.

ਗੁਰਬਾਣੀ ਵਿੱਚ ਸਰਬ ਸਾਂਝੀਵਾਲਤਾ ਦਾ ਸੰਕਲਪ

(ਸੁਖਜੀਤ ਸਿੰਘ, ਕਪੂਰਥਲਾ)

ਗੁਰਬਾਣੀ ਵਿੱਚ “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” (੯੭) ਰਾਹੀ ਦਰਸਾਈ ਸਾਂਝੀਵਾਲਤਾ ਦੇ ਸੰਕਲਪ ਨੂੰ ਸਹੀ ਅਰਥਾਂ ਵਿੱਚ ਸਮਝਣ ਲਈ ਸਾਨੂੰ ਗੁਰਬਾਣੀ ਦੇ ਆਗਮਨ ਤੋਂ ਪਹਿਲਾਂ ਦੇ ਸਮੇਂ ਨੂੰ ਧਿਆਨ ਵਿੱਚ ਰੱਖਣਾ ਪਵੇਗਾ। ਗੁਰੂ ਕਾਲ ਤੋਂ ਪਹਿਲਾਂ ਦੇ ਰਾਜਨੀਤਕ ਹਾਲਾਤ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ “ਰਾਜੇ ਸੀਹ ਮੁੱਕਦਮ ਕੁਤੇ …।। “ (੧੨੮੮) ਰਾਹੀਂ ਸਪਸ਼ਟ ਬਿਆਨ ਕਰ ਦਿਤਾ ਇਥੇ ਹੀ ਬੱਸ ਨਹੀਂ ਸਗੋਂ-

ਕਲਿ ਕਾਤੀ ਰਾਜੇ ਕਸਾਈ ਧਰਮੁ ਪੰਖ ਕਰਿ ਉਡਰਿਆ।।

ਕੂੜੁ ਅਮਾਵਸ ਸਚੁ ਚੰਦਰਮਾ ਦੀਸੈ ਨਾਹੀ ਕਹ ਚੜਿਆ।। (੧੪੫)

ਰਾਹੀ ਐਸੇ ਰਾਜਨੀਤੀਕ ਹਾਲਾਤ ਨੂੰ ਸਾਂਝੀਵਾਲਤਾ ਦੇ ਰਸਤੇ ਵਿੱਚ ਰੁਕਾਵਟ ਵਜੋਂ ਪੂਰੀ ਤਰਾਂ ਉਜਾਗਰ ਕਰ ਦਿਤਾ। ਉਸ ਸਮੇਂ ਦੇ ਧਾਰਮਿਕ ਹਾਲਾਤ ਨੂੰ ਬਿਆਨ ਕਰਦਿਆਂ ਧਰਮ ਦੇ ਅਖੌਤੀ ਠੇਕੇਦਾਰਾਂ-ਕਾਜ਼ੀ, ਬ੍ਰਾਹਮਣ, ਜੋਗੀ ਆਦਿ ਦੇ ਕਿਰਦਾਰ-

ਕਾਦੀ ਕੂੜੁ ਬੋਲਿ ਮਲ ਖਾਇ।।

ਬਾਹਮਣ ਨਾਵੈ ਜੀਆ ਘਾਇ।।

ਜੋਗੀ ਜੁਗਤਿ ਨ ਜਾਣੈ ਅੰਧ।।

ਤੀਨੇ ਓਜਾੜੇ ਕਾ ਬੰਧੁ।। (੬੬੨)

ਨੂੰ ਮਨੁੱਖਤਾ ਦੇ ਸਾਹਮਣੇ ਰੱਖਿਆ ਅਤੇ ਇਨ੍ਹਾਂ ਨੂੰ ਨਿੱਜੀ ਸਵਾਰਥ ਅਧੀਨ ਮਨੁੱਖਤਾ ਨੂੰ ਕੁਰਾਹੇ ਪਾਉਣ “ਅਨ ਕਉ ਮਤੀ ਦੇ ਚਲਹਿ ਮਾਇਆ ਦਾ ਵਪਾਰ।। “ (੫੬) ਵਾਲੇ ਆਖ ਕੇ ਸੁਚੇਤ ਕੀਤਾ।

ਸਰਬ ਸਾਂਝੀਵਾਲਤਾ ਦੇ ਰਸਤੇ ਦੀ ਸਭ ਤੋਂ ਵਡੀ ਰੁਕਾਵਟ ਵਰਣ-ਵੰਡ ਨੂੰ ਦਸਦੇ ਹੋਏ ਉਸ ਸਮੇਂ ਦੇ ਸਮਾਜਕ ਹਾਲਾਤ ਬਾਰੇ ਵੀ ਗੁਰਬਾਣੀ ਰਾਹੀਂ ਮਨੁੱਖਤਾ ਨੂੰ ਜਾਗਰਿਤ ਕਰਨ ਦਾ ਕਾਰਜ ਕੀਤਾ ਗਿਆ ਹੈ। ਭਾਈ ਗੁਰਦਾਸ ਜੀ ਉਸ ਸਮੇਂ ਦੇ ਮਨੁੱਖਾਂ ਵਿੱਚ ਜਾਤ, ਧਰਮ, ਸਮਾਜਕ ਵਰਣ-ਵੰਡ ਦੇ ਅਧਾਰ ਉਪਰ ਪਈਆਂ ਹੋਈਆਂ ਵੰਡੀਆਂ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ-

ਚਾਰਿ ਵਰਣ ਚਾਰਿ ਮਜਹਬਾ, ਜਗ ਵਿੱਚ ਹਿੰਦੂ ਮੁਸਲਮਾਣੇ।।

ਖੁਦੀ ਬਖੀਲਿ ਤਕਬਰੀ, ਖਿੰਚੋਤਾਣ ਕਰਨਿ ਧਿਙਾਣੇ।।

ਗੰਗ ਬਨਰਸ ਹਿੰਦੂਆ, ਮਕਾ ਕਾਬਾ ਮੁਸਲਮਾਣੇ।।

ਸੁੰਨਤਿ ਮੁਸਲਮਾਨ ਦੀ ਤਿਲਕ ਜੰਝੂ ਲੋਭਾਣੇ।।

ਰਾਮ ਰਹੀਮ ਕਹਾਇਦੇ ਇਕੁ ਨਾਮ ਦੁਇ ਰਾਹ ਭੁਲਾਣੇ।।

ਬੇਦ ਕਤੇਬ ਕਹਾਇਦੇ ਮੋਹੇ ਲਾਲਚ ਦੁਨੀ ਸੈਤਾਣੇ।।

ਸਚ ਕਿਨਾਰੇ ਰਹਿ ਗਇਆ ਖਹਿ ਮਰਦੇ ਬਾਹਮਣ ਮਉਲਾਣੇ।। (ਵਾਰ ੧-ਪਉੜੀ ੨੧)

ਗੁਰੂ ਸਾਹਿਬਾਨ ਨੇ ਸਮਾਜ ਵਿੱਚ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਨ ਵਾਲੇ ਇਨ੍ਹਾਂ ਵਿਤਕਰਿਆਂ ਨੂੰ ਮੁਢੋਂ ਨਕਾਰਦੇ ਹੋਏ ਨਵਾਂ ਤੇ ਨਿਵੇਕਲਾ ਸਿਧਾਂਤ ਪੇਸ਼ ਕੀਤਾ। ਸਾਨੂੰ ਸਾਰਿਆਂ ਨੂੰ ਪੈਂਦਾ ਕਰਨ ਵਾਲਾ ਪ੍ਰਮੇਸ਼ਰ ਇੱਕ ਹੀ ਹੋਣ ਕਾਰਣ ਅਸੀਂ ਸਾਰੇ ਬਰਾਬਰ ਹਾਂ। ਗੁਰਬਾਣੀ ਦੇ “ਏਕ ਪਿਤਾ ਏਕਸ ਕੇ ਹਮ ਬਾਰਿਕ” (੬੧੧) ਅਥਵਾ “ਤੂ ਸਾਝਾ ਸਾਹਿਬੁ ਬਾਪੁ ਹਮਾਰਾ” (੯੭) ਸਿਧਾਂਤ ਅਨੁਸਾਰ ਕੋਈ ਚੰਗਾ ਜਾਂ ਮਾੜਾ ਕਿਵੇਂ ਹੋ ਸਕਦਾ ਹੈ?

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ।।

ਏਕ ਨੂਰ ਤੇ ਸਭ ਜਗੁ ਉਪਜਿਆ ਕਉਨ ਭਲੇ ਕੋ ਮੰਦੇ।। (੧੩੪੯)

ਇਸੇ ਸਬੰਧ ਵਿੱਚ ਭਗਤ ਫਰੀਦ ਜੀ ਵੀ ਫੁਰਮਾਣ ਕਰਦੇ ਹਨ-

ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ।।

ਮੰਦਾ ਕਿਸ ਨੋ ਆਖੀਐ ਜਾ ਤਿਸੁ ਬਿਨੁ ਕੋਈ ਨਾਹਿ।। (੧੩੮੧)

ਗੁਰਬਾਣੀ ਰਾਹੀਂ ਸਾਰੀ ਮਾਨਵਤਾ ਨੂੰ ਇੱਕ ਸੂਤਰ ਵਿੱਚ ਪਰੋਂਦੇ ਹੋਏ ਵਖ-ਵਖ ਧਰਮਾਂ ਦੇ ਅਧਾਰ ਤੇ ਨਾਂ ਟੁੱਟਣ ਵਾਲੀ ਨਫਰਤ ਤੇ ਹੰਕਾਰ ਦੀ ਮਜਬੂਤ ਕੰਧ ਨੂੰ ਤੋੜ ਦਿਤਾ ਗਿਆ। ਸਮਾਜ ਨੂੰ ਵੰਡਣ ਵਾਲੀ ਹਰ ਅਖੋਤੀ ਧਿਰ ਸਾਹਮਣੇ ਸਰਬ ਸਾਂਝੀਵਾਲਤਾ ਦਾ ਰਾਹ ਦਸੇਰਾ ਬਣ ਕੇ ਗੁਰਬਾਣੀ ਨੇ ਸਭ ਧਰਮਾਂ, ਨਸਲਾਂ, ਕੌਮਾਂ, ਦੇਸ਼ਾਂ ਦੇ ਸਰਬਸਾਂਝੇ ਰੱਬ ਦੇ ਮੂਲ ਸੰਦੇਸ਼ “ੴ” ਨੂੰ ਦ੍ਰਿੜਤਾ ਨਾਲ ਪ੍ਰਚਾਰਿਆ। ਜਨਮ ਦੇ ਅਧਾਰ ਤੇ ਪਏ ਹੋਏ ਜਾਤਾਂ-ਪਾਤਾਂ ਦੇ ਵਿਤਕਰਿਆਂ ਨੂੰ ਤੋੜਨ ਲਈ ਗੁਰਬਾਣੀ ਰਾਹੀਂ ਗਿਆਨ ਦਿਤਾ ਗਿਆ ਕਿ ਮਨੁੱਖ ਦੀ ਪਹਿਚਾਣ ਜਨਮ-ਜਾਤ ਦੇ ਅਧਾਰ ਤੇ ਕਰਨ ਦੀ ਥਾਂ ਉਸਦੇ ਕਰਮਾਂ ਦੇ ਅਧਾਰ ਉਪਰ ਕੀਤੀ ਜਾਣੀ ਬਣਦੀ ਹੈ-

ਜਾਤਿ ਜਨਮੁ ਨਹ ਪੂਛੀਐ ਸਚੁ ਘਰੁ ਲੇਹੁ ਬਤਾਇ।।

ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ।। (੧੩੩੦)

ਸਰਬ ਸਾਂਝੀਵਾਲਤਾ ਦੇ ਰਸਤੇ ਦੀ ਜਾਤ ਪਾਤ ਅਧਾਰਿਤ ਇਸ ਰੁਕਾਵਟ ਨੂੰ ਮੂਲੋਂ ਹੀ ਨਕਾਰਦੇ ਹੋਏ ਗੁਰਬਾਣੀ ਨੇ ਨਿਵੇਕਲਾ ਸਿਧਾਂਤ ਦਿਤਾ ਕਿ ਪ੍ਰਮੇਸ਼ਰ ਦੀ ਸਚੀ ਦਰਗਾਹ ਵਿੱਚ ਫੈਸਲਾ ਜਾਤ ਦੇ ਅਧਾਰ ਤੇ ਨਹੀਂ ਸਗੋਂ ਸਚ ਦੇ ਅਧਾਰ ਤੇ ਕੀਤੇ ਗਏ ਸ਼ੁਭ ਕਰਮਾਂ ਦੇ ਅਨੁਸਾਰ ਕੀਤਾ ਜਾਣਾ ਹੈ। ਇਸ ਪ੍ਰਥਾਇ ਗੁਰੂ ਵਾਕ ਹਨ-

ਆਗੈ ਜਾਤਿ ਰੂਪੁ ਨ ਜਾਇ।।

ਤੇਹਾ ਹੋਵੈ ਜੇਹੇ ਕਰਮ ਕਮਾਇ।। (੩੬੩)

ਗੁਰੂ ਨਾਨਕ ਸਾਹਿਬ ਨੇ ਤਾਂ ਸਰਬ ਸਾਂਝੀਵਾਲਤਾ ਦੇ ਸੰਕਲਪ ਨੂੰ ਦ੍ਰਿੜ ਕਰਵਾਉਂਦੇ ਹੋਏ ਅਖੌਤੀ ਸਮਾਜਿਕ ਵਰਣ-ਵੰਡ ਵਿੱਚ ਵੱਡੇ ਅਖਵਾਉਣ ਵਾਲਿਆਂ ਦਾ ਸਾਥੀ ਬਨਣ ਦੀ ਬਜਾਏ ਸਮਾਜ ਵਲੋਂ ਦੁਰਕਾਰੇ ਗਏ ਨੀਵਿਆਂ ਦਾ ਸਾਥੀ ਅਖਵਾਉਣ ਦਾ ਮਾਣ ਹਾਸਲ ਕੀਤਾ। ਪ੍ਰਮੇਸ਼ਰ ਦੇ ਘਰ ਦਾ ਸਿਧਾਂਤ ਹੈ ਕਿ ਜਿਥੇ ਮਨੁੱਖ-ਮਨੁੱਖ ਵਿੱਚ ਵਿਤਕਰਾ ਨਾ ਹੋਵੇ, ਹਰ ਇੱਕ ਨੂੰ ਬਰਾਬਰ ਸਮਝਿਆ ਜਾਵੇ, ਉਥੇ ਹੀ ਪ੍ਰਮੇਸ਼ਰ ਦੀ ਬਖਸ਼ਿਸ਼ ਰੂਪੀ ਮੀਂਹ ਵਰਸਦਾ ਹੈ। ਇਸ ਸਿਧਾਂਤ ਉਪਰ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਫੁਰਮਾਣ ਕੀਤਾ-

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।।

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।। (੧੫)

ਗੁਰਬਾਣੀ ਵਿੱਚ ਦਰਸਾਈ ਸਰਬ ਸਾਂਝੀਵਾਲਤਾ ਮਨੁੱਖੀ ਜੀਵਨ ਦਾ ਮੂਲ ਅਧਾਰ ਹੈ ਗੁਰੂ ਗੌਬਿੰਦ ਸਿੰਘ ਜੀ ਵਲੋਂ “ਮਾਨਸ ਕੀ ਜਾਤ ਸਭੇ ਏਕੈ ਪਹਿਚਾਨਬੋ” ਦੇ ਉਚਾਰੇ ਗਏ ਰੱਬੀ ਬਚਨ ਭਰਾਤਰੀਭਾਵ ਵਾਲੀ ਵਿਚਾਰਧਾਰਾ ਨੂੰ ਹੋਰ ਪ੍ਰਪੱਕ ਕਰਦੇ ਹਨ। ਵੱਖ ਵੱਖ ਧਰਮਾਂ ਦੇ ਅਧਾਰ ਤੇ ਪਈਆਂ ਹੋਈਆਂ ਵੰਡੀਆਂ ਨੂੰ “ਗੁਰਬਾਣੀ ਇਸੁ ਜਗ ਮਹਿ ਚਾਨਣੁ” (੬੭) ਵਾਲੇ ਗੁਰਮਤਿ ਸਿਧਾਂਤ ਦੀ ਰੋਸ਼ਨੀ ਵਿੱਚ ਨਕਾਰਦੇ ਹੋਏ-

ਸਰਬ ਧਰਮ ਮਹਿ ਸ੍ਰੇਸ਼ਟ ਧਰਮ।।

ਹਰਿ ਕੋ ਨਾਮ ਜਪਿ ਨਿਰਮਲ ਕਰਮ।। (੨੬੬)

ਧਰਮ ਦੀ ਨਵੀਂ ਅਤੇ ਸਰਵ ਪ੍ਰਵਾਨਿਤ ਪ੍ਰੀਭਾਸ਼ਾ ਦੇ ਦਿਤੀ। ਧਰਮ ਦੀ ਐਸੀ ਪ੍ਰੀਭਾਸ਼ਾ ਅਨੁਸਾਰ ਪ੍ਰਮੇਸ਼ਰ ਦੇ ਰੱਬੀ ਗਿਆਨ ਦੀ ਰੋਸ਼ਨੀ ਵਿੱਚ ਵਿਚਰਣ ਵਾਲਾ ਮਨੁੱਖ ਸ਼ੁਭ ਕਰਮਾਂ ਦਾ ਧਾਰਣੀ ਬਣ ਕੇ ਸਾਰੀ ਮਨੁੱਖਤਾ ਵਿਚ-

ਸਭ ਮਹਿ ਜੋਤਿ ਜੋਤਿ ਹੈ ਸੋਇ।।

ਤਿਸਦੈ ਚਾਨਣਿ ਸਭ ਮਹਿ ਚਾਨਣੁ ਹੋਇ।। (੧੩)

ਪ੍ਰਮੇਸ਼ਰ ਦੀ ਜੋਤ ਨੂੰ ਪਹਿਚਾਣ ਲੈਂਦਾ ਹੈ ਅਤੇ ਗੁਰਬਾਣੀ ਵਿੱਚ ਦਰਸਾਏ ਸਰਬ ਸਾਂਝੀਵਾਲਤਾ ਦੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਲੈਂਦਾ ਹੈ।

ਅਜ ਸਾਡੀ ਬਦਕਿਸਮਤੀ ਹੈ ਕਿ ਸਾਡੇ ਵਿਚੋਂ ਬਹੁਤੇ ਗੁਰਬਾਣੀ ਨੂੰ ਪੜਦੇ ਹੀ ਨਹੀ, ਜੋ ਪੜਦੇ ਵੀ ਹਨ ਉਹ ਪੂਰੀ ਤਰਾਂ ਸਮਝਦੇ ਨਹੀਂ। ਜੇਕਰ ਪੜੀ ਸੁਣੀ ਬਾਣੀ ਦੀ ਵਿਚਾਰ ਕਰ ਕੇ ਸਮਝ ਵਿੱਚ ਆ ਜਾਵੇ ਤਾਂ ਅਸੀ ਵੀ ਗੁਰਬਾਣੀ ਦੇ ਪਾਏ ਪੂਰਨਿਆਂ ਤੇ ਚਲ ਕੇ “ਸਭੇ ਘਟ ਰਾਮੁ ਬੋਲੇ ਰਾਮਾ ਬੋਲੇ।। ਰਾਮ ਬਿਨਾ ਕੋ ਬੋਲੇ ਰੇ।। “ (੯੮੮) ਨੂੰ ਸਮਝ ਸਕਦੇ ਹਾਂ। ਸਾਡੇ ਅੰਦਰੋਂ ਵੀ ਦੂਜਿਆਂ ਪ੍ਰਤੀ ਈਰਖਾ, ਵੈਰ-ਭਾਵ, ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਅਤੇ ਅਸੀਂ ਵੀ ਕਿਰਤ ਕਰਦੇ ਹੋਏ-ਨਾਮ ਜਪਦੇ ਹੋਏ-ਵੰਡ ਛਕਦੇ ਹੋਏ ਸਦਾਚਿਤ ਅਨੰਦ ਵਾਲੀ ਅਵਸਥਾ ਨੂੰ ਮਾਣ ਸਕਦੇ ਹਾਂ।

ਪੰਚਮ ਪਾਤਸ਼ਾਹ ਦਾ ਫੁਰਮਾਣ ਹੈ-

ਬਿਸਰਿ ਗਈ ਸਭ ਤਾਤ ਪਰਾਈ।।

ਜਬ ਤੇ ਸਾਧਸੰਗਤਿ ਮੋਹਿ ਪਾਈ।।

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ।। (੧੨੯੯)

ਗੁਰਬਾਣੀ ਵਿੱਚ ਸਰਬ ਸਾਂਝੀਵਾਲਤਾ ਦਾ ਦਿਤਾ ਗਿਆ ਸਿਧਾਂਤ ਕੇਵਲ ਕਥਨੀ ਮਾਤਰ ਹੀ ਨਹੀ ਸਗੋਂ 10 ਗੁਰੂ ਸਾਹਿਬਾਨ ਦੇ 239 ਸਾਲ ਦੀ ਲੰਮੀ ਘਾਲਣਾ ਘਾਲ ਕੇ ਆਦਰਸ਼ਕ ਮਨੁੱਖ ‘ਖਾਲਸੇ` ਦੇ ਰੂਪ ਵਿੱਚ ਰੂਪਮਾਨ ਕਰਕੇ ਸੰਸਾਰ ਸਾਹਮਣੇ ਪੇਸ਼ ਕੀਤਾ ਹੈ। ਇਸ ਸਾਂਝੀਵਾਲਤਾ ਦੇ ਸਕੰਲਪ ਨੂੰ ਸਰਬਸਾਂਝੇ ਗੁਰਦੁਆਰੇ, ਸਾਂਝੇ ਸਰੋਵਰ, ਸਾਂਝੀ ਸੰਗਤ, ਸਾਂਝੀ ਪੰਗਤ ਅਤੇ ਬਿਨਾ ਕਿਸੇ ਵਿਤਕਰੇ ਦੇ ਸਾਂਝੀ ਸੇਵਾ ਰਾਹੀਂ ਸਾਕਾਰ ਰੂਪ ਦਿਤਾ ਗਿਆ।

ਅਜ ਲੋੜ ਹੈ ਗੁਰਬਾਣੀ ਵਿੱਚ ਦਰਸਾਏ ਗਏ ਸਰਬ ਸਾਂਝੀਵਾਲਤਾ ਦੇ ਸੰਕਲਪ ਨੂੰ ਗੁਰਬਾਣੀ ਗਿਆਨ ਦੀ ਰੋਸ਼ਨੀ ਵਿੱਚ “ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ” (੬੭੧) ਵਾਲੀ ਜੀਵਨ ਜਾਚ ਬਣਾ ਕੇ ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦੇ ਪੂਰਨ ਰੂਪ ਵਿੱਚ ਪਾਤਰ ਬਣੀਏ।

============

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201/6 ਮੁਹੱਲਾ ਸੰਤਪੁਰਾ, ਕਪੂਰਥਲਾ

98720-76876, 01822-276876

ਈ. ਮੇਲ-[email protected] 
.