.

ਗੁਰਮਤਿ ਪ੍ਰਚਾਰ ਦੇ ਸੋਮਿਆਂ ਦੀ ਸੁਚੱਜੀ ਵਰਤੋਂ

(ਸੁਖਜੀਤ ਸਿੰਘ ਕਪੂਰਥਲਾ)

ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿੱਚ ਇੱਕ ਮੁਸਲਿਮ ਇਤਿਹਾਸਕਾਰ ਮਿਰਜਾ ਅਹਿਮਦ ਕਾਦੀਆਂ ਹੋਇਆ ਹੈ, ਉਹ ਆਪਣੀ ਕਲਮ ਤੋਂ ਲਿਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਤਿੰਨ ਕਰੋੜ ਲੋਕਾਂ ਨੂੰ ਸਿੱਖ ਬਣਾਇਆ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਨੌਂ ਗੁਰੂ ਸਾਹਿਬਾਨ ਨੇ ਇਸ ਗਿਣਤੀ ਵਿੱਚ ਹੋਰ ਵਾਧਾ ਕੀਤਾ। ਸਿੱਖ ਧਰਮ ਦੀ ਖੁਸ਼ਬੂ ਫੈਲਾਉਣ ਲਈ ਅਤੇ ਸਿੱਖੀ ਸ਼ਾਨ ਕਾਇਮ ਰੱਖਦੇ ਹੋਏ ਅਨੇਕਾਂ ਧਰਮੀ ਸੂਰਬੀਰ ਆਰਿਆਂ ਨਾਲ ਚੀਰੇ ਗਏ, ਦੇਗਾਂ ਵਿੱਚ ਉਬਾਲੇ ਗਏ, ਬੰਦ ਬੰਦ ਕੱਟੇ ਗਏ, ਜੰਬੂਰਾ ਨਾਲ ਮਾਸ ਨੋਚੇ ਗਏ, ਚਰਖੜੀਆਂ ਤੇ ਚਾੜੇ ਗਏ, ਖੋਪਰੀਆਂ ਉਤਾਰੀਆਂ ਗਈਆਂ, ਬਚਿਆਂ ਦੇ ਟੋਟੇ ਕਰਕੇ ਮਾਵਾਂ ਦੀਆਂ ਝੋਲੀਆਂ ਵਿੱਚ ਪਾਏ ਗਏ ਅਤੇ ਹੋਰ ਅਨੇਕਾਂ (ਅਕਹਿ ਤੇ ਅਸਹਿ) ਕਸ਼ਟ ਸਹਾਰਦੇ ਹੋਏ ਹੱਸ-ਹੱਸ ਕੇ ਖਿੜੇ ਮੱਥੇ ਸ਼ਹੀਦੀਆਂ ਤਾਂ ਪ੍ਰਵਾਨ ਕਰ ਲਈਆ ਪਰ ਸਿੱਖੀ ਸ਼ਾਨ ਨੂੰ ਦਾਗ ਨਾ ਲਗਣ ਦਿੱਤਾ। ਪਰ ਅਜ ਉਸੇ ਸਿੱਖ ਕੌਮ ਦੀ ਗਿਣਤੀ ਵਲ ਜਦੋਂ ਝਾਤ ਮਾਰਦੇ ਹਾਂ ਤਾਂ ਸ਼ਰਮ ਨਾਲ ਸਿਰ ਨੀਵਾਂ ਹੋ ਜਾਂਦਾ ਹੈ ਕਿ ਸਾਡੀ ਗਿਣਤੀ ਢਾਈ ਕਰੋੜ ਦੀ ਵੀ ਨਹੀਂ, ਇਸ ਢਾਈ ਕਰੋੜ ਵਿੱਚ ਸਿੱਖੀ ਪਹਿਰਾਵੇ ਵਿੱਚ ਦੇਹਧਾਰੀ ਗੁਰੂ ਡੰਮ ਨੂੰ ਮੰਨਣ ਵਾਲੇ ਅਤੇ ਮਨਮਤੀ ਰੀਤਾਂ ਦੇ ਧਾਰਨੀ ਵੀ ਆ ਜਾਂਦੇ ਹਨ। ਕੀ ਕਾਰਣ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਸਿੱਖ ਧਰਮ ਗਿਣਤੀ ਵਧਣ ਦੀ ਬਜਾਏ ਘਟਦਾ ਕਿੳ਼ੁਂ ਜਾ ਰਿਹਾ ਹੈ? ਇਹ ਸੋਚਣ ਦੀ ਗੱਲ ਹੈ, ਵਿਚਾਰਣ ਦੀ ਲੋੜ ਹੈ।

ਅੱਜ ਅਸੀਂ ਵੇਖਦੇ ਹਾਂ ਕਿ ਅੱਜ ਸਾਨੂੰ ਸਿਖੀ ਦੀ ਦਾਤ ਆਪਣੇ ਮਾਂ-ਬਾਪ ਤੋਂ ਨਹੀਂ ਮਿਲ ਰਹੀ, ਕਿਉਂਕਿ ਮਾਂ- ਬਾਪ ਆਪ ਹੀ ਸਿੱਖੀ ਤੋਂ ਦੂਰ ਜਾ ਚੁੱਕੇ ਹਨ। ਖਾਲਸਾ ਸਕੂਲ ਅਤੇ ਕਾਲਜ ਬਣਾਏ ਹੀ ਇਸੇ ਮੰਤਵ ਲਈ ਸਨ ਕਿ ਦੁਨਿਆਵੀ ਵਿਦਿਆ ਦੇ ਨਾਲ-ਨਾਲ ਧਰਮ ਪ੍ਰਚਾਰ ਵੀ ਹੋ ਸਕੇ, ਪਰ ਖਾਲਸਾ ਸਕੂਲ-ਕਾਲਜ ਵੀ ਸਫਲ ਨਹੀਂ ਹੋ ਸਕੇ, ਕਿਉਂਕਿ ਇਹਨਾਂ ਦੇ ਵਿੱਚ ਵੀ ਮਾਇਆ ਦਾ ਬੋਲ ਬਾਲਾ ਹੈ।

ਗੁਰਦੁਆਰਿਆਂ ਨੂੰ ਕੌਮੀ ਪ੍ਰਚਾਰ ਲਈ ਵਰਤਣਾ ਚਾਹੀਦਾ ਸੀ ਕਿਉਂਕਿ ਗੁਰਦੁਆਰੇ ਬਣੇ ਹੀ ਸਿੱਖੀ ਪ੍ਰਚਾਰ ਲਈ ਸਨ। ਪਰ ਅਫਸੋਸ ਦੀ ਗੱਲ ਹੈ ਕਿ ਇਹਨਾਂ ਗੁਰਦੁਆਰਿਆਂ ਵਿੱਚ ਧਰਮ ਪ੍ਰਚਾਰ ਦੀ ਥਾਂ ਤੇ ਆਪਸੀ ਝਗੜੇ ਹੀ ਹੁੰਦੇ ਆ ਰਹੇ ਹਨ। ਵੱਡੇ-ਵੱਡੇ ਗੁਰਦੁਆਰਿਆਂ ਤੋਂ ਲੈ ਕੇ ਥੋੜੀ ਆਮਦਨੀ ਵਾਲੇ ਗੁਰਦੁਆਰਿਆਂ ਵਿੱਚ ਹਰ ਥਾਂ ਪ੍ਰਧਾਨਗੀ ਆਦਿ ਲਈ ਝਗੜੇ ਹੁੰਦੇ ਦਿਖਾਈ ਦਿੰਦੇ ਹਨ। ਅਸੀਂ ਇਹ ਭੁੱਲ ਹੀ ਗਏ ਹਾਂ ਕਿ ਗੁਰਦੁਆਰੇ ਬਣਾਏ ਕਿਸ ਲਈ ਸਨ। ਅਸੀਂ ਗੁਰਦੁਆਰੇ ਬਣਾਉਣ ਵਿੱਚ ਬਹੁਤ ਜੋਸ਼ ਵਿਖਾਇਆ ਹੈ, ਇਹ ਚੰਗੀ ਗੱਲ ਹੈ ਕਿ ਗੁਰੂ ਦਾ ਘਰ ਸੁੰਦਰ ਹੋਣਾ ਚਾਹੀਦਾ ਹੈ, ਪਰ ਅਜ ਜੇ ਕਰ ਇਹ ਆਖ ਦਿੱਤਾ ਜਾਵੇ ਕਿ ਜਿਤਨੇ ਗੁਰਦੁਆਰੇ ਪੱਕੇ ਹੁੰਦੇ ਜਾ ਰਹੇ ਹਨ, ਸਿੱਖ ਉਤਨੇ ਹੀ ਕੱਚੇ ਹੁੰਦੇ ਜਾ ਰਹੇ ਹਨ ਤਾਂ ਕੋਈ ਅਤਿਕਥਨੀ ਨਹੀ ਹੋਵੇਗੀ। ਵੱਡੇ -ਵੱਡੇ ਆਲੀਸ਼ਾਨ ਗੁਰਦੁਆਰਿਆਂ ਵਿੱਚ ਸੰਗਤਾਂ ਦੀ ਬਹੁਤ ਥੋੜੀ ਹਾਜ਼ਰੀ ਇਸ ਗੱਲ ਦਾ ਸਬੂਤ ਹੈ। ਲੋੜ ਤਾਂ ਇਸ ਗੱਲ ਦੀ ਸੀ ਕਿ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਦੇ ਨਾਲ-ਨਾਲ ਸੰਗਤਾਂ ਦੀ ਗਿਣਤੀ ਵਧਾਉਣ ਉਤੇ ਅਤੇ ਸਿੱਖੀ ਦਾ ਮੂੰਹ ਮੱਥਾ ਸਵਾਰਨ ਵੱਲ ਧਿਆਨ ਦਿੱਤਾ ਜਾਂਦਾ, ਪਰ ਅਫਸੋਸ ਕਿ ਇਸ ਪਾਸੇ ਕਿਸੇ ਦਾ ਧਿਆਨ ਨਹੀਂ ਹੈ। ਉਹ ਮਨਮਤਾਂ ਜਿਨ੍ਹਾਂ ਨੂੰ ਅਸੀਂ ਗੁਰਬਾਣੀ ਦੇ ਪ੍ਰਕਾਸ਼ ਦੁਆਰਾ ਸਮਾਜ ਵਿੱਚ ਹਟਾਉਣਾ ਸੀ, ਉਹੀ ਮਨਮਤਾਂ ਅੱਜ ਸਾਡੇ ਗੁਰਦੁਆਰਿਆਂ ਦੇ ਅੰਦਰ ਦੇਖਣ ਨੂੰ ਮਿਲਦੀਆਂ ਹਨ, ਇਕ ਵਿਦਵਾਨ ਦਾ ਕਥਨ ਹੈ ਕਿ ਇੱਕ ਚੰਗਾ ਪ੍ਰਚਾਰਕ, ਲੱਖਾਂ ਰੁਪਏ ਖਰਚ ਕੇ ਬਣਾਈ ਬਿਲਡਿੰਗ ਨਾਲੋਂ, ਇੱਕ ਦਰਖਤ ਥੱਲੇ ਬੈਠ ਕੇ ਸਿੱਖੀ ਦਾ ਚੰਗਾ ਪ੍ਰਚਾਰ ਕਰ ਸਕਦਾ ਹੈ।

ਅਜ ਦੀ ਹਾਲਤ ਤਾਂ ਇਹ ਹੈ ਕਿ ਸਿੱਖ ਕੌਮ ਨੂੰ ਏਕਤਾ ਦੇ ਪਾਸੇ ਵਿੱਚ ਪਰੋ ਕੇ ਰੱਖਣ ਵਾਲਾ ਅੰਮ੍ਰਿਤ ਵੀ ਸਿੱਖਾਂ ਵਿੱਚ ਝਗੜੇ ਦਾ ਵਿਸ਼ਾ ਬਣ ਗਿਆ ਹੈ। ਪਹਿਲਾਂ ਤਾਂ ਸਿੱਖਾਂ ਦੀ ਬਹੁਗਿਣਤੀ ਅੰਮ੍ਰਿਤਧਾਰੀ ਹੀ ਨਹੀ, ਪਰ ਜੇ ਕਰ ਚਾਰ ਪੰਜ ਅੰਮ੍ਰਿਤਧਾਰੀ ਇੱਕਠੇ ਹੋ ਜਾਵਣ ਤਾਂ ਉਹ ਵੀ ਇਹ ਆਖ ਕੇ ਝਗੜੇ ਕਰਨਗੇ ਕਿ ਮੈਂ ਫਲਾਣੇ ਸੰਤ ਦਾ ਅੰਮ੍ਰਿਤ ਛਕਿਆ ਹੈ, ਮੈਂ ਫਲਾਣੇ ਜੱਥੇ ਦਾ ਅੰਮ੍ਰਿਤ ਛਕਿਆ ਹੈ, ਇਨ੍ਹਾ ਦੇ ਦਿਮਾਗ ਵਿੱਚ ਇਹ ਗੱਲ ਨਹੀਂ ਆਉਂਦੀ ਕਿ ਅਸੀਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਪਿਤਾ ਦੇ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਛਕਿਆ ਹੈ, ਕਿਸੇ ਸੰਤ ਜਾਂ ਜੱਥੇ ਦਾ ਨਹੀਂ। ਪਰ ਅਫਸੋਸ ਕਿ ਅਸੀਂ ਅੰਮ੍ਰਿਤ ਵਿੱਚ ਵੀ ਵੰਡੀਆਂ ਪਾ ਦਿੱਤੀਆਂ ਹਨ।

ਇਹ ਕੁੱਝ ਕੁ ਕਾਰਨ ਹਨ ਜਿਸ ਲਈ ਸਾਡੀ ਸਿੱਖ ਕੌਮ ਦੀ ਗਿਣਤੀ ਵਧਣ ਦੀ ਬਜਾਏ ਘਟਦੀ ਜਾ ਰਹੀ ਹੈ। ਅਜ ਅਸੀਂ ਵੇਖਦੇ ਹਾਂ ਕਿ ਸਾਡੇ ਅੰਦਰ ਜੋ ਕਮਜ਼ੋਰੀਆਂ ਆ ਰਹੀਆ ਹਨ, ਉਹਨਾਂ ਦਾ ਮੁੱਖ ਕਾਰਣ ਇਹ ਹੀ ਹੈ ਕਿ ਅਸੀਂ ਸਿਖੀ ਪ੍ਰਾਪਤ ਕਰਨ ਦੀ, ਅਤੇ ਗੁਰਮਤਿ ਪ੍ਰਚਾਰ ਦੇ ਸੋਮਿਆਂ ਦੀ ਸਹੀ ਵਰਤੋਂ ਕਰਨ ਦੀ ਜਿੰਮੇਵਾਰੀ ਨਹੀ ਸਮਝੀ। ਜੇ ਸਾਨੂੰ ਗੁਰਸਿੱਖੀ ਅਸੂਲਾਂ ਦਾ ਪਤਾ ਹੋਵੇ ਤਾਂ ਅਸੀਂ ਆਪਣੇ ਨੌਜਵਾਨਾਂ ਨੂੰ ਜੋ ਅਣਜਾਣੇ ਵਿੱਚ ਦਾੜ੍ਹੀ ਕੇਸਾਂ ਦੀ ਬੇਅਦਬੀ ਕਰ ਰਹੇ ਹਨ, ਉਨ੍ਹਾਂ ਨੂੰ ਸਹੀ ਗੁਰਮਤਿ ਪ੍ਰਚਾਰ ਦੁਆਰਾ ਸਿੱਖ ਧਰਮ ਵਲ ਪ੍ਰੇਰ ਸਕਦੇ ਹਾਂ ਅਤੇ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਨੂੰ ਘਰ-ਘਰ ਪਹੁੰਚਾਉਣ ਵਿੱਚ ਸਫਲ ਹੋ ਸਕਦੇ ਹਾਂ। ਗੁਰਮਤਿ ਪ੍ਰਚਾਰ ਦੀ ਜਿੰਮੇਵਾਰੀ ਕਿਸੇ ਇੱਕ ਸੰਸਥਾਂ ਜਾਂ ਕਿਸੇ ਇੱਕ ਜਥੇਬੰਦੀ ਦੀ ਨਹੀਂ ਸਗੋ ਇਹ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ। ਆਉ ਅਸੀਂ ਆਪੋ ਆਪਣੀ ਸਮਰੱਥਾ ਅਨੁਸਾਰ ਇਸ ਸੇਵਾ ਵਿੱਚ ਹਿੱਸਾ ਪਾਈਏ। ਗੁਰੂ ਪਾਤਸ਼ਾਹ ਬਲ ਬਖਸ਼ਣ, ਸਮਰੱਥਾ ਬਖਸ਼ਣ ਕਿ ਅਸੀਂ ਆਪਣੇ ਇਸ ਮੰਤਵ ਵਿੱਚ ਸਫਲ ਹੋ ਸਕੀਏ। ਆਪ ਵੀ ਸਿੱਖ ਬਣਕੇ ਨਾਮ ਜਪੀਏ ਅਤੇ ਹੋਰਾਂ ਨੂੰ ਵੀ ਨਾਮ ਜਪਣ ਦੇ ਕੰਮ (ਆਹਰ) ਵਿੱਚ ਲਗਾ ਸਕੀਏ ਅਤੇ ਗੁਰੂ ਰਾਮਦਾਸ ਜੀ ਦੇ ਫੁਰਮਾਣ:-

ਜਨ ਨਾਨਕ ਧੂੜਿ ਮੰਗੈ ਤਿਸ ਗੁਰਸਿਖ ਕੀ

ਜੋ ਆਪ ਜਪੈ ਅਵਰਹ ਨਾਮ ਜਪਾਵੈ।।

ਅਨੁਸਾਰ ਗੁਰੂ ਦਰ ਤੇ ਪ੍ਰਵਾਨ ਹੋ ਸਕੀਏ।

====================

-ਸੁਖਜੀਤ ਸਿੰਘ, ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

[email protected]
.