.

ਗੁਰਮਤਿ ਪਰਿਪੇਖ ਵਿੱਚ ਸ੍ਰਿਸ਼ਟੀ ਰਚਨਾ

ਸ੍ਰਿਸ਼ਟੀ ਨੂੰ ਆਮ ਤੌਰ ਤੇ ਬ੍ਰਹਿਮੰਡ, ਸੰਸਾਰ, ਦੁਨੀਆਂ, ਵਿਸ਼ਵ, ਜਗਤ ਆਦਿ ਸਮਾਨਾਰਥੀ ਸ਼ਬਦਾਂ ਨਾਲ ਸਮਝਿਆ ਜਾਂਦਾ ਹੈ। ਏਥੇ ਸ੍ਰਿਸ਼ਟੀ ਦਾ ਭਾਵ ਸਮੁੱਚੇ ਬ੍ਰਹਿਮੰਡ ਤੋਂ ਹੈ ਜਿਸ ਵਿੱਚ ਧਰਤੀਆਂ, ਸਿਤਾਰੇ, ਆਕਾਸ਼ਗੰਗਾ ਤੋਂ ਦਿਸਦੇ-ਅਣਦਿਸਦੇ, ਤੱਤਾਂ ਤੋਂ ਬਣੇ ਹਰ ਕਣ ਤੇ ਹਰ ਤਰੰਗ ਨੂੰ ਸ਼ਾਮਿਲ ਸਮਝਿਆ ਗਿਆ ਹੈ।

ਵਰਲਡ ਕ੍ਰਿਸ਼ਚੀਅਨ ਐਨਸਾਈਕਲੋਪੀਡੀਆ ਅਨੁਸਾਰ “ਦੁਨੀਆਂ ਵਿੱਚ 19 ਵੱਡੇ ਤੇ 270 ਦੇ ਕਰੀਬ ਛੋਟੇ ਧਰਮ ਹਨ, ਜਿਨ੍ਹਾਂ ਤੋਂ ਅੱਗੇ ਹੋਰ ਛੋਟੇ ਧਰਮ ਵੀ ਹਜ਼ਾਰਾਂ ਹਨ। ਇਨ੍ਹਾਂ ਧਰਮਾਂ ਵਿੱਚ ਘੱਟੋ ਘੱਟ 500 ਦੇ ਕਰੀਬ ਕਹਾਣੀਆਂ ‘ਸ੍ਰਿਸ਼ਟੀ ਜਨਮ’ ਨਾਲ ਸੰਬੰਧਿਤ ਹਨ ਤੇ ਹਰ ਇੱਕ ਦੀ ਆਪਣੀ ਵੱਖਰੀ ਕਹਾਣੀ ਹੈ।” ਵੱਖ-ਵੱਖ ਦਰਸ਼ਨਾਂ ਤੇ ਧਰਮ ਸ਼ਾਸਤਰਾਂ ਨੇ ਮੂਲ-ਤੱਤ ਜਾਂ ਆਧਾਰਭੂਤ ਸਥਾਈ ਤੱਤਾਂ ਸੰਬੰਧੀ ਆਪਣੇ ਵਿਚਾਰ ਸ੍ਰਿਸ਼ਟੀ ਰਚਨਾ ਦੇ ਸਿਧਾਂਤ ਨਿਰਧਾਰਤ ਕੀਤੇ ਹਨ। ਇਨ੍ਹਾਂ ਵਿਚਾਰ ਧਾਰਾਵਾਂ ਨੂੰ ਅਸੀਂ ਪੁਰਾਤਨ ਸਭਿਅਤਾ ਸੋਚ ਵਿਧੀ ਤੇ ਨਵੀਨ ਸਭਿਅਤਾ ਸੋਚ ਵਿਧੀ ਅਨੁਸਾਰ ਵੰਡ ਸਕਦੇ ਹਾਂ। ਪੁਰਾਤਨ ਸਭਿਅਤਾ ਸੋਚ ਵਿਧੀ ਕਬੀਲਿਆਂ ਦੀ ਸਭਿਅਤਾ ਤੋਂ ਸ਼ੁਰੂ ਹੋ ਕੇ ਪੁਰਾਤਨ ਧਰਮਾਂ ਦੇ ਜਨਮ ਤੱਕ ਦੀ ਗਿਣੀ ਜਾ ਸਕਦੀ ਹੈ ਤੇ ਨਵੀਨ ਸਭਿਅਤਾ ਸੋਚ ਵਿਧੀ ਨਵੀਨ ਧਰਮਾਂ ਦੇ ਜਨਮ ਤੱਕ ਦੀ ਗਿਣੀ ਜਾ ਸਕਦੀ ਹੈ ਤੇ ਨਵੀਨ ਸਭਿਅਤਾ ਸੋਚ ਵਿਧੀ ਨਵੀਨ ਧਰਮਾਂ ਦੀ ਸੋਚ ਵਿਧੀ ਤੋਂ ਸਾਇੰਸ ਯੁੱਗ ਦੀ ਸੋਚ ਵਿਧੀ ਤੱਕ ਗਿਣੀ ਜਾ ਸਕਦੀ ਹੈ। ਇਨ੍ਹਾਂ ਨੂੰ ‘ਸ੍ਰਿਸ਼ਟੀਕਰਤਾ ਦੇ ਸ੍ਰਿਸ਼ਟੀ ਰਚਣ’ ਤੇ ‘ਬਿਗ ਬੈਂਗ (ਮਹਾਨ ਧਮਾਕਾ) ‘ਜਿਹੀਆਂ ਸੋਚ ਵਿਧੀਆਂ ਵਿਚਾਲੇ ਵੀ ਵੰਡਿਆ ਜਾ ਸਕਦਾ ਹੈ।

ਏਥੇ ਅਸੀਂ ਇਨ੍ਹਾਂ ਸੋਚ-ਵਿਧੀਆਂ ਨੂੰ ਹੇਠ ਲਿਖੇ ਭਾਗਾਂ ਵਿੱਚ ਵਿਚਾਰਾਂਗੇ

(ੳ) ਕਬੀਲਿਆਂ ਦੀ ਸੋਚ ਵਿਧੀ

(ਅ) ਧਰਮਾਂ ਦੀ ਸੋਚ ਵਿਧੀ

(ੲ) ਵਿਗਿਆਨੀ ਸੋਚ ਵਿਧੀ

ਕਬੀਲਿਆਂ ਦੀ ਸੋਚ ਵਿਧੀ ਇਸ ਸੋਚ ਤੇ ਆਧਾਰਿਤ ਹੈ ਕਿ ਜੀਵਾਂ ਨੂੰ ਪੈਦਾ ਜੀਵਾਂ ਤੋਂ ਹੀ ਕੀਤਾ ਜਾ ਸਕਦਾ ਹੈ ਪਰ ਇਨ੍ਹਾਂ ਜੀਵਾਂ ਵਿੱਚ ਸਭ ਤੋਂ ਪਹਿਲੇ ਜੀਵ ਨੂੰ ਪੈਦਾ ਕਰਨ ਵਾਲਾ ਵੀ ਕੋਈ ਹੈ ਜੋ ਸਾਰੇ ਜੀਵਾਂ ਤੋਂ ਕਿਤੇ ਵੱਡਾ ਜਾਂ ਸ਼ਕਤੀਸ਼ਾਲੀ ਹੈ। ਰੱਬ ਨੇ ਜਦ ਇਨਸਾਨ ਪੈਦਾ ਕੀਤਾ ਤਾਂ ਉਸ ਦਾ ਰਹਿਣ-ਸਹਿਣ, ਜੀਣ-ਵਸਣਾ, ਖਾਣ-ਪੀਣ ਸਭ ਜੰਗਲ ਸੀ। ਹਰੇ ਭਰੇ ਰੁੱਖ, ਉਸਨੂੰ ਰਹਿਣ ਲਈ ਥਾਂ, ਖਾਣ ਲਈ ਫਲ ਤੇ ਵਧਣ ਲਈ ਚੰਗੀ ਹਵਾ ਦਿੰਦੇ ਸਨ। ਵਾਤਾਵਰਣ ਹਰਿਆਲੀ ਭਰਿਆ ਸੀ, ਖ਼ੁਸ਼ਗਵਾਰ ਸੀ। ਇਸ ਵਾਤਾਵਰਣ ਦੀ ਭਰਪੂਰਤਾ ਨੇ ਉਸਨੂੰ ਕਦੇ ਇਕੱਲਾ ਨਹੀਂ ਮਹਿਸੂਸ ਹੋਣ ਦਿੱਤਾ, ਉਹ ਇਸ ਸਮੁੱਚੀ ਕੁਦਰਤੀ ਵਾਤਾਵਰਣ ਦਾ ਅੰਗ ਸੀ ਤੇ ਰੱਬ ਦੇ ਬਿਲਕੁਲ ਨੇੜੇ। ਰੱਬ ਉਸ ਨੂੰ ਹਰ ਰੁੱਖ ਵਿੱਚ ਪੱਥਰ ਵਿਚ, ਪਰਬਤ ਵਿਚ, ਆਕਾਸ਼ ਵਿਚ, ਸੂਰਜ ਵਿਚ, ਬੱਦਲ ਵਿਚ, ਪਾਣੀ ਵਿੱਚ ਗੱਲ ਕੀ ਰੱਬ ਦੀ ਪੈਦਾ ਕੀਤੀ ਹਰ ਚੀਜ਼ ਵਿੱਚ ਦਿਸਦਾ ਸੀ। ਉਹ ਰੱਬ ਨੂੰ ਕੁਦਰਤ ਨਾਲੋਂ ਨਿਖੇੜ ਕੇ ਨਹੀਂ ਸੀ ਵੇਖਦਾ। ਜੇ ਉਹ ਕੁਦਰਤੀ ਕ੍ਰਿਸ਼ਮਿਆਂ ਦੀ ਪ੍ਰਸ਼ੰਸਾ ਕਰਦਾ ਸੀ ਤਾਂ ਆਪਣੇ ਭਾਣੇ ਰੱਬ ਦੀ ਪ੍ਰਸੰਸ ਕਰਦਾ ਸੀ ਜੇ ਉਹ ਕੁਦਰਤੀ ਕ੍ਰਿਸ਼ਮਿਆਂ ਨੂੰ ਪੂਜਦਾ ਸੀ ਤਾਂ ਆਪਣੇ ਭਾਣੇ ਰੱਬ ਨੂੰ ਪੂਜਦਾ ਸੀ। ਰੱਬ ਦਾ ਤੇ ਇਨਸਾਨ ਦਾ ਰਿਸ਼ਤਾ ਕੁਦਰਤ ਦੇ ਰਾਹੀਂ ਰਿਹਾ। ਕੁਦਰਤ ਨੂੰ ਤੇ ਰੱਬ ਨੂੰ ਅੰਗ ਸੰਗ ਸਮਝ ਕੇ ਉਹ ਹਰ ਜੋਖੋਂ ਭਰਿਆ ਕਦਮ ਚੁਕਦਾ ਰਿਹਾ ਤੇ ਅੱਗੇ ਵਧਦਾ ਰਿਹਾ। ਰੱਬ, ਕੁਦਰਤ ਤੇ ਇਨਸਾਨ ਦਾ ਇਹੋ ਸੰਬੰਧ ਅੱਜ ਤੱਕ ਵੀ ਉਨ੍ਹਾਂ ਕਬੀਲਿਆਂ ਵਿੱਚ ਵੇਖਿਆ ਜਾ ਸਕਦਾ ਹੈ ਜੋ ਮਸ਼ੀਨੀ ਯੁਗ ਨਾਲ ਪ੍ਰਭਾਵਤ ਨਹੀਂ ਹੋਏ। ਅਰੁਣਾਂਚਲ ਵਿੱਚ ਆਦੀ ਕਬੀਲਾ ਇਸ ਨੂੰ ‘ਆਬੋ-ਤਾਨੀ’ ‘ਸੂਰਜ-ਚੰਦਰਮਾ’ ਮੰਨਦਾ ਹੈ ਤੇ ਉਸਦੀ ਪੂਜਾ ਵੀ ਉਸੇ ਤਰ੍ਹਾਂ ਕਰਦਾ ਹੈ। ਵਿਲਟਵੋਡਲ ਦੇ ਕਬੀਲੇ ਜਟਰਾ ਵਟਿਡ ਦੇ ਲੋਕਾਂ ਦਾ ਵਿਚਾਰ ਉਹ ਗਰੀਮ ਆਰਕਲੇਸੀਜ਼ਰ ਹੈ ਜਿਸਨੇ ਨੱਕ ਸਿਣਕਿਆ ਤੇ ਨੱਕ ਸਿਣਕਣ ਨਾਲ ਜੋ ਮਵਾਦ ਨਿਕਲਿਆ ਉਸ ਤੋਂ ਸੰਸਾਰ ਦੀ ਰਚਨਾ ਹੋਈ। ਇਸੇ ਤਰ੍ਹਾਂ ਲੱਖਾਂ ਕਬੀਲਿਆਂ ਨੇ ਆਪਣੇ ਆਪਣੇ ‘ਸ੍ਰਿਸ਼ਟੀਕਰਤਾ’ ਮੰਨ ਲਏ ਪਰਬਤ, ਪੱਥਰ, ਅੱਗ, ਦਰਿਆ, ਪਾਣੀ ਅਤੇ ਵੱਖ-ਵੱਖ ਜੀਵ ਵੀ ਸ੍ਰਿਸ਼ਟੀ ਕਰਤਾ ਮੰਨ ਲਏ ਗਏ।

ਇਹੋ ਵਿਚਾਰਧਾਰਾ ਮੁਢਲੇ ਧਰਮਾਂ ਵਿੱਚ ਨਵੇਂ ਰੂਪ ਵਿੱਚ ਆ ਗਈ ਭਾਰਤੀ ਵਿਚਾਰ-ਪਰੰਪਰਾ ਵਿੱਚ ਸ੍ਰਿਸ਼ਟੀ ਦੀ ਰਚਨਾ ਸਬੰਧੀ ਅਧਿਆਤਮਵਾਦੀ ਜਾਂ ਆਤਮਵਾਦੀ (ਜਿਵੇਂ ਉਪਨਿਸ਼ਦ, ਸਮ੍ਰਿਤੀਆਂ ਆਦਿ) ਅਤੇ ਭੌਤਿਕਵਾਦੀ (ਜਿਵੇਂ ਬ੍ਰਹਿਸਪਤੀ ਤੇ ਭ੍ਰਿਗੂ ਆਦਿ ਰਿਸ਼ੀ ਜੋ ਪਦਾਰਥ ਨੂੰ ਪਰਮ ਸੱਚ ਮਿਲਦੇ ਹਨ) ਦੇ ਦ੍ਰਿਸ਼ਟੀਕੋਣਾਂ ਤੋਂ ਵਿਚਾਰ ਕੀਤਾ ਗਿਆ। ਅਧਿਆਤਮਵਾਦੀ ਵਿਚਾਰਧਾਰਾ ਬ੍ਰਹਮ ਨੂੰ ਸ੍ਰਿਸ਼ਟੀ ਦੀ ਰਚਨਾ-ਸ਼ਕਤੀ ਮੰਨਦੀ ਆਈ ਹੈ।

ਸ਼ਤਪਥ ਬ੍ਰਹਮਾ ਵਿੱਚ ਲਿਖਿਆ ਹੈ ਕਿ ਪ੍ਰਜਾਪਤੀ ਨੇ ‘ਭੂ’ ਕਿਹਾ ਤਾਂ ਧਰਤੀ ਬਣੀ ਅਤੇ ‘ਭੂਵ’ ਕਿਹਾ ਤਾਂ ਆਕਾਸ਼ ਬਣਿਆ। ਤੈਤਰੀਯ ਬ੍ਰਹਮਾ ਅਨੁਸਾਰ ਪ੍ਰਜਾਪਤੀ ਨੇ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਇੱਛਾ ਲਈ ਤਪ ਕੀਤਾ ਤਾਂ ਉਸਦੇ ਸੁਆਸ ਵਿੱਚ ਸ਼ਕਤੀ ਆ ਗਈ। ਇਸ ਤਰ੍ਹਾਂ ਉਸਨੇ ਆਪਣੇ ਸੁਆਸ ਨਾਲ ਅਸੁਰ (ਦੈਂਤਾਂ) ਪਿੱਤਰਾਂ, ਆਦਮੀਆਂ ਤੇ ਦੇਵਤਿਆਂ ਦੀ ਰਚਨਾ ਕੀਤੀ। ਸ਼ਤਪਥ ਬ੍ਰਾਹਮ ਅਨੁਸਾਰ ਪਹਿਲਾ ਪੁਰਖ (ਪਰਮ ਆਤਮਾ) ਇਕੱਲਾ ਹੀ ਸੀ, ਇਸ ਕਾਰਨ ਉਹ ਖੁਸ਼ ਨਹੀਂ ਸੀ ਤਾਂ ਉਸਨੇ ਸਾਥ ਦੀ ਇੱਛਾ ਕੀਤੀ ਤੇ ਆਪਣੇ ਆਪੇ ਨੂੰ ਦੋ ਭਾਗਾਂ ਵਿੱਚ ਵੰਡ ਲਿਆ ਜਿਨ੍ਹਾਂ ਵਿਚੋਂ ਇੱਕ ਪਤੀ ਤੇ ਇੱਕ ਪਤਨੀ ਦਾ ਰੂਪ ਧਾਰਨ ਕਰ ਗਿਆ। ‘ਅਰਧ-ਨਾਰੀ-ਈਸ਼ਵਰਮ’ ਦੀਆਂ ਮੂਰਤੀਆਂ ਪ੍ਰਮਾਤਮਾ ਦੇ ਇਸੇ ਰੂਪ ਨੂੰ ਦਰਸਾਉਂਦੀਆਂ ਹਨ। ਪਤਨੀ ਨੇ ਸੋਚਿਆ ਕਿ ਪਤੀ ਮੇਰੇ ਨਾਲੋਂ ਹੀ ਟੁੱਟਕੇ ਬਰਾਬਰ ਦਾ ਹੋ ਕੇ ਮੇਰੇ ਨਾਲ ਰਤੀ ਕ੍ਰਿਆ ਕਰਦਾ ਹੈ ਤਾਂ ਅਲੋਪ ਹੋ ਕੇ ਗਊ ਬਣ ਗਈ ਤਾਂ ਪਤੀ ਸਾਨ੍ਹ ਹੋ ਗਿਆ, ਉਹ ਘੋੜੀ ਹੋ ਗਈ ਤੇ ਉਹ ਘੋੜਾ, ਇੰਜ ਸ੍ਰਿਸ਼ਟੀ ਦਾ ਵਿਧਾਨ ਰਚਦਾ ਗਿਆ।

ਮਨੂ ਲਿਖਦਾ ਹੈ ਕਿ ਪ੍ਰਜਾਪਤੀ ਨੇ ਆਪਣੇ ਹੀ ਸਰੀਰ ਵਿਚੋਂ ਕਈ ਜੀਵ ਉਤਪੰਨ ਕਰਨ ਦੀ ਇੱਛਾ ਕਰਕੇ ਪਹਿਲਾਂ ਜਲ ਉਤਪੰਨ ਕੀਤਾ ਅਤੇ ਉਸ ਵਿੱਚ ਬੀਜ ਸੁੱਟ ਦਿੱਤਾ। ਇਹ ਬੀਜ ਇੱਕ ਸੂਰਜ ਵਾਂਗ ਚਮਕਣ ਵਾਲੇ ਸਵਰਨ ਦਾ ਆਂਡਾ ਬਣ ਗਿਆ। ਇਸ ਵਿਚੋਂ ਆਪ ਹੀ ਸਾਰੀ ਸ੍ਰਿਸ਼ਟੀ ਦਾ ਪਿਤਾ ਬ੍ਰਹਮ ਉਤਪੰਨ ਹੋਇਆ। ਬ੍ਰਹਮਾ ਇੱਕ ਸਾਲ ਆਂਡੇ ਦੇ ਅੰਦਰ ਰਹਿ ਕੇ ਆਪਣੇ ਆਪ ਹੀ ਦੋ ਭਾਗਾਂ ਵਿੱਚ ਹੋ ਗਿਆ (ਅਰਧ-ਨਾਰੀ-ਈਸ਼ਵਰਮ) ਜਿਸ ਤੋਂ ਸੰਸਾਰ ਦੀ ਰਚਨਾ ਹੋਈ। ਹਰ ਇੱਕ ਪੁਰਾਣ ਵਿੱਚ ਸ੍ਰਿਸ਼ਟੀ ਰਚਨਾ ਬਾਰੇ ਵਰਨਣ ਮਿਲਦੇ ਹਨ ਭਾਵੇਂ ਇਹ ਆਪੋ ਵਿੱਚ ਮੇਲ ਨਹੀਂ ਖਾਂਦੇ। ਮਤੱਸਯ ਪੁਰਾਣ, ਹਰੀਵੰਸ਼ ਪੁਰਾਣ, ਵਿਸ਼ਣੂਪੁਰਾਣ ਆਦਿ ਇਸ ਸੰਬੰਧ ਵਿੱਚ ਵਰਨਣਯੋਗ ਹਨ। ਉਪਨਿਸ਼ਦਾਂ ਵਿੱਚ ਬ੍ਰਹਮ ਨੂੰ ਸ੍ਰਿਸ਼ਟੀ ਸਾਜਣ ਵਾਲਾ ਮੰਨਿਆ ਗਿਆ ਹੈ। ਜਿਵੇਂ ਅਗਨੀ ਤੋਂ ਅਸੰਖ ਚਿੰਗਾਰੀਆਂ ਨਿਕਲਕੇ ਫਿਰ ਖ਼ਤਮ ਹੋ ਜਾਂਦੀਆਂ ਹਨ ਉਸੇ ਤਰ੍ਹਾਂ ਬ੍ਰਹਮ ਤੋਂ ਸਾਰਾ ਪਸਾਰਾ ਹੁੰਦਾ ਹੈ ਤੇ ਉਸੇ ਵਿੱਚ ਮਿਲ ਜਾਂਦਾ ਹੈ। ਮੁੰਡਕ ਉਪਨਿਸ਼ਦ (211) ਤੇ ਪ੍ਰਸਨ ਉਪਨਿਸ਼ਦ (6/47) ਵਿੱਚ ਸ਼੍ਰਿਸ਼ਟ ਕਰਨ ਉਤੇ ਪ੍ਰਕਾਸ਼ ਪਾਇਆ ਗਿਆ ਹੈ।

ਭਗਵਦ ਗੀਤਾ ਪੁਰਸ਼ੋਤਮ ਸਿਧਾਂਤ ਸਾਂਖ ਯੋਗ, ਨਿਆਇ ਅਤੇ ਵੈਸ਼ੈਸ਼ਕ ਆਦਿ ਦਰਸ਼ਨ ਵਿਸਥਾਰ ਸਹਿਤ ਵਿਸ਼ਲੇਸ਼ਣ ਕਰਦੇ ਹਨ।

ਈਸਾਈ ਧਰਮ ਗ੍ਰੰਥ ਬਾਈਬਲ ਵਿੱਚ ਇੱਕ ਪ੍ਰਸਿੱਧ ਕਥਾ ਆਉਂਦੀ ਹੈ ਜਿਸ ਅਨੁਸਾਰ ਰੱਬ ਨੇ ਆਦਮੀ ਨੂੰ ਮਿੱਟੀ ਨਾਲ ਬਣਾਇਆ ਜਿਸ ਦਾ ਨਾਂ ਸੀ ਆਦਮ। ਉਹ ‘ਸੁਰਗ ਦੇ ਬਾਗ਼’ ਵਿੱਚ ਰਹਿਣ ਲੱਗਾ। ਉਸ ਲਈ ਪਹਿਲਾ ਪਸ਼ੂ, ਫਲ ਤੋਂ ਅੰਤ ਔਰਤ (ਹਵਾ) ਬਣਾਈ। ਆਦਮ ਤੇ ਹਵਾ ਦੋਨਾਂ ਨੂੰ ਇੱਕ ਖਾਸ ਸੇਬ ਦਾ ਫਲ ਖਾਣ ਦੀ ਮਨਾਹੀ ਕੀਤੀ ਗਈ ਪਰ ਉਨ੍ਹਾਂ ਨੇ ਸ਼ੈਤਾਨ ਦੇ ਕਹਿਣ ਤੇ ਉਹ ਸੇਬ ਖਾ ਲਿਆ ਤੇ ਉਨ੍ਹਾਂ ਵਿੱਚ ਵਾਸ਼ਨਾ ਪੈਦਾ ਹੋ ਗਈ। ਇਸ ਕਸੂਰ ਕਾਰਨ ਰੱਬ ਨੇ ਆਦਮ ਤੇ ਹਵਾ ਨੂੰ ‘ਸੁਰਗੀ ਬਾਗ਼ ਵਿਚੋਂ ਕੱਢ ਦਿੱਤਾ ਤਾਂ ਉਹ ਦੋਨੋਂ ਧਰਤੀ ਉਪਰ ਆ ਗਏ ਤੇ ਆਪਣਾ ਪਰਿਵਾਰਕ ਜੀਵਨ ਆਰੰਭਿਆ ਜਿਸ ਤੋਂ ਸ੍ਰਿਸ਼ਟੀ ਅੱਗੇ ਵਧੀ। ਬਾਈਬਲ ਅਨੁਸਾਰ ਹੀ ਈਸ਼ਵਰ ਦੀ ਆਤਮਾ ਜਗ ਉੱਪਰ ਫੈਲਦੀ ਸੀ। ਉਸ ਨੇ ਆਖਿਆ: “ਚਾਨਣਾ ਹੋਵੇ”, ਤਾਂ ਪ੍ਰਕਾਸ਼ ਹੋ ਗਿਆ ਫੇਰ ਈਸ਼ਰ ਨੇ ਪਹਿਲੇ ਚਾਨਣ ਨੂੰ ਹਨੇਰੇ ਤੋਂ ਵੱਖ ਕਰਕੇ ਦਿਨ ਬਣਾਏ, ਦੂਜੇ ਦਿਨ ਆਕਾਸ਼ ਰਚਿਆ, ਤੀਜੇ ਦਿਨ ਬਨਸਵਤੀ ਆਦਿ,

ਹੌਲੀ ਹੌਲੀ ਈਸਾਈ ਖੋਜੀਆਂ ਨੇ ਕਹਾਣੀਆਂ ਵਿਚੋਂ ਥਿਊਰੀਆਂ ਲੱਭ ਲਈਆਂ ਜਿਨ੍ਹਾਂ ਵਿੱਚ ‘ਕਰੀਏਸ਼ਨ ਸਾਇੰਸ ਥਿਊਰੀ’, ‘ਨੇਚੁਰਲ ਐਵੋਲਿਊਸ਼ਨ ਥਿਊਰੀ’, ‘ਥੀਇਸਟਿਕ ਐਵੋਲਿਊਸ਼ਨ ਥਿਊਰੀ’, ‘ਬਾਈਬਲ ਦੀ ਪਰਲੈ ਥਿਊਰੀ’ ਆਦਿ ਪ੍ਰਚਲਤ ਰਹੀਆਂ। ਇਨ੍ਹਾਂ ਥਿਊਰੀਆਂ ਵਿੱਚ ਸਾਇੰਸਦਾਨਾਂ ਨੇ ਵੀ ਆਪਣਾ ਯੋਗਦਾਨ ਦਿੱਤਾ ਜਿਨ੍ਹਾਂ ਵਿੱਚ ‘ਬਿਗ-ਬੈਂਗ ਥਿਉਰੀ’, ‘ਸਟੀਡੀ ਸਟੇਟ ਥਿਊਰੀ’, ‘ਪਲਸੇਟਿੰਗ ਥਿਉਰੀ’ ਆਦਿ ਵੀਹਵੀਂ ਸਦੀ ਵਿੱਚ ਬੜੀਆਂ ਪ੍ਰਚਲਤ ਹੋਈਆਂ।

ਇਨ੍ਹਾਂ ਸਾਰੀਆਂ ਥਿਊਰੀਆਂ ਨੂੰ ਸੰਖੇਪ ਵਿੱਚ ਦੇ ਕੇ ਉਨ੍ਹਾਂ ਦਾ ਮਹੱਤਵ ਹੇਠਾਂ ਪੜਚੋਲਿਆ ਗਿਆ ਹੈ।

ਕ੍ਰੀਏਸ਼ਨ ਸਾਇੰਸ ਥਿਊਰੀ (ਉਤਪਤੀ ਦੀ ਵਿਗਿਆਨ ਥਿਊਰੀ) ਆਰਕਾਂਸਾਸ (ਯੂ. ਐਸ. ਏ.) ਰਿਆਸਤ ਵਿੱਚ ਇੱਕ ਮੁਕੱਦਮੇ ਦੌਰਾਨ ਉਤਪਤੀ ਦੀ ਥਿਊਰੀ ਨੂੰ ਇੱਕ ਪਰਿਭਾਸ਼ਾ ਦੇ ਦਿੱਤੀ ਗਈ। ਉਤਪਤੀ ਵਿਗਿਆਨ ਦਾ ਭਾਵ ਉਤਪਤੀ ਸੰਬੰਧੀ ਵਿਗਿਆਨਕ ਗਵਾਹੀਆਂ ਦੇ ਆਧਾਰ ਤੇ ਕੱਢੇ ਗਏ ਨਤੀਜੇ (ਆਰਕਾਸਾਂਸ ਲਾਅ # 590 ਸੈਕਸ਼ਨ 4 (ਏ)। ਉਤਪਤੀ ਵਿਗਿਆਨ ਦੀਆਂ ਗਵਾਹੀਆਂ ਤੋਂ ਕੱਢੇ ਗਏ ਨਤੀਜੇ ਹੇਠ ਲਿਖਿਤ ਅਨੁਸਾਰ ਹਨ

1. ਸ਼ਕਤੀ, ਸ੍ਰਿਸ਼ਟੀ ਤੇ ਜੀਵਨ ਦਾ ਅਣਹੋਂਦ ਤੋਂ ਹੋਂਦ ਵਿੱਚ ਅਚਾਨਕ ਉਤਪਤੀ।

2. ਇੱਕ ਜੀਵਾਣੂ ਤੋਂ ਸਾਰੀ ਸ੍ਰਿਸ਼ਟੀ ਤੇ ਸਾਰੇ ਜੀਵਾਂ ਦਾ ਕੁਦਰਤੀ ਚੋਣ ਰਾਹੀਂ ਫੈਲਾ ਕਰਨੋਂ ਅਸਮਰੱਥ ਹੋਣਾ।

3. ਮੁਢਲੀ ਉਪਜ ਤੋਂ ਪੈਦਾ ਹੋਏ ਪੌਦਿਆਂ ਤੇ ਜਾਨਵਰਾਂ ਤੋਂ ਬਦਲੀ ਦੀ ਸੰਭਾਵਨਾ ਕੁੱਝ ਹੱਦ ਤੱਕ ਹੀ ਹੈ।

4. ਮਨੁੱਖਾਂ ਤੇ ਬਣ-ਮਾਣੂਆਂ ਦੇ ਖਾਨਦਾਨੀ ਮੁੱਢ ਵੱਖਰੇ ਵੱਖਰੇ ਹਨ।

5. ਭੂ ਵਿਗਿਆਨ ਰਾਹੀਂ ਪਰਲੈ ਦੇ ਭੋਂ ਤੇ ਹੋਏ ਅਸਰ ਤੇ ਸਮੁੱਚੀ ਦੁਨੀਆਂ ਤੇ ਹੜ੍ਹ ਦੀ ਵਿਆਖਿਆ ਦੀ ਹੋਰ ਖੋਜ ਦੀ ਲੋੜ।

6. ਨਵੀਆਂ ਖੋਜਾਂ ਤੇ ਲੱਭਤਾਂ ਅਨੁਸਾਰ ਧਰਤੀ ਜੀਵਾਂ ਦੀ ਉਤਪਤੀ ਦਾ ਦੁਬਾਰਾ ਮੁਲਾਂਕਣ।

ਅੱਡ-ਅੱਡ ਗਰੁਪਾਂ ਦੇ ਉਤਪਤੀ ਵਿਗਿਆਨੀਆਂ ਨੇ ਮਿਲਕੇ ਇਨ੍ਹਾਂ ਨਤੀਜਿਆਂ ਦੀ ਡੂੰਘਾਈ ਨਾਲ ਖੋਜ ਅੱਗੇ ਵਧਾਈ। ਇਨ੍ਹਾਂ ਵਿਗਿਆਨੀਆਂ ਨੂੰ ਉਤਪਤੀ ਵਿਗਿਆਨਕਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਕੁਦਰਤੀ ਵਿਕਾਸ (ਨੇਚਰਲ ਐਵੋਲਿਊਸ਼ਨ) - ਕੁਦਰਤੀ ਵਿਕਾਸ ਦੀ ਥਿਊਰੀ ਮੁਤਾਬਕ 1. 4 ਅਰਬ (14 ਬਿਲੀਅਨ) ਸਾਲ ਪਹਿਲਾਂ ਸ੍ਰਿਸ਼ਟੀ ਦੀ ਸ਼ੁਰੂਆਤ ਹੋਈ ਜਿਸ ਵਿਚੋਂ ਧਰਤੀ ਦੀ ਹੋਂਦ 4. 5 ਬਿਲੀਅਨ (45 ਕਰੋੜ) ਸਾਲ ਪਹਿਲਾਂ ਹੋਈ। ਜ਼ਿੰਦਗੀ ਦੀ ਸ਼ੁਰੂਆਤ ਚਟਾਨਾਂ ਵਿਚਲੇ ਬੈਕਟੀਰੀਆ ਰਾਹੀਂ ਹੋਈ ਤੇ ਲਗਾਤਾਰ ਵਿਕਾਸ ਹੁੰਦਾ ਗਿਆ। ਵਿਕਾਸ ਦੀ ਪ੍ਰਕਿਰਿਆ ਕੁਦਰਤੀ ਸ਼ਕਤੀਆਂ ਨਾਲ ਵਧਦੀ ਗਈ, ਜਿਸ ਲਈ ਕਿਸੇ ਰੱਬ, ਦੇਵੀ-ਦੇਵਤਿਆਂ ਆਦਿ ਦੀ ਲੋੜ ਨਹੀਂ ਸੀ।

ਕਈ ਲੋਕ ਇਸ ਵਿਚਾਰਧਾਰਾ ਨੂੰ ‘ਰਬ ਤੋਂ ਮੁਨਕਰ ਹੋਈ’ ਮੰਨਦੇ ਹਨ। ਪਰ ਕੁੱਝ ਵਿਚਾਰਕ ਇਸ ਸਭ ਪ੍ਰਕਿਰਿਆ ਪਿੱਛੇ ਈਸ਼ਰ ਦਾ ਹੱਥ ਮੰਨਦੇ ਹਨ। ਇਨ੍ਹਾਂ ਵਿਚਾਰਧਾਰਕਾਂ ਨੂੰ ਥੀਇਸਟਿਕ ਐਵੋਲਿਊਸ਼ਨ ਗਰੁਪ ਜਾਂ (ਰੱਬ ਵਿਸ਼ਵਾਸੀ ਵਿਕਾਸ ਗਰੁਪ) ਵੀ ਕਿਹਾ ਜਾਂਦਾ ਹੈ।

ਬਾਈਬਲ ਦੀ ਪਰਲੈ (ਸਰਵ ਵਿਨਾਸ਼ੀ) ਥਿਊਰੀ ਵਿੱਚ ਯਕੀਨ ਰੱਖਣ ਵਾਲੇ ਮੰਨਦੇ ਹਨ ਕਿ ਜੋ ਵੀ ਭੂਗੋਲਿਕ ਬਣਾਵਟਾਂ ਅੱਜ ਕੱਲ੍ਹ ਵੇਖਦੇ ਹਾਂ ਉਹ ਨਾਉਚੀਅਨ ਹੜ੍ਹ ਨਾਲ ਬਣੀਆਂ ਹਨ। ‘ਹੜ੍ਹ ਨੇ ਧਰਤੀ ਉਤੇ ਬੇਹੱਦ ਤਬਦੀਲੀਆਂ ਲਿਆ ਦਿੱਤੀਆਂ ਜਿਨ੍ਹਾਂ ਵਿੱਚ ਵੱਡੇ ਪਰਬਤ, ਜਵਾਲਾਮੁਖੀ ਤੇ ਵੱਖ ਵੱਖ ਤਰ੍ਹਾਂ ਦੀਆਂ ਚਟਾਨਾਂ ਸ਼ਾਮਿਲ ਹਨ’।

ਕੁਝ ਵਿਚਾਰਕ ਸਾਰੇ ਜੀਵਾਂ ਜਾਨਵਰਾਂ ਨੂੰ ‘ਨੋਆਹ ਆਰਕ’ ਦੇ ਵਾਸੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਤੇ ਪਾਲਤੂ ਪਸ਼ੂਆਂ ਦੇ ਵੰਸ਼ ਮੰਨਦੇ ਹਨ ਜੋ ਧਰਤੀ ਤੇ ਫੈਲਦੇ ਗਏ।

ਉਤਪਤੀ ਵਿਗਿਆਨੀ ਧਰਤੀ ਦਾ ਜਨ 10, 000 ਸਾਲ ਪਹਿਲਾਂ ਹੋਇਆ ਮੰਨਦੇ ਹਨ।

ਅਜੋਕੇ ਸਾਇੰਸਦਾਨਾਂ ਦੀ ਵਿਚਾਰਧਾਰਾ

ਬਿਗ ਬੈਂਗ ਥਿਊਰੀ: (ਵਿਸ਼ਾਲ ਧਮਾਕਾ ਵਿਚਾਰਧਾਰਾ) ਲੀ ਮਾਇਤਰ ਤੇ ਮੈਮੋ ਨਾਮ ਦੇ ਸਾਇੰਸਦਾਨਾਂ ਦੀ ਹੈ। ਇਸ ਵਿਚਾਰਧਾਰਾ ਅਨੁਸਾਰ ਸਾਰੇ ਵਿਸ਼ਵ ਦੇ ਤੱਤ ਪਹਿਲਾਂ ਇੱਕ ਅਤਿਅੰਤ ਸੰਘਣੀ ਤੇ ਗਰਮ ਅਗਨ ਗੇਂਦ ਵਿੱਚ ਸਥਿਤ ਸਨ। ਤਕਰੀਬਨ 20 ਬਿਲੀਅਨ (2 ਅਰਬ) ਵਰ੍ਹੇ ਪਹਿਲਾਂ ਇੱਕ ਵਿਸ਼ਾਲ ਧਮਾਕਾ ਹੋਇਆ ਜਿਸ ਨਾਲ ਇਹ ਸੰਘਣੀ ਗਰਮ ਅਗਨ-ਗੇਂਦ ਬੜੀ ਰਫ਼ਤਾਰ ਨਾਲ ਹਰ ਦਿਸ਼ਾ ਵਿੱਚ ਫੈਲ ਗਈ ਜਿਸ ਵਿਚੋਂ ਸਿਤਾਰੇ ਤੇ ਆਕਾਸ਼ ਗੰਗਾ ਬਣੀਆਂ ਜੋ ਅਜੇ ਵੀ ਬਾਹਰ ਵਲ ਵਧੀ ਜਾ ਰਹੀਆਂ ਹਨ ਤੇ ਸਾਡੀਆਂ ਨਜ਼ਰਾਂ ਤੋਂ ਅਦ੍ਰਿਸ਼ ਹੋਈ ਜਾ ਰਹੀਆਂ ਹਨ।

ਸਟੀਡੀ ਸਟੇਟ ਥਿਊਰੀ: (ਸਮਤੋਲਵੀਂ ਸਥਿਤੀ ਵਿਚਾਰਧਾਰਾ) ਇਹ ਵਿਚਾਰਧਾਰਾ ਬੌਡੀ, ਗੋਲਡ ਅਤੇ ਫਰੈਡ ਹਾਇਲ ਦੀ ਹੈ। ਜਿਸ ਅਨੁਸਾਰ,” ਸ੍ਰਿਸ਼ਟੀ ਦੀ ਉਮਰ ਅਣਗਿਣਤ ਵਰ੍ਹਿਆਂ ਦੀ ਹੈ ਤੇ ਇਹ ਬ੍ਰਹਿਮੰਡੀ ਕਾਨੂੰਨਾਂ ਦੀ ਨਿਯਮਿਤ ਪਾਲਣਾ ਕਰਦੀ ਹੈ ਤੇ ਸਮੇਂ ਤੇ ਸਥਾਨ ਤੋਂ ਅਪ੍ਰਭਾਵਿਤ ਇਹ ਸਭ ਤੋਂ ਇਕੋ ਜਿਹੀ ਲਗਦੀ ਹੈ। (ਐਨਸਾਈਕਲੋਪੀਡੀਆ ਬ੍ਰਿਟੈਨਿਕਾ ਭਾਗ 8, ਪੰਨਾ 1007)। ਆਕਾਸ਼ ਗੰਗਾਵਾਂ ਖਾਲੀ ਸਥਾਨ ਤੋਂ ਲਗਾਤਾਰ ਉਪਜਦੀਆਂ ਰਹਿੰਦੀਆਂ ਹਨ ਜੋ ਬ੍ਰਹਿਮੰਡ ਦੇ ਖਿੱਤੇ ਵਿਚੋਂ ਨਜ਼ਰੋਂ ਬਾਹਰ ਜਾਂਦੀਆਂ ਆਕਾਸ਼ ਗੰਗਾ ਦਾ ਸਥਾਨ ਲੈਂਦੀਆਂ ਰਹਿੰਦੀਆਂ ਹਨ। ਨਤੀਜੇ ਵਜੋਂ ਸਮੁੱਚਾ ਘੇਰਾ ਤੇ ਸਥਾਨ ਬਰਾਬਰ ਰਹਿੰਦਾ ਹੈ ਤੇ ਸ੍ਰਿਸ਼ਟੀ ਦੀ ਸਮਤੋਲ ਅਵਸਥਾ ਬਰਕਰਾਰ ਰਹਿੰਦੀ ਹੈ। ਇਸ ਅਨੁਸਾਰ ਭੂਤ, ਵਰਤਮਾਨ ਤੇ ਭਵਿੱਖ ਵਿੱਚ ਅੰਤਰ ਨਹੀਂ ਕੀਤਾ ਜਾ ਸਕਦਾ ਤੇ ਅਕਾਸ਼ ਗੰਗਾਵਾਂ ਵਿਚਲਾ ਫਾਸਲਾ ਵਧਦਾ-ਘਟਦਾ ਨਹੀਂ। ਰੇਡਿਆਈ ਤਰੰਗਾਂ ਨਾਲ ਨਾਪਣ ਪਿੱਛੋਂ ਇਸ ਥਿਊਰੀ ਦੀ ਧਾਰਨਾ ਗਲਤ ਸਿੱਧ ਹੋਈ ਹੈ (ਐਨਸਾਕਲੋਪੀਡੀਆ ਬਰਿਟੋਨਿਕਾ ਭਾਗ 18 ਪੰਨਾ 1007) ਗਲਤ ਧਾਰਨਾਵਾਂ ਦੇ ਆਧਾਰ ਤੇ ਸ੍ਰਿਸ਼ਟੀ ਨੂੰ ਲਗਾਤਾਰ ਫੈਲਦੇ ਮੰਨ ਲੈਣਾ ਠੀਕ ਨਹੀਂ (ਐਨਸਾਈਕਲੋਪੀਡੀਆ ਆਫ ਫਿਜ਼ਿਕਸ, ਪੰਨਾ 142) ਇਹ ਤਾਂ ਹੀ ਹੋ ਸਕਦੀ ਹੈ ਜੇ ਸ੍ਰਿਸ਼ਟੀ ਆਪਣੇ ਆਪੇ ਤੋਂ ਉਪਜੀ ਹੋਵੇ ਤੇ ਜਿਸ ਦੀਆਂ ਨਾਂ ਹੱਦਾਂ ਹੋਣ ਤੇ ਨਾ ਸਮੇਂ ਦਾ ਬੰਧਨ ਹੋਵੇ।

ਪਲਸੇਟਿੰਗ ਥਿਊਰੀ (ਧੜਕਣ ਵਿਚਾਰਧਾਰਾ) : ਇਸ ਵਿਚਾਰਧਾਰਾ ਅਨੁਸਾਰ ਬ੍ਰਹਿਮੰਡ ਵਾਰੀ ਵਾਰੀ ਫੈਲਦਾ ਤੇ ਸੁੰਗੜਦਾ ਭਾਵ ਧੜਕਣਾਂ ਵਾਂਗੂੰ ਵਧਦਾ ਘਟਦਾ ਰਹਿੰਦਾ ਹੈ। ਇਸ ਸਮੇਂ ਵਿਚਾਰਧਾਰਾ ਅਨੁਸਾਰ ਹੋ ਸਕਦਾ ਹੈ ਕਿ ਕਿਸੇ ਖਾਸ ਸਮੇਂ ਬ੍ਰਹਿਮੰਡ ਦੇ ਫੈਲਾਅ (ਗ੍ਰੈਵੀਟੇਸ਼ਨਲ ਖਿਚਾਅ) ਨਾਲ ਰੁਕ ਜਾਵੇ ਤੇ ਬ੍ਰਹਿਮੰਡ ਫਿਰ ਸੁੰਗੜਣ ਲਗ ਜਾਵੇ। ਇੱਕ ਹੱਦ ਤੱਕ ਸੁੰਗੜਣ ਮਗਰੋਂ ਇੱਕ ਵੱਡਾ ਧਮਾਕਾ ਫਿਰ ਹੋਵੇ ਤੇ ਬ੍ਰਹਿਮੰਡ ਫੈਲਣ ਲੱਗ ਜਾਵੇ। ਇਸ ਵਾਰੀ-ਵਾਰੀ ਦੇ ਫੈਲਣ ਤੇ ਸੁੰਗੜਣ ਕਰਕੇ ਇਹ ਬ੍ਰਹਿਮੰਡ ਧੜਕਦਾ ਜਾਪੇਗਾ। ਇਸ ਵਿਚਾਰਧਾਰਾ ਨੂੰ ਵਿਗਿਆਨਕ ਤੌਰ ਤੇ ਕਿਵੇਂ ਜਾਂਚਿਆ ਜਾਵੇ। ਬ੍ਰਹਿਮੰਡ ਇਤਨਾ ਵਿਸ਼ਾਲ ਹੈ ਕਿ ਇਸਦੇ ਵਧਣ-ਘਟਣ ਨੂੰ ਮਾਪਿਆ ਨਹੀਂ ਜਾ ਸਕਦਾ। ਇਸ ਦੇ ਸੈਂਪਲ ਵੀ ਨਹੀਂ ਲਏ ਜਾ ਸਕਦੇ ਕਿਉਂਕਿ ਬ੍ਰਹਿਮੰਡ ਵਿੱਚ ਕੋਈ ਵੀ ਚੀਜ਼ ਇਕੋ ਜਿਹੀ ਨਹੀਂ ਤੇ ਸਾਨੂੰ ਇਹੋ ਜਿਹੇ ਸੈਂਪਲ ਮਿਲ ਹੀ ਨਹੀਂ ਸਕਦੇ ਜੋ ਸਾਰੇ ਬ੍ਰਹਿਮੰਡ ਦੀ ਪ੍ਰਤੀਨਿਧਤਾ ਕਰ ਸਕਣ। ਬ੍ਰਹਿਮੰਡ ਦਾ ਲਗਾਤਾਰ ਬਦਲੀ ਦਾ ਸੁਭਾਅ ਕਿਸੇ ਵੀ ਸੈਂਪਲ ਨੂੰ ਉਸਦੇ ਵਿਸ਼ਾਲ ਰੂਪ ਦਾ ਪ੍ਰਤੀਨਿਧ ਨਹੀਂ ਬਣਾ ਸਕਦਾ। ਇਸ ਕਰਕੇ ਇਹ ਧੜਕਣ ਵਿਚਾਰਧਾਰਾ ਦੀ ਹੋਂਦ ਦਾ ਸਭ ਤੋਂ ਵੱਡਾ ਦੋਸ਼ ਹੈ ਇਹ ਇੱਕ ਇਹੋ ਜਿਹੀ ਵਿਚਾਰਧਾਰਾ ਹੈ ਜੋ ਕਦੇ ਵੀ ਪਰਖੀ ਨਹੀਂ ਜਾ ਸਕਦੀ ਤੇ ਬਿਨਾਂ ਪਰਖਣ ਦੇ ਇਸ ਵਿਚਾਰਧਾਰਾ ਨੂੰ ਵਿਗਿਆਨਕ ਤੱਕੜੀ ਤੇ ਨਹੀਂ ਤੋਲਿਆ ਜਾ ਸਕਦਾ।

ਜੈਨ ਮਤ ਅਨੁਸਾਰ ਦ੍ਰਵਯ-ਸੰਜੋਗ ਤੋਂ ਸੰਸਾਰ ਦੀ ਉਤਪਤੀ ਹੁੰਦੀ ਹੈ। ਇਹ ਨਿੱਤ ਅਤੇ ਅਨਿੱਤ ਦੋਹਾਂ ਤਰ੍ਹਾਂ ਦੀ ਹੁੰਦੀ ਹੈ। ਬੋਧ ਮਤ ਵਾਲੇ ਜਗਤ ਨੂੰ ਸੁਤੰਤਰ ਸੱਤਾ ਸਮਝਦੇ ਹੋਇਆਂ ਵੀ ਇਸ ਨੂੰ ਪਰਿਵਰਤਨਸ਼ੀਲ ਮੰਨਦੇ ਹਨ। ਪਰਮਾਤਮਾ ਵਿੱਚ ਵਿਸ਼ਵਾਸ ਨ ਰੱਖਣ ਕਾਰਨ ਇਨ੍ਹਾਂ ਦੋਹਾਂ ਮੱਤਾਂ ਅਨੁਸਾਰ ਪਰਮਾਤਮਾ ਤੋਂ ਸ੍ਰਿਸ਼ਟੀ ਦੀ ਉਤਪਤੀ ਮੰਨਣ ਦਾ ਸਵਾਲ ਨਹੀਂ ਉਠਦਾ।

ਨਿਆਇ ਸ਼ਾਸਤ੍ਰ ਵਾਲੇ ਈਸ਼ਵਰ ਨੂੰ ਸੰਸਾਰ ਦਾ, ਸਿਰਜਕ, ਪੋਸ਼ਕ ਅਤੇ ਸੰਹਾਰਕ ਮੰਨਦੇ ਹਨ। ਈਸ਼ਵਰ ਨੇ ਵਿਸ਼ਵ ਦਾ ਨਿਰਮਾਣ ਸੁੰਨ ਤੋਂ ਨਹੀਂ ਕੀਤਾ ਸਗੋਂ ਪਰਮਾਣੂ, ਦਿਨ, ਆਕਾਰ, ਆਕਾਸ਼, ਮਨ ਅਤੇ ਆਤਮਾ ਆਦਿ ਉਪਦਾਨਾਂ ਤੋਂ ਕੀਤੀ ਹੈ। ਸਾਂਖਯ ਦਰਸ਼ਨ ਅਨੁਸਾਰ ਪ੍ਰਕ੍ਰਿਤੀ ਸੰਸਾਰ ਦਾ ਆਦਿ ਕਾਰਣ ਹੈ, ਜੋ ਨਿੱਤ, ਜੜ੍ਹ ਅਤੇ ਪਰਿਵਰਤਨਸ਼ੀਲ ਹੈ। ਇਸ ਦਾ ਨਿਸ਼ਾਨਾਂ ‘ਪੁਰਸ਼’ ਦੀ ਉਦੇਸ਼ ਪੂਰਤੀ ਤੋਂ ਭਿੰਨ ਹੋਰ ਕੁੱਝ ਵੀ ਨਹੀਂ ਹੈ। ਯੋਗ-ਸ਼ਾਸਤ੍ਰ ਦਾ ਦ੍ਰਿਸ਼ਟੀਕੋਣ ਵੀ ਸਾਂਖਯ-ਮਤ ਅਨੁਸਾਰੀ ਹੈ। ਉਸ ਅਨੁਸਾਰ ਪ੍ਰਕ੍ਰਿਤੀ ਅਤੇ ਪੁਰਸ਼ ਦੇ ਸੰਯੋਗ ਨਾਲ ਸੰਸਾਰ ਦੀ ਰਚਨਾ ਦਾ ਆਰੰਭ ਹੁੰਦਾ ਹੈ। ਸੰਯੋਗ ਦਾ ਅੰਤ ਹੋਣ ਤੇ ਪ੍ਰਲਯ ਹੁੰਦੀ ਹੈ।

ਅਦ੍ਵੈਤ-ਵੇਦਾਂਤ ਅਨੁਸਾਰ ਬ੍ਰਹਮਾ, ਚੈਤਨਯ, ਸਤਿ ਨਿਰਗੁਣ, ਨਿਰਾਕਾਰ, ਸਚਿਦਾਨੰਦ ਹੈ। ਮਾਇਆ ਨਾਲ ਸੰਬੰਧਿਤ ਬ੍ਰਹਮ ਈਸ਼ਵਰ ਅਖਵਾਉਂਦਾ ਹੈ। ਇਨ੍ਹਾਂ ਦੋਹਾਂ ਵਿੱਚ ਕੋਈ ਤਾਂਤ੍ਰਿਕ ਅੰਤਰ ਨਹੀਂ ਹੈ। ਈਸ਼ਵਰ ਕੇਵਲ ਲੀਲਾ ਲਈ ਹੀ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ ਇਸ ਲਈ ਇਹ ਸ੍ਰਿਸ਼ਟੀ ਦਾ ਉਪਾਦਾਨ ਕਾਰਨ ਹੈ। ਗੁਣਾਂ ਦੀ ਅਸਮਾਨ ਅਵਸਥਾ ਕਰਕੇ ਮਾਇਆ ਵਿੱਚ ਕੁੱਝ ਕ੍ਰਿਆ ਹੁੰਦੀ ਹੈ। ਤਮੋ ਗੁਣ ਦੀ ਪ੍ਰਧਾਨਤਾ ਕਾਰਣ ਪੰਜ ਸੂਖਮ ਭੂਤਾਂ ਦੀ ਉਤਪਤੀ ਹੁੰਦੀ ਹੈ। ਪਹਿਲਾਂ ਆਕਾਸ਼, ਆਕਾਸ਼ ਤੋਂ ਵਾਯੂ, ਵਾਯੂ ਤੋਂ ਅਗਨੀ, ਅਗਨੀ ਤੋਂ ਜਲ ਅਤੇ ਜਲ ਤੋਂ ਪ੍ਰਿਥਵੀ ਦਾ ਵਿਕਾਸ ਹੁੰਦਾ ਹੈ। ਇਨ੍ਹਾਂ ਪੰਜਾਂ ਦਾ ਫਿਰ ਪੰਜ ਤਰ੍ਹਾਂ ਦਾ ਸੰਯੋਗ ਹੁੰਦਾ ਹੈ, ਜਿਸ ਤੋਂ ਪੰਜ ਸਥੂਲ ਤੱਤਾਂ ਦੀ ਉਤਪਤੀ ਹੁੰਦੀ ਹੈ। ਇਸ ਕ੍ਰਿਆ ਨੂੰ ਪੰਚੀਕਰਣ ਕਹਿੰਦੇ ਹਨ। ਇਹੀ ਕਿਰਿਆ ‘ਵਿਵਰਤ’ ਜਾਂ ‘ਅਧਿਆਸ’ ਅਖਵਾਉਂਦੀ ਹੈ। ਰਾਮਾਨੁਜ ਚਾਲੀਸਾ ਅਨੁਸਾਰ ਸ੍ਰਿਸ਼ਟੀ ਸ਼ਾਖਾਵਾਂ ਨੇ ਵੀ ਕੁਲ ਮਿਲਾਕੇ ਸਾਂਖਯ ਮਤ ਜਾਂ ਵੇਦਾਂਤ ਦਰਸ਼ਨ ਦੇ ਆਧਾਰ ਤੇ ਹੀ ਆਪਣੇ ਦ੍ਰਿਸ਼ਟੀਕੋਣ ਪ੍ਰਗਟ ਕੀਤੇ ਹਨ।

ਇਸਲਾਮ ਅਨੁਸਾਰ ਅੱਲਾ ਦੇ ਕੇਵਲ ਕੁੰਨ (ਹੋ ਜਾ) ਕਹਿਣ ਨਾਲ ਅਭਾਵ ਤੋਂ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ।

ਯਹੂਦੀ ਮਤ ਦੀ ਪਵਿਤਰ ਪੁਸਤਕ ਪੁਰਾਣਾ ਅਹਿਦਨਾਮਾ (Old Testament) ਦੇ ਪਹਿਲੇ ਪਾਠ ਉਤਪਤੀ (Genesis) ਵਿਚ ਵੀ ਇਹ ਸੰਕੇਤ ਮਿਲਦਾ ਹੈ ਕਿ ਪਰਮਾਤਮਾ ਨੇ ਸਾਰੇ ਆਕਾਰ ਬਣਾਏ ਅਤੇ ਆਦਿ ਵਿੱਚ ਕੇਵਲ ਉਹੀ ਸੀ। ਸ੍ਰਿਸ਼ਟੀ ਬਣਾਕੇ ਫਿਰ ਉਹ ਅਟੰਕ ਹੋ ਕੇ ਬੈਠ ਗਿਆ। ਆਦਿ ਸਮੇਂ (ਜਦੋਂ ਸ੍ਰਿਸ਼ਟੀ ਨਹੀਂ ਸੀ ਚਾਰੇ ਪਾਸੇ ਹਨੇਰਾ ਸੀ।

ਸ੍ਰਿਸ਼ਟੀ ਰਚਣ ਦੀ ਵਿਆਖਿਆ ਗੁਰਮਤਿ ਵਿੱਚ ਬੜੇ ਵਿਸਥਾਰ ਨਾਲ ਕੀਤੀ ਗਈ ਹੈ ਜੋ ਹੋਰ ਵਿਚਾਰ-ਸਿਧਾਂਤਾਂ ਤੋਂ ਵੱਖਰੀ ਹੈ। ਗੁਰੂ ਨਾਨਕ ਦੇਵ ਜੀ ਨੇ ਬਾਣੀ ਵਿੱਚ ਸ੍ਰਿਸ਼ਟੀ ਰਚਨਾ ਦਾ ਹਰ ਪੱਖ ਛੋਹਿਆ ਹੈ। ਗੁਰੂ ਨਾਨਕ ਦੇਵ ਜੀ ਨੇ ਪਰਮ ਪੁਰਖ ਪਰਮਾਤਮਾ ਨੂੰ ਸ੍ਰਿਸ਼ਟੀ ਦਾ ਕਰਤਾ ਮੰਨਿਆ ਹੈ।

ਤੁਧੁ ਆਪੇ ਸ੍ਰਿਸਟੀ ਸਭ ਉਪਾਈ ਜੀ

ਤੁਧੁ ਆਪੇ ਸਿਰਜਿ ਸਭ ਗੋਈ।। (ਪੰਨਾ 11)

ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ।

ਤੂੰ ਜਾਣਹਿ ਜਿਨਿ ਉਪਾਈ ਐ ਸਭੁ ਖੇਲੁ ਤੁਮਾਤੀ।। (ਪੰਨਾ 138)

ਗੁਰੂ ਜੀ ਨੇ ਸ੍ਰਿਸ਼ਟੀ ਦੀ ਰਚਨਾ ਬਾਰੇ ਸ੍ਰਿਸ਼ਟੀ ਕਰਤਾ ਦੀ ਸ੍ਰਿਸ਼ਟੀ ਰਚਣ ਤੋਂ ਪਹਿਲਾਂ ਦੀ ਅਵਸਥਾ, ਸ੍ਰਿਸ਼ਟੀ ਰਚਣ ਵੇਲੇ ਦੀ ਅਵਸਥਾ ਤੇ ਸ੍ਰਿਸ਼ਟੀ ਰਚਣ ਤੋਂ ਬਾਅਦ ਦੀ ਅਵਸਥਾ ਨੂੰ ਬਾਖੂਬੀ ਬਿਆਨਿਆ ਹੈ।

ਸ੍ਰਿਸ਼ਟੀ ਰਚਣ ਤੋਂ ਪਹਿਲਾਂ: ਕਰਤਾ ਦੀ ਰਚਨਾ ਤੋਂ ਪਹਿਲਾਂ ਦੀ ਅਵਸਥਾ ਨੂੰ ਗੁਰੂ ਜੀ ਨੇ ‘ਸੁੰਨ, ‘ਧੁੰਦੂਕਾਰ’, ‘ਗੁਬਾਰ’, ‘ਬਿਸਮਾਦ’, ‘ਤਾੜੀ’, ‘ਗੁਪਤ’ ‘ਆਪੇ ਆਪਿ’ ਦੀ ਅਵਸਥਾ ਬਿਆਨਿਆ ਹੈ।

1. ਅਰਬਦ ਨਰਬਦ ਧੁੰਧੂਕਾਰਾ” (ਮਾਰੂ, ਪੰਨਾ 1035)

2. ਕੇਤੇ ਜੁਗ ਵਰਤੇ ਗੁਬਾਰੈ

ਤਾੜੀ ਲਾਈ ਅਪਰ ਅਪਾਰੇ (ਮਾਰੂ, ਪੰਨਾ 1036)

3. ਕੇਤੜਿਆ ਦਿਨ ਗੁਪਤ ਕਹਾਇਆ।।

ਕੇਤੜਿਆ ਦਿਨ ਸੁੰਨਿ ਸਮਾਇਆ।। (ਮਾਰੂ-4, ਪੰਨਾ 1071)

4. ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ

ਸੁੰਨ ਨਿਰੰਤਰਿ ਵਾਸੁ ਲੀਆ।। (ਰਾਮ-1, ਪੰਨਾ 940)

5. ਛਤੀਹ ਜੁਗ ਗੁਬਾਰ ਸਾ ਆਪੇ ਗਣਤ ਕੀਨੀ।

ਆਪੇ ਸ੍ਰਿਸ਼ਟੀ ਸਭ ਸਾਜੀਅਨੁ ਆਪਿ ਮਤਿ ਦੀਨੀ।। (ਸ੍ਰੀ ਗਰੂ ਗ੍ਰੰਥ ਸਾਹਿਬ, ਪੰਨਾ 949)

ਗੁਰਮਤਿ ਦ੍ਰਿਸ਼ਟੀ ਅਨੁਸਾਰ ਰਚਨਾ ਤੋਂ ਪੂਰਵ ਦੀ ‘ਸੁੰਨ’ ਬੋਧੀ ਦਾਰਸ਼ਨਿਕ ਨਾਗਾਰੁਜਨ ਦੇ ‘ਸ਼ੂੰਨਯਵਾਦ’ ਤੋਂ ਭਿੰਨ ਹੈ। ਚਿੰਤਕਾਂ ਨੇ ਨਾਗਾਰੁਜਨ ਦੇ ਸੁੰਨ ਦੇ ਅਰਥ ‘Nothing’ ਤੋਂ ਕੀਤੇ ਹਨ। ਗੁਰਬਾਣੀ ਨੇ ਭਾਵੇਂ ਨਿਰਗੁਣ ਬ੍ਰਹਮ ਦੀ ਆਦਿ ਅਵਸਥਾ ਪ੍ਰਗਟਾਉਣ ਲਈ ‘ਸੁੰਨ’ ਸ਼ਬਦ ਦਾ ਪ੍ਰਯੋਗ ਕੀਤਾ ਹੈ (Encyclopedia Britannica (Micropaedia) Vol IV P-592) ਪਰ ਇਸ ਦਾ ਭਾਵ ਇਹ ਹੈ ਕਿ ਇਕੋ ਇੱਕ ਪਰਮ ਸਤਾ ਦੀ ਹੋਂਦ ਤੋਂ ਬਿਨਾਂ ਹੋਰ ਕੁੱਝ ਨਹੀਂ ਸੀ। ਇਹ ਉਸ ਦੀ ਅਕ੍ਰਿਆਸ਼ੀਲਤਾ ਦਾ ਪ੍ਰਗਟਾਵਾ ਹੈ।

ਛੱਤੀ ਯੁਗ ਸੁੰਨ ਅਵਸਥਾ ਦਾ ਵਰਨਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੀਤਾ ਗਿਆ ਹੈ।

ਛਤੀਹ ਜੁਗ ਗੁਬਾਰ ਸਾ (ਮਹਲਾ 3, ਪੰਨਾ 949)

ਜੁਗ ਛਤੀਹ ਕੀਓ ਗੁਬਾਰਾ (ਮਾਰੂ-3, ਪੰਨਾ 1061)

ਜੁਗ ਛਤੀਹ ਗੁਬਾਰ ਕਰਿ (ਬਿਹ: ਵਾਰ-4, ਪੰਨਾ 555)

ਜੁਗ ਛਤੀਹ ਤਿਨੈ ਵਰਤਾਏ (ਮਾਰੂ-1, ਪੰਨਾ 1026)

ਜੁਗ ਛਤੀਹ ਗੁਬਾਰ ਤਿਸਹੀ (ਮਲਾਰ ਵਾਰ-1, ਪੰਨਾ 1282)

ਇਹ ਛੱਤੀ ਤਰ੍ਹਾਂ ਦੇ ਯੁੱਗਾਂ ਦਾ ਬੋਧਕ ਸ਼ਬਦ-ਜੁੱਟ ਹੈ, ਭਾਰਤੀ ਚਿੰਤਨ ਅਨੁਸਾਰ ਕਾਲ-ਪ੍ਰਮਾਣ ਨੂੰ ਯੁੱਗ ਕਿਹਾ ਜਾਂਦਾ ਹੈ। ਯੁੱਗ ਗਿਣਤੀ ਵਿੱਚ ਚਾਰ ਹਨ ਸਤਿਯੁੱਗ (ਕ੍ਰਿਤਯੁੱਗ), ਤ੍ਰੇਤਾ ਯੁੱਗ, ਦਵਾਪਰ ਯੁੱਗ ਅਤੇ ਕਲਿਯੁੱਗ। ਇਨ੍ਹਾਂ ਯੁਗਾਂ ਦੀ ਮਿਆਦ ਕ੍ਰਮਵਾਰ 4800, 3600, 2400 ਅਤੇ 1200 ਦੇਵਤਾ ਵਰ੍ਹੇ ਹੈ। ਦੇਵਤਾ ਵਰ੍ਹਾ ਮਨੁੱਖ ਦੇ 360 ਵਰ੍ਹਿਆਂ ਜਿਤਨਾ ਹੈ। ਇਸ ਤਰ੍ਹਾਂ ਯੁੱਗਾਂ ਦੀ ਮਿਆਦ ਮਨੁੱਖੀ ਸਾਲਾਂ ਅਨੁਸਾਰ ਇਸ ਤਰ੍ਹਾਂ ਹੈ: ਸਤਿਯੁਗ- 17, 28, 000 ਵਰ੍ਹੇ, ਤ੍ਰੇਤਾ ਯੁਗ- 12, 96, 000 ਵਰ੍ਹੇ, ਦਵਾਪਰ ਯੁਗ- 8, 64, 000 ਵਰ੍ਹੇ ਅਤੇ ਕਲਿਯੁਗ 4, 32, 000 ਵਰ੍ਹੇ। ਇਨ੍ਹਾਂ ਚਾਰ ਯੁਗਾਂ ਦਾ ਸਮੁੱਚ ਚਤੁਰਯਸ਼ੀ ਜਾਂ ਮਹਾਂਯੁਗ ਅਖਵਾਉਦਾ ਹੈ ਅਤੇ ਇਸ ਵਿੱਚ ਕੁਲ 4, 32, 00, 00, 000 (ਚਾਰ ਅਰਬ ਬੱਤੀ ਕਰੋੜ) ਵਰ੍ਹੇ ਹੁੰਦੇ ਹਨ। ਵਿਦਵਾਨਾਂ ਨੇ ਹਰ ਇੱਕ ਯੁੱਗ ਦੀਆਂ ਨੌਂ ਨੌਂ ਚੌਂਕੜੀਆਂ ਕਲਪਿਤ ਕੀਤੀਆਂ ਹਨ। ਇਸ ਤਰ੍ਹਾਂ ਯੁਗਾਂ ਦੀ ਗਿਣਤੀ ਛੱਤੀ ਹੋ ਗਈ। ਛੱਤੀ ਯੁਗ ਦਾ ਸਮਾਂ ਇਸ ਤਰ੍ਹਾਂ ਹੋਇਆ:

9¿4, 32, 00, 00, 000 = 38, 88, 00, 00, 000 ਵਰ੍ਹੇ।

ਪਰਮਾਤਮਾ ਦੀ ਸੁੰਨ ਅਵਸਥਾ, ਅੰਧਕਾਰ ਜਾਂ ਧੁੰਧੂਕਾਰ ਅਵਸਥਾ, 38 ਅਰਬ 88 ਕਰੋੜ ਬਣਦੀ ਹੈ। ਸੁੰਨ ਅਵਸਥਾ ਦੀ ਸਥਿਤੀ ਦਾ ਵਰਨਣ ਗੁਰੂ ਨਾਨਕ ਦੇਵ ਜੀ ਨੇ (ਪੰਨਾ 1038-39) ਇਸ ਤਰ੍ਹਾਂ ਕੀਤਾ ਹੈ:

ਅਰਬਦ ਨਰਬਦ ਧੁੰਧੂਕਾਰਾ। ਧਰਣਿ ਨ ਗਗਨਾ ਹੁਕਮੁ ਅਪਾਰਾ।।

ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ। (1)

ਖਾਣੀ ਨ ਬਾਣੀ ਪਉਣਾ ਨ ਪਾਣੀ।। ਓਪਤਿ ਖਪਤਿ ਨ ਆਵਣ ਜਾਣੀ।।

ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨ ਨੀਰ ਵਹਾਇਦਾ।। 2. ।

ਨਾ ਤੰਦਿ ਸੁਰਗੁ ਮਛੁ ਪਇਆਲਾ।। ਦੋਜਕੁ ਭਿਸਤੁ ਨਹੀਂ ਪੈ ਕਾਲਾ।।

ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨ ਕੋ ਆਇ ਨ ਜਾਇਦਾ।। 3. ।

ਬ੍ਰਹਮਾ ਬਿਸਨੁ ਮਹੇਸੁ ਨ ਕੋਈ।। ਅਵਰੁ ਨ ਦੀਸੈ ਏਕੋ ਕੋਈ।।

ਨਾਰਿ ਪੁਰਖੁ ਨਹੀ ਜਮੰਤ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ।। 4. ।

ਨਾ ਤਦਿ ਜਤੀ ਸਤੀ ਬਨਵਾਸੀ।। ਨਾ ਤਦਿ ਸਿਧ ਸਾਧਿਕ ਸੁਖਵਾਸੀ।।

ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥ ਕਹਾਇਦਾ।। 5. ।

ਜਪ ਤਪ ਸੰਜਮ ਨ ਬੁਤ ਪੂਜਾ।। ਨਾ ਕੋ ਆਖਿ ਵਖਾਣੈ ਦੂਜਾ।।

ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ।। 6. ।

ਨਾ ਸੁਚਿ ਸੰਜਮ ਤੁਲਸੀ ਮਾਲਾ।। ਗੋਪੀ ਕਾਨੁ ਨ ਗਊ ਗੋਆਲਾ।।

ਤੰਤੁ ਮੰਤੁ ਪਾਖੰਡ ਨ ਕੋਈ ਨਾ ਕੋ ਵੰਸੁ ਵਜਾਇੰਦਾ।। 7. ।

ਕਰਮ ਧਰਮ ਨਹੀ ਮਾਇਆ ਮਾਖੀ, ਜਾਤਿ ਜਨਮ ਨਹੀ ਦੀਸੈ ਆਖੀ।।

ਮਮਤਾ ਜਾਲੁ ਕਾਲੁ ਨਹੀ ਮਾਥੈ ਨ ਕੋ ਕਿਸੇ ਧਿਆਇਦਾ।। 8. ।

ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ।। ਨ ਤਦਿ ਗੋਰਖੁ ਨਾ ਮਾਛਿੰਦੋ।।

ਨਾ ਤਦਿ ਗਿਨੁ ਧਿਆਨ ਕੁਲ ਓਪਤਿ ਨਾ ਕੋ ਗਣਤ ਗਣਾਇਦਾ।। 9. ।

ਵਰਨ ਭੇਖ ਨਹੀਂ ਬ੍ਰਹਮਣ ਖਤ੍ਰੀ।। ਦੋਉ ਨ ਦੇਹੁਰਾ ਗਊ ਗਇਤ੍ਰੀ।।

ਹੋਮ ਜਗ ਨਹੀ ਤੀਰਥਿ ਨਾਵਣ ਨਾ ਜੋ ਪੂਜਾ ਲਾਇਦਾ।। 10. ।

ਨਾ ਕੋ ਮੁਲਾ ਨਾ ਕੋ ਕਾਜੀ।। ਨਾ ਕੋ ਸੇਖ ਮਸਾਇਦੁ ਹਾਜੀ।।

ਰੀਅਤਿ ਗਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ।। 11. ।

ਗਉ ਨ ਭਗਤੀ ਨਾ ਸਿਵ ਸਕਤੀ।। ਸਾਜਨੁ ਮੀਤੁ ਬਿੰਦੁ ਨਹੀ ਰਕਤੀ।।

ਆਪੇ ਸਾਹੁ ਆਪੇ ਵਣਜਾਰਾ ਸਾਚ ਏਹੋ ਭਾਇਦਾ।। 12. ।

ਬੇਦ ਕਤੇਬ ਨ ਸਿੰਮ੍ਰਿਤ ਸਾਸਤ।। ਪਾਠ ਪੁਰਾਣ ਉਦੈ ਨਹੀਂ ਆਸਤ।।

ਕਹਤਾ ਬਕਤਾ ਆਪਿ ਅਗੋਚਰ ਆਪੇ ਅਦਖੁ ਲਖਾਇਦਾ।। 13. ।

ਸੁੰਨ ਅਵਸਥਾ ਵਿਚੋਂ ਪ੍ਰਗਟ ਹੋਣ ਬਾਰੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਮਿਲਦਾ ਹੈ।

ਸੁੰਨ ਕਲਾ ਅਪਰੰਪਰਿਧਾਰੀ।। ਆਰਿ ਨਿਰਾਲਮ ਅਪਰ ਅਪਾਰੀ।। (ਪੰਨਾ 1037)

ਸੁੰਨ ਵਿਚੋਂ ਸਾਰੀ ਸ੍ਰਿਸ਼ਟੀ ਰਚਣ ਬਾਰੇ ਇਸ ਤਰ੍ਹਾਂ ਦਰਜ ਹੈ।

ਆਪੇ ਕੁਦਰਤਿ ਕਰਿ ਕਰਿ ਦੇਖੈ ਸੁਨਹੁੰ ਸੁੰਨੁ ਉਪਾਇਦਾ।। 1. ।

ਪਉਣੁ ਪਾਣੀ ਸੁੰਨੈ ਤੇ ਸਾਜੇ।। ਸ੍ਰਿਸਟੀ ਉਪਾਇ ਕਾਇਆ ਗੜ ਰਾਜੇ।।

ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ।। 2. ।

ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ।। ਸੁੰਨੇ ਵਰਤੇ ਜੁਗ ਸਬਾਏ।।

ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀ ਐ ਭਰਮੁ ਚੁਕਾਇਦਾ।। 3. ।

ਸੁੰਨਹੁ ਸਪਤ ਸਰੋਵਰ ਥਾਪੇ।। ਜਿਨ ਸਾਜੇ ਵੀਚਾਰੇ ਆਪੇ।।

ਤਿਤੁ ਸਤਸਰਿ ਮਨੂਆ ਗੁਰਮਖਿ ਨਾਵੈ ਫਿਰਿ ਬਾਹੁੜਿ ਜੋਨਿ ਨ ਪਾਇਦਾ।। 4. ।

ਸੁੰਨਹੁ ਚੰਦੁ ਸੂਰਜੁ ਸੈਣਾਰੇ।। ਤਿਸ ਕੀ ਜੋਤਿ ਤ੍ਰਿਭਵਣ ਸਾਰੇ।।

ਸੁੰਨ ਅਲਖ ਅਪਾਰ ਨਿਰਾਲਮੁ ਸੁੰਨੇ ਤਾੜੀ ਲਾਇਦਾ।। 5. ।

ਸੁੰਨਹੁੰ ਧਰਤਿ ਅਕਾਸੁ ਉਪਾਏ। ਬਿਨ ਥੰਮਾ ਰਾਖੇ ਸਚੁ ਕਲ ਪਾਏ।।

ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਆ।। 6. ।

ਸੁੰਨਹੁੰ ਖਾਣੀ ਸੁੰਨਹੁ ਬਾਣੀ।। ਸੁੰਨਹੁ ਉਪਜੀ ਸੁੰਨਿ ਸਮਾਣੀ।।

ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ।। 7. ।

ਸੁੰਨਹੁ ਰਾਤਿ ਦਿਨ ਸੁ ਦੁਇ ਕੀਏ।। ਓਪਤ ਖਪਤ ਸੁਖ ਦੁਖ ਦੀਏ।।

ਸੁਖਦੁਖ ਹੀ ਤੇ ਅਮਰ ਅਤੀਤਾ ਗੁਰਮੁਖਿ ਨਿਜ ਘਰਿ ਪਾਇਦਾ।। 8. ।

ਸਾਮਵੇਦੁ ਰਾਗੁ ਜੁਜਰੁ ਅਥਰਬਣੁ।। ਬ੍ਰਹਮੇ ਮੁਖਿ ਮਾਇਆ ਹੈ ਤ੍ਰੈਗੁਣ।।

ਤਾਕੀ ਕੀਮਤਿ ਕਹਿ ਨ ਸਕੈ ਕੋ ਤਿਉ ਬੋਲੋ ਜਿਉ ਬੋਲਾਇਦਾ।। 9. ।

ਸੁਨਹੁੰ ਸਪਤ ਪਾਤਾਲ ਉਪਾਏ।। ਸੁੰਨਹੁ ਭਵਣੁ ਰਖੇ ਲਿਵ ਲਾਏ।।

ਆਪੇ ਕਾਰਣੁ-ਕੀਆ ਅਪਰੰਪਰਿ ਸਭਿ ਤੇਰੋ ਕੀਆ ਕਮਾਇਦਾ।। 10. ।

ਸੁੰਨਹੁੰ ਉਪਜੇ ਦਸ ਅਵਤਾਰਾ।। ਸ੍ਰਿਸ਼ਟਿ ਉਪਾਇ ਕੀਆ ਪਾਸਾਰਾ।।

ਦੇਵ ਦਾਨਵ ਗਣ ਗੰਦਰਭ ਸਾਜੇ ਸਭਿ ਲਿਖਿਆ ਕਰਮ ਕਮਾਇਦਾ।। 12. ।

ਪੰਜ ਤਤੁ ਸੁੰਨਹੁੰ ਪਰਗਾਸ।। ਦੇਹ ਸੰਜੋਗੀ ਕਰਮ ਅਭਿਆਸਾ।।

ਬੁਰਾ ਭਲਾ ਦੁਇ ਮਸਤਕਿ ਲੀਖੋ ਪਾਪੁ ਪੁੰਨੁ ਬੀਜਾਇਦਾ।। 14. ।

ਸ਼ਿਰਸ਼ਟੀ ਦਾ ਇਸ ਤੋਂ ਵਿਸਤ੍ਰਤ ਵਰਨਣ ਦੁਨੀਆ ਦੇ ਹੋਰ ਕਿਸੇ ਵੀ ਗ੍ਰੰਥ ਵਿੱਚ ਨਹੀਂ

ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ




.