ਨਕਲੀ ਧਰਮਾਂ ਦੀ ਚੱਲ ਰਹੀ ਇਸ ਲੇਖ ਲੜੀ ਵਿੱਚ ‘ਧਰਮ ਅਸਥਾਨਾਂ ਅਧਾਰਿਤ
ਨਕਲੀ ਧਰਮ’ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਥੋੜਾ ਜਿਹਾ ਨਕਲੀ ਧਾਰਮਿਕ
ਫਿਰਕਿਆਂ ਤੇ ਅਸਲੀ ਧਰਮ ਬਾਰੇ ਵਿਚਾਰ ਕਰ ਲੈਣੀ ਸਾਰਥਿਕ ਰਹੇਗੀ ਤਾਂ ਕਿ ਸਾਨੂੰ ਨਕਲੀ ਤੇ ਅਸਲੀ
ਧਰਮ ਬਾਰੇ ਸੰਖੇਪ ਵਿੱਚ ਕੁੱਝ ਜਾਣਕਾਰੀ ਹੋ ਸਕੇ। ਗੱਲ ਅੱਗੇ ਤੋਰਨ ਤੋਂ ਪਹਿਲਾਂ ਇਹ ਚਰਚਾ ਕਰਨੀ
ਇਸ ਲਈ ਵੀ ਜਰੂਰੀ ਹੈ ਕਿਉਂਕਿ ਹੁਣ ਤੱਕ ਅਸੀਂ ਅੱਜ ਦੇ ਸਮੇਂ ਵਿੱਚ ਪ੍ਰਚਲਤ ਜਥੇਬੰਧਕ ਧਾਰਮਿਕ
ਫਿਰਕਿਆਂ ਵਿੱਚ ਚੱਲ ਰਹੇ 25 ਦੇ ਕਰੀਬ ਨਕਲੀ ਧਰਮਾਂ ਬਾਰੇ ਵਿਚਾਰ ਕਰ ਚੁੱਕੇ ਹਾਂ ਤੇ ਕੁੱਝ ਬਾਰੇ
ਵਿਚਾਰ ਕਰਨੀ ਅਜੇ ਬਾਕੀ ਹੈ। ਇਨ੍ਹਾਂ ਵਿਚਾਰਾਂ ਤੋਂ ਬਾਅਦ ਬਹੁਤ ਸਾਰੇ ਪਾਠਕਾਂ ਨੇ ਅਕਸਰ ਸਵਾਲ
ਉਠਾਇਆ ਹੈ ਕਿ ਅਸੀਂ ਤੇ ਹੁਣ ਤੱਕ ਇਸ ਸਭ ਕੁੱਝ ਨੂੰ ਹੀ ਧਰਮ ਸਮਝਦੇ ਰਹੇ ਹਾਂ ਤੇ ਤੁਸੀਂ ਇਨ੍ਹਾਂ
ਨੂੰ ਨਕਲੀ ਕਹਿ ਕੇ ਰੱਦ ਕਰ ਦਿੱਤਾ ਹੈ ਤੇ ਅੱਗੇ ਹੋਰ ਪਤਾ ਨਹੀਂ ਕਿਹੜੇ ਪੱਖ ਰੱਦ ਕਰਨੇ ਹਨ। ਥੋੜੀ
ਜਿਹੀ ਜਾਣਕਾਰੀ ਅਸਲੀ ਧਰਮ ਬਾਰੇ ਵੀ ਦਿੱਤੀ ਜਾਵੇ ਤਾਂ ਕਿ ਗੱਲ ਹੋਰਸ ਪੱਸ਼ਟ ਹੋ ਸਕੇ। ਬਹੁਤ ਸਾਰੇ
ਧਾਰਮਿਕ ਫਿਰਕਿਆਂ ਦੀ ਸੌੜੀ ਸੋਚ ਤੇ ਮਰਿਯਾਦਾਵਾਂ ਵਿੱਚ ਬੱਝੇ ਲੋਕ ਅਜਿਹਾ ਵੀ ਪ੍ਰਚਾਰ ਕਰ ਰਹੇ ਹਨ
ਕਿ ਲੇਖਕ ਧਰਮ ਵਿਰੋਧੀ ਨਾਸਤਿਕ ਵਿਅਕਤੀ ਹੈ, ਇਸ ਲਈ ਸਾਨੂੰ ਬਹੁਤਾ ਧਿਆਨ ਨਹੀਂ ਦੇਣਾ ਚਾਹੀਦਾ।
ਇੱਕ ਵੈਬਸਾਈਟ ਤੇ ਇੱਕ ਸ਼ਰਧਾਲੂ ਨੇ ਤਾਂ ਇਥੇ ਤੱਕ ਕਹਿ ਦਿੱਤਾ ਕਿ ਲੇਖਕ ਨੇ ਲੇਖਲੜੀ ਰਾਹੀਂ ਧਰਮਾਂ
(ਧਾਰਮਿਕ ਫਿਰਕਿਆਂ) ਦਾ ਇਤਨਾ ਨੁਕਸਾਨ ਕਰ ਦਿੱਤਾ ਹੈ ਕਿ ਅਗਲੇ 100 ਸਾਲ ਵੀ ਪੂਰਾ ਨਹੀਂ ਹੋਵੇਗਾ।
ਇਸ ਲਈ ਗੱਲ ਅੱਗੇ ਤੋਰਨ ਤੋਂ ਪਹਿਲਾਂ ਮੈਂ ਜਰੁਰੀ ਸਮਝਦਾ ਹਾਂ ਕਿ ਅਸਲੀ ਧਰਮ ਬਾਰੇ ਵੀ ਕੁੱਝ
ਜਾਣਕਾਰੀ ਸਾਂਝੀ ਕਰਾਂ। ਬੇਸ਼ਕ ਮੈਂ ਅਸਲੀ ਧਰਮ ਬਾਰੇ ਆਪਣਾ ਨਜ਼ਰੀਆ, ਇਸ ਲੇਖ ਲੜੀ ਦੇ ਅਖੀਰ ਵਿੱਚ
ਪੇਸ਼ ਕਰਾਂਗਾ, ਪਰ ਸੰਖੇਪ ਵਿੱਚ ਇਥੇ ਕੁੱਝ ਜਾਣਕਾਰੀ ਜਰੂਰੀ ਸਾਂਝੀ ਕਰਨੀ ਚਾਹਾਂਗਾ ਤਾਂ ਕਿ ਸਾਨੂੰ
ਥੋੜਾ ਅਸਲੀ ਧਰਮ ਬਾਰੇ ਵੀ ਪਤਾ ਲੱਗ ਸਕੇ। ਬੇਸ਼ਕ ਇਸ ਲੇਖ ਲੜੀ ਦੇ ਪਿਛਲੇ ਸਾਰੇ ਭਾਗਾਂ ਵਿੱਚ
ਇਸ਼ਾਰੇ ਮਾਤਰ ਅਸਲੀ ਧਰਮ ਦੀ ਗੱਲ ਹਰ ਵਾਰ ਕੀਤੀ ਜਾਂਦੀ ਰਹੀ ਹੈ। ਪਰ ਫਿਰ ਥੋੜਾ ਹੋਰ ਸਮਝਣ ਲਈ, ਇਸ
ਭਾਗ ਵਿੱਚ ਕੁੱਝ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ। ਅਸਲੀ ਧਰਮ ਨੂੰ ਸਮਝਣ ਲਈ ਸਭ ਤੋਂ ਪਹਿਲਾਂ
ਇਹ ਸਮਝਣਾ ਬੜਾ ਜਰੂਰੀ ਹੈ ਕਿ ਜਿਨ੍ਹਾਂ ਪ੍ਰਚਲਤ ਜਥੇਬੰਧਕ ਧਾਰਮਿਕ ਫਿਰਕਿਆਂ ਨੂੰ ਅਸੀਂ ਧਰਮ
ਸਮਝਦੇ ਹਾਂ, ਅਸਲ ਵਿੱਚ ਇਹ ਧਰਮ ਨਹੀਂ ਹਨ, ਪਰ ਇਨ੍ਹਾਂ ਵਿੱਚ ਧਰਮ ਦਾ ਕੁੱਝ ਅੰਸ਼ ਜਰੂਰ ਹੁੰਦਾ ਹੈ
ਕਿਉਂਕਿ ਬੇਸ਼ਕ ਇਹ ਧਾਰਮਿਕ ਫਿਰਕੇ ਮਨੁੱਖ ਦਾ ਹਰ ਪੱਧਰ ਤੇ ਸੋਸ਼ਣ ਹੀ ਕਰਦੇ ਹਨ, ਪਰ ਇਨ੍ਹਾਂ ਦੀ
ਬੁਨਿਆਦ ਉਨ੍ਹਾਂ ਇਨਕਲਾਬੀ ਤੇ ਸੱਚੇ ਧਰਮੀ ਪੁਰਸ਼ਾਂ ਦੇ ਨਾਮ ਤੇ ਹੋਣ ਕਰਕੇ ਇਸ ਵਿਚੋਂ ਧਰਮ ਬਾਰੇ
ਬਹੁਤ ਕੁੱਝ ਜਾਣਕਾਰੀ ਜਾਂ ਇਸ਼ਾਰੇ ਜਰੂਰ ਮਿਲ ਸਕਦੇ ਹਨ। ਪਰ ਉਸ ਲਈ ਬਿਬੇਕ ਬੁੱਧ ਚਾਹੀਦੀ ਹੈ,
ਨਾ ਅੰਧ ਵਿਸ਼ਵਾਸ਼ੀ ਸ਼ਰਧਾ ਤੇ ਨਾ ਹੀ ਤਰਕਵਾਦੀ ਬੁੱਧੀ। ਪਰ ਪੁਜਾਰੀਆਂ, ਸਮਾਜ ਤੇ ਪਰਿਵਾਰ ਵਲੋਂ
ਸਾਡੀ ਬਚਪਨ ਤੋਂ ਅਜਿਹੀ ਟਿਊਨਿੰਗ ਕੀਤੀ ਜਾਂਦੀ ਹੈ ਕਿ ਅਸੀਂ ਸਾਰੀ ਉਮਰ ਇਨ੍ਹਾਂ ਨਕਲੀ ਧਰਮਾਂ
ਦੀਆਂ ਮਰਿਯਾਦਾਵਾਂ ਦਾ ਭਾਰ ਢੋਹਣ ਨੂੰ ਹੀ ਧਰਮ ਸਮਝਦੇ ਹਾਂ ਤੇ ਪੁਜਾਰੀਆਂ ਦੇ ਸਿੱਖੇ ਸਿਖਾਏ
ਇਨ੍ਹਾਂ ਵਲੋਂ ਦੱਸੀ ਮਰਿਯਾਦਾ ਤੇ ਪੂਜਾ ਪਾਠ ਕਰਕੇ ਆਪਣੇ ਆਪ ਨੂੰ ਵੱਡੇ ਧਰਮੀ ਹੋਣ ਦਾ ਭਰਮ ਪਾਲਦੇ
ਹਾਂ ਤੇ ਜਿਹੜੇ ਸਾਡੇ ਵਾਂਗ ਪੂਜਾ ਪਾਠ ਨਾ ਕਰਨ, ਉਨ੍ਹਾਂ ਨੂੰ ਅਧਰਮੀ, ਨਾਸਤਿਕ ਜਾਂ ਪਤਿਤ (ਧਰਮ
ਤੋਂ ਗਿਰਿਆ ਹੋਇਆ) ਆਦਿ ਦੇ ਖਿਤਾਬ ਦੇ ਕੇ ਆਪਣੀ ਹਉਮੈ ਨੂੰ ਪੱਠੇ ਪਾਉਂਦੇ ਰਹਿੰਦੇ ਹਾਂ। ਬਹੁਤ
ਵਾਰ ਅਸੀਂ ਆਪਣੇ ਆਪ ਨੂੰ ਵੱਡੇ ਧਰਮੀ ਹੋਣ ਦੇ ਹੰਕਾਰ ਵਿੱਚ ਦੂਜਿਆਂ ਪ੍ਰਤੀ ਈਰਖਾ, ਨਫਰਤ, ਸਾੜ੍ਹਾ
ਆਦਿ ਔਗੁਣਾਂ ਨੂੰ ਵੀ ਸਹੇੜ ਲੈਂਦੇ ਹਾਂ। ਪੁਜਾਰੀਆਂ ਦੇ ਸਿਖਾਏ ਬਹੁਤ ਸਾਰੇ ਅੰਧ ਵਿਸ਼ਵਾਸ਼ੀ ਤੇ
ਕੱਟੜਪੰਥੀ ਸ਼ਰਧਾਲੂ ਆਪਣੇ ਧਰਮੀ ਹੋਣ ਦੇ ਹੰਕਾਰ ਵਿੱਚ ਦੂਜਿਆਂ ਦਾ ਜਾਨੀ ਮਾਲੀ ਨੁਕਸਾਨ ਕਰਨ ਤੋਂ
ਵੀ ਗੁਰੇਜ਼ ਨਹੀਂ ਕਰਦੇ। ਇੱਕ ਧਾਰਮਿਕ ਫਿਰਕੇ ਦੇ ਪੁਜਾਰੀਆਂ ਵਲੋਂ ਆਪਣੇ ਸ਼ਰਧਾਲੂਆਂ ਦੀ ਅਜਿਹੀ ਮੱਤ
ਮਾਰੀ ਹੋਈ ਕਿ ਉਨ੍ਹਾਂ ਦੇ ਅਨੇਕਾਂ ਨੌਜਵਾਨ ਸ਼ਰਧਾਲੂ, ਅਧਰਮੀਆਂ (ਕਾਫਰਾਂ) ਦਾ ਨਾਸ ਕਰਨ ਦੇ
ਮਨਸੂਬੇ ਤਹਿਤ ਮਨੁੱਖੀ ਬੰਬ ਬਣ ਕੇ ਨਾ ਸਿਰਫ ਇਸ ਆਸ ਵਿੱਚ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਸਗੋਂ
ਹਜ਼ਾਰਾਂ ਬੇਕਸੂਰ ਲੋਕਾਂ ਨੂੰ ਵੀ ਮੌਤ ਦੇ ਘਾਟ ਉਤਾਰ ਰਹੇ ਹਨ ਤਾਂ ਕਿ ਉਹ ਦੁਨੀਆਂ ਵਿੱਚ ਧਰਮ
(ਆਪਣੇ ਧਾਰਮਿਕ ਫਿਰਕੇ) ਦਾ ਰਾਜ ਸਥਾਪਿਤ ਕਰਕੇ ਆਰਾਮ ਨਾਲ ਜੰਨਤ ਵਿੱਚ ਜਾ ਕੇ ਮਜ਼ੇ ਨਾਲ ਹੂਰਾਂ
ਕੋਲੋਂ ਸ਼ਰਾਬ ਤੇ ਸ਼ਬਾਬ ਦਾ ਆਨੰਦ ਮਾਣ ਸਕਣ। ਪਿਛਲੇ 5000 ਸਾਲ ਦਾ ਮਨੁੱਖੀ ਇਤਿਹਾਸ ਅਜਿਹੀਆਂ
ਜੰਗਾਂ ਜਾਂ ਧਰਮ ਯੁੱਧਾਂ ਨਾਲ ਭਰਿਆ ਪਿਆ ਹੈ, ਜਿਥੇ ਧਰਮ ਨੂੰ ਫੈਲਾਉਣ, ਧਰਮ ਦਾ ਪ੍ਰਚਾਰ, ਧਰਮ ਦਾ
ਪ੍ਰਸਾਰ, ਧਰਮ ਦਾ ਰਾਜ ਸਥਾਪਿਤ ਆਦਿ ਕਰਨ ਦੇ ਨਾਮ ਤੇ ਲੱਖਾਂ ਨਹੀਂ ਕਰੋੜਾਂ ਲੋਕ ਮੌਤ ਦੇ ਘਾਟ
ਉਤਾਰ ਦਿੱਤੇ ਗਏ ਹਨ। ਅਜੇ ਵੀ ਬਹੁਤ ਅਜਿਹੇ ਫਿਰਕੇ ਹਨ ਜੋ ਪ੍ਰਚਾਰ ਕਰਦੇ ਹਨ ਕਿ ਧਰਮ, ਰਾਜ ਤੋਂ
ਬਿਨਾਂ ਚੱਲ ਨਹੀਂ ਸਕਦਾ। ਇਸ ਲਈ ਰਾਜ (ਸਿਆਸੀ ਤਾਕਤ) ਦੀ ਬਹੁਤ ਜਰੂਰਤ ਹੈ ਤੇ ਰਾਜ ਹਥਿਆਰਾਂ
ਬਿਨਾਂ ਸੰਭਵ ਨਹੀਂ। ਇੱਕ ਅਜਿਹੀ ਵਿਚਾਰਧਾਰਾ ਵੀ ਹੈ, ਜਿਸ ਅਨੁਸਾਰ ਦੁਨੀਆਂ ਵਿੱਚ ਕੋਈ ਵੀ ਇਨਕਲਾਬ
ਹਥਿਆਰਾਂ ਬਿਨਾਂ ਸੰਭਵ ਨਹੀਂ, ਭਾਵ ਖੁਨ-ਖਰਾਬਾ ਕਿਤੇ ਬਿਨਾਂ ਤਾਕਤ ਨਹੀਂ ਹਥਿਆਈ ਜਾ ਸਕਦੀ। ਅਸਲੀ
ਧਰਮ ਜਿਹੜਾ ਕਿ ਤੁਹਾਡੇ ਅੰਦਰ ਦੀ ਗੱਲ ਹੈ, ਕੁਦਰਤ ਵਿੱਚ ਵਸਦੀ ਚੇਤੰਨਤਾ ਦੀ ਖੋਜ ਹੈ, ਉਸਨੂੰ ਭਲਾ
ਸਿਆਸੀ ਤਾਕਤ ਜਾਂ ਰਾਜ ਕੀ ਲੋੜ? ਅਸਲ ਵਿੱਚ ਅਜਿਹੀਆਂ ਗੱਲਾਂ ਪੁਜਾਰੀਆਂ, ਸਿਆਸਤਦਾਨਾਂ ਤੇ
ਸਰਮਾਏਦਾਰਾਂ ਦੇ ਗੱਠਜੋੜ ਵਲੋਂ ਪ੍ਰਚਾਰੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਹੀ ਰਾਜ ਤੇ ਤਾਕਤ ਦੀ ਲੋੜ
ਹੈ। ਅਸਲੀ ਧਰਮ ਤੇ ਦਿਲਾਂ ਤੇ ਰਾਜ ਕਰਨ ਦਾ ਨਾਮ ਹੈ, ਨਾ ਕਿ ਸਿਆਸੀ ਤਾਕਤ ਹਥਿਆਉਣ ਦਾ ਨਾਮ ਹੈ।
ਪੁਜਾਰੀਆਂ ਵਲੋਂ ਧਰਮ ਦੇ ਨਾਮ ਤੇ ਮਨੁੱਖ ਨੂੰ ਇਤਨਾ ਭਾਵੁਕ ਕੀਤਾ ਹੋਇਆ ਹੈ ਕਿ ਉਹ ਹਮੇਸ਼ਾਂ ਧਰਮ
ਦੇ ਨਾਮ ਤੇ ਮਰਨ ਮਾਰਨ ਨੂੰ ਤਿਆਰ ਰਹਿੰਦੇ ਹਨ। ਧਾਰਮਿਕ ਫਿਰਕੇ ਬਾਰੇ ਹਰ ਛੋਟੀ ਮੋਟੀ ਟਿੱਪਣੀ ਜਾਂ
ਨੁਕਤਾਚੀਨੀ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੇ ਨਾਮ ਤੇ ਕਿਤੇ ਵੀ ਦੰਗੇ ਕਰਾਏ ਜਾ
ਸਕਦੇ। ਅਗਰ ਕਿਸੇ ਦੇਸ਼ ਦੇ ਕਨੂੰਨ ਜਾਂ ਬਦਲੇ ਹੋਏ ਹਾਲਾਤਾਂ ਵਿੱਚ ਕਿਸੇ ਬਾਹਰੀ ਪਹਿਰਾਵੇ ਜਾਂ
ਚਿੰਨ੍ਹ ਨੂੰ ਬਦਲਣ ਜਾਂ ਸੋਧ ਕਰਨ ਦੀ ਲੋੜ ਹੁੰਦੀ ਹੈ ਤਾਂ ਇਸਨੂੰ ਧਰਮ ਤੇ ਹਮਲਾ ਕਹਿ ਕੇ ਲੋਕਾਂ
ਨੂੰ ਭੜਕਾਇਆ ਜਾਂਦਾ ਹੈ। ਇਸ ਲਈ ਧਰਮ ਤੇ ਧਾਰਮਿਕ ਫਿਰਕੇ (ਮਜ਼ਹਬ) ਦੇ ਫਰਕ ਨੂੰ ਜਾਨਣਾ ਬਹੁਤ
ਜਰੂਰੀ ਹੈ।
ਨਕਲੀ ਧਰਮਾਂ ਦੀ ਇਸ ਲੇਖ ਲੜੀ ਦੇ ਸ਼ੁਰੂ ਵਿੱਚ ਇਸ ਵਿਸ਼ੇ ਤੇ ਥੋੜੇ ਵਿਚਾਰ
ਸ਼ੇਅਰ ਕੀਤੇ ਸਨ ਕਿ ਅਸਲੀ ਧਰਮ ਤੇ ਨਕਲੀ ਧਰਮ ਨੂੰ ਸਮਝਣ ਲਈ ਅਸੀਂ ਹਰ ਧਾਰਮਿਕ ਫਿਰਕੇ ਨੂੰ 4
ਭਾਗਾਂ ਵਿੱਚ ਵੰਡ ਸਕਦੇ ਹਾਂ। ਇਸ ਨਾਲ ਸਾਨੂੰ ਸਮਝਣ ਵਿੱਚ ਆਸਾਨੀ ਹੋ ਸਕਦੀ ਹੈ। ਹਰ ਧਾਰਮਿਕ
ਫਿਰਕੇ ਦਾ ਪਹਿਲਾ ਮੁੱਖ ਪਹਿਲੂ ਹੈ ਉਸਦੀ ਫਿਲਾਸਫੀ। ਹਰ ਧਾਰਮਿਕ ਫਿਰਕਾ ਆਮ ਤੌਰ ਤੇ ਕਿਸੇ ਨਾ
ਕਿਸੇ ਸੱਚੇ ਧਰਮੀ ਤੇ ਇਨਕਲਾਬੀ ਮਹਾਂਪੁਰਖ ਦੇ ਨਾਮ ਤੇ ਖੜਾ ਕੀਤਾ ਹੁੰਦਾ ਹੈ। ਉਸ ਮਹਾਂਪੁਰਸ਼ ਦੀ
ਆਪਣੇ ਸਮੇਂ ਵਿੱਚ ਵੱਖ-ਵੱਖ ਵਿਸ਼ਿਆਂ ਤੇ ਆਪਣੀ ਇੱਕ ਵਿਚਾਰਧਾਰਾ ਹੁੰਦੀ ਹੈ। ਜੋ ਕਿ ਆਮ ਤੌਰ ਤੇ
ਧਾਰਮਿਕ ਫਿਰਕੇ ਦੀ ਪ੍ਰੰਪਰਾ ਜਾਂ ਗ੍ਰੰਥ ਵਿਚੋਂ ਮਿਲਦੀ ਹੈ। ਬੇਸ਼ਕ ਬਹੁਤੇ ਫਿਰਕਿਆਂ ਦੇ ਧਾਰਮਿਕ
ਗ੍ਰੰਥਾਂ ਵਿੱਚ ਉਨ੍ਹਾਂ ਦੇ ਪੈਗੰਬਰਾਂ ਦੀ ਅਸਲੀ ਵਿਚਾਰਧਾਰਾ ਨੂੰ ਪੁਜਾਰੀਆਂ ਵਲੋਂ ਆਪਣੇ ਹਿੱਤਾਂ
ਨੂੰ ਮੁੱਖ ਰੱਖ ਕੇ ਬਦਲ ਲਿਆ ਜਾਂਦਾ ਹੈ। ਪਰ ਫਿਰ ਵੀ ਧਾਰਮਿਕ ਫਿਰਕਿਆਂ ਦੀ ਪ੍ਰੰਪਰਾ ਵਿੱਚ ਉਸ
ਵਿਚਾਰਧਾਰਾ ਦੇ ਅੰਸ਼ ਅਕਸਰ ਮਿਲ ਜਾਂਦੇ ਹਨ। ਇਹ ਵਿਚਾਰਧਾਰਾ ਕਦੇ ਵੀ ਸਦੀਵੀ ਨਹੀਂ ਹੁੰਦੀ, ਸਗੋਂ
ਸਮੇਂ ਤੇ ਸਥਾਨ ਦੇ ਹਾਲਾਤਾਂ ਤੋਂ ਪ੍ਰਭਾਵਿਤ ਹੁੰਦੀ ਹੈ। ਬੇਸ਼ਕ ਉਸ ਵਿੱਚ ਅਨੇਕਾਂ ਅਜਿਹੀਆਂ ਗੱਲਾਂ
ਵੀ ਹੁੰਦੀਆਂ ਹਨ, ਜੋ ਕਿ ਆਮ ਲੋਕਾਂ ਦੇ ਪੱਧਰ ਤੋਂ ਉਚੀਆਂ ਜਾਂ ਸਮੇਂ ਤੋਂ ਅਗਾਂਹ ਦੀਆਂ ਹੁੰਦੀਆਂ
ਹਨ। ਪਰ ਸਮੇਂ ਤੇ ਸਥਾਨ ਦੇ ਹਾਲਤ ਬਦਲਣ ਨਾਲ ਉਨ੍ਹਾਂ ਵਿੱਚ ਤਬਦੀਲੀ ਆ ਸਕਦੀ ਹੈ। ਪਰ ਜਦੋਂ
ਪੁਜਾਰੀ ਜਥੇਬੰਧਕ ਧਾਰਮਿਕ ਫਿਰਕਾ ਖੜਾ ਕਰਦੇ ਹਨ ਤਾਂ ਉਸ ਵਿਚਾਰਧਾਰਾ ਦੇ ਹਰ ਅੱਖਰ ਨੂੰ ਸਦੀਵੀ ਤੇ
ਰੱਬੀ ਬਾਣੀ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਤਾਂ ਕਿ ਬਾਅਦ ਵਿੱਚ ਉਨ੍ਹਾਂ ਵਲੋਂ ਆਪਣੇ
ਹਿੱਤਾਂ ਨੂੰ ਮੁੱਖ ਰੱਖ ਕੇ ਬਣਾਈਆਂ ਮਰਿਯਾਦਾਵਾਂ ਜਾਂ ਪ੍ਰੰਪਰਾਵਾਂ ਤੇ ਵੀ ਕੋਈ ਕਿੰਤੂ ਨਾ ਕਰੇ,
ਸਗੋਂ ਉਸਨੂੰ ਵੀ ਸ਼ਰਧਾਲੂ ਸੱਚੀਆਂ ਤੇ ਸਦੀਵੀ ਮੰਨ ਕੇ ਚੱਲਣ ਤੇ ਉਸਦੇ ਹਿੱਤ ਸੁਰੱਖਿਅਤ ਰਹਿਣ,
ਬੇਸ਼ਕ ਪੁਜਾਰੀ ਆਪਣੇ ਮਤਲਬ ਲਈ ਸਮੇਂ ਸਮੇਂ ਤਬਦੀਲੀਆਂ ਕਰ ਲੈਂਦੇ ਹਨ। ਪਰ ਸਮੇਂ ਨਾਲ ਜਦੋਂ ਇਹ
ਫਿਲਾਸਫੀਆਂ ਜਾਂ ਮਰਿਯਾਦਾਵਾਂ ਗਲਤ ਸਾਬਿਤ ਹੋ ਜਾਣ ਤਾਂ ਸ਼ਰਧਾ ਦੇ ਨਾਮ ਤੇ ਆਵਾਜ਼ ਦਬਾਉਣ ਦੀ ਕੋਸ਼ਿਸ਼
ਕੀਤੀ ਜਾਂਦੀ ਹੈ। ਇਸ ਵਿਚੋਂ ਹੀ ਹੋਰ ਫਿਰਕੇ ਵਿਚੋਂ ਹੋਰ ਨਵੇਂ ਫਿਰਕੇ ਪੈਦਾ ਹੁੰਦੇ ਹਨ ਤੇ ਲੋਕਾਂ
ਦੀ ਸੋਚ ਪਿਛਾਂਹਖਿਚੂ ਬਣਦੀ ਹੈ ਤੇ ਸ਼ਰਧਾਲੂ ਅੰਧਵਿਸ਼ਵਾਸ਼ੀ ਬਣਦੇ ਹਨ। ਇਹੀ ਪੁਜਾਰੀ ਚਾਹੁੰਦੇ ਹੁੰਦੇ
ਹਨ ਤਾਂ ਕਿ ਲੋਕ ਸਵਾਲ ਨਾ ਕਰਨ ਤੇ ਉਹ ਆਪਣਾ ਲੁੱਟ ਦਾ ਧੰਦਾ ਚਲਦਾ ਰੱਖ ਸਕਣ।
ਦੂਸਰਾ ਭਾਗ ਹੁੰਦਾ ਹੈ ਧਾਰਮਿਕ ਫਿਰਕੇ ਦੀ ਮਰਿਯਾਦਾ, ਪ੍ਰੰਪਰਾ, ਕਰਮਕਾਂਡ,
ਪਹਿਰਾਵਾ, ਖਾਣ-ਪੀਣ, ਧਾਰਮਿਕ ਰੀਤ-ਰਸਮ, ਪੂਜਾ-ਪਾਠ ਦੇ ਸਾਧਨ, ਧਾਰਮਿਕ ਚਿੰਨ੍ਹ ਆਦਿ। ਇਸ ਸਭ ਦਾ
ਸਬੰਧ ਵੀ ਹਮੇਸ਼ਾਂ ਸਮੇਂ ਤੇ ਸਥਾਨ ਅਨੁਸਾਰ ਹੁੰਦਾ ਹੈ। ਪਰ ਪੁਜਾਰੀ ਇਸਨੂੰ ਵੀ ਅੰਤਿਮ ਸੱਚ
ਪ੍ਰਚਾਰਦੇ ਹਨ। ਆਮ ਤੌਰ ਤੇ ਭਾਵੇਂ ਉਹ ਕਹਿੰਦੇ ਇਹ ਹਨ ਕਿ ਉਨ੍ਹਾਂ ਦੇ ਫਿਰਕੇ ਦਾ ਅਧਾਰ ਉਨ੍ਹਾਂ
ਦੇ ਪੈਗੰਬਰ ਜਾਂ ਗੁਰੂ ਦੀ ਉਨ੍ਹਾਂ ਦੇ ਗ੍ਰੰਥ ਵਿੱਚ ਲਿਖੀ ਵਿਚਾਰਧਾਰਾ (ਫਿਲਾਸਫੀ) ਹੈ। ਪਰ
ਉਨ੍ਹਾਂ ਦਾ ਸਾਰਾ ਜ਼ੋਰ ਮਰਿਯਾਦਾ, ਪ੍ਰੰਪਰਾ, ਕਰਮਕਾਂਡ, ਖਾਣ-ਪੀਣ, ਪੂਜਾ-ਪਾਠ, ਧਾਰਮਿਕ ਚਿੰਨ੍ਹ,
ਧਾਰਮਿਕ ਪਹਿਰਾਵਾ ਆਦਿ ਤੇ ਹੁੰਦਾ ਹੈ। ਹੌਲੀ-ਹੌਲੀ ਉਹ ਆਪਣੇ ਫਿਰਕੇ ਵਿੱਚ ਅਜਿਹਾ ਮਾਹੌਲ ਬਣਾ
ਲੈਂਦੇ ਹਨ ਕਿ ਜਿਹੜਾ ਅਜਿਹਆਂ ਮਰਿਯਾਦਾਵਾਂ ਜਾਂ ਪੂਜਾ-ਪਾਠ ਨੂੰ ਬਿਨਾਂ ਕਿਸੇ ਹੀਲ-ਹੁੱਜਤ ਦੇ
ਮੰਨਦਾ ਰਹੇ, ਉਹ ਵੱਡਾ ਧਰਮੀ ਤੇ ਜਿਹੜਾ ਨਾ ਮੰਨੇ ਉਹ ਅਧਰਮੀ ਜਾਂ ਪਤਿਤ (ਧਰਮ ਤੋਂ ਗਿਰਿਆ ਹੋਇਆ)
ਬਣਾ ਦਿੱਤਾ ਜਾਂਦਾ ਹੈ। ਇਸ ਨਾਲ ਧਾਰਮਿਕ ਫਿਰਕਿਆਂ ਵਿੱਚ ਇੱਕ ਕੱਠੜਵਾਦੀ ਅਜਿਹਾ ਧੜਾ ਬਣ ਜਾਂਦਾ
ਹੈ, ਜਿਸ ਲਈ ਬਾਹਰੀ ਦਿਖਾਵੇ ਵਾਲੇ ਕਰਮਕਾਂਡ, ਪੂਜਾ-ਪਾਠ, ਮਰਿਯਾਦਾਵਾਂ, ਚਿੰਨ੍ਹ, ਪਹਿਰਾਵੇ ਆਦਿ
ਹੀ ਧਰਮ ਬਣ ਜਾਂਦਾ ਹੈ ਤੇ ਦੂਜੇ ਪਾਸੇ ਜਿਹੜੇ ਆਮ ਲੋਕ ਅਜਿਹਾ ਨਾ ਕਰਨ ਜਾਂ ਕਿਸੇ ਕਾਰਨ ਨਹੀਂ
ਕਰਦੇ, ਉਨ੍ਹਾਂ ਵਿੱਚ ਹੀਣ ਭਾਵਨਾ ਆ ਜਾਂਦੀ ਹੈ ਤੇ ਉਹ ਆਪਣੇ ਆਪ ਨੂੰ ਘੱਟ ਧਰਮੀ ਹੋਣ ਦੇ ਭਰਮ
ਵਿੱਚ ਸਾਰੀ ਉਮਰ ਪੁਜਾਰੀਆਂ ਨੂੰ ਖੁਸ਼ ਕਰਨ ਵਿੱਚ ਹੀ ਲੱਗੇ ਰਹਿੰਦੇ ਹਨ ਤਾਂ ਕਿ ਉਨ੍ਹਾਂ ਨੂੰ ਵੀ
ਧਾਰਮਿਕ ਫਿਰਕੇ ਵਿੱਚ ਥੋੜੀ ਬਹੁਤ ਮਾਨਤਾ ਮਿਲ ਸਕੇ। ਜਦਕਿ ਇਸ ਸਭ ਦਾ ਧਰਮ ਨਾਲ ਕੋਈ ਸੰਬੰਧ ਨਹੀਂ
ਹੁੰਦਾ। ਸਮੇਂ ਤੇ ਸਥਾਨ ਨਾਲ ਇਨ੍ਹਾਂ ਦੀ ਅਹਿਮੀਅਤ ਵੀ ਬਦਲ ਚੁੱਕੀ ਹੁੰਦੀ ਹੈ। ਪਰ ਪੁਜਾਰੀਆਂ ਕੋਲ
ਆਪਣਾ ਧੰਦਾ ਚਲਾਉਣ ਦਾ ਇਹ ਇੱਕ ਵਧੀਆ ਸਾਧਨ ਬਣ ਜਾਂਦਾ ਹੈ।
ਤੀਸਰਾ ਭਾਗ ਹੁੰਦਾ ਹੈ, ਧਾਰਮਿਕ ਫਿਰਕੇ ਵਲੋਂ ਪ੍ਰਚਾਰੀਆਂ ਜਾਂਦੀਆਂ ਉਹ
ਕਦਰਾਂ-ਕੀਮਤਾਂ ਜੋ ਇੱਕ ਵਧੀਆ ਸਮਾਜ ਸਿਰਜਣ ਜਾਂ ਮਨੁੱਖ ਨੂੰ ਇੱਕ ਚੰਗੇ ਆਚਰਣ ਵਾਲਾ ਇਨਸਾਨ ਬਣਾਉਣ
ਲਈ ਜਰੂਰੀ ਹੁੰਦੀਆਂ ਹਨ। ਜਿਨ੍ਹਾਂ ਵਿੱਚ ਸੱਚ ਬੋਲਣਾ, ਝੂਠ ਨਹੀਂ ਬੋਲਣਾ, ਦੂਜੇ ਦਾ ਭਲਾ ਕਰਨਾ,
ਕਿਸੇ ਤੇ ਜ਼ੁਲਮ ਨਹੀਂ ਕਰਨਾ, ਹੱਕ ਦੀ ਕਮਾਈ ਕਰਨੀ, ਕਿਸੇ ਨਾਲ ਠਗੀ ਨਹੀਂ ਮਾਰਨੀ, ਧੋਖਾ ਨਹੀਂ
ਦੇਣਾ, ਮਨੁੱਖਤਾ ਦੀ ਸੇਵਾ ਕਰਨੀ, ਹੱਕ-ਸੱਚ-ਇਨਸਾਫ ਲਈ ਖੜਨਾ, ਮਜ਼ਲੂਮ ਦੀ ਰਾਖੀ ਕਰਨੀ ਆਦਿ। ਇਸ ਸਭ
ਦਾ ਪ੍ਰਚਾਰ ਤਕਰੀਬਨ ਸਾਰੇ ਧਾਰਮਿਕ ਫਿਰਕੇ ਕਰਦੇ ਹਨ, ਇਸੇ ਕਰਕੇ ਅਕਸਰ ਇਹ ਵੀ ਕਹਿ ਦਿੱਤਾ ਜਾਂਦਾ
ਹੈ ਕਿ ਸਾਰੇ ਧਰਮ ਇਕੋ ਹੀ ਮੈਸੇਜ਼ ਦਿੰਦੇ ਹਨ ਜਾਂ ਮੰਜ਼ਿਲ ਸਾਰਿਆਂ ਦੀ ਇੱਕੋ ਹੈ, ਸਿਰਫ ਜਾਣ ਲਈ
ਰਸਤੇ ਹੀ ਵੱਖਰੇ ਹਨ। ਜਦਕਿ ਅਜਿਹਾ ਨਹੀਂ ਹੈ, ਜੇ ਕੋਈ ਇੱਕ ਫਿਰਕੇ ਦਾ ਸ਼ਰਧਾਲੂ ਦੂਜੇ ਫਿਰਕੇ ਵਿੱਚ
ਚਲਾ ਜਾਵੇ ਤਾਂ ਧਰਮ ਪਰਿਵਰਤਨ ਦਾ ਰੌਲਾ ਪੈ ਜਾਂਦਾ ਹੈ। ਜੇ ਮੰਜ਼ਿਲ ਇੱਕ ਹੈ ਤੇ ਕੋਈ ਸ਼ਰਧਾਲੂ ਰਸਤਾ
ਬਦਲ ਲੈਂਦਾ ਹੈ ਤਾਂ ਇਸ ਤੇ ਇਤਨਾ ਵਾਵੇਲਾ ਕਿਉਂ? ਬੇਸ਼ਕ ਇਨ੍ਹਾਂ ਸਭ ਗੱਲਾਂ ਦਾ ਧਾਰਮਿਕ ਫਿਰਕਿਆਂ
ਵਲੋਂ ਅਕਸਰ ਪ੍ਰਚਾਰ ਕੀਤਾ ਜਾਂਦਾ ਹੈ, ਪਰ ਉਸਦੀ ਅਹਿਮੀਅਤ ਕੋਈ ਨਹੀਂ ਹੁੰਦੀ। ਇੱਕ ਵਧੀਆ ਗੁਣਾਂ
ਵਾਲਾ ਵਿਅਕਤੀ ਇੱਕ ਚੰਗਾ ਇਨਸਾਨ ਤੇ ਹੋ ਸਕਦਾ ਹੈ, ਪਰ ਜੇ ਧਾਰਮਿਕ ਫਿਰਕੇ ਦੀਆਂ ਮਰਿਯਾਦਾਵਾਂ,
ਪੂਜਾ-ਪਾਠ, ਧਾਰਮਿਕ ਚਿੰਨ੍ਹਾਂ, ਪਹਿਰਾਵਿਆਂ ਨੂੰ ਨਹੀਂ ਪਾਉਂਦਾ ਤਾਂ ਉਸਦੀ ਫਿਰਕੇ ਵਿੱਚ ਕੋਈ
ਵੁੱਕਤ ਨਹੀਂ। ਜਦਕਿ ਅਸਲੀਅਤ ਇਹੀ ਹੈ ਕਿ ਇੱਕ ਚੰਗਾ ਇਨਸਾਨ ਹੋਣਾ ਹੋਰ ਗੱਲ ਹੈ ਤੇ ਕਿਸੇ ਫਿਰਕੇ
ਦਾ ਚੰਗਾ ਸ਼ਰਧਾਲੂ ਹੋਣਾ ਹੋਰ ਗੱਲ ਹੈ। ਇਹੀ ਵਜ਼ਾ ਹੈ ਕਿ ਜਿਨ੍ਹਾਂ ਦੇਸ਼ਾਂ ਵਿੱਚ ਵੱਧ ਧਾਰਮਿਕ ਪੂਜਾ
ਪਾਠ ਹੁੰਦੀ ਹੈ, ਧਰਮ ਅਧਾਰਿਤ ਦੇਸ਼ ਹੁੰਦੇ ਹਨ, ਉਥੇ ਹੀ ਸਭ ਤੋਂ ਵੱਧ ਅਧਰਮ ਹੁੰਦਾ ਹੈ। ਇੰਡੀਆ
ਵਰਗਾ ਦੇਸ਼, ਜਿਥੇ ਕਿਸੇ ਧਰਮ ਅਸਥਾਨ ਤੇ ਚਲੇ ਜਾਉ ਵੱਡੀਆ-ਵੱਡੀਆਂ ਭੀੜਾਂ ਮਿਲਣਗੀਆਂ ਤੇ ਇਹ
ਪ੍ਰਭਾਵ ਪਵੇਗਾ ਕਿ ਇਥੇ ਦੇ ਲੋਕ ਬੜੇ ਧਰਮੀ ਤੇ ਰੱਬ ਦੀ ਭੈ ਭਾਵਨੀ ਵਿੱਚ ਰਹਿਣ ਵਾਲੇ ਹਨ। ਪਰ
ਜਦੋਂ ਕਿਰਦਾਰ ਦੇਖੋ ਤਾਂ ਕੁਰਪਸ਼ਨ ਤੋਂ ਲੈ ਕੇ ਅਜਿਹਾ ਕਿਹੜਾ ਕੁਕਰਮ ਨਹੀਂ ਹੈ, ਜਿਸ ਵਿੱਚ ਇੰਡੀਆ
ਸਭ ਤੋਂ ਮੋਹਰੀ ਨਹੀਂ ਹੈ? ਇਸੇ ਤਰ੍ਹਾਂ ਇਸਲਾਮਿਕ ਦੇਸ਼ਾਂ ਦਾ ਹਾਲ ਹੈ। ਪੜ੍ਹਦੇ ਪਿਛੇ ਸਭ ਕੁੱਝ
ਚਲਦਾ ਹੈ। ਮਨੁੱਖੀ ਹੱਕਾਂ ਦਾ ਘਾਣ ਸਭ ਤੋਂ ਵੱਧ ਅਜਿਹੇ ਧਾਰਮਿਕ ਦੇਸ਼ਾਂ ਵਿੱਚ ਹੀ ਹੁੰਦਾ ਹੈ।
ਚੌਥਾ ਭਾਗ ਅਸਲੀ ਧਰਮ ਹੁੰਦਾ ਹੈ, ਜਿਸ ਬਾਰੇ ਬਹੁਤ ਘੱਟ ਗੱਲ ਕੀਤੀ ਜਾਂਦੀ
ਹੈ? ਇਸ ਬ੍ਰਹਿਮੰਡ ਨੂੰ ਅਸੀਂ ਦੋ ਹਿੱਸਿਆਂ ਵਿੱਚ ਦੇਖ ਸਕਦੇ ਹਾਂ। ਇੱਕ ਉਹ ਜੋ ਬਾਹਰੀ ਰੂਪ ਵਿੱਚ
ਦਿਸਦਾ ਹੈ ਤੇ ਦੂਸਰਾ ਇਸ ਵਿਚਲਾ ਅਣਦਿਸਦਾ ਸੰਸਾਰ ਹੈ। ਜਿਸਨੂੰ ਸਾਇੰਸ ਦੀ ਭਾਸ਼ਾ ਵਿੱਚ ਕਹਿ ਸਕਦੇ
ਹਾਂ ਕਿ ਇੱਕ ਮਾਦਾ (ਮੈਟਰ) ਤੇ ਦੂਸਰਾ ਉਸਨੂੰ ਗਤੀ ਦੇਣ ਵਾਲੀ ਚੇਤੰਨਤਾ। ਅਸਲ ਵਿੱਚ ਧਰਮ ਇਸ
ਦਿਸਦੇ ਤੇ ਅਣਦਿਸਦੇ ਸੰਸਾਰ ਦੀ ਖੋਜ ਦਾ ਨਾਮ ਹੈ। ਬੇਸ਼ਕ ਦਿਸਦੇ ਸੰਸਾਰ ਦੀ ਖੋਜ ਦਾ ਕੰਮ ਤਾਂ
ਸਾਇੰਸਦਾਨ ਬਾਖੂਬੀ ਕਰ ਰਹੇ ਹਨ ਤੇ ਨਿੱਤ ਨਵੀਆਂ ਖੋਜਾਂ ਰਾਹੀਂ ਕੁਦਰਤ ਦੇ ਭੇਦ ਲੱਭਦੇ ਜਾ ਰਹੇ
ਹਨ। ਪਰ ਧਰਮ ਨੇ ਆਪਣੇ ਲਈ ਅਣਦਿਸਦੇ ਸੰਸਾਰ (ਮੈਟਰ ਵਿਚਲੀ ਚੇਤੰਨਤਾ ਜਾਂ ਮਨੁੱਖ ਵਿਚਲੀ ਆਤਮਾ) ਦੀ
ਖੋਜ ਦਾ ਕਾਰਜ ਚੁਣਿਆ ਸੀ। ਧਾਰਮਿਕ ਫਿਰਕੇ ਜਿਨ੍ਹਾਂ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਤੇ ਖੜੇ ਕੀਤੇ
ਹੋਏ ਹਨ, ਉਨ੍ਹਾਂ ਪੈਗੰਬਰੀ ਪੁਰਸ਼ਾਂ ਨੇ ਇਸ ਖੇਤਰ ਵਿੱਚ ਆਪਣੇ ਤਜ਼ਰਬੇ ਕਰਕੇ ਆਪਣੇ ਅਨੁਭਵ ਆਪਣੇ
ਗ੍ਰੰਥਾਂ ਰਾਹੀਂ ਸ਼ੇਅਰ ਕੀਤੇ ਹੋਏ ਹਨ, ਜਿਨ੍ਹਾਂ ਨੂੰ ਬਿਬੇਕ ਬੁੱਧ ਨਾਲ ਵਿਚਾਰ ਕੇ ਮਨੁੱਖ ਨੇ
ਆਪਣੀ ਖੋਜ ਦਾ ਰਸਤਾ ਚੁਣਨਾ ਸੀ, ਪਰ ਪੁਜਾਰੀਆਂ ਨੇ ਸ਼ਰਧਾਲੂਆਂ ਨੂੰ ਉਨ੍ਹਾਂ ਗ੍ਰੰਥਾਂ ਦੇ ਪੂਜਾ
ਪਾਠ ਵਿੱਚ ਵਿੱਚ ਪਾ ਲਿਆ ਜਾਂ ਫਿਰ ਵਿਦਵਾਨ ਲੋਕ ਉਨ੍ਹਾਂ ਗ੍ਰੰਥਾਂ ਵਿਚਲੀ ਵਿਚਾਰਧਾਰਾ ਦੇ ਅਰਥਾਂ
ਤੇ ਝਗੜਦੇ ਰਹਿੰਦੇ ਹਨ। ਪਰ ਜੋ ਇਸ਼ਾਰੇ ਉਨ੍ਹਾਂ ਆਪਣੀ ਖੋਜ ਜਾਂ ਅਨੁਭਵ ਰਾਹੀਂ ਸਾਡੇ ਤੱਕ ਪਹੁੰਚਾਏ
ਸਨ। ਉਨ੍ਹਾਂ ਤੋਂ ਸੇਧ ਲੈ ਕੇ ਅਸੀਂ ਮੈਟਰ ਦੀ ਖੋਜ ਕਰ ਰਹੇ ਸਾਇੰਸਦਾਨਾਂ ਵਾਂਗ ਨਹੀਂ ਤੁਰ ਸਕੇ
ਜਾਂ ਪੁਜਾਰੀਆਂ ਨੇ ਤੁਰਨ ਨਹੀਂ ਦਿੱਤਾ। ਸੋਚੋ ਜੇ ਕਿਤੇ ਸਾਇੰਸਦਾਨ ਵੀ ਇੱਕ ਖੋਜੀ ਸਾਇੰਸਦਾਨ
ਦੀ ਖੋਜ ਨੂੰ ਪੜ੍ਹ ਵਿਚਾਰ ਕੇ ਨਵੀਂ ਖੋਜ ਕਰਨ ਦੀ ਥਾਂ ਉਸਦਾ ਅਖੰਡ ਪਾਠ ਰੱਖ ਲੈਂਦੇ ਜਾਂ ਕਿਸੇ
ਖੋਜ ਦੇ ਫਾਰਮੂਲੇ ਦਾ ਮਾਲਾ ਫੜ ਕੇ ਸਿਮਰਨ ਕਰਨ ਲੱਗ ਪੈਂਦੇ ਤਾਂ ਸਾਇੰਸ ਦਾ ਕੀ ਹਾਲ ਹੁੰਦਾ?
ਸਾਇੰਸ ਨੇ ਇਸੇ ਲਈ ਤਰੱਕੀ ਕੀਤੀ ਹੈ ਕਿ ਹਰ ਨਵੇਂ ਸਾਇੰਸਦਾਨ ਨੇ ਪਿਛਲੇ ਸਾਇੰਸਦਾਨਾਂ ਦੀਆਂ ਖੋਜਾਂ
ਤੋਂ ਸੇਧ ਲੈ ਕੇ ਅੱਗੇ ਖੋਜਾਂ ਕੀਤੀਆਂ। ਕਿਸੇ ਸਾਇੰਸਦਾਨ ਨੇ ਕਦੇ ਇਹ ਵੀ ਡਰ ਮਹਿਸੂਸ ਨਹੀਂ ਕੀਤਾ
ਕਿ ਮੈਂ ਆਪਣੀ ਖੋਜ ਜਨਤਕ ਨਾ ਕਰਾਂ ਕਿਤੇ ਕੋਈ ਹੋਰ ਖੋਝੀ ਨਵੀਂ ਖੋਜ ਕਰਕੇ ਮੈਨੂੰ ਗਲਤ ਨਾ ਸਾਬਿਤ
ਕਰ ਦੇਵੇ, ਪਰ ਨਹੀਂ, ਹਰ ਸਾਇੰਸਦਾਨ ਨੇ ਖੁੱਲ੍ਹੇ ਮਨ ਨਾਲ ਸਭ ਕੁੱਝ ਜਨਤਕ ਕੀਤਾ ਤੇ ਨਵੇਂ ਖੋਜੀਆਂ
ਨੇ ਉਸਨੂੰ ਸਮਝ-ਵਿਚਾਰ ਕੇ ਉਸ ਤੋਂ ਅੱਗੇ ਤੁਰੇ ਤੇ ਨਵੀਆਂ ਖੋਜਾਂ ਕੀਤੀਆਂ। ਪਰ ਧਰਮ ਜੋ ਕਿ
ਮਨੁੱਖੀ ਸਰੀਰ ਅੰਦਰਲੀ ਚੇਤੰਨਤਾ ਦੀ ਖੋਜ ਸੀ, ਕੁਦਰਤ ਦੀ ਇਸ ਬ੍ਰਹਿਮੰਡ ਵਿੱਚ ਚੱਲ ਰਹੀ ਜੀਵਨ ਖੇਡ
ਦੇ ਰਹੱਸ ਨੂੰ ਜਾਨਣ ਦਾ ਨਾਮ ਸੀ, ਪਰ ਪੁਜਾਰੀਆਂ ਨੇ ਮਨੁੱਖ ਨੂੰ ਵਹਿਮਾਂ-ਭਰਮਾਂ, ਕਰਮਕਾਂਡਾਂ,
ਮਰਿਯਾਦਾਵਾਂ, ਚਿੰਨ੍ਹਾਂ, ਪ੍ਰੰਪਰਾਵਾਂ ਦੇ ਅਜਿਹੇ ਮਕੜੀ ਜਾਲ ਵਿੱਚ ਫਸਾਇਆ ਹੈ ਕਿ ਆਮ ਸ਼ਰਧਾਲੂ
ਮਨੁੱਖ ਇਸਦਾ ਭਾਰ ਢੋਹਣ ਨੂੰ ਹੀ ਧਰਮ ਸਮਝਦਾ ਹੈ। ਇਸੇ ਕਰਕੇ ਧਰਮ ਵਿੱਚ ਤਰੱਕੀ ਹੋਣ ਦੀ ਥਾਂ ਧਰਮ
ਤੇ ਧਾਰਮਿਕ ਲੋਕ ਪਿਛਾਂਹਖਿਚੂ ਸੋਚ ਦੇ ਧਾਰਨੀ ਬਣਦੇ ਜਾ ਰਹੇ ਹਨ। ਧਰਮ ਅਸਥਾਨਾਂ ਵਿੱਚ ਉਸ ਰੱਬ
ਨੂੰ ਲੱਭਦੇ ਫਿਰਦੇ ਹਨ, ਜੋ ਉਨ੍ਹਾਂ ਦੇ ਆਪਣੇ ਗ੍ਰੰਥਾਂ ਅਨੁਸਾਰ ਹੀ ਉਨ੍ਹਾਂ ਦੇ ਅੰਦਰ ਚੇਤੰਨਤਾ
ਰੂਪ ਵਿੱਚ ਵਸ ਰਿਹਾ ਹੈ। ਧਰਮ ਜੋ ਸਾਰੀ ਮਨੁੱਖਤਾ ਦੀ ਗੱਲ ਕਰਦਾ ਹੈ, ਸਾਰੀ ਸ੍ਰਿਸ਼ਟੀ ਨੂੰ ਇੱਕ
ਜੋਤ ਤੋਂ ਪੈਦਾ ਹੋਈ ਮੰਨਦਾ ਹੈ, ਉਥੇ ਧਾਰਮਿਕ ਫਿਰਕਾ ਸ਼ੁਰੂ ਹੀ ਮਨੁੱਖ ਦੀ ਵੰਡ ਤੋਂ ਹੁੰਦਾ ਹੈ,
ਜਦੋਂ ਪੁਜਾਰੀ ਇੱਕ ਬੱਚੇ ਦੇ ਆਪਣੇ ਫਿਰਕੇ ਦੀ ਮਰਿਯਾਦਾ ਅਨੁਸਾਰ ਸਰੀਰਕ ਕਰਮਕਾਂਡ ਕਰਦਾ ਹੈ ਜਾਂ
ਉਸਨੂੰ ਧਾਰਮਿਕ ਚਿੰਨ੍ਹ ਪਹਿਨਾਉਂਦਾ ਹੈ ਤੇ ਕਹਿੰਦਾ ਹੈ ਕਿ ਇਹ ਬੱਚਾ ਹੁਣ ਉਸ ਫਿਰਕੇ ਦਾ ਸ਼ਰਧਾਲੂ
ਹੋ ਗਿਆ। ਬੱਚੇ ਦੀ ਮਨੁੱਖਤਾ ਤੋਂ ਸਾਂਝ ਤੇ ਉਸੇ ਦਿਨ ਖਤਮ ਹੋ ਜਾਂਦੀ ਹੈ। ਇਸ ਲਈ ਧਰਮ ਜਿਥੇ
ਮਨੁੱਖ ਨੂੰ ਜੋੜਦਾ ਹੈ, ਉਥੇ ਫਿਰਕਾ ਮਨੁੱਖ ਨੂੰ ਤੋੜਦਾ ਹੈ।
ਇਸ ਸਾਰੀ ਵਿਚਾਰ ਚਰਚਾ ਦਾ ਭਾਵ ਇਹੀ ਹੈ ਕਿ ਅਸੀਂ ਅਸਲੀ ਧਰਮ ਤੇ ਧਰਮ ਦੇ
ਨਾਮ ਤੇ ਬਣੇ ਹੋਏ ਜਥੇਬੰਧਕ ਧਾਰਮਿਕ ਫਿਰਕਿਆਂ ਵਿਚਲੇ ਨਕਲੀਪਨ ਨੂੰ ਪਛਾਣ ਸਕੀਏ। ਧਾਰਮਿਕ ਫਿਰਕਿਆਂ
ਦੇ ਪਹਿਲੇ ਭਾਗ ਵਿੱਚ ਸਚਾਈ ਜਰੂਰ ਹੁੰਦੀ ਹੈ, ਪਰ ਜਰੂਰੀ ਨਹੀਂ ਉਹ ਸਦੀਵੀ ਸੱਚ ਹੋਵੇ, ਪਰ ਉਹ
ਸਮੇਂ ਦਾ ਸੱਚ ਜਰੂਰ ਹੋ ਸਕਦਾ ਹੈ, ਜਦੋਂ ਉਹ ਬਿਆਨਿਆ ਗਿਆ ਸੀ। ਪਰ ਪੁਜਾਰੀਆਂ ਵਲੋਂ ਉਸਨੂੰ ਰੱਬੀ
ਬਾਣੀ ਤੇ ਸਦੀਵੀ ਸੱਚ ਬਿਆਨਣ ਕਾਰਨ ਹੀ ਧਰਮ ਵਿੱਚ ਨਕਲੀਪਨ ਸ਼ੁਰੂ ਹੁੰਦਾ ਹੈ। ਮਰਿਯਾਦਾਵਾਂ,
ਪ੍ਰੰਪਰਾਵਾਂ, ਪੂਜਾ-ਪਾਠਾਂ, ਚਿੰਨ੍ਹਾਂ, ਪਹਿਰਾਵਿਆਂ ਵਾਲਾ ਦੂਸਰਾ ਭਾਗ ਹੈ ਹੀ ਅਸਲ ਵਿੱਚ ਨਕਲੀ,
ਇਹ ਸਭ ਪੁਜਾਰੀਆਂ ਦਾ ਕੂੜ ਪਸਾਰਾ ਹੈ, ਅਸਲੀ ਧਰਮ ਨੂੰ ਜਾਨਣ ਲਈ ਸਭ ਤੋਂ ਪਹਿਲਾਂ ਇਸ ਦੂਜੇ ਭਾਗ
ਵਿਚੋਂ ਨਿਕਲਣਾ ਜਰੂਰੀ ਹੈ। ਜਦੋਂ ਤੱਕ ਮਨੁੱਖ ਦੂਜੇ ਭਾਗ ਨੂੰ ਨਹੀਂ ਸਮਝਦਾ ਤੇ ਉਸ ਵਿਚੋਂ ਨਹੀਂ
ਨਿਕਲਦਾ, ਧਰਮ ਦੇ ਮਾਰਗ ਤੇ ਅੱਗੇ ਤੁਰ ਹੀ ਨਹੀਂ ਸਕਦਾ। ਤੀਜਾ ਭਾਗ ਸਾਨੂੰ ਇੱਕ ਚੰਗਾ ਇਨਸਾਨ
ਬਣਾਉਂਦਾ ਹੈ ਤੇ ਚੰਗਾ ਇਨਸਾਨ ਬਣਨ ਲਈ ਤੁਹਾਨੂੰ ਕਿਸੇ ਧਾਰਮਿਕ ਫਿਰਕੇ ਦੀਆਂ ਮਰਿਯਾਦਾਵਾਂ
ਨਿਭਾਉਣਾ ਜਰੂਰੀ ਨਹੀਂ ਹੈ। ਇਹ ਤੁਹਾਡੇ ਆਪਣੀ ਅੰਤਰ ਆਤਮਾ ਦੀ ਗੱਲ ਹੈ। ਚੌਥਾ ਭਾਗ ਹੀ ਅਸਲੀ ਧਰਮ
ਦਾ ਮਾਰਗ ਹੈ, ਅਸੀਂ ਸੱਚੇ ਧਾਰਮਿਕ ਗੁਰੂਆਂ, ਰਹਿਬਰਾਂ, ਪੈਗੰਬਰਾਂ ਦੇ ਗਿਆਨ ਦੀ ਬਿਬੇਕ ਬੁੱਧ ਨਾਲ
ਵਿਚਾਰ ਕਰਕੇ, ਉਨ੍ਹਾਂ ਵਲੋਂ ਆਪਣੇ ਅਨੁਭਵ ਨਾਲ ਕੀਤੇ ਇਸ਼ਾਰਿਆਂ ਨੂੰ ਸਮਝ ਕੇ ਆਪਣੀ ਖੋਜ ਦੇ ਰਾਹ
ਪਈਏ ਤਾਂ ਹੀ ਸੱਚੇ ਧਰਮੀ ਬਣ ਸਕਦੇ ਹਾਂ। ਧਰਮ ਦੇ ਖੇਤਰ ਵਿੱਚ ਵੀ ਸਾਇੰਸ ਵਾਂਗ ਬਹੁਤ ਖੋਜ ਦਾ
ਕਾਰਜ ਕਰਨ ਵਾਲਾ ਪਿਆ ਹੈ, ਖੋਜ ਨਾ ਹੋਣ ਕਾਰਨ ਹੀ ਅੱਜ ਸਾਰਾ ਧਾਰਮਿਕ ਪਸਾਰਾ ਨਕਲੀਪਨ ਤੇ ਪਾਖੰਡ
ਦਾ ਸ਼ਿਕਾਰ ਹੈ ਤੇ ਲੋਟੂ ਤੇ ਪਾਖੰਡੀ, ਆਮ ਲੋਕਾਂ ਦੀ ਅਗਿਆਨਤਾ ਦਾ ਲਾਭ ਉਠਾ ਕੇ ਆਪਣਾ ਧਰਮ ਅਧਾਰਿਤ
ਲੁੱਟ ਦਾ ਧੰਦਾ ਚਲਾ ਰਹੇ ਹਨ। ਗਿਆਨਹੀਣ ਤੇ ਬਿਬੇਕਹੀਣ ਸ਼ਰਧਾਲੂ, ਆਪਣੇ ਲਾਲਚਾਂ ਤੇ ਡਰ ਕਾਰਨ
ਇਨ੍ਹਾਂ ਦੇ ਜਾਲ ਵਿੱਚ ਫਸੇ ਰਹਿੰਦੇ ਹਨ। ਸੱਚੇ ਧਰਮੀ ਲੋਕਾਂ ਨੂੰ ਆਮ ਲੋਕਾਈ ਨੂੰ ਸੇਧ ਦੇਣ ਲਈ
ਅੱਗੇ ਆਉਣਾ ਚਾਹੀਦਾ ਹੈ ਤਾਂ ਹੀ ਸੱਚੇ ਤੇ ਅਸਲੀ ਧਰਮ ਦਾ ਪ੍ਰਕਾਸ਼ ਦੁਨੀਆਂ ਵਿੱਚ ਫੈਲ ਸਕਦਾ ਹੈ ਤੇ
ਧਰਮ ਵੀ ਖੋਜ ਦੇ ਰਾਹ ਤੁਰ ਕੇ ਮਨੁੱਖ ਲਈ ਸਦੀਵੀ ਸ਼ਾਂਤੀ ਦੇ ਰਸਤੇ ਤਲਾਸ਼ ਸਕਦਾ ਹੈ।
ਹੁਣ ਵਿਚਾਰ ਕਰਦੇ ਹਾਂ, ‘ਧਰਮ ਅਸਥਾਨਾਂ ਅਧਾਰਿਤ ਨਕਲੀ ਧਰਮ’
ਬਾਰੇ। ਕਿਸੇ ਵੀ ਧਾਰਮਿਕ ਫਿਰਕੇ ਵਿੱਚ ਉਸਦੇ ਧਾਰਮਿਕ ਅਸਥਾਨਾਂ ਦਾ ਬੜਾ ਮਹੱਤਵਪੂਰਨ ਰੋਲ ਹੁੰਦਾ
ਹੈ। ਇਹੀ ਜਗ੍ਹਾ ਹੁੰਦੀ ਹੈ, ਜਿਥੇ ਲੋਕ ਪੁਜਾਰੀ ਦੀ ਦੱਸੀ ਮਰਿਯਾਦਾ ਅਨੁਸਾਰ ਬੜੀ ਸ਼ਰਧਾ ਨਾਲ
ਆਉਂਦੇ ਹਨ ਤੇ ਇਹ ਆਸ ਰੱਖਦੇ ਹਨ ਕਿ ਉਨ੍ਹਾਂ ਦੇ ਇਸ ਤਰ੍ਹਾਂ ਜਾਣ ਤੇ ਸ਼ਰਧਾ ਨਾਲ ਮਰਿਯਾਦਾ ਨਿਭਾਉਣ
ਨਾਲ ਨਾ ਸਿਰਫ ਸਮਾਜ ਵਿੱਚ ਉਹ ਇੱਕ ਚੰਗੇ ਧਾਰਮਿਕ ਵਿਅਕਤੀ ਗਿਣੇ ਜਾਣਗੇ, ਸਗੋਂ ਰੱਬ ਉਨ੍ਹਾਂ ਦੀ
ਇਸ ਸ਼ਰਧਾ ਤੋਂ ਖੁਸ਼ ਹੋ ਕੇ ਉਨ੍ਹਾਂ ਦੀਆਂ ਅਰਦਾਸਾਂ ਸੁਣੇਗਾ, ਮਨੋ ਮੰਗੀਆਂ ਮੁਰਾਦਾਂ ਪੂਰੀਆਂ
ਕਰੇਗਾ। ਪੁਜਾਰੀ ਵਲੋਂ ਵੀ ਉਨ੍ਹਾਂ ਦੇ ਇਸ ਭਰਮ ਨੂੰ ਹੋਰ ਪੱਕਾ ਕੀਤਾ ਜਾਂਦਾ ਹੈ ਤਾਂ ਕਿ ਸ਼ਰਧਾਲੂ
ਉਨ੍ਹਾਂ ਕੋਲ ਆਪਣੀਆਂ ਇਛਾਵਾਂ ਦੀ ਪੁਰਤੀ ਲਈ ਅਰਦਾਸਾਂ ਕਰਾਉਣ। ਇਸ ਮਕਸਦ ਨੂੰ ਮੁੱਖ ਰੱਖ ਕੇ
ਪੁਜਾਰੀਆਂ ਵਲੋਂ ਸ਼ਰਧਾਲੂਆਂ ਦੇ ਮਨ ਵਿੱਚ ਵੱਖ-ਵੱਖ ਧਰਮ ਅਸਥਾਨਾਂ ਬਾਰੇ ਵੱਖ-ਵੱਖ ਤਰ੍ਹਾਂ ਦੇ ਭਰਮ
ਪਾਏ ਹੁੰਦੇ ਹਨ। ਫਿਰ ਉਨ੍ਹਾਂ ਅਸਥਾਨਾਂ ਦੀ ਸ਼ਕਤੀ ਬਾਰੇ ਵੀ ਭਰਮ ਖੜਾ ਕੀਤਾ ਹੁੰਦਾ ਹੈ। ਇਸੇ
ਤਰ੍ਹਾਂ ਵੱਖ-ਵੱਖ ਅਸਥਾਨਾਂ ਨੇੜੇ ਲੱਗੇ ਹੋਏ ਦਰਖਤਾਂ ਦੀ ਸ਼ਕਤੀ, ਪਸ਼ੂਆਂ-ਪੰਛੀਆਂ ਦੀ ਸ਼ਕਤੀ, ਧਰਮ
ਅਸਥਾਨਾਂ ਨੇੜੇ ਪਾਣੀ ਦੇ ਸੋਮਿਆਂ ਬਾਰੇ ਅਜਿਹੀਆਂ ਕਥਾ ਕਹਾਣੀਆਂ ਜੋੜੀਆਂ ਹੁੰਦੀਆਂ ਤਾਂ ਕਿ ਲੋਕ
ਉਨ੍ਹਾਂ ਅਸਥਾਨਾਂ ਤੇ ਖਾਸ ਮੌਕਿਆਂ ਤੇ ਜਾ ਕੇ ਆਪਣੀਆਂ ਸੁੱਖਾਂ ਪੂਰੀਆਂ ਕਰਾਉਣ ਲਈ ਦਾਨ ਦੱਸ਼ਣਾ
ਦੇਣ, ਅਰਦਾਸਾਂ ਕਰਾਉਣ। ਇਸੇ ਤਰ੍ਹਾਂ ਵੱਖ-ਵੱਖ ਧਰਮ ਅਸਥਾਨਾਂ ਦੇ ਨਾਲ ਨਕਲੀ ਸਾਖੀਆਂ ਜਾਂ ਕਥਾ
ਕਹਾਣੀਆਂ ਅਧਾਰਿਤ ਕਰਾਮਾਤਾਂ ਦਾ ਅਜਿਹਾ ਜਾਲ ਬੁਣਿਆ ਹੁੰਦਾ ਹੈ ਕਿ ਸ਼ਰਧਾਲੂ ਆਪਣੀਆਂ ਇਛਾਵਾਂ ਦੀ
ਪੂਰਤੀ ਲਈ ਉਥੇ ਭੱਜਾ ਜਾਂਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਪੁਜਾਰੀ ਅਜਿਹਾ ਕਿਉਂ ਕਰਦੇ ਹਨ?
ਪੁਜਾਰੀਆਂ ਨੂੰ ਮਨੁੱਖ ਦੀਆਂ ਦੋ ਬੁਨਿਆਦੀ ਕਮਜੋਰੀਆਂ ਦਾ ਪਤਾ ਹੈ, ਇੱਕ ਲਾਲਚ ਤੇ ਦੂਜਾ ਡਰ। ਨਕਲੀ
ਧਰਮ ਅਸਲ ਵਿੱਚ ਖੜਾ ਹੀ ਮਨੁੱਖ ਦੀ ਲਾਲਚੀ ਤੇ ਡਰੂ ਬਿਰਤੀ ਤੇ ਹੁੰਦਾ ਹੈ। ਕਰਾਮਾਤ ਇੱਕ ਅਜਿਹਾ
ਚੂਸਣਾ ਹੈ, ਜਿਹੜਾ ਪੁਜਾਰੀ ਆਪਣੇ ਸ਼ਰਧਾਲੂ ਦੇ ਹੱਥ ਸਾਰੀ ਉਮਰ ਫੜਾਈ ਰੱਖਦਾ ਤੇ ਉਹ ਇਸ ਭਰਮ ਵਿੱਚ
ਚੂਸਦਾ ਰਹਿੰਦਾ ਹੈ ਕਿ ਇਸ ਵਿਚੋਂ ਇੱਕ ਦਿਨ ਕਰਾਮਾਤ ਰੂਪੀ ਦੁੱਧ ਨਿਕਲੇਗਾ, ਜੋ ਉਸ ਦੀਆਂ ਸਭ
ਇਛਾਵਾਂ ਦੀ ਪੂਰਤੀ ਕਰ ਦੇਵੇਗਾ। ਕੁਦਰਤ ਦੇ ਅਟੱਲ ਨਿਯਮਾਂ ਤੋਂ ਉਲਟ ਨਾ ਕਦੇ ਕੋਈ ਕਰਾਮਾਤ ਵਾਪਰੀ
ਹੈ ਤੇ ਨਾ ਹੀ ਵਾਪਰੇਗੀ। ਕਰਾਮਾਤ ਸਿਰਫ ਸਾਇੰਸਦਾਨ ਜਾਂ ਉਨ੍ਹਾਂ ਵਰਗੇ ਧਰਮੀ ਖੋਜੀ ਹੀ ਵਰਤਾ ਸਕਦੇ
ਹਨ, ਪੁਜਾਰੀਆਂ ਦੀਆਂ ਪੈਸਾ ਲੈ ਕੇ ਕੀਤੀਆਂ ਨਕਲੀ ਅਰਦਾਸਾਂ ਜਾਂ ਕਰਾਮਾਤੀ ਧਾਰਮਿਕ ਅਸਥਾਨਾਂ ਤੇ
ਸੁੱਖੀਆਂ ਸੁੱਖਣਾ ਕਦੇ ਕਿਸੇ ਦਾ ਕੋਈ ਭਲਾ ਨਹੀਂ ਕਰ ਸਕਦੀਆਂ। ਪਰ ਦੁਨੀਆਂ ਵਿੱਚ ਬਹੁਤ ਕੁੱਝ
ਕੁਦਰਤ ਦੇ ਕਿਸੇ ਨਿਯਮ ਅਧੀਨ ਵਾਪਰ ਜਾਂਦਾ ਹੈ ਤੇ ਸ਼ਰਧਾਲੂ ਉਸਨੂੰ ਕਰਾਮਾਤ ਸਮਝ ਲੈਂਦੇ ਹਨ। ਇਸੇ
ਤਰ੍ਹਾਂ ਪੁਜਾਰੀਆਂ ਨੇ ਬਹੁਤ ਸਾਰੇ ਅਜਿਹੇ ਧਾਰਮਿਕ ਅਸਥਾਨ ਬਣਾਏ ਹੋਏ ਹੁੰਦੇ ਹਨ, ਜਿਨ੍ਹਾਂ ਦਾ
ਸਬੰਧ ਕਿਸੇ ਧਾਰਮਿਕ ਮਹਾਂਪੁਰਸ਼ ਜਾਂ ਕਿਸੇ ਅਜਿਹੇ ਵਿਅਕਤੀ ਜਿਸਨੇ ਸਮਾਜ ਜਾਂ ਧਰਮ ਲਈ ਕੋਈ
ਕੁਰਬਾਨੀ ਕੀਤੀ ਹੁੰਦੀ ਹੈ। ਫਿਰ ਉਸ ਨਾਲ ਵੀ ਅਜਿਹੀਆਂ ਕਰਾਮਾਤੀ ਕਥਾ ਕਹਾਣੀਆਂ ਜੋੜ ਲੈਂਦੇ ਹਨ।
ਇਸੇ ਤਰ੍ਹਾਂ ਕਈ ਧਾਰਮਿਕ ਅਸਥਾਨਾਂ ਬਾਰੇ ਅਜਿਹੀਆਂ ਸਾਖੀਆਂ ਜੋੜ ਲੈਂਦੇ ਹਨ ਕਿ ਇਹ ਜਗ੍ਹਾ ਬੜੀ
ਕਰਨੀ ਵਾਲੀ ਜਾਂ ਸਖਤੀ ਵਾਲੀ ਹੈ, ਇਥੇ ਖਾਸ ਮੌਕਿਆਂ ਤੇ ਆ ਕੇ ਸ਼ਰਧਾ ਨਾਲ ਨਹਾਉਣ ਨਾਲ, ਸਰੀਰ ਨੂੰ
ਵੱਖ-ਵੱਖ ਢੰਗਾਂ ਨਾਲ ਕਸ਼ਟ ਦੇਣ, ਨੰਗੇ ਪੈਰੀਂ ਆਉਣ ਆਦਿ ਨਾਲ ਸੁੱਖੀਆਂ ਸੁੱਖਣਾ ਪੂਰੀਆਂ ਹੁੰਦੀਆਂ
ਹਨ। ਕਈ ਵਾਰ ਹੈਰਾਨੀ ਹੁੰਦੀ ਹੈ ਕਿ ਅਨਪੜ੍ਹ, ਅਗਿਆਨੀ, ਅੰਧ ਵਿਸ਼ਵਾਸ਼ੀ ਲੋਕ ਤਾਂ ਪੁਜਾਰੀਆਂ ਦੇ
ਅਜਿਹੇ ਮਨਮੋਹਣੇ ਜਾਂ ਲੁਭਾਵਣੇ ਬਹਿਕਾਵਿਆਂ ਵਿੱਚ ਆਉਣ, ਪਰ ਯੂਨੀਵਰਸਿਟੀਆਂ ਦੀ ਡਿਗਰੀਆਂ ਵਾਲੇ,
ਉੱਚ ਅਹੁਦਿਆਂ ਤੇ ਬੈਠੇ ਵਿਅਕਤੀ ਵੀ ਪੁਜਾਰੀਆਂ ਦੀਆਂ ਅਜਿਹੀਆਂ ਬਚਕਾਨਾ ਕਥਾ ਕਹਾਣੀਆਂ ਤੇ ਵਿਸ਼ਵਾਸ਼
ਕਰਦੇ ਹਨ। ਜਿਸ ਤਰ੍ਹਾਂ ਤਰ੍ਹਾਂ ਕਿ ਸੱਚੇ ਧਰਮੀ ਲੋਕ ਤੇ ਸਾਇੰਸਦਾਨ ਇਹ ਮੰਨਦੇ ਹਨ ਕਿ ਇਹ ਸਾਰਾ
ਬ੍ਰਹਿਮੰਡ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਿਹਾ ਹੈ ਤੇ ਕੁਦਰਤ ਦੇ ਇਹ ਨਿਯਮ ਸਭ ਜਗ੍ਹਾ ਇਕੋ ਜਿਹੇ
ਹੀ ਲਾਗੂ ਹੁੰਦੇ ਹਨ, ਅਗਰ ਕਿਸੇ ਜਗ੍ਹਾ ਕੁੱਝ ਅਜਿਹਾ ਵਾਪਰ ਰਿਹਾ ਹੋਵੇ, ਜੋ ਕਰਾਮਾਤ ਵਰਗਾ ਲਗਦਾ
ਹੋਵੇ, ਉਹ ਕੁਦਰਤ ਦੇ ਕਿਸੇ ਅਜਿਹੇ ਨਿਯਮ ਅਧੀਨ ਹੋ ਸਕਦਾ ਹੈ, ਜਿਸਦੀ ਮਨੁੱਖ ਨੂੰ ਅਜੇ ਸਮਝ ਨਾ
ਹੋਵੇ, ਪਰ ਇਸ ਸ੍ਰਿਸ਼ਟੀ ਵਿੱਚ ਕੁੱਝ ਵੀ ਉਨ੍ਹਾਂ ਨਿਯਮਾਂ ਤੋਂ ਬਾਹਰ ਨਹੀਂ ਹੈ। ਇਸ ਲਈ ਅਜਿਹਾ
ਸੋਚਣਾ ਜਾਂ ਮੰਨਣਾ ਕਿ ਕਿਸੇ ਖਾਸ ਜਗ੍ਹਾ ਵਿੱਚ ਕੋਈ ਖਾਸ ਸ਼ਕਤੀ ਹੁੰਦੀ ਹੈ ਜਾਂ ਉਥੇ ਜਾ ਕੇ ਸੱਚੇ
ਮਨ ਨਾਲ ਪੁਜਾਰੀ ਨੂੰ ਚੜਾਵਾ ਚੜ੍ਹਾ ਕੇ, ਦਾਨ-ਦੱਸ਼ਣਾ ਦੇ ਕੇ, ਅਰਦਾਸ ਕਰਾ ਕੇ ਉਨ੍ਹਾਂ ਦੀ ਕੋਈ
ਸੁੱਖ ਪੂਰੀ ਹੋਵੇਗੀ, ਮਨੋ ਕਾਮਨਾ ਪੂਰੀ ਹੋਵੇਗੀ, ਭਰਮ ਤੋਂ ਵੱਧ ਕੁੱਝ ਨਹੀਂ ਹੈ। ਪੁਜਾਰੀ ਸਾਡੇ
ਵਿੱਚ ਇਹ ਭਰਮ ਇਸ ਲਈ ਪਾਈ ਰੱਖਣਾ ਚਾਹੁੰਦੇ ਹਨ ਤਾਂ ਕਿ ਉਨ੍ਹਾਂ ਦਾ ਅਜਿਹੇ ਅਸਥਾਨਾਂ ਨਾਲ ਚੱਲ
ਰਿਹਾ ਧੰਦਾ ਬੰਦ ਨਾ ਹੋਵੇ। ਇਸੇ ਤਰ੍ਹਾਂ ਪੁਜਾਰੀਆਂ ਨੇ ਕਈ ਅਜਿਹੇ ਕਰਾਮਤੀ ਅਸਥਾਨ ਬਣਾਏ ਹੋਏ ਹਨ,
ਜਿਥੋਂ ਧਰਤੀ ਵਿਚੋਂ ਕੋਈ ਗੈਸ, ਕੈਮੀਕਲ, ਕੈਮੀਕਲਾਂ ਵਾਲਾ ਪਾਣੀ ਆਦਿ ਨਿਕਲਦਾ ਹੈ, ਉਸ ਨਾਲ ਹੋ
ਸਕਦਾ ਹੈ ਕਿ ਮਨੁੱਖ ਦੀ ਕੋਈ ਸਰੀਰਕ ਬਿਮਾਰੀ ਠੀਕ ਹੋ ਜਾਵੇ, ਪਰ ਉਨ੍ਹਾਂ ਅਸਥਾਨਾਂ ਦੀ ਪੁਜਾਰੀ
ਸਾਇੰਸਦਾਨਾਂ ਨੂੰ ਖੋਜ ਨਹੀਂ ਕਰਨ ਦਿੰਦੇ ਤਾਂ ਕਿ ਉਹ ਸੱਚ ਸਾਹਮਣੇ ਨਾ ਲਿਆ ਸਕਣ ਕਿ ਇਸ ਵਿੱਚ
ਕੁਦਰਤ ਦਾ ਕਿਹੜਾ ਨਿਯਮ ਚੱਲ ਰਿਹਾ ਹੈ ਜਾਂ ਕਿਹੜੀ ਗੈਸ ਜਾਂ ਕੈਮੀਕਲ ਹੈ, ਜਿਸ ਨਾਲ ਕੋਈ ਸਰੀਰਕ
ਰੋਗ ਦੂਰ ਹੋ ਰਿਹਾ ਹੈ। ਪੁਜਾਰੀਆਂ ਨੂੰ ਪਤਾ ਹੈ ਕਿ ਅਜਿਹੀ ਖੋਜ ਕਰਨ ਦੀ ਇਜਾਜ਼ਤ ਦੇਣ ਨਾਲ ਉਨ੍ਹਾਂ
ਦਾ ਕਰਾਮਾਤ ਦੇ ਨਾਮ ਤੇ ਲੁੱਟਣ ਦਾ ਧੰਦਾ ਬੰਦ ਹੋ ਸਕਦਾ ਹੈ, ਇਸ ਲਈ ਉਹ ਸ਼ਰਧਾ ਤੇ ਧਾਰਮਿਕ
ਵਿਸ਼ਵਾਸ਼ਾਂ ਦਾ ਰੌਲਾ ਪਾ ਕੇ ਆਪਣਾ ਹਲਵਾ ਮੰਡਾ ਚਲਾਈ ਰੱਖਦੇ ਹਨ।
ਅਖੀਰ ਵਿੱਚ ਇਸ ਸਾਰੀ ਵਿਚਾਰ ਚਰਚਾ ਦਾ ਇਹੀ ਸਿੱਟਾ ਹੈ ਕਿ ਦੁਨੀਆਂ ਵਿੱਚ
ਅਜਿਹੀ ਕੋਈ ਖਾਸ ਜਗ੍ਹਾ ਨਹੀਂ, ਜਿਥੇ ਅਰਦਾਸ ਕਰਨ ਜਾਂ ਸੁੱਖਣਾ ਸੁੱਖਣ ਨਾਲ ਤੁਹਾਡੀ ਕੋਈ ਮਨੋ
ਕਾਮਨਾ ਪੂਰੀ ਹੋ ਜਾਵੇ। ਸਭ ਜਗ੍ਹਾ ਕੁਦਰਤ ਦੇ ਅਟੱਲ ਨਿਯਮ ਇਕੋ ਜਿਹੇ ਹੀ ਲਾਗੂ ਹੁੰਦੇ ਹਨ। ਸਾਨੂੰ
ਪੁਜਾਰੀਆਂ ਦੇ ਅਜਿਹੇ ਲੁਭਾਵਣੇ ਝਾਂਸਿਆਂ ਵਿੱਚ ਫਸ ਕੇ ਲੁੱਟ ਹੋਣ ਦੀ ਥਾਂ ਕੁਦਰਤ ਦੇ ਰਹੱਸਾਂ ਨੂੰ
ਜਾਨਣ ਲਈ ਖੋਜ ਦੇ ਰਸਤੇ ਤੁਰਨਾ ਚਾਹੀਦਾ ਹੈ। ਜੇ ਅਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਘੱਟੋ-ਘੱਟ
ਆਪਣਾ ਸਮਾਂ ਪੁਜਾਰੀਆਂ ਦੇ ਬਣਾਏ ਨਕਲੀ ਧਰਮਾਂ ਵਿੱਚ ਫਸ ਕੇ ਬਰਬਾਦ ਕਰਨ ਦੀ ਥਾਂ ਅਸਲੀ ਧਾਰਮਿਕ
ਪੁਰਸ਼ਾਂ ਦੀਆਂ ਕਿਤਾਬਾਂ ਜਾਂ ਹੋਰ ਚੰਗਾ ਸਾਹਿਤ ਪੜ੍ਹਨ ਵੱਲ ਲਾਈਏ। ਮਨੁੱਖਤਾ ਜਾਂ ਸਮਾਜ ਦੀ ਸੇਵਾ
ਲਈ ਆਪਣਾ ਵਲੰਟੀਅਰ ਸਮਾਂ ਦੇਈਏ। ਦੁਨੀਆਂ ਵਿੱਚ ਘੁੰਮ ਫਿਰ ਕੇ ਕੁਦਰਤ ਦੇ ਨਜ਼ਾਰਿਆਂ ਨੂੰ ਮਾਣੀਏ।
ਕੁੱਝ ਅਜਿਹਾ ਕਰਨ ਲਈ ਯਤਨਸ਼ੀਲ ਹੋਈਏ ਕਿ ਅਸੀਂ ਜਿਸ ਸਮਾਜ ਵਿੱਚ ਰਹਿੰਦੇ ਹਾਂ, ਉਸ ਨੂੰ ਹੋਰ ਬਿਹਤਰ
ਬਣਾਉਣ ਲਈ ਆਪਣਾ ਯੋਗਦਾਨ ਪਾ ਸਕੀਏ। ਜਿਹੜੇ ਵਿਅਕਤੀ ਸਮਾਜ ਨੂੰ ਅੱਗੇ ਲਿਜਾਣ ਲਈ ਕੁੱਝ ਚੰਗਾ ਕਰ
ਰਹੇ ਹਨ, ਉਨ੍ਹਾਂ ਦਾ ਸਾਥ ਦੇਈਏ ਤੇ ਜਿਹੜੇ ਪੁਜਾਰੀਆਂ ਵਰਗੇ ਲੋਕ ਸਮਾਜ ਨੂੰ ਪਿਛਾਂਹ ਲਿਜਾ ਰਹੇ
ਹਨ, ਸਮਾਜ ਨੂੰ ਲੁੱਟ ਰਹੇ ਹਨ, ਉਨ੍ਹਾਂ ਤੋਂ ਸੁਚੇਤ ਹੋਈਏ ਤੇ ਉਨ੍ਹਾਂ ਦੇ ਵਿਰੋਧ ਵਿੱਚ ਖੜੀਏ ਤਾਂ
ਕਿ ਕੁੱਝ ਚੰਗਾ ਵਾਪਰ ਸਕੇ।