.

ਪਿਆਰ ਕਿ ਮੋਹ?

ਪਿਆਰ ਦੀ ਪਰਿਭਾਸ਼ਾ ਨੂੰ ਆਮ ਤੌਰ ਤੇ ਮੋਹ (ਜੋ ਕਾਮ, ਕ੍ਰੋਧ, ਲੋਭ ਤੇ ਹੰਕਾਰ ਦਾ ਹੀ ਅੰਗ ਹੈ) ਨਾਲ ਰਲਗੱਡ ਕੀਤਾ ਜਾਂਦਾ ਹੈ ਪਰ ਅਸਲ ਵਿੱਚ ਇਹ ਦੋਵੇਂ ਧਿਰਾਂ ਆਪਾ ਵਿਰੋਧੀ ਹਨ। ਜਿਥੇ ਮੋਹ ਹੈ ਉਥੇ ਪਿਆਰ ਨਹੀ ਤੇ ਜਿਥੇ ਪਿਆਰ ਹੈ ਉਥੇ ਮੋਹ ਨਹੀ ਹੋ ਸਕਦਾ। ਪਿਆਰ ਦਾ ਦ੍ਹਾਵਾ ਤਾਂ ਹਰ ਕੋਈ ਕਰਦਾ ਹੈ ਪਰ ਗੁਰੂ ਦੀ ਨਜ਼ਰ ਵਿੱਚ ਇਹ ਕਿਸੇ ਵਿਰਲੇ ਦੇ ਹੀ ਹਿੱਸੇ ਆਇਆ ਹੈ: ਪ੍ਰੇਮ ਸੁਧਾ ਰਸੁ ਪੀਵੈ ਕੋਇ ॥ ਜਰਾ ਮਰਣ ਦੁਖੁ ਫੇਰਿ ਨ ਹੋਇ ॥੬॥ {ਪੰਨਾ 343}

ਪ੍ਰੇਮ ਰੂਪੀ ਅੰਮ੍ਰਿਤ ਦਾ ਘੁੱਟ ਕੋਈ ਵਿਰਲਾ ਹੀ ਪੀਂਦਾ ਹੈ। ਆਪੇ ਨੂੰ ਭੁਲਾ ਕੇ ਕਿਸੇ ਦੇ ਪਿਆਰ ਵਿੱਚ ਗਵਾਚ ਜਾਣ, ਡੁੱਬ ਜਾਣ, ਮਿਟ ਜਾਣ, ਪੰਗਰ ਜਾਣ ਦਾ ਪਲ ਹੀ ਪਿਆਰ ਹੈ, ਗੀਤਕਾਰ ਗੀਤ ਦਾ ਹੀ ਰੂਪ ਹੋ ਜਾਵੇ, ਭਗਤ ਤੂੰ ਤੂੰ ਕਰਤਾ ਤੂੰ ਹੀ ਹੋ ਜਾਵੇ, ਚਿਤ੍ਰਕਾਰ ਆਪ ਹੀ ਚਿਤ੍ਰ ਬਣ ਜਾਵੇ, ਉਸੇ ਪਲ ਦਾ ਨਾਮ ਪਿਆਰ ਹੈ। ਜਿਸ ਨੇ ਪਿਆਰ ਵਿੱਚ ਮਿਟਣ, ਗਵਾਚਣ ਜਾਂ ਡੁੱਬਣ ਦੀ ਕਲਾ ਨਹੀ ਸਿੱਖੀ, ਜਿਸ ਨੇ ਆਪਾ ਵਾਰਨ ਦੀ ਕਲਾ ਨਹੀ ਸਿੱਖੀ, ਜਿਸ ਨੇ ਆਪਾ ਸਮਰਪਣ ਨੂੰ ਨਹੀ ਜਾਣਿਆ ਉਹ ਪਿਆਰ ਨੂੰ ਕੀ ਸਮਝੇਗਾ? ਮਨੁੱਖ ਪਰਮਾਤਮਾ ਨਾਲ ਪਿਆਰ ਦੇ ਭੁਲੇਖੇ, ਮੰਦਰਾਂ ਵਿੱਚ ਜਿਨੇ ਮਰਜ਼ੀ ਟੱਲ ਖੜਕਾਈ ਜਾਵੇ, ਜਿਨੀਆਂ ਮਰਜ਼ੀ ਜੋਤਾਂ ਜਗਾਈ ਜਾਵੇ, ਮਸੀਤਾਂ ਵਿੱਚ ਜਿਨੀਆਂ ਮਰਜ਼ੀ ਬਾਂਗਾਂ ਦੇਈ ਜਾਵੇ, ਨਿਮਾਜ਼ਾਂ ਅਦਾ ਕਰੀ ਜਾਵੇ, ਚਰਚਾਂ ਵਿੱਚ ਜਿਨੇ ਮਰਜ਼ੀ ਪਿਆਨੋ ਤੇ ਔਰਗਨਾਂ ਨਾਲ ਗੀਤ ਗਾਈ ਜਾਵੇ, ਅਰਦਾਸਾਂ ਕਰੀ ਜਾਵੇ, ਗੁਰਦੁਆਰਿਆਂ, ਦਰਬਾਰਾਂ, ਠਾਠਾਂ ਤੇ ਟਕਸਾਲਾਂ ਵਿੱਚ ਜਿਨੀਆਂ ਮਰਜ਼ੀ ਢੋਲਕੀਆਂ ਚਿਮਟੇ, ਤਬਲੇ ਤੇ ਢੱਡਾਂ ਕੁੱਟੀ ਜਾਵੇ, ਆਰਤੀਆਂ ਕਰੀ ਜਾਵੇ, ਪਰ ਆਪਾ ਸੌਂਪੇ ਬਿਨਾ ਪਿਆਰ ਨਹੀ ਪੈ ਸਕਦਾ। ਸਭ ਜਾਣਦੇ ਹਨ ਕਿ ਇਹ ਜਪ, ਤਪ, ਪਾਠ ਪੂਜਾ ਤੇ ਦਾਨ ਪੁੰਨ ਆਦਿਕ ਉਪਰੋਂ ਉਪਰੋਂ ਪਿਆਰ ਦਾ ਦਿਖਾਵਾ ਹੀ ਹਨ ਅੰਦਰੋਂ ਤਾਂ ਗਵਾਚੇ ਹੀ ਨਹੀ, ਆਪਾ ਤਾਂ ਸੌਂਪਿਆ ਹੀ ਨਹੀ। ਸੁਣਿਆ ਤੇ ਪੜਿਆ ਵੀ ਹੈ ਕਿ ਬਾਬਾ ਨਾਨਕ ਗਾਉਂਦਾ ਗਾਉਂਦਾ ਵਿਸਮਾਦ ਵਿੱਚ ਚਲਾ ਜਾਂਦਾ ਸੀ, ਤੇ ਇਹੀ ਪਿਆਰ ਦੀ ਕਲਾ ਜਾਂ ਭਾਸ਼ਾ ਹੈ। ਪਿਆਰ ਕਿਸੇ ਤੇ ਕਬਜ਼ਾ ਜਮਾਉਣਾ ਨਹੀ ਹੈ ਸਗੋਂ ਕਬਜ਼ਾ ਦੇਣਾ ਹੈ, ਕਿਸੇ ਨੂੰ ਆਪਣੇ ਅਧੀਨ ਕਰਨਾ ਨਹੀ ਬਲਿਕੇ ਉਸ ਦੇ ਅਧੀਨ ਹੋਣਾ ਹੈ, ਮਾਲਕ ਨਹੀ ਬਲਿਕੇ ਨੌਕਰ (ਦਾਸ) ਬਣਨਾ ਹੈ। ਪ੍ਰੇਮ ਹਮਲਾ ਨਹੀ ਬਲਿਕੇ ਆਪਾ ਸਮਰਪਣ ਹੈ ਇਸ ਲਈ ਜਿਸ ਕੋਲ ਆਪਾ ਸਮਰਪਣ ਦੀ ਕਲਾ ਨਹੀ ਉਹ ਪਿਆਰ ਕਰ ਹੀ ਨਹੀ ਸਕਦਾ। ਇਹੀ ਕਾਰਨ ਹੈ ਕਿ ਪ੍ਰੇਮ ਵਿੱਚ ਕਦੇ ਝਗੜਾ ਨਹੀ ਹੋ ਸਕਦਾ ਕਿਉਂਕਿ ਝਗੜੇ ਦਾ ਕਾਰਨ ਤਾਂ ਅੰਦਰ ਪਏ ਵਿਰੋਧੀ ਵਿਕਾਰ ਹਨ ਤੇ ਵਿਕਾਰਾਂ ਦੇ ਹੁੰਦਿਆਂ ਪਿਆਰ ਸੰਭਵ ਹੀ ਨਹੀ। ਗੌਰ ਨਾਲ ਦੇਖਿਆ ਜਾਵੇ ਤਾਂ ਮੌਜੂਦਾ ਅਖੌਤੀ ਧਰਮ ਦਾ ਸਾਰਾ ਝਗੜਾ ਹੀ ਦੂਜੇ ਤੇ ਕਾਬਜ਼ ਹੋਣ ਦਾ ਹੈ, ਉਸ ਨੂੰ ਆਪਣੇ ਅਧੀਨ ਕਰਨ ਦਾ ਹੈ, ਪੱਖ ਪਾਤ ਤੇ ਊਚ ਨੀਚ ਦੇ ਵਿਤਕਰਿਆਂ ਨਾਲ ਆਪ ਹੁਕਮਰਾਨ ਬਣਨ ਦਾ ਹੈ ਜੋ ਪਿਆਰ ਦੀ ਪਰਿਭਾਸ਼ਾ ਨਹੀ ਬਲਿਕੇ ਵਿਰੋਧੀ ਮੋਹ ਦੀ ਹੈ। ਧਰਮ ਅਸਥਾਨਾ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਸ ਹੋਏ ਮਨੁੱਖ ਦੇ ਤਲਵਾਰਾਂ, ਬਰਛਿਆਂ, ਲਾਠੀਆਂ ਤੇ ਧਨ ਦੇ ਜ਼ੋਰ ਨਾਲ ਕਬਜ਼ਾ ਕਰਨ ਵਾਲਿਆਂ ਦੇ ਮਨਾ ਵਿੱਚ ਲੋਭ, ਮੋਹ ਜਾਂ ਹੰਕਾਰ ਤਾਂ ਹੋ ਸਕਦਾ ਹੈ ਪਰ ਪਿਆਰ ਨਹੀ ਹੋ ਸਕਦਾ ਕਿਉਂਕਿ ਪਿਆਰ ਵਿੱਚ ਧੱਕਾ ਨਹੀ ਹੋ ਸਕਦਾ, ਗੁਰੂ ਸੂਚਤ ਕਰਦਾ ਹੈ ਕਿ: ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ ॥ ਦਫਤਰਿ ਲੇਖਾ ਨੀਕਸੈ ਮਾਰ ਮੁਹੈ ਮੁਹਿ ਖਾਇ । 1375

ਕਿਸੇ ਦੂਸਰੇ ਤੇ ਧੱਕਾ ਕਰਨਾ ਜ਼ੁਲਮ ਹੈ ਤੇ ਇਸ ਜ਼ੁਲਮ ਦਾ ਲੇਖਾ ਦੇਣਾ ਪਵੇਗਾ। ਧਰਮ ਵਿੱਚ ਧੱਕਾ ਪਿਆਰ ਦਾ ਵਿਰੋਧੀ ਹੈ ਇਸ ਲਈ ਧੱਕੜਸ਼ਾਹ, ਨਾ ਪਿਆਰ ਕਰ ਸਕਦਾ ਹੈ ਤੇ ਨਾ ਹੀ ਧਰਮੀ ਹੋ ਸਕਦਾ ਹੈ। ਪਿਆਰ ਦਾ ਪਹਿਲਾ ਕਦਮ ਹੀ ਨਿਮਰਤਾ ਹੈ: ਸਭ ਕੀ ਰੇਨੁ ਹੋਇ ਰਹੈ ਮਨੂਆ ਸਗਲੇ ਦੀਸਹਿ ਮੀਤ ਪਿਆਰੇ ॥ ਸਭ ਮਧੇ ਰਵਿਆ ਮੇਰਾ ਠਾਕੁਰੁ ਦਾਨੁ ਦੇਤ ਸਭਿ ਜੀਅ ਸਮ੍ਹ੍ਹਾਰੇ ॥ 379

ਨਿਮਰਤਾ ਬਿਨਾ, ਸਭ ਨਾਲ ਪਿਆਰ ਨਹੀ ਉਪਜ ਸਕਦਾ ਤੇ ਵਿਕਾਰ ਛੱਡੇ ਬਿਨਾ ਨਾ ਨਿਮਰਤਾ ਆ ਸਕਦੀ ਹੈ ਤੇ ਨਾ ਸਭ ਮੀਤ ਤੇ ਪਿਆਰੇ ਦਿਸ ਸਕਦੇ। ਗੁਰੂ ਬਚਨ ਹਨ: ਗੰਢੁ ਪਰੀਤੀ ਮਿਠੇ ਬੋਲ ॥ 143

ਪ੍ਰੇਮ ਦੀ ਗੰਡ ਮਿੱਠੇ ਬੋਲਾਂ ਨਾਲ ਪੈਂਦੀ ਹੈ, ਇਸ ਲਈ ਜਿਸ ਸਿੱਖ ਅਖਵਾਉਣ ਵਾਲੇ ਵਿੱਚ ਨਿਮਰਤਾ ਹੀ ਨਹੀ, ਮਿਠ ਬੋਲੜਾ ਹੀ ਨਹੀ, ਉਸ ਅੰਦਰ ਪਿਆਰ ਕਿਵੇਂ ਉਪਜ ਸਕਦਾ ਹੈ? ਹਮਲਾਵਰ ਕਦੇ ਧਰਮੀ ਜਾਂ ਪ੍ਰੇਮੀ ਨਹੀ ਹੋ ਸਕਦਾ। ਗੁਰਬਾਣੀ ਦੇ ਕਥਨ ਅਨੁਸਾਰ: (1) ਆਦਿ ਅੰਤੇ ਮਧਿ ਪੂਰਨ ਸਰਬਤ੍ਰ ਘਟਿ ਘਟਿ ਆਹੀ ॥ ਬਿਨਵੰਤ ਨਾਨਕ ਜਿਨ ਸਾਧਸੰਗਮੁ ਸੇ ਪਤਿ ਸੇਤੀ ਘਰਿ ਜਾਹੀ ॥੨॥ {ਪੰਨਾ 548} (2) ਤੂ ਸਰਬਤ੍ਰ ਤੇਰਾ ਸਭੁ ਕੋਈ ॥ ਜੋ ਤੂ ਕਰਹਿ ਸੋਈ ਪ੍ਰਭ ਹੋਈ ॥ 998 (3) ਪੂਰਿ ਰਹਿਆ ਸਰਬਤ੍ਰ ਮੈ ਸੋ ਪੁਰਖੁ ਬਿਧਾਤਾ ॥ ਮਾਰਗੁ ਪ੍ਰਭ ਕਾ ਹਰਿ ਕੀਆ ਸੰਤਨ ਸੰਗਿ ਜਾਤਾ ॥ 1122

ਪਰਮਾਤਮਾ ਹਰ ਥਾਂ, ਹਰ ਵੇਲੇ ਤੇ ਹਰ ਕਿਸੇ ਵਿੱਚ ਵਸਦਾ ਹੈ ਇਸ ਲਈ ਸਭਨਾ ਨਾਲ ਪ੍ਰੇਮ ਕਰਨਾ ਪਰਮਾਤਮਾ ਨਾਲ ਪ੍ਰੇਮ ਕਰਨਾ ਹੈ। ਕਿਸੇ ਨਾਲ, ਤੇ ਕਿਸੇ ਤਰਾਂ ਦਾ ਵੀ ਵਿਤਕਰਾ ਨਹੀ ਕੀਤਾ ਜਾ ਸਕਦਾ। ਵਿਤਕਰਾ ਕਰਨਾ ਹੀ ਹਉਮੈ ਦਾ ਪ੍ਰਗਟਾਵਾ ਤੇ ਪਿਆਰ ਵਿੱਚ ਰੁਕਾਵਟ ਹੈ। ਨਿੱਜ ਸੁਆਰਥ ਮੋਹ ਹੈ ਤੇ ਸਰਬੱਤ ਸੁਆਰਥ ਪਿਆਰ ਹੈ, ਨਿੱਜਪੁਣਾ (ਮੋਹ, ਹੰਕਾਰ) ਕੱਟੜਤਾ ਤੇ ਤੰਗਦਿਲੀ ਪੈਦਾ ਕਰਦਾ ਹੈ, ਤੇ ਸ੍ਰਬੱਤ ਦਾ ਭਲਾ ਵਿਸ਼ਾਲਤਾ, ਖੁਲਦਿਲੀ ਤੇ ਪਿਆਰ ਪੈਦਾ ਕਰਦਾ ਹੈ, ਨਿੱਜਪੁਣਾ ਵਖਰੇਵੇਂ ਤੇ ਪੱਖਪਾਤ ਪੈਦਾ ਕਰਦਾ ਹੈ ਤੇ ਸਰਬ ਸਾਂਝੀਵਾਲਤਾ ਏਕਤਾ (ਪਿਆਰ) ਪੈਦਾ ਕਰਦੀ ਹੈ। ਮਨੁੱਖ ਦੀ ਕੈਸੀ ਅਜੀਬ ਸਥਿੱਤੀ ਹੈ ਕਿ ਆਪਣੀਆਂ ਨਿਜੀ ਲੋੜਾਂ ਦੀ ਪੂਰਤੀ ਲਈ ਪਰਮਾਤਮਾ ਨਾਲ ਪ੍ਰੇਮ ਤਾਂ ਪਾਉਣਾ ਚਹੁੰਦਾ ਹੈ ਪਰ ਆਪਾ ਸੌਂਪਣ ਤੋਂ ਡਰਦਾ ਹੈ ਤੇ ਹਸਤੀ ਮਿਟਾਏ ਬਿਨਾ ਪਿਆਰ ਪੈਦਾ ਨਹੀ ਹੋ ਸਕਦਾ: ਮਿਟਾ ਦੇ ਆਪਣੀ ਹਸਤੀ ਕੋ ਅਗਰ ਕੋਈ ਮਰਤਬਾ ਚਾਹੇ ਕਿ ਦਾਣਾ ਖਾਕ ਮੇ ਮਿਲ ਕਰ ਗੁਲੇ ਗੁਲਜ਼ਾਰ ਹੋਤਾ ਹੈ। ਜਿਤਨੀ ਦੇਰ ਬੀਜ ਆਪਣੀ ਹਸਤੀ ਦਾ ਮੋਹ ਤੇ ਹੰਕਾਰ ਮਿਟਾ ਕੇ ਖਾਕ ਵਿੱਚ ਨਹੀ ਮਿਲ ਜਾਂਦਾ, ਆਪਾ ਨਹੀ ਮਿਟਾਉਂਦਾ ਉਤਨੀ ਦੇਰ ਉਹ ਵਿਸ਼ਾਲ ਬ੍ਰਿਛ (ਪਿਆਰ) ਨਹੀ ਬਣ ਸਕਦਾ। ਇਸੇ ਤਰਾਂ ਆਪਣੀ (ਵੱਖਰੀ) ਹੋਂਦ ਜਾਂ ਹਸਤੀ ਨੂੰ ਮਿਟਾਇ ਬਿਨਾ ਪਿਆਰ ਸੰਭਵ ਨਹੀ, ਪਰ ਚਤੁਰ ਮਨੁੱਖ ਨੇ ਕੜਿੱਕੀ ਵਿਚੋਂ ਨਿਕਲਨ ਲਈ ਮੋਹ ਨੂੰ ਹੀ ਪਿਆਰ ਦਾ ਨਾਮ ਦੇ ਦਿੱਤਾ। ਮਸਲਾ ਹੱਲ ਹੋ ਗਿਆ, ਹੁਣ ਕਹਿਣ ਨੂੰ ਤਾਂ ਇੱਕ ਪਿਉ ਆਪਣੇ ਪੁੱਤ੍ਰ ਨੂੰ ਪਿਆਰ ਕਰਦਾ ਹੈ ਪਰ ਪਿਉ ਕਦੇ ਵੀ ਆਪਣੇ ਪੁੱਤ੍ਰ ਵਿੱਚ ਗਵਾਚਣ ਨੂੰ ਤਿਆਰ ਨਹੀ, ਉਹ ਤਾਂ ਪੁੱਤ੍ਰ ਨੂੰ ਆਪਣੇ ਪੈੜਾਂ ਤੇ ਚਲਾਉਣਾ ਚਹੁੰਦਾ ਹੈ, ਆਪਣੇ ਹੁਕਮ ਥੱਲੇ ਆਪਣੀ ਛਾਂ ਬਨਾਉਣੀ ਚਹੁੰਦਾ ਹੈ, ਆਪਣੇ ਇਸ਼ਾਰਿਆਂ ਤੇ ਚਲਾ ਕੇ ਉਸ ਨੂੰ ਆਪਣੇ ਅਧੀਨ ਕਰਕੇ ਉਸ ਤੋਂ ਨਿਜੀ ਲਾਭ ਲੈਣਾ ਚਹੁੰਦਾ ਹੈ ਜੋ ਪਿਆਰ ਨਹੀ ਮੋਹ ਹੈ। ਪਿਆਰ ਵਿੱਚ ਕਿਉਂਕਿ ਆਪਾ ਮਿਟਾਉਣਾ ਪੈਂਦਾ ਹੈ ਇਸ ਲਈ ਮਨੁੱਖ ਪਿਆਰ ਤੋਂ ਸਦਾ ਡਰਦਾ ਹੈ ਕਿ ਜੇ ਆਪਾ ਹੀ ਮਿਟ ਗਿਆ, ਹਸਤੀ ਹੀ ਨਾ ਰਹੀ, ਤਾਂ ਬਚਿਆ ਕੀ? ਆਪਣੇ ਵੱਖਰੇ ਵਜੂਦ, ਹੋਂਦ ਜਾਂ ਹਸਤੀ ਦੇ ਹੰਕਾਰ ਜਾਂ ਮੋਹ ਨੂੰ ਸੱਟ ਵਜਦੀ ਹੈ ਇਸ ਲਈ ਹੰਕਾਰ (ਅਤੇ ਮੋਹ) ਪਿਆਰ ਦਾ ਵਿਰੋਧੀ ਹੈ ਤੇ ਜਿਥੇ ਹੰਕਾਰ ਹੈ ਉਥੇ ਪਿਆਰ ਨਹੀ ਤੇ ਜਿੱਥੇ ਪਿਆਰ ਨਹੀ ਉਥੇ ਨਿਰੰਕਾਰ ਨਹੀ। ਅਤਿ ਕਰੋਧ ਸਿਉ ਲੂਝਦੇ ਅਗੈ ਪਿਛੈ ਦੁਖੁ ਪਾਵਹਿ ॥ ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ ॥ 1089

ਗੁਰੂ ਸਪਸ਼ਟ ਕਰਦਾ ਹੈ ਕਿ ਜਿਸ ਨੇ ਵੀ ਪ੍ਰੇਮ ਦੀ ਖੇਡ ਖੇਡਣੀ ਹੈ, ਪਿਆਰ ਦੀ ਕਲਾ ਨੂੰ ਜਾਨਣਾ ਹੈ, ਉਸ ਨੂੰ ਆਪਣਾ ਸਿਰ ਤਲੀ ਤੇ ਰੱਖ ਕੇ ਆਉਣਾ ਪਵੇਗਾ, ਭਾਵ ਪੂਰਨ ਤੌਰ ਤੇ ਸਮਰਪਣ ਹੋਣਾ ਪਵੇਗਾ। ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥ {ਪੰਨਾ 1412}

ਪਿਆਰ ਦੇ ਇਸ ਰਸਤੇ ਤੇ ਪੈਰ ਧਰਨ ਲਈ ਬਿਨਾ ਝਿਜਕ ਆਪਾ ਸੌਂਪਣਾ ਪੈਂਦਾ ਹੈ। ਇਸ ਹਕੀਕਤ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ। ਇਸ ਲਈ ਗੁਰੂ ਨਾਲ ਪਿਆਰ ਦਾ ਦ੍ਹਾਵਾ ਤਾਂ ਬਹੁਤ ਕਰਦੇ ਹਨ ਪਰ ਗੁਰੂ ਨੂੰ ਆਪਾ ਸਮਰਪਣ ਕੋਈ ਵਿਰਲਾ ਹੀ ਕਰਦਾ ਹੈ। ਗੁਰੂ ਨੂੰ ਆਪਾ ਸਮਰਪਣ ਤੋਂ ਭਾਵ ਮਨਮੱਤ ਨੂੰ ਛੱਡ ਕੇ ਗੁਰਮਤ ਨੂੰ ਪੂਰਨ ਤੌਰ ਤੇ ਸਵੀਕਾਰ ਕਰਨਾ ਹੈ। ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥ ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥੨॥ {ਪੰਨਾ 83}

ਜਿਸ (ਪਿਆਰੇ) ਨਾਲ ਪਿਆਰ ਹੋਵੇ ਉਸ ਅਗੇ ਮਰਨਾ ਪੈਂਦਾ ਹੈ ਭਾਵ ਉਸ ਨੂੰ ਆਪਾ ਸੌਂਪਣਾ ਪੈਂਦਾ ਹੈ। ਪਤੀ ਪਤਨੀ ਦੇ ਸਬੰਧ ਵਿੱਚ ਵੀ ਪਿਆਰ ਦਾ ਦ੍ਹਾਵਾ ਕੀਤਾ ਜਾਂਦਾ ਹੈ ਪਰ ਅਸਲ ਵਿੱਚ ਉਹ ਮੋਹ ਹੀ ਹੁੰਦਾ ਹੈ ਕਿਉਂਕਿ ਉਥੇ ਵੀ ਇੱਕ ਦਾ ਦੂਜੇ ਉਤੇ ਹਾਵੀ ਹੋਣ ਦੀ ਖੇਡ ਹੀ ਹੁੰਦੀ ਹੈ। ਪਤੀ ਪਤਨੀ ਨੂੰ ਆਪਣੇ ਵਸ ਕਰਨਾ ਚਹੁੰਦਾ ਹੈ, ਆਪਣੇ ਹੀ ਹੁਕਮ ਵਿੱਚ ਚਲਾਉਣਾ ਚਹੁੰਦਾ ਹੈ, ਆਪਣੀ ਹੀ ਮਨ ਮਰਜ਼ੀ ਕਰਨਾ ਚਹੁੰਦਾ ਹੈ ਅਤੇ ਪਤਨੀ ਆਪਣਾ ਹੁਕਮ ਚਲਾਉਣਾ ਚਹੁੰਦੀ ਹੈ, ਪਤੀ ਨੂੰ ਆਪਣੀ ਮੁੱਠੀ ਵਿੱਚ ਲੈਣਾ ਚਹੁੰਦੀ ਹੈ, ਆਪਣੇ ਦਬਾਉ ਥੱਲੇ ਰੱਖਣਾ ਚਹੁੰਦੀ ਹੈ। ਇਥੇ ਵੀ ਕਬਜ਼ਾ ਲੈਣ ਲਈ, ਹੁਕਮਰਾਨ ਬਣਨ ਲਈ ਸਦਾ ਜੰਗ ਚਲਦਾ ਰਹਿੰਦਾ ਹੈ ਤੇ ਕੋਈ ਵਿਰਲਾ ਹੀ ਘਰ ਹੋਵੇਗਾ ਜਿੱਥੇ ਭਾਂਡੇ ਨਾ ਖੜਕਦੇ ਹੋਣ। ਇਹ ਪਿਆਰ ਦੀ ਪਰਿਭਾਸ਼ਾ ਨਹੀ, ਮੋਹ ਦੀ ਹੈ, ਕਿਉਂਕਿ ਪਿਆਰ ਵਿੱਚ ਝਗੜਾ ਸੰਭਵ ਹੀ ਨਹੀ। ਝਗੜਾ ਤਾਂ ਮੋਹ (ਵਿਕਾਰਾਂ) ਤੋਂ ਹੀ ਸ਼ੁਰੂ ਹੁੰਦਾ ਹੈ। ਇਹੀ ਖੇਡ ਮੌਜੂਦਾ ਅਖੌਤੀ ਧਰਮ ਵਿੱਚ ਚੱਲ ਰਹੀ ਹੈ, ਮਨੁੱਖ ਸੇਵਕ, ਸਿੱਖ, ਦਾਸ ਜਾਂ ਜਨ ਕਹਾਉਂਦਾ ਹੋਇਆ ਵੀ ਪਰਮਾਤਮਾ (ਗੁਰੂ) ਨੂੰ ਆਪਣੇ ਵੱਸ ਕਰਨਾ ਚਹੁੰਦਾ ਹੈ, ਮਨੁੱਖ ਦੀਆਂ ਸਾਰੀਆਂ ਰੀਤਾਂ ਰਸਮਾਂ ਤੇ ਕਰਮ ਕਾਂਡ, ਜਿਨ੍ਹਾ ਪਿਛੇ ਉਸ ਦਾ ਆਪਣਾ ਹੀ ਮਨੋਰਥ ਛੁਪਿਆ ਹੁੰਦਾ ਹੈ, ਪਰਮਾਤਮਾ ਨੂੰ, ਆਪਣੀ ਮਨੋਕਾਮਨਾ ਦੀ ਪੂਰਤੀ ਲਈ, ਵੱਸ ਕਰਨ ਦੇ ਹੀ ਯਤਨ ਹਨ। ਪਰਮਾਤਮਾ ਨੂੰ ਇੱਕ ਖਲੌਣਾ ਹੀ ਸਮਝ ਰਖਿਆ ਹੈ। ਜਿਸ ਪ੍ਰਭੂ ਨੂੰ ਆਪਾ ਸਮਰਪਣ ਕਰਕੇ ਉਸ ਨਾਲ ਪਿਆਰ ਪਾਉਣਾ ਸੀ, ਉਸੇ ਨੂੰ ਹੀ (ਕਰਮ ਕਾਡਾਂ ਦੁਆਰਾ) ਨਿਜੀ ਸੁਆਰਥਾਂ ਲਈ ਵੱਸ ਕਰਕੇ ਵਰਤਣ ਦੇ ਯਤਨ ਕਰ ਰਿਹਾ ਹੈ। ਗੁਰੂ ਦੇ ਬਚਨ ਵੀ ਪੜ੍ਹਦਾ ਹੈ ਕਿ: ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ ॥ ਨਾ ਤੂ ਆਵਹਿ ਵਸਿ ਬੇਦ ਪੜਾਵਣੇ ॥ ਨਾ ਤੂ ਆਵਹਿ ਵਸਿ ਤੀਰਥਿ ਨਾਈਐ ॥ ਨਾ ਤੂ ਆਵਹਿ ਵਸਿ ਧਰਤੀ ਧਾਈਐ ॥ ਨਾ ਤੂ ਆਵਹਿ ਵਸਿ ਕਿਤੈ ਸਿਆਣਪੈ ॥ ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ ॥ ਸਭੁ ਕੋ ਤੇਰੈ ਵਸਿ ਅਗਮ ਅਗੋਚਰਾ ॥ ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ ॥੧੦॥ {ਪੰਨਾ 962}

ਮਨੁੱਖ ਜਪਾਂ, ਤਪਾਂ, ਪਾਠ ਪੂਜਾ, ਤੀਰਥਾਂ ਦੇ ਦਰਸ਼ਨ ਇਸ਼ਨਾਨ ਤੇ ਦਾਨ ਪੁੰਨ ਆਦਿਕ…ਨਾਲ ਪਰਮਾਤਮਾ (ਗੁਰੂ) ਨੂੰ ਆਪਣੇ ਵੱਸ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਗੁਰੂ (ਕੁਝ ਕੁ) ਕਰਮ ਕਾਡਾਂ ਦਾ ਜ਼ਿਕਰ ਕਰਕੇ ਨੁਕਤੇ ਦੀ ਗਲ ਸਮਝਾਉਣੀ ਚਹੁੰਦਾ ਹੈ ਕਿ ਇਹ ਵਸ ਕਰਨ ਦੇ ਤੌਰ ਤਰੀਕਿਆਂ (ਕਰਮ ਕਾਡਾਂ) ਤੇ ਚਾਲਾਕੀਆਂ ਨਾਲ ਪਿਆਰ ਨਹੀ ਉਪਜਣਾ, ਜੇ ਪਿਆਰ ਕਰਨਾ ਹੈ ਤਾਂ ਭਗਤਾਂ ਵਾਲਾ ਇਕੋ ਇੱਕ ਤਰੀਕਾ ਹੀ ਸਵੀਕਾਰ ਕਰਨਾ ਪਵੇਗਾ। ਭਗਤ ਰੱਬ ਨੂੰ ਵੱਸ ਨਹੀ ਕਰਦੇ ਬਲਿਕੇ ਆਪ ਉਸ ਦੇ ਵੱਸ ਹੋ ਜਾਂਦੇ ਹਨ, ਉਸ ਨੂੰ ਆਪਣਾ ਤਾਣ ਬਣਾ ਲੈਂਦੇ ਹਨ, ਪੂਰਨ ਤੌਰ ਤੇ ਉਸ ਨੂੰ ਸਮਰਪਣ ਹੋ ਜਾਂਦੇ ਹਨ, ਰੱਬ ਰੱਬ ਕਰਦੇ ਰੱਬ ਰੂਪ ਹੀ ਹੋ ਜਾਂਦੇ ਹਨ, ਆਪਾ ਗਵਾ ਦਿੰਦੇ ਹਨ ਤੇ ਇਹੀ ਸੱਚੇ ਪਿਆਰ ਤੇ ਭਗਤੀ ਦੀ ਭਾਸ਼ਾ ਹੈ। ਮੋਹ ਸੰਸਾਰ ਨਾਲ ਜੁੜਨ ਲਈ ਜ਼ਰੂਰੀ ਹੈ ਤੇ ਪਿਆਰ ਨਿਰੰਕਾਰ ਨਾਲ ਜੁੜਨ ਲਈ ਜ਼ਰੂਰੀ ਹੈ। ਮਨੁੱਖ ਮੋਹ ਵੀ ਨਹੀ ਛੱਡਣਾ ਚਹੁੰਦਾ, ਤੇ ਪਿਆਰ ਵੀ ਕਰਨਾ ਚਹੁੰਦਾ ਹੈ ਪਰ ਇਹ ਦੋਨੋ ਆਪਾ ਵਿਰੋਧੀ ਗਲਾਂ ਸੰਭਵ ਨਹੀ। ਗੁਰੂ ਨਾਲ ਪਿਆਰ ਇਸੇ ਲਈ ਨਹੀ ਪੈਂਦਾ ਕਿਉਂਕਿ ਨਾਂ ਤਾਂ ਮਨੁੱਖ ਸੰਸਾਰੀ ਮੋਹ ਤਿਆਗਣਾ ਚਹੁੰਦਾ ਹੈ ਤੇ ਨਾਂ ਹੀ ਆਪਾ ਸੌਂਪਣਾ ਚਹੁੰਦਾ ਹੈ। ਗੁਰੂ ਦੇ ਹੁਕਮ ਨੂੰ, ਨਾ ਸੁਣਨਾ ਤੇ ਨਾ ਮੰਨਣਾਂ ਚਹੁੰਦਾ ਹੈ, ਕਿਉਂਕਿ ਐਸਾ ਕਰਨ ਨਾਲ ਆਪਣੀ ਹਸਤੀ ਮਿਟਦੀ ਹੈ, ਪਰ ਗੁਰੂ ਨਾਲ (ਕਰਮ ਕਾਡਾਂ ਦੁਆਰਾ ਨਿੱਜੀ ਸੁਆਰਥਾਂ ਲਈ) ਪਿਆਰ ਵੀ ਪਾਉਣਾ ਚਹੁੰਦਾ ਹੈ। ਇਹ ਦੋਵੇਂ ਆਪਾ ਵਿਰੋਧੀ ਗਲਾਂ ਅਨਹੋਣੀਆਂ ਹਨ। ਗੁਰੂ ਦਾ ਅਟੱਲ ਫੈਸਲਾ ਤਾਂ ਇਹ ਹੈ: ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥ ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ ॥ 471

ਉਸ ਦੇ ਭਾਣੇ ਵਿੱਚ ਚੱਲੇ ਬਿਨਾ ਪਿਆਰ ਨਹੀ ਪੈ ਸਕਦਾ, ਰੀਤਾਂ ਰਸਮਾਂ ਤੇ ਕਰਮ ਕਾਂਡ, ਜਿਨ੍ਹਾ ਨੂੰ ਇਹ ਛੱਡਣਾ ਨਹੀ ਚਹੁੰਦਾ, ਹੀ ਪਿਆਰ ਦੇ ਵਿਰੋਧੀ ਹਨ। ਬਾਬੇ ਫਰੀਦ ਜੀ ਦਾ ਇੱਕ ਬਚਨ ਹੈ: ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ ॥ ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ ॥੧੮॥ {ਪੰਨਾ 1378}

ਬਾਬਾ ਫਰੀਦ ਸੁਚੇਤ ਕਰਦਾ ਹੈ ਕਿ ਜਦੋਂ ਤਾਈਂ ਮਨ ਅੰਦਰ ਦੁਨਿਆਵੀ ਪਦਾਰਥਾਂ ਦਾ ਲਾਲਚ ਹੈ, ਪਦਾਰਥਾਂ ਦੀ ਪਕੜ (ਮੋਹ) ਹੈ, ਉਹਨਾਂ ਨਾਲ ਨੇਹੁ ਹੈ, ਉਦੋਂ ਤਾਈਂ ਪਰਮਾਤਮਾ ਨਾਲ ਪਿਆਰ ਕਿਵੇਂ ਪੈ ਸਕਦਾ ਹੈ? ਉਹ ਪਿਆਰ ਨਹੀ, ਕੂੜਾ ਨੇਹੁ (ਮੋਹ) ਹੀ ਹੋਵੇਗਾ ਕਿਉਂਕਿ ਨਦਰੀ ਆਵੈ ਤਿਸੁ ਸਿਉ ਮੋਹੁ ॥ ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ ॥ 801

ਜਦ ਤਕ ਨਜ਼ਰ ਆਉਣ ਵਾਲੇ ਦੁਨਿਆਵੀ ਪਦਾਰਥਾਂ ਦਾ ਮੋਹ (ਪਕੜ) ਤੇ ਲੋਭ ਹੈ ਤਦ ਤਕ ਪ੍ਰਭੂ ਨਾਲ ਪਿਆਰ ਨਹੀ ਪੈ ਸਕਦਾ, ਉਸ ਨਾਲ ਮਿਲਾਪ ਨਹੀ ਹੋ ਸਕਦਾ। ਪਦਾਰਥ ਤਾਂ ਮਨੁੱਖ ਦੇ ਵਰਤਣ ਲਈ ਹੀ ਬਣੇ ਹਨ, ਉਹ ਮਾੜੇ ਨਹੀ ਕੇਵਲ ਉਹਨਾਂ ਦੇ ਲੋਭ, ਮੋਹ ਜਾਂ ਪਕੜ ਤੋਂ ਹੀ ਵਰਜਿਆ ਗਿਆ ਹੈ। ਬੜੀ ਅਜੀਬ ਗਲ ਹੈ ਕਿ ਮਨੁੱਖ ਲੋਭ ਤੇ ਮੋਹ ਵੱਸ ਹੋਇਆ ਨਿੱਤ ਅਰਦਾਸਾਂ ਕਰਕੇ ਰੱਬ ਕੋਲੋਂ ਦੁਨਿਆਵੀ ਪਦਾਰਥ ਵੀ ਮੰਗੀ ਜਾਂਦਾ ਹੈ ਤੇ ਉਸ ਨਾਲ ਪਿਆਰ ਦਾ ਦ੍ਹਾਵਾ ਵੀ ਕਰਦਾ ਹੈ। ਸੰਸਾਰ ਦਾ ਵੀ ਮੋਹ ਤੇ ਰੱਬ ਨਾਲ ਵੀ ਪਿਆਰ? ਇਹ ਅਸੰਭਵ ਗਲ ਹੈ ( ਜਬ ਲਗੁ ਰਸੁ ਤਬ ਲਗੁ ਨਹੀ ਨੇਹੁ ॥ 328)। ਦੁਨਿਆਵੀ ਰਸਾਂ ਦਾ ਚਸਕਾ (ਲੋਭ ਜਾਂ ਮੋਹ) ਹੁੰਦੇ ਹੋਏ ਪਿਆਰ ਉਪਜ ਹੀ ਨਹੀ ਸਕਦਾ। ਗੁਰਬਾਣੀ ਉਪਦੇਸ਼ ਹੈ: ਪੂਜਾ ਪ੍ਰੇਮ ਮਾਇਆ ਪਰਜਾਲਿ ॥ ਏਕੋ ਵੇਖਹੁ ਅਵਰੁ ਨ ਭਾਲਿ ॥ 355

ਪੂਜਾ (ਜਾਂ ਭਗਤੀ) ਕਰਨ ਲਈ (ਭਾਵ ਪ੍ਰਭੂ ਨਾਲ ਪ੍ਰੀਤ ਪਾਉਣ ਲਈ) ਅੰਦਰੋਂ ਮੋਹ ਮਾਇਆ ਦਾ ਪ੍ਰੇਮ ਚੰਗੀ ਤਰਾਂ ਸਾੜਨਾ (ਤਿਆਗਣਾ) ਪਵੇਗਾ। ਮੋਹ ਮਾਇਆ ਦੀ ਪਕੜ ਛੱਡ ਕੇ ਅੱਖ (ਟੇਕ) ਕੇਵਲ ਪਰਮਾਤਮਾ ਤੇ ਹੀ ਰੱਖਣੀ ਪਵੇਗੀ, ਉਸ ਨੂੰ ਪੂਰਨ ਤੌਰ ਤੇ ਸਮਰਪਣ ਹੋਣਾ ਪਵੇਗਾ। ਇਸ ਤੋਂ ਬਿਨਾ ਪ੍ਰਭੂ ਨਾਲ ਪਿਆਰ ਕਰਨ ਦਾ ਹੋਰ ਕੋਈ ਰਾਹ ਨਹੀ ਹੈ। ਧਰਮ ਦੀ ਦੁਨੀਆਂ ਵਿੱਚ ਕੋਈ ਵਿਰਲਾ ਹੀ ਮਨੁੱਖ ਹੋਵੇਗਾ ਜੋ ਆਪਣੀ ਮਰਜ਼ੀ ਨਾ ਚਲਾਉਣੀ ਚਹੁੰਦਾ ਹੋਵੇ ਵਰਨਾ ਸਭ ਚੌਧਰੀ ਬਣਨਾ ਹੀ ਲੋਚਦੇ ਹਨ ਜੋ ਮੋਹ, ਲੋਭ ਜਾਂ ਹੰਕਾਰ ਦਾ ਪ੍ਰਤੀਕ ਹੈ ਤੇ ਮੋਹ ਦੇ ਹੁੰਦਿਆਂ ਸਰਬਤ੍ਰ ਨਾਲ ਤਾਂ ਕੀ, ਆਪਣਿਆਂ ਨਾਲ ਵੀ ਪਿਆਰ ਨਹੀ ਹੋ ਸਕਦਾ ਤੇ ਇਹੀ ਕਾਰਨ ਹੈ ਕਿ ਧਰਮ, ਜੋ ਪ੍ਰੇਮ ਦੀ ਭਾਸ਼ਾ ਹੈ, ਵਿੱਚ ਵੀ ਅਨੇਕਾਂ ਵਿਤਕਰੇ ਤੇ ਪੁਆੜੇ ਨਜ਼ਰ ਆਉਂਦੇ ਹਨ। ਇਸ ਹਕੀਕਤ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਅੱਜ ਦੇ ਮਹੌਲ ਵਿੱਚ ਦੋ ਧਰਮੀ ਅਖਵਾਉਂਦੇ ਮਨੁੱਖ, ਕੁੱਝ ਚਿਰ ਲਈ, ਬਿਨਾ ਝਗੜੇ ਦੇ, ਇਕੱਠੇ ਬੈਠ ਕੇ ਆਪਸ ਵਿੱਚ ਪਿਆਰ ਨਾਲ ਵੀਚਾਰਾਂ ਵੀ ਕਰ ਸਕਣ, ਕਿਉਂਕਿ ਵੀਚਾਰਾਂ ਦੁਆਰਾ ਵੀ ਦੂਜੇ ਤੇ ਹਾਵੀ ਹੋਣ ਦੀ ਹੀ ਕੋਸ਼ਿਸ਼ ਹੁੰਦੀ ਹੈ। ਆਪਣੀ ਸੋਚ ਦੂਜੇ ਤੇ ਥੋਪਣੀ ਹੁੰਦੀ ਹੈ, ਦੂਜੇ ਨੂੰ ਆਪਣੇ ਅਧੀਨ ਕਰਕੇ ਆਪਣੇ ਵਰਗਾ ਬਨਾਉਣਾ ਹੁੰਦਾ ਹੈ ਜੋ ਕੇ ਜ਼ੋਰ (ਜ਼ੁਲਮ) ਕਰਨਾ ਹੈ, ਮਜਬੂਰ ਕਰਨਾ ਹੈ, ਧੱਕਾ ਕਰਨਾ ਹੈ ਤੇ ਇਹ ਪਿਆਰ ਦੀ ਭਾਸ਼ਾ ਨਹੀ ਹੈ। ਪਿਆਰ ਵਿੱਚ ਗਿਆਨ ਉਪਦੇਸ਼ ਤਾਂ ਕੀਤਾ ਜਾ ਸਕਦਾ ਹੈ (ਜਿਸ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ਦੀ ਖੁਲ ਹੁੰਦੀ ਹੈ), ਕੋਈ ਕਬੂਲੇ ਜਾਂ ਨਾ ਕਬੂਲੇ, ਪਰ ਆਦੇਸ਼ (ਹੁਕਮ, ਮਜਬੂਰੀ ਜਾਂ ਧੱਕਾ) ਨਹੀ ਕੀਤਾ ਜਾ ਸਕਦਾ। ਮੌਜੂਦਾ ਪਿਆਰ ਦੀ ਦੁਨੀਆਂ ਵਿੱਚ ਹਰ ਪ੍ਰੇਮੀ ਆਪਣੇ ਪ੍ਰੇਮ ਵੱਟੇ ਦੂਜੇ ਕੋਲੋਂ ਵੀ ਪ੍ਰੇਮ ਮੰਗਦਾ ਹੈ, ਜਿਸ ਨੂੰ ਮੈ ਪ੍ਰੇਮ ਕਰਦਾ ਹਾਂ ਉਹ ਵੀ ਅਗੋਂ ਮੇਰੇ ਨਾਲ ਪ੍ਰੇਮ ਕਰੇ, ਜਿਵੇਂ ਇਹ ਕੋਈ ਜ਼ਰੂਰੀ ਹੈ, ਤੇ ਜਦੋਂ ਇਹ ਆਸ ਪੂਰੀ ਨਹੀ ਹੁੰਦੀ ਤਦ ਇਹੀ ਪਿਆਰ (ਜੋ ਅਸਲ ਵਿੱਚ ਮੋਹ ਹੀ ਹੁੰਦਾ ਹੈ) ਕ੍ਰੋਧ ਤੇ ਘਿਰਨਾ ਵਿੱਚ ਬਦਲ ਜਾਂਦਾ ਹੈ। ਪਿਆਰ (ਆਪਾ ਸਮਰਪਣ) ਵਿੱਚ ਸ਼ਰਤ ਨਹੀ ਹੋ ਸਕਦੀ ਕਿਉਂਕਿ ਪਿਆਰ ਆਪਣੇ ਹੀ ਅੰਦਰ ਹੈ, ਬਾਹਰੋਂ ਪੈਦਾ ਨਹੀ ਹੁੰਦਾ। ਕਿਸੇ ਦੂਜੇ ਦਾ ਇਸ ਵਿੱਚ ਕੋਈ ਦਖਲ ਨਹੀ, ਇਹ ਕੋਈ ਦੁਨਿਆਵੀ ਵਾਪਾਰ ਨਹੀ ਹੈ ਜੋ ਇੱਕ ਹੱਥ ਦੇਣਾ ਤੇ ਦੂਜੇ ਹੱਥ ਲੈਣਾ ਹੁੰਦਾ ਹੈ। ਗੁਰਬਾਣੀ ਅਨੁਸਾਰ ਪਿਆਰ ਦੀ ਪਰਿਭਾਸ਼ਾ ਨਾਮ ਹੈ ਜੋ ਮਾਇਆ ਦਾ ਵਿਰੋਧੀ ਹੈ ਤੇ ਉਸ ਦਾ ਬਿਨਾਸ ਕਰਦਾ ਹੈ: ਪ੍ਰੇਮ ਪਦਾਰਥੁ ਨਾਮੁ ਹੈ ਭਾਈ ਮਾਇਆ ਮੋਹ ਬਿਨਾਸੁ ॥ ਤਿਸੁ ਭਾਵੈ ਤਾ ਮੇਲਿ ਲਏ ਭਾਈ ਹਿਰਦੈ ਨਾਮ ਨਿਵਾਸੁ ॥ 640 ਤੇ ਨਾਮ ਹੁਕਮ ਹੈ (ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥ 72)। ਇਸ ਲਈ ਪਰਮਾਤਮਾ (ਗੁਰੂ) ਦੇ ਹੁਕਮ ਵਿੱਚ ਚਲਣਾ ਹੀ ਆਪਾ ਸਮਰਪਣ ਹੈ, ਨਾਮ ਹੈ, ਜਿਸ ਦੁਆਰਾ ਪਿਆਰ ਉਪਜਦਾ ਹੈ ਤੇ ਮਾਇਆ ਦੇ ਮੋਹ (ਵਿਕਾਰਾਂ) ਦਾ ਬਿਨਾਸ ਹੋ ਜਾਂਦਾ ਹੈ। ਮੌਜੂਦਾ ਸਮੇ ਵਿੱਚ ਜਿਸ ਨੂੰ ਮਨੁੱਖ ਪਿਆਰ ਸਮਝ ਰਿਹਾ ਹੈ ਉਹ ਅਸਲ ਵਿੱਚ ਮੋਹ ਤੋਂ ਵੱਧ ਹੋਰ ਕੁਛ ਵੀ ਨਹੀ। ਪਿਆਰ ਦੀ ਸਿਖਿਆ, ਪਿਆਰ ਦੇ ਉਪਦੇਸ਼ਾਂ (ਗੁਰਬਾਣੀ) ਨੂੰ ਵਿਸਾਰ ਕੇ ਮਨੁੱਖ ਮੋਹ ਨੂੰ ਹੀ ਪਿਆਰ ਸਮਝਣ ਦੀ ਭੁੱਲ ਕਰ ਬੈਠਾ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.