.

ਅੰਤਿਕਾ
– ਦੋ ਅੰਗ ਰੱਖਿਅਕ ਨੇ ਖੋਲ੍ਹੀ ਰਜਨੀਸ਼ ਦੀ ਪੋਲ

- ਜਾਨ ਮਿਲਨੇ
ਪੂਨੇ ਵਿੱਚ ਰਜਨੀਸ਼ ਦੇ ‘ਸਮੂਹਿਕ ਦਰਸ਼ਨ’ ਦੇ ਪ੍ਰੋਗਰਾਮ ਸ਼ੁਰੂ ਸ਼ੁਰੂ ਵਿੱਚ ਤਾਂ ਬੜੇ ਆਤਮੀਅਤਾਂ ਵਾਲੇ ਹੁੰਦੇ ਸਨ। ਤੁਸੀਂ ਆਪਣੇ ਮਨ ਦੀਆਂ ਗੱਲਾਂ ਆਪਣੇ ਸਾਥੀ ਸੰਨਿਆਸੀਆਂ ਨੂੰ ਖੁੱਲ੍ਹ ਕੇ ਦੱਸ ਸਕਦੇ ਸੀ। ਇਹ ਖੁਲ੍ਹੇ ਵਾਤਾਵਰਣ ਨੇ ਆਸ਼ਰਮ ਨੂੰ ਇੱਕ ਸੁੱਖ-ਰਹਿਣਾ ਥਾਂ ਬਣਾ ਦਿੱਤਾ ਸੀ। ਅਜਿਹਾ ਮਾਹੌਲ ਆਮ ਤੌਰ ਤੇ ਦਰਸ਼ਨ ਸਮੂਹਾਂ ਵਿੱਚ ਹੋਇਆ ਕਰਦਾ ਸੀ। ਭਗਵਾਨ ਰਜਨੀਸ਼ ਕਦੇ ਕਦੇ ਖਾਸ ਖਾਸ ਲੋਕਾਂ ਨੂੰ ਇਕੱਲ ਵਿੱਚ ਸਵਾਲ ਪੁੱਛਣ ਦਾ ਮੌਕਾ ਵੀ ਦਿੰਦਾ ਸੀ। ਅਜਿਹੀ ਮਿਲਣੀ ਸਮੇਂ ਭਗਵਾਨ ਰਜਨੀਸ਼ ਨਾਲ ਸਿਰਫ ਚਾਰ ਜਣੇ ਹੁੰਦੇ ਸਨ। ਇਹ ਸਨ - ਮੁਕਤਾ, ਲਕਸ਼ਮੀ, ਵਿਵੇਕ ਅਤੇ ਮੈਂ। ਸਵਾਲ ਜਾਂ ਤਾਂ ਨਿੱਜੀ ਮਸਲਿਆਂ ਨਾਲ ਸੰਬੰਧਤ ਹੁੰਦੇ ਸਨ ਜਾਂ ਫਿਰ ਸੈਕਸ ਨਾਲ।
ਸਾਧਨਾ ਦੀ ਨਗਨਤਾ: ਜਿਉਂ ਜਿਉਂ ਆਸ਼ਰਮ ਦਾ ਵਿਸਥਾਰ ਹੁੰਦਾ ਗਿਆ ਤਿਉਂ ਤਿਉਂ ਸਾਧਨਾਂ ਦੇ ਦਰਜੇ ਅਨੁਸਾਰ ਲੋਕਾਂ ਨੂੰ ਵੱਖਰੇ ਸਮੂਹਾਂ ਵਿੱਚ ਵੰਡਿਆ ਜਾਣ ਲੱਗਾ। ਪਹਿਲਾ ਸਮੂਹ ਪੂਰਵੀ ਤਾਂਤ੍ਰਿਕ ਸਾਧਨਾ ਦਾ ਸਮੂਹ ਸੀ ਜਿਥੇ ਨੰਗੇ ਲੋਕ ਇੱਕ ਦੂਜੇ ਉੱਪਰ ਪ੍ਰਯੋਗ ਕਰਦੇ ਸਨ। ਸਭ ਦੇ ਸਾਹਮਣੇ ਇਹ ਲੋਕ ਸਾਥੀ ਬਦਲ ਬਦਲ ਕੇ ਕਾਮ ਕ੍ਰੀੜਾ ਕਰਦੇ ਸਨ। ਐਸੀ ਸਾਧਨਾ ਘੱਟੋ ਘੱਟ ਪੰਜ ਦਿਨ ਚਲਦੀ ਸੀ। ਅਜਿਹੀਆਂ ਸਾਧਨਾਵਾਂ ਦੇ ਕੁੱਝ ਚਿੱਤਰਾਂ ਨੂੰ ਦੇਖ ਕੇ ਲੱਗਦਾ ਸੀ ਕਿ ਇਹ ਪੌਰਨੋਗ੍ਰਾਫ਼ੀ ਦੇ ਖ਼ਾਸ ਨਮੂਨੇ ਹਨ। ਪਰ ਇਸ ਤਰ੍ਹਾਂ ਦੀ ਸਾਧਨਾ ਕ੍ਰਿਆਵਾਂ ਸਮੇਂ ਸਾਨੂੰ ਕੁੱਝ ਹੋਰ ਹੀ ਅਨੁਭਵ ਹੁੰਦਾ ਸੀ। ਅਸੀਂ ਸੈਕਸ ਦੇ ਨਵੇਂ ਪੱਖਾਂ ਨੂੰ ਪ੍ਰਾਪਤ ਕਰਨ ਵੱਲ ਵਧ ਰਹੇ ਸਾਂ। ਇਹ ਅਜਿਹਾ ਅਨੁਭਵ ਸੀ ਜੋ ਸਾਨੂੰ ਪਹਿਲਾਂ ਕਦੇ ਨਹੀਂ ਸੀ ਹੋਇਆ। ਇਹ ਪੂਰਣ ਸਵਤੰਤਰਤਾ ਦੀ ਸਥਿਤ ਸੀ।
ਭਗਵਾਨ ਰਜਨੀਸ਼ ਨੇ ਬੜੇ ਵਿਸਥਾਰ ਨਾਲ ਦੱਸਿਆ ਸੀ ਕਿ ਉਸਨੇ ਸੈਕਸ ਦੇ ਮਾਧਿਅਮ ਰਾਹੀਂ ਤੰਤਰ ਸਾਧਨਾ ਦੇ ਸਿਧਾਂਤ ਕਿੰਝ ਸਮਝੇ ਸਨ। ਰਜਨੀਸ਼ ਜਿਸ ਨੂੰ ਤੰਤਰ ਸਾਧਨਾ ਕਹਿੰਦਾ ਸੀ, ਵਾਸਤਵ ਵਿੱਚ ਉਹ ਸਥੂਲ ਸੈਕਸ-ਕ੍ਰੀੜਾ ਤੋਂ ਵੱਧ ਕੁੱਝ ਨਹੀਂ ਸੀ। ਉਹ ਸੈਕਸ ਦੀ ਸਿਖ਼ਰ ਉਤੇਜਨਾ ਨੂੰ ਅਧਿਆਤਮਕ ਰੰਗ ਦਿੰਦਾ ਕਹਿੰਦਾ ਸੀ ਕਿ ਮਰਦ ਦੀ ਸਾਰੀ ਕਲਾ ਇਸ ਗੱਲ ਵਿੱਚ ਹੈ ਕਿ ਉਹ ਆਪਣੇ ਆਪ ਨੂੰ ਚਰਮ ਉਤੇਜਨਾ ਵਿੱਚ ਪਹੁੰਚਣ ਤੋਂ ਰੋਕੇ। ਚੰਗਾ ਹੈ, ਅਜਿਹਾ ਨਾ ਹੋਵੇ। ਸਗੋਂ ਅਜਿਹੀ ਸਥਿਤੀ ਦੇ ਨੇੜੇ ਬਣਿਆ ਰਹੇ। ਸਾਰਾ ਰਹੱਸ ਇਹ ਹੈ ਕਿ ਉਹ ਚਰਮਾਵਸਥਾ ਤੇ ਟਿਕਿਆ ਰਹੇ, ਜਿਸ ਨਾਲ ਦੋਨਾਂ ਸਾਥੀਆਂ ਨੂੰ ਪਰਮ ਸ਼ਾਂਤੀ ਦੀ ਅਨੁਭੂਤੀ ਹੋ ਸਕੇ। ਮਰਦ ਨੂੰ ਚਾਹੀਦਾ ਹੈ ਕਿ ਉਹ ਔਰਤ ਨੂੰ ਬਾਰ ਬਾਰ ਚਰਮ-ਸੀਮਾ ਤੇ ਲਿਜਾਵੇ ਪਰ ਆਪ ਬਚਿਆ ਰਹੇ। ਭਗਵਾਨ ਰਜਨੀਸ਼ ਦਾ ਕਹਿਣਾ ਹੈ ਕਿ ਇੱਕ ਵਾਰ ਇਹ ਸਿੱਧੀ ਪ੍ਰਾਪਤ ਕਰ ਲੈਣ ਤੋਂ ਬਾਦ ‘ਗਹਿਰੇ ਧਿਆਨ’ ਦੀ ਸਥਿਤੀ ਬਣੀ ਰਹਿੰਦੀ ਹੈ। ਜਿਉਂ ਹੀ ਮਰਦ ਚਰਮ-ਅਵਸਥਾ ਨੂੰ ਪਾਰ ਕਰਦਾ ਹੈ, ਉਸਦਾ ਧਿਆਨ ਭੰਗ ਹੋ ਜਾਂਦਾ ਹੈ ਅਤੇ ਸਭ ਕੁੱਝ ਖ਼ਤਮ ਹੋ ਜਾਂਦਾ ਹੈ। 1974 ਤੇ 1975 ਵਿੱਚ ਭਗਵਾਨ ਰਜਨੀਸ਼ ਨੇ ਇਸ ਵਿਸ਼ੇ ਤੇ ਇੰਨੇ ਵਿਆਖਿਆਨ ਦਿੱਤੇ ਕਿ ਉਸ ਨੂੰ ‘ਸੈਕਸ ਗੁਰੂ’ ਕਿਹਾ ਜਾਣ ਲੱਗਾ।
ਲੰਪਟਤਾ ਜਾਂ ਸਾਧਨਾ
ਭਗਵਾਨ ਰਜਨੀਸ਼ ਸੈਕਸ ਦੇ ਸਰੀਰਕ ਪੱਖ ਉੱਪਰ ਹੱਦੋਂ ਵੱਧ ਜ਼ੋਰ ਦਿੰਦਾ ਸੀ। ਅਜਿਹਾ ਵੀ ਨਹੀਂ ਕਿਹਾ ਜਾ ਸਕਦਾ ਕਿ ਇਸ ਮਾਮਲੇ ਵਿੱਚ ਉਹ ਮਹਾਨ ਹੈ। ਸੈਕਸ ਮਾਹਿਰ ਹੋਣ ਦਾ ਦਾਅਵਾ ਕਰਨ ਵਾਲੇ ਦੂਸਰੇ ਲੋਕਾਂ ਵਾਂਗ ਰਜਨੀਸ਼ ਦਾ ਸੈਕਸ-ਜੀਵਨ ਅਧੂਰਾ ਸੀ। ਭਗਵਾਨ ਰਜਨੀਸ਼ ਦੇ ਨੇੜੇ ਆਈਆਂ ਕਈ ਔਰਤਾਂ ਨੇ ਮੈਨੂੰ ਦੱਸਿਆ ਕਿ ਰਜਨੀਸ਼ ਦੇ ਭਾਸ਼ਣਾਂ ਅਤੇ ਉਸਦੇ ਕੰਮਾਂ ਦਾ ਕੋਈ ਤਾਲਮੇਲ ਨਹੀਂ ਸੀ। ਉਹ ਦੂਜਿਆਂ ਨੂੰ ਕਾਮ- ਅਵਧੀ ਵਿਸਤਾਰ ਦੀ ਸਿੱਖਿਆ ਦਿੰਦਾ ਸੀ ਪਰ ਉਸਦੀ ਆਪਣੀ ਖੇਡ ਕੁੱਝ ਮਿੰਟਾਂ ਵਿੱਚ ਹੀ ਖਤਮ ਹੋ ਜਾਂਦੀ ਸੀ। ਉਸਦਾ ਵਧੇਰੇ ਕਾਮ ਦਾ ਆਨੰਦ ਲੋਕਾਂ ਨੂੰ ਵਿਭਿੰਨ ਕਾਮ ਮੁਦ੍ਰਾਵਾਂ ਵਿੱਚ ਦੇਖਣ ਤੱਕ ਸੀਮਤ ਸੀ। ਕਦੇ ਕਦੇ ਉਹ ਦਿਲਕਸ਼ ਔਰਤਾਂ ਨੂੰ ਆਪਣੇ ਸਾਹਮਣੇ ਨਿਰਵਸਤਰ ਖੜ੍ਹੇ ਰਹਿਣ ਲਈ ਕਹਿੰਦਾ ਅਤੇ ਉਨ੍ਹਾਂ ਦੇ ਨਗਨ ਸਰੀਰ ਨੂੰ ਟਿਕਟਿਕੀ ਲਾ ਕੇ ਦੇਖਦਾ ਰਹਿੰਦਾ। ਜਦੋਂ ਉਹ ਇਸ ਚਕਸ਼ੂ-ਕਾਮ ਨਾਲ ਤ੍ਰਿਪਤ ਹੋ ਜਾਂਦਾ ਤਾਂ ਔਰਤਾਂ ਨੂੰ ਕੱਪੜੇ ਪਾਉਣ ਲਈ ਕਿਹਾ ਜਾਂਦਾ।
1972 ਵਿੱਚ ਭਗਵਾਨ ਰਜਨੀਸ਼ ਨੂੰ ਮਿਲੀ ਸ਼ੀਲਾ ਨੇ ਰਜਨੀਸ਼ ਨਾਲ ਪ੍ਰਾਪਤ ਕੀਤੇ ਆਪਣੇ ਸੈਕਸ ਅਨੁਭਵਾਂ ਦਾ ਬੜਾ ਬਖ਼ਾਨ ਕੀਤਾ ਹੈ। ਉਹ ਦੱਸਦੀ ਹੈ ਕਿ ਕਿਵੇਂ ਉਹ ਉਸਦੇ ਪੈਰਾਂ ਕੋਲ ਬੈਠਦੀ ਸੀ ਅਤੇ ਕਿਵੇਂ ਰਜਨੀਸ਼ ਦੀਆਂ ਕਾਮ-ਕੁੰਠਾਵਾਂ ਹੱਥਾਂ ਰਾਹੀਂ ਅਭਿਵਿਅਕਤ ਹੁੰਦੀਆਂ ਸਨ। (ਦੇਖੋ ਮਾਯਾ, ਫਰਵਰੀ 1986)
ਊਰਜਾ ਦਰਸ਼ਨ
ਇਕ ਦਿਨ ‘ਰਾਤਰੀ ਦਰਸ਼ਨ’ ਪ੍ਰੋਗਰਾਮ ਵਿੱਚ ਭਗਵਾਨ ਨੇ ਐਲਾਨ ਕੀਤਾ ਕਿ ਉਹ ਇੱਕ ਨਵੀਂ ਤਰ੍ਹਾਂ ਦੇ ‘ਊਰਜਾ ਦਰਸ਼ਨ’ ਦਾ ਪ੍ਰਯੋਗ ਕਰਨ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਬਹੁਤ ਸਾਰੀਆਂ ਔਰਤ ਸੰਨਿਆਸਣਾਂ ਉਸਦੀ ਊਰਜਾ ਗ੍ਰਹਿਣ ਕਰਨ ਦੀਆਂ ਹੱਕਦਾਰ ਬਣ ਗਈਆਂ ਹਨ। ਇਸ ਲਈ ਉਹ ਕਈ ਸਾਲਾਂ ਤੋਂ ਤਿਆਰ ਕੀਤੀਆਂ ਗਈਆਂ ਹਨ। ਹੁਣ ਉਨ੍ਹਾਂ ਨੂੰ ਸਾਧਨਾਂ ਦੇ ਬਿਲਕੁਲ ਨਵੇਂ ਦੌਰ ਵਿੱਚ ਪਹੁੰਚਾਇਆ ਜਾਵੇਗਾ। ਦਸ- ਬਾਰਾਂ ਚੁਣੀਆਂ ਔਰਤਾਂ ਹਰ ਰਾਤ ਵਿਸ਼ੇਸ਼ ਦਰਸ਼ਨ ਲਈ ਆਉਣਗੀਆਂ। ਇਨ੍ਹਾਂ ਸੰਨਿਆਸਣਾਂ ਨੂੰ ਮਾਧਿਅਮ ਦੇ ਰੂਪ ਵਿੱਚ ਜਾਣਿਆ ਜਾਵੇਗਾ। ਇਹ ਰਜਨੀਸ਼ ਦੀ ਊਰਜਾ ਗ੍ਰਹਿਣ ਕਰਕੇ ਆਸ਼ਰਮ ਅਤੇ ਆਸ਼ਰਮ ਤੋਂ ਬਾਹਰ ਦੀ ਦੁਨੀਆਂ ਵਿੱਚ ਇਸ ਨੂੰ ਪ੍ਰਸਾਰਿਤ ਕਰਨਗੀਆਂ। ‘ਵਿਵੇਕ’ ਨੂੰ ਇਨ੍ਹਾਂ ਔਰਤਾਂ ਦੀ ਅਗਵਾਈ ਲਈ ਚੁਣਿਆ ਗਿਆ, ਕਿਉਂਕਿ ਉਸ ਤੇ ਪਿਛਲੇ ਗਿਆਰਾਂ ਵਰ੍ਹਿਆਂ ਤੋਂ ਰਜਨੀਸ਼ ਨੇ ਗਹਿਰੇ ਪ੍ਰੋਗਰਾਮ ਕੀਤੇ ਸਨ। ਇਸੇ ਲਈ ਇਨ੍ਹਾਂ ਔਰਤਾਂ ਨੂੰ ਸਿੱਖਿਅਤ ਕਰਨ ਦੀ ਜ਼ਿੰਮੇਵਾਰੀ ਵਿਵੇਕ ਅਤੇ ਭਗਵਾਨ ਰਜਨੀਸ਼ ਨੇ ਲਈ। ਰਜਨੀਸ਼ ਨੇ ਹੋਰ ਜਾਣਕਾਰੀ ਦਿੱਤੀ ਕਿ ਇਨ੍ਹਾਂ ਔਰਤਾਂ ਨੂੰ ਵਿਸ਼ੇਸ਼ ਪਹਿਰਾਵਾ ਪਾਉਣਾ ਹੋਵੇਗਾ ਜੋ ਊਰਜਾ ਦਾ ਮਾਧਿਅਮ ਬਣਨ ਦੀ ਉਨ੍ਹਾਂ ਦੀ ਨਿਰਹੰਕਾਰ ਦਿਵਯ ਸਮਰੱਥਾ ਦਾ ਪਰਿਚਾਇਕ ਹੋਵੇਗੀ। ਭਗਵਾਨ ਨੇ ਦੱਸਿਆ ਕਿ ਇਸ ਸਾਧਨਾ ਦੇ ਪਹਿਲੇ ਦਲ ਲਈ ਚੁਣੀਆਂ ਔਰਤਾਂ ਦਾ ਐਲਾਨ ਛੇਤੀ ਹੀ ਕਰ ਦਿੱਤਾ ਜਾਵੇਗਾ।
ਪਿਛਲੇ ਕੁੱਝ ਮਹੀਨਿਆਂ ਤੋਂ ਭਗਵਾਨ ਇਹ ਸਮਝਾਉਂਦਾ ਰਿਹਾ ਸੀ ਕਿ ਉਸ ਵਰਗੇ ‘ਬੋਧੀਸਤਵ’ ਪ੍ਰਾਪਤ ਵਿਅਕਤੀ ਨੂੰ ਸੈਕਸ ਜਾਂ ਸਰੀਰਕ ਸੰਪਰਕਾਂ ਵਰਗੀਆਂ ਤੁੱਛ ਤੇ ਨਿਚਲੇ ਪੱਧਰ ਦੀਆਂ ਗੱਲਾਂ ਦੀ ਲੋੜ ਨਹੀਂ। ਇਸ ਲਈ ਸਾਡੇ ਸਭ ਲਈ ਨਵੀਂ ਯੋਜਨਾ ਹੈਰਾਨ ਕਰਨ ਵਾਲੀ ਸੀ। ਕਈ ਸਾਲਾਂ ਤੋਂ ਵਿਵੇਕ ਨੂੰ ਛੱਡ ਕੇ ਭਗਵਾਨ ਨੇ ਹੋਰ ਕਿਸੇ ਨੂੰ ਸਰੀਰ ਛੂਹਣ ਦੀ ਆਗਿਆ ਨਹੀਂ ਦਿੱਤੀ। 1974 ਤੋਂ 1976 ਦੇ ਸਮੇਂ ਵਿੱਚ ਭਗਵਾਨ ਨੇ ‘ਦਰਸ਼ਨ ਪ੍ਰੋਗਰਾਮ’ ਵਿੱਚ ਕਿਤੇ ਸਪਰਸ਼ ਨਹੀਂ ਕੀਤਾ। ਪਰ ਹੁਣ ਪਰਿਵਰਤਨ ਦਿਖਾਈ ਦੇ ਰਿਹਾ ਸੀ।
ਮੈਂ ਇਹ ਜਾਨਣ ਲਈ ਉਤਸੁਕ ਸਾਂ ਕਿ ਇਨ੍ਹਾਂ ਊਰਜਾ ਦਰਸ਼ਨ ਪ੍ਰੋਗਰਾਮਾਂ ਵਿੱਚ ਕੀ ਹੁੰਦਾ ਹੈ? ਅਤੇ ਉਹ ਔਰਤਾਂ ਕੌਣ ਹਨ ਜਿਨ੍ਹਾਂ ਦੀ ਚੋਣ ‘ਮਾਧਿਅਮ’ ਦੇ ਰੂਪ ਵਿੱਚ ਕੀਤੀ ਗਈ ਸੀ। ਉਤਸੁਕਤਾਵਸ ਇੱਕ ਦਿਨ ਮੈਂ ਵਿਵੇਕ ਤੋਂ ਸਹਿਜ ਹੀ ਪੁੱਛ ਲਿਆ ਕਿ ਕੀ ਮੈਂ ਅਤੇ ਦੂਜੇ ਤੀਰਥ ਕਿਸੇ ‘ਮਾਧਿਅਮ’ ਸੰਨਿਆਸਣ ਨੂੰ ਰਾਤ ਲਈ ਆਪਣੇ ਨਾਲ ਰੁਕਣ ਦਾ ਸੱਦਾ ਦੇ ਸਕਦੇ ਹਾਂ? ਵਿਵੇਕ ਨੇ ਕਿਹਾ ਕਿ ਭਗਵਾਨ ਤੋਂ ਪੁੱਛਣਾ ਪਵੇਗਾ। ਅਗਲੇ ਦਿਨ ਤਿੱਖੀਆਂ ਨਜ਼ਰਾਂ ਨਾਲ ਵਿਵੇਕ ਨੇ ਮੇਰੇ ਸੁਆਲ ਦਾ ਜਵਾਬ ਦਿੱਤਾ। “ਭਗਵਾਨ ਜਾਨਣਾ ਚਾਹੁੰਦਾ ਹੈ ਕਿ ਤੈਨੂੰ ਅਕਲ ਕਦ ਆਵੇਗੀ।” ਜ਼ਾਹਿਰ ਹੈ ਬਾਸ ਖੁਸ਼ ਨਹੀਂ ਸੀ। ‘ਊਰਜਾ ਦਰਸ਼ਨ’ ਦੇ ਪ੍ਰੋਗਰਾਮਾਂ ਲਈ ਸਾਧਨਾ ਦੇ ਅੰਗ ਦੇ ਤੌਰ ਤੇ ਭਗਵਾਨ ਨੇ ਸੰਗੀਤ ਤੇ ਤੇਜ਼ ਪ੍ਰਕਾਸ਼ ਦੀ ਵਿਵਸਥਾ ਕੀਤੀ ਸੀ। ਇੱਕ ਸ਼ਿਸ਼ ਹਰੀਦਾਸ ਨੇ ਹੱਥਾਂ ਤੇ ਪੈਰਾਂ ਨਾਲ ਸੰਚਾਲਿਤ ਹੋਣ ਵਾਲੇ ਧੁਨੀ ਤੇ ਪ੍ਰਕਾਸ਼ ਦਾ ਪ੍ਰਬੰਧ ਕੀਤਾ ਸੀ, ਵਿਸ਼ੇਸ਼ ਸਵਿੱਚ ਲਾ ਕੇ ਜਿਨ੍ਹਾਂ ਨੂੰ ਕੇਵਲ ਰਜਨੀਸ਼ ਹੀ ਚਲਾ ਸਕਦਾ ਸੀ। ਸੰਗੀਤ ਤੇ ਪ੍ਰਕਾਸ਼ ਦੇ ਸੰਮੋਹਕ ਅਤੇ ਉਤੇਜਕ ਵਾਤਾਵਰਣ ਵਿੱਚ ਇਹ ਬੈਠਕਾਂ ਹੁੰਦੀਆਂ ਸਨ। ਭਗਵਾਨ ਰਜਨੀਸ਼ ਵਲੋਂ ਪ੍ਰਕਾਸ਼ ਬੁਝਾ ਦੇਣ ਤੋਂ ਬਾਅਦ ਲੰਮੇ ਸਮੇਂ ਤੱਕ ਜੋ ਕੁੱਝ ਹੁੰਦਾ ਹੋਵੇ ਪਰ ਪ੍ਰਚਾਰ ਇਹ ਹੀ ਹੁੰਦਾ ਸੀ ਕਿ ਅੰਧਕਾਰ ਵਿੱਚ ਕਾਮ-ਲੀਲਾ ਹੁੰਦੀ ਸੀ। ਇਹ ਸਖ਼ਤ ਨਿਰਦੇਸ਼ ਦਿੱਤੇ ਗਏ ਸਨ ਕਿ ਬਿਜਲੀ ਬੰਦ ਹੋਣ ਤੋਂ ਬਾਅਦ ਕੋਈ ਵੀ ਫੋਟੋ ਨਾ ਖਿੱਚੀ ਜਾਵੇ।
ਇਸ ਤਰ੍ਹਾਂ ਦੇ ਇੱਕ ਮਾਧਿਅਮ ਨੇ ਮੈਨੂੰ ਦੱਸਿਆ ਕਿ ਊਰਜਾ ਦਰਸ਼ਨਾਂ ਦੀਆਂ ਇਨ੍ਹਾਂ ਬੈਠਕਾਂ ਵਿੱਚ ਹੇਠਲੇ ਕੱਪੜੇ ਪਾਉਣੇ ਵਰਜਿਤ ਸੀ। ਇਸ ਚਟਪਟੀ ਚਰਚਾ ਨੂੰ ਮੈਂ ਆਪਣੇ ਸਾਥੀ ਤੀਰਥ ਨਾਲ ਸਾਂਝਿਆਂ ਕੀਤਾ। ਉਸਨੇ ਇਸਦੀ ਜਾਣਕਾਰੀ ਵਿਵੇਕ ਨੂੰ ਦੇ ਦਿੱਤੀ। ਵਿਵੇਕ ਨੇ ਮੈਨੂੰ ਬੁਲਾ ਕੇ ਤਾੜਨਾ ਕੀਤੀ। ਕਿ ਜੇ ਮੈਂ ਮੁੜ ਅਜਿਹੀ ਗੱਲ ਕੀਤੀ ਤਾਂ ਮੈਨੂੰ ਸਿੱਧਾ ਇੰਗਲੈਂਡ ਭੇਜਿਆ ਜਾ ਸਕਦਾ ਹੈ। ਭਗਵਾਨ ਰਜਨੀਸ਼ ਨੇ ‘ਮਾਧਿਅਮ’ ਬਨਾਉਣ ਲਈ ਪਹਿਲੇ ਗਰੁੱਪ ਵਿੱਚ 12 ਔਰਤਾਂ ਦੀ ਚੋਣ ਕੀਤੀ। ‘ਮਾਧਿਅਮ ਬਣਨ ਲਈ ਕਿਹੜੀਆਂ ਔਰਤਾਂ ਯੋਗ ਸਨ? ਇਸ ਸੰਬੰਧ ਵਿੱਚ ਪ੍ਰਸ਼ਨਾਂ ਦਾ ਉੱਤਰ ਦਿੰਦਿਆਂ ਹੋਇਆਂ ਰਜਨੀਸ਼ ਨੇ ਇੱਕ ਭਾਸ਼ਣ ਵਿੱਚ ਕਿਹਾ ਕਿ, “ਸਿਰਫ ਉੱਚੀਆਂ ਛਾਤੀਆਂ ਵਾਲੀਆਂ ਔਰਤਾਂ ਹੀ ਇਸ ਸਨਮਾਨ ਦੇ ਕਾਬਿਲ ਹਨ।” ਸ੍ਰੋਤਿਆਂ ਨੂੰ ਇਹ ਕਹਿਕੇ ਹੈਰਾਨ ਕਰ ਦਿੱਤਾ ਗਿਆ ਕਿ ਅਵਿਕਸਿਤ ਛਾਤੀਆਂ ਵਾਲੀਆਂ ਔਰਤਾਂ ਨੇ ਰਜਨੀਸ਼ ਨੂੰ ਅਨੇਕਾਂ ਜਨਮਾਂ ਵਿੱਚ ਬਹੁਤ ਸਤਾਇਆ ਹੈ। ਲੇਕਿਨ ਇਸ ਜਨਮ ਵਿੱਚ ਇਸ ਨੂੰ ਦੁਬਾਰਾ ਨਹੀਂ ਵਾਪਰਨ ਦਿੱਤਾ ਜਾਵੇਗਾ। ਰਜਨੀਸ਼ ਦੀ ਇਸ ਕਸੌਟੀ ਉੱਪਰ ਪੂਰਾ ਨਾ ਉੱਤਰਨ ਵਾਲੀਆਂ ਔਰਤਾਂ ਨੂੰ ਬਹੁਤ ਨਿਰਾਸ਼ਾ ਹੋਈ। ਪਰ ਦੋ ਹਫ਼ਤਿਆਂ ਬਾਦ ਹੀ ਭਗਵਾਨ ਰਜਨੀਸ਼ ਨੇ ‘ਮਾਧਿਅਮ’ ਬਣਨ ਵਿੱਚ ਰਿਆਇਤ ਦੇ ਦਿੱਤੀ। ਇਸ ਤਰ੍ਹਾਂ ਤਿੰਨ ਸਾਧਾਰਣ ਸੰਨਿਆਸਣਾਂ ਨੂੰ ਮਾਧਿਅਮ ਦੇ ਤੌਰ ਤੇ ਚੁਣ ਲਿਆ ਗਿਆ। ਇਸ ਨਾਲ ਮਾਧਿਅਮ ਬਣਨ ਲਈ ਤਰਸਣ ਵਾਲੀਆਂ ਸੰਨਿਆਸਣਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਮੈਂ ਵੀ ਰੋਮਾਂਚਿਤ ਹੋ ਉੱਠਿਆ ਜਦੋਂ ਮੈਨੂੰ ਪਤਾ ਚੱਲਿਆ ਕਿ ਮੇਰੀ ਸਾਥਣ ਈਸਾਬੇਲ ਨੂੰ ਵੀ ‘ਮਾਧਿਅਮ’ ਲਈ ਚੁਣ ਲਿਆ ਗਿਆ ਹੈ। ਹੁਣ ਅਸੀਂ ਹਰ ਰਾਤ ‘ਊਰਜਾ ਦਰਸ਼ਨ’ ਦੀਆਂ ਸਾਧਨਾਂ ਬੈਠਕਾਂ ਵਿੱਚ ਸ਼ਾਮਿਲ ਹੋ ਸਕਦੇ ਸਾਂ। ਸਾਡੇ ਲਈ ਇਹ ਇੱਕ ਉਪਹਾਰ ਤੋਂ ਘੱਟ ਨਹੀਂ ਸੀ।
ਰਹੱਸਮਈ ਸੰਮੋਹਨ
‘ਊਰਜਾ ਦਰਸ਼ਨ’ ਦੀਆਂ ਬੈਠਕਾਂ ਵਿੱਚ ਸੰਗੀਤ ਏਨਾ ਉਗਰ ਰੂਪ ਧਾਰਣ ਕਰ ਜਾਂਦਾ ਸੀ ਕਿ ਮਾਨਸਿਕ ਕਸ਼ਟ ਹੋਣ ਲੱਗਦਾ ਸੀ। ਚਕਾਚੌਂਧ ਰੌਸ਼ਨੀ ਅਤੇ ਜਗ-ਬੁਝ ਅਤੇ ਕਸ਼ਟਦਾਇਕ ਸੰਗੀਤ ਦਾ ਅਜਿਹਾ ਵਾਤਾਵਰਣ ਸਿਰਜਿਆ ਜਾਂਦਾ ਸੀ ਕਿ ਆਦਮੀ ਤਾਂ ਮਦਹੋਸ਼ ਹੋ ਜਾਂਦਾ ਸੀ। ਇਨ੍ਹਾਂ ਸਾਧਨਾ ਬੈਠਕਾਂ ਦਾ ਮੇਰੇ ਉੱਪਰ ਬੜਾ ਉਤੇਜਕ ਪ੍ਰਭਾਵ ਪਿਆ। ‘ਊਰਜਾ ਦਰਸ਼ਨ’ ਲਈ ਜਦੋਂ ਮੈਨੂੰ ਬੁਲਾਇਆ ਗਿਆ ਤਾਂ ਮੈਨੂੰ ਰਜਨੀਸ਼ ਦੇ ਚਰਨਾਂ ਵਿੱਚ ਬੈਠੀ ਇੱਕ ‘ਮਾਧਿਅਮ’ ਦੇ ਸਾਹਮਣੇ ਬਿਠਾਇਆ ਗਿਆ। ਪ੍ਰਕਾਸ਼ ਬੁਝਾ ਦਿੱਤਾ ਗਿਆ। ਸੰਗੀਤ ਹੋਰ ਤੇਜ਼ ਹੋਰ ਤੇਜ਼ ਹੁੰਦਾ ਗਿਆ। ਇਸ ਸਮੇਂ ਰਜਨੀਸ਼ ਨੇ ਮੇਰੇ ਮੱਥੇ (ਭੋਹਾਂ ਦੇ ਮਿਲਣ ਵਾਲੀ ਥਾਂ) ਉੱਪਰ ਸਪੱਰਸ਼ ਕੀਤਾ। ਮੈਨੂੰ ਅਜਿਹਾ ਅਨੁਭਵ ਹੋਇਆ ਕਿ ਇੱਕ ਨਵੀਂ ਤਰ੍ਹਾਂ ਦੀ ਊਰਜਾ ਮੇਰੇ ਸਾਰੇ ਸਰੀਰ ਵਿੱਚ ਤਰੰਗਿਤ ਹੋ ਗਈ ਹੈ। ਇਹ ਪ੍ਰਭਾਵ ਵਧਦਾ ਗਿਆ ਤੇ ਮੈਨੂੰ ਅਭਾਸ ਹੋਇਆ ਕਿ ਮੈਂ ਕਿਸੇ ਸੁਰੰਗ ਵਿੱਚ ਫਸ ਗਿਆ ਹਾਂ ਅਤੇ ਕੋਈ ਐਕਸਪ੍ਰੈਸ ਗੱਡੀ ਤੇਜ਼ੀ ਨਾਲ ਮੇਰੇ ਵੱਲ ਵਧ ਰਹੀ ਹੈ। ਇਸ ਤੋਂ ਬਾਅਦ ਸ਼ਾਂਤੀ ਛਾ ਗਈ। ਇਸ ਤਰ੍ਹਾਂ ਮਹਿਸੂਸ ਹੋਇਆ ਕਿ ਮੇਰੇ ਅੰਦਰ ਇੱਕ ਰੌਸ਼ਨੀ ਹੋ ਉੱਠੀ ਹੈ। ਇਸ ਤੋਂ ਬਾਅਦ ਮੈਨੂੰ ਅਨੁਭਵ ਹੋਇਆ ਕਿ ਮੈਂ ਅੰਮ੍ਰਿਤ ਦੇ ਸਾਗਰ ਵਿੱਚ ਤੈਰ ਰਿਹਾ ਹਾਂ। ਮੈਨੂੰ ਕੋਈ ਪਤਾ ਨਹੀਂ ਕਿ ਮੇਰੇ ਚਾਰੋਂ ਪਾਸੇ ਕੀ ਹੋ ਰਿਹਾ ਹੈ। ਇਸ ਦੌਰਾਨ ਮੈਨੂੰ ਲੱਗਾ ਕਿ ਭਗਵਾਨ ਰਜਨੀਸ਼ ਬਹੁਤ ਦੂਰੋਂ ਮੈਨੂੰ ਬੁਲਾ ਰਿਹਾ ਹੈ, “ਸ਼ਿਵਾ ਵਾਪਿਸ ਆ ਜਾ, ਫੋਟੋ ਖਿੱਚਣੀ ਹੈ।” ਮੈਨੂੰ ਯਾਦ ਹੈ ਕਿ ਉਸ ਸਮੇਂ ਮੈਂ ਸੋਚ ਰਿਹਾ ਸੀ, “ਕੀ ਇਹ ਵਿਅਕਤੀ ਜੋ ਕੁੱਝ ਕਹਿ ਰਿਹਾ ਹੈ ਉਹ ਗੰਭੀਰ ਹੈ? ਇਸ ਅਵਸਥਾ ਵਿੱਚ ਮੈਂ ਫੋਟੋ ਕਿਵੇਂ ਖਿੱਚ ਸਕਦਾ ਹਾਂ?” ਪਰ ਕਿਸੇ ਨਾ ਕਿਸੇ ਤਰ੍ਹਾਂ ਮੈਂ ਪੈਰਾਂ ਤੇ ਖੜ੍ਹਾ ਹੋਿੲਆ। ਉਸ ਸਮੇਂ ਕ੍ਰਿਸ਼ਣਾ ਭਾਰਤੀ ਨੇ ਮੇਰੇ ਹੱਥਾਂ ਵਿੱਚ ਕੈਮਰਾ ਫੜਾ ਦਿੱਤਾ। ਕੀ ਇਹੋ ਭਗਵਾਨ ਦੀ ਊਰਜਾ ਹੈ? ਉਸ ਸਮੇਂ ਮੈਂ ਮੰਤਰ ਮੁਗਧ ਸਾਂ। ਮੈਂ ਚਾਹੁੰਦਾ ਸੀ ਕਿ ਇਹ ਊਰਜਾ ਮੈਨੂੰ ਬਾਰ ਬਾਰ ਮਿਲੇ।
ਅਨੇਕਾਂ ਲੋਕਾਂ ਨੇ ਮੈਨੂੰ ਪੁੱਛਿਆ ਕਿ ਰਜਨੀਸ਼ ਵਰਗੇ ਲੋਕਾਂ ਰਾਹੀਂ ਇੱਕ ਸਮਝਦਾਰ ਅਤੇ ਸਵਤੰਤਰ ਦਿਮਾਗ਼ ਰੱਖਣ ਵਾਲਾ ਵਿਅਕਤੀ ਸੰਮੋਹਤ ਕਿਵੇਂ ਹੋ ਜਾਂਦਾ ਹੈ? ਇਸਦਾ ਉੱਤਰ ਜਿਵੇਂ ਕਿ ਅਨੇਕ ਸੰਨਿਆਸੀ ਵੀ ਸਵੀਕਾਰ ਕਰਨਗੇ, ਇਹ ਹੈ ਕਿ ਇੱਕ ਬਾਰ ਰਜਨੀਸ਼ ਦੇ ਪ੍ਰਭਾਵ ਵਿੱਚ ਆਉਣ ਅਤੇ ਉਸਦਾ ਸਪਰਸ਼ ਕਰਨ ਤੋਂ ਬਾਅਦ ਤੁਸੀਂ ਇਹ ਸਮਝਣ ਲੱਗੋਗੇ ਕਿ ਇਸ ਤੋਂ ਵੱਡਾ ਸੱਪ ਕੋਈ ਨਹੀਂ ਹੈ। ਕੋਈ ਹੋਰ ਵਰਦਾਨ ਇਸਦਾ ਮੁਕਾਬਲਾ ਨਹੀਂ ਕਰ ਸਕਦਾ। ਇੱਕ ਬਾਰ ਇਹ ਅਨੁਭਵ ਕਰਨ ਤੋਂ ਬਾਅਦ ਬਾਰ ਬਾਰ ਇਹ ਅਨੁਭਵ ਕਰਨ ਦੀ ਇੱਛਾ ਹੋਵੇਗੀ। ਇੱਕ ਅਜਿਹੀ ਅਵਸਥਾ ਹੈ, ਜਿਥੇ ਪਹੁੰਚ ਕੇ ਇਹ ਲੱਗਦਾ ਹੈ ਕਿ ਅਸੀਂ ਸੰਪੂਰਣ ਬ੍ਰਹਿਮੰਡ ਨਾਲ ਏਕਰੂਪ ਹੋ ਗਏ ਹਾਂ। ਅਜਿਹੀ ਸਥਿਤੀ ਨਸ਼ੀਲੀ ਦਵਾ ਤੋਂ ਹੀ ਪੈਦਾ ਹੋ ਸਕਦੀ ਹੈ, ਪਰ ਆਸ਼ਰਮ ਵਿੱਚ ਅਜਿਹੀ ਕੋਈ ਦਵਾ ਨਹੀਂ ਸੀ। ਇਥੇ ਤਾਂ ਭਗਵਾਨ ਰਜਨੀਸ਼ ਦਾ ਸਪੱਰਸ਼ ਹੀ ਮਦਹੋਸ਼ ਕਰ ਦਿੰਦਾ ਸੀ।
ਰਜਨੀਸ਼ ਦੇ ਪ੍ਰਭਾਵ ਦੇ ਕਾਰਣ
ਰਜਨੀਸ਼ ਅਤੇ ਉਸਦੇ ਉਪਦੇਸ਼ਾਂ ਦਾ ਮੇਰੇ ਅਤੇ ਪੱਛਮ ਦੇ ਮੇਰੇ ਵਰਗੇ ਹਜ਼ਾਰਾਂ ਯੁਵਕਾਂ ਉੱਪਰ ਇੰਨਾ ਵਿਆਪਕ ਪ੍ਰਭਾਵ ਕਿਉਂ ਪਿਆ? ਇਸਦਾ ਜਵਾਬ 60 ਦੇ ਦਹਾਕੇ ਦੇ ਅੰਤਿਮ ਅਤੇ 70 ਦੇ ਦਹਾਕੇ ਦੇ ਸ਼ੁਰੂਆਤੀ ਦਿਨਾਂ ਦੇ ਸਮਾਜਿਕ ਮਾਹੌਲ ਅਤੇ ਸੈਕਸ ਦੇ ਪ੍ਰਤੀ ਉਨ੍ਹਾਂ ਦਿਨਾਂ ਦੀਆਂ ਧਾਰਣਾਵਾਂ ਵਿੱਚ ਖੋਜਿਆ ਜਾ ਸਕਦਾ ਹੈ। ਭਗਵਾਨ ਰਜਨੀਸ਼ ਉਨ੍ਹਾਂ ਹੀ ਦਿਨਾਂ ਵਿੱਚ ‘ਸਵਤੰਤਰ ਪ੍ਰੇਮ’ ਦੀਆਂ ਧਾਰਣਾਵਾਂ ਨਾਲ ਸਾਹਮਣੇ ਆਉਂਦਾ ਹੈ ਜਦੋਂ ਨੌਜਵਾਨ ਸਮਾਜਿਕ ਵਰਜਨਾਵਾਂ ਨੂੰ ਨਕਰਾਨ ਲੱਗੇ ਸਨ। ਉਨ੍ਹਾਂ ਵਿੱਚ ਹਰ ਤਰ੍ਹਾਂ ਦੀ ਸੁਤੰਤਰਤਾ ਦੀ ਇੱਛਾ ਬਲਵਾਨ ਹੋ ਗਈ ਸੀ। ਉਹ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜਿਉਣਾ ਚਾਹੁੰਦੇ ਸਨ ਨਾ ਕਿ ਆਪਣੇ ਵੱਡੇ ਵਡੇਰਿਆਂ ਦੇ ਕਹਿਣ ਅਨੁਸਾਰ। ਅਸੀਂ ਅਜਿਹੇ ਨੌਜਵਾਨ ਸਾਂ ਜੋ ਆਪਣੀਆਂ ਭਾਵਨਾਵਾਂ ਦੀ ਅਭਿਵਿਅਕਤੀ ਦੇ ਸੌਦੇ ਦੀ ਤਲਾਸ਼ ਵਿੱਚ ਸਾਂ। ਠੀਕ ਇਸੇ ਸਮੇਂ ਅਚਾਰੀਆ ਰਜਨੀਸ਼ ਨੇ ਆਪਣੀ ਤੰਤਰ ਦੀ ਵਿਆਖਿਆ ਪੇਸ਼ ਕੀਤੀ। ਵਿਆਖਿਆ ਵਿੱਚ ਮਨੁੱਖ ਦੇ ਆਤਮ ਜਯੋਤੀਮਈ ਅਤੇ ਆਤਮਲੀਨ ਹੋਣ ਦਾ ਬਿਲਕੁਲ ਵੱਖਰਾ ਢੰਗ ਤਰੀਕਾ ਸੀ। ਤੰਤਰ ਰਾਹੀਂ ਕਾਮ ਉਨਮਾਦ ਨੂੰ ਇੱਕ ਵੱਖਰਾ ਅਰਥ ਦਿੱਤਾ ਗਿਆ।
ਰਜਨੀਸ਼ ਦੀ ਪੋਲ ਖੋਲ੍ਹੀ ਅੰਗ ਰੱਖਿਅਕ ਨੇ
ਇਹ ਆਤਮ ਦਰਸ਼ਨ ਦੀ ਲੰਬੀ ਯਾਤਰਾ ਵੱਲ ਇੱਕ ਕਦਮ ਸੀ। ਰਜਨੀਸ਼ ਨੇ ਆਪਣੇ ਇੱਕ ਪ੍ਰਵਚਨ ਵਿੱਚ ਇੱਕ ਰੋਲ ਦਾ ਜ਼ਿਕਰ ਕੀਤਾ ਸੀ ਕਿ ਭਾਰਤੀ ਇਤਿਹਾਸ ਦੇ ਸ਼ੁਰੂਆਤੀ ਦਿਨਾਂ ਵਿੱਚ ‘ਤੰਤਰ’ ਇੱਕ ਵਿਆਪਕ ਧਰਮ ਸੀ। ਇਸਨੂੰ ਸਮਰਪਿਤ ਅਸੰਖ ਸੰਨਿਆਸੀ ਸਨ। ਖਜੁਰਾਹੋ ਅਤੇ ਕੋਨਾਰਕ ਦੇ ਮੰਦਿਰਾਂ ਦੇ ਪੱਥਰਾਂ ਤੇ ਖੁਦੀਆਂ ਹੋਈਆਂ। ਕਾਮ ਸੰਵੇਦਨਾ ਵਿੱਚ ਲੀਨ ਜੋੜਿਆਂ ਦੀਆਂ ਮੂਰਤੀਆਂ ਉਨ੍ਹਾਂ ਦਿਨਾਂ ਦੀਆਂ ਹੀ ਹਨ। ਜਿਨ੍ਹੀਂ ਦਿਨੀਂ ਤਾਂਤ੍ਰਿਕ ਧਰਮ ਵਧ ਫੁੱਲ ਰਿਹਾ ਸੀ …. . ਤੰਤਰ ਦਾ ਉਦੇਸ਼ ਤੱਤ ਗਿਆਨ ਪ੍ਰਾਪਤ ਕਰਨਾ ਸੀ। ਸਵੈ ਨੂੰ ਅਲੋਪ ਕਰ ਦੇਣਾ ਅਤੇ ਵਿਅਕਤੀਗਤ ਅਹੰ ਨੂੰ ਵਿਆਪਕ ਚੇਤੰਨ ਵਿੱਚ ਵਿਲੀਨ ਕਰ ਦੇਣਾ ਹੈ। ਈਸਾ ਤੋਂ ਪੰਜ ਸੌ ਵਰ੍ਹੇ ਪਹਿਲਾਂ ਬੁੱਧ ਨੇ ਇਸੇ ਅਵਸਥਾ ਨੂੰ ‘ਸਮਾਧੀ’ ਕਿਹਾ ਸੀ। ਇਹ ਸੀਮਾਤੀਤ ਹੋ ਜਾਣ ਦੀ ਅਵਸਥਾ ਹੈ ਜਿਥੇ ਕੁੱਝ ਵੀ ਅਸਤਿਤਵਮਾਨ ਨਹੀਂ ਰਹਿੰਦਾ। ਈਸਾ ਨੇ ਇਸੇ ਮਾਨਸਿਕ ਅਵਸਥਾ ਨੂੰ ‘ਪ੍ਰਭੂ ਦਾ ਰਾਜ’ ਦੱਸਿਆ ਸੀ। ਰਜਨੀਸ਼ ਨੇ ਇਸ ਅਵਸਥਾ ਨੂੰ ਆਤਮ-ਚੇਤਨ ਦੀ ਸਥਿਤੀ ਦੱਸਿਆ ਹੈ। ਉਸਦਾ ਕਹਿਣਾ ਹੈ ਕਿ 21 ਵਰ੍ਹੇ ਦੀ ਉਮਰ ਵਿੱਚ ਹੀ ਉਸਨੇ ਇਸ ਅਵਸਥਾ ਨੂੰ ਪਾ ਲਿਆ ਸੀ। ਧਰਤੀ ਉੱਪਰ ਇੱਕੋ ਸਮੇਂ ਸਿਰਫ ਅੱਠ ਨੌਂ ਲੋਕਾਂ ਤੋਂ ਹੀ ਇਸ ਅਵਸਥਾ ਤੱਕ ਪਹੁੰਚਣ ਦੀ ਉਮੀਦ ਕੀਤੀ ਜਾਂਦੀ ਹੈ। ਆਪਣੇ ਆਪ ਨੂੰ ਵਿਸ਼ੇਸ਼ ਦੱਸਦੇ ਹੋਏ ਰਜਨੀਸ਼ ਦਾ ਕਹਿਣਾ ਹੈ ਕਿ ਇਸ ਸਮੇਂ ਦੁਨੀਆਂ ਵਿੱਚ ਨੌਂ ਆਤਮ-ਚੇਤੰਨ ਪ੍ਰਾਣੀ ਹਨ। ਇੱਕ ਸਮੇਂ ਵਿੱਚ ਆਤਮ- ਚੇਤੰਨ ਪ੍ਰਾਣੀਆਂ ਵਿੱਚੋਂ ਇੱਕ ਪ੍ਰਮੁੱਖ ਹੁੰਦਾ ਹੈ ਅਤੇ ਇਸ ਸਮੇਂ ਉਹ ਰਜਨੀਸ਼ ਹੈ।
ਵਿਆਹ ਪ੍ਰਥਾ ਅਤੇ ਰਜਨੀਸ਼
ਬਾਦ ਵਿੱਚ ਕਈ ਯੋਨ-ਪ੍ਰਯੋਗ ਹੋਏ। ਇੱਕ ਵਿਸ਼ੇਸ਼ ਤਾਂਤ੍ਰਿਕ ਬੈਠਕ ਵਿੱਚ ਰੈਟ- ਫੋਬੀਆ ਤੋਂ ਪੀੜਤ ਇੱਕ ਔਰਤ ਨੂੰ ਰਜਨੀਸ਼ ਨੇ ਸਲਾਹ ਦਿੱਤੀ ਕਿ ਉਹ ਕਾਮ-ਕ੍ਰੀੜਾ ਦੀ ਮੌਖਿਕ ਚਰਚਾ ਕਰਕੇ ਆਨੰਦ ਲਏ। ਇਸੇ ਤਰ੍ਹਾਂ ਇੱਕ ਦੂਸਰੀ ਤਾਂਤ੍ਰਿਕ ਬੈਠਕ ਵਿੱਚ ਪ੍ਰੇਮੀ ਜੋੜਿਆਂ ਦੇ ਪੁਰਸ਼-ਸਾਥੀਆਂ ਨੂੰ ਕਿਹਾ ਗਿਆ ਕਿ ਉਹ ਆਪਣੀਆਂ ਔਰਤ ਸਾਥੀਆਂ ਦੀਆਂ ਟੰਗਾਂ ਵਿੱਚ ਪੱਕੇ ਅੰਬ ਚੂਪਣ। ਵਿਆਹ ਸੰਬੰਧੀ ਰਜਨੀਸ਼ ਦੇ ਆਪਣੇ ਵਿਚਾਰ ਸਰਵਵਿਦਤ ਹਨ। ਉਸਦੀ ਸ਼ਾਦੀ ਨਹੀਂ ਸੀ ਹੋਈ। ਉਸ ਨੇ ਵਿਆਹ ਸੰਸਥਾ ਨੂੰ ਹੀ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਰਜਨੀਸ਼ ਦੀ ਮਾਂ ਨੇ ਜਦ ਉਸਨੂੰ ਸ਼ਾਦੀ ਕਰਨ ਲਈ ਕਿਹਾ ਤਾਂ ਉਸਦਾ ਪ੍ਰਸ਼ਨ ਸੀ, ‘ਮਾਂ ਜੇ ਤੂੰ ਇੱਕ ਵਾਰ ਫਿਰ ਬੀਤਿਆ ਜੀਵਨ ਪਾ ਲਵੇਂ ਤਾਂ ਕੀ ਤੂੰ ਸ਼ਾਦੀ ਕਰੇਂਗੀ?” ਮਾਂ ਨੇ ਜਵਾਬ ਦਿੱਤਾ, ‘ਨਹੀਂ’। ਇਸ ਸੰਬੰਧ ਵਿੱਚ ਰਜਨੀਸ਼ ਲਈ ਇਹ ਅਹਿਮ ਸ਼ਬਦ ਸੀ। ਰਜਨੀਸ਼ ਦਾ ਕਹਿਣਾ ਹੈ ਕਿ ਵਿਆਹ-ਬੰਧਨ ਵਿੱਚ ਬੱਝੇ ਵਿਅਕਤੀ ਸਿਰਫ ਇੱਕ ਦੂਜੇ ਨੂੰ ਘ੍ਰਿਣਾ ਹੀ ਕਰ ਸਕਦੇ ਹਨ। ਬਹੁਤ ਘੱਟ ਜੋੜੇ ਹਨ ਜੋ ਅਜਿਹਾ ਨਹੀਂ ਕਰਦੇ। ਬੱਚਿਆਂ ਦੇ ਸਵਾਲ ਤੇ ਵੀ ਰਜਨੀਸ਼ ਦਾ ਅਜਿਹਾ ਹੀ ਰੁਖ ਹੈ। ਉਹ ਨਹੀਂ ਚਾਹੁੰਦਾ ਕਿ ਆਸ਼ਰਮ ਦੇ ਅੰਦਰ ਕਿਸੇ ਜੋੜੇ ਦੇ ਬੱਚੇ ਪੈਦਾ ਹੋਣਾ। ਉਸਦੀ ਨਜ਼ਰ ਵਿੱਚ ਆਸ਼ਰਮ ਦੇ ਅੰਦਰ ਦਾ ਕੋਈ ਵਿਆਹ ਸ਼ੁੱਧ ਰੂਪ ਵਿੱਚ ਸੁਵਿਧਾ ਲਈ ਸੀ। “ਜੇ ਤੁਸੀਂ ਭਗਵਾਨ ਨੂੰ ਪੂਰਣ ਰੂਪ ਵਿੱਚ ਪਿਆਰ ਕਰਦੇ ਹੋ ਤਾਂ ਤੁਹਾਨੂੰ ਦੂਸਰਿਆਂ ਨਾਲ ਗੰਭੀਰਤਾ ਸਹਿਤ ਪਿਆਰ ਨਹੀਂ ਕਰਨਾ ਚਾਹੀਦਾ। ਜੇ ਭਗਵਾਨ ਪ੍ਰਤੀ ਆਸਥਾ ਵਿੱਚ ਬੱਚੇ ਰੁਕਾਵਟ ਬਣ ਰਹੇ ਹੋਣ ਤਾਂ ਉਨ੍ਹਾਂ ਨੂੰ ਖਤਮ ਕਰ ਦਿਉ।” ਤਮਾਮ ਗਰਭਵਤੀ ਔਰਤਾਂ ਨੂੰ ਇਸ ਲਈ ਆਦੇਸ਼ ਦਿੱਤੇ ਗਏ ਸਨ। ਦੂਸਰੇ ਸ਼ਬਦਾਂ ਵਿੱਚ ਔਰਤਾਂ ਨੂੰ ਕਿਹਾ ਗਿਆ ਕਿ ਜਿੰਨੀ ਜਲਦੀ ਹੋ ਸਕੇ ਗਰਭ ਗਿਰਾ ਦੇਣ। ਗਰਭ ਗਿਰਾਉਣ ਸਮੇਂ ਹੀ ਔਰਤਾਂ ਨਸਬੰਦੀ ਕਰਵਾ ਲੈਣ ਤਾਂ ਕਿ ਦੁਬਾਰਾ ਗਰਭਵਤੀ ਹੋਣ ਦਾ ਜ਼ੋਖ਼ਮ ਨਾ ਉਠਾਉਣਾ ਪਵੇ।
ਨਸ਼ੀਲੇ ਪਦਾਰਥ
ਮੈਨੂੰ ਛੇਤੀ ਇਹ ਅਹਿਸਾਸ ਹੋਇਆ ਕਿ ਰੈਂਚ (ਔਰੇਗਨ ਆਸ਼੍ਰਮ) ਵਿੱਚ ਨਸ਼ੀਲੇ ਪਦਾਰਥਾਂ ਦੇ ਸੇਵਨ ਬਾਰੇ ਆਪਣੇ ਪ੍ਰਤਿਬੰਧ ਨੂੰ ਰਜਨੀਸ਼ ਨੇ ਆਪਣੇ ਢੰਗ ਨਾਲ ਖੁਦ ਹੀ ਤੋੜ ਦਿੱਤਾ ਹੈ। ਚੇਤਨਾ ਜਾਗ੍ਰਿਤ ਕਰਨ ਦੀ ਦਵਾ ਦੇ ਰੂਪ ਵਿੱਚ ਉਹ ਨਾਈਟਰਸ ਆਕਸਾਈਡ ਦਾ ਪ੍ਰਯੋਗ ਕਰਦਾ ਸੀ।
ਮੈਂ ਜਾਣਦਾ ਸਾਂ ਕਿ ਨਾਈਟਰਸ ਆਕਸਾਈਡ ਇੱਕ ਤੇਜ਼ ਨਸ਼ੀਲੀ ਦਵਾ ਹੈ। ਕੁੱਝ ਹੀ ਦਿਨ ਪਹਿਲਾਂ ਦੰਦ ਦੀ ਪਰੇਸ਼ਾਨੀ ਵਿੱਚ ਮੈਂ ਇਸਦਾ ਇਸਤੇਮਾਲ ਕੀਤਾ ਸੀ। ਦਮੇ ਦੀ ਬਿਮਾਰੀ ਵਿੱਚ ਇਸ ਦਵਾ ਦਾ ਇਸਤੇਮਾਲ ਅਤੇ ਉਸਦਾ ਪ੍ਰਭਾਵ ਜਾਨਣ ਤੋਂ ਬਾਅਦ ਰਜਨੀਸ਼ ਇਸਦਾ ਲਗਾਤਾਰ ਸੇਵਨ ਕਰਨ ਲੱਗਾ ਸੀ। ਇੱਕ ਜਾਂ ਦੋ ਘੰਟੇ ਧਿਆਨ-ਕਮਰੇ ਵਿੱਚ ਰਜਨੀਸ਼ ਨਾਈਟਰਸ ਆਕਸਾਈਡ ਦਾ ਕਸ਼ ਲੈਂਦਾ ਸੀ। ਜਦੋਂ ਮੈਂ ਇਹ ਗੱਲ ਸੁਣੀ, ਸਿਲਸਿਲਾ ਉਸ ਤੋਂ ਛੇ ਮਹੀਨੇ ਪਹਿਲਾਂ ਚੱਲ ਰਿਹਾ ਸੀ।
ਇਕ ਬਾਰ ਇਸ ਦਵਾਈ ਦੇ ਪ੍ਰਭਾਵ ਅਧੀਨ ਰਜਨੀਸ਼ ਨੇ ਕਿਹਾ, “ਸ਼ੀ …. . ਲਾ …. . ਮੇਰੇ ਲਈ ਜਹਾਜ਼ ਖਰੀਦਣਾ ਚਾਹੁੰਦੀ ਹੈ। ਪਰ ਮੈਨੂੰ ਜਹਾਜ਼ ਦੀ ਜ਼ਰੂਰਤ ਨਹੀਂ। ਮੈਂ ਖੁਦ ਉੱਡ ਰਿਹਾ ਹਾਂ।” ਮੈਂ ਖੁਸ਼ ਸੀ ਕਿ ਰਜਨੀਸ਼ ਫਿਰ ਤੋਂ ਪਰਮ-ਆਨੰਦ ਵਿੱਚ ਉੱਡਣ ਲੱਗਾ ਸੀ। ਪਰੰਤੂ ਬਦਕਿਸਮਤੀ ਇਹ ਸੀ ਕਿ ਉਸ ਦੀ ਇਹ ਅਵਸਥਾ ਇੱਕ ਤੇਜ਼ ਦਵਾ ਦੇ ਅਸਰ ਹੇਠ ਸੀ।
ਆਸ਼ਰਮ ਵਿੱਚ ਅਸੰਤੋਸ਼ ਵਧਣ ਲੱਗਾ ਸੀ। ਆਸ਼ਰਮ ਛੱਡਣ ਦਾ ਮਨ ਬਣਾ ਚੁੱਕੇ ਲੋਕਾਂ ਨੂੰ ਆਸ਼ਰਮ ਵਿੱਚ ਰੋਕਣ ਲਈ ਚੇਤਨਾ ਜਾਗ੍ਰਿਤ ਕਰਨ ਵਾਲੀਆਂ ਦਵਾਈਆਂ ਦਿੱਤੀਆਂ ਜਾਣ ਲੱਗੀਆਂ। ਧਨ-ਸੰਗ੍ਰਹਿ ਬੈਠਕ ਵਿੱਚ ਬੈਠਕ ਤੋਂ ਅਮੀਰ ਸੰਨਿਆਸੀਆਂ ਨੇ ਪੀਣ ਵਾਲੇ ਪਦਾਰਥਾਂ ਵਿੱਚ ਚੇਤਨ ਜਾਗ੍ਰਿਤ ਕਰਨ ਵਾਲੀ ਦਵਾ ‘ਐਕਸਟੈਂਸੀ’ ਦੇ ਦਿੱਤੀ ਜਾਂਦੀ ਜੋ ਬਿਨਾ ਸ਼ੱਕ ਬ੍ਰਾਂਡੀ ਤੋਂ ਵੀ ਤੇਜ਼ ਸੀ।
ਰੈਂਚ (ਓਰੇਗਨ ਆਸ਼ਰਮ) ਵਿੱਚ ਹੁਣ ਗਿਆਰਾਂ ਨਿਗਰਾਨੀ ਕੇਂਦਰ ਬਣਾ ਦਿੱਤੇ ਗਏ ਜਿਨ੍ਹਾਂ ਵਿੱਚ ਸ਼ਸਤਰ ਰੱਖਿਅਕ ਰੱਖੇ ਗਏ। ਇਨ੍ਹਾਂ ਦਾ ਕੰਮ ਇਹ ਸੁਨਿਸ਼ਚਿਤ ਕਰਨਾ ਸੀ ਕਿ ਬਾਹਰੋਂ ਕੋਈ ਅਣਚਾਹਿਆ ਵਿਅਕਤੀ ਅੰਦਰ ਨਾ ਆ ਸਕੇ ਅਤੇ ਅੰਦਰ ਤੋਂ ਕੋਈ ਸੰਨਿਆਸੀ ਬਾਹਰ ਨਾ ਜਾਏ। ਅਣਚਾਹੀਆਂ ਗੱਡੀਆਂ ਅਤੇ ਵਿਅਕਤੀਆਂ ਲਈ ਸਸ਼ਤਰ ਰੱਖਿਅਕਾਂ ਨੇ ਇੱਕ ‘ਕੋਡ’ ਈਜਾਦ ਕੀਤਾ ਸੀ। 9-201 ਜਿਸਦਾ ਅਰਥ ਸੀ ‘ਬਹੁਤ ਖਤਰਨਾਕ’। 1984 ਦੇ ਦਿਨਾਂ ਵਿੱਚ ‘ਪੂਨੇ’ ਦਾ ਇੱਕ ਬੇਹਤਰੀਨ ਗਰੁੱਪ ਨੇਤਾ ਟਾਮਕੇਜੀ, ਜਿਸ ਨੇ ਖੁਦ ਇਸ ਕੋਡ ਦਾ ਈਜਾਦ ਕੀਤਾ ਸੀ, ਇਸਦਾ ਸ਼ਿਕਾਰ ਹੋਇਆ। ਦਰਅਸਲ ਇਹ ਭਗਵਾਨ ਦੀ ਭਗਵਾਨੀ ਅਤੇ ਅੰਤ ਦੀ ਸ਼ੁਰੂਆਤ ਸੀ।
‘ਭਗਵਾਨ’ ਰਜਨੀਸ਼ ਤੇ ਏਡਜ਼ ਦਾ ਮਹਾਂਰੋਗ
ਓਰੇਗਾਨ, 1984 ਵਿੱਚ ਰਜਨੀਸ਼ਵਾਦੀਆਂ ਦੇ ਵਾਰਸ਼ਿਕ ਸਮਾਰੋਹ ਵਿੱਚ ਆਨੰਦਸ਼ੀਲਾਂ ਨੇ ਐਲਾਨ ਕੀਤਾ ਕਿ ਆਸ਼ਰਮ ਦੇ ਤਿੰਨ ਸੰਨਿਆਸੀ ਏਡਜ਼ ਦੀ ਬਿਮਾਰੀ ਨਾਲ ਮਰ ਗਏ। ਏਡਜ਼ ਨਾਲ ਮਰਨ ਵਾਲੇ ਇਨ੍ਹਾਂ ਸੰਨਿਆਸੀਆਂ ਦਾ ਨਾਮ ਨਹੀਂ ਦੱਸਿਆ ਗਿਆ। ਸ਼ੀਲਾ ਨੇ ਰਜਨੀਸ਼ ਨੂੰ ਸੁਝਾਅ ਦਿੱਤਾ ਕਿ ਆਸ਼ਰਮ ਵਿੱਚ ਏਡਜ਼ ਦੇ ਵਿਸ਼ਾਣੂਆਂ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਨਿਰੋਧ ਅਤੇ ਰਬੜ ਦੇ ਦਸਤਾਨਿਆਂ ਦੀ ਵਰਤੋਂ ਜ਼ਰੂਰੀ ਕਰ ਦਿੱਤੀ ਜਾਵੇ। ਇਹ ਸੁਝਾਅ ਰਜਨੀਸ਼ ਵਲੋਂ ਸਵੀਕਾਰ ਕਰ ਲਿਆ ਗਿਆ। ਰਜਨੀਸ਼ ਨੇ ਸੰਨਿਆਸੀਆਂ ਨੂੰ ਅਜਿਹੇ ਨਿਰਦੇਸ਼ ਦਿੱਤੇ ਜਿਨ੍ਹਾਂ ਰਾਹੀਂ ‘ਖੁੱਲ੍ਹੇ ਸੈਕਸ’ ਉਪਰ ਪਾਬੰਦੀ ਲੱਗ ਜਾਏ।
ਬੰਬਈ ਪੂਨਾ ਦੇ ਰਜਨੀਸ਼ ਅਤੇ ਓਰੇਗਾਨ ਦੇ ਰਜਨੀਸ਼ ਵਿੱਚ ਹੈਰਾਨ ਕਰਨ ਵਾਲਾ ਅੰਤਰ ਆ ਗਿਆ ਸੀ। ਪਹਿਲਾਂ ਰਜਨੀਸ਼ ਕਿਹਾ ਕਰਦਾ ਸੀ, ‘ਸੈਕਸ ਦਿਵਸ’ ਹੈ। ਪਰ ਹੁਣ ਆਸ਼ਰਮ ਵਿੱਚ ਪ੍ਰਾਕ੍ਰਿਤਕ, ਅਪ੍ਰਾਕ੍ਰਿਤਕ ਸਾਰੇ ਤਰ੍ਹਾਂ ਦੇ ਸੈਕਸ ਉੱਪਰ ਪ੍ਰਤਿਬੰਧ ਲਗਾਉਣਾ ਪਿਆ। ਚੁੰਮਣ ਉੱਪਰ ਵੀ ਰੋਕ ਲੱਗ ਪਈ। ਆਸ਼ਰਮ ਦੇ ਸਮਾਚਾਰ ਪੱਤਰ, ਵਿੱਚ ਨਿਯਮਤ ਰੂਪ ਵਿੱਚ ਇੰਟਰਵਿਊ ਛਾਪੇ ਜਾਣ ਲੱਗੇ। ਇਨ੍ਹਾਂ ਦਾ ਮੁੱਦਾ ਇਹ ਸੀ ਕਿ ਸੰਨਿਆਸੀ ਰਜਨੀਸ਼ ਦੇ ਨਵੇਂ ਆਦੇਸ਼ਾਂ ਨੂੰ ਆਪਣੇ ਲਈ ਉਤੇਜਕ ਮੰਨਦੇ ਅਤੇ ਨਾਲ ਹੀ ਉਹ ਬਿਆਨ ਕਰਦੇ ਕਿ ਕਿਵੇਂ ਸੈਕਸ ਅਤੇ ਅਸਵੱਸਥ ਚੁੰਮਣਾਂ ਤੋਂ ਅਜਿਜ਼ ਆ ਚੁੱਕੇ ਸਨ। ਈਸਾਬੋਲ (ਹਿਊਗ ਮਿਲਨੇ ਦੀ ਮਿੱਤਰ) ਨੇ ਵੀ ਇਨ੍ਹਾਂ ਦਾ ਆਦੇਸ਼ਾਂ ਦਾ ਇਹ ਕਹਿ ਕੇ ਪਾਲਣਾ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਇੰਨੇ ਚੁੰਮਣ ਲੈ ਚੁੱਕੀ ਹੈ ਕਿ ਬਾਕੀ ਦੀ ਜ਼ਿੰਦਗੀ ਲਈ ਕਾਫ਼ੀ ਹਨ।
ਜਿੱਥੇ ਜਿੱਥੇ ਵੀ ਰਜਨੀਸ਼ ਆਸ਼ਰਮ ਸਨ ਉਥੋਂ ਅਜਿਹੇ ਜੋੜਿਆਂ ਨੂੰ ਆਸ਼ਰਮ ਛੱਡਣ ਦੇ ਨਿਰਦੇਸ਼ ਦਿੱਤੇ ਗਏ ਜਿਹੜੇ ਹੱਦੋਂ ਵੱਧ ਸੈਕਸ ਕਰਦੇ ਸਨ। ਲੰਡਨ ਵਿੱਚ ਤਾਂ ਰਜਨੀਸ਼ਵਾਦੀਆਂ ਨੂੰ ਪ੍ਰਤੱਖ ਅਮਲੀ ਰੂਪ ਵਿੱਚ ਦੱਸਿਆ ਗਿਆ ਕਿ ਸੈਕਸ ਕਰਨ ਸਮੇਂ ਰਬੜ ਦੇ ਤਿੰਨ ਜੋੜੇ ਦਸਤਾਨਿਆਂ ਦੀ ਵਰਤੋਂ ਕਿਵੇਂ ਕਰਨੀ ਹੈ। ਓਰੇਗਾਨ ਰੈਂਚ ਵਿੱਚ ਜਿਹੜਾ ਨਵਾਂ ਹੋਟਲ ਬਣਵਾਇਆ ਗਿਆ। ਉਸ ਵਿੱਚ ਹਰ ਬੈੱਡ ਤੇ ਬੜੇ ਕਰੀਨੇ ਨਾਲ ਨਿਰੋਧ ਅਤੇ ਰਬੜ ਦੇ ਦਸਤਾਨੇ ਰੱਖੇ ਹੁੰਦੇ ਸਨ। ਨਾਲ ਹੀ ਇਨ੍ਹਾਂ ਨੂੰ ਪ੍ਰਯੋਗ ਕਰਨ ਦੀਆਂ ਹਦਾਇਤਾਂ ਵੀ ਰੱਖੀਆਂ ਰਹਿੰਦੀਆਂ ਸਨ। ਆਸ਼ਰਮ ਦੇ ਸਾਰੇ ਸੰਨਿਆਸੀਆਂ ਨੂੰ ਵੀ ਇਹ ਚੀਜ਼ਾਂ ਦਿੱਤੀਆਂ ਗਈਆਂ। ਰਜਨੀਸ਼ ਨੇ ਭਵਿੱਖਬਾਣੀ ਕੀਤੀ ਸੀ ਕਿ ਦੋ ਤਿਹਾਈ ਆਬਾਦੀ ‘ਏਡਜ਼’ ਰੋਗ ਨਾਲ ਸਮਾਪਤ ਹੋ ਜਾਵੇਗੀ।
ਅਗਸਤ 1984 ਵਿੱਚ ਸੰਨਿਆਸੀ ਪ੍ਰੋਪਵਾਇਨ ਨੇ ਖ਼ਬਰ ਦਿੱਤੀ ਕਿ ਨਿਰਧਾਰਿਤ ਤਰੀਕੇ ਨਾਲ ਪ੍ਰੇਮ ਕ੍ਰੀੜਾ ਨਾ ਕਰਨ ਕਰਕੇ 8 ਲੋਕਾਂ ਨੂੰ ਓਰੇਗਾਨ ਆਸ਼ਰਮ ਵਿੱਚੋਂ ਕੱਢ ਦਿੱਤਾ ਗਿਆ ਹੈ। ਆਸ਼ਰਮ ਵਿੱਚ ਇੱਕ ਹੋਰ ਨਵਾਂ ਨਿਰਦੇਸ਼ ਇਹ ਲਾਗੂ ਹੋਇਆ ਕਿ ਸਿਰਫ ਉਹ ਜੋੜੇ ਹੀ ਨਿਰੋਧ ਤੇ ਦਸਤਾਨਿਆਂ ਤੋਂ ਬਿਨ੍ਹਾਂ ਜਿਨਸੀ ਸੰਬੰਧ ਰੱਖ ਸਕਦੇ ਹਨ ਜੋ ਪਿੱਛਲੇ ਸੱਤ ਸਾਲਾਂ ਤੋਂ ਇੱਕ ਦੂਜੇ ਪ੍ਰਤਿ ਸੱਚੇ ਸੁੱਚੇ ਰਹੇ ਹੋਣ। ਮਜ਼ੇ ਦੀ ਗੱਲ ਇਹ ਹੈ ਕਿ ਓਰੇਗਾਨ ਆਸ਼ਰਮ ਵਿੱਚ ਅਜਿਹਾ ਇੱਕ ਵੀ ਜੋੜਾ ਨਹੀਂ ਸੀ।
ਮਾਯਾ (ਹਿੰਦੀ ਪੱਤ੍ਰਿਕਾ) ਤੋਂ ਧੰਨਵਾਦ ਸਹਿਤ

ਡਾ: ਕਰਮਜੀਤ ਸਿੰਘ




.