.

ਭੱਟ ਬਾਣੀ-21

ਬਲਦੇਵ ਸਿੰਘ ਟੋਰਾਂਟੋ

ਮਨਿ ਬਿਸਾਸੁ ਪਾਇਓ ਗਹਰਿ ਗਹੁ ਹਦਰਥਿ ਦੀਓ।।

ਗਰਲ ਨਾਸੁ ਤਨਿ ਨਠਯੋ ਅਮਿਉ ਅੰਤਰਗਤਿ ਪੀਓ।।

ਰਿਦਿ ਬਿਗਾਸੁ ਜਾਗਿਓ ਅਲਖਿ ਕਲ ਧਰੀ ਜੁਗੰਤਰਿ।।

ਸਤਿਗੁਰੁ ਸਹਜ ਸਮਾਧਿ ਰਵਿਓ ਸਾਮਾਨਿ ਨਿਰੰਤਰਿ।।

ਉਦਾਰਉ ਚਿਤ ਦਾਰਿਦ ਹਰਨ ਪਿਖੰਤਿਹ ਕਲਮਲ ਤ੍ਰਸਨ।।

ਸਦ ਰੰਗਿ ਸਹਜਿ ਕਲੁ ਉਚਰੈ ਜਸੁ ਜੰਪਉ ਲਹਣੇ ਰਸਨ।। ੭।।

(ਪੰਨਾ ੧੩੯੨)

ਪਦ ਅਰਥ:- ਮਨਿ – ਮਨ ਅੰਦਰ। ਬਿਸਾਸੁ – ਵਿਸ਼ਵਾਸ। ਪਾਇਓ – ਧਾਰਨ ਕੀਤਾ। ਗਹਰਿ – ਧੁੰਦਲਾਪਨ, ਗੁਬਾਰ, (ਮ: ਕੋਸ਼)। ਗਹੁ – ਕ੍ਰਿਪਾ। ਹਦਰਥਿ – ਹਾਜ਼ਰਾ ਹਜ਼ੂਰ, ਸਰਬਵਿਆਪਕ ਕਰਤਾਰ। ਦੀਓ – ਦੇਣਾ, ਦਿੱਤਾ, ਕ੍ਰਿਪਾ ਕੀਤੀ। ਮਨਿ ਬਿਸਾਸੁ ਪਾਇਓ ਗਹਰਿ ਗਹੁ ਹਦਰਥਿ ਦੀਓ – ਇਸ ਤਰ੍ਹਾਂ ਜਿਨ੍ਹਾਂ ਨੇ ਆਪਣੇ ਮਨ ਅੰਦਰ ਇਕੁ ਸਰਬ-ਵਿਆਪਕ ਉੱਪਰ ਵਿਸ਼ਵਾਸ ਧਾਰਨ ਕੀਤਾ ਤਾਂ ਸਰਬ-ਵਿਆਪਕ ਨੇ ਉਨ੍ਹਾਂ ਉੱਪਰ ਕ੍ਰਿਪਾ ਕੀਤੀ। ਗਰਲ – ਸੰ: ਜੋ ਜੀਵਨ ਨੂੰ ਗਰ (ਨਿਗਲ) ਜਾਵੇ। ਗਰਲ ਨਾਸੁ – ਵੀਚਾਰਧਾਰਾ ਦੇ ਤੌਰ `ਤੇ ਨਿਗਲ ਜਾਣ ਵਾਲੀ ਕਰਮ-ਕਾਂਡੀ ਵੀਚਾਰਧਾਰਾ ਦਾ ਖ਼ਾਤਮਾ ਹੋ ਜਾਣਾ। ਗਰਲ ਨਾਸੁ ਤਨਿ ਨਠਯੋ – ਜੀਵਨ ਦੇ ਅਸਲ ਮਨੋਰਥ ਨੂੰ ਬਰਬਾਦ ਕਰ ਦੇਣ ਵਾਲੀ ਵੀਚਾਰਧਾਰਾ ਅੰਦਰੋਂ ਨੱਠ ਗਈ। ਅਮਿਉ – ਅੰਮ੍ਰਿਤ। ਅੰਤਰਗਤਿ – ਵਿਕਾਰਾਂ ਤੋਂ ਹਟ ਕੇ ਮਨ ਦੀ ਇਕਾਗਰ ਹੋਣ ਦੀ ਕ੍ਰਿਆ (ਮ: ਕੋਸ਼)। ਪੀਓ – ਅੰਦਰ ਪ੍ਰਵੇਸ਼ ਕਰਨਾ। ਗਰਲ ਨਾਸੁ ਤਨਿ ਨਠਯੋ ਅਮਿਓੁ ਅੰਤਰਗਤਿ ਪੀਓ – ਜਿਨ੍ਹਾਂ ਉੱਪਰ ਕ੍ਰਿਪਾ ਕੀਤੀ, ਉਨ੍ਹਾਂ ਅੰਦਰੋਂ ਮਾਨਸਿਕ ਤੌਰ `ਤੇ ਨਿਗਲ ਜਾਣ ਵਾਲੀ (ਅਵਤਾਰਵਾਦ ਦੀ ਕਰਮ- ਕਾਂਡੀ) ਵੀਚਾਰਧਾਰਾ ਨੱਠ ਗਈ। ਉਨ੍ਹਾਂ ਦੇ ਮਨ ਦੀ ਅਵਸਥਾ ਵਿਕਾਰਾਂ ਵੱਲੋਂ ਹਟ ਕੇ ਇਕਾਗਰ, ਟਿਕਾਉ ਵਿੱਚ ਆਈ ਤਾਂ ਉਨ੍ਹਾਂ ਅੰਦਰ ਅੰਮ੍ਰਿਤ ਵਰਗੀ ਵੀਚਾਰਧਾਰਾ ਪ੍ਰਵੇਸ਼ ਕਰ ਗਈ। ਰਿਦਿ ਬਿਗਾਸੁ ਜਾਗਿਓ ਅਲਖਿ – ਹਿਰਦੇ ਅੰਦਰ ਖੇੜਾ ਉਤਪੰਨ ਹੋਇਆ। ਅਲਖਿ – ਅਕਾਲ ਪੁਰਖ (ਗੁ: ਗ੍ਰੰਥ ਦਰਪਣ)। ਅਲਖਿ – ਖੱਖੇ ਨੂੰ ਸਿਹਾਰੀ (ਿ) ਹੈ, ਜਿਸ ਦਾ ਮਤਲਬ ਹੈ, ਅਕਾਲ ਪੁਰਖ ਦੀ ਬਖ਼ਸ਼ਿਸ਼ ਨਾਲ। ਜਾਗਿਓ – ਜਾਗਣਾ, ਜਾਗਰਤੀ ਹੋਣੀ, ਉਤਪੰਨ ਹੋਣਾ। ਕਲ – ਅਵਿਦਯਾ, ਅਗਿਆਨਤਾ। ਧਰੀ – ਧਾਰਨ ਕੀਤੀ। ਜੁਗੰਤਰਿ – ਜੁਗਾਂ ਜੁਗੰਤਰਾਂ ਤੋਂ। ਰਿਦਿ ਬਿਗਾਸੁ ਜਾਗਿਓ ਅਲਖਿ ਕਲ ਧਰੀ ਜੁਗੰਤਰਿ – ਜੁਗਾਂ ਜੁਗੰਤਰਾਂ ਤੋਂ ਜੋ (ਸੀਨਾ ਬਸੀਨਾ ਅੱਗੇ ਤੋਂ ਅੱਗੇ) ਅਗਿਆਨਤਾ ਧਾਰਨ ਕੀਤੀ ਹੋਈ ਸੀ, ਖ਼ਤਮ ਹੋ ਗਈ।

ਨੋਟ: – ਪਾਠਕਾਂ ਲਈ ਬੇਨਤੀ-ਇਸ ਅਖ਼ੀਰਲੀ ਪੰਗਤੀ ਅੰਦਰ (ਖ਼ਤਮ) ਸ਼ਬਦ ਨਹੀਂ ਹੈ। ਪਰ ਕਾਵਿ ਰੂਪ ਦੇ ਨਿਯਮ ਅੰਦਰ ਸਾਰੇ ਸਵੀਯੇ, ਪਉੜੀ ਜਾਂ ਸਲੋਕ ਦੀ ਵਿਆਖਿਆ ਕਰਨ ਵੇਲੇ ਪੂਰੇ ਸਵਈਯੇ, ਸਲੋਕ ਜਾਂ ਪਉੜੀ ਅੰਦਰੋਂ ਕਿਤਿਓਂ ਵੀ ਕੋਈ ਸ਼ਬਦ ਲੈ ਕੇ ਵਰਤਿਆ ਜਾ ਸਕਦਾ ਹੈ, ਬਸ਼ਰਤੇ ਕਿ ਉਹ ਸ਼ਬਦ, ਚੱਲ ਰਹੇ ਪ੍ਰਕਰਣ ਸਿਧਾਂਤ ਨੂੰ ਪ੍ਰਗਟਾਉਣ, ਨਿਖਾਰਣ ਲਈ ਪੂਰਾ ਉਤਰਦਾ ਹੋਵੇ। ਇਸ ਸਵਈਯੇ ਦੀ ਦੂਸਰੀ ਪੰਗਤੀ ਅੰਦਰ ਸ਼ਬਦ ਹੈ, ਨਾਸੁ ਭਾਵ ਖ਼ਤਮ ਹੈ। ਤੀਸਰੀ ਪੰਗਤੀ ਅੰਦਰ ਨਾਸ ਸ਼ਬਦ ਨਹੀਂ ਹੈ। “ਰਿਦਿ ਬਿਗਾਸ ਜਾਗਿਓ ਅਲਖਿ”– ਦੇਖਣਾ ਹੈ ਹਿਰਦੇ ਅੰਦਰ ਖੇੜਾ ਉਤਪੰਨ ਹੋਣ ਨਾਲ ਹੋਇਆ ਕੀ? ਨਾਸੁ ਸ਼ਬਦ ਇਸ ਸੱਚ ਨੂੰ ਇਥੇ ਪ੍ਰਗਟਾਉਂਦਾ ਹੈ। ਜੁਗਾਂ ਜੁਗੰਤਰਾਂ ਤੋਂ ਅਵਿਦਿਆ, ਅਗਿਆਨਤਾ ਜੋ ਗ੍ਰਹਿਣ ਕੀਤੀ ਸੀ, ਨਾਸੁ ਭਾਵ ਖ਼ਤਮ ਹੋ ਗਈ। ਇਹ ਨੁਕਤਾ ਯਾਦ ਰੱਖਣਾ, ਪਾਠਕਾਂ ਜਾਂ ਕਾਵਿ ਰੂਪ ਦੇ ਵਿਦਿਆਰਥੀਆਂ ਲਈ ਸਮਝਣ ਅਤੇ ਸਮਝਾਣ ਲਈ ਕਾਫੀ ਹੱਦ ਤੱਕ ਮਦਦਗਾਰ ਹੋ ਸਕਦਾ ਹੈ।

ਸਤਿਗੁਰੁ – ਗਿਆਨ, ਆਤਮਿਕ ਗਿਆਨ ਦੀ ਸੂਝ “ਸਤਿਗੁਰੁ ਹੈ ਗਿਆਨ ਸਤਿਗੁਰੁ ਹੈ ਪੂਜਾ।। ਸਤਿਗੁਰੁ ਸੇਵੀ ਅਵਰ ਨ ਦੂਜਾ।। “ (ਪੰਨਾ ੧੦੬੯)। ਸਤਿਗੁਰੁ ਦੇ ਰਾਰੇ ਨੂੰ ਔਂਕੜ ਆਉਣ ਨਾਲ ਸਤਿਗੁਰੁ ਦੇ ਅਰਥ ਸਤਿਗੁਰ ਦੀ ਬਖ਼ਸ਼ਿਸ਼ ਗਿਆਨ ਹੀ ਬਣਦੇ ਹਨ। ਇਹ ਗੁਰਮੁਖੀ ਵਿਆਕਰਣ ਦਾ ਨਵਾਂ ਨੁਕਤਾ ਆਪਣੇ ਆਪ ਵਿੱਚ ਆਪ ਹੀ ਸਪੱਸ਼ਟ ਹੈ। ਸਹਜ – ਅਡੋਲ। ਸਮਾਧਿ – ਟਿਕਾਉ ਆਉਣ ਨਾਲ। ਸਹਜ ਸਮਾਧਿ – ਅਡੋਲ ਟਿਕਾਉ ਆਉਣ ਨਾਲ। ਰਵਿਓ – ਰੰਮਿਆ ਹੋਇਆ। ਸਾਮਾਨਿ ਨਿਰੰਤਰਿ – ਇੱਕ ਟਕ, ਲਗਾਤਾਰ, ਇੱਕ ਰਸ। ਸਤਿਗੁਰੁ ਸਹਜ ਸਮਾਧਿ ਰਵਿਓ ਸਮਾਨਿ ਨਿਰੰਤਰਿ – ਜਿਨ੍ਹਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਇਆ, ਉਹ ਅਡੋਲ ਗਿਆਨ ਦੇ ਨਾਲ, ਇੱਕ ਰਸ ਜੋ ਸਰਬ-ਵਿਆਪਕ ਅਕਾਲ ਪੁਰਖ ਹੈ, ਦੀ ਬਖ਼ਸ਼ਿਸ਼ ਅਧੀਨ ਟਿਕੇ। (ਭਾਵ ਅਵਤਾਰਵਾਦ ਦੇ ਕਰਮ ਜਾਲ ਨੂੰ ਤਿਆਗ ਕੇ ਇਕੁ ਸੱਚ ਉਪਰ ਟਿਕੇ, ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਇਆ) ਉਦਾਰਉ – ਉੱਪਰ ਉੱਠਣਾ, ਉਦਾਰ ਹੋ ਜਾਣਾ, ਕਰਮ-ਕਾਂਡਾਂ ਤੋਂ ਉੱਪਰ ਉਠ ਪੈਣਾ। ਉਦਾਰਉ ਚਿਤ – ਮਨ ਕਰਕੇ ਕਰਮ-ਕਾਂਡਾਂ ਤੋਂ ਉੱਪਰ ਉਠ ਪੈਣਾ। ਦਾਰਿਦ ਹਰਨ – ਮਨ ਦੀ ਕੰਗਾਲਤਾਈ ਖ਼ਤਮ ਹੋ ਜਾਣੀ। ਪਿਖੰਤਿਹ – ਦੇਖਦਿਆਂ ਦੇਖਦਿਆਂ। ਕਲਮਲ – ਅਗਿਆਨਤਾ ਦੀ ਮੈਲ। ਤ੍ਰਸਨ – ਸੰ: ਡਰ, ਭੈਅ। ਸਦ – ਸਦਾ ਸਦੀਵੀ ਰਹਿਣ ਵਾਲਾ। ਰੰਗਿ – ਬਖ਼ਸ਼ਿਸ਼ ਗਿਆਨ। ਸਹਜਿ – ਅਡੋਲ। ਕਲੁ ਉਚਰੈ – ਕਲ੍ਹ ਜੀ ਆਪਣੀ ਰਸਨਾ ਦੇ ਨਾਲ। ਜਸ – ਜੈਸਾ, ਜੇਹਾ (ਮ: ਕੋਸ਼)। “ਜਸ ਓਹੁ ਹੈ ਤਸ ਲਖੈ ਨ ਕੋਈ” (ਗਉ ਕਬੀਰ ਜੀ) “ “ਜਸ ਦੇਖੀਐ ਤਰਵਰ ਕੀ ਛਾਇਆ” ਗਉ ਕਬੀਰ ਜੀ। ਜੰਪਉ – ਉਚਾਰਣ ਕਰਨਾ, ਪ੍ਰਚਾਰ ਕਰਨਾ। ਲਹਣੇ ਰਸਨ – ਉਹੋ ਜੇਹਾ ਉਚਾਰਣ ਹੀ ਲਹਣਾ ਜੀ ਦੀ ਰਸਨਾ ਉੱਪਰ ਹੈ।

ਅਰਥ:- ਹੇ ਭਾਈ! ਇਸ ਤਰ੍ਹਾਂ ਜਿਨ੍ਹਾਂ ਨੇ ਆਪਣੇ ਮਨ ਅੰਦਰ ਇਕੁ ਸਰਬ-ਵਿਆਪਕ ਉੱਪਰ ਵਿਸ਼ਵਾਸ ਧਾਰਨ ਕੀਤਾ, ਉਨ੍ਹਾਂ ਨੂੰ ਸਰਬ-ਵਿਆਪਕ ਦੇ ਗਿਆਨ ਦੀ ਬਖ਼ਸ਼ਿਸ਼ ਪ੍ਰਾਪਤ ਹੋਈ, ਜਿਨ੍ਹਾਂ ਉੱਪਰ ਗਿਆਨ ਦੀ ਕ੍ਰਿਪਾ, ਬਖ਼ਸ਼ਿਸ਼ ਹੋਈ ਉਨ੍ਹਾਂ ਅੰਦਰੋਂ ਆਤਮਿਕ ਤੌਰ `ਤੇ ਨਿਗਲ ਕੇ ਖ਼ਤਮ ਕਰ ਦੇਣ ਵਾਲੀ (ਅਵਤਾਰਵਾਦੀ) ਜੀਵਨ ਨੂੰ ਬਰਬਾਦ ਕਰ ਦੇਣ ਵਾਲੀ ਵੀਚਾਰਧਾਰਾ ਦਾ ਧੁੰਦਲਾਪਣ ਨੱਠ ਗਿਆ। ਜਿਨ੍ਹਾਂ ਅੰਦਰੋਂ ਮਾਨਸਿਕ ਤੌਰ `ਤੇ ਨਿਗਲ ਜਾਣ ਵਾਲੀ ਕਰਮ-ਕਾਂਡੀ ਵੀਚਾਰਧਾਰਾ ਨੱਠ ਗਈ, ਉਨ੍ਹਾਂ ਦੇ ਮਨ ਦੀ ਅਵਸਥਾ ਕਰਮ-ਕਾਂਡਾਂ ਦੇ ਵਿਕਾਰਾਂ ਵੱਲੋਂ ਹਟ ਕੇ ਇਕਾਗਰ, ਟਿਕਾਉ ਵਿੱਚ ਆਈ, ਜਿਨ੍ਹਾਂ ਦੇ ਮਨ ਦੀ ਅਵਸਥਾ ਟਿਕਾਉ ਵਿੱਚ ਆਈ, ਉਨ੍ਹਾਂ ਦੇ ਅੰਦਰ ਅੰਮ੍ਰਿਤ ਵਰਗੀ ਸੱਚ ਰੂਪ ਵੀਚਾਰਧਾਰਾ ਪ੍ਰਵੇਸ਼ ਕਰ ਗਈ ਅਤੇ ਉਨ੍ਹਾਂ ਦੇ ਅੰਦਰ ਕਰਤੇ ਦੀ ਬਖ਼ਸ਼ਿਸ਼ ਗਿਆਨ ਨਾਲ ਖ਼ੁਸ਼ੀ, ਖੇੜਾ ਉਤਪੰਨ ਹੋਇਆ ਅਤੇ ਜੋ (ਸੀਨਾ ਬਸੀਨਾ ਅੱਗੇ ਤੋਂ ਅੱਗੇ ਅਵਤਾਰਵਾਦ ਨੂੰ ਰੱਬ ਮੰਨਣ ਦੀ) ਅਗਿਆਨਤਾ ਧਾਰਨ ਕੀਤੀ ਹੋਈ ਸੀ, ਖ਼ਤਮ ਹੋ ਗਈ। ਜਿਨ੍ਹਾਂ ਦੇ ਅੰਦਰ ਗਿਆਨ ਦੇ ਪ੍ਰਕਾਸ਼ ਨਾਲ ਖੇੜਾ ਉਤਪੰਨ ਹੋਇਆ, ਉਹ ਅਡੋਲ ਗਿਆਨ ਦੀ ਬਖ਼ਸ਼ਿਸ਼ ਨਾਲ ਇੱਕ ਰਸ ਜੋ ਸਰਬ-ਵਿਆਪਕ ਅਕਾਲ ਪੁਰਖ ਹੈ, ਦੀ ਬਖ਼ਸ਼ਿਸ਼ ਅਧੀਨ ਟਿਕੇ। (ਭਾਵ ਅਵਤਾਰਵਾਦ ਦੇ ਕਰਮਜਾਲ ਤਿਆਗ ਇਕੁ ਸੱਚ ਉਪਰ ਟਿਕੇ, ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਇਆ)। ਜਿਨ੍ਹਾਂ ਦੇ ਅੰਦਰ ਗਿਆਨ ਦੇ ਪ੍ਰਕਾਸ਼ ਦਾ ਖੇੜਾ ਉਤਪੰਨ ਹੋਇਆ, ਉਹ ਮਨ ਕਰਕੇ ਕਰਮ-ਕਾਂਡਾਂ ਤੋਂ ਉੱਪਰ ਉੱਠ ਪਏ ਅਤੇ ਦੇਖਦਿਆਂ-ਦੇਖਦਿਆਂ ਉਨ੍ਹਾਂ ਦੇ ਮਨ ਦੀ ਅਗਿਆਨਤਾ ਵਾਲੀ ਕੰਗਾਲਤਾਈ, ਕਮਜ਼ੋਰੀ ਦਾ ਡਰ ਨੱਸ ਗਿਆ। (ਨੋਟ: – ਉਹ ਕੌਣ ਹਨ ਜਿਨ੍ਹਾਂ ਦੇ ਮਨ ਦੀ ਕੰਗਾਲਤਾਈ ਅਤੇ ਅਵਤਾਰਵਾਦ ਦਾ ਡਰ ਭੱਟ ਕੀਰਤ ਜੀ ਦੇ ਦੇਖਦਿਆਂ-ਦੇਖਦਿਆਂ ਨੱਸ ਗਿਆ) ਉਹ ਸਨ ਲਹਣਾ ਜੀ ਅਤੇ ਭੱਟ ਕਲ੍ਹ ਜੀ। ਜਿਨ੍ਹਾਂ ਦਾ ਭੱਟ ਕੀਰਤ ਜੀ ਨੇ ਅੱਗੇ ਜ਼ਿਕਰ ਕੀਤਾ ਹੈ) ਉਹ ਅਡੋਲ ਉਸ ਸਦੀਵੀ ਸਥਿਰ ਰਹਿਣ ਵਾਲੇ ਅਕਾਲ ਪੁਰਖ ਦੀ ਬਖ਼ਸ਼ਿਸ਼ ਗਿਆਨ ਨੂੰ ਹੀ ਕਲ੍ਹ ਜੀ ਆਪਣੀ ਰਸਨਾਂ ਦੇ ਨਾਲ ਉਚਰ ਰਹੇ ਹਨ, ਭਾਵ ਪ੍ਰਚਾਰ ਰਹੇ ਹਨ ਅਤੇ ਉਹੋ ਜਿਹਾ ਉਚਾਰਣ, ਪ੍ਰਚਾਰ ਹੀ ਲਹਣਾ ਜੀ ਦੀ ਰਸਨਾ ਉੱਪਰ ਹੈ। ਭਾਵ ਜਿਹੜਾ ਸੱਚ ਕਲ੍ਹ ਜੀ ਦੀ ਰਸਨਾ ਉੱਪਰ ਹੈ, ਉਹੀ ਸੱਚ ਲਹਣਾ ਜੀ ਦੀ ਰਸਨਾ ਉੱਪਰ ਹੈ।

ਨਾਮੁ ਅਵਖਧੁ ਨਾਮੁ ਆਧਾਰੁ ਅਰੁ ਨਾਮੁ ਸਮਾਧਿ

ਸੁਖੁ ਸਦਾ ਨਾਮ ਨੀਸਾਣੁ ਸੋਹੈ।।

ਰੰਗਿ ਰਤੌ ਨਾਮ ਸਿਉ ਕਲ ਨਾਮੁ ਸੁਰਿ ਨਰਹ ਬੋਹੈ।।

ਨਾਮ ਪਰਸੁ ਜਿਨਿ ਪਾਇਓ ਸਤੁ ਪ੍ਰਗਟਿਓ ਰਵਿ ਲੋਇ।।

ਦਰਸਨਿ ਪਰਸਿਐ ਗੁਰੂ ਕੈ ਅਠਸਠਿ ਮਜਨੁ ਹੋਇ।। ੮।।

(ਪੰਨਾ ੧੩੯੨)

ਪਦ ਅਰਥ:- ਨਾਮੁ – ਸੱਚ। ਅਵਖਧੁ – ਦਵਾਈ, ਦਾਰੂ। ਨਾਮੁ ਅਵਖਧੁ – ਸੱਚ ਹੀ ਦਾਰੂ ਹੈ। ਭਾਵ ਸੱਚ ਹੀ (ਅਵਤਾਰਵਾਦ ਦੇ ਭਰਮਜਾਲ) ਦੇ ਰੋਗ ਤੋਂ ਬਚਣ ਵਾਸਤੇ ਦਵਾਈ ਹੈ। ਨਾਮੁ ਅਧਾਰੁ – ਇਸ ਕਰਕੇ ਸੱਚ ਨੂੰ ਹੀ ਆਪਣੇ ਜੀਵਨ ਦਾ ਆਧਾਰ ਬਣਾਉਣਾ ਚਾਹੀਦਾ ਹੈ। ਅਰੁ – ਅਤੇ। ਸਮਾਧਿ – ਟਿਕਣ ਨਾਲ, ਟਿਕਾਉ, ਭਰੋਸਾ ਆਉਣ ਨਾਲ। ਸੁਖੁ ਸਦਾ – ਸਦੀਵੀ ਸੁਖ ਪ੍ਰਾਪਤ ਹੋਣਾ, ਕਰਮ-ਕਾਂਡਾਂ ਤੋਂ ਸਦਾ ਲਈ ਮੁਕਤ ਹੋਣਾ। ਨਾਮ ਨੀਸਾਣੁ ਸੋਹੈ – ਸੱਚ ਜਾਣ ਕੇ ਸ਼ੋਭਦੇ ਹਨ। ਨੀਸਾਣੁ - ਜਾਣ ਲੈਣਾ। ਰੰਗਿ ਰਤੌ ਨਾਮ ਸਿਉ ਕਲ – ਬੇਸ਼ੱਕ ਉਹ ਅਗਿਆਨਤਾ ਨੂੰ ਸੱਚ ਸਮਝ ਕੇ ਉਸ ਵਿੱਚ ਰਤੇ ਹੋਏ ਸਨ। ਕਲ – ਅਗਿਆਨਤਾ। ਨਾਮੁ ਸੁਰਿ ਨਰਹ ਬੋਹੈ – ਅੱਜ ਉਹੀ ਦੇਵਤੇ ਮਰਦ ਮਨੁੱਖ ਆਪ ਸੱਚ ਦੀ ਸੁਗੰਧੀ ਦਾ ਬੀਜ ਖਿਲਾਰ ਰਹੇ ਹਨ। ਇਹ ਇਸ਼ਾਰਾ ਭੱਟ ਕਲ੍ਹ ਜੀ ਅਤੇ ਲਹਣਾ ਜੀ ਵੱਲ ਹੈ। ਨਾਮ ਪਰਸੁ ਜਿਨਿ ਪਾਇਓ – ਜਿਨ੍ਹਾਂ ਨੇ ਸੱਚ ਦੀ ਛੋਹ ਪ੍ਰਾਪਤ ਕੀਤੀ। ਸਤੁ – ਜੀਵਨ (ਮ: ਕੋਸ਼)। ਸਤੁ ਪ੍ਰਗਟਿਓ ਰਵਿ ਲੋਇ – ਉਨ੍ਹਾਂ ਦੇ ਜੀਵਨ ਵਿੱਚ ਗਿਆਨ ਦੀ ਲੋਅ ਪ੍ਰਗਟ ਹੋਈ। ਦਰਸਨਿ – ਪ੍ਰਤੱਖ, ਹੂ-ਬਹੂ। ਦਰਸਨਿ ਪਰਸਿਐ ਗੁਰੂ ਕੈ – ਹੂ-ਬਹੂ ਇਸ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੇ ਨਾਲ। ਮੰਜਨੁ – ਸੰ: ਮਾਜੰਨ – ਮਾਂਜਣਾ, ਸ਼ੁੱਧ ਕਰਨਾ, ਸ਼ੁੱਧਤਾ (ਮ: ਕੋਸ਼)। ਅਠਸਠਿ ਮੰਜਨੁ ਹੋਇ – ਅਠਾਹਠ ਤੀਰਥਾਂ ਦੀ ਅਖੌਤੀ ਸ਼ੁੱਧਤਾ ਤੋਂ ਮੁਕਤ ਹੋਇਆ ਜਾ ਸਕਦਾ ਹੈ।

ਅਰਥ:- ਹੇ ਭਾਈ! ਇਸ ਵਾਸਤੇ ਸੱਚ ਭਾਵ ਗਿਆਨ ਹੀ (ਅਵਤਾਰਵਾਦ ਦੇ ਰੱਬ ਹੋਣ ਦੇ ਭਰਮ-ਜਾਲ ਦੇ ਰੋਗ) ਤੋਂ ਮੁਕਤ ਹੋਣ ਲਈ ਦਾਰੂ ਹੈ। ਇਸ ਕਰਕੇ ਸੱਚ ਨੂੰ ਹੀ ਆਪਣੇ ਜੀਵਨ ਦਾ ਆਧਾਰ ਬਣਾਉਣਾ ਚਾਹੀਦਾ ਹੈ ਅਤੇ ਸੱਚ ਉੱਪਰ ਟਿਕਣ, ਭਰੋਸਾ ਲਿਆਉਣ ਨਾਲ ਹੀ (ਅਵਤਾਰਵਾਦ ਦੇ ਰੱਬ ਹੋਣ ਦੇ ਭਰਮ-ਜਾਲ) ਤੋਂ ਮੁਕਤ ਹੋ ਕੇ ਹੀ ਸਦੀਵੀ ਸੁਖ ਦੇਣ ਵਾਲੇ ਸੱਚੇ ਨੂੰ ਜਿਨ੍ਹਾਂ ਜਾਣਿਆ, ਉਹੀ ਸ਼ੋਭਦੇ ਹਨ ਭਾਵ ਸ਼ੋਭਾ ਪਾਉਂਦੇ ਹਨ। ਜਿਨ੍ਹਾਂ ਜਾਣਿਆ ਬੇਸ਼ੱਕ ਉਹ ਪਹਿਲਾਂ ਅਗਿਆਨਤਾ ਨੂੰ ਸੱਚ ਸਮਝ ਕੇ ਉਸ ਵਿੱਚ ਰਤੇ ਹੋਏ ਸਨ। ਅੱਜ ਉਹੀ ਦੇਵਤੇ ਮਰਦ ਮਨੁੱਖ ਆਪ ਸੱਚ ਦੀ ਸੁਗੰਧੀ ਸੰਸਾਰ ਵਿੱਚ ਖਿਲਾਰ, ਵੰਡ ਰਹੇ ਹਨ। ਜਿਨ੍ਹਾਂ ਨੇ ਸੱਚ ਦੀ ਛੋਹ ਪ੍ਰਾਪਤ ਕੀਤੀ, ਉਨ੍ਹਾਂ ਦੇ ਜੀਵਨ ਵਿੱਚ ਗਿਆਨ ਦੀ ਰੋਸ਼ਨੀ ਪ੍ਰਗਟ ਹੋਈ। ਉਹ ਇਹ ਆਖਦੇ ਹਨ ਕਿ ਇਸ ਗਿਆਨ ਨੂੰ ਹੂ-ਬਹੂ ਆਪਣੇ ਜੀਵਨ ਵਿੱਚ ਅਪਨਾਉਣ ਨਾਲ ਹੀ ਅਠਾਹਠ ਤੀਰਥਾਂ ਦੀ ਅਖੌਤੀ ਸ਼ੁੱਧਤਾ ਤੋਂ ਮੁਕਤ ਹੋਏ ਅਤੇ ਹੋਇਆ ਜਾ ਸਕਦਾ ਹੈ।




.