵਿਅਕਤੀਆਂ ਦੀ ਬਾਣੀ, ਉਨ੍ਹਾਂ ਨੂੰ ਗੁਰਗੱਦੀ ਪ੍ਰਾਪਤੀ ਸਮੇਂ ਦਰਜਾ-ਬ-ਦਰਜਾ ਪ੍ਰਾਪਤ ਹੋਈ ਸੀ।

੦ ਇਸ ਤੋਂ ਇਲਾਵਾ, ਸਤੇ-ਬਲਵੰਡ ਦੀ ਵਾਰ, ਭਗਤ ਸੁੰਦਰ ਜੀ ਦੀ ਰਚਨਾ ‘ਰਾਮਕਲੀ ਸਦੁ” (ਪੰ: ੯੨੩) ਅਤੇ ਯਾਰਾਂ ਭਟਾਂ ਦੀ ਰਚਨਾ, ਇਹ ਸਮੂਚੀਆਂ ਰਚਨਾਵਾਂ ਪੰਜਵੇਂ ਪਾਤਸ਼ਾਹ ਨੇ ਆਪ ਗੁਰਬਾਣੀ ਦੇ ਅੰਗ ਵਜੋਂ ਪ੍ਰਵਾਣ ਕੀਤੀਆਂ ਸਨ। ਜਦਕਿ ੧੫ ਭਗਤਾਂ ਦੀ ਬਾਣੀ ਵੀ ਪਹਿਲੇ ਪਾਤਸ਼ਾਹ ਨੇ ਆਪਣੇ ਪ੍ਰਚਾਰ ਦੌਰਿਆਂ (ਉਦਾਸੀਆਂ) ਸਮੇਂ ਆਪ ਇਕਤ੍ਰ ਕੀਤੀ ਤੇ ਸੰਭਾਲੀ ਸੀ ਜਿਹੜੀ ਕਿ ਦਿੱਤੇ ਜਾ ਚੁੱਕੇ ਵੇਰਵੇ ਅਨੁਸਾਰ ਦਰਜਾ-ਬ-ਦਰਜਾ ਪੰਜਵੇਂ ਪਾਤਸ਼ਾਹ ਤੀਕ ਬਰਾਬਰ ਪੁੱਜੀ ਹੋਈ ਸੀ।

੦ ਪੰਥ ਦੀ ਚਲਦੀ ਫ਼ਿਰਦੀ ਯੂਨੀਵਰਸਿਟੀ ਪ੍ਰੋਫੈਸਰ ਸਾਹਿਬ ਸਿੰਘ ਜੀ ਡੀ. ਲਿਟ ਰਾਹੀਂ ਰਚਿਤ ‘ਗੁਰਬਾਣੀ ਦਾ ਇਤਿਹਾਸ’ ਤੇ ‘ਆਦਿ ਬੀੜ ਬਾਰੇ’ ਇਹ ਦੋ ਪੁਸਤਕਾਂ; ਇਸ ਵਿਸ਼ੇ `ਤੇ ਪੰਥ ਪਾਸ ਬਹੁਮੁੱਲਾ ਸਰਮਾਇਆ ਹਨ, ਪੰਥ ਇਨ੍ਹਾਂ ਦਾ ਪੂਰਾ ਪੂਰਾ ਲਾਭ ਲੈ ਸਕਦਾ ਹੈ।

੦ ਸੰਪੂਰਣ ਸਾਹਿਬ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ “ੴ “ਤੋਂ “ਤਨੁ ਮਨੁ ਥੀਵੈ ਹਰਿਆ” ਤੱਕ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ” (ਪੰ: ੬੪੬) ਗੁਰਬਾਣੀ ਦਾ ਇਕੋ ਇੱਕ ਸਿਧਾਂਤ ਕੰਮ ਕਰ ਰਿਹਾ ਹੈ। ਸੰਗਤਾਂ ਨੂੰ ਇਸ ਪੱਖੋਂ ਕਿਸੇ ਤੌਖਲੇ `ਚ ਪੈਣ ਦੀ ਲੋੜ ਨਹੀਂ। ਇਸ ਲਈ ਨਾ ਕੋਈ ਰਚਨਾ ਬਾਹਿਰ ਰਹੀ ਹੈ ਨਾ ਵਾਧੂ ਚੜ੍ਹੀ ਹੈ।

ਗੁਰਬਾਣੀ ਵਿਚਲੀਆਂ ੨੨ ਵਾਰਾਂ ਬਾਰੇ:-ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵਾਰਾਂ ਦੀ ਕੁਲ ਗਿਣਤੀ ੨੨ ਆਈ ਹੈ ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:-

ਪਹਿਲੀ ਪਾਤਸ਼ਾਹੀ ਗੁਰੂ ਨਾਨਕ ਪਾਤਸ਼ਾਹ ਦੀਆਂ…ਤਿੰਨ ਵਾਰਾਂ

ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦੀਆਂ …. ਚਾਰ ਵਾਰਾਂ

ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਦੀਆਂ…. . ਅੱਠ ਵਾਰਾਂ ਅਤੇ

ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਸਾਹਿਬ ਦੀਆਂ… ਚਾਰ ਵਾਰਾਂ, ਇਸਤਰ੍ਹਾਂ ਕੁਲ ਜੋੜ ੨੧

ਉਪ੍ਰੰਤ ਇੱਕ ਵਾਰ ਪੰ: ੯੬੬ `ਤੇ ਗੁਰੂ ਦਰ ਦੇ ਰਬਾਬੀ “ਭਾਈ ਸਤਾ ਤੇ ਬਲਵੰਡ ਜੀ” ਦੀ ਦਰਜ ਹੋਈ ਹੈ ਜਿਸ ਦਾ ਸਿਰਲੇਖ ਹੈ ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮ ਆਖੀ”। ਤਾਂ ਤੇ ਇਸ ਵਾਰ ਨੂੰ ਮਿਲਾ ਕੇ ਵਾਰਾਂ ਦਾ ਕੁਲ ਜੋੜ ੨੨ ਹੋ ਜਾਂਦਾ ਹੈ। ਜਦਕਿ ਇਨ੍ਹਾਂ `ਚੋਂ ਹੀ ਦੋ ਵਾਰਾਂ (੧) ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮ ਆਖੀ” (ਪੰ: ੯੬੬) ਅਤੇ (੨) ਬਸੰਤ ਕੀ ਵਾਰ ਮਹਲਾ ੫ ਹਰਿ ਕਾ ਨਾਮੁ ਧਿਆਇ ਕੈ (ਪੰ: ੧੧੯੩) ਅਜਿਹੀਆਂ ਵਾਰਾਂ ਹਨ ਜਿਨ੍ਹਾਂ `ਚ ਪਉੜੀਆਂ ਦੇ ਨਾਲ ਸਲੋਕ ਦਰਜ ਨਹੀਂ ਹਨ।

ਵਾਰਾਂ ਦਾ ਕੇਂਦਰੀ ਮਜ਼ਮੂਨ- ਕਾਵਿ ਰਚਨਾ ਦੇ ਅਨੇਕਾਂ ਢੰਗਾਂ `ਚੋਂ ਇੱਕ ਢੰਗ ਵਾਰਾਂ ਦਾ ਵੀ ਹੈ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਵੀ, ਖਾਸਕਰ ਪੰਜਾਬ `ਚ ਵਾਰਾਂ ਪੜ੍ਹਣ-ਤੇ ਸੁਨਣ ਦਾ ਸ਼ੌਂਕ ਅਤੇ ਰਿਵਾਜ ਸੀ। ਇਨ੍ਹਾਂ ਵਾਰਾਂ `ਚ ਆਮ ਤੌਰ `ਤੇ ਕਿਸੇ ਜੋਧੇ ਦਾ ਸਾਰਾ ਜੀਵਨ ਨਹੀਂ, ਬਲਕਿ ਉਸਦੇ ਜੀਵਨ ਦੀ ਕੋਈ ਵਿਸ਼ੇਸ਼ ਘਟਨਾ ਹੀ ਹੁੰਦੀ ਹੈ ਅਤੇ ਉਹ ਵੀ ਖਾਸ ਤੌਰ `ਤੇ ਜੁੱਧ ਜਾਂ ਬਹਾਦੁਰੀ ਨਾਲ ਸੰਬੰਧਤ। ਗੁਰੂ ਸਾਹਿਬਾਨ ਨੇ ਲੋਕਾਂ `ਚ ਨਵੀਂ ਰੂਹ ਫੂਕੀ। ਲੋਕ ਤਾਂ ਕੇਵਲ ਕੁੱਝ ਕਹਾਣੀਆਂ ਉਪਰ ਆਧਾਰਤ ਵਾਰਾਂ ਦਾ ਸੁਆਦ ਹੀ ਮਾਨ ਰਹੇ ਸਨ। ਗੁਰਦੇਵ ਨੇ ਸਪਸ਼ਟ ਕੀਤਾ, ਮਨੁੱਖ ਦਾ ਸਾਰਾ ਜੀਵਨ ਹੀ ਰਣਭੂਮੀ ਹੈ। ਮਨੁੱਖ ਨੂੰ ਹਰ ਸਮੇਂ ਕਾਮ, ਕ੍ਰੋਧ, ਲੋਭ, ਮੋਹ, ਅੰਹਕਾਰ ਆਦ ਵੈਰੀਆਂ ਨਾਲ ਜੂਝਣ ਦੀ ਲੋੜ ਹੈ। ਮਾਨਸਕ ਕਮਜ਼ੋਰੀਆਂ, ਕੱਚੇ ਰਸਾਂ, ਵਿਕਾਰਾਂ ਦੇ ਤਾਬੜ-ਤੋੜ ਹਮਲੇ ਹੀਰੇ ਵਰਗੇ ਮਨੁੱਖਾ ਜਨਮ ਨੂੰ ਬਰਬਾਦ ਕਰ ਦਿੰਦੇ ਹਨ।

ਗੁਰੂ ਸਾਹਿਬ ਨੇ, ਗੁਰਬਾਣੀ ਵਿਚਲੀਆਂ ਇਨ੍ਹਾਂ ਵਾਰਾਂ ਰਾਹੀਂ ਮਨੁੱਖ ਨੂੰ ਸੁਚੇਤ ਕੀਤਾ। ਚੇਤਾਇਆ ਕਿ ਮਨੁੱਖ ਨੂੰ ਗੁਰੂ ਦੇ ਹੁਕਮਾਂ `ਤੇ ਚੱਲ ਕੇ ਆਪਣੇ ਉਨ੍ਹਾਂ ਵੈਰੀਆਂ ਵਿਰੁਧ ‘ਸਿਮਰਨ, ਸੇਵਾ, ਸੰਤੋਖ, ਉਚੇ ਆਚਰਣ ਆਦਿ ਇਲਾਹੀ ਗੁਣਾਂ ਦੀਆਂ ਆਪਣੀਆਂ ਫੌਜਾਂ ਕਾਇਮ ਕਰਣ ਦੀ ਲੋੜ ਹੈ। ਤਾ ਕਿ ਮਨੁੱਖ ਆਪਣੀਆਂ ਇਨ੍ਹਾਂ ਫ਼ੌਜਾਂ ਦੀ ਵਰਤੋਂ ਕਰਕੇ, ਆਪਣੇ ਉਨ੍ਹਾਂ ਵੈਰੀਆਂ ਨਾਲ ਹਰ ਸਮੇਂ ਅਤੇ ਸੁਆਸ ਸੁਆਸ ਜੂਝ ਸਕੇ। ਇਸ ਤਰ੍ਹਾਂ ਜਿਹੜੇ ਗੁਰਮੁਖ ਜਨ, ਇਨ੍ਹਾਂ ਵਾਰਾਂ ਵਿਚਲੇ ਗੁਰਬਾਣੀ ਆਦੇਸ਼ਾਂ ਅਨੁਸਾਰ ਆਪਣਾ ਜੀਵਨ ਜੀਉਂਦੇ ਹਨ, ਉਹ ਨਿਸ਼ਚੇ ਹੀ ਆਪਣੇ ਉਨ੍ਹਾਂ ਵੈਰੀਆਂ `ਤੇ ਫਤਹਿ ਹਾਸਲ ਕਰਦੇ ਹਨ। ਸਪਸ਼ਟ ਹੈ ਕਿ ਮਨੁੱਖ ਰਾਹੀਂ ਆਪਣੇ ਜੀਵਨ ਦੇ ਉਨ੍ਹਾਂ ਵੈਰੀਆਂ ਨਾਲ ਲੜੀ ਜਾਣ ਵਾਲੀ ਉਹ ਜੰਗ ਚੌਵੀ ਘੰਟੇ ਦੀ ਹੈ। ਇਸ `ਚ ਰਤਾ ਭਰ ਵੀ ਲਾਪਰਵਾਹੀ ਮਨੁੱਖ ਦੀ ਜ਼ਿੰਦਗੀ ਦੀ ਸੰਪੂਰਣ ਖੇਡ ਨੂੰ ਵਿਗਾੜ ਸਕਦੀ ਹੈ, ਬਿਰਥਾ ਕਰ ਸਕਦੀ ਹੈ। ਜਦਕਿ ਆਮ ਹਾਲਤ `ਚ ਮਨੁੱਖ ਤਾਂ ਹੈ ਹੀ ਉਸ ਜੰਗ ਤੋਂ ਅਨਜਾਣ ਤੇ ਅਵੇਸਲਾ, ਤਾਂ ਫ਼ਿਰ ਇਸਦਾ ਜੀਵਨ ਉਚੇਰਾ ਉੱਠ ਵੀ ਕਿਵੇਂ ਸਕਦਾ ਹੈ?

ਵਾਰਾਂ `ਤੇ ਧੁਨੀਆਂ ਤੇ ਉਨ੍ਹਾਂ ਧੁਨੀਆਂ `ਚ ਵਿਲਖਣਤਾ- ਗੁਰੂ ਸਾਹਿਬ ਨੇ ਲੋਕਾਂ ਦੀ ਰੁਚੀ ਨੂੰ ਮੁਖ ਰਖਦੇ ਹੋਏ ਉਸ ਸਮੇਂ ਦੀਆਂ (੯) ਲੋਕ ਪ੍ਰਿਅ ਧੁਨੀਆਂ ਨੂੰ ਗੁਰਬਾਣੀ ਵਿਚਲੀਆਂ (੨੨) ਵਾਰਾਂ `ਚੋਂ ਨੌ ਵਾਰਾਂ ਦੇ ਸਿਰਲੇਖਾਂ ਨਾਲ ਵਰਤਿਆ ਹੈ। ਇਸੇ ਤਰ੍ਹਾਂ ਇਥੇ ਬਾਣੀ ‘ਗੂਜਰੀ ਕੀ ਵਾਰ’ ਮ: ੩ ਦੇ ਸਿਰਲੇਖ ਨਾਲ ਵੀ ਗੁਰਦੇਵ ਵੱਲੋਂ ਉਨ੍ਹਾਂ ਹੀ ਨੌ ਧੂਨੀਆਂ `ਚੋਂ ‘ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ’ ਵਰਤਣ ਦੀ ਹਦਾਇਤ ਹੈ। ਉਂਝ ਇਹ ਨੌ ਧੁਨੀਆਂ ਇਸ ਤਰ੍ਹਾਂ ਹਨ:-

੧. ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ

੨. ਰਾਇ ਕਮਾਲ ਦੀ ਮੌਜ ਦੀ ਵਾਰ

੩. ਲਲਾ ਬਹਿਲੀਮਾ ਦੀ ਵਾਰ

੪. ਟੁੰਡੇ ਅਸਰਾਜੇ ਦੀ ਵਾਰ

੫. ਸਿਕੰਦਰ ਬਿਰਾਹਿਮ ਦੀ ਵਾਰ

੬. ਹਸਨੇ ਮਹਮੇ ਦੀ ਵਾਰ

੭. ਮੂਸੇ ਦੀ ਵਾਰ

੮. ਜੋਧੇ ਵੀਰੇ ਦੀ ਵਾਰ

੯. ਰਾਣਾ ਕੈਲਾਸ ਦੇਵ ਮਾਲਦੇ ਦੀ ਵਾਰ।

ਬੇਸ਼ੱਕ ਮੂਲ ਰੂਪ `ਚ ਗੁਰੂ ਸਾਹਿਬ ਦਾ ਮਕਸਦ, ਇੰਨ੍ਹਾਂ ਵਾਰਾਂ ਰਾਹੀਂ ਲੋਕਾਂ ਦੀ ਉਸ ਸਮੇਂ ਦੀ ਰੁਚੀ ਅਨੁਸਾਰ ਧੁਨੀਆਂ ਨੂੰ ਵਰਤ ਕੇ, ਲੋਕਾਈ ਨੂੰ ਇਨ੍ਹਾਂ ਵਾਰਾਂ ਰਾਹੀਂ ਆਤਮਕ ਰਸ ਵੱਲ ਮੋੜਣਾ ਸੀ। ਜਦਕਿ ਇਹ ਵੀ ਕਿ ਸਮੇਂ ਦੇ ਪ੍ਰਭਾਵ ਨਾਲ, ਉਨ੍ਹਾਂ ਧੁਨੀਆਂ ਨਾਲ ਸੰਬੰਧਤ ਵਾਰਾਂ ਦੇ ਰੂਪ-ਰੱਸ ਤਾਂ ਲੋਕਾਈ ਦੇ ਮਨਾਂ ਤੋਂ ਅਲੋਪ ਹੋ ਚੁੱਕੇ ਹਨ, ਪਰ ਇਹ ਇਲਾਹੀ ਤੇ ਸੱਚੀਆਂ ਵਾਰਾਂ ਅੱਜ ਵੀ ਮਨੁੱਖ ਨੂੰ ਅਨੂਠਾ ਰਸ, ਜੀਵਨ ਸੇਧ ਤੇ ਮਨੁੱਖ ਨੂੰ ਗੁਰਬਾਣੀ ਰਾਹੀਂ ਬਖ਼ਸ਼ੀ ਹੋਈ ਜੀਵਨ ਜਾਚ ਨਾਲ ਸੀਂਚ ਰਹੀਆਂ ਹਨ ਤੇ ਸਦਾ ਸ਼ੀਂਚਦੀਆਂ ਰਹਿਣਗੀਆਂ।

ਇਹੀ ਨਹੀਂ, ਉਨ੍ਹਾਂ ਪੁਰਾਤਣ ਵਾਰਾਂ ਦੀਆਂ ਨੌ ਧੁਨੀਆਂ ਲਈ ਗੁਰਦੇਵ ਦੀ ਚੋਣ, ਇੱਕ ਹੋਰ ਪੱਖੋਂ ਵੀ ਵਿਲਖਣ ਤੇ ਵਿਸ਼ੇਸ਼ ਹੈ ਅਤੇ ਖਾਸ ਧਿਆਨ ਮੰਗਦੀ ਹੈ। ਇਸਤਰ੍ਹਾਂ ਇਨ੍ਹਾਂ ਧੁਨੀਆਂ ਦਾ ਉਹ ਵਿਸ਼ੇਸ਼ ਤੇ ਵਿਲਖਣ ਪੱਖ ਇਹ ਹੈ, ਜੇਕਰ ਅਸੀਂ ਇਨ੍ਹਾਂ ਧੁਨੀਆਂ ਨਾਲ ਜੁੜਵੀਆਂ ਘਟਣਾਵਾਂ ਵੱਲ ਇੱਕ ਇੱਕ ਕਰਕੇ ਵਧਦੇ ਹਾਂ ਤਾਂ ਹਰੇਕ ਘਟਣਾ, ਗੁਰਬਾਣੀ ਦੇ ਹੀ ਕਿਸੇ ਨਾ ਕਿਸੇ ਆਦੇਸ਼, ਸਿਧਾਂਤ ਤੇ ਸੇਧ ਦੀ ਪ੍ਰੌੜਤਾ ਨਾਲ ਜੁੜੀ ਹੋਈ ਹੈ। ਉਂਝ ਇਥੋਂ ਇਹ ਵੀ ਸਾਬਤ ਹੁੰਦਾ ਹੈ ਕਿ ਪਾਤਸ਼ਾਹ ਨੇ ਸਮੇਂ ਦੀ ਹਰੇਕ ਵਾਰ ਦੀ ਧੁਨੀ ਨਹੀਂ ਬਲਕਿ ਧੁਨੀਆਂ ਵੀ ਕੁੱਝ ਵਿਸ਼ੇਸ਼ ਵਾਰਾਂ ਦੀਆਂ ਹੀ ਲਈਆਂ ਹਨ। ਇਸ ਤਰ੍ਹਾਂ ਇਨ੍ਹਾਂ ਧੁਨੀਆਂ ਨਾਲ ਸੰਬੰਧਤ ਘਟਣਾਵਾਂ ਦੀ ਗਹਿਰਾਈ ਵੱਲ ਵਧਣ `ਤੇ ਵੀ ਜਗਿਆਸੂ ਨੂੰ ਕਿਸੇ ਨਾ ਕਿਸੇ ਗੁਰਬਾਣੀ ਆਦੇਸ਼ ਦੀ ਪ੍ਰੌੜਤਾ ਹੀ ਮਿਲਦੀ ਹੈ। ਜਿਵੇਂ ਅੱਗੇ ਚੱਲ ਕੇ ਦੇਖਾਂਗੇ ਵੀ ਕਿ ਵਿਚਾਰਅਧੀਨ “ਗੁਜਰੀ ਕੀ ਵਾਰ ਮ: ੩” ਨਾਲ ਸੰਬੰਧਤ ਘਟਣਾ ਵੀ ਕਿਸੇ ਗੁਰਬਾਣੀ ਸਿਧਾਂਤ ਦੀ ਪ੍ਰੌੜਤਾ ਨਾਲ ਹੀ ਸੰਬੰਧਤ ਹੈ।

ਵਾਰਾਂ `ਤੇ ਧੁਨੀਆਂ’ ਬਨਾਮ ‘ਫਿਲਮੀ ਤਰਜ਼ਾਂ’ - ਸਾਹਿਬਾਂ ਰਾਹੀਂ ਵਾਰਾਂ ਦੇ ਅਰੰਭ `ਚ ਦਿੱਤੀਆਂ ਧੁਨੀਆਂ ਨੂੰ ਆਧਾਰ ਬਣਾ ਕੇ ਕੁੱਝ ਸੱਜਨ ਇਹ ਦਲੀਲ ਦਿੰਦੇ ਹਨ, ‘ਜੇ ਗੁਰੂ ਪਾਤਸ਼ਾਹ ਨੇ ਲੋਕਾਂ ਦੀ ਰੁਚੀ ਨੂੰ, ਗੁਰਬਾਣੀ ਵੱਲ ਮੋੜਣ ਲਈ ਉਸ ਸਮੇਂ ਦੀਆਂ ਲੋਕਪ੍ਰਿਅ ਧੁਨੀਆਂ ਦੀ ਵਰਤੋਂ ਕਰਣੀ ਜੋਗ ਸਮਝੀ ਤਾਂ ਅਜੋਕੇ ਸਮੇਂ ਫਿਲਮੀ ਧੁਨਾਂ ਨੂੰ ਗੁਰਬਾਣੀ ਕੀਰਤਨ ਸਮੇਂ ਵਰਤਣ `ਚ ਕੀ ਹਰਜ ਹੈ ਜਾਂ ਇਸ ਤੋਂ ਕਿਉਂ ਮਨ੍ਹਾਂ ਕੀਤਾ ਜਾਂਦਾ ਹੈ ਆਦਿ?

ਓਪਰੀ ਨਜ਼ਰੇ ਬੇਸ਼ੱਕ ਇਹ ਦਲੀਲ ਵਜ਼ਣਦਾਰ ਨਜ਼ਰ ਆਉਂਦੀ ਹੈ ਪਰ ਸਮਝਣਾ ਹੈ ਕਿ, ਗੁਰੂ ਸਾਹਿਬ ਦੇ ਸਮੇਂ ਵੀ ਡਰਾਮੇ, ਰਾਸਾਂ, ਗੀਤ, ਕਾਮ-ਉਕਸਾਊ ਮਨੋਰੰਜਨ, ਮਹਿਫਲਾਂ, ਮੁਸ਼ਾਹਿਰੇ ਆਦਿ ਬਹੁਤ ਕੁੱਝ ਸੀ। ਦਰਅਸਲ ਅਜੋਕੇ ਸਮੇਂ ਫਿਲਮੀ ਗੀਤ ਵੀ ਉਸ ਸਮੇਂ ਦੇ ਉਨ੍ਹਾਂ ਢੰਗਾਂ ਦਾ ਹੀ ਬਦਲ ਹਨ। ਬਲਕਿ ਇਸ ਸਚਾਈ ਨੂੰ, ਗੁਰਬਾਣੀ ਵਿਚਲੇ “ਗਾਵਹਿ ਰਾਜੇ ਰਾਣੀਆ” ਵਾਲੇ ਸਲੋਕ ਰਾਹੀਂ ਸਾਹਿਬਾਂ ਨੇ ਪੂਰੀ ਤਰ੍ਹਾਂ ਸਾਫ਼ ਵੀ ਕੀਤਾ ਹੋਇਆ ਹੈ। ਉਪ੍ਰੰਤ ਅਜਿਹੇ ਬੋਲਾਂ ਨੂੰ ਹੀ ਤਾਂ ਪਾਤਸ਼ਾਹ ਨੇ ਇਸੇ ਸਲੋਕ `ਚ ਅੱਗੇ ਚੱਲ ਕੇ “ਬੋਲਹਿ ਆਲ ਪਤਾਲ” ਤੇ “ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ” ਵਾਲੇ ਸਰਟੀਫਿਕੇਟ ਵੀ ਦਿੱਤੇ ਹੋਏ ਹਨ ਤਾਂ ਫ਼ਿਰ ਅਸੀਂ ਕੀ ਸੋਚ ਰਹੇ ਹਾਂ।

ਫ਼ਿਰ ਇਹ ਵੀ ਧਿਆਨ ਦੇਣਾ ਹੈ ਕਿ ਇਥੇ ਸਾਹਿਬਾਂ ਨੇ ਕੇਵਲ ਉਨ੍ਹਾਂ ਹੀ ਵਾਰਾਂ ਦੀਆਂ ਧੁਨੀਆਂ ਵਰਤੀਆਂ ਹਨ, ਜਿੰਨ੍ਹਾਂ ਦਾ ਸੰਬੰਧ ‘ਜੋਧਿਆਂ ਦੀਆਂ ਘਟਨਾਵਾਂ ਨਾਲ ਤਾਂ ਹੈ ਹੀ ਪਰ ਉਨ੍ਹਾਂ ਦਾ ਮੂਲ ਵਿਸ਼ਾ ਗੁਰਬਾਣੀ ਆਦੇਸ਼ਾਂ ਦੀ ਪ੍ਰੌੜਤਾ ਨਾਲ ਵੀ ਸੰਬੰਧਤ ਹੈ। ਇਸ ਤਰ੍ਹਾਂ ਉਨ੍ਹਾਂ ਵਾਰਾਂ ਨਾਲ ਸੰਬੰਧਤ ਘਟਣਾਵਾਂ ਵੀ ਕੇਵਲ ਹੋਛੇ ਤੇ ਨਿਗੁਣੇ ਰਸਾਂ ਨਾਲ ਹੀ ਸੰਬੰਧਤ ਨਹੀਂ ਹਨ। ਜਦਕਿ ਇਧਰ ਇਹ ਵੀ ਦੇਖ ਚੁੱਕੇ ਹਾਂ ਕਿ ਗੁਰਬਾਣੀ ਵਿਚਲੀਆਂ ਵਾਰਾਂ ਦਾ ਮੂਲ ਸੰਬੰਧ ਤਾਂ ਹੈ ਹੀ ਮਨੁੱਖਾ ਜੀਵਨ `ਚ ਹਰ ਸਮੇਂ ਹੋ ਰਹੇ ਆਤਮ-ਜੁੱਧ ਨਾਲ, ਜਿਸ ਤੋਂ ਅਨਜਾਣ ਮਨੁੱਖ ਸੱਚੇ, ਸਦੀਵੀ, ਅਨੰਦਮਈ ਹੁਲਾਰੇ ਤੋਂ ਵੀ ਵਾਂਝਾ ਰਹਿ ਰਿਹਾ ਹੈ। ਇਤਨਾ ਹੀ ਨਹੀਂ, ਬਲਕਿ ਇਹ ਵੀ ਦੇਖਣਾ ਹੈ ਕਿ ਗੁਰਦੇਵ ਨੇ ਧੁਨੀਆਂ ਵਾਲਾ ਇਹ ਢੰਗ ਵੀ ਕੇਵਲ ਆਤਮਕ ਜੁੱਧ ਨਾਲ ਸੰਬੰਧਤ ਵਾਰਾਂ ਵਾਲੇ ਕਾਵਿ ਢੰਗ `ਚ ਹੀ ਵਰਤਿਆ ਹੈ। ਉਂਝ ਗੁਰਦੇਵ ਨੇ, ਬਾਕੀ ਸੰਪੂਰਨ ਗੁਰਬਾਣੀ `ਚ ਹੋਰ ਕਿਧਰੇ ਵੀ ਇਹ ਢੰਗ ਨਹੀਂ ਵਰਤਿਆ ਜਿਵੇਂ ਕਿ ਅੱਜ ਅਸੀਂ ਗੁਰਬਾਣੀ ਦੇ ਕੀਰਤਨ ਨਾਲ ਫ਼ਿਲਮੀ ਤਰਜ਼ਾਂ ਨੂੰ ਜੋੜਣਾ ਚਾਹੁੰਦੇ ਹਾਂ।

ਵਾਰ ਦਾ ਭਾਵ ਤਰਤੀਬਵਾਰ: — (ੳ) ਸੰਸਾਰ ਦੀ ਰਚਨਾ ਪ੍ਰਭੂ ਨੇ ਆਪ ਕੀਤੀ ਹੋਈ ਹੈ ਅਤੇ ਪ੍ਰਭੂ ਆਪ ਵੀ ਜੋਤ ਰੂਪ ਹੋ ਕੇ ਇਸ ਰਚਨਾ ਦੇ ਜ਼ਰੇ ਜ਼ਰੇ `ਚ ਵਿਆਪਕ ਹੈ। ਉਪ੍ਰੰਤ ਰਚਨਾ ਵਿਚਲੀ ਤ੍ਰਿਗੁਣੀ ਮਾਇਆ ਵੀ ਪ੍ਰਭੂ ਦੀ ਆਪਣੀ ਬਣਾਈ ਹੋਈ ਹੈ ਅਤੇ ਇਸ ਮਾਇਆ ਦੇ ਪ੍ਰਭਾਵ `ਚ ਹੀ ਉਸ ਨੇ ਸਾਰੇ ਜੀਵਾਂ ਨੂੰ ਧੰਧੇ ਲਗਾਇਆ ਹੋਇਆ ਹੈ। ਜਦਕਿ ਪ੍ਰਭੂ ਮਿਲਾਪ ਵਾਲੇ ਇਕੋ ਇੱਕ ਮਕਸਦ ਨੂੰ ਹਾਸਲ ਕਰਣ ਲਈ, ਮਨੁੱਖ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਪ੍ਰਭੂ ਦੀ ਇਸ ਮਾਇਆ `ਚ ਵਿਚਰਦਾ ਹੋਇਆ ਵੀ, ਮਾਇਆ ਦੀ ਪਕੜ ਤੋਂ ਆਜ਼ਾਦ ਰਵੇ। ਕਿਉਂਕਿ ਇਹ ਮਾਇਆ ਮਨੁੱਖ ਲਈ ਕੇਵਲ ਸੰਸਾਰਕ ਧੰਦੇ ਲਈ ਹੀ ਨਹੀਂ, ਪ੍ਰਭੂ ਮਿਲਾਪ ਦਾ ਸਾਧਨ ਵੀ ਹੈ। ਤਾਂ ਵੀ ਸੱਚ ਹੈ ਕਿ ਮਨੁੱਖ ਆਪਣੀਆਂ ਚਤੁਰਾਈਆਂ ਤੇ ਸਿਆਣਪਾਂ ਦੇ ਬਲ ਬੂਤੇ ਮੋਹ ਮਾਇਆ ਦੀ ਇਸ ਪੱਕੜ ਤੇ ਜਕੜ ‘qੋਂ ਆਜ਼ਾਦ ਨਹੀਂ ਹੋ ਸਕਦਾ।

(ਅ) ਜਿਸ ਮਨੁੱਖ `ਤੇ ਪ੍ਰਭੂ ਦੀ ਮਿਹਰ ਹੋ ਜਾਵੇ ਉਸ ਦਾ ਸ਼ਬਦ-ਗੁਰੂ ਨਾਲ ਮਿਲਾਪ ਹੋ ਜਾਂਦਾ ਹੈ। ਇਸ ਤਰ੍ਹਾਂ ਸ਼ਬਦ-ਗੁਰੂ ਦੀ ਕਮਾਈ ਰਾਹੀਂ ਮਨੁੱਖਾ ਜੀਵਨ `ਚ ਪ੍ਰਭੂ ਦੀ ਸਿਫ਼ਤ ਸਲਾਹ ਵੱਸ ਜਾਂਦੀ ਹੈ ਤੇ ਅਜਿਹੇ ਜੀਵਨ ਅੰਦਰੋਂ ਮੋਹ ਮਾਇਆ, ਤ੍ਰਿਸ਼ਨਾ ਆਦਿ ਦੀ ਅੱਗ ਬੁੱਝ ਜਾਂਦੀ ਹੈ। ਅਜਿਹੇ ਜੀਵਨ ਅੰਦਰੋਂ ਹਉਮੈ ਆਦਿ ਵਿਕਾਰਾਂ ਦਾ ਨਾਸ ਹੋ ਜਾਂਦਾ ਹੈ, ਕਪਟ ਵਿਕਾਰ ਆਦਿ ਸੰਸਾਰਕ ਅਉਗੁਣ ਵੀ ਮੁੱਕ ਜਾਂਦੇ ਹਨ। ਉਪ੍ਰੰਤ ਉਸ ਨੂੰ ਪ੍ਰਭੂ ਦੀ ਰਜ਼ਾ ਤੇ ਭਾਣੇ `ਚ ਟੁਰਨ ਦੀ ਜਾਚ ਆ ਜਾਂਦੀ ਹੈ ਅਤੇ ਅਜਿਹੇ ਹਿਰਦੇ `ਚ ਪ੍ਰਭੂ ਲਈ ਪਿਆਰ ਪੈਦਾ ਹੋ ਜਾਂਦਾ ਹੈ।

(ੲ) ਉਂਝ ਪ੍ਰਭੂ, ਮਨੁੱਖ ਤੋਂ ਕਿਧਰੇ ਦੂਰ ਵੀ ਨਹੀਂ। ਪ੍ਰਭੂ ਤਾਂ ਮਨੁੱਖ ਦੇ ਕਾਇਆ ਰੂਪ ਕਿਲ੍ਹੇ `ਚ ਹੀ ਵੱਸਦਾ ਹੈ। ਤਾਂ ਵੀ ਮਨਮੁਖ ਮੋਹ ਮਾਇਆ, ਵਿਕਾਰਾਂ `ਚ ਫਸਿਆ ਰਹਿਕੇ ਪ੍ਰਭੂ ਤੋਂ ਵਿਛੜੇ ਰਹਿੰਦੇ ਹਨ। ਉਨ੍ਹਾਂ ਦੇ ਜੀਵਨ ਅੰਦਰ ਬਣ ਚੁੱਕੇ ਕੂੜ ਦੇ ਕਰੜੇ ਕਿਵਾੜ, ਉਨ੍ਹਾਂ ਦੀ ਪ੍ਰਭੂ ਨਾਲੋਂ ਬਣ ਚੁੱਕੀ ਵਿੱਥ ਦਾ ਮੂਲ ਕਾਰਣ ਹੁੰਦੇ ਹਨ। ਇਸ ਤਰ੍ਹਾਂ ਮਨਮੁਖ, ਜੀਵਨ ਭਰ ਲੋਕਲਾਜ, ਚਿੰਤਾ, ਭਟਕਣਾ ਆਦਿ `ਚ ਪਏ ਰਹਿਕੇ ਆਪਣੇ ਮਨੁੱਖਾ ਜਨਮ ਨੂੰ ਬਿਰਥਾ ਕਰ ਦਿੰਦੇ ਹਨ। ਉਪ੍ਰੰਤ ਸਰੀਰਕ ਮੌਤ ਬਾਅਦ ਵੀ ਪ੍ਰਭੂ ਦਰ `ਤੇ ਕਬੂਲ ਨਹੀਂ ਹੁੰਦੇ, ਮੁੜ ਜੂਨਾਂ-ਗਰਭਾਂ ਦੇ ਗੇੜ `ਚ ਹੀ ਪੈਂਦੇ ਹਨ। ਇਸ ਤਰ੍ਹਾਂ ਉਨ੍ਹਾਂ ਦਾ ਲੋਕ ਤੇ ਪ੍ਰਲੋਕ ਦੋਵੇਂ ਖ਼ਰਾਬ ਹੋ ਜਾਂਦੇ ਹਨ।

(ਸ) ਫ਼ਿਰ ਜਿਨ੍ਹਾਂ `ਤੇ ਪ੍ਰਭੂ ਦੀ ਮਿਹਰ ਹੋ ਜਾਵੇ ਉਹ ਸ਼ਬਦ-ਗੁਰੂ ਦੀ ਕਮਾਈ ਕਰਦੇ ਹਨ। ਇਸੇ ਤੋਂ ਉਹ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ ਜਾਂਦੇ ਹਨ। ਗ਼ਫ਼ਲਤ ਦੀ ਨੀਂਦ `ਚ ਨਹੀਂ ਸੌਂਦੇ, ਮਾਇਕ ਖਿੱਚਾਂ ਵਲੋਂ ਸੁਚੇਤ ਰਹਿੰਦੇ ਹਨ ਤੇ ਜੀਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਂਦੇ ਹਨ।

(ਹ) ਅਰੰਭ `ਚ ਵੀ ਦੇਖ ਆਏ ਹਾਂ, ਵਾਰ `ਚ ਗੁਰਦੇਵ ਨੇ ਸਪਸ਼ਟ ਕੀਤਾ ਹੋਇਆ ਹੈ ਕਿ ਮਾਇਆ ਦਾ ਮੋਹ ਵੀ ਪ੍ਰਭੂ ਦਾ ਆਪ ਪੈਦਾ ਕੀਤਾ ਹੋਇਆ ਹੈ। ਇਥੇ ਪੁੱਜ ਕੇ ਗੁਰਦੇਵ ਫ਼ਿਰ ਦ੍ਰਿੜ ਕਰਵਾਉਂਦੇ ਹਨ ਕਿ ਵੱਡੇ ਵੱਡੇ ਅਖਵਾਉਣ ਵਾਲੇ ਵੀ ਇਸ ਮਾਇਆ ਮੋਹ ਦੀ ਪਕੜ ਤੋਂ ਨਹੀਂ ਬੱਚ ਸਕਦੇ। ਜਦਕਿ ਅਸਲੋਂ ਸੰਸਾਰ-ਸਮੁੰਦਰ, ਜਹਾਜ਼, ਮੱਲਾਹ ਅਤੇ ਜੀਵਨ ਨੂੰ ਸਿਧੇ ਰਾਹ ਪਾਉਣ ਵਾਲਾ ਭਾਵ ਸਭ ਕੁੱਝ ਪ੍ਰਭੂ ਆਪ ਹੀ ਆਪ ਹੈ। ਇਸ ਲਈ ਜੇਕਰ ਸ਼ਭਦ ਗੁਰੂ ਦੇ ਆਗਿਆਕਾਰੀ ਹੋ ਕੇ ਅਸੀਂ ਉਸ ਪ੍ਰਭੂ ਦੇ ਦਰ ਦੇ ਅਰਦਾਸੀਏ ਬਣੇ ਰਵੀਏ ਤਾਂ ਉਹ ਪ੍ਰਭੂ ਬਹੁੜੀ ਵੀ ਆਪ ਹੀ ਕਰਦਾ ਹੈ।

ਵਾਰ ਦਾ ਸਮੂਚਾ ਭਾਵ : —ਪ੍ਰਭੂ ਦੀ ਰਚੀ ਹੋਈ ਸੰਸਾਰ ਵਿਚਲੀ ਮਾਇਆ ਦੀ ਪਕੜ ਤੋਂ ਕੇਵਲ ਉਹੀ ਮਨੁੱਖ ਬੱਚਦਾ ਹੈ ਜਿਸ ਦਾ ਮਿਲਾਪ ਪ੍ਰਭੂ ਆਪ, ਆਪਣੀ ਮਿਹਰ ਕਰਕੇ ਸ਼ਬਦ-ਗੁਰੂ ਨਾਲ ਕਰਵਾ ਦਿੰਦਾ ਹੈ। ਉਪ੍ਰੰਤ ਉਹ ਵੀ ਤਾਂ ਜੇਕਰ ਉਹ ਮਨੁੱਖ ਵੀ ਭਾਵਨਾ ਕਰਕੇ ਸ਼ਬਦ-ਗੁਰੂ ਦੀ ਕਮਾਈ ਰਾਹੀਂ ਸੁਆਸ ਸੁਆਸ ਪ੍ਰਭੂ ਦੀ ਸਿਫ਼ਤਿ-ਸਲਾਹ ਨਾਲ ਜੁੜਿਆ ਰਵੇ। ਨਹੀਂ ਤਾਂ ਮਨਮੁਖ ਦਾ ਪੂਰਾ ਜਨਮ ਹੀ ਮੋਹ-ਮਾਇਆ ਦੇ ਦੁਖਾਂ ਚ ਬਤੀਤ ਹੁੰਦਾ ਹੈ ਤੇ ਮੌਤ ਬਾਅਦ ਵੀ ਉਹ ਪ੍ਰਭੂ ਦਰ `ਤੇ ਕਬੂਲ ਨਹੀਂ ਹੁੰਦਾ, ਉਸਨੂੰ ਮੁੜ ਜਨਮਾਂ ਜੂਨਾਂ ਦੇ ਗੇੜ `ਚ ਪਾਇਆ ਜਾਂਦਾ ਹੈ। ਇਸ ਤਰ੍ਹਾਂ ਮਨਮੁਖ ਦਾ ਲੋਕ ਤੇ ਪ੍ਰਲੋਕ ਦੋਵੇਂ ਵਿਗੜ ਜਾਂਦੇ ਹਨ। (ਚਲਦਾ) #Instt. 01 Gu.ki.v.02.014#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Gujri Ki Vaar M:3 Steek & GVD” BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.