.

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੨੨)

Gurmat and science in present scenario (Part-22)

ਗੁਰੂ ਸਾਹਿਬਾਂ ਨੇ ਅਕਾਲ ਪੁਰਖ ਨੂੰ ਅੰਦਰ ਖੋਜ਼ਣ ਲਈ ਕਿਹਾ ਹੈ, ਜੋ ਬਾਹਰ ਹੈ, ਉਹੀ ਅੰਦਰ ਹੈ

Guru Sahib has taught to discover Akal Purk wihin ourselves. Whatever is in the cosmos is also present within every matter

ਕੁਦਰਤ ਨੇ ਮਨੁੱਖ ਨੂੰ ਬੁਧੀ ਦਿੱਤੀ ਹੈ, ਜੋ ਕਿ ਹੋਰ ਜਾਨਵਰਾਂ ਵਿੱਚ ਨਹੀਂ ਹੈ। ਇਹੀ ਕਾਰਣ ਹੈ ਕਿ ਆਦਿ ਕਾਲ ਤੋਂ ਮਨੁੱਖ ਹਮੇਸ਼ਾਂ ਤਰੱਕੀ ਲਈ ਉਪਰਾਲੇ ਕਰਦਾ ਰਿਹਾ। ਰੋਜ਼ੀ ਰੋਟੀ ਲਈ ਨਵੀਂ ਨਵੀਂ ਤਰ੍ਹਾਂ ਦੇ ਖੇਤੀ ਦੇ ਢੰਗ ਅਪਨਾਉਂਦਾ ਰਿਹਾ, ਸ਼ਿਕਾਰ ਕਰਨ ਲਈ ਵਧੀਆ ਔਜ਼ਾਰ ਤਿਆਰ ਕਰਨ ਲਗ ਪਿਆ। ਰਹਿੰਣ ਲਈ ਚੰਗੇ ਘਰ ਉਸਾਰਨ ਲਗ ਪਿਆ, ਆਪਣੀਆਂ ਸਹੂਲਤਾਂ ਵਿੱਚ ਲਗਾਤਾਰ ਵਾਧਾ ਕਰਦਾ ਗਿਆ। ਵਰਤਮਾਨ ਯੁਗ ਸਾਇੰਸ ਦਾ ਯੁਗ ਹੈ, ਤੇ ਮਨੁੱਖ ਨਵੀਆਂ ਤੋਂ ਨਵੀਆਂ ਤਕਨੀਕਾਂ ਈਜ਼ਾਦ ਕਰ ਰਿਹਾ ਹੈ। ਸਾਇੰਸ ਦਾ ਆਧਾਰ ਤੇ ਮੰਤਵ ਖੋਜ ਹੀ ਹੈ। ਜੇ ਕਰ ਮਨੁੱਖ ਨੇ ਨਵੀਂ ਤੋਂ ਨਵੀਂ ਖੋਜ ਨਾ ਕੀਤੀ ਹੁੰਦੀ ਤਾਂ ਵਰਤਮਾਨ ਸਥਿੱਤੀ ਤਕ ਕਦੇ ਨਾ ਪਹੁੰਚ ਸਕਦਾ। ਸਾਇੰਸ ਦੀ ਖੋਜ ਪਦਾਰਥ ਤੱਕ ਸੀਮਿਤ ਹੈ, ਇਸੇ ਲਈ ਮਨੁੱਖ ਨੇ ਤਕਨੀਕੀ ਤਰੱਕੀ ਤਾਂ ਬਹੁਤ ਕਰ ਲਈ, ਸਰੀਰ ਦੀ ਬਣਤਰ ਬਾਰੇ ਬਹੁਤ ਖੋਜ ਕਰ ਲਈ ਤੇ ਬਹੁਤ ਸਾਰੀਆਂ ਬੀਮਾਰੀਆਂ ਤੇ ਇਲਾਜ ਵੀ ਲੱਭ ਲਏ। ਪਰੰਤੂ ਇਤਨੀ ਤਰੱਕੀ ਹੋਣ ਦੇ ਬਾਵਜੂਦ ਮਨ ਦੀਆਂ ਬੀਮਾਰੀਆਂ ਦੇ ਕਾਰਣ ਤੇ ਇਲਾਜ ਨਹੀਂ ਲੱਭ ਸਕਿਆ। ਇਸ ਨੂੰ ਦੂਸਰੇ ਲੱਫਜ਼ਾਂ ਵਿੱਚ ਕਹਿ ਲਉ ਕਿ ਮਨੁੱਖ ਨੇ ਅਕਾਲ ਪੁਰਖ ਨੂੰ ਬਾਹਰੋਂ ਖੋਜ਼ਣ ਲਈ ਤਾਂ ਬਹੁਤ ਉਪਰਾਲੇ ਕੀਤੇ ਪਰੰਤੂ ਅੰਦਰੋਂ ਖੋਜ਼ਣ ਲਈ ਕੁੱਝ ਨਹੀਂ ਕੀਤਾ। ਮਨੁੱਖ ਜਿਆਦਾ ਤਰ ਮਨ ਕਰਕੇ ਦੁਖੀ ਹੁੰਦਾ ਹੈ। ਜੀਵਨ ਤਾਂ ਹੀ ਸੁਖੀ ਤੇ ਸਫਲ ਹੈ, ਜੇ ਕਰ ਮਨ ਦੀਆਂ ਬੀਮਾਰੀਆਂ ਦੇ ਕਾਰਣ ਤੇ ਇਲਾਜ ਵੀ ਲੱਭੇ ਜਾ ਸਕਣ। ਇਹੀ ਕਾਰਣ ਹੈ ਕਿ ਗੁਰੂ ਸਾਹਿਬਾਂ ਨੇ ਅਕਾਲ ਪੁਰਖ ਨੂੰ ਅੰਦਰੋਂ ਖੋਜ਼ਣ ਲਈ ਵੀ ਕਿਹਾ ਹੈ, ਕਿਉਂਕਿ ਜਿਸ ਤਰ੍ਹਾਂ ਅਕਾਲ ਪੁਰਖ ਬਾਹਰ ਦਿਖਾਈ ਦਿੰਦਾ ਹੈ, ਉਸੇ ਤਰ੍ਹਾਂ ਉਹ ਸਭ ਦੇ ਅੰਦਰ ਵੀ ਹੈ।

ਪਾਣੀ ਦਾ ਇੱਕ ਤੁਬਕਾ ਸਮੁੰਦਰ ਦੇ ਪਾਣੀ ਵਰਗਾ ਹੀ ਹੁੰਦਾ ਹੈ। ਜੋ ਕੁੱਝ ਪਾਣੀ ਦੇ ਤੁਬਕੇ ਦੇ ਅੰਦਰ ਹੈ, ਉਹੀ ਕੁੱਝ ਸਾਰੇ ਸਮੁੰਦਰ ਦੇ ਪਾਣੀ ਦੇ ਅੰਦਰ ਹੈ। ਹਰੇਕ ਪਦਾਰਥ ਦਾ ਛੋਟਾ ਹਿਸਾ ਉਸ ਵਰਗਾ ਹੁੰਦਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬਾਂ ਨੇ ਸਮਝਾਇਆ ਹੈ, ਕਿ ਜੋ ਅਕਾਲ ਪੁਰਖ ਪੂਰੀ ਸ੍ਰਿਸ਼ਟੀ ਦੇ ਅੰਦਰ ਬਾਹਰੀ ਰੂਪ ਵਿੱਚ ਵਿਖਾਈ ਦਿੰਦਾ ਹੈ, ਉਹੀ ਅਕਾਲ ਪੁਰਖ ਹਰੇਕ ਪਦਾਰਥ ਦੇ ਅੰਦਰ ਵੀ ਹੈ। ਇਹੀ ਕਾਰਣ ਹੈ ਕਿ ਗੁਰੂ ਸਾਹਿਬਾਂ ਨੇ ਮਨੁੱਖ ਨੂੰ ਆਪਣੇ ਮੂਲ ਅਕਾਲ ਪੁਰਖ ਨੂੰ ਪਹਿਚਾਨਣ ਲਈ ਤੇ ਉਸ ਨਾਲ ਸਦੀਵੀ ਸਬੰਧ ਜੋੜਨ ਲਈ ਸਮਝਾਇਆ ਹੈ।

ਜਿਹੜਾ ਮਨੁੱਖ ਅਕਾਲ ਪੁਰਖ ਨਾਲ ਆਪਣੀ ਦੂਰੀ ਨੂੰ ਘਟਾ ਕੇ ਆਪਣੇ ਮਨ ਨੂੰ ਅਕਾਲ ਪੁਰਖ ਦੀ ਯਾਦ ਵਿੱਚ ਜੋੜ ਲੈਂਦਾ ਹੈ, ਉਸ ਅੰਦਰ ਅਕਾਲ ਪੁਰਖ ਵਰਗੇ ਗੁਣ ਪੈਂਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਅਕਾਲ ਪੁਰਖ ਦੀ ਯਾਦ ਸਦਕਾ ਮਨੁੱਖ ਦਾ ਸੰਸਾਰਕ ਡਰ ਦੂਰ ਹੋ ਜਾਂਦਾ ਹੈ ਤੇ ਉਸ ਅੰਦਰ ਅਕਾਲ ਪੁਰਖ ਲਈ ਭਰੋਸਾ ਤੇ ਸ਼ਰਧਾ ਕਾਇਮ ਹੋ ਜਾਂਦੀ ਹੈ। ਮਨੁੱਖ ਉਸ ਅਕਾਲ ਪੁਰਖ ਨੂੰ ਆਪਣੇ ਅੰਦਰ ਵੱਸਦਾ ਜਾਨਣ ਲਗ ਪੈਂਦਾ ਹੈ, ਜਿਹੜਾ ਕਿ ਸਾਰੇ ਜਗਤ ਵਿੱਚ ਵਿਆਪਕ ਹੈ। ਜਿਉਂ ਜਿਉਂ ਇਹ ਭੇਦ ਹੋਰ ਹੋਰ ਖੁਲ੍ਹਦਾ ਜਾਂਦਾ ਹੈ, ਉਸ ਮਨੁੱਖ ਨੂੰ ਹੋਰ ਸਮਝ ਆਉਂਣੀ ਸ਼ੁਰੂ ਹੋ ਜਾਂਦੀ ਹੈ, ਕਿ ਅਕਾਲ ਪੁਰਖ ਅੰਦਰ ਬਾਹਰ ਹਰ ਥਾਂ ਵੱਸ ਰਿਹਾ ਹੈ। ਗੁਰਬਾਣੀ ਦੁਆਰਾ ਅਕਾਲ ਪੁਰਖ ਦੇ ਗੁਣ ਗਾਉਂਣ ਸਦਕਾ ਮਨੁੱਖ ਸ੍ਰਿਸ਼ਟੀ ਦੇ ਮਾਲਕ ਅਕਾਲ ਪੁਰਖ ਨਾਲ ਸਦੀਵੀ ਸਬੰਧ ਕਾਇਮ ਕਰ ਲੈਂਦਾ ਹੈ।

ਭਭਾ ਭੇਦਹਿ ਭੇਦ ਮਿਲਾਵਾ॥ ਅਬ ਭਉ ਭਾਨਿ ਭਰੋਸਉ ਆਵਾ॥ ਜੋ ਬਾਹਰਿ ਸੋ ਭੀਤਰਿ ਜਾਨਿਆ॥ ਭਇਆ ਭੇਦੁ ਭੂਪਤਿ ਪਹਿਚਾਨਿਆ॥ ੩੦॥ (੩੪੨)

ਅਕਾਲ ਪੁਰਖ ਦੀ ਰਜ਼ਾ ਅਨੁਸਾਰ ਸਭ ਜੀਵਾਂ ਦੇ ਮੱਥੇ ਉਤੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਲੇਖ ਲਿਖਿਆ ਜਾਂਦਾ ਹੈ। ਸਿਰਫ਼ ਅਕਾਲ ਪੁਰਖ ਆਪ ਇਨ੍ਹਾਂ ਕਰਮਾ ਦੇ ਲੇਖਾਂ ਤੋਂ ਮੁਕਤ ਹੈ, ਬਾਕੀ ਹੋਰ ਕੋਈ ਜੀਵ ਅਜੇਹਾ ਨਹੀਂ ਹੈ, ਜਿਸ ਉਪਰ ਲੇਖਾਂ ਦਾ ਪ੍ਰਭਾਵ ਨਹੀਂ ਹੈ। ਅਕਾਲ ਪੁਰਖ ਆਪ ਕੁਦਰਤ ਦੀ ਰਚਨਾ ਕਰਕੇ, ਉਸ ਦੀ ਸੰਭਾਲ ਵੀ ਆਪ ਹੀ ਕਰਦਾ ਹੈ, ਤੇ ਆਪਣੇ ਹੁਕਮ ਅਨੁਸਾਰ ਜਗਤ ਦੀ ਸਾਰੀ ਕਾਰ ਵਿਹਾਰ ਚਲਾ ਰਿਹਾ ਹੈ। ਗੁਰੂ ਸਾਹਿਬ ਆਪਣੇ ਮਨ ਨੂੰ ਸਮਝਾਂਦੇ ਹਨ ਕਿ ਹੇ ਮੇਰੇ ਮਨ! ਸਦਾ ਅਕਾਲ ਪੁਰਖ ਦਾ ਨਾਮੁ ਜਪਿਆ ਕਰ, ਕਿਉਂਕਿ ਅਕਾਲ ਪੁਰਖ ਦਾ ਨਾਮੁ ਜਪਣ ਨਾਲ ਹੀ ਆਤਮਕ ਸੁਖ ਮਿਲ ਸਕਦਾ ਹੈ। ਦਿਨ ਰਾਤ ਅਕਾਲ ਪੁਰਖ ਦੇ ਚਰਨਾਂ ਦਾ ਧਿਆਨ ਧਰਿਆ ਕਰ, ਕਿਉਂਕਿ ਅਕਾਲ ਪੁਰਖ ਆਪ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਤੇ ਆਪ ਹੀ ਸਭ ਵਿੱਚ ਵਿਆਪਕ ਹੋ ਕੇ ਉਨ੍ਹਾਂ ਦਾਤਾ ਨੂੰ ਭੋਗਣ ਵਾਲਾ ਹੈ। ਗੁਰੂ ਸਾਹਿਬ ਸਮਝਾਂਦੇ ਹਨ ਕਿ ਜਿਹੜਾ ਅਕਾਲ ਪੁਰਖ ਤੇਰੇ ਅੰਦਰ ਵੱਸ ਰਿਹਾ ਹੈ ਉਸ ਨੂੰ ਬਾਹਰ ਸਾਰੀ ਕੁਦਰਤ ਵਿੱਚ ਵੇਖ, ਕਿਉਂਕਿ ਉਸ ਅਕਾਲ ਪੁਰਖ ਤੋਂ ਇਲਾਵਾ ਉਸ ਵਰਗਾ ਹੋਰ ਕੋਈ ਨਹੀਂ ਹੈ। ਗੁਰਬਾਣੀ ਅਨੁਸਾਰ ਦਰਸਾਏ ਗਏ ਰਸਤੇ ਤੇ ਚਲ ਕੇ ਉਸ ਇੱਕ ਅਕਾਲ ਪੁਰਖ ਨੂੰ ਵੇਖਣ ਵਾਲੀ ਆਪਣੀ ਦ੍ਰਿਸ਼ਟੀ ਬਣਾ ਤੇ ਫਿਰ ਤੈਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਹਰੇਕ ਸਰੀਰ ਵਿੱਚ ਅਕਾਲ ਪੁਰਖ ਦੀ ਜੋਤਿ ਮੌਜੂਦ ਹੈ। ਪਰੰਤੂ ਇਹ ਧਿਆਨ ਵਿੱਚ ਰੱਖਣਾਂ ਹੈ ਕਿ ਗੁਰੂ ਨੂੰ ਮਿਲਿਆਂ ਹੀ ਅਕਾਲ ਪੁਰਖ ਦੇ ਗੁਣ ਗਾਇਨ ਕਰਨ ਦੀ ਅਕਲ ਆਉਂਦੀ ਹੈ। ਗੁਰੂ ਦੀ ਕਿਰਪਾ ਨਾਲ ਅਸੀਂ ਉਸ ਅਕਾਲ ਪੁਰਖ ਨੂੰ ਸਭ ਵਿੱਚ ਵੱਸਦਾ ਵੇਖਣ ਦੀ ਸਮਰਥਾ ਪ੍ਰਾਪਤ ਕਰ ਸਕਦੇ ਹਾਂ। ਆਤਮਕ ਜੀਵਨ ਦੇਣ ਵਾਲਾ ਨਾਮੁ ਰਸ ਪੀਣ ਨਾਲ ਆਤਮਕ ਆਨੰਦ ਮਿਲਦਾ ਹੈ, ਅਤੇ ਆਪਣੇ ਹਿਰਦੇ ਘਰ ਵਿੱਚ ਅਕਾਲ ਪੁਰਖ ਦਾ ਟਿਕਾਣਾ ਹੋ ਜਾਂਦਾ ਹੈ, ਜਿਸ ਸਦਕਾ ਮਨ ਦੀ ਬਾਹਰੀ ਭਟਕਣਾ ਘਟ ਜਾਂਦੀ ਹੈ।

ਮਨ ਰੇ ਰਾਮ ਜਪਹੁ ਸੁਖੁ ਹੋਈ॥ ਅਹਿਨਿਸਿ ਗੁਰ ਕੇ ਚਰਨ ਸਰੇਵਹੁ ਹਰਿ ਦਾਤਾ ਭੁਗਤਾ ਸੋਈ॥ ਰਹਾਉ॥ ਜੋ ਅੰਤਰਿ ਸੋ ਬਾਹਰਿ ਦੇਖਹੁ ਅਵਰੁ ਨ ਦੂਜਾ ਕੋਈ ਜੀਉ॥ ਗੁਰਮੁਖਿ ਏਕ ਦ੍ਰਿਸਟਿ ਕਰਿ ਦੇਖਹੁ ਘਟਿ ਘਟਿ ਜੋਤਿ ਸਮੋਈ ਜੀਉ॥ ੨॥ (੫੯੮, ੫੯੯)

ਭਗਤ ਪੀਪਾ ਜੀ ਸਮਝਾਂਦੇ ਹਨ ਕਿ ਦੇਸ ਦੇਸਾਂਤਰਾਂ ਨੂੰ ਖੋਜ ਕੇ ਆਖ਼ਰ ਆਪਣੇ ਸਰੀਰ ਦੇ ਅੰਦਰ ਹੀ ਮੈਂ ਅਕਾਲ ਪੁਰਖ ਦਾ ਨਾਮੁ ਰੂਪੀ ਨੌ ਨਿਧ ਖਜ਼ਾਨਾ ਲੱਭ ਲਿਆ ਹੈ, ਹੁਣ ਮੇਰੇ ਸਰੀਰ ਵਿੱਚ ਅਕਾਲ ਪੁਰਖ ਦੀ ਯਾਦ ਦਾ ਹੀ ਤੇਜ ਪ੍ਰਤਾਪ ਹੈ, ਉਸ ਦੀ ਬਰਕਤ ਨਾਲ ਮੇਰੇ ਲਈ ਨਾ ਕੁੱਝ ਜੰਮਦਾ ਹੈ, ਨਾ ਮਰਦਾ ਹੈ ਭਾਵ, ਮੇਰਾ ਜਨਮ ਮਰਨ ਮਿਟ ਗਿਆ ਹੈ। ਭਗਤ ਪੀਪਾ ਜੀ ਨੇ ਵੀ ਆਪਣੇ ਅੰਦਰੋਂ ਖੋਜਣ ਦੀ ਸਿਖਿਆ ਦਿੱਤੀ ਹੈ। ਜੋ ਸ੍ਰਿਸ਼ਟੀ ਦਾ ਰਚਣਹਾਰ ਅਕਾਲ ਪੁਰਖ ਸਾਰੇ ਬ੍ਰਹਮੰਡ ਵਿੱਚ ਵਿਆਪਕ ਹੈ, ਉਹੀ ਮਨੁੱਖਾ ਸਰੀਰ ਵਿੱਚ ਹੈ, ਜੋ ਮਨੁੱਖ ਖੋਜ ਕਰਦਾ ਹੈ, ਉਹ ਉਸ ਨੂੰ ਲੱਭ ਲੈਂਦਾ ਹੈ, ਜੇ ਸਤਿਗੁਰੂ ਮਿਲ ਪਏ ਤਾਂ ਅੰਦਰ ਹੀ ਦਰਸ਼ਨ ਕਰਾ ਦਿੰਦਾ ਹੈ। ਇਸ ਸ਼ਬਦ ਵਿੱਚ ਭਗਤ ਪੀਪਾ ਜੀ ਮੂਰਤੀ ਪੂਜਾ ਦੀ ਬਜਾਏ ਸਰੀਰ ਮੰਦਰ ਵਿੱਚ ਵੱਸਦੇ ਅਕਾਲ ਪੁਰਖ ਨੂੰ ਯਾਦ ਕਰਨ ਲਈ ਕਹਿੰਦੇ ਹਨ। ਜਿਸ ਮਨੁੱਖ ਦੇ ਸਰੀਰ ਵਿੱਚ ਅਕਾਲ ਪੁਰਖ ਦੀ ਯਾਦ ਵਸ ਜਾਂਦੀ ਹੈ, ਉਹ ਦੇਸ ਦੇਸਾਂਤਰਾਂ ਦੇ ਵੱਖ ਵੱਖ ਤੀਰਥ ਸਥਾਨਾਂ ਅਤੇ ਮੰਦਰਾਂ ਉੱਪਰ ਭਟਕਣ ਦੀ ਬਜਾਏ ਅਕਾਲ ਪੁਰਖ ਨੂੰ ਆਪਣੇ ਸਰੀਰ ਵਿਚੋਂ ਹੀ ਲੱਭ ਲੈਂਦਾ ਹੈ। ਇਸ ਲਈ ਉਸ ਅਕਾਲ ਪੁਰਖ ਨੂੰ ਆਪਣੇ ਸਰੀਰ ਦੇ ਅੰਦਰ ਲੱਭੋ, ਇਹੀ ਅਸਲ ਦੇਵਤੇ ਦੀ ਭਾਲ ਹੈ, ਇਹੀ ਅਸਲ ਮੰਦਰ ਹੈ, ਇਹੀ ਅਸਲ ਪੂਜਾ ਹੈ। ਇਹ ਧਿਆਨ ਵਿੱਚ ਰੱਖਣਾਂ ਹੈ ਕਿ ਉਸ ਪਰਮ ਤੱਤ ਅਕਾਲ ਪੁਰਖ ਨੂੰ ਨਿਰਾ ਆਪਣੇ ਸਰੀਰ ਵਿੱਚ ਹੀ ਨਾ ਸਮਝ ਰੱਖਣਾ, ਉਸ ਨੂੰ ਸਾਰੇ ਬ੍ਰਹਮੰਡ ਵਿਚ, ਹਰੇਕ ਹਿਰਦੇ ਵਿੱਚ ਵੀ ਵੱਸਦਾ ਵੇਖਣਾ ਹੈ। ਇਹ ਸੂਝ ਸਾਨੂੰ ਸਰਬ ਸਾਂਝੀ ਗੁਰਬਾਣੀ ਤੋਂ ਹੀ ਮਿਲ ਸਕਦੀ ਹੈ।

ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥ ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ॥ ੨॥ ੩॥ (੬੯੫)

ਗੁਰੂ ਸਾਹਿਬਾਂ ਨੇ ਬੜੇ ਸਰਲ ਤਰੀਕੇ ਨਾਲ ਸਮਝਾਂਇਆ ਹੈ ਕਿ ਜੇਕਰ ਧਰਮ ਦੀ ਸਿਖਿਆ ਲੈਂਣਾਂ ਚਾਹੁੰਦੇ ਹਾਂ ਤਾਂ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ, ਅਸੀਂ ਆਪਣੇ ਸਰੀਰ ਕੋਲੋ ਹੀ ਲੈ ਸਕਦੇ ਹਾਂ। ਇਹ ਸਾਰਾ ਮਨੁੱਖਾ ਸਰੀਰ ਧਰਮ ਕਮਾਉਣ ਦੀ ਥਾਂ ਹੈ, ਇਸ ਵਿੱਚ ਸੱਚੇ ਪ੍ਰਭੂ ਦੀ ਜੋਤਿ ਲੁਕੀ ਹੋਈ ਹੈ। ਇਸ ਸਰੀਰ ਵਿੱਚ ਦੈਵੀ ਗੁਣ, ਰੂਪ, ਤੇ ਗੁੱਝੇ ਲਾਲ ਰਤਨ ਲੁਕੇ ਹੋਏ ਹਨ। ਸਰੀਰ ਦਾ ਹਰੇਕ ਅੰਗ ਬਾਕੀ ਸੱਭ ਦੂਸਰੇ ਅੰਗਾਂ ਲਈ ਕੰਮ ਕਰਦਾ ਹੈ ਜਾਂ ਉਨ੍ਹਾਂ ਦੀ ਸਹਾਇਤਾ ਕਰਦਾ ਹੈ, ਪਰੰਤੂ ਬਦਲੇ ਵਿੱਚ ਕੁੱਝ ਨਹੀਂ ਮੰਗਦਾ ਹੈ। ਸਾਡੇ ਪੈਰ ਸਾਰੇ ਸਰੀਰ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਲਿਜਾਂਦੇ ਹਨ, ਲੱਤਾਂ ਸਰੀਰ ਨੂੰ ਖੜਾ ਹੋਣ ਵਿੱਚ ਸਹਾਇਤਾ ਕਰਦੀਆਂ ਹਨ, ਮੂੰਹ ਸਰੀਰ ਅੰਦਰ ਖਾਣਾਂ ਲਿਜਾਣ ਲਈ ਸਹਾਈ ਹੁੰਦਾ ਹੈ, ਦੰਦ ਖਾਣਾਂ ਚਬਾਉਂਦੇ ਹਨ ਤਾਂ ਜੋ ਪੇਟ ਨੂੰ ਹਜ਼ਮ ਕਰਨ ਵਿੱਚ ਮੁਸ਼ਕਲ ਨਾ ਹੋਵੇ, ਜੀਭ ਸੰਤਰੀ ਦਾ ਕੰਮ ਕਰਦੀ ਹੈ ਕਿਤੇ ਨੂੰ ਸਰੀਰ ਅੰਦਰ ਗਲਤ ਪਦਾਰਥ ਨਾ ਚਲੇ ਜਾਣ, ਅੱਖਾਂ ਰਸਤਾ ਵੇਖਣ ਵਿੱਚ ਸਹਾਈ ਹੁੰਦੀਆਂ ਹਨ, ਕੰਨ ਸੁਣਨ ਤੇ ਸਬੰਧ ਕਾਇਮ ਕਰਨ ਲਈ ਸਹਾਈ ਹੁੰਦੇ ਹਨ, ਦਿਮਾਗ ਜੀਵਨ ਵਿੱਚ ਸੋਚ ਵੀਚਾਰ ਕੇ ਚਲਣ ਲਈ ਸਹਾਈ ਹੁੰਦਾਂ ਹੈ, ਆਦਿ। ਸਰੀਰ ਦਾ ਕੋਈ ਅੰਗ ਵੀ ਦੂਸਰੇ ਅੰਗ ਦੀ ਨਿੰਦਾ, ਚੁਗਲੀ ਜਾਂ ਵਿਰੋਧਤਾ ਨਹੀਂ ਕਰਦਾ ਹੈ, ਬਲਕਿ ਦੂਸਰੇ ਅੰਗਾਂ ਦੀ ਸਹਾਇਤਾ ਕਰਦਾ ਹੈ ਜਾਂ ਠੀਕ ਮਾਰਗ ਦਰਸ਼ਨ ਕਰਦਾ ਹੈ। ਸਰੀਰ ਦਾ ਹਰੇਕ ਅੰਗ ਦੂਸਰੇ ਅੰਗ ਲਈ ਬਿਨਾਂ ਕਾਮਨਾਂ ਦੇ ਸੇਵਾ ਕਰਦਾ ਹੈ। ਸਤਿਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਸੇਵਕ ਹੀ ਇਨ੍ਹਾਂ ਗੁਣਾਂ ਨੂੰ ਗੁਰਬਾਣੀ ਦੀ ਡੂੰਘੀ ਵਿਚਾਰ ਨਾਲ ਸਮਝ ਕੇ ਆਪਣੇ ਜੀਵਨ ਵਿੱਚ ਅਪਨਾਂਦਾ ਹੈ। ਜਦੋਂ ਉਹ ਸੇਵਕ ਇਹ ਲਾਲ ਰਤਨ ਲੱਭ ਲੈਂਦਾ ਹੈ, ਤਾਂ ਉਹ ਇੱਕ ਅਕਾਲ ਪੁਰਖ ਨੂੰ ਸਾਰੀ ਸ੍ਰਿਸ਼ਟੀ ਵਿੱਚ ਰਵਿਆ ਹੋਇਆ ਪਛਾਣ ਲੈਂਦਾ ਹੈ, ਜਿਵੇਂ ਤਾਣੇ ਤੇ ਪੇਟੇ ਵਿੱਚ ਇੱਕੋ ਸੂਤਰ ਹੁੰਦਾ ਹੈ। ਇਸੇ ਤਰ੍ਹਾਂ ਉਹ ਸੇਵਕ ਸਾਰੇ ਸੰਸਾਰ ਵਿੱਚ ਇੱਕ ਅਕਾਲ ਪੁਰਖ ਨੂੰ ਹੀ ਵੇਖਦਾ ਹੈ, ਤੇ ਇੱਕ ਅਕਾਲ ਪੁਰਖ ਤੇ ਹੀ ਭਰੋਸਾ ਰੱਖਦਾ ਹੈ ਤੇ ਆਪਣੇ ਕੰਨਾਂ ਨਾਲ ਇੱਕ ਅਕਾਲ ਪੁਰਖ ਦੀਆਂ ਹੀ ਸਿਫਤ ਸਾਲਾਹ ਦੀਆਂ ਗੱਲਾਂ ਸੁਣਦਾ ਹੈ।

ਪਉੜੀ॥ ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ॥ ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ॥ (੩੦੯, ੩੧੦)

ਗੁਰਬਾਣੀ ਦੀ ਸਹਾਇਤਾ ਨਾਲ ਜਿਸ ਸਰੀਰ ਵਿੱਚ ਅਕਾਲ ਪੁਰਖ ਵੱਸ ਜਾਂਦਾ ਹੈ, ਉਹ ਜੀਵ ਇਸਤ੍ਰੀ ਬਹੁਤ ਸੁੰਦਰ ਬਣ ਜਾਂਦੀ ਹੈ। ਜੇਹੜੀ ਜੀਵ ਇਸਤ੍ਰੀ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੀ ਹੈ, ਉਹ ਅਕਾਲ ਪੁਰਖ ਦੇ ਮਿਲਾਪ ਸਦਕਾ ਸਦਾ ਲਈ ਸੁਹਾਗਣ ਬਣ ਜਾਂਦੀ ਹੈ। ਜੇਹੜਾ ਮਨੁੱਖ ਗੁਰਬਾਣੀ ਦੁਆਰਾ ਆਪਣੇ ਅੰਦਰੋਂ ਹਉਮੈ ਸਾੜ ਲੈਂਦਾ ਹੈ, ਉਹ ਸਦਾ ਵਾਸਤੇ ਅਕਾਲ ਪੁਰਖ ਦੀ ਭਗਤੀ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ। ਪੂਰੇ ਗੁਰੂ ਦੀ ਬਾਣੀ ਧੰਨ ਹੈ। ਇਹ ਬਾਣੀ ਪੂਰੇ ਗੁਰੂ ਦੇ ਹਿਰਦੇ ਵਿਚੋਂ ਪੈਦਾ ਹੁੰਦੀ ਹੈ, ਤੇ ਜੇਹੜਾ ਮਨੁੱਖ ਇਸ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਉਸ ਨੂੰ ਗੁਰਬਾਣੀ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਵਿੱਚ ਲੀਨ ਕਰ ਦਿੰਦੀ ਹੈ। ਇਸ ਸਰੀਰ ਦੇ ਅੰਦਰ ਵੀ ਉਹ ਸਭ ਕੁੱਝ ਵੱਸ ਰਿਹਾ ਹੈ ਜੋ ਕਿ ਸਾਰੇ ਜਗਤ ਦੇ ਖੰਡਾਂ ਮੰਡਲਾਂ ਪਾਤਾਲਾਂ ਵਿੱਚ ਵੱਸ ਰਿਹਾ ਹੈ। ਸਾਰੇ ਜਗਤ ਨੂੰ ਦਾਤਾ ਦੇਣ ਵਾਲਾ ਤੇ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਅਕਾਲ ਪੁਰਖ ਇਸ ਮਨੁੱਖਾ ਸਰੀਰ ਅੰਦਰ ਵੀ ਵੱਸ ਰਿਹਾ ਹੈ। ਜਿਹੜੀ ਜੀਵ ਇਸਤ੍ਰੀ ਗੁਰੂ ਦੀ ਸਰਨ ਵਿੱਚ ਪੈ ਕੇ ਅਕਾਲ ਪੁਰਖ ਦਾ ਨਾਮੁ ਆਪਣੇ ਹਿਰਦੇ ਵਿੱਚ ਵਸਾ ਲੈਂਦੀ ਹੈ, ਉਹ ਜੀਵ ਇਸਤ੍ਰੀ ਸਦਾ ਸੁਖੀ ਰਹਿੰਦੀ ਹੈ ਤੇ ਆਤਮਕ ਆਨੰਦ ਮਾਣਦੀ ਰਹਿੰਦੀ ਹੈ।

ਵਾਹੁ ਵਾਹੁ ਪੂਰੇ ਗੁਰ ਕੀ ਬਾਣੀ॥ ਪੂਰੇ ਗੁਰ ਤੇ ਉਪਜੀ ਸਾਚਿ ਸਮਾਣੀ॥ ੧॥ ਰਹਾਉ॥ ਕਾਇਆ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ॥ ਕਾਇਆ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ॥ ਕਾਇਆ ਕਾਮਣਿ ਸਦਾ ਸੁਹੇਲੀ ਗੁਰਮੁਖਿ ਨਾਮੁ ਸਮਾੑਲਾ॥ ੨॥ (੭੫੪)

ਪਾਣੀ ਦੀਆਂ ਬਹੁਤ ਸਾਰੀਆਂ ਬੂੰਦਾਂ ਇਕੱਠੀਆਂ ਹੋ ਕੇ ਸਮੁੰਦਰ ਬਣਾਂਦੀਆਂ ਹਨ, ਜਾਂ ਦੂਸਰੇ ਲਫਜ਼ਾ ਵਿੱਚ ਕਹਿ ਲਉ ਕਿ ਸਮੁੰਦਰ ਵਿੱਚ ਪਾਣੀ ਦੀਆਂ ਬੂੰਦਾਂ ਮਾਜੂਦ ਹਨ ਤੇ ਪਾਣੀ ਦੀਆਂ ਬੂੰਦਾਂ ਵਿੱਚ ਸਮੁੰਦਰ ਵਿਆਪਕ ਹੈ। ਇਸੇ ਤਰ੍ਹਾਂ ਕਹਿ ਸਕਦੇ ਹਾਂ ਕਿ ਸਾਰੇ ਜੀਅ ਜੰਤ ਅਕਾਲ ਪੁਰਖ ਵਿੱਚ ਜੀ ਰਹੇ ਹਨ ਤੇ ਸਾਰੇ ਜੀਵਾਂ ਵਿੱਚ ਅਕਾਲ ਪੁਰਖ ਆਪ ਵਿਆਪਕ ਹੈ। ਅਨੇਕਾਂ ਖਾਣੀਆਂ ਰਾਹੀਂ ਅਕਾਲ ਪੁਰਖ ਜੀਵਾਂ ਦੀ ਉਤਪੱਤੀ ਦਾ ਇਹ ਅਸਚਰਜ ਤਮਾਸ਼ਾ ਰਚ ਕੇ, ਅਕਾਲ ਪੁਰਖ ਆਪ ਹੀ ਇਹ ਸਭ ਕੁੱਝ ਵੇਖ ਰਿਹਾ ਹੈ। ਸਿਰਫ ਅਕਾਲ ਪੁਰਖ ਆਪ ਹੀ ਇਸ ਸਾਰੀ ਅਸਲੀਅਤ ਨੂੰ ਸਮਝਦਾ ਹੈ ਤੇ ਕੋਈ ਵਿਰਲਾ ਮਨੁੱਖ ਹੀ ਹੈ, ਜਿਹੜਾ ਕਿ ਕੁਦਰਤ ਦੇ ਇਸ ਭੇਤ ਨੂੰ ਸਮਝਦਾ ਹੈ। ਉਸ ਸਰਬ ਵਿਆਪਕ ਅਤੇ ਸਭ ਦੀ ਸਿਰਜਣਾ ਕਰਨ ਵਾਲੇ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਸਦਕਾ ਮਨੁੱਖ ਨੂੰ ਵਿਕਾਰਾਂ ਤੋਂ ਖਲਾਸੀ ਮਿਲਦੀ ਹੈ ਤੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਹੁੰਦੀ ਹੈ, ਪਰੰਤੂ ਅਜੇਹਾ ਗਿਆਨ ਕੋਈ ਵਿਰਲਾ ਗੁਰਮੁਖਿ ਹੀ ਵਿਚਾਰਦਾ ਹੈ। ਦਿਨ ਦੇ ਚਾਨਣ ਵਿੱਚ ਰਾਤ ਦਾ ਹਨੇਰਾ ਅਲੋਪ ਹੋ ਜਾਂਦਾ ਹੈ, ਤੇ ਰਾਤ ਦੇ ਹਨੇਰੇ ਵਿੱਚ ਸੂਰਜ ਦਾ ਚਾਨਣ ਮੁੱਕ ਜਾਂਦਾ ਹੈ। ਇਹੀ ਹਾਲਤ ਗਰਮੀ ਦੀ ਤੇ ਠੰਢ ਦੀ ਹੈ, ਕਦੇ ਗਰਮੀ ਤੇ ਕਦੇ ਠੰਢ ਹੁੰਦੀ ਹੈ, ਕਿਤੇ ਗਰਮੀ ਤੇ ਕਿਤੇ ਠੰਢ ਹੁੰਦੀ ਹੈ। ਇਹ ਸਾਰੀ ਖੇਡ ਉਸ ਅਕਾਲ ਪੁਰਖ ਦੀ ਰਚੀ ਹੋਈ ਕੁਦਰਤ ਦੀ ਹੈ। ਉਹ ਅਕਾਲ ਪੁਰਖ ਕਿਹੋ ਜਿਹਾ ਹੈ ਤੇ ਕਿਡਾ ਵੱਡਾ ਹੈ, ਉਸ ਅਕਾਲ ਪੁਰਖ ਤੋਂ ਬਿਨਾ ਕੋਈ ਹੋਰ ਨਹੀਂ ਜਾਣਦਾ। ਗੁਰੂ ਤੋਂ ਬਿਨਾ ਇਹ ਸਮਝ ਨਹੀਂ ਆਉਂਦੀ ਕਿ ਅਕਾਲ ਪੁਰਖ ਬੇਅੰਤ ਹੈ ਤੇ ਅਕੱਥ ਹੈ। ਅਕਾਲ ਪੁਰਖ ਦੀ ਇਹ ਅਚਰਜ ਖੇਡ ਹੈ ਕਿ, ਮਨੁੱਖਾਂ ਦੇ ਵੀਰਜ ਤੋਂ ਇਸਤ੍ਰੀਆਂ ਪੈਦਾ ਹੁੰਦੀਆਂ ਹਨ ਤੇ ਇਸਤ੍ਰੀਆਂ ਤੋਂ ਮਨੁੱਖ ਜੰਮਦੇ ਹਨ। ਅਕਾਲ ਪੁਰਖ ਦੀ ਕੁਦਰਤ ਤੇ ਉਸ ਦੀ ਰਚਨਾ ਦੀਆਂ ਅਨੇਕਾਂ ਅਜੇਹੀਆਂ ਕਹਾਣੀਆਂ ਹਨ ਜੋ ਕਿ ਬਿਆਨ ਨਹੀਂ ਕੀਤੀ ਜਾ ਸਕਦੀਆਂ ਹਨ। ਪਰ ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਚਲਦਾ ਹੈ, ਉਹ ਸਮਝ ਲੈਂਦਾ ਹੈ ਕਿ ਅਕਾਲ ਪੁਰਖ ਦੇ ਗੁਣ ਅਨਮੋਲ ਤੇ ਬੇਅੰਤ ਹਨ। ਅਕਾਲ ਪੁਰਖ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਂਣ ਲਈ ਉਹ ਗੁਰਬਾਣੀ ਦੁਆਰਾ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਵਿੱਚ ਆਪਣੀ ਸੁਰਤਿ ਜੋੜ ਲੈਂਦਾ ਹੈ ਤੇ ਅਕਾਲ ਪੁਰਖ ਨਾਲ ਆਪਣੀ ਜਾਣ-ਪਛਾਣ ਕਾਇਮ ਕਰ ਲੈਂਦਾ ਹੈ।

ਰਾਮਕਲੀ ਮਹਲਾ ੧॥ ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ॥ ਉਤਭਜੁ ਚਲਤ ਆਪਿ ਕਰਿ ਚੀਨੈ ਆਪੇ ਤਤੁ ਪਛਾਣੈ॥ ੧॥ ਐਸਾ ਗਿਆਨੁ ਬੀਚਾਰੈ ਕੋਈ॥ ਤਿਸ ਤੇ ਮੁਕਤਿ ਪਰਮ ਗਤਿ ਹੋਈ॥ ੧॥ ਰਹਾਉ॥ (੮੭੮, ੮੭੯)

ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਗੁਰੂ ਜਹਾਜ਼ ਹੈ, ਗੁਰੂ ਬੇੜੀ ਹੈ, ਗੁਰੂ ਤੁਲਹਾ ਹੈ, ਇਸ ਲਈ ਗੁਰੂ ਦੀ ਸਰਨ ਪੈ ਕੇ ਅਕਾਲ ਪੁਰਖ ਦਾ ਨਾਮੁ ਜਪ, ਕਿਉਂਕਿ ਅਜੇਹਾ ਕਰਨ ਨਾਲ ਗੁਰੂ ਉਸ ਮਨੁੱਖ ਨੂੰ ਪਾਰ ਲੰਘਾ ਦਿੰਦਾ ਹੈ। ਅਕਾਲ ਪੁਰਖ ਦਾ ਨਾਮੁ ਹਉਮੈ ਮਮਤਾ ਤੇ ਲੋਭ ਦਾ ਨਾਸ ਕਰਨ ਵਾਲਾ ਹੈ, ਜਿਸ ਸਦਕਾ ਮਨੁੱਖ ਨੂੰ ਆਪਣੇ ਸਰੀਰ ਦੀਆਂ ਨੌ ਗੋਲਕਾਂ ਦੇ ਵਿਸ਼ਿਆਂ ਤੋਂ ਖ਼ਲਾਸੀ ਮਿਲੀ ਰਹਿੰਦੀ ਹੈ, ਤੇ ਸੁਰਤ ਦਸਵੇਂ ਦੁਆਰ ਵਿੱਚ ਟਿਕੀ ਰਹਿੰਦੀ ਹੈ ਤੇ ਅਕਾਲ ਪੁਰਖ ਨਾਲ ਸੰਬੰਧ ਬਣਿਆ ਰਹਿੰਦਾ ਹੈ। ਗੁਰੂ ਦਾ ਸ਼ਬਦ ਸਦਾ ਥਿਰ ਰਹਿਣ ਵਾਲਾ ਵਸੀਲਾ ਹੈ, ਤੇ ਸ਼ਬਦ ਵਿੱਚ ਜੁੜ ਕੇ ਹੀ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹੈ। ਗੁਰੂ ਦੀ ਸ਼ਰਨ ਤੋਂ ਬਿਨਾ ਮਨੁੱਖ ਨੂੰ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ, ਤੇ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਨਾਮੁ ਚੇਤੇ ਰਖਦਾ ਹੈ, ਉਸ ਨੂੰ ਪੂਰਨ ਅਕਾਲ ਪੁਰਖ ਮਿਲ ਪੈਂਦਾ ਹੈ। ਜਿਨ੍ਹਾਂ ਬੰਦਿਆਂ ਦੇ ਗਲ ਵਿੱਚ ਹਉਮੈ ਤੇ ਮਾਇਆ ਦੇ ਮੋਹ ਦੇ ਫਾਹੇ ਪਏ ਰਹਿੰਦੇ ਹਨ, ਉਹ ਇਨ੍ਹਾਂ ਬੰਧਨਾਂ ਵਿੱਚ ਬੱਝੇ ਹੋਏ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ। ਗੁਰੂ ਦੀ ਮਤਿ ਤੇ ਤੁਰ ਕੇ ਨਾਮੁ ਸਿਮਰਿਆਂ ਬੜੀ ਉੱਚੀ ਆਤਮਕ ਅਵਸਥਾ ਹਾਸਲ ਹੋ ਜਾਂਦੀ ਹੈ, ਤੇ ਬੜਾ ਆਤਮਕ ਬਲ ਪ੍ਰਾਪਤ ਹੋ ਜਾਂਦਾ ਹੈ। ਗੁਰੂ ਦੀ ਮਤਿ ਤੇ ਤੁਰਿਆਂ ਸਤ, ਸੰਤੋਖ, ਦਯਾ, ਧਰਮ, ਧੀਰਜ, ਆਦਿਕ ਪੰਜੇ ਮਨੁੱਖ ਦੇ ਆਤਮਕ ਸਾਥੀ ਬਣ ਜਾਂਦੇ ਹਨ। ਗੁਰੂ ਦੀ ਮਤਿ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਨੂੰ ਦੂਰ ਕਰ ਦਿੰਦੀ ਹੈ ਤੇ ਮਨੁੱਖ ਨੂੰ ਅਕਾਲ ਪੁਰਖ ਦੇ ਨਾਮੁ ਨਾਲ ਜੋੜ ਦੇਂਦੀ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਹ ਮਨੁੱਖਾ ਜੀਵਨ ਦੀ ਜੁਗਤਿ ਸਮਝ ਲੈਂਦਾ ਹੈ, ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਤਮਕ ਸ਼ਾਂਤੀ ਹਾਸਲ ਕਰ ਲੈਂਦਾ ਹੈ। ਫਿਰ ਅਜੇਹਾ ਮਨੁੱਖ ਨਾ ਕਿਸੇ ਦੀ ਖ਼ੁਸ਼ਾਮਦ ਕਰਦਾ ਹੈ, ਨਾ ਕਿਸੇ ਦੀ ਨਿੰਦਿਆ ਕਰਦਾ ਹੈ। ਇਸ ਲਈ ਜੇਹੜਾ ਅਕਾਲ ਪੁਰਖ ਸਾਰੀ ਸ੍ਰਿਸ਼ਟੀ ਵਿੱਚ ਵੱਸਦਾ ਹੈ, ਉਸ ਨੂੰ ਆਪਣੇ ਸਰੀਰ ਵਿੱਚ ਵੱਸਦਾ ਪਛਾਣੋ। ਗੁਰੂ ਦੀ ਸਰਨ ਪੈ ਕੇ ਇਹ ਭੇਤ ਸਮਝੋ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਇਸ ਅਸਲੀਅਤ ਨੂੰ ਪਛਾਣੋ। ਦੁਨੀਆ ਦੇ ਸਾਰੇ ਪਦਾਰਥਾਂ ਨੂੰ ਮਾਣ ਸਕਣ ਵਾਲਾ ਅਕਾਲ ਪੁਰਖ ਹਰੇਕ ਸਰੀਰ ਵਿੱਚ ਵਿਆਪਕ ਹੋ ਕੇ ਸਾਰੇ ਭੋਗ ਭੋਗ ਰਿਹਾ ਹੈ, ਪਰੰਤੂ ਫਿਰ ਵੀ ਉਹ ਸਾਰੀ ਸ੍ਰਿਸ਼ਟੀ ਤੋਂ ਨਿਰਲੇਪ ਰਹਿੰਦਾ ਹੈ। ਗੁਰੂ ਦੀ ਮਤਿ ਦੁਆਰਾ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰੋ, ਜੋ ਕਿ ਮਨੁੱਖਾ ਜੀਵਨ ਨੂੰ ਪਵਿੱਤ੍ਰ ਬਣਾ ਦੇਂਦੀ ਹੈ। ਗੁਰੂ ਦੀ ਸਿੱਖਿਆ ਤੇ ਤੁਰ ਕੇ, ਸਭ ਤੋਂ ਉੱਚੇ ਅਕਾਲ ਪੁਰਖ ਨੂੰ ਆਪਣੀਆਂ ਅੱਖਾਂ ਨਾਲ ਅੰਦਰ ਬਾਹਰ ਹਰ ਥਾਂ ਵੇਖੋ। ਜੇਹੜਾ ਮਨੁੱਖ ਆਪਣੇ ਕੰਨਾਂ ਨਾਲ ਅਕਾਲ ਪੁਰਖ ਦਾ ਨਾਮੁ ਸੁਣਦਾ ਹੈ, ਅਕਾਲ ਪੁਰਖ ਦੀ ਸਿਫ਼ਤਿ ਸਾਲਾਹ ਸੁਣਦਾ ਹੈ, ਉਹ ਅਕਾਲ ਪੁਰਖ ਦੇ ਪ੍ਰੇਮ ਵਿੱਚ ਰੰਗਿਆ ਜਾਂਦਾ ਹੈ।

ਮਾਰੂ ਮਹਲਾ ੧॥ ਜੋ ਬ੍ਰਹਮੰਡਿ ਖੰਡਿ ਸੋ ਜਾਣਹੁ॥ ਗੁਰਮੁਖਿ ਬੂਝਹੁ ਸਬਦਿ ਪਛਾਣਹੁ॥ ਘਟਿ ਘਟਿ ਭੋਗੇ ਭੋਗਣਹਾਰਾ ਰਹੈ ਅਤੀਤੁ ਸਬਾਇਆ॥ ੧੪॥ ਗੁਰਮਤਿ ਬੋਲਹੁ ਹਰਿ ਜਸੁ ਸੂਚਾ ਗੁਰਮਤਿ ਆਖੀ ਦੇਖਹੁ ਊਚਾ॥ ਸ੍ਰਵਣੀ ਨਾਮੁ ਸੁਣੈ ਹਰਿ ਬਾਣੀ ਨਾਨਕ ਹਰਿ ਰੰਗਿ ਰੰਗਾਇਆ॥ ੧੫॥ ੩॥ ੨੦॥ (੧੦੪੧)

ਗੁਰੂ ਸਾਹਿਬ ਚਿਤਾਵਨੀ ਦਿੰਦੇ ਹਨ ਤੇ ਸਮਝਾਂਦੇ ਹਨ, ਕਿ ਹੇ ਚਤੁਰ ਤੇ ਸਿਆਣੇ ਮਨੁੱਖ! ਤੂੰ ਜਾਣਦਾ ਹੈਂ ਕਿ ਤੇਰਾ ਇਹ ਮਨੁੱਖਾ ਸਰੀਰ ਅਕਾਲ ਪੁਰਖ ਨੇ ਪੰਜ ਤੱਤਾਂ ਤੋਂ ਬਣਾਇਆ ਹੈ। ਇਹ ਵੀ ਯਕੀਨ ਜਾਣ ਕਿ ਜਿਨ੍ਹਾਂ ਤੱਤਾਂ ਤੋਂ ਇਹ ਸਰੀਰ ਬਣਿਆ ਹੈ, ਉਹ ਸਰੀਰ ਮੁੜ ਉਨ੍ਹਾਂ ਤੱਤਾਂ ਵਿੱਚ ਹੀ ਲੀਨ ਹੋ ਜਾਇਗਾ, ਇਸ ਲਈ ਇਸ ਮਨੁੱਖਾ ਸਰੀਰ ਦੇ ਝੂਠੇ ਮੋਹ ਵਿੱਚ ਫਸ ਕੇ ਅਕਾਲ ਪੁਰਖ ਦਾ ਚੇਤਾ ਕਿਉਂ ਭੁਲਾ ਰਿਹਾ ਹੈਂ? ਅਕਾਲ ਪੁਰਖ ਨਾਲ ਜੁੜੇ ਹੋਏ ਸੰਤ ਜਨ ਤਾਂ ਉੱਚੀ ਕੂਕ ਕੇ ਦੱਸਦੇ ਹਨ ਕਿ ਅਕਾਲ ਪੁਰਖ ਹਰੇਕ ਸਰੀਰ ਵਿੱਚ ਵੱਸ ਰਿਹਾ ਹੈ। ਇਸ ਲਈ ਤੂੰ ਉਸ ਅਕਾਲ ਪੁਰਖ ਨੂੰ ਚੇਤੇ ਕਰਿਆ ਕਰ, ਕਿਉਂਕਿ ਉਸ ਅਕਾਲ ਪੁਰਖ ਦੀ ਯਾਦ ਸਦਕਾ ਹੀ ਤੂੰ ਇਸ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਸਕੇਂਗਾ।

ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ॥ ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ॥ ੧੧॥ ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ॥ ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ॥ ੧੨॥ (੧੪੨੭)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਸ੍ਰਿਸ਼ਟੀ ਨੂੰ ਪੈਦਾ ਕਰਨਾ ਵਾਲਾ ਅਕਾਲ ਪੁਰਖ, ਜਿਸ ਤਰ੍ਹਾਂ ਬਾਹਰ ਦਿਖਾਈ ਦਿੰਦਾ ਹੈ, ਉਸੇ ਤਰ੍ਹਾਂ ਉਹ ਇਸ ਮਨੁੱਖਾ ਸਰੀਰ ਦੇ ਅੰਦਰ ਵੀ ਹੈ। ਮਨੁੱਖਾ ਜੀਵਨ ਸਫਲ ਕਰਨ ਲਈ ਉਸ ਅਕਾਲ ਪੁਰਖ ਨੂੰ ਆਪਣੇ ਅੰਦਰੋਂ ਖੋਜਣਾ ਹੈ।

ਕੁਦਰਤ ਨੇ ਮਨੁੱਖ ਨੂੰ ਬੁਧੀ ਦਿੱਤੀ ਹੈ, ਜੋ ਕਿ ਹੋਰ ਜਾਨਵਰਾਂ ਵਿੱਚ ਨਹੀਂ ਹੈ।

ਮਨੁੱਖ ਨੇ ਬਹੁਤ ਸਾਰੀਆਂ ਬੀਮਾਰੀਆਂ ਤੇ ਇਲਾਜ ਵੀ ਲੱਭ ਲਏ, ਪਰੰਤੂ ਮਨ ਦੀਆਂ ਬੀਮਾਰੀਆਂ ਦੇ ਕਾਰਣ ਤੇ ਇਲਾਜ ਨਹੀਂ ਲੱਭ ਸਕਿਆ।

ਜੋ ਅਕਾਲ ਪੁਰਖ ਪੂਰੀ ਸ੍ਰਿਸ਼ਟੀ ਦੇ ਅੰਦਰ ਬਾਹਰੀ ਰੂਪ ਵਿੱਚ ਵਿਖਾਈ ਦਿੰਦਾ ਹੈ, ਉਹੀ ਅਕਾਲ ਪੁਰਖ ਹਰੇਕ ਪਦਾਰਥ ਦੇ ਅੰਦਰ ਵੀ ਹੈ।

ਗੁਰਬਾਣੀ ਦੁਆਰਾ ਅਕਾਲ ਪੁਰਖ ਦੇ ਗੁਣ ਗਾਉਂਣ ਸਦਕਾ ਮਨੁੱਖ ਅਕਾਲ ਪੁਰਖ ਨਾਲ ਸਦੀਵੀ ਸਬੰਧ ਕਾਇਮ ਕਰ ਲੈਂਦਾ ਹੈ।

ਗੁਰੂ ਸਾਹਿਬ ਸਮਝਾਂਦੇ ਹਨ ਕਿ ਜਿਹੜਾ ਅਕਾਲ ਪੁਰਖ ਤੇਰੇ ਅੰਦਰ ਵੱਸ ਰਿਹਾ ਹੈ ਉਸ ਨੂੰ ਬਾਹਰ ਸਾਰੀ ਕੁਦਰਤ ਵਿੱਚ ਵੇਖ, ਕਿਉਂਕਿ ਉਸ ਅਕਾਲ ਪੁਰਖ ਤੋਂ ਇਲਾਵਾ ਉਸ ਵਰਗਾ ਹੋਰ ਕੋਈ ਨਹੀਂ ਹੈ।

ਗੁਰਬਾਣੀ ਅਨੁਸਾਰ ਦਰਸਾਏ ਗਏ ਰਸਤੇ ਤੇ ਚਲ ਕੇ ਉਸ ਇੱਕ ਅਕਾਲ ਪੁਰਖ ਨੂੰ ਵੇਖਣ ਵਾਲੀ ਆਪਣੀ ਦ੍ਰਿਸ਼ਟੀ ਬਣਾ ਤੇ ਫਿਰ ਤੈਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਹਰੇਕ ਸਰੀਰ ਵਿੱਚ ਅਕਾਲ ਪੁਰਖ ਦੀ ਜੋਤਿ ਮੌਜੂਦ ਹੈ।

ਭਗਤ ਪੀਪਾ ਜੀ ਨੇ ਵੀ ਆਪਣੇ ਅੰਦਰੋਂ ਖੋਜਣ ਦੀ ਸਿਖਿਆ ਦਿੱਤੀ ਹੈ, ਜਿਹੜਾ ਮਨੁੱਖ ਖੋਜ ਕਰਦਾ ਹੈ, ਉਹ ਉਸ ਨੂੰ ਲੱਭ ਲੈਂਦਾ ਹੈ।

ਗੁਰੂ ਸਾਹਿਬਾਂ ਨੇ ਬੜੇ ਸਰਲ ਤਰੀਕੇ ਨਾਲ ਸਮਝਾਇਆ ਹੈ ਕਿ ਜੇਕਰ ਧਰਮ ਦੀ ਸਿਖਿਆ ਲੈਂਣਾਂ ਚਾਹੁੰਦੇ ਹਾਂ ਤਾਂ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ, ਅਸੀਂ ਆਪਣੇ ਸਰੀਰ ਕੋਲੋਂ ਹੀ ਲੈ ਸਕਦੇ ਹਾਂ।

ਜੇਹੜਾ ਮਨੁੱਖ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਉਸ ਨੂੰ ਗੁਰਬਾਣੀ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਵਿੱਚ ਲੀਨ ਕਰ ਦਿੰਦੀ ਹੈ।

ਇਸ ਸਰੀਰ ਦੇ ਅੰਦਰ ਵੀ ਉਹ ਸਭ ਕੁੱਝ ਵੱਸ ਰਿਹਾ ਹੈ ਜੋ ਕਿ ਸਾਰੇ ਜਗਤ ਦੇ ਖੰਡਾਂ ਮੰਡਲਾਂ ਪਾਤਾਲਾਂ ਵਿੱਚ ਵੱਸ ਰਿਹਾ ਹੈ।

ਸਮੁੰਦਰ ਵਿੱਚ ਪਾਣੀ ਦੀਆਂ ਬੂੰਦਾਂ ਮਾਜੂਦ ਹਨ ਤੇ ਪਾਣੀ ਦੀਆਂ ਬੂੰਦਾਂ ਵਿੱਚ ਸਮੁੰਦਰ ਵਿਆਪਕ ਹੈ। ਇਸੇ ਤਰ੍ਹਾਂ ਸਾਰੇ ਜੀਅ ਜੰਤ ਅਕਾਲ ਪੁਰਖ ਵਿੱਚ ਜੀ ਰਹੇ ਹਨ ਤੇ ਸਾਰੇ ਜੀਵਾਂ ਵਿੱਚ ਅਕਾਲ ਪੁਰਖ ਆਪ ਵਿਆਪਕ ਹੈ।

ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਚਲਦਾ ਹੈ, ਉਹ ਸਮਝ ਲੈਂਦਾ ਹੈ ਕਿ ਅਕਾਲ ਪੁਰਖ ਦੇ ਗੁਣ ਅਨਮੋਲ ਤੇ ਬੇਅੰਤ ਹਨ।

ਜਿਨ੍ਹਾਂ ਤੱਤਾਂ ਤੋਂ ਇਹ ਸਰੀਰ ਬਣਿਆ ਹੈ, ਉਹ ਸਰੀਰ ਮੁੜ ਉਹਨਾਂ ਤੱਤਾਂ ਵਿੱਚ ਹੀ ਲੀਨ ਹੋ ਜਾਇਗਾ, ਇਸ ਲਈ ਇਸ ਮਨੁੱਖਾ ਸਰੀਰ ਦੇ ਝੂਠੇ ਮੋਹ ਵਿੱਚ ਫਸ ਕੇ ਅਕਾਲ ਪੁਰਖ ਦਾ ਚੇਤਾ ਕਿਉਂ ਭੁਲਾ ਰਿਹਾ ਹੈਂ?

ਅਕਾਲ ਪੁਰਖ ਹਰੇਕ ਸਰੀਰ ਵਿੱਚ ਵੱਸ ਰਿਹਾ ਹੈ। ਇਸ ਲਈ ਤੂੰ ਉਸ ਅਕਾਲ ਪੁਰਖ ਨੂੰ ਚੇਤੇ ਕਰਿਆ ਕਰ, ਉਸ ਯਾਦ ਸਦਕਾ ਤੂੰ ਇਸ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਸਕੇਗਾ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”


(ਡਾ: ਸਰਬਜੀਤ ਸਿੰਘ) (Dr. Sarbjit Singh)
ਆਰ ਐਚ ੧/ਈ - ੮, ਸੈਕਟਰ - ੮,
RH1 / E-8, Sector-8,
ਵਾਸ਼ੀ, ਨਵੀਂ ਮੁੰਬਈ - ੪੦੦੭੦੩.
Vashi, Navi Mumbai - 400703.
Email = [email protected]
http://www.sikhmarg.com/article-dr-sarbjit.html




.