.

ਕਰਮ ਧਰਮ ਇਹੁ ਤਤੁ ਗਿਆਨੁ

ਧਰਮ ਦੇ ਖੇਤਰ ਵਿੱਚ ਮਨੁੱਖ ਦੀ ਅਧਿਆਤਮਕ ਅਗਿਆਨਤਾ ਉਸ ਨੂੰ ਮੋਹ ਮਾਇਆ ਦਾ ਬੰਧੀ ਬਣਾ ਦਿੰਦੀ ਹੈ ਤੇ ਆਤਮਕ ਗਿਆਨ ਉਹਨਾਂ ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਕਰਦਾ ਹੈ ਇਸ ਲਈ ਅਗਿਆਨਤਾ ਵਿਚੋਂ ਗਿਆਨਵਾਨ ਹੋਣਾ, ਹਨੇਰੇ ਵਿੱਚੋਂ ਪ੍ਰਕਾਸ਼ ਵਿੱਚ ਆਉਣਾ, ਨੀਂਦ ਵਿੱਚੋਂ ਜਾਗ ਜਾਣਾ, ਧੁੰਧ ਵਿਚੋਂ ਨਿਕਲ ਕੇ ੳਜਾਲੇ ਵਿੱਚ ਪਰਵੇਸ਼ ਕਰਨਾ, ਕੂੜ ਦੀ ਪਾਲ ਨੂੰ ਤੋੜ ਕੇ ਸਚਿਆਰੇ ਬਣਨਾ, ਨਾਪਾਕ ਨੂੰ ਪਾਕ ਕਰਨਾ, ਹੀ ਧਰਮ ਅਖਵਾਂਦਾ ਹੈ। ਇਹ ਕੋਈ ਬਾਹਰਲਾ ਕਰਮ ਕਾਂਡ ਨਹੀ ਹੈ। ਅਧਿਆਤਮਕ ਗਿਆਨ ਬਿਨਾ ਨਾਂ ਤਾਂ ਮੋਹ ਮਾਇਆ (ਕੂੜ) ਤੋਂ ਮੁਕਤ ਹੋਇਆ ਜਾ ਸਕਦਾ ਹੈ ਤੇ ਨਾਂ ਹੀ ਧਰਮੀ ਹੋਇਆ ਜਾ ਸਕਦਾ ਹੈ। ਮਾਇਆ ਛਲ (ਧੋਖਾ) ਹੈ (ਮਾਈ ਮਾਇਆ ਛਲੁ ॥) ਤੇ ਧੋਖੇ ਪਿਛੇ ਲਗਿਆਂ ਮਨੁੱਖ ਧੋਖਾ ਖਾਵੇਗਾ ਵੀ ਤੇ ਦੇਵੇਗਾ ਵੀ, ਇਸ ਲਈ ਧੋਖੇ (ਮਾਇਆ) ਤੋਂ ਬਚਣ ਦਾ ਉਪਾਉ ਕੇਵਲ ਅਧਿਆਤਮਿਕ ਗਿਆਨ ਹੀ ਹੈ। ਮੌਜੂਦਾ ਧਰਮ ਜੋ ਕੇ ਕੇਵਲ ਦਿਖਾਵੇ ਤੇ ਕਰਮ ਕਾਡਾਂ ਤੇ ਹੀ ਆਧਾਰਤ ਹੈ, ਧਰਮ ਨਹੀ ਬਲਿਕੇ ਸੰਪ੍ਰਦਾ ਜਾਂ ਜਥੇਬੰਦੀ ਹੈ ਕਿਉਂਕਿ ਇਸ ਵਿਚੋਂ ਧਰਮ ਦੇ ਅੰਸ਼ (ਸੱਚ ਆਚਾਰ) ਅਲੋਪ ਹੋ ਚੁੱਕੇ ਹਨ। ਵਖਾਵੇ ਦੇ ਧਰਮੀਆਂ ਦੀਆਂ ਕਰਤੂਤਾਂ ਨਿੱਤ ਅਖਬਾਰਾਂ ਵਿੱਚ ਪੜੀਆਂ ਜਾ ਸਕਦੀਆਂ ਹਨ ਇਸ ਲਈ ਧਰਮੀ ਹੋਣ ਦੇ ਵਖਾਵੇ ਦੀ ਕੋਈ ਮਹੱਤਾ ਨਹੀ ਰਹਿ ਜਾਂਦੀ। ਸਮੂਹ ਗੁਰਬਾਣੀ ਅਧਿਆਤਮਕ ਗਿਆਨ ਦਾ ਖਜ਼ਾਨਾ ਹੈ ਜਿਸ ਤੇ ਚਲ ਕੇ ਜੀਵਨ ਨੂੰ ਸੁਖੀ, ਸ਼ਾਂਤ ਤੇ ਅਨੰਦਤ ਬਣਾ ਕੇ ਧਰਮ ਦੀ ਮੰਜ਼ਿਲ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਮਾਇਆ ਦੇ ਛੱਲ ਤੋਂ ਬਚਿਆ ਜਾ ਸਕਦਾ ਹੈ। ਆਮ ਤੌਰ ਤੇ ਧਰਮ ਬਾਰੇ ਪੜ੍ਹ ਸੁਣ ਕੇ, ਆਪਣੀ ਬੁੱਧੀ ਅਨੁਸਾਰ ਮਨੁੱਖ ਜੋ ਵੀ ਵੀਚਾਰ ਆਪਣੇ ਮਨ ਵਿੱਚ ਇੱਕ ਵਾਰ ਬਣਾ ਲੈਂਦਾ ਹੈ, ਉਸ ਦਾ ਹੰਕਾਰ ਫਿਰ ਉਸ ਨੂੰ ਉਹਨਾਂ ਵੀਚਾਰਾਂ ਤੋਂ ਟੱਸ ਤੋਂ ਮੱਸ ਨਹੀ ਹੋਣ ਦਿੰਦਾ ਭਾਵੇਂ ਜਿਨੀਆਂ ਮਰਜ਼ੀ ਅਕੱਟ ਗਿਆਨ ਭਰਪੂਰ ਦਲੀਲਾਂ ਕਿਉਂ ਨਾ ਦਿੱਤੀਆਂ ਜਾਵਣ। ਇਹ ਹੰਕਾਰ ਹੀ ਫਿਰ ਧਰਮ ਦੇ ਰਾਹ ਦਾ ਰੋੜਾ ਬਣ ਕੇ ਮਨੁੱਖ ਨੂੰ ਹੱਠੀ, ਕੱਟੜ, ਕਠੋਰ ਤੇ ਸੰਗਦਿਲ ਬਣਾ ਦਿੰਦਾ ਹੈ। ਦਰਬਾਰਾਂ, ਟਕਸਾਲਾਂ, ਡੇਰਿਆਂ, ਤੇ ਠਾਠਾਂ ਦੇ ਸ਼ਰਧਾਲੂ ਇਸ ਗਲ ਦਾ ਪ੍ਰਤੱਖ ਪ੍ਰਮਾਣ ਹਨ ਕਿਉਂਕਿ ਉਹਨਾਂ ਨੂੰ ਇਤਨਾ ਸੰਮੋਹਤ (hypnotise) ਕੀਤਾ ਜਾ ਚੁਕਾ ਹੈ ਕਿ ਉਹ ਗੁਰੂ ਦੀ ਵੀਚਾਰ ਸੁਣਨ ਲਈ ਵੀ ਤਿਆਰ ਨਹੀ। ਇਹ ਦੋ ਬੇੜੀਆਂ ਦੇ ਸਵਾਰ ਰਸਮੀ ਮੱਥੇ ਗੁਰੂ ਗ੍ਰੰਥ ਨੂੰ ਟੇਕਦੇ ਹਨ ਪਰ ਬਚਨ ਆਪਣੇ ਬਾਬਿਆਂ ਦੇ ਮੰਨਦੇ ਹਨ। ਆਮ ਮਨੌਤ ਹੈ ਕਿ ਪੜ੍ਹੇ ਲਿਖੇ ਲੋਕ ਅਕਸਰ ਗਿਆਨਵਾਨ ਹੁੰਦੇ ਹਨ ਪਰ ਬੜੀ ਹੈਰਾਨੀ ਹੋਈ ਜਦੋਂ ਇੱਕ ਜੱਜ ਦੀ ਪਦਵੀ ਵਾਲੇ ਵਿਅਕਤੀ ਨੂੰ ਇੱਕ ਗੁਰਦੁਆਰੇ ਵਿੱਚ ਕਰਾਮਾਤੀ ਮਿਥਿਹਾਸ ਤੇ ਕਰਮ ਕਾਡਾਂ ਦਾ ਪ੍ਰਚਾਰ ਕਰਦੇ ਸੁਣਿਆਂ। ਕੋਟ ਕਚਹਿਰੀਆਂ ਦੇ ਅਸੂਲਾਂ ਮੁਤਾਬਕ ਮੌਕੇ ਦੇ ਗਵਾਹ ਤੇ ਸਬੂਤਾਂ ਨੂੰ ਪਰਖੇ ਤੇ ਸਮਝੇ ਬਿਨਾ ਫੈਸਲਾ ਨਹੀ ਲਿਆ ਜਾ ਸਕਦਾ ਪਰ ਧਰਮ ਦੀ ਦੁਨੀਆਂ ਵਿੱਚ ਬਿਨਾ ਸਮਝੇ ਤੇ ਪਰਖੇ ਹੀ ਸਭ ਕੁੱਛ ਮੰਨ ਲਿਆ ਜਾਂਦਾ ਹੈ। ਇਹੀ ਹਾਲ ਬਹੁਤੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦਾ ਵੀ ਹੈ ਜੋ ਪੜ੍ਹੇ ਲਿਖੇ ਤਾਂ ਬਹੁਤ ਹਨ ਪਰ ਅਧਿਆਤਮਕ ਪੱਖੋਂ ਖੋਖਲੇ ਹੀ ਹਨ।

ਬਚਪਨ ਤੋਂ ਗੁੜਤਾ ਤਾਂ ਇਹੀ ਦਿੱਤੀ ਜਾਂਦੀ ਹੈ ਕਿ ਧਰਮ ਇੱਕ ਸ਼ਰਧਾ ਤੇ ਵਿਸ਼ਵਾਸ ਦਾ ਵਿਸ਼ਾ ਹੈ ਤੇ ਸਵਾਲ ਕਰਨਾ ਨਾਸਤਿਕਤਾ ਹੈ ਪਰ ਹਕੀਕਤ ਇਹ ਹੈ ਕਿ ਸਵਾਲ ਪੁੱਛੇ ਬਿਨਾ ਗਿਆਨ ਹਾਸਲ ਨਹੀ ਹੋ ਸਕਦਾ ਤੇ ਗਿਆਨ ਬਿਨਾ ਸ਼ਰਧਾ ਵੀ ਅੰਨ੍ਹੀ ਰਹਿ ਜਾਂਦੀ ਹੈ। ਸਕੂਲ ਵਿੱਚ ਮਾਸਟਰ ਉਹਨਾਂ ਬਚਿਆਂ ਨੂੰ ਪੜ੍ਹਾਈ ਵਿੱਚ ਕਮਜ਼ੋਰ ਸਮਝਦੇ ਸਨ ਜੋ ਕਦੇ ਸਵਾਲ ਨਹੀ ਪੁਛਦੇ ਸਨ। ਸਵਾਲ ਹੀ ਗਿਆਨ ਦਾ ਮਾਧਿਅਮ ਹਨ ਪਰ ਬੜੀ ਅਜੀਬ ਗਲ ਹੈ ਕਿ ਧਰਮ ਵਿੱਚ ਸਵਾਲ ਨਾਸਤਿਕਤਾ ਦਾ ਮਾਧਿਅਮ ਬਣੇ ਹੋਏ ਹਨ। ਸਕੂਲ ਵਿੱਚ ਸਵਾਲ ਪੁੱਛਣ ਤੇ ਮਾਸਟਰ ਖੁਸ਼ ਹੋ ਜਾਂਦਾ ਸੀ ਪਰ ਧਰਮ ਵਿੱਚ ਸਵਾਲ ਕਰਨ ਤੇ ਧਰਮੀ ਦਿਸਣ ਤੇ ਅਖਵਾਉਣ ਵਾਲੇ ਲਾਲ ਪੀਲੇ ਹੋ ਜਾਂਦੇ ਹਨ ਤੇ ਜਵਾਬ ਦੇਣ ਤੋਂ ਟਾਲ ਮਟੋਲਾ ਕਰ ਜਾਂਦੇ ਹਨ। ਪੰਡਤ, ਮੁੱਲਾਂ, ਜੋਗੀਆਂ ਤੇ ਸਿੱਧਾਂ ਨੇ ਬਾਬੇ ਨਾਨਕ ਤੇ ਸਵਾਲਾਂ ਦੀਆਂ ਝੜੀਆਂ ਲਾ ਦਿੱਤੀਆਂ ਪਰ ਬਾਬੇ ਨਾਨਕ ਨੇ ਕਦੇ ਡਾਂਗ ਨਹੀ ਚੁੱਕੀ, ਨਾਂ ਹੀ ਲਾਲ ਪੀਲਾ ਹੋਇਆ ਤੇ ਬੜੇ ਧੀਰਜ ਨਾਲ ਹਰ ਸਵਾਲ ਦਾ ਬਿਨਾ ਰੋਸ ਕੀਤੇ ਤਸੱਲੀ ਬਖਸ਼ ਜਵਾਬ ਦਿੱਤਾ। ਬੜੇ ਅਫਸੋਸ ਦੀ ਗਲ ਹੈ ਕਿ ਧਰਮ (ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਕਰਨ ਦੇ ਵਸੀਲੇ) ਨੂੰ ਹੀ ਰੀਤਾਂ, ਰਸਮਾ, ਰਵਾਜਾਂ ਤੇ ਕਰਮ ਕਾਡਾਂ ਦੁਆਰਾ, ਬੰਧਨ ਬਣਾ ਦਿੱਤਾ ਗਿਆ ਹੈ। ਧਰਮ ਨੂੰ ਮਨੁੱਖ ਨੇ ਆਪਣੀ ਸੋਚ ਮੁਤਾਬਕ ਢਾਲ ਕੇ ਇੱਕ ਬੰਧਨ ਬਣਾ ਦਿੱਤਾ ਹੈ ਤੇ ਜੋ ਕੋਈ ਇਹਨਾਂ ਧਰਮ ਦੇ ਬੰਧਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਨਾਸਤਿਕ ਦਾ ਫਤਵਾ ਲਾ ਦਿੱਤਾ ਜਾਂਦਾ ਹੈ। ਕੂੜ ਹੀ ਪ੍ਰਧਾਨ ਬਣਿਆ ਬੈਠਾ ਹੈ। ਗੁਰਬਾਣੀ ਦਾ ਕਥਨ ਹੈ:

ਕਰਮ ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ ॥ ਮਮਤਾ ਮੋਹੁ ਸੁ ਬੰਧਨਾ ਪੁਤ੍ਰ ਕਲਤ੍ਰ ਸੁ ਧੰਧੁ ॥ ਕਰਮ ਧਰਮ (ਧਰਮ ਦੇ ਕਰਮ ਕਾਂਡ) ਸਭ ਬੰਧਨ ਰੂਪ ਹੀ ਹਨ ਤੇ ਚੰਗੇ ਜਾਂ ਮੰਦੇ ਕੰਮ ਭੀ ਸੰਸਾਰ ਨਾਲ ਜੋੜਨ ਦਾ ਵਸੀਲਾ ਹੀ ਹਨ (ਭਾਵ ਕਰਮ ਕਾਂਡ ਜਾਂ ਪੁੰਨ ਪਾਪ ਕੀਤਿਆਂ ਅਤਮਕ ਮੌਤ ਤੋਂ ਬਚਿਆ ਨਹੀ ਜਾ ਸਕਦਾ)। ਪੁੱਤ੍ਰ ਤੇ ਇਸਤ੍ਰੀ ਦਾ ਮੋਹ ਤੇ ਮਮਤਾ ਵੀ ਬੰਧਨਾਂ ਦਾ ਝੰਬੇਲਾ ਹੀ ਹੈ। ਇਹ ਇੱਕ ਦੁਖਦਾਇਕ ਹਕੀਕਤ ਹੈ ਕਿ ਮੌਜੂਦਾ ਧਰਮ ਇੱਕ ਸੰਸਾਰੀ ਵਾਪਾਰ ਤੇ, ਬਹੁਤਾਤ ਵਿਚ, ਗੁਰਦੁਆਰੇ ਵਾਪਾਰ ਦੇ ਅੱਡੇ ਹੀ ਬਣ ਗਏ ਹਨ। ਲੋਭੀ ਤੇ ਲਾਲਚੀ ਮਨੁੱਖ ਨੇ ਧਰਮ ਦਾ ਰੂਪ ਹੀ ਪਲਟਾ ਕੇ ਰੱਖ ਦਿੱਤਾ ਹੈ। ਆਪ ਨੂੰ ਧਰਮ ਬਾਰੇ ਕੋਈ ਸੋਝੀ ਹੋਵੇ ਜਾਂ ਨਾ ਹੋਵੇ ਪਰ ਦੂਜੇ ਨੂੰ ਕਿਸੇ ਨਾ ਕਿਸੇ ਤਰਾਂ ਧਰਮੀ ਬਨਾਉਣ ਦਾ ਠੇਕਾ ਜ਼ਰੂਰ ਲੈ ਰੱਖਿਆ ਹੈ। ਧਰਮ ਦੇ ਪਾਂਧੀ ਲਈ ਗੁਰਬਾਣੀ ਦਾ ਪਹਿਲਾ ਉਪਦੇਸ਼ ਹੀ ਇਹ ਹੈ ਕਿ:

ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥ ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥ (1410) ਸੰਸਾਰੀ ਵਾਪਾਰ ਕਰਨ ਵੇਲੇ ਮਨੁੱਖ ਨਫੇ ਨੁਕਸਾਨ ਨੂੰ ਸੌ ਵਾਰ ਵੀਚਾਰਦਾ ਹੈ ਪਰ ਧਰਮ ਦੇ ਚਲ ਰਹੇ ਵਾਪਾਰ, ਅਖੰਡ ਪਾਠਾਂ, ਅਰਦਾਸਾਂ, ਆਰਤੀਆਂ ਤੇ ਦਾਨ ਪੁੰਨ--- ਅਦਿਕ ਵੇਲੇ ਨਫੇ ਨੁਕਸਾਨ ਦਾ ਕਦੇ ਖਿਆਲ ਵੀ ਨਹੀ ਕਰਦਾ। ਕਦੇ ਕਿਸੇ ਨਹੀ ਪੁਛਿਆ ਕਿ ਜੇ ਮੇਰੇ ਮਨ ਦੀ ਮਨੌਤ ਪੂਰੀ ਨਾਂ ਹੋਈ, ਜਾਂ ਮੰਗੇ ਫਲ ਦੀ ਪ੍ਰਾਪਤੀ ਨਾਂ ਹੋਈ, ਅਰਦਾਸ ਬਿਰਥੀ ਚਲੀ ਗਈ, ਤਾਂ ਕੀ ਪਾਠ, ਪੂਜਾ, ਆਰਤੀ, ਕੀਰਤਨ, ਲੰਗਰ ਦਾ ਖਰਚਾ ਤੇ ਕੀਤਾ ਦਾਨ ਵਾਪਸ ਕੀਤਾ ਜਾਵੇਗਾ? ਯਾਦ ਰਹੇ ਵਾਪਾਰ ਵਿੱਚ ਸ਼ਰਧਾ ਦਾ ਕੋਈ ਦਖਲ ਨਹੀ, ਇਸ ਲਈ ਇਹ ਬਹਾਨਾ ਨਹੀ ਚਲ ਸਕਦਾ। ਗੁਰਬਾਣੀ ਵੀ ਇੱਕ ਅਨੋਖੇ ਵਾਪਾਰ ਦੀ ਗਲ ਕਰਦੀ ਹੈ, ਸੰਸਾਰੀ ਵਾਪਾਰ ਦੀ ਉਦ੍ਹਾਰਣ ਦੇ ਕੇ ਅਧਿਆਤਮਕ ਵਾਪਾਰ ਦੀ ਗਲ ਕਰਦੀ ਹੈ, ਗੁਰਮਤ (ਗਿਆਨ) ਲੈਣ ਲਈ ਮਨਮੱਤ (ਅਗਿਆਨਤਾ) ਛੱਡਣੀ ਪੈਣੀ ਹੈ ਤੇ ਗੁਰਬਾਣੀ ਸੁਚੇਤ ਕਰਦੀ ਹੈ ਕਿ ਇਹ ਅਨੋਖਾ ਆਤਮਕ ਵਾਪਾਰ ਕਰਨ ਤੋਂ ਪਹਿਲਾਂ ਲੈਣ ਵਾਲੀ ਵਸਤੂ (ਗੁਰਮਤ) ਦੇ ਨਫੇ ਨੁਕਸਾਨ ਬਾਰੇ ਚੰਗੀ ਤਰਾਂ ਸੋਚ ਵੀਚਾਰ ਕਰ ਕੇ ਹੀ ਵਾਪਾਰ ਕਰਨਾ ਹੈ। ਇਹ ਵਾਪਾਰ ਕਰਨ ਲਈ ਗੁਰਬਾਣੀ ਨੂੰ ਪਹਿਲਾਂ ਪੜ੍ਹਨਾ, ਸੁਣਨਾ ਤੇ ਵੀਚਾਰਨਾ ਹੈ (ਇਹ ਵਸਤੂ ਦੀ ਪਛਾਣ, ਜਾਂ ਪਰਖ ਹੈ) ਤੇ ਫਿਰ ਉਸ ਤੇ ਚੱਲਣਾ (ਆਪਣੀ ਮਨਮਤ ਨੂੰ ਛੱਡਣਾ) ਹੀ ਅਸਲ ਵਿੱਚ ਅਧਿਆਤਮਿਕ ਵਾਪਾਰ ਕਰਨਾ ਹੈ। ਵਸਤੂ (ਧਰਮ) ਦੀ ਪਛਾਣ ਬਾਰੇ ਗੁਰਬਾਣੀ ਦਾ ਫੁਰਮਾਨ ਹੈ: ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥ ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ ॥੩੨॥ {ਪੰਨਾ 342} ਧਰਮ ਦਾ ਅਸਲ ਸਬੰਧ ਨਿਰੋਲ ਮਨ ਦੀ ਸਾਧਨਾ ਨਾਲ ਹੈ ਤੇ ਕਬੀਰ ਜੀ ਕਹਿੰਦੇ ਹਨ ਕਿ ਮਨ ਵਰਗਾ ਹੋਰ ਕੋਈ ਨਹੀ ਜਿਸ ਨਾਲ (ਹਰ ਪਲ) ਵਾਹ ਪੈਂਦਾ ਹੋਵੇ। ਸਚੁ ਕਮਾਵੈ ਸੋਈ ਕਾਜੀ ॥ ਜੋ ਦਿਲੁ ਸੋਧੈ ਸੋਈ ਹਾਜੀ ॥ 1083 ਜੋ ਮਨੁੱਖ ਆਪਣੇ ਮਨ ਨੂੰ ਸੋਧਣ ਦਾ ਜਤਨ ਕਰਦਾ ਹੈ, ਉਹੀ ਅਸਲ ਵਿੱਚ ਧਰਮੀ ਹੈ ਤੇ ਰੱਬ ਦੀ ਬੰਦਗੀ ਕਰਨ ਵਾਲਾ ਹੈ। ਸੋ ਪੰਡਿਤੁ ਜੋ ਮਨੁ ਪਰਬੋਧੈ ॥ ਰਾਮ ਨਾਮੁ ਆਤਮ ਮਹਿ ਸੋਧੈ ॥ 274 ਉਹੀ ਮਨੁੱਖ ਧਰਮੀ ਹੈ ਜੋ ਪ੍ਰਭੂ ਦੇ ਨਾਮ (ਹੁਕਮ) ਦੁਆਰਾ ਆਪਣੇ ਮਨ ਨੂੰ ਸੋਧ ਲੈਂਦਾ ਹੈ। ਕਿਸੇ ਦੂਸਰੇ ਦੇ ਮਨ ਨੂੰ ਸੋਧਣ ਨਹੀ ਜਾਣਾ, ਪਹਿਲਾਂ ਆਪਣੇ ਹੀ ਮਨ ਨੂੰ ਸੋਧਣਾ ਹੈ। ਅਪਣੇ ਮਨ ਦੀ ਸੁਧਾਈ ਕੀਤੇ ਬਿਨਾ ਕਿਸੇ ਦੂਜੇ ਨੂੰ ਸਮਝਾਵਣਾ ਨਿਰਰਥਕ ਹੈ, ਕਿਸੇ ਨੇ ਨਹੀ ਸੁਣਨਾ। ਪਹਿਲਾਂ ਆਪਣੇ ਹੀ ਮੰਜੇ ਥਲੇ ਸੋਟਾ ਫੇਰਨਾ ਹੈ ਫੇਰ ਦੂਜੇ ਵਲ ਵੇਖਣ ਦੀ ਲੋੜ ਹੀ ਨਹੀ ਰਹਿ ਜਾਂਦੀ ਕਿਉਂਕਿ ਸਾਰਾ (ਵਿਕਾਰਾਂ ਦਾ) ਗੰਦ ਆਪਣੇ ਹੀ ਮੰਜੇ ਹੇਠ (ਮਨ ਵਿਚ) ਪਿਆ ਹੋਇਆ ਹੈ।

ਆਪਣਾ ਮਨੁ ਪਰਬੋਧਹੁ ਬੂਝਹੁ ਸੋਈ ॥ ਲੋਕ ਸਮਝਾਵਹੁ ਸੁਣੇ ਨ ਕੋਈ ॥ {ਪੰਨਾ 230} ਮਨ ਨੂੰ ਧੋਤੇ ਬਿਨਾ ਕੀਤੇ ਸਭ ਕਰਮ ਕਾਂਡ ਨਿਸਫਲ ਹਨ, ਸੱਚ ਕਿਹਾ ਕਿਸੇ ਕਿ ਧੋਵੇਂ ਮਨ ਦੀ ਨ ਮੈਲ ਕਦੇ ਬੰਦਿਆ, ਨਿਰੀ ਤਨ ਦੀ ਸਫਾਈ ਨੂੰ ਕੀ ਕਰਨਾ। ਰਿਹਾ ਮਨ ਨੂੰ ਜੇ ਹੳਮੈ ਦਾ ਰੋਗ ਲਗਾ ਉਤੋਂ ਗਰਦਨ ਝੁਕਾਈ ਨੂੰ ਕੀ ਕਰਨਾ। ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ {ਪੰਨਾ 450} ਗੁਰਗਿਆਨ ਦੁਆਰਾ ਜਿਨ੍ਹਾ ਨੇ ਆਪਣੇ ਮਨ ਨੂੰ ਸਾਧ ਲਿਆ ਉਹੀ ਪਰਮਾਤਮਾ ਦੀ ਭਗਤੀ ਕਰਦੇ ਹਨ ਤੇ ਉਹੀ ਉਸ ਦਾ ਨਾਮ ਜਪਦੇ ਹਨ। ਜਦੋਂ ਇਹ ਪਤਾ ਲਗ ਗਿਆ ਕਿ ਧਰਮ ਇੱਕ ਨਿੱਜੀ ਮਨ ਦੀ ਸਾਧਨਾ ਹੈ ਤੇ ਬਾਹਰਲੀਆਂ ਰੀਤਾਂ ਰਸਮਾ, ਕਰਮ ਕਾਡਾਂ, ਤੇ ਬਾਹਰਲੇ ਦਿਖਾਵੇ ਤੇ ਵਖਰੇਵਿਆਂ ਨਾਲ ਇਸ ਦਾ ਕੋਈ ਸਬੰਧ ਨਹੀ ਤਾਂ ਹੁਣ ਇਹ ਮਨ “ਅਸਾਧ” ਕਿਵੇਂ ਹੈ? ਇਸ ਦੀ ਸਾਧਨਾ ਕਿਵੇਂ ਕਰਨੀ ਹੈ? ਗੁਰ ਫੁਰਮਾਨ ਹੈ:

(1) ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥ ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ ॥ {ਪੰਨਾ 651} ਇਹ ਮਨ ਵਿਕਾਰਾਂ ਦੀ ਕਾਲਕ ਨਾਲ ਇਤਨਾ ਮੈਲਾ ਤੇ ਕਾਲਾ ਹੋ ਚੁੱਕਾ ਹੈ ਕਿ ਇਸ ਨੂੰ ਧੋਣਾ ਬੜਾ ਕਠਨ ਹੈ। ਤੀਰਥਾਂ ਜਾਂ ਬਉਲੀਆਂ ਤੇ ਚੁੱਭੇ ਲਾਉਣ ਨਾਲ, ਤਨ ਤਾਂ ਭਾਵੇਂ ਉਜਲਾ ਹੋ ਜਾਵੇ ਪਰ, ਮਨ ਨੇ ਉਜਲਾ ਨਹੀ ਹੋਣਾ। ਅਖੌਤੀ ਸਾਧਾਂ, ਸੰਤਾਂ ਜਾਂ ਬਾਬਿਆਂ ਦੀ ਚਰਨ ਪਾਹੁਲ ਨਾਲ ਇਹ ਧੋਤਾ ਨਹੀ ਜਾਣਾ, ਉਹਨਾਂ ਦੀ ਮੁੱਠੀ ਚਾਪੀ ਨਾਲ ਇਹ ਪਵਿੱਤ੍ਰ ਨਹੀ ਹੋਣਾ। ਉਹਨਾਂ ਦੇ ਧਾਗਿਆਂ, ਤਵੀਤਾਂ, ਜੰਤਰਾਂ ਮੰਤਰਾਂ ਤੇ ਸੁਆਹ ਦੀਆਂ ਪੁੜੀਆਂ ਨੇ ਇਸ ਨੂੰ ਨਿਰਮਲ ਨਹੀ ਕਰਨਾ।

(2) ਇਹੁ ਮਨੁ ਚੰਚਲੁ ਵਸਿ ਨ ਆਵੈ ॥ ਦੁਬਿਧਾ ਲਾਗੈ ਦਹ ਦਿਸਿ ਧਾਵੈ ॥ 127 ਇਹ ਮਨ ਇਤਨਾ ਚਤੁਰ ਹੈ ਕਿ ਕਦੇ ਵੀ ਟਿਕਦਾ ਨਹੀ ਤੇ ਵਿਕਾਰਾਂ ਵਸ ਹੋਇਆ ਸਦਾ ਬਾਹਰ ਦੌੜਦਾ ਰਹਿੰਦਾ ਹੈ। ਇਸ ਦੀ ਬਾਹਰ ਦੀ ਦੌੜ ਹੀ ਇਸ ਦਾ ਅਸਾਧ ਪੁਣਾ ਹੈ। ਰਸਮੀ ਪਾਠਾਂ, ਜਪਾਂ, ਤਪਾਂ, ਸੰਜਮਾਂ ਆਰਤੀਆਂ, ਸਮਾਧੀਆਂ ਤੇ ਅਖੌਤੀ ਸਿਮਰਣ ਨਾਲ ਇਸ ਨੇ ਥਿਰ ਨਹੀ ਹੋਣਾ ਤੇ ਥਿਰ ਹੋਏ ਬਿਨਾ ਸਾਧਿਆ ਨਹੀ ਜਾਣਾ।

(3) ਮਨੁ ਭੂਲੋ ਬਹੁ ਚਿਤੈ ਵਿਕਾਰੁ ॥ ਮਨੁ ਭੂਲੋ ਸਿਰਿ ਆਵੈ ਭਾਰੁ ॥ 222 ਇਹ ਮਨ ਅਗਿਆਨਤਾ ਦੇ ਹਨੇਰੇ ਕਾਰਨ ਵਿਕਾਰਾਂ ਵੱਸ ਹੋਇਆ, ਭਰਮ ਭੁਲੇਖਿਆਂ ਵਿੱਚ ਭੁਲਿਆ ਤੇ ਭਟਕਦਾ ਫਿਰਦਾ ਹੈ ਤੇ ਕਿਸੇ ਜਾਦੂ ਟੂਣਿਆਂ ਜਾਂ ਅਸ਼ੀਰਵਾਦਾਂ ਨਾਲ ਉਜਾਲੇ ਵਿੱਚ ਨਹੀ ਆ ਸਕਦਾ।

(4) ਰਸਨਾ ਸੋਈ ਲੋਭਿ ਮੀਠੈ ਸਾਦਿ ॥ ਮਨੁ ਸੋਇਆ ਮਾਇਆ ਬਿਸਮਾਦਿ ॥ (182) ਮਨ ਮੋਹ ਮਾਇਆ ਦੇ ਅਸਚਰਜ ਰੰਗ ਤਮਾਸ਼ਿਆਂ ਦੀ ਨੀਂਦ ਵਿੱਚ ਸੁੱਤਾ ਰਹਿੰਦਾ ਹੈ ਤੇ ਬਾਹਰੀ ਰੀਤਾਂ ਰਸਮਾਂ ਤੇ ਕਰਮ ਕਾਡਾਂ ਨਾਲ ਇਸ ਨੂੰ ਕੀਲਿਆ ਨਹੀ ਜਾ ਸਕਦਾ, ਸਾਧਿਆ ਨਹੀ ਜਾ ਸਕਦਾ, ਜਗਾਇਆ ਨਹੀ ਜਾ ਸਕਦਾ, ਹਨੇਰੇ ਵਿਚੋਂ ਕਢਿਆ ਨਹੀ ਜਾ ਸਕਦਾ ਤੇ ਨਾ ਹੀ ਧੋਤਾ ਜਾ ਸਕਦਾ ਹੈ। ਗੁਰੂ ਦੇ ਗਿਆਨ ਬਿਨਾ ਮਨੁੱਖ ਦੇ ਕੀਤੇ ਸਭ ਦਾਨ ਪੁੰਨ, ਕਥਾ, ਕੀਰਤਨ, ਸੇਵਾ, ਲੰਗਰ, ਅਹੰਕਾਰ ਦਾ ਕਾਰਨ ਬਣ ਕੇ ਨਿਰਰਥਕ ਹੋ ਜਾਂਦੇ ਹਨ। ਇਸ ਲਈ ਮਨ ਨੂੰ (ਹਉਮੈ ਦੀ ਮੈਲ ਤੋਂ) ਪਾਕ ਕਰਨਾ ਹੀ ਇਸ ਦੀ ਸਾਧਨਾ ਹੈ ਅਤੇ ਇਸ ਨਾਲ ਲੂਝਣ ਜਾਂ ਜੂਝਣ ਲਈ ਮਨੁੱਖ ਕੋਲ ਕੇਵਲ ਤੇ ਕੇਵਲ ਇਕੋ ਹੀ ਰਾਹ ਹੈ:

ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥ {ਪੰਨਾ 469} ਗੁਰੂ ਦੇ ਗਿਆਨ (ਗੁਰਬਾਣੀ) ਦੁਆਰਾ ਹੀ ਇਸ ਮਨ ਨਾਲ ਲੂਝਿਆ ਜਾ ਸਕਦਾ ਹੈ। ਮਨੁੱਖ ਪ੍ਰਬੰਧਕੀ ਟਾਂਚੇ, ਆਲੀਸ਼ਾਨ ਇਮਾਰਤਾਂ, ਨਗਰ ਕੀਰਤਨਾਂ, ਮੇਲਿਆਂ ਤੇ ਬਾਹਰਲੇ ਧਾਰਮਕ ਦਿਖਾਵੇ ਆਦਿਕ ਵਿੱਚ ਉਲਝ ਕੇ ਧਰਮ ਦਾ ਤੱਤ (ਗੁਰਗਿਆਨ, ਗੁਰਬਾਣੀ) ਵਿਸਾਰ ਬੈਠਾ ਹੈ ਤੇ ਧਰਮ ਨੂੰ ਰੀਤਾਂ ਰਸਮਾਂ, ਰਵਾਜਾਂ ਤੇ ਕਰਮ ਕਾਡਾਂ ਨਾਲ ਰਲਗੱਡ ਕਰ ਰਿਹਾ ਹੈ। ਧਰਮ ਕੇਵਲ ਮਨ ਦੀ ਸਾਧਨਾ ਦਾ ਹੀ ਵਿਸ਼ਾ ਹੈ ਤੇ ਸ਼ਬਦ (ਗੁਰਬਾਣੀ ਦੇ ਗਿਆਨ ਰੂਪੀ ਪਾਣੀ) ਨਾਲ ਹੀ ਇਸ ਨੂੰ ਮਾਂਜਿਆ ਤੇ ਸਵੱਛ ਕੀਤਾ ਜਾ ਸਕਦਾ ਹੈ, ਜਲਿ ਮਲਿ ਕਾਇਆ ਮਾਜੀਐ ਭਾਈ ਭੀ ਮੈਲਾ ਤਨੁ ਹੋਇ ॥ ਗਿਆਨਿ ਮਹਾ ਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ ਹੋਇ ॥ 636 ਇਸ ਦੀ ਬਾਹਰਲੀ ਦਹਿਦਿਸ ਦੌੜ ਨੂੰ ਰੋਕਿਆ ਤੇ ਥਿਰ ਕੀਤਾ ਜਾ ਸਕਦਾ ਹੈ, ਧਾਵਤੁ ਰਾਖੈ ਠਾਕਿ ਰਹਾਏ ॥ ਗੁਰ ਪਰਸਾਦੀ ਪਰਮ ਪਦੁ ਪਾਏ ॥ 123

ਅਗਿਆਨਤਾ ਤੇ ਭਰਮਾਂ ਦੇ ਹਨੇਰੇ ਤੋਂ ਚਾਨਣ ਵਿੱਚ ਲਿਆਇਆ ਜਾ ਸਕਦਾ ਹੈ, ਸਚੇ ਚਰਣ ਸਰੇਵੀਅਹਿ ਭਾਈ ਭ੍ਰਮੁ ਭਉ ਹੋਵੈ ਨਾਸੁ ॥ ਮਿਲਿ ਸੰਤ ਸਭਾ ਮਨੁ ਮਾਂਜੀਐ ਭਾਈ ਹਰਿ ਕੈ ਨਾਮਿ ਨਿਵਾਸੁ ॥ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪਰਗਾਸੁ ॥ 640 ਮੋਹ ਮਾਇਆ ਦੀ ਨੀਂਦ ਵਿੱਚ ਸੁੱਤੇ ਮਨ ਨੂੰ ਜਗਾਇਆ ਜਾ ਸਕਦਾ ਹੈ, ਮਨਮੁਖਿ ਸੂਤਾ ਮਾਇਆ ਮੋਹਿ ਪਿਆਰਿ ॥ ਗੁਰਮੁਖਿ ਜਾਗੇ ਗੁਣ ਗਿਆਨ ਬੀਚਾਰਿ ॥ 160 ਗੁਰਗਿਆਨ ਦੁਆਰਾ ਆਪਣੇ ਨਿਜੀ ਮਨ ਦੀ ਸਾਧਨਾ ਹੀ ਅਸਲ ਧਰਮ ਹੈ। ਮਨੁੱਖ ਬਾਹਰਲੇ ਸਰੀਰਕ ਕਰਮ ਕਾਡਾਂ (ਜਪ, ਤਪ, ਪਾਠ, ਪੂਜਾ, ਤੀਰਥ ਇਸ਼ਨਾਨ, ਦਾਨ ਪੁੰਨ ਆਦਿਕ) ਦੁਆਰਾ ਮਨ ਨੂੰ ਕਾਬੂ ਕਰਕੇ ਪਰਮਾਤਮਾ ਦੇ ਮਿਲਾਪ ਨੂੰ ਲੋਚਦਾ ਹੈ ਪਰ ਗੁਰੂ ਸੂਚਤ ਕਰਦਾ ਹੈ ਕਿ ਮਨ ਨੂੰ ਕਾਬੂ ਕੇਵਲ ਮਨ ਹੀ ਕਰ ਸਕਦਾ ਹੈ:

ਏਹੁ ਮਨੁ ਮਾਰਿਆ ਨਾ ਮਰੈ ਜੇ ਲੋਚੈ ਸਭੁ ਕੋਇ ॥ ਨਾਨਕ ਮਨ ਹੀ ਕਉ ਮਨੁ ਮਾਰਸੀ ਜੇ ਸਤਿਗੁਰੁ ਭੇਟੈ ਸੋਇ ॥੨॥ {ਪੰਨਾ 1089} ਬੇਸ਼ੱਕ ਮਨ ਨੇ ਹੀ ਮਨ ਨੂੰ ਕਾਬੂ ਕਰਨਾ ਹੈ ਪਰ ਕਾਬੂ ਕਰਨ ਵਾਲਾ ਹਥਿਆਰ ਇਕੋ ਇੱਕ ਗੁਰਗਿਆਨ ਹੀ ਹੈ ਜਿਸ ਦੀ ਵਰਤੋਂ ਬਿਨਾ ਮਨ ਕਾਬੂ ਨਹੀ ਹੋ ਸਕਦਾ (ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ ॥ 26)। ਗੁਰਬਾਣੀ ਦਾ ਹੀ ਕਥਨ ਹੈ ਕਿ: ਇਹੁ ਮਨੂਆ ਕਿਉ ਕਰਿ ਵਸਿ ਆਵੈ ॥ ਗੁਰ ਪਰਸਾਦੀ ਠਾਕੀਐ ਗਿਆਨ ਮਤੀ ਘਰਿ ਆਵੈ ॥ 426.

ਗੁਰਗਿਆਨ ਨਾਲ ਹੀ ਇਸ ਨੂੰ ਰੋਕਿਆ ਜਾ ਸਕਦਾ ਹੈ। ਬਾਹਰਲੇ ਸਾਰੇ ਕਰਮ ਧਰਮ ਮਨੁੱਖ ਨੇ ਮਨ ਨੂੰ ਵੱਸ ਕਰਨ ਲਈ ਹੀ ਅਪਨਾਏ ਸਨ ਪਰ ਮਨ ਦੀ ਸਫਾਈ (ਸਾਧਨਾ) ਬਿਨਾ ਉਹਨਾਂ ਨਾਲ ਕੋਈ ਸਫਲਤਾ ਨਾ ਹੋ ਸਕੀ ਤੇ ਉਹ ਇੱਕ ਪਾਖੰਡ ਬਣਕੇ ਹੀ ਰਹਿ ਗਏ (ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥)। ਜਿਵੇਂ ਪੌਦਿਆਂ ਨੂੰ ਹਰਾ ਭਰਾ ਰੱਖਣ ਲਈ ਪਾਣੀ ਪਤਿਆਂ ਨੂੰ ਨਹੀ ਬਲਿਕੇ ਜੜ੍ਹਾਂ ਨੂ ਦਿੱਤਾ ਜਾਂਦਾ ਹੈ ਤਿਵੇਂ ਮਨ ਸਰੀਰ ਦੀ ਜੜ੍ਹ ਹੈ ਤੇ ਇਸ ਦੀ ਹਰਿਆਵਲ ਲਈ (ਗੁਰਗਿਆਨ) ਦਾ ਪਾਣੀ ਮਨ ਨੂੰ ਹੀ ਦਿੱਤਾ ਜਾ ਸਕਦਾ ਹੈ। ਇਹ ਮਨੁੱਖ ਦੀ ਫਿਤਰਤ ਹੈ ਕਿ ਸੌਖੇ ਰਾਹਾਂ ਦੀ ਭਾਲ ਵਿੱਚ ਇਹ ਪਗਡੰਡੀਆਂ ਵਿੱਚ ਹੀ ਉਲਝ ਜਾਂਦਾ ਹੈ ਤੇ ਜੜ੍ਹ ਨੂੰ ਪਾਣੀ ਦੇਣ ਦੀ ਬਜਾਏ (ਮਨ ਨੂੰ ਸੋਧਣ ਦੀ ਬਜਾਏ) ਪੱਤਿਆਂ ਨੂੰ ਹੀ ਪਾਣੀ ਦੇਈ ਜਾਂਦਾ ਹੈ (ਸਰੀਰ ਨੂੰ ਹੀ ਸੋਧੀ ਜਾਂਦਾ ਹੈ)। ਧਰਮ ਦੀ ਸਫਲਤਾ ਮਨ ਦੀ ਸਾਧਨਾ ਤੇ ਖੜੀ ਹੈ ਇਸੇ ਲਈ ਸਮੂਹ ਗਰੁਬਾਣੀ ਮਨ ਨੂੰ ਹੀ ਸੋਧਣ ਲਈ ਹੈ, ਪਰ ਮਨੁੱਖ ਨੇ ਧਰਮ ਨੂੰ ਬਾਹਰਲੀ ਸਰੀਰਕ ਦਿੱਖ ਤੇ ਹੀ ਅਧਾਰਿਤ ਕਰ ਦਿੱਤਾ ਜਿਸ ਕਾਰਨ ਅਜ ਧਰਮ ਦਾ ਬੂਟਾ ਸੁਕਦਾ ਹੀ ਜਾ ਰਿਹਾ ਹੈ। ਮੌਜੂਦਾ ਧਰਮ ਵਿੱਚ ਹਾਨੀਕਾਰਕ ਕੱਟੜਤਾ, ਤੰਗਦਿਲੀ, ਕਠੋਰਤਾ, ਖੁਦਗਰਜ਼ੀ ਤੇ ਹੱਠਪੁਣਾ ਫੈਲ ਗਿਆ ਹੈ। ਸਪਸ਼ਟ ਹੈ ਕਿ ਜਿਨੀ ਦੇਰ ਤਕ ਧਰਮ ਨੂੰ ਸਰੀਰ ਤੋਂ ਹਟਾ ਕੇ ਮਨ ਦੀ ਸਾਧਨਾ ਤੇ ਨਿਰਭਰ ਨਹੀ ਕੀਤਾ ਜਾਂਦਾ ਉਤਨੀ ਦੇਰ ਤਕ ਇਹ ਧਰਮ ਦਾ ਬੂਟਾ ਸੁਕਦਾ ਸੁਕਦਾ ਇੱਕ ਦਿਨ ਮੁਰਝਾ ਹੀ ਜਾਵੇਗਾ। ਹੁਣ ਗੁਰੂ ਵਿਚਾਰਾ ਵੀ ਕੀ ਕਰੇ ਜਦ ਸੁਣਨ ਵਾਲਿਆਂ ਵਿੱਚ ਹੀ ਚੂਕ ਹੈ, ਉਹ ਤਾਂ ਬਹੁਤ ਸਮਝਾਵਣ ਦੀ ਕੋਸ਼ਿਸ਼ ਕਰਦਾ ਹੈ ਕਿ: ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ ॥ ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ ॥ 256 ਜਿਸ ਮਨੁੱਖ ਨੇ ਮਨਮਤ (ਹੳਮੈ) ਤਿਆਗ ਕੇ ਗੁਰਮਤ ਧਾਰਨ ਕਰ ਲਈ (ਅਗਿਆਨਤਾ ਛੱਡ ਕੇ ਗੁਰਗਿਆਨ ਨੂੰ ਕਬੂਲ ਲਿਆ) ਉਹ ਆਪਣੇ ਮਨ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ ਹੈ ਤੇ ਪਰਮਾਤਮਾ ਨਾਲ ਉਸ ਦਾ ਮਿਲਾਪ ਹੋ ਜਾਂਦਾ ਹੈ। ਉਹੀ ਫਿਰ ਅਸਲ ਸੂਰਮਾ ਸਮਝਿਆ ਜਾਂਦਾ ਹੈ। ਲਗਾ ਰੰਗੁ ਚਰਣਾਰਬਿੰਦ ਸਭੁ ਭ੍ਰਮੁ ਭਉ ਭਾਗਾ ॥ ਆਤਮੁ ਜਿਤਾ ਗੁਰਮਤੀ ਆਗੰਜਤ ਪਾਗਾ ॥ 964 ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ (ਗੁਰ ਉਪਦੇਸ਼) ਨਾਲ ਜੁੜ ਜਾਂਦਾ ਹੈ ਉਸ ਦੇ ਭਰਮ ਭੁਲੇਖੇ ਤੇ ਡਰ ਸਭ ਦੂਰ ਹੋ ਜਾਂਦੇ ਹਨ ਕਿਉਂਕਿ ਗੁਰਮਤ ਦੁਆਰਾ ਉਹ ਆਪਣੇ ਮਨ ਨੂੰ ਜਿਤ ਕੇ ਅਬਿਨਾਸੀ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦਾ ਹੈ। ਇਸ ਤੋਂ ਸਪਸ਼ਟ ਗਲ ਹੋਰ ਕਿਵੇਂ ਕਹੀ ਜਾ ਸਕਦੀ ਹੈ? ਅਧਿਆਤਮਿਕ ਗਿਆਨ ਬਿਨਾ, ਬਾਹਰਲੇ ਕਰਮ ਕਾਡਾਂ ਜਾਂ ਰਸਮ ਰਵਾਜਾਂ ਨਾਲ, ਨਾ ਮਨ ਸੋਧਿਆ ਜਾ ਸਕਦਾ ਹੈ, ਨਾਂ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ, ਤੇ ਨਾ ਹੀ ਧਰਮੀ ਹੋਇਆ ਜਾ ਸਕਦਾ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.