.

ਕੀ ਤੁਸੀਂ ਜਾਣਦੇ ਹੋ?

(ਸੁਖਜੀਤ ਸਿੰਘ ਕਪੂਰਥਲਾ)

1) ਮਰਦਾਨਾ ਸ਼ਬਦ ਦਾ ਅਰਥ ਮਰਦਾ+ ਨਾ ਕਰਨਾ ਅਤੇ ਗੁਰੂ ਨਾਨਕ ਦੇਵ ਜੀ ਵਲੋਂ ਨਾ ਮਰਣ ਦਾ ਵਰ ਦੇਣ ਦੀ ਗੱਲ ਠੀਕ ਨਹੀ ਹੈ। ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨਕੋਸ਼ ਵਿੱਚ ਭਾਈ ਮਰਦਾਨਾ ਜੀ ਦਾ ਜਨਮ 1459 ਈ. ਨੂੰ ਹੋਣਾ ਲਿਖਿਆ ਹੈ, ਜਿਸ ਅਨੁਸਾਰ ਉਹ ਗੁਰੂ ਨਾਨਕ ਦੇਵ ਜੀ ਤੋਂ 10 ਸਾਲ ਵੱਡੇ ਸਨ।

ਮਰਦਾਨਾ ਸ਼ਬਦ ਦਾ ਅਰਥ ਹੈ ਸੂਰਮਾਂ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਦੇ ਫੁਰਮਾਨ-

ਜਾ ਕਉ ਮਿਹਰ ਮਿਹਰ ਮਿਹਰਵਾਨਾ।।

ਸੋਈ ਮਰਦ ਮਰਦ ਮਰਦਾਨਾ।।

(ਮਾਰੂ ਮਹਲਾ ੫-੧੦੮੪)

ਦੇ ਅਰਥ ਪ੍ਰੋ. ਸਾਹਿਬ ਸਿੰਘ ਇਸ ਤਰਾਂ ਕਰਦੇ ਹਨ “ਹੇ ਖੁਦਾ ਦੇ ਬੰਦੇ! ਜਿਸ ਮਨੁੱਖ ਉੱਤੇ ਮਿਹਰਵਾਨ (ਮੌਲਾ) ਦੀ ਹਰ ਵੇਲੇ ਮਿਹਰ ਰਹਿੰਦੀ ਹੈ, (ਵਿਕਾਰਾਂ ਦੇ ਟਾਕਰੇ ਤੇ) ਉਹੀ ਮਨੁੱਖ ਸੂਰਮਾ ਮਰਦ ਸਾਬਤ ਹੁੰਦਾ ਹੈ।”

ਗੁਰੂ ਨਾਨਕ ਸਾਹਿਬ ਦੀ ਸੰਗਤ ਸਦਕਾ ਸੂਰਮੇ ਮਰਦ ਬਣੇ ਭਾਈ ਮਰਦਾਨੇ ਦੀ ਰਬਾਬ ਅਤੇ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਣ ਕੀਤੇ ਖਸਮ ਕੀ ਬਾਣੀ ਦੇ ਸ਼ਬਦ ਨੇ ਜੋ ਕਰਾਮਾਤ ਕੀਤੀ, ਜਿਸ ਦਾ ਬਦਲ ਅਜੇ ਤਕ ਸੰਸਾਰ ਨੂੰ ਨਹੀ ਲਭਾ ਅਤੇ ਸ਼ਾਇਦ ਕਦੇ ਵੀ ਨਾ ਲਭੇ। ਭਾਈ ਮਰਦਾਨਾ ਜੀ ਨੇ ਜੀਵਨ ਭਰ ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿੱਚ ਅਨੇਕਾਂ ਕਸ਼ਟ ਝਲਦੇ ਹੋਏ ਸੂਰਮਗਤੀ ਦੇ ਜੋ ਮਹਾਨ ਕਾਰਨਾਮੇ ਕੀਤੇ, ਉਹਨਾਂ ਦੁਆਰਾ ਆਪਣੇ ਨਾਮ, ਮਰਦਾਨਾ (ਸੂਰਮਾ) ਨੂੰ ਸਹੀ ਅਰਥਾਂ ਵਿੱਚ ਸੱਚਾ ਕਰ ਦਿਖਾਇਆ।

2) ਨਾਮਧਾਰੀ ਲਹਿਰ ਦੇ ਮੋਢੀ ਬਾਬਾ ਬਾਲਕ ਸਿੰਘ ਆਪਣੇ ਉਤਰਅਧਿਕਾਰੀ ਬਾਬਾ ਰਾਮ ਸਿੰਘ (ਇਹਨਾਂ ਦੋਹਾਂ ਨੇ ਆਪਣੇ ਜੀਵਨ ਕਾਲ ਵਿੱਚ ਆਪਣੇ ਆਪ ਨੂੰ ਕਦੀ ਵੀ ਗੁਰੂ ਨਹੀ ਅਖਵਾਇਆ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪ ਵੀ ਗੁਰੂ ਮੰਨਦੇ ਰਹੇ ਅਤੇ ਬਾਕੀਆਂ ਨੂੰ ਵੀ ਇਹੀ ਪ੍ਰੇਰਣਾ ਕਰਦੇ ਰਹੇ) ਨੂੰ ਭਜਨ ਬੰਦਗੀ ਦੀ ਵਧੇਰੇ ਪ੍ਰੇਰਣਾ ਕਰਦੇ ਸਨ ਅਤੇ ਬਾਬਾ ਰਾਮ ਸਿੰਘ ਨੇ ਉਸੇ ਮਾਰਗ ਨੂੰ ਅਪਣਾਇਆ। ਇਸ ਲਈ ਆਪ ਦੇ ਸਤਿਸੰਗੀਆਂ ਦਾ ਨਾਮ ਨਾਮਧਾਰੀ ਪ੍ਰਚਲਤ ਹੋਇਆ।

ਭਾਈ ਕਾਨ ਸਿੰਘ ਨਾਭਾ ਮਹਾਨ ਕੋਸ਼ ਵਿੱਚ ਨਾਮਧਾਰੀ ਦਾ ਅਰਥ ਗੁਰੂ ਦਵਾਰਾ ਨਾਮ ਮੰਤਰ ਧਾਰਨ ਵਾਲਾ ਕਰਦੇ ਹਨ।

ਕੁੱਝ ਨਾਮਧਾਰੀ ਸ਼ਬਦ ਕੀਰਤਨ ਕਰਦੇ ਸਮੇਂ ਕੂਕਾਂ ਮਾਰਣ ਅਤੇ ਨੱਚਣ ਲੱਗ ਪਏ। ਜਿਸ ਤੋਂ ਕੂਕਾ ਨਾਮ ਪ੍ਰਚਲਤ ਹੋਇਆ। ਪ੍ਰੰਤੂ ਅਫਸੋਸ ਦੀ ਗੱਲ ਹੈ ਕਿ ਇਸ ਲਹਿਰ ਦਾ ਆਰੰਭ ਭਾਵੇਂ ਗੁਰਮਤਿ ਅਨੁਸਾਰ ਸੀ, ਅੱਜ ਐਸਾ ਨਹੀ ਹੈ। ਇਹ ਲਹਿਰ ਵੀ ਸਮੇਂ ਦੇ ਪ੍ਰਭਾਵ ਹੇਠ ਦੇਹਧਾਰੀ ਗੁਰੂ-ਡੰਮ ਦੀ ਜਿਲਣ ਵਿੱਚ ਫਸ ਚੁੱਕੀ ਹੈ।

3) ਰਾਮਗੜ੍ਹੀਆ ਸ਼ਬਦ ਕੋਈ ਜਾਤ ਬਰਾਦਰੀ ਦਾ ਸੂਚਕ ਨਹੀਂ। ਇਹ ਇੱਕ ਪਦਵੀ ਹੈ, ਜੋ ਸ੍ਰ. ਜੱਸਾ ਸਿੰਘ ਈਚੋਗਿਲੀਏ ਤੇ ਉਸਦੇ ਸਾਥੀਆਂ ਨੂੰ ਉਸ ਸਮੇਂ ਦਿੱਤੀ ਗਈ, ਜਦੋਂ ਮੀਰ ਮੰਨੂ ਦੇ ਹੁਕਮ ਨਾਲ ਅਦੀਨਾ ਬੇਗ ਦੀ ਫੌਜ, ਜਿਸ ਵਿੱਚ ਸ੍ਰ. ਜੱਸਾ ਸਿੰਘ ਈਚੋਗਲੀਏ ਦਾ ਦਸਤਾ ਵੀ ਸ਼ਾਮਲ ਸੀ, ਨੇ ਅੰਮ੍ਰਿਤਸਰ ਵਿੱਚ ਸਿਖਾਂ ਦੇ ਕਿਲੇ ‘ਰਾਮਰਾਉਣੀ` ਨੂੰ ਘੇਰੇ ਵਿੱਚ ਲੈ ਲਿਆ।

ਲਗਭਗ ਚਾਰ ਮਹੀਨੇ ਦੀ ਲਗਾਤਾਰ ਘੇਰਾਬੰਦੀ ਕਾਰਣ ਅੰਦਰ ਰਾਸ਼ਨ ਖਤਮ ਹੋਣ ਅਤੇ ਬਾਹਰੋਂ ਮਦਦ ਪਹੁੰਚਣ ਦੀ ਆਸ ਨਾ ਰਹਿਣ ਤੇ ਕਿਲੇ ਅੰਦਰਲੇ ਸਿੱਖਾਂ ਨੇ ਦੁਸ਼ਮਣ ਨਾਲ ਲੜਾਈ ਲੜਦੇ ਹੋਏ ਕਿਲੇ ਵਿਚੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ। ਸਿੱਖੀ ਦੀ ਆਨ ਅਤੇ ਸ਼ਾਨ ਦੇ ਪ੍ਰਤੀਬਿੰਬ ਇਕੋ ਇੱਕ ਕਿਲੇ ਨੂੰ ਖਤਰੇ ਵਿੱਚ ਜਾਣ ਕੇ ਸ੍ਰ. ਜੱਸਾ ਸਿੰਘ ਆਪਣੇ ਸਾਥੀਆਂ ਸਮੇਤ ਅਦੀਨਾ ਬੇਗ ਦੀ ਫੌਜ ਦਾ ਸਾਥ ਛੱਡ ਕੇ ਕਿਲੇ ਵਿੱਚ ਜਾ ਵੜਿਆ ਅਤੇ ਕਿਲੇ ਦੀ ਰੱਖਿਆ ਦਾ ਭਾਰ ਆਪਣੇ ਸਿਰ ਤੇ ਚੁੱਕ ਲਿਆ। ਕਿਲੇ ਅੰਦਰਲੇ ਸਿੱਖਾਂ ਦੇ ਹੌਂਸਲੇ ਬੁਲੰਦ ਹੋ ਗਏ। ਸ੍ਰ. ਜੱਸਾ ਸਿੰਘ ਨੇ ਆਪਣੇ ਅਸਰ ਰਸੂਖ ਨਾਲ ਦੀਵਾਨ ਕੌੜਾ ਮਲ ਰਾਹੀਂ ਸਿੱਖਾਂ ਤੇ ਲਾਹੌਰ ਸਰਕਾਰ ਵਿੱਚ ਸਮਝੌਤਾ ਕਰਵਾ ਕੇ ਕਿਲੇ ਦਾ ਘੇਰਾ ਚੁਕਵਾ ਦਿੱਤਾ। ਇਸ ਘਟਨਾ ਤੋਂ ਬਾਦ ਰਾਮਰਾਉਣੀ ਦਾ ਨਾਮ ਬਦਲ ਕੇ ‘ਰਾਮਗੜ੍ਹ` ਰੱਖ ਦਿੱਤਾ ਗਿਆ।

ਪੰਥ ਦੀ ਅਦੁੱਤੀ ਸੇਵਾ, ਸਮੇਂ ਸਿਰ ਕੀਤੀ ਸਹਾਇਤਾ ਅਤੇ ਸਮਾਂ ਪੈਣ ਤੇ ਗੁਰੂ ਪੰਥ ਲਈ ਇਤਨੀ ਵੱਡੀ ਕੁਰਬਾਨੀ ਕਰਨ ਤੇ ਸ੍ਰ. ਜੱਸਾ ਸਿੰਘ ਨੂੰ “ਰਾਮਗੜ੍ਹ” ਦਾ ਕਿਲੇਦਾਰ ਥਾਪਿਆ ਗਿਆ। ਇਸ ਕਾਰਣ ਸ੍ਰ. ਜੱਸਾ ਸਿੰਘ ਅਤੇ ਉਸਦੇ ਸਾਥੀ ‘ਰਾਮਗੜੀਏ` ਦੀ ਪਦਵੀ ਨਾਲ ਨਿਵਾਜੇ ਗਏ। ਮਿਸਲਾਂ ਦੇ ਸਮੇਂ ਸ੍ਰ. ਜੱਸਾ ਸਿੰਘ ਦਾ ਜਥਾ ‘ਰਾਮਗੜ੍ਹੀਆ ਮਿਸਲ` ਦੇ ਨਾਮ ਨਾਲ ਪ੍ਰਸਿੱਧ ਹੋਇਆ।

4) “ਆਹਲੂਵਾਲੀਆ” ਸ਼ਬਦ ਕੋਈ ਜਾਤ-ਬਰਾਦਰੀ ਦਾ ਸੂਚਕ ਨਹੀ ਸਗੋਂ ਪਿੰਡ ਆਹਲੂ ਜਿਲ੍ਹਾ ਲਾਹੌਰ ਦੇ ਵਸਨੀਕ ਆਹਲੂਵਾਲੀਏ (ਭਾਵ ਆਹਲੂ ਪਿੰਡ ਵਾਲੇ) ਕਰਕੇ ਪ੍ਰਸਿੱਧ ਹੋਏ।

ਆਹਲੂਵਾਲੀਏ` ਸ਼ਬਦ ਨੂੰ ਸਭ ਤੋਂ ਪਹਿਲਾਂ ਪ੍ਰਸਿੱਧੀ ਉਸ ਸਮੇਂ ਮਿਲੀ ਜਦੋਂ ਆਹਲੂ ਪਿੰਡ ਦੇ ਵਸਨੀਕ ਸ੍ਰ. ਜੱਸਾ ਸਿੰਘ ਦੇ ਵਡੇਰਿਆਂ ਨੇ ਆਹਲੂਵਾਲੀਆ ਮਿਸਲ ਕਾਇਮ ਕੀਤੀ। ਜਿਸ ਦੀ ਵਾਗਡੋਰ ਬਾਅਦ ਵਿੱਚ ਸ੍ਰ. ਜੱਸਾ ਸਿੰਘ ਨੇ ਸੰਭਾਲੀ।

ਭਾਈ ਕਾਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ‘ਆਹਲੂਵਾਲੀਆ` ਉਸ ਨੂੰ ਆਖਿਆ ਜਾਂਦਾ ਹੈ ਜੋ ‘ਆਹਲੂਵਾਲੀਆ ਮਿਸਲ` ਨਾਲ ਸਬੰਧ ਰੱਖਦਾ ਹੋਵੇ।

ਇਸ ਸਬੰਧ ਵਿੱਚ ਇਹ ਗੱਲ ਵੀ ਧਿਆਨ ਦੇਣਯੋਗ ਹੈ ਕਿ ਸ੍ਰ. ਜੱਸਾ ਸਿੰਘ ਦੇ ਨਾਮ ਦੇ ਦੋ ਪ੍ਰਸਿੱਧ ਸਿੱਖ ਇਕੋ ਸਮੇਂ ਹੋਣ ਕਾਰਣ ਇਹਨਾਂ ਦੋਹਾਂ ਨੂੰ ਵਖ-ਵਖ ਰੂਪ ਵਿੱਚ ਜਾਣਨ ਲਈ ਹੀ ਇਹਨਾਂ ਦੇ ਨਾਵਾਂ ਨਾਲ ‘ਰਾਮਗੜ੍ਹੀਆ` ਅਤੇ ‘ਆਹਲੂਵਾਲੀਆ` ਸ਼ਬਦ ਜੋੜਣ ਦੀ ਜਰੂਰਤ ਪਈ ਹੋਵੇਗੀ।

===============

-ਸੁਖਜੀਤ ਸਿੰਘ, ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

[email protected]




.