.

“ਪਾਠੰਤਰ ਵੀਚਾਰ ਭਾਗ-2”

“ਡਰਤੁ”

“ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ”

ਇਸ ਪੰਕਤੀ ਵਿਚ ਆਇਆ ਲਫ਼ਜ਼ ‘ਡਰਤੁ’ ਦੇ ਪ੍ਰੋ ਸਾਹਿਬ ਸਿੰਘ ਜੀ ਅਤੇ ਗਿ. ਹਰਬੰਸ ਸਿੰਘ, ਅਰਥ “ਡਰਦਾ ਹੈ” ਕਰਦੇ ਹਨ ਜੋ ਕਿ ਗੁਰਬਾਣੀ ਵਿਆਕਰਣ ਅਨੁਸਾਰ ਠੀਕ ਨਹੀਂ ਹੈ| ਗੁਰਬਾਣੀ ਵਿਚ ਇਹ ਲਫਜ ਦੋ ਵਾਰ ਆਇਆ ਹੈ ਇਕ ਵਾਰ ‘ਡਰਤੁ’ ਔਂਕੜ ਸਹਿਤ ਅਤੇ ਇਕ ਵਾਰ ‘ਡਰਤ’ ਮੁਕਤੇ ਰੂਪ ਵਿਚ ਗੁਰਬਾਣੀ ਵਿਆਕਰਣ ਅਨੁਸਾਰ ਲਫ਼ਜ਼ ‘ਡਰਤ’ ਕਿਰਿਆ ਹੈ ਜਿਸ ਦੇ ਅਰਥ ‘ਡਰਦਾ ਹੈ/ਡਰਦੀ ਹੈ ਬਣਦੇ ਹਨ ਜਿਵੇਂ-:

“ਮਾਈ ਸੁਨਤ ਸੋਚ ਭੈ ਡਰਤ”

ਇਥੇ ‘ਡਰਤ’ ਦਾ ਅਰਥ “ਡਰਦੀ ਹਾਂ” ਉਪਰੋਕਤ ਵਿਦਵਾਨਾ ਨੇ ਕੀਤਾ ਹੈ ਜੋ ਕਿ ਲਗ ਮਾਤ੍ਰੀ ਨਿਯਮਾਂਵਲੀ ਮੁਤਾਬਕ ਹੈ ਪਰ ਏਥੇ ਇਹ ਅਰਥ ਨਹੀਂ ਬਣ ਸਕਦਾ -:

“ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ “

ਇਸ ਪੰਕਤੀ ਵਿਚ ਇਹ ਲਫਜ “ਕਿਰਿਆ ਵਿਸ਼ੇਸ਼ਣ”ਹੈ ਇਸਦਾ ਗੁਰਬਾਣੀ ਵਿਆਕਰਣ ਅਨੁਸਾਰ ਅਰਥ ਬਣੇਗਾ ‘ਡਰਨ ਵਾਲਾ, ਡਰਪੋਕ’ ਜੇਕਰ ਔਂਕੜ ਇਸ ਲਫਜ ਨੂੰ ਨਾਂ ਹੁੰਦੀ ਤਾਂ ਕਿਰਿਆ ਰੂਪ ਵਿਚ ਅਰਥ ਹੁੰਦੇ| ਇਸ ਪੰਕਤੀ ਤੋਂ ਬਾਦ ਏਸੇ ਸ਼ਬਦ ਵਿਚ ਦੂਜੀ ਤੁਕੀ ਵਿਚ ਇਕ ਲਫਜ ਹੈ ‘ਵਿਸਾਰਣੁ’ ਇਹ ਭੀ ਕਿਰਿਆ ਵਿਸ਼ੇਸ਼ਣ ਹੈ ਇਸਦੇ ਅਰਥ ਵਿਦਵਾਨਾਂ ਨੇ ਸਹੀ ਕੀਤੇ ਹਨ “ਦੂਖਾਂ ਨੂੰ ਦੂਰ ਕਰਨ ਵਾਲਾ, ਵਿਸਰਜਿਤ ਕਰਣ ਵਾਲਾ” ਸੋ ਇਹ ਦੋਵੇਂ ਲਫ਼ਜ਼ ਇਕ ਹੀ ਸ਼੍ਰੇਣੀ ਦੇ ਹਨ ਉਪਰੋਕਤ ਪੰਕਤੀ ਦੇ ਅਰਥ ਇਸ ਪ੍ਕਾਰ ਬਣਦੇ ਹਨ-:

“ ਮੇਰਾ ਦਿਲ ਡਰਣ ਵਾਲਾ (ਡਰਪੋਕ ਹੈ) ਮੈਂ ਕਿਸ ਅਗੇ ਆਪਣੇ ਦੁਖਾਂ ਦੀ ਪੁਕਾਰ ਕਰਾਂ ?”

‘ਨਚ, ਨਚਿ

ਗੁਰਬਾਣੀ ਵਿਚ “ਨਚਿ” ਪਦ ਇਸ ਰੂਪ ਵਿਚ ਛੇ ਬਾਰ ਆਇਆ ਹੈ, ਗੁਰਬਾਣੀ ਵਿਆਕਰਣ ਅਨੁਸਾਰ ਇਹ ਪਦ’ ਪੂਰਬ ਪੂਰਣ ਕਿਰਦੰਤ’ ਹੈ ਇਸਦਾ ਅਰਥ ਹੈ ‘ਨੱਚ ਕੇ’ ਜਿਵੇਂ-:

“ਨਚਿ ਨਚਿ ਟਪਹਿ ਬਹੁਤੁ ਦੁਖੁ ਪਾਵਹਿ”

ਨਚਿ ਨਚਿ- ਨੱਚ ਨੱਚ ਕੇ| ਉਚਾਰਣ ਸਮੇਂ ‘ਨ’ ਅੱਖਰ ਉਪਰ ਬਲ ਧੁਨੀ ਦਾ ਪ੍ਰਯੋਗ ਕਰਨਾ ਹੈ,

“ ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ”

ਨਚਿ- ਨੱਚ ਕੇ|

“ਨਚ”

ਗੁਰਬਾਣੀ ਵਿਚ ਇਹ ਪਦ ਅਠ੍ਹਾਰਾਂ ਵਾਰ ਆਇਆ ਹੈ ਇਸ ਪਦ ਦੇ ਉਚਾਰਣ ਵਿਚ ਆਮ ਕਰਕੇ ਬੜ੍ਹੀ ਲਾਪਰਵਾਹੀ ਵੇਖੀਦੀ ਹੈ, ਇਹ ਪਦ ਦਾ, ਗੁਰਬਾਣੀ ਵਿਆਕਰਣ ਅਨੁਸਾਰ ‘ਨ’ ਨਿਸ਼ੇਧ ਵਾਚਕ ਹੈ ਅਤੇ ‘ਚ’ ਅਵਿਐ (participle) ਹੈ ਇਸਦਾ ਪ੍ਰਸੰਗਕ ਅਰਥ ਹੈ ‘ਨਾ ਹੀ ਹੈ’ ਇਸਦਾ ਉਚਾਰਣ ਦੋਨਾਂ ਅੱਖਰਾਂ ਦਾ ਥੋੜਾ ਫਰਕ ਰਖ ਕੇ ਕਰਨਾ ਹੈ ‘ਨ ਚ’ ਵਾਂਗ - :

“ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ”

ਨਚ- ਉਚਾਰਣ ‘ਨ ਚ’ ਵਾਂਗ

‘ਨਚ ਦੁਰਲਭੰ ਧਨੰ ਰੂਪੰ ਨਚ ਦੁਰਲਭੰ ਸ੍ਵਰਗ ਰਾਜਨਹ’

ਨਚ- ‘ਨ ਚ’ ਵਾਂਗ ਉਚਾਰਣ

“ਕਪਿ”

ਗੁਰਬਾਣੀ ਵਿਚ ‘ਕਪਿ’ ਲਫਜ਼ ਕੇਵਲ ਤਿੰਨ ਵਾਰ ਹੀ ਆਇਆ ਹੈ, ਗੁਰਬਾਣੀ ਵਿਆਕਰਣ ਅਨੁਸਾਰ ਇਹ ਲਫਜ਼ ਪੁਲਿੰਗ ਨਾਂਵ ਹੈ ਸੰਸਕ੍ਰਿਤ ਵਿਚ ਇਹ ਲਫਜ਼ ‘कपी’ ਹੈ ਪੰਜਾਬੀ ਵਿਚ ਆਉਣ ਤੇ ਇਸਦੀ ਬਿਹਾਰੀ ਸਿਹਾਰੀ ਵਿਚ ਤਬਦੀਲ ਹੋ ਗਈ, ਪੰਜਾਬੀ ਵਿਚ ਤਦਭਵ ਰੂਪ ‘ਚ ਇਹ ਸਿਹਾਰੀ ਇਸਦੀ ਮੂਲਕ ਤੌਰ ਤੇ ਆਈ ਹੈ -:

“ਜਿਉ ਕਪਿ ਕੇ ਕਰ ਮੁਸਟਿ ਚਨਨ ਕੀ ਲੁਬਧਿ ਨ ਤਿਆਗੁ ਦਇਓ”

ਕਪਿ-{ਸੰਸਕ੍ਰਿਤ ਤੋਂ ਪੁਲਿੰਗ ਨਾਂਵ ਇਕਵਚਨ} ਬਾਂਦਰ

“ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ”

ਕਪਿ- {ਪੁਲਿੰਗ ਨਾਂਵ} {ਇਥੇ ਕਪਿ ਦਾ ਅਰਥ ‘ਬਲਦ’ ਵਧੇਰੇ ਢੁਕਦਾ ਹੈ}

“ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ”

ਕਪਿ-ਇਹ ਲਫਜ਼ ਉਪਰਲੇ ਲਫਜ਼ਾਂ ਤੋਂ ਭਿੰਨ ਹੈ, ਇਸ ਨਾਲ ਆਈ ਸਿਹਾਰੀ ਕਾਰਦੰਤਕ ਦੀ ਵਾਚਕ ਹੈ {ਕਿਰਿਆ, ਪੂਰਬ ਪੂਰਣ ਕਿਰਦੰਤ ਇਕਵਚਨ} ਕੱਟ ਕੇ ਕੁੱਝ ਪੁਲਿੰਗ ਜੋ ਸੰਸਕ੍ਰਿਤ ਤੋਂ ਸਿਹਾਰੀ ਸਹਿਤ ਆਏ ਹਨ-:

ਗਿਰਿ, ਰਵਿ, ਨਰਪਤਿ, ਨ੍ਰਿਪਤਿ, ਪਤਿ, ਜਲਧਿ, ਕਲਿ, ਹਰਿ, ਹਸਤਿ, ਮੁਰਾਰਿ, ਰਿਖਿ, ਸੁਰਪਤਿ ਆਦਿ

“ਖਤੇਕਰ”

“ਖਤਿਅਹੁ ਜੰਮੇ ਖਤੇ ਕਰਨਿ ਤ ਖਤੀਆ ਵਿਚਿ ਪਾਹਿ” (149)

ਗੁਰੂ ਗ੍ਰੰਥ ਸਾਹਿਬ ਜੀ ਵਿਚ ਇਹ ਪਾਵਨ ਪੰਕਤੀ ਇਸੇ ਤਰਾਂ ਹੀ ਪ੍ਰਿੰਟ ਹੈ, ਪ੍ਰੋ ਸਾਹਿਬ ਸਿੰਘ ਅਤੇ ਗਿ. ਹਰਬੰਸ ਸਿੰਘ ਨੇ ਓਪਰੋਕਤ ਪਾਠ ਦਰੁਸਤ ਮੰਨਿਆਂ ਹੈ , ਪ੍ਰੋ. ਸਾਹਿਬ ਸਿੰਘ ਜੀ ਇਸ ਸੰਬੰਧੀ ਨੋਟ ਦਿੰਦੇ ਹਨ -:

(ਕਰਨਿ-! ਨੋਟ ਪਦ ਛੇਦ ‘ਕਰ ਨਿਤ’ ਗਲਤ ਹੈ ਲਫਜ਼ ‘ਕਰਨਿ’ ਕਿਰਿਆ ਹੈ ਵਰਤਮਾਨ , ਅੰਨਪੁਰਖ ਬਹੁਵਚਨ )

ਇਹ ਗੱਲ ਤਾਂ ਬਿਲਕੁਲ ਠੀਕ ਹੈ ਕਿ ‘ਕਰਨਿ’ ਵਰਤਮਾਨ ਕਾਲ ਦੀ ਅਨ ਪੁਰਖੀ ਬਹੁਵਚਨੀ ਕਿਰਿਆ ਹੈ ਪਰ ਸ਼ਾਇਦ ਪ੍ਰੋ. ਸਾਹਿਬ ਸਿੰਘ ਜੀ ਨੇ ਲਫ਼ਜ਼ ‘ ਖਤੇ ਕਰ ‘ ਨੂੰ ਧਿਆਨ ਨਾਲ ਵਿਆਕਰਣ ਅਨੁਸਾਰ ਨਹੀਂ ਦੇਖਿਆ ;

ਲਫ਼ਜ਼ ‘ਖਤੇਕਰ’ ਫਾਰਸੀ ਦੇ ‘ਖਤਾਕਾਰ’ ਦਾ ਪੰਜਾਬੀ ਰੂਪਾਂਤਰ ਹੈ ਅਤੇ ਵਿਆਕਰਣ ਅਨੁਸਾਰ ਇਹ ਪਦ ਸਮਾਸੀ ਹੈ ਦੋ ਪਦਾਂ ਨੂੰ ਜੋੜ ਕੇ ਸਮਾਸ ਬਣਾਇਆ ਹੈ -:

ਖਤੇਕਰ - (ਸਮਾਸ) ਪਾਪ ਕਰਨ ਵਾਲੇ

ਗਲਵਡ - ( ਸਮਾਸ) ਗਲ ਵਡਣ ਵਾਲੇ

ਦੇਹਧਰ - (ਸਮਾਸ) ਦੇਹ ਧਾਰਨ ਵਾਲੇ

ਕੀੜੇਮਾਰ- (ਸਮਾਸ) ਕੀੜੇ ਮਾਰਨ ਵਾਲੀ

ਸੋ ਇਹਨਾਂ ਪ੍ਰਮਾਣਾ ਤੋਂ ਵਿਦਤ ਹੁੰਦਾ ਹੈ ਕਿ ‘ਖਤੇਕਰ’ ਇਕ ਜੁੜਤ ਰੂਪ ਵਿਚ ਸਯੁੰਕਤ ਸਮਾਸੀ ਸ਼ਬਦ ਹੈ, ਪ੍ਰੋ. ਸਾਹਿਬ ਸਿੰਘ ਜੀ ਮੁਤਾਬਕ ਜੇ ਪਾਠ ਪਦ-ਛੇਦ ਕਰੀਏ ਤਾ ਇਕ ਸਵਾਲ ਬਣ ਜਾਂਦਾ ਹੈ ਕਿ ਉਹਨਾ ਨੇ ‘ਕਰਨਿ’ ਕਿਰਿਆ ਤਾਂ ਬਣਾ ਦਿਤੀ ਪਰ ਅਗੇ ‘ਤ’ ਅੱਖਰ ਨੂੰ ਕਿਸ ਖਾਤੇ ਵਿਚ ਪਾਇਆ ਇਸ ਬਾਰੇ ਉਹਨਾਂ ਸਪਸ਼ੱਟ ਨਹੀਂ ਕੀਤਾ ? ਸੋ ਪੰਕਤੀ ਦਾ ਪਦ-ਛੇਦ ਰੂਪ ਅਤੇ ਅਰਥ ਇਸ ਪ੍ਰਕਾਰ ਹਨ:

‘ਖਤਿਅਹੁ ਜੰਮੇ ਖਤੇਕਰ ਨਿਤ ਖਤਿਆ ਵਿਚਿ ਪਾਹਿ’

ਖਤਿਅਹੁ- ਨਾਂਵ ਅਪਾਦਾਨ ਕਾਰਕ ਬਹੁਵਚਨ, ਪਾਪਾ ਤੋਂ , ਉਚਾਰਣ-ਖਤਿਅਹੁਂ (ਖਤਿਅਹੋਂ ਵਾਂਗ)

ਖਤੇਕਰ - ਨਾਂਵ ਤੋ ਵਿਸ਼ੇਸ਼ਣ (ਸਮਾਸ) ਪਾਪ ਕਰਨ ਵਾਲੇ , ਪਾਪੀ ਜੀਵ

ਅਰਥ

ਪਾਪੀ ਜੀਵ (ਪਾਪ ਕਰਨ ਵਾਲੇ) ਪਾਪਾ ਤੋਂ (ਪਾਪ ਕਮਾਉਣ ਕਾਰਨ) ਬਾਰ ਬਾਰ (ਵਿਕਾਰੀ ਜੂਨੀਆਂ ) ਵਿਚ ਆਏ , ਹੁਣ ਨਿਤ ਪਾਪਾਂ ਵਿਚ ਹੀ ਪਰਵਿਰਤ ਹੁੰਦੇ ਹਨ|

{ ਪਾਠਕ ਸਜੱਣ ਸੁਝਾਉ ਭੇਜ ਸਕਦੇ ਹਨ}

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’

[email protected] 




.