.

ਧਰਮ ਵਿੱਚ ਸਮੱਸਿਆ-24
ਭਜਨ ਬੰਦਗੀ, ਨਾਮ-ਸਿਮਰਨ, ਜਾਪ ਅਧਾਰਿਤ ਨਕਲੀ ਧਰਮ
ਹਰਚਰਨ ਸਿੰਘ (ਸਿੱਖ ਵਿਰਸਾ)
Tel.: 403-681-8689 Email: [email protected] www.sikhvirsa.com

ਨੋਟ: ਅੱਜ ਦੇ ਪ੍ਰਚਲਤ 10-15 ਜਥੇਬੰਦਕ ਧਰਮਾਂ (ਧਾਰਮਿਕ ਫਿਰਕਿਆਂ) ਵਿੱਚ ਅਨੇਕਾਂ ਤਰ੍ਹਾਂ ਦੇ ਨਕਲੀ ਧਰਮ ਪ੍ਰਚਲਤ ਹੋ ਚੁੱਕੇ ਹਨ। ਜਿਨ੍ਹਾਂ ਤੇ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦੀ ਤਿੱਕੜੀ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ। ਧਰਮਾਂ ਦਾ ਤਕਰੀਬਨ 5 ਹਜ਼ਾਰ ਸਾਲ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਤਿੱਕੜੀ ਰਲ਼ ਕੇ ਮਨੁੱਖਤਾ ਨੂੰ ਧਰਮ ਦੇ ਨਾਮ ਤੇ ਲੁੱਟਦੀ ਆ ਰਹੀ ਹੈ। ਧਰਮ ਇਨ੍ਹਾਂ ਲਈ ਪੈਸਾ ਕਮਾਉਣ ਦਾ ਧੰਦਾ ਤੇ ਸ਼ਰਧਾਲੂਆਂ ਦੀ ਤਾਕਤ ਨੂੰ ਆਪਣੇ ਸਿਆਸੀ ਮੁਫਾਦਾਂ ਲਈ ਵਰਤਣ ਦਾ ਜ਼ਰੀਆ ਹੈ। ਇਨ੍ਹਾਂ ਦਾ ਇਹ ਧੰਦਾ ਸਦੀਆਂ ਤੋਂ ਅਗਿਆਨਤਾ, ਅੰਧ-ਵਿਸ਼ਵਾਸ਼ ਤੇ ਕਰਮਕਾਂਡਾਂ ਦੇ ਅਧਾਰ ਤੇ ਚੱਲ ਰਿਹਾ ਹੈ। ਇਤਿਹਾਸ ਵਿੱਚ ਸਮੇਂ-ਸਮੇਂ ਅਨੇਕਾਂ ਸੱਚੇ ਮਨੁੱਖਤਾਵਾਦੀ ਧਰਮ ਗੁਰੂ, ਰਹਿਬਰ, ਪੀਰ-ਪੈਗੰਬਰ, ਮਹਾਂਪੁਰਸ਼ ਪੈਦਾ ਹੁੰਦੇ ਰਹੇ, ਜੋ ਮਨੁੱਖ ਨੂੰ ਅਸਲੀ ਧਰਮ ਨਾਲ ਜੋੜਦੇ ਰਹੇ, ਅਗਿਆਨਤਾ ਤੇ ਅੰਧ ਵਿਸ਼ਵਾਸ਼ ਦੀ ਬੇਹੋਸ਼ੀ ਵਿਚੋਂ ਜਗਾ ਕੇ ਸੱਚ ਦੇ ਰਾਹ ਪਾਉਂਦੇ ਰਹੇ। ਪਰ ਇਸ ਤਿਕੜੀ ਨੇ ਅਜਿਹੇ ਮਹਾਨ ਪੁਰਸ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ। ਉਨ੍ਹਾਂ ਨੂੰ ਸੂਲ਼ੀਆਂ, ਫਾਂਸੀਆਂ ਤੇ ਚੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚਦੇ ਰਹੇ ਤੇ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਉਨ੍ਹਾਂ ਦੇ ਰਾਹਾਂ ਵਿੱਚ ਖੜੀਆਂ ਕਰਦੇ ਰਹੇ। ਪਰ ਫਿਰ ਵੀ ਜਦੋਂ ਅਜਿਹੇ ਮਹਾਂਪੁਰਸ਼ ਆਪਣੀ ਨਵੀਂ ਤੇ ਵੱਖਰੀ ਵਿਚਾਰਧਾਰਾ ਮਨੁੱਖਤਾ ਨੂੰ ਦੇਣ ਵਿੱਚ ਸਫਲ ਹੋ ਜਾਂਦੇ ਤਾਂ ਉਨ੍ਹਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਸਮਾਂ ਪਾ ਕੇ ਇਹ ਤਿਕੜੀ ਨਵੇਂ ਰੂਪ ਵਿੱਚ ਉਸੇ ਮਹਾਂਪੁਰਸ਼ ਦੇ ਨਾਮ ਤੇ ਨਵੀਆਂ ਮਰਿਯਾਦਾਵਾਂ, ਕਰਮਕਾਂਡਾਂ ਤੇ ਚਿੰਨ੍ਹਾਂ ਨਾਲ ਲੈਸ ਹੋ ਕੇ ਨਵਾਂ ਧਾਰਮਿਕ ਫਿਰਕਾ ਖੜਾ ਕਰਕੇ ਉਨ੍ਹਾਂ ਦੇ ਅਨੁਆਈਆਂ ਨੂੰ ਆਪਣੇ ਨਕਲੀ ਧਰਮ ਦੇ ਮਾਇਆ ਜਾਲ ਵਿੱਚ ਫਸਾ ਲੈਂਦੇ। ਅੱਜ ਦੇ ਪ੍ਰਚਲਤ ਹਰ ਜਥੇਬੰਦਕ ਛੋਟੇ ਵੱਡੇ ਧਾਰਮਿਕ ਫਿਰਕੇ ਵਿੱਚ ਨਕਲੀ ਧਰਮਾਂ ਦਾ ਪੂਰਾ ਬੋਲਬਾਲਾ ਹੈ ਤੇ ਅਸਲੀ ਧਰਮ ਇਨ੍ਹਾਂ ਵਿਚੋਂ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ। ਹਰ ਧਾਰਮਿਕ ਫਿਰਕਾ ਝੂਠੀਆਂ, ਅੰਧ ਵਿਸ਼ਵਾਸ਼ੀ, ਅਗਿਆਨਤਾ ਭਰਪੂਰ ਰੀਤਾਂ-ਰਸਮਾਂ, ਕਰਾਮਾਤਾਂ, ਕਰਮਕਾਂਡਾਂ, ਮਰਿਯਾਦਾਵਾਂ, ਪ੍ਰੰਪਰਾਵਾਂ, ਧਾਰਮਿਕ ਚਿੰਨ੍ਹਾਂ ਦਾ ਮਿਲਗੋਭਾ ਜਿਹਾ ਨਕਲੀ ਧਰਮ ਬਣ ਚੁੱਕਾ ਹੈ। ਇਸ ਲੇਖ ਲੜੀ ਦਾ ਮਕਸਦ ਆਮ ਵਿਅਕਤੀ ਨੂੰ ਜਿਥੇ ਧਰਮ ਦੇ ਨਾਮ ਤੇ ਬਣੇ ਹੋਏ ਇਨ੍ਹਾਂ ਧਾਰਮਿਕ ਫਿਰਕਿਆਂ ਵਿਚਲੇ ਨਕਲੀ ਧਰਮਾਂ ਤੋਂ ਜਾਣੂ ਕਰਾਉਣਾ ਹੈ, ਉਥੇ ਅਸਲੀ ਧਰਮ ਦੀ ਜਾਣ ਪਛਾਣ ਕਰਾਉਣਾ ਵੀ ਹੈ ਤਾਂ ਕਿ ਲੋਕ ਸੱਚੇ ਤੇ ਅਸਲੀ ਧਰਮ ਨਾਲ ਜੁੜ ਸਕਣ। ਕੋਸ਼ਿਸ਼ ਇਹੀ ਹੈ ਕਿ ਲੋਕ ਬੇਹੋਸ਼ੀ ਤੋਂ ਜਾਗ ਪੈਣ ਤੇ ਪਛਾਣ ਕਰਨ ਦੇ ਸਮਰੱਥ ਹੋ ਸਕਣ ਕਿ ਜਿਸਨੂੰ ਉਹ ਤਨੋ, ਮਨੋ, ਧਨੋ ਧਰਮ ਸਮਝ ਕੇ ਆਪਾ ਨਿਛਾਵਰ ਕਰ ਰਹੇ ਹਨ, ਕੀ ਉਸ ਵਿੱਚ ਕੁੱਝ ਧਰਮ ਦਾ ਅੰਸ਼ ਹੈ ਵੀ ਜਾਂ ਉਹ ਸਿਰਫ ਪੁਜਾਰੀਆਂ ਦੀਆਂ ਬਣਾਈਆਂ ਅਗਿਆਨਤਾ ਤੇ ਅੰਧ ਵਿਸ਼ਵਾਸ਼ ਅਧਾਰਿਤ ਮਰਿਯਾਦਾਵਾਂ, ਰੀਤਾਂ-ਰਸਮਾਂ, ਕਰਮਕਾਂਡਾਂ ਦਾ ਭਾਰ ਹੀ ਢੋਹ ਰਹੇ ਹਨ। ਇਹ ਤਿਕੜੀ ਧਰਮ ਨੂੰ ਵਧਾਉਣ, ਧਰਮ ਦਾ ਰਾਜ ਸਥਾਪਿਤ ਕਰਨ ਅਤੇ ਧਰਮ ਨੂੰ ਖਤਰੇ ਦੇ ਨਾਂ ਤੇ ਪਿਛਲੇ 5 ਹਜ਼ਾਰ ਸਾਲਾਂ ਵਿੱਚ 15 ਹਜ਼ਾਰ ਤੋਂ ਵੱਧ ਯੁੱਧਾਂ ਰਾਹੀਂ ਮਨੁੱਖਤਾ ਦਾ ਵੱਡੇ ਪੱਧਰ ਤੇ ਘਾਣ ਕਰ ਚੁੱਕੀ ਹੈ। ਅੱਜ ਵੀ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਵਿੱਚ ਧਰਮ ਅਧਾਰਿਤ ਹਥਿਆਰਬੰਦ ਸੰਗਠਨ ਧਰਮ ਨੂੰ ਖਤਰਾ, ਧਰਮ ਦਾ ਰਾਜ ਜਾਂ ਧਰਮ ਦਾ ਪ੍ਰਸਾਰ ਦੇ ਨਾਮ ਹੇਠ ਮਾਨਵਤਾ ਦਾ ਖੂਨ ਵਹਾ ਰਹੇ ਹਨ। ਅੱਜ ਕਿਸੇ ਵੀ ਅਖੌਤੀ ਧਰਮ ਨੂੰ ਖਤਰਾ ਨਾਸਤਿਕਾਂ, ਸਾਇੰਸਦਾਨਾਂ, ਅਧੁਨਿਕਵਾਦੀਆਂ ਜਾਂ ਧਰਮ ਵਿਰੋਧੀਆਂ ਤੋਂ ਨਹੀਂ, ਇਨ੍ਹਾਂ ਨਕਲੀ ਧਰਮਾਂ ਤੇ ਕਾਬਿਜ਼ ਇਸ ਤਿੱਕੜੀ ਤੋਂ ਹੈ। ਇਨ੍ਹਾਂ ਤੇ ਕਾਬਿਜ਼ ਕੱਟੜਪੰਥੀ ਤਾਕਤਾਂ ਤੋਂ ਹੈ, ਜੋ ਆਪਣੇ ਫਿਰਕੇ ਦੀਆਂ ਧਾਰਮਿਕ ਰਸਮਾਂ (ਪੂਜਾ-ਪਾਠ), ਧਾਰਮਿਕ ਚਿੰਨ੍ਹਾਂ ਜਾਂ ਬਾਹਰੀ ਧਾਰਮਿਕ ਦਿਖਾਵਿਆਂ-ਪਹਿਰਾਵਿਆਂ ਨੂੰ ਹੀ ਧਰਮ ਸਮਝਦੀਆਂ ਹਨ ਹੈ ਤੇ ਇਨ੍ਹਾਂ ਨੂੰ ਲੋਕਾਂ ਤੇ ਤਾਕਤ ਦੇ ਜ਼ੋਰ ਨਾਲ ਥੋਪਣਾ ਚਾਹੁੰਦੀਆਂ ਹਨ। ਤੁਸੀਂ ਇਸ ਲੇਖ ਲੜੀ ਬਾਰੇ ਆਪਣੇ ਵਿਚਾਰ ਭੇਜ ਸਕਦੇ ਹੋ ਤਾਂ ਕਿ ਗੱਲ ਅੱਗੇ ਤੁਰ ਸਕੇ। ਤੁਹਾਡੇ ਸੁਝਾਵਾਂ ਤੇ ਵਿਚਾਰਾਂ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ।
ਨਕਲੀ ਧਰਮਾਂ ਦੀ ਚੱਲ ਰਹੀ ਇਸ ਲੇਖ ਲੜੀ ਵਿੱਚ ਅੱਜ ਅਸੀਂ ‘ਭਜਨ-ਬੰਦਗੀ, ਨਾਮ-ਸਿਮਰਨ, ਜਾਪ ਅਧਾਰਿਤ ਨਕਲੀ ਧਰਮ’ ਦੀ ਚਰਚਾ ਕਰਾਂਗੇ। ਨਕਲੀ ਧਰਮਾਂ ਨੇ ਆਪਣਾ ਧਰਮ ਅਧਾਰਿਤ ਧੰਦਾ ਕਾਮਯਾਬੀ ਨਾਲ ਚਲਾਉਣ ਅਤੇ ਸ਼ਰਧਾਲੂਆਂ ਦੀ ਸਦੀਵੀ ਲੁੱਟ ਲਈ ਕਈ ਤਰ੍ਹਾਂ ਦਾ ਮਕੜਜਾਲ ਬੁਣਿਆ ਹੋਇਆ ਹੈ। ਜਿਸ ਵਿਚੋਂ ਨਿਕਲਣਾ ਕਿਸੇ ਵੀ ਸ਼ਰਧਾਲੂ ਲਈ ਬੜਾ ਮੁਸ਼ਕਿਲ ਹੁੰਦਾ ਹੈ, ਖਾਸਕਰ ਉਸ ਵਕਤ ਜਦੋਂ ਸ਼ਰਧਾਲੂ ਦੀਆਂ ਅੱਖਾਂ ਤੇ ਅੰਧ ਵਿਸ਼ਾਵਾਸ਼ ਅਤੇ ਅਗਿਆਨਤਾ ਦੀ ਪੱਟੀ ਬੰਨ੍ਹੀ ਹੋਵੇ। ਪੁਜਾਰੀਆਂ ਕੋਲ ਸ਼ਰਧਾਲੂਆਂ ਨੂੰ ਮੂਰਖ ਬਣਾਉਣ ਦੇ ਅਣਗਿਣਤ ਫਾਰਮੂਲੇ ਹਨ। ਜਿਨ੍ਹਾਂ ਨਾਲ ਉਹ ਸ਼ਰਧਾਲੂਆਂ ਨੂੰ ਜਨਮ ਤੋਂ ਪਹਿਲਾਂ ਤੋਂ ਲੈ ਕੇ ਮਰਨ ਤੋਂ ਬਾਅਦ ਤੱਕ ਵੱਖ-ਵੱਖ ਤਰ੍ਹਾਂ ਧਾਰਮਿਕ ਰੀਤਾਂ-ਰਸਮਾਂ, ਕਰਮਕਾਂਡਾਂ, ਮਰਿਯਾਦਾਵਾਂ ਦੇ ਨਾਮ ਤੇ ਪੀੜ੍ਹੀ-ਦਰ-ਪੀੜ੍ਹੀ ਲੁੱਟਦਾ ਹੈ। ਬੜੀ ਹੈਰਾਨੀਜਨਕ ਗੱਲ ਇਹ ਹੈ ਕਿ ਪੁਜਾਰੀ ਆਪਣਾ ਲੁੱਟ ਦਾ ਧੰਦਾ (ਜਿਸਨੂੰ ਉਹ ਧਰਮ ਕਹਿੰਦਾ ਹੈ) ਇਤਨੀ ਹੁਸ਼ਿਆਰੀ ਨਾਲ ਕਰਦਾ ਹੈ ਕਿ ਮਨੁੱਖ ਸਾਰੀ ਉਮਰ ਲੁੱਟ ਹੁੰਦਾ ਹੋਇਆ ਵੀ, ਇਹ ਸੋਚਦਾ ਰਹਿੰਦਾ ਹੈ ਕਿ ਉਹ ਧਰਮ ਕਰਮ ਕਰ ਰਿਹਾ ਹੈ ਜਾਂ ਧਰਮ ਦੀ ਸੇਵਾ ਕਰ ਰਿਹਾ ਹੈ। ਤਕਰੀਬਨ ਸਾਰੇ ਧਾਰਮਿਕ ਫਿਰਕੇ ਇੱਕ ਰੱਬ ਜਾਂ ਉਸ ਰੱਬ ਦੇ ਬਣਾਏ ਵੱਖ-ਵੱਖ ਦੇਵੀ-ਦੇਵਤਿਆਂ, ਗੁਰੂਆਂ, ਪੀਰਾਂ ਦੇ ਨਾਮ ਤੇ ਚਲਦੇ ਹਨ। ਜਦੋਂ ਵੱਖ-ਵੱਖ ਧਾਰਮਿਕ ਫਿਰਕੇ ਇੱਕ ਰੱਬ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦੇ ਰੱਬ ਬਾਰੇ ਵਿਚਾਰਾਂ ਨੂੰ ਧਿਆਨ ਨਾਲ ਪੜ੍ਹਨ ਤੋਂ ਪਤਾ ਚਲਦਾ ਹੈ ਕਿ ਉਨ੍ਹਾਂ ਦਾ ਉਹ ਇੱਕ ਰੱਬ, ਦੂਜੇ ਫਿਰਕੇ ਦੇ ਇੱਕ ਰੱਬ ਤੋਂ ਵੱਖਰਾ ਰੱਬ ਹੁੰਦਾ ਹੈ। ਤਕਰੀਬਨ ਸਾਰੇ ਧਾਰਮਿਕ ਫਿਰਕਿਆਂ ਦਾ ਆਪਣਾ-ਆਪਣਾ ਤੇ ਵੱਖਰਾ-ਵੱਖਰਾ ਰੱਬ ਹੈ। ਉਨ੍ਹਾਂ ਦਾ ਇਹ ਰੱਬ, ਉਨ੍ਹਾਂ ਦੇ ਫਿਰਕੇ ਦੀ ਬਣੀ ਮਰਿਯਾਦਾ ਅਨੁਸਾਰ ਕੀਤੇ ਜਾਂਦੇ ਪੂਜਾ ਪਾਠ ਜਾਂ ਕਰਮਕਾਂਡ ਨਾਲ ਹੀ ਖੁਸ਼ ਹੁੰਦਾ ਹੈ? ਬਹੁਤੀ ਵਾਰ ਉਸਨੂੰ ਦੂਜੇ ਫਿਰਕੇ ਦੀ ਮਰਿਯਾਦਾ ਜਾਂ ਪੂਜਾ-ਪਾਠ ਦੇ ਢੰਗ ਚੰਗੇ ਨਹੀਂ ਲਗਦੇ? ਇਥੋਂ ਤੱਕ ਕਿ ਬਹੁਤ ਵਾਰ ਇੱਕ ਫਿਰਕੇ ਦੇ ਪੂਜਾ ਪਾਠ ਦੇ ਤਰੀਕੇ ਜਾਂ ਮਰਿਯਾਦਾਵਾਂ ਦੂਜੇ ਫਿਰਕੇ ਤੋਂ ਬਿਲਕੁਲ ਉਲਟ ਹੁੰਦੀਆਂ ਹਨ। ਜਦ ਕਿ ਦੋਨੋ ਸਭ ਕੁੱਝ ਰੱਬ ਦੇ ਨਾਮ ਤੇ ਕਰਦੇ ਹਨ ਤੇ ਇਹ ਵੀ ਦਾਅਵਾ ਕਰਦੇ ਹਨ ਕਿ ਰੱਬ ਇੱਕ ਹੈ ਤੇ ਉਨ੍ਹਾਂ ਦੀ ਮਰਿਯਾਦਾ ਤੋਂ ਖੁਸ਼ ਹੋ ਕੇ ਸ਼ਰਧਾਲੂ ਦੀਆਂ ਸਭ ਮਨੋ ਕਾਮਨਾਵਾਂ ਪੂਰੀਆਂ ਕਰਦਾ ਹੈ। ਪਰ ਜੇ ਕੋਈ ਸ਼ਰਧਾਲੂ ਆਪਣੇ ਫਿਰਕੇ ਜਾਂ ਰੱਬ ਦੀ ਮਰਿਯਾਦਾ ਛੱਡ ਕੇ ਕਿਸੇ ਦੂਜੇ ਫਿਰਕੇ ਦੀ ਮਰਿਯਾਦਾ ਨਿਭਾਉਣ ਲੱਗ ਜਾਵੇ ਤਾਂ ਪੁਜਾਰੀਆਂ ਦਾ ਧਰਮ ਖਤਰੇ ਵਿੱਚ ਪੈ ਜਾਂਦਾ ਹੈ ਤੇ ਧਰਮ ਸੰਕਟ ਖੜਾ ਹੋ ਜਾਂਦਾ ਹੈ। ਬੇਸ਼ਕ ਤਕਰੀਬਨ ਸਾਰੇ ਪੁਜਾਰੀ ਪ੍ਰਚਾਰ ਇੱਕ ਰੱਬ ਦਾ ਹੀ ਕਰਦੇ ਹਨ, ਪਰ ਉਸ ਰੱਬ ਦੇ ਨਾਮ ਵੱਖੋ-ਵੱਖਰੇ ਰੱਖੇ ਹੋਏ, ਇਹ ਵੀ ਕਿਹਾ ਜਾਂਦਾ ਹੈ ਕਿ ਇਹ ਨਾਮ ਉਸਦੇ ਗੁਣਾਂ ਅਧਾਰਿਤ ਹਨ, ਇਸ ਲਈ ਕੋਈ ਵੀ ਨਾਮ ਲੈ ਲਿਆ ਜਾਵੇ, ਕੋਈ ਫਰਕ ਨਹੀਂ ਪੈਂਦਾ, ਪਰ ਅਸਲੀਅਤ ਵਿੱਚ ਹਰ ਫਿਰਕਾ ਆਪਣੇ ਵਲੋਂ ਰੱਬ ਦਾ ਰੱਖਿਆ ਨਾਮ ਹੀ ਜਪਦਾ ਹੈ। ਜੇ ਕਦੇ ਉਹ ਗਲਤੀ ਨਾਲ ਕਿਸੇ ਹੋਰ ਫਿਰਕੇ ਦੇ ਰੱਬ ਦਾ ਨਾਮ ਲੈ ਲਵੇ ਤਾਂ ਸ਼ਰਧਾਲੂ ਨੂੰ ਲਗਦਾ ਹੈ ਕਿ ਉਹ ਕਿਤੇ ਆਪਣੇ ਧਰਮ ਵਿਰੁੱਧ ਤੇ ਕੁੱਝ ਨਹੀਂ ਕਰ ਰਿਹਾ।
ਆਮ ਤੌਰ ਤੇ ਧਾਰਮਿਕ ਫਿਰਕਿਆਂ ਵਲੋਂ ਪਹਿਲਾਂ ਇੱਕ ਰੱਬ ਸਿਰਜਿਆ ਜਾਂਦਾ ਹੈ, ਫਿਰ ਉਸਦਾ ਕੋਈ ਨਾਮ ਰੱਖਿਆ ਜਾਂਦਾ ਹੈ ਤੇ ਫਿਰ ਸ਼ਰਧਾਲੂਆਂ ਨੂੰ ਉਸ ਰੱਬ ਦਾ ਨਾਮ ਜਪਣ ਨੂੰ ਕਿਹਾ ਜਾਂਦਾ ਹੈ। ਪੁਜਾਰੀ ਇਥੇ ਵੀ ਨਕਲੀ ਧਰਮਾਂ ਵਾਲਾ ਡਰ ਤੇ ਲਾਲਚ ਵਾਲਾ ਆਪਣਾ ਪੁਰਾਣਾ ਫਾਰਮੂਲਾ ਵਰਤਦਾ ਹੈ। ਸ਼ਰਧਾਲੂ ਵਿੱਚ ਰੱਬ ਦਾ ਡਰ ਪੈਦਾ ਕਰਨ ਲਈ ਰੱਬ ਨੂੰ ਸ੍ਰਿਸ਼ਟੀ ਵਿੱਚ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਸਥਾਪਿਤ ਕੀਤਾ ਜਾਂਦਾ ਹੈ, ਉਸਦੇ ਉਲਟ ਜਾਣ ਤੇ ਸਜ਼ਾਵਾਂ ਨੀਯਤ ਕੀਤੀਆਂ ਜਾਂਦੀਆਂ ਹਨ। ਦੂਜੇ ਪਾਸੇ ਮਨੁੱਖ ਨੂੰ ਉਸ ਕੋਲੋਂ ਸਭ ਕੁੱਝ ਮਿਲਣ ਦੀ ਆਸ ਬੰਨ੍ਹਾਈ ਜਾਂਦੀ ਹੈ। ਇਸ ਤਰ੍ਹਾਂ ਡਰ ਤੇ ਲਾਲਚ ਰਾਹੀਂ ਉਸ ਆਪੇ ਸਿਰਜੇ ਰੱਬ ਦੀ ਬੰਦਗੀ ਕਰਨ ਦਾ ਹੋਕਾ ਦਿੱਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਿਹੜਾ ਵਿਅਕਤੀ ਸੱਚੇ ਦਿਲੋਂ ਉਸਦੀ (ਪੁਜਾਰੀ ਦੀ ਦੱਸੀ ਵਿਧੀ ਅਨੁਸਾਰ) ਭਗਤੀ ਕਰੇਗਾ, ਬੰਦਗੀ ਕਰੇਗਾ, ਸਿਮਰਨ ਕਰੇਗਾ, ਉਸਦੀ ਇਹ ਜ਼ਿੰਦਗੀ ਤਾਂ ਸਫਲ ਹੋਣੀ ਹੀ ਹੈ, ਨਾਲ ਅਗਲੇ ਕਲਪਿਤ ਜਨਮ ਵਿੱਚ ਵੀ ਇਥੇ ਨਾਲੋਂ ਵੱਧ ਸੁੱਖ ਸਹੂਲਤਾਂ ਮਿਲਣਗੀਆਂ। ਉਸਨੂੰ ਸਿਖਾਇਆ ਜਾਂਦਾ ਹੈ ਕਿ ਜੇ ਉਹ ਆਪਣੇ ਰੱਬ ਦੇ ਨਾਮ ਦਾ ਵਾਰ-ਵਾਰ ਰਟਨ ਕਰੇਗਾ ਤਾਂ ਨਾ ਸਿਰਫ ਰੱਬ ਹੀ ਉਸ ਉਪਰ ਬਖਸ਼ਿਸ਼ਾਂ ਦੀ ਬਰਸਾਤ ਕਰੇਗਾ, ਸਗੋਂ ਉਸ ਮਨੁੱਖ ਵਿੱਚ ਵੀ ਅਨੇਕਾ ਤਰ੍ਹਾਂ ਦੀਆਂ ਕਰਾਮਾਤੀ ਸ਼ਕਤੀਆਂ ਵੀ ਆ ਜਾਣਗੀਆਂ। ਜਿਸ ਨਾਲ ਕੁਦਰਤ ਦੇ ਅਟੱਲ ਨਿਯਮਾਂ ਤੋਂ ਉਲਟ ਉਹ ਜਿਥੇ ਆਪਣੇ ਲਈ ਕੁੱਝ ਵੀ ਕਰਨ ਦੇ ਸਮਰੱਥ ਹੋਵੇਗਾ, ਉਥੇ ਆਪਣੇ ਵਿਰੋਧੀਆਂ ਦੇ ਹੋਸ਼ ਵੀ ਟਿਕਾਣੇ ਲਿਆ ਸਕਦਾ ਹੈ। ਪੁਜਾਰੀ ਸ਼ਰਧਾਲੂ ਦੀ ਅਜਿਹੀ ਮੱਤ ਮਾਰਦਾ ਹੈ ਕਿ ਉਹ ਇਹ ਛੋਟੀ ਜਿਹੀ ਸਚਾਈ ਵੀ ਸਮਝਣ ਤੋਂ ਅਸਮਰਥ ਹੋ ਜਾਂਦਾ ਹੈ ਕਿ ਪੁਜਾਰੀ ਵਲੋਂ ਰੱਖੇ ਕਿਸੇ ਨਾਮ (ਸ਼ਬਦ ਜਾਂ ਅੱਖਰ) ਨੂੰ ਵਾਰ-ਵਾਰ ਦੁਹਰਾਉਣ ਦਾ ਭਲਾ ਰੱਬ ਨਾਲ ਕੀ ਸਬੰਧ ਹੈ। ਕੀ ਰੱਬ ਨੂੰ ਪਤਾ ਹੈ ਕਿ ਦੁਨੀਆਂ ਵਿੱਚ ਵੱਖ-ਵੱਖ ਫਿਰਕਿਆਂ ਵਲੋਂ ਉਸਦੇ ਕਿਤਨੇ ਨਾਮ ਰੱਖੇ ਹੋਏ ਹਨ? ਕੀ ਰੱਬ ਉਸਦੇ ਅੱਖਰਾਂ ਦੀ ਭਾਸ਼ਾ ਜਾਣਦਾ ਹੈ? ਕੀ ਰੱਬ ਕੋਈ ਮਨੁੱਖ ਹੈ, ਜਿਹੜਾ ਹਰ ਸ਼ਰਧਾਲੂ ਦੀ ਹਰ ਤਰ੍ਹਾਂ ਦੀ ਭਾਸ਼ਾ ਜਾਣਦਾ ਹੈ? ਭਾਸ਼ਾਵਾਂ ਤੇ ਵਿਅਕਤੀ ਨੇ ਧਰਤੀ ਤੇ ਰਹਿੰਦਿਆਂ ਆਪਣੀ ਸਹੂਲਤ ਲਈ ਹੌਲੀ-ਹੌਲੀ ਵਿਕਾਸ ਕਰਕੇ ਤਕਰੀਬਨ 5-6 ਹਜ਼ਾਰ ਸਾਲ ਪਹਿਲਾਂ ਬਣਾਈਆਂ ਸਨ। ਪਰ ਮਨੁੱਖ ਤੇ ਇਸ ਧਰਤੀ ਤੇ ਲੱਖਾਂ ਸਾਲਾਂ ਤੋਂ ਵਿਚਰ ਰਿਹਾ ਹੈ, ਉਦੋਂ ਮਨੁੱਖ ਰੱਬ ਦੇ ਕਿਹੜੇ ਨਾਮ ਦਾ ਸਿਮਰਨ ਕਰਦਾ ਸੀ? ਚਲੋ ਸਿਮਰਨ ਤਾਂ ਬਾਅਦ ਦੀ ਗੱਲ ਹੈ, ਉਦੋਂ ਤੱਕ ਤਾਂ ਮਨੁੱਖ ਨੂੰ ਇਹ ਵੀ ਸਮਝ ਨਹੀਂ ਸੀ ਕਿ ਰੱਬ ਵੀ ਕੋਈ ਸ਼ੈਅ ਹੈ? ਰੱਬ ਦੀ ਖੋਜ ਵੀ ਮਨੁੱਖ ਨੇ ਪਿਛਲੇ 5-6 ਹਜ਼ਾਰ ਸਾਲ ਵਿੱਚ ਹੀ ਕੀਤੀ ਹੈ, ਜਦੋਂ ਮਨੁੱਖ ਨੇ ਧਰਮ ਦੀ ਕਾਢ ਕੱਢੀ ਸੀ? ਪਰ ਸ਼ਰਧਾਲੂ ਕਦੇ ਨਹੀਂ ਸੋਚਦਾ ਕਿ ਕੀ ਰੱਬ ਦੇ, ਪੁਜਾਰੀ ਵਲੋਂ ਰੱਖੇ ਨਾਮ ਨੂੰ ਵਾਰ-ਵਾਰ ਦੁਹਰਾਉਣ ਨਾਲ ਉਹ ਕਿਵੇਂ ਖੁਸ਼ ਹੋ ਜਾਂਦਾ ਹੈ? ਕੀ ਦੁਨਿਆਵੀ ਤੌਰ ਤੇ ਅਸੀਂ ਕਿਸੇ ਨੂੰ ਖੁਸ਼ ਕਰਨ ਲਈ ਜਾਂ ਕਿਸੇ ਤੋਂ ਕੋਈ ਕੰਮ ਕਰਾਉਣ ਲਈ ਜਾਂ ਕਿਸੇ ਤੋਂ ਕੋਈ ਮੱਦਦ ਲੈਣ ਲਈ, ਅਸੀਂ ਆਪਣੇ ਘਰ ਬੈਠ ਕੇ ਘੰਟਿਆਂ ਬੱਧੀ ਉਸਦਾ ਨਾਮ ਜਪਦੇ ਹਾਂ? ਕੀ ਕਿਸੇ ਸ਼ਬਦ ਨੂੰ ਰੱਬ ਦਾ ਨਾਮ ਦੇ ਕੇ ਉਸਦਾ ਵਾਰ-ਵਾਰ ਰਟਨ ਕਰਨ ਨਾਲ ਮਨੁੱਖ ਵਿੱਚ ਰੱਬ ਦੇ ਕਹੇ ਜਾਂਦੇ ਗੁਣ ਆ ਸਕਦੇ ਹਨ? ਜੇ ਜਵਾਬ ਨਹੀਂ ਹੈ ਤਾਂ ਫਿਰ ਆਪੇ ਸਿਰਜੇ ਰੱਬ ਦੇ ਨਾਮ ਦਾ ਰਟਨ ਕਰਨ ਨਾਲ ਉਹ ਕਿਵੇਂ ਖੁਸ਼ ਹੋ ਸਕਦਾ ਹੈ? ਕੀ ਕਦੇ ਪੁਜਾਰੀਆਂ ਦੇ ਸਿਰਜੇ ਰੱਬਾਂ ਵਿਚੋਂ ਕਿਸੇ ਰੱਬ ਨੇ ਕਦੇ ਕਿਸੇ ਅੱਗੇ ਪ੍ਰਗਟ ਹੋ ਕੇ ਕਿਹਾ ਹੈ ਕਿ ਭਗਤਾ ਤੂੰ ਹੁਣ ਮੇਰਾ ਨਾਮ ਇਤਨੀ ਵਾਰ ਜਪ ਲਿਆ ਹੈ, ਹੁਣ ਤੂੰ ਮੁਕਤ ਹੈਂ, ਹੁਣ ਮੈਂ ਤੇਰੀਆਂ ਸਾਰੀਆਂ ਖਾਹਸ਼ਾਂ ਪੂਰੀਆਂ ਕਰਦਾ ਹਾਂ? ਕੀ ਗਿਣਤੀਆਂ ਮਿਣਤੀਆਂ ਦੇ ਸਿਮਰਨ ਕਰਨ ਜਾਂ ਨਾਮ ਜਪਣ ਵਾਲੇ ਸ਼ਰਧਾਲੂਆਂ ਜਾਂ ਭਗਤਾਂ ਨੇ ਕਿਸੇ ਸਾਧ ਜਾਂ ਪੁਜਾਰੀ ਜਾਂ ਅਖੌਤੀ ਗੁਰੂ ਤੋਂ ਨਾਮ ਲੈਣ ਤੋਂ ਪਹਿਲਾਂ ਕਦੇ ਪੁਛਿਆ ਹੈ ਕਿ ਇਸ ਨਾਮ ਨੂੰ ਕਿਤਨੀ ਗਿਣਤੀ ਵਿੱਚ ਰਟਨ ਨਾਲ ਰੱਬ ਜੀ ਦੇ ਦਰਸ਼ਨ ਹੋਣਗੇ? ਜਾਂ ਮਨੁੱਖ ਵਿੱਚ ਕਰਾਮਾਤਾਂ ਜਾਂ ਰਿਧੀਆਂ-ਸਿੱਧੀਆਂ ਆ ਜਾਣਗੀਆਂ? ਅਸਲ ਵਿੱਚ ਪੁਜਾਰੀਆਂ ਨੇ ਮਨੁੱਖ ਨੂੰ ਧਰਮ ਦੇ ਨਾਮ ਤੇ ਅਜਿਹੇ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ ਕਿ ਮਨੁੱਖ ਨੂੰ ਅਜੇ ਤੱਕ ਇਹ ਸਮਝ ਨਹੀਂ ਆਈ ਕਿ ਜਿਸ ਰੱਬ ਦੀ ਉਹ ਪੂਜਾ ਕਰਦਾ ਹੈ, ਭਗਤੀ ਕਰਦਾ ਹੈ, ਸਿਮਰਨ ਕਰਦਾ ਹੈ, ਬੰਦਗੀ ਕਰਦਾ ਹੈ, ਉਹ ਅਸਲ ਵਿੱਚ ਕੀ ਹੈ? ਉਸਨੂੰ ਜਾਨਣ ਦਾ ਕੀ ਮਤਲਬ ਹੈ? ਜਾਂ ਉਹ ਹੈ ਵੀ ਜਾਂ ਸਿਰਫ ਕਲਪਿਤ ਨਾਮ ਦਾ ਹੀ ਰਟਨ ਕਰਾਇਆ ਜਾ ਰਿਹਾ ਹੈ? ਕਦੇ ਕਿਸੇ ਸ਼ਰਧਾਲੂ ਨੇ ਪੁਜਾਰੀਆਂ ਨੂੰ ਜ਼ੁਰਅਤ ਨਾਲ ਇਹ ਨਹੀਂ ਪੁਛਿਆ ਕਿ ਜਿਸ ਰੱਬ ਦੇ ਸਿਮਰਨਾਂ, ਭਗਤੀਆਂ ਦੇ ਨਾਮ ਤੇ ਤੂੰ ਆਪਣਾ ਧੰਦਾ ਕਰਦਾ ਹੈਂ, ਕੀ ਤੈਨੂੰ ਉਹ ਰੱਬ ਮਿਲ ਗਿਆ ਹੈ? ਕੀ ਤੇਰੇ ਕੋਲ ਨਾਮ ਸਿਮਰਨ ਦੀਆਂ ਬਰਕਤਾਂ ਨਾਲ ਕਰਾਮਾਤੀ ਸ਼ਕਤੀਆਂ ਆ ਗਈਆਂ ਹਨ? ਕੀ ਤੇਰੀ ਜ਼ਿੰਦਗੀ ਦੀਆਂ ਸਾਰੀਆਂ ਦੁੱਖ ਤਕਲੀਫਾਂ ਮੁੱਕ ਗਈਆਂ ਹਨ? ਕੀ ਤੈਨੂੰ ਮਨ ਦੀ ਸ਼ਾਂਤੀ ਮਿਲ ਗਈ ਹੈ? ਕੀ ਤੈਨੂੰ ਨਾਮ ਜਪਣ ਜਾਂ ਬੰਦਗੀ ਕਰਨ ਨਾਲ ਜ਼ਿੰਦਗੀ ਦੀਆਂ ਸਭ ਸੁੱਖ ਸਹੂਲਤਾਂ ਮਿਲ ਗਈਆਂ ਹਨ? ਜੇ ਤੈਨੂੰ ਕੁੱਝ ਨਹੀਂ ਮਿਲਿਆ, ਫਿਰ ਇਹ ਕਿਵੇਂ ਯਕੀਨ ਕਰ ਲਿਆ ਜਾਵੇ ਕਿ ਜਿਹੜਾ ਫਾਰਮੂਲਾ ਤੂੰ ਸਾਨੂੰ ਦੇ ਰਿਹਾ ਹੈਂ, ਉਸ ਵਿੱਚ ਕਿਤਨੀ ਸਚਾਈ ਹੈ? ਪੁਜਾਰੀਆਂ ਨੂੰ ਇਹ ਪੁੱਛਣਾ ਵੀ ਬਣਦਾ ਹੈ ਕਿ ਜੇ ਅਜਿਹੇ ਫੋਕਟ ਜਪਾਂ-ਤਪਾਂ, ਮੰਤਰ ਜਾਪਾਂ, ਸਿਮਰਨਾਂ, ਭਜਨ-ਬੰਦਗੀਆਂ ਨਾਲ ਤੈਨੂੰ ਸਭ ਕੁੱਝ ਮਿਲ ਗਿਆ ਹੈ ਤਾਂ ਫਿਰ ਤੂੰ ਸ਼ਰਧਾਲੂਆਂ ਦੀ ਕਿਰਤ ਕਮਾਈ ਤੇ ਕਿਉਂ ਪਲ ਰਿਹਾ ਹੈਂ? ਸ਼ਰਧਾਲੂਆਂ ਦੀ ਸੋਚ ਤੇ ਵੀ ਹੈਰਾਨੀ ਹੁੰਦੀ ਹੈ ਕਿ ਉਹ ਪੁਜਾਰੀ ਜਿਹੜਾ ਖੁਦ ਸ਼ਰਧਾਲੂਆਂ ਦੀ ਦਾਨ-ਦੱਸ਼ਣਾ, ਪੂਜਾ-ਪਾਠ ਆਦਿ ਦੀ ਮਾਇਆ ਤੇ ਆਪਣਾ ਪਰਿਵਾਰ ਪਾਲਦਾ ਹੈ, ਉਹ ਤੁਹਾਡੇ ਲਈ ਅਰਦਾਸਾਂ ਕਰਕੇ ਕੀ ਲੈ ਕੇ ਦੇ ਸਕਦਾ ਹੈ? ਜੇ ਰੱਬ ਉਸਦੀ ਸੁਣਦਾ ਹੋਵੇ ਤਾਂ ਪੁਜਾਰੀ ਪਹਿਲਾਂ ਆਪਣਾ ਭਲਾ ਨਾ ਕਰ ਲਵੇ, ਆਪਣਾ ਪਰਿਵਾਰ ਸੁਖੀ ਨਾ ਕਰ ਲਵੇ, ਉਹ ਤੇ ਵਿਚਾਰਾ ਆਪ ਆਪਣੇ ਮਾਲਕਾਂ (ਸ਼ਰਧਾਲੂਆਂ ਤੇ ਧਰਮ ਅਸਥਾਨਾਂ ਦੇ ਪ੍ਰਬੰਧਕਾਂ) ਦੀ ਚਾਕਰੀ ਕਰਦਾ ਹੈ।
ਪੁਜਾਰੀ ਸਦੀਆਂ ਤੋਂ ਜਪਾਂ-ਤਪਾਂ, ਭਜਨ-ਬੰਦਗੀਆਂ, ਸਿਮਰਨਾਂ ਆਦਿ ਦੇ ਅਜਿਹੇ ਫਾਰਮੂਲਿਆਂ ਰਾਹੀਂ ਮਨੁੱਖ ਨੂੰ ਸਦੀਆਂ ਤੋਂ ਗੁੰਮਰਾਹ ਕਰਦੇ ਆ ਰਹੇ ਹਨ। ਮਨੁੱਖ ਆਪਣੀ ਲਾਲਚੀ ਤੇ ਡਰੂ ਬਿਰਤੀ ਕਾਰਨ ਉਸਦੇ ਮਾਇਆਜ਼ਾਲ ਵਿੱਚ ਫਸਦਾ ਹੈ। ਆਮ ਮਨੁੱਖ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੀਆਂ ਦੁੱਖ-ਮੁਸੀਬਤਾਂ ਤੇ ਪ੍ਰੇਸ਼ਾਨੀਆਂ ਹਨ। ਉਸ ਕੋਲ ਇਤਨੀ ਸੂਝ ਨਹੀਂ ਕਿ ਉਹ ਆਪਣੀਆਂ ਸਮੱਸਿਆਵਾਂ ਦਾ ਹੱਲ ਆਪ ਕਰ ਸਕੇ। ਮਨੁੱਖ ਦੀ ਸਭ ਤੋਂ ਵੱਡੀ ਸਮੱਸਿਆ ਰੋਟੀ, ਕੱਪੜਾ ਤੇ ਮਕਾਨ ਦੀ ਹੈ। ਉਸਦੀ ਸਾਰੀ ਉਮਰ ਦੀ ਦੌੜ ਇਸਦੀ ਪ੍ਰਾਪਤੀ ਲਈ ਹੀ ਲੱਗੀ ਰਹਿੰਦੀ ਹੈ। ਅਜਿਹੀਆਂ ਪ੍ਰੇਸ਼ਾਨੀਆਂ ਵਿੱਚ ਘਿਰਿਆ ਮਨੁੱਖ ਜਦੋਂ ਧਰਮ ਜਾਂ ਰੱਬ ਨੂੰ ਇੱਕ ਆਖਰੀ ਸੱਚਾ ਸਹਾਰਾ ਸਮਝ ਕੇ ਧਰਮ ਅਸਥਾਨ ਜਾਂਦਾ ਹੈ ਤਾਂ ਉਸਨੂੰ ਪਤਾ ਨਹੀਂ ਹੁੰਦਾ ਕਿ ਜਿਥੇ ਉਹ ਜਾ ਰਿਹਾ ਹੈ, ਉਥੇ ਧਰਮ ਨਹੀਂ, ਸਗੋਂ ਧਰਮ ਦੇ ਨਾਮ ਤੇ ਬਿਜਨੈਸ ਕਰ ਰਹੇ ਲੁਟੇਰੇ ਬੈਠੇ ਹਨ, ਜਿਨ੍ਹਾਂ ਕੋਲ ਜਾ ਕੇ ਉਹ ਆਪਣਾ ਉਹ ਕੁੱਝ ਵੀ ਲੁਟਾ ਆਵੇਗਾ, ਜੋ ਉਸਨੇ ਆਪਣੀ ਮਿਹਨਤ ਤੇ ਕਿਰਤ ਕਮਾਈ ਨਾਲ ਹਾਸਿਲ ਕੀਤਾ ਹੈ। ਮਨੁੱਖ ਤੇ ਬੜੀ ਆਸ ਨਾਲ ਧਰਮ ਵੱਲ ਜਾਂਦਾ ਹੈ ਤੇ ਪੁਜਾਰੀ ਉਸਨੂੰ ਸੱਚੇ ਧਰਮ ਦਾ ਮਾਰਗ ਦੱਸਣ ਦੀ ਥਾਂ ਨਕਲੀ ਤੇ ਫੋਕਟ ਮਰਿਯਾਦਾਵਾਂ ਤੇ ਮੰਤਰ ਜਾਪਾਂ ਦੇ ਚੱਕਰ ਵਿੱਚ ਪਾ ਦਿੰਦਾ ਹੈ। ਪੁਜਾਰੀ ਨੂੰ ਪਤਾ ਹੁੰਦਾ ਹੈ ਕਿ ਇਸ ਸਿਮਰਨ ਜਾਂ ਜਪ-ਤਪ ਜਾਂ ਭਜਨ-ਬੰਦਗੀ ਰੂਪੀ ਪਾਣੀ `ਚ ਮਧਾਣੀ ਵਿਚੋਂ ਕੁੱਝ ਨਹੀਂ ਨਿਕਲਣਾ, ਪਰ ‘ਦਿਲ ਕੋ ਬਹਿਲਾਨੇ ਕੇ ਲੀਏ, ਖਿਆਲ ਅੱਛਾ ਹੈ ਗਾਲਿਬ’ ਵਾਂਗ ਸ਼ਰਧਾਲੂ ਅਜਿਹੇ ਮੰਤਰਾਂ ਦਾ ਚੂਸਣਾ ਸਾਰੀ ਉਮਰ ਚੂਸਦਾ ਹੈ, ਪਰ ਕੋਈ ਰਸ ਪ੍ਰਾਪਤ ਨਹੀਂ ਕਰਦਾ। ਜੇ ਕੋਈ ਸ਼ਰਧਾਲੂ ਥੋੜੀ ਹਿੰਮਤ ਕਰਕੇ ਕੁੱਝ ਪ੍ਰਾਪਤ ਨਾ ਹੋਣ ਤੇ ਪੁਜਾਰੀ ਨੂੰ ਸਵਾਲ ਕਰਦਾ ਹੈ ਤਾਂ ਉਸਦੀ ਸ਼ਰਧਾ ਤੇ ਸ਼ੰਕਾ ਖੜਾ ਕਰਕੇ ਜਾਂ ਸਿਮਰਨ (ਮੰਤਰ ਜਾਪ) ਵਿਧੀ ਅਨੁਸਾਰ ਨਾ ਕਰਨ ਕਰਕੇ ਫਲ ਦੀ ਪ੍ਰਾਪਤੀ ਨਾ ਹੋਣ ਦਾ ਭਾਂਡਾ ਸ਼ਰਧਾਲੂ ਸਿਰ ਹੀ ਭੰਨ ਦਿੰਦਾ ਹੈ। ਪੁਜਾਰੀਆਂ ਵਲੋਂ ਸ਼ਰਧਾਲੂਆਂ ਨੂੰ ਨੇਮ ਨਾਲ ਅਜਿਹੇ ਮੰਤਰ ਜਾਪ ਜਾਂ ਸਿਮਰਨ ਆਦਿ ਕਰਨ ਲਾਉਣ ਦਾ ਇੱਕ ਕਾਰਨ ਇਹ ਵੀ ਹੈ ਕਿ ਪੁਜਾਰੀ ਅਗਿਆਨਤਾ ਤੇ ਅੰਧ ਵਿਸ਼ਵਾਸ਼ ਅਧਾਰਿਤ ਧਰਮ ਦਾ ਧੰਦਾ ਸਿਅਸਤਦਾਨਾਂ ਤੇ ਸਰਮਾਏਦਾਰਾਂ ਨਾਲ ਰਲ਼ ਕੇ ਚਲਾਉਂਦਾ ਹੈ। ਸਰਮਾਏਦਾਰਾਂ ਤੇ ਸਿਅਸਤਦਾਨਾਂ ਨੂੰ ਵੀ ਇਹੀ ਰਾਸ ਆਉਂਦਾ ਹੈ ਕਿ ਲੋਕ ਆਪਣੇ ਹੱਕਾਂ ਜਾਂ ਸਮਾਜ ਦੀਆਂ ਸਮੱਸਿਆਵਾਂ ਪ੍ਰਤੀ ਜਾਗਰੂਕ ਨਾ ਹੋਣ, ਸਗੋਂ ਅੰਧ-ਵਿਸ਼ਵਾਸ਼ ਤੇ ਅਗਿਆਨਤਾ ਦਾ ਹਨ੍ਹੇਰਾ ਢੋਂਹਦੇ ਰਹਿਣ, ਸਮਾਜ ਦੇ ਮਸਲਿਆਂ ਪ੍ਰਤੀ ਸੁਚੇਤ ਹੋ ਕੇ ਕੋਈ ਕ੍ਰਾਂਤੀ ਨਾ ਕਰਨ, ਅੰਦੋਲਨ ਨਾ ਕਰਨ, ਮੰਤਰ ਜਾਪ ਉਨ੍ਹਾਂ ਲਈ ਇੱਕ ਕਾਰਗਰ ਟੂਲ ਹੈ, ਜਿਸ ਵਿੱਚ ਤੁਸੀਂ ਆਪਣੇ ਪਰਿਵਾਰ, ਸਮਾਜ, ਮਨੁੱਖਤਾ ਦਾ ਭਲਾ, ਭੁੱਲ ਕੇ ਆਪਣਾ ਅੱਗਾ ਸਵਾਰਨ ਵਿੱਚ ਲੱਗੇ ਰਹਿੰਦੇ ਹੋ। ਤੁਹਾਨੂੰ ਇਸ ਨਾਲ ਕੋਈ ਸਰੋਕਾਰ ਨਹੀਂ ਕਿ ਸਮਾਜ ਵਿੱਚ ਕੀ ਹੋ ਰਿਹਾ ਹੈ, ਮਨੁੱਖਤਾ ਕਿਧਰ ਨੂੰ ਜਾ ਰਹੀ ਹੈ, ਤੁਹਾਨੂੰ ਜੇ ਫਿਕਰ ਹੈ ਤਾਂ ਆਪਣੀ ਆਤਮਾ ਨੂੰ ਮੁਕਤ ਕਰਨ ਦੀ, ਪ੍ਰਭੂ ਚਰਨਾਂ ਵਿੱਚ ਸਥਾਨ ਪ੍ਰਾਪਤ ਕਰਨ ਦੀ, ਆਪਣਾ ਅਗਲਾ ਜਨਮ ਸੰਵਾਰਨ ਦੀ, ਸਵਰਗਾਂ ਵਿੱਚ ਆਪਣਾ ਥਾਂ ਪੱਕਾ ਕਰਨ ਦੀ, ਨਰਕਾਂ ਤੋਂ ਬਚਣ ਦੀ। ਪੁਜਾਰੀ ਮਨੁੱਖ ਨੂੰ ਅਜਿਹੀ ਪੱਟੀ ਪੜ੍ਹਾ ਦਿੰਦਾ ਹੈ, ਜਿਸ ਨਾਲ ਸ਼ਰਧਾਲੂ ਨੂੰ ਲਗਦਾ ਹੈ ਕਿ ਇਸ ਜਨਮ ਵਿੱਚ ਤਾਂ ਕੁੱਝ ਹੋਣ ਵਾਲਾ ਨਹੀਂ, ਕੁੱਝ ਬਦਲਣ ਵਾਲਾ ਨਹੀਂ, ਘੱਟ-ਘੱਟ ਆਪਣਾ ਅੱਗਾ ਤਾਂ ਸੰਵਾਰ ਲਵੋ, ਜਨਮ-ਮਰਨ ਦਾ ਇਹ ਗੇੜ ਤਾਂ ਮੁੱਕ ਜਾਵੇ ਤੇ ਇਸ ਦਰਿਦਰ ਜ਼ਿੰਦਗੀ ਤੋਂ ਛੁਟਕਾਰਾ ਮਿਲ ਜਾਵੇ। ਸ਼ਰਧਾਲੂਆਂ ਵਲੋਂ ਪੁਜਾਰੀਆਂ ਦੇ ਫੈਲਾਏ ਜਾਲ ਰੂਪੀ ਮੰਤਰ ਰਟਨ, ਨਾਮ-ਸਿਮਰਨ, ਜਾਪ-ਤਾਪ, ਭਜਨ-ਬੰਦਗੀ ਆਦਿ ਵਿੱਚ ਫਸਣ ਦਾ ਕਾਰਨ ਇਹ ਵੀ ਹੈ ਕਿ ਉਹ ਕਿਸੇ ਅਦਿੱਖ ਰੱਬ ਨੂੰ ਖੁਸ਼ ਕਰਕੇ ਇਥੇ ਸੁੱਖ ਸਹੂਲਤਾਂ ਹਾਸਿਲ ਕਰ ਲੈਣਗੇ ਤੇ ਜੇ ਇਥੇ ਬਹੁਤੀਆਂ ਸਹੂਲਤਾਂ ਨਾ ਵੀ ਮਿਲੀਆਂ ਤਾਂ ਕੋਈ ਗੱਲ ਨਹੀਂ ਘੱਟੋ-ਘੱਟ ਜਨਮ-ਮਰਨ ਦਾ ਗੇੜ ਤਾਂ ਮੁੱਕ ਹੀ ਜਾਵੇਗਾ ਤੇ ਆਰਾਮ ਨਾਲ ਹਮੇਸ਼ਾਂ ਸਵਰਗਾਂ ਵਿੱਚ ਰੱਬ ਦੇ ਚਰਨਾਂ ਵਿੱਚ ਜਾ ਬੈਠਾਂਗੇ? ਉਨ੍ਹਾਂ ਦੀ ਇਸ ਸੋਚ ਤੇ ਹੈਰਾਨੀ ਵੀ ਹੁੰਦੀ ਹੈ ਕਿ ਇੱਕ ਪਾਸੇ ਉਹ ਕਹਿੰਦੇ ਹਨ ਕਿ ਰੱਬ ਵਿਅਕਤੀ ਨਹੀਂ, ਇੱਕ ਸ਼ਕਤੀ ਹੈ, ਜੋ ਸਾਰੀ ਸ੍ਰਿਸ਼ਟੀ ਵਿੱਚ ਵਿਚਰ ਰਹੀ ਹੈ ਤੇ ਸਾਡੇ ਅੰਦਰ ਵੀ ਉਸਦੀ ਹੀ ਜੋਤ ਹੈ। ਦੂਜੇ ਪਾਸੇ ਫਿਰ ਉਹ ਕਿਹੜੇ ਸੱਚਖੰਡ ਵਿੱਚ ਵਸਣ ਦੀਆਂ ਅਰਦਾਸਾਂ ਕਰਦੇ ਹਨ, ਕਿਹੜੇ ਰੱਬ ਦੇ ਚਰਨਾਂ ਵਿੱਚ ਨਿਵਾਸ ਲਈ ਨਾਮ-ਸਿਮਰਨ ਜਾਂ ਭਜਨ-ਬੰਦਗੀ ਤੇ ਮੰਤਰ ਰਟਨ ਕਰਦੇ ਹਨ? ਅਸਲ ਵਿੱਚ ਪੁਜਾਰੀ ਬੜੀ ਚਲਾਕੀ ਨਾਲ ਆਪਣੇ ਪ੍ਰਚਾਰ ਰਾਹੀਂ ਮਨੁੱਖ ਦੀ ਸੋਚ ਨੂੰ ਅਜਿਹਾ ਖੁੰਡਾ ਕਰਦੇ ਹਨ ਕਿ ਮਨੁੱਖ ਅੰਧ-ਵਿਸ਼ਵਾਸ਼ੀ ਸ਼ਰਧਾਲੂ ਬਣਨ ਦੇ ਨਾਲ-ਨਾਲ ਦਲ਼ੀਲ ਤੇ ਤਰਕ ਨਾਲ ਸੋਚਣ ਦੀ ਆਪਣੀ ਸਮਰੱਥਾ ਹੀ ਗਵਾ ਬੈਠਦਾ ਹੈ। ਇਹੀ ਕਾਰਨ ਹੈ ਕਿ ਧਰਮ ਵਿੱਚ ਕ੍ਰਾਂਤੀ ਜਾਂ ਸੁਧਾਰ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਸਮੇਂ-ਸਮੇਂ ਬਹੁਤ ਸਾਰੇ ਇਨਕਲਾਬੀ ਸੋਚ ਵਾਲੇ ਲੋਕ ਧਰਮਾਂ ਵਿੱਚ ਸੁਧਾਰ ਕਰਨ ਲਈ ਯਤਨ ਕਰਦੇ ਹਨ, ਪਰ ਉਹ ਬਹੁਤੇ ਕਾਮਯਾਬ ਨਹੀਂ ਹੁੰਦੇ ਕਿਉਂਕਿ ਸੁਧਾਰ ਉਦੋਂ ਹੁੰਦਾ ਹੈ, ਜਦੋਂ ਮਨੁੱਖ ਸੋਚਣਾ ਸ਼ੁਰੂ ਕਰੇ ਕਿ ਉਹ ਕੁੱਝ ਗਲਤ ਕਰ ਰਿਹਾ ਹੈ ਜਾਂ ਉਸ ਨਾਲ ਕੁੱਝ ਗਲਤ ਹੋ ਰਿਹਾ ਹੈ? ਪਰ ਪ੍ਰਚਲਤ ਪੁਜਾਰੀਆਂ ਅਧਾਰਿਤ ਧਾਰਮਿਕ ਫਿਰਕੇ ਮਨੁੱਖ ਵਿਚੋਂ ਸੋਚਣ ਵਾਲਾ ਪੁਰਜਾ ਹੀ ਕੱਢ ਦਿੰਦੇ ਹਨ। ਇਸੇ ਕਾਰਨ ਇਨਕਲਾਬੀ ਮਹਾਂਪੁਰਸ਼ਾਂ ਨੇ ਵੱਖ-ਵੱਖ ਸਮਿਆਂ ਵਿੱਚ ਉਸ ਸਮੇਂ ਪ੍ਰਚਲਤ ਧਰਮਾਂ ਵਿੱਚ ਸੁਧਾਰ ਕਰਨ ਦੀ ਥਾਂ, ਨਵਾਂ ਮਾਰਗ ਦਰਸ਼ਨ ਕੀਤਾ, ਪਰ ਪੁਜਾਰੀ, ਸਿਅਸਤਦਾਨ ਤੇ ਸਰਮਾਏਦਾਰ ਇਤਨੇ ਸ਼ਾਤਰ ਹਨ ਕਿ ਜਿਉਂ ਹੀ ਅਜਿਹੇ ਇਨਕਲਾਬੀ ਯੁਗਪੁਰਸ਼ ਆਪਣਾ ਜੀਵਨ ਸਮਾਂ ਸਮਾਪਤ ਕਰਕੇ ਚਲੇ ਜਾਂਦੇ ਹਨ, ਇਹ ਤਿਕੜੀ ਨਵੀਆਂ ਮਰਿਯਾਦਾਵਾਂ, ਨਵੇਂ ਧਰਮ ਚਿੰਨ੍ਹਾਂ, ਨਵੇਂ ਕਰਮਕਾਂਡਾਂ ਨਾਲ ਲੈਸ ਹੋ ਕੇ ਉਸ ਵਿਚਾਰਧਾਰਾ ਤੇ ਕਬਜ਼ਾ ਕਰ ਲੈਂਦੇ ਹਨ ਤੇ ਸ਼ਰਧਾਲੂਆਂ ਨੂੰ ਮੁੜ ਨਕਲੀ ਧਰਮਾਂ ਦੀ ਘੁੰਮਣਘੇਰੀ ਵਿੱਚ ਫਸਾ ਲੈਂਦੇ ਹਨ। ਇਹੀ ਟਰੈਜਡੀ ਹਰ ਮਹਾਂਪੁਰਸ਼ ਨਾਲ ਵਾਪਰੀ ਹੈ। ਇਸ ਲਈ ਨਕਲੀ ਧਰਮਾਂ ਤੋਂ ਮਨੁੱਖਤਾ ਨੂੰ ਕੱਢਣ ਲਈ ਇੱਕ ਹੀ ਫਾਰਮੂਲਾ ਕਾਰਗਰ ਸਾਬਿਤ ਹੋ ਸਕਦਾ ਹੈ ਕਿ ਹਰ ਤਰ੍ਹਾਂ ਦੇ ਬਾਹਰੀ ਕਰਮਕਾਂਡਾਂ, ਮਰਿਯਾਦਾਵਾਂ, ਪੂਜਾ-ਪਾਠਾਂ ਚਿੰਨ੍ਹਾਂ, ਪਹਿਰਾਵਿਆਂ ਆਦਿ ਨੂੰ ਮੁੱਢੋਂ ਹੀ ਰੱਦ ਕੀਤਾ ਜਾਵੇ। ਉਸਦੀ ਥਾਂ ਧਰਮ ਨੂੰ ਮੰਨਣ ਦੀ ਥਾਂ ਜਾਨਣ ਤੇ ਖੋਜ ਦਾ ਵਿਸ਼ਾ ਬਣਾਇਆ ਜਾਵੇ। ਉਹ ਖੋਜ ਸਥੂਲ (ਮੈਟਰ) ਤੇ ਚੇਤੰਨਤਾ (ਨਿਰਾਕਾਰ) ਦੋਨਾਂ ਦੀ ਹੋਵੇ ਜਾਂ ਸਾਇੰਸ ਮੈਟਰ ਦੀ ਖੋਜ ਕਰੇ (ਜਿਸ ਤਰ੍ਹਾਂ ਕਿ ਸਾਇੰਸਦਾਨ ਪਹਿਲਾਂ ਹੀ ਕਰ ਰਹੇ ਹਨ) ਤੇ ਧਰਮ ਚੇਤੰਨਤਾ (ਨਿਰਾਕਾਰ) ਦੀ ਖੋਜ ਕਰੇ।
ਹੁਣ ਇਹ ਜਾਨਣ ਤੋਂ ਬਾਅਦ ਕਿ ‘ਭਜਨ-ਬੰਦਗੀ, ਨਾਮ-ਸਿਮਰਨ, ਜਾਪ ਅਧਾਰਿਤ ਨਕਲੀ ਧਰਮ’ ਕੀ ਹੈ? ਤੇ ਲੋਕ ਇਸ ਵਿੱਚ ਫਸਦੇ ਕਿਉਂ ਹਨ? ਹੁਣ ਵਿਚਾਰਨ ਵਾਲਾ ਮੁੱਦਾ ਇਹ ਹੈ ਕਿ ਅਜਿਹੇ ਨਕਲੀ ਧਰਮਾਂ ਵਿੱਚ ਨਿਕਲਿਆ ਕਿਵੇਂ ਜਾਵੇ? ਕਹਿਣਾ ਜਾਂ ਲਿਖਣਾ ਸ਼ਾਇਦ ਇਤਨਾ ਔਖਾ ਨਹੀਂ, ਜਿਤਨਾ ਇਸ ਵਿਚੋਂ ਨਿਕਲਣ ਬਾਰੇ ਸੋਚਣਾ? ਜਿਸ ਤਰ੍ਹਾਂ ਕਿ ਸ਼ੁਰੂ ਵਿੱਚ ਕਿਹਾ ਸੀ ਕਿ ਜਿਥੇ ਲੋਕ ਨਕਲੀ ਧਰਮਾਂ ਵਿੱਚ ਆਪਣੇ ਲੋਭ-ਲਾਲਚ ਤੇ ਡਰ ਵਸ ਫਸਦੇ ਹਨ, ਉਥੇ ਇਸਦਾ ਇੱਕ ਵੱਡਾ ਕਾਰਨ ਸਾਡੀ ਅਗਿਆਨੀ ਤੇ ਅੰਧ ਵਿਸ਼ਵਾਸ਼ੀ ਸੋਚ ਵੀ ਹੈ। ਪੁਜਾਰੀਆਂ ਤੇ ਪਰਿਵਾਰ ਵਲੋਂ ਸਾਨੂੰ ਬਚਪਨ ਤੋਂ ਸਿਖਾ ਦਿੱਤਾ ਜਾਂਦਾ ਹੈ ਕਿ ਧਰਮ ਸ਼ਰਧਾ ਨਾਲ ਸੱਚੋ-ਸੱਚ ਮੰਨਣ ਦਾ ਵਿਸ਼ਾ ਹੈ, ਧਰਮ ਵਿੱਚ ਤਰਕ, ਦਲੀਲ ਨੂੰ ਕੋਈ ਥਾਂ ਨਹੀਂ, ਧਰਮ ਵਿੱਚ ਕਿਸੇ ਕਿੰਤੂ ਪ੍ਰੰਤੂ ਦੀ ਕੋਈ ਗੁੰਜ਼ਾਇਸ਼ ਨਹੀਂ, ਸੱਚਾ ਸ਼ਰਧਾਲੂ ਉਹ ਹੁੰਦਾ ਹੈ, ਜੋ ਸਭ ਕੁੱਝ ਅੱਗੇ ਬਿਨਾਂ ਕਿਸੇ ਸਵਾਲ ਜਾਂ ਕਿੰਤੂ ਦੇ ਅੱਖਾਂ ਮੀਟ ਕੇ ਸ਼ਰਧਾ ਨਾਲ ਸਿਰ ਝੁਕਾ ਦੇਵੇ। ਜਦੋਂ ਤੱਕ ਬੱਚਾ ਹੋਸ਼ ਸੰਭਾਲਦਾ ਹੈ, ਉਦੋਂ ਤੱਕ ਉਸਦੀ ਧਰਮ ਪ੍ਰਤੀ ਹਰ ਪੱਖੋਂ ਇਤਨੀ ਕੰਡੀਸ਼ਨਿੰਗ ਜਾਂ ਟਿਊਨਿੰਗ ਹੋ ਚੁੱਕੀ ਹੁੰਦੀ ਹੈ ਕਿ ਉਸਨੂੰ ਕਦੀ ਇਹ ਖਿਆਲ ਵੀ ਨਹੀਂ ਆਉਂਦਾ ਕਿ ਧਰਮ ਵਿੱਚ ਕੁੱਝ ਗਲਤ ਵੀ ਹੋ ਸਕਦਾ ਹੈ, ਜੇ ਕਦੇ ਉਸਨੂੰ ਕੁੱਝ ਗਲਤ ਲਗਦਾ ਵੀ ਹੈ ਤਾਂ ਉਸਨੂੰ ਇਹ ਕਹਿ ਕਿ ਸਮਝਾ ਦਿੱਤਾ ਜਾਂਦਾ ਹੈ ਜਾਂ ਚੁੱਪ ਕਰਾ ਦਿੱਤਾ ਜਾਂਦਾ ਹੈ ਕਿ ਧਰਮ ਵਿੱਚ ਕੋਈ ਕਮੀ ਨਹੀਂ, ਧਰਮ ਬਿਲਕੁੱਲ ਸੰਪੂਰਨ ਹੈ, ਜੋ ਕੁੱਝ ਗਲਤ ਲਗਦਾ ਹੈ, ਉਹ ਕਿਸੇ ਵਿਅਕਤੀ ਵਿਸ਼ੇਸ਼ ਕਰਕੇ ਹੈ, ਨਾ ਕਿ ਧਰਮ ਕਰਕੇ, ਇਸ ਲਈ ਤੈਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਨਹੀਂ, ਜੋ ਕਰਨਗੇ ਸੋ ਭਰਨਗੇ। ਰੱਬ ਬੜਾ ਨਿਆਂਕਾਰ ਹੈ, ਉਸਦੇ ਘਰ ਦੇਰ ਹੈ, ਪਰ ਅੰਧੇਰ ਨਹੀਂ। ਮਨੁੱਖ ਪੁਜਾਰੀਆਂ ਜਾਂ ਅਖੌਤੀ ਧਰਮੀਆਂ ਦੀ ਇਸ ਗੱਲ ਨੂੰ ਸੱਚ ਮੰਨ ਕੇ ਚੁੱਪ ਕਰ ਜਾਂਦਾ ਹੈ, ਉਸਨੂੰ ਫਿਰ ਕਦੇ ਖਿਆਲ ਹੀ ਨਹੀਂ ਆਉਂਦਾ ਕਿ ਰੱਬ ਦੇ ਘਰ ਕਿਤਨੀ ਕੁ ਦੇਰ ਹੈ, ਉਸਦੀ ਸਾਰੀ ਉਮਰ ਲੰਘ ਗਈ, ਕੋਈ ਸੁਧਾਰ ਨਹੀਂ ਹੋਇਆ? ਕੋਈ ਨਿਆਂ ਨਹੀਂ ਹੋਇਆ? ਕੁੱਝ ਬਦਲਿਆ ਨਹੀਂ? ਸਮਾਜ ਨੂੰ ਲੁੱਟਣ ਵਾਲੇ ਉਸੇ ਤਰ੍ਹਾਂ ਮੌਜਾਂ ਕਰਦੇ ਹਨ, ਦੂਜਿਆਂ ਦੀ ਕਿਰਤ ਤੇ ਡਾਕਾ ਮਾਰਨ ਵਾਲੇ ਸਾਰੀ ਉਮਰ ਐਸ਼ਾਂ ਕਰਦੇ ਹਨ, ਇੱਕ ਆਮ ਵਿਅਕਤੀ ਰੋਟੀ, ਕੱਪੜਾ ਤੇ ਮਾਕਨ ਦੀ ਘੁੰਮਣਘੇਰੀ ਵਿੱਚ ਫਸਿਆ ਹੀ ਸੰਸਾਰ ਤੋਂ ਕੂਚ ਕਰ ਜਾਂਦਾ ਹੈ? ਉਸਨੂੰ ਖਿਆਲ ਹੀ ਨਹੀਂ ਆਉਂਦਾ ਕਿ ਇਥੇ ਤਾਂ ਹਨ੍ਹੇਰ ਹੀ ਹਨ੍ਹੇਰ ਹੈ, ਸਵੇਰ ਕਦੇ ਆਉਂਦੀ ਹੀ ਨਹੀਂ, ਰੱਬ ਕਿਸੇ ਸੱਤਵੇਂ ਅਸਮਾਨ ਤੇ ਪਰੀਆਂ ਦੇ ਦੇਸ਼ ਵਿੱਚ ਸਵਰਗਾਂ ਦਾ ਆਨੰਦ ਮਾਣ ਰਿਹਾ ਹੈ, ਜਿਥੇ ਬੜੇ ਸੋਹਣੇ ਮਹੱਲ, ਦੁੱਧ, ਸ਼ਹਿਦ, ਸ਼ਰਾਬ ਆਦਿ ਦੀਆਂ ਨਦੀਆਂ ਵਗਦੀਆਂ ਹਨ? ਉਹ ਰੱਬ ਕਦੇ ਆਪਣੇ ਦੁਖੀ ਤੇ ਮੁਸੀਬਤਾਂ ਵਿੱਚ ਘਿਰੇ ਸ਼ਰਧਾਲੂਆਂ ਦੀ ਸਾਰ ਲੈਣ ਨਹੀਂ ਆਇਆ? ਇਸ ਧਰਤੀ ਤੇ ਜੇ ਕਿਸੇ ਨੇ ਕੁੱਝ ਪ੍ਰਾਪਤ ਕੀਤਾ ਜਾਂ ਕੁੱਝ ਸੁਧਾਰ ਹੋਇਆ, ਉਹ ਉਨ੍ਹਾਂ ਹਿੰਮਤੀ ਤੇ ਇਨਕਲਾਬੀ ਪੁਰਸ਼ਾਂ ਸਦਕਾ ਹੋਇਆ, ਜਿਹੜੇ ਮਨੁੱਖਤਾ ਜਾਂ ਸਮਾਜ ਦੀ ਭਲਾਈ ਲਈ ਘਰੋਂ ਤੁਰੇ ਸਨ। ਸ਼ਰਧਾਲੂਆਂ ਦੇ ਪੂਜਾ-ਪਾਠਾਂ ਜਾਂ ਮੰਤਰਾਂ ਜਾਂ ਸਿਮਰਨਾਂ ਨਾਲ ਸਮਾਜ ਦਾ ਕੁੱਝ ਨਹੀਂ ਸੰਵਰਿਆ ਤੇ ਨਾ ਹੀ ਸ਼ਰਧਲੂਆ ਦਾ ਹੀ ਕੁੱਝ ਬਣਿਆ?
ਪੁਜਾਰੀਆਂ ਨੇ ਜਥੇਬੰਧਕ ਧਰਮਾਂ ਦਾ ਸਿਸਟਮ ਹੀ ਅਜਿਹਾ ਬਣਾ ਦਿੱਤਾ ਹੈ ਕਿ ਮਨੁੱਖ ਇਨ੍ਹਾਂ ਮੰਤਰਾਂ, ਜੰਤਰਾਂ, ਤੰਤਰਾਂ, ਨਾਮ-ਸਿਮਰਨਾਂ, ਭਜਨ-ਬੰਦਗੀਆਂ, ਜਪਾਂ-ਤਪਾਂ ਦੇ ਨਸ਼ੇ ਵਿੱਚ ਬੇਹੋਸ਼ ਹੋਇਆ, ਆਪਣੇ ਆਪ ਨੂੰ ਧਰਮੀ ਹੋਣ ਦਾ ਭਰਮ ਪਾਲਦਾ ਰਹਿੰਦਾ ਹੈ, ਉਸਨੂੰ ਪਤਾ ਹੀ ਨਹੀਂ ਕਿ ਧਰਮ ਤਾਂ ਉਸਦੇ ਅੰਦਰੋਂ ਬਾਹਰੋਂ ਜਾਗ ਜਾਣ ਦਾ ਨਾਮ ਹੈ। ਅੱਖਾਂ ਮੀਟ ਕੇ, ਸਿਰ ਸੁੱਟ ਕੇ, ਅੰਧ ਵਿਸ਼ਵਾਸ਼ੀ ਤੇ ਕਰਮਕਾਂਡੀ ਮਰਿਯਾਦਾਵਾਂ ਨੂੰ ਨਿਭਾਉਣ ਦਾ ਨਾਮ ਧਰਮ ਨਹੀਂ ਹੈ? ਧਰਮ ਆਪਣੇ ਅੰਦਰ ਤੇ ਸਾਰੀ ਸ੍ਰਿਸ਼ਟੀ ਵਿੱਚ ਜਗਦੀ ਉਸ ਰੱਬੀ ਜੋਤ (ਚੇਤੰਨਤਾ) ਦੇ ਸੱਚ ਨੂੰ ਪਛਾਣ ਲੈਣ ਅਤੇ ਆਪਣੇ ਮਨ ਨੂੰ ਦੁਨਿਆਵੀ ਵਿਸ਼ੇ ਵਿਕਾਰਾਂ ਤੋਂ ਜਿੱਤ ਕੇ ਸਦੀਵੀ ਆਨੰਦ ਵਿੱਚ ਜੀਣ ਦਾ ਨਾਮ ਹੈ। ਸੱਚੇ ਧਰਮ ਦਾ ਬਾਹਰੀ ਪੂਜਾ-ਪਾਠ, ਬਾਹਰੀ ਪਹਿਰਾਵਿਆਂ, ਬਾਹਰੀ ਮਰਿਯਾਦਾਵਾਂ, ਬਾਹਰੀ ਧਰਮ ਚਿੰਨ੍ਹਾਂ, ਬਾਹਰੀ ਕਰਮਕਾਂਡਾਂ ਨਾਲ ਕੋਈ ਸਬੰਧ ਨਹੀਂ। ਇਹ ਸਭ ਤਾਂ ਪੁਜਾਰੀਆਂ ਦੇ ਆਪਣਾ ਬਿਜਨੈਸ ਚਲਾਉਣ ਦੇ ਸੰਦ ਤੋਂ ਵੱਧ ਕੁੱਝ ਨਹੀਂ ਹੈ। ਆਉ ਆਪਣੇ ਮਨਾਂ ਵਿਚੋਂ ਹਰ ਤਰ੍ਹਾਂ ਦੇ ਡਰ ਤੇ ਲਾਲਚ ਤਿਆਗ ਕੇ ਧਰਮ ਨੂੰ ਮੰਨਣ ਦੀ ਥਾਂ ਜਾਨਣ ਦਾ ਵਿਸ਼ਾ ਬਣਾਈਏ। ਧਰਮ ਮੰਨਣ ਦਾ ਨਹੀਂ, ਜਾਨਣ ਤੇ ਖੋਜ ਦਾ ਵਿਸ਼ਾ ਹੈ। ਇਹ ਖੋਜ ਆਪਣੇ ਆਪੇ ਤੋਂ ਸ਼ੁਰੂ ਹੋ ਕੇ ਸਾਰੇ ਬ੍ਰਹਿਮੰਡ ਤੱਕ ਜਾ ਸਕਦੀ ਹੈ। ਆਪਣੇ ਆਪੇ ਨੂੰ ਪਛਾਣੀਏ, ਆਪਣੇ ਅੰਦਰ ਛੁਪੀ ਉਸ ਸ਼ਕਤੀ ਨੂੰ ਪਛਾਣੀਏ, ਜਿਸ ਨਾਲ ਅਸੀਂ ਸਭ ਕੁੱਝ ਕਰਨ ਦੇ ਸਮਰੱਥ ਹਾਂ। ਅਸੀਂ ਕਿਸੇ ਦੇ ਮੁਥਾਜ਼ ਕਿਉਂ ਬਣੀਏ? ਧਰਮ ਅਸਥਾਨਾਂ ਵਿੱਚ ਸਮਾਂ ਖਰਾਬ ਕਰਕੇ ਕਿਸੇ ਦਾ ਕਦੇ ਕੁੱਝ ਨਹੀਂ ਸੰਵਰਿਆ, ਅਖੌਤੀ ਨਾਮ-ਸਿਮਰਨਾਂ, ਪੂਜਾ-ਪਾਠਾਂ, ਮੰਤਰ ਜਾਪਾਂ, ਜਪਾਂ-ਤਪਾਂ, ਭਜਨ-ਬੰਦਗੀਆਂ ਨੇ ਮਨੁੱਖਤਾ ਦਾ ਕੁੱਝ ਨਹੀਂ ਸੰਵਾਰਿਆ, ਸਗੋਂ ਮਨੁੱਖ ਨੇ ਆਪਣੇ ਜੀਵਨ ਦਾ ਅਮੁੱਲਾ ਸਮਾਂ ਪੁਜਾਰੀਆਂ ਮਗਰ ਲੱਗ ਕੇ ਅਜਿਹੇ ਕਰਮਕਾਂਡਾਂ ਵਿੱਚ ਬਰਬਾਦ ਹੀ ਕੀਤਾ ਹੈ। ਸਾਨੂੰ ਪਹਿਲਾਂ ਆਪਣਾ ਆਪ ਸੰਵਰਨਾ ਪਵੇਗਾ, ਫਿਰ ਸਮਾਜ ਨੂੰ ਚੰਗਾ ਬਣਾਉਣ ਲਈ ਆਪਣਾ ਬਣਦਾ ਯੋਗਦਾਨ ਪਾ ਸਕਾਂਗੇ ਤਾਂ ਹੀ ਫਿਰ ਸੱਚੇ ਧਰਮੀ ਬਣ ਸਕਾਂਗੇ। ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਕਰਨੀ ਪਵੇਗੀ, ਜੇ ਅਸੀਂ ਆਪ ਅਗਿਆਨਤਾ ਦੇ ਹਨ੍ਹੇਰੇ ਵਿੱਚ ਭਟਕ ਰਹੇ ਤਾਂ ਕਿਸੇ ਨੂੰ ਰਾਹ ਕੀ ਦਿਖਾ ਸਕਦੇ ਹਾਂ। ਪੁਜਾਰੀਆਂ ਵਲੋਂ ਸਿਖਾਏ ਜਾਂਦੇ ਧਰਮਾਂ ਵਿੱਚ ਫਸ ਕੇ ਸਾਡੀ ਸੋਚ ਸੰਕੀਰਣ ਜਾਂ ਫਿਰਕੂ ਤਾਂ ਹੋ ਸਕਦੀ ਹੈ, ਬ੍ਰਹਿੰਮਡੀ ਜਾਂ ਸਰਬਤ ਦੇ ਭਲੇ ਵਾਲੀ ਨਹੀਂ ਹੋ ਸਕਦੀ। ਹੰਭਲਾ ਮਾਰੋ, ਆਪਾ ਬਦਲਣ ਲਈ ਤੇ ਫਿਰ ਸਮਾਜ ਬਦਲਣ ਲਈ। ਦੰਭੀ ਤੇ ਪਾਖੰਡੀ, ਤੁਹਾਡੇ ਸੱਚ ਤੇ ਗਿਆਨ ਅੱਗੇ ਖੜ ਨਹੀਂ ਸਕਣਗੇ! ਲੋੜ ਸਿਰਫ ਆਪਣੇ ਆਪ ਵਿੱਚ ਹਿੰਮਤ ਪੈਦਾ ਕਰਨ ਦੀ ਹੈ, ਉਸਦੀ ਸਿਰਫ ਗਿਆਨ ਪ੍ਰਾਪਤ ਕਰਨ ਤੋਂ ਹੋ ਸਕਦੀ ਹੈ? ਆਪ ਚੀਨਣ ਤੋਂ ਹੋ ਸਕਦੀ ਹੈ? ਆਪਾ ਜਾਨਣ ਤੋਂ ਹੋ ਸਕਦੀ ਹੈ? ਆਪਣੇ ਅੰਦਰ ਝਾਤੀ ਮਾਰਨ ਤੋਂ ਹੋ ਸਕਦੀ ਹੈ?




.