.

ਅੰਮ੍ਰਿਤ: ਸਵਾਲ-ਜਵਾਬ

(ਸੁਖਜੀਤ ਸਿੰਘ ਕਪੂਰਥਲਾ)

ਪਿਛਲੇ ਦਿਨੀ ਇੱਕ ਧਾਰਮਿਕ ਸੰਸਥਾ ਵਲੋਂ ਕਰਾਏ ਗਏ ਅੰਮ੍ਰਿਤ ਸੰਚਾਰ ਸਮਾਗਮ ਵਿੱਚ 53 ਪ੍ਰਾਣੀ ਗੁਰੂ ਵਾਲੇ ਬਣੇ। ਆਮ ਵੇਖਣ ਵਿੱਚ ਆਉਂਦਾ ਹੈ ਕਿ ਅੰਮ੍ਰਿਤ ਛਕਣ ਉਪਰੰਤ ਅੰਮ੍ਰਿਤਧਾਰੀ ਜੀਵਨ ਪ੍ਰਤੀ ਪੂਰੀ ਤੇ ਸਹੀ ਜਾਣਕਾਰੀ ਨਾ ਹੋਣ ਕਾਰਣ ਕਈ ਪ੍ਰਾਣੀ ਜਾਣੇ/ਅਣਜਾਣੇ ਵਿੱਚ ਅੰਮ੍ਰਿਤ ਤੋਂ ਦੂਰ ਚਲੇ ਜਾਂਦੇ ਹਨ, ਐਸੇ ਪ੍ਰਾਣੀਆਂ ਵਲ ਵੇਖਦੇ ਹੋਏ ਅਜ ਆਮ ਸਿਖ ਅੰਮ੍ਰਿਤ ਛਕਣ ਤੋਂ ਆਨਾਕਾਨੀ ਕਰਦੇ ਦਿਖਾਈ ਦਿੰਦੇ ਹਨ। ਐਸੇ ਪ੍ਰਾਣੀਆਂ ਵਲ ਵੇਖਦੇ ਹੋਏ ਅਜ ਆਮ ਸਿੱਖ ਅੰਮ੍ਰਿਤ ਤੋਂ ਦੂਰ ਜਾ ਰਿਹਾ ਹੈ। ਗੁਰਬਾਣੀ ਫੁਰਮਾਣ “ਬੰਦੇ ਖੋਜੁ ਦਿਲ ਹਰ ਰੋਜ ਨ ਫਿਰੁ ਪਰੇਸ਼ਾਨੀ ਮਾਹਿ” ਅਨੁਸਾਰ Follow up ਵਜੋਂ ਅੰਮ੍ਰਿਤ ਛਕਣ ਉਪਰ ਜੀਵਨ ਦਾ ਅਧਿਐਨ (Analysis) ਕਰਨ ਹਿਤ ਇੱਕ ਪ੍ਰਸ਼ਨਾਵਲੀ ਤਿਆਰ ਕਰਕੇ ਉਪਰੋਕਤ ਸਮਾਗਮ ਵਿੱਚ ਅੰਮ੍ਰਿਤ ਛਕਣ ਵਾਲੇ ਪ੍ਰਾਣੀਆਂ ਵਿੱਚ ਵੰਡੀ ਗਈ ਅਤੇ ਜਵਾਬਾਂ ਦੀ ਮੰਗ ਕੀਤੀ ਗਈ। ਆਏ ਜਵਾਬਾਂ ਦੇ ਅਧਾਰ ਤੇ, ਉਹਨਾਂ ਆਮ ਸਿੱਖਾਂ ਲਈ, ਜੋ ਅੰਮ੍ਰਿਤ ਨੂੰ ਇੱਕ ਵਾਧੂ ਚੀਜ ਅਤੇ ਹਊਆ ਸਮਝ ਕੇ ਦੂਰ ਜਾ ਰਹੇ ਹਨ, ਇਹ ਲੇਖ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ। ਜਵਾਬ ਦੇਣ ਵਾਲਿਆਂ ਦੇ ਨਾਮ ਨਾਲ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਆਸ ਹੈ ਪਾਠਕ ਜਨ ਵੀ ਇਹਨਾਂ ਸਵਾਲਾਂ-ਜਵਾਬਾਂ ਰਾਹੀਂ ਆਪਣੇ ਨਿੱਜੀ ਜੀਵਨ ਦੀ ਪੜਚੋਲ ਕਰਦੇ ਹੋਏ, ਜਰੂਰ ਲਾਭ ਉਠਾਉਣਗੇ।

1. ਪ੍ਰਸ਼ਨ:- ਅੰਮ੍ਰਿਤ ਛਕਣ ਤੋਂ ਪਹਿਲਾਂ ਤੁਸੀ ਅੰਮ੍ਰਿਤ ਬਾਰੇ ਕੀ ਸੋਚਦੇ ਸੀ, ਅੰਮ੍ਰਿਤ ਛਕਣ ਉਪਰੰਤ ਅੰਮ੍ਰਿਤ ਸਬੰਧੀ ਤੁਹਾਡੇ ਕੀ ਵਿਚਾਰ ਹਨ?

ਉਤਰ:- ਅੰਮ੍ਰਿਤ ਛਕਣ ਤੋ ਪਹਿਲਾਂ ਅੰਮ੍ਰਿਤ ਇੱਕ ਵਾਧੂ ਚੀਜ ਅਤੇ ਹਊਆ ਜਿਹਾ ਮਹਿਸੂਸ ਹੁੰਦਾ ਸੀ, ਕਿਉਂਕਿ ਮਨ ਵਿੱਚ ਡਰ ਸੀ, ਕੀ ਪਤਾ ਰਹਿਤਾਂ ਰਹਿ ਸਕਣ ਜਾਂ ਨਾ। ਪਰ ਅੰਮ੍ਰਿਤ ਛਕਣ ਉਪਰੰਤ ਹੀ ਪਤਾ ਲਗਾ ਕਿ ਇਹ ਕੋਈ ਮੁਸ਼ਕਲ ਕੰਮ ਨਹੀ ਹੈ ਕਿਉਂਕਿ ਅੰਮ੍ਰਿਤ ਤਾਂ ਗੁਰੂ ਦੀਆਂ ਮਿਹਰਾਂ ਦਾ ਖਜ਼ਾਨਾ ਹੈ, ਅੰਮ੍ਰਿਤ ਨੇ ਜੀਵਨ ਵਿੱਚ ਇੱਕ ਨਵੀਂ ਸ਼ਕਤੀ ਉਤਪੰਨ ਕਰ ਦਿਤੀ ਹੈ। ਪੰਜ ਕਕਾਰੀ ਵਰਦੀ ਰਾਹੀਂ ਗੁਰੂ ਦੇ ਹਮੇਸ਼ਾ ਅੰਗ-ਸੰਗ ਅਤੇ ਉਚੇ-ਸੁਚੇ ਆਚਰਣ ਦੀ ਪ੍ਰੇਰਣਾ ਹਰ ਸਮੇਂ ਮਿਲਦੀ ਹੈ। ਅੰਮ੍ਰਿਤ ਛਕਣ ਉਪਰੰਤ ਇਹ ਪਛਤਾਵਾ ਜਰੂਰ ਹੈ ਕਿ ਦੁਰਲਭ ਮਨੁੱਖੀ ਜਾਮੇ ਵਿੱਚ ਇਤਨੀ ਉਮਰ ਨਿਗੁਰੇ ਰਹਿ ਕੇ ਐਵੇਂ ਕਿਉਂ ਗਵਾ ਲਈ ਹੈ। (ਬੀਬੀ ਮਨਜੀਤ ਕੌਰ - ਵਿਦਿਆਰਥਣ +2 ਮੈਡੀਕਲ, ਬੀਬੀ ਮਹਿੰਦਰ ਕੌਰ- ਘਰੇਲੂ ਔਰਤ)

2. ਪ੍ਰਸ਼ਨ:- ਤੁਹਾਨੂੰ ਅੰਮ੍ਰਿਤ ਛਕਣ ਦੀ ਪ੍ਰੇਰਣਾ ਕਿਵੇਂ ਮਿਲੀ?

ਉਤਰ ਅੰਮ੍ਰਿਤ ਛਕਣ ਦੀ ਪ੍ਰੇਰਣਾ ਸਤਿਸੰਗਤ ਵਿੱਚ ਜਾ ਕੇ ਸ਼ਬਦ ਵਿਚਾਰ, ਕੀਰਤਨ ਸੁਨਣ, ਸਿੱਖ ਇਤਿਹਾਸ ਪੜਣ ਅਤੇ ਗੁਰਮਤਿ ਅਨੁਸਾਰੀ ਕਰਨੀ ਵਾਲੇ ਅੰਮ੍ਰਿਤਧਾਰੀਆਂ ਦੀ ਸੰਗਤ ਨਾਲ ਪ੍ਰਾਪਤ ਹੋਈ। (ਬੀਬੀ ਹਰਭਜਨ ਕੌਰ- ਘਰੇਲੂ ਔਰਤ)

3. ਪ੍ਰਸ਼ਨ:- ਅੰਮ੍ਰਿਤ ਛਕਣ ਉਪਰੰਤ ਪੰਜ ਪਿਆਰਿਆਂ ਵਲੋਂ ਦੱਸੀ ਗੁਰਮਰਯਾਦਾ ਨਿਭਾਉਣ ਅਤੇ ਪੰਜ ਕਕਾਰੀ ਵਰਦੀ ਪਾਉਣ ਸਬੰਧੀ ਕੋਈ ਮੁਸ਼ਕਲ ਮਹਿਸੂਸ ਕਰਦੇ ਹੋ?

ਉਤਰ ਅੰਮ੍ਰਿਤ ਛਕਣ ਤੋਂ ਪਹਿਲਾਂ ਚਾਰ ਕਕਾਰਾਂ ਦੇ ਧਾਰਨੀ ਤਾਂ ਪਹਿਲਾਂ ਹੀ ਸੀ, ਪਰ ਕਿਰਪਾਨ ਪਾਉਣ ਅਤੇ ਨਿਤਨੇਮ ਕਰਨ ਵਿੱਚ ਪਹਿਲੇ 2-4 ਦਿਨ ਆਦਤ ਨਾ ਹੋਣ ਕਰਕੇ ਕੁੱਝ ਉਚੇਚ ਮਹਿਸੂਸ ਹੋਈ, ਪਰ ਹੁਣ ਇਹ ਮੇਰੇ ਨਿੱਜੀ ਜੀਵਨ ਦਾ ਅੰਗ ਬਣ ਗਏ ਹਨ। ਹੁਣ ਤਾਂ ਜੇ ਕਦੀ ਕਿਸੇ ਦਿਨ ਨਿਤਨੇਮ ਦਾ ਨਿਰਧਾਰਤ ਸਮਾਂ ਲੰਘ ਜਾਵੇ ਤਾਂ ਜਿੰਨਾ ਚਿਰ ਨਿਤਨੇਮ ਪੂਰਾ ਨਾ ਕਰ ਲਿਆ ਜਾਵੇ, ਉੰਨਾਂ ਚਿਰ ਹੋਰ ਕਿਸੇ ਵੀ ਕਾਰਜ ਵਿੱਚ ਮਨ ਹੀ ਨਹੀ ਲੱਗਦਾ, ਇਹ ਸਭ ਅੰਮ੍ਰਿਤ ਰੂਪੀ ਗੁਰੂ ਦੀ ਬਖ਼ਸ਼ਿਸ਼ ਨਾਲ ਹੀ ਸੰਭਵ ਹੋਇਆ ਹੈ। ਅੰਮ੍ਰਿਤ ਛਕ ਕੇ ਖਾਲਸਾ ਪੰਥ ਦੇ ਮੈਂਬਰ ਬਣ ਗਏ ਹਾਂ, ਖਾਲਸੇ ਵਿੱਚ ਗੁਰੂ ਨਿਵਾਸ ਕਰਦਾ ਹੈ, ਫਿਰ ਗੁਰੂ ਦੇ ਹੁੰਦਿਆਂ ਮੁਸ਼ਕਲ ਦਾ ਕੋਈ ਕਾਰਣ ਹੀ ਨਹੀ। (ਸ੍ਰ. ਤਾਰਾ ਸਿੰਘ- ਸਰਕਾਰੀ ਮੁਲਾਜ਼ਮ, ਬੀਬੀ ਜਸਬੀਰ ਕੌਰ-ਘਰੇਲੂ ਔਰਤ)

4. ਪ੍ਰਸ਼ਨ:- ਅੰਮ੍ਰਿਤ ਛਕਣ ਉਪਰੰਤ ਤੁਹਾਨੂੰ ਦੂਸਰੇ ਲੋਕਾਂ ਦੇ ਮੁਕਾਬਲੇ ਕਿਸੇ ਤਰਾਂ ਦੀ ਕੋਈ ਹੀਣ ਭਾਵਨਾ

(Inferioirity Complex) ਤਾਂ ਮਹਿਸੂਸ ਨਹੀ ਹੋਈ?

ਉਤਰ:- ਅੰਮ੍ਰਿਤ ਛਕ ਕੇ ਕੋਈ ਹੀਣ ਭਾਵਨਾ ਮਹਿਸੂਸ ਹੋਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ।” ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ” ਅਕਾਲ ਪੁਰਖ ਦੀ ਫੌਜ ਵਿੱਚ ਭਰਤੀ ਹੋਣ ਦਾ ਸੁਭਾਗ ਅਵਸਰ ਮਿਲੇ ਤਾਂ ਇਸ ਤੋਂ ਵੱਧ ਹੋਰ ਕੀ ਚਾਹੀਦਾ ਹੈ। ਅਕਾਲ ਪੁਰਖ ਦੇ ਸੰਤ- ਸਿਪਾਹੀ ਬਣੇ ਹੋਈਏ ਤਾਂ ਕਿਸ ਗੱਲ ਦੀ ਹੀਣ ਭਾਵਨਾ। ਗੁਰਬਾਣੀ ਫੁਰਮਾਣ “ਸਭ ਦੂ ਵਡੇ ਭਾਗ ਗੁਰਸਿਖਾ ਕੇ” ਅਨੁਸਾਰ ਗੁਰੂ ਵਾਲੇ ਬਣ ਕੇ ਵਡਭਾਗੇ ਬਣੀਦਾ ਹੈ ਅਤੇ ਵਡਭਾਗੇ ਕਦੀ ਹੀਣ-ਭਾਵਨਾ ਦਾ ਸ਼ਿਕਾਰ ਨਹੀ ਹੁੰਦੇ। (ਸ੍ਰ. ਸਰਵਣ ਸਿਘ -ਸਹਾਇਕ ਲੇਖਾ ਅਫਸਰ)

5. ਪ੍ਰਸ਼ਨ:- ਆਮ ਤੌਰ ਤੇ ਅੰਮ੍ਰਿਤ ਰੋਜ਼ਾਨਾ ਜੀਵਨ ਵਿੱਚ ਰੁਕਾਵਟ ਸਮਝਿਆ ਜਾਂਦਾ ਹੈ। ਪਰ ਅੰਮ੍ਰਿਤ ਛਕਣ ਉਪਰੰਤ ਕੀ ਤੁਹਾਨੂੰ ਆਪਣੀ

(ੳ) ਨਿੱਜੀ ਜਿੰਦਗੀ (Personal Life)

(ਅ) ਪਰਿਵਾਰਕ ਜਿੰਦਗੀ (Family Life)

(ੲ) ਕਿਤਾ (Profession)

(ਸ) ਸਮਾਜਕ ਜਿੰਦਗੀ (Social Life)

ਵਿੱਚ ਕੋਈ ਮੁਸ਼ਕਿਲ ਮਹਿਸੂਸ ਹੋਈ?

ਉਤਰ ੳ) ਅੰਮ੍ਰਿਤ ਛਕਣ ਉਪੰਰਤ ਨਿੱਜੀ ਜਿੰਦਗੀ ਵਿੱਚ ਕੋਈ ਮੁਸ਼ਕਲ ਨਹੀ ਹੋਈ। ਗੁਰੂ ਹਮੇਸ਼ਾ ਅੰਗ ਸੰਗ ਹੋਣ ਦੇ ਅਹਿਸਾਸ ਵਜੋਂ ਮਨ ਸਾਰਾ ਦਿਨ ਆਤਮਕ ਖਿੜਾਉ ਵਿੱਚ ਰਹਿਣ ਕਾਰਣ ਪਹਿਲਾਂ ਜੋ ਆਲਸ ਸੀ, ਹੁਣ ਦੂਰ ਹੋ ਗਿਆ ਹੈ। ਮੇਰੀ ਵਿਚਾਰ ਅਨੁਸਾਰ ਜੇਕਰ ਅੰਮ੍ਰਿਤਧਾਰੀ ਲੋੜ ਤੋਂ ਜਿਆਦਾ ਕਟੜਤਾ ਵਿੱਚ ਵਿਚਰੇਗਾ ਤਾਂ ਜਰੂਰ ਰੁਕਾਵਟ ਹੋ ਸਕਦੀ ਹੈ। ਅੰਮ੍ਰਿਤਧਾਰੀ ਨੂੰ ਗੁਰਮਤਿ ਅਨੁਸਾਰ ਯੋਗ ਰਸਤਾ ਅਪਨਾਉਣਾ ਚਾਹੀਦਾ ਹੈ। ਜਿਸ ਨਾਲ ਅੰਮ੍ਰਿਤ ਵੀ ਨਿਭੇ ਅਤੇ ਰੋਜ਼ਾਨਾ ਨਿੱਜੀ ਜਿੰਦਗੀ ਵਿੱਚ ਰੁਕਾਵਟ ਵੀ ਮਹਿਸੂਸ ਨਾ ਹੋਵੇ। (ਸੰਤੋਖ ਸਿੰਘ- ਦੁਕਾਨਦਾਰ)

ਅ) ਪਰਿਵਾਰਕ ਜਿੰਦਗੀ ਵਿੱਚ ਸੁਧਾਰ ਹੀ ਹੋਇਆ ਹੈ। ਕਿਉਂਕਿ ਸਾਡੇ ਵਲ ਵੇਖ ਕੇ ਪ੍ਰਵਾਰ ਦੇ ਬਾਕੀ ਮੈਬਰਾਂ ਨੂੰ ਵੀ ਗੁਰਬਾਣੀ/ਅੰਮ੍ਰਿਤ ਨਾਲ ਜੁੜਣ ਦੀ ਖਾਹਸ਼ ਪੈਦਾ ਹੋਈ ਹੈ। ਮੇਰੀ ਪਰਿਵਾਰਕ ਜਿੰਦਗੀ ਪਹਿਲਾਂ ਨਾਲੋ ਵਧੇਰੇ ਅਨੰਦਮਈ ਹੋ ਗਈ ਹੈ। (ਬੀਬੀ ਹਰਸਿਮਰਨ ਕੌਰ - ਘਰੇਲੂ ਔਰਤ)

ੲ) ਅੰਮ੍ਰਿਤ ਦੀ ਰਹਿਤ ਅਤੇ ਗੁਰਮਤਿ ਸਿਧਾਂਤ ਇਸੇ ਤਰਾਂ ਦੇ ਹਨ ਕਿ ਉਹਨਾਂ ਦੀ ਪਾਲਣਾ ਕਰਦੇ ਹੋਏ ਗੁਰਮਤਿ ਅਨੁਸਾਰੀ ਕਿਸੇ ਵੀ ਤਰਾਂ ਦਾ ਕੋਈ ਵੀ ਕਿੱਤਾ (Profession) ਬਾਖੂਬੀ ਨਿਭਾਇਆ ਜਾ ਸਕਦਾ ਹੈ। ਅੰਮ੍ਰਿਤ ਕਿੱਤੇ ਵਿੱਚ ਕਿਸੇ ਤਰਾਂ ਵੀ ਰੁਕਾਵਟ ਨਹੀ ਬਣਦਾ। ਪ੍ਰੰਤੂ ਸ਼ਰਤ ਇਹ ਹੈ ਕਿ ਕਿੱਤਾ ਗੁਰਮਤਿ ਅਨੁਸਾਰੀ ਹੋਵੇ। (ਡਾ. ਸੁਰਜੀਤ ਸਿੰਘ ਐਮ. ਐਸ. ਬੀਬੀ ਸ਼ਰਨਪਾਲ ਕੌਰ-ਲੈਕਚਰਾਰ ਸ੍ਰ. ਨਿਰਮਲ ਸਿੰਘ- ਖੇਤੀਬਾੜੀ ਅਫਸਰ ਸ੍ਰ. ਦਰਸ਼ਨ ਸਿੰਘ-ਰਿਟਾਇਰਡ ਡੀ. ਐਸ. ਪੀ.)

ਸ) ਸਿੱਖੀ ਨਵੇਂ ਯੁਗ ਦਾ ਧਰਮ ਹੈ, ਇਹ ਸਮਾਜ ਨਾਲ ਜੋੜਦਾ ਹੈ ਤੋੜਦਾ ਨਹੀ। ਅੰਮ੍ਰਿਤ ਛਕਣ ਉਪਰੰਤ ਮੇਰੀ ਸਮਾਜਿਕ ਜਿੰਦਗੀ ਹਰ ਥਾਂ ਉਸੇ ਤਰਾਂ ਚਲ ਰਹੀ ਹੈ ਜਿਵੇਂ ਅੰਮ੍ਰਿਤ ਛਕਣ ਤੋਂ ਪਹਿਲਾਂ ਸੀ। ਸਮਾਜ ਵਿਚ ਵਿਚਰਦਿਆਂ ਰਹਿਤ ਪ੍ਰਤੀ ਸੁਚੇਤ ਰਹਿੰਦੇ ਹੋਏ ਬੇ-ਅੰਮ੍ਰਿਤੀਆਂ ਨਾਲ ਵੀ ਹਰ ਤਰਾਂ ਨਾਲ ਸਮਾਜਕ ਮੇਲ ਜੋਲ ਕਾਇਮ ਰੱਖਿਆ ਜਾ ਸਕਦਾ ਹੈ। ਅੰਮ੍ਰਿਤ ਸਮਾਜਿਕ ਜਿੰਦਗੀ ਵਿੱਚ ਕਿਸੇ ਵੀ ਤਰਾਂ ਰੁਕਾਵਟ ਨਹੀਂ ਹੈ। (ਸ੍ਰ. ਰਣਜੀਤ ਸਿੰਘ- ਸਰਕਾਰੀ ਮੁਲਾਜ਼ਮ)

6. ਪ੍ਰਸ਼ਨ:- ਕੀ ਤੁਹਾਡੇ ਅਨੁਸਾਰ ਅੰਮ੍ਰਿਤ ਛਕਣਾ ਜੀਵਨ ਮੰਜਿਲ ਦੀ ਆਖਰੀ ਪਉੜੀ ਹੈ, ਕਿਵੇਂ?

ਉਤਰ:- ਅੰਮ੍ਰਿਤ ਛਕਣਾ ਜੀਵਨ ਮੰਜਿਲ ਦੀ ਪਉੜੀ ਦਾ ਆਖਰੀ ਡੰਡਾ ਨਹੀਂ ਸਗੋਂ ਪਹਿਲਾ ਡੰਡਾ ਹੈ। ਇਹ ਤਾਂ ਗੁਰੂ ਮਰਯਾਦਾ ਅਨੁਸਾਰ ਜੀਵਨ ਜੀਊਣ ਦੀ ਸ਼ੁਰੂਆਤ ਹੈ। ਖੰਡੇ ਬਾਟੇ ਦਾ ਅੰਮ੍ਰਿਤ ਗੁਰਬਾਣੀ ਵਿੱਚ ਆਏ ਨਾਮ-ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਪਹਿਲਾ ਕਦਮ ਹੈ, ਜੇ ਪਹਿਲੇ ਡੰਡੇ ਤੇ ਪੈਰ ਧਰਾਂਗੇ ਤਾਂ ਹੀ ਅੰਗਲੇ ਡੰਡਿਆਂ ਤੇ ਚੜਦੇ ਹੋਏ ਪ੍ਰਮਾਤਮਾ ਦੇ ਮਿਲਾਪ ਰੂਪੀ ਮੰਜ਼ਿਲ ਦੀ ਪ੍ਰਾਪਤੀ ਕਰ ਸਕਾਂਗੇ। (ਬੀਬੀ ਸ਼ਰਨਪਾਲ ਕੌਰ-ਲੈਕਚਰਾਰ, ਸ੍ਰ. ਸਵਰਨ ਸਿੰਘ-ਸਰਕਾਰੀ ਮੁਲਾਜ਼ਮ)

7. ਪ੍ਰਸ਼ਨ:- ਅੰਮ੍ਰਿਤ ਛਕਣ ਉਪਰੰਤ ਤੁਸੀਂ ਆਪਣੇ ਜੀਵਨ ਵਿੱਚ ਕੀ-ਕੀ ਤਬਦੀਲੀਆਂ ਮਹਿਸੂਸ ਕਰਦੇ ਹੋ?

ਉਤਰ:- ਅੰਮ੍ਰਿਤ ਨੇ ਜੀਵਨ ਨੂੰ ਨਿਆਰਾਪਨ ਬਖਸ਼ਿਆ ਹੈ, ਵਾਹਿਗੁਰੂ ਦੇ ਭਾਣੇ ਅੰਦਰ ਰਹਿ ਕੇ ਸ਼ੁਭ ਕਰਮ, ਚੰਗੇ ਵਿਚਾਰ ਅਤੇ ਨਿਯਮਬਧ ਜੀਵਨ ਬਿਤਾਉਣ ਦੀ ਜਾਚ ਗੁਰੂ ਪਾਤਸ਼ਾਹ ਸਿਖਾਉਂਦੇ ਹਨ। ਅੰਮ੍ਰਿਤ ਨੇ ਮਾਨਸਿਕ ਤਾਕਤ ਵਿੱਚ ਵਾਧਾ ਕੀਤਾ ਹੈ। ਜਿਸ ਨਾਲ ਹੁਣ ਵਹਿਮਾਂ-ਭਰਮਾਂ, ਸ਼ਗਨ-ਅਪਸ਼ਗਨ, ਬੁਰੇ ਵਿਚਾਰਾਂ, ਗੁਰਮਤਿ ਵਿਰੋਧੀ ਖਾਣ- ਪੀਣ ਆਦਿ ਤੋਂ ਪੂਰੀ ਤਰਾਂ ਛੁਟਕਾਰਾ ਮਿਲ ਗਿਆ ਹੈ।

(ਬੀਬੀ ਹਰਪਾਲ ਕੌਰ- ਮੁਲਾਜਮ ਪ੍ਰਾਈਵੇਟ ਸੈਕਟਰ, ਬੀਬੀ ਮਹਿੰਦਰ ਕੌਰ-ਸਮਾਜ ਸੇਵਿਕਾ)

8. ਪ੍ਰਸ਼ਨ:- ਅੰਮ੍ਰਿਤ ਛਕਣ ਉਪੰਰਤ ਗੁਰੂ ਗ੍ਰੰਥ-ਗੁਰੂ ਪੰਥ ਅਤੇ ਧਰਮ ਪ੍ਰਚਾਰ ਸਬੰਧੀ ਕੀ ਫਰਜ਼ ਸਮਝਦੇ ਹੋ ਅਤੇ ਸਰਬੱਤ ਸੰਗਤ ਨੂੰ ਕੀ ਪ੍ਰੇਰਣਾ ਦੇਣੀ ਚਾਹੋਗੇ।

ਉਤਰ:- ੳ) ਗੁਰੂ ਗ੍ਰੰਥ ਅਤੇ ਗੁਰੂ ਪੰਥ ਪ੍ਰਤੀ ਮੈਂ ਇਹੀ ਫਰਜ਼ ਸਮਝਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਗੰਥ ਸਾਹਿਬ ਦੀਆਂ ਸਿਖਿਆਵਾਂ ਅਤੇ ਗੁਰੂ ਪੰਥ ਦੇ ਨਿਯਮਾਂ ਨੂੰ ਅਪਣਾ ਕੇ ਆਪਣਾ ਜੀਵਨ ਆਦਰਸ਼ਕ ਬਨਾਉਣਾ ਚਾਹੀਦਾ ਹੈ ਤਾਂ ਜੋ ਦੂਸਰੇ ਵੀ ਗੁਰਮਤਿ ਦੀ ਰਹਿਣੀ-ਬਹਿਣੀ ਤੋਂ ਪ੍ਰਭਾਵਤ ਹੋ ਕੇ ਗੁਰੂ ਵਾਲੇ ਬਨਣ। ਸਾਨੂੰ ਸਾਰਿਆਂ ਨੂੰ ਇਹ ਗੱਲ ਪੱਕੀ ਤਰਾਂ ਪੱਲੇ ਬੰਨ ਲੈਣੀ ਜਰੂਰੀ ਹੈ ਕਿ ਜੀਵਨ ਦੇ ਹਰ ਖੇਤਰ ਵਿੱਚ ਅਸੀਂ ਆਪਣੇ ਗੁਰੂ ਦੀ ਸ਼ੋਭਾ ਦਾ ਕਾਰਣ ਬਣੀਏ। ਕਿਸੇ ਵੀ ਕਾਰਣ ਸਾਡੇ ਰਾਹੀਂ ਦੂਸਰੇ ਲੋਕਾਂ ਵਿੱਚ ਗੁਰੂ ਪ੍ਰਤੀ ਬੇਮੁਖਤਾ ਪੈਦਾ ਨਾ ਹੋਵੇ।

(ਡਾ. ਜਸਵਿੰਦਰਪਾਲ ਕੌਰ-ਸਿਹਤ ਵਿਭਾਗ)

ਅ) ਹਰ ਸਿੱਖ ਹੀ ਆਪਣੇ ਗੁਰੂ ਦਾ ਦੇਣਦਾਰ ਹੈ, ਇਸ ਦੇਣਦਾਰੀ ਦਾ ਕਰਜ਼ਾ ਉਤਾਰਨ ਲਈ ਹਰ ਸਿੱਖ ਨੂੰ ਹੀ ਆਪਣੇ ਧਰਮ ਦਾ ਪ੍ਰਚਾਰਕ ਹੋਣਾ ਜਰੂਰੀ ਹੈ।

(ਸ੍ਰ. ਨਾਨਕ ਸਿੰਘ-ਰਾਜ ਮਿਸਤਰੀ, ਬੀਬੀ ਜਤਿੰਦਰ ਕੌਰ-ਵਿਦਿਆਰਥਣ)

ਪ੍ਰੇਰਣਾ-ੲ) ਜਿਵੇਂ ਹਰ ਕੋਈ ਚੰਗੀ ਚੀਜ ਮਿਲਣ ਤੇ ਉਸ ਦੀ ਚੰਗਿਆਈ/ ਵਡਿਆਈ ਦੂਜਿਆਂ ਨੂੰ ਦੱਸ ਕੇ ਗ੍ਰਹਿਣ ਕਰਨ ਲਈ ਪ੍ਰੇਰਦਾ ਹੈ, ਸਾਨੂੰ ਵੀ ਹੋਰਨਾਂ ਨੂੰ ਇਹ ਜ਼ੋਰਦਾਰ ਪ੍ਰੇਰਣਾ ਦੇਣੀ ਚਾਹੀਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਹੋਰ ਕੋਈ ਗੁਰੂ ਨਹੀਂ। ਗੁਰੂ ਪੰਥ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਦੇ ਸਰਲ ਨਿਯਮਾਂ ਉਪਰ ਚਲਦੇ ਹੋਏ ਗੁਰੂ ਪਾਤਸ਼ਾਹ ਦੇ ਬਖਸ਼ੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਹੀ ਅਰਥਾਂ ਵਿੱਚ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਮਲੀ ਰੂਪ ਵਿਚ ਗੁਰੂ ਧਾਰਨ ਕਰਨਾ ਚਾਹੀਦਾ ਹੈ।

(ਸ੍ਰ. ਸ਼ਮਸ਼ੇਰ ਸਿੰਘ- ਅਕਾਊਟੈਂਟ, ਕਾਕਾ ਜਤਿੰਦਰ ਸਿੰਘ- ਵਿਦਿਆਰਥੀ, ਬੀਬੀ ਮਨਜੀਤ ਕੌਰ-ਵਿਦਿਆਰਥਣ)

ਉਪਰੋਕਤ ਸਾਰੇ ਜਵਾਬਾਂ ਦੇ ਅਧਾਰ ਤੇ ਇਹ ਗੱਲ ਸਪਸ਼ਟ ਤੌਰ ਤੇ ਸਾਹਮਣੇ ਆਉਂਦੀ ਹੈ ਕਿ ਅੰਮ੍ਰਿਤ ਇੱਕ ਵਾਧੂ ਚੀਜ਼ ਜਾਂ ਹਊਆ ਨਹੀਂ। ਅੰਮ੍ਰਿਤ ਦੇ ਗੁਣਾਂ ਬਾਰੇ ਤਾਂ ਅੰਮ੍ਰਿਤ ਛਕਣ ਤੋਂ ਬਾਅਦ ਹੀ ਪਤਾ ਚਲਦਾ ਹੈ। ਅੰਮ੍ਰਿਤ ਗੁਰੂ ਦਾ ਹੈ, ਨਿਭਾਉਣਾ ਵੀ ਗੁਰੂ ਨੇ ਹੈ। ਅਸੀਂ ਤਾਂ ਆਪਣੇ ਮਨ ਦੀ ਮਤ ਗੁਰੂ ਨੂੰ ਅਰਪਣ ਕਰਨੀ ਹੈ। ਜੀਵਨ ਦੇ ਕਿਸੇ ਵੀ ਖੇਤਰ ਵਿੱਚ ਅੰਮ੍ਰਿਤ ਕਿਸੇ ਵੀ ਤਰਾਂ ਕੋਈ ਰੁਕਾਵਟ ਨਹੀ ਬਣਦਾ। ਅੰਮ੍ਰਿਤ ਛਕ ਕੇ ਹੀ ਜੀਵਨ ਦੇ ਹਰ ਕਾਰਜ, ਹਰ ਖੇਤਰ ਵਿੱਚ ਪਹਿਲਾਂ ਨਾਲੋਂ ਵੀ ਚੰਗੀ ਤਰਾਂ ਵਿਚਰਿਆ ਜਾ ਸਕਦਾ ਹੈ। ਬਸ ਸਾਨੂੰ ਅੰਮ੍ਰਿਤ ਸਬੰਧੀ ਆਪਣੇ ਮਨ ਦੇ ਭਰਮ ਦੂਰ ਕਰਨ ਦੀ ਲੋੜ ਹੈ।

ਉਪਰੋਕਤ ਸਾਰੀ ਵਿਚਾਰ ਦਾ ਤੱਤਸਾਰ ਇਹੀ ਹੈ ਕਿ ਜਿਹਨਾਂ ਨੇ ਅਜੇ ਤਕ ਅੰਮ੍ਰਿਤ ਦੀ ਪ੍ਰਾਪਤ ਨਹੀਂ ਕੀਤੀ ਉਹ ਆਪਣੇ ਮਨ ਵਿੱਚ ਉਪਰੋਕਤ ਵਿਚਾਰਾਂ ਦੀ ਰੋਸ਼ਨੀ ਵਿੱਚ ਆਪਣੇ ਮਨ ਦੀ ਪੜਚੋਲ ਕਰਦੇ ਹੋਏ ਅੰਮ੍ਰਿਤ ਛਕਣ ਬਾਰੇ ਜਰੂਰ ਵਿਚਾਰ ਕਰਨ। ਜਿਹਨਾਂ ਨੇ ਗੁਰੂ ਪਾਤਸ਼ਾਹ ਦੀ ਬਖ਼ਸ਼ਿਸ਼ ਦੁਆਰਾ ਪੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰ ਲਈ ਹੈ, ਉਹਨਾਂ ਨੂੰ ਗੁਰੂ ਗ੍ਰੰਥ-ਗੁਰੂ ਪੰਥ ਪ੍ਰਤੀ ਆਪਣੇ ਫਰਜ਼ ਦੀ ਪਹਿਚਾਣ ਅਤੇ ਸਿੱਖੀ ਆਸਰੇ ਅਨੁਸਾਰ ਜੀਵਨ ਬਤੀਤ ਕਰਦੇ ਹੋਏ ਹੋਰਾਂ ਨੂੰ ਅੰਮ੍ਰਿਤ ਦੀ ਦਾਤ ਨਾਲ ਜੋੜਣ ਦਾ ਯਥਾਯੋਗ ਉਪਰਾਲਾ ਕਰਨਾ ਚਾਹੀਦਾ ਹੈ।

====================

-ਸੁਖਜੀਤ ਸਿੰਘ, ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

[email protected]




.