.

ਗੁਰਬਾਣੀ ਦਾ ਰਹੱਸ

ਹਾਕਮ ਸਿੰਘ


ਸਿੱਖ ਧਰਮ ਵਿਚ ਗੁਰਬਾਣੀ ਨੂੰ ਇਕ ਸਮਾਜਕ ਸੰਦ
(Social Tool) ਵਜੋਂ ਵਰਤਣ ਦੀ ਪਰੱਥਾ ਬਣ ਚੁੱਕੀ ਹੈ। ਜਿਥੇ ਗੁਰਬਾਣੀ ਨੂੰ ਨੈਤਿਕ ਜੀਵਨ ਦਾ ਪੱਥ ਪਰਦਰਸ਼ਕ ਸਮਝਿਆ ਜਾਂਦਾ ਹੈ ਉਥੇ ਹੀ ਇਸ ਨੂੰ ਬਹੁਤ ਹੱਦ ਤੱਕ ਸੰਸਾਰਕ ਜੀਵਨ ਦੇ ਦੁਖਾਂ ਦਾ ਔਖਧ ਵੀ ਮੰਨਿਆ ਜਾਂਦਾ ਹੈ। ਸਿੱਖ ਧਰਮ ਤੇ ਆਧਾਰਤ ਰਾਜਸੀ ਅਕਾਲੀ ਪਾਰਟੀ ਦੇ ਆਗੂਆਂ ਨੇ ਤੇ ਗੁਰਬਾਣੀ ਉਪਦੇਸ਼ ਨੂੰ ਆਪਣੀਆਂ ਸਿਆਸੀ ਚਾਲਾਂ ਦਾ ਸਮਰਥਕ ਬਨਾਉਣ ਲਈ ਮਿਥਿਹਾਸ ਵਿਚ ਉਲਝਾ ਕੇ ਅਬੋਧ ਬਣਾ ਛੱਡਿਆ ਹੈ। ਗੁਰਬਾਣੀ ਕੋਈ ਸਮਾਜਕ ਸੰਦ ਨਹੀਂ ਹੈ ਅਤੇ ਨਾ ਹੀ ਤਰਕ ਤੇ ਆਧਾਰਤ ਧਾਰਮਕ ਵਿਚਾਰਧਾਰਾ ਹੈ। ਇਹ ਤੇ ਸੰਸਾਰ ਨੂੰ ਮਾਇਆ ਦੀ ਖੇਡ ਆਖਦੀ ਹੈ ਅਤੇ ਮਨੁੱਖ ਨੂੰ ਇਸ ਵਿਚ ਕਿਰਿਆਸ਼ੀਲ ਤ੍ਰੈਗੁਣਾਂ ਤੋਂ ਮੁਕਤ ਹੋ ਕੇ ਚੌਥੇ ਪਦ ਦੀ ਪਰਾਪਤੀ ਲਈ ਉੱਦਮ ਕਰਨ ਦਾ ਉੁਪਦੇਸ਼ ਕਰਦੀ ਹੈ। ਨੈਤਿਕਤਾ, ਦੁੱਖ-ਸੁੱਖ ਅਤੇ ਤਰਕ ਸਮਾਜਕ ਜੀਵਨ ਦੇ ਅੰਗ ਹਨ ਅਤੇ ਸਿਆਸਤ ਸਮਾਜਕ ਲੋੜਾਂ ਦੀ ਪੂਰਤੀ ਲਈ ਸਿਰਜਿਆ ਢਾਂਚਾ ਹੈ। ਗੁਰਬਾਣੀ ਦੀ ਅਧਿਆਤਮਿਕ ਵਿਚਾਰਧਾਰਾ ਵਿਚ ਇਹ ਸਭ ਕੇਵਲ ਮਾਇਆ ਦੀ ਖੇਡ ਮਾਤਰ ਹੀ ਮੰਨੇ ਗਏ ਹਨ। "ਜੀਅ ਜੰਤ ਸਭਿ ਖੇਲੁ ਤੇਰਾ ਕਿਆ ਕੋ ਆਖ ਵਖਾਣਏ॥" (ਪੰ: ੯੧੮)।
ਗੁਰਬਾਣੀ ਦਾ ਅਧਿਆਤਮਕ ਗਿਆਨ ਸਦੀਵੀ ਸੱਚ ਹੈ ਇਸ ਦੇ ਵਿਪਰੀਤ ਸਮਾਜ ਅਤੇ ਇਸ ਦਾ ਸਭਿਆਚਾਰ ਅਸਥਾਈ, ਭਰਮਾਊ ਅਤੇ ਚਲਣ ਸੀਲ ਹੈ। ਇਸੇ ਲਈ ਗੁਰਬਾਣੀ ਵਿਚ ਸੰਸਾਰ ਨੂੰ ਦੂਜਾ, ਮਾਇਆ ਦੇ ਪਰਭਾਵ ਅਧੀਨ ਵਿਚਰ ਰਿਹਾ ਅਤੇ ਆਵਾਗਉਣ ਆਖਿਆ ਗਿਆ ਹੈ। ਗੁਰਬਾਣੀ ਦੇ ਫੁਰਮਾਨ ਹਨ: "ਆਪੀ ਨੇ ਆਪੁ ਸਾਜਿਓ ਆਪੀਨੈ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ" (ਪੰ: ੪੬੩); "ਬਾਬਾ ਮਾਇਆ ਸਾਥਿ ਨ ਹੋਇ॥ ਇਨਿ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਇ॥" (ਪੰ: ੫੯੫); ਅਤੇ "ਏ ਮਨ ਮੇਰਿਆ ਆਵਾ ਗਉਣੁ ਸੰਸਾਰੁ ਹੈ ਅੰਤਿ ਸਚਿ ਨਿਬੇੜਾ ਰਾਮ॥ ਆਪੇ ਸਚਾ ਬਖਸਿ ਲਏ ਫਿਰਿ ਹੋਇ ਨ ਫੇਰਾ ਰਾਮ॥" (ਪੰ (੫੭੧)। ਸੰਸਾਰ ਦੀ ਚਲਣ ਸ਼ੀਲਤਾ ਕੁਦਰਤ ਦਾ ਅਟੱਲ ਨਿਯਮ ਹੈ। ਹਰ ਪਰਵਾਰ ਨੇ ਨਵੇਂ ਪਰਵਾਰਾਂ ਨੂੰ ਜਨਮ ਦੇ ਕੇ ਖਤਮ ਹੋ ਜਾਣਾ ਹੁੰਦਾ ਹੈ ਅਤੇ ਇਤਹਾਸ ਗਵਾਹ ਹੈ ਕਿ ਸਮਾਜ ਵਿਚ ਨਿਰੰਤਰ ਜੋੜ, ਤੋੜ, ਉਤਾਰ, ਚੜ੍ਹਾ, ਸ਼ਾਂਤੀ ਅਤੇ ਝਗੜੇ ਚਲਦੇ ਰਹੇ ਹਨ। ਬੁੱਢੇ ਲੋਕ ਅਤੇ ਉਹਨਾਂ ਦੇ ਵਿਚਾਰ ਨਵੇਂ ਲੋਕਾਂ ਅਤੇ ਨਵੇਂ ਵਿਚਾਰਾਂ ਨੂੰ ਜਨਮ ਦੇ ਕੇ ਲੋਪ ਹੋ ਜਾਂਦੇ ਹਨ। ਕੁਦਰਤ ਨੇ ਹਰ ਜੀਵ ਵਿਚ ਜਿਊਂਦੇ ਰਹਿਣ ਦੀ ਤਾਂਘ
(Survival Instinct) ਪੈਦਾ ਕੀਤੀ ਹੋਈ ਹੈ ਜਿਸ ਕਾਰਨ ਖਾਣੇ ਦੇ ਪਦਾਰਥ, ਪਰੇਮ ਅਤੇ ਸੁਰੱਖਿਆ ਮਨੁੱਖੀ ਜੀਵਨ ਦੇ ਬੰਧਨ ਅਤੇ ਜ਼ਰੂਰੀ ਲੋੜਾਂ ਬਣੀਆਂ ਹੋਈਆਂ ਹਨ। ਮਨੁੱਖ ਹਰ ਵਕਤ ਇਹਨਾਂ ਤਿੰਨੇ ਲੋੜਾਂ ਨੂੰ ਪੂਰਾ ਕਰਨ ਵਿਚ ਹੀ ਲੱਗਾ ਰਹਿੰਦਾ ਹੈ। ਵਿਗਿਆਨ ਦੀ ਸਾਰੀ ਜਾਣਕਾਰੀ ਇਹਨਾਂ ਤਿੰਨ ਮੂਲ ਮਨੁੱਖੀ ਲੋੜਾਂ ਦੀ ਪੂਰਤੀ ਲਈ ਕੀਤੇ ਜਾ ਰਹੇ ਉੱਦਮ ਦਾ ਹੀ ਪਰਿਣਾਮ ਹੈ ਅਤੇ ਰਾਜ ਪਰਬੰਧ ਦੀ ਜ਼ਿੰਮੇਵਾਰੀ ਵਿਗਿਆਨਕ ਜਾਣਕਾਰੀ ਨੂੰ ਕ੍ਰਿਆਤਮਕ ਬਨਾਉਣ ਤਕ ਸੀਮਤ ਹੈ। ਇਹਨਾਂ ਸੰਸਾਰਕ ਗਤੀਵਿਧੀਆਂ ਦਾ ਵਰਨਣ ਗੁਰਬਾਣੀ ਵਿਚ ਆਉਂਦਾ ਹੈ ਪਰ ਗੁਰਬਾਣੀ ਦੇ ਅਧਿਆਤਮਿਕ ਗਿਆਨ ਨਾਲ ਇਹਨਾਂ ਦਾ ਸਿੱਧਾ ਕੋਈ ਸਬੰਧ ਨਹੀਂ ਹੈ। ਹਾਂ, ਮਨੁੱਖਾ ਜੀਵਨ ਵਿਚ ਕਈ ਐਸੇ ਸਮੇਂ ਵੀ ਆਉਂਦੇ ਹਨ ਜਦੋਂ ਮਨੁੱਖ ਆਪਣੇ ਆਪ ਨੂੰ ਬੇਵਸ ਮਹਿਸੂਸ ਕਰਦਾ ਹੈ। ਐਸੇ ਸਮੇਂ ਵਿਚ ਮਨੁੱਖ ਅਕਸਰ ਤਿੰਨ ਢੰਗਾਂ ਦਾ ਸਹਾਰਾ ਲੈਣ ਦਾ ਜਤਨ ਕਰਦਾ ਹੈ। (੧) ਕਿਸੇ ਗ਼ੈਬੀ ਸ਼ਕਤੀ ਤੋਂ ਸਹਾਇਤਾ ਦੀ ਕਾਮਨਾ, (੨) ਗ਼ਮ ਭੁਲਾਉਣ ਲਈ ਨਸ਼ੀਲੇ ਪਦਾਰਥਾਂ ਦੀ ਵਰਤੋਂ, ਜਾਂ (੩) ਆਤਮ ਹੱਤਿਆ। ਗ਼ੈਬੀ ਸ਼ਕਤੀ ਤੋਂ ਸਹਾਇਤਾ ਦੀ ਕਾਮਨਾ ਮਨੁੱਖ ਨੂੰ ਪਰਕਿਰਤੀ, ਬ੍ਰਹਮੰਡ, ਅਦਿੱਖ ਸ਼ਕਤੀ, ਅਤੇ ਅਧਿਆਤਮਿਕ ਯਥਾਰਥਤਾ ਦੇ ਅਨੁਭਵ ਦਾ ਅਵਸਰ ਪਰਦਾਨ ਕਰਦੀ ਹੈ। ਇਥੌਂ ਮਨੁੱਖ ਦੀ ਗ਼ੈਬੀ ਸ਼ਕਤੀ ਤੇ ਭਰੋਸੇ ਦੀ ਅਰੰਭਤਾ ਹੁੰਦੀ ਆਖੀ ਜਾ ਸਕਦੀ ਹੈ। ਪਰ ਪਰਭੂ ਵੱਲੋਂ ਵਰੋਸਾਏ ਹੋਏ ਵਿਅਕਤੀਆਂ ਨੂੰ ਸੰਸਾਰਕ ਰੁਝੇਵਿਆਂ ਵਿਚ ਰਹਿੰਦੇ ਹੋਏ ਸੁਤੇ ਸਿੱਧ ਹੀ ਪਰਭੂ ਦੇ ਗੁਣਾਂ ਅਤੇ ਪਰਭੂ ਦੇ ਮਨੁੱਖ ਨਾਲ ਸਬੰਧਾਂ ਦੇ ਗਿਆਨ ਦੀ ਬਖ਼ਸ਼ਿਸ਼ ਹੋ ਜਾਂਦੀ ਹੈ। ਉਹਨਾਂ ਨੂੰ ਪਰਭੂ ਦੀ ਕਿਰਪਾ ਦੁਆਰਾ ਗਿਆਨ ਦੇਣ ਵਾਲਾ ਗੁਰੂ ਪ੍ਰਾਪਤ ਹੋ ਜਾਂਦਾ ਹੈ। ਗੁਰਬਾਣੀ ਅਜਿਹੇ ਵਿਅਕਤੀਆਂ ਵੱਲੋਂ ਅਨੁਭਵ ਕੀਤੇ ਅਧਿਆਤਮਿਕ ਗਿਆਨ ਦਾ ਹੀ ਭੰਡਾਰ ਹੈ।
ਇਸ ਗੱਲ ਤੇ ਬਲ ਦੇਣ ਦੀ ਲੋੜ ਹੈ ਕਿ ਗੁਰਬਾਣੀ ਦਿਖਾਈ ਦੇ ਰਹੇ ਸੰਸਾਰ ਦੀ ਜਾਣਕਾਰੀ ਨਹੀਂ ਦਿੰਦੀ। ਦਿਖਾਈ ਦੇ ਰਹੇ ਸੰਸਾਰ ਦੀ ਜਾਣਕਾਰੀ ਦੇਣ ਦਾ ਕੰਮ ਵਿਗਿਆਨ ਦਾ ਹੈ। ਗੁਰਬਾਣੀ ਤੇ ਅਦਿੱਖ ਦਾ ਗਿਆਨ ਪਰਦਾਨ ਕਰਦੀ ਹੈ। ਨਾ ਦਿਖਾਈ ਦੇਣ ਵਾਲੇ ਤਿੰਨ ਅਸਤਿੱਤਵਾਂ ਬਾਰੇ ਗੁਰਬਾਣੀ ਵਿਸਤ੍ਰਤ ਚਰਚਾ ਕਰਦੀ ਹੈ। ਉਹ ਹਨ: (੧) ਪਰਭੂ, (੨) ਆਤਮਾ, ਅਤੇ (੩) ਮਨ। ਸੰਸਾਰ ਪਰਭੂ ਦੀ ਕਿਰਤ ਹੈ, ਇਸ ਵਿਚ ਪਰਭੂ ਆਪ ਵਿਦਮਾਨ ਹੈ ਅਤੇ ਇਸ ਵਿਚ ਉਸੇ ਦਾ ਹੁਕਮ ਵਰਤਦਾ ਹੈ। ਪਰ ਸੰਸਾਰ ਪਰਮਾਤਮਾ, ਆਤਮਾ ਅਤੇ ਮਨ ਨਾਲੋਂ ਬਾਹਰਲਾ ਅਤੇ ਵਖਰਾ ਹੈ। ਇਸ ਵਿਚ ਮਾਇਆ ਦਾ ਵਰਤਾਰਾ ਹੈ। ਗੁਰਬਾਣੀ ਪਰਭੂ ਅਤੇ ਸੰਸਾਰ ਦੇ ਅੰਤਰ ਨੂੰ ਸਪਸ਼ਟ ਕਰਦੀ ਹੈ।
ਗੁਰਬਾਣੀ ਦੀ ਅਧਿਆਤਮਿਕ ਵਿਚਾਰਧਾਰਾ ਪਰਭੂ ਦੀ ਸਿਫਤ ਸਲਾਹ ਤੇ ਕੇਂਦਰਤ ਹੈ। ਗੁਰੂ ਗ੍ਰੰਥ ਸਾਹਿਬ ਦਾ ਮੁਢ ਹੀ "ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ" ਤੋਂ ਹੁੰਦਾ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਗੁਰਬਾਣੀ ਦੇ ਇਸ ਮੰਗਲਾਚਰਨ ਵਿਚ ਪਰਭੂ ਦੇ ਅੰਕਿਤ ਗੁਣਾਂ ਦੀ ਵਿਆਖਿਆ ਦੇ ਨਾਲ-ਨਾਲ ਪਰਭੂ ਦੀ ਸਿਫਤ ਸਲਾਹ, ਬੇਅੰਤਤਾ ਅਤੇ "ਅਲਖ ਅਪਾਰ ਅਗੰਮ ਅਗੋਚਰ" ਹੋਣ ਦਾ ਹੀ ਵਰਨਣ ਹੈ। ਗੁਰਬਾਣੀ ਪਰਭੂ ਨੂੰ "ਅਗਮ ਅਗੋਚਰਾ ਤੇਰਾ ਅੰਤੁ ਕਿਨੇ ਨ ਪਾਇਆ॥" ਆਖਦੀ ਹੈ। ਗੁਰਬਾਣੀ ਅਨੁਸਾਰ ਪਰਭੂ ਨੂੰ ਜਾਨਣਾ ਸੰਭਵ ਨਹੀਂ ਹੈ। ਉਸ ਨੂੰ ਜਾਨਣ ਲਈ ਉਸ ਜੈਸਾ ਹੀ ਹੋਣਾ ਪੈਂਦਾ ਹੈ। ਜੋ ਉਸ ਜੈਸਾ ਹੈ ਉਸ ਨੂੰ ਆਪਣੇ ਆਪ ਬਾਰੇ ਦੱਸਣ ਦੀ ਲੋੜ ਨਹੀਂ ਰਹਿੰਦੀ। ਸਾਰੀ ਪਰਕਿਰਤੀ ਵਿਚ ਹੋਂਦ ਕੇਵਲ ਇਕ ਪਰਭੂ ਦੀ ਹੀ ਹੈ, ਹੋਰ ਕਿਸੇ ਦੀ ਹੋਂਦ ਨਹੀਂ ਹੈ। ਮਨੁੱਖ ਨੂੰ ਭਰਮ ਜ਼ਰੂਰ ਹੈ ਕਿ ਉਸ ਦੀ ਸੁਤੰਤਰ ਹੋਂਦ ਹੈ, ਕਿਉਂਕਿ ਮਨੁੱਖ ਦਾ ਜਨਮ ਹੀ ਪਰਭੂ ਨੇ ਹਉਮੈ ਵਿਚ ਕੀਤਾ ਹੈ। ਇਸੇ ਲਈ ਗੁਰਬਾਣੀ ਮਨੁੱਖ ਨੂੰ ਹਉਮੈ ਦਾ ਭਰਮ ਮਿਟਾ ਕੇ ਆਪਣੀ ਅਸਲੀਅਤ ਜਾਨਣ ਦਾ ਉਪਦੇਸ਼ ਕਰਦੀ ਹੈ। ਮਨੁੱਖੀ ਹੋਂਦ ਬਾਰੇ ਮੌਲਾਨਾ ਰੋਮ ਬਾਰੇ ਇਕ ਕਹਾਵਤ ਦਾ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ। ਮੌਲਾਨਾ ਸਾਹਿਬ ਕਹਿੰਦੇ ਹਨ ਕਿ ਕਿਸੇ ਨੇ ਉਹਨਾਂ ਦਾ ਕੁੰਡਾ ਖੜਕਾਇਆ ਅਤੇ ਆਵਾਜ਼ ਦਿੱਤੀ, ਕੋਈ ਹੈ। ਮੈਂ ਜਵਾਬ ਦਿੱਤਾ, ਮੈਂ ਹਾਂ। ਉਹ ਮੁੜ ਗਿਆ ਅਤੇ ਦੂਜੇ ਦਿਨ ਫਿਰ ਉਸ ਨੇ ਕੁੰਡਾ ਖੜਕਾਇਆ ਅਤੇ ਪੁੱਛਿਆ, ਕੋਈ ਹੈ। ਮੈਂ ਜਵਾਬ ਦਿੱਤਾ, ਹਾਂ, ਮੈਂ ਹਾਂ। ਉਹ ਫਿਰ ਮੁੜ ਗਿਆ। ਮੈਂ ਸ਼ਸ਼ੋ ਪੰਜ ਵਿਚ ਪੈ ਗਿਆ ਅਤੇ ਮੈਨੂੰ ਆਪਣੀ ਅਸਲੀਅਤ ਦਾ ਇਹਸਾਸ ਹੋਣ ਲੱਗ ਪਿਆ। ਤੀਜੇ ਦਿਨ ਉਸ ਨੇ ਫਿਰ ਕੁੰਡਾ ਖੜਕਾ ਕੇ ਪੁੱਛਿਆ, ਕੋਈ ਹੈ। ਮੈਂ ਆਖਿਆ ਤੂੰ ਹੈਂ। ਉਸ ਨੇ ਮੈਨੂੰ ਗਲਵਕੜੀ ਵਿਚ ਲੈ ਲਿਆ। ਗੁਰਬਾਣੀ ਵਿਚ ਮਨੁੱਖੀ ਹੋਂਦ ਦੀ ਅਸਲੀਅਤ ਦਾ ਵਰਨਣ ਇਸ ਪਰਕਾਰ ਕੀਤਾ ਗਿਆ ਹੈ: "ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂ ਹੀ ਮੈ ਨਾਹੀ॥" ਅਤੇ "ਹਉਮੈ ਕਰੀ ਤਾਂ ਤੂ ਨਾਹੀ ਤੂ ਹੋਵਹਿ ਹਉ ਨਾਹਿ॥ ਬੂਝਹੁ ਗਿਆਨੀ ਬੂਝਣਾ ਇਹ ਅਕਥ ਕਥਾ ਮਨ ਮਾਹਿ॥" (ਪੰ: ੧੦੯੨)। ਮਨੁੱਖੀ ਮਨ ਵਿਚ ਕੇਵਲ ਇਕ ਲਈ ਹੀ ਥਾਂ ਹੈ ਦੂਜੇ ਲਈ ਨਹੀਂ। ਜੇਕਰ ਦੂਜਾ ਹੈ ਤਾਂ ਉਹ ਕੇਵਲ ਭਰਮ ਹੈ। ਗੁਰਬਾਣੀ ਹੋਰ ਆਖਦੀ ਹੈ, "ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥"। ਮਨੁੱਖ ਦੀ ਹੋਂਦ ਪਰਭੂ ਦੀ ਜੋਤ ਕਰਕੇ ਹੈ। ਉਸ ਜੋਤ ਤੋਂ ਬਿਨਾ ਮਨੁੱਖਾ ਸਰੀਰ ਨਿਰੀ ਮਿੱਟੀ ਹੈ। ਜਦੋਂ ਉਹ ਜੋਤ ਸਰੀਰ ਵਿਚੋਂ ਨਿਕਲ ਜਾਂਦੀ ਹੈ ਮਨੁੱਖ ਦੀ ਮੌਤ ਹੋ ਜਾਂਦੀ ਹੈ ਅਤੇ ਸਰੀਰ ਮਿੱਟੀ ਵਿਚ ਰਲ ਜਾਂਦਾ ਹੈ। ਪਰ ਸਾਧਾਰਨ ਮਨੁੱਖ ਨੂੰ ਉਸ ਜੋਤ ਦਾ ਗਿਆਨ ਨਹੀਂ ਹੈ। ਉਸ ਨੂੰ ਤੇ ਆਪਣੀ ਸਰੀਰਕ ਹੋਂਦ ਤੇ ਹੀ ਗਰਵ ਹੈ।
ਗੁਰਬਾਣੀ ਦੇ ਮਨੁੱਖੀ ਹੋਂਦ ਬਾਰੇ ਸਪਸ਼ਟ ਨਿਰਨੇ ਦੇ ਬਾਵਜੂਦ ਆਧੁਨਿਕ ਸਮਾਜ ਵਿਚ ਹਰ ਵਿਅਕਤੀ ਨੂੰ ਆਪਣੀ ਸਖਸ਼ੀਅਤ ਉਤੇ ਗਰਵ ਹੈ। ਗੁਰਬਾਣੀ ਦੀ ਇਸ ਸਚਾਈ ਦੀ, ਕਿ ਮਨੁੱਖ ਦੀ ਹੋਂਦ ਉਸ ਵਿਚ ਰੱਬੀ ਜੋਤ ਕਾਰਨ ਹੈ, ਅਕਸਰ ਉਪੇਖਿਆ ਕੀਤੀ ਜਾਂਦੀ ਹੈ। ਰੱਬੀ ਜੋਤ ਦੀ ਉਪੇਖਿਆ ਆਧੁਨਿਕ ਮਨੁੱਖ ਦੇ ਅਨੁਭਵ ਅਤੇ ਬਹੁਤ ਹੱਦ ਤੱਕ ਪੱਛਮੀ ਵਿਚਾਰਧਾਰਾ ਦੇ ਪਰਭਾਵ ਦਾ ਪਰਿਣਾਮ ਹੈ। ਪੱਛਮੀ ਫ਼ਲਸਫ਼ੇ ਦਾ ਕੇਂਦਰ ਬਿੰਦੂ ਹੀ ਵਿਅਕਤੀ ਦੀ ਹੋਂਦ ਹੈ ਕਿਉਂਕਿ ਪੱਛਮੀ ਸਮਾਜ ਦਾ ਹਜ਼ਾਰਾਂ ਸਾਲਾ ਪੁਰਾਣਾ ਇਤਹਾਸ ਵਿਅਕਤੀ ਦੀ ਸਮਾਜਕ ਸ਼ਕਤੀਆਂ ਤੋਂ ਸੁਤੰਤਰਤਾ ਦੇ ਸੰਘਰਸ਼ ਦਾ ਇਤਹਾਸ ਹੈ। ਮਨੁੱਖ ਨੇ ਸਮਾਜ ਆਪ ਸਿਰਜਿਆ ਸੀ ਪਰ ਸਮਾਜਕ ਸ਼ਕਤੀਆਂ ਨੇ ਮਨੁੱਖ ਨੂੰ ਆਪਣਾ ਬੰਦੀ ਬਣਾ ਕੇ ਉਸ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਪਹਿਲੋਂ ਸਮਰਾਟਾਂ ਜਾਂ ਰਾਜਿਆ ਨੇ ਵਿਅਕਤੀਆਂ ਨੂੰ ਖੂਬ ਲੁਟਿਆ ਫਿਰ ਵਪਾਰਕ ਕਾਰਪੋਰੇਸ਼ਨਾਂ ਨੇ ਰਾਜਿਆਂ ਨੂੰ ਹਟਾ ਕੇ ਆਪ ਲੁੱਟ ਖੁਸਟ ਸ਼ੁਰੂ ਕਰ ਦਿੱਤੀ। ਪੱਛਮ ਵਿਚ ਘੱਟ ਗਿਣਤੀ ਕੁਲੀਨ ਵਰਗ ਅਤੇ ਬਹੁ ਗਿਣਤੀ ਗੁਲਾਮ ਕਾਮਿਆਂ ਦਾ ਵੈਰ ਹਜ਼ਾਰਾਂ ਸਾਲਾਂ ਤੋਂ ਚਲਿਆ ਆ ਰਿਹਾ ਹੈ ਜਿਸ ਨੂੰ ਫ਼ਿਲਾਸਫ਼ਰ ਸਮਾਜ ਅਤੇ ਵਿਅਕਤੀ ਦੇ ਸੰਘਰਸ਼ ਦਾ ਨਾਂ ਦਿੰਦੇ ਹਨ। ਵਿਅਕਤੀ ਆਪਣੀ ਸੁਤੰਤਰ ਪਛਾਣ ਬਨਾਉਣ ਅਤੇ ਮਨੁੱਖੀ ਅਧਿਕਾਰ ਪ੍ਰਾਪਤ ਕਰਨ ਲਈ ਬਲਵਾਨ ਸਮਾਜਕ ਚੌਧਰੀਆਂ ਵਿਰੁਧ ਸੰਘਰਸ਼ ਕਰਦਾ ਰਿਹਾ ਹੈ। ਪੱਛਮੀ ਇਤਹਾਸ ਅਤੇ ਫ਼ਲਸਫਾ ਹਜ਼ਾਰਾਂ ਸਾਲਾਂ ਤੋਂ ਚਲੇ ਆ ਰਹੇ ਮਨੁੱਖ ਦੇ ਸਮਾਜਕ ਸ਼ਕਤੀਆਂ ਦੇ ਅਤਿਆਚਾਰ ਤੋਂ ਛੁਟਕਾਰਾ ਪਾਉਣ ਲਈ ਕੀਤੇ ਸੰਘਰਸ਼ ਦੀ ਹੀ ਗਾਥਾ ਹੈ। ਰੂਸੋ ਨੇ ਤੇ ਇਥੋਂ ਤੱਕ ਆਖ ਦਿੱਤਾ ਸੀ "ਕਿ ਮਨੁੱਖ ਜੰਮਦਾ ਤੇ ਸੁਤੰਤਰ ਹੈ ਪਰ ਉਹ ਹਰ ਥਾਂ ਜ਼ੰਜੀਰਾਂ ਵਿਚ ਜਕੜਿਆ ਪਿਆ ਹੈ"।
(Man is born free, yet everwhere he is in chains)। ਕਾਰਲ ਮਾਰਕਸ ਵੱਲੋਂ ਵੀ ਵਿਅਕਤੀ ਦੀ ਸੁਤੰਤਰਤਾ ਲਈ ਸੰਘਰਸ਼ ਵਿੱਢਿਆ ਗਿਆ ਸੀ ਪਰ ਉਹ ਵਪਾਰਕ ਕਾਰਪੋਰੇਸ਼ਨਾਂ ਦਾ ਉਚਿਤ ਬਦਲ ਲੱਭਣ ਵਿਚ ਸਫਲ ਨਾ ਹੋ ਸਕਿਆ। ਪੱਛਮ ਵਿਚ ਚਲੇ ਇਸ ਲੰਮੇ ਸੰਘਰਸ਼ ਵਿਚ ਧਾਰਮਕ ਸੰਸਥਾਵਾਂ ਅਤੇ ਪੱਛਮੀ ਧਾਰਮਕ ਵਿਚਾਰਧਾਰਾ ਲੋਕਾਂ ਵਿਰੁਧ ਸਮਾਜਕ ਪ੍ਰਬੰਧਕਾਂ ਦੀਆਂ ਸਹਾਇਕ ਬਣ ਕੇ ਉਹਨਾਂ ਦਾ ਪੱਖ ਪੂਰਦੀਆਂ ਰਹਿੰਦੀਆਂ ਹਨ। ਇਸ ਸੰਘਰਸ਼ ਦੇ ਫਲ ਸਰੂਪ ਸਾਰੇ ਕੌਮੀ ਸੰਵਿਧਾਨਾਂ ਵਿਚ ਮੂਲ ਮਨੁੱਖੀ ਅਧਿਕਾਰਾਂ ਨੂੰ ਪਰਵਾਨ ਕਰ ਲਿੱਤਾ ਗਿਆ ਹੈ ਅਤੇ ਧਾਰਮਕ ਸੰਸਥਾਵਾਂ ਨੂੰ ਰਾਜ ਭਾਗ ਵਿਚ ਦਖ਼ਲ ਅੰਦਾਜ਼ੀ ਕਰਨ ਤੋਂ ਵਰਜਿਤ ਕਰ ਦਿੱਤਾ ਗਿਆ ਹੈ। ਪਰ ਵਿਅਕਤੀਵਾਦ ਤੇ ਆਧਾਰਤ ਮਨੁੱਖੀ ਅਧਿਕਾਰਾਂ ਅਤੇ ਬਰਾਬਰਤਾ ਦਾ ਸੰਘਰਸ਼ ਹਾਲੇ ਵੀ ਜਾਰੀ ਹੈ ਅਤੇ ਮਨੁੱਖ ਦੀ ਸੁਤੰਤਰ ਹੋਂਦ ਦਾ ਵਿਸ਼ਵਾਸ ਹੁਣ ਸਰਬ ਵਿਆਪਕ ਬਣ ਚੁੱਕਾ ਹੈ। ਗੁਰਬਾਣੀ ਸੰਘਰਸ਼ ਰਾਹੀਂ ਮਨੁੱਖੀ ਲੋੜਾਂ ਅਤੇ ਸਮਾਜਕ ਮਸਲਿਆਂ ਦਾ ਹਲ ਕਰਨ ਦਾ ਉਪਦੇਸ਼ ਨਹੀਂ ਕਰਦੀ ਕਿਉਂਕਿ ਸੰਘਰਸ਼ ਕਿਸੇ ਮਸਲੇ ਦਾ ਹਲ ਨਹੀਂ ਹੁੰਦਾ ਬਲਕਿ ਉਹ ਤੇ ਨਵੇਂ ਮਸਲਿਆਂ ਅਤੇ ਸੰਘਰਸ਼ਾਂ ਨੂੰ ਹੀ ਜਨਮ ਦਿੰਦਾ ਆਇਆ ਹੈ। ਵੱਡੀ ਜੰਗ ਨਾਲ ਸੰਸਾਰ ਵਿਚੋਂ ਜੰਗਾਂ ਖਤਮ ਨਹੀਂ ਹੋਈਆਂ। ਸਮਾਜ ਵਿਚ ਜੰਗ, ਯੁੱਧ, ਲੜਾਈ, ਝਗੜਾ, ਅਤਿਆਚਾਰ ਜਾਂ ਅਨਿਆਂ ਉਪਰ ਕਾਬੂ ਪਾਉਣ ਦਾ ਢੰਗ ਤੇ ਗੁਰਬਾਣੀ ਦੱਸਦੀ ਹੈ ਪਰ ਗੁਰਮਤਿ ਵਿਚਾਰਧਾਰਾ ਦੇ ਅਨੁਯਾਈ ਇਸ ਵਿਸ਼ੇ ਤੇ ਗੁਰਬਾਣੀ ਉਪਦੇਸ਼ ਬਾਰੇ ਅਸਪਸ਼ਟ ਜਾਂ ਉਸ ਤੋਂ ਅਣਜਾਣ ਹਨ। ਅਨਿਆਂ ਕਰਨ ਵਾਲਿਆਂ ਨੂੰ ਕਰੋਧ, ਵੈਰ, ਹਿੰਸਾ ਅਤੇ ਲੜਾਈ ਜਾਂ ਸੰਘਰਸ਼ ਦੁਆਰਾ ਰੋਕ ਜਾਂ ਹਰਾ ਕੇ ਅਨਿਆਂ ਨੂੰ ਖਤਮ ਕਰਨਾ ਸੰਭਵ ਨਹੀਂ ਹੈ ਕਿਉਂਕਿ ਐਸਾ ਕਰਨ ਨਾਲ ਸਮਾਜ ਵਿਚ ਕਰੋਧ, ਵੈਰ ਭਾਵਨਾ ਅਤੇ ਹਿੰਸਾ ਹੋਰ ਫੈਲਦੀ ਹੈ ਜਿਸ ਨਾਲ ਅਨਿਆਂ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ ਅਤੇ ਜੇਤੂ ਧਿਰਾਂ ਅਕਸਰ ਆਪ ਹੀ ਅਨਿਆਂ ਕਰਨ ਲੱਗ ਪੈਂਦੀਆਂ ਹਨ। ਇਹ ਸਮਝਿਆ ਜਾਂਦਾ ਹੈ ਕਿ ਅਨਿਆਂ ਅਤੇ ਅਤਿਆਚਾਰ ਵਿਰੁਧ ਸੰਘਰਸ਼ ਤੋਂ ਬਿਨਾ ਹੋਰ ਚਾਰਾ ਨਹੀਂ ਹੈ। ਪਰ ਇਹ ਸਹੀ ਨਹੀਂ ਹੈ ਕਿਉਂਕਿ ਪੱਕੇ ਇਰਾਦੇ ਨਾਲ ਅਡੋਲ ਰਹਿ ਕੇ ਅਤਿਆਚਾਰ ਤੋਂ ਈਨ ਨਾ ਮੰਨਣਾ ਵੀ ਇਕ ਹੋਰ ਸਾਰਥਕ ਰਾਹ ਹੈ। ਅਜਿਹਾ ਕਰਨ ਨਾਲ ਜਾਨੀ ਨੁਕਸਾਨ ਵੀ ਘੱਟ ਹੁੰਦਾ ਹੈ। ਸ਼ਸਤਰ ਬੱਧ ਮੁਕਾਬਲੇ ਜਾਂ ਸੰਘਰਸ਼ ਵਿਚ ਮਰਨ ਵਾਲਿਆਂ ਦੀ ਗਿਣਤੀ ਅਤਿਆਚਾਰ ਤੋਂ ਅਡੋਲ ਰਹਿ ਕੇ ਈਨ ਨਾ ਮੰਨਣ ਵਾਲਿਆਂ ਨਾਲੋਂ ਕਈ ਗੁਣਾ ਵੱਧ ਹੁੰਦੀ ਹੈ। ਕਿਸੇ ਉਦੇਸ਼ ਲਈ ਸ਼ਹੀਦ ਹੋਇਆਂ ਨੂੰ ਇਤਹਾਸ ਸਨਮਾਨਦਾ ਹੈ ਪਰ ਜੰਗਾਂ ਵਿਚ ਮਰਿਆਂ ਨੂੰ ਲੋਕ ਤੁਰਤ ਭੁਲ ਜਾਂਦੇ ਹਨ। ਗੁਰਬਾਣੀ ਉਪਦੇਸ਼ ਦੇ ਅਨੁਕੂਲ ਭਗਤ ਜਨ ਅਤੇ ਗੁਰੂ ਸਾਹਿਬਾਨ ਅਨਿਆਂ ਤੋਂ ਈਨ ਨਾ ਮੰਨਣ ਕਰਕੇ ਸ਼ਹੀਦੀਆਂ ਪ੍ਰਾਪਤ ਕਰ ਕੇ ਅਮਰ ਹੋ ਗਏ ਹਨ।

ਭਾਰਤ ਵਿਚ ਮਨੁੱਖੀ ਸੁਤੰਤਰ ਹੋਂਦ ਦਾ ਵਿਸ਼ਵਾਸ ਬਹੁਤ ਹੱਦ ਤੱਕ ਪੱਛਮੀ ਪਰਭਾਵ ਦੀ ਦੇਣ ਹੈ। ਦਰ ਅਸਲ ਸੁਤੰਤਰ ਮਨੁੱਖੀ ਹੋਂਦ ਦਾ ਵਿਸ਼ਵਾਸ ਸੰਪਤੀ ਦੀ ਮਲਕੀਅਤ ਦਾ ਪਰਿਣਾਮ ਹੈ। ਮੇਰ-ਤੇਰ ਦਾ ਇਹਸਾਸ ਸੁਤੰਤਰ ਮਨੁੱਖੀ ਹੋਂਦ ਨੂੰ ਜਨਮ ਦਿੰਦਾ ਹੈ। ਪੁਰਾਤਨ ਅਤੇ ਮੱਧ-ਕਾਲੀਨ ਭਾਰਤ ਵਿਚ ਆਮ ਲੋਕਾਂ ਵਿਚ ਮਾਲਕੀ ਦੀ ਭਾਵਨਾ ਨਾਮ ਮਾਤਰ ਸੀ। ਭਾਰਤ ਪਿੰਡਾਂ ਦਾ ਦੇਸ਼ ਸੀ ਅਤੇ ਪਿੰਡ ਦੀ ਜ਼ਮੀਨ ਪਿੰਡ ਦੀ ਮਲਕੀਅਤ ਮੰਨੀ ਜਾਂਦੀ ਸੀ। ਜ਼ਮੀਨ ਨੂੰ ਮਾਂ ਸਮਝਿਆ ਜਾਂਦਾ ਸੀ ਜਿਸ ਦਾ ਬਟਵਾਰਾ ਕਰਕੇ ਕੋਈ ਵੀ ਇਸ ਦਾ ਮਾਲਕ ਨਹੀਂ ਬਣ ਸਕਦਾ ਸੀ। ਪਿੰਡ ਦਾ ਹਰ ਵਸਨੀਕ ਅਤੇ ਉਸ ਦੀ ਸੰਤਾਨ ਦਾ ਕਿੱਤਾ ਉਸ ਦੇ ਜਨਮ ਤੋਂ ਨਿਰਧਾਰਤ ਹੁੰਦਾ ਸੀ। ਕਿਸਾਨ ਜ਼ਮੀਨ ਤੇ ਖੇਤੀ ਕਰਦਾ ਸੀ, ਤਰਖਾਣ ਲਕੜੀ ਦਾ ਕੰਮ ਕਰਦਾ ਸੀ, ਲੁਹਾਰ ਲੋਹੇ ਦਾ। ਵਪਾਰੀ ਵਪਾਰ ਕਰਦੇ ਸਨ, ਪੰਡਤ ਧਾਰਮਕ ਜ਼ਿੰਮੇਵਾਰੀਆਂ ਨਿਭਾਉਂਦੇ ਸਨ ਅਤੇ ਛੋਟੀ ਜਾਤ ਵਾਲੇ ਕਿਸਾਨਾਂ ਦੇ ਸਹਾਇਕ ਬਣੇ ਰਹਿੰਦੇ ਸਨ। ਹਰ ਵਿਅਕਤੀ ਦਾ ਕੰਮ ਅਤੇ ਧਰਮ ਆਪਣੀ ਜਨਮ ਤੋਂ ਨਿਸ਼ਚਿਤ ਜ਼ਿੰਮੇਵਾਰੀ ਨਿਭਾਉਣਾ ਬਣਿਆ ਹੋਇਆ ਸੀ। ਪਿੰਡ ਦੀ ਸਾਰੀ ਉਪਜ ਸਭ ਦੀ ਇਕੱਠੀ ਮਲਕੀਅਤ ਹੁੰਦੀ ਸੀ ਅਤੇ ਉਸ ਵਿਚ ਸਭ ਦੇ ਹਿਸੇ ਨਿਰਧਾਰਤ ਹੁੰਦੇ ਸਨ। ਅਜਿਹੇ ਵਾਤਾਵਰਣ ਵਿਚ ਸ਼ਾਂਤੀ ਅਤੇ ਸਹਿਯੋਗ ਪਰਧਾਨ ਸੀ ਅਤੇ ਮਲਕੀਅਤ ਦੀਆਂ ਭਾਵਨਾਵਾਂ ਘੱਟ ਉਤੇਜਿਤ ਹੁੰਦੀਆਂ ਸਨ। ਪੰਜਾਬ ਵਿਚ ਧਾੜਵੀਆਂ ਦੀ ਆਵਾ ਜਾਈ ਹੋਣ ਕਾਰਨ ਹਾਲਾਤ ਬਾਕੀ ਦੇ ਭਾਰਤ ਨਾਲੋਂ ਕਾਫੀ ਵਖਰੇ ਸਨ। ਭਾਰਤੀ ਸਮਾਜਕ ਪਰਣਾਲੀ ਵਿਚ ਪੱਛਮੀ ਦੇਸ਼ਾਂ ਵਾਲੀ ਸਮਾਜ ਅਤੇ ਵਿਅਕਤੀ ਵਿਚਕਾਰ ਦੁਸ਼ਮਣੀ ਦੀ ਭਾਵਨਾ ਦੀ ਅਣਹੋਂਦ ਸੀ। ਉਸ ਸਮੇਂ ਦੇ ਭਾਰਤੀਆਂ ਲਈ ਗੁਰਬਾਣੀ ਦਾ ਇਹ ਉਪਦੇਸ਼ ਕਿ ਮਨੁੱਖ ਦੀ ਸੁਤੰਤਰ ਹਸਤੀ ਨਹੀਂ ਹੈ ਅਤੇ ਕੇਵਲ ਪਰਭੂ ਦੀ ਹੀ ਹੋਂਦ ਹੈ ਸਮਝਣਾ, ਮੰਨਣਾ ਅਤੇ ਜੀਵਨ ਵਿਚ ਧਾਰਨ ਕਰਨਾ ਬਹੁਤ ਸੌਖਾ ਸੀ। ਜ਼ਮੀਨ ਅਤੇ ਹੋਰ ਸੰਪਤੀ ਦੀ ਵਿਅਕਤੀਗਤ ਮਾਲਕੀ ਦਾ ਸੰਕਲਪ ਅੰਗ੍ਰੇਜ਼ੀ ਰਾਜ ਦੀ ਦੇਣ ਹੈ। ਵਿਅਕਤੀ ਦੇ ਮੂਲ ਅਧਿਕਾਰਾਂ ਅਤੇ ਨਿਜੀ ਸੁਤੰਤਰਤਾ ਦਾ ਸੰਕਲਪ ਵੀ ਅੰਗਰੇਜ਼ੀ ਰਾਜ ਦੀ ਹੀ ਉਪਜ ਹੈ ਅਤੇ ਮਨੁੱਖੀ ਸੁਤੰਤਰ ਹੋਂਦ ਦਾ ਵਿਸ਼ਵਾਸ ਇਸ ਦਾ ਪਰਿਣਾਮ ਹੈ।
ਗੁਰਬਾਣੀ ਪਰਭੂ, ਆਤਮਾ ਅਤੇ ਮਨ ਅਤੇ ਇਹਨਾਂ ਦੇ ਸਬੰਧਾਂ ਦਾ ਗਿਆਨ ਹੈ। ਇਹ ਤਿੰਨੇ ਨਾ ਦਿਖਾਈ ਦੇਣ ਵਾਲੇ ਅਸਤਿਤਵ ਹਨ। ਇਹਨਾਂ ਦਾ ਗਿਆਨ ਵਿਸ਼ਵਾਸ ਤੇ ਆਧਾਰਤ ਹੈ। ਆਤਮਾ ਬਾਰੇ ਗੁਰਬਾਣੀ ਦੇ ਕਥਨ ਹਨ: "ਪੰਚ ਤਤੁ ਮਿਲਿ ਕਾਇਆ ਕੀਨੀ॥ ਤਿਸ ਮਹਿ ਰਾਮ ਰਤਨੁ ਲੈ ਚੀਨੀ॥ ਆਤਮ ਰਾਮੁ ਰਾਮ ਹੈ ਆਤਮ॥ ਹਰਿ ਪਾਈਐ ਸਬਦਿ ਵਿਚਾਰਾ ਹੇ॥" (ਪੰ: ੧੦੩੦); "ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚਨਿਸਿ ਗੁਰ ਬੀਚਾਰਾ॥" (ਪੰ: ੧੧੫੩); "ਨਾ ਇਹ ਮਾਨਸੁ ਨ ਇਹੁ ਦੇਉ॥ ਨਾ ਇਹੁ ਜਤੀ ਕਹਾਵੈ ਸੇਉ॥ ਨਾ ਇਹੁ ਜੋਗੀ ਨਾ ਅਵਧੂਤਾ॥ ਨਾ ਇਸੁ ਮਾਇ ਨ ਕਾਹੂ ਪੂਤਾ॥੧॥ ਇਆ ਮੰਦਰ ਮਹਿ ਕੌਣ ਬਸਾਈ॥ ਤਾ ਕਾ ਅੰਤੁ ਨ ਕੋਊ ਪਾਇ॥੧॥ਰਹਾਉ॥ ਨਾ ਇਹੁ ਗਿਰਹੀ ਨ ਓਦਾਸੀ॥ ਨਾ ਇਹੁ ਰਾਜ ਨ ਭੀਖ ਮੰਗਾਸੀ॥ ਨਾ ਇਸੁ ਪਿੰਡ ਨ ਰਕਤੂ ਰਾਤੀ॥ ਨਾ ਇਹੁ ਬ੍ਰਹਮਨੁ ਨ ਇਹ ਖਾਤੀ॥੨॥ ਨਾ ਇਹੁ ਤਪਾ ਕਹਾਵੈ ਸੇਖੁ॥ ਨਾ ਇਹੁ ਜੀਵੈ ਨ ਮਰਤਾ ਦੇਖੁ॥ ਇਸੁ ਮਰਤੇ ਕਉ ਜੋ ਕੋਊ ਰੋਵੈ॥ ਜੋ ਰੋਵੈ ਸੋਈ ਪਤਿ ਖੋਵੈ॥੩॥ ਗੁਰ ਪ੍ਰਸਾਦਿ ਮੈ ਡਗਰੋ ਪਾਇਆ॥ ਜੀਵਨ ਮਰਨੁ ਦੋਊ ਮਿਟਵਾਇਆ॥ ਕਹੁ ਕਬੀਰ ਇਹੁ ਰਾਮ ਕੀ ਅੰਸੁ॥ ਜਸ ਕਾਗਦ ਪਰ ਮਿਟੈ ਨ ਮੰਸੁ॥" (ਪੰ: ੮੭੧)। ਪਰਭੂ ਸਰਬ ਵਿਆਪਕ ਹੈ ਅਤੇ ਮਨੁੱਖ ਵਿਚ ਇਹ ਆਤਮਾ ਦੇ ਰੂਪ ਵਿਚ ਮੌਜੂਦ ਹੈ। ਪਰ ਮਨੁੱਖ ਨੂੰ ਆਪਣੀ ਆਤਮਾ ਦੀ ਸੂਝ ਨਹੀਂ ਹੈ। ਕਈ ਲੋਕ ਆਪਣੀ ਜ਼ਮੀਰ ਨੂੰ ਆਤਮਾ ਦਾ ਨਾਂ ਦੇ ਦਿੰਦੇ ਹਨ।
ਗੁਰਬਾਣੀ ਵਿਚ ਮਨ ਦਾ ਸੰਕਲਪ ਬਹੁਤ ਮਹੱਤਵਪੂਰਨ ਹੈ। ਗੁਰਬਾਣੀ ਮਨ ਨੂੰ ਜੋਤ ਸਰੂਪ ਆਖਦੀ ਹੈ। "ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣਿ॥" (ਪੰ: ੪੪੧)। ਇਸ ਦਾ ਵਾਸਾ ਸਰੀਰ ਵਿਚ ਹੈ ਪਰ ਇਹ ਸਰੀਰ ਤੇ ਨਿਰਭਰ ਨਹੀਂ ਕਰਦਾ। ਇਹ ਤੇ ਸਰੀਰ ਦਾ ਚਾਲਕ ਅਤੇ ਮਾਲਕ ਹੈ। ਮਨੁੱਖ ਦੇ ਸਰੀਰ ਦੀ ਹੋਂਦ ਹੀ ਮਨ ਕਰਕੇ ਹੈ। "ਤਨ ਮਹਿ ਮਨੂਆ ਮਨ ਮਹਿ ਸਾਚਾ॥ ਸੋ ਸਾਚਾ ਮਿਲਿ ਸਾਚੇ ਰਾਚਾ॥" (ਪੰ: ੬੮੬)। ਮਨ ਦੀ ਸ਼ਕਤੀ ਬਾਰੇ ਗੁਰਬਾਣੀ ਦੱਸਦੀ ਹੈ. "ਮਨਿ ਜੀਤੈ ਜਗੁ ਜੀਤੁ॥" (ਪੰ: ੬) ਸਰੀਰ ਦੀ ਮਿਆਦ ਹੁੰਦੀ ਹੈ ਸਮਾਂ ਪਾ ਕੇ ਉਸ ਦੀ ਮੋਤ ਹੋ ਜਾਂਦੀ ਹੈ। ਪਰ ਮਨ ਦੀ ਮੌਤ ਨਹੀਂ ਹੁੰਦੀ ਕਿਊਂਕੇ ਮਨ ਜੋਤ ਸਰੂਪ ਹੈ। "ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ॥ ਜਨਮ ਮਰਣੁ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ॥" (ਪੰ: ੯੯੯)। ਮਨ ਅਤੇ ਆਤਮਾ ਵਿਚਕਾਰ ਹਉਮੈ ਦੀ ਦੀਵਾਰ ਹੈ ਜਿਸ ਨੂੰ ਪਾਰ ਕਰਨ ਲਈੇ ਗੁਰਬਾਣੀ ਮਨ ਨੂੰ ਉਤਸ਼ਾਹਤ ਕਰਦੀ ਹੈ, "ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ", ਅਤੇ ਹਉਮੈ ਦੀ ਦੀਵਾਰ ਨੂੰ ਪਾਰ ਕਰ ਕੇ ਆਪਣੇ ਅੰਦਰ ਬੈਠੇ ਪਰਭੂ ਦੇ ਅੰਸ਼, ਆਪਣੀ ਆਤਮਾ ਨਾਲ ਮਿਲਣ ਲਈ "ਹੁਕਮਿ ਰਜਾਈ ਚਲਣਾ" ਦਾ ਉਪਦੇਸ਼ ਕਰਦੀ ਹੈ ਕਿਊਂਕੇ "ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਈ॥" (ਪੰ: ੧)। ਪਰ ਮਨ ਹਉਮੈ ਅਤੇ ਮਾਇਆ ਦੇ ਪਰਭਾਵ ਅਧੀਨ ਬਾਹਰ ਭਟਕਣ ਲਈ ਉਤਾਵਲਾ ਰਹਿੰਦਾ ਹੈ ਅਤੇ ਤ੍ਰੇ-ਗੁਣੀ ਸੰਸਾਰ ਵਿਚੋਂ ਖੁਸ਼ੀ ਲਭਣ ਦਾ ਪਰਯਾਸ ਕਰਦਾ ਹੈ। ਮਾਇਆ ਨੇ ਮਨ ਨੂੰ ਕਾਬੂ ਵਿਚ ਰਖਣ ਲਈ ਭਰਮਾਂ ਅਤੇ ਪੰਜ ਵਿਸ਼ੇ ਵਿਕਾਰਾਂ ਦਾ ਜਾਲ ਬੁਣਿਆ ਹੋਇਆ ਹੈ। "ਮਨ ਮੈਗਲੁ ਸਾਕਤੁ ਦੇਵਾਨਾ॥ ਬਨ ਖੰਡਿ ਮਾਇਆ ਮੋਹਿ ਹੈਰਾਨਾ॥" (ਪੰ: ੪੧੫); "ਕਹੈ ਕਬੀਰ ਸੁਨਹੁ ਰੇ ਸੰਤਹੁ ਇਹੁ ਮਨ ਉਡਨ ਪੰਖੇਰੂ ਬਨ ਕਾ" (ਪੰ: ੧੨੫੩) ਅਤੇ "ਭਤਿਰਿ ਪੰਚ ਗੁਪਤ ਮਨਿ ਵਾਸੇ॥ ਥਿਰੁ ਨ ਰਹਿਹ ਜੈਸੇ ਭਵਹਿ ਉਦਾਸੇ॥ ਮਨੁ ਮੇਰਾ ਦਇਆਲ ਸੇਤੀ ਥਿਰੁ ਨ ਰਹੈ॥ ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ॥" (ਪੰ: ੩੫੯)। ਸੰਸਾਰ ਵਿਚ ਵਿਚਰਦੇ ਹੋਏ ਮਨੁੱਖੀ ਮਨ ਹਉਮੈ ਨੇ ਕਾਲਾ ਸਿਆਹ ਕਰ ਛੱਿਡਆ ਹੈ। "ਇਹੁ ਮਨੁ ਮੈਲਾ ਇਕੁ ਨ ਧਿਆਏ॥ ਅੰਤਰਿ ਮੈਲੁ ਲਾਗੀ ਬਹੁ ਦੂਜੇ ਭਾਏ॥" (ਪੰ: ੧੧੬); "ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥" (ਪੰ: ੬੫੧) ਅਤੇ "ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ॥ ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ॥ ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ॥ ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ॥" (ਪੰ ; ੩੯) । ਹਉਮੈ ਦੀ ਕਾਲਖ ਵਿਚ ਗ੍ਰਸਿਆ ਮਨ ਆਪਣੇ ਅਸਲੇ, ਪਰਭੂ ਦੇ ਅੰਸ਼, ਨਾਲ ਮਿਲਣ ਦੇ ਯੋਗ ਨਹੀਂ ਰਹਿੰਦਾ। "ਹਉ ਹਉ ਕਰਤ ਨਹੀ ਸਚੁ ਪਾਈਐ॥ ਹਉਮੈ ਜਾਇ ਪਰਮ ਪਦ ਪਾਈਐ॥" (ਪੰ: ੨੨੬) ਅਤੇ "ਹਉਮੈ ਜਾਈ ਤਾ ਕੰਤ ਸਮਾਈ॥" (ਪੰ: ੭੫੦)। ਹਉਮੈ ਨਾਲ ਕਾਲੇ ਸਿਆਹ ਹੋਏ ਮਨ ਨੂੰ ਹਉਮੈ ਦੀ ਕਾਲਖ ਉਤਾਰ ਕੇ ਪਰਭੂ ਨਾਲ ਮਿਲਾਪ ਲਈ ਫਿਰ ਮਨੁੱਖਾ ਜਨਮ ਲੈਣਾ ਪੈਂਦਾ ਹੈ ਕਿਊਂਕੇ "ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥" (ਪੰ: ੧੨)। ਮਨੁੱਖਾ ਜਨਮ ਵਿਚ ਹੀ ਪਰਭੂ ਦੀ ਕਿਰਪਾ ਦੁਆਰਾ ਗੁਰ-ਸ਼ਬਦ ਦੀ ਓਟ ਰਾਹੀਂ ਮਨ ਦੀ ਹਉਮੈ ਨੂੰ ਮਾਰ ਕੇ ਪਰਭੂ ਮਿਲਾਪ ਦੇ ਮਾਰਗ ਦਾ ਪਾਂਧੀ ਬਣਿਆ ਜਾ ਸਕਦਾ ਹੈ। "ਸਬਦੁ ਚੀਨਿ ਮਨੁ ਨਿਰਮਲੁ ਹੋਵੈ ਤਾ ਹਰਿ ਕੇ ਗੁਣ ਗਾਵੈ॥ ਗੁਰਮਤੀ ਆਪੇ ਆਪੁ ਪਛਾਣੈ ਤਾ ਨਿਜ ਘਰ ਵਾਸਾ ਪਾਵੈ॥" (ਪੰ: ੫੬੫) ਅਤੇ "ਮਨ ਮੈਲੇ ਸੂਚਾ ਕਿਉ ਹੋਇ॥ ਸਾਚਿ ਮਿਲੈ ਪਾਵੈ ਪਤਿ ਸੋਇ॥ (ਪੰ: ੬੮੬)। ਮਨੁੱਖੀ ਜੀਵਨ ਦਾ ਕਲਯਾਨ ਅਤੇ ਸਫਲਤਾ ਮਨ ਨੂੰ ਪਰਭੂ ਸਿਮਰਨ ਵਿਚ ਲੀਨ ਕਰਨ ਤੇ ਨਿਰਭਰ ਕਰਦੀ ਹੈ।
ਗੁਰਬਾਣੀ ਵਿਚ ਮਨ ਅਤੇ ਹਉਮੈ ਦੇ ਰਹੱਸ ਦੇ ਕੁੱਝ ਕਥਨ ਇਸ ਪਰਕਾਰ ਹਨ:
"ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ॥੪॥ ਗੁਰ ਪਰਸਾਦੀ ਜੈਦੇਉ ਨਾਮਾਂ॥ ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ॥੫॥ ਜਿਸ ਕਾ ਭਰਮੁ ਗਿਆ ਤਿਨਿ ਸਾਚੁ ਪਛਾਨਾ॥੬॥ ਇਸੁ ਮਨ ਕਉ ਰੂਪ ਨ ਰੇਖਿਆ ਕਾਈ॥ ਹੁਕਮੇ ਹੋਇਆ ਹੁਕਮੁ ਬੂਝਿ ਸਮਾਈ॥੭॥ ਇਸ ਮਨ ਕਾ ਕੋਈ ਜਾਨੈ ਭੇਉ॥ ਇਹ ਮਨਿ ਲੀਨ ਭਏ ਸੁਖਦੇਉ॥੮॥ ਜੀਉ ਏਕੁ ਅਰੁ ਸਗਲ ਸਰੀਰਾ॥ ਇਸੁ ਮਨ ਕਉ ਰਵਿ ਰਹੇ ਕਬੀਰਾ॥" (ਪੰ: ੩੩੦); "ਇਹੁ ਮਨੁ ਸਕਤੀ ਇਹੁ ਮਨੁ ਸੀਉ॥ ਇਹੁ ਮਨੁ ਪੰਚ ਤਤ ਕੋ ਜੀਉ॥ ਇਹੁ ਮਨੁ ਲੇ ਜਉ ਉਨਮਨਿ ਰਹੈ॥ ਤਉ ਤੀਨਿ ਲੋਕ ਕੀ ਬਾਤੈ ਕਹੈ॥" (ਪੰ: ੩੪੨)। ਕਬੀਰ ਜੀ ਫੁਰਮਾਉਂਦੇ ਹਨ ਕਿ ਇਹ ਮਨੁੱਖਾ ਮਨ ਮਾਇਆ ਦਾ ਰੂਪ ਹੈ, ਇਹ ਅਨੰਦ ਸਰੂਪ ਹਰੀ ਵੀ ਹੈ। ਇਹ ਸਰੀਰ ਹੈ। ਪਰ ਜਦੋਂ ਇਹ ਮਨ ਉਨਮਨ (ਅੰਤਿਹਕਰਨ ਦੇ ਖਿੜਾਓ) ਵਿਚ ਆ ਜਾਂਦਾ ਹੈ ਤਾਂ ਇਹ ਸਰਬ ਵਿਆਪਕ ਪਰਭੂ ਦੀਆਂ ਗਲਾਂ ਕਰਦਾ ਹੈ। ਹਉਮੈ ਬਾਰੇ ਗੁਰਬਾਣੀ ਦਾ ਉਪਦੇਸ਼ ਹੈ: "ਹਉ ਵਿਚਿ ਆਇਆ ਹਉ ਵਿਚਿ ਗਇਆ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ॥ ਹਉ ਵਿਚਿ ਦਿਤਾ ਹਉ ਵਿਚਿ ਲਇਆ॥ ਹਉ ਵਿਚਿ ਖਟਿਆ ਹਉ ਵਿਚਿ ਗਇਆ॥ ਹਉ ਵਿਚਿ ਸਚਿਆਰੁ ਕੂੜਿਆਰੁ॥ ਹਉ ਵਿਚਿ ਪਾਪ ਪੁੰਨ ਵੀਚਾਰੁ॥ ਹਉ ਵਿਚਿ ਨਰਕਿ ਸੁਰਗਿ ਅਵਤਾਰੁ॥ ਹਉ ਵਿਚਿ ਹਸੈ ਹਉ ਵਿਚਿ ਰੋਵੈ॥ ਹਉ ਵਿਚਿ ਭਰੀਐ ਹਉ ਵਿਚਿ ਧੋਵੈ॥ ਹਉ ਵਿਚਿ ਜਾਤੀ ਜਿਨਸੀ ਖੋਵੈ॥ ਹਉ ਵਿਚਿ ਮੂਰਖੁ ਹਉ ਵਿਚਿ ਸਿਅਣਾ॥ ਮੋਖ ਮੁਕਤਿ ਕੀ ਸਾਰ ਨ ਜਾਣਾ॥ ਹਉ ਵਿਚਿ ਮਾਇਆ ਹਉ ਵਿਚਿ ਛਾਇਆ॥ ਹਉਮੈ ਕਰਿ ਕਰਿ ਜੰਤ ਉਪਾਇਆ॥ ਹਉਮੈ ਬੂਝੈ ਤਾ ਦਰੁ ਸੂਝੈ॥ ਗਿਆਨ ਵਿਹੂਣਾ ਕਥਿ ਕਥਿ ਲੂਝੈ॥ ਨਾਨਕ ਹੁਕਮੀ ਲਿਖਿਆ ਲੇਖੁ॥ ਜੇਹਾ ਵੇਖਹਿ ਤੇਹਾ ਵੇਖੁ॥" ਅਤੇ "ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ॥ ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ॥ ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ॥ ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ॥ ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥ ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ॥" (ਪੰ: ੪੬੬)। ਹਉਮੈ ਵੱਡਾ ਰੋਗ ਹੈ "ਹਉਮੈ ਰੋਗ ਮਾਨੁਖ ਕੋ ਦੀਨਾ॥" (ਪੰ: ੧੧੪੦) ਅਤੇ "ਹਉਮੈ ਬੂਝੈ ਤਾ ਦਰੁ ਸੂਝੈ॥ ਗਿਆਨ ਵਿਹੂਣਾ ਕਥਿ ਕਥਿ ਲੂਝੈ॥" (ਪੰ: ੪੬੬)। ਗੁਰਮਤਿ ਮਾਰਗ ਦੇ ਪਾਂਧੀ ਬਨਣ ਲਈ ਮਨੁੱਖ ਨੂੰ ਹਉਮੈ ਅਤੇ ਮਨ ਤੇ ਉਸ ਦੇ ਪਰਭਾਵ ਦੇ ਰਹੱਸ ਨੂੰ ਸਮਝਣਾ ਬਹੁਤ ਆਵੱਸ਼ਕ ਹੈ।




.