.

ਭੱਟ ਬਾਣੀ-9

ਬਲਦੇਵ ਸਿੰਘ ਟੋਰਾਂਟੋ

ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾਂ ਮੁਘਨਾਂ।।

ਸੰਪਤ ਦੋਲ ਝੋਲ ਸੰਗਿ ਝੂਲਤ ਮਾਇਆ ਮਗਨ ਭ੍ਰਮਤ ਘੁਘਨਾ।।

ਸੁਤ ਬਨਿਤਾ ਸਾਜਨ ਸੁਖ ਬੰਧਪ ਤਾ ਸਿਉ ਮੋਹੁ ਬਢਿਓ ਸੁ ਘਨਾ।।

ਬੋਇਓ ਬੀਜੁ ਅਹੰ ਮਮ ਅੰਕੁਰੁ ਬੀਤਤ ਅਉਧ ਕਰਤ ਅਘਨਾਂ।।

ਮਿਰਤੁ ਮੰਜਾਰ ਪਸਾਰਿ ਮੁਖੁ ਨਿਰਖਤ ਭੁੰਚਤ ਭੁਗਤਿ ਭੂਖ ਭੁਖਨਾ।।

ਸਿਮਰਿ ਗੁਪਾਲ ਦਇਆਲ ਸਤਸੰਗਤਿ ਨਾਨਕ ਜਗੁ ਜਾਨਤ ਸੁਪਨਾ।। ੪।।

(ਪੰਨਾ ੧੩੮੭-੮੮)

ਪਦ ਅਰਥ:- ਰੇ ਮਨ – ਹੇ ਮੇਰੇ ਮਨ। ਮੂਸ – ਠੱਗੇ ਜਾਣਾ, ਠੱਗਣਾ ਚੋਰੀ ਕਰਨਾ। ਬਿਲਾ – “ਅੰਧ ਬਿਲਾ ਤੇ ਕਾਢਹੁ ਕਰਤੇ“ (ਦੇਵਗੰਧਾਰੀ ਮ: ੫) ਹੇ ਕਰਤਾਰ! ਅੰਧਕਾਰ ਦੀ ਖੱਡ ਵਿੱਚੋਂ ਕੱਢ ਲੈ। ਬਿਲਾ – ਖੱਡ, ਖੁੱਡ। ਮਹਿ – ਵਿੱਚ, ਵਿੱਚੋਂ। ਮਹਾਂ ਮੁਘਨਾਂ – ਵੱਡੇ ਮੂਰਖਾਂ ਵਾਂਗ। ਗਰਬਤ – ਹੰਕਾਰ ਕਰਨਾ। ਕਰਤਬ – ਕਰਤੂਤਾਂ। ਘੁਗਨਾ – ਘੂਕ (ਉੱਲੂ) ਭਾਵ ਉੱਲੂ ਵਾਂਗ। ਸੰਪਤ ਦੋਲ – ਧਨ ਦੌਲਤ। ਝੋਲ – ਹੁਲਾਰੇ। ਝੂਲਤ – ਝੂਲਦਾ ਹੈ, ਹੁਲਾਰੇ ਲੈਂਦਾ ਹੈ, ਭਾਵ ਮਾਇਆ ਦੇ ਸੁਖ ਮਾਣਦਾ ਹੈ। ਮਗਨ ਭ੍ਰਮਤ – ਮਾਇਆ ਦੇ ਝੂਠੇ ਭਰਮ ਵਿੱਚ ਮਸਤ ਹੋ ਜਾਣਾ। ਸੁਤ ਬਨਿਤਾ ਸਾਜਨ – ਪੁੱਤ, ਇਸਤਰੀ, ਸੱਜਣ। ਸੁਖ ਬੰਧਪ – ਸੁੱਖਾਂ ਵਿੱਚ ਆਪਣੇ ਆਪ ਨੂੰ ਬੰਨ੍ਹ ਲੈਣਾ ਭਾਵ ਜੋੜ ਲੈਣਾ। ਸਿਉ – ਨਾਲ। ਮੋਹੁ ਬਢਿਓ ਸੁ ਘਨਾ – ਇਨ੍ਹਾਂ ਰਿਸ਼ਤਿਆਂ ਪਦਾਰਥਾਂ ਨਾਲ ਘਨਾ ਭਾਵ ਗਹਿਰਾ ਸੰਬੰਧ ਬਣਾਇਆ ਹੋਇਆ ਹੈ। ਸੁ ਘਨਾ – ਅਤਿ ਦਾ ਗੂੜ੍ਹਾ। ਬੋਇਓ ਬੀਜੁ ਅਹੰ ਮਮ ਅੰਕੁਰੁ – ਅਹੰਕਾਰ ਅਤੇ ਮਮਤਾ ਦਾ ਬੀਜ ਅੱਗੇ ਤੋਂ ਅੱਗੇ ਪਦਾਰਥਾਂ ਅਤੇ ਸੰਬੰਧੀਆਂ ਨਾਲ ਬੋਈ ਜਾਣਾ ਭਾਵ ਜੁੜੀ ਜਾਣਾ, ਗ਼ਲਤਾਨ ਹੋਈ ਜਾਣਾ। ਅੰਕੁਰੁ – ਬੀਜ। ਬੀਤਤ ਅਉਧ – ਇਸ ਦੇ ਉਲਟ ਉਮਰ ਬੀਤਦੀ ਜਾ ਰਹੀ ਹੈ। ਕਰਤ ਅਘਨਾਂ –ਇਹ ਅਗਿਆਨਤਾ ਦੀ ਖੱਡ ਭਰਨ ਵਾਲੀ ਨਹੀਂ ਭਾਵ ਪਦਾਰਥਾਂ ਦੀ ਭੁੱਖ ਖ਼ਤਮ ਨਹੀਂ ਹੋਣ ਵਾਲੀ। ਕਰਤ – ਟੋਆ ਭਾਵ ਖੱਡ ਗਰਤ (ਮ: ਕੋਸ਼)। ਅਘਨਾਂ – ਅਤਿ ਗਹਿਰਾ ਨਾ ਭਰਨ ਵਾਲਾ। ਮਿਰਤੁ – ਖ਼ਤਮ ਕਰ ਦੇਣ ਵਾਲਾ। ਮੰਜਾਰ ਪਸਾਰਿ – ਅਗਿਆਨਤਾ ਦਾ ਪਸਾਰਾ। ਮੁਖੁ – ਉਪਾਇ, ਯਤਨ। ਨਿਰਖਤ – ਸੰ: ਨਿਰੀਕਿਤ. ਵਿ-ਦੇਖਿਆ ਹੋਇਆ, ਜਾਂਚਿਆ ਪੜਤਾਲਿਆ (ਮ: ਕੋਸ਼)। ਭੁੰਚਤ – ਭੋਗਣਾ। ਭੁਗਤਿ – ਦੁਨੀਆਂ ਦੇ ਭੋਗ। ਭੂਖ – ਭੁੱਖ। ਭੁਖਨਾ- ਤ੍ਰਿਸ਼ਨਾ। ਜਾਨਤ – ਜਾਨਣਾ, ਜਾਣਦਾ ਹੋਇਆ। ਸਿਮਰਿ ਗੁਪਾਲ ਦਇਆਲ ਸਤਸੰਗਤਿ – ਇਸ ਕਰਕੇ ਸ੍ਰਿਸ਼ਟੀ ਦੇ ਪਾਲਣਹਾਰੇ, ਦਯਾ ਦੇ ਖ਼ਜ਼ਾਨੇ, ਸਦੀਵੀ ਸਥਿਰ ਰਹਿਣ ਵਾਲੇ ਨਾਲ ਜੁੜ ਕੇ ਅਗਿਆਨਤਾ ਦੇ ਹਨੇਰੇ ਤੋਂ ਗਤਿ ਭਾਵ ਮੁਕਤੀ ਪ੍ਰਾਪਤ ਕਰ। ਨਾਨਕ ਜਗੁ ਜਾਨਤ ਸੁਪਨਾ - ਨਾਨਕ ਦੀ ਤਰ੍ਹਾਂ ਜਗਤ ਦੀ (ਕਰਮ-ਕਾਂਡੀ ਵੀਚਾਰਧਾਰਾ) ਨੂੰ ਸੁਪਨੇ ਦੀ ਤਰ੍ਹਾਂ ਜਾਣ (ਭਾਵ ਅੱਗੇ ਤੋਂ ਸੰਭਲ ਕੇ ਚੱਲ, ਅੱਗੇ ਤੋਂ ਸੱਚੇ ਨੂੰ ਸੱਚਾ ਕਰਕੇ ਜਾਣ)।

ਅਰਥ:- ਹੇ ਹੰਕਾਰ ਵਿੱਚ ਠੱਗੇ ਹੋਏ ਅਤੇ ਆਪਣੀਆਂ ਮਹਾਂ ਮੂਰਖਾਂ ਵਾਲੀਆਂ ਕਰਤੂਤਾਂ, ਅਗਿਆਨਤਾ ਦੀ ਖੱਡ ਵਿੱਚ ਡਿੱਗੇ ਹੋਏ, ਧਨ ਦੌਲਤ ਅਤੇ ਅਗਿਆਨਤਾ ਦੇ ਹਨੇਰੇ ਨੂੰ, ਉੱਲੂ ਵਾਂਗ ਹਨੇਰੇ ਨੂੰ ਚਾਨਣ ਜਾਣ ਕੇ ਮਾਨਣ ਵਾਲੇ, ਅਗਿਆਨਤਾ ਦੇ ਹੁਲਾਰਿਆਂ ਵਿੱਚ ਮਗਨ, ਭਰਮ ਵਿੱਚ ਭੁੱਲੇ ਹੋਏ ਮਨ! ਤੂੰ ਆਪਣਾ ਮੋਹ ਅਹੰਕਾਰ, ਪਦਾਰਥਾਂ ਦੀ ਮਮਤਾ ਨਾਲ ਅਤਿ ਦਾ ਗਹਿਰਾ ਸੰਬੰਧ ਬਣਾਇਆ ਹੋਇਆ ਹੈ ਅਤੇ ਇਹੀ ਅਗਿਆਨਤਾ ਦੇ ਮੋਹ ਦਾ ਬੀਜ ਅੱਗੇ ਤੋਂ ਅੱਗੇ ਪੁੱਤ, ਇਸਤਰੀ, ਸੱਜਣਾਂ, ਹੋਰ ਸੰਬੰਧੀਆਂ ਲਈ ਬੋਈ ਜਾ ਰਿਹਾ ਹੈ। ਇਸ ਦੇ ਉਲਟ ਇਹ ਨਹੀਂ ਸਮਝਦਾ ਕਿ ਤੇਰੀ ਆਪਣੀ ਉਮਰ ਵੀ ਬੀਤਦੀ ਜਾ ਰਹੀ ਹੈ, ਪਰ ਤੈਨੂੰ ਇਹ ਨਹੀਂ ਪਤਾ ਕਿ ਇਹ ਤ੍ਰਿਸ਼ਨਾ ਦੀ ਖੱਡ ਇਤਨੀ ਗਹਿਰੀ ਹੈ ਜੋ ਭਰਨ ਵਾਲੀ ਨਹੀਂ। ਇਸ ਅਗਿਆਨਤਾ ਦੇ ਪਸਾਰੇ ਨੂੰ ਜਾਂਚ ਭਾਵ ਅੰਦਾਜ਼ਾ ਲਗਾ ਕੇ ਨਿਰੀਖਣ ਕਰ, ਇਸ ਅਗਿਆਨਤਾ ਤ੍ਰਿਸ਼ਨਾ ਦੀ ਭੁੱਖ ਦਾ ਬੀਜ ਅੱਗੇ ਤੋਂ ਅੱਗੇ ਨਾ ਬੀਜ। ਭਾਵ ਆਪ ਵੀ ਇਸ ਅਗਿਆਨਤਾ ਦੇ ਪਸਾਰੇ ਵਿੱਚੋਂ ਬਾਹਰ ਨਿਕਲ ਕੇ, ਸ੍ਰਿਸ਼ਟੀ ਦੇ ਪਾਲਣਹਾਰੇ, ਦਯਾ ਦੇ ਖ਼ਜ਼ਾਨੇ, ਸਦਾ ਸਦੀਵੀ ਸਥਿਰ ਰਹਿਣ ਵਾਲੇ ਸੱਚੇ ਦਾ ਸੰਗ ਕਰਕੇ ਭਾਵ ਸੱਚ ਨਾਲ ਜੁੜ ਕੇ ਅਗਿਆਨਤਾ ਦੇ ਹਨੇਰੇ (ਅਵਤਾਰਵਾਦੀ ਪਰੰਪਰਾ) ਤੋਂ ਗਤਿ ਭਾਵ ਮੁਕਤੀ ਪ੍ਰਾਪਤ ਕਰ ਅਤੇ ਨਾਨਕ ਦੀ ਤਰ੍ਹਾਂ ਜਗਤ ਦੀ (ਕਰਮ-ਕਾਂਡੀ) ਵੀਚਾਰਧਾਰਾ ਨੂੰ ਸੁਪਨੇ ਦੀ ਤਰ੍ਹਾਂ ਜਾਣ (ਭਾਵ ਅਗਿਆਨਤਾ ਨੂੰ ਸੁਪਨੇ ਦੀ ਤਰ੍ਹਾਂ ਜਾਣ ਅਤੇ ਅੱਗੇ ਤੋਂ ਸੱਚ ਨੂੰ ਸੱਚ ਜਾਣ ਕੇ ਆਪਣੇ ਜੀਵਨ ਵਿੱਚ ਅਪਣਾ)।

ਇਹ ਮਹਲਾ ੫ ਨੇ ਭੱਟ ਸਵਈਏ ਬਾਣੀ ਦਾ ਉਦੇਸ਼ ਮਨੋਰਥ ਸਮਝਾਇਆ ਹੈ ਕਿ ਕਿਵੇਂ ਭੱਟ ਸਾਹਿਬਾਨ ਦਾ ਆਪਾ ਗੁਰਮਤਿ ਦੇ ਮੂਲ ਸਿਧਾਂਤ ਤੋਂ ਨਿਛਾਵਰ ਸੀ।

ਦੇਹ ਨ ਗੇਹ ਨ ਨੇਹ ਨ ਨੀਤਾ ਮਾਇਆ ਮਤ ਕਹਾ ਲਉ ਗਾਰਹੁ।।

ਛਤ੍ਰ ਨ ਪਤ੍ਰ ਨ ਚਉਰ ਨ ਚਾਵਰ ਬਹਤੀ ਜਾਤ ਰਿਦੈ ਨ ਬਿਚਾਰਹੁ।।

ਰਥ ਨ ਅਸ੍ਵ ਨ ਗਜ ਸਿੰਘਾਸਨ ਛਿਨ ਮਹਿ ਤਿਆਗਤ ਨਾਂਗ ਸਿਧਾਰਹੁ।।

ਸੂਰ ਨ ਬੀਰ ਨ ਮੀਰ ਨ ਖਾਨਮ ਸੰਗਿ ਨ ਕੋਊ ਦ੍ਰਿਸਟਿ ਨਿਹਾਰਹੁ।।

ਕੋਟ ਨ ਓਟ ਨ ਕੋਸ ਨ ਛੋਟਾ ਕਰਤ ਬਿਕਾਰ ਦੋਊ ਕਰ ਝਾਰਹੁ।।

ਮਿਤ੍ਰ ਨ ਪੁਤ੍ਰ ਕਲਤ੍ਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਂਰਹੁ।।

ਦੀਨ ਦਯਾਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰਹੁ ਅਗਮ ਅਪਾਰਹੁ।।

ਸ੍ਰੀਪਤਿ ਨਾਥ ਸਰਣਿ ਨਾਨਕ ਜਨ ਹੇ ਭਗਵੰਤ ਕ੍ਰਿਪਾ ਕਰਿ ਤਾਰਹੁ।। ੫।।

(ਪੰਨਾ ੧੩੮੮)

ਪਦ ਅਰਥ:- ਦੇਹ ਨ – ਨਾ ਹੀ ਦੇਹ ਰਹਿਣ ਵਾਲੀ ਹੈ। ਭਾਵ ਜਿਸ ਦੇਹ (ਅਵਤਾਰਵਾਦ) ਨੂੰ ਰੱਬ ਸਮਝ ਲਿਆ ਹੈ, ਇਹ ਨਾ ਰਹਿਣ ਵਾਲੀ ਹੈ। ਗੇਹ ਨ – ਨਾ ਹੀ ਪਦਾਰਥ ਰਹਿਣ ਵਾਲੇ ਹਨ। ਨੇਹ - ਪਿਆਰ। ਨ ਨੀਤਾ – ਸਦੀਵੀ ਰਹਿਣ ਵਾਲਾ ਨਹੀਂ। ਨੀਤਾ – ਨਿਤ ਭਾਵ ਸਦੀਵੀ। ਮਾਇਆ ਮਤ – ਅਗਿਆਨਤਾ ਵਿੱਚ ਮਸਤ। ਕਹਾ – ਕਿਉ। ਗਾਰਹੁ – ਗਾਲਣਾ, ਭਾਵ ਜੀਵਨ ਬਰਬਾਦ ਕਰ ਰਿਹਾ ਹੈ। ਛਤ੍ਰ ਨ – ਅਤੇ ਨਾ ਹੀ ਉਹ ਦੇਹਾਂ ਜੋ ਆਪਣੇ ਆਪ ਨੂੰ ਰੱਬ ਸਮਝਦੀਆਂ ਸਨ, ਜਿਨ੍ਹਾਂ ਉੱਪਰ ਛਤਰ ਝੁਲਦੇ ਸਨ ਅਤੇ ਨਾ ਛਤ੍ਰ ਹੀ ਰਹੇ। ਪਤ੍ਰ ਨ – ਨਾ ਹੀ ਉਨ੍ਹਾਂ ਦਾ ਹੁਕਮ ਚਲਦਾ ਹੈ। ਚਉਰ ਨ ਚਾਵਰ – ਅਤੇ ਨਾ ਹੁਣ ਉਨ੍ਹਾਂ ‘ਤੇ ਚਉਰ ਝੂਲਦੇ ਹਨ। ਬਹਤੀ ਜਾਤ – ਇਸ ਤਰ੍ਹਾਂ ਦੇ ਆਪਣੇ ਆਪ ਨੂੰ ਰੱਬ ਅਖਵਾਉਣ ਵਾਲੇ ਸਾਰੇ ਖ਼ਤਮ ਹੁੰਦੇ ਜਾਂਦੇ ਹਨ। ਰਿਦੈ ਨ ਬਿਚਾਰਉ – ਫਿਰ ਵੀ ਇਹ ਗੱਲ ਆਪਣੇ ਅੰਦਰ ਕਿਉਂ ਨਹੀਂ ਵਿਚਾਰਦੇ। ਰਥ ਨ – ਨਾ ਹੀ ਰਥ। ਅਸ੍ਵ ਨ ਗਜ ਸਿੰਘਾਸਨ – ਨਾ ਘੋੜੇ, ਨਾ ਹੀ ਹਾਥੀ ਅਤੇ ਨਾ ਹੀ ਸਿੰਘਾਸਨ। ਛਿਨ ਮਹਿ ਤਿਆਗਤ ਨਾਂਗ ਸਿਧਾਰਹੁ – ਸਭ ਕੁੱਝ ਛੱਡ ਕੇ ਨੰਗੇ ਹੀ ਤੁਰ ਗਏ। ਸੂਰ ਨ – ਨਾ ਕੋਈ ਸੂਰਮਾ। ਬੀਰ ਨ – ਨਾ ਕੋਈ ਮਹਾਂਬਲੀ। ਮੀਰ ਨ – ਨਾ ਹੀ ਆਪਣੇ ਆਪ ਨੂੰ ਪਾਤਸ਼ਾਹ ਅਖਵਾਉਣ ਵਾਲੇ। ਖਾਨਮ ਸੰਗਿ ਨ ਕੋਊ – ਅਤੇ ਨਾ ਹੀ ਆਪਣੇ ਆਪ ਨੂੰ ਸਿਕਦਾਰ ਅਖਵਾਉਣ ਵਾਲੇ ਆਪ ਰਹੇ ਅਤੇ ਨਾ ਹੀ ਕੋਈ ਉਹ ਆਪਣੇ ਨਾਲ ਆਪਣੇ ਇਕੱਠੇ ਕੀਤੇ ਪਦਾਰਥ ਹੀ ਆਪਣੇ ਸੰਗਿ/ਨਾਲ ਖੜ/ਲਿਜਾ ਸਕੇ। ਦ੍ਰਿਸਟਿ ਨਿਹਾਰਹੁ – ਆਪਣੀਆਂ ਅੱਖਾਂ ਨਾਲ ਨਿੱਤ ਅਸੀਂ ਦੇਖਦੇ ਹਾਂ। ਕੋਟ ਨ ਓਟ ਨ – ਨਾ ਹੀ ਉਨ੍ਹਾਂ ਦਾ ਬਣਾਇਆ ਕੋਈ ਕਿਲ੍ਹਾ ਹੀ ਉਨ੍ਹਾਂ ਨੂੰ ਆਸਰਾ ਦੇ ਸਕਿਆ ਹੈ। ਕੋਸ ਨ ਛੋਟਾ ਕਰਤ – ਨਾ ਖ਼ਜ਼ਾਨਾ ਭਾਵ ਇਕੱਠਾ ਕੀਤਾ ਧਨ ਹੀ ਛੁਟਕਾਰਾ ਕਰਾ ਸਕਿਆ ਹੈ, ਨਾ ਸਕਦਾ ਹੈ। ਕੋਟ – ਕਿਲ੍ਹਾ। ਓਟ – ਆਸਰਾ। ਕੋਸ – ਖ਼ਜ਼ਾਨਾ। ਛੋਟਾ – ਛੁਟਕਾਰਾ। ਦੋਊ ਕਰ ਝਾਰਹੁ – ਦੋਊ ਹੱਥ ਝਾੜ ਕੇ ਚਲੇ ਜਾਣਾ। ਮਿਤ੍ਰ ਨ ਪੁਤ੍ਰ ਕਲਤ੍ਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਂਰਹੁ – ਮਿਤ੍ਰ, ਪੁੱਤਰ, ਇਸਤਰੀ, ਸਕੇ ਸੰਬੰਧੀ, ਇਨ੍ਹਾਂ ਨੂੰ ਵੀ ਇਹ ਹੀ ਸਮਝਾਉਣਾ ਚਾਹੀਦਾ ਹੈ ਕਿ ਇਹ ਸਭ (ਅਵਤਾਰਵਾਦੀਆਂ ਦਾ) ਆਸਰਾ ਬਿਰਖ ਦੀ ਛਾਂ ਦੇ ਉਲਟ ਜਾਣ ਵਾਂਗ ਹੈ ਭਾਵ ਸਦੀਵੀ ਨਹੀਂ। ਨ – ਨਹੀਂ। ਦੀਨ ਦਯਾਲ ਪੁਰਖ – ਦੀਨਾਂ ਉੱਪਰ ਦਇਆ ਕਰਨ ਵਾਲਾ, ਕਰਤਾ। ਪ੍ਰਭ ਪੂਰਨ – ਪੂਰਨ, ਅਦੁੱਤੀ ਲਾਸਾਨੀ। ਛਿਨ ਛਿਨ ਸਿਮਰਹੁ ਅਗਮ ਅਪਾਰਹੁ – ਉਸ ਅਗੰਮ ਅਪਾਰ ਪ੍ਰਭੂ ਦਾ ਹੀ ਛਿਨ ਛਿਨ ਸਿਮਰਨ ਕਰਨਾ ਚਾਹੀਦਾ ਹੈ, ਭਾਵ ਹਰ ਵੇਲੇ ਉਸ ਨੂੰ ਹੀ ਚੇਤੇ ਰੱਖਣਾ ਚਾਹੀਦਾ ਹੈ। ਸਿਮਰਨ – ਚੇਤਾ। ਸ੍ਰੀਪਤਿ ਨਾਥ – ਸ੍ਰਿਸ਼ਟੀ ਦਾ ਮਾਲਕ। ਸਰਣਿ ਨਾਨਕ ਜਨ – ਜਿਸ ਦਾ ਨਾਨਕ ਜਨ ਹੈ ਉਸ ਦੀ ਸ਼ਰਨ ਆ। ਹੇ ਭਗਵੰਤ ਕ੍ਰਿਪਾ ਤਾਰਹੁ - ਹੇ ਪ੍ਰਭੂ! ਆਪਣੀ ਕ੍ਰਿਪਾ ਕਰਕੇ ਅਗਿਆਨਤਾ ਦੇ ਭਰਮ ਦੇ ਸਮੁੰਦਰ ਵਿੱਚ ਡੁੱਬਣ ਤੋਂ ਬਚਾ ਲਵੋ। ਤਾਰਹੁ – ਡੁੱਬਣ ਤੋਂ ਬਚਾ ਲੈਣਾ।

ਅਰਥ:- ਹੇ ਭਾਈ! ਜਿਸ ਕਿਸੇ ਦੇਹ (ਭਾਵ ਅਵਤਾਰਵਾਦੀ) ਨੂੰ ਰੱਬ ਸਮਝ ਲਿਆ ਹੈ। ਉਹ ਦੇਹ ਨਾ ਰਹਿਣ ਵਾਲੀ ਹੈ, ਨਾ ਹੀ ਪਦਾਰਥ ਰਹਿਣ ਵਾਲੇ ਹਨ, ਇਸ ਕਰਕੇ ਇਨ੍ਹਾਂ ਨੂੰ ਸਦੀਵੀ ਸਮਝ ਕੇ ਨੇਹ ਨਾ ਕਰ। ਅਗਿਆਨਤਾ ਵਿੱਚ ਫਸ ਕੇ ਮਸਤ ਹੋ ਕੇ ਆਪਣਾ ਜੀਵਨ ਬਰਬਾਦ ਨਾ ਕਰ। ਦੇਖ, ਜਿਨ੍ਹਾਂ ਦੇਹਾਂ (ਅਵਤਾਰਵਾਦੀਆਂ) ਉੱਪਰ ਛਤਰ ਝੁਲਦੇ ਸਨ, ਉਹ ਨਹੀਂ ਰਹੇ, ਨਾ ਹੀ ਜਿਹੜਾ ਉਨ੍ਹਾਂ ਦਾ ਜੋ ਹੁਕਮ ਚਲਦਾ ਸੀ, ਹੁਣ ਹੁਕਮ ਚਲਦਾ ਹੈ। ਨਾ ਹੀ ਜਿਹੜੇ ਚਉਰ ਝੂਲਦੇ ਸਨ, ਉਹ ਚਉਰ ਹੀ ਰਹੇ ਜੋ ਖ਼ਤਮ ਹੋ ਚੁੱਕੇ ਹਨ ਅਤੇ ਕਈ ਖ਼ਤਮ ਹੋਈ ਜਾ ਰਹੇ ਹਨ। ਉਨ੍ਹਾਂ ਨੂੰ ਰੱਬ ਮੰਨਣ ਵਾਲਿਉ! ਫਿਰ ਵੀ ਇਹ ਗੱਲ ਕਿਉਂ ਨਹੀਂ ਵਿਚਾਰਦੇ ਕਿ ਉਹ ਰੱਬ ਨਹੀਂ ਸਨ। ਨਾ ਹੀ ਉਨ੍ਹਾਂ ਦੇ ਰੱਥ, ਘੋੜੇ, ਹਾਥੀ ਅਤੇ ਨਾ ਹੀ ਸਿੰਘਾਸਨ ਹੀ ਰਹੇ, ਇੱਕ ਖਿਨ ਵਿੱਚ ਤਿਆਗ ਕੇ ਨੰਗੇ ਹੀ ਤੁਰ ਗਏ ਹਨ ਅਤੇ ਤੁਰੀ ਜਾ ਰਹੇ ਹਨ। ਨਾ ਕੋਈ ਸੂਰਮਾ, ਨਾ ਕੋਈ ਮਹਾਂਬਲੀ, ਨਾ ਕੋਈ ਆਪਣੇ ਆਪ ਨੂੰ ਪਾਤਸ਼ਾਹ ਸਿਕਦਾਰ ਅਖਵਾਉਣ ਵਾਲੇ ਹੀ ਰਹੇ ਅਤੇ ਨਾ ਹੀ ਆਪਣੇ ਨਾਲ ਕੋਈ ਉਹ ਆਪਣੇ ਇਕੱਠੇ ਕੀਤੇ ਪਦਾਰਥ ਹੀ ਲਿਜਾ ਸਕੇ (ਨਾ ਹੀ ਕੋਈ ਲਿਜਾ ਸਕਦਾ ਹੈ)। ਇਹ ਕੁੱਝ ਨਿਤ ਹੀ ਅਸੀਂ ਆਪਣੀਆਂ ਅੱਖਾਂ ਨਾਲ ਦੇਖਦੇ ਹਾਂ ਕਿ ਨਾ ਹੀ ਕਿਸੇ ਦਾ ਬਣਾਇਆ ਹੋਇਆ ਕਿਲ੍ਹਾ, ਨਾ ਹੀ ਉਨ੍ਹਾਂ ਵੱਲੋਂ ਇਕੱਠਾ ਕੀਤਾ ਹੋਇਆ ਧਨ ਹੀ ਆਸਰਾ ਦੇ ਕੇ ਉਨ੍ਹਾਂ (ਅਵਤਾਰਵਾਦੀਆਂ) ਦਾ ਮੌਤ ਤੋਂ ਛੁਟਕਾਰਾ ਕਰਾ ਸਕਿਆ, ਨਾ ਹੀ ਕਰਾ ਸਕਦਾ ਹੈ। ਏਨਾ ਕੁੱਝ ਹੋਣ ਦੇ ਬਾਵਜੂਦ ਦੋਵੇਂ ਹੱਥ ਝਾੜ ਕੇ ਚਲੇ ਗਏ ਹਨ ਅਤੇ ਜਾਈ ਜਾ ਰਹੇ ਹਨ। ਇਸ ਕਰਕੇ ਇਹ ਸਾਰਾ ਕੁੱਝ ਆਪਣੇ ਮਿੱਤਰ, ਪੁੱਤਰ, ਇਸਤਰੀ, ਸਕੇ ਸੰਬੰਧੀਆਂ ਹੋਰਨਾਂ ਨੂੰ ਵੀ ਇਹ ਸਮਝਾ ਕਿ ਇਨ੍ਹਾਂ (ਅਵਤਾਰਵਾਦੀਆਂ) ਦਾ ਛਾਇਆ ਬ੍ਰਿਖ ਦੀ ਛਾਂ ਵਾਂਗ ਨਾ ਰਹਿਣ ਵਾਲਾ ਭਾਵ ਫਿਰ ਜਾਣ ਵਾਲਾ ਹੈ। ਇਸ ਕਰਕੇ ਜਿਹੜਾ ਪੂਰਨ ਪ੍ਰਭੂ ਦੀਨਾਂ ਉੱਪਰ ਦਇਆ ਕਰਨ ਵਾਲਾ ਅਦੁੱਤੀ ਅਗੰਮ ਅਪਾਰ ਸਦੀਵੀ ਸੱਚ ਹੈ, ਨੂੰ ਹੀ ਹਮੇਸ਼ਾ ਛਿਨ ਛਿਨ (ਹਰ ਪਲ) ਚੇਤੇ ਰੱਖਣਾ ਚਾਹੀਦਾ ਹੈ। ਹੇ ਭਾਈ! ਹਰੀ ਦੇ ਜਨ ਨਾਨਕ ਵਾਂਗ ਸ੍ਰਿਸ਼ਟੀ ਦੇ ਮਾਲਕ ਅਨਾਥਾਂ ਦੇ ਨਾਥ ਜੋ ਸਦੀਵੀ ਹੈ, ਅੱਗੇ ਇਹ ਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਪ੍ਰਭੂ! ਆਪਣੀ ਕ੍ਰਿਪਾ ਕਰਕੇ ਮੈਨੂੰ ਵੀ ਇਨ੍ਹਾਂ (ਅਵਤਾਰਵਾਦੀਆਂ) ਦੇ ਰੱਬ ਹੋਣ ਦੀ ਅਗਿਆਨਤਾ ਦੇ ਭਰਮ ਦੇ ਸਮੁੰਦਰ ਵਿੱਚ ਡੁੱਬਣ ਤੋਂ ਬਚਾ ਲਵੋ।

ਨੋਟ:- ਇਹ ਹੀ ਸਿੱਖਿਆ ਆਪਣੇ ਸਕੇ ਸੰਬੰਧੀਆਂ ਅਤੇ ਪਰਿਵਾਰ ਨੂੰ, ਗੱਲ ਕੀ ਹਰੇਕ ਮਨੁੱਖ ਜੋ ਇਸ ਧਰਤੀ ਉੱਪਰ ਵੱਸਦਾ ਹੈ, ਨੂੰ ਦੇਣੀ ਚਾਹੀਦੀ ਹੈ ਤਾਂ ਕਿ ਉਹ ਵੀ ਇਨ੍ਹਾਂ ਅਵਤਾਰਵਾਦੀਆਂ ਦੇ ਰੱਬ ਹੋਣ ਦੇ ਭਰਮ ਤੋਂ ਬਚ ਸਕਣ। (ਇਹ ਗੱਲ ਸਵਈਏ ਮਹਲੇ ਪਹਿਲੇ ਕੇ ਦੇ ਅਖ਼ੀਰਲੇ ਸਵਈਏ ਵਿੱਚ ਦੇਖੀ ਜਾ ਸਕਦੀ ਹੈ। ਇਹ ਮਹਲਾ ੫ ਵੱਲੋਂ ਭੱਟ ਸਵਈਯਾਂ ਦੇ ਗੁਰਮਤਿ ਦੇ ਸਿਧਾਂਤ ਤੋਂ ਆਪਾ ਨਿਛਾਵਰ ਹੋਣ ਦੀ ਪ੍ਰੋੜ੍ਹਤਾ ਕੀਤੀ ਹੈ।




.