.

ਭੱਟ ਬਾਣੀ-25

ਬਲਦੇਵ ਸਿੰਘ ਟੋਰਾਂਟੋ

ਨਾਮ ਕਿਤਿ ਸੰਸਾਰਿ ਕਿਰਣਿ ਰਵਿ ਸੁਰਤਰ ਸਾਖਹ।।

ਉਤਰਿ ਦਖਿਣਿ ਪੁਬਿ ਦੇਸਿ ਪਸ੍ਚਮਿ ਜਸੁ ਭਾਖਹ।।

ਜਨਮੁ ਤ ਇਹੁ ਸਕਯਥੁ ਜਿਤੁ ਨਾਮੁ ਹਰਿ ਰਿਦੈ ਨਿਵਾਸੈ।।

ਸੁਰਿ ਨਰ ਗਣ ਗੰਧਰਬ ਛਿਅ ਦਰਸਨ ਆਸਾਸੈ।।

ਭਲਉ ਪ੍ਰਸਿਧੁ ਤੇਜੋ ਤਨੌ ਕਲ੍ਯ੍ਯ ਜੋੜਿ ਕਰ ਧ੍ਯ੍ਯਾਇਅਓ।।

ਸੋਈ ਨਾਮੁ ਭਗਤ ਭਵਜਲ ਹਰਣੁ ਗੁਰ ਅਮਰਦਾਸ ਤੈ ਪਾਇਓ।। ੫।।

(ਪੰਨਾ ੧੩੯੩)

ਪਦ ਅਰਥ:- ਨਾਮ – ਸੱਚ। ਕਿਤਿ – ਕੀਰਤ, ਯਸ਼। ਸੰਸਾਰਿ – ਸੰਸਾਰ ਵਿੱਚ। ਕਿਰਣਿ ਰਵਿ – ਸੂਰਜ ਦੀ ਕਿਰਣ ਵਾਂਗ। ਸੁਰ – ਇੱਕ ਸੁਰ ਹੋ ਕੇ (a devotee to God)ਤਰ – ਤਰ ਹੋਣਾ, ਭਿਜ ਜਾਣਾ। ਸੁਰਤਰ – ਇਕੁ ਸੁਰ ਹੋ ਕੇ ਸੱਚ ਨੂੰ ਸਮਰਪਤ ਹੋਣਾ। ਇਹ ਸੱਚ ਰੂਪ ਗਿਆਨ ਹੀ ਸੰਸਾਰ ਦੀ ਹਰੇਕ ਸ਼ਾਖ਼ ਭਾਵ ਹਰੇਕ ਫ਼ਿਰਕੇ ਉੱਪਰ ਸੂਰਜ ਦੀ ਕਿਰਣ ਵਾਂਗ ਪਵੇ ਤਾਂ ਜੋ ਸੰਸਾਰ ਦਾ ਹਰੇਕ ਫ਼ਿਰਕਾ ਇਕੁ ਸੱਚ ਰੂਪ ਕਰਤੇ ਨੂੰ ਸਮਰਪਤ ਹੋ ਸਕੇ। ਉਤਰਿ ਦਖਿਣਿ – ਉੱਤਰ ਦੱਖਣ ਦਿਸ਼ਾਵਾਂ। ਪੁਬਿ – ਪੂਰਬ। ਪਸ੍ਚਮਿ – ਪੱਛਮ। ਦੇਸਿ – ਦਿਸ਼ਾ। ਜਸੁ ਭਾਖਹ – ਪ੍ਰਚਾਰਨਾ, ਪ੍ਰਚਾਰ ਕਰਨਾ। ਸਕਯਥੁ – ਸਫਲ। ਜਨਮੁ ਤ ਇਹੁ ਸਕਯਥੁ – ਇਹ ਜੀਵਨ ਤਾਂ ਹੀ ਉਸ ਦਾ ਸਫਲ ਹੈ। ਨਾਮੁ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾ ਲੈਣਾ। ਜਿਤੁ – ਜਿਸ ਨੇ, ਜਿਨ੍ਹਾਂ ਨੇ। ਜਿਤੁ ਨਾਮੁ ਹਰਿ ਰਿਦੈ ਨਿਵਾਸੈ – ਜਿਨ੍ਹਾਂ ਨੇ ਇਕੁ ਸੱਚ ਰੂਪ ਹਰੀ ਨੂੰ ਅਪਣਾ ਕੇ ਆਪਣੇ ਹਿਰਦੇ ਅੰਦਰ ਵਸਾ ਲਿਆ। ਗਣ – ਗਰੋਹ, ਝੁੰਡ। ਗੰਧਰਬ – ਅਖੌਤੀ ਦੇਵਤੇ। ਛਿਅ ਦਰਸਨ – ਕਰਮ-ਕਾਂਡੀਆਂ ਦੇ ਛੇ ਫ਼ਿਰਕੇ। ਆਸਾਸੈ - ਸਹਾਰਾ ਦੇਣ ਦੀ ਕਿਰਿਆ। ਆਸਾਸੈ, ਅਸਾਸਨ ਤੋਂ ਹੈ ਦੇਖੋ (ਮ: ਕੋਸ਼)। ਭਲਉ ਪ੍ਰਸਿਧੁ – ਪ੍ਰਸਿਧ ਹੋਏ। ਤੇਜੋ – ਤਜ ਦੇਣਾ, ਮੁਕਤ ਹੋ ਜਾਣਾ। ਤਨੌ – ਆਪਣੇ ਤਨ ਦੇ ਅੰਦਰੋਂ। ਜਿਵੇਂ ਤਨੋਂ ਮਨੋਂ। ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਨਾਮੁ-ਸੱਚ ਦਾ ਸਹਾਰਾ ਲਿਆ, ਉਹ ਮਨੁੱਖ ਕਰਮ-ਕਾਂਡੀਆਂ ਦੇ ਛੇ ਫ਼ਿਰਕਿਆ ਦੇ ਕਰਮ-ਕਾਂਡ `ਤੋਂ ਮੁਕਤ ਹੋਏ। ਕਲ੍ਯ੍ਯ - ਇਹ ਸ਼ਬਦ ਸੰਸਕ੍ਰਿਤ ਦੇ ‘ਕਲਹ` ਸ਼ਬਦ ਦਾ ਤਦਭਵ ਰੂਪ ਹੈ ਅਤੇ ਇਸ ਦਾ ਅਰਥ ਹੈ ਝਗੜਾ ਜਾਂ ਕਲੇਸ਼। ਗੁਰਬਾਣੀ ਵਿੱਚ ਇਸ ਸ਼ਬਦ ਨੂੰ ‘ਕਲਿ` ਰੂਪ ਵਿੱਚ ਵਰਤਦਿਆਂ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਕ੍ਰੋਧ ਦਾ ਮੂਲ ਆਧਾਰ ਮੰਨ ਕੇ ਦਇਆ ਤੋਂ ਸੱਖਣਾ ਦੱਸਿਆ ਹੈ—” ਹੇ ਕਲਿ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ” (ਅ. ਗ੍ਰੰ. ੧੩੫੮) ਦੇਖੋ ਪੰਜਾਬੀ ਸਾਹਿਤ ਸੰਦਰਭ ਕੋਸ਼ ਡਾ. ਰਤਨ ਸਿੰਘ ਜੱਗੀ। ਸੋ ਕਲਹ ਕਲੇਸ਼ ਝਗੜੇ ਦੀ ਜੜ੍ਹ (ਕਰਮ-ਕਾਂਡ) ਅਗਿਆਨਤਾ ਹੀ ਹੈ। ਜੋੜਿ ਕਰ – ਅੰਦਰੋਂ ਅਤੇ ਬਾਹਰੋਂ ਜੁੜਨਾ। “ਦੋਇ ਕਰ ਜੋੜਿ ਕਰਉ ਅਰਦਾਸਿ।। “ ਜਿਹੜੇ ਮੁਕਤ ਹੋਇ, ਉਨ੍ਹਾਂ ਜਨਾਂ ਨੇ ਅੰਦਰੋਂ ਅਤੇ ਬਾਹਰੋਂ ਇੱਕ ਹੋ ਕੇ ਸੱਚ ਨੂੰ ਧਿਆਇਆ ਭਾਵ ਜੀਵਨ ਵਿੱਚ ਅਪਣਾਇਆ ਅਤੇ ਉਹ ਜਨ ਤਨੋਂ ਭਾਵ ਅੰਦਰੋਂ (ਅਵਤਾਰਵਾਦ ਦੇ ਕਰਮ-ਕਾਂਡ ਦੇ) ਭਰਮ ਨੂੰ ਕੱਢ ਦੇਣ ਕਾਰਨ ਜਗਤ ਪ੍ਰਸਿੱਧ ਹੋਏ। ਸੋਈ ਨਾਮੁ ਭਗਤ – ਇਸ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ ਭਗਤ-ਇਨਕਲਾਬੀ ਪੁਰਸ਼। ਭਵਜਲ – ਕਰਮ-ਕਾਂਡੀਆਂ ਦੇ ਕਰਮ-ਕਾਂਡਾਂ ਦਾ ਸਮੁੰਦਰ। ਹਰਣੁ – ਖ਼ਤਮ ਹੋਣਾ, ਹੋਇਆ। ਗੁਰ – ਆਤਮਿਕ ਗਿਆਨ ਦੀ ਸੂਝ। ਅਮਰਦਾਸ ਤੈ ਪਾਇਓ – ਉਹੀ ਗਿਆਨ ਹੇ ਅਮਰਦਾਸ! ਤੁਸਾਂ ਆਪ ਪ੍ਰਾਪਤ ਵੀ ਕੀਤਾ ਭਾਵ ਅਪਣਾਇਆ ਹੈ।

ਅਰਥ:- ਹੇ ਭਾਈ! ਇਹ ਸੱਚ ਸੰਸਾਰ ਦੀ ਹਰੇਕ ਦਿਸ਼ਾ, ਉੱਤਰ ਦੱਖਣ ਪੂਰਬ ਪੱਛਮ ਵੱਲ ਪ੍ਰਚਾਰਨਾ ਚਾਹੀਦਾ ਹੈ ਤਾਂ ਜੋ ਇਹ ਸੱਚ ਰੂਪ ਗਿਆਨ ਦੀ ਕਿਰਣ ਸੰਸਾਰ ਦੀ ਹਰੇਕ ਸਾਖ ਭਾਵ ਹਰੇਕ ਫ਼ਿਰਕੇ ਉੱਪਰ ਸੂਰਜ ਦੀ ਕਿਰਣ ਵਾਂਗ ਪਵੇ ਅਤੇ ਸੰਸਾਰ ਦਾ ਹਰੇਕ ਫ਼ਿਰਕਾ ਇਕੁ ਸੱਚ ਰੂਪ ਕਰਤੇ ਨੂੰ ਹੀ ਸਮਰਪਤ ਹੋ ਸਕੇ। ਇਹ ਜੀਵਨ ਤਾਂ ਉਨ੍ਹਾਂ ਦਾ ਹੀ ਸਫਲ ਹੈ, ਜਿਨ੍ਹਾਂ ਨੇ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਇਕੁ ਸੱਚ ਰੂਪ ਹਰੀ ਨੂੰ ਆਪਣੇ ਹਿਰਦੇ ਅੰਦਰ ਵਸਾ ਲਿਆ ਹੈ। ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਨਾਮੁ-ਸੱਚ ਦਾ ਸਹਾਰਾ ਲਿਆ, ਉਹ (ਕਰਮ-ਕਾਂਡੀਆਂ ਦੇ) ਛੇ ਫ਼ਿਰਕਿਆਂ ਦੇ ਅਖੌਤੀ ਦੇਵਤਿਆਂ ਦੇ ਗਿਰੋਹ ਦੇ ਕਰਮ-ਕਾਂਡ ਤੋਂ ਤਨ ਮਨ ਕਰਕੇ ਮੁਕਤ ਹੋਏ। ਜਿਹੜੇ ਮੁਕਤ ਹੋਏ, ਉਨ੍ਹਾਂ ਨੇ ਅੰਦਰੋਂ ਬਾਹਰੋਂ ਇੱਕ ਹੋ ਕੇ ਸੱਚ ਨੂੰ ਧਿਆਇਆ ਭਾਵ ਆਪਣੇ ਜੀਵਨ ਵਿੱਚ ਅਪਣਾਇਆ, ਉਹ ਜਨ ਆਪਣੇ ਅੰਦਰੋਂ ਅਗਿਆਨਤਾ (ਕਰਮ-ਕਾਂਡ) ਦੇ ਭਰਮ ਨੂੰ ਕੱਢ ਦੇਣ ਕਾਰਨ ਜਗਤ ਪ੍ਰਸਿੱਧ ਹੋਏ। ਇਸ ਤਰ੍ਹਾਂ ਸੱਚ ਨੂੰ ਹੀ ਆਪਣੇ ਜੀਵਨ ਵਿੱਚ ਅਪਣਾਉਣ ਵਾਲੇ ਹੀ ਭਗਤ-ਇਨਕਲਾਬੀ ਪੁਰਸ਼ ਹਨ, ਜਿਨ੍ਹਾਂ ਦਾ ਕਰਮ-ਕਾਂਡੀਆਂ ਦੇ ਕਰਮ-ਕਾਂਡਾਂ ਦੇ ਸਮੁੰਦਰ ਵਿੱਚ ਡੁੱਬਣ ਵਾਲੇ ਅਗਿਆਨ ਦਾ ਭਰਮ ਖ਼ਤਮ ਹੋਇਆ ਅਤੇ ਉਹੀ ਗੁਰ-ਗਿਆਨ ਅਮਰਦਾਸ ਜੀ, ਤੁਸੀਂ ਆਪ ਵੀ ਅਪਣਾਇਆ ਹੈ (ਭਾਵ ਅਮਰਦਾਸ ਜੀ ਜਿਸ ਸੱਚ ਦਾ ਪ੍ਰਚਾਰ ਕਰਦੇ ਹਨ ਉਹ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਅਪਣਾਇਆ ਵੀ ਹੈ)।

ਨਾਮੁ ਧਿਆਵਹਿ ਦੇਵ ਤੇਤੀਸ ਅਰੁ ਸਾਧਿਕ ਸਿਧ ਨਰ ਨਾਮਿ ਖੰਡ ਬ੍ਰਹਮੰਡ ਧਾਰੇ।।

ਜਹ ਨਾਮੁ ਸਮਾਧਿਓ ਹਰਖੁ ਸੋਗੁ ਸਮ ਕਰਿ ਸਹਾਰੇ।।

ਨਾਮੁ ਸਿਰੋਮਣਿ ਸਰਬ ਮੈ ਭਗਤ ਰਹੇ ਲਿਵ ਧਾਰਿ।।

ਸੋਈ ਨਾਮੁ ਪਦਾਰਥੁ ਅਮਰ ਗੁਰ ਤੁਸਿ ਦੀਓ ਕਰਤਾਰਿ।। ੬।।

(ਪੰਨਾ ੧੩੯੩)

ਪਦ ਅਰਥ:- ਨਾਮੁ – ਸੱਚ। ਨਾਮੁ ਧਿਆਵਹਿ ਦੇਵ ਤੇਤੀਸ – ਜਿਹੜੇ ਤੇਤੀ ਕਰੋੜ ਦੇਵਤਿਆਂ ਨੂੰ ਸੱਚੇ ਜਾਣ ਕੇ ਧਿਆਉਂਦੇ ਸਨ। ਸਿਧ – ਸਫਲ। ਅਰੁ ਸਾਧਿਕ ਸਿਧ ਨਰ ਨਾਮਿ – ਜੋ ਮਨੁੱਖ ਇਨ੍ਹਾਂ ਨੂੰ ਸਫਲ ਅਤੇ ਸੱਚੇ ਸਮਝ ਕੇ ਇਨ੍ਹਾ ਨੂੰ ਪ੍ਰਣਾਏ ਹੋਏ। ਖੰਡ ਬ੍ਰਹਮੰਡ ਧਾਰੇ – ਖੰਡ ਬ੍ਰਹਿਮੰਡ ਇਨ੍ਹਾਂ ਦੇ ਹੀ ਧਾਰੇ ਸਮਝਦੇ ਸਨ। ਜਹ ਨਾਮੁ ਸਮਾਧਿਓ – ਜਦੋਂ ਉਨ੍ਹਾਂ ਨੇ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਇਆ ਤਾਂ ਉਨ੍ਹਾਂ ਨੇ। ਹਰਖ ਸੋਗੁ ਸਮ ਕਰਿ ਸਹਾਰੇ - ਖ਼ੁਸ਼ੀ ਗ਼ਮੀ ਨੂੰ ਬਰਾਬਰ ਕਰਕੇ ਸਹਾਰਿਆ। ਨਾਮੁ ਸਿਰੋਮਣਿ ਸਰਬ ਮੈ – ਤਾਂ ਉਨ੍ਹਾਂ ਨੇ ਜਾਣਿਆ ਕਿ ਇੱਕ ਸੱਚ ਹੀ ਸਾਰਿਆਂ ਵਿੱਚੋਂ ਸ਼ਿਰੋਮਣੀ/ਸਰਵੋਤਮ ਹੈ। ਮੈ - ਵਿਚੋਂ। ਭਗਤ ਰਹੇ ਲਿਵ ਧਾਰਿ – ਜੋ ਭਗਤ-ਇਨਕਲਾਬੀ ਪੁਰਸ਼ਾਂ ਨੇ ਇੱਕ ਰਸ ਧਾਰਿਆ-ਅਪਣਾਇਆ ਹੋਇਆ ਹੈ, ਸੀ। ਸੋਈ ਨਾਮੁ ਪਦਾਰਥੁ ਅਮਰ ਗੁਰ ਤੁਸਿ ਦੀਓ ਕਰਤਾਰਿ – ਉਹੀ ਸੱਚ ਰੂਪ ਪਦਾਰਥ/ਵਸਤ ਗਿਆਨ ਕਰਤਾਰ ਨੇ ਅਮਰਦਾਸ ਜੀ! ਤੇਰੇ ਉੱਪਰ ਪ੍ਰਸੰਨ ਹੋ ਕੇ ਤੈਨੂੰ ਬਖ਼ਸ਼ਿਆ। ਗੁਰ – ਗਿਆਨ ਦੀ ਬਖ਼ਸ਼ਿਸ਼।

ਅਰਥ:- ਹੇ ਭਾਈ! ਜਿਹੜੇ ਮਨੁੱਖ ਪਹਿਲਾਂ ਤੇਤੀ ਕਰੋੜ ਦੇਵਤਿਆਂ ਨੂੰ ਧਿਆਉਂਦੇ ਸਨ ਅਤੇ ਉਨ੍ਹਾਂ ਨੂੰ ਸੱਚੇ, ਸਫਲ ਜਾਣ ਕੇ ਉਨ੍ਹਾਂ ਨੂੰ ਪ੍ਰਣਾਏ ਹੋਏ ਸਨ ਅਤੇ ਉਹ ਸਾਰੇ ਖੰਡਾਂ-ਬ੍ਰਹਿਮੰਡਾਂ ਨੂੰ ਇਨ੍ਹਾਂ (ਅਵਤਾਰਵਾਦੀਆਂ) ਦਾ ਹੀ ਆਸਰਾ ਸਮਝਦੇ ਸਨ, ਜਦੋਂ ਉਨ੍ਹਾਂ ਨੇ ਅਸਲ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਇਆ ਤਾਂ ਉਨ੍ਹਾਂ ਨੇ ਖ਼ੁਸ਼ੀ ਅਤੇ ਗ਼ਮੀ ਨੂੰ ਉਸ ਦੀ ਰਜ਼ਾ ਬਰਾਬਰ ਸਮਝ ਕੇ, ਕਰਕੇ ਸਹਾਰਿਆ (ਭਾਵ ਉਨ੍ਹਾਂ ਇਹ ਨਹੀਂ ਜਾਣਿਆ ਕਿ ਦੇਵਤੇ ਹੀ ਦੁੱਖ-ਸੁੱਖ ਦਿੰਦੇ ਹਨ ਅਤੇ ਉਨ੍ਹਾਂ ਨੇ ਦੁੱਖ ਸੁੱਖ ਨੂੰ ਅਕਾਲ ਪੁਰਖ ਦੀ ਰਜ਼ਾ ਕਰਕੇ ਜਾਣਿਆ)। ਉਨ੍ਹਾਂ ਨੇ ਇਹ ਜਾਣਿਆ ਕਿ ਸੱਚ ਹੀ ਸਾਰਿਆਂ ਤੋਂ ਸਰਵੋਤਮ ਹੈ ਜੋ ਇਨਕਲਾਬੀ ਪੁਰਸ਼ਾਂ ਨੇ ਇੱਕ ਰਸ ਅਪਣਾਇਆ ਹੋਇਆ ਸੀ। ਉਹੀ ਸੱਚ ਰੂਪ ਪਦਾਰਥ-ਗਿਆਨ, ਕਰਤਾਰ ਨੇ ਅਮਰਦਾਸ ਉੱਪਰ ਪ੍ਰਸੰਨ ਹੋ ਕਿ ਅਮਰਦਾਸ ਜੀ ਨੂੰ ਬਖ਼ਸ਼ਿਆ ਹੈ।




.