.

ਭੱਟ ਬਾਣੀ-10

ਬਲਦੇਵ ਸਿੰਘ ਟੋਰਾਂਟੋ

ਪ੍ਰਾਨ ਮਾਨ ਦਾਨ ਮਗ ਜੋਹਨ ਹੀਤੁ ਚੀਤੁ ਦੇ ਲੇ ਲੇ ਪਾਰੀ।।

ਸਾਜਨ ਸੈਨ ਮੀਤ ਸੁਤ ਭਾਈ ਤਾਹੂ ਤੇ ਲੇ ਰਖੀ ਨਿਰਾਰੀ।।

ਧਾਵਨ ਪਾਵਨ ਕੂਰ ਕਮਾਵਨ ਇਹ ਬਿਧਿ ਕਰਤ ਅਉਧ ਤਨ ਜਾਰੀ।।

ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗਿ ਸਗਲ ਬਿਧਿ ਹਾਰੀ।।

ਪਸੁ ਪੰਖੀ ਬਿਰਖ ਅਸਥਾਵਰ ਬਹੁ ਬਿਧਿ ਜੋਨਿ ਭ੍ਰਮਿਓ ਅਤਿ ਭਾਰੀ।।

ਖਿਨੁ ਪਲੁ ਚਸਾ ਨਾਮੁ ਨਹੀ ਸਿਮਰਿਓ ਦੀਨਾ ਨਾਥ ਪ੍ਰਾਨਪਤਿ ਸਾਰੀ।।

ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ।।

ਨਾਨਕ ਸੰਤ ਚਰਨ ਸੰਗਿ ਉਧਰੇ ਹੋਰਿ ਮਾਇਆ ਮਗਨ ਚਲੇ ਸਭਿ ਡਾਰੀ।। ੬।।

(ਪੰਨਾ ੧੩੮੮)

ਪਦ ਅਰਥ:- ਪ੍ਰਾਨ – ਪ੍ਰਾਣੀ ਭਾਵ ਅਵਤਾਰਵਾਦੀ। ਮਾਨ – ਗ਼ਰੂਰ। ਮਗ – ਸੰ: ਰਸਤਾ, ਰਾਹ, ਪੰਥ। ਜੋਹਨ – ਤੱਕਣਾ, ਦੇਖਣਾ (ਮ: ਕੋਸ਼)। ਮਗ ਜੋਹਨ – ਰਾਹ ਤੱਕਣਾ, ਦੇਖਣਾ। ਹੀਤੁ ਚੀਤੁ – ਚਿੱਤ ਜੋੜ ਕਰ। ਦਾਨ – ਕਰ, ਮਹਿਸੂਲ (ਮ: ਕੋਸ਼)। ਦਾਨ – ਕਰ ਭਾਵ ਵੱਢੀ ਦੇਣਾ। “ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।। “। ਦਾਨ – ਕਰ, ਮਸੂਲ, ਵੱਢੀ। ਪਾਰੀ – ਸੰ: ਸਮੁੰਦਰ (ਮ: ਕੋਸ਼)। ਧਾਵਨ – ਦੌੜਨ ਦੀ ਕ੍ਰਿਆ, ਨੱਠਣਾ (ਮ: ਕੋਸ਼)। ਤਾਹੂ ਤੇ – ਉਨ੍ਹਾਂ ਤੋਂ। ਲੇ ਰਖੀ ਨਿਰਾਰੀ – ਨਿਰਲੇਪ ਰੱਖ ਲਵੋ, ਭਾਵ ਬਚਾ ਲਵੋ। ਅਉਧ – ਉਮਰ, ਜੀਵਨ। ਤਨ – ਮਨੁੱਖੀ ਸਰੀਰ। ਅਉਧ ਤਨ – ਮਨੁੱਖੀ ਜੀਵਨ। ਜਾਰੀ – ਜਰ ਜਾਣਾ, ਖ਼ਤਮ ਹੋ ਜਾਣਾ, ਬਰਬਾਦ ਹੋ ਜਾਣਾ। ਕਰਮ – ਅਮਲ, ਕਰਣੀ (ਮ: ਕੋਸ਼)। ਧਰਮ – ਸੱਚ। ਸਗਲ – ਸਮੂਹ। ਧਾਵਨ – ਦੌੜ। ਪਾਵਨ – ਪਵਿੱਤਰ। ਕੂਰ – ਕੂੜ। ਕਮਾਵਨ – ਕਮਾਉਣ ਵਾਲੇ। ਇਹ ਬਿਧਿ ਕਰਤ – ਅਜਿਹੀ ਬਿਧਿ ਅਪਣਾ ਕੇ। ਅਉਧ ਤਨ ਜਾਰੀ – ਆਪਣਾ ਮਨੁੱਖੀ ਜੀਵਨ ਖ਼ਤਮ ਕਰ ਜਾਣਗੇ। ਕਰਮ – ਜੋ ਮਨੁੱਖ ਆਪਣੇ ਜੀਵਨ ਵਿੱਚ ਅਪਣਾਉਂਦੇ ਹਨ। ਸਗਲ – ਸਮੂਹ। ਹਾਰੀ - ਹਾਰ ਜਾਣਾ। ਪਸੁ – ਪਸ਼ੂ ਬਿਰਤੀ। ਪੰਖੀ – ਪੰਛੀ, ਅਵਤਾਰਵਾਦੀ ਜੀਵ ਜੋ ਆਪਣੇ ਆਪ ਨੂੰ ਰੱਬ ਹੋਣ ਦਾ ਭਰਮ ਪਾਲਦੇ ਹਨ ਪਰ ਇਹ ਨਹੀਂ ਜਾਣਦੇ ਕਿ ਪੰਛੀ ਵਾਂਗ ਕਿਹੜੇ ਵੇਲੇ ਉਡਾਰੀ ਮਾਰ ਜਾਣਾ ਹੈ। ਬਿਰਖ – ਦਰੱਖ਼ਤ। ਅਸਥਾਵਰ – ਸਦੀਵੀ ਸਥਿਰ ਰਹਿਣ ਵਾਲਾ। ਬਹੁ ਬਿਧਿ – ਤਰ੍ਹਾਂ-ਤਰ੍ਹਾਂ ਦਾ। ਜੋਨਿ ਭ੍ਰਮਿਓ – ਆਉਣ ਜਾਣ ਦਾ ਭਰਮ ਪਾਲਦੇ ਹਨ। ਅਤਿ ਭਾਰੀ – ਅਤਿ ਡੂੰਘਾ, ਗਹਿਰਾ। ਖਿਨੁ ਪਲੁ ਚਸਾ – ਸਮੇਂ ਦੀਆਂ ਬਹੁਤ ਛੋਟੀਆਂ ਇਕਾਈਆਂ। ਨਾਮੁ ਨਹੀ – ਸੱਚ ਨਹੀਂ। ਨਾਮੁ ਨਹੀ ਸਿਮਰਿਓ – ਆਪਣੇ ਜੀਵਨ ਵਿੱਚ ਸੱਚ ਨਹੀਂ ਅਪਣਾਇਆ, (ਨਾਮ ਸਿਮਰਨ ਕਰਨਾ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ)। ਦੀਨਾ ਨਾਥ ਪ੍ਰਾਨਪਤਿ ਸਾਰੀ – ਅਤੇ ਆਪਣੇ ਆਪ ਨੂੰ ਦੀਨਾ ਦਾ ਨਾਥ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਤੇ ਆਸਰਾ ਦੇਣ ਵਾਲਾ ਅਖਵਾਉਂਦੇ ਹਨ। ਖਾਨ ਪੀਣ ਮੀਠ ਰਸ ਭੋਜਨ – ਵੱਢੀ ਦੇ ਰੂਪ ਵਿੱਚ ਇਕੱਤ੍ਰ ਕੀਤੇ ਪਦਾਰਥਾਂ ਨੂੰ ਮਾਨਣ ਦਾ ਰਸ। ਰਸ ਭੋਜਨ – ਰਸ ਮਾਨਣਾ। ਅੰਤ ਕੀ ਬਾਰ – ਅਖ਼ੀਰਲੇ ਸਮੇਂ। ਹੋਤ ਕਤ ਖਾਰੀ – ਖਾਰੇ ਹੋ ਜਾਂਦੇ ਹਨ। ਸੰਤ ਚਰਨ ਸੰਗਿ – ਗਿਆਨ ਦੇ ਚਰਨੀ ਲੱਗਣਾ। ਉਧਰੇ – ਉੱਪਰ ਉਠ ਜਾਣਾ।

ਅਰਥ:- ਅਜਿਹੇ ਹਉਮੈ ਦੇ ਗ਼ਰੂਰ ਵਿੱਚ ਡੁੱਬੇ ਹੋਏ ਪ੍ਰਾਣੀਆਂ (ਮੁਕਤੀ ਦੇ ਨਾਮ `ਤੇ ਇਨ੍ਹਾਂ ਅਵਤਾਰਵਾਦੀਆਂ) ਵੱਲੋਂ ਕਰ-ਵੱਢੀ ਲੈਣੀ ਅਤੇ ਜੋ ਦੇਣ ਵਾਲੇ ਹਨ ਆਪਣਾ ਚਿੱਤ ਉਨ੍ਹਾਂ ਨਾਲ ਜੋੜ ਕੇ (ਆਪਾ ਲੁਟਾ ਕੇ) ਮੁਕਤੀ ਦਾ ਰਾਹ ਦੇਖਦੇ, ਤੱਕਦੇ ਹਨ। ਅਜਿਹੇ ਭਰਮ ਤੋਂ ਸੱਜਣ, ਮਿੱਤਰ, ਪੁੱਤਰਾਂ ਅਤੇ ਸੰਬੰਧੀਆਂ ਨੂੰ ਉਨ੍ਹਾਂ ਤੋਂ ਬਚਾ ਲਵੋ ਨਹੀਂ ਤਾਂ ਉਹ ਵੀ ਇਹ ਕੂੜ ਕਮਾਉਣ ਵਾਲੀ ਬਿਧਿ ਦੀ ਦੌੜ ਅਪਣਾ ਕੇ ਆਪਣਾ ਮਨੁੱਖੀ ਜੀਵਨ (ਭਾਵ ਮੌਜੂਦਾ ਜੀਵਨ ਵੀ ਲੁਟਾ ਕੇ) ਖ਼ਤਮ ਕਰ ਲੈਣਗੇ ਕਿਉਂਕਿ ਅਜਿਹੇ ਕੂੜ ਨੂੰ ਸੱਚ ਜਾਣ ਕੇ ਆਪਣੇ ਜੀਵਨ ਵਿੱਚ ਚੰਚਲ ਸੁਚ ਨੇਮ ਨੂੰ ਪਵਿੱਤਰ ਬਿਧਿ ਸਮਝ ਕੇ ਸੰਜਮ ਨਾਲ ਅਮਲ ਵਿੱਚ ਲਿਆ ਕੇ ਉਸ ਨਾਲ ਜੁੜਨ ਵਾਲੇ ਸਮੂਹ ਲੋਕ ਆਪਣੀ ਜੀਵਨ ਦੀ ਬਾਜ਼ੀ ਹਾਰ ਜਾਂਦੇ ਹਨ। ਜੀਵਨ ਦੀ ਬਾਜ਼ੀ ਹਾਰ ਜਾਣ ਵਾਲੇ ਲੋਕ ਆਪਣੀ ਪਸ਼ੂ ਬਿਰਤੀ ਹੋਣ ਕਾਰਨ ਇਸ ਤਰ੍ਹਾਂ ਦੇ (ਅਵਤਾਰਵਾਦੀ) ਜੀਵਾਂ ਨੂੰ ਜਿਨ੍ਹਾਂ ਦਾ ਆਪਣਾ ਜੀਵਨ ਇੱਕ ਦਰੱਖ਼ਤ ਉੱਪਰ ਬੈਠੇ ਪੰਛੀ ਦੀ ਉਡਾਰੀ ਤਰ੍ਹਾਂ ਹੈ, ਪਤਾ ਨਹੀਂ ਕਿਹੜੇ ਵੇਲੇ ਉੱਡ ਜਾਣਾ ਹੈ, ਨੂੰ ਸਦੀਵੀ ਸਥਿਰ ਰਹਿਣ ਵਾਲੇ ਮੰਨ ਲੈਂਦੇ ਹਨ। ਜਦੋਂ ਉਹ (ਅਵਤਾਰਵਾਦੀ) ਆਪ ਬਹੁ ਬਿਧਿ ਭਾਵ ਤਰ੍ਹਾਂ-ਤਰ੍ਹਾਂ ਦੇ ਆਉਣ ਜਾਣ ਦਾ (ਭਾਵ ਸੰਸਾਰ `ਤੇ ਵਾਰ-ਵਾਰ ਆਉਣ ਜਾਣ ਦਾ) ਅਤਿ ਡੂੰਘਾ ਭਰਮ ਪਾਲਦੇ ਹਨ, ਜਦੋਂ ਕਿ ਉਨ੍ਹਾਂ ਨੇ ਆਪ ਇੱਕ ਖਿਨ ਪਲੁ ਚਸਾ ਵੀ ਸੱਚ ਨੂੰ ਨਹੀਂ ਅਪਣਾਇਆ ਅਤੇ ਆਪਣੇ ਆਪ ਨੂੰ ਦੀਨਾਂ ਦੇ ਨਾਥ ਤੇ ਸਾਰੀ ਸ੍ਰਿਸ਼ਟੀ ਦੇ ਪਾਲਣਹਾਰੇ ਅਖਵਾਉਂਦੇ ਹਨ। ਅਜਿਹੇ ਲੋਕ ਜੋ ਲੋਕਾਈ ਤੋਂ ਵੱਢੀ ਦੇ ਰੂਪ ਵਿੱਚ ਖਾਣ ਪੀਣ ਦੇ ਪਦਾਰਥ ਲੈ ਕੇ ਰਸ ਮਾਣਦੇ ਹਨ, ਅੰਤਲੇ ਸਮੇਂ ਉਹੀ ਪਦਾਰਥ ਉਨ੍ਹਾਂ ਦੇ ਆਪਣੇ ਲਈ ਹੀ ਖਾਰੇ ਬਣ ਜਾਂਦੇ ਹਨ। ਇਸ ਕਰਕੇ ਨਾਨਕ ਨੇ ਇਹ ਸਮਝਾਇਆ ਹੈ ਕਿ ਗਿਆਨ ਨਾਲ ਜੋ ਉਸ ਸੱਚੇ ਸਦੀਵੀ ਸਥਿਰ ਰਹਿਣ ਵਾਲੇ ਦੇ ਚਰਨੀ-ਸੱਚ ਨਾਲ ਜੁੜੇ ਹਨ, ਉਹ ਹੀ ਉਧਰੇ ਭਾਵ ਭਰਮ ਤੋਂ ਉੱਪਰ ਉਠੇ ਹਨ। ਉਨ੍ਹਾਂ ਦਾ ਹੀ ਇਨ੍ਹਾਂ (ਅਵਤਾਰਵਾਦੀਆਂ) ਤੋਂ ਖਹਿੜਾ ਛੁੱਟਿਆ ਹੈ। ਹੋਰ ਜੋ ਅਗਿਆਨਤਾ ਵਿੱਚ ਮਗਨ ਭਾਵ ਗ਼ਲਤਾਨ ਹਨ, ਅਗਿਆਨਤਾ ਰੂਪੀ ਭਰਮ ਵਿੱਚ ਹੀ ਗ਼ਰਕ ਹੋ ਜਾਂਦੇ ਹਨ।

ਮਹਲਾ ੫ ਨੇ ਸਮਝਾਇਆ ਹੈ ਕਿ ਇੰਨੇ ਜ਼ੋਰਦਾਰ ਤਰੀਕੇ ਨਾਲ ਭੱਟ ਸਾਹਿਬਾਨ ਨੇ ਆਪਣੇ ਉਚਾਰਣ ਕੀਤੇ ਸਵਈਯਾਂ ਅੰਦਰ ਅਵਤਾਰਵਾਦ ਦਾ ਖੰਡਨ ਕੀਤਾ ਹੈ।

ਬ੍ਰਹਮਾਦਿਕ ਸਿਵ ਛੰਦ ਮੁਨੀਸੁਰ ਰਸਕਿ ਰਸਕਿ ਠਾਕੁਰ ਗੁਨ ਗਾਵਤ।।

ਇੰਦ੍ਰ ਮੁਨਿੰਦ੍ਰ ਖੋਜਤੇ ਗੋਰਖ ਧਰਣਿ ਗਗਨ ਆਵਤ ਫੁਨਿ ਧਾਵਤ।।

ਸਿਧ ਮਨੁਖ੍ਯ੍ਯ ਦੇਵ ਅਰੁ ਦਾਨਵ ਇਕੁ ਤਿਲੁ ਤਾ ਕੋ ਮਰਮੁ ਨ ਪਾਵਤ।।

ਪ੍ਰਿਅ ਪ੍ਰਭ ਪ੍ਰੀਤਿ ਪ੍ਰੇਮ ਰਸ ਭਗਤੀ ਹਰਿ ਜਨ ਤਾ ਕੈ ਦਰਸਿ ਸਮਾਵਤ।।

ਤਿਸਹਿ ਤਿਆਗਿ ਆਨ ਕਉ ਜਾਚਹਿ ਮੁਖ ਦੰਤ ਰਸਨ ਸਗਲ ਘਸਿ ਜਾਵਤ।।

ਰੇ ਮਨ ਮੂੜ ਸਿਮਰਿ ਸੁਖਦਾਤਾ ਨਾਨਕ ਦਾਸ ਤੁਝਹਿ ਸਮਝਾਵਤ।। ੭।।

(ਪੰਨਾ ੧੩੮੮)

ਪਦ ਅਰਥ:- ਬ੍ਰਹਮਾਦਿਕ ਸਿਵ – ਬ੍ਰਹਮੇ ਅਤੇ ਸ਼ਿਵ ਆਦਿ ਵਰਗੇ। ਛੰਦ – ਵੇਦ। ਮੁਨੀਸੁਰ – ਮੁਨੀਆ ਦੀ ਸੁਰ। ਰਸਕਿ ਰਸਕਿ ਠਾਕੁਰ ਗੁਨ ਗਾਵਤ - ਰਸਕਿ ਰਸਕਿ ਕੇ ਬ੍ਰਹਮੇ ਅਤੇ ਸ਼ਿਵ ਵਰਗਿਆਂ ਨੂੰ ਠਾਕੁਰ ਸਮਝ ਕੇ ਉਨ੍ਹਾਂ ਦੇ ਹੀ ਗੁਣ ਗਾਉਂਦੇ ਰਹੇ। ਛੰਦ – {ਛੰਦਸ-the Vedas} ਵੇਦ (ਸ੍ਰੀ ਗੁਰੂ ਗ੍ਰੰਥ ਸਹਿਬ ਦਰਪਣ)। ਇੰਦ੍ਰ ਮੁਨਿੰਦ੍ਰ ਖੋਜਤੇ ਗੋਰਖ ਧਰਣਿ ਗਗਨ ਆਵਤ ਫੁਨਿ ਧਾਵਤ – ਖੋਜਤੇ – ਨਕਸ਼ੇ ਕਦਮ ਉੱਪਰ ਚੱਲਣਾ, ਖੋਜਣਾ। ਗੋਰਖ – ਕਰਤਾਰ ਸ੍ਰਿਸ਼ਟੀ ਦਾ ਰਚੇਤਾ। ਇਥੇ ਬ੍ਰਹਮੇ ਆਦਿਕ ਨੂੰ ਜੋ ਆਪਣੇ ਆਪ ਨੂੰ ਸ੍ਰਿਸ਼ਟੀ ਦਾ ਗੋਰਖ-ਕਰਤਾ ਅਖਵਾਉਂਦਾ ਹੈ, ਪਰ ਹੈ ਨਹੀਂ, ਦਾ ਵਰਣਨ ਹੈ। ਧਰਣਿ – ਧਰਤੀ। ਗਗਨ – ਆਕਾਸ਼। ਫੁਨਿ ਧਾਵਤ – ਫਿਰ ਚਲੇ ਜਾਂਦੇ ਹਨ। ਸਿਧ ਮਨੁਖ੍ਯ੍ਯ ਦੇਵ ਅਰੁ ਦਾਨਵ – ਜਿਹੜੇ ਮਨੁੱਖ ਆਪਣੇ ਆਪ ਨੂੰ ਸਿਧ-ਸ੍ਰੇਸ਼ਟ, ਦੇਵਤੇ ਅਤੇ ਦਾਨਵ ਅਖਵਾਉਂਦੇ ਸਨ। ਇਕੁ ਤਿਲੁ ਤਾ ਕੋ ਮਰਮ ਨ ਪਾਵਤ - ਉਹ ਵੀ ਉਨ੍ਹਾਂ (ਅਵਤਾਰਵਾਦੀਆਂ ਦੇ ਨਾ ਰੱਬ ਹੋਣ) ਦੇ ਇਸ ਭੇਦ ਨੂੰ ਇੱਕ ਤਿਲ ਜਿੰਨਾ ਵੀ ਨਹੀਂ ਜਾਣ ਸਕੇ। ਮਰਮੁ – ਭੇਦ, ਰਾਜ਼। ਸਿਧਿ – ਸ੍ਰੇਸ਼ਟ, ਇਸ ਪੰਗਤੀ ਅੰਦਰ (ਅਖੌਤੀ) ਸਿੱਧ ਅਰਥ ਲੈਣੇ ਹਨ। ਪ੍ਰਿਅ ਪ੍ਰਭ ਪ੍ਰੀਤਿ ਪ੍ਰੇਮ ਰਸ ਭਗਤੀ ਹਰਿ ਜਨ ਤਾ ਕੈ ਦਰਸਿ ਸਮਾਵਤ – ਪ੍ਰਿਅ ਪ੍ਰਭ ਪ੍ਰੀਤਿ – ਕਿਸੇ ਮਨੁੱਖ ਨੂੰ ਪ੍ਰਭੂ ਸਮਝ ਕੇ ਪ੍ਰੀਤ ਕਰਨੀ। ਦਰਸਿ –ਜਾਣ ਕੇ, ਸਮਝ ਕੇ। ਸਮਾਵਤ – ਲੀਨ ਹੋ ਜਾਣਾ। ਤਿਸਹਿ ਤਿਆਗਿ ਆਨ ਕਉ ਜਾਚਹਿ – ਇਨ੍ਹਾਂ (ਅਵਤਾਰਵਾਦੀਆਂ) ਨੂੰ ਛੱਡ ਕੇ ਸੱਚ ਨੂੰ ਜਾਨਣਾ ਚਾਹੀਦਾ ਹੈ। ਮੁਖ ਦੰਤ ਰਸਨ ਸਗਲ – ਮੂੰਹ, ਦੰਦ, ਰਸਨਾ, ਗੱਲ ਕੀ ਸਾਰਾ ਕੁਝ। ਘਸਿ ਜਾਵਤ – ਘਸ ਜਾਵੇਗਾ। ਰੇ ਮਨ ਮੂੜ – ਹੇ ਮੂੜ ਮਨਾ। ਸਿਮਰਿ ਸੁਖਦਾਤਾ – ਸੁੱਖਾਂ ਦੇ ਦਾਤੇ। ਨਾਨਕ ਦਾਸ – ਜਿਸ ਦਾ ਨਾਨਕ ਦਾਸ ਹੈ। ਤੁਝਹਿ ਸਮਝਾਵਤਿ – ਤੈਨੂੰ ਸਮਝਾ ਰਿਹਾ ਹੈ।

ਅਰਥ:- ਜਿਹੜੇ ਵੇਦਾਂ ਦੀ ਅਗਿਆਨਤਾ ਦੇ ਭਰਮ ਵਿੱਚ ਫਸੇ ਸਨ ਅਤੇ ਆਪਣੇ ਆਪ ਨੂੰ ਜੋ ਵੱਡੇ ਮੁਨੀ ਅਖਵਾਉਂਦੇ ਸਨ, ਉਨ੍ਹਾਂ ਮੁਨੀਆਂ ਦੀ ਸੁਰ ਵੀ ਇਹੋ ਸੀ ਕਿ ਉਹ ਵੀ ਬ੍ਰਹਮਾ ਆਦਿਕ, ਸ਼ਿਵ ਵਰਗਿਆਂ ਨੂੰ ਠਾਕੁਰ ਪਰਮੇਸ਼ਰ ਸਮਝ ਕੇ ਉਨ੍ਹਾਂ ਦੇ ਹੀ ਰਸਕਿ ਰਸਕਿ ਕੇ ਗੁਣ ਗਾਉਂਦੇ ਰਹੇ। ਇਸ ਤਰ੍ਹਾਂ ਇੰਦ੍ਰ ਮੁਨਿੰਦ੍ਰ ਵਰਗੇ ਵੱਡੇ-ਵੱਡੇ ਮੁਨੀ ਵੀ ਵੇਦਾਂ ਦੀ ਅਗਿਆਨਤਾ ਦੇ ਨਕਸ਼ੇ ਕਦਮ ਉੱਪਰ ਚੱਲ ਕੇ ਬ੍ਰਹਮਾਆਦਿਕ ਸ਼ਿਵ ਵਰਗਿਆਂ ਨੂੰ ਸ੍ਰਿਸ਼ਟੀ ਦੇ ਰਚੇਤਾ ਸਮਝ ਕੇ ਇਹ ਆਖਦੇ ਰਹੇ ਹਨ ਭਾਵ ਪ੍ਰਚਾਰਦੇ ਰਹੇ ਹਨ ਕਿ ਇਹ (ਅਵਤਾਰਵਾਦੀ) ਹੀ ਸ੍ਰਿਸ਼ਟੀ ਦੇ ਰਚੇਤਾ ਹਨ ਅਤੇ ਇਹ ਕਹਿ ਕੇ ਭਰਮ ਪਾਲਦੇ ਰਹੇ ਹਨ ਕਿ ਇਹ ਵਾਰ-ਵਾਰ ਧਰਤੀ ਉਪਰ ਆਉਂਦੇ ਹਨ ਅਤੇ ਫਿਰ ਆਕਾਸ਼ ਵਿੱਚ ਚਲੇ ਜਾਂਦੇ ਹਨ। ਜਿਹੜੇ ਮਨੁੱਖ ਆਪਣੇ ਆਪ ਨੂੰ ਸ੍ਰੇਸ਼ਟ, ਦੇਵਤੇ ਅਤੇ ਦਾਨਵ ਅਖਵਾਉਂਦੇ ਸਨ, ਉਹ ਵੀ ਉਨ੍ਹਾਂ (ਅਵਤਾਰਵਾਦੀਆਂ ਦੇ ਰੱਬ ਹੋਣ) ਦੇ ਇਸ (ਕਰਮ-ਕਾਂਡੀ) ਭੇਦ ਨੂੰ ਇੱਕ ਤਿਲ ਜਿੰਨਾ ਵੀ ਨਹੀਂ ਜਾਣ ਸਕੇ। ਇਸ ਕਰਕੇ ਹੇ ਮੂੜ ਮਨਾ! ਇਨ੍ਹਾਂ (ਅਵਤਾਰਵਾਦੀਆਂ) ਨੂੰ ਛੱਡ ਕੇ ਸੱਚ ਨੂੰ ਜਾਨਣ ਦੀ ਕੋਸ਼ਿਸ਼ ਕਰ, ਨਹੀਂ ਤਾਂ ਇਨ੍ਹਾਂ ਦੀ ਭਗਤੀ ਕਰਦਿਆਂ ਮੂੰਹ, ਦੰਦ, ਰਸਨਾ, ਗੱਲ ਕੀ ਸਾਰਾ ਕੁੱਝ ਘਸ ਤਾਂ ਜਾਵੇਗਾ ਪਰ ਇਨ੍ਹਾਂ ਦੇ ਨਾਮ ਜਪਣ ਦਾ ਫ਼ਾਇਦਾ ਕੋਈ ਨਹੀਂ ਹੋਣ ਵਾਲਾ। ਇਸ ਕਰਕੇ ਉਸ ਸੁੱਖਾਂ ਦੇ ਦਾਤੇ ਦਾ ਸਿਮਰਨ ਕਰ ਭਾਵ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾ ਜਿਸ ਸੁੱਖਾਂ ਦੇ ਦਾਤੇ ਦਾ ਨਾਨਕ ਦਾਸ ਹੈ ਅਤੇ ਜੋ ਤੈਨੂੰ ਵੀ ਸਮਝਾ ਰਿਹਾ ਹੈ।

ਮਹਲਾ ੫ ਵੱਲੋਂ ਭੱਟਾਂ ਦੇ ਸਵਈਯਾਂ ਅੰਦਰ ਭੱਟ ਸਾਹਿਬਾਨ ਵੱਲੋਂ ਅਵਤਾਰਵਾਦ ਦਾ ਖੰਡਨ ਕਰਕੇ ਗੁਰਮਤਿ ਦੇ ਮੂਲ ਸਿਧਾਂਤ ਤੋਂ ਭੱਟ ਸਾਹਿਬਾਨ ਦਾ ਆਪਾ ਨਿਛਾਵਰ ਹੋਣ ਦੀ ਪ੍ਰੋੜ੍ਹਤਾ ਕੀਤੀ ਗਈ ਹੈ।




.