.

ਭੱਟ ਬਾਣੀ-14

ਬਲਦੇਵ ਸਿੰਘ ਟੋਰਾਂਟੋ

ਗਾਵਹਿ ਜਨਕਾਦਿ ਜੁਗਤਿ ਜੋਗੇਸੁਰ ਹਰਿ ਰਸ ਪੂਰਨ ਸਰਬ ਕਲਾ।।

ਗਾਵਹਿ ਸਨਕਾਦਿ ਸਾਧ ਸਿਧਾਦਿਕ ਮੁਨਿ ਜਨ ਗਾਵਹਿ ਅਛਲ ਛਲਾ।।

ਗਾਵੈ ਗੁਣ ਧੋਮੁ ਅਟਲ ਮੰਡਲਵੈ ਭਗਤਿ ਭਾਇ ਰਸੁ ਜਾਣਿਓ।।

ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ।। ੩।।

(ਪੰਨਾ ੧੩੮੯)

ਪਦ ਅਰਥ:- ਗਾਵਹਿ ਜਨਕਾਦਿ ਜੁਗਤਿ ਜੋਗੇਸੁਰ ਹਰਿ ਰਸ ਪੂਰਨ ਸਰਬ ਕਲਾ – ਜਨਕਾਦਿ – ਜਿਨ੍ਹਾਂ ਦੇ ਪਹਿਲੇ ਅਤੇ ਹੋਰ ਅਜਿਹੇ ਹੀ ਉੱਤਮ ਪੁਰਸ਼, ਭਾਵ ਅਜਿਹੇ ਹੋਰ ਉੱਤਮ ਪੁਰਖ (ਮ: ਕੋਸ਼) ਜੋ ਜਨ ਕਾਦਿਰ ਤੋਂ ਕੁਰਬਾਨ ਹਨ। ਜਨਕਾਦਿ – ਕਰਤੇ ਤੋਂ ਕੁਰਬਾਨ ਜਨ। ਜੋਗੇਸੁਰ – ਸੱਚ ਨੂੰ ਪ੍ਰਣਾਏ ਹੋਏ ਪੁਰਸ਼। ਇਸ ਤਰ੍ਹਾਂ ਦੇ ਹੋਰ ਵੀ (ਇਕੁ ਸਰਬ ਸ਼ਕਤੀਮਾਨ ਕਾਦਰ ਤੋਂ ਕੁਰਬਾਨ) ਜਨ, ਪੁਰਸ਼ ਹਨ ਜੋ ਇਸ ਸੱਚ ਰੂਪ ਜੁਗਤਿ (ਵੀਚਾਰਧਾਰਾ) ਨੂੰ ਪ੍ਰਣਾਏ ਹੋਏ ਭਾਵ ਸਮਰਪਤ ਹਨ। ਉਹ ਸਰਬ ਸ਼ਕਤੀਮਾਨ ਕਰਤਾਰ ਨੂੰ ਹੀ ਸਰਬ ਕਲਾ ਸੰਪੂਰਨ ਮੰਨਦੇ ਹਨ। ਹਰਿ – ਹਰਿ ਕਦੇ ਵੀ ਨਾ ਖ਼ਤਮ ਹੋਣ ਵਾਲੇ ਸੱਚੇ ਹਰੀ ਨਾਲ। ਰਸ – ਪ੍ਰੀਤ ਕਰਨਾ। ਹਰਿ ਰਸ – ਸੱਚੇ ਸਰਬ ਸ਼ਕਤੀਮਾਨ ਹਰੀ ਨਾਲ ਪ੍ਰੀਤ ਕਰਨਾ। ਗਾਵਹਿ ਸਨਕਾਦਿ ਸਾਧ ਸਿਧਾਦਿਕ ਮੁਨਿ ਜਨ ਗਾਵਹਿ ਅਛਲ ਛਲਾ – ਸਨ ਅਤੇ ਕਾਦਿ ਦੋ ਵੱਖਰੇ ਸ਼ਬਦਾਂ ਦਾ ਸੁਮੇਲ ਹੈ, ਸਨ – ਪ੍ਰਾਚੀਨ ਭਾਵ ਆਦਿ ਕਾਲ। ਕਾਦਿ – ਕਾਦਰ ਤੋਂ ਹੈ ਭਾਵ ਸਰਬ ਸ਼ਕਤੀਮਾਨ ਕਰਤਾਰ। ਸਨਕਾਦਿ – ਜੋ ਆਦਿ ਕਾਲ ਤੋਂ ਸਰਬ ਸ਼ਕਤੀਮਾਨ ਕਰਤਾਰ ਹੈ। ਜਨ – ਉਹ ਪੁਰਸ਼ ਜੋ ਕਾਦਰ ਤੋਂ ਕੁਰਬਾਨ ਹੈ। ਜਨਕਾਦਿ – ਉਹ ਪੁਰਸ਼ ਜੋ ਸਰਬ ਸ਼ਕਤੀਮਾਨ ਕਰਤਾਰ ਤੋਂ ਕੁਰਬਾਨ ਹਨ। ਸਾਧ – ਸੱਚ। ਸਿਧਾਦਿਕ - ਸਿਧਾ ਅਤੇ ਦਿਕ ਸ਼ਬਦ ਵੀ ਦੋ ਸਬਦਾਂ ਦਾ ਸੁਮੇਲ ਹੈ। ਸਿਧਾ – ਸਿਧ ਹੋਇਆ, ਸਾਬਤ ਹੋਇਆ ਭਾਵ ਸੱਚ, ਜਿਹੜੀ ਚੀਜ਼ ਸਾਬਤ ਹੋ ਜਾਵੇ, ਉਹ ਸੱਚ ਹੈ। ਦਿਕ - ਦਿਸ਼ਾ, ਤਰਫ, ਓਰ। ਸਿਧਾਦਿਕ – ਉਹ ਸੱਚ ਦੀ ਓਰ, ਤਰਫ਼ ਤੁਰਦੇ ਹਨ। ਜੋ ਜਨ ਸਰਬ ਸ਼ਕਤੀਮਾਨ ਇਕੁ ਕਰਤਾਰ ਤੋਂ ਕੁਰਬਾਨ ਹਨ, ਉਹ ਸੱਚ ਦੀ ਤਰਫ਼ ਤੁਰਦੇ ਹਨ। ਮੁਨਿ ਜਨ – ਸਾਧੁਜਨ, “ਤਰਿਓ ਪ੍ਰਹਲਾਦੁ ਗੁਰ ਮਿਲਤ ਮੁਨਿਜਨ ਰੇ।। “ (ਪੰਨਾ ੧੪੦੧) ਗੁਰਮਤਿ ਅਨੁਸਾਰ, ਜਨ ਉਹ ਹਨ, ਜਿਨ੍ਹਾਂ ਨੂੰ ਗਿਆਨ ਦੀ ਸੂਝ ਪ੍ਰਾਪਤ ਹੋਈ ਹੋਵੇ, ਭਾਵ ਸਾਧ ਜਨ ਉਹ ਹਨ ਜੋ ਸੱਚ ਨੂੰ ਪ੍ਰਣਾਇ ਹੋਇ ਹੋਣ। ਧੋਮੁ – ਧੁਮ, ਧੁਮਾਉਣਾ, ਪ੍ਰਚਾਰਨਾ। ਗਾਵੈ ਗੁਣ ਧੋਮੁ ਅਟਲ ਮੰਡਲਵੈ ਭਗਤਿ ਭਾਇ ਰਸੁ ਜਾਣਿਓ – ਜਿਨ੍ਹਾਂ ਨੇ ਅਟਲ, ਸਦਾ ਸਦੀਵੀ ਸਥਿਰ ਰਹਿਣ ਵਾਲੇ ਸਰਬ-ਵਿਆਪਕ ਦੀ ਬੰਦਗੀ (ਸੱਚ ਨੂੰ ਆਪਣੇ ਜੀਵਨ ਵਿੱਚ ਅਭਿਆਸ) ਕਰਕੇ ਸੱਚ ਜਾਣ ਕੇ ਪ੍ਰੀਤ ਕੀਤੀ ਅਤੇ ਉਨ੍ਹਾਂ ਨੇ ਉਸ ਸਰਬ ਸ਼ਕਤੀਮਾਨ ਦੇ ਗਿਆਨ ਦੇ ਗੁਣਾਂ ਨੂੰ ਅੱਗੇ ਪ੍ਰਚਾਰਿਆ। ਰਸੁ – ਪ੍ਰੀਤ ਕਰਨਾ। ਰਸੁ ਜਾਣਿਓ – ਜਾਣ ਕੇ ਪ੍ਰੀਤ ਕੀਤੀ। ਮੰਡਲਵੈ – ਸਰਬ-ਵਿਆਪਕ। ਅਟਲ – ਸਦੀਵੀ। ਕਬਿ ਕਲ – ਕਵੀ ਕਲ੍ਹ ਆਖਦਾ ਹੈ। ਸੁਜਸੁ ਗਾਵਉ ਗੁਰ – ਉਸ ਸਰਬ ਸ਼ਕਤ - ਮਾਨ ਦਾ ਜਸ ਗਿਆਨ ਨਾਲ ਗਾਇਨ ਭਾਵ ਪ੍ਰਚਾਰ ਕਰਨਾ ਚਾਹੀਦਾ ਹੈ। ਨਾਨਕ – ਨਾਨਕ ਜੀ। ਰਾਜੁ ਜੋਗੁ – ਉੱਤਮ ਰਹੱਸ, ਛੁਪੇ ਹੋਏ ਸੱਚ ਨੂੰ। ਜਿਨਿ ਮਾਣਿਓ - ਜਿਨ੍ਹਾਂ ਨੇ ਜਾਣਿਆ, ਜਾਣ ਕਰਕੇ ਮਾਣਿਆ।

ਅਰਥ:- ਹੇ ਭਾਈ! ਇਸੇ ਤਰ੍ਹਾਂ ਇਸ ਤੋਂ ਪਹਿਲਾਂ ਹੋਰ ਵੀ ਜੋ ਇਕੁ ਸਰਬ ਸ਼ਕਤੀਮਾਨ ਕਾਦਰ ਤੋਂ ਕੁਰਬਾਨ, ਸੱਚ ਰੂਪ ਜੁਗਤਿ (ਵੀਚਾਰਧਾਰਾ) ਨੂੰ ਪ੍ਰਣਾਏ ਹੋਏ ਪੁਰਸ਼ ਸਨ, ਉਹ ਸਰਬ ਸ਼ਕਤੀਮਾਨ ਇਕੁ ਹਰੀ ਨੂੰ ਹੀ ਸੱਚ ਜਾਣ ਕੇ ਪ੍ਰੀਤ ਕਰਦੇ ਅਤੇ ਸਰਬ ਕਲਾ ਸੰਪੂਰਨ ਮੰਨਦੇ ਸਨ। ਉਹ ਅਜਿਹੇ ਪੁਰਸ਼ ਆਦਿ ਕਾਲ ਤੋਂ ਸਰਬ ਸ਼ਕਤੀਮਾਨ ਕਾਦਰ, ਜੋ ਛਲਿਆ ਨਹੀਂ ਜਾ ਸਕਦਾ, ਤੋਂ ਕੁਰਬਾਨ ਸਨ ਅਤੇ ਹਨ। ਉਹ ਉਸ ਦੇ ਹੀ ਗੁਣ ਗਾਉਂਦੇ ਭਾਵ ਪ੍ਰਚਾਰਦੇ ਹਨ, ਉਹ ਇਸ ਸੱਚ ਦੀ ਦਿਸ਼ਾ ਵਿੱਚ ਤੁਰਦੇ ਸਨ ਅਤੇ ਹਨ। ਜੋ ਸੱਚ ਦੀ ਦਿਸ਼ਾ ਵਿੱਚ ਤੁਰਦੇ ਹਨ, ਉਹ ਹੀ ਦਰਅਸਲ ਮੁਨਿਜਨ ਭਾਵ ਸਾਧਜਨ-ਸਿਧਾਰਵਾਦੀ ਲੋਕ ਸਨ ਤੇ ਹਨ। ਜੋ ਸੱਚ ਦੀ ਦਿਸ਼ਾ ਵਿੱਚ ਚੱਲਣ ਵਾਲੇ ਹਨ, ਜਿਨ੍ਹਾਂ ਨੇ ਇਸ ਸੱਚ ਨੂੰ ਜਾਣ ਕੇ ਪ੍ਰੀਤ ਕੀਤੀ, ਆਪਣੇ ਜੀਵਨ ਵਿੱਚ ਸਰਬ-ਵਿਆਪਕ ਸਰਬ ਸ਼ਕਤੀਮਾਨ ਦੀ ਬਖ਼ਸ਼ਿਸ਼ ਅਟਲ ਗਿਆਨ ਦੇ ਗੁਣਾਂ ਦਾ ਅਭਿਆਸ ਕੀਤਾ ਅਤੇ ਪ੍ਰਚਾਰਿਆ, ਉਨ੍ਹਾਂ ਨੇ ਹੀ ਇਸ ਛੁਪੇ ਹੋਏ ਸੱਚ ਰੂਪ ਗਿਆਨ ਰਸ ਨੂੰ ਜਾਣ ਕੇ ਮਾਣਿਆ। ਇਸ ਵਾਸਤੇ ਕਵੀ ਕਲ੍ਹ ਇਹ ਆਖਦਾ ਹੈ, ਜਿਨ੍ਹਾਂ ਨੇ ਇਸ ਉੱਤਮ ਸੱਚ ਨੂੰ ਨਾਨਕ ਦੀ ਤਰ੍ਹਾਂ ਗੁਰ ਬਖ਼ਸ਼ਿਸ਼ ਕਰਕੇ ਜਾਣਿਆ, ਉਨ੍ਹਾਂ ਨੇ ਹੀ ਇਸ ਸੱਚ ਰਸ ਨੂੰ ਮਾਣਿਆ, (ਭਾਵ ਅਵਤਾਰਵਾਦ ਤੋਂ ਮੁਕਤ ਹੋਏ) ਜੋ ਮੁਕਤ ਹੋਏ ਉਨ੍ਹਾਂ ਨੇ ਉਸ ਸੱਚ ਰੂਪ ਪਰਮੇਸ਼ਰ ਸਰਬ ਸ਼ਕਤੀਮਾਨ ਦਾ ਹੀ ਜਸ ਗਾਵਿਆ ਭਾਵ ਅੱਗੇ ਤੋਂ ਅੱਗੇ ਪ੍ਰਚਾਰਿਆ।

ਗਾਵਹਿ ਕਪਿਲਾਦਿ ਆਦਿ ਜੋਗੇਸੁਰ ਅਪਰੰਪਰ ਅਵਤਾਰ ਵਰੋ।।

ਗਾਵੈ ਜਮਦਗਨਿ ਪਰਸਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ।।

ਉਧੌ ਅਕ੍ਰੂਰੁ ਬਿਦਰੁ ਗੁਣ ਗਾਵੈ ਸਰਬਾਤਮੁ ਜਿਨਿ ਜਾਣਿਓ।।

ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ।। ੪।।

(ਪੰਨਾ ੧੩੮੯-੯੦)

ਪਦ ਅਰਥ:- ਕਪਲਾਦਿ – ਕਪ – ਸੰ: ਕੰਬਣੀ। ਲਾਦਿ – ਲੱਗ ਜਾਣੀ, ਛਿੜ ਜਾਣੀ। ਕਪਲਾਦਿ – ਕੰਬਣੀ, ਧੁਣਧਣੀ ਛਿੜ ਜਾਣੀ, ਲੂਈਂ ਕੰਡੇ ਖੜੇ ਹੋ ਜਾਣੇ। ਆਦਿ ਜੋਗੇਸੁਰ ਅਪਰੰਪਰ ਵਰੋ – ਜਦੋਂ ਇਹ ਸੁਣੀਦਾ ਹੈ ਕਿ ਅਵਤਾਰਵਾਦ ਨੂੰ ਆਦਿ ਤੋਂ, ਉੱਤਮ ਅਪਰੰਪਰ ਪਾਰਬ੍ਰਹਮ ਪਰਮੇਸ਼ਰ ਸੱਚ ਸਮਝ ਕੇ। ਜਮਦਗਨਿ – ਪਰਸਰਾਮ ਦਾ ਪਿਉ। ਪਰਸਰਾਮੇਸੁਰ – ਪਰਸਰਾਮ ਜਿਸ ਨੂੰ ਸੁਰ-ਦੇਵਤਾ ਆਖਦੇ ਸਨ। ਜਮਦਗਨਿ ਪਰਸਰਾਮੇਸੁਰ – ਜਮਦਗਨਿ ਦਾ ਪੁੱਤਰ ਪਰਸਰਾਮ ਜੋ ਆਪਣੇ ਆਪ ਨੂੰ ਦੇਵਤਾ ਅਖਵਾਉਂਦਾ ਸੀ। ਸੁਰ – ਦੇਵਤਾ। ਕਰ – ਹੱਥ। ਕੁਠਾਰ – ਕੁਹਾੜਾ, ਪਰਸਰਾਮ ਦੀ ਸ਼ਕਤੀ। ਰਘੁ – ਆਪਣੇ ਆਪ ਨੂੰ ਕੋਈ ਅਵਤਾਰਵਾਦੀ ਰਘੁਵੰਸ ਅਖਵਾਉਣ ਵਾਲਾ। ਤੇਜੁ – ਚਲਾਕ, ਚਲਾਕੀ (ਮ: ਕੋਸ਼)। ਹਰਿਓ – ਚੁਰਾ ਲੈਣਾ। ਰਘੁਵੰਸ ਅਖਵਾਉਣ ਵਾਲੇ ਵੱਲੋਂ ਕੁਹਾੜਾ ਚੁਰਾੳਣਾ। ਪਰਸਰਾਮ ਜਿਸ ਕੁਹਾੜੇ (ਸ਼ਕਤੀ) ਨਾਲ ਖੱਤ੍ਰੀਆਂ ਨੂੰ ਮਾਰਦਾ ਹੈ, ਉਸੇ ਨਾਲ ਰਾਮ, ਸੰਬੂਕ ਨੂੰ ਸ਼ੂਦਰ ਹੋਣ ਕਾਰਨ ਮਾਰਦਾ ਹੈ)।

(ਨੋਟ:- ਮਹਾਨ ਕੋਸ਼ ਅੰਦਰ ਭਾਈ ਕਾਨ੍ਹ ਸਿੰਘ ਮਹਾਂਭਾਰਤ ਦੇ ਹਵਾਲੇ ਨਾਲ ਲਿਖਦੇ ਹਨ ਕਿ ਪਰਸਰਾਮ ਨੂੰ ਰਾਮ ਚੰਦਰ ਨੇ ਮਾਰ ਕੇ ਬੇਹੋਸ਼ ਕਰ ਦਿੱਤਾ ਸੀ) ਇਸ ਦਾ ਮਤਲਬ ਇਹ ਹੋਇਆ ਕਿ ਇਹ ਦੋਵੇਂ ਸਮਕਾਲੀ ਹਨ। ਦੂਸਰੀ ਗੱਲ ਇਹ ਜਾਨਣ ਦੀ ਲੋੜ ਹੈ ਕਿ ਉਹ ਕਿਹੜੀ ਸ਼ਕਤੀ ਸੀ ਜੋ ਚੁਰਾਈ ਸੀ ਭਾਵ ਕੁਹਾੜਾ, ਜਿਸ ਕੁਹਾੜੇ (ਸ਼ਕਤੀ ਵੀਚਾਰਧਾਰਾ) ਨਾਲ ਪਰਸਰਾਮ ਖੱਤ੍ਰੀਆ ਨੂੰ ਮਾਰਦਾ ਸੀ, ਉਸੇ ਕੁਹਾੜੇ (ਸ਼ਕਤੀ ਵੀਚਾਰਧਾਰਾ ਨਾਲ) ਰਘੁਵੰਸ ਅਖਵਾਉਣ ਵਾਲਾ ਅਖੌਤੀ ਭਗਵਾਨ, ਸ਼ੂਦਰਾਂ (ਸੰਬੂਕ ਵਰਗੇ ਗ਼ਰੀਬਾਂ) ਨੂੰ ਮਾਰਦਾ ਹੈ। ਇਸ ਗੱਲ ਤੋਂ ਆਪਣੇ ਆਪ ਹੀ ਸਿਧ ਹੋ ਜਾਂਦਾ ਹੈ ਕਿ ਕਿਹੜੀ ਸ਼ਕਤੀ ਦਾ ਪਰਸਰਾਮ ਮਾਲਕ ਸੀ ਅਤੇ ਕਿਹੜੀ ਸ਼ਕਤੀ ਆਪਣੇ ਆਪ ਨੂੰ ਰਘੁਵੰਸ਼ ਅਖਵਾਉਣ ਵਾਲੇ ਨੇ ਚੁਰਾਈ ਸੀ।

ਉਦੌ ਅਕ੍ਰੂਰੁ ਬਿਦਰੁ ਗੁਣ ਗਾਵੈ ਸਰਬਾਤਮੁ ਜਿਨਿ ਜਾਣਿਓ – ਉਧੌ, ਅਕ੍ਰੂਰੁ ਅਤੇ ਬਿਦਰੁ ਜਿਨ੍ਹਾਂ ਨੇ ਸਰਬ ਸ਼ਕਤੀਮਾਨ ਸਰਬ-ਵਿਆਪਕ ਨੂੰ ਸੱਚ ਜਾਣ ਕੇ ਉਸ ਦੇ ਗੁਣ ਗਾਇਨ ਭਾਵ ਪ੍ਰਚਾਰ ਕੀਤਾ। ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ – ਇਸ ਵਾਸਤੇ ਕਵੀ ਕਲ੍ਹ ਇਹ ਆਖਦਾ ਹੈ, ਜਿਨ੍ਹਾਂ ਨੇ ਇਸ ਛੁਪੇ ਹੋਏ ਉੱਤਮ ਸੱਚ ਨੂੰ ਨਾਨਕ ਦੀ ਤਰ੍ਹਾਂ ਗੁਰ ਬਖ਼ਸ਼ਿਸ਼ ਕਰਕੇ ਜਾਣਿਆ, ਉਨ੍ਹਾਂ ਨੇ ਹੀ ਇਸ ਸੱਚ ਰਸ ਨੂੰ ਮਾਣਿਆ। ਇਸ ਵਾਸਤੇ ਉਸ ਸੱਚ ਰੂਪ ਪਰਮੇਸ਼ਰ ਸਰਬ ਸ਼ਕਤੀਮਾਨ ਦਾ ਹੀ ਜਸ ਗਾਇਨ ਕਰਨਾ, ਪ੍ਰਚਾਰ ਕਰਨਾ ਚਾਹੀਦਾ ਹੈ। ਰਾਜੁ – ਛੁਪਿਆ, ਛੁਪਾਇਆ। ਜੋਗੁ - ਉੱਤਮ।

ਅਰਥ:- ਹੇ ਭਾਈ! ਕਲ੍ਹ ਆਖਦਾ ਹੈ, ਅਸੀਂ ਵੀ ਪਹਿਲਾਂ ਆਪ ਅਵਤਾਰਵਾਦ ਦੀ ਅਪਰੰਪਰਾਵਾਦੀ ਵੀਚਾਰਧਾਰਾ ਨੂੰ ਸੱਚ ਸਮਝ ਕੇ ਪ੍ਰਣਾਏ ਹੋਏ ਇਹ ਹੀ ਗਾਂਵਦੇ ਭਾਵ ਪ੍ਰਚਾਰਦੇ ਸੀ। ਜਦੋਂ ਅਸਲੀਅਤ ਨੂੰ ਜਾਣਿਆ ਕਿ ਜਮਦਗਨਿ ਪੁੱਤਰ ਪਰਸਰਾਮ ਜੋ ਆਪਣੇ ਹੱਥ ਵਿੱਚ ਕ੍ਰੋਧਿਤ (ਵੀਚਾਰਧਾਰਾ ਦੇ ਪ੍ਰਤੀਕ) ਦਾ ਕੁਹਾੜਾ ਰੱਖ ਕੇ (ਖੱਤਰੀਆਂ `ਤੇ) ਜ਼ੁਲਮ ਕਰਦਾ ਸੀ ਅਤੇ ਦੂਜਾ ਆਪਣੇ ਆਪ ਨੂੰ ਰਘੁਵੰਸ਼ ਅਖਵਾਉਣ ਵਾਲਾ ਚਲਾਕੀ ਨਾਲ ਉਹੀ ਕ੍ਰੋਧਿਤ ਦਾ ਪ੍ਰਤੀਕ ਕੁਹਾੜਾ (ਵੀਚਾਰਧਾਰਾ) ਚੁਰਾ ਕੇ ਅਖੌਤੀ ਸ਼ੂਦਰਾਂ `ਤੇ ਜ਼ੁਲਮ ਕਰਦਾ। (ਜਿਵੇਂ ਸੰਬੂਕ ਨੂੰ ਮਾਰਨਾ) ਜਦੋਂ ਅਸੀਂ ਇਸ ਅਸਲੀਅਤ ਨੂੰ ਜਾਣਿਆ (ਅਵਤਾਰਵਾਦ ਦੀ ਅਸਲੀਅਤ ਕੀ ਹੈ?) ਤਾਂ ਸਰੀਰ ਨੂੰ ਕੰਬਣੀ ਆ ਗਈ। ਊਧੌ, ਅਕ੍ਰੂਰੁ, ਬਿਦਰੁ (ਜਿਨ੍ਹਾਂ ਨੂੰ ਅਵਤਾਰਵਾਦ ਨਾਲ ਜੋੜਿਆ ਜਾਂਦਾ ਸੀ) ਨੇ ਵੀ ਸਰਬ ਵਿਆਪਕ ਹਰੀ ਨੂੰ ਹੀ ਸੱਚ ਕਰਕੇ ਜਾਣਿਆ। ਕਬਿ ਕਲ੍ਹ ਆਖਦਾ ਹੈ, ਜਿਨ੍ਹਾਂ ਨੇ ਇਸ ਛੁਪੇ ਹੋਏ ਉੱਤਮ ਸੱਚ ਨੂੰ ਊਧੌ, ਅਕ੍ਰੂਰੁ, ਬਿਦਰੁ, ਨਾਨਕ ਦੀ ਤਰ੍ਹਾਂ ਗੁਰ ਬਖ਼ਸ਼ਿਸ਼ ਕਰਕੇ ਜਾਣਿਆ, ਉਨ੍ਹਾਂ ਨੇ ਹੀ ਇਹ ਸੱਚ ਰਸ ਮਾਣਿਆ। ਸੱਚ ਨੂੰ ਮਾਨਣ ਵਾਲਿਆਂ ਨੇ ਹੀ ਉਸ ਸਰਬ-ਵਿਆਪਕ ਹਰੀ ਦਾ ਹੀ ਜਸ ਗਾਵਿਆ ਭਾਵ ਪ੍ਰਚਾਰਿਆ ਹੈ (ਅਤੇ ਅਵਤਾਰਵਾਦ ਨੂੰ ਰੱਦ ਕੀਤਾ)।

ਨੋਟ:- ਇਥੇ ਯਾਦ ਰੱਖਣ ਵਾਲੀ ਜ਼ਰੂਰੀ ਗੱਲ ਕਿ ਊਧੌ, ਅਕ੍ਰੂਰੁ, ਬਿਦਰੁ ਅਕਾਲ ਪੁਰਖ ਦੇ ਪੁਜਾਰੀ ਸਨ ਨਾ ਕਿ ਅਵਤਾਰਵਾਦ ਦੇ।




.