.

ਵਿਸ਼ਵ ਨਿਰੰਤਰਤਾ

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਡੀਨ, ਦੇਸ਼ ਭਗਤ ਯੂਨੀਵਰਸਿਟੀ

ਸਾਰਾ ਵਿਸ਼ਵ ਪ੍ਰਮਾਤਮਾਂ ਦਾ ਸਾਜਿਆ ਹੋਇਆ ਹੈ। (ਏਕਸੁ ਤੇ ਸਭਿ ਓਪਤ ਹੋਈ: ਮ: ੧ ਪੰਨਾ ੨੨੩: ੨) ਪ੍ਰਮਾਤਮਾ ਨੇ ਪਹਿਲਾਂ ਸ਼ਕਤੀ ਪੈਦਾ ਕੀਤੀ ਜਿਸ ਤੋਂ ਸਾਰੇ ਆਕਾਰ ਬਣੇ ਤੇ ਬਣਦੇ ਰਹਿਣਗੇ ਪ੍ਰਮਾਤਮਾ ਹਰ ਥਾਂ ਹਰ ਆਕਾਰ ਵਿੱਚ ਸ਼ਕਤੀ ਜਾਂ ਜੋਤ ਦੇ ਰੂਪ ਵਿੱਚ ਵਸਿਆ ਹੋਇਆ ਹੈ। (ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ: ਮ: ੧, ਪੰਨਾ ੨੦: ੮)। ਇਸ ਲਈ ਸਾਰਾ ਵਿਸ਼ਵ ਹੀ ਸ਼ਕਤੀ (ਐਨਰਜੀ) ਮੰਨਿਆਂ ਜਾ ਸਕਦਾ ਹੈ। (ਜੋਤਿ ਨਿਰੰਤਰਿ ਜਾਣੀਐ ਨਾਨਕ ਸਹਜਿ ਸੁਭਾਇ। ਮ: ੧ ਪੰਨਾ ੫੫: ੬)। ਸਾਰੀ ਸ਼ਕਤੀ ਵਿੱਚ ਲਗਾਤਾਰਤਾ ਹੈ। (ਨਿਰਮਲ ਜੋਤਿ ਨਿਰੰਤਰਿ ਜਾਤੀ (ਮ: ੧, ਪੰਨਾ ੧੦੩੯: ੫)। ਇਸ ਦਾ ਭਾਵ ਕਿਤੇ ਵੀ ਕੋਈ ਖਲਾ ਨਹੀਂ।

ਸਾਰਾ ਵਿਸ਼ਵ ਲਗਾਤਾਰ ਬਦਲਦਾ ਰਹਿੰਦਾ ਹੈ। (ਸਭੁ ਜਗੁ ਚਲਣਹਾਰ ਮ: ੧ ਪੰਨਾ ੪੬੮: ੭) ਇਸੇ ਲਈ ਸ਼ਕਤੀ ਦੇ ਰੂਪ ਭਿੰਨ ਭਿੰਨ ਹਨ ਜੋ ਲਗਾਤਾਰ ਬਦਲਦੇ ਰਹਿੰਦੇ ਹਨ, ਕਦੇ ਵੀ ਇੱਕ ਜਿਹੇ ਨਹੀਂ ਹੁੰਦੇ ਅਤੇ ਨਾ ਰਹਿੰਦੇ ਹਨ। ਕੋਈ ਵੀ ਇੱਕ ਜੀਵ ਦੂਸਰੇ ਜਿਹਾ ਨਹੀਂ ਹੁੰਦਾ (ਕੋਇ ਨਾ ਕਿਸਹੀ ਜੇਹਾ ਉਪਾਇਆ ਪੰਨਾ ੧੦੫੬: ੨)। ਸਾਇੰਸ ਇਸ ਨੂੰ ‘ਬੈਲ ਦੀ ਅਸਮਾਨਤਾ ਦਾ ਸਿਧਾਂਤ “ਮੰਨਦੀ ਹੈ: “ਬੈਲ ਦੀ ਅਸਮਾਨਤਾ ਦੇ ਸਿਧਾਂਤ ਅਨੁਸਾਰ ਕਿਸੇ ਵੀ ਫੋਟੌਨ ਦੀ ਸਮਾਨਤਾ ਕਿਸੇ ਦੂਸਰੇ ਫੋਟੋਨ ਨਾਲ ਨਹੀਂ ਜਿਸ ਕਰਕੇ ਕਿਸੇ ਵੀ ਦੋ ਫੋਟੋਨਾਂ ਵਿੱਚ ਸਮਾਨਤਾ ਨਹੀਂ”। ਇਹ ਸ਼ਕਤੀ ਪਰਮਾਤਮਾ ਨੇ ਇੱਕ ਵਾਰ ਹੀ ਪੈਦਾ ਕੀਤੀ। (ਜੋ ਕਿਛੁ ਪਾਇਆ ਸੁ ਏਕਾ ਵਾਰ ਮ: ੧ ਪੰਨਾ ੭: ੨) ਤੇ ਇਹ ਸ਼ਕਤੀ ਹਮੇਸ਼ਾ ਇੱਕ ਜਿਹੀ ਰਹਿੰਦੀ ਹੈ ਨਾ ਘਟਦੀ ਹੈ ਨਾ ਵਧਦੀ ਹੈ। (ਨਹ ਘਟੰਤ ਕੇਵਲ ਗੋਪਾਲ ਅਚੁਤ, ਮ: ੫ ਪੰਨਾ ੧੩੫੪: ੫)। ਨਾ ਕੋਈ ਮਰਦਾ ਹੈ ਨਾ ਕੋਈ ਜਿਉਂਦਾ ਹੈ (ਨਹ ਕਿਛੁ ਜਨਮੈ ਨਹ ਕਿਛੁ ਮਰੈ। (ਮ: ੫, ਪੰਨਾ ੨੮੧: ੧)।

ਇਹ ਸ਼ਕਤੀ ਸੂਖਮ ਵੀ ਹੈ ਅਸਥੂਲ ਵੀ। (ਆਪਹਿ ਸੂਖਮ ਆਪਹਿ ਅਸਥੂਲ। ਮ: ੫, ਪੰਨਾ ੧੨੩੬: ੪)। ਅਣੂਆਂ ਦੇ ਰੂਪ ਵਿੱਚ ਵੀ ਹੇ ਤੇ ਤਰੰਗਾਂ ਦੇ ਰੂਪ ਵਿੱਚ ਵੀ ਹੈ। ਆਪ ਆਕਾਰ ਵੀ ਹੈ ਨਿਰ-ਆਕਾਰ ਵੀ।। (ਆਪਿ ਆਕਾਰੁ ਆਪਿ ਨਿਰੰਕਾਰੁ। (ਮ: ੫, ਪੰਨਾ ੮੧੩: ੩) ਬਦਲਣਸ਼ੀਲਤਾ ਕਰਕੇ ਅਣੂ ਤਰਗਾਂ ਵਿੱਚ ਤੇ ਤਰੰਗ ਅਣੂਆਂ ਵਿੱਚ ਬਦਲਦੇ ਰਹਿੰਦੇ ਹਨ। ਸਾਰੀ ਸ਼ਕਤੀ ਵਿੱਚ ਲਗਾਤਾਰਤਾ ਹੋਣ ਕਰਕੇ ਇੱਕ ਆਕਾਰ ਦਾ ਪ੍ਰਭਾਵ ਬਾਕੀ ਸਾਰੇ ਆਕਾਰਾਂ ਤੇ ਪੈਂਦਾ ਰਹਿੰਦਾ ਹੈ ਕਿਉਂਕਿ ਹਰ ਇੱਕ ਅਣੂ ਜਾਂ ਤਰੰਗ ਹੋਰਾਂ ਅਣੂਆਂ ਜਾ ਤਰੰਗਾਂ ਨਾਲ ਜੁੜੇ ਹੋਏ ਹਨ। ਇਹ ਲਗਾਤਾਰ ਜੁੜੇ ਹੋਣਾਂ ਹੀ ਲਗਾਤਾਰ ਬਦਲਦੇ ਪ੍ਰਭਾਵ ਦਾ ਕਾਰਣ ਹੁੰਦਾ ਹੈ। ਅਸੀਂ ਜੋ ਹੁਣ ਅਪਣੀ ਥਾਂ ਕਰ ਰਹੇ ਹਾਂ ਉਸ ਦਾ ਥੋੜਾ ਜਾਂ ਬਹੁਤਾ ਪ੍ਰਭਾਵ ਵਿਸ਼ਵ ਦੇ ਹਰ ਹਿਸੇ ਤੇ ਪੈਂਦਾ ਹੈ। ਇਸ ਬਾਰੇ ਕੀਤੇ ਤਜਰਬਿਆਂ ਨੇ ਇਹ ਗਲ ਸਿੱਧ ਕਰ ਦਿਤੀ ਹੈ। ਇਸ ਦਾ ਵਿਸਥਾਰ ਅੱਗੇ ਦਿਤਾ ਗਿਆ ਹੈ।

ਸਾਇੰਸਦਾਨ ਅਲਬਰਟ ਆਈਨਸਟੈਨ, ਬੋਰਿਸ ਪੋਦੋਲਸਕੀ ਤੇ ਨਾਥਨ ਰੋਜ਼ਨ ਨੇ ਤਜਰਬੇ ਕਰਦਿਆਂ ਪਾਇਆ ਕਿ ਉਨ੍ਹਾਂ ਦੇ ਇੱਕ ਥਾਂ ਕੀਤੇ ਕੰਮਾਂ ਦਾ ਅਸਰ ਦੂਰ ਦੁਰਾਡੇ ਦੀਆਂ ਘਟਨਾਵਾਂ ਤੇ ਵੀ ਪੈ ਰਿਹਾ ਹੈ। ਉਨ੍ਹਾ ਨੇ ਤਜਰਬੇ ਵਿੱਚ ਵਿਰੋਧੀ ਘੁਮੇਰ (opposite spin) ਵਾਲੇ ਦੋ ਐਟਮਾਂ ਨੂੰ ਇੱਕ ਦੂਜੇ ਤੋਂ ਬਹੁਤ ਜ਼ਿਆਦਾ ਦੂਰੀ ਤੇ ਰੱਖਿਆ ਤਾਂ ਕਿ ਇੱਕ ਦਾ ਅਸਰ ਦੂਜੇ ਤੇ ਨਾ ਹੋਵੇ। ਪਰ ਜਦ ਇਸ ਦੂਰੀ ਤੇ ਵੀ ਇੱਕ ਦਾ ਘੁਮਾਉ ਇੱਕ ਪਾਸੇ ਨੂੰ ਹੁੰਦਾ ਤਾਂ ਦੂਸਰੇ ਦਾ ਘੁਮਾਉ ਅਪਣੇ ਆਪ ਦੂਸਰੇ ਪਾਸੇ ਨੂੰ ਹੋ ਜਾਂਦੇ ਭਾਵੈਂ ਕਿ ਉਨ੍ਹਾਂ ਵਿੱਚ ਦੇ ਫਾਸਲੇ ਮੀਲਾਂ ਦੂਰ ਰੱਖੇ ਗਏ। ਉਨ੍ਹਾ ਨੇ ਇੱਕ ਦੇ ਸਪਿਨ ਦੀ ਦਿਸ਼ਾ ਬਦਲੀ ਤਾ ਦੂਜੇ ਦੀ ਅਪਣੇ ਆਪ ਉਸਦੇ ਉਲਟ ਹੋ ਗਈ। ਉਨ੍ਹਾਂ ਨੂੰ ਐਟਮਾਂ ਦੀ ਇਸ ਦਸ਼ਾ ਦੀ ਸਮਝ ਨਾ ਆਈ ਤਾਂ ਉਨ੍ਹਾਂ ਨੇ ਇਸ ਨੂੰ “ਦੂਰੀ ਤੇ ਹੋਇਆ ਭੂਤਈ ਅਸਰ” ‘ghostly action at a distance’ ਬਿਆਨਿਆਂ ਕਿਉਂਕਿ ਇਸ ਅਸਰ ਦਾ ਜਵਾਬ ਉਨ੍ਹਾਂ ਨੂੰ ਨਹੀਂ ਸੀ ਲਭਿਆ। ਇਸਨੂੰ EPR paradox ਦਾ ਨਾਮ ਦਿਤਾ ਗਿਆ। ਉਨ੍ਹਾਂ ਨੇ ਇਹੋ ਅਸਰ ‘ਫੋਟੋਨਜ਼ `ਤੇ ਵੀ ਦੇਖਿਆ ਗਿਆ। ਸੰਨ ੧੯੩੫ ਵਿੱਚ ਉਨ੍ਹਾ ਨੇ ਅਪਣੇ ਪੇਪਰ ਵਿੱਚ ਇਸ ਨੂੰ ‘ਕੁਅੰਟਮ ਐਨਟੈਂਗਲਮੈਟ ‘ਦਾ ਨਾ ਦਿਤਾ।

ਇਸੇ ਭੂਤਹੀ ਅਸਰ ਦੀ ਖੋਜ ਵਿੱਚ ਹੋਏ ਤਜਰਬਿਆਂ ਵਿਚੋਂ ਬਾਦ ਦੇ ਤਜਰਬਿਆ ਵਿੱਚ ਐਲੇਨ ਐਸਪੈਕਟ ਦਾ ਤਜਰਬਾ ਏਥੇ ਖਾਸ ਮਹਤਵ ਰਖਦਾ ਹੈ। ਉਸ ਦੀ ਟੀਮ ਨੇ ਖੋਜ ਤੋਂ ਬਾਦ ਸਿੱਧ ਕੀਤਾ ਕਿ “ਅਲੈਕਟ੍ਰੋਨ ਆਪਸ ਵਿੱਚ ਇੱਕ ਦੂਜੇ ਨਾਲ ਵਾਰਤਾਲਾਪ (communicate) ਕਰ ਸਕਦੇ ਹਨ ਚਾਹੇ ਉਹ ਕਿਤਨੀ ਵੀ ਦੂਰੀ ਤੇ ਕਿਉਂ ਨਾ ਹੋਣ। ਇਹ ਕੋਈ ਫਰਕ ਨਹੀਂ ਪੈਂਦਾ ਕਿ ਉਹ ੧੦ ਫੁੱਟ ਦੇ ਫਰਕ ਤੇ ਹਨ ੧੦ ਖਰਬ ਮੀਲ ਦੇ ਫਾਸਲੇ ਤੇ”। ਖੋਜ ਦੌਰਾਨ ਉਨ੍ਹਾਂ ਨੇ ਇਹ ਵੀ ਲੱਭਿਆ ਕਿ ਇੱਕ ਇਲੈਕਟ੍ਰੋਨ ਇਕੋ ਸਮੇਂ ਦੋ ਥਾਵਾਂ ਤੇ ਵਿਸ਼ਵ ਵਿੱਚ ਕਿਤੇ ਵੀ ਹੋ ਸਕਦਾ ਹੈ। ਉਸ ਨੇ ਇਹ ਵੀ ਖੋਜਿਆ ਕਿ “ਗੁਥਮਗੁਥਾ ਜੋੜਾ ਫੋਟੋਨ ਪੂਰੇ ਵਿਸ਼ਵ ਵਿੱਚ ਨਾ-ਵੱਖ ਹੋਣ ਵਾਲਾ ਕੁਅੰਟਮ ਸਿਸਟਮ ਹੈ” “A pair of entangled photons should be considered as a global, inseparable quantum system,” Aspect concluded in 1982. ਇਸ ਦਾ ਭਾਵ ਇਹ ਕਿ ਇੱਕ ਥਾਂ ਸਥਿਤ ਫੋਟੋਨ, ਇਲੈਕਟ੍ਰੋਨ ਜਾਂ ਐਟਮ ਦੁਨੀਆਂ ਦੇ ਕਿਸੇ ਹਿਸੇ ਵਿੱਚ ਸਥਿਤ ਫੋਟੋਨ, ਇਲੈਕਟ੍ਰੋਨ ਜਾਂ ਐਟਮ ਉਤੇ ਪ੍ਰਭਾਵ ਪਾ ਸਕਦੇ ਹਨ। ਹੈਰਾਨੀ ਦੀ ਗਲ ਇਹ ਹੈ ਕਿ ਇੱਕ ਥਾਂ ਤੇ ਸਥਿਤ ਫੋਟੋਨ, ਇਲੈਕਟ੍ਰੋਨ ਜਾਂ ਐਟਮ ਦੂਸਰੇ ਸਥਾਨ ਤੇ ਸਥਿਤ ਫੋਟੋਨ, ਇਲੈਕਟ੍ਰੋਨ ਜਾਂ ਐਟਮ ਬਾਰੇ ਜਾਣਦਾ ਹੈ ਕਿ ਉਹ ਕੀ ਕਰ ਰਿਹਾ ਹੈ।

ਲੰਡਨ ਯੂਨੀਵਰਸਿਟੀ ਦੇ ਸਾਇੰਦਸਾਨ ਡੇਵਿਡ ਬੋਹਮ ਐਸਪੈਕਟ ਦੀ ਇਸ ਖੋਜ ਨੂੰ ਇੱਕ ਹੌਲੋਗ੍ਰਾਮ ਨਾਲ ਬਿਆਨ ਕਰਦੇ ਦਰਸਾਉਂਦੇ ਹਨ ਕਿ ਹਰ ਫੋਟੋਨ, ਇਲੈਕਟ੍ਰੋਨ ਜਾਂ ਐਟਮ ਦਾ ਇੱਕ ਦਰਪਣ ਹੁੰਦਾ ਹੈ ਜਿਸ ਵਿੱਚ ਉਸ ਦੇ ਅਕਸ ਵਿਸ਼ਵ ਵਿੱਚ ਫੈਲਦੇ ਹਨ। ਇਸ ਨੂੰ ਸਮਝਣ ਲਈ ਪਹਿਲਾਂ ਹੌਲੋਗ੍ਰਾਮ ਨੂੰ ਸਮਝਣਾ ਜ਼ਰੂਰੀ ਹੈ। ਹੌਲੋਗ੍ਰਾਮ ਲੇਜ਼ਰ ਕਿਰਨਾਂ ਰਾਹੀਂ ਬਣਾਈ ਗਈ ਤਿੰਨ-ਪੱਖੀ ਤਸਵੀਰ ਹੈ ਜਿਸ ਤੋਂ ਜੋ ਤਸਵੀਰ ਲਈ ਗਈ ਹੈ ਉਸ ਦੇ ਤਿੰਨ ਪੱਖ ਉਜਾਗਰ ਹੁੰਦੇ ਹਨ। ਜੇ ਇੱਕ ਗੁਲਾਬ ਨੂੰ ਦੋ ਭਾਗਾਂ ਵਿੱਚ ਕੱਟਿਆ ਜਾਵੇ ਤੇ ਫਿਰ ਲੇਜ਼ਰ ਕਿਰਨਾਂ ਨਾਲ ਰੁਸ਼ਨਾਇਆ ਜਾਵੇ ਤਾਂ ਦੋਨੋਂ ਹਿਸਿਆਂ ਵਿਚੋਂ ਹੀ ਪੂਰਾ ਗੁਲਾਬ ਦਿਖਾਈ ਦੇਵੇਗਾ। ਇਨ੍ਹਾਂ ਦੋ ਹਿਸਿਆ ਦੇ ਜੇ ਅੱਗੇ ਵੀ ਹਿੱਸੇ ਕਰ ਦਿਤੇ ਜਾਣ ਤਾਂ ਉਨ੍ਹਾਂ ਹਿਸਿਆ ਵਿਚੋਂ ਵੀ ਪੂਰਾ ਪਰ ਛੋਟਾ ਗੁਲਾਬ ਨਜ਼ਰ ਆਵੇਗਾ। ਹਰ ਹਿਸੇ ਵਿੱਚ ਪੂਰਨ ਵਸਦੇ ਰੱਬ ਨੂੰ ਸਿੱਧ ਕਰਨ ਦੀ ਇਹ ਇੱਕ ਵਧੀਆ ਮਿਸਾਲ ਹੈ। ਬੋਹਮ ਨੇ ਇਸੇ ਮਿਸਾਲ ਨੂੰ ਲੈ ਕੇ ਐਸਪੈਕਟ ਦੇ ਤਜਰਬੇ ਨੂੰ ਸਹੀ ਦਰਸਾਇਆ ਹੈ। ਬੋਹਮ ਅਨੁਸਾਰ ਅਣੂਆਂ ਦੇ ਹਿਸੇ ਇੱਕ ਦੂਜੇ ਨਾਲ ਲਗਾਤਾਰ ਮੇਲ ਵਿੱਚ ਹੁੰਦੇ ਹਨ ਭਾਵੇਂ ਫਾਸਲਾ ਕਿਤਨਾ ਵੀ ਹੋਵੇ। ਇਹ ਇਸ ਕਰਕੇ ਨਹੀਂ ਕਿ ਉਹ ਇੱਕ ਦੂਜੇ ਨਾਲ ਲਗਾਤਾਰ ਸੂਚਨਾ ਦਾ ਆਦਾਨ ਪ੍ਰਦਾਨ ਕਰਦੇ ਹਨ ਬਲਕਿ ਇਸ ਲਈ ਕਿ ਉਨ੍ਹਾਂ ਦਾ ਇਸ ਤਰ੍ਹਾਂ ਵੱਖ ਹੋਣਾ ਇੱਕ ਝੌਲਾ ਜਾਂ ਅਕਸ ਹੀ ਹੈ। ਜੇ ਅਸੀਂ ਡੂੰਘਾਈ ਵਿੱਚ ਜਾਈਏ ਤਾਂ ਕੋਈ ਵੀ ਅਣੂ ਦੂਸਰੇ ਤੋਂ ਵੱਖ ਨਹੀਂ ਹੈ ਜੋ ਉਸਦੀ ਕੋਈ ਅਲਗ ਹੋਂਦ ਨਹੀਂ ਹੈ ਤੇ ਉਹ ਸਭ ਇੱਕ ਹੀ ਹੋਂਦ ਦਾ ਹਿਸਾ ਹਨ।

ਹੋਰ ਵਿਸਥਾਰ ਨਾਲ ਸਮਝਾਉਣ ਲਈ ਬੋਹਮ ਇੱਕ ਅਕੇਰੀਅਮ (ਮੱਛੀਆਂ ਦਾ ਸੰਭਾਲ ਕੇਂਦਰ) ਦੀ ਉਦਾਹਰਨ ਦਿੰਦਾ ਹੈ। ਉਸ ਅਨੁਸਾਰ ਜੇ ਅਸੀਂ ਇੱਕ ਮਛਲੀ ਦੀ ਦੋ ਕੈਮਰਿਆਂ ਨਾਲ ਵੱਖ ਵੱਖ ਪਾਸਿਓਂ ਵਿਡੀਓ ਬਣਾਈਏ ਤੇ ਦੋ ਵੱਖ ਵੱਖ ਪਰਦਿਆਂ ਉਪਰ ਵਿਖਾਈਏ ਤਾਂ ਦੋਨੋਂ ਤਸਵੀਰਾਂ ਵਿੱਚ ਦੋ ਵੱਖ ਮਛਲੀਆਂ ਦਿਸਣਗੀਆਂ ਪਰ ਉਨ੍ਹਾਂ ਦੇ ਐਕਸ਼ਨ ਇਕੋ ਜਿਹੇ ਦਿਸਣਗੇ। ਇਸਤਰ੍ਹਾਂ ਲਗੇਗਾ ਕਿ ਦੋਨੋ ਮਛਲੀਆਂ ਇੱਕ ਦੂਜੇ ਦੇ ਨਾਲ ਲਗਾਤਾਰ ਮੇਲ ਵਿੱਚ ਹਨ ਤੇ ਇੱਕ ਦੂਜੇ ਨੂੰ ਦੇਖਕੇ ਇਕੋ ਜਿਹਾ ਐਕਸਨ ਕਰ ਰਹੇ ਹਨ। ਪਰ ਅਸਲ ਵਿੱਚ ਤਾਂ ਮੱਛੀ ਇਕੋ ਹੀ ਹੈ ਤੇ ਉਸ ਦੇ ਸਾਰੇ ਐਕਸ਼ਨ ਇੱਕ ਤਰ੍ਹਾਂ ਦੇ ਹਨ।

ਉਪਰੋਕਤ ਅਸਰ ਇਸ ਲਈ ਹੈ ਕਿ ਹਰ ਥਾਂ ਪਰਮਾਤਮਾ ਇੱਕ ਹੀ ਹੈ ਤੇ ਵਿਸ਼ਵ ਦੇ ਹਰ ਹਿਸੇ ਵਿੱਚ ਉਹੀ ਪ੍ਰਮਾਤਮਾ ਦਰਪਣ ਵਾਂਗ ਲਗਾਤਾਰ ਵਸ ਰਿਹਾ ਹੈ। (ਸੋ ਤੁਮਹੀ ਮਹਿ ਬਸੈ ਨਿਰੰਤਰਿ ਨਾਨਕ ਦਰਪਨਿ ਨਿਆਈ। (ਮ: ੯, ਪੰਨਾ ੬੩੨: ੧੨) ਵਿਸ਼ਵ ਦੀ ਨਿਰੰਤਰਤਾ, ਬਦਲਣਸ਼ੀਲਤਾ, ਸਰਬਗਤਾ ਤੇ ਸਾਪੇਖਤਾ ਨੂੰ ਸਮਝਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਮਿਸਾਲ ਜ਼ਰੀਆ ਹੈ।

ਤਤਕਰਾ

1.Experimental Realization of Einstein-Podolsky-Rosen-Bohm Gedankenexperiment: A New Violation of Bell’s Inequalities, A. Aspect, P. Grangier, and G. Roger, Physical Review Letters, Vol. 49, Iss. 2, pp. 91–94 (1982) doi:10.1103/PhysRevLett.49.91

2. Experimental Test of Bell’s Inequalities Using Time-Varying Analyzers, A. Aspect, J. Dalibard and G. Roger, Physical Review Letters, Vol. 49, Iss. 25, pp. 1804–1807 (1982) doi:10.1103/PhysRevLett.49.1804

3. J.S. Bell, “On the Einstein Podolsky Rosen Paradox” (1964). Paper reproduced in Speakable and unspeakable in quantum mechanics, Cambridge: Cambridge University Press, 2nd edition, 2004.

4. To be or not to be local, A. Aspect, Nature, Vol. 446, pp. 866–867 (2007)

5. Science Daily, February 5, 2009, Holographic Universe: Discovery Could Herald New Era In Fundamental Physics




.