.

“ਗੁਰਬਾਣੀ ਵਿਚ ਲਗਾਂ-ਮਾਤ੍ਰਾਂ ਦੀ ਵਰਤੋਂ ਭਾਗ -੧”

“ਮੁਕਤਾ”

ਮੁਕਤਾ’ ਅੱਖਰ ਦਾ ਅਪਨਾ ਕੋਈ ਚਿੰਨ੍ਹ ਨਿਸ਼ਚਿਤ ਨਹੀਂ ਹੈ, ਮੁਕਤਾ ਅੱਖਰ ਲਘੂ ਧੁਨੀ ਦਾ ਲਖਾਇਕ ਹੈ ਪੰਜਾਬੀ ਵਰਣਮਾਲਾ ਵਿਚ ਅੱਖਰ ‘ਉ’ ਅਤੇ ‘ੲ’ ਤੋਂ ਬਿਨਾਂ ਸਾਰੇ ਮੁਕਤਾ ਰੂਪ ਅੱਖਰ ਇੱਕ ਦੂਜੇ ਨਾਲ ਮਿਲਾ ਕੇ ਲਿਖੇ ਜਾ ਸਕਦੇ ਹਨ ਜਿਵੇਂ ‘ਅਖਰ, ਮਲਕ ਆਦਿ, ਗੁਰਬਾਣੀ ਵਿਚ ਮੁਕਤੇ ਅੱਖਰਾਂ ਤੋਂ ਕਾਰਕੀ ਅਰਥ ਨਿਕਲਦੇ ਹਨ, ਕਈ ਕਿਰਿਆਵਾਚੀ ਸ਼ਬਦਾਂ ਅਤੇ ਵਿਸ਼ੇਸ਼ਣਾਂ ਦੇ ਅੰਤਲੇ ਅੱਖਰ ਮੁਕਤੇ ਹੁੰਦੇ ਹਨ, ਸੰਬੋਧਨ ਰੂਪ ਸ਼ਬਦਾ ਦਾ ਭੀ ਅੰਤਲਾ ਅੱਖਰ ਮੁਕਤਾ ਹੁੰਦਾ ਹੈ, ਜਿਆਦਾ ਤਰ ਬਹੁਵਚਨੀ ਸ਼ਬਦਾਂ ਦਾ ਅੰਤਲਾ ਅੱਖਰ ਮੁਕਤਾ ਹੁੰਦਾ ਹੈ ਜੁੜਤ ਰੂਪ ਵਾਲੇ ਸਮਾਸੀ ਜਾਂ ਹੋਰ ਸ਼ਬਦਾਂ ਦਾ ਪਹਿਲੇ ਭਾਗ ਦਾ ਅੰਤਲਾ ਅੱਖਰ ਸਦਾ ਹੀ ਮੁਕਤ ਹੁੰਦਾ ਹੈ, ਇਕੱਠ ਵਾਚਕ ਨਾਂਵ ਭੀ ਮੁਕਤੇ ਹੁੰਦੇ ਹਨ, ਸਥਾਨ ਵਾਚੀ ਕਿਰਿਆ ਵਿਸ਼ੇਸ਼ਣਾ ਦੇ ਭੀ ਅੰਤਲੇ ਅੱਖਰ ਮੁਕਤੇ ਹੁੰਦੇ ਹਨ, ਨਾਂਵ ਦੇ ਅੰਤਲੇ ਅੱਖਰ ਦਾ ਮੁਕਤ ਹੋਣ ਦਾ ਮਤਲਬ ਕਿ ਉਸ ਵਿਚੋਂ ਸੰਬੰਧਕੀ ਪਦਾਂ ਦੇ ਅਰਥ ਲੁਪਤ ਹੁੰਦੇ ਹਨ, ਆਉ ਗੁਰਬਾਣੀ ਵਿਚੋਂ ਮੁਕਤੇ’ ਅੱਖਰ ਬਾਰੇ ਜਾਣੀਏ! ਜਿਸ ਨਾਂਵ ਜਾਂ ਪੜਨਾਂਵ ਦਾ ਅੰਤਲਾ ਅੱਖਰ ਮੁਕਤਾ ਹੋਵੇ ਉਹ ਬਹੁ ਵਚਨ ਦਾ ਲਖਾਇਕ ਹੁੰਦਾ ਹੈ
” ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ”
ਨੇਹ- ਬਹੁਵਚਨ ਪੁਲਿੰਗ ਨਾਵ ”
” ਤਿਨ ਨੇਹੁ ਲਗਾ ਰਬ ਸੇਤੀ ਦੇਖਨੇ ਵੀਚਾਰਿ”
ਤਿਨ- ਬਹੁਵਚਨ ਪੜਨਾਂਵ
’ਇਸਤਰੀ ਲਿੰਗ ਨਾਂਵ , ਪੜਨਾਂਵ ਸ਼ਬਦਾਂ ਦਾ ਜਿਆਦਾ ਤਰ ਅੰਤਲਾ ਅੱਖਰ ਮੁਕਤਾ ਹੁੰਦਾ ਹੈ - :
” ਸਾਧੂ ਕੀ ਮਨ ਓਟ ਗਹੁ ਉਕਤਿ ਸਿਆਨਪ ਤਿਆਗੁ”
ਸਿਆਨਪ- ਇਸਤਰੀ ਲਿੰਗ ਨਾਂਵ
” ਪਾਨੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁਤਰੀ ਜੋਰੀ”
ਇਸ- ਇਸਤਰੀ ਲਿੰਗ ਪੜਨਾਂਵ
’ ਜੁੜਤ ਸ਼ਬਦ ਨਾਂਵ ਇਕਵਚਨ ਚਾਹੇ ਬਹੁਵਚਨ ਹੋਵਨ ਉਹਨਾਂ ਪਹਿਲੇ ਭਾਗ ਦਾ ਅੰਤ ਵਾਲਾ ਅੱਖਰ ਭੀ ਮੁਕਤਾ ਹੀ ਹੁੰਦਾ ਹੈ -:
” ਪਾਟ ਪਟੰਬਰ ਬਿਰਥਿਆ ਜਿਹ ਰਚਿ ਲੋਭਾਏ”
ਪਾਟ-ਪਟੰਬਰ
” ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ”
ਪੂਰਬ-ਕਰਮ , ਰਾਮ ਨਾਮੁ , ਕਰਣ ਹਾਰੁ , ਗੁਰ ਪ੍ਰਸਾਦਿ ਆਦਿ
’ ਜਿਸ ਨਾਂਵ ਨਾਲ ਸੰਬੰਧਕੀ ਪਦ ਆਉਂਦੇ ਹੋਵਨ ਉਨਾਂ ਨਾਂਵਾਂ ਦਾ ਅੰਤਲਾ ਅੱਖਰ ਸਦਾ ਹੀ ਮੁਕਤਾ ਹੁੰਦਾ ਹੈ -:
” ਧਰਮ ਸੇਤੀ ਵਾਪਾਰੁ ਨ ਕੀਤੋ , ਕਰਮੁ ਨ ਕੀਤੋ ਮਿਤੁ”
ਧਰਮ’ ਦਾ ਔਂਕੜ ਲਥਨ ਦਾ ਕਾਰਣ ਅਗੇ ਆਇਆ ‘ਸੇਤੀ’ ਸੰਬੰਧਕੀ ਪਦ ਹੈ
” ਸਾਧ ਊਪਰ ਜਾਈਐ ਕੁਰਬਾਨੁ”
” ਬਾਲਕੁ ਮਰੈ ਬਾਲਕ ਕੀ ਲੀਲਾ” ਆਦਿ
’ ਇਕੱਠ ਵਾਚਕ ਨਾਂਵ ਸ਼ਬਦਾਂ ਦਾ ਭੀ ਅੰਤਲਾ ਅੱਖਰ ਮੁਕਤਾ ਹੁੰਦਾ ਹੈ’
’ ਫਾਰਸੀ ਅਤੇ ਸੰਸਕ੍ਰਿਤ ਨਾਂਵ ਦੇ ਅੰਤ ਆਇਆ ‘ਹ’ ਸਦਾ ਮੁਕਤਾ ਹੀ ਹੁੰਦਾ ਹੈ ਅਤੇ ਇਕਵਚਨ ਦਾ ਹੀ ਸੂਚਕ ਹੁੰਦਾ ਹੈ - :
” ਤੇਰੀ ਪਨਹ ਖੁਦਾਇ ਤੂੰ ਬਖਸੰਦਗੀ”
ਪਨਹ- ਉਚਾਰਣ ‘ਪਨਾਹ’
” ਹੁਕਮੀ ਪੈਧਾ ਜਾਇ ਦਰਗਹ ਭਣੀਐ”
ਦਰਗਹ- ਉਚਾਰਣ ‘ਦਰਗਾਹ’
’ ਕਿਰਿਆ ਵਾਚੀ ਸ਼ਬਦਾਂ ਦਾ ਅੰਤਲਾ ਅੱਖਰ ਮੁਕਤਾ ਹੁੰਦਾ ਹੈ -:
” ਭਗਤਿ ਭੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ”
ਗਾਵਤ, ਸਨਤ, ਕਮਾਵਤ
” ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ”
ਮਿਲਹ- ਉਚਾਰਣ ‘ਮਿਲਹਿ’ ਵਾਂਗ
” ਅੰਮ੍ਰਿਤ ਨਾਮੁ ਹਰਿ ਹਰਿ ਜਪਹ ਮਿਲਿ ਪਾਪਾ ਮੁੰਚਹ”
ਜਪਹ- ਜਪੀਏ ਉਚਾਰਣ -ਜਪਹਿਂ ਵਾਂਗ
ਮੁੰਚਹ- ਕਟੀਏ ਉਚਾਰਣ- ਮੁੰਚਹਿਂ ਵਾਂਗ
ਜਿਨ੍ਹਾਂ ਨਾਂਵਾਂ ਦਾ ਅੰਤਲਾ ਅੱਖਰ ਮੁਕਤਾ ਹੋਵੇ ਉਸ ਵਿਚੋਂ ਭੀ ਕਾਰਕੀ ਅਰਥ ਨਿਕਲਦੇ ਹਨ-:
” ਦੁਇ ਦੁਇ ਲੋਚਨ ਪੇਖਾ “
ਲੋਚਨ- ਨਾਂਵ ਕਰਮ ਕਾਰਕ ਬਹੁਵਚਨ (ਸਧਾਰਨ)
” ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ”
ਗੁਰ- ਨਾਂਵ ਅਪਾਦਾਨ ਕਾਰਕ
” ਬੰਧਨ ਕਾਟਿ ਮੁਕਤਿ ਜਨੁ ਭਇਆ”
ਬੰਧਨ- ਨਾਂਵ ਸੰਪ੍ਰਦਾਨ ਕਾਰਕ
’ ਗੁਰਬਾਣੀ ਵਿਚ ਮੁਕਤਾ ਅੱਖਰਾਂ ‘ਅ, ਕ, ਬ, ਤ, ਨ, ਮ, ਸ’ ਦੀ ਅਗੇਤਰ ਪਿਛੇਤਰ ਵਰਤੋਂ ਤੋਂ ਵਖ ਵਖ ਅਰਥ ਨਿਕਲਦੇ ਹਨ ਜਿਸ ਬਾਰੇ ਫਿਰ ਵੀਚਾਰ ਕੀਤੀ ਜਾਵੇਗੀ|
“ ਔਂਕੜ “
ਗੁਰਬਾਣੀ ਵਿਚ ਔਂਕੜ ਦੀ ਵਰਤੋਂ ਇਕ ਵਚਨ ਨਾਂਵ, ਪੜਨਾਂਵ ,ਵਿਸ਼ੇਸ਼ਣ ਦੇ ਬਾਰੇ ਦੱਸਣ ਲਈ ਸ਼ਬਦ ਦੇ ਅੰਤ ਅੱਖਰ ਨੂੰ ਵਰਤੀ ਗਈ ਹੈ ਕਈ ਥਾਵਾਂ ਤੇ ਇਸਤ੍ਰੀਲਿੰਗ ਨਾਂਵ ਦੇ ਅੰਤ ਭੀ ਔਂਕੜ ਹੁੰਦਾ ਹੈ, ਜਿਆਦਾ ਤਰ ਸ਼ਬਦ ਦੇ ਵਿਚਕਾਰਲੇ ਅੱਖਰ ਨੂੰ ਭੀ ਔਂਕੜ ਲੱਗਾ ਹੁੰਦਾ ਹੈ ਪਰ ਇਹ ਔਂਕੜ ਪਿੰਗਲ ਦੇ ਨਿਯਮ ਤਹਿਤ ਮਾਤ੍ਰਾ ਦੀ ਪੂਰਤੀ ਲਈ ਹੁੰਦਾ ਹੈ ਇਹ ਉਚਾਰਣ ਦਾ ਭਾਗ ਜਰੂਰ ਹੁੰਦੈ ਪਰ ਅਰਥਾਂ ਨੂੰ ਪ੍ਰਭਾਬਿਤ ਨਹੀਂ ਕਰਦਾ, ਜਦੋਂ ਕੋਈ ਸ਼ਬਦ ਸੰਬੋਧਨੀ ਹੋਵੇ ਤਾਂ ਉਸ ਨਾਲ ਔਂਕੜ ਨਹੀਂ ਲਗਾਇਆ ਜਾਂਦਾ, ਆੳ ਔਂਕੜ ਦੀ ਵਰਤੋਂ ਅਤੇ ਨੇਮਾਂ ਬਾਰੇ ਗੁਰਬਾਣੀ ਵਿਚੋਂ ਵੀਚਾਰ ਕਰੀਏ - :
ਪੁਲਿੰਗ ਇਕਵਚਨ ਨਾਂਵ ਨੂੰ ਦੱਸਣ ਲਈ ਔਂਕੜ ਦੀ ਵਰਤੋਂ -:
”ਪਾਤਿਸਾਹੁ ਛਤ੍ਰ ਸਿਰ ਸੋਊ ਨਾਨਕ ਦੂਸਰ ਅਵਰੁ ਨ ਕੋਊ”
ਪਾਤਿਸਾਹੁ- ਇਕ ਵਚਨ ਪੁਲਿੰਗ ਨਾਂਵ (ਉਚਾਰਣ ‘ਪਾਤਸ਼ਾਹ’ ਹੈ ਔਂਕੜ ਇਕਵਚਨ ਦੀ ਲਖਾਇਕ ਹੈ ‘ਪਾਤਸਾਹੋ’ ਉਚਾਰਣ ਅਸ਼ੁਧ ਹੈ)
” ਜਿਸਨੋ ਬਖਸੇ ਸਿਫਤਿ ਸਾਲਾਹ ਨਾਨਕ ਪਾਤਿਸਾਹੀ ਪਾਤਿਸਾਹੁ”
ਪਾਤਿਸਾਹੁ- ਇਕ ਵਚਨ ਪੁਲਿੰਗ ਨਾਂਵ (ਉਚਾਰਣ-ਪਾਤਸ਼ਾਹ) ਫਾਰਸੀ ਭਾਸ਼ਾ ਦੇ ਸ਼ਬਦਾਂ ਪੈਂਰੀਂ ਵਿਸ਼ੇਸ਼ ਧੁਨੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਉਸ ਭਾਸ਼ਾ ਦੀ ਸਾਹਿਤਕਾਰੀ ਮੁਤਾਬਿਕ,
”ਹੁਕਮੀ ਹੁਕਮੁ ਚਲਾਏ ਰਾਹੁ”
ਰਾਹੁ- ਇਕ ਵਚਨ ਪੁਲਿੰਗ ਨਾਂਵ (ਉਚਾਰਣ-ਰਾਹ )
’ ਪੜਨਾਵਾਂ ਵਿਚ ਭੀ ਇਕਵਚਨ ਦੱਸਣ ਲਈ ਔਂਕੜ ਦੀ ਵਰਤੋਂ ਹੁੰਦੀ ਹੈ - :
’ਏਹੁ ਅਖੁਟੁ ਕਦੇ ਨ ਨਿਖੁਟਈ ਖਾਇ ਖਰਚਿਉ ਪਲੈ’
ਏਹੁ- ਇਕਵਚਨ ਪੜਨਾਂਵ ਹੈ ਇਸ ਦਾ ਵਿਸ਼ੇਸ਼ਣ ‘ਅਖੁਟੁ’ ਹੈ (ਉਚਾਰਣ- ਏਹ)
’ ਨਾ ਇਹੁ ਬੂਢਾ ਨਾ ਇਹੁ ਬਾਲਾ’
ਇਹੁ- ਇਕਵਚਨ ਪੁਲਿੰਗ ਪੜਨਾਂਵ ਉਚਾਰਣ-‘ਇਹ’
’ਏਹੁ ਸੰਸਾਰੁ ਸਭੁ ਆਵਣ ਜਾਣਾ ਮਨ ਮੂਰਖ ਚੇਤਿ ਅਜਾਣਾ’
ਏਹੁ- ਇਕਵਚਨ ਪੁਲਿੰਗ ਪੜਨਾਂਵ ਇਸਦਾ ਵਿਸ਼ੇਸ਼ਣ ‘ਸੰਸਾਰੁ’ ਹੈ ਉਚਾਰਣ- ਏਹ
ਜਦੋਂ ਭੀ ਨਾਂਵ ਜਾਂ ਪੜਨਾਂਵ ਮੁਕਤੇ ਹੋਣ ਤਾਂ ਬਹੁਵਚਨ ਹੁੰਦੇ ਹਨ- :
ਬਹੁ ਵਚਨ ਰੂਪ ਇਕਵਚਨ ਰੂਪ
ਇਨ ਇਸੁ (ਪੜਨਾਵੀਂ)
ਉਨ ਉਸੁ ਪੜਨਾਂਵ
ਤਿਨ ਤਿਸੁ ਪੜਨਾਂਵ
ਜਿਨ ਜਿਸੁ ਪੜਨਾਂਵ
ਮੂਲਕ ਇਸਤਰੀਲਿੰਗ ਤਤਸਮ ਸ਼ਬਦਾਂ ਨੂੰ ਭੀ ਇਕਵਚਨੀ ਦੱਸਣ ਲਈ ਔਂਕੜ ਦੀ ਵਰਤੋਂ ਹੁੰਦੀ ਹੈ - :
” ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ”
ਦੇਹੁ- ਇਸਤਰੀ ਲਿੰਗ ਨਾਂਵ ਔਂਕੜ ਮੂਲਕ ਉਚਾਰਣ ‘ਦੇਹ’
” ਜਿਸ ਕੀ ਵਥੁ ਸੋਈ ਪ੍ਰਭੁ ਜਾਣੈ ਜਿਸ ਨੋ ਦੇਇ ਸੁ ਪਾਏ”
ਵਥੁ- ਇਸਤਰੀ ਲਿੰਗ ਇਕਵਚਨ (ਉਚਾਰਣ- ਵਥ)
ਏਸੇ ਤਰਾਂ ‘ਮਲੁ, ਰੇਣੁ, ਧੇਣੁ, ਮਿਰਤੁ ਆਦਿ ਲਫ਼ਜ ਇਸਤਰੀ ਲਿੰਗ ਹਨ ਅਤੇ ਔਂਕੜ ਮੂਲਕ ਨਾਲ ਹਨ
’ ਜਿਹੜੇ ਸ਼ਬਦ ਕਿਰਿਆਵਾਚੀ ਹੁੰਦੇ ਹਨ ਉਹਨਾਂ ਸ਼ਬਦਾਂ ਦੇ ਅੰਤ ਅੱਖਰ ਨੂੰ ਔਂਕੜ ਪਾਇਆ ਜਾਂਦਾ ਹੈ ਅਤੇ ਉਹ ਮੱਧਮ ਪੁਰਖ ਹੁਕਮ , ਬੇਨਤੀ ਦੇ ਅਰਥਾਂ ਦੇ ਸੂਚਕ ਹੁੰਦੇ ਹਨ -:
ਮੋਹਨ! ਘਰਿ ਆਵਹੁ ਕਰਉ ਜੋਦਰੀਆ’
ਆਵਹੁ- ਆਉ ਜੀ
’ਗੁਰਸਿਖ ਮੀਤ ਚਲਹੁ ਗੁਰ ਚਾਲੀ’
ਚਲਹੁ- ਚਲੋ ਜੀ
ਕਿਰਿਆ ਵਾਲੇ ਸ਼ਬਦਾਂ ਨੂੰ ਕਿਰਿਆਵਾਚੀ ਦਰਸਾਉਣ ਹਿਤ ਵੀ ਸਿਹਾਰੀ ਸਹਿਤ ਹੀ ਰਖਿਆ ਹੈ ਪਰ ਇਹ ਨੇਮ ਪਾਵਣ ਬੀੜ ਵਿਚ ਪੂਰਾ ਨਹੀਂ ਉਤਰਦਾ ਇਹ ਲਿਖਾਰੀਆਂ ਦੀ ਉਕਾਈ ਜਾਪਦੀ ਹੈ
ਆਮ ਕਰਕੇ ਜਿਹਨਾਂ ਸ਼ਬਦਾਂ ਵਿਚ ਕਿਰਿਆ ਸ਼ਬਦਾ ਦਾ ਅੰਤਲਾ ਅੱਖਰ ‘ਉ’ ਔਂਕੜ ਸਹਿਤ ਹੋਵੇ ਉਸ ਦੇ ਅਰਥ ਪ੍ਰਕਰਣ ਅਨੁਸਾਰ ਉਤਮ ਪੁਰਖ ਅਤੇ ਅਨਪੁਰਖ ਵਿੱਚ ਕਰਨੇ ਹੁੰਦੇ ਹਨ:
’ਜੇ ਵਿਸ਼ੇਸ਼ਣ ਦੇ ਅੰਤ ਅੱਖਰ ਨਾਲ ਔਂਕੜ ਹੋਵੇ ਤਾਂ ਉਹ ਉਸ ਸ਼ਬਦ ਨੂੰ ਇਕਵਚਨ ਦੱਸਣ ਅਤੇ ਵਿਸ਼ੇਸ਼ ਕਰਣ ਲਈ ਹੁੰਦੀ ਹੈ
’ਸ’ ਅਤੇ ‘ਕ’ ਕ੍ਰਮਵਾਰ ਅਗੇਤਰ ਰੂਪ ਵਿਚ ਔਂਕੜ ਸਹਿਤ ‘ਨਿਖੇਧ ਬੋਧਕ ਅਤੇ ਸ੍ਰੇਸ਼ਟ ਭਾਵ ਨੂੰ ਦਸਦੇ ਹਨ - :
ਕੁਕਰਮ, ਕੁਥਾਉ, ਕੁਰੁਤਾ, ਕੁਨਾਰਿ, ਕੁਸੁਧਿ, ਕੁਲਖਣੀ, ਕੁਚਜੀ ਆਦਿ
’ਲਹਿੰਦੀ ਬੋਲੀ ਦੇ ਵਰਤੇ ਕਿਰਿਆਵਾਚੀ ਸ਼ਬਦਾਂ ਦੇ ਅੰਤਲੇ ਅੱਖਰ ਨੂੰ ਲਗਾ ਔਂਕੜ ਭੂਤਕਾਲ ਦੀ ਕਿਰਿਆ ਦੇ ਸੂਚਕ ਹੁੰਦੇ ਹਨ -:
” ਪੇਖੰਦੜੋ ਕੀ ਭੁਲ ਤੁੰਮਾ ਦਿਸਮੁ ਸੋਹਣਾ”
ਦਿਸਮੁ- ਮੈਨੂੰ ਦਿਸਿਆ
” ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਉਲੁਹਰੁ”
ਢੂਢਿਮ- ਮੈਂ ਢੂੰਢਿਆ
” ਗੁਝੜਾ ਲਧਮੁ ਲਾਲੁ ਮਥੇ ਹੀ ਪਰਗਟੁ ਥਿਆ”
ਲਧਮੁ- ਮੈਨੂੰ ਲੱਭਿਆ ਆਦਿ
“ ਬਿਹਾਰੀ “
ਬਿਹਾਰੀ ਦੀਰਘ ਮਾਤਰਾ ਦੀ ਲਖਾਇਕ ਹੈ, ਗੁਰਬਾਣੀ ਵਿਚ ਇਹ ਨਾਂਵ ਦੇ ਅਖੀਰ ਲਗ ਕੇ ਕਾਰਕੀ ਦਿੰਦੀ ਹੈ ਅਤੇ ਆਮ ਕਰਕੇ ਇਸ ਵਿਚੋਂ ਸਯੁਕਤ ਰੂਪ ਵਿਚ ‘ ਨੂੰ ,ਹਨ, ‘ ਵੀ ਅਰਥ ਨਿਕਲ ਜਾਂਦੇ ਹਨ ਗੁਰਬਾਣੀ ਵਿਚ ਪੁਲਿੰਗ ਨਾਂਵ ਤੋਂ ਇਸਤਰੀ ਲਿੰਗ ਬਣਾਉਣ ਲਈ ਬਿਹਾਰੀ ਦੀ ਵਰਤੋਂ ਕੀਤੀ ਜਾਂਦੀ ਹੈ ਆਮ ਤੌਰ ਤੇ ਬਹੁਵਚਨ ਬਣਾਉਣ ਲਈ ਵੀ ਬਿਹਾਰੀ ਦੀ ਵਰਤੋਂ ਹੁੰਦੀ ਹੈ, ਬਹੁਵਚਨ ਤੋਂ ਬਾਦ ਵਿਸ਼ੇਸ਼ਣ ਨਾਂਵ ਵੀ ਬਿਹਾਰੀ ਤੋਂ ਹੀ ਬਣਦੇ ਹਨ
” ਕਿਨਹਿ ਬਿਬੇਕੀ ਕਾਟੀ ਤੂੰ”
ਬਿਬੇਕੀ- ਕਰਤਾਕਾਰਕ ਸੰਬੰਧਕੀ ਰੂਪ (ਵਿਚਾਰਵਾਨ ਨੇ)
” ਅਲਹ ਅਗਮ ਖੁਦਾਈ ਬੰਦੇ”
ਖੁਦਾਈ- ਸੰਬੰਧਕਾਰਕ (ਖ਼ੁਦਾ ਦੇ)
” ਆਪ ਤਰੈ ਪਿਤਰੀ ਨਿਸਤਾਰੇ”
ਪਿਤਰੀ- ਕਰਮ ਕਾਰਕ ਪਤਰਾਂ ਨੂੰ ਉਚਾਰਣ ਬਿੰਦੀ ਸਹਿਤ
” ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ”
ਹੁਕਮੀ-ਕਰਣ ਕਾਰਕ (ਹੁਕਮ ਨਾਲ)
” ਪੈਰੀ ਪੈ ਪੈ ਬਹੁਤੁ ਮਨਾਈ”
ਪੈਰੀ- ਅਪਾਦਾਨ ਕਾਰਕ (ਪੈਰਾਂ ਉਤੇ) ਉਚਾਰਣ ਬਿੰਦੀ ਸਹਿਤ
” ਹਰਿ ਭਗਤਾ ਕੋ ਦੇਇ ਅਨੰਦੁ ਥਿਰੁ ‘ਘਰੀ’ ਬਹਾਲਿਅਨੁ”
ਘਰੀ- ਅਧਿਕਰਣ ਕਾਰਕ (ਘਰ ਵਿਚ ਹਿਰਦੇ ਵਿਚ) ਬਿੰਦੀ ਰਹਿਤ ਉਚਾਰਣ,
ਗੁਰਬਾਣੀ ਵਿਚ ਬਿਹਾਰੀ ਕਿਰਿਆ ਸ਼ਬਦਾਂ ਨਾਲ ਲੱਗ ਕੇ ਤਿੰਨ ਕਾਲਾਂ ਦੇ ਅਰਥ ਦਿੰਦੀ ਹੈ-:
”ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ”
ਅਖੁਟੀ ਜਾਂਹੀ- ਪੁਠੇ ਰਸਤੇ (ਵਰਤਮਾਨ ਕਾਲ)
” ਇਹ ਬੁਧਿ ਪਾਈ ਮੈ ਸਾਧੂ ਕੰਨਹੁ ਲੇਖੁ ਲਿਖਿਓ ਧੁਰਿ ਮਾਥੈ”
ਪਾਈ-ਪਾ ਲਈ (ਭੂਤ ਕਾਲ ਇਸਤਰੀ ਲਿੰਗ) ਨੋਟ ਇਸ ਪੰਕਤੀ ਵਿਚ ਪ੍ਕਰਣ ਅਨੁਸਾਰ ਲਫਜ਼ ‘ਸਾਧੂ’ ਦਾ ਅਰਥ ਸਤਿਗੁਰੂ ਕਰਨਾ ਹੀ ਦਰੁਸਤ ਹੈ)
” ਥਿਰੁ ਪਾਰਬੑਹਮੁ ਪਰਮੇਸਰੋ ਸੇਵਰ ਥਿਰੁ ਹੋਸੀ”
ਹੋਸੀ- ਹੋਵੇਗਾ (ਭਵਿਖਤ ਕਾਲ)
ਗੁਰਬਾਣੀ ਵਿਚ ਕਿਰਿਆ ਵਾਲੇ ਸ਼ਬਦਾਂ ਦੇ ਪਿੰਗਲ ਦੇ ਨਿਯਮ ਅਨੁਸਾਰ ਕਾਵਿ ਤੋਲ ਪੂਰਾ ਕਰਨ ਲਈ ਵੀ ਸਿਹਾਰੀ ਦੀ ਥਾਂ ਬਿਹਾਰੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇ -:
”ਅਵਰੁ ਨ ਕਰਣਾ ਜਾਇ”
ਅਸਲ ਲਫਜ ‘ਜਾਈ’ ਤੋਂ ਬਣ ਗਿਆ ‘ਜਾਇ’
” ਜੋ ਕਿਛੁ ਕਰਹਿ ਸੋਈ ਪਰ ਹੋਇਬਾ”
ਹੋਈ/-ਤੋਂ
ਇਕੱਠ ਵਾਚਕ ਨਾਂਵ ਅਤੇ ਭਾਵ ਵਾਚਕ ਨਾਂਵ ਵਿਚ ਬਿਹਾਰੀ ਆਇਆਂ ਨਾਂਵ ਵਾਲੇ ਸ਼ਬਦ ‘ ਵਿਸ਼ੇਸ਼ਣ’ ਬਣਦੇ ਹਨ -:
”ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ”
ਬੳਰੀ- ਭਾਵ ਵਾਚਕ ਵਿਸ਼ੇਸ਼ਣ
ਕਿਰਿਆ ਵਿਸ਼ੇਸ਼ਣ ਤੋਂ+ ਕਿਰਦੰਤ ਬਿਹਾਰੀ ਨਾਲ - :
ਚਿਰੰ ਜੀਵੀ- ਚਿਰੰਕਾਲ ਜੀਊਣ ਵਾਲਾ
ਪਾਰ ਗਿਰਾਮੀ
ਅੰਤਰ ਜਾਮੀ ਆਦਿ
“ਲਾਂ “
ਲਾਂ ਭੀ ਦੀਰਘ ਮਾਤਰਾ ਹੈ ੲਿਹ ਅੱਖਰ ‘ੳ’ ਅਤੇ ‘ਅ’ ਨੂੰ ਛੱਡ ਕੇ ਹਰੇਕ ਅੱਖਰ ੳੱਤੇ ਲਾੲੀ ਜਾ ਸਕਦੀ ਹੈ। ਵਿਆਕਰਣ ਅਨੁਸਾਰ ‘ਲਾਂ’ ਭੂਤਕਾਲ ਦੇ ਅਰਥਾਂ ਦੀ ਲਖਾਇਕ ਹੁੰਦੀ ਹੈ, ਆਮ ਕਰਕੇ ‘ਵਰਤਮਾਨ, ਭਵਿਖ’ ਦੇ ਅਰਥ ਵੀ ਪ੍ਗਟ ਕਰਦੀ ਹੈ ਆਉ ਵੇਖੀਏ ‘ਲਾਂ’ ਤੋਂ ਨਿਕਲਣ ਵਾਲੇ ਸੰਬੰਧਕੀ ਅਰਥ - :
” ਆਦਿ ਗੁਰਏ ਨਮਹ”
ਗੁਰਏ- ਨਾਂਵ ਸੰਪ੍ਦਾਨ ਕਾਰਕ (ਗੁਰੂ ਨੂੰ) ਨੋਟ: ਆਮ ਕਰਕੇ ਇਸ ਪਦ ਦਾ ਪਾਠ ਅੱਲਗ ਅੱਲਗ ਕਰਕੇ ਕੀਤਾ ਜਾਂਦਾ ਹੈ ਜੋ ਕਿ ਅਸ਼ੁਧ ਹੈ ‘ਏ’ ਸੰਪ੍ਰਦਾਨ ਕਾਰਕ ਦਾ ਸੂਚਕ ਹੈ ਪਾਠ ਇਕੱਠਾ ‘ਗੁਰਏ’ ਹੀ ਦਰੁਸਤ ਹੈ,
” ਗੁਰਿ ਚੇਲੇ ਰਹਿਰਾਸਿ ਕੀਈ ਨਾਨਕ ਸਲਾਮਤਿ ਥੀਵਦੈ”
ਚੇਲੇ- ਨਾਂਵ ਸੰਪ੍ਰਦਾਨ ਕਾਰਕ (ਚੇਲੇ ਨੂੰ)
” ਨਾਨਕ ਨਾਮੁ ਗੁਰਮਤੀ ਪਾਈਐ ਆਪੇ ਲਏ ਲਵਾਏ”
ਆਪੇ- ਨਾਂਵ ਕਰਤਾ ਕਾਰਕ (ਆਪੇ ਹੀ)
” ਨਾਮੇ ਪ੍ਰੀਤਿ ਨਾਰਾਇਣ ਲਾਗੀ”
ਨਾਮੇ- ਨਾਂਵ ਸੰਬੰਧ ਕਾਰਕ (ਨਾਮਦੇਵ ਦੀ)
” ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ”
ਬ੍ਰਹਮੰਡੇ- ਨਾਂਵ ਅਧਿਕਰਨ ਕਾਰਕ (ਸੰਸਾਰ ਵਿਚ)
” ਸਬਦੇ ਦੂਖ ਨਿਵਾਰਣਹਾਰਾ”
ਸਬਦੇ- ਕਰਣਕਾਰਕ ਨਾਂਵ (ਉਪਦੇਸ਼ ਦੁਆਰਾ)
” ਦੇ ਕੰਨੁ ਸੁਣਹੁ ਅਰਦਾਸਿ ਜੀਉ”
ਦੇ ਕੰਨ- ਨਾਂਵ ਸਬੰਧ ਕਾਰਕ ਕਿਰਦੰਤ (ਧਿਆਨ ਨਾਲ )
”ਕਿਰਿਆ ਵਾਲੇ ਸ਼ਬਦਾ ਨੂੰ ਲਗੀ ਲਾਂ ਭੀ ਅਰਥ ਦੇਂਦੀ ਹੈ- :
”ਓਇ ਸਾਜਨ ਓਇ ਮੀਤ ਪਿਆਰੇ ਜੋ ਹਮ ਕਉ ਹਰਿ ਨਾਮੁ ਚਿਤਾਰੇ”
ਚਿਤਾਰੇ- ਕਿਰਿਆ ਬਹੁਵਚਨ ਅਨਪੁਰਖ ਵਰਤਮਾਨ ਕਾਲ (ਚੇਤੇ ਕਰਾਂਦੇ ਹਨ)
” ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ”
ਡਿਠੇ- ਕਿਰਿਆ ਭੂਤ ਕਾਲ ਬਹੁਵਚਨ (ਦੇਖੇ ਹਨ)
” ਸੋ ਕਰੇ ਜਿ ਸਤਿਗੁਰ ਭਾਵਸੀ”
ਕਰੇ- ਕਿਰਿਆ ਭਵਿਖਤ ਕਾਲ (ਕਰੇਗਾ)
(ਪ੍ਰੋ ਸਾਹਿਬ ਸਿੰਘ ਜੀ ਕਈ ਪੰਕਤੀਆਂ ਵਿਚ ਕਾਲ ਤੋਂ ਉਲਟ ਅਰਥ ਕਰਦੇ ਨਜਰੀਂ ਪੈਂਦੇ ਹਨ)
’ਕਿਰਿਆ ਵਾਲੇ ਸ਼ਬਦਾਂ ਨਾਲ ਅੰਤ ‘ਲਾਂ’ ਲਗਣ ਨਾਲ ਜਿਆਦਾ ਤਰ ਸ਼ਬਦ ‘ ਵਿਸਮਿਕ ਜਾਂ ਸੰਬੋਧਨ ਬਣ ਜਾਂਦੇ ਹਨ -:
” ਸੋ ਦਰੁ ਤੇਰਾ ਕਿਹਾ ਸੋ ਘਰ ਕੇਹਾ ਜਿਤੁ ਬਹਿ ਸਰਬ ਸਮਾਲੇ”
ਸਮਾਲੇ-ਵਿਸਮਿਕ
”ਮਨ ਬੈਰਾਗੀ ਕਿਉ ਨ ਅਰਾਧੇ”
’ਜਦੋਂ ਵਿਸ਼ੇਸ਼ਣ ਨੂੰ ਸੰਬੋਧਨ ਰੂਪ ਵਿਚ ਵਰਤਿਆ ਜਾਵੇ ਤਾਂ ਉਸ ਸ਼ਬਦ ਦੇ ਅੰਤ ਭੀ ‘ਲਾਂ’ ਦਾ ਪ੍ਰਯੋਗ ਹੁੰਦਾ ਹੈ ਜਿਵੇਂ -:
” ਪਾਂਡੇ !ਐਸਾ ਬ੍ਰਹਮ ਵੀਚਾਰੁ”
ਪਾਂਡੇ- ਵਿਸ਼ੇਸ਼ਣ ਤੋਂ ਸੰਬੋਧਨ (ਹੇ ਪੰਡਿਤ)
” ਪਿਆਰੇ ! ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ”
ਪਿਆਰੇ- ਹੇ ਪਿਆਰੇ
’ ਪਿੰਗਲ ਨਿਯਮ ਤਹਿਤ ਕਾਵਿ ਤੋਲ ਪੂਰਾ ਕਰਨ ਹਿਤ ਭੀ ਸਿਹਾਰੀ ਦੀ ਥਾਂ ‘ਲਾਂ’ ਦੀ ਵਰਤੋਂ ਹੁੰਦੀ ਹੈ ਅਤੇ ਅਰਥ ਭੀ ਨਿਕਲਦੇ ਹਨ -:
” ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ”
ਘਰੇ- ਘਰ ਵਿਚ (ਅਧਿਕਰਨ ਕਾਰਕ) ਘਰ ਤੋਂ ਬਣਿਆ ‘ਘਰੇ’
” ਸਬਦੇ ਰਾਤੇ ਸਹਜੇ ਮਾਤੇ ਅਨਦਿਨੁ ਹਰਿ ਗੁਣ ਗਾਏ”
ਸਹਜੇ- ਸਹਜੇ ਹੀ (ਕਰਤਾ ਕਾਰਕ) ਸਹਜ ਤੋਂ ਬਣਿਆ ‘ਸਹਜੇ’
’ਮੁਹਿ ਤੋਂ ਮੁਹੇ ਬਣ ਜਾਂਦਾ ਹੈ, ਧੋਹਿ ਤੋਂ ਧੋਹੇ ਬਣ ਜਾਂਦਾ ਹੈ ,ਕੁੰਭਿ ਤੋਂ ਕੁੰਭੇ ਆਦਿ
’ ਪਦ ‘ਸੇ’ ਪੜਨਾਂਵੀ ਸਦਾ ਹੀ ਬਹੁਵਚਨ ਦਾ ਸੂਚਕ ਹੁੰਦਾ ਹੈ- :
”ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ”
ਸੇ- ਬਹੁਵਚਨ ਪੜਨਾਂਵ (ਉਹ)
”ਸੇ ਗੁਰਸਿਖ ਧਨੁ ਧੰਨੁ ਹੈ ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ”
ਸੇ-ਪੁਲਿੰਗ ਬਹੁਵਚਨ ਪੜਨਾਂਵੀ ਵਿਸ਼ੇਸ਼ਣ (ਉਹ)
” ਸਚਾ ਸੁਖੁ ਸਚੀ ਵਡਿਆਈ ਜਿਸ ਕੇ ‘ਸੇ’ ਤਿਨਿ ਜਾਤੇ”
ਸੇ-(ਬਹੁਵਚਨ ਅਪੂਰਣ ਕਿਰਿਆ ਭੂਤਕਾਲ)
ਭੁੱਲ-ਚੁਕ ਮੁਆਫ
ਹਰਜਿੰਦਰ ਸਿੰਘ ‘ਘੜਸਾਣਾ’
[email protected]




.