ਧਰਮ ਦੀ
ਸਮੱਸਿਆ-21
ਨਕਲੀ ਧਰਮਾਂ ਦੀ ਪਛਾਣ ਕਿਵੇਂ ਕਰੀਏ?
ਹਰਚਰਨ ਸਿੰਘ (ਸਿੱਖ ਵਿਰਸਾ)
Tel.: 403-681-8689 Email: [email protected]
www.sikhvirsa.com
ਨੋਟ: ਅੱਜ ਦੇ ਪ੍ਰਚਲਤ 10-15 ਜਥੇਬੰਦਕ ਧਰਮਾਂ (ਧਾਰਮਿਕ ਫਿਰਕਿਆਂ) ਵਿੱਚ ਅਨੇਕਾਂ
ਤਰ੍ਹਾਂ ਦੇ ਨਕਲੀ ਧਰਮ ਪ੍ਰਚਲਤ ਹੋ ਚੁੱਕੇ ਹਨ। ਜਿਨ੍ਹਾਂ ਤੇ ਪੁਜਾਰੀਆਂ, ਸਿਆਸਤਦਾਨਾਂ ਤੇ
ਸਰਮਾਏਦਾਰਾਂ ਦੀ ਤਿੱਕੜੀ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ। ਧਰਮਾਂ ਦਾ ਤਕਰੀਬਨ 5 ਹਜ਼ਾਰ ਸਾਲ ਦਾ
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਤਿੱਕੜੀ ਰਲ਼ ਕੇ ਮਨੁੱਖਤਾ ਨੂੰ ਧਰਮ ਦੇ ਨਾਮ ਤੇ ਲੁੱਟਦੀ ਆ
ਰਹੀ ਹੈ। ਧਰਮ ਇਨ੍ਹਾਂ ਲਈ ਪੈਸਾ ਕਮਾਉਣ ਦਾ ਧੰਦਾ ਤੇ ਸ਼ਰਧਾਲੂਆਂ ਦੀ ਤਾਕਤ ਨੂੰ ਆਪਣੇ ਸਿਆਸੀ
ਮੁਫਾਦਾਂ ਲਈ ਵਰਤਣ ਦਾ ਜ਼ਰੀਆ ਹੈ। ਇਨ੍ਹਾਂ ਦਾ ਇਹ ਧੰਦਾ ਸਦੀਆਂ ਤੋਂ ਅਗਿਆਨਤਾ, ਅੰਧ-ਵਿਸ਼ਵਾਸ਼ ਤੇ
ਕਰਮਕਾਂਡਾਂ ਦੇ ਅਧਾਰ ਤੇ ਚੱਲ ਰਿਹਾ ਹੈ। ਇਤਿਹਾਸ ਵਿੱਚ ਸਮੇਂ-ਸਮੇਂ ਅਨੇਕਾਂ ਸੱਚੇ ਮਨੁੱਖਤਾਵਾਦੀ
ਧਰਮ ਗੁਰੂ, ਰਹਿਬਰ, ਪੀਰ-ਪੈਗੰਬਰ, ਮਹਾਂਪੁਰਸ਼ ਪੈਦਾ ਹੁੰਦੇ ਰਹੇ, ਜੋ ਮਨੁੱਖ ਨੂੰ ਅਸਲੀ ਧਰਮ ਨਾਲ
ਜੋੜਦੇ ਰਹੇ, ਅਗਿਆਨਤਾ ਤੇ ਅੰਧ ਵਿਸ਼ਵਾਸ਼ ਦੀ ਬੇਹੋਸ਼ੀ ਵਿਚੋਂ ਜਗਾ ਕੇ ਸੱਚ ਦੇ ਰਾਹ ਪਾਉਂਦੇ ਰਹੇ।
ਪਰ ਇਸ ਤਿਕੜੀ ਨੇ ਅਜਿਹੇ ਮਹਾਨ ਪੁਰਸ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ। ਉਨ੍ਹਾਂ ਨੂੰ ਸੂਲ਼ੀਆਂ,
ਫਾਂਸੀਆਂ ਤੇ ਚੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚਦੇ
ਰਹੇ ਤੇ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਉਨ੍ਹਾਂ ਦੇ ਰਾਹਾਂ ਵਿੱਚ ਖੜੀਆਂ ਕਰਦੇ ਰਹੇ। ਪਰ ਫਿਰ
ਵੀ ਜਦੋਂ ਅਜਿਹੇ ਮਹਾਂਪੁਰਸ਼ ਆਪਣੀ ਨਵੀਂ ਤੇ ਵੱਖਰੀ ਵਿਚਾਰਧਾਰਾ ਮਨੁੱਖਤਾ ਨੂੰ ਦੇਣ ਵਿੱਚ ਸਫਲ ਹੋ
ਜਾਂਦੇ ਤਾਂ ਉਨ੍ਹਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਸਮਾਂ ਪਾ ਕੇ ਇਹ ਤਿਕੜੀ ਨਵੇਂ ਰੂਪ ਵਿੱਚ
ਉਸੇ ਮਹਾਂਪੁਰਸ਼ ਦੇ ਨਾਮ ਤੇ ਨਵੀਆਂ ਮਰਿਯਾਦਾਵਾਂ, ਕਰਮਕਾਂਡਾਂ ਤੇ ਚਿੰਨ੍ਹਾਂ ਨਾਲ ਲੈਸ ਹੋ ਕੇ
ਨਵਾਂ ਧਾਰਮਿਕ ਫਿਰਕਾ ਖੜਾ ਕਰਕੇ ਉਨ੍ਹਾਂ ਦੇ ਅਨੁਆਈਆਂ ਨੂੰ ਆਪਣੇ ਨਕਲੀ ਧਰਮ ਦੇ ਮਾਇਆ ਜਾਲ ਵਿੱਚ
ਫਸਾ ਲੈਂਦੇ। ਅੱਜ ਦੇ ਪ੍ਰਚਲਤ ਹਰ ਜਥੇਬੰਦਕ ਛੋਟੇ ਵੱਡੇ ਧਾਰਮਿਕ ਫਿਰਕੇ ਵਿੱਚ ਨਕਲੀ ਧਰਮਾਂ ਦਾ
ਪੂਰਾ ਬੋਲਬਾਲਾ ਹੈ ਤੇ ਅਸਲੀ ਧਰਮ ਇਨ੍ਹਾਂ ਵਿਚੋਂ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ। ਹਰ ਧਾਰਮਿਕ
ਫਿਰਕਾ ਝੂਠੀਆਂ, ਅੰਧ ਵਿਸ਼ਵਾਸ਼ੀ, ਅਗਿਆਨਤਾ ਭਰਪੂਰ ਰੀਤਾਂ-ਰਸਮਾਂ, ਕਰਾਮਾਤਾਂ, ਕਰਮਕਾਂਡਾਂ,
ਮਰਿਯਾਦਾਵਾਂ, ਪ੍ਰੰਪਰਾਵਾਂ, ਧਾਰਮਿਕ ਚਿੰਨ੍ਹਾਂ ਦਾ ਮਿਲਗੋਭਾ ਜਿਹਾ ਨਕਲੀ ਧਰਮ ਬਣ ਚੁੱਕਾ ਹੈ। ਇਸ
ਲੇਖ ਲੜੀ ਦਾ ਮਕਸਦ ਆਮ ਵਿਅਕਤੀ ਨੂੰ ਜਿਥੇ ਧਰਮ ਦੇ ਨਾਮ ਤੇ ਬਣੇ ਹੋਏ ਇਨ੍ਹਾਂ ਧਾਰਮਿਕ ਫਿਰਕਿਆਂ
ਵਿਚਲੇ ਨਕਲੀ ਧਰਮਾਂ ਤੋਂ ਜਾਣੂ ਕਰਾਉਣਾ ਹੈ, ਉਥੇ ਅਸਲੀ ਧਰਮ ਦੀ ਜਾਣ ਪਛਾਣ ਕਰਾਉਣਾ ਵੀ ਹੈ ਤਾਂ
ਕਿ ਲੋਕ ਸੱਚੇ ਤੇ ਅਸਲੀ ਧਰਮ ਨਾਲ ਜੁੜ ਸਕਣ। ਕੋਸ਼ਿਸ਼ ਇਹੀ ਹੈ ਕਿ ਲੋਕ ਬੇਹੋਸ਼ੀ ਤੋਂ ਜਾਗ ਪੈਣ ਤੇ
ਪਛਾਣ ਕਰਨ ਦੇ ਸਮਰੱਥ ਹੋ ਸਕਣ ਕਿ ਜਿਸਨੂੰ ਉਹ ਤਨੋ, ਮਨੋ, ਧਨੋ ਧਰਮ ਸਮਝ ਕੇ ਆਪਾ ਨਿਛਾਵਰ ਕਰ ਰਹੇ
ਹਨ, ਕੀ ਉਸ ਵਿੱਚ ਕੁੱਝ ਧਰਮ ਦਾ ਅੰਸ਼ ਹੈ ਵੀ ਜਾਂ ਉਹ ਸਿਰਫ ਪੁਜਾਰੀਆਂ ਦੀਆਂ ਬਣਾਈਆਂ ਅਗਿਆਨਤਾ ਤੇ
ਅੰਧ ਵਿਸ਼ਵਾਸ਼ ਅਧਾਰਿਤ ਮਰਿਯਾਦਾਵਾਂ, ਰੀਤਾਂ-ਰਸਮਾਂ, ਕਰਮਕਾਂਡਾਂ ਦਾ ਭਾਰ ਹੀ ਢੋਹ ਰਹੇ ਹਨ। ਇਹ
ਤਿਕੜੀ ਧਰਮ ਨੂੰ ਵਧਾਉਣ, ਧਰਮ ਦਾ ਰਾਜ ਸਥਾਪਿਤ ਕਰਨ ਅਤੇ ਧਰਮ ਨੂੰ ਖਤਰੇ ਦੇ ਨਾਂ ਤੇ ਪਿਛਲੇ 5
ਹਜ਼ਾਰ ਸਾਲਾਂ ਵਿੱਚ 15 ਹਜ਼ਾਰ ਤੋਂ ਵੱਧ ਯੁੱਧਾਂ ਰਾਹੀਂ ਮਨੁੱਖਤਾ ਦਾ ਵੱਡੇ ਪੱਧਰ ਤੇ ਘਾਣ ਕਰ
ਚੁੱਕੀ ਹੈ। ਅੱਜ ਵੀ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਵਿੱਚ ਧਰਮ ਅਧਾਰਿਤ ਹਥਿਆਰਬੰਦ ਸੰਗਠਨ ਧਰਮ
ਨੂੰ ਖਤਰਾ, ਧਰਮ ਦਾ ਰਾਜ ਜਾਂ ਧਰਮ ਦਾ ਪ੍ਰਸਾਰ ਦੇ ਨਾਮ ਹੇਠ ਮਾਨਵਤਾ ਦਾ ਖੂਨ ਵਹਾ ਰਹੇ ਹਨ। ਅੱਜ
ਕਿਸੇ ਵੀ ਅਖੌਤੀ ਧਰਮ ਨੂੰ ਖਤਰਾ ਨਾਸਤਿਕਾਂ, ਸਾਇੰਸਦਾਨਾਂ, ਅਧੁਨਿਕਵਾਦੀਆਂ ਜਾਂ ਧਰਮ ਵਿਰੋਧੀਆਂ
ਤੋਂ ਨਹੀਂ, ਇਨ੍ਹਾਂ ਨਕਲੀ ਧਰਮਾਂ ਤੇ ਕਾਬਿਜ਼ ਇਸ ਤਿੱਕੜੀ ਤੋਂ ਹੈ। ਇਨ੍ਹਾਂ ਤੇ ਕਾਬਿਜ਼ ਕੱਟੜਪੰਥੀ
ਤਾਕਤਾਂ ਤੋਂ ਹੈ, ਜੋ ਆਪਣੇ ਫਿਰਕੇ ਦੀਆਂ ਧਾਰਮਿਕ ਰਸਮਾਂ ਜਾਂ ਧਾਰਮਿਕ ਚਿੰਨ੍ਹਾਂ ਨੂੰ ਹੀ ਧਰਮ
ਸਮਝਦੀਆਂ ਹਨ ਹੈ ਤੇ ਇਨ੍ਹਾਂ ਨੂੰ ਲੋਕਾਂ ਤੇ ਤਾਕਤ ਦੇ ਜ਼ੋਰ ਨਾਲ ਥੋਪਣਾ ਚਾਹੁੰਦੀਆਂ ਹਨ। ਤੁਸੀਂ
ਇਸ ਲੇਖ ਲੜੀ ਬਾਰੇ ਆਪਣੇ ਵਿਚਾਰ ਭੇਜ ਸਕਦੇ ਹੋ ਤਾਂ ਕਿ ਗੱਲ ਅੱਗੇ ਤੁਰ ਸਕੇ। ਤੁਹਾਡੇ ਸੁਝਾਵਾਂ
ਤੇ ਵਿਚਾਰਾਂ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ।
ਨਕਲੀ ਧਰਮਾਂ ਦੇ ਪੁਜਾਰੀਆਂ ਨੇ ਮਨੁੱਖੀ (ਸ਼ਰਧਾਲੂ) ਦਿਮਾਗ ਦੀ ਕੰਡੀਸ਼ਨਿੰਗ ਇਸ ਢੰਗ ਨਾਲ ਕੀਤੀ ਹੋਈ
ਹੈ ਕਿ ਸ਼ਰਧਾਲੂ ਇਨ੍ਹਾਂ ਨਕਲੀ ਧਾਰਮਿਕ ਫਿਰਕਿਆਂ ਨੂੰ ਅਸਲੀ ਧਰਮ ਸਮਝ ਆਪਣਾ ਤਨ, ਮਨ, ਧਨ ਹੀ
ਨਿਛਾਵਰ ਨਹੀਂ ਕਰਦੇ ਸਗੋਂ ਬਹੁਤ ਵਾਰ ਇਨ੍ਹਾਂ ਨਕਲੀ ਧਰਮਾਂ ਦੇ ਪ੍ਰਚਾਰ-ਪ੍ਰਸਾਰ ਤੇ ਧਰਮ ਯੁੱਧਾਂ
ਦੇ ਨਾਮ ਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਤੇ ਬੇਗੁਨਾਹ ਲੋਕਾਂ ਦੀਆਂ ਜਾਨਾਂ ਲੈਣ ਨੂੰ ਵੀ ਧਰਮ ਦੀ
ਸੇਵਾ ਸਮਝਦੇ ਹਨ। ਕਈ ਵਾਰ ਧਾਰਮਿਕ ਸ਼ਰਧਾਲੂਆਂ ਦਾ ਵਿਵਹਾਰ ਦੇਖ ਕੇ ਇਵੇਂ ਲਗਦਾ ਹੈ ਜਿਵੇਂ
ਪੁਜਾਰੀਆਂ ਨੇ ਅੰਧ ਵਿਸ਼ਵਾਸ਼ੀ ਤੇ ਕੱਟੜਪੰਥੀ ਸ਼ਰਧਾਲੂਆਂ ਦੇ ਦਿਮਾਗ ਦਾ ਸੋਚਣ ਵਾਲਾ ਪੁਰਜਾ ਹੀ ਕੱਢ
ਲਿਆ ਹੋਵੇ। ਉਨ੍ਹਾਂ ਦੀ ਸੋਚ ਨੂੰ ਇਤਨਾ ਸੰਕੀਰਣ ਕਰ ਦਿੱਤਾ ਜਾਂਦਾ ਹੈ ਕਿ ਉਹ ਮਾਨਸਿਕ ਰੋਗੀ
ਹੁੰਦੇ ਵੀ ਆਪਣੇ ਆਪ ਨੂੰ ਧਰਮੀ ਹੋਣ ਦੇ ਹੰਕਾਰ ਵਿੱਚ ਉਨ੍ਹਾਂ ਵਾਂਗ ਧਰਮ ਨੂੰ ਨਾ ਮੰਨਣ ਜਾਂ
ਉਨ੍ਹਾਂ ਵਾਂਗ ਧਾਰਮਿਕ ਪਹਿਰਾਵੇ ਤੇ ਧਾਰਮਿਕ ਚਿੰਨ੍ਹ ਨਾ ਪਹਿਨਣ ਜਾਂ ਉਨ੍ਹਾਂ ਵਾਂਗ ਸ਼ਰਧਾ ਨਾਲ
ਅੱਖਾਂ ਮੀਟ ਕੇ ਪੂਜਾ-ਪਾਠ ਨਾ ਕਰਨ ਜਾਂ ਮਰਿਯਾਦਾ ਨਾ ਨਿਭਾਉਣ ਵਾਲਿਆਂ ਨੂੰ ਉਹ ਇਨਸਾਨ ਹੀ ਨਹੀਂ
ਸਮਝਦੇ। ਜਿਥੇ ਵੀ ਤੇ ਜਦੋਂ ਵੀ ਉਨ੍ਹਾਂ ਦਾ ਜ਼ੋਰ ਚਲਦਾ ਹੈ ਜਾਂ ਰਾਜ ਸਤ੍ਹਾ ਉਨ੍ਹਾਂ ਕੋਲ ਆਉਂਦੀ
ਹੈ, ਉਹ ਆਪਣੇ ਤੋਂ ਵੱਖਰੀ ਵਿਚਾਰਧਾਰਾ ਰੱਖਣ ਵਾਲਿਆਂ ਜਾਂ ਆਪਣੇ ਤੋਂ ਵੱਖਰੇ ਦਿਸਣ ਵਾਲਿਆਂ ਦਾ
ਜਾਨ-ਮਾਲ ਦਾ ਨੁਕਸਾਨ ਕਰਨ ਤੋਂ ਕਦੇ ਗੁਰੇਜ਼ ਨਹੀਂ ਕਰਦੇ ਕਿਉਂਕਿ ਪੁਜਾਰੀਆਂ ਵਲੋਂ ਉਨ੍ਹਾਂ ਨੂੰ
ਅਜਿਹਾ ਸਮਝਾਇਆ ਹੁੰਦਾ ਹੈ ਕਿ ਅਜਿਹੇ ਧਰਮ ਵਿਰੋਧੀ ਨਾਸਤਿਕ ਲੋਕਾਂ ਦਾ ਨੁਕਸਾਨ ਕਰਨਾ, ਧਰਮ ਜਾਂ
ਪੁੰਨ ਦਾ ਕਰਮ ਹੈ। ਪੁਜਾਰੀਆਂ, ਰਾਜਨੀਨਤਕਾਂ ਤੇ ਸਰਮਾਏਦਾਰਾਂ ਦੇ ਸਾਂਝੇ ਗੱਠਜੋੜ ਅਧਾਰਿਤ ਚੱਲ
ਰਹੇ ਜਥੇਬੰਦਕ ਧਰਮਾਂ (ਨਕਲੀ ਧਾਰਮਿਕ ਫਿਰਕਿਆਂ) ਬਾਰੇ ਕੁੱਝ ਗੱਲਾਂ ਸਮਝਣੀਆਂ ਬੜੀਆਂ ਜਰੂਰੀ ਹਨ।
ਨਕਲੀ ਧਰਮਾਂ ਦੀ ਪਛਾਣ ਲਈ ਹੇਠ ਲਿਖੇ ਨੁਕਤਿਆਂ ਨੂੰ ਧਿਆਨ ਵਿੱਚ ਰੱਖਣ ਨਾਲ ਅਸੀਂ ਨਕਲੀ ਧਰਮਾਂ ਦੇ
ਖਾਸੇ ਨੂੰ ਸਮਝ ਸਕਦੇ ਹਾਂ ਤੇ ਇਨ੍ਹਾਂ ਦੇ ਮਾਇਆਜਾਲ ਵਿੱਚ ਫਸਣ ਤੋਂ ਬਚ ਸਕਦੇ ਹਾਂ ਜਾਂ ਅਗਰ ਫਸ
ਚੁੱਕੇ ਹਾਂ ਤਾਂ ਨਿਕਲ ਸਕਦੇ ਹਾਂ।
ਸ਼ਰਧਾ ਤੇ ਵਿਸ਼ਵਾਸ਼: ਨਕਲੀ ਧਰਮ ਹਮੇਸ਼ਾਂ ਸ਼ਰਧਾ ਤੇ ਵਿਸ਼ਵਾਸ਼ ਤੇ ਬੜਾ ਜ਼ੋਰ ਦਿੰਦੇ ਹਨ, ਉਹ
ਆਪਣੇ ਪੈਰੋਕਾਰਾਂ ਨੂੰ ਕੁੱਝ ਜਾਨਣ, ਸਮਝਣ ਜਾਂ ਵਿਚਾਰਨ ਦੀ ਥਾਂ ਇਸ ਗੱਲ ਦਾ ਹੀ ਪ੍ਰਚਾਰ ਕਰਦੇ ਹਨ
ਕਿ ਧਰਮ ਬਿਨਾਂ ਕਿਸੇ ਕਿੰਤੂ ਪ੍ਰੰਤੂ ਦੇ ਸ਼ਰਧਾ ਨਾਲ ਸਿਰ ਝੁਕਾ ਕੇ ਮੱਥਾ ਟੇਕਣ ਦਾ ਨਾਮ ਹੈ, ਨਾ
ਕਿ ਵਿਚਾਰਾਂ, ਤਰਕਾਂ, ਦਲੀਲਾਂ ਕਰਨ ਦਾ। ਜਿਹੜੇ ਤਰਕ, ਦਲੀਲ, ਚਰਚਾ, ਸਵਾਲ-ਜਵਾਬ, ਕਿੰਤੂ-ਪ੍ਰੰਤੁ
ਕਰਦੇ ਹਨ, ਉਹ ਹਮੇਸ਼ਾਂ ਖਾਲੀ ਰਹਿ ਜਾਂਦੇ ਤੇ ਜੋ ਸੱਚੇ ਦਿਲੋਂ ਸ਼ਰਧਾ ਨਾਲ ਵਿਸ਼ਵਾਸ਼ ਕਰਕੇ ਜੋ ਕਿਹਾ
ਜਾਵੇ ਸੋਚੋ-ਸੱਚ ਮੰਨ ਲੈਂਦੇ ਹਨ, ਉਨ੍ਹਾਂ ਦੀਆਂ ਹੀ ਝੋਲ਼ੀਆਂ ਭਰਦੀਆਂ ਹਨ ਤੇ ਮਨੋ ਮੰਗੀਆਂ
ਮੁਰਾਦਾਂ ਪ੍ਰਾਪਤ ਹੁੰਦੀਆਂ ਹਨ।
ਡਰ: ਨਕਲੀ ਧਰਮ ਆਪਣਾ ਧਰਮ ਅਧਾਰਿਤ ਧੰਦਾ (ਬਿਜਨੈਸ) ਚਲਦਾ ਰੱਖਣ ਲਈ ਡਰ ਦਾ ਡੰਡਾ ਹਮੇਸ਼ਾਂ
ਆਪਣੇ ਹੱਥ ਵਿੱਚ ਰੱਖਦੇ ਹਨ, ਉਹ ਸਾਡੇ ਦਿਮਾਗ ਦੀ ਅਜਿਹੇ ਢੰਗ ਨਾਲ ਟਿਊਨਿੰਗ ਕਰਦੇ ਹਨ ਕਿ ਧਰਮ ਤੇ
ਰੱਬ ਦਾ ਡਰ ਬਚਪਨ ਤੋਂ ਪਾ ਦਿੰਦੇ ਹਨ। ਜਦੋਂ ਤੁਸੀਂ ਕੋਈ ਸਵਾਲ ਕਰੋ ਜਾਂ ਕਿਸੇ ਫੋਕਟ ਰੀਤ ਰਸਮ
ਜਾਂ ਮਰਿਯਾਦਾ ਤੇ ਤਰਕ ਕਰੋ ਤਾਂ ਉਹ ਰੱਬ ਦੇ ਡਰ ਦਾ ਡੰਡਾ ਕੱਢ ਲੈਂਦੇ ਹਨ ਕਿ ਦੇਖੋ ਘੋਰ ਕਲਯੁਗ ਆ
ਗਿਆ, ਨਵੀਂ ਜ਼ਨਰੇਸ਼ਨ ਨੂੰ ਤੇ ਰੱਬ ਦਾ ਕੋਈ ਡਰ ਭੈ ਹੀ ਨਹੀਂ ਰਿਹਾ। ਦੂਜੇ ਪਾਸੇ ਉਹੀ ਪੁਜਾਰੀ
ਅਜਿਹਾ ਪ੍ਰਚਾਰ ਵੀ ਕਰਦੇ ਹਨ ਕਿ ਰੱਬ ਸਾਰਿਆਂ ਨਾਲ ਬੜਾ ਪਿਆਰ ਕਰਦਾ ਹੈ। ਉਹ ਤੇ ਸਾਡਾ ਮਿੱਤਰ ਹੈ
ਤੇ ਉਸ ਤੋਂ ਸਾਨੂੰ ਡਰਨ ਦੀ ਲੋੜ ਕੋਈ ਨਹੀਂ। ਬੇਸ਼ਕ ਥੋੜੀ ਬਹੁਤੀ ਸੂਝ ਰੱਖਣ ਵਾਲੇ ਬਹੁਤੇ ਸ਼ਰਧਾਲੂ,
ਪੁਜਾਰੀਆਂ ਦੀਆਂ ਇਨ੍ਹਾਂ ਚਾਲਾਂ ਨੂੰ ਸਮਝਦੇ ਤੇ ਹੁੰਦੇ ਹਨ, ਪਰ ਕੁਦਰਤ ਦੇ ਅਟੱਲ ਨਿਯਮਾਂ (ਲਾਅ
ਆਫ ਨੇਚਰ) ਦੀ ਪੂਰੀ ਸੋਝੀ ਨਾ ਹੋਣ ਕਾਰਨ ਹੀ ਡਰਦੇ ਰੱਬ ਰੱਬ ਕਰਦੇ ਹਨ।
ਲਾਲਚ: ਜਿਥੇ ਇੱਕ ਪਾਸੇ ਨਕਲੀ ਧਰਮ ਡਰ ਦਾ ਡੰਡਾ ਚਲਾਉਂਦੇ ਹਨ, ਉਥੇ ਦੂਜੇ ਲਾਲਚ ਦਾ
ਲਾਲੀਪੌਪ ਵੀ ਕੋਲ ਹੀ ਰੱਖਦੇ ਹਨ। ਇੱਕ ਪਾਸੇ ਕਹਿਣਗੇ ਕਿ ਸਾਰਾ ਕੁੱਝ ਰੱਬ ਦੇ ਹੁਕਮ ਵਿੱਚ ਚੱਲ
ਰਿਹਾ ਹੈ ਤੇ ਹੁਕਮ ਤੋਂ ਬਾਹਰ ਕੁੱਝ ਨਹੀਂ ਤੇ ਹੁਕਮ ਨੂੰ ਬਦਲਿਆ ਨਹੀਂ ਜਾ ਸਕਦਾ ਤੇ ਨਾਲ ਹੀ
ਅਜਿਹਾ ਪ੍ਰਚਾਰ ਵੀ ਕਰਨਗੇ ਕਿ ਸ਼ਰਧਾ ਨਾਲ ਰੱਬ ਦੀ ਜਾਂ ਰੱਬ ਦੇ ਬਣਾਏ ਦੇਵੀ-ਦੇਵਤਿਆਂ ਦੀ ਪੂਜਾ
ਕਰਨ ਜਾਂ ਉਸਦੀ ਭਗਤੀ ਕਰਨ ਜਾਂ ਪੁਜਾਰੀਆਂ ਕੋਲੋਂ ਅਰਦਾਸ ਕਰਾਉਣ ਨਾਲ ਉਹ (ਰੱਬ) ਆਪਣੇ ਹੁਕਮ ਨੂੰ
ਤੋੜ ਕੇ ਸ਼ਰਧਾਲੂਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰ ਦਿੰਦਾ ਹੈ। ਪੁਜਾਰੀਆਂ ਦੀ ਕੀਤੀ
ਪ੍ਰੇਅਰ ਨਾਲ ਸਾਰੇ ਪਾਪ ਮੁਆਫ ਹੋ ਜਾਂਦੇ ਹਨ। ਡਰ ਤੇ ਲਾਲਚ ਦੋ ਅਜਿਹੀਆਂ ਮਨੁੱਖੀ ਕਮਜ਼ੋਰੀਆਂ ਹਨ,
ਜਿਨ੍ਹਾਂ ਆਸਰੇ ਪੁਜਾਰੀਆਂ ਦਾ ਨਕਲੀ ਧਰਮਾਂ ਦਾ ਧੰਦਾ ਸਦੀਆਂ ਤੋਂ ਚੱਲ ਰਿਹਾ ਹੈ ਤੇ ਉਹ ਆਮ ਲੋਕਾਈ
ਨੂੰ ਬੜੀ ਬੇਕਿਰਕੀ ਨਾਲ ਲੁੱਟਦੇ ਹਨ। ਅਗਰ ਮਨੁੱਖ ਨੂੰ ਘੱਟੋ-ਘੱਟ ਕੁਦਰਤ ਦੇ ਨਿਯਮਾਂ ਦੀ ਹੀ ਸੋਝੀ
ਹੋ ਜਾਵੇ ਤੇ ਇਹ ਸਮਝ ਆ ਜਾਵੇ ਕਿ ਇਸ ਦਿਸਦੀ ਸ੍ਰਿਸ਼ਟੀ ਵਿੱਚ ਸਭ ਕੁੱਝ ਇੱਕ ਨਿਯਮ (ਹੁਕਮ) ਵਿੱਚ
ਚੱਲ ਰਿਹਾ ਹੈ ਤੇ ਇਹ ਨਿਯਮ ਬਦਲਿਆ ਨਹੀਂ ਜਾ ਸਕਦਾ, ਪਰ ਇਸਨੂੰ ਸਮਝ ਕੇ ਲਾਭ ਜਰੂਰ ਉਠਾਇਆ ਜਾ
ਸਕਦਾ ਹੈ ਤੇ ਜੀਵਨ ਨੂੰ ਕਾਫੀ ਹੱਦ ਤੱਕ ਆਨੰਦਮਾਈ ਵੀ ਬਣਾਇਆ ਜਾ ਸਕਦਾ ਹੈ। ਪਰ ਡਰ ਤੇ ਲਾਲਚ ਇਸ
ਵਿੱਚ ਵੱਡੀ ਰੁਾਕਵਟ ਹਨ, ਜਿਸ ਦਿਨ ਮਨੁੱਖ ਦੇ ਮਨ ਵਿਚੋਂ ਨਕਲੀ ਧਰਮਾਂ (ਜਾਂ ਨਕਲੀ ਧਰਮਾਂ ਦੇ
ਨਕਲੀ ਰੱਬਾਂ) ਦਾ ਡਰ ਨਿਕਲ ਗਿਆ, ਉਸ ਦਿਨ ਇਨ੍ਹਾਂ ਨਕਲੀ ਧਰਮਾਂ ਦਾ ਭੋਗ ਪੈਂਦਿਆਂ ਦੇਰ ਨਹੀਂ
ਲੱਗੇਗੀ।
ਅਗਿਆਨਤਾ: ਨਕਲੀ ਧਰਮ ਮਨੁੱਖ ਨੂੰ ਹਮੇਸ਼ਾਂ ਅਗਿਆਨੀ ਬਣਾ ਕੇ ਰੱਖਣ ਦਾ ਯਤਨ ਕਰਦੇ ਹਨ।
ਤੁਹਾਨੂੰ ਕਦੇ ਵੀ ਪੜ੍ਹਨ, ਗਿਆਨ ਲੈਣ, ਖੋਜ ਕਰਨ ਦੇ ਰਾਹ ਨਹੀਂ ਪਾਉਣਗੇ, ਸਗੋਂ ਝੂਠੀਆਂ, ਮਨਘੜਤ,
ਕਰਾਮਾਤੀ ਕਥਾ-ਕਹਾਣੀਆਂ ਨਾਲ ਭਰਮਾਉਣ ਦਾ ਯਤਨ ਕਰਨਗੇ। ਅਜਿਹਾ ਪ੍ਰਚਾਰ ਵੀ ਕਰਨਗੇ ਕਿ ਧਰਮ ਵਿੱਚ
ਪੜ੍ਹਾਈਆਂ-ਲਿਖਾਈਆਂ ਦਾ ਕੋਈ ਮਤਲਬ ਨਹੀਂ ਕਿਉਂਕਿ ਉਨ੍ਹਾਂ ਦਾ ਧੰਦਾ ਚਲਦਾ ਹੀ ਅਗਿਆਨਤਾ ਸਿਰ ਤੇ
ਹੈ। ‘ਜੇ ਘੋੜਾ ਘਾਹ ਨਾਲ ਦੋਸਤੀ ਕਰੇਗਾ ਤਾਂ ਭੁੱਖਾ ਮਰੇਗਾ’ ਦੀ ਕਹਾਵਤ ਵਾਂਗ ਨਕਲੀ ਧਰਮਾਂ ਦੇ
ਪੁਜਾਰੀਆਂ ਤੇ ਉਨ੍ਹਾਂ ਦੇ ਆਕਾਵਾਂ ਨੂੰ ਪਤਾ ਹੈ ਕਿ ਜੇ ਲੋਕ ਗਿਆਨਵਾਨ ਹੋ ਜਾਣ, ਸੋਝੀਵਾਨ ਹੋ
ਜਾਣ, ਆਪਣਾ ਭਲਾ ਬੁਰਾ ਆਪ ਸੋਚਣ ਲੱਗ ਜਾਣ, ਉਨ੍ਹਾਂ ਦੀਆਂ ਫੋਕਟ ਰੀਤਾਂ-ਰਸਮਾਂ, ਕਰਮਕਾਂਡਾਂ,
ਨਕਲੀ ਮਰਿਯਾਦਾਵਾਂ ਤੇ ਵਿਚਾਰ ਕਰਨ ਲੱਗ ਜਾਣ, ਉਨ੍ਹਾਂ ਨੂੰ ਤਰਕ ਦੀ ਕਸਵੱਟੀ ਤੇ ਪਰਖਣ ਲੱਗ ਜਾਣ
ਤਾਂ ਫਿਰ ਉਨ੍ਹਾਂ ਦਾ ਅਗਿਆਨਤਾ ਤੇ ਅੰਧ ਵਿਸ਼ਵਾਸ਼ ਤੇ ਖੜਾ ਨਕਲੀ ਧਰਮ ਦਾ ਮਹੱਲ ਡਿਗਣ ਲੱਗਿਆਂ ਦੇਰ
ਨਹੀਂ ਲੱਗਣੀ। ਇਸ ਲਈ ਉਨ੍ਹਾਂ ਦਾ ਹਿੱਤ ਇਸ ਵਿੱਚ ਹੀ ਹੈ ਕਿ ਲੋਕ ਅਗਿਆਨੀ ਬਣੇ ਰਹਿਣ ਤੇ ਉਨ੍ਹਾਂ
ਦਾ ਵਹਿਮਾਂ, ਭਰਮਾਂ, ਪਾਖੰਡਾਂ, ਕਰਮਕਾਂਡਾਂ, ਫੋਕਟ ਰੀਤਾਂ-ਰਸਮਾਂ, ਨਕਲੀ ਮਰਿਯਾਦਾਵਾਂ,
ਦਿਖਾਵਿਆਂ-ਪਹਿਰਾਵਿਆਂ ਤੇ ਧਾਰਮਿਕ ਚਿੰਨ੍ਹਾਂ ਅਧਾਰਿਤ ਨਕਲੀ ਧਰਮ ਚਲਦਾ ਰਹੇ ਅਤੇ ਉਨ੍ਹਾਂ ਦੇ
ਸਾਥੀ ਰਾਜਨੀਤਕਾਂ ਤੇ ਸਰਮਾਏਦਾਰਾਂ ਦਾ ਹਿੱਤ ਵੀ ਇਸੇ ਵਿੱਚ ਹੁੰਦਾ ਹੈ ਕਿ ਲੋਕ ਆਪਣੇ ਹੱਕਾਂ
ਪ੍ਰਤੀ ਜਾਗਰੂਕ ਨਾ ਹੋਣ ਤੇ ਉਨ੍ਹਾਂ ਦੀ ਗੁਲਾਮੀ ਕਰਦੇ ਰਹਿਣ। ਇਸੇ ਲਈ ਪੁਾਜਰੀ ਆਪਣੇ ਸ਼ਰਧਾਲੂਆਂ
ਨੂੰ ਉਨ੍ਹਾਂ ਦੇ ਧਰਮ ਗ੍ਰੰਥਾਂ ਨੂੰ ਪੜ੍ਹਨ, ਵਿਚਾਰਨ, ਉਨ੍ਹਾਂ ਤੇ ਤਰਕ ਕਰਨ ਦੀ ਇਜਾਜ਼ਤ ਨਹੀਂ
ਦਿੰਦੇ, ਸਗੋਂ ਧਾਰਮਿਕ ਗ੍ਰੰਥਾਂ ਦੀ ਪੂਜਾ-ਪਾਠ ਕਰਨ ਜਾਂ ਅੱਖਾਂ ਮੀਟ ਕੇ ਮੰਤਰ ਜਾਪ ਕਰਨ ਦਾ ਹੀ
ਪ੍ਰਚਾਰ ਕਰਦੇ ਹਨ ਜਾਂ ਫਿਰ ਉਨ੍ਹਾਂ ਗ੍ਰੰਥਾਂ ਦੇ ਕਿਰਾਏ ਤੇ ਪਾੁਜਾਰੀਆਂ ਕੋਲੋਂ ਪਾਠ ਕਰਾਉਣ,
ਮੰਤਰ ਪੜ੍ਹਾਉਣ ਤੇ ਪੂਜਾ ਕਰਾਉਣ ਨੂੰ ਤਰਜ਼ੀਹ ਦਿੰਦੇ ਹਨ ਤਾਂ ਕਿ ਲੋਕ ਆਪ ਇਨ੍ਹਾਂ ਗ੍ਰੰਥਾਂ ਨੂੰ
ਪੜ੍ਹ ਕੇ ਗਿਆਨਵਾਨ ਨਾ ਹੋ ਜਾਣ, ਉਨ੍ਹਾਂ ਨੂੰ ਸੋਝੀ ਨਾ ਹੋ ਜਾਵੇ ਕਿ ਜੋ ਧਰਮ ਪੁਜਾਰੀਆਂ ਵਲੋਂ
ਪੜ੍ਹਾਇਆ ਜਾਂ ਸਿਖਾਇਆ ਜਾਂਦਾ ਹੈ, ਉਹ ਤਾਂ ਸਭ ਨਕਲੀ ਹੈ?
ਕਰਾਮਾਤ: ਨਕਲੀ ਧਰਮਾਂ ਕੋਲ ਮਨੁੱਖ ਦੀ ਸਰੀਰਕ, ਆਰਥਿਕ, ਸਮਾਜਿਕ, ਰਾਜਨੀਤਕ ਆਦਿ ਲੁੱਟ ਲਈ
ਇੱਕ ਬਹੁਤ ਵੱਡਾ ਹਥਿਆਰ ਕਰਾਮਾਤ ਹੈ। ਕਰਾਮਾਤਾਂ ਤੋਂ ਬਿਨਾਂ ਤੇ ਹਰ ਨਕਲੀ ਧਰਮ ਅਧੂਰਾ ਹੈ। ਜੇ
ਇਨ੍ਹਾਂ ਨਕਲੀ ਧਰਮਾਂ ਵਿਚੋਂ ਇਨ੍ਹਾਂ ਦੇ ਗੁਰੂਆਂ, ਪੀਰਾਂ, ਪੈਗੰਬਰਾਂ, ਰਹਿਬਰਾਂ ਦੇ ਨਾਲ ਜੋੜੀਆਂ
ਕਰਾਮਾਤੀ ਨਕਲੀ ਕਥਾ-ਕਹਾਣੀਆਂ, ਸਾਖੀਆਂ ਆਦਿ ਨੂੰ ਕੱਢ ਦਿੱਤਾ ਜਾਵੇ ਜਾਂ ਸ਼ਰਧਾਲੂ ਇਹ ਸਮਝ ਜਾਣ ਕਿ
ਇਨ੍ਹਾਂ ਵਿੱਚ ਕੋਈ ਸਚਾਈ ਨਹੀਂ, ਪੁਜਾਰੀਆਂ ਨੇ ਇਹ ਕਹਾਣੀਆਂ ਉਨ੍ਹਾਂ ਨੂੰ ਮੂਰਖ ਬਣਾ ਕੇ ਲੁੱਟਣ
ਲਈ ਘੜੀਆਂ ਹੋਈਆਂ ਹਨ ਤੇ ਫਿਰ ਬਹੁਤੇ ਸ਼ਰਧਾਲੂ ਇਨ੍ਹਾਂ ਨਕਲੀ ਧਰਮਾਂ ਨੂੰ ਛੱਡਣ ਲੱਗੇ ਬਹੁਤੀ ਦੇਰ
ਨਹੀਂ ਲਾਉਣਗੇ। ਇਸ ਲਈ ਪੁਜਾਰੀ ਅਜਿਹੀਆਂ ਕਰਾਮਾਤੀ ਕਥਾ ਕਹਾਣੀਆਂ, ਕਰਾਮਾਤੀ ਅਸਥਾਨਾਂ, ਕਰਾਮਾਤੀ
ਵਸਤਾਂ ਆਦਿ ਤੇ ਕਦੇ ਖੋਜ ਕਰਨ, ਉਨ੍ਹਾਂ ਤੇ ਵਿਚਾਰ ਕਰਨ ਜਾਂ ਤਰਕ ਨਾਲ ਸੋਚਣ ਦੀ ਇਜ਼ਾਜਤ ਨਹੀਂ
ਦਿੰਦੇ ਤੇ ਨਾ ਹੀ ਕਿਸੇ ਵਲੋਂ ਉਠਾਏ ਜਾਂਦੇ ਸਵਾਲਾਂ ਦੇ ਜਵਾਬ ਹੀ ਦਿੰਦੇ ਹਨ। ਉਨ੍ਹਾਂ ਨੂੰ ਪਤਾ
ਹੈ ਕਿ ਭੋਲੇ-ਭਾਲੇ, ਜੀਵਨ ਦੀਆਂ ਨਿੱਤ ਦੀਆਂ ਮੁਸੀਬਤਾਂ ਦੇ ਮਾਰੇ ਤੇ ਤੰਗੀਆਂ-ਤੁਰਸ਼ੀਆਂ ਦੇ ਸਤਾਏ
ਲੋਕਾਂ ਕੋਲ ਕਰਾਮਾਤ ਹੀ ਤੇ ਇੱਕ ਧਰਵਾਸ ਹੈ, ਜਿਸ ਆਸਰੇ ਉਹ ਸਾਰੀ ਉਮਰ ਲੁੱਟ ਹੋਣ ਲਈ ਤਿਆਰ
ਰਹਿੰਦੇ ਹਨ। ਉਨ੍ਹਾਂ ਕੋਲ ਕਰਾਮਾਤ ਹੀ ਤੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਹੁੰਦੀ ਹੈ ਕਿ ਸ਼ਾਇਦ
ਕਿਸੇ ਦਿਨ ਕਰਾਮਾਤ ਵਾਪਰ ਜਾਵੇ ਤੇ ਉਸਦੀ ਕਿਸਮਤ ਦਾ ਖੋਟਾ ਸਿੱਕਾ ਚੱਲ ਜਾਵੇ ਤੇ ਜੀਵਨ ਵਿੱਚ
ਖੁਸ਼ੀਆਂ ਤੇ ਬਹਾਰਾਂ ਆ ਜਾਣ। ਸਾਰੇ ਨਕਲੀ ਧਾਰਮਿਕ ਫਿਰਕਿਆਂ ਦੇ ਪੁਜਾਰੀਆਂ ਦਾ ਬਹੁਤਾ ਕੂੜ ਧੰਦਾ
ਕਰਾਮਾਤਾਂ ਸਿਰ ਤੇ ਹੀ ਚਲਦਾ ਹੈ। ਇਸੇ ਕਰਕੇ ਕਿਸੇ ਕਰਾਮਾਤੀ ਧਾਰਮਿਕ ਕਥਾ-ਕਹਾਣੀ ਜਾਂ ਸਾਖੀ,
ਕਰਾਮਤੀ ਅਸਥਾਨ, ਕਰਾਮਾਤੀ ਵਸਤੂ, ਕਰਾਮਾਤੀ ਸਾਧ-ਸੰਤ ਤੇ ਕਿੰਤੂ ਪ੍ਰੰਤੂ ਕਰਕੇ ਦੇਖੋ, ਤੁਹਾਡੇ ਤੇ
ਨਾਸਤਿਕ ਹੋਣ ਜਾਂ ਧਰਮ ਵਿਰੋਧੀ ਹੋਣ ਦਾ ਲੇਬਲ ਲਾ ਕੇ ਧਾਰਮਿਕ ਫਿਰਕੇ ਵਿੱਚੋਂ ਬਾਹਰ ਕੱਢਣ ਦਾ
ਪ੍ਰਬੰਧ ਕਰਨਗੇ।
ਅਰਦਾਸ ਜਾਂ ਪ੍ਰੇਅਰ: ਨਕਲੀ ਧਰਮਾਂ ਕੋਲ ਸ਼ਰਧਾਲੂਆਂ ਨੂੰ ਲੁੱਟਣ, ਕੁੱਟਣ ਲਈ ਅਨੇਕਾਂ
ਤਰ੍ਹਾਂ ਦੇ ਹਥਿਆਰ ਮੌਜੂਦ ਹਨ, ਜਿਨ੍ਹਾਂ ਨਾਲ ਉਹ ਮਨੁੱਖੀ ਭਾਈਚਾਰੇ ਨੂੰ ਹਰ ਪੱਖ ਤੋਂ ਆਪ ਹੀ
ਗੁਲਾਮ ਬਣਾ ਕੇ ਨਹੀਂ ਰੱਖਦੇ, ਸਗੋਂ ਆਪਣੇ ਸਾਥੀ ਰਾਜਨੀਤਕਾਂ ਤੇ ਸਰਮਾਏਦਾਰਾਂ ਦਾ ਵੀ ਗੁਲਾਮ ਬਣਾ
ਕੇ ਰੱਖਣ ਵਿੱਚ ਕਾਮਯਾਬ ਰਹਿੰਦੇ ਹਨ। ਅਰਦਾਸ ਜਾਂ ਪ੍ਰੇਅਰ ਇਨ੍ਹਾਂ ਕੋਲ ਇੱਕ ਹੋਰ ਬਹੁਤ ਵੱਡਾ
ਮਾਰੂ ਐਟਮੀ ਹਥਿਆਰ ਹੈ, ਜਿਸ ਨਾਲ ਪੁਜਾਰੀ ਹਰ ਰੋਜ਼ ਤੇ ਸਾਰੀ ਉਮਰ ਅਤੇ ਪੀੜ੍ਹੀ-ਦਰ-ਪੀੜ੍ਹੀ ਮਨੁੱਖ
ਨੂੰ ਲੁੱਟਦਾ ਹੈ। ਅਰਦਾਸ ਦਾ ਇੱਕ ਅਜਿਹਾ ਚੂਸਣਾ ਸ਼ਰਧਾਲੂ ਨੂੰ ਦਿੱਤਾ ਹੁੰਦਾ ਹੈ ਕਿ ਉਹ ਸਾਰੀ ਉਮਰ
ਚੂਸਦਾ ਰਹਿੰਦਾ ਹੈ, ਪਰ ਵਿਚੋਂ ਨਿਕਲਦਾ ਕੁੱਝ ਨਹੀਂ। ਸਾਡੇ ਜੀਵਨ ਵਿੱਚ, ਸਾਡੇ ਬਹੁਤੇ ਕੰਮ, ਸਾਡੇ
ਆਪਣੇ ਯਤਨਾਂ ਨਾਲ ਹੋ ਜਾਂਦੇ ਹਨ ਜਾਂ ਕੁਦਰਤ ਕਿਸੇ ਨਿਯਮ ਅਧੀਨ ਹੋ ਜਾਂਦੇ ਹਨ। ਪਰ ਪੁਜਾਰੀ ਜੇ
ਕੰਮ ਹੋ ਜਾਵੇ ਤਾਂ ਸਿਹਰਾ ਕੀਤੀ ਅਰਦਾਸ ਸਿਰ ਬੰਨ੍ਹ ਲੈਂਦਾ ਹੈ ਤੇ ਜੇ ਕੰਮ ਨਾ ਹੋਵੇ ਤੇ ਮਨੁੱਖ
ਦੀ ਸ਼ਰਧਾ ਤੇ ਪ੍ਰਸ਼ਨ ਚਿੰਨ੍ਹ ਲਾ ਕੇ ਭਾਂਡਾ ਸ਼ਰਧਾਲੂ ਸਿਰ ਭੰਨ ਦਿੰਦਾ ਹੈ। ਜਦ ਕਿ ਪੁਜਾਰੀ ਇੱਕ
ਪਾਸੇ ਇਹ ਕਹਿੰਦਾ ਹੈ ਕਿ ਰੱਬ ਦੇ ਹੁਕਮ ਨੂੰ ਬਦਲਿਆ ਨਹੀਂ ਜਾ ਸਕਦਾ ਤੇ ਦੂਜੇ ਪਾਸੇ ਆਪ ਹੀ ਬਦਲਣ
ਲਈ ਪੂਜਾ-ਪਾਠ ਤੇ ਅਰਦਾਸਾਂ ਲਈ ਫੀਸ ਵੀ ਚਾਰਜ ਕਰਦਾ ਹੈ। ਅਰਦਾਸਾਂ ਨੂੰ ਸੱਚੀਆਂ ਸਾਬਿਤ ਕਰਨ ਲਈ
ਪੁਜਾਰੀ ਹੀ ਨਹੀਂ ਸ਼ਰਧਾਲੂ ਵੀ ਤੁਹਾਨੂੰ ਝੂਠੀਆਂ ਤੇ ਨਕਲੀ, ਤਰਕ ਵਿਹੂਣੀਆਂ ਅਤੇ ਕੁਦਰਤ ਦੇ ਅਟੱਲ
ਨਿਯਮਾਂ ਤੋਂ ਉਲਟ ਸਾਖੀਆਂ ਸੁਣਾਉਂਦੇ ਮਿਲਣਗੇ। ਅਰਦਾਸ ਤੇ ਕਿੰਤੂ ਕਰਨ ਵਾਲੇ ਨੂੰ ਝੱਟ ਨਾਸਤਿਕ ਦਾ
ਲੇਬਲ ਲਾ ਕੇ ਭੰਡਣਗੇ ਕਿ ਉਹ ਮੁੜ ਅਜਿਹੀ ਗੁਰਤਾਖੀ ਨਾ ਕਰੇ। ਜੇ ਸ਼ਰਧਾਲੂਆਂ ਨੂੰ ਇਹ ਗੱਲ ਸਮਝ ਆ
ਜਾਵੇ ਜਾਂ ਸਮਝਾ ਦਿੱਤੀ ਜਾਵੇ ਕਿ ਇਸ ਬ੍ਰਹਿਮੰਡ ਵਿੱਚ ਸਭ ਕੁੱਝ ਕੁਦਰਤ ਦੇ ਅਟੱਲ ਨਿਯਮਾਂ ਵਿੱਚ
ਹੀ ਹੋ ਰਿਹਾ ਹੈ ਤੇ ਕੋਈ ਇਨ੍ਹਾਂ ਨਿਯਮਾਂ ਨੂੰ ਬਦਲ ਨਹੀਂ ਸਕਦਾ ਤੇ ਕਿਸੇ ਦੀ ਅਰਦਾਸ, ਪੂਜਾ-ਪਾਠ,
ਮੰਤਰ-ਜੰਤਰ ਆਦਿ ਨਾਲ ਕਦੇ ਕੁੱਝ ਨਹੀਂ ਬਦਲਦਾ ਤਾਂ ਪੁਜਾਰੀਆਂ ਦਾ ਭਾੜਾ (ਫੀਸ) ਲੈ ਕੇ ਝੂਠੀਆਂ
ਅਰਦਾਸਾਂ ਦਾ ਧੰਦਾ ਬੰਦ ਹੋ ਸਕਦਾ ਹੈ।
ਪੁੰਨ-ਪਾਪ: ਜੇ ਅਸੀਂ ਪੁਰਾਤਨ ਸਮੇਂ ਤੋਂ ਵੱਖ-ਵੱਖ ਮਨੁੱਖੀ ਸਮਾਜਾਂ ਜਾਂ ਸਭਿਅਤਾਵਾਂ ਦਾ
ਅਧਿਐਨ ਕਰੀਏ ਤੇ ਸਮਝ ਪੈਂਦੀ ਹੈ ਕਿ ਵੱਖ-ਵੱਖ ਮਨੁੱਖੀ ਸਮਾਜਾਂ ਦੇ ਰੀਤੀ-ਰਿਵਾਜ, ਖਾਣ-ਪਹਿਨਣ,
ਰਹਿਣ-ਸਹਿਣ, ਧਾਰਮਿਕ ਮਰਿਯਾਦਾਵਾਂ, ਧਾਰਮਿਕ ਵਿਸ਼ਵਾਸ਼ ਆਦਿ ਨਾ ਸਿਰਫ ਵੱਖੋ-ਵੱਖਰੇ ਹੀ ਹਨ, ਸਗੋਂ
ਬਹੁਤ ਵਾਰ ਇੱਕ ਦੂਜੇ ਦੇ ਵਿਰੋਧ ਵਿੱਚ ਵੀ ਖੜੇ ਹੁੰਦੇ ਹਨ। ਇੱਕ ਸਮਾਜ ਵਿੱਚ ਜਾਂ ਇੱਕ ਸਭਿਅਤਾ
ਵਿੱਚ ਕਿਸੇ ਰੀਤੀ-ਰਿਵਾਜ ਜਾਂ ਵਿਸ਼ਵਾਸ਼ ਬਾਰੇ ਜੋ ਨਜ਼ਰੀਆ ਹੁੰਦਾ ਹੈ, ਬਹੁਤ ਵਾਰ ਦੂਜੇ ਸਮਾਜ ਦਾ ਉਸ
ਬਾਰੇ ਨਜ਼ਰੀਆ ਬਿਲਕੁਲ ਵੱਖਰਾ ਹੁੰਦਾ ਹੈ, ਪਰ ਉਸ ਵਿੱਚ ਦੋਨਾਂ ਵਿੱਚੋਂ ਕਿਸੇ ਇੱਕ ਨੂੰ ਸਹੀ ਤੇ
ਦੂਜੇ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ। ਪਰ ਨਕਲੀ ਧਰਮਾਂ ਵਿੱਚ ਪੁਜਾਰੀ ਆਪਣੀਆਂ ਬਣਾਈਆਂ
ਮਰਿਯਾਦਾਵਾਂ ਜਾਂ ਰੀਤਾਂ-ਰਸਮਾਂ ਨੂੰ ਮੰਨਣ ਜਾਂ ਨਾ ਮੰਨਣ ਵਾਲਿਆਂ ਵਿੱਚ ਪੁੰਨ-ਪਾਪ ਦਾ ਝਗੜਾ ਖੜਾ
ਕਰ ਦਿੰਦੇ ਹਨ। ਮਿਸਾਲ ਦੇ ਤੌਰ ਤੇ ਹਿੰਦੂਆਂ ਦੇ ਪੁਜਾਰੀ ਭੱਦਣ ਕਰਨ (ਸਿਰ ਦੇ ਵਾਲ ਪੂਰੀ ਤਰ੍ਹਾਂ
ਸਾਫ ਕਰਨ) ਨੂੰ ਪੁੰਨ ਪ੍ਰਚਾਰਦੇ ਹਨ ਤੇ ਸਿੱਖ ਪੁਜਾਰੀ ਸਰੀਰ ਦੇ ਕਿਸੇ ਹਿੱਸੇ ਦਾ ਇੱਕ ਵਾਲ ਵੀ
ਕੱਟਣ ਨੂੰ ਪਾਪ ਪ੍ਰਚਾਰਦੇ ਹਨ। ਇਸੇ ਤਰ੍ਹਾਂ ਮੁਸਲਮਾਨ ਪੁਜਾਰੀ ਸੁੰਨਤ ਕਰਨ ਨੂੰ ਪੁੰਨ ਜਾਂ ਧਰਮ
ਦਾ ਕਰਮ ਦੱਸਦੇ ਹਨ ਤੇ ਹਿੰਦੂ-ਸਿੱਖ ਪੁਜਾਰੀ ਅਜਿਹੇ ਕਰਮ ਨੂੰ ਪਾਪ ਦੱਸਦੇ ਹਨ। ਖਾਣ-ਪੀਣ ਵਿੱਚ ਵੀ
ਪੁਜਾਰੀ ਆਪਣੀ ਟੰਗ ਅੜਾਉਣੋਂ ਬਾਜ਼ ਨਹੀਂ ਆਉਂਦੇ, ਇੱਕ ਧਰਮ ਪੁਜਾਰੀ ਕਿਸੇ ਚੀਜ਼ ਦੇ ਖਾਣ ਨੂੰ ਪੁੰਨ
ਹੀ ਨਹੀਂ ਧਰਮ ਦਾ ਵੀ ਹਿੱਸਾ ਦੱਸਦਾ ਹੈ ਤੇ ਦੂਜਾ ਉਸੇ ਚੀਜ ਦੇ ਹੱਥ ਲੱਗਣ ਨੂੰ ਵੀ ਪਾਪ ਮੰਨਦਾ
ਹੈ। ਜੇ ਰੱਬ ਇੱਕ ਹੈ ਤਾਂ ਉਹ ਚੀਜ਼ ਵੀ ਉਸੇ ਰੱਬ ਦੀ ਬਣਾਈ ਹੋਈ ਹੈ ਤੇ ਇੱਕ ਦੇ ਖਾਣ ਵਿੱਚ ਉਸਨੂੰ
ਜੇ ਕੋਈ ਇਤਰਾਜ਼ ਨਹੀਂ ਤਾਂ ਦੂਜੇ ਵਿਅਕਤੀ ਦੇ ਖਾਣ ਨਾਲ ਰੱਬ ਪਾਪ ਕਿਵੇਂ ਮੰਨ ਸਕਦਾ ਹੈ? ਇਸੇ
ਤਰ੍ਹਾਂ ਅਨੇਕਾਂ ਮਿਸਾਲਾਂ ਲਈਆਂ ਜਾ ਸਕਦੀਆਂ ਹਨ, ਜਿਥੇ ਇੱਕ ਧਰਮ ਦਾ ਪੁਜਾਰੀ ਜਿਸ ਰੀਤ-ਰਸਮ ਜਾਂ
ਮਰਿਯਾਦਾ ਨੂੰ ਰੱਬੀ ਹੁਕਮ ਦੱਸ ਕੇ ਪੁੰਨ ਦੱਸਦਾ ਹੈ ਤੇ ਦੂਜਾ ਪੁਜਾਰੀ ਉਸੇ ਮਰਿਯਾਦਾ ਨੂੰ ਧਰਮ
ਵਿਰੋਧੀ ਪਾਪ ਕਰਮ ਦੱਸਦਾ ਹੈ। ਇਸ ਤਰ੍ਹਾਂ ਪੁਜਾਰੀ ਮਨੁੱਖ ਨੂੰ ਪਾਪ-ਪੁੰਨ ਦੇ ਚੱਕਰ ਵਿੱਚ ਹੀ
ਸਾਰੀ ਉਮਰ ਪਾਈ ਰੱਖਦੇ ਹਨ ਤੇ ਮਨੁੱਖ ਦਾ ਹੀਰੇ ਵਰਗਾ ਵਡਮੁੱਲਾ ਜੀਵਨ ਪਾਪ-ਪੁੰਨ ਦੇ ਚੱਕਰ ਵਿੱਚ
ਕੱੌਡੀਆਂ ਭਾਅ ਰੁਲ਼ ਜਾਂਦਾ ਹੈ।
ਰੱਬ: ਤਕਰੀਬਨ ਸਾਰੇ ਧਰਮ ਰੱਬ ਦੀ ਹੋਂਦ ਤੇ ਖੜੇ ਹਨ। ਜੇ ਰੱਬ ਦੀ ਹਸਤੀ ਨੂੰ ਇਨ੍ਹਾਂ
ਵਿਚੋਂ ਕੱਢ ਦਿੱਤਾ ਜਾਵੇ ਤਾਂ ਧਰਮ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਤਕਰੀਬਨ ਸਾਰੇ ਧਾਰਮਿਕ
ਫਿਰਕੇ ਇਹ ਵੀ ਮੰਨਦੇ ਹਨ ਕਿ ਸਾਰੀ ਸ੍ਰਿਸਟੀ ਦਾ ਰੱਬ ਇੱਕ ਹੈ ਤੇ ਉਸਦੇ ਹੁਕਮ ਵਿੱਚ ਹੀ ਸਭ ਕੁੱਝ
ਚੱਲ ਰਿਹਾ ਹੈ। ਕੁੱਝ ਵੀ ਉਸਦੇ ਹੁਕਮ ਤੋਂ ਬਾਹਰ ਨਹੀਂ ਤੇ ਸਾਰੀ ਸ੍ਰਿਸ਼ਟੀ ਉਸਦੀ ਬਣਾਈ ਹੋਈ ਹੈ।
ਪਰ ਜਦੋਂ ਤੁਸੀਂ ਵੱਖ-ਵੱਖ ਧਾਰਮਿਕ ਫਿਰਕਿਆਂ ਦੇ ਵਿਸ਼ਵਾਸ਼ਾਂ, ਮਰਿਯਾਦਾਵਾਂ ਜਾਂ ਪੂਜਾ-ਪਾਠ ਨੂੰ
ਦੇਖੋ ਤਾਂ ਬਹੁਤ ਕੁੱਝ ਇੱਕ ਦੂਜੇ ਤੋਂ ਉਲਟ ਕਰਦੇ ਹਨ। ਇਥੋਂ ਤੱਕ ਕਿ ਇੱਕ ਫਿਰਕੇ ਦੀ ਪੂਜਾ ਪਾਠ
ਦੀ ਮਰਿਯਾਦਾ, ਦੂਜੇ ਫਿਰਕੇ ਲਈ ਪਾਪ ਜਾਂ ਧਰਮ ਵਿਰੋਧੀ ਵੀ ਹੋ ਸਕਦੀ ਹੈ। ਮਿਸਾਲ ਦੇ ਤੌਰ ਤੇ ਇੱਕ
ਫਿਰਕਾ ਰੱਬ ਦੀ ਮੂਰਤੀ ਬਣਾ ਕੇ ਪੂਜਾ ਕਰਦਾ ਹੈ ਤੇ ਦਾਅਵਾ ਕਰਦਾ ਹੈ ਕਿ ਸ਼ਰਧਾ ਨਾਲ ਮੂਰਤੀ ਪੂਜਾ
ਕਰਕੇ ਰੱਬ ਪਾਇਆ ਜਾ ਸਕਦਾ ਹੈ ਤੇ ਦੂਜਾ ਫਿਰਕਾ ਮੂਰਤੀ ਪੂਜਾ ਬਾਰੇ ਸੋਚਣਾ ਵੀ ਪਾਪ ਸਮਝਦਾ ਹੈ।
ਇਸੇ ਤਰ੍ਹਾਂ ਵੱਖ-ਵੱਖ ਧਾਰਮਿਕ ਫਿਰਕਿਆਂ ਵਿੱਚ ਅਨੇਕਾਂ ਅਜਿਹੇ ਵਿਸ਼ਵਾਸ਼ ਜਾਂ ਮਰਿਯਾਦਾਵਾਂ
ਹੁੰਦੀਆਂ ਹਨ, ਜੋ ਕੀਤੀਆਂ ਤੇ ਇੱਕ ਰੱਬ ਦੇ ਨਾਮ ਤੇ ਜਾਂਦੀਆਂ ਹਨ, ਪਰ ਹੁੰਦੀਆਂ ਇੱਕ-ਦੂਜੇ ਦੇ
ਵਿਰੁੱਧ ਹਨ। ਇਨ੍ਹਾਂ ਨਕਲੀ ਧਾਰਮਿਕ ਪੁਜਾਰੀਆਂ ਨੂੰ ਪੁੱਛਣਾ ਬਣਦਾ ਹੈ ਕਿ ਜੇ ਰੱਬ ਇੱਕ ਹੈ ਤੇ ਸਭ
ਜਗ੍ਹਾ ਉਸਦਾ ਹੀ ਹੁਕਮ ਚਲਦਾ ਹੈ, ਉਸਦੇ ਹੁਕਮ ਵਿੱਚ ਹੀ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ, ਸਭ ਕੁੱਝ
ਉਸਦਾ ਹੀ ਬਣਾਇਆ ਹੋਇਆ ਹੈ ਤਾਂ ਫਿਰ ਇੱਕ ਧਾਰਮਿਕ ਫਿਰਕੇ ਲਈ ਰੱਬ ਦੇ ਕਨੂੰਨ, ਦੂਜੇ ਨਾਲੋਂ ਵੱਖਰੇ
ਕਿਉਂ ਹਨ? ਇੱਕ ਲਈ ਪੁੰਨ ਤੇ ਦੂਜੇ ਲਈ ਉਹੀ ਪਾਪ ਕਿਉਂ ਹੈ? ਜਦ ਕਿ ਲਾਅ ਆਫ ਨੇਚਰ ਸਬ ਲਈ ਬਰਾਬਰ
ਹਨ। ਕਿਸੇ ਨਾਲ ਵਿਤਕਰਾ ਨਹੀਂ ਕਰਦੇ ਤੇ ਕਿਸੇ ਦੀ ਫੇਵਰ ਨਹੀਂ ਕਰਦੇ। ਅਸਲ ਵਿੱਚ ਨਕਲੀ ਧਰਮਾਂ ਦੇ
ਪੁਜਾਰੀ ਰੱਬ ਦਾ ਨਾਮ ਸਿਰਫ ਆਪਣਾ ਧੰਦਾ ਚਲਾਉਣ ਲਈ ਹੀ ਵਰਤਦੇ ਹਨ, ਪਰ ਉਨ੍ਹਾਂ ਨੂੰ ਰੱਬ ਦੀ ਜਾਂ
ਕੁਦਰਤ ਦੇ ਨਿਯਮਾਂ ਦੀ ਸੋਝੀ ਨਹੀਂ ਹੈ ਤੇ ਨਾ ਹੀ ਮਤਲਬ ਹੈ। ਇਸੇ ਲਈ ਉਹ ਆਪ ਤੇ ਭੰਬਲਭੂਸੇ ਦਾ
ਸ਼ਿਕਾਰ ਹਨ ਹੀ, ਸਗੋਂ ਸਾਰੀ ਉਮਰ ਆਪਣੇ ਸ਼ਰਧਾਲੂਆਂ ਨੂੰ ਵੀ ਇਸੇ ਵਿੱਚ ਉਲਝਾਈ ਰੱਖਦੇ ਹਨ। ਰੱਬ
ਉਨ੍ਹਾਂ ਲਈ ਆਪਣਾ ਧੰਦਾ ਚਲਾਉਣ ਦੇ ਸੰਦ ਤੋਂ ਵੱਧ ਕੁੱਝ ਨਹੀਂ ਹੈ। ਰੱਬ ਦੇ ਨਾਮ ਤੇ ਪੁਜਾਰੀ
ਸ਼ਰਧਾਲੂਆਂ ਨੂੰ ਸਿਰਫ ਠੱਗਦੇ ਹੀ ਹਨ, ਨਾ ਉਨ੍ਹਾਂ ਨੂੰ ਕਿਸੇ ਰੱਬ ਦੇ ਕਦੇ ਦਰਸ਼ਨ ਹੀ ਹੋਏ ਹਨ ਤੇ
ਨਾ ਹੀ ਉਨ੍ਹਾਂ ਨੂੰ ਰੱਬ ਬਾਰੇ ਕੋਈ ਜਾਣਕਾਰੀ ਹੀ ਹੈ। ਧਾਰਮਿਕ ਗ੍ਰੰਥਾਂ ਵਿੱਚ ਵੱਖ-ਵੱਖ ਸਮਿਆਂ
ਵਿੱਚ, ਵੱਖ-ਵੱਖ ਧਾਰਮਿਕ ਪੈਗੰਬਰਾਂ ਵਲੋਂ ਕੀਤੀਆਂ ਕਿਆਸ ਅਰਾਈਆਂ ਜਾਂ ਆਪਣੇ ਨਿੱਜ਼ੀ ਅਨੁਭਵਾਂ ਨੂੰ
ਅਧਾਰ ਬਣਾ ਕੇ ਪੁਜਾਰੀ ਆਪਣਾ ਤੋਰੀ ਫੁਲਕਾ ਚਲਾਈ ਜਾ ਰਹੇ ਤੇ ਸ਼ਰਧਾਲੂ ਡਰ ਤੇ ਲਾਲਚੀ ਬਿਰਤੀ ਅਧੀਨ
ਉਨ੍ਹਾਂ ਦੇ ਝਾਂਸੇ ਵਿੱਚ ਫਸੇ ਰਹਿੰਦੇ ਹਨ।
ਵਹਿਮ-ਭਰਮ-ਕਰਮਕਾਂਡ: ਨਕਲੀ ਧਰਮਾਂ ਦੀ ਇੱਕ ਹੋਰ ਖਾਸੀਅਤ ਹੈ ਕਿ ਇਹ ਵਿਅਕਤੀ ਨੂੰ ਆਪਣੇ
ਮਾਇਆਜਾਲ ਵਿੱਚ ਫਸਾ ਕੇ ਰੱਖਣ ਲਈ ਸਾਰੀ ਉਮਰ ਵਹਿਮਾਂ-ਭਰਮਾਂ-ਕਰਮਕਾਂਡਾਂ ਵਿੱਚ ਉਲਝਾਈ ਰੱਖਦੇ ਹਨ।
ਇਹ ਕਦੇ ਨਹੀਂ ਚਾਹੁੰਦੇ ਕਿ ਇਨ੍ਹਾਂ ਦੀ ਹਰ ਗੱਲ ਤੇ ਵਿਸ਼ਵਾਸ਼ ਕਰਕੇ ਅੱਖਾਂ ਮੀਟ ਕੇ ਸ਼ਰਧਾ ਨਾਲ
ਮੰਨਣ ਵਾਲੇ ਸ਼ਰਧਾਲੂਆਂ ਨੂੰ ਗੁੰਮਰਾਹ ਨਾ ਕਰੀਏ। ਪਰ ਪੁਜਾਰੀ ਕਦੇ ਕਿਸੇ ਦੇ ਸਕੇ ਨਹੀਂ ਹੁੰਦੇ,
ਹੋਰਨਾਂ ਦੀ ਤੇ ਗੱਲ ਛੱਡੋ ਇਹ ਤੇ ਰੱਬ ਦਾ ਨਾਮ ਵੀ ਵੇਚਦੇ ਹਨ। ਵੈਸੇ ਇਨ੍ਹਾਂ ਨੂੰ ਅਜੇ ਤੱਕ ਰੱਬ
ਲੱਭਾ ਨਹੀਂ, ਜੇ ਕਿਤੇ ਲੱਭ ਜਾਂਦਾ ਤੇ ਕਦੋਂ ਦਾ ਉਸਨੂੰ ਵੀ ਵੇਚ ਦਿੰਦੇ। ਪੁਜਾਰੀ ਇਤਨੇ ਵਧੀਆ
ਕਲਾਕਾਰ ਹੁੰਦੇ ਹਨ ਕਿ ਸਾਰੀ ਉਮਰ ਸ਼ਰਧਾਲੂਆਂ ਨੂੰ ਝੂਠੇ ਵਹਿਮਾਂ-ਭਰਮਾਂ-ਕਰਮਕਾਂਡਾਂ ਦੇ ਨਾਮ ਤੇ
ਲੁੱਟਦੇ ਰਹਿਣ ਦੇ ਬਾਵਾਜੂਦ ਵੀ ਕਦੇ ਉਨ੍ਹਾਂ ਨੂੰ ਪਤਾ ਨਹੀਂ ਲੱਗਣ ਦਿੰਦੇ ਕਿ ਉਨ੍ਹਾਂ ਦਾ ਧਰਮ
ਅਧਾਰਿਤ ਸਾਰਾ ਪਸਾਰਾ ਨਕਲੀ ਹੈ ਤੇ ਝੂਠ ਦੀ ਦੁਕਾਨ ਤੋਂ ਵੱਧ ਕੁੱਝ ਨਹੀਂ। ਇਹ ਆਪਣਾ ਕੰਮ ਇਤਨੀ
ਸ਼ੈਤਾਨੀ ਨਾਲ ਕਰਦੇ ਹਨ ਕਿ ਅਨਪੜ੍ਹ ਤਾਂ ਇਨ੍ਹਾਂ ਦੇ ਜ਼ਾਲ ਵਿੱਚ ਫਸਦੇ ਹੀ ਹਨ, ਚੰਗੇ ਪੜ੍ਹੇ ਲਿਖੇ
ਤੇ ਕਾਲਿਜ਼ਾਂ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਪ੍ਰਾਪਤ ਲੋਕ ਵੀ ਇਨ੍ਹਾਂ ਦੇ ਪੈਰੀਂ ਪਏ ਹੁੰਦੇ ਹਨ।
ਕਈ ਵਾਰ ਕਰਮਕਾਂਡ ਵੀ ਅਜਿਹੇ ਕਰਾਉਂਦੇ ਹਨ ਕਿ ਥੋੜਾ ਜਿਹਾ ਦਿਮਾਗ ਵਰਤਣ ਵਾਲਾ ਇਨਸਾਨ ਵੀ ਦੇਖ ਕੇ
ਹੈਰਾਨ ਰਹਿ ਜਾਂਦਾ ਹੈ ਕਿ ਪੁਜਾਰੀਆਂ ਦੇ ਜ਼ਾਲ ਵਿੱਚ ਫਸੇ ਹੋਏ ਲੋਕਾਂ ਦਾ ਦਿਮਾਗ ਕੀ ਬਿਲਕੁਲ ਕੰਮ
ਨਹੀਂ ਕਰਦਾ? ਸ਼ਾਇਦ ਇਨ੍ਹਾਂ ਕੋਲ ਮਨੁੱਖੀ ਦਿਮਾਗ ਦੇ ਸੋਚਣ ਵਾਲੇ ਹਿੱਸੇ ਨੂੰ ਆਫ ਕਰਨ ਦੀ ਕਲਾ
ਹੁੰਦੀ ਹੈ। ਨਕਲੀ ਧਰਮਾਂ ਦੇ ਪੁਜਾਰੀ ਮਨੁੱਖ ਨੂੰ ਕਦੇ ਜਾਗਰੂਕ ਨਹੀਂ ਹੋਣ ਦਿੰਦੇ, ਕਦੇ ਐਜੂਕੇਟ
ਨਹੀਂ ਹੋਣ ਦਿੰਦੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਅਗਰ ਲੋਕ ਜਾਗਰੂਕ ਹੋ ਗਏ ਤਾਂ ਉਨ੍ਹਾਂ ਇਹ
ਲੁੱਟ ਦਾ ਧੰਦਾ ਬਹੁਤਾ ਚਿਰ ਨਹੀਂ ਚੱਲ ਸਕੇਗਾ।
ਧਾਰਮਿਕ ਦਿਖਾਵੇ, ਪਹਿਰਾਵੇ ਤੇ ਚਿੰਨ੍ਹ: ਨਕਲੀ ਧਰਮਾਂ ਦੀ ਇੱਕ ਹੋਰ ਖੂਬੀ ਹੈ ਕਿ ਇਹ
ਬਾਹਰੀ ਦਿਖਾਵੇ ਵਾਲੇ ਕਰਮਕਾਂਡਾਂ ਨੂੰ ਬਹੁਤ ਮਹੱਤਤਾ ਦਿੰਦੇ ਹਨ। ਸਿਰਫ ਬਾਹਰੀ ਫੋਕਟ ਕਰਮਕਾਂਡ
ਕਰਨ ਵਾਲਿਆਂ ਨੂੰ ਹੀ ਸੱਚੇ-ਸੁੱਚੇ ਧਰਮੀ ਹੋਣ ਦਾ ਸਿਰੋਪਾ ਬਖਸ਼ਦੇ ਹਨ। ਇਸੇ ਤਰ੍ਹਾਂ ਨਕਲੀ ਧਰਮਾਂ
ਵਿੱਚ ਬਾਹਰੀ ਧਾਰਮਿਕ ਪਹਿਰਾਵੇ ਤੇ ਬਾਹਰੀ ਧਾਰਮਿਕ ਚਿੰਨ੍ਹਾਂ ਤੇ ਬੜਾ ਜ਼ੋਰ ਦਿੱਤਾ ਜਾਂਦਾ ਹੈ।
ਜਿਹੜਾ ਵੀ ਵਿਅਕਤੀ ਧਾਰਮਿਕ ਫਿਰਕੇ ਵਲੋਂ ਨਿਯਤ ਖਾਸ ਕਿਸਮ ਦਾ ਪਹਿਰਾਵਾ ਜਾਂ ਧਾਰਮਿਕ ਚਿੰਨ੍ਹ ਧਾਰ
ਲੈਂਦਾ ਹੈ, ਉਸਦਾ ਬੜਾ ਮਾਣ ਇੱਜ਼ਤ ਕੀਤਾ ਜਾਂਦਾ ਹੈ। ਜੇ ਸ਼ਰਧਾਲੂ ਬਾਹਰੀ ਪਹਿਰਾਵੇ ਤੇ ਚਿੰਨ੍ਹਾਂ
ਨਾਲ ਲੈਸ ਹੋ ਕੇ ਪੁਜਾਰੀ ਦੇ ਦੱਸੇ ਅਨੁਸਾਰ ਹਰ ਤਰ੍ਹਾਂ ਦੇ ਦਿਖਾਵੇ ਦੇ ਕਰਮਕਾਂਡ ਜਾਂ
ਮਰਿਯਾਦਾਵਾਂ ਵੀ ਨਿਭਾਉਂਦਾ ਹੈ ਤਾਂ ਉਸ ਤੋਂ ਵੱਡਾ ਤੇ ਸੱਚਾ-ਸੁੱਚਾ ਧਰਮੀ ਕੋਈ ਹੋ ਹੀ ਨਹੀਂ
ਸਕਦਾ। ਇਸਦਾ ਮੁੱਖ ਕਾਰਨ ਇਹ ਹੁੰਦਾ ਹੈ ਕਿ ਲੋਕ ਧਰਮ ਬਾਰੇ ਗਿਆਨ ਨਾ ਲੈਣ ਤੇ ਧਾਰਮਿਕ ਦਿਖਾਵਿਆਂ,
ਪਹਿਰਾਵਿਆਂ, ਚਿੰਨ੍ਹਾਂ ਆਦਿ ਵਿੱਚ ਉਲਝੇ ਰਹਿਣ ਕਿਉਂਕਿ ਗਿਆਨ ਲੈਣ ਨਾਲ ਮਨੁੱਖ ਜਾਗਰੂਕ ਹੁੰਦਾ
ਹੈ, ਉਸਦੇ ਮਨ ਵਿੱਚ ਸਵਾਲ ਖੜੇ ਹੁੰਦੇ ਹਨ, ਜਿਨ੍ਹਾਂ ਦੇ ਜਵਾਬ ਉਹ ਪੁਜਾਰੀਆਂ ਕੋਲੋਂ ਮੰਗ ਸਕਦਾ
ਹੈ। ਇਸ ਲਈ ਪੁਜਾਰੀ ਹਮੇਸ਼ਾਂ ਕੋਸ਼ਿਸ਼ ਕਰਦੇ ਹਨ ਕਿ ਲੋਕ ਅੰਧ ਵਿਸ਼ਵਾਸ਼ ਤੇ ਅਗਿਆਨਤਾ ਵਿੱਚ ਫਸੇ ਰਹਿਣ
ਤੇ ਨਕਲੀ ਧਰਮਾਂ ਦੀ ਗੁਲਾਮੀ ਕਰਦੇ ਰਹਿਣ।
ਧਾਰਮਿਕ ਗ੍ਰੰਥ: ਨਕਲੀ ਧਰਮ ਇਸ ਗੱਲ ਤੇ ਵੀ ਬੜਾ ਜ਼ੋਰ ਦਿੰਦੇ ਹਨ ਕਿ ਉਨ੍ਹਾਂ ਦੇ ਧਾਰਮਿਕ
ਗ੍ਰੰਥ ਸਭ ਤੋਂ ਸਰਬੋਤਮ ਹਨ ਤੇ ਬਾਕੀ ਸਾਰੇ ਧਰਮਾਂ ਦੇ ਗ੍ਰੰਥ ਅਧੂਰੇ ਹਨ। ਸਾਰੇ ਧਾਰਮਿਕ ਫਿਰਕਿਆਂ
ਦੇ ਪੁਜਾਰੀ ਅਜਿਹਾ ਪ੍ਰਚਾਰ ਵੀ ਕਰਦੇ ਹਨ ਕਿ ਉਨ੍ਹਾਂ ਦੇ ਗ੍ਰੰਥ ਰੱਬ ਵਲੋਂ ਸਿੱਧੇ ਭੇਜੇ ਗਏ
ਸੰਦੇਸ਼ ਰਾਹੀਂ ਲਿਖੇ ਗਏ ਹਨ, ਜਿਨ੍ਹਾਂ ਦੇ ਝੂਠੇ ਜਾਂ ਗਲਤ ਹੋਣ ਦਾ ਤੇ ਸਵਾਲ ਹੀ ਕੋਈ ਨਹੀਂ।
ਗ੍ਰੰਥਾਂ ਵਿਚਲੇ ਬਚਨ ਰੱਬ ਵਲੋਂ ਮਿਲੇ ਸਿੱਧੇ ਇਲਾਹੀ ਸੰਦੇਸ਼ ਹੋਣ ਕਾਰਨ ਨਾ ਇਨ੍ਹਾਂ ਤੇ ਵਿਚਾਰ ਹੋ
ਸਕਦੀ ਹੈ? ਨਾ ਕੋਈ ਸਵਾਲ ਉਠਾਇਆ ਜਾ ਸਕਦਾ ਹੈ? ਨਾ ਕੋਈ ਕਿੰਤੂ ਪ੍ਰੰਤੂ ਹੀ ਹੋ ਸਕਦਾ ਹੈ? ਇਨ੍ਹਾਂ
ਨੂੰ ਸੱਚੋ-ਸੱਚ ਮੰਨਿਆ ਹੀ ਜਾ ਸਕਦਾ ਹੈ। ਮੱਥਾ ਹੀ ਟੇਕਿਆ ਜਾ ਸਕਦਾ ਹੈ। ਜ਼ਿਆਦਾ ਤੋਂ ਜ਼ਿਆਦਾ
ਇਨ੍ਹਾਂ ਦਾ ਪਾਠ ਹੀ ਹੋ ਸਕਦਾ ਹੈ, ਉਹ ਵੀ ਕਿਉਂਕਿ ਆਮ ਵਿਅਕਤੀ ਗਲਤ ਕਰ ਸਕਦਾ ਹੈ, ਉਸਨੂੰ ਪਾਪ
ਲੱਗ ਸਕਦਾ ਹੈ, ਰੱਬ ਨਰਾਜ਼ ਹੋ ਸਕਦਾ ਹੈ। ਇਸ ਲਈ ਚੰਗਾ ਤੇ ਸੌਖਾ ਤਰੀਕਾ ਇਨ੍ਹਾਂ ਗ੍ਰੰਥਾਂ ਦੇ
ਬਚਨਾਂ, ਬਾਣੀ, ਮੰਤਰਾਂ ਨੂੰ ਪੁਜਾਰੀ ਕੋਲੋਂ ਫੀਸ ਦੇ ਕੇ ਪੜ੍ਹਾਇਆ ਜਾਵੇ। ਜਿਸ ਨਾਲ ਰੱਬ ਵੀ ਖੁਸ
ਤੇ ਪੁਜਾਰੀ ਵੀ ਖੁਸ਼। ਅਸਲ ਵਿੱਚ ਇਸ ਪਿਛੇ ਵੀ ਪੁਜਾਰੀਆਂ ਦੀ ਮਾਨਸਿਕਤਾ ਇਹੀ ਹੁੰਦੀ ਹੈ ਕਿ ਜੇ
ਲੋਕ ਧਾਰਮਿਕ ਗ੍ਰੰਥਾਂ ਨੂੰ ਆਪ ਪੜ੍ਹਨ ਲੱਗ ਪੈਣ, ਉਨ੍ਹਾਂ ਵਿਚਲੇ ਸੰਦੇਸ਼ ਨੂੰ ਸਮਝਣ ਲੱਗ ਜਾਣ,
ਵਿਚਾਰਨ ਲੱਗ ਜਾਣ, ਸਵਾਲ ਉਠਾਉਣ ਲੱਗ ਜਾਣ, ਦਲੀਲਾਂ ਤੇ ਤਰਕਾਂ ਦੇਣ ਲੱਗ ਜਾਣ ਤਾਂ ਫਿਰ ਨਕਲੀ ਧਰਮ
ਬਹੁਤਾ ਚਿਰ ਟਿਕ ਨਹੀਂ ਸਕਣਗੇ। ਇਸ ਲਈ ਸੌਖਾ ਤੇ ਆਸਾਨ ਤਰੀਕਾ ਹੈ ਕਿ ਅਜਿਹਾ ਪ੍ਰਚਾਰ ਵੱਡੀ ਪੱਧਰ
ਤੇ ਕਰੋ ਕਿ ਧਾਰਮਿਕ ਗ੍ਰੰਥ ਰੱਬੀ ਬਾਣੀ ਹੁੰਦੇ ਹਨ ਤੇ ਉਨ੍ਹਾਂ ਤੇ ਕੋਈ ਵਿਚਾਰ, ਤਰਕ, ਦਲੀਲ,
ਸਵਾਲ ਨਹੀਂ ਕੀਤਾ ਜਾ ਸਕਦਾ। ਇਸਦੇ ਪੂਜਾ-ਪਾਠ ਹੋ ਸਕਦੇ ਹਨ। ਇਸਨੂੰ ਸਿਰਫ ਸ਼ਰਧਾ ਨਾਲ ਮੱਥਾ ਟੇਕਿਆ
ਜਾ ਸਕਦਾ ਹੈ। ਪੁਜਾਰੀ ਕਦੇ ਵੀ ਅਜਿਹਾ ਵਿਚਾਰ ਪਨਪਣ ਨਹੀਂ ਦਿੰਦੇ ਕਿ ਧਾਰਮਿਕ ਗ੍ਰੰਥ ਪੈਗੰਬਰਾਂ,
ਮਹਾਂਪੁਰਸ਼ਾਂ ਵਲੋਂ ਆਪਣੇ ਸਮੇਂ ਵਿੱਚ ਲਿਖੀ ਉਨ੍ਹਾਂ ਦੀ ਵਿਚਾਰਧਾਰਾ ਹੁੰਦੀ ਹੈ, ਜਿਸਨੂੰ ਅਸੀਂ
ਸਮਝ ਵਿਚਾਰ ਕੇ ਆਪਣੇ ਸਮੇਂ ਅਨੁਸਾਰ ਵਰਤਣਾ ਹੁੰਦਾ ਹੈ ਤਾਂ ਕਿ ਧਰਮ ਵਿੱਚ ਖੜੋਤ ਨਾ ਆਵੇ ਤੇ ਉਹ
ਵਿਚਾਰਧਾਰਾ ਸਦੀਵੀ ਤੌਰ ਤੇ ਮਨੁੱਖਤਾ ਦੀ ਅਗਵਾਈ ਕਰਦੀ ਰਹੇ।
ਮਰਿਯਾਦਾ: ਨਕਲੀ ਧਰਮਾਂ ਦੇ ਪੁਜਾਰੀ ਅਕਸਰ ਪ੍ਰਚਾਰ ਤੇ ਅਜਿਹਾ ਕਰਦੇ ਹਨ ਕਿ ਸਾਡਾ ਧਰਮ
ਸਾਡੇ ਪੈਗੰਬਰ ਜਾਂ ਗੁਰੂ ਦੀ ਸਾਡੇ ਗ੍ਰੰਥ ਵਿੱਚ ਦਰਜ ਰੱਬੀ ਬਾਣੀ ਦੀ ਵਿਚਾਰਧਾਰਾ ਤੇ ਖੜਾ ਹੈ, ਪਰ
ਜਦੋਂ ਤੁਸੀਂ ਉਨ੍ਹਾਂ ਦੇ ਧਰਮ ਦੀ ਅੰਦਰੂਨੀ ਝਾਤੀ ਮਾਰਦੇ ਹੋ ਤਾਂ ਪਤਾ ਲਗਦਾ ਹੈ ਕਿ ਉਨ੍ਹਾਂ ਦਾ
ਧਾਰਮਿਕ ਫਿਰਕਾ ਉਨ੍ਹਾਂ ਦੇ ਗ੍ਰੰਥ ਦੀ ਵਿਚਾਰਧਾਰਾ ਦੇ ਆਧਾਰ ਤੇ ਨਹੀਂ, ਸਗੋਂ ਪੁਜਾਰੀਆਂ ਵਲੋਂ
ਬਣਾਈਆਂ ਰੀਤਾਂ, ਰਸਮਾਂ, ਕਰਮਕਾਂਡਾਂ, ਦਿਖਾਵਿਆਂ, ਪਹਿਰਾਵਿਆਂ, ਚਿੰਨ੍ਹਾਂ, ਮਨੌਤਾਂ ਆਦਿ ਦੀ
ਬਣਾਈ ਮਿਲਗੋਭਾ ਮਰਿਯਾਦਾ ਦੇ ਆਧਾਰ ਤੇ ਚੱਲ ਰਿਹਾ ਹੁੰਦਾ ਹੈ। ਪੁਜਾਰੀਆਂ ਨੇ ਇਹ ਧਰਮ ਮਰਿਯਾਦਾ
ਆਪਣੇ ਅਤੇ ਆਪਣੇ ਆਕਾਵਾਂ (ਮੌਕੇ ਦੀਆਂ ਹਕੂਮਤਾਂ ਤੇ ਸਰਮਾਏਦਾਰੀ) ਦੇ ਹਿੱਤਾਂ ਨੂੰ ਮੁੱਖ ਰੱਖ ਕੇ
ਬਣਾਈ ਹੁੰਦੀ ਹੈ। ਬੇਸ਼ਕ ਇਹ ਮਰਿਯਾਦਾ ਉਸਨੇ ਆਪ ਹੀ ਬਣਾਈ ਹੁੰਦੀ ਹੈ, ਪਰ ਇਸ ਵਿੱਚ ਉਹ ਕੋਈ
ਤਬਦੀਲੀ ਕਰਨ ਦੀ ਕਿਸੇ ਨੂੰ ਇਜ਼ਾਜਤ ਨਹੀਂ ਦਿੰਦਾ, ਭਾਵੇਂ ਕਿ ਆਪਣੇ ਧੰਦੇ ਨੂੰ ਹੋਰ ਮਜਬੂਤ ਕਰਨ ਲਈ
ਲੁਕਵੇਂ ਤਰੀਕੇ ਨਾਲ ਸਮੇਂ ਸਮੇਂ ਤਬਦੀਲੀਆਂ ਕਰਦਾ ਰਹਿੰਦਾ ਹੈ। ਵੈਸੇ ਮਰਿਯਾਦਾ ਹਮੇਸ਼ਾਂ ਸਮੇਂ ਅਤੇ
ਸਥਾਨ ਦੇ ਅਧਾਰਿਤ ਹੁੰਦੀ ਹੈ ਕਿਉਂਕਿ ਸਮਾਜ ਹਮੇਸ਼ਾਂ ਸਮੇਂ ਤੇ ਸਥਾਨ ਨਾਲ ਬਦਲਦਾ ਰਹਿੰਦਾ ਹੈ, ਜਿਸ
ਨਾਲ ਮਨੁੱਖ ਦੇ ਰਹਿਣ-ਸਹਿਣ, ਖਾਣ-ਪਹਿਨਣ, ਵਰਤੋਂ-ਵਿਹਾਰ, ਸਭਿਆਚਾਰ, ਸਮਾਜਿਕ ਕਦਰਾਂ ਕੀਮਤਾਂ
ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ। ਪਰ ਪੁਜਾਰੀ ਹਮੇਸ਼ਾਂ ਤਬਦੀਲੀ ਦੇ ਵਿਰੋਧ ਵਿੱਚ ਖੜਦੇ ਹਨ
ਕਿਉਂਕਿ ਉਨ੍ਹਾਂ ਨੂੰ ਤਬਦੀਲੀ ਵਿਚੋਂ ਆਪਣੇ ਧੰਦੇ ਲਈ ਹਮੇਸ਼ਾਂ ਖਤਰਾ ਦਿਸਦਾ ਹੈ। ਨਕਲੀ ਧਰਮਾਂ ਦੇ
ਹਮੇਸ਼ਾਂ ਤਬਦੀਲੀ ਦੇ ਵਿਰੋਧ ਵਿੱਚ ਖੜਨ ਕਰਕੇ ਹੀ ਵੱਡੇ ਧਾਰਮਿਕ ਫਿਰਕਿਆਂ ਵਿੱਚ ਕੁੱਝ ਸਾਲਾਂ ਬਾਅਦ
ਨਵੇਂ ਛੋਟੇ ਧਾਰਮਿਕ ਫਿਰਕੇ ਪੈਦਾ ਹੁੰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਆਪਣੀ ਦੁਕਾਨਦਾਰੀ ਲਈ ਖਤਰਾ
ਜਾਣ ਕੇ ਪੁਜਾਰੀ ਹਮੇਸ਼ਾਂ ਉਨ੍ਹਾਂ ਦਾ ਵਿਰੋਧ ਕਰਦੇ ਹਨ ਤੇ ਜੇ ਮੌਕੇ ਦੀ ਹਕੂਮਤ ਧਰਮ ਅਧਾਰਿਤ ਹੋਵੇ
ਜਾਂ ਧਾਰਮਿਕ ਫਿਰਕੇ ਦਾ ਅਸਰ ਕਬੂਲਦੀ ਹੋਵੇ ਤਾਂ ਫਿਰ ਛੋਟੇ ਧਾਰਮਿਕ ਫਿਰਕਿਆਂ ਨੂੰ ਧਰਮ ਵਿਰੋਧੀ
ਗਰਦਾਨ ਕੇ ਨਸਲਘਾਤ ਕੀਤਾ ਜਾਦਾ ਹੈ, ਦੇਸ਼ ਨਿਕਾਲੇ ਦਿੱਤੇ ਜਾਂਦੇ ਹਨ, ਉਨ੍ਹਾਂ ਨੂੰ ਖਤਮ ਕਰਨਾ ਧਰਮ
ਦਾ ਕੰਮ ਮੰਨਿਆ ਜਾਂਦਾ ਹੈ।
ਪਿਛਾਂਹਖਿਚੂ ਸੋਚ: ਪੁਜਾਰੀਆਂ ਦੇ ਨਕਲੀ ਧਰਮਾਂ ਦੀ ਸੋਚ ਹਮੇਸ਼ਾਂ ਪਿਛਾਂਹ ਖਿਚੂ ਹੁੰਦੀ ਹੈ
ਕਿਉਂਕਿ ਅੱਗੇ ਵਧਣ ਲਈ ਤੁਹਾਨੂੰ ਕੁੱਝ ਪੁਰਾਣਾ ਛੱਡਣਾ ਪੈਂਦਾ ਹੈ ਤੇ ਕੁੱਝ ਨਵਾਂ ਅਪਨਾਉਣਾ ਪੈਂਦਾ
ਹੈ। ਪਰ ਪੁਜਾਰੀ ਹਮੇਸ਼ਾਂ ਤਬਦੀਲੀ ਦੇ ਵਿਰੋਧ ਵਿੱਚ ਭੁਗਤਦੇ ਹੋਣ ਕਾਰਨ ਇਨ੍ਹਾਂ ਦੇ ਨਕਲੀ ਧਰਮਾਂ
ਦਾ ਖਾਸਾ ਹੀ ਪਿਛਾਂਹਖਿਚੂ ਬਣ ਜਾਂਦਾ ਹੈ। ਤਕਰੀਬਨ ਸਾਰੇ ਧਾਰਮਿਕ ਫਿਰਕੇ ਪੁਰਾਤਨਤਾ ਵਿੱਚ ਵਿਸ਼ਵਾਸ਼
ਰੱਖਦੇ ਹਨ, ਨਵੀਂ ਸੋਚ ਉਨ੍ਹਾਂ ਦੇ ਰਾਸ ਨਹੀਂ ਆਉਂਦੀ। ਉਹ ਇਹ ਮੰਨ ਕੇ ਚੱਲਦੇ ਕਿ ਉਨ੍ਹਾਂ ਦੇ
ਪੈਗੰਬਰ, ਰਹਿਬਰ, ਗੁਰੂ ਆਦਿ ਵਲੋਂ ਜੋ ਗੱਲ ਕਈ ਸਦੀਆਂ ਪਹਿਲਾਂ ਕਹੀ ਗਈ ਸੀ ਤੇ ਉਨ੍ਹਾਂ ਦੇ ਧਰਮ
ਗ੍ਰੰਥ ਵਿੱਚ ਦਰਜ ਹੈ, ਉਹ ਰੱਬੀ ਬਾਣੀ ਜਾਂ ਸੰਦੇਸ਼ ਹੋਣ ਕਾਰਨ, ਉਸ ਵਿੱਚ ਕਿਸੇ ਤਬਦੀਲੀ ਦੀ
ਸੰਭਾਵਨਾ ਨਹੀਂ। ਧਰਮ ਗ੍ਰੰਥ ਵਿਚਲਾ ਗਿਆਨ ਇਲਾਹੀ ਤੇ ਆਖਰੀ ਗਿਆਨ ਹੈ, ਇਹ ਅਜਿਹਾ ਸਦੀਵੀ ਸੱਚ ਹੈ,
ਜੋ ਨਾ ਪਹਿਲਾਂ ਕਦੇ ਬੋਲਿਆ ਗਿਆ ਸੀ ਤੇ ਨਾ ਬਾਅਦ ਵਿੱਚ ਕਦੇ ਰਹਿੰਦੀ ਦੁਨੀਆਂ ਤੱਕ ਬੋਲਿਆ
ਜਾਵੇਗਾ। ਗ੍ਰੰਥਾਂ ਵਿਚਲੀ ਰੱਬੀ ਵਿਚਾਰਧਾਰਾ ਵਿੱਚ ਕਿਸੇ ਤਬਦੀਲੀ ਕਰਨ ਜਾਂ ਵਿਚਾਰ ਕਰਨ ਬਾਰੇ
ਸੋਚਣਾ ਵੀ ਗੁਨਾਹ ਹੈ। ਅਜਿਹੇ ਵਿਅਕਤੀਆਂ ਦੀ ਧਰਮ ਵਿੱਚ ਕੋਈ ਥਾਂ ਨਹੀਂ, ਜੋ ਤਬਦੀਲੀ ਦੀ ਗੱਲ
ਕਰਦੇ ਹਨ। ਮਰਿਯਾਦਾਵਾਂ, ਪ੍ਰੰਪਰਾਵਾਂ ਨੂੰ ਤੋੜਨ ਦੀ ਬਾਤ ਪਾਉਂਦੇ ਹਨ। ਨਕਲੀ ਧਰਮਾਂ ਦਾ ਇੱਕ ਪੱਖ
ਇਹ ਵੀ ਹੈ ਕਿ ਇਹ ਨਿਰੰਤਰਤਾ ਵਿੱਚ ਯਕੀਨ ਨਹੀਂ ਰੱਖਦੇ, ਜਿਥੋਂ ਧਰਮ ਸ਼ੁਰੂ ਹੋਇਆ ਸੀ, ਉਥੇ ਖੜੇ
ਰਹਿਣ ਨੂੰ ਹੀ ਧਰਮ ਸਮਝਦੇ ਹਨ। ਉਹ ਮਨੁੱਖੀ ਸਮਝ ਜਾਂ ਸਮਾਜ ਦੇ ਵਿਕਾਸ ਵਿੱਚ ਵਿਸ਼ਵਾਸ਼ ਨਹੀਂ ਕਰਦੇ।
ਉਹ ਇਹ ਮੰਨ ਕੇ ਚੱਲਦੇ ਹਨ ਕਿ ਕੁੱਝ ਹੋਣਾ ਸੀ, ਉਹ ਬਹੁਤ ਪਹਿਲਾਂ ਹੋ ਚੁੱਕਾ ਹੈ, ਜੋ ਕੁੱਝ ਕਿਹਾ
ਜਾਣਾ ਸੀ, ਉਹ ਕਿਹਾ ਜਾ ਚੁੱਕਾ ਹੈ, ਜੋ ਸੋਚਿਆ ਜਾਣਾ ਸੀ, ਸੋਚਿਆ ਜਾ ਚੁੱਕਾ ਹੈ, ਜੋ ਲਿਖਿਆ ਜਾਣਾ
ਸੀ, ਲਿਖਿਆ ਜਾ ਚੁੱਕਾ ਹੈ। ਅੱਜ ਦੇ ਮਨੁੱਖ ਦਾ ਧਰਮ ਸਿਰਫ ਅੱਖਾਂ ਮੀਟ ਕੇ, ਸਿਰ ਸੁੱਟ ਕੇ, ਹੱਥ
ਜੋੜ ਕੇ, ਸ਼ਰਧਾ ਨਾਲ ਮੱਥਾ ਟੇਕਣਾ ਹੀ ਹੈ। ਉਸਨੂੰ ਕੁੱਝ ਸੋਚਣ, ਵਿਚਾਰਨ, ਦਲੀਲ ਦੇਣ ਦਾ ਕੋਈ ਹੱਕ
ਨਹੀਂ। ਉਹ ਧਰਮ ਗ੍ਰੰਥਾਂ ਦਾ ਪਾਠ ਕਰ ਸਕਦਾ ਹੈ, ਉਸਦੇ ਅਰਥ ਕਰ ਸਕਦਾ ਹੈ, ਮਰਿਯਾਦਾ ਨਿਭਾਅ ਸਕਦਾ
ਹੈ। ਇਸੇ ਲਈ ਸਾਰੇ ਜਥੇਬੰਧਕ ਧਾਰਮਿਕ ਫਿਰਕੇ ਪਿਛਾਂਹਖਿਚੂ ਸੋਚ ਦੇ ਧਾਰਨੀ ਹਨ।
ਸਾਨੂੰ ਚਾਹੀਦਾ ਹੈ ਕਿ ਅਸੀਂ ਜਿਸ ਵੀ ਧਾਰਮਿਕ ਫਿਰਕੇ ਵਿੱਚ ਆਸਥਾ ਰੱਖਦੇ ਹਾਂ, ਉਥੇ ਧਰਮ ਦੇ ਨਾਮ
ਤੇ ਜੋ ਕੁੱਝ ਵੀ ਹੋ ਰਿਹਾ ਹੈ, ਉਸ ਬਾਰੇ ਜਰੂਰ ਸੋਚੀਏ। ਆਪਣੇ ਸਰਕਲ ਵਿੱਚ ਉਸ ਬਾਰੇ ਵਿਚਾਰ ਕਰੀਏ।
ਨਿਰਪੱਖਤਾ ਨਾਲ ਸੋਚਣ, ਵਿਚਾਰਨ, ਮੰਥਨ ਕਰਨ ਤੋਂ ਬਾਅਦ ਜੋ ਵੀ ਫੈਸਲਾ ਕਰਾਂਗੇ, ਉਹੀ ਤੁਾਹਡਾ ਧਰਮ
ਹੋਵੇਗਾ। ਪੁਜਾਰੀਆਂ ਵਲੋਂ ਸਿਖਾਇਆ ਜਾਂਦਾ ਧਰਮ ਸਾਡਾ ਧਰਮ ਨਹੀਂ ਹੋ ਸਕਦਾ। ਉਹ ਸਾਡੇ ਸਰੀਰ, ਮਨ,
ਆਤਮਾ, ਦਿਮਾਗ ਲਈ ਬੰਦਨ ਹੋਵੇਗਾ, ਮਰਿਯਾਦਾ ਰੂਪੀ ਬੇੜੀਆਂ ਹੋਣਗੀਆਂ ਤੇ ਅਸੀਂ ਮਾਨਸਿਕ ਤੌਰ ਤੇ
ਬੀਮਾਰ ਹੋਵਾਂਗੇ ਤੇ ਬਾਹਰੀ ਦਿਖਾਵਿਆਂ, ਪਹਿਰਾਵਿਆਂ, ਚਿੰਨ੍ਹਾਂ ਦੇ ਹੰਕਾਰ ਵਿੱਚ ਧਰਮੀ ਹੋਣ ਦਾ
ਭਰਮ ਹੀ ਪਾਲਦੇ ਹੋਵਾਂਗੇ।