.

☬ ਮਲਾਰ ਕੀ ਵਾਰ ਮਹਲਾ ੧☬

(ਪੰ: ੧੨੭੮-੯੧)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੨੧)

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਪਉੜੀ ਨੰ: ੧੯ ਦਾ ਮੂਲ ਪਾਠ, ਸਲੋਕਾਂ ਸਮੇਤ)

(ਵਿਸ਼ੇਸ਼ ਨੋਟ-ਇਸ ਪਉੜੀ ਦੀ ਵਿਚਾਰ ਕੁੱਝ ਲੰਬੀ ਹੋਣ ਕਰਕੇ ਦੋ ਭਾਗਾਂ `ਚ ਦਿੱਤੀ ਜਾ ਰਹੀ ਹੈ।

ਇਸ ਲਈ ਇਸ ਨੂੰ ਕਿਸ਼ਤ ਨੰ: ੨੧ ਤੇ ਕਿਸ਼ਤ ਨੰ: ੨੨ ਦੋਨਾਂ ਕਿਸ਼ਤਾਂ `ਚ ਪੜ੍ਹਿਆ ਜਾਵੇ ਜੀ)

ਸਲੋਕ ਮਃ ੧॥ ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ॥ ਚੂਹਾ ਖਡ ਨ ਮਾਵਈ ਤਿਕਲਿ ਬੰਨੈੑ ਛਜ॥ ਦੇਨਿੑ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ॥ ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ॥ ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ॥ ਮੈ ਮਹਦੂਦੁ ਲਿਖਾਇਆ ਖਸਮੈ ਕੈ ਦਰਿ ਜਾਇ॥ ਦੁਨੀਆ ਕੇ ਦਰ ਕੇਤੜੇ ਕੇਤੇ ਆਵਹਿ ਜਾਂਹਿ॥ ਕੇਤੇ ਮੰਗਹਿ ਮੰਗਤੇ ਕੇਤੇ ਮੰਗਿ ਮੰਗਿ ਜਾਹਿ॥ ੧ 

ਮਃ ੧॥ ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ॥ ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ॥ ਅੰਧੀ ਫੂਕਿ ਮੁਈ ਦੇਵਾਨੀ॥ ਖਸਮਿ ਮਿਟੀ ਫਿਰਿ ਭਾਨੀ॥ ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ॥ ਖਸਮੈ ਭਾਵੈ ਓਹਾ ਚੰਗੀ ਜਿ ਕਰੇ ਖੁਦਾਇ ਖੁਦਾਇ॥

ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ॥ ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ਪਛੁਤਾਇ॥ ਅੰਧਾ ਕਿਸ ਨੋ ਬੁਕਿ ਸੁਣਾਵੈ॥ ਖਸਮੈ ਮੂਲਿ ਨ ਭਾਵੈ॥ ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ॥ ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ॥

ਨਾਨਕ ਦੁਨੀਆ ਚਾਰਿ ਦਿਹਾੜੇ ਸੁਖਿ ਕੀਤੈ ਦੁਖੁ ਹੋਈ॥ ਗਲਾ ਵਾਲੇ ਹੈਨਿ ਘਣੇਰੇ ਛਡਿ ਨ ਸਕੈ ਕੋਈ॥ ਮਖੀਂ ਮਿਠੈ ਮਰਣਾ॥ ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ॥ ੨ 

ਪਉੜੀ॥ ਅਗਮ ਅਗੋਚਰੁ ਤੂ ਧਣੀ ਸਚਾ ਅਲਖ ਅਪਾਰੁ॥ ਤੂ ਦਾਤਾ ਸਭਿ ਮੰਗਤੇ ਇਕੋ ਦੇਵਣਹਾਰੁ॥ ਜਿਨੀ ਸੇਵਿਆ ਤਿਨੀ ਸੁਖੁ ਪਾਇਆ ਗੁਰਮਤੀ ਵੀਚਾਰੁ॥ ਇਕਨਾ ਨੋ ਤੁਧੁ ਏਵੈ ਭਾਵਦਾ ਮਾਇਆ ਨਾਲਿ ਪਿਆਰੁ॥ ਗੁਰ ਕੈ ਸਬਦਿ ਸਲਾਹੀਐ ਅੰਤਰਿ ਪ੍ਰੇਮ ਪਿਆਰੁ॥ ਵਿਣੁ ਪ੍ਰੀਤੀ ਭਗਤਿ ਨ ਹੋਵਈ ਵਿਣੁ ਸਤਿਗੁਰ ਨ ਲਗੈ ਪਿਆਰੁ॥ ਤੂ ਪ੍ਰਭੁ ਸਭਿ ਤੁਧੁ ਸੇਵਦੇ ਇੱਕ ਢਾਢੀ ਕਰੇ ਪੁਕਾਰ॥ ਦੇਹਿ ਦਾਨੁ ਸੰਤੋਖੀਆ ਸਚਾ ਨਾਮੁ ਮਿਲੈ ਆਧਾਰੁ॥ ੧੯ 

(ਪਉੜੀ ੧੯, ਸਟੀਕ ਸਲੋਕਾਂ ਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕ ਮਃ ੧॥ ਕੁਲਹਾਂ ਦੇਂਦੇ ਬਾਵਲੇ, ਲੈਂਦੇ ਵਡੇ ਨਿਲਜ॥ ਚੂਹਾ ਖਡ ਨ ਮਾਵਈ, ਤਿਕਲਿ ਬੰਨੈੑ ਛਜ॥ ਦੇਨਿੑ ਦੁਆਈ ਸੇ ਮਰਹਿ, ਜਿਨ ਕਉ ਦੇਨਿ ਸਿ ਜਾਹਿ॥ ਨਾਨਕ ਹੁਕਮੁ ਨ ਜਾਪਈ, ਕਿਥੈ ਜਾਇ ਸਮਾਹਿ॥ ਫਸਲਿ ਅਹਾੜੀ ਏਕੁ ਨਾਮੁ, ਸਾਵਣੀ ਸਚੁ ਨਾਉ॥ ਮੈ ਮਹਦੂਦੁ ਲਿਖਾਇਆ, ਖਸਮੈ ਕੈ ਦਰਿ ਜਾਇ॥ ਦੁਨੀਆ ਕੇ ਦਰ ਕੇਤੜੇ, ਕੇਤੇ ਆਵਹਿ ਜਾਂਹਿ॥ ਕੇਤੇ ਮੰਗਹਿ ਮੰਗਤੇ, ਕੇਤੇ ਮੰਗਿ ਮੰਗਿ ਜਾਹਿ॥ ੧॥ (ਪੰ: ੧੨੮੬)

ਪਦ ਅਰਥ: — ਕੁਲਹਾਂ—ਟੋਪੀ, ਉਹ ਸੇਲੀ ਟੋਪੀ ਜੋ ਇੱਕ ਮੁਰਸ਼ਿਦ ਆਪਣੇ ਕਿਸੇ ਚੇਲੇ ਨੂੰ ਆਪਣੇ ਪਿੱਛੋਂ ਆਪਣੀ ਗੱਦੀ ਤੇ ਬਿਠਾਣ ਵੇਲੇ ਦਿੰਦਾ ਹੈ। ਬਾਵਲੇ —ਪਾਗ਼ਲ, ਝੱਲੇ, ਮੂਰਖ (ਬਾਵਲੇ ਇਸ ਲਈ ਜਿਨ੍ਹਾਂ ਅੰਦਰ ਕੋਈ ਰੱਬੀ ਗੁਣ ਨਹੀਂ ਤਾਂ ਵੀ ਧਾਰਮਿਕ ਆਗੂ ਤੇ ਗੁਰੂ ਬਣ ਬੈਠਦੇ ਹਨ)। ਨਿਲਜ—ਬੇਸ਼ਰਮ, ਜਿਨ੍ਹਾਂ ਨੂੰ ਲਾਜ ਨਹੀਂ। ਲੈਂਦੇ ਵਡੇ ਨਿਲਜ—ਜਿਨ੍ਹਾਂ ਨੂੰ ਕੋਈ ਲਾਜ ਨਹੀਂ ਕਿ ਉਹ ਇਸ ਦੇ ਯੋਗ ਹੈਣ ਵੀ ਜਾਂ ਨਹੀਂ। ਨ ਮਾਵਈ—ਸਮਾ ਨਹੀਂ ਸਕਦਾ, ਨ ਮਾਵਏ, ਨ ਮਾਵੈ, ਜਿਵੇਂ ਕਿ ਉਹ ਖੁੱਡ ਉਸ ਚੂਹੇ ਦੇ ਆਪਣੇ ਰਹਿਣ ਲਈ ਵੀ ਛੋਟੀ ਹੋਵੇ ਤਾਂ ਵੀ …। ਤਿਕਲਿ—ਲੱਕ ਨਾਲ। ਦੁਆਈ—ਅਸੀਸਾਂ। ਮਰਹਿ—ਦੁਰਲਭ ਮਨੁੱਖਾ ਜਨਮ ਬਿਰਥਾ ਕਰਕੇ ਜਾਂਦੇ ਤੇ ਮੁੜ ਜੂਨਾਂ ਦੇ ਗੇੜ `ਚ ਪੈਂਦੇ ਹਨ, ਅਜਿਹੇ ਲੋਕ ਆਪਣਾ ਇਹ ਲੋਕ ਵੀ ਗੁਆਂਦੇ ਹਨ ਤੇ ਪ੍ਰਲੋਕ ਵੀ ਖ਼ਰਾਬ ਕਰਦੇ ਹਨ।

ਦੇਨਿੑ—ਦਿੰਦੇ ਹਨ। ਸਿ—ਸੇ, ਉਹ ਲੋਕ ਵੀ। ਸੇ ਮਰਹਿ—ਆਪ ਤਾਂ ਡੁੱਬਦੇ ਹੀ ਹਨ। ਜਾਹਿ— ਜਾਏ, ਜਾਂਦਾ ਹੈ, ਬਿਰਥਾ ਚਲਾ ਜਾਂਦਾ ਹੈ। ਜਿਨ ਕਉ ਦੇਨਿ ਸਿ ਜਾਹਿ—ਜਿਨ੍ਹਾਂ ਨੂੰ ਇਹ ਬਾਵਲੇ (ਪਾਖੰਡੀ, ਮੁਰਸ਼ਿਦ) ਦੁਆਂਵਾਂ ਦਿੰਦੇ ਹਨ ਆਪਣੇ ਨਾਲ ਉਨ੍ਹਾਂ ਦਾ ਜਨਮ ਵੀ ਬਿਰਥਾ ਕਰਦੇ ਹਨ, ਇਹ ਲੋਕ ਉਨ੍ਹਾਂ ਦਾ ਵੀ ਇਹ ਲੋਕ ਤੇ ਪ੍ਰਲੋਕ ਦੋਵੇਂ ਖ਼ਰਾਬ ਕਰ ਦਿੰਦੇ ਹਨ। ਸਮਾਹਿ—ਪੈਂਦੇ ਹਨ। ਨ ਜਾਪਈ—ਨ ਜਾਪਏ, ਨ ਜਾਪੇ; ਸਮਝਿਆ ਨਹੀਂ ਜਾ ਸਕਦਾ। ਹੁਕਮੁ ਨ ਜਾਪਈ, ਕਿਥੈ ਜਾਇ ਸਮਾਹਿ— ਅਕਾਲਪੁਰਖ ਹੀ ਜਾਣਦਾ ਹੈ ਕਿ ਅਜਿਹੇ ਲੋਕ ਮੌਤ ਤੋਂ ਬਾਅਦ (ਜਦੋਂ ਪ੍ਰਭੂ ਦੇ ਦਰ ਤੇ ਕਬੂਲ ਨਹੀਂ ਹੁੰਦੇ ਤਾਂ) ਉਸਦੇ ਹੁਕਮ ਅਥਵਾ ਸੱਚ ਨਿਆਂ `ਚ ਕਿੱਥੇ ਪਹੁੰਚਾਏ ਤੇ ਭੇਜੇ ਜਾਂਦੇ ਹਨ। ਮਹਦੂਦੁ—ਹੱਦ `ਚ ਲਿਆਂਦੀ ਹੋਈ ਚੀਜ਼, ਮੰਨਿਆ-ਪ੍ਰਮੰਨਿਆ ਪਰਵਾਨਾ, ਦਸਤਾਵੇਜ਼ ਜਿਸ ਨੂੰ ਚੁਣੌਤੀ ਨਾ ਦਿੱਤੀ ਜਾ ਸਕਦੀ ਹੋਵੇ। ਦਰ—ਪੀਰਾਂ ਮੁਰਸ਼ਿਦਾਂ ਦੇ ਦਰਵਾਜ਼ੇ। ਖਸਮੈ ਕੈ ਦਰਿ—ਅਕਾਲਪੁਰਖ ਦੇ ਦਰ `ਤੇ।

ਅਰਥ: — ਕੁਲਹਾਂ ਦੇਂਦੇ ਬਾਵਲੇ, ਲੈਂਦੇ ਵਡੇ ਨਿਲਜ” -ਉਹ ਲੋਕ ਮੂਰਖ ਤੇ ਕਮਲੇ ਹਨ ਜਿਹੜੇ ਕੇਵਲ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਹੀ ਆਪਣੇ ਚੇਲਿਆਂ ਨੂੰ ਸੇਲੀ ਟੋਪੀ ਦੇ ਕੇ ਆਪਣੇ ਥਾਂ ਗੱਦੀ ਦਿੰਦੇ ਹਨ। ਇਸ ਤਰ੍ਹਾਂ ਉਸ ਸੇਲੀ-ਟੋਪੀ ਨੂੰ ਲੈਣ ਵਾਲੇ ਵੀ ਵੱਡੇ ਬੇਸ਼ਰਮ ਹੁੰਦੇ ਹਨ (ਜਿਹੜੇ ਕੇਵਲ ਉਸ ਸੇਲੀ-ਟੋਪੀ ਤੋਂ ਹੀ ਆਪਣੇ ਆਪ ਨੂੰ ਕਿਸੇ ਸਮ੍ਰਥਾ ਦਾ ਮਾਲਿਕ ਮੰਨ ਲੈਂਦੇ ਹਨ)।

ਚੂਹਾ ਖਡ ਨ ਮਾਵਈ, ਤਿਕਲਿ ਬੰਨੈੑ ਛਜ” - (ਇਨ੍ਹਾਂ ਸੇਲੀ ਟੋਪੀ ਲੈਣ ਵਾਲਿਆਂ ਦੀ ਆਪਣੀ ਹਾਲਤ ਇਉਂ ਹੁੰਦੀ ਹੈ ਜਿਵੇਂ ਕੋਈ) ਚੂਹਾ ਜਿਹੜਾ ਆਪ ਤਾਂ ਆਪਣੀ ਖੁੱਡ `ਚ ਸਮਾ ਨਹੀਂ ਸਕਦਾ, ਫ਼ਿਰ ਖੁੱਡ `ਚ ਵੜਣ ਤੋਂ ਪਹਿਲਾਂ ਆਪਣੇ ਲੱਕ ਨਾਲ ਛੱਜ ਵੀ ਬੰਨ੍ਹ ਲਵੇ।

ਭਾਵ ਜਿਨ੍ਹਾਂ ਚੇਲਿਆਂ ਦੇ ਆਪਣੇ ਜੀਵਨ `ਚ ਵੀ ਕੋਈ ਇਲਾਹੀ ਗੁਣ ਨਹੀਂ ਸਨ, ਫ਼ਿਰ ਉਹ ਅਜਿਹੇ ਬਾਵਲੇ ਪਾਖੰਡੀ ਗੱਦੀਦਾਰਾਂ ਪਾਸੋਂ ਹੋਰ ਵੱਡੀ ਜ਼ਿਮੇਵਾਰੀ ਵੀ ਸੰਭਾਲ ਲੈਂਦੇ ਹਨ।

ਦੇਨਿੑ ਦੁਆਈ ਸੇ ਮਰਹਿ, ਜਿਨ ਕਉ ਦੇਨਿ ਸਿ ਜਾਹਿ” (ਇਹੋ ਜਿਹੀਆਂ ਗੱਦੀਆਂ ਦੇ ਮਾਲਿਕ ਗੁਣ ਹੀਣੇ ਮੂਰਖ ਬਾਵਲੇ) ਹੋਰਨਾਂ ਨੂੰ ਅਸੀਸਾਂ ਦਿੰਦੇ ਹਨ, ਇਸ ਤਰ੍ਹਾਂ ਉਹ ਆਪ ਤਾਂ ਡੁੱਬਦੇ ਹੀ ਹਨ ਨਾਲ ਉਨ੍ਹਾਂ ਭਾਵ ਜਿਨ੍ਹਾਂ ਨੂੰ ਅਸੀਸਾਂ ਦਿੰਦੇ ਹਨ, ੳੇੁਨ੍ਹਾਂ ਨੂੰ ਵੀ ਡੁਬੋਉਂਦੇ ਹਨ।

ਭਾਵ ਅਜਿਹੇ ਮੂਰਖ ਬਾਵਲੇ ਧਾਰਮਿਕ ਆਗੂ, ਆਪਣਾ ਲੋਕ-ਪ੍ਰਲੋਕ ਤਾਂ ਗੁਆਉਂਦੇ ਹੀ ਹਨ, ਫ਼ਿਰ ਜਿਹੜੇ ਉਨ੍ਹਾ ਦੇ ਸੇਵਕ ਸ਼੍ਰਧਾਲੂ ਬਣਦੇ ਹਨ, ਉਨ੍ਹਾਂ ਦਾ ਵੀ ਲੋਕ-ਪ੍ਰਲੋਕ ਦੋਵੇਂ ਖ਼ਰਾਬ ਕਰਦੇ ਹਨ।

ਨਾਨਕ ਹੁਕਮੁ ਨ ਜਾਪਈ, ਕਿਥੈ ਜਾਇ ਸਮਾਹਿ” -ਇਸ `ਤੇ ਗੁਰੂ ਨਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਤਾਂ ਤੇ ਅਕਾਲਪੁਰਖ ਹੀ ਜਾਣਦਾ ਹੈ ਕਿ ਕਰਤੇ ਦੇ ਨਿਆਂ (ਹੁਕਮ) `ਚ ਅਜਿਹੇ ਲੋਕ (ਜਦੋਂ ਪ੍ਰਭੂ ਦੇ ਦਰ `ਤੇ ਕਬੂਲ਼ ਨਹੀਂ ਹੁੰਦੇ ਤਾਂ) ਮੌਤ ਤੋਂ ਬਾਅਦ ਕਿੱਥੇ ਭੇਜੇ ਜਾਂਦੇ ਤੇ ਉਨ੍ਹਾਂ ਦਾ ਹਸ਼ਰ ਕੀ ਹੁੰਦਾ ਹੈ।

(ਮਰਹਿ ਤੋਂ ਸਪਸ਼ਟ ਹੈ ਕਿ ਅਜਿਹੇ ਪਖੰਡੀ ਤੇ ਉਨ੍ਹਾਂ ਦੇ ਸ਼੍ਰਧਾਲੂ, ਪ੍ਰਭੂ `ਚ ਅਭੇਦ ਨਹੀਂ ਹੁੰਦੇ, ਪ੍ਰਭੂ `ਚ ਇੱਕ ਮਿਕ ਨਹੀਂ ਹੁੰਦੇ। ਉਹ ਮੁੜ ਜਨਮਾਂ-ਗਰਭਾਂ ਦੇ ਗੇੜ `ਚ ਹੀ ਪਾਏ ਜਾਂਦੇ ਹਨ। ਪਰ ਉਹ ਕਦੋਂ ਤੇ ਕਿਹੜੀਆਂ-ਕਿਹੜੀਆਂ ਜੂਨਾਂ `ਚ ਭੇਜੇ ਜਾਂਦੇ ਹਨ ਇਹ ਵੀ ਕਰਤਾ ਆਪ ਹੀ ਜਾਣਦਾ ਹੈ)।

ਫਸਲਿ ਅਹਾੜੀ ਏਕੁ ਨਾਮੁ, ਸਾਵਣੀ ਸਚੁ ਨਾਉ” -ਗੁਰਦੇਵ ਫ਼ੁਰਮਾਉਂਦੇ ਹਨ ਤਾਂ ਤੇ ‘ਨਾਮ’ ਹੀ ਮੇਰੇ ਲਈ ਹਾੜੀ ਦੀ ਫ਼ਸਲ ਹੈ ਤੇ ਪ੍ਰਭੂ ਦੀ ਸਿਫ਼ਤ ਸਲਾਹ ਹੀ ਮੇਰੇ ਲਈ ਸਾਉਣੀ ਦੀ ਫ਼ਸਲ ਹੈ; ਭਾਵ, ਪ੍ਰਭੂ ਦੀ ਸਿਫ਼ਤ ਸਲਾਹ ਹੀ ਮੇਰੇ ਜੀਵਨ-ਸਫ਼ਰ ਲਈ ਇਕੋ ਇੱਕ ਰਾਸ ਪੂੰਜੀ ਹੈ।

ਮੈ ਮਹਦੂਦੁ ਲਿਖਾਇਆ, ਖਸਮੈ ਕੈ ਦਰਿ ਜਾਇ” - ਗੁਰਦੇਵ ਫ਼ੁਰਮਾਉਂਦੇ ਹਨ ਮੈਂ ਤਾਂ ਮਾਨੋ ਇੱਕ ਐਸਾ ਪਟਾ ਲਿਖਾਇਆ ਹੋਇਆ ਹੈ ਜਿਹੜਾ ਸਿਧਾ ਖਸਮ-ਪ੍ਰਭੂ ਦੀ ਹਜ਼ੂਰੀ `ਚ ਜਾ ਅੱਪੜਾਂਦਾ ਹੈ।

ਭਾਵ ਇਸ ਪੱਖੋਂ ਮੇਰੇ ਲਈ ਨਾ ਹਾੜੀ ਦਾ ਮੌਸਮ ਹੋਰ ਹੈ ਤੇ ਨਾ ਸਾਵਨ ਦਾ, ਮੈਂ ਤਾਂ ਬਾਰ੍ਹਾਂ ਮਹੀਨੇ ਅਕਾਲਪੁਰਖ ਦੀ ਸਿਫ਼ਤ ਸਲਾਹ ਦੇ ਰੰਗ `ਚ ਹੀ ਰੰਗਿਆ ਰਹਿੰਦਾ ਹੈ। ਇਹੀ ਮੇਰੇ ਲਈ ਅਜਿਹੀ ਉੱਤਮ ਪੂੰਜੀ ਹੈ ਜਿੱਥੇ ਸੰਸਾਰਕ ਵਾਧੇ ਘਾਟੇ ਆਪਣਾ ਚੰਗਾ ਤੇ ਮਾੜਾ ਪ੍ਰਭਾਵ ਨਹੀਂ ਪਾ ਸਕਦੇ।

ਦੁਨੀਆ ਕੇ ਦਰ ਕੇਤੜੇ, ਕੇਤੇ ਆਵਹਿ ਜਾਂਹਿ” - (ਗੁਰਦੇਵ ਇਸ ਬਾਰੇ ਹੋਰ ਫ਼ੁਰਮਾਉਂਦੇ ਹਨ) ਬੇਸ਼ੱਕ ਦੁਨੀਆ `ਚ ਅਜਿਹੇ ਮੁਰਸ਼ਿਦਾਂ ਗਦੀਦਾਰਾਂ ਆਦਿ ਦੇ ਅੱਡੇ ਵੀ ਬਹੁਤੇਰੇ ਹਨ, ਜਿਹੜੇ ਸੰਸਾਰ `ਚ ਆਉਂਦੇ ਵੀ ਹਨ ਤੇ ਵਾਪਿਸ ਵੀ ਉਸੇ ਤਰ੍ਹਾਂ ਖਾਲੀ ਹੱਥ ਹੀ ਚਲੇ ਜਾਂਦੇ ਹਨ। ਭਾਵ ਇਨ੍ਹਾਂ ਦਾ ਬਨਣਾ ਤੇ ਮੁੱਕਦੇ ਰਹਿਣਾ ਵੀ ਸਦਾ ਚਲਦਾ ਰਹਿੰਦਾ ਹੈ।

ਕੇਤੇ ਮੰਗਹਿ ਮੰਗਤੇ, ਕੇਤੇ ਮੰਗਿ ਮੰਗਿ ਜਾਹਿ” - ਇਸ ਤਰ੍ਹਾਂ ਕਈ ਮੰਗਤੇ ਇਨ੍ਹਾਂ ਪਾਸੋਂ ਮੰਗਦੇ ਰਹਿੰਦੇ ਹਨ ਤੇ ਕਈ ਮੰਗਦੇ ਮੰਗਦੇ ਸੰਸਾਰ ਤੋਂ ਕੂਚ ਕਰ ਜਾਂਦੇ ਹਨ (ਪਰ ਪ੍ਰਭੂ ਦਾ ‘ਨਾਮ’ -ਰੂਪ ਪਟਾ ਇਨ੍ਹਾਂ ਮੂਰਖਾਂ ਤੇ ਬਾਵਲਿਆਂ ਪਾਸੋਂ ਕਿਸੇ ਨੂੰ ਨਹੀਂ ਮਿਲਦਾ)। ੧।

ਗੁਰਮੱਤ ਵਿਚਾਰ ਦਰਸ਼ਨ- (ੳ) “ਕੁਲਹਾਂ ਦੇਂਦੇ ਬਾਵਲੇ” - ਇਥੇ ਸਲੋਕ `ਚ ਗੁਰਦੇਵ ਰਾਹੀਂ ਵਰਤਿਆ ਲਫ਼ਜ਼ ‘ਬਾਵਲੇ’ ਖਾਸ ਧਿਆਨ ਮੰਗਦਾ ਹੈ। ਸਪਸ਼ਟ ਹੈ ਕਿ ਇਸ ਲਫ਼ਜ਼ ਰਾਹੀਂ ਗੁਰਦੇਵ ਦਰਸਾ ਰਹੇ ਹਨ ਕਿ ਅਜਿਹੇ ਲੋਕ ਜਿਨ੍ਹਾਂ ਦੇ ਆਪਣੇ ਜੀਵਨ ਅੰਦਰ ਨਾ ਤਾਂ ਕੋਈ ਰੱਬੀ ਗੁਣ ਹੁੰਦੇ ਹਨ ਤੇ ਨਾ ਉੱਚਾ-ਸੁੱਚਾ ਆਦਰਸ਼ਕ ਜੀਵਨ। ਇਹ ਅਧੂਰੇ ਲੋਕ ਫ਼ਿਰ ਵੀ ਆਪਣੇ ਆਪ `ਚ ਧਾਰਮਿਕ ਆਗੂ ਬਣ ਕੇ, ਗੱਦੀਆਂ ਲਗਾ ਕੇ ਤੇ ਗੱਦੀਦਾਰ ਆਦਿ ਬਣ ਕੇ ਬੈਠ ਜਾਂਦੇ ਹਨ। ਇਸ ਲਈ ਅਜਿਹੇ ਲੋਕਾਂ ਨੂੰ ਸ਼ੂਝਵਾਨ-ਗੁਰਮੁਖ ਅਦਿ ਨਹੀਂ ਬਲਕਿ ਬਾਵਲੇ ਤੇ ਮੂਰਖ ਹੀ ਕਹਿਣਾ ਬਣਦਾ ਹੈ।

(ਅ) ਦੇਨਿੑ ਦੁਆਈ ਸੇ ਮਰਹਿ, ਜਿਨ ਕਉ ਦੇਨਿ ਸਿ ਜਾਹਿ” ਇਸ ਤਰ੍ਹਾਂ ਅਜਿਹਾ ਹਸ਼ਰ ਕੇਵਲ ਉਨ੍ਹਾਂ ਮੂਰਖ ਗੱਦੀਦਾਰਾਂ ਦਾ ਹੀ ਨਹੀਂ ਹੁੰਦਾ ਬਲਕਿ ਉਨ੍ਹਾਂ ਤੋਂ ਅਸੀਸਾਂ ਲੈਣ ਵਾਲਿਆਂ ਦਾ ਵੀ ਹੁੰਦਾ ਹੈ। ਉਹ ਆਪ ਵੀ ਡੁਬਦੇ ਹਨ ਤੇ ਆਪਣੇ ਚੇਲਿਆਂ ਨੂੰ ਡੁਬੋਉਂਦੇ ਹਨ। ਉਸੇ ਲਈ ਗੁਰਦੇਵ ਨੇ ਇਥੇ ਸ਼ਬਦਾਵਲੀ ਵਰਤੀ ਹੈ ਦੇਨਿੑ ਦੁਆਈ ਸੇ ਮਰਹਿ, ਜਿਨ ਕਉ ਦੇਨਿ ਸਿ ਜਾਹਿ” ; ਜਿਸਦੇ ਅਰਥ ਹਨ ਗੱਦੀਦਾਰਾਂ ਅਤੇ ਉਨ੍ਹਾਂ ਦੇ ਸ਼੍ਰਧਾਲੂ, ਦੋਨਾਂ ਦੇ ਜਨਮਾਂ ਦਾ ਬਿਰਥਾ ਹੋ ਜਾਣਾ

ਇਹ ਵੀ ਕਿ ਗੁਰਬਾਣੀ ਅਨੁਸਾਰ ਬਿਰਥਾ ਤੇ ਅਸਫ਼ਲ ਜਨਮ ਦਾ ਮਤਲਬ ਹੀ ਕਰਤੇ `ਚ ਅਭੇਦ ਨਾ ਹੋਣਾ ਹੈ। ਪ੍ਰਭੂ ਦੇ ਦਰ ਤੋਂ ਧੱਕੇ ਜਾਣਾ ਤੇ ਮੁੜ ਜਨਮਾਂ-ਜੂਨਾਂ ਦੇ ਗੇੜ `ਚ ਪੈਣਾ ਹੁੰਦਾ ਹੈ। ਇਸਤਰ੍ਹਾਂ, ਸਪਸ਼ਟ ਕੀਤਾ ਹੈ ਕਿ ਨਿਰਾ ਸੇਲੀ-ਟੋਪੀ ਦੇਣ ਜਾਂ ਅਸੀਸਾਂ ਆਦਿ ਦੇਣ ਨਾਲ ਪ੍ਰਭੂ ਦੇ ਦਰ `ਤੇ ਕਬੂਲ ਨਹੀਂ ਹੋਈਦਾ, ਉਥੇ ਤਾਂ “ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ” ਵਾਲਾ ਵਿਸ਼ਾ ਹੀ ਲਾਗੂ ਹੁੰਦਾ ਹੈ। ਉਪ੍ਰੰਤ ਇਸੇ ਲਈ ਇਥੇ ਸਲੋਕ `ਚ ਸ਼ਬਦਾਵਲੀ ਆਈ ਹੈ “ਨਾਨਕ ਹੁਕਮੁ ਨ ਜਾਪਈ, ਕਿਥੈ ਜਾਇ ਸਮਾਹਿ” ਭਾਵ ਅਜਿਹੇ ਲੋਕ ਪ੍ਰਭੂ `ਚ ਤਾਂ ਅਭੇਦ ਨਹੀਂ ਹੁੰਦੇ, ਤਾਂ ਤੇ ਉਨ੍ਹਾਂ ਨੂੰ ਪ੍ਰਭੂ ਦੇ ਹੁਕਮ `ਚ ਕਿੱਥੇ, ਕਦੋਂ ਤੇ ਕਿਹੜੀਆਂ ਕਿਹੜੀਆਂ ਜੂਨਾਂ `ਚ ਭੇਜਿਆ ਜਾਂਦਾ ਹੈ ਇਹ ਵੀ ਕਾਵਲ ਪ੍ਰਭੂ ਹੀ ਜਾਣਦਾ ਹੈ।

(ੲ) ਫਸਲਿ ਅਹਾੜੀ ਏਕੁ ਨਾਮੁ, ਸਾਵਣੀ ਸਚੁ ਨਾਉ” - ਕੁਦਰਤੀ ਨਿਯਮ `ਚ ਸਾਵਣ ਤੇ ਹਾੜ ਮਹੀਨੇ ਦੇ ਮੌਸਮ ਵੀ ਵੱਖ ਵੱਖ ਤੇ ਵਿਰੋਧੀ ਹੁੰਦੇ ਹਨ। ਇਸ ਤਰ੍ਹਾਂ ਉਨ੍ਹਾਂ ਮਹੀਨਿਆਂ ਦੌਰਾਨ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਵੀ ਭਿੰਨ ਭਿੰਨ ਤੇ ਬਦਲਵੀਆਂ ਹੁੰਦੀਆਂ ਹਨ। ਇਸ ਤਰ੍ਹਾਂ ਲੁਟੇਰੇ, ਠੱਗ ਤੇ ਪਾਖੰਡੀ ਕਿਸਮ ਦੇ ਡੇਰੇਦਾਰ ਜਿਨ੍ਹਾਂ ਵਾਸਤੇ ਸਲੋਕ `ਚ ਸ਼ਬਦਾਵਲੀ ਕੁਲਹਾਂ ਦੇਂਦੇ ਬਾਵਲੇ” ਭਾਵ ਉਚੇਚੇ ‘ਬਾਵਲੇ’ ਆਈ ਹੈ; ਇਨ੍ਹਾਂ ਬਦਲਵੇਂ ਮੌਸਮਾਂ ਸਮੇਂ ਆਪਣੇ ਆਪਣੇ ਸੇਵਕਾਂ ਤੇ ਸ਼੍ਰਧਾਲੂਆਂ ਪਾਸੋਂ ਕਾਰ ਭੇਟਾ ਆਦਿ ਦੇ ਨਾਮ ਤੇ ਬਹੁਤ ਕੁੱਝ ਧੰਨ, ਪਦਾਰਥ ਤੇ ਫ਼ਸਲ ਆਦਿ ਉਗਰਾਉਂਦੇ ਤੇ ਇਕੱਠੀ ਕਰਦੇ ਹਨ। ਇਸ ਸਾਰੇ ਦੇ ਉਲਟ, ਗੁਰਦੇਵ ਵਿਸ਼ੇ ਨੂੰ ਆਪਣੇ `ਤੇ ਘਟਾ ਕੇ ਫ਼ੁਰਮਾਉਂਦੇ ਹਨ, ਉਸਦੇ ਉਲਟ, ਹਾੜ ਹੋਵੇ ਜਾਂ ਸਾਵਣ, ਗੁਰਮੁਖਾਂ ਤੇ ਸਤਸੰਗੀਆਂ ਨੂੰ ਬਾਰ੍ਹਾ ਮਹੀਨੇ ਤੇ ਸੁਆਸ ਸੁਆਸ ਕੇਵਲ ਪ੍ਰਭੂ ਦੀ ਸਿਫ਼ਤ ਸਲਾਹ ਦੀ ਭੁਖ ਹੀ ਹੁੰਦੀ ਹੈ। ਮੌਸਮ ਚਾਹੇ ਕੋਈ ਹੋਵੇ, ਆਤਮਕ ਪੱਖੌਂ ਉਨ੍ਹਾਂ ਦੇ ਜੀਵਨ `ਤੇ ਆਪਣਾ ਅੱਡ ਅੱਡ ਪ੍ਰਭਾਵ ਨਹੀਂ ਪਾ ਸਕਦੇ। ਇਸ ਤਰ੍ਹਾਂ ਸੰਸਾਰਕ ਉਤਾਰਾਂ-ਝੜਾਵਾਂ ਕਾਰਣ ਉਨ੍ਹਾਂ ਦੀ ਆਤਮਕ ਅਡੋਲਤਾ ਅਤੇ ਸਹਿਜ ਅਵਸਥਾ `ਚ ਉੱਕਾ ਫ਼ਰਕ ਨਹੀਂ ਆਉਂਦਾ।

(ਸ) “ਦੁਨੀਆ ਕੇ ਦਰ ਕੇਤੜੇ” -ਸਲੋਕ `ਚ ਗੁਰਦੇਵ ਨੇ ਕੁਲਹਾਂ ਦੇਂਦੇ ਬਾਵਲੇ” ਤੋਂ ਜਿਸ ਵਿਸ਼ੇ ਦਾ ਅਰੰਭ ਕੀਤਾ ਹੈ, ਗਹਿਰਾਈ `ਚ ਜਾਵੀਏ ਤਾਂ ਅੰਤਮ ਪੰਕਤੀਆਂ “ਦੁਨੀਆ ਕੇ ਦਰ ਕੇਤੜੇ, ਕੇਤੇ ਆਵਹਿ ਜਾਂਹਿ॥ ਕੇਤੇ ਮੰਗਹਿ ਮੰਗਤੇ, ਕੇਤੇ ਮੰਗਿ ਮੰਗਿ ਜਾਹਿ” `ਚ ਉਸੇ ਵਿਸ਼ੇ ਦੀ ਸਮਾਪਤੀ ਕੀਤੀ ਹੈ। ਗੁਰਦੇਵ ਫ਼ੁਰਮਾਅ ਰਹੇ ਹਨ, ਅਜਿਹੇ ਬਾਵਲੇ ਮੂਰਖ, ਪਾਖੰਡੀ, ਗੱਦੀਦਾਰ, ਗੁਰੂ ਪੀਰ ਤੇ ਮੁਰਸ਼ਦ ਆਦਿ ਸੰਸਾਰ `ਚ ਸਦਾ ਤੋਂ ਪੈਦਾ ਹੁੰਦੇ ਤੇ ਮਰਦੇ ਆਏ ਹਨ। ਇਹੀ ਹਾਲਤ ਦੇਨਿੑ ਦੁਆਈ ਸੇ ਮਰਹਿ, ਜਿਨ ਕਉ ਦੇਨਿ ਸਿ ਜਾਹਿ” ਉਨ੍ਹਾਂ ਦੇ ਦਰ `ਤੇ ਸੇਵਕਾਂ ਦੀ ਵੀ ਹੁੰਦੀ ਹੈ। ਇਸ ਤਰ੍ਹਾਂ ਇਹ ਦੋਵੇਂ ਧਿਰਾਂ ਜਨਮਾਂ-ਜੂਨਾਂ ਤੇ ਆਵਗਉਣ ਦੇ ਗੇੜਾਂ `ਚ ਹੀ ਪਈਆਂ ਰਹਿੰਦੀਆਂ ਹਨ, ਪ੍ਰਭੂ `ਚ ਅਭੇਦ ਨਹੀਂ ਹੁੰਦੀਆਂ। ਜਦਕਿ:-

ਮੈ ਮਹਦੂਦੁ ਲਿਖਾਇਆ, ਖਸਮੈ ਕੈ ਦਰਿ ਜਾਇ” ਅਨੁਸਾਰ ਗੁਰਦੇਵ ਆਪਣੇ `ਤੇ ਘਟਾ ਕੇ ਫ਼ੁਰਮਾਉਂਦੇ ਹਨ ਜਿਹੜੇ ਸ਼ਬਦ ਗੁਰੂ ਦੀ ਕਮਾਈ ਕਰਦੇ ਹਨ ਉਹ ਆਤਮਕ ਤੌਰ `ਤੇ ਸਦਾ ਲਈ ਪ੍ਰਭੂ `ਚ ਅਭੇਦ ਹੋ ਜਾਂਦੇ ਹਨ। ਉਹ ਮੁੜ ਜਨਮਾਂ ਦੇ ਗੇੜ `ਚ ਨਹੀਂ ਪੈਂਦੇ, ਸਦਾ ਲਈ ਪ੍ਰਭੂ `ਚ ਹੀ ਸਮਾ ਜਾਂਦੇ। ਫਸਲਿ ਅਹਾੜੀ ਏਕੁ ਨਾਮੁ, ਸਾਵਣੀ ਸਚੁ ਨਾਉ” ਅਨੁਸਾਰ ਸੰਸਾਰਕ ਵਾਧੇ-ਘਾਟੇ ਤੇ ਸੰਸਾਰਕ ਉਤਾਰ-ਚੜ੍ਹਾਵ ਵੀ ਉਨ੍ਹਾਂ ਦੇ ਆਤਮਕ ਜੀਵਨ `ਤੇ ਆਪਣਾ ਚੰਗਾ ਤੇ ਮਾੜਾ ਭਾਵ ਵੱਖ ਵੱਖ ਅਸਰ ਨਹੀਂ ਪਾ ਸਕਦੇ।

(ਹ) ਕੁੱਝ ਸੇਲੀ ਟੋਪੀ ਬਾਰੇ- (੧) ਪ੍ਰੌ: ਸਾਹਿਬ ਸਿੰਘ ਜੀ ਅਨੁਸਾਰ ਇਸ ਸਲੋਕ ਦੇ ਹੁੰਦਿਆਂ ਗੁਰੂ-ਘਰ `ਚ ਪ੍ਰਚਲਤ ‘ਸੇਲੀ-ਟੋਪੀ’ ਦੇ ਰਿਵਾਜ ਨੂੰ ਮੰਨ ਲੈਣਾ ਜਾਂ ਦੱਸਣਾ ਨਿਰੀ ਬਣੌਟ ਹੈ।

(੨) ਭਾਈ ਕਾਹਨ ਸਿੰਘ ਨਾਭਾ ਅਨੁਸਾਰ ਸੇਲੀ ਟੋਪੀ “ਰੇਸ਼ਮ ਦੀ ਗੁੰਦਵੀ ਰੱਸੀ ਹੁੰਦੀ ਸੀ, ਜਿਸ ਨੂੰ ਫ਼ਕੀਰ ਆਪਣੇ ਸਾਫ਼ੇ, ਟੋਪੀ ਤੇ ਬਣਦੇ ਜਾਂ ਗਲ `ਚ ਪਾਉਂਦੇ ਸਨ। ਪੰਜਵੇਂ ਜਾਮੇਂ ਤੱਕ ਗੁਰੂ ਸਾਹਿਬ ਵੀ ਇਸ ਨੂੰ ਆਪਣੀਆਂ ਦੱਸਤਾਰਾਂ `ਤੇ ਸਜਾਉਂਦੇ ਰਹੇ”। ਛੇਵੇਂ ਜਾਮੇ ਸਮੇਂ ਗੁਰੂ ਸਾਹਿਬ ਨੇ ਜਦੋਂ ਸ਼ਸਤ੍ਰ ਧਾਰਨ ਕਰ ਲਏ, ਜਿਗ੍ਹਾ ਕਲਗ਼ੀ ਸਜਾ ਲਈ, ਘੁੜਸਵਾਰੀ ਤੇ ਸ਼ਾਹੀ ਠਾਠ ਵੀ ਸਿੱਖ ਧਰਮ ਦਾ ਅੰਗ ਬਣਾ ਦਿੱਤੇ। ਪੰਥ ਨੂੰ ਫ਼ੌਜਾਂ, ਘੁੜਸਵਾਰੀ, ਸ਼ਿਕਾਰ ਆਦਿ ਵਾਲੇ ਪਾਸੇ ਮੋੜ ਦਿੱਤਾ ਤਾਂ ਇਸ ਸੇਲੀ ਟੋਪੀ ਭਾਵ ਦਸਤਾਰ `ਤੇ ਬਨੰਣ ਵਾਲੀ ਗੁੰਦਵੀ ਰਸੀ ਵਰਗੇ ਫ਼ਕੀਰੀ ਬਾਣੇ ਦਾ ਵੀ ਤਿਆਗ ਕਰ ਦਿੱਤਾ। ਉਪ੍ਰੰਤ ਦਸਮੇਸ਼ ਜੀ ਤੱਕ ਇਸ ਨੂੰ ਬੰਨਣ ਦੀ ਕਦੇ ਵੀ ਸੂਚਨਾ ਨਹੀਂ। ਇਸ ਤਰ੍ਹਾਂ ਇਸ ਨੂੰ ਆਮ ਟੋਪੀ ਮੰਣ ਲੈਣਾ ਵੀ ਵੱਡੀ ਭੁੱਲ ਹੈ।

ਸਪਸ਼ਟ ਹੈ, ਭਾਈ ਕਾਹਨ ਸਿੰਘ ਨਾਭਾ ਅਨੁਸਾਰ ਵੀ ਗੁਰੂ ਘਰ `ਚ ਕੁਲਹਾਂ ਦੇਂਦੇ ਬਾਵਲੇ, ਲੈਂਦੇ ਵਡੇ ਨਿਲਜ” ਭਾਵ ਇਹ ਪੁਰਾਤਨ ਸੇਲੀ ਟੋਪੀ ਨਹੀਂ ਸੀ ਹੁੰਦੀ ਜਿਹੜੀ ਇੱਕ ਮੁਰਸ਼ਿਦ ਆਪਣੇ ਚੇਲੇ ਨੂੰ ਆਪਣੀ ਗੱਦੀ ਤੇ ਬਿਠਾਣ ਵੇਲੇ ਆਪਣੀ ਮਸ਼ਹੂਰੀ ਦੇ ਵਿਚਾਰ ਨਾਲ ਬਖ਼ਸ਼ ਦਿੰਦਾ ਹੈ। ਇਸ ਤੋਂ ਬਾਅਦ ਜੇ ਅੱਜ ਵੀ ਸਾਡੇ ਕੁੱਝ ਪ੍ਰਚਾਰਕ ਪੰਥਕ ਸਟੇਜਾਂ ਤੋਂ ਅਜਿਹਾ ਪ੍ਰਚਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਪਾਸਿਓਂ ਸੰਭਲਣ ਦੀ ਲੋੜ ਹੈ।

(ਚਲਦਾ) #Instt. 21.19 Mlkiv.03.014#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Malaar Ki Vaar M:1 Steek & GVD” BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org  




.