.

ਸਿੱਖ ਧਰਮ ਦੀਆਂ ਖੂਬੀਆਂ

(ਸੁਖਜੀਤ ਸਿੰਘ ਕਪੂਰਥਲਾ)

ਸਾਰੀ ਦੁਨੀਆਂ ਵਿੱਚ ਵਖ-ਵਖ ਧਰਮ ਹਨ। ਜੋ ਵਖ-ਵਖ ਦੇਸ਼ਾਂ, ਖਿਤਿਆਂ ਵਿੱਚ ਵਸਣ ਵਾਲੇ ਲੋਕ ਆਪਣੇ-ਆਪਣੇ ਅਕੀਦੇ ਅਨੁਸਾਰ ਮੰਨਦੇ ਹਨ। ਹਰੇਕ ਧਰਮ ਆਪਣੀ-ਆਪਣੀ ਜਗ੍ਹਾ ਸਤਿਕਾਰਯੋਗ ਹੈ। ਹਰੇਕ ਧਰਮ ਦੀਆਂ ਆਪਣੀਆਂ-ਆਪਣੀਆਂ ਖੂਬੀਆਂ ਹਨ। ਪ੍ਰੰਤੂ ਸਿੱਖ ਧਰਮ ਧਰਮਾਂ ਦੀ ਦੁਨੀਆਂ ਅੰਦਰ ਵਿਦਵਾਨਾਂ ਦੀ ਨਜ਼ਰ ਵਿੱਚ ‘ਨਵੇ ਯੁੱਗ ਦਾ ਧਰਮ` ਹੈ।

ਸਿੱਖ ਧਰਮ ਨੂੰ ਗੁਰੂ ਸਾਹਿਬ ਦੀ ਮਹਾਨ ਦੇਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਰਸੇ ਵਿੱਚ ਮਿਲਿਆ ਹੈ। ਜਿਸ ਬਾਰੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ “ਧੁਰ ਕੀ ਬਾਣੀ ਆਈ।। “ ਭਾਵ ਇਹ ਜੋ ਸਾਰੀ ਬਾਣੀ ਹੈ ਇਹ ਪ੍ਰਮਾਤਮਾ ਵਲੋਂ ਭੇਜੀ ਗਈ ਹੈ। ਦੁਨੀਆਂ ਦੇ ਕਿਸੇ ਵੀ ਧਰਮ ਦਾ ਗ੍ਰੰਥ ਜਿਸ ਤੇ ਉਸ ਧਰਮ ਦੇ ਲੋਕ ਅਕੀਦਾ ਰੱਖਦੇ ਹਨ ਉਸ ਧਰਮ ਦੇ ਚਲਾਉਣ ਵਾਲੇ/ ਮੁਖੀ ਵਲੋਂ ਆਪ ਨਹੀਂ ਲਿਖਿਆ ਗਿਆ ਸਗੋਂ ਬਾਅਦ ਵਿੱਚ ਉਸ ਧਰਮ ਦੇ ਪ੍ਰਚਾਰਕਾਂ/ ਪੈਰੋਕਾਰਾਂ ਦੇ ਮੁਖੀ ਵਲੋਂ ਦਿਤੇ ਉਪਦੇਸ਼ਾਂ ਨੂੰ ਕਲਮਬੱਧ ਕੀਤਾ ਗਿਆ ਹੈ ਜਿਸ ਵਿੱਚ ਕਈ ਤਰਾਂ ਦੇ ਵਾਧੇ-ਘਾਟੇ ਹੋਣ ਦੀ ਗੁੰਜਾਇਸ਼ ਹੋ ਸਕਦੀ ਹੈ। ਪਰ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬ ਨੇ ਆਪਣੀ ਦੇਖ ਰੇਖ ਹੇਠ ਆਪ ਹੀ ਤਿਆਰ ਕਰਵਾ ਦਿਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਕੋਲ ਇੱਕ ਬਿਲਕੁਲ ਸਹੀ ਪਥ-ਪ੍ਰਦਰਸ਼ਕ ਦੇ ਰੂਪ ਵਿੱਚ ਮੌਜੂਦ ਹੈ। ਜਿਸ ਅਨੁਸਾਰ ਅਮਲੀ ਜਿੰਦਗੀ ਬਣਾ ਕੇ ਪ੍ਰਮਾਤਮਾ ਨਾਲ ਸਿੱਧਾ ਮੇਲ ਕੀਤਾ ਜਾ ਸਕਦਾ ਹੈ। ਇਹ ਬਾਣੀ ਹਰ ਉਸ ਮਨੁੱਖ ਲਈ ਹੈ ਜੋ ਆਪਣਾ ਜੀਵਨ ਇਸ ਅਨੁਸਾਰ ਢਾਲਣਾ ਚਾਹੁੰਦਾ ਹੋਵੇ। ਦੁਨੀਆਂ ਵਿਚਲੇ ਕਿਸੇ ਹੋਰ ਧਰਮ ਦੇ ਧਾਰਮਿਕ ਗ੍ਰੰਥ ਨੂੰ ਗੁਰੂ ਦਾ ਦਰਜਾ ਪ੍ਰਾਪਤ ਨਹੀਂ ਹੈ। ਇਹ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ ਜਿਸ ਨੂੰ ਇਹ ਦਰਜਾ ਪ੍ਰਾਪਤ ਹੈ।

ਸਿੱਖ ਧਰਮ ਇੱਕ ਅਮਲੀ ਧਰਮ ਹੈ। ਇਸ ਧਰਮ ਦੇ ਮੁਖੀ 10 ਗੁਰੂ ਸਾਹਿਬਾਨ ਨੇ ਆਪ ਵੀ ਅਮਲੀ ਜੀਵਨ ਬਤੀਤ ਕੀਤਾ ਅਤੇ ਆਪਣੇ ਸਿੱਖਾਂ ਨੂੰ ਇਸ ਰਸਤੇ ਤੇ ਚਲਣ ਦੀ ਪ੍ਰੇਰਣਾ ਕੀਤੀ। ਇਤਿਹਾਸ ਗਵਾਹ ਹੈ ਕਿ ਜੇਕਰ ਗੁਰੂ ਨਾਨਕ ਸਾਹਿਬ ਨੇ ਕਿਰਤ ਕਰਨ, ਨਾਮ ਜਪਣ, ਵੰਡ ਛਕਣ ਦਾ ਉਪਦੇਸ਼ ਦਿਤਾ ਤੇ ਆਪ ਵੀ ਖੁਦ ਕਰਤਾਪੁਰ ਵਿਖੇ ਆਪਣੇ ਹਥੀਂ ਖੇਤੀ ਕਰਦੇ ਰਹੇ ਅਤੇ ਸਾਰੀ ਉਪਜ ਸੰਗਤ ਵਿੱਚ ਵੰਡ ਕੇ ਹੀ ਛਕਦੇ ਰਹੇ। ਇਸੇ ਤਰਾਂ ਗੁਰੂ ਸਾਹਿਬ ਨੇ ਹੋਰ ਜੋ ਵੀ ਉਪਦੇਸ਼ ਕੀਤੇ ਉਹ ਸਾਰੇ ਉਹਨਾਂ ਨੇ ਆਪਣੇ ਜੀਵਨ ਦੌਰਾਨ ਅਮਲ ਵਿੱਚ ਲਿਆਂਦੇ। ਇਥੋਂ ਤਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਹਨਾਂ ਭਗਤਾਂ, ਭਟਾਂ, ਗੁਰਸਿਖਾਂ ਦੀ ਹੀ ਬਾਣੀ ਦਰਜ ਕੀਤੀ ਗਈ ਜੋ ਅਮਲੀ ਜੀਵਨ ਬਤੀਤ ਕਰਦੇ ਸਨ ਅਤੇ ਹੱਥੀਂ ਕਿਰਤ ਕਰਦੇ ਅਤੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਵੰਡ ਕੇ ਛਕਦੇ ਸਨ। ਅਮਲੀ ਜੀਵਨ ਬਾਰੇ ਤਾਂ ਗੁਰੂ ਨਾਨਕ ਸਾਹਿਬ ਇਥੋਂ ਤਕ ਸਪਸ਼ਟ ਹੁਕਮ ਕਰਦੇ ਹਨ-

-ਸਚਹੁ ਓਰੈ ਸਭਿ ਕੋ ਉਪਰ ਸਚ ਆਚਾਰ।।

ਭਾਵ ਕਿ ਸੱਚ ਤੋਂ ਉਪਰ ਵੀ ਸੱਚੇ ਆਚਰਣ ਦੀ ਮਹਾਨਤਾ ਹੈ।

ਸਿੱਖ ਧਰਮ ਇੱਕ ਈਸ਼ਵਰਵਾਦੀ ਧਰਮ ਹੈ। ਇਹ ਇੱਕ ਅਕਾਲ ਪੁਰਖ ਨੂੰ ਮੰਨਦਾ ਹੈ। ਸਰੀਰ ਰਹਿਤ, ਅਕਾਲ ਰਹਿਤ, ਵੈਰ-ਵਿਰੋਧ ਰਹਿਤ ਅਤੇ ਸਾਰੀ ਸ੍ਰਿਸ਼ਟੀ ਨੂੰ ਰਚਾਉਣਹਾਰ, ਪਾਲਣਹਾਰ ਅਤੇ ਸਮੇਟਣਹਾਰ ਹੈ। ਇੱਕ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਅਵਤਾਰਵਾਦ ਵਿੱਚ ਸਿੱਖ ਧਰਮ ਦਾ ਵਿਸ਼ਵਾਸ ਨਹੀ ਹੈ। ਗੁਰਮਤਿ ਸਪਸ਼ਟ ਸ਼ਬਦਾਂ ਵਿੱਚ ਦਸਦੀ ਹੈ ਕਿ ਇਹ ਜਿਤਨੇ ਵੀ ਅਵਤਾਰ, ਪੈਗੰਬਰ ਤੇ ਦੇਵਤੇ ਹਨ ਇਹ ਸਾਰੇ ਉਸ ਪ੍ਰਮਾਤਮਾ ਦੇ ਬਣਾਏ ਹੋਏ ਹਨ ਅਤੇ ਬਿਨਸਨਹਾਰ ਹਨ, ਸੋ ਸਾਨੂੰ ਇਨ੍ਹਾਂ ਸਭ ਤੋਂ ਉਪਰ ਇਹਨਾਂ ਨੂੰ ਸਾਜਣ ਵਾਲੇ ਅਤੇ ਜੋ ਕਾਲ ਰਹਿਤ ਹੈ ਉਸ ਨੂੰ ਹੀ ਸਿਮਰਨਾ ਚਾਹੀਦਾ ਹੈ। ਗੁਰਬਾਣੀ ਵਿੱਚ ਥਾਂ-ਥਾਂ ਤੇ ਉਹਨਾਂ ਮਨੁੱਖਾਂ ਨੂੰ ਧ੍ਰਿਕਾਰਾਂ ਪਾਈਆਂ ਗਈਆਂ ਹਨ ਜੋ ਇੱਕ ਅਕਾਲ ਪੁਰਖ ਦਾ ਦਰ ਛਡ ਕੇ ਦਰ-ਦਰ ਭਟਕ ਰਹੇ ਹਨ।

ਸਿਖ ਧਰਮ ਵਿੱਚ ਪ੍ਰਮਾਤਮਾ ਦੇ ਨਾਮ ਸਿਮਰਨ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ। ਇਸ ਦੀ ਪ੍ਰੋੜਤਾ “ਸਰਬ ਧਰਮੁ ਮਹਿ ਸ੍ਰੇਸ਼ਟ ਧਰਮ।। ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।। “ ਗੁਰੂ ਵਾਕਾਂ ਤੋਂ ਮਿਲਦੀ ਹੈ। ਨਾਮ ਸਿਮਰਨ ਨੂੰ ਸਭ ਰੋਗਾਂ ਦਾ ਦਾਰੂ ਦਸਿਆ ਜਾਂਦਾ ਹੈ ( “ਸਰਬ ਰੋਗ ਕਾ ਅਉਖਧ ਨਾਮ”)। ਮਨੁੱਖ ਦਾ ਜੀਵਨ ਮਨੋਰਥ ਇੱਕ ਪ੍ਰਮਾਤਮਾ ਵਿੱਚ ਲੀਨ ਹੋਣਾ ਹੈ। ਆਪਣੇ ਆਪ ਦੀ ਪਛਾਣ ਕਰਨ ਅਤੇ ਪ੍ਰਮਾਤਮਾ ਦੀ ਪ੍ਰਾਪਤੀ ਲਈ ਮਨੁੱਖਾ ਜੀਵਨ ਪ੍ਰਾਪਤ ਹੋਇਆ ਹੈ। ਇਸ ਮਨੁੱਖਾ ਜੀਵਨ ਵਿੱਚ ਪ੍ਰਮਾਤਮਾ ਨਾਲ ਅਭੇਦਤਾ ਪ੍ਰਾਪਤ ਕਰਨੀ ਨਾਮ ਸਿਮਰਨ ਦੁਆਰਾ ਹੀ ਸੰਭਵ ਹੈ।

ਸਿਖ ਧਰਮ ਇੱਕ ਵਿਸ਼ਵਵਿਆਪੀ, ਮਾਡਰਨ ਅਤੇ ਵਿਗਿਆਨਕ ਧਰਮ ਹੈ। ਇਸ ਵਿੱਚ ਵਿਸ਼ਵ ਦੇ ਕਿਸੇ ਵੀ ਕੋਨੇ ਵਿੱਚ ਫੈਲ ਸਕਣ ਦੇ ਪੂਰੇ ਗੁਣ ਮੌਜੂਦ ਹਨ। ਇਸਨੂੰ ਕਿਸੇ ਵੀ ਇਲਾਕੇ ਵਿੱਚ ਰਹਿਣ ਵਾਲਾ ਮਨੁੱਖ ਅਪਨਾ ਸਕਦਾ ਹੈ। ਇਸ ਵਿੱਚ ਕੋਈ ਜਾਤ-ਪਾਤ ਤੇ ਭੇਦ-ਭਾਵ ਨਹੀਂ। ਦੁਨੀਆਂ ਉਪਰ ਇਸ ਸਮੇਂ ਸਾਰੇ ਪ੍ਰਚਲਤ ਧਰਮਾਂ ਵਿਚੋਂ ਇਹ ਨਵਾਂ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿੱਖ ਧਰਮ ਦੁਨੀਆਂ ਵਿੱਚ ਪ੍ਰਚਲਤ ਧਰਮਾਂ ਦੀਆਂ ਚੰਗਿਆਈਆਂ ਦਾ ਨਿਚੋੜ ਹੈ। ਇਸਦੀ ਰਹਿਤ ਮਰਿਆਦਾ ਵਿੱਚ ਕੋਈ ਵੀ ਐਸੀ ਗੱਲ ਨਹੀ ਕਿ ਉਹ ਇੱਕ ਮਨੁੱਖ ਲਈ ਤਾਂ ਚੰਗੀ ਹੋਏ ਪਰ ਦੂਸਰੇ ਲਈ ਬੁਰੀ। ਮਿਸਾਲ ਦੇ ਤੌਰ ਤੇ ਜੇਕਰ ਸਿਖ ਧਰਮ ਕਿਸੇ ਕਿਸਮ ਦਾ ਨਸ਼ਾ ਕਰਨ ਦੀ ਮਨਾਹੀ ਕਰਦਾ ਹੈ ਤਾਂ ਬਾਕੀ ਸਾਰੇ ਧਰਮ ਵੀ ਇਹੀ ਕਹਿੰਦੇ ਹਨ, ਨਸ਼ਾ ਹਰ ਮਨੁੱਖ ਲਈ ਬੁਰੀ ਚੀਜ਼ ਹੈ।

ਸਿੱਖ ਧਰਮ ਵਿਗਿਆਨ ਦੇ ਬਹੁਤ ਨਜ਼ਦੀਕ ਹੈ। ਮਿਸਾਲ ਦੇ ਤੌਰ ਤੇ ਗੁਰੂ ਨਾਨਕ ਸਾਹਿਬ ਨੇ ਅਜ ਤੋਂ ਲਗਭਗ 500 ਸਾਲ ਪਹਿਲਾਂ ਫੁਰਮਾਇਆ ਸੀ ਕਿ -

-ਪਤਾਲਾ ਪਤਾਲ ਲਖ ਅਕਾਸਾ ਅਕਾਸ।।

ਅਜ ਅਸੀਂ ਦੇਖਦੇ ਹਾਂ ਕਿ ਇਹੀ ਚੀਜ ਵਿਗਿਆਨ ਨੇ ਸਾਬਤ ਕਰ ਦਿਤੀ ਹੈ ਕਿ ਅਕਾਸ਼ ਵਿੱਚ ਜਿਤਨੇ ਵੀ ਤਾਰੇ, ਚੰਦ, ਗ੍ਰਹਿ ਆਦਿ ਘੁੰਮ ਰਹੇ ਹਨ ਇਹ ਸਭ ਛੋਟੀਆਂ ਵੱਡੀਆਂ ਧਰਤੀਆਂ ਦੇ ਹੀ ਰੂਪ ਹਨ।

ਸਿਖ ਧਰਮ ਇੱਕ ਸਮਾਨਤਾ ਦਾ ਧਰਮ ਹੈ। ਇਹ ਮਨੁੱਖਤਾ ਨੂੰ ਜਾਤ-ਪਾਤ, ਮਜ਼ਹਬਾਂ ਵਿੱਚ ਵੰਡਣ ਵਾਲਿਆਂ ਅਤੇ ਸਮਾਜਿਕ ਵਿਤਕਰਿਆਂ ਦਾ ਖੰਡਨ ਕਰਦਾ ਹੋਇਆ “ਮਾਨਸ ਕੀ ਜਾਤਿ ਸਬੈ ਏਕੇ ਪਹਿਚਾਨਬੋ” ਦਾ ਸੰਦੇਸ਼ ਦ੍ਰਿੜ ਕਰਾਉਂਦਾ ਹੈ। ਇਹ ਊਚ-ਨੀਚ ਵਿੱਚ ਵਿਸ਼ਵਾਸ ਨਹੀਂ ਰੱਖਦਾ। ਇਸ ਸਿਧਾਂਤ ਦੀ ਪ੍ਰੋੜਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ, ਭਟਾਂ, ਸੱਤੇ ਬਲਵੰਡ ਆਦਿ ਦੀ ਦਰਜ ਬਾਣੀ ਤੋਂ ਹੁੰਦੀ ਹੈ। ਇਹਨਾਂ ਵਿਚੋਂ ਬਹੁਤ ਸਾਰੇ ਉਸ ਸਮੇਂ ਦੀ ਬ੍ਰਾਹਮਣ ਸ਼੍ਰੇਣੀ ਵਲੋਂ ਤ੍ਰਿਸਕਾਰੀਆਂ ਹੋਈਆਂ ਅਖੌਤੀ ਨੀਚ ਜਾਤੀਆਂ ਵਿਚੋਂ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸੇ ਲੀਹ ਤੇ ਚਲਦਿਆਂ ਹੋਇਆਂ ਖਾਲਸੇ ਦੀ ਸਾਜਨਾ ਕਰਦੇ ਸਮੇਂ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਥਾਂ-ਥਾਂ ਤੇ ਇਸ ਸਿਧਾਂਤ ਦੀ ਪ੍ਰੋੜਤਾ ਕਰਦੇ ਹੋਏ ਸਪਸ਼ਟ ਪ੍ਰਮਾਣ ਮਿਲਦੇ ਹਨ। ਸਮਾਜ ਵਿੱਚ ਸਾਰਿਆਂ ਲਈ ਇੱਕ ਸਮਾਨ ਵਿਸ਼ਵਾਸ ਰੱਖਦੇ ਹੋਏ ਹੀ ਇਸਤਰੀ ਲਈ ਮਰਦਾਂ ਨਾਲ ਬਰਾਬਰ ਦਾ ਦਰਜਾ ਦਿੰਦਾ ਹੈ ਜਦੋਂ ਕਿ ਦੂਸਰੇ ਧਰਮਾਂ ਵਿੱਚ ਇਸ ਦੇ ਉਲਟ ਹੈ। ਗੁਰੂ ਨਾਨਕ ਸਾਹਿਬ ਤਾਂ ਇਸਤਰੀ ਬਾਰੇ ਇਥੋਂ ਤਕ ਫੁਰਮਾਉਂਦੇ ਹਨ ਕਿ ਜਦੋਂ ਇਥੋਂ ਇੱਕ ਪ੍ਰਮਾਤਮਾ ਤੋਂ ਬਿਨਾਂ ਸਾਰੀ ਸ੍ਰਿਸ਼ਟੀ ਦੀ ਰਚਨਾ ਹੀ ਇਸਤਰੀ ਜਾਤੀ ਰਾਹੀਂ ਹੁੰਦੀ ਹੈ ਤਾਂ ਉਸ ਇਸਤਰੀ ਨੂੰ ਮੰਦਾ ਕਿਵੇਂ ਆਖਿਆ ਜਾ ਸਕਦਾ ਹੈ।

-ਸੋ ਕਿਉ ਮੰਦਾ ਆਖਿਐ ਜਿਤੁ ਜੰਮਹਿ ਰਾਜਾਨ।।

-ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ।। (ਭਾਈ ਗੁਰਦਾਸ ਜੀ)

ਰਾਹੀਂ ਇਹੀ ਸਿਧਾਂਤ ਦ੍ਰਿੜ ਕਰਾਉਂਦੇ ਹਨ ਕਿ ਦੂਸਰੇ ਧਰਮਾਂ ਵਾਂਗ ਆਦਮੀ ਨੂੰ ਇੱਕ ਤੋਂ ਵੱਧ ਇਸਤਰੀ ਰੱਖਣ ਦਾ ਅਧਿਕਾਰ ਜੋ ਆਦਮੀ ਨੂੰ ਇਸਤਰੀ ਤੋਂ ਉਪਰ ਦਸਦਾ ਹੈ, ਬਿਲਕੁਲ ਨਹੀਂ ਹੈ। ਇਸਤਰੀ ਦੇ ਇਸੇ ਸਮਾਨਤਾ ਦੇ ਅਧਿਕਾਰ ਕਾਰਣ ਹੀ ਸਿੱਖ ਧਰਮ ਵਿੱਚ ਤਲਾਕ ਸੰਸਕਾਰ ਦੀ ਕੋਈ ਹੋਂਦ ਨਹੀਂ ਹੈ। ਇਸ ਦਾ ਪ੍ਰਤਖ ਸਬੂਤ ਪੰਥ ਪ੍ਰਵਾਨਿਤ ਸਿਖ ਰਹਿਤ ਮਰਯਾਦਾ ਵਿੱਚ ਵੇਖਿਆ ਜਾ ਸਕਦਾ ਹੈ।

ਸਿਖ ਧਰਮ ਵਿੱਚ ਗ੍ਰਹਿਸਥ ਨੂੰ ਉਤਮ ਮੰਨਿਆ ਗਿਆ ਹੈ। ਇਸ ਵਿੱਚ ਦੂਸਰੇ ਧਰਮਾਂ ਵਾਂਗ ਸੰਸਾਰ ਤੋਂ ਭੱਜ ਕੇ ਜੰਗਲਾਂ ਪਹਾੜਾਂ ਆਦਿ ਵਿੱਚ ਜਾ ਕੇ ਪ੍ਰਮਾਤਮਾ ਦੀ ਪ੍ਰਾਪਤੀ ਕਰਨ ਤੋਂ ਉਲਟ ਇਸ ਸਮਾਜ ਵਿੱਚ ਹੀ ਵਿਚਰਦਿਆਂ ਹੋਇਆਂ, ਗ੍ਰਹਿਸਥ ਨਿਭਾਉਂਦੇ ਹੋਏ, ਕਾਰ ਵਿਹਾਰ ਕਰਦੇ ਹੋਏ ਹੀ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਨੂੰ ਮੁੱਖ ਸਿਧਾਂਤ ਵਜੋਂ ਦਸਿਆ ਗਿਆ ਹੈ। ਗੁਰੂ ਵਾਕ ਹੈ:- “ਸਰਬ ਧਰਮ ਮਹਿ ਗ੍ਰਹਿਸਥ ਪ੍ਰਧਾਨ”। ਗੁਰਮਤਿ ਤਾਂ ਇਹ ਦਸਦੀ ਹੈ ਕਿ ਪ੍ਰਮਾਤਮਾ ਪ੍ਰਾਪਤ ਕਰਨ ਲਈ ਕਿਤੇ ਵੀ ਬਾਹਰ ਪਹਾੜਾਂ ਜੰਗਲਾਂ ਆਦਿ ਵਿੱਚ ਜਾ ਕੇ ਤਪ ਕਰਨ, ਸਰੀਰ ਨੂੰ ਕਸ਼ਟ ਦੇਣ ਦੀ ਜਰੂਰਤ ਨਹੀਂ ਹੈ। ਪ੍ਰਮਾਤਮਾ ਤਾਂ ਹਰ ਮਨੁੱਖ ਦੇ ਹਿਰਦੇ ਵਿੱਚ ਵਸਦਾ ਹੈ ਅਤੇ ਸ਼੍ਰਿਸ਼ਟੀ ਦੇ ਕਣ-ਕਣ ਵਿੱਚ ਸਮਾਇਆ ਹੋਇਆ ਹੈ, ਜਿਸ ਨੂੰ ਗ੍ਰਹਿਸਥ ਦੇ ਫਰਜ਼ ਨਿਭਾਉਂਦਿਆਂ ਹੋਇਆਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਸਿੱਖ ਧਰਮ ਇੱਕ ਆਸ਼ਾਵਾਦੀ, ਅਗਾਂਹਵਧੂ ਤੇ ਚੜ੍ਹਦੀ ਕਲਾ ਦਾ ਧਰਮ ਹੈ। ਸਿੱਖ ਨੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਹਰ ਕੰਮ ਵਿੱਚ ਫ਼ਤਹਿ ਜਾਂ ਜਿਤ ਦਾ ਨਿਸ਼ਚਾ ਰੱਖਣਾ ਹੈ। ਇਸ ਜਿੱਤ ਨੂੰ ਖਾਲਸਾ ਆਪਣੀ ਨਹੀਂ ਮੰਨਦਾ ਸਗੋਂ ਉਹ ਇਹ ਕਹਿੰਦਾ ਹੈ ਕਿ ਜਿਤ ਵੀ ਵਾਹਿਗੁਰੂ ਜੀ ਦੀ ਹੈ ਕਿਉਂਕਿ ਖਾਲਸਾ ਵੀ ਉਸ ਦਾ ਹੈ। ਇਹ ਹਰ ਮਾੜੇ ਤੋਂ ਮਾੜੇ ਮਨੁੱਖ ਨੂੰ ਨਰਕ ਆਦਿ ਦੇ ਡਰਾਵੇ ਨਹੀਂ ਦਿੰਦਾ ਸਗੋਂ ਉਸ ਨੂੰ ਵੀ ਪ੍ਰਮਾਤਮਾ ਦੇ ਨਾਮ ਸਿਮਰਨ ਦੁਆਰਾ ਸੁਧਾਰਣ ਵਿੱਚ ਵਿਸ਼ਵਾਸ ਰੱਖਦਾ ਹੈ। ਸਿੱਖ ਧਰਮ ਫੋਕਟ ਵਹਿਮਾਂ-ਭਰਮਾਂ, ਕਰਮ-ਕਾਂਡਾ, ਜਾਤ-ਪਾਤ, ਸ਼ਗਨ-ਅਪਸ਼ਗਨ ਆਦਿ ਤੋਂ ਪੂਰੀ ਤਰਾਂ ਮੁਕਤ ਹੈ। ਇਹ ਹਰ ਉਸ ਕਰਮ ਕਾਂਡ ਦੀ ਨਿਖੇਧੀ ਕਰਦਾ ਹੈ ਜੋ ਕਿ ਪ੍ਰਮਾਤਮਾ ਦੇ ਮਿਲਾਪ ਦੇ ਰਸਤੇ ਵਿੱਚ ਸਹਾਈ ਨਹੀਂ ਹੋ ਸਕਦਾ। ਹਰ ਦਿਨ- ਦਿਹਾਰ, ਸਮਾਂ-ਘੜੀ ਪਹਿਰ ਸ਼ੁਭ ਹਨ, ਕੋਈ ਚੰਗਾ ਜਾਂ ਮਾੜਾ ਨਹੀ ਹੈ। ਗੁਰੂ ਸਾਹਿਬ ਨੇ ਸਮੇਂ ਦੀ ਪੁਜਾਰੀ ਸ਼੍ਰੇਣੀ ਵਲੋਂ ਆਪਣੀ ਉਦਰ ਪੂਰਤੀ ਹਿਤ ਠੱਗਣ ਵਾਲੇ ਲੋਕਾਂ ਤੋਂ ਬਚਦੇ ਹੋਏ ਮਨੁੱਖਤਾ ਨੂੰ ਸਿਧਾ ਇੱਕ ਪ੍ਰਮਾਤਮਾ ਦੀ ਭਗਤੀ ਵਿੱਚ ਲਗਣ ਦਾ ਉਪਦੇਸ਼ ਦਿੱਤਾ ਹੈ। ਇੰਜ ਇਹ ਵੱਖਰੀ ਗਲ ਹੈ ਕਿ ਅਜ ਅਸੀਂ ਫਿਰ ਲਗਭਗ ਉਸੇ ਦਲਦਲ ਰੂਪੀ ਮੋੜ ਤੇ ਪਹੁੰਚ ਚੁੱਕੇ ਹਾਂ ਜਿਸ ਵਿਚੋਂ ਸਾਨੂੰ ਗੁਰੂ ਸਾਹਿਬ ਨੇ ਕਢਿਆ ਹੈ।

ਸਿੱਖ ਧਰਮ ਵਿੱਚ ਦਸਵੰਧ ਦੀ ਰਸਮ ਇੱਕ ਬਹੁਤ ਹੀ ਵਧੀਆ ਤੇ ਸੁਲਝੀ ਹੋਈ ਗੁਰੂ ਸਾਹਿਬ ਵਲੋਂ ਪ੍ਰਚਲਤ ਕੀਤੀ ਗਈ ਸੀ। ਇਸ ਰਸਮ ਅਨੁਸਾਰ ਹਰ ਸਿੱਖ ਦੀ ਆਪਣੀ ਧਾਰਮਿਕ, ਇਖਲਾਕੀ ਜਿੰਮੇਵਾਰੀ ਹੁੰਦੀ ਸੀ ਕਿ ਉਹ ਆਪ ਹੀ ਆਪਣੀ ਆਮਦਨ ਦਾ ਹਿਸਾਬ ਰੱਖੇ ਤੇ ਉਸ ਆਮਦਨ ਵਿਚੋਂ ਬਣਦਾ ਦਸਵਾਂ ਹਿੱਸਾ ਗੁਰੂ ਦੀ ਗੋਲਕ ਵਿੱਚ ਅਰਪਨ ਕਰੇ। ਸਿੱਖਾਂ ਕੋਲੋਂ ਕੋਈ ਆਮਦਨ ਦਾ ਹਿਸਾਬ ਨਹੀ ਸੀ ਪੁਛਿਆ ਜਾਂਦਾ। ਗੁਰੂ ਸਾਹਿਬ ਨੇ ਤਾਂ ਇਥੋਂ ਤਕ ਵੀ ਫੁਰਮਾਨ ਕੀਤਾ ਸੀ ਕਿ ਦਸਵੰਧ ਦੀ ਰਕਮ “ਗਰੀਬ ਦਾ ਮੂੰਹ ਗੁਰੂ ਕੀ ਗੋਲਕ” ਸਮਝ ਕੇ ਕਿਤੇ ਵੀ ਠੀਕ ਜਗ੍ਹਾ ਤੇ ਲੋੜਵੰਦਾਂ ਵਿੱਚ ਖਰਚ ਕੀਤੀ ਜਾ ਸਕਦੀ ਹੈ। ਇਹ ਰਸਮ ਹਰ ਗੁਰਸਿੱਖ ਨੂੰ ਗੁਰੂ ਘਰ ਨਾਲ ਜੋੜੀ ਰੱਖਣ ਦਾ ਇੱਕ ਬਹੁਤ ਉਤਮ ਵਸੀਲਾ ਸੀ ਅਤੇ ਹੈ।

ਪਰ ਅਜ ਜੇਕਰ ਅਸੀਂ ਇਸ ਰਸਮ ਨੂੰ ਤਿਲਾਂਜਲੀ ਦੇ ਚੁੱਕੇ ਹਾਂ ਤਾਂ ਇਸ ਦਾ ਖਮਿਆਜਾ ਵੀ ਅਸੀਂ ਭੁਗਤ ਰਹੇ ਹਾਂ। ਸਾਡੇ ਧਰਮ ਪ੍ਰਚਾਰ ਨਾਂਹ ਦੇ ਬਰਾਬਰ ਹੈ, ਸਾਡੀਆਂ ਆਉਣ ਵਾਲੀਆਂ ਪੀੜੀਆਂ ਗੁਰਸਿੱਖੀ ਤੋਂ ਅਨਜਾਣ ਹਨ। ਗੁਰੂ ਸਾਨੂੰ ਸਮੱਤ ਬਖਸ਼ੇ।

ਸੰਗਤ ਅਤੇ ਪੰਗਤ ਸਿਖ ਧਰਮ ਦੇ ਮੁੱਢਲੇ ਧੁਰੇ ਹਨ। ਸਭ ਤੋਂ ਪਹਿਲਾਂ ਸੰਗਤ ਦੀ ਸਥਾਪਨਾ ਗੁਰੂ ਨਾਨਕ ਸਾਹਿਬ ਨੇ ਕੀਤੀ। ਜਿਸ ਵਿਚੋਂ ਹਰ ਪ੍ਰਾਣੀ ਮਾਤਰ ਨੂੰ ਆਤਮਿਕ ਖੁਰਾਕ ਦੀ ਪ੍ਰਾਪਤੀ ਹੁੰਦੀ ਸੀ। ਇਸ ਨੂੰ ਅੱਗੇ ਤੋਰਦੇ ਹੋਏ ਗੁਰੂ ਅਮਰਦਾਸ ਜੀ ਨੇ ਸੰਗਤ ਦੇ ਨਾਲ ਪੰਗਤ ਵੀ ਜਰੂਰੀ ਕਰ ਦਿੱਤੀ। ਜਿਸ ਅਨੁਸਾਰ ਹਰ ਗੁਰੂ ਘਰ ਵਿੱਚ ਆਉਣ ਵਾਲੇ ਪ੍ਰਾਣੀ ਨੂੰ ਆਤਮਿਕ ਖੁਰਾਕ ਦੇ ਨਾਲ-ਨਾਲ ਸਰੀਰਕ ਖੁਰਾਕ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਫੁਰਮਾਨ ਹੈ:- “ਭੂਖੇ ਭਗਤਿ ਨਾ ਕੀਜੈ … …। “ ਇਹ ਦੋਵੇ ਰਸਮਾਂ ਲਾਗੂ ਕਰਨ ਦਾ ਮੁੱਖ ਕਾਰਨ ਇਹ ਵੀ ਸੀ ਕਿ ਜਾਤ-ਪਾਤ, ਊਚ-ਨੀਚ ਦਾ ਭੇਦਭਾਵ ਮਿਟਾਇਆ ਜਾ ਸਕੇ। ਇਤਿਹਾਸ ਗਵਾਹ ਹੈ ਕਿ ਜਦੋਂ ਬਾਦਸ਼ਾਹ ਅਕਬਰ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਆਇਆ ਤਾਂ ਉਸਨੇ ਵੀ ਇਕੋ ਪੰਗਤ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਲੰਗਰ ਦਾ ਪ੍ਰਸ਼ਾਦਾ ਛਕਿਆ। ਲੰਗਰ ਦੀ ਪ੍ਰਥਾ ਗੁਰੂ ਸਾਹਿਬ ਦੀ ਮਹਾਨ ਦੇਣ ਹੈ ਜੋ ਦੁਨੀਆਂ ਦੇ ਕਿਸੇ ਹੋਰ ਧਰਮ ਵਿੱਚ ਇਸ ਰੂਪ ਵਿੱਚ ਨਹੀਂ ਮਿਲਦੀ ਹੈ।

ਸਿਖ ਧਰਮ ਕਰਾਮਾਤਾਂ, ਰਿੱਧੀਆਂ-ਸਿੱਧੀਆਂ ਅਤੇ ਅਜਿਹੇ ਹੋਰ ਸਰੀਰ ਨੂੰ ਕਸ਼ਟ ਦੇ ਕੇ ਪ੍ਰਮਾਤਮਾ ਦੀ ਪ੍ਰਾਪਤੀ ਕਰਨ ਦੇ ਸਾਧਨਾ ਤੋਂ ਪੂਰੀ ਤਰਾਂ ਮੁਕਤ ਹੈ। ਇਸ ਦਾ ਮੁੱਖ ਸਿਧਾਂਤ ਇਹ ਹੈ ਕਿ ਸੰਸਾਰ ਵਿੱਚ ਜੋ ਕੁੱਝ ਹੁੰਦਾ ਹੈ ਉਸ ਪ੍ਰਮਾਤਮਾ ਦੇ ਭਾਣੇ ਵਿੱਚ ਹੀ ਹੁੰਦਾ ਹੈ, ਜੋ ਉਸ ਨੂੰ ਚੰਗਾ ਲਗਦਾ ਹੈ ਉਹੀ ਹੁੰਦਾ ਹੈ। ਪ੍ਰਮਾਤਮਾ ਦੀ ਪ੍ਰਾਪਤੀ ਦੂਜੇ ਧਰਮਾਂ ਵਾਂਗ ਕੇਵਲ ਕਰਮਾਂ ਤੇ ਨਿਰਭਰ ਨਹੀ ਹੈ, ਸਗੋਂ ਗੁਰਮਤਿ ਅਨੁਸਾਰ ਕਰਮਾਂ ਦੇ ਨਾਲ-ਨਾਲ ਪ੍ਰਮਾਤਮਾ ਦੀ ਮੇਹਰ ਤੇ ਵੀ ਨਿਰਭਰ ਕਰਦੀ ਹੈ।

ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਸੰਤ ਦੇ ਨਾਲ-ਨਾਲ ਸਿਪਾਹੀ ਵੀ ਬਣਾਇਆ, ਭਗਤੀ ਦੇ ਨਾਲ-ਨਾਲ ਸ਼ਕਤੀ ਨੂੰ ਵੀ ਜਰੂਰੀ ਕਰਾਰ ਦਿਤਾ। ਗੁਰੂ ਸਾਹਿਬ ਜਾਣਦੇ ਸਨ ਕਿ ਜੇਕਰ ਖਾਲਸੇ ਨੂੰ ਨਿਰਾ ਸੰਤ ਬਣਾਇਆ ਤਾਂ ਇਹ ਸਮਾਂ ਪੈਣ ਤੇ ਦੁਸ਼ਮਣ ਦਾ ਟਾਕਰਾ ਨਹੀਂ ਕਰ ਸਕੇਗਾ। ਸੋ ਹਰ ਸਿੱਖ ਨੂੰ ਆਪਣੀ ਰੱਖਿਆ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਇਹ ਵੀ ਜਰੂਰੀ ਸੀ ਕਿ ਭਗਤੀ ਵੀ ਕੀਤੀ ਜਾਵੇ ਕਿਉਂਕਿ ਅਧਰਮੀ ਬੇਕਸੂਰ ਲੋਕਾਂ ਤੇ ਜ਼ੁਲਮ ਦਾ ਕਾਰਣ ਬਣਦੇ ਹਨ। ਸਿੱਖ ਇਕੋ ਸਮੇਂ ਸੰਤ ਵੀ ਹੈ ਅਤੇ ਸਿਪਾਹੀ ਵੀ। ਸਾਡਾ ਇਤਿਹਾਸ ਗਵਾਹ ਹੈ ਖਾਲਸੇ ਦੇ ਇਸੇ ਸੰਤ ਰੂਪ ਹੋਣ ਕਾਰਨ ਹੀ ਖਾਲਸੇ ਨੇ ਕਦੀ ਕਿਸੇ ਯੁੱਧ ਵਿੱਚ ਔਰਤ, ਬੱਚਿਆਂ, ਨਿਤਾਣਿਆਂ ਆਦਿ ਜਿਨ੍ਹਾਂ ਦਾ ਯੁੱਧ ਨਾਲ ਕੋਈ ਵਾਸਤਾ ਨਾ ਹੋਵੇ, ਉਪਰ ਹੱਥ ਨਹੀਂ ਚੁੱਕਿਆ ਸੀ ਸਗੋਂ ਸਮਾਂ ਪੈਣ ਤੇ ਮਦਦ ਹੀ ਕੀਤੀ।

ਸਿਖ ਧਰਮ ਪ੍ਰਮਾਤਮਾ ਦੇ ਦਿੱਤੇ ਹੋਏ ਮਨੁੱਖੀ ਸਰੀਰ ਵਿੱਚ ਆਪਣੇ ਵਲੋਂ ਵਾਧੇ ਘਾਟੇ ਕਰਨ ਤੋਂ ਰੋਕਦਾ ਹੈ। ਉਸਦੇ ਕੀਤੇ ਹੋਏ ਕਿਸੇ ਕਰਮ ਨੂੰ ਉਸੇ ਹਾਲਤ ਵਿੱਚ ਪ੍ਰਵਾਨ ਕਰਨ ਦੀ ਜਰੂਰਤ ਤੇ ਜ਼ੋਰ ਦਿੰਦਾ ਹੈ। ਇਸੇ ਨੂੰ ਮੁੱਖ ਰਖ ਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਲਈ ‘ਸਾਬਤ ਸੂਰਤਿ ਦਸਤਾਰ ਸਿਰਾ … …. ।। ` ਦੀ ਹੱਦ ਬੰਨ ਦਿੱਤੀ ਹੈ। ਇਸੇ ਨੂੰ ਬਾਅਦ ਵਿੱਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਨਾ ਵੇਲੇ ਹੋਰ ਪੱਕੀ ਤਰਾਂ ਪ੍ਰਪੱਕ ਕਰ ਦਿਤਾ।

ਸਿਖ ਧਰਮ ਸਰਬੱਤ ਦਾ ਭਲਾ ਮੰਗਣ ਵਾਲਾ ਧਰਮ ਹੈ। ਸਿਖ ਕਦੀ ਵੀ ਆਪਣੇ ਦੁਸ਼ਮਣ ਬਾਰੇ ਵੀ ਮਨ ਵਿੱਚ ਬੁਰਾ ਨਹੀਂ ਸੋਚਦਾ। ਸਗੋਂ ਸਿੱਖ ਹਰ ਰੋਜ਼ ਅਰਦਾਸ ਕਰਦੇ ਸਮੇਂ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ` ਹੀ ਲੋਚਦਾ ਹੈ। ਸਿਖ ਦੀ ਕਿਸੇ ਨਾਲ ਦੁਸ਼ਮਣੀ, ਵੈਰ-ਵਿਰੋਧ ਨਹੀ ਹੈ। ਇਹ ਸਿਧਾਂਤ ਸਿੱਖੀ ਦਾ ਮੁੱਢਲਾ ਧੁਰਾ ਹੈ। ਇਸ ਸਿਧਾਂਤ ਦੀ ਪ੍ਰੋੜਤਾ ਗੁਰਬਾਣੀ ਵਿੱਚ ਥਾਂ-ਥਾਂ ਤੇ ਮਿਲਦੀ ਹੈ। ਗੁਰੂ ਫੁਰਮਾਣ ਹਨ-

-ਨਾ ਕੋ ਮੇਰਾ ਦੁਸ਼ਮਨ ਰਹਿਆ ਨਾ ਹਮ ਕਿਸ ਕੇ ਬੈਰਾਈ।।

-ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ।।

ਸਰਬੱਤ ਦਾ ਭਲਾ ਸਿੱਖੀ ਦਾ ਅਸੂਲ ਇਸ ਕਾਰਣ ਵੀ ਹੈ ਕਿਉਂਕਿ ਗੁਰਮਤਿ ਅਨੁਸਾਰ ਸਾਰਾ ਸੰਸਾਰ, ਸਾਰੀ ਸ੍ਰਿਸ਼ਟੀ ਹੀ ਉਸ ਅਕਾਲ ਪੁਰਖ ਦੀ ਰਚਨਾ ਹੈ ਅਤੇ ਅਸੀਂ ਸਾਰੇ ਉਸੇ ਇਕੋ ਅਕਾਲ ਪੁਰਖ ਦੀ ਸੰਤਾਨ ਹੋਣ ਕਾਰਣ ਸਾਡਾ ਕਿਸੇ ਨਾਲ ਵੈਰ ਵਿਰੋਧ ਹੋ ਹੀ ਨਹੀ ਸਕਦਾ।

ਸਿੱਖ ਧਰਮ ਵਿੱਚ ਮੂਰਤੀ ਪੂਜਾ/ਪੱਥਰ ਪੂਜਾ ਲਈ ਕੋਈ ਥਾਂ ਨਹੀ ਹੈ। ਕਿਉਂਕਿ ਗੁਰੂ ਫੁਰਮਾਨ ਅਨੁਸਾਰ ਜੋ ਮੂਰਤੀ ਆਪ ਹੀ ਪੱਥਰ ਹੈ ਜੋ ਕੁੱਝ ਆਪ ਮੰਗ ਨਹੀ ਸਕਦੀ, ਬੋਲ ਨਹੀ ਸਕਦੀ, ਉਹ ਆਪਣੇ ਉਪਾਸ਼ਕ ਨੂੰ ਕੀ ਦੇ ਸਕਦੀ ਹੈ? ਪੱਥਰ ਪੂਜਕ, ਮੂਰਤੀ ਪੂਜਕਾਂ ਨੂੰ ਗੁਰਬਾਣੀ ਵਿੱਚ ਥਾਂ-ਥਾਂ ਤੇ ਇਸ ਫੋਕਟ ਕਰਮ ਤੋਂ ਮਨਾ ਕੀਤਾ ਗਿਆ ਹੈ। ਗੁਰੂ ਦਾ ਸਿੱਖ ਤਾਂ ਗੁਰੂ ਹੁਕਮ ਅਨੁਸਾਰ ਸ਼ਬਦ ਗੁਰੂ ਦਾ ਪੁਜਾਰੀ ਹੈ। ਇਸੇ ਸ਼ਬਦ ਦੇ ਲੜ ਲੱਗ ਕੇ ਹੀ ਉਸ ਨੇ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਹੈ। ਇਸ ਸ਼ਬਦ ਤੋਂ ਬਿਨਾਂ ਤਾਂ “ਬਿਨ ਸਬਦੈ ਜਗ ਬਉਰਾਨਾ” ਵਾਲੀ ਹਾਲਤ ਹੁੰਦੀ ਹੈ। ਇਸੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੋਂ ਬਾਅਦ ਦੇਹਧਾਰੀ ਗੁਰੂ ਪ੍ਰਥਾ ਦਾ ਸਦੀਵੀਂ ਖਾਤਮਾ ਕਰਕੇ ਆਪਣੇ ਸਿਖਾਂ ਨੂੰ ਕੇਵਲ ਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਜੋ ਕਿ ਸ਼ਬਦ ਰੂਪ ਵਿੱਚ ਹਨ, ਦੇ ਲੜ ਲਗਣ ਦਾ ਹੁਕਮ ਕੀਤਾ ਹੈ।

ਸਿੱਖ ਧਰਮ ਸਵਰਗ ਨਰਕ ਦੀ ਹੋਂਦ ਮੰਨਣ ਤੋਂ ਇਨਕਾਰੀ ਹੈ। ਜਦੋਂ ਕਿ ਦੂਸਰੇ ਧਰਮਾਂ ਵਿੱਚ ਮਨੁੱਖ ਨੂੰ ਸਵਰਗ ਦੇ ਲਾਲਚ ਅਤੇ ਨਰਕ ਦੇ ਡਰਾਵੇ ਦੇ ਕੇ ਵਰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਸਿੱਖ ਧਰਮ ਦਾ ਨਰਕ ਸਵਰਗ ਨਾਲ ਕੋਈ ਵਾਸਤਾ ਨਹੀ ਹੈ। ਸਿੱਖੀ ਸਿਧਾਂਤ ਤਾਂ ਇਹ ਹੈ-

- ਕਵਲ ਨਰਕ ਕਿਆ ਸੁਰਗ ਬਿਚਾਰਾ ਸੰਤਨ ਦੋਊ ਰਾਦੈ।। …. .

- ਸੁਰਗ ਬਾਸ ਨ ਬਾਛੀਐ ਡਰੀਐ ਨ ਨਰਕ ਨਿਵਾਸ।। … …

ਉਪਰੋਕਤ ਦਰਸਾਈਆਂ ਸਿਖ ਧਰਮ ਦੀਆਂ ਖੂਬੀਆਂ ਕੋਈ ਅੰਤਿਮ ਨਹੀ ਹਨ ਇਹ ਤਾਂ ਕੇਵਲ ਕਿਣਕਾ ਮਾਤਰ ਹਨ। ਸਿਖ ਧਰਮ ਬੇਅੰਤ ਖੂਬੀਆਂ ਦਾ ਮਾਲਕ ਹੋਣ ਕਾਰਣ ਵਖ-ਵਖ ਧਰਮਾਂ ਦੀ ਦੁਨੀਆਂ ਵਿੱਚ ਨਿਵੇਕਲਾ ਅਤੇ ਵਿਲਖਣ ਸਥਾਨ ਰੱਖਦਾ ਹੈ। ਸਾਨੂੰ ਸਿਖ ਹੋਣ ਦੇ ਨਾਤੇ ਆਪਣੇ ਸਿੱਖ ਧਰਮ ਉੱਪਰ ਵੱਧ ਤੋਂ ਵੱਧ ਮਾਣ ਹੋਣਾ ਚਾਹੀਦਾ ਹੈ ਅਤੇ ਇਸ ਮਾਣ ਨੂੰ ਹਮੇਸ਼ਾ ਬਰਕਰਾਰ ਰੱਖਣ ਲਈ ਅਮਲੀ ਤੌਰ ਤੇ ਨਿੱਜੀ ਅਤੇ ਸੰਸਥਾਗਤ ਰੂਪ ਵਿੱਚ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਹ ਸਾਡਾ ਸਿਖ ਅਖਵਾਉਣ ਵਾਲਿਆਂ ਦਾ ਮੁੱਢਲਾ ਅਤੇ ਜਰੂਰੀ ਫਰਜ਼ ਬਣਦਾ ਹੈ।

================

-ਸੁਖਜੀਤ ਸਿੰਘ, ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

[email protected]
.