.

ਸਬਦੁ ਗੁਰ ਪੀਰਾ ਗਹਿਰ ਗੰਭੀਰਾ

ਹਾਕਮ ਸਿੰਘ

ਗੁਰਬਾਣੀ ਵਿਚ ਸ਼ਬਦ ਨੂੰ ਗੁਰ ਪੀਰ ਆਖਿਆ ਗਿਆ ਹੈ। ਸ਼ਬਦ ਗੁਰੂ ਸਾਹਿਬਾਨ ਅਤੇ ਭਗਤ ਜਨਾਂ ਨੂੰ ਪ੍ਰਾਪਤ ਹੋਇਆ ਪ੍ਰਭੂ ਦਾ ਹੁਕਮ ਹੈ ਜਿਸ ਦੇ ਸੰਚਾਰ ਲਈ ਗੁਰੂ ਅਰਜਨ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦਾ ਗੁਰਬਾਣੀ ਦੇ ਗ੍ਰੰਥ ਵਿਚ ਨਿਰੂਪਣ ਕੀਤਾ ਹੈ। ਗੁਰਬਾਣੀ ਦਾ ਗ੍ਰੰਥ ਪਰਭੂ ਦੇ ਹੁਕਮਾਂ ਦਾ ਸ਼ਾਬਦਿਕ ਭੰਡਾਰ ਹੈ। ਗੁਰਬਾਣੀ ਸ਼ਬਦ ਨੂੰ ਖਸਮ ਕੀ ਬਾਣੀ ਅਤੇ ਧੁਰ ਕੀ ਬਾਣੀ ਆਖਦੀ ਹੈ। ਸਬਦ ਦੇ ਸਬੰਧ ਵਿਚ ਗੁਰਬਾਣੀ ਦੇ ਕੁੱਝ ਫੁਰਮਾਨ ਹਨ: "ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥" (ਪੰ: ੬੩੫); "ਸਬਦੁ ਗੁਰੂ ਸੁਰਤਿ ਧੁਨਿ ਚੇਲਾ॥" (ਪੰ: ੯੪੩); "ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਿਤ ਪਾਈ। ਸਬਦੈ ਮਨੁ ਤਨੁ ਨਿਰਮਲੁ ਹੋਆ ਹਰਿ ਵਸਿਆ ਮਨਿ ਆਈ॥ ਸਬਦੁ ਗੁਰ ਦਾਤਾ ਜਿਹੁ ਮਨੁ ਰਾਤਾ ਹਰਿ ਸਿਉ ਰਹਿਆ ਸਮਾਈ॥ ਸਬਦੁ ਨ ਜਾਨਿਹ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ॥ ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਿਹ ਵਾਰੋ ਵਾਰਾ॥" (ਪੰ: ੬੦੧); "ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖਿ ਗੁਰੂ ਨਿਸਤਾਰੇ॥" (ਪੰ: ੯੮੨); 'ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ॥ (ਪੰ: ੭੨੨); "ਤੂ ਆਪਿ ਸਚਾ ਤੇਰੀ ਬਾਣੀ ਸਚੀ ਆਪੇ ਅਲਖੁ ਅਥਾਹਾ ਹੇ॥" (ਪੰ: ੧੦੫੭); "ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥" (ਪੰ: ੬੨੮); "ਲੋਗੁ ਜਾਣੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰੁ॥" (ਪੰ: ੩੩੫); "ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ ਇਉ ਆਤਮ ਰਾਮੈ ਲੀਨਾ ਹੇ॥" (ਪੰ: ੧੦੨੮); "ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਨਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥" (ਪੰ: ੩੦੮); "ਅਨਹਦ ਬਾਣੀ ਗੁਰਮੁਖਿ ਜਾਣੀ ਬਿਰਲੋ ਕੋ ਅਰਥਾਵੈ॥" (ਪੰ: ੯੪੫) ਅਤੇ "ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨ ਆਇ॥" (ਪੰ: ੬੭)।
ਸ਼ਬਦ ਗੁਰੂ ਹੈ ਜੋ ਪ੍ਰਭੂ ਦਾ ਗਿਆਨ ਪਰਦਾਨ ਕਰਦਾ ਹੈ। ਗੁਰਬਾਣੀ ਗੁਰੂ ਨੂੰ ਪਰਮੇਸ਼ਵਰ ਰੂਪ ਆਖਦੀ ਹੈ ਅਤੇ ਗੁਰੂ ਦੇ ਗੁਣਾਂ ਦਾ ਵਰਨਣ ਇਸ ਪਰਕਾਰ ਕਰਦੀ ਹੈ। "ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦ ਨ ਕੋਈ ਜੀਉ॥ ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰ ਮਿਲਿਆ ਸੋਈ ਜੀਉ॥" (ਪੰ: ੫੯੯) ; "ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ॥" (ਪੰ: ੪੬੬); "ਪਾਰਬ੍ਰਹਮ ਪਰਮੇਸਰੁ ਅਨੂਪੁ॥ ਸਫਲ ਮੂਰਤਿ ਗੁਰ ਤਿਸ ਕਾ ਰੂਪ॥" (ਪੰ: ੧੧੫੨); "ਸਤਿਗੁਰੁ ਜੇਵਡੁ ਅਵਰੁ ਨ ਕੋਇ॥ ਗੁਰ ਪਾਰਬ੍ਰਹਮ ਪਰਮੇਸਰੁ ਸੋਇ॥" (ਪੰ: ੧੨੭੧); "ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹੁ ਲੋਇ॥ ਅਮਰ ਪਦਾਰਥੁ ਨਾਨਕਾ ਮਨ ਮਾਨਿਐ ਸੁਖ ਹੋਇ॥ (ਪੰ: ੧੩੭); "ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲੁ ਗਿਆਨ॥ ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ॥ ਪਤਿ ਕੇ ਸਾਦਾ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ॥ (ਪੰ: ੧੪੭); "ਗੁਰ ਕੁੰਜੀ ਪਾਹੂ ਨਿਵਲੂ ਮਨੁ ਕੋਠਾ ਤਨੁ ਛਤਿ ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ॥" (ਪੰ: ੧੨੩੭); "ਗੁਰ ਸਮਾਨਿ ਤੀਰਥੁ ਨਹੀ ਕੋਇ॥ ਸਰੁ ਸੰਤੋਖੁ ਤਾਸੁ ਗੁਰ ਹੋਇ॥ ਰਹਾਉ॥ ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੇ॥ (ਪੰ: ੧੩੨੮-੨੯) ਅਤੇ "ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰ ਮਿਲੇ ਤਿਨੇਹਾ॥ ਏਕੁ ਨਾਮੁ ਅੰਮ੍ਰਿਤੁ ਉਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ॥ (ਪੰ: ੯੯੦)।
ਗੁਰ-ਸ਼ਬਦ ਅਧਿਆਤਮਿਕ ਗਿਆਨ ਹੈ ਦੁਨਿਆਵੀ ਕਵਿਤਾ ਜਾਂ ਵਾਰਤਾ ਨਹੀਂ ਹੈ। ਸੰਸਾਰ ਸ਼ਬਦਾਂ ਦੇ ਆਸਰੇ ਚਲਦਾ ਹੈ ਅਤੇ ਮਨੁੱਖ ਦਾ ਬਹੁਤਾ ਸਬੰਧ ਦੁਨਿਆਵੀ ਸ਼ਬਦਾਂ ਨਾਲ ਹੋਣ ਕਾਰਨ ਉਸ ਨੂੰ ਗੁਰਬਾਣੀ ਦੀ ਸ਼ਬਦਾਂ ਦੀ ਘੱਟ ਸੂਝ ਹੁੰਦੀ ਹੈ। ਭਾਸ਼ਾ ਵਿਗਿਆਨੀਆਂ ਨੇ ਸੰਸਾਰਕ ਸ਼ਬਦਾਂ ਦੇ ਸਾਰੇ ਪੱਖਾਂ ਬਾਰੇ ਵਿਸਤ੍ਰਤ ਜਾਣਕਾਰੀ ਇਕਤ੍ਰ ਕੀਤੀ ਹੈ। ਪਾਣਿਨਿ ਜੈਸੇ ਵਿਆਕਰਣ ਸ਼ਾਸਤਰੀ ਤੋਂ ਲੈ ਕੇ ਜੇਮਜ਼ ਮਰੇ
(James Murray) ਅਤੇ ਮੋਨੀਅਰ-ਵਿਲੀਅਮਜ਼ (Monier-Williams) ਜੈਸੇ ਮਹਾਨ ਕੋਸ਼ਕਾਰਾਂ ਅਤੇ ਨੋਮ ਚੌਮਸਕੀ (Noam Chomsky) ਜੈਸੇ ਸਮਾਜਕ ਭਾਸ਼ਾ ਵਿਗਿਆਨੀਆਂ (Sociolinguists) ਨੇ ਭਾਸ਼ਾ ਦੇ ਹਰਿ ਪਹਿਲੂ ਬਾਰੇ ਵਿਆਪਕ ਜਾਣਕਾਰੀ ਦੇਣ ਦੇ ਜਤਨ ਕੀਤੇ ਹਨ। ਹੁਣ ਭਾਸ਼ਾ ਦੀ ਬਣਤਰ, ਸ਼ਬਦਾਂ ਦੇ ਅਰਥ ਅਤੇ ਪਰਸੰਗ ਬਾਰੇ ਵਡਮੁੱਲੀ ਜਾਣਕਾਰੀ ਉਪਲੱਬਧ ਹੈ। ਸੰਸਾਰਕ ਭਾਸ਼ਾਵਾਂ ਨਿਤ ਜਨਮ ਲੈਂਦੀਆਂ, ਵੱਧਦੀਆਂ, ਬਦਲਦੀਆਂ ਅਤੇ ਖਤਮ ਹੁੰਦੀਆਂ ਰਹਿੰਦੀਆਂ ਹਨ। ਇਸ ਦੇ ਉਲਟ ਗੁਰ-ਸ਼ਬਦ ਸਦੀਵੀ ਸੱਚ ਹੈ ਅਤੇ ਕਦੇ ਨਹੀਂ ਬਦਲਦਾ।
ਸ਼ਬਦ ਬੋਲ ਦੀ ਉਪਜ ਹੁੰਦੇ ਹਨ ਅਤੇ ਬੋਲੀ ਜਾਂ ਭਾਸ਼ਾ ਨੂੰ ਜਨਮ ਦਿੰਦੇ ਹਨ। ਬੋਲ ਬਾਰੇ ਪ੍ਰੋ: ਸਾਹਿਬ ਸਿੰਘ ਨੇ ਲਿਖਿਆ ਹੈ, "ਪਹਿਲਾਂ ਮਨੁੱਖ ਦੇ ਮਨ ਵਿਚ ਕਿਸੇ 'ਭਾਵ' ਦੀ ਉਤਪਤੀ ਹੁੰਦੀ ਹੈ, ਫਿਰ ਅੰਗਾਂ ਦੇ ਫਰਕਣ ਜਾਂ ਮੂੰਹ ਦੀ ਚੇਸ਼ਟਾ ਦੀ ਰਾਹੀਂ ਉਸ ਅੰਦਰਲੇ 'ਭਾਵ' ਦਾ ਬਾਹਰਲਾ ਰੂਪ ਪਰਗਟ ਹੁੰਦਾ ਹੈ, ਇਸ ਫਰਕਣ ਜਾਂ ਚੇਸ਼ਟਾ ਦੇ ਨਾਲ ਹੀ ਮੂੰਹ ਵਿਚੋਂ ਕਿਸੇ ਤਰ੍ਹਾਂ ਦਾ 'ਨਾਦ' (ਆਵਾਜ਼) ਭੀ ਨਿਕਲ ਪੈਂਦਾ ਹੈ। ਸੋ ਪਹਿਲਾਂ 'ਭਾਵ', ਅੰਗ ਫਰਕਣ ਜਾਂ ਚੇਸ਼ਟਾ, ਉਸ ਤੋਂ ਪਿਛੋਂ 'ਨਾਦ', ਅਖੀਰ ਵਿਚ ਦੂਜੇ ਮਨੁੱਖਾਂ ਪਾਸੋਂ ਸਿੱਖ ਸਿੱਖ ਕੇ 'ਬੋਲੀ' ਪਰਗਟ ਹੁੰਦੀ ਹੈ।" (ਗੁਰਬਾਣੀ ਵਿਆਕਰਣ, ਪੰ: ੨੬)। ਸੰਸਾਰਕ ਬੋਲਚਾਲ ਅਤੇ ਗੁਰਬਾਣੀ ਦੋ ਵਖਰੀਆਂ ਧਰਾਤਲਾਂ ਤੇ ਵਿਚਰਦੀਆਂ ਹਨ। ਬੋਲਚਾਲ ਦੇ ਸਲੀਕੇ ਬਾਰੇ ਗੁਰਬਾਣੀ ਉਪਦੇਸ਼ ਕਰਦੀ ਹੈ: "ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ ਫਿਕੋ ਫਿਕਾ ਸਦੀਐ ਫਿਕੋ ਫਿਕੀ ਸੋਇ॥ ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ॥" (ਪੰ: ੪੭੩); "ਮੰਦਾ ਕਿਸੈ ਨ ਆਖੀਐ ਪੜਿ ਅਖਰ ਏਹੋ ਬੁਝੀਐ॥ ਮੂਰਖੈ ਨਾਲਿ ਨ ਲੁਝੀਐ॥" (ਪੰ: ੪੭੩); "ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦ ਲਿਖਾਈਐ॥" (ਪੰ: ੫੬੬) ਅਤੇ "ਸੰਤੁ ਮਿਲੈ ਕਿਛੁ ਸੁਣੀਐ ਕਹੀਐ॥ ਮਿਲੈ ਅਸੰਤੁ ਮਸਟਿ ਕਰਿ ਰਹੀਐ॥" (ਪੰ: ੮੭੦)। ਹਰ ਰੋਜ਼ ਦੀ ਬੋਲ ਚਾਲ, ਭਾਸ਼ਣ, ਵਿਆਖਿਆ ਅਤੇ ਕਥਾ ਵਾਰਤਾ ਭਾਸ਼ਾ ਦੇ ਅੰਸ਼ ਹਨ।
ਸੰਸਾਰਕ ਜੀਵਨ ਵਿਚ ਬੋਲਚਾਲ ਦੀ ਅਤੇ ਅਧਿਆਤਮਿਕ ਜੀਵਨ ਵਿਚ ਸ਼ਬਦ ਦੀ ਬਹੁਤ ਮਹੱਤਤਾ ਹੈ। ਮਨੁੱਖਤਾ ਦੇ ਸਾਰੇ ਧਰਮਾਂ ਦੇ ਉਪਦੇਸ਼ ਸ਼ਬਦਾਂ ਦੁਆਰਾ ਅਭਿਵਿਅਕਤ ਕੀਤੇ ਜਾਂਦੇ ਹਨ। ਪੂਰਵ ਕਾਲ ਤੋਂ ਹੀ ਬੋਲਾਂ ਦਾ ਅਧਿਆਤਮਿਕ ਵਿਚਾਰਧਾਰਾ ਨਾਲ ਡੂੰਘਾ ਸਬੰਧ ਰਿਹਾ ਹੈ। ਹਿੰਦੂ ਧਰਮ ਵਿਚ ਵੇਦ ਮੰਤ੍ਰ ਪਰਭੂ ਤੋਂ ਪ੍ਰਾਪਤ ਹੋਏ ਸਮਝੇ ਜਾਂਦੇ ਹਨ। ਇਸੇ ਲਈ ਵੇਦਾਂ ਦੀ ਬਾਣੀ ਨੂੰ "ਸ੍ਰੁਤਿ", ਜਾਂ ਧਿਆਨ ਨਾਲ ਸੁਣੇ ਗਏ ਬੋਲ ਆਖਿਆ ਗਿਆ ਹੈ। ਵੇਦ ਬਾਣੀ ਨੂੰ ਰਿਸ਼ੀਆਂ ਵੱਲੋਂ ਸੱਚ ਦੀ ਬ੍ਰਹਿਮੰਡੀ ਧੁਨੀ ਦਾ ਸ਼ਬਦਾਂ ਵਿਚ ਨਿਰੂਪਣ ਸਮਝਿਆ ਜਾਂਦਾ ਹੈ। ਵੇਦ ਬਾਣੀ ਨੂੰ ਸ਼ੁੱਧ ਰੂਪ ਵਿਚ ਸੁਨਣ, ਕੰਠ ਕਰਨ ਅਤੇ ਬੋਲਣ ਦੀ ਪਰਥਾ ਰਹੀ ਹੈ ਅਤੇ ਇਹਨਾਂ ਦੇ ਲਿਖਤੀ ਰੂਪ ਨੂੰ ਅਪਭਰਿਸ਼ਟ ਮੰਨਿਆ ਜਾਂਦਾ ਹੈ। ਇਸ ਪਰਥਾ ਨੇ ਭਾਰਤ ਦੀ ਸੰਸਕ੍ਰਿਤੀ ਅਤੇ ਧਰਮਾਂ ਨੂੰ ਬਹੁਤ ਪਰਭਾਵਿਤ ਕੀਤਾ ਹੈ। ਈਸਾਈ ਧਰਮ ਵਿਚ ਵੀ ਸ਼ਬਦ ਨੂੰ ਪਰਭੂ ਰੂਪ ਆਖਿਆ ਗਿਆ ਹੈ। ਬਾਇਬਲ
(Bible) ਵਿਚ ਲਿਖਿਆ ਹੈ: " In the beginning was the Word, and the Word was with God, and the Word was God” (John 1:1) (ਸ਼ੁਰੂ ਵਿਚ ਸ਼ਬਦ ਸੀ, ਅਤੇ ਸ਼ਬਦ ਪਰਭੂ ਨਾਲ ਸੀ, ਅਤੇ ਸ਼ਬਦ ਪਰਭੂ ਸੀ)। ਇਸਲਾਮ ਵਿਚ ਇਲਹਾਮ ਨੂੰ ਖੁਦਾ ਦਾ ਪੈਗ਼ਾਮ ਮੰਨਿਆ ਜਾਂਦਾ ਹੈ। ਜੋਗੀ ਪਰਾਣਾਯਾਮ ਅਤੇ ਹੋਰ ਸਰੀਰਕ ਵਿਧੀਆਂ ਦੁਆਰਾ ਅਨਹਤ ਨਾਦ ਸੁਨਣ ਦਾ ਜਤਨ ਕਰਦੇ ਹਨ। ਗੁਰਬਾਣੀ ਵਿਚ ਸ਼ਬਦ ਨੂੰ ਗੁਰੂ ਮੰਨਿਆ ਗਿਆ ਹੈ ਅਤੇ ਉਸ ਦੀ ਮਹਿਮਾ ਇਸ ਪਰਕਾਰ ਕੀਤੀ ਗਈ ਹੈ: "ਉਤਪਤਿ ਪਰਲਉ ਸਬਦੇ ਹੋਵੈ॥ ਸਬਦੇ ਹੀ ਫਿਰ ਓਪਤਿ ਹੋਵੈ॥" (ਪੰ: ੧੧੭); ਚੁਹ ਦਿਸਿ ਹੁਕਮੁ ਵਰਤੈ ਪਰਭੂ ਤੇਰਾ ਚਹੁ ਦਿਸਿ ਨਾਮੇ ਪਤਾਲੰ॥ ਸਭ ਮਹਿ ਸਬਦ ਵਰਤੈ ਪ੍ਰਭ ਸਾਚਾ ਕਰਮ ਮਿਲੈ ਬੈਆਲੰ॥" (ਪੰ: ੧੨੭੫); "ਸੁ ਸਬਦ ਕਾ ਕਹਾ ਵਾਸੁ ਕਥੀਅਲੇ ਜਿਤ ਤਰੀਐ ਭਵਜਲੁ ਸੰਸਾਰੋ॥ ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ॥" (ਪੰ: ੯੪੪) ਅਤੇ "ਇਸੁ ਜਗ ਮਹਿ ਸਬਦੁ ਕਰਨੀ ਹੈ ਸਾਰੁ॥ ਬਿਨੁ ਸਬਦੈ ਹੋਰ ਮੋਹੁ ਗੁਬਾਰੁ॥ ਸਬਦੇ ਨਾਮੁ ਰਖੈ ਉਰਿ ਧਾਰਿ॥ ਸਬਦੇ ਗਤਿ ਮਤਿ ਮੋਖ ਦੁਆਰੁ॥" (ਪੰ: ੧੩੪੨)। ਬੋਲ ਗੁਰਬਾਣੀ ਉਪਦੇਸ਼ ਦਾ ਸੰਚਾਰ ਸਾਧਨ ਹਨ। ਕਈ ਸ਼ਰਧਾਲੂ ਗੁਰਬਾਣੀ ਅਤੇ ਵੇਦ ਮੰਤ੍ਰਾਂ ਦੇ ਬੋਲਾਂ ਨੂੰ ਕਰਾਮਾਤੀ ਹਥਿਆਰ ਜਾਂ ਔਜ਼ਾਰ ਸਮਝਣ ਲੱਗ ਪੈਂਦੇ ਹਨ ਅਤੇ ਕਈ ਇਸ ਦੇ ਉਲਟ ਮੋਨ ਧਾਰਨ ਨੂੰ ਵੱਡਾ ਧਾਰਮਕ ਅਨੁਸ਼ਾਸਨ ਮੰਨਦੇ ਹਨ। ਗੁਰੂ ਨਾਨਕ ਸਾਹਿਬ ਨੇ ਮੰਤ੍ਰਾਂ ਦੀਆਂ ਕਰਾਮਾਤਾਂ ਬਾਰੇ ਇਹ ਸਬਦ ਉਚਾਰਨ ਕੀਤਾ ਹੈ: "ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੋਇਰ ਰੁਲਾਇਆ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ॥" (ਪੰ: ੪੧੭)। ਗੁਰਬਾਣੀ ਦੇ ਐਸੇ ਸਪਸ਼ਟ ਫੁਰਮਾਨ ਦੇ ਬਾਵਜੂਦ ਸਿੱਖ ਸ਼ਰਧਾਲੂਆਂ ਵਿਚ ਗੁਰ-ਸ਼ਬਦ ਦੇ ਮੰਤ੍ਰ ਦੀ ਕਰਾਮਾਤੀ ਸ਼ਕਤੀ ਦੇ ਵਿਸ਼ਵਾਸ ਵਿਚ ਵਾਧਾ ਹੋ ਰਿਹਾ ਹੈ।

ਗੁਰਬਾਣੀ ਬੋਲਾਂ ਦੁਆਰਾ ਪਰਗਟ ਹੁੰਦੀ ਹੈ। ਬੋਲ ਗੁਰਬਾਣੀ ਦਾ ਆਧਾਰ ਹਨ। ਗੁਰਬਾਣੀ ਗੁਰੂ ਸਾਹਿਬਾਨ ਅਤੇ ਭਗਤ ਜਨਾਂ ਨੇ ਉਚਾਰੀ ਹੈ। ਵਾਸਤਵ ਵਿਚ ਗੁਰਬਾਣੀ ਪਰਭੂ ਦੇ ਆਦੇਸ਼ਾਂ ਦੇ ਅਨੁਭਵ ਦਾ ਬਾਣੀ ਕਾਰਾਂ ਵੱਲੋਂ ਭਾਸ਼ਾ ਵਿਚ ਰੂਪਾਂਤਰਣ ਹੈ। ਤਦੇ ਹੀ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿਚ ਨਾਨਕ ਪਦ ਦੀ ਵਰਤੋਂ ਕੀਤੀ ਹੈ ਅਤੇ ਗੁਰਬਾਣੀ ਨੂੰ ਖਸਮ ਕੀ ਬਾਣੀ ਆਖਿਆ ਹੈ। ਗੁਰਬਾਣੀ ਪਰਭੂ ਨੂੰ ਅਬੋਲ ਅਤੇ ਬੋਲਣਹਾਰ ਨੂੰ ਪਰਮ ਗੁਰ ਆਖਦੀ ਹੈ। ਗੁਰਵਾਕ ਹਨ: "ਜਹਾ ਬੋਲ ਤਹ ਅਛਰ ਆਵਾ॥ ਜਹ ਅਬੋਲ ਤਹ ਮਨੁ ਨ ਰਹਾਵਾ॥ ਬੋਲ ਅਬੋਲ ਮਧਿ ਹੇ ਸੋਈ॥ ਜਸ ਓਹੁ ਹੈ ਤਸ ਲਖੈ ਨ ਕੋਈ॥" (ਪੰ: ੩੪੦) ਅਤੇ "ਮਨੁ ਕਰਿ ਮਕਾ ਕਿਬਲਾ ਕਰਿ ਦੇਹੀ॥ ਬੋਲਨਹਾਰ ਪਰਮ ਗੁਰੁ ਏਹੀ॥" (ਪੰ: ੧੧੫੮)। ਬਾਣੀਕਾਰ ਬ੍ਰਹਮ ਮੰਡਲ ਵਿਚ ਅਨਹਦ ਨਾਦ ਦੇ ਅਨੁਭਵ ਤੋਂ ਪਰਭੂ ਦੇ ਹੁਕਮ ਨੂੰ ਬੁਝ ਕੇ ਗੀਤ ਰੂਪੀ ਸ਼ਬਦਾਂ ਦੁਆਰਾ ਪਰਗਟ ਕਰਦੇ ਹਨ। ਗੁਰਬਾਣੀ ਦਾ ਮਨੋਰਥ ਵੀ ਮਨੁੱਖ ਨੂੰ ਪਰਭੂ ਦੇ ਅਨਹਦ ਨਾਦ ਦਾ ਅਨੁਭਵ ਕਰਨ ਯੋਗ ਬਣਾਉਣਾ ਹੀ ਹੈ ਤਾਂ ਜੋ ਉਹ ਪਰਭੂ ਦੇ ਹੁਕਮ ਨੂੰ ਜਾਣ ਸਕੇ। ਗੁਰਮਤਿ ਗਾਡੀ ਰਾਹ ਦੇ ਪਾਂਧੀ ਹੀ ਐਸਾ ਅਨੁਭਵ ਕਰਨ ਯੋਗ ਹੁੰਦੇ ਹਨ। ਗੁਰਬਾਣੀ ਵਿਚ ਸ਼ਬਦ ਨੂੰ ਘੜਨ ਦੀ ਵਿਧੀ ਦਾ ਵਰਨਣ ਵੀ ਕੀਤਾ ਗਿਆ ਹੈ। ਗੁਰਵਾਕ ਹੈ: "ਜਤੁ ਪਾਹਰਾ ਧੀਰਜੁ ਸੁਨਿਆਰੁ॥ ਅਹਰਣਿ ਮਤਿ ਵੇਦੁ ਹਥੀਆਰੁ॥ ਭਉ ਖਲਾ ਅਗਨਿ ਤਪਤਾਉ॥ ਭਾਂਡਾ ਭਾਉ ਅੰਮ੍ਰਿਤ ਤਿਤੁ ਢਾਲਿ॥ ਘੜੀਐ ਸਬਦੁ ਸਚੀ ਟਕਸਾਲ॥" (ਪੰ: ੮)। ਜਤ, ਧੀਰਜ, ਸਿਆਣਪ, ਗਿਆਨ, ਪਰਭੂ ਦਾ ਭੈ, ਤਪ ਅਤੇ ਪਰੇਮ ਦੁਆਰਾ ਅੰਮ੍ਰਿਤ ਨਾਮ ਨੂੰ ਢਾਲ ਕੇ ਸੱਚੀ ਟਕਸਾਲ ਵਿਚ ਸ਼ਬਦ ਘੜੇ ਜਾਂਦੇ ਹਨ। ਸ਼ਬਦ ਘੜਨਾ ਸਾਧਾਰਣ ਕਵੀਆਂ ਦੀ ਸਮਰਥਾ ਤੋਂ ਬਾਹਰ ਹੁੰਦਾ ਹੈ ਕਿਉਂਕਿ ਸੰਸਾਰਕ ਜੀਵਨ ਦੇ ਅਨੁਭਵ ਤੋਂ ਸ਼ਬਦ ਨਹੀਂ ਘੜੇ ਜਾ ਸਕਦੇ। ਬੇਅੰਤ ਕਵੀਆਂ ਨੇ ਕਵਿਤਾਵਾਂ ਰਚੀਆਂ ਹਨ ਅਤੇ ਬੇਅੰਤ ਸੰਗੀਤਕਾਰਾਂ ਨੇ ਸਰੋਤਿਆਂ ਨੂੰ ਆਪਣੇ ਮਧੁਰ ਸੰਗੀਤ ਨਾਲ ਕੀਲਿਆ ਹੈ ਪਰ ਸੰਸਾਰਕ ਜੀਵਨ ਦੇ ਅਨੁਭਵ ਤੋਂ ਉਪਜੀ ਕਵਿਤਾ ਅਤੇ ਸੰਗੀਤ ਦੀ ਮਿਆਦ ਸੀਮਤ ਹੁੰਦੀ ਹੈ ਅਤੇ ਸਮੇਂ ਦੀ ਮਾਰ ਤੋਂ ਬਚਣ ਦੇ ਸਮਰਥ ਨਹੀਂ ਹੁੰਦੀ। ਅਧਿਆਤਮਿਕ ਜੀਵਨ ਦੇ ਅਨੁਭਵ ਤੋਂ ਪ੍ਰਾਪਤ ਗਿਆਨ ਦੇ ਸ਼ਬਦ ਅਮਰ ਹੁੰਦੇ ਹਨ। ਬਹੁਤੇ ਸ਼ਰਧਾਲੂ ਗੁਰਬਾਣੀ ਵੱਲੋਂ ਉਲੀਕੇ ਰਾਹ ਤੇ ਚੱਲਣੋ ਅਸਮਰੱਥ ਹੁੰਦੇ ਹਨ ਇਸ ਲਈ ਉਹ ਆਪਣਾ ਨੈਤਿਕ ਜੀਵਨ ਗੁਰਬਾਣੀ ਉਪਦੇਸ਼ ਅਤੇ ਜਨਮ ਸਾਖੀਆਂ ਦੀ ਰੋਸ਼ਨੀ ਵਿਚ ਢਾਲਣ ਦਾ ਜਤਨ ਕਰਦੇ ਹਨ। ਐਸੇ ਸ਼ਰਧਾਲੂ ਵੀ ਹਨ ਜੋ ਗੁਰਬਾਣੀ ਉਪਦੇਸ਼ ਨੂੰ ਸਿੱਖ ਇਤਹਾਸ ਵਿਚ ਰਲਗੱਡ ਕਰ ਕੇ ਆਪਣੇ ਰਾਜਸੀ ਮਨੋਰਥਾਂ ਲਈ ਵਰਤਣ ਦਾ ਪਰਿਆਸ ਕਰਦੇ ਹਨ। ਗੁਰਬਾਣੀ ਸੰਸਾਰਕ ਜੀਵਨ ਵਿਚ ਦਿਆਨਤਦਾਰੀ ਨਾਲ ਕੀਤੇ ਉਦਮਾਂ ਵਿਚ ਭਾਣਾ ਮੰਨਣ ਦਾ ਉਪਦੇਸ਼ ਕਰਦੀ ਹੈ।

ਗੁਰਬਾਣੀ ਗੁਰੂ ਹੈ ਅਤੇ ਅੱਖਰੀ ਰੂਪ ਵਿਚ ਗ੍ਰੰਥ ਸਾਹਿਬ ਵਿਚ ਅੰਕਿਤ ਹੈ। ਗ੍ਰੰਥ ਸਾਹਿਬ ਨੂੰ ਬੋਲ ਕੇ ਪੜ੍ਹਨ ਜਾਂ ਸੁਨਣ ਨਾਲ ਗੁਰਬਾਣੀ ਗਿਆਨ ਦਾ ਪਰਕਾਸ਼ ਸੰਭਵ ਹੁੰਦਾ ਹੈ ਪਰ ਉਸ ਪਰਕਾਸ਼ ਨੂੰ ਅਨੁਭਵ ਕਰਨ ਲਈ ਸ਼ਰਧਾਲੂ ਨੂੰ ਸ਼ਬਦ ਨਾਲ ਸੁਰਤ ਜੋੜਨੀ ਪੈਂਦੀ ਹੈ। ਗ੍ਰੰਥ ਸਾਹਿਬ ਗੁਰਬਾਣੀ ਦਾ ਸੋਮਾ ਅਤੇ ਸੰਚਾਰ ਸਾਧਨ ਹਨ। ਬਹੁਤ ਸਾਰੇ ਗੁਰਦੁਆਰਿਆਂ ਵਿਚ ਅਰਦਾਸ ਮਗਰੋਂ ਗਿਆਨੀ ਗਿਆਨ ਸਿੰਘ ਰਚਿਤ 'ਪੰਥ ਪ੍ਰਕਾਸ਼' ਦਾ ਦੋਹਿਰਾ, 'ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ। ਸਬ ਸਿਖਨ ਨੁ ਹੁਕਮ ਹੈ ਗੁਰੂ ਮਾਨੀਓੁ ਗ੍ਰੰਥ' ਪੜ੍ਹਨ ਦੀ ਰੀਤ ਹੈ। ਸਿੱਖਾਂ ਦੀ ਇਹ ਧਾਰਨਾ ਬਣੀ ਹੋਈ ਹੈ ਕਿ ਗੁਰਬਾਣੀ ਦਾ ਗ੍ਰੰਥ ਗੁਰੂ ਹੈ ਅਤੇ ਉਹ ਉਸ ਨੂੰ ਗੁਰੂ ਗ੍ਰੰਥ ਸਾਹਿਬ ਸਿਰਨਾਵੇਂ ਨਾਲ ਨਿਵਾਜਦੇ ਹਨ। ਪਰ ਗੁਰਬਾਣੀ ਗ੍ਰੰਥ ਸਾਹਿਬ ਨੂੰ ਪਰਮੇਸ਼ਰ ਦਾ ਨਿਵਾਸ ਸਥਾਨ ਆਖਦੀ ਹੈ ਅਤੇ ਗੁਰੂ ਦੀ ਪਦਵੀ ਕੇਵਲ ਸ਼ਬਦ ਅਤੇ ਗੁਰਬਾਣੀ ਨੂੰ ਹੀ ਦਿੰਦੀ ਹੈ। ਗੁਰਵਾਕ ਹੈ: "ਪੋਥੀ ਪਰਮੇਸਰ ਕਾ ਥਾਨੁ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ॥" (ਪੰ: ੧੨੨੬)। ਸਿੱਖ ਇਤਿਹਾਸਕਾਰ ਦੱਸਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੀ ਬੀੜ ਆਖੇ ਜਾਂਦੇ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪ ਕੇ ਗੁਰੂ ਸਥਾਪਤ ਕੀਤਾ ਸੀ। ਜਿਸ ਬੀੜ ਨੂੰ ਗੁਰੂ ਸਾਹਿਬ ਨੇ ਗੁਰਗੱਦੀ ਸੌਂਪੀ ਸੀ ਉਹ ਵੱਡੇ ਘਲੂਘਾਰੇ ਵਿਚ ਨਸ਼ਟ ਹੋਈ ਦੱਸੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਪਰਚਲਤ ਬੀੜ ਕਰਤਾਰਪੁਰੀ ਬੀੜ ਨਾਲ ਸੋਧੀ ਦਮਦਮੀ ਬੀੜ ਹੈ। ਇਹ ਉਹ ਬੀੜ ਨਹੀਂ ਹੈ ਜਿਸ ਨੂੰ ਇਤਿਹਾਸਕਾਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰਗੱਦੀ ਸੌਂਪਣ ਦਾ ਜ਼ਿਕਰ ਕਰਦੇ ਹਨ। ਦਰਅਸਲ ਗੁਰੂ ਗੋਬਿੰਦ ਸਿੰਘ ਜੀ ਨੇ ਵਿਅਕਤੀ ਗੁਰੂ ਦੀ ਪਰਥਾ ਨੂੰ ਸਮਾਪਤ ਕਰ ਕੇ ਗੁਰਬਾਣੀ ਆਸ਼ੇ ਅਨੁਸਾਰ ਦਮਦਮੀ ਬੀੜ ਵਿਚ ਅੰਕਿਤ ਬਾਣੀ ਨੂੰ ਗੁਰੂ ਘੋਸ਼ਿਤ ਕੀਤਾ ਸੀ ਤਾਂ ਜੋ ਗੁਰਬਾਣੀ ਵਿਚ ਅਣਅਧਿਕਾਰਿਤ ਵਾਧਾ ਘਾਟਾ ਨਾ ਹੋ ਸਕੇ ਅਤੇ ਸਿੱਖ ਸੇਵਕ ਸਹੀ ਬਾਣੀ ਗੁਰੂ ਦੇ ਲੜ ਲੱਗੇ ਰਹਿਣ। ਗੁਰੂ ਸਾਹਿਬ ਭਲੀ ਭਾਂਤ ਜਾਣਦੇ ਸਨ ਕਿ ਗ੍ਰੰਥ ਬਿਨਸਣ ਹਾਰ ਵਸਤੂ ਹੈ ਅਤੇ ਕੇਵਲ ਗੁਰਬਾਣੀ ਹੀ ਅਵਿਨਾਸ਼ੀ ਅਤੇ ਸਦੀਵੀ ਹੈ, ਅਤੇ ਇਹੋ ਗੁਰੂ ਪਦਵੀ ਦੀ ਅਧਿਕਾਰੀ ਵੀ ਹੈ। ਉਹਨਾਂ ਗੁਰਗੱਦੀ ਬਿਨਸਣ ਹਾਰ ਗ੍ਰੰਥ ਨੂੰ ਨਹੀਂ ਸੌਂਪੀ ਸੀ। ਪਰ ਸਿੱਖ ਇਤਿਹਾਸਕਾਰ ਗੁਰਬਾਣੀ ਉਪਦੇਸ਼ ਦੇ ਵਿਰੁਧ ਇਹ ਗਲਤ ਰਾਏ ਫੈਲਾਈ ਜਾਂਦੇ ਹਨ ਕਿ ਗੁਰੂ ਸਾਹਿਬ ਨੇ ਗੁਰਗੱਦੀ ਦਮਦਮੀ ਬੀੜ ਦੇ ਗ੍ਰੰਥ ਸਾਹਿਬ ਨੂੰ ਦਿੱਤੀ ਸੀ। ਦਰਅਸਲ ਭਾਈ ਪ੍ਰਹਿਲਾਦ ਸਿੰਘ ਨੇ ਆਪਣੇ 'ਰਹਿਤਨਾਮੇ ਅਤੇ ਗਿਆਨੀ ਗਿਆਨ ਸਿੰਘ ਨੇ ਆਪਣੀ ਕਿਰਤ 'ਪੰਥ ਪ੍ਰਕਾਸ਼' ਵਿਚ ਗ੍ਰੰਥ ਸਾਹਿਬ ਨੂੰ ਗੁਰੂ ਲਿਖਣ ਦੀ ਭੁਲ ਕੀਤੀ ਸੀ ਅਤੇ ਮੱਖੀ ਤੇ ਮੱਖੀ ਮਾਰਨ ਵਾਲੇ ਇਤਿਹਾਸਕਾਰਾਂ ਨੇ ਬਿਨਾ ਸੋਚੇ ਸਮਝੇ ਉਹਨਾਂ ਦੀ ਨਕਲ ਵਿਚ ਬਾਣੀ ਦੇ ਗ੍ਰੰਥ ਨੂੰ ਹੀ ਗੁਰੂ ਲਿਖਣਾ ਸ਼ੁਰੂ ਕਰ ਦਿੱਤਾ। ਇਤਿਹਾਸਕਾਰ ਗੁਰਬਾਣੀ ਦੇ ਗਿਆਤਾ ਜਾਂ ਸ਼ਾਸਤਰੀ ਨਹੀਂ ਹੁੰਦੇ ਕਿਉਂਕਿ ਉਹ ਸਮਾਜ ਸ਼ਾਸਤਰੀ ਹੁੰਦੇ ਹਨ ਅਤੇ ਗੁਰਬਾਣੀ ਅਧਿਆਤਮਿਕ ਗਿਆਨ ਹੈ ਸਮਾਜ ਸ਼ਾਸਤਰ ਨਹੀਂ। ਸਮਾਜ ਸ਼ਾਸਤਰ ਅਤੇ ਅਧਿਆਤਮਿਕ ਗਿਆਨ ਵਿਚ ਵਿਚਾਰਧਾਰਕ ਦ੍ਰਿਸ਼ਟੀਕੋਣ ਦਾ ਭਾਰੀ ਅੰਤਰ ਹੈ। ਇਹਨਾਂ ਨੂੰ ਰਲਗੱਡ ਕਰਨਾ ਬਹੁਤ ਗਲਤ ਹੈ। ਜਿਵੇਂ ਲੁਹਾਰ ਨੂੰ ਗਹਿਣੇ ਬਣਾਉਣੇ ਨਹੀਂ ਆਉਂਦੇ ਅਤੇ ਕਬੱਡੀ ਦੇ ਖਿਡਾਰੀ ਨੂੰ ਹਾਕੀ ਖੇਡਣੀ ਲਈ ਨਹੀਂ ਕਿਹਾ ਜਾਂਦਾ ਇਸੇ ਤਰ੍ਹਾਂ ਇਤਿਹਾਸਕਾਰ ਤੋਂ ਧਰਮ ਦੇ ਅਧਿਆਤਮਿਕ ਮੂਲ ਦੇ ਗਿਆਨ ਦੀ ਆਸ ਨਹੀਂ ਕਰਨੀ ਚਾਹੀਦੀ। ਦਰਅਸਲ ਹਰ ਇਤਿਹਾਸਕ ਵਿਆਖਿਆ ਲੇਖਕ ਦੇ ਨਿਜੀ ਦ੍ਰਿਸ਼ਟੀਕੋਣ ਦੀ ਉਪਜ ਹੁੰਦੀ ਹੈ ਅਤੇ ਇਤਿਹਾਸਕ ਤੱਥਾਂ ਦੀ ਚੋਣ ਅਤੇ ਪਰਿਚੈ ਵੀ ਲੇਖਕ ਆਪਣੇ ਰਾਜਸੀ ਏਜੰਡੇ ਅਨੁਸਾਰ ਹੀ ਕਰਦਾ ਹੈ। ਇਤਿਹਾਸਕ ਰਚਨਾਵਾਂ ਨੇ ਹੀ ਗੁਰਬਾਣੀ ਉਪਦੇਸ਼ਾਂ ਬਾਰੇ ਭੁਲੇਖੇ ਪਾ ਕੇ ਬਹੁਤੇ ਸ਼ਰਧਾਲੂਆਂ ਨੂੰ ਗੁਮਰਾਹ ਕੀਤਾ ਹੋਇਆ ਹੈ। ਇਤਿਹਾਸਕਾਰ ਅਕਸਰ ਗੁਰਬਾਣੀ ਉਪਦੇਸ਼ ਨੂੰ ਇਤਿਹਾਸਕ ਵਰਨਣ ਦੇ ਅਨੁਕੂਲ ਬਨਾਉਣ ਲਈ ਉਸ ਦੀ ਮਨ ਮਰਜ਼ੀ ਨਾਲ ਵਿਆਖਿਆ ਕਰ ਦਿੰਦੇ ਹਨ ਅਤੇ ਕਈ ਵੇਰ ਉਸ ਨਾਲ ਕਾਲਪਨਿਕ ਮਿਥਿਹਾਸ ਵੀ ਜੋੜ ਦਿੰਦੇ ਹਨ। ਬਹੁਤੇ ਸਿੱਖ ਕਥਾਵਾਚਕ ਵੀ ਗੁਰਬਾਣੀ ਦੇ ਸੰਕਲਪਾਂ ਦੀ ਵਿਆਖਿਆ ਕਰਨ ਸਮੇਂ ਮਿਥਹਾਸਕ ਕਹਾਣੀਆਂ ਸੁਣਾਉਣ ਲੱਗ ਪੈਂਦੇ ਹਨ। ਗੁਰਬਾਣੀ ਉਪਦੇਸ਼ ਵਿਰੁਧ ਗ੍ਰੰਥ ਸਾਹਿਬ ਨੂੰ ਗੁਰੂ ਆਖ ਕੇ ਇਤਿਹਾਸਕਾਰਾਂ ਨੇ ਕਈ ਅਣਸੁਖਾਵੇਂ ਪ੍ਰਸ਼ਨ ਖੜ੍ਹੇ ਕਰ ਦਿੱਤੇ ਹਨ, ਜਿਹਨਾਂ ਵਿਚੋਂ ਕੁੱਝ ਕੁ ਇਸ ਪਰਕਾਰ ਹਨ:
(੧) ਜਿਸ ਬੀੜ ਦੀ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਸੌਂਪੀਂ ਸੀ ਉਹ ਬੀੜ ਤੇ ਨਸ਼ਟ ਹੋ ਗਈ ਹੈ। ਪਰਚਲਤ ਬੀੜ ਨੂੰ ਗੁਰੂ ਸਾਹਿਬ ਨੇ ਗੁਰਗੱਦੀ ਨਹੀਂ ਸੌਂਪੀ ਸੀ।
(੨) ਪਰਚਲਤ ਅਤੇ ਹੋਰ ਦੂਜੀਆਂ ਬੀੜਾਂ ਵਿਚ ਅੰਕਿਤ ਬਾਣੀ ਅਤੇ ਗੁਰੂ ਘੋਸ਼ਿਤ ਕੀਤੀ ਦਮਦਮੀ ਬੀੜ ਦੀ ਬਾਣੀ ਵਿਚ ਅੰਤਰ ਹੈ। ਪਰਚਲਤ ਬੀੜਾਂ ਵਿਚ ਐਸੀ ਰਚਨਾ ਵੀ ਸ਼ਾਮਲ ਹੈ ਜੋ ਗੁਰਬਾਣੀ ਨਹੀਂ ਅਤੇ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਘੋਸ਼ਿਤ ਨਹੀਂ ਕੀਤਾ ਸੀ।
(੩) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਸੰਥਾ ਸੈਂਚੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਵਿਚ ਗ੍ਰੰਥ ਸਾਹਿਬ ਦੀ ਪੂਰੀ ਬਾਣੀ ਨੂੰ ਦੋ ਜਿਲਦਾਂ ਵਿਚ ਪਰਕਾਸ਼ਤ ਕਰ ਕੇ ਵੇਚਦੀ ਹੈ। ਦੋ ਜਿਲਦਾਂ ਵਿਚ ਪਰਕਾਸ਼ਤ ਕੀਤੇ ਗ੍ਰੰਥ ਸਾਹਿਬ ਦੀ ਬਾਣੀ ਅਤੇ ਇਕ ਜਿਲਦ ਵਿਚ ਪਰਕਾਸ਼ਤ ਗ੍ਰੰਥ ਸਾਹਿਬ ਦੀ ਬਾਣੀ ਵਿਚ ਕੋਈ ਅੰਤਰ ਨਹੀਂ ਹੈ ਪਰ ਸੈਂਚੀਆਂ ਨੂੰ ਗ੍ਰੰਥ ਸਾਹਿਬ ਨਹੀਂ ਮੰਨਿਆ ਜਾਂਦਾ ਹੈ।
(੪) ਸ਼੍ਰੋਮਣੀ ਕਮੇਟੀ ਅਤੇ ਕਈ ਹੋਰ ਪਰਕਾਸ਼ਕ ਗੁਰਬਾਣੀ ਦੇ ਗੁਟਕੇ ਪਰਕਾਸ਼ਤ ਕਰ ਕੇ ਵੇਚਦੇ ਹਨ। ਸ਼ਬਦ ਅਤੇ ਬਾਣੀ ਗੁਰੂ ਹੈ। ਗੁਟਕਿਆਂ ਵਿਚ ਦਰਜ ਬਾਣੀ ਦਾ ਬਣਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।
(੫) ਗੁਰਮੁਖੀ ਲਿਪੀ ਤੋਂ ਅਣਜਾਣ ਵਿਅਕਤੀਆਂ ਲਈ ਗੁਰਬਾਣੀ ਦੇ ਗ੍ਰੰਥ ਦੀ, ਜਿਸ ਨੂੰ ਉਹ ਪੜ੍ਹ ਨਹੀਂ ਸਕਦੇ, ਕੀ ਹੈਸੀਅਤ ਸਮਝੀ ਜਾਵੇ?
(੬) ਮਨੁੱਖੀ ਚੇਤੇ ਵਿਚ ਭੰਡਾਰ ਕੀਤੀ ਬਾਣੀ ਦਾ ਕੀ ਸਥਾਨ ਹੈ?
(੭) ਗੁਰਬਾਣੀ ਵਿਚ ਬੋਲੀ, ਕਵਿਤਾ ਅਤੇ ਸੰਗੀਤ ਪਰਧਾਨ ਹਨ। ਵਾਰਤਕ ਵਿਚ ਕੀਤੇ ਗੁਰਬਾਣੀ ਟੀਕਿਆਂ ਨੂੰ ਕੀ ਦਰਜਾ ਦਿੱਤਾ ਜਾਣਾ ਚਾਹੀਦਾ ਹੈ?
(੮) ਸੀ. ਡੀ. ਅਤੇ ਕੰਪਯੁਟਰ ਵਿਚ ਉਪਲੱਬਧ ਬਾਣੀ ਦਾ ਕੀ ਰੁਤਬਾ ਹੈ?
(੯) ਕੀ ਗੁਰਬਾਣੀ ਅਤੇ ਗ੍ਰੰਥ ਸਾਹਿਬ ਦੇ ਅੰਗ੍ਰੇਜ਼ੀ ਅਤੇ ਦੂਜੀਆਂ ਭਾਸ਼ਾਵਾਂ ਵਿਚ ਅਨੁਵਾਦਾਂ ਨੂੰ ਵੀ ਗੁਰੂ ਮੰਨਿਆ ਜਾਣਾ ਚਾਹੀਦਾ ਹੈ?
ਦਰਅਸਲ ਬੋਲੇ ਜਾਂਦੇ ਸ਼ਬਦ ਅਤੇ ਬਾਣੀ ਹੀ ਗੁਰੂ ਹੈ। ਜਿਸ ਵਸਤੂ, ਸਥਾਨ ਜਾਂ ਰੂਪ ਵਿਚ ਗੁਰਬਾਣੀ ਨੂੰ ਸੁਰਖਿਅਤ ਕਰਨ ਲਈ ਟਿਕਾਇਆ ਜਾਂਦਾ ਹੈ, ਜਿਥੋਂ ਉਹ ਪੜ੍ਹੀ ਅਤੇ ਬੋਲੀ ਜਾ ਸਕੇ, ਉਹ ਸਾਰੇ ਕੇਵਲ ਸੰਚਾਰ ਸਾਧਨ ਹਨ। ਬੋਲ ਵੀ ਸ਼ਬਦ-ਗੁਰੂ ਦਾ ਸੰਚਾਰ ਸਾਧਨ ਹੀ ਹਨ। ਗੁਰਬਾਣੀ ਦੇ ਹਰ ਸੰਚਾਰ ਸਾਧਨ ਦਾ ਵਾਜਬ ਸਤਿਕਾਰ ਕਰਨਾ ਬਣਦਾ ਹੈ ਪਰ ਉਹਨਾਂ ਨੂੰ ਗੁਰੂ ਆਖਣਾ ਅਣਉਚਿੱਤ ਹੈ। ਕੇਵਲ ਇਸ ਇਕ ਮਸਲੇ ਤੇ ਏਨੇ ਸਵਾਲ ਸਿੱਖ ਚਿੰਤਕਾਂ ਲਈ ਵੱਡੀ ਸਮੱਸਿਆ ਖੜ੍ਹੀ ਕਰ ਸਕਦੇ ਹਨ ਕਿਉਂਕਿ ਸਿੱਖ ਜਗਤ ਵਿਚ ਵਿਚਾਰਾਂ ਦੇ ਮਤਭੇਦਾਂ ਨੂੰ ਪਰਵਾਨ ਕਰਨ ਅਤੇ ਸ਼ਾਂਤੀ ਨਾਲ ਗਲ ਬਾਤ ਰਾਹੀਂ ਹੱਲ ਕਰਨ ਦੀ ਪਰਥਾ ਨਹੀਂ ਹੈ। ਸਿੱਖ ਆਗੂ ਤੇ ਬੌਧਿਕ ਵਿਚਾਰਾਂ ਨੂੰ ਸਰੀਰਕ ਸ਼ਕਤੀ ਨਾਲ ਨਜਿੱਠਣ ਵਿਚ ਵਿਸ਼ਵਾਸ ਰੱਖਦੇ ਹਨ।
ਗੁਰਬਾਣੀ ਵਿਚ ਬੋਲ ਪਰਧਾਨ ਹੈ। ਗੁਰਬਾਣੀ ਦਾ ਪਾਠ ਅਤੇ ਕੀਰਤਨ ਬੋਲ ਕੇ ਜਾਂ ਗਾ ਕੇ ਹੀ ਕੀਤਾ ਜਾਂਦਾ ਹੈ। ਧਿਆਨ ਨਾਲ ਗੁਰਬਾਣੀ ਪੜ੍ਹਨ, ਸੁਨਣ, ਗਾਉਣ, ਵਿਚਾਰਨ ਅਤੇ ਉਸ ਦੇ ਉਪਦੇਸ਼ ਨੂੰ ਜੀਵਨ ਵਿਚ ਧਾਰਨ ਕਰਨ ਨਾਲ ਹੀ ਮਨ ਸਾਧਿਆ ਜਾ ਸਕਦਾ ਹੈ। ਇਸੇ ਲਈ ਜਪੁ ਬਾਣੀ ਵਿਚ ਸ਼ਬਦ ਦੇ ਬੋਲਣ, ਗਾਇਨ ਕਰਨ, ਸੁਨਣ, ਅਤੇ ਮੰਨਣ ਨੂੰ ਬਹੁਤ ਮਹੱਤਤਾ ਦਿੱਤੀ ਗਈ ਹੈ। ਇਸ ਸਬੰਧੀ ਕੁੱਝ ਗੁਰਵਾਕ ਹਨ: "ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ॥ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥" … "ਜਿਨਿ ਸੇਵਿਆ ਤਿਨਿ ਪਾਇਆ ਮਾਨੁ॥ ਨਾਨਕ ਗਾਵੀਐ ਗੁਣੀ ਨਿਧਾਨੁ॥ ਗਾਵੀਐ ਸੁਣੀਐ ਮਨਿ ਰਖੀਐ ਭਾਉ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥ ਗੁਰਮਖਿ ਨਾਦੰ ਗੁਰਮਖਿ ਵੇਦੰ ਗੁਰਮੁਖਿ ਰਹਿਆ ਸਮਾਈ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥ ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ॥ ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥" … "ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ॥" … "ਸੁਣਿਐ ਸਿਧ ਪੀਰ ਸੁਰਿ ਨਾਥ॥ ਸੁਣਿਐ ਧਰਤਿ ਧਵਲ ਆਕਾਸ॥ ਸੁਣਿਐ ਦੀਪ ਲੋਅ ਪਾਤਾਲ॥ ਸੁਣਿਐ ਪੋਹਿ ਨ ਸਕੈ ਕਾਲ॥ ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ॥੮॥ ਸੁਣਿਐ ਈਸਰੁ ਬਰਮਾ ਇੰਦੁ॥ ਸੁਣਿਐ ਮੁਖਿ ਸਾਲਾਹਣ ਮੰਦੁ॥ਸੁਣਿਐ ਜੋਗ ਜੁਗਤਿ ਤਨਿ ਭੇਦ॥ ਸੁਣਿਐ ਸਾਸਤ ਸਿਮ੍ਰਿਤਿ ਵੇਦ॥ ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ॥੯॥ ਸੁਣਿਐ ਸਤੁ ਸੰਤੋਖੁ ਗਿਆਨੁ॥ ਸੁਣਿਐ ਅਠਸਠਿ ਕਾ ਇਸਨਾਨੁ॥ ਸੁਣਿਐ ਪੜਿ ਪੜਿ ਪਾਵਹਿ ਮਾਨੁ॥ ਸੁਣਿਐ ਲਾਗੈ ਸਹਜਿ ਧਿਆਨੁ॥ ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ॥੧੦॥ ਸੁਣਿਐ ਸਰਾ ਗੁਣਾ ਕੇ ਗਾਹ॥ ਸੁਣਿਐ ਸੇਖ ਪੀਰ ਪਾਤਿਸਾਹ॥ ਸੁਣਿਐ ਅੰਧੇ ਪਾਵਹਿ ਰਾਹੁ॥ ਸੁਣਿਐ ਹਾਥ ਹੋਵੈ ਅਸਗਾਹੁ॥ ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ॥੧੧॥" (ਪੰ: ੨-੩)। ਪਰਭੂ ਦੀ ਸਿਫਤ ਸਾਲਾਹ ਕਰਨ ਅਤੇ ਸੁਨਣ ਨਾਲ ਹੀ ਮਨੁੱਖ ਨੂੰ ਆਪਣੇ ਜੀਵਨ ਦੇ ਮਨੋਰਥ ਵਿਚ ਸਫਲਤਾ ਪ੍ਰਾਪਤ ਹੋਣ ਦੀ ਗੁਰਬਾਣੀ ਦੱਸਦੀ ਹੈ ਕਿ ਸਾਰਾ ਬ੍ਰਹਮੰਡ ਪਰਭੂ ਦੀ ਸਿਫਤ ਸਲਾਹ ਅਤੇ ਗੁਣ ਗਾਇਨ ਕਰਨ ਵਿਚ ਲੱਗਾ ਹੋਇਆ ਹੈ। ਗੁਰਬਾਣੀ ਦੇ ਕਥਨ ਹਨ: "ਗਗਨ ਮੈ ਥਾਲੁ ਰਵਿ ਚੰਦੁ ਦੀਪਕੁ ਬਨੇ॥ ਤਾਰਿਕਾ ਮੰਡਲ ਜਨਕੁ ਮੋਤੀ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ॥ ਸਗਲ ਬਨਰਾਇ ਫੂਲੰਤ ਜੋਤੀ॥ ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ॥ ਅਨਹਤਾ ਸਬਦ ਵਾਜੰਤ ਭੇਰੀ॥" (ਪੰ: ੬੬੩); "ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ॥ ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ॥ ਗਾਵਿਹ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ॥ ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ॥ ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ॥ ਗਾਵਹਿ ਇੰਦ ਇੰਦਾਸਣਿ ਬੈਠੇ ਦੇਵਤਿਆ ਦਰ ਨਾਲੇ॥ ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵੀਚਾਰੇ॥ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ॥ ਗਾਵਨ ਪੰਡਤਿ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ॥ ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ॥ ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ॥ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ॥ ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੈ ਧਾਰੇ॥ ਸੇਈ ਤੁਧਨੋ ਗਾਵਹਿ ਜੋ ਤੁਧੁ ਭਾਵਨ ਰਤੇ ਤੇਰੇ ਭਗਤ ਰਸਾਲੇ॥ ਹੋਰਿ ਕੇਤੇ ਗਾਵਨਿ ਸੋ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ॥" (ਪੰ: ੮)। ਸਾਰੀ ਕਾਇਨਾਤ ਪ੍ਰਭੂ ਦੇ ਗੁਣ ਗਾਇਨ ਕਰਨ ਵਿਚ ਰੁੱਝੀ ਹੋਈ ਹੈ ਇਸ ਦੇ ਉਲਟ ਆਧੁਨਿਕ ਮਨੁੱਖ ਨੂੰ ਪ੍ਰਭੂ ਦਾ ਸੰਦੇਸ਼ ਸੁਨਣ ਲਈ ਵੀ ਸਮਾਂ ਨਹੀਂ ਮਿਲ ਰਿਹਾ ਹੈ। ਉਹ ਪਦਾਰਥਕ ਜਗਤ ਵਿਚ ਆਪਣੇ ਮੰਤਵ ਦੀ ਤਰਿਪਤੀ ਲਈ ਏਨਾ ਚਿੰਤਤ ਹੈ ਕਿ ਉਸ ਦੇ ਭਾੜੇ ਦੇ ਅਖੰਡ ਪਾਠ ਵੀ ਚੁੱਪ ਚੁਪੀਤੇ ਅਤੇ ਬਿਨਾ ਸੁਣੇ ਹੀ ਸਮਾਪਤ ਹੋਈ ਜਾ ਰਹੇ ਹਨ।




.