.

ਰਜਨੀਸ਼ ਦੇ ਕੁੱਝ ਆਧਾਰ-ਸਿਧਾਂਤ

ਪੰਜਾਬੀ ਜਗਤ ਵਿੱਚ ਰਜਨੀਸ਼ ਜੀਉਂਦੇ ਜੀਅ ਕਦੇ ਚਰਚਿਤ ਨਹੀਂ ਹੋਇਆ, ਪਰ ਮਰਨ ਤੋਂ ਬਾਅਦ ਅਖ਼ਬਾਰਾਂ ਨੇ ਉਸਨੂੰ ਖੂਬ ਉਛਾਲਿਆ। ‘ਹਰਕਾਰਾ’ ਵਰਗੇ ਤੱਤੇ ਪਰਚੇ ਦਾ ਕੇਵਲ ਰਜਨੀਸ਼ ਲਈ ਪ੍ਰਤੀਬੱਧ ਹੋ ਜਾਣਾ ਬੌਧਿਕ ਹਲਕਿਆਂ ਵਿੱਚ ਵਿਵਾਦ ਦਾ ਕਾਰਨ ਬਣਿਆ। ਰਜਨੀਸ਼ ਦੀ ਜਪੁਜੀ ਸਾਹਿਬ ਦੀ ਵਿਆਖਿਆ ਨੇ ਧਾਰਮਿਕ ਹਲਕਿਆਂ ਵਿੱਚ ਕਾਫੀ ਉਤੇਜਨਾ ਪੈਦਾ ਕੀਤੀ ਹੈ। ਜਿਥੋਂ ਤੱਕ ਧਾਰਮਿਕ ਹਲਕਿਆਂ ਦਾ ਸੰਬੰਧ ਹੈ, ਸਿੱਖ ਕੁੱਝ ਕਰਨ ਤੋਂ ਬਾਅਦ ਹੀ ਉਸਦੇ ਨਤੀਜਿਆਂ ਬਾਰੇ ਸੋਚਦੇ ਹਨ। ਜਦੋਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਰਜਨੀਸ਼ ਸਿੱਖਾਂ ਤੇ ਸਿੱਖ ਗੁਰੂਆਂ ਬਾਰੇ ਕੀ ਸੋਚਦਾ ਸੀ ਤੇ ਜਪੁਜੀ ਦੀ ਵਿਆਖਿਆ ਦੇ ਬਹਾਨੇ ਉਸਨੇ ਕੀ ਕੁੱਝ ਹੋਰ ਵੀ ਪਰੋਸ ਦਿੱਤਾ ਹੈ ਤਾਂ ਉਹ ਇਸ ਉੱਪਰ ਸ਼ਾਇਦ ਫ਼ਤਵਾ ਵੀ ਦੇ ਦੇਣ, ਭਾਵੇਂ ਉਹ ਆਪ ਇਸ ਲਈ ਉਸਨੂੰ ਸਿਰੋਪਾ ਵੀ ਦੇ ਚੁੱਕੇ ਹਨ। ਜਦੋਂ ਸਾਹਿਤਕ ਹਲਕਿਆਂ ਵਿੱਚ, ਬੌਧਿਕ ਲੋਕਾਂ ਵਿੱਚ ‘ਹਰਕਾਰਾ’ ਵਰਗੇ ਮੈਗਜ਼ੀਨ ਵੱਲੋਂ ਰਜਨੀਸ਼ ਦਾ ਸਿੱਧਾ ਪ੍ਰਵੇਸ਼ ਕਰਵਾਉਣ ਦੀ ਕੋਸ਼ਿਸ਼ ਹੁੰਦੀ ਹੈ, ਤਾਂ ਇਸਦਾ ਗੰਭੀਰ ਨੋਟਿਸ ਲੈਣਾ ਬਣਦਾ ਹੈ। ਇਸੇ ਦ੍ਰਿਸ਼ਟੀ ਤੋਂ ਇੱਥੇ ਅਸੀਂ ਉਸ ਦੀਆਂ ਕੁੱਝ ਦਾਰਸ਼ਨਿਕ ਕਿਸਮ ਦੀਆਂ ਸਥਾਪਨਾਵਾਂ ਦਾ ਵਿਸ਼ਲੇਸ਼ਣ ਕਰਨ ਦਾ ਯਤਨ ਕਰ ਰਹੇ ਹਾਂ।

ਰਜਨੀਸ਼ ਦਾ ਸੁਝਾਅ/ਉਪਦੇਸ਼ ਇਹ ਹੈ ਕਿ ਆਪਣੇ ਸ਼ੱਕ ਨੂੰ ਕਦੇ ਵੀ ਮਰਨ ਨਾ ਦੇਵੋ। ਬੜਾ ਨੇਕ ਸੁਝਾਅ ਹੈ। ਪਰ ਰਜਨੀਸ਼ ਦਾ ਇਹ ਸੁਝਾਅ ਕਿਥੇ ਤੱਕ ਜਾਂਦਾ ਹੈ, ਇਸ ਨੂੰ ਦੇਖਣਾ ਜ਼ਰੂਰੀ ਹੈ। “ਸ਼ੱਕ ਕਰੋ ਤੇ ਕਰਦੇ ਜਾਉ ਉਦੋਂ ਤੱਕ ਜਦੋਂ ਤੱਕ ਤੁਸੀਂ ਕੁੱਝ ਆਪ ਜਾਣ ਜਾਉਗੇ ਤਾਂ ਤੁਸੀਂ ਸ਼ੱਕ ਨਹੀਂ ਕਰੋਗੇ। ਫਿਰ ਸ਼ੱਕ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਸ਼ੱਕ ਕਰਨ ਦਾ ਕੋਈ ਰਾਹ ਹੀ ਨਹੀਂ ਰਹਿ ਜਾਂਦਾ।” (ਰਜਨੀਸ਼ ਬਾਈਬਲ, ਜਿਲਦ ਪਹਿਲੀ, ਪੰਨਾ 686, ਅਗਾਂਹ ਇਸੇ ਪੁਸਤਕ ਦੇ ਪੰਨੇ ਹੀ ਦਿੱਤੇ ਜਾਣਗੇ।) ਜਿੰਨੀ ਇਹ ਗੱਲ ਕਹਿਣੀ ਸੌਖੀ ਹੈ, ਉਨੇ ਹੀ ਇਸ ਦੇ ਨਤੀਜੇ ਗੰਭੀਰ ਹੋ ਸਕਦੇ ਹਨ। ਪਹਿਲੀ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਰਜਨੀਸ਼ ਆਪਣੇ ਤੋਂ ਪੂਰਵਵਰਤੀ ਹਰ ਧਰਮ ਦੇ ਖਿਲਾਫ਼ ਹੈ। ਪੈਗੰਬਰ, ਮਸੀਹ, ਰੱਬ, ਤੀਰਥੰਕਰ ਉਨ੍ਹਾਂ ਦੀਆਂ ਪੁਸਤਕਾਂ ਉੱਪਰ ਵਿਸ਼ਵਾਸ ਦੇ ਖਿਲਾਫ਼ ਹੈ। ਇਹ ਖਿਲਾਫ਼ਤ ਨਫ਼ਰਤ ਦੀ ਹੱਦ ਤੱਕ ਜਾਂਦੀ ਹੈ। ਮਹਾਤਮਾ ਬੁੱਧ, ਮਹਾਂਵੀਰ ਨੂੰ ਤਾਂ ਉਹ ਸਭਿਆ, ਪੜ੍ਹੇ ਲਿਖੇ ਮੰਨ ਵੀ ਲੈਂਦਾ ਹੈ ਕਿਉਂਕਿ ਉਹ ਰਾਜ ਘਰਾਣਿਆਂ ਵਿੱਚੋਂ ਆਏ ਹਨ, ਪਰ ਈਸਾ ਨੂੰ ਉਹ ਕਿਤੇ ਵੀ ਨਹੀਂ ਬਖ਼ਸ਼ਦਾ। ਕਿਉਂ? ਕਿਉਂਕਿ ਉਹ ਅਨਪੜ੍ਹ ਹੈ, ਅਸਭਿਅ ਹੈ ਤੇ ਦਾਸ ਵੀ ਹੈ। ਉਹ ਭੀੜ ਦਾ ਹਿੱਸਾ ਬਣਨਾ ਚਾਹੁੰਦਾ ਹੈ। ਸਭ ਤੋਂ ਵੱਧ ਮਾੜੀ ਗੱਲ ਕਿ ਉਹ ਤਰਖਾਣ ਹੈ। ਰਜਨੀਸ਼ ਦੇ ਭਾਰਤੀ ਸੰਸਕਾਰ ਜਾਤ ਪਾਤ ਵਿੱਚ ਗ੍ਰਸੇ ਹੋਏ ਹਨ। ਇਸੇ ਲਈ ਉਹ ਕਬੀਰ ਨੂੰ ਵੀ ਈਸਾ ਨਾਲ ਰਲਾ ਦਿੰਦਾ ਹੈ। ਗਰੀਬਾਂ ਪ੍ਰਤੀ/ਲਿਤਾੜਿਆਂ ਪ੍ਰਤੀ, ਉਨ੍ਹਾਂ ਦੇ ਆਗੂਆਂ ਪ੍ਰਤੀ ਇਹੋ ਜਿਹਾ ਵਿਹਾਰ ਰਜਨੀਸ਼ ਦੀ ਕੁਲੀਨ ਵਰਗੀ ਮਾਨਸਿਕਤਾ ਦਾ ਇਜ਼ਹਾਰ ਹੀ ਤਾਂ ਹੈ। ਉਹ ਕਹਿੰਦਾ ਹੈ, “ਈਸਾ ਜਾਂ ਕਬੀਰ ਵਰਗੇ ਕੋਰੇ ਅਨਪੜ੍ਹਾਂ ਲਈ ਦਾਅਵਾ ਕਰਨਾ ਜਾਂ ਪੂਰੇ ਜ਼ੋਰ ਨਾਲ ਕਿਸੇ ਗੱਲ ਦਾ ਇਜ਼ਹਾਰ ਕਰਨਾ ਬੜਾ ਆਸਾਨ ਕੰਮ ਹੈ। ਆਪਣੇ ਆਲੇ ਦੁਆਲੇ ਮੂਰਖਾਂ ਦਾ ਟੋਲਾ ਇਕੱਠਾ ਕਰੋ, ਜੋ ਦੁਨੀਆਂ ਵਿੱਚ ਸਭ ਤੋਂ ਆਸਾਨ ਕੰਮ ਹੈ। ਗਲੀ ਵਿੱਚ ਸਿਰ ਭਾਰ ਖੜੇ ਹੋਵੋ, ਮੂਰਖ ਦੌੜਦੇ ਆਉਣਗੇ।” (ਪੰਨਾ 303) ਰਜਨੀਸ਼ ਜਦੋਂ ਕਬੀਰ ਬਾਣੀ ਦੀ ਵਿਆਖਿਆ ਕਰਦਾ ਹੈ ਤਾਂ ਉਸੇ ਕਬੀਰ ਦੀ ਬਾਣੀ ਰਾਹੀਂ ਆਪਣੇ ਘਟੀਆ ਜਿਹੇ ਵਿਚਾਰਾਂ ਨੂੰ ਪੇਸ਼ ਕਰ ਰਿਹਾ ਹੁੰਦਾ ਹੈ। ਉਹ ਬ੍ਰਾਹਮਣਵਾਦ ਵਲੋਂ ਭਾਰਤ ਦੇ ਚੌਥਾਈ ਹਿੱਸੇ ਨੂੰ ਅਛੂਤ ਬਣਾਉਣ ਦੀ ਗੱਲ ਕਰਦਾ ਹੈ, ਪਰ ਬ੍ਰਾਹਮਣ ਦੀ ਬੌਧਿਕ ਉੱਚਤਾ ਨੂੰ ਪ੍ਰਵਾਨ ਕਰਕੇ ਅਲੈਗਜ਼ਾਂਡਰ ਤੇ ਉਨ੍ਹਾਂ ਨਾਲ ਜੁੜੀਆਂ ਕਹਾਣੀਆਂ (ਜੋ ਦੰਤ ਕਥਾਵਾਂ ਹਨ) ਸੁਆਦ ਲੈ ਲੈ ਸੁਣਾਉਂਦਾ ਹੈ। ਇਹ ਹੈ ਸਾਰ ਰਜਨੀਸ਼ ਦਾ।

ਰਜਨੀਸ਼ ਜਦੋਂ ਸ਼ੱਕ ਦਾ ਡੰਡਾ ਮਿੱਥਾਂ ਤੇ ਦੰਤ ਕਥਾਵਾਂ ਉੱਪਰ ਚਲਾਉਂਦਾ ਹੈ ਤਾਂ ਉਹ ਬੇਹੂਦਗੀ ਦੀ ਹੱਦ ਤੱਕ ਚਲਾ ਜਾਂਦਾ ਹੈ। ਬਾਈਬਲ ਦੀ ਆਦਮ ਤੇ ਹਵਾ ਦੀ ਮਿੱਥ, ਈਸਾ ਮਸੀਹ ਦੀ ਸੂਲੀ ਚਾੜ੍ਹਨ ਸਮੇਂ ਨਾਲ ਜੁੜੀਆਂ ਦੰਤ ਕਥਾਵਾਂ, ਬੋਧ ਜਾਤਕ ਕਥਾਵਾਂ, ਤੀਰਥੰਕਰਾਂ ਨਾਲ ਜੁੜੀਆਂ ਕਥਾਵਾਂ ਨਾਲ ਉਹ ਬੜੇ ਵੱਡੇ ਭਲਵਾਨਾਂ ਵਾਂਗ ਦੰਗਲ ਵਿੱਚ ਉੱਤਰਦਾ ਹੈ, ਤੇ ਹਰ ਲੈਕਚਰ ਵਿੱਚ ਇਨ੍ਹਾਂ ਨਾਲ ਜੁੜਦਾ ਹੈ, ਪਰ ਲੱਗਦਾ ਬੜਾ ਬਚਗਾਨਾ ਹੈ। ਕਿਉਂਕਿ ਤੁਸੀਂ ਹਵਾਈ ਦੁਸ਼ਮਣ ਨਾਲ ਲੜ੍ਹਨ ਲਈ ਲੰਗੋਟ ਕੱਸੀ ਫਿਰੋ ਤਾਂ ਤੁਹਾਨੂੰ ਕੋਈ ਭਲਾ-ਮਾਣਸ ਨਹੀਂ ਕਹੇਗਾ। ਹਾਂ, ਤੁਹਾਡੇ ਆਪਣੇ ਦੱਲੇ ਤਾੜ੍ਹੀਆਂ ਮਾਰ ਸਕਦੇ ਹਨ, ਜਾਂ ਘੁੱਗੂ ਬਣ ਕੇ ਸੁਣੀ ਜਾਂਦੇ, ਦੇਖੀ ਜਾਂਦੇ ਹਨ। ਜਦੋਂ ਅਸੀਂ ਮਿੱਥਾਂ ਤੇ ਦੰਤ ਕਥਾਵਾਂ ਦੀ ਪ੍ਰਕ੍ਰਿਤੀ ਉੱਪਰ ਵਿਚਾਰ ਕਰਦੇ ਹਾਂ ਤਾਂ ਸਪੱਸ਼ਟ ਹੁੰਦਾ ਹੈ ਕਿ ਇਨ੍ਹਾਂ ਕਾਲਪਨਿਕ ਸਿਰਜਣਾਵਾਂ ਦੇ ਪੈਰ ਵੀ ਯਥਾਰਥ ਵਿੱਚ ਹੀ ਹੁੰਦੇ ਹਨ। ਮਨੁੱਖ ਆਪਣੇ ਇਤਿਹਾਸਕ ਕਾਲ ਖੰਡ ਦੀ ਚੇਤਨਾ ਅਨੁਸਾਰ ਹੀ ਸਵਾਲਾਂ ਦੇ ਜਵਾਬ ਲੱਭਦਾ ਹੈ। ਅੱਜ ਤੋਂ ਦੋ ਹਜ਼ਾਰ ਸਾਲ ਪਹਿਲਾਂ ਦੀ ਤਾਂ ਗੱਲ ਛੱਡੋ ਅੱਜ ਵੀ ਮਨੁੱਖ ਕਈ ਵਾਰ ਵਿਗਿਆਨ ਦੇ ਯੁੱਗ ਵਿੱਚ ਨਹੀਂ ਸਗੋਂ ਸਦੀਆਂ ਪਹਿਲਾਂ ਦੀ ਮਾਨਸਿਕਤਾ ਵਿੱਚ ਰਹਿ ਰਿਹਾ ਹੈ, ਇਸੇ ਲਈ ਉਹ ਇਨ੍ਹਾਂ ਮਿੱਥਾਂ, ਦੰਤ ਕਥਾਵਾਂ ਵਿੱਚ ਵਿਸ਼ਵਾਸ ਕਰਦਾ ਹੈ। ਸਮਾਜਵਾਦੀ ਦੇਸ਼ਾਂ ਦੇ ਤਜਰਬੇ ਵਿੱਚ ਕੋਸ਼ਿਸ਼ ਹੋਈ ਕਿ ਵਿਗਿਆਨਕ ਸਮਾਜਿਕ ਮਾਹੌਲ ਦਿੱਤਾ ਜਾਵੇ, ਜਿਸਨੂੰ ਅੰਦਰੋਂ ਬਾਹਰੋਂ ਦੁਸ਼ਮਣਾਂ ਨੇ ਬਰਦਾਸ਼ਤ ਨਹੀਂ ਕੀਤਾ। ਰਜਨੀਸ਼ ਵੀ ਇਸ ਦੇ ਖਿਲਾਫ਼ ਹੈ ਤੇ ਜਿਸ ਸਰਮਾਏਦਾਰੀ ਵਿਵਸਥਾ ਦਾ ਉਹ ਆਪ ਪ੍ਰਵਕਤਾ ਹੈ, ਉਸ ਵਿੱਚ ਮੁਨਾਫ਼ੇ ਦੀ ਆਪਾ-ਧਾਪੀ, ਵਿਅਕਤੀਗਤ ਗਰਜ਼ਾਂ ਤੋਂ ਉੱਪਰ ਨਹੀਂ ਉੱਠਣ ਦਿੰਦੀ। ਇਸੇ ਲਈ ਲੋਕਾਂ ਨੂੰ ਵਿਗਿਆਨਕ ਮਾਹੌਲ ਕੌਣ ਦੇਵੇ? ਰਜਨੀਸ਼ ਵਿਅਕਤੀਵਾਦੀ ਹੈ ਉਹ ਆਪ ਤੋਂ ਉੱਪਰ ਉੱਠਣਾ ਮੂਰਖਤਾ ਮੰਨਦਾ ਹੈ, ਫਿਰ ਤੁਸੀ ਜਿੰਨਾ ਮਰਜ਼ੀ ਮਿੱਥਾਂ ਦੇ ਖਿਲਾਫ਼ ਲਾਠੀਆਂ ਚੁੱਕੀ ਫਿਰੋ, ਉਹ ਮਨੁੱਖਤਾ ਦਾ ਖਹਿੜਾ ਨਹੀਂ ਛੱਡਣਗੀਆਂ। ਮਿੱਥਾਂ ਵਿੱਚ ਬ੍ਰਹਿਮੰਡ ਸਿਰਜਣਾ ਤੋਂ ਲੈ ਕੇ ਧਰਤੀ ਉੱਪਰ ਮਨੁੱਖ ਦੇ ਆਉਣ ਤੱਕ ਦੇ ਕਾਰਣ ਲੱਭੇ ਗਏ ਹਨ, ਆਪਣੇ ਇਤਿਹਾਸਕ ਚੌਖਟੇ ਦੀ ਸੋਚ ਵਿੱਚ ਪਹਿਲਾਂ ਜਾਦੂ ਵਿੱਚ, ਫਿਰ ਧਰਮ ਵਿੱਚ, ਤੇ ਅੱਜ ਵਿਗਿਆਨ ਵਿੱਚ। ਰਜਨੀਸ਼ ਲਈ ਇਤਿਹਾਸਕ ਸੰਦਰਭ ਕੋਈ ਅਰਥ ਨਹੀਂ ਰੱਖਦਾ। ਉਪਰੋਕਤ ਸੋਚ ਅਧੀਨ ਆਦਮ ਹਵਾ ਦੀ ਮਿੱਥ ਸਿਰਜੀ ਗਈ ਹੈ, ਇਸੇ ਤਰ੍ਹਾਂ ਦੀਆਂ ਦੁਨੀਆਂ ਭਰ ਵਿੱਚ ਹਜ਼ਾਰਾਂ ਮਿੱਥਾਂ ਪ੍ਰਚੱਲਿਤ ਹਨ, ਉਨ੍ਹਾਂ ਦਾ ਨਕਾਰਣ ਵਿਗਿਆਨਕ ਸੋਚ ਵਿੱਚ ਹੈ, ਹਵਾਈ ਲੜਾਈਆਂ ਵਿੱਚ ਨਹੀਂ। ਦੂਸਰੀ ਗੱਲ ਸ਼ੱਕ ਦੀ ਦੰਤ ਕਥਾਵਾਂ ਉੱਪਰ। ਹਰ ਫਿਰਕਾ ਆਪਣੇ ਇਸ਼ਟ ਦੇਵ ਦੀ ਸਰਵਉੱਚਤਾ ਸਿੱਧ ਕਰਨ ਲਈ ਉਸ ਨਾਲ ਅਸੰਭਵ ਘਟਨਾਵਾਂ, ਦੰਤ ਕਥਾਵਾਂ ਜੋੜਦਾ ਹੈ। ਈਸਾ ਵਲੋਂ ਮੁਰਦਾ ਜਗਾਉਣਾ, ਪਾਣੀ ਦਾ ਸ਼ਰਾਬ ਬਣਾਉਣਾ, ਪੱਥਰ ਨੂੰ ਰੋਟੀ ਵਿੱਚ ਬਦਲਣਾ, ਪਾਣੀ ਉੱਪਰ ਤਰਨਾ ਆਦਿ ਦੰਤ ਕਥਾਵਾਂ ਹਨ। ਜਿਨ੍ਹਾਂ ਉੱਪਰ ਕਿੰਤੂ ਨਹੀਂ ਕੀਤਾ ਜਾਂਦਾ ਤੇ ਨਾ ਹੀ ਈਸਾ ਦੇ ਕੁਆਰੀ ਦੇ ਪੇਟੋਂ ਜੰਮਣ ਉੱਪਰ, ਜਾਂ ਈਸਾ ਦੀ ਸੂਲੀ ਚੜ੍ਹਨ ਤੋਂ ਬਾਦ ਕਬਰ ਵਿਚੋਂ ਉੱਠਣ ਬਾਰੇ ਪ੍ਰਸ਼ਨ ਕੀਤਾ ਜਾਂਦਾ ਹੈ। ਉਸ ਤਰ੍ਹਾਂ ਵਿਗਿਆਨਕ ਸੋਚ ਇਨ੍ਹਾਂ ਘਟਨਾਵਾਂ ਦੀ ਅਸਲੀਅਤ ਸਮਝਦੀ ਹੈ। ਪਰ ਇੱਕ ਮਿੱਥ ਨੂੰ ਤੋੜਨ ਲਈ ਅਨੇਕ ਤਰ੍ਹਾਂ ਦਾ ਹੋਰ ਖੇਹ ਸੁਆਹ ਜੋੜ ਦੇਣਾ, ਮਿੱਥਾਂ ਤੇ ਦੰਤ ਕਥਾਵਾਂ ਨਾਲ ਘੁਲਣ ਲਈ ਗਲਤ ਦਾਅ ਹਨ, ਜਿਵੇਂ ਬਾਈਬਲ ਦੇ ਸ਼ੈਤਾਨ ਸੱਪ ਨੂੰ ਭਾਰਤੀ ਸੱਪ ਅਨੁਸਾਰ, ਚੰਗਾ ਮੰਨ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰਨੀਆਂ। ਈਸਾ ਨੂੰ ਮਰਿਆ ਹੀ ਨਾ ਮੰਨ ਕਸ਼ਮੀਰ ਉਸਦੀ ਕਬਰ ਲੱਭ ਲੈਣੀ, ਜਾਂ ਕਰਾਈਸਟ ਨੂੰ ਕ੍ਰਿਸ਼ਨ ਦਾ ਬਦਲਿਆ ਰੂਪ ਦੱਸਣਾ, ਕੁਤਰਕ ਕਰਨ ਤੋਂ ਵੱਧ ਕੁੱਝ ਨਹੀਂ। ਸਾਨੂੰ ਇਹੋ ਜਿਹੇ ਸ਼ੱਕ ਦੀ ਲੋੜ ਨਹੀਂ ਜੋ ਇਤਿਹਾਸਕ ਵਿਗਿਆਨਕਤਾ ਦੀ ਥਾਂ ਕੁਤਰਕ ਦਾ ਸਹਾਰਾ ਲਏ। ਇਹ ਗੱਲਾਂ ਰਜਨੀਸ਼ ਵਲੋਂ ਦੂਸਰੇ ਪੈਗੰਬਰਾਂ, ਤੀਰਥੰਕਰਾਂ ਬਾਰੇ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ ਨਿੰਦਾ-ਰਸ ਤਾਂ ਲਿਆ ਜਾ ਸਕਦਾ, ਪਰ ਹੈ ਸਭ ਕੁੱਝ ਬਕਵਾਸ।

ਥੋੜ੍ਹਾਂ ਅਗਾਂਹ ਚੱਲੀਏ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਸ਼ੱਕ ਕਰਨ ਦੀ ਸਮਰੱਥਾ ਹਰ ਵਿਅਕਤੀ ਦੀ ਵੱਖ ਵੱਖ ਹੋਵੇਗੀ, ਹਰ ਸਮੂਹ ਦਾ ਆਪਣੇ ਹਿੱਤਾਂ ਦਾ ਮਸਲਾ ਵੀ ਸ਼ੱਕ ਨੂੰ ਵੱਖਰੀ ਤਰ੍ਹਾਂ ਰੱਖਦਾ ਹੈ। ਇੱਕ ਅਨਪੜ੍ਹ ਦਾ ਇੱਕ ਸ਼ੱਕ ਹੈ ਕਿ ਆਦਮੀ ਚੰਦਰਮਾ ਉੱਪਰ ਗਿਆ ਹੀ ਨਹੀਂ। ਸਗੋਂ ਕਿਤਿਉਂ ਨੇੜਿਉਂ ਹੀ ਮਿੱਟੀ ਚੁੱਕ ਕੇ ਲੈ ਆਇਆ ਹੈ। ਉਹ ਵੀ ਉਸ ਸਥਿਤੀ `ਤੇ ਪਹੁੰਚ ਗਿਆ ਹੈ ਜਿੱਥੇ ਹੋਰ ਸ਼ੱਕ ਨਹੀਂ ਕੀਤਾ ਜਾ ਸਕਦਾ। ਪੜ੍ਹਿਆ ਲਿਖਿਆ ਵਿਗਿਆਨਕ ਸੋਚ ਦਾ ਧਾਰਣੀ ਰਜਨੀਸ਼ ਵਾਂਗ ਸ੍ਰਿਸ਼ਟੀ ਦੀ ਅਸੀਮਤਾ ਤੱਕ ਪਹੁੰਚ ਜਾਵੇਗਾ। ਪਰ ਅਧਿਆਤਮਵਾਦੀ ਸਾਇੰਸਦਾਨ, ਐਟਮ ਦੇ ਤੱਤਾਂ ਤੋਂ ਹੋਰ ਸੂਖ਼ਮ ਭਗਵਾਨ ਤੇ ਜਾ ਕੇ ‘ਸ਼ੱਕ ਨਹੀਂ ਕਰੇਗਾ’। ਕਿਹਾ ਜਾ ਸਕਦਾ ਹੈ ਕਿ ਰਜਨੀਸ਼ ਦਾ ਸ਼ੱਕ ਦਾ ਵਿਚਾਰ ਧਾਰਮਿਕ ਵਿਸ਼ਵਾਸ ਦੀ ਅਤਿਵਾਦੀ ਪ੍ਰਤਿਕਿਰਿਆ ਹੈ। ਯਥਾਰਥਕ, ਇਤਿਹਾਸਕ, ਵਿਗਿਆਨਕ ਵਿਸ਼ਲੇਸ਼ਣ ਇਸਦੇ ਨੇੜੇ ਵੀ ਨਹੀਂ ਗਿਆ।

ਜੇ ਹਰ ਚੀਜ਼ ਉੱਪਰ ਸ਼ੱਕ ਹੋ ਸਕਦਾ ਹੈ ਤਾਂ ਰਜਨੀਸ਼ ਦੇ ਵਿਚਾਰਾਂ ਉੱਪਰ ‘ਸ਼ੱਕ’ ਕਿਉਂ ਨਹੀਂ ਕੀਤਾ ਜਾ ਸਕਦਾ? ਇਥੇ ਆ ਕੇ ਰਜਨੀਸ਼ ਆਪਣੇ ਆਪ ਨੂੰ ਸ਼ੱਕ ਤੋਂ ਤਰਕ ਤੋਂ ਉੱਪਰ ਰੱਖਣ ਲਈ ਬਜਿਦ ਹੈ। ਆਪਣੇ ਧਰਮ ਬਾਰੇ ਉਹ ਕਹਿੰਦਾ ਹੈ ਇਹ ਪਹਿਲਾ ਧਰਮ ਹੈ ਤੇ, “ਸ਼ਾਇਦ ਇਹ ਆਖ਼ਰੀ ਧਰਮ ਹੈ ਕਿਉਂਕਿ, ਮੈਂ ਤੁਹਾਨੂੰ ਅਜਿਹਾ ਕੁੱਝ ਨਹੀਂ ਦਿੱਤਾ, ਜਿਸ ਉੱਪਰ ਕੋਈ ਤਰਕ ਕੀਤਾ ਜਾ ਸਕੇ …. ਮੇਰੇ ਖਿਲਾਫ਼ ਕੋਈ ਤਰਕ ਨਹੀਂ ਕਰ ਸਕਦਾ।” (ਪੰਨਾ 17) ਸ਼ੱਕ ਕਰਨਾ ਸਿਖਾਉਣ ਵਾਲਾ ਆਪ ਸ਼ੱਕ ਦੇ ਘੇਰੇ ਵਿੱਚ ਆਪਣੇ ਆਪ ਨੂੰ ਨਾ ਆਉਣ ਦੇਵੇ, ਭਾਵੇਂ ਂਿੲਹ ਭੁਲੇਖੇ ਵਿੱਚ ਹੀ ਕਿਉਂ ਨਾ ਹੋਵੇ ਕਦੇ ਵੀ ਬਖਸ਼ਣ ਯੋਗ ਨਹੀਂ ਹੋ ਸਕਦਾ।

ਦੂਜਾ ਸੁਝਾਅ ਜਾਂ ਉਪਦੇਸ਼ ਹੈ, ਕਦੇ ਵੀ ਨਕਲ ਨਾ ਕਰੋ। ਰਜਨੀਸ਼ ਦਾ ਸੰਦਰਭ ਹਮੇਸ਼ਾ ਧਰਮ ਹੁੰਦੇ ਹਨ। ਜਦੋਂ ਉਹ ਕਹਿੰਦਾ ਹੈ ਕਿ ਦੈਵੀ ਨਕਲ ਨਾ ਕਰੋ ਤਾਂ ਉਸਦਾ ਉਦੇਸ਼ ਹੁੰਦਾ ਹੈ ਕਿ ਈਸਾ, ਬੁੱਧ, ਮਹਾਂਬੀਰ ਆਦਿ ਬਣਨ ਦਾ ਯਤਨ ਨਾ ਕਰੋ। ਜਦ ਕਿ ਸਾਰੇ ਧਰਮ ਅਜਿਹਾ ਕਰਕੇ ਵਿਅਕਤੀ ਦੀ ਵੱਖਰਤਾ ਖ਼ਤਮ ਕਰਦੇ ਹਨ। ਕਿਸੇ ਹੱਦ ਤੱਕ ਇਹ ਗੱਲ ਠੀਕ ਹੈ ਕਿ ਜੇ ਤੁਸੀਂ ਦੂਸਰਿਆਂ ਵਾਂਗ ਵਿਹਾਰ ਕਰੋਗੇ, ਦੂਸਰਿਆਂ ਵਾਂਗ ਹੀ ਸੋਚਣ ਲੱਗੋਗੇ ਤਾਂ ਤੁਹਾਡੀ ਆਪਣੀ ਸਖਸ਼ੀਅਤ ਗੁਆਚ ਜਾਵੇਗੀ। ਪਰ ਮਨੁੱਖ ਮਨੁੱਖਤਾ ਦਾ ਹਿੱਸਾ ਹੋਣ ਕਾਰਣ ਬਹੁਤਾ ਕੁੱਝ ਆਪਣੀ ਪਰੰਪਰਾ ਤੋਂ ਆਪਣੇ ਆਲੇ ਦੁਆਲੇ ਤੋਂ ਗ੍ਰਹਿਣ ਕਰਦਾ ਹੈ। ਇਹ ਸਭ ਕੁੱਝ ਨੂੰ ਪਚਾ ਕੇ ਉਹ ਇੱਕ ਵੱਖਰੀ ਸ਼ਖਸੀਅਤ ਵਿਕਸਿਤ ਕਰਦਾ ਹੈ। ਉਂਜ ਉਸਦੀ ‘ਆਪਣੀ ਸ਼ਖਸ਼ੀਅਤ’ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਉਹ ਮਾਸ ਦਾ ਲੋਥੜਾ ਪੈਦਾ ਹੁੰਦਾ ਹੈ। ਆਚਾਰ, ਵਿਚਾਰ, ਵਿਹਾਰ ਸਭ ਕੁੱਝ ਉਸਨੇ ਸਮਾਜ ਤੋਂ ਗ੍ਰਹਿਣ ਕਰਨੇ ਹੁੰਦੇ ਹਨ, ਪਰ ਕੁਦਰਤੀ ਤੌਰ ਤੇ ਉਸ ਵਿੱਚ ਕੁੱਝ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਤੇ ਕੁੱਝ ਸੀਮਾਵਾਂ, ਉਨ੍ਹਾਂ ਕਰਕੇ ਉਹ ਵੱਖਰਾ ਹੁੰਦਾ ਹੈ। ਸੰਗੀਤ ਦਾ ਗੁਣ ਵਿਸ਼ੇਸ਼ ਹੈ। ਕਵੀ ਕੋਲ ਕਾਵਿਕਤਾ ਦਾ ਤੇ ਇਸ ਤਰ੍ਹਾਂ ਹੋਰ। ਕਦੇ ਵੀ ਨਕਲ ਨਾ ਕਰਨ ਦੇ ਸੁਝਾਅ ਦੀ ਥਾਂ ਲੋੜ ਹੈ

ਆਲੋਚਨਾਤਮਕ, ਵਿਗਿਆਨਕ ਦ੍ਰਿਸ਼ਟੀ ਪੈਦਾ ਕਰਨ ਦੀ ਜੋ ਨਕਲ ਕਰਨ ਜਾਂ ਨਾ ਕਰਨ, ਕਿਸੇ ਦੀ ਕੋਈ ਚੀਜ਼ ਗ੍ਰਹਿਣ ਕਰਨ ਜਾਂ ਨਾ ਗ੍ਰਹਿਣ ਕਰਨ ਤੋਂ ਪਹਿਲਾਂ ਉਸਦਾੂੰ ਵਿਸ਼ਲੇਸ਼ਣ ਕਰ ਸਕੇ। ਜੇ ਬਚਪਨ ਤੋਂ ਹੀ ਬੱਚੇ ਇਸ ਗੱਲ ਨੂੰ ਅਪਣਾ ਲੈਣ ਕਿ ਉਨ੍ਹਾਂ ਨੇ ਕਿਸੇ ਦੀ ਨਕਲ ਨਹੀਂ ਕਰਨੀ ਤਾਂ ਉਹ ਅੱਸੀ ਸਾਲ ਬਾਦ ਜਾਨਵਰ ਦੇ ਜਾਨਵਰ ਹੀ ਰਹਿ ਜਾਣਗੇ। ਮਨੁੱਖ ਬਣਨ ਦੀ ਗੱਲ ਉਸ ਬਾਰੇ ਸੋਚੀ ਹੀ ਨਹੀਂ ਜਾ ਸਕਦੀ। ਜਦੋਂ ਕਿ ਸਿਰਫ਼ ‘ਤੁਸੀਂ (ਆਪ) ਬਣੋ ਕੁੱਝ ਹੋਰ ਨਹੀਂ, ਕਿਹਾ ਜਾਂਦਾ ਹੈ ਤਾਂ ਇਸਦੀ ਵਿਅਕਤੀਵਾਦੀ ਧੁਨੀ ਸਪੱਸ਼ਟ ਪਛਾਣੀ ਜਾ ਸਕਦੀ ਹੈ। ਅਸਲ ਵਿੱਚ ਇਹ ਅਤਿ ਦਾ ਵਿਅਕਤੀਵਾਦ ਪੂੰਜੀਵਾਦੀ ਵਿਵਸਥਾ ਦੀ ਸਿਖ਼ਰ ਦੀ ਦੇਣ ਹੈ। ਰਜਨੀਸ਼ ਕਹਿੰਦਾ ਹੈ, “ਪੈਸਾ ਗਿਣਾਤਮਕ ਹੈ, ਆਤਮਿਕ ਹੈ ਗੁਣਾਤਮਕ” (Money is quantity spirituality is quality) ਜੋ ਪੈਸਾ ਕਮਾਉਣ ਦੀ ਹੋੜ ਵਿੱਚ ਮੈਂ ਸਭ ਤੋਂ ਅੱਗੇ ਹਾਂ, ਵੱਖ ਹਾਂ, ਮੈਂ, ਕੱਲਾ, ਕੱਲਾ ਅਮੀਰ ਹਾਂ ਤਾਂ ਮੇਰੀ ਅਧਿਆਤਮਕਤਾ ਵੀ ਵੱਖਰੀ ਹੋਵੇਗੀ, ਮੇਰੀ ਗੁਣਾਤਮਕਤਾ ਵੀ ਵੱਖਰੀ ਹੋਵੇਗੀ। ਯੂਨੀਕ ਹੋਵੇਗੀ। ਰਜਨੀਸ਼ ਇਸੇ ਪੂੰਜੀਵਾਦੀ ਤਰਕ ਅਨੁਸਾਰ ਆਪਣੇ ਵਿਚਾਰ ਪਰੋਸ ਰਿਹਾ ਹੈ, ਇਸਦਾ ਵਿਸ਼ਲੇਸ਼ਣ ਕਰਨ ਸਮੇਂ ਇਹ ਤੱਥ ਕਦੇ ਵੀ ਅੱਖੋਂ ਓਹਲੇ ਨਹੀਂ ਕਰਨਾ ਚਾਹੀਦਾ। ਰਜਨੀਸ਼ ਅਤਿ ਨੂੰ ਪਹਿਲ ਦਿੰਦਾ ਹੈ ਉਸ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ। ਜਿਵੇਂ ਉਹ ਡਾਇਓਜੀਨ ਦੇ ਨੰਗੇ ਰਹਿ ਕੇ, ਸੁਤੰਤਰ ਵਿਚਰਨ ਨੂੰ ਆਦਰਸ਼ਿਆ ਕੇ ਪੇਸ਼ ਕਰਦਾ ਹੈ ਤੇ ਜਦੋਂ ਉਹ ਕੁੱਤੇ ਨੂੰ ਪਾਣੀ ਪੀਂਦੇ ਵੇਖਦਾ ਹੈ ਅਤੇ ਪਾਣੀ ਪੀਣ ਵਾਲੀ ਚਿੱਪੀ ਵੀ ਵਗਾਹ ਮਾਰਕੇ ਹੋਰ ਸੁਤੰਤਰ ਹੁੰਦਾ ਹੈ, ਆਪਣੇ ਵਰਗਾ ਆਪ ਤਾਂ ਰਜਨੀਸ਼ ਬਾਗੋ ਬਾਗ ਹੋ ਜਾਂਦਾ ਹੈ। ਪਰ ਇੱਕ ਗੱਲ ਉਹ ਭੁੱਲ ਗਿਆ ਕਿ ਡਾਇਊਜੀਨ ਨੇ ਕੁੱਤੇ ਦੀ ਨਕਲ ਕੀਤੀ। ਕਿਤੇ ਇਹ ਸੁਝਾਅ ਤਾਂ ਨਹੀਂ ਕਿ ਜਾਨਵਰਾਂ ਦੀ ਨਕਲ ਤਾਂ ਕਰੋ ਪਰ ਬੰਦਿਆਂ ਦੀ ਨਹੀਂ? ਸਾਫ਼ ਹੈ ਕਿ ਰਜਨੀਸ਼ ਉੱਪਰ ਅਤਿਵਾਦੀ ਉਲਾਰੂ ਵਿਚਾਰ ਹਮੇਸ਼ਾ ਛਾਏ ਰਹਿੰਦੇ ਹਨ। “ਤੁਸੀਂ ਆਪਣਾ ਗਿਆਨ ਇੱਕ ਪਾਸੇ ਰੱਖ ਦਿਉ ਇਹ ਤੁਹਾਡੇ ਵਿਜ਼ਨ ਨੂੰ ਰੋਕੇਗਾ ਨਹੀਂ। ਇਹ ਤੁਹਾਡੇ ਤੇ ਯਥਾਰਥ ਦੇ ਦਰਮਿਆਨ ਨਹੀਂ ਆਵੇਗਾ। ਤੁਹਾਨੂੰ ਯਥਾਰਥ ਪਾਸ ਨੰਗਿਆਂ ਜਾਣਾ ਪਵੇਗਾ। ਜੇ ਤੁਹਾਡੇ ਤੇ ਯਥਾਰਥ ਵਿੱਚ ਕਿਤਾਬਾਂ ਹੋਣਗੀਆਂ, ਤਾਂ ਜੋ ਵੀ ਤੁਸੀਂ ਵੇਖੋਗੇ, ਉਹ ਅਸਲੀ ਨਹੀਂ ਹੋਵੇਗਾ।” (ਪੰਨਾ 692) ਇਹ ਹੈ ਰਜਨੀਸ਼ ਦਾ ਤੀਜਾ ਸੁਝਾਅ, “ਗਿਆਨ ਤੋਂ ਬਚੋ।” ਇਸ ਦਾ ਅਰਥ ਇਹ ਵੀ ਹੈ ਕਿ ਅਗਿਆਨ ਨੂੰ ਅਪਣਾਓ। ਰਜਨੀਸ਼ ਨਾਲੋਂ ਦੂਸਰੇ ਧਰਮ ਵਧੇਰੇ ਯਥਾਰਥਕ ਹਨ। ਉਹ ਗਿਆਨ ਦੀ ਤੋਤੇ-ਰਟਣੀ ਨੂੰ ਨਿੰਦਦੇ ਹਨ। ਉਹ ਗਿਆਨ ਨਾਲ, ਬਗਾਨੇ ਗਿਆਨ ਨਾਲ ਕਚਕੌਲ ਭਰਨ ਦੀ ਥਾਂ (ਭਾਈ ਵੀਰ ਸਿੰਘ) “ਵਿੱਦਿਆ ਵਿਚਾਰੀ ਤਾਂ ਪਰਉਪਕਾਰੀ” ਦਾ ਸੁਝਾਅ ਦਿੰਦੇ ਹਨ। ਰਜਨੀਸ਼ ਦਾ ਸੁਝਾਅ ਅਸਲ ਵਿੱਚ ਅਜੋਕੇ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਨੂੰ ਦੇਖ ਕੇ ਬਣਿਆ ਹੈ, ਜਿਸਨੂੰ ਉਹ "Most snobbish tribe in the whole world" ਕਹਿੰਦਾ ਹੈ।

ਕਹਿਣਾ ਇੰਨਾ ਹੀ ਬਣਦਾ ਹੈ ਕਿ ਗਿਆਨ ਦਾ ਅਰਜਕ ਆਲੋਚਨਾਤਮਕ ਹੋਣਾ ਚਾਹੀਦਾ ਹੈ ਤੇ ਮਨੁੱਖ ਦੇ ਆਪਣੇ ਮੌਲਿਕ ਵਿਚਾਰ ਹੋਣੇ ਚਾਹੀਦੇ ਹਨ। ਨਾ ਕਿ ਗਿਆਨ ਨੂੰ ਚਿਮਟੇ ਨਾਲ ਚੁੱਕੋ। ਜੇ ਸਾਰੇ ਲੋਕ ਤੁਹਾਡੇ ਵਰਗੇ ਧਿਆਨੀ ਹੋ ਜਾਣ, ਐਸ਼ਪ੍ਰਸਤ ਹੋ ਜਾਣ, ਵਿਅਕਤੀਵਾਦੀ ਹੋ ਜਾਣ ਤਾਂ ਅੱਜ ਜੋ ਸਮਾਜ ਹੈ, ਜੋ ਵਿਗਿਆਨਕ ਵਿਕਾਸ ਹੈ, ਉਹ ਸੰਭਵ ਵੀ ਨਹੀਂ ਹੁੰਦਾ, ਤੇ ਜੋ ਹੈ ਉਹ ਵੀ ਮੁੜ ਜਾਂਗਲੀ ਹੋ ਜਾਵੇਗਾ ਜੇ ਤੁਹਾਡੇ ‘ਪਵਿਤ੍ਰ’ ਸ਼ਬਦਾਂ ਉੱਪਰ ਫੁੱਲ ਚੜ੍ਹਾਏ ਜਾਣ ਤਾਂ। ਜਿਵੇਂ ਭਗਤੀ ਅੰਦੋਲਨ ਨੇ ਥੋਥੇ ਗਿਆਨ ਵਿਰੁੱਧ ਭਗਤੀ ਦੀ ਪ੍ਰਾਥਮਿਕਤਾ ਨੂੰ ਪ੍ਰਵਾਨ ਕੀਤਾ, ਇਵੇਂ ਹੀ ਰਜਨੀਸ਼ ਨੇ ਬੇਗਾਨੇ (ਗੈਰਮੌਲਿਕ) ਵਿਚਾਰਾਂ ਨੂੰ ਗ੍ਰਹਿਣ ਕਰਨ ਦੀ ਥਾਂ ਧਿਆਨ ਉੱਪਰ ਬਲ ਦਿੱਤਾ। ਪਰ ਰਜਨੀਸ਼ ਦੀ ਪ੍ਰਵਿਰਤੀ ਦੂਸਰੀ ਸਿਖ਼ਰ `ਤੇ ਜਾਣ ਦੀ ਹੈ। ਯਥਾਰਥ ਦਾ ਸਾਹਮਣਾ ਕਰਨ ਲਈ ਗਿਆਨ ਨੂੰ ਇੱਕ ਪਾਸੇ ਕਰ ਦਿਉ। ਜੇ ਪ੍ਰਾਕ੍ਰਿਤਕ ਯਥਾਰਥ ਦਾ ਸਾਹਮਣਾ ਕਰਨ ਸਮੇਂ ਸੂਰਜ ਗ੍ਰਹਿਣ ਦੇ ਵਿਗਿਆਨਕ ਗਿਆਨ ਨੂੰ ਇੱਕ ਪਾਸੇ ਕਰ ਦਿੱਤਾ ਜਾਵੇ, ਧਰਤੀ ਦੇ ਸੂਰਜ ਗਿਰਦ ਘੁੰਮਣ ਦੇ ਗਿਆਨ ਤੋਂ ਲੈ ਕੇ ਖਾਣ ਪੀਣ ਆਦਿ ਦੇ ਡਾਕਟਰੀ ਗਿਆਨ ਨੂੰ ਇੱਕ ਲਾਂਭੇ ਕਰ ਦਿੱਤਾ ਜਾਵੇ, ਤਾਂ ਪ੍ਰਕ੍ਰਿਤੀ ਨਾਲ ਸਾਡਾ ਸਰੋਕਾਰ ਆਦਿ ਮਾਨਵ ਵਾਲਾ ਰਹਿ ਜਾਵੇਗਾ। ਤੁਸੀਂ ਵਿਗਿਆਨ ਹੀ ਤਿਆਗ ਦਿੱਤਾ ਤਾਂ ਤੁਸੀਂ ਯਥਾਰਥ ਤੋਂ ਕੀ ਭਾਲੋਗੇ? ਛਿੱਕੂ। ਜੇ ਕਿਤਾਬਾਂ ਵਿਚਕਾਰ ਹੋਣਗੀਆਂ ਤਾਂ ਯਥਾਰਥ ਅਸਲੀ ਨਹੀਂ ਹੋਵੇਗੀ। ਕਿੰਨੇ ਸੁਹਣੇ ਵਿਚਾਰ ਹਨ ਤੇ ਕਿੰਨੇ ਬਕਵਾਸੀ। ਹੁਣ ਤੱਕ ਗ੍ਰਹਿਣ ਕੀਤੇ ਵਿਗਿਆਨਕ ਵਿਚਾਰਾਂ ਤੋਂ ਬਗੈਰ ਯਥਾਰਥ ਦੇ ਸਨਮੁੱਖ ਹੋਣ ਦਾ ਅਰਥ ਹੈ ਗ਼ੈਰ ਵਿਗਿਆਨਕ ਹੋਣਾ। ਕੀ ਰਜਨੀਸ਼ ਸਾਨੂੰ ਗ਼ੈਰ ਵਿਗਿਆਨਕ ਹੋਣ ਲਈ ਉਤਸ਼ਾਹਿਤ ਨਹੀਂ ਕਰ ਰਿਹਾ? ਭਗਤੀ ‘ਪੜਿ ਪੜਿ ਗਡੀ ਲਦੀਅਹਿ, ਪੜਿ ਪੜਿ ਗਡੀਅਹਿ ਖਾਤ। ਪੜਿ ਪੜਿ ਬੇੜੀ ਪਾਈਅਹਿ, ਪੜਿ ਪੜਿ ਲਦੀਅਹਿ ਸਾਥ। ਪੜੀਹਿ ਜੇਤੇ ਬਰਸਿ ਬਰਸਿ ਪੜੀਅਹਿ ਜੇਤੇ ਮਾਸ। ਨਾਨਕ ਲੇਖੈ ਇੱਕ ਗੱਲ ਹੋਰ ਹਊਮੈ ਝਖਣਾ ਝਾਖ’ ਦਾ ਪਾਠ ਪੜ੍ਹਾਉਂਦੀ ਹੈ, ਰਜਨੀਸ਼ ਇਸਦਾ ਵੀ ਅਤਿਭਾਵੀ ਰੂਪ ਪੇਸ਼ ਕਰਦਾ ਹੈ, ਪਰ ਮਨੁੱਖਤਾ ਇਹ ਸਭ ਕੁੱਝ ਸੁਣਦੀ ਹੋਈ ਵੀ ਆਪਣੇ ਰਸਤੇ ਤੇ ਤੁਰੀ ਜਾ ਰਹੀ ਹੈ ਤੇ ਤੁਰੀ ਜਾਵੇਗੀ। ਮਨੁੱਖ ਗਿਆਨ ਦੇ ਉਥੜ-ਘਾਬੜ ਰਸਤਿਆਂ ਦੇ ਰਾਹੀਂ ਜਾਨ ਦੀਆਂ ਬਾਜ਼ੀਆਂ ਲਾ ਕੇ ਤੁਰੇ ਰਹਿਣਗੇ।

ਚੌਥੇ ਸੁਝਾਅ ਨਾਲ ਸਾਰੇ ਪਦਾਰਥਵਾਦੀ ਸਹਿਮਤ ਹਨ। ਜੇ ਰੱਬ ਨਹੀਂ, ਦੇਵੀ ਦੇਵਤੇ ਨਹੀਂ ਤਾਂ ਅਰਦਾਸ ਕਿਸਨੂੰ ਕਰੋਗੇ? ਇਸਦੀ ਥਾਂ ਰਜਨੀਸ਼ ਨੇ ਦ੍ਰਿਸ਼ਟੀਮਾਨ ਮਾਨਵ, ਪਸ਼ੂ, ਦ੍ਰਖ਼ਤਾਂ, ਦਰਿਆਵਾਂ, ਪਹਾੜਾਂ ਨੂੰ ਪਿਆਰ ਕਰਨ ਦੀ ਗੱਲ ਕਹੀ ਹੈ। ਪਰ ਇਹ ਪਿਆਰ ਸਵੈ ਪਿਆਰ ਨਾਲੋਂ ਤੀਬਰ ਨਹੀਂ ਹੈ। ਦੂਸਰੀਆਂ ਥਾਵਾਂ ਤੇ ਵਿਅਕਤੀਵਾਦ ਭਾਰੂ ਹੋ ਜਾਂਦਾ ਹੈ ਇਸ ਲਈ ਇਹ ਪਿਆਰ ਢੋਂਗ ਬਣ ਕੇ ਰਹਿ ਜਾਂਦਾ ਹੈ।

ਜਦੋਂ ਰਜਨੀਸ਼ ਇਹ ਸੁਝਾਅ ਦਿੰਦਾ ਹੈ ਕਿ ‘ਹਰ ਛਿਣ ਨੂੰ ਜੀਓ’ ਚੰਗੇ ਮਾੜੇ ਦਾ ਵਿਚਾਰ ਨਾ ਕਰੋ, ਤਾਂ ਇੱਕ ਪਾਸੇ ਸਮਾਜ ਦੀ ਤਤਕਾਲੀਨ ਤਣਾਉ ਯੁਕਤ ਜ਼ਿੰਦਗੀ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਦੂਸਰੇ ਪਾਸੇ ਸਮੇਂ ਸੰਬੰਧੀ ਵਿਚਾਰ ਪੇਸ਼ ਹਨ ਤੇ ਤੀਸਰੇ ਇਸਦਾ ਹੱਲ, ‘ਧਿਆਨ `ਚ ਰਹਿਣਾ, ਹੁਣ ਵਿੱਚ ਜੀਣਾ ਹੈ’ ਵੀ ਦਿੱਤਾ ਗਿਆ ਹੈ। ਕੋਈ ਮਾਨਸਿਕ ਤੌਰ ਤੇ ਪ੍ਰੇਸ਼ਾਨ ਵਿਅਕਤੀ ਆਪਣੇ ਭੂਤ ਨਾਲ ਦੀਆਂ ਮੰਦੀਆਂ ਘਟਨਾਵਾਂ ਤੋਂ ਛੁਟਕਾਰਾ ਨਾ ਪਾ ਸਕਦਾ ਹੋਵੇ, ਜਾਂ ਕੋਈ ਮਰੀਜ਼ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਗ੍ਰਸਤ ਰਹਿੰਦਾ ਹੋਵੇ ਤਾਂ ਉਸ ਲਈ ਇਹ ਸੁਝਾਅ ਸਾਰਥਕ ਹੋ ਸਕਦਾ ਹੈ। ਪਰ ਥੋੜ੍ਹੀ ਦੇਰ ਲਈ। ਦਵਾਈਆਂ ਦੇ ਕੇ ਨੀਂਦ ਲਿਆ ਕੇ ਮਾਨਸਿਕ ਤਣਾਓ ਨੂੰ ਡਾਕਟਰ ਦੂਰ ਕਰੇਗਾ, ਪਰ ਇਸਦਾ ਅਰਥ ਇਹ ਨਹੀਂ ਕਿ ਭੂਤ ਵਿੱਚ ਵਾਪਰੀਆਂ ਘਟਨਾਵਾਂ ਖ਼ਤਮ ਹੋ ਗਈਆਂ ਹਨ ਅਤੇ ਭਵਿੱਖ ਵਿੱਚ ਚਿੰਤਾ ਖ਼ਤਮ ਹੋ ਗਈ ਹੈ। ਇਹ ਮਸਲਾ ਵਿਅਕਤੀਗਤ ਹੈ। ਪਰੰਤੂ ਸਮਾਜ, ਮਨੁੱਖਤਾ ਕਦੇ ਵੀ ਵਰਤਮਾਨ ਵਿੱਚ ਨਹੀਂ ਹੁੰਦੀ, ਉਹ ਵਰਤਮਾਨ ਵਿੱਚ ਵੀ ਭੂਤਕਾਲ ਦੀਆਂ ਉਪਲਬਧੀਆਂ ਛੁਪਾਈ ਬੈਠੇ ਹੁੰਦੀ ਹੈ। ਜਿਵੇਂ ਅੱਜ ਦੇ ਉਡਦੇ ਜਹਾਜ਼ ਉਸ ਮਨੁੱਖ ਦੀ ਇੱਛਾ ਛੁਪਾਈ ਬੈਠੇ ਹਨ ਜਿਸਨੇ ਪਹਿਲੀ ਵਾਰ ਪੰਛੀਆਂ ਦੇ ਪਰ ਬੰਨ੍ਹ ਕੇ ਉੱਪਰੋਂ ਛਾਲ ਮਾਰ ਕੇ ਜਾਨ ਦੇ ਦਿੱਤੀ। ਉਸਤੋਂ ਬਾਅਦ ਹਜ਼ਾਰਾਂ ਵਿਗਿਆਨੀਆਂ ਦੀਆਂ ਖੋਜਾਂ ਨੇ ਜਹਾਜ਼ ਨੂੰ ਅੱਜ ਦੇ ਰੂਪ ਵਿੱਚ ਲਿਆਂਦਾ। ਇਸੇ ਤਰ੍ਹਾਂ ਵਰਤਮਾਨ, ਭੂਤਕਾਲ ਦੀਆਂ ਨਸਲਾਂ ਵਲੋਂ ਕੀਤੇ ਕੁਕਰਮਾਂ ਦਾ ਫਲ ਵੀ ਭੋਗਦਾ ਹੈ। ਭਾਰਤ ਵਿੱਚ ਜਾਤ ਪਾਤ ਦੇ ਸਰਾਪ ਨੂੰ ਕੀ ਅਸੀਂ ਅੱਜ ਨਹੀਂ ਭੋਗ ਰਹੇ। ਇਸ ਤਰ੍ਹਾਂ ਵਰਤਮਾਨ ਭਵਿੱਖ ਨੂੰ ਸਿਰਜਦਾ ਹੈ, ਆਪਣੀ ਚੰਗਿਆਈਆਂ ਬੁਰਿਆਈਆਂ ਉਸਦੇ ਪੱਲੇ ਪਾਉਂਦਾ ਹੈ। ਤਿੰਨਾਂ ਕਾਲਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਯਥਾਰਥਵਾਦੀ ਸੋਚ ਇਹ ਹੈ। ਪਰ ਰਜਨੀਸ਼ ਹਰ ਥਾਂ ਕੁੱਝ ਸਨਸਨੀਖੇਜ ਕਹਿਣ ਦੇ ਆਹਰ ਵਿੱਚ ਰਹਿੰਦਾ ਹੈ। ਉਹਦੀ ਸੁਣੋ, “ਹੋਂਦ ਇੱਕੋ ਕਾਲ ਜਾਣਦੀ ਹੈ, ਉਹ ਹੈ ਵਰਤਮਾਨ ਕਾਲ। ਭਾਸ਼ਾ ਨੇ ਤਿੰਨ ਕਾਲ ਸਿਰਜੇ ਹਨ ਅਤੇ ਤੁਹਾਡੇ ਮਨ ਵਿੱਚ ਦਸ ਤਣਾਓ ਪੈਦਾ ਕੀਤੇ ਹਨ।” (ਪੰਨਾ 697) ਹੈ ਨਾ ਕਮਾਲ, ਯਥਾਰਥ ਨੂੰ ਪ੍ਰਗਟਾਉਣ ਦਾ, ਸੋਚਾਂ ਨੂੰ ਸਾਂਭਣ ਦਾ। ‘ਸਮਾਂ ਨਹੀਂ ਬੀਤਦਾ, ਅਸੀਂ ਬੀਤਦੇ ਹਾਂ’ ਠੀਕ ਹੈ, ਇਸੇ ਨੂੰ ਧਿਆਨ ਵਿੱਚ ਰੱਖਕੇ ਸਮੇਂ ਦਾ ਸੰਕਲਪ ਹੋਂਦ ਵਿੱਚ ਆਉਂਦਾ ਹੈ, ਇਸ ਲਈ ਸਮਾਂ ਸਥਾਨ ਦੀ ਇਕੱਠੀ ਗੱਲ ਕੀਤੀ ਜਾਂਦੀ ਹੈ। ਜੇ ਦਾਰਸ਼ਨਿਕ ਰੁਖ ਅਪਣਾਇਆ ਜਾਵੇ ਤਾਂ ਰਜਨੀਸ਼ ਦੇ ਉਲਟ ਇਹ ਵੀ ਕਿਹਾ ਜਾ ਸਕਦਾ ਹੈ ਕਿ ਛਿਣ ਇੱਕ ਰੇਖਾ ਹੈ ਇਸਦੇ ਇੱਕ ਪਾਰ ਭੂਤਕਾਲ ਹੈ ਤੇ ਦੂਸਰੇ ਪਾਸੇ ਭਵਿੱਖ। ਵਰਤਮਾਨ ਕਾਲ ਤਾਂ ਹੈ ਹੀ ਕੁੱਝ ਨਹੀਂ, ਇਹ ਤਾਂ ਭੂਤ ਤੇ ਭਵਿੱਖ ਦਾ ਸੰਗਮ-ਸਥੂਲ ਹੈ। ਪਰ ਅਸੀਂ ਯਥਾਰਥਵਾਦੀ ਹਾਂ, ਇਸ ਤਰ੍ਹਾਂ ਦੀ ਸਨਸਨੀਖੇਜ਼ ਲਫਾਜ਼ੀ ਕਰਨੀ ਸਾਡਾ ਮੰਤਵ ਨਹੀਂ ਹੈ। ਯਥਾਰਥ ਹੈ, ਸੋਚ ਹੈ ਤਾਂ ਭਾਸ਼ਾ ਉਸਨੂੰ ਪ੍ਰਗਟਾਉਣ ਲਈ ਰਚੀ ਜਾਵੇਗੀ। ਭਾਸ਼ਾ ਖਲਾਅ ਵਿਚੋਂ ਪੈਦਾ ਨਹੀਂ ਹੁੰਦੀ।

ਰਜਨੀਸ਼ ਭਾਸ਼ਾ ਨਾਲ ਅਜਿਹਾ ਖਿਲਵਾੜ ਆਮ ਕਰਦਾ ਹੈ। ਜਿਵੇਂ ਅਨੇਕਾਂ ਥਾਵਾਂ ਤੇ ‘ਰੱਬ’ ਤੋਂ ਤਾਂ ਇਨਕਾਰੀ ਹੈ, ਪਰ ‘ਰੱਬਤਾ’ ਨੂੰ ਆਪਣਾ ਨਿਸ਼ਾਨਾ ਮੰਨਦਾ ਹੈ। ਕਹਿੰਦਾ ਹੈ ਕਿ ਨਾਂਵ ਤਾਂ ਲੋਕਾਂ ਨੇ, ਭਾਸ਼ਾ ਨੇ ਸਿਰਜੇ ਹਨ। ਅਸਲੀ ਗੱਲ ਵਿਸ਼ੇਸ਼ਣ ਦੀ ਹੈ। ਭਲੇ ਮਾਣਸ ਨੂੰ ਕੋਈ ਪੁੱਛੇ ਨਾਮ ਤੋਂ ਬਗ਼ੈਰ ਵਿਸ਼ੇਸ਼ਣ ਕਿਵੇਂ ਹੋਂਦ ਵਿੱਚ ਆ ਸਕਦਾ ਹੈ? ਮਨੁੱਖ ਨੇ ਰੱਬ ਦੀ ਹੋਂਦ ਨੂੰ ਸਵੀਕਾਰ ਕੀਤਾ ਤਾਂ ਹੀ, ‘ਰੱਬਤਾ’ ‘ਰੱਬੀ’ ‘ਰੱਬ ਵਰਗਾ’ ਆਦਿ ਸ਼ਬਦ ਹੋਂਦ ਵਿੱਚ ਆਏ। ਤੁਸੀਂ ਰੱਬ ਤੋਂ ਇਨਕਾਰ ਕਰੋਗੇ ਤਾਂ ਬਾਕੀ, ਸਾਰੇ ਵਿਸ਼ੇਸ਼ਣ ਨਿਰਾਰਥਕ ਹੋ ਜਾਣਗੇ, ਪਰੰਤੂ ਮੁਹਾਵਰੇ ਦੇ ਤੌਰ ਤੇ ਉਹ ਕਾਫੀ ਸਮਾਂ ਬਾਦ ਤੱਕ ਜਾਰੀ ਰਹਿੰਦੇ ਹਨ। ਯਥਾਰਥ ਇਹ ਹੈ। ਇਹੋ ਜਿਹਾ ਮਦਾਰੀਪੁਣਾ ਕਈ ਵਾਰ ਲੋਕਾਂ ਨੂੰ ਕੀਲ ਲੈਂਦਾ ਹੈ, ਪਰ ਵਿਸ਼ਲੇਸ਼ਣ ਸਮੇਂ ਉਹ ਕਿਤੇ ਨਹੀਂ ਠਹਿਰਦਾ। ਸਾਰੇ ਹੀ ਯਥਾਰਥਵਾਦੀ ਅਗਲੇ ਪਿਛਲੇ ਜਨਮ ਨੂੰ ਪ੍ਰਵਾਨ ਨਹੀਂ ਕਰਦੇ (ਰਜਨੀਸ਼ ਇਸ ਦੀ ਚਰਚਾ ਘੱਟ ਹੀ ਕਰਦਾ ਹੈ), ਸਵਰਗ-ਨਰਕ ਨੂੰ ਨਹੀਂ ਮੰਨਦੇ, ਇਸ ਲਈ ਉਹ ਇਸ ਜੀਵਨ ਨੂੰ ਭਰਪੂਰਤਾ ਵਿੱਚ ਮਾਨਣ ਦੀ ਗੱਲ ਕਰਦੇ ਹਨ। ਚਾਰਵਾਕੀਆਂ ਨਾਲ ਤਾਂ ਐਸ਼ਪ੍ਰਸਤੀ ਦੇ ਸਾਰੇ ਚਿੰਨ੍ਹ ਇਸੇ ਲਈ ਜੋੜ ਰੱਖੇ ਹਨ। ਵਿਅਕਤੀਗਤ ਤੌਰ ਤੇ ਤਣਾਓ ਘੱਟ ਕਰਨ ਲਈ ਰਜਨੀਸ਼ ਦੀ ਇਹ ਉਪਰੋਕਤ ਸਲਾਹ ਕਾਰਗਰ ਸਿੱਧ ਹੋ ਸਕਦੀ ਹੈ, ਪਰ ਦਾਰਸ਼ਨਿਕ ਪੱਧਰ ਤੇ ਇਸਦਾ ਥੋਥਾਪਣ ਜ਼ਾਹਰ ਹੈ। ਜਿਵੇਂ ਰੱਬ ਨੂੰ ਸਾਰੇ ਮਾਨਵੀ ਗੁਣਾਂ ਦਾ ਮੁਜੱਸਮਾ ਬਣਾ ਕੇ ਮਨੁੱਖ ਨੇ ਸਰਬ ਸਮਰੱਥ ਬਣਾ ਦਿੱਤਾ ਹੈ ਤੇ ਪਕ੍ਰਿਤੀ ਨੂੰ ਉਸਦੇ ਅਧੀਨ ਕਰਕੇ ਸਾਰੇ ਪ੍ਰਕ੍ਰਿਤੀ ਦੇ ਕਰੋਪਾਂ ਨੂੰ ਵੀ ਉਸੇ ਦਾ ਹੁਕਮ ਮੰਨ ਕੇ ਪ੍ਰਵਾਨ ਕਰਦਾ ਹੈ ਤੇ ਉਸ ਤੋਂ ਡਰਦਾ ਵੀ ਹੈ। ਪਰ ਇਸ ਪ੍ਰਕ੍ਰਿਤੀ ਦੇ ਪ੍ਰਕੋਪ ਨੂੰ ਬਦਲਣ ਵਾਲੇ, ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਮਹਾਂਮਾਨਵ ਦੀ ਸਿਰਜਣਾ ਵੀ ਮਾਨਵ ਨੇ ਹੀ ਕੀਤੀ ਹੈ। ਭਾਰਤੀ ਮਿੱਥ ਜਗਤ ਵਿੱਚ 24 ਅਵਤਾਰਾਂ ਦੀ ਸਿਰਜਣਾ ਇਸੇ ਦ੍ਰਿਸ਼ਟੀ ਤੋਂ ਹੀ ਕੀਤੀ ਗਈ ਹੈ। ਲੋਕ-ਕਲਪਨਾ ਅਨੁਸਾਰ ਤੇਈ ਅਵਤਾਰ ਹੋ ਚੁੱਕੇ ਹਨ, ‘ਕਲਕੀ’ ਅਵਤਾਰ ਨੇ ਭਵਿੱਖ ਵਿੱਚ ਆਉਣਾ ਹੈ। ਅਸਲ ਵਿੱਚ ਮਿੱਥਾਂ ਦੀ ਸਿਰਜਣਾ ਰਾਹੀਂ ਜਾਂ ਮਹਾਂਮਾਨਵਾਂ ਰਾਹੀਂ ਮਨੁੱਖ ਆਪਣੀਆਂ ਸਰੀਰਕ ਤੇ ਮਾਨਸਿਕ ਕਮਜ਼ੋਰੀਆਂ ਉੱਪਰ ਜਿੱਤ ਹਾਸਲ ਕਰਨੀ ਚਾਹੁੰਦਾ ਹੈ। ਉਹ ਕਿਸੇ ਇਤਿਹਾਸਕ ਪੜਾਅ ਉੱਪਰ ਇੱਕ ਮਹਾਮਾਨਵ ਦੀ ਸਿਰਜਣਾ ਕਰਦਾ ਹੈ, ਤਾਂ ਦੂਸਰੇ ਇਤਿਹਾਸਕ ਪੜਾਅ ਉੱਪਰ ਦੂਸਰੇ ਮਹਾਂਮਾਨਵ ਦੀ। ਇਸੇ ਲਈ ਇਹ ‘ਮਹਾਂਮਾਨਵ’ ਵੀ ਵੇਲੇ ਦੇ ਸਦਾਚਾਰਕ ਮੁੱਲਾਂ ਦੇ ਧਾਰਨੀ ਹੁੰਦੇ ਹਨ। ਉਨ੍ਹਾਂ ਦੇ ਇਹ ਸਦਾਚਾਰਕ ਰੂਪ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰਭਾਵਿਤ ਕਰਦੇ ਹਨ। ਜਦੋਂ ਰਜਨੀਸ਼ ‘ਮਹਾਂਮਾਨਵ’ ਦੀ ਗੱਲ ਕਰਦਾ ਹੈ ਉਸਦੇ ਸਾਹਮਣੇ ਇੱਕ ਪਾਸੇ ਮਹਾਂਵੀਰ, ਮਸੀਹ ਤੇ ਬੁੱਧ ਹਨ ਤੇ ਦੂਸਰੇ ਪਾਸੇ ਨਿਤਸ਼ੇ ਦਾ 'Superman'। ਕਿਸੇ ਵੀ ਇਤਿਹਾਸਕ ਪੜਾਅ ਤੇ ਆਮ ਮਨੁੱਖ ਨੂੰ ਅਜਿਹੀ ਕਲਪਣਾ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ, ਅਜੋਕਾ ‘ਸੁਪਰਮੈਨ’ ਬ੍ਰਹਿਮੰਡਾਂ ਵਿੱਚ ਘੁੰਮਦਾ, ਸਾਇੰਸ ਤੇ ਤਕਨਾਲੋਜੀ ਦੇ ਆਸਰੇ ਅਸਾਧਾਰਣ ਜੀਵਾਂ ਨਾਲ ਟਕਰਾਉਂਦਾ ਹੈ। ਕੰਪਿਊਟਰ ਯੁੱਗ ਵਿੱਚ ਇਸੇ ਤਰ੍ਹਾਂ ਦੇ ਮਹਾਂਮਾਨਵਾਂ ਦੀ ਸਿਰਜਣਾ ਹੋ ਸਕਦੀ ਹੈ। ਪਰ ਰਜਨੀਸ਼ ਇਸ ਤੱਥ ਨੂੰ ਜਾਣ ਬੁੱਝ ਕੇ ਪ੍ਰਵਾਨ ਨਹੀਂ ਕਰਨਾ ਚਾਹੁੰਦਾ। ‘ਪਰ ਤੁਸੀਂ ਮਾਨਵ ਮਾਤਰ ਬਣਨਾ ਹੈ।’ ਇਸ ਗੱਲ ਨੂੰ ਖਿੜੇ ਮੱਥੇ ਪ੍ਰਵਾਨ ਕਰੋ ਕਿ ਤੁਸੀਂ ਮਨੁੱਖ ਹੋ ‘ਕੇਵਲ ਪ੍ਰਮਾਣਿਕ ਮਨੁੱਖ ਬਣੋ’ (ਪੰਨਾ 710) ਜੇ ਪ੍ਰਮਾਣਕ ਮਨੁੱਖ ਹੀ ਬਣਨਾ ਹੈ ਫਿਰ ਤਿੰਨ ਪੱਧਰਾਂ ਦੀਆਂ ਸਰੀਰਕ ਸ਼ਕਤੀਆਂ ਜਗਾਉਣ ਦੀ ਕੀ ਲੋੜ ਹੈ? ਧਿਆਨ ਰਾਹੀਂ ਦੂਜੇ ਦੇ ਮਨ ਨੂੰ ਪੜ੍ਹਨ ਦੀ ਸਮਰੱਥਾ ਪ੍ਰਾਪਤ ਕਰਨ ਜਾਂ ਕਿਸੇ ਨੂੰ ਵੀ ਆਪਣੇ ਅਨੁਸਾਰ ਚਲਾਉਣ ਜਾਂ ਮਾਰਨ ਜੀਉਣ ਦੀ ਕਲਾ ਸਿੱਖਣ ਦੀ ਕੀ ਲੋੜ ਹੈ? ਰਜਨੀਸ਼ ਦੇ ਚੇਲਿਆਂ ਨੂੰ ‘ਇਨਲਾਈਟਨਮੈਂਟ’ ਪ੍ਰਾਪਤ ਕਰਨ ਦਾ ਕਮਲ ਕਿਉਂ ਚੜ੍ਹਿਆ ਹੋਇਆ ਹੈ। ਜੇ ਮਨੁੱਖ ਨੂੰ ਮਹਾਂਵੀਰ, ਬੁੱਧ, ਮਸੀਹ ਨਹੀਂ ਬਣਨਾ ਚਾਹੀਦਾ ਤਾਂ ਰਜਨੀਸ਼ ਦੇ ਅਫਲਾਤੂਨੀ ਜਿਹੇ ਵਿਚਾਰਾਂ ਮਗਰ ਲੱਗ ਕੇ ਉਸ ਵਰਗਾ ਆਚਰਣ ਕਰਨ ਦੀ ਕੀ ਲੋੜ ਹੈ। ਕਥਨ ਬੜੇ ਯਥਾਰਥਕ ਹਨ, ਪਰ ਥੀਊਰੀ ਤੇ ਪ੍ਰੈਕਟਸ ਵਿੱਚ ਇਹ ਏਨਾ ਪਾੜਾ ਕਿਉਂ ਹੈ? ਇਹ ਪ੍ਰਸ਼ਨ ਤਾਂ ਪੁੱਛਿਆ ਹੀ ਜਾ ਸਕਦਾ ਹੈ।

ਜਦੋਂ ਕੋਈ ਚੀਜ਼ ਅਪ੍ਰਾਕ੍ਰਿਤਕ ਹੋ ਜਾਵੇ ਹੱਦੋਂ ਵਧ ਜਾਵੇ ਤਾਂ ਉਸਦਾ ਵਿਰੋਧ ਉਸਦੇ ਅੰਦਰੋਂ ਹੀ ਉੱਠਦਾ ਹੈ ਤੇ ਪੁਰਾਣੇ ਦਾ ਨਾਸ਼ ਹੁੰਦਾ ਹੈ ਤੇ ਨਵੀਨਤਾ ਦਾ ਆਰੰਭ। ਪ੍ਰਕ੍ਰਿਤੀ ਇਵੇਂ ਵਿਰੋਧ ਵਿਕਾਸੀ ਸਿਧਾਂਤ ਅਨੁਸਾਰ ਚੱਲਦੀ ਹੈ ਤੇ ਸਮਾਜਵਾਦੀ ਧਰਮ ਤੇ ਵਿਅਕਤੀ ਵੀ ਇਸ ਤੋਂ ਉੱਪਰ ਨਹੀਂ ਹਨ। ਰਜਨੀਸ਼ ਧਾਰਮਿਕ ਦਾ ਵਿਰੋਧ ਵੀ ਕੁੱਝ ਇਸ ਤਰ੍ਹਾਂ ਹੀ ਕਰ ਰਿਹਾ ਹੈ। ਜੈਨੀ ਹੋਣ ਨਾਤੇ ਉਸਨੇ ਨਾ ਕੇਵਲ ਤੀਰਥੰਕਰਾਂ ਨੂੰ ਸਰੀਰ ਸਾਧਦੇ, ਭੁੱਖੇ ਰਹਿੰਦਿਆਂ ਸੁਣਿਆ ਹੈ ਸਗੋਂ ਆਪਣੇ ਆਲੇ ਦੁਆਲੇ ਸਮਾਜ ਵਿੱਚ ਪਰਿਵਾਰ ਵਿੱਚ ਵੀ ਇਹ ਕੁੱਝ ਹੁੰਦਾ ਵੇਖਿਆ ਹੈ। ਇਸਦੇ ਨਾਲ ਹੀ ਮੁਸਲਮਾਨਾਂ ਦੇ ਰੋਜ਼ੇ, ਯੋਗੀਆਂ ਦੇ ਹੱਠ ਵੀ ਆ ਮਿਲਦੇ ਹਨ। ਜਿਸਤੋਂ ਉਸਦਾ ਵਿਚਾਰ ਹੋਂਦ ਵਿੱਚ ਆਉਂਦਾ ਹੈ ਕਿ ਪ੍ਰਾਕ੍ਰਿਤਕ ਵਿਰੋਧ ਵਿੱਚ ਮਹਾਤਮਾ ਬੁੱਧ ਦੀ ਅਹਿੰਸਾ ਆਉਂਦੀ ਹੈ। ਇਹ ਸਭ ਕੁੱਝ ਕੁਦਰਤੀ ਹੈ। ਪਰੰਤੂ ਕਈ ਵਾਰ ਅਤਿ ਦੇ ਮੁਕਾਬਲੇ ਦੂਸਰਾ ਅਤਿ ਵੀ ਆ ਜਾਂਦਾ ਹੈ। ਵੈਦਿਕ ਅਤਿ ਦੀ ਹਿੰਸਾ ਦੇ ਮੁਕਾਬਲੇ ਮਹਾਤਮਾ ਬੁੱਧ, ਮਹਾਂਵੀਰ ਦੀ ਅਤਿ ਦੀ ਅਹਿੰਸਾ ਆ ਜਾਂਦੀ ਹੈ। ਰਜਨੀਸ਼ ਨਾਲ ਵੀ ਕੁੱਝ ਅਜਿਹਾ ਹੀ ਹੋਇਆ ਹੈ। ਉਹ ਧਰਮਾਂ ਨਾਲ ਲੜਦਾ ਲੜਦਾ ਦੂਸਰੇ ਸਿਖ਼ਰ `ਤੇ ਪਹੁੰਚ ਜਾਂਦਾ ਹੈ। ਇਹੀ ਕੁੱਝ “ਪ੍ਰਾਕ੍ਰਿਤਕ ਬਣੋ, ਆਪਣੇ ਸਰੀਰ ਨਾਲ ਲੜਾਈ ਨਾ ਕਰੋ” ਦੇ ਵਿਚਾਰ ਨਾਲ ਹੋਇਆ ਹੈ।

ਉਹ ਕਹਿੰਦਾ ਹੈ, “ਲਹਿਰਾਂ ਦੇ ਵਿਰੋਧ ਵਿੱਚ ਚੱਲਣ ਦੀ ਬਜਾਏ ਇਸਦੇ ਨਾਲ ਚਲੋ - ਪਹਿਲੀ ਚਰਚਾ ਵਿੱਚ ਰਜਨੀਸ਼ ਕਹਿੰਦਾ ਹੈ ਦੁਨੀਆਂ ਤੋਂ ਵੱਖ ਹੋਕੇ ਚਲੋ - ਯੂਨੀਕ ਬਣੋ, ਪਰ ਇੱਥੇ ਕਹਿੰਦਾ ਹੈ ਦੁਨੀਆਂ ਦੇ ਨਾਲ ਚਲੋ ਉਸੇ ਵਰਗੇ ਬਣੋ? ਜੀਵਨ ਨੂੰ ਗੁਜ਼ਰਨ ਦਿਓ। ਪਵਿੱਤਰ ਗ੍ਰੰੇਥ ਪਵਿਤ੍ਰ ਆਦਰਸ਼ ਕਿਸੇ ਦੇ ਨਾਂ ਤੇ ਵੀ ਆਪਣੀ ਇਕਸੁਰਤਾ ਭੰਗ ਨਾ ਕਰੋ।” (ਪੰਨਾ 720) ਇਹ ਵਿਚਾਰ ਆਪਣੇ ਆਪ ਵਿੱਚ ਗ਼ੈਰ ਕੁਦਰਤੀ ਹਨ। ਜੇ ਸਾਰੇ ਲੋਕ ਸਮਾਜਿਕ, ਰਾਜਨੀਤਕ ਧਾਰਮਿਕ ਲਹਿਰਾਂ ਦੇ ਨਾਲ ਹੀ ਵਹਿ ਜਾਣ, ਉਨ੍ਹਾਂ ਦੇ ਹੱਕ ਜਾਂ ਵਿਰੋਧ ਵਿੱਚ ਕੁੱਝ ਨਾ ਕਰਨ, ਕਿਸੇ ਗ੍ਰੰਥ ਜਾਂ ਆਦਰਸ਼ ਉੱਪਰ ਆਪਣੀ ਚਾਲ ਨਾ ਤਿਆਗਣ ਤਾਂ ਕੀ ਤੁਸੀਂ ਯਥਾਸਥਿਤੀਵਾਦੀ ਨਹੀਂ ਹੋ? ਕੀ ਇਸ ਤਰ੍ਹਾਂ ਸਮਾਜਿਕ ਵਿਕਾਸ ਨੂੰ ਤੁਸੀਂ ਰੋਕ ਨਹੀਂ ਰਹੇ? ਸ਼ਾਇਦ ਇਹ ਕਿਹਾ ਜਾਏ ਕਿ ਸਰੀਰ ਦੇ ਸੰਬੰਧ ਵਿੱਚ ਕਹੀ ਗੱਲ ਨੂੰ ਪੂਰੇ ਸਮਾਜ ਉੱਪਰ ਢੁਕਾਉਣਾ ਠੀਕ ਨਹੀਂ। ਚਲੋ ਸਰੀਰ ਨੂੰ ਸੁੱਖ ਰਹਿਤ ਬਣਨ ਦਿਉ, ਉਸ ਨੂੰ ਕੁਦਰਤੀ ਨੇਮਾਂ ਵਿੱਚ ਚੱਲਣ ਦਿਓ। ਪਰ ਜਿਸ ਸਮਾਜ ਵਿੱਚ ਤੁਸੀਂ ਰਹਿ ਰਹੇ ਹੋ ਉਸ ਵਿੱਚ ਇਹ ਕੁੱਝ ਸੰਭਵ ਹੈ? ਜਿਸ ਪਰਿਵਾਰ ਵਿੱਚ ਇੱਕ ਵੇਲੇ ਰੋਟੀ ਪਕਦੀ ਹੋਵੇ, ਉਸ ਪਰਿਵਾਰ ਦੇ ਜੀਆਂ ਦੇ ਸਰੀਰ ਇੱਕ ਵੇਲੇ ਖਾਣ ਦੇ ਆਦੀ ਹੁੰਦੇ ਹਨ। ਬਿਮਾਰ ਹੋਣ ਤੇ ਸਰੀਰ ਗ਼ੈਰ ਕੁਦਰਤੀ ਚਾਲ ਹੀ ਚੱਲਦਾ ਹੈ। ਕਈ ਵਾਰ ਬਿਪਤਾ ਸਮੇਂ ਸਰੀਰ ਨੂੰ ਕਈ ਚੀਜ਼ਾਂ ਦਾ ਤਿਆਗ ਕਰਨਾ ਪੈਂਦਾ ਹੈ, ਕਿਉਂਕਿ ਉਹ ਚੀਜ਼ਾਂ ਉਪਲੱਬਧ ਹੀ ਨਹੀਂ ਹੁੰਦੀਆਂ। ਗੱਲ ਕੀ ਸਮਾਜ ਤੇ ਪ੍ਰਕ੍ਰਿਤੀ ਦੀ ਲੜਾਈ ਵਿੱਚ, ਵਿਅਕਤੀ ਤੇ ਸਮਾਜ ਦੇ ਵਿਰੋਧ ਵਾਲੀ ਸਥਿਤੀ ਵਿੱਚ, ਇਤਿਹਾਸ ਦੀ ਦਵੰਦਾਤਮਕ ਤੌਰ ਸਮੇਂ ਸਰੀਰਾਂ ਨੂੰ ਲਹਿਰ ਦੇ ਵਿਰੋਧ ਵਿੱਚ ਚੱਲਣਾ ਪੈਂਦਾ ਹੈ, ਤੇ ਚੱਲਣਾ ਪੈਂਦਾ ਰਹੇਗਾ, ਇਹ ਕਿਸੇ ਵਿਅਕਤੀ ਵਿਸ਼ੇਸ਼ ਦੇ ਆਪਣੇ ਹੱਥ ਵਿੱਚ ਨਹੀਂ ਹੈ। ਰਹੀ ਗੱਲ ਕਿਸੇ ਵੀ ਧਰਮ ਗ੍ਰੰਥ ਜਾਂ ਆਦਰਸ਼ ਨੂੰ ਅਪਨਾਉਣ ਦੀ, ਇਹ ਵਿਚਾਰ ਵੀ ਆਪਣੇ ਆਪ ਵਿੱਚ ਗ਼ੈਰ-ਕੁਦਰਤੀ ਹੈ। ਤੁਸੀਂ ਕਿਸੇ ਵੀ ਗ੍ਰੰਥ ਨੂੰ, ਕਿਸੇ ਵੀ ਆਦਰਸ਼ ਨੂੰ ਮੂਲੋਂ ਹੀ ਮਨਫ਼ੀ ਨਹੀਂ ਕਰਦੇ ਕਿਉਂਕਿ ਇਨ੍ਹਾਂ ਦੀ ਹੋਂਦ ਇਤਿਹਾਸਕ ਕਾਰਣਾਂ ਕਰਕੇ ਸੰਭਵ ਹੋਈ ਹੈ। ਇਹ ਆਪਣੇ ਇਤਿਹਾਸਕ ਫਰਜ਼ ਨੂੰ ਨਿਭਾਉਂਦੇ ਹਨ ਤੇ ਅਗਲੇ ਸਮਾਜ ਤੱਕ ਆਪਣਾ ਪ੍ਰਭਾਵ ਜਾਰੀ ਰੱਖਦੇ ਹਨ। ਆਦਰਸ਼ਹੀਣਤਾ ਪਸ਼ੂਪੁਣਾ ਅਪਣਾਉਣ ਦੀ ਸਲਾਹ ਹੈ, ਮਾਨਵ ਦੇ ਵਿਕਾਸ ਨੂੰ ਅਵਰੁੱਧ ਕਰਨ ਦੀ ਚੇਸ਼ਟਾ ਹੈ। ਜੇ ਵਿਅਕਤੀ ਜਾਂ ਸਮਾਜ ਦੇ ਸਾਹਮਣੇ ਕੋਈ ਆਦਰਸ਼ ਹੀ ਨਾ ਹੋਵੇ ਤਾਂ ਜਿਵੇਂ ਹੈ ਉਸਨੂੰ ਉਵੇਂ ਰਹਿਣ ਦਿਉ ਦੀ ਗੱਲ ਪ੍ਰਵਾਨ ਕਰਨੀ ਪਵੇਗੀ। ਜੇ ਵਿਦਿਆਰਥੀ ਸਾਹਮਣੇ ਕੁੱਝ ਬਣਨ ਦਾ ਆਦਰਸ਼ ਨਾ ਹੋਵੇ ਤਾਂ ਉਹ ਰਾਤਾਂ ਜਾਗ ਕੇ (ਲਹਿਰ ਦੇ ਉਲਟ ਸਰੀਰ ਨੂੰ ਕਸ਼ਟ ਦੇ ਕੇ) ਮਿਹਨਤ ਨਾ ਕਰੇ। ਜੇ ਸਮਾਜ ਦੇ ਸਾਹਮਣੇ ਜਾਤ-ਰਹਿਤ, ਵਰਗ-ਰਹਿਤ, ਬੁਰਾਈਆਂ ਰਹਿਤ ਸਮਾਜ ਉਸਾਰਨ ਦਾ ਸੁਪਨਾ ਨਾ ਹੋਵੇ ਤਾਂ ਉਹ ਸਮੂਹਿਕ ਤੌਰ ਤੇ ਕਦੇ ਵੀ ਸੁਖ ਆਰਾਮ ਦਾ ਤਿਆਗ ਕਰਕੇ ਲੰਬੀਆਂ ਲੜਾਈਆ ਨਾ ਲੜੇ। ਸਰੀਰ ਨੇ ਪ੍ਰਕ੍ਰਿਤੀ ਦੇ ਵਿਰੋਧ ਵਿੱਚ ਆਪਣੇ ਬਚਾਅ ਲਈ ਨਾ ਸਿਰਫ ਹੱਥਾਂ ਨੂੰ ਵਰਤਣ ਦੀ ਹੀ ਜਾਚ ਸਿੱਖੀ ਹੈ, ਸਗੋਂ ਬਦਲਦੇ ਮੌਸਮਾਂ ਅਨੁਸਾਰ ਆਪਣੇ ਆਪਨੂੰ ਢਾਲ ਕੇ ਬਚਾਇਆ ਵੀ ਹੈ। ਇੱਕ ਸਮਾਜ ਨੇ ਆਪਣੇ ਵਿਚੋਂ ਹੀ ਆਪਣਾ ਵਿਰੋਧ ਸਿਰਜ ਕੇ ਨਵੇਂ ਸਮਾਜ ਦਾ ਸੁਪਨਾ ਸਿਰਜਿਆ ਤੇ ਪ੍ਰਵਾਣ ਚੜ੍ਹਾਇਆ ਹੈ, ਭਾਵੇਂ ਸੁਪਨੇ ਤੇ ਸਥਾਰਥ ਵਿੱਚ ਅੰਤਰ ਵੀ ਰਹਿ ਜਾਂਦਾ ਹੈ। ਇਸ ਲਈ ਉਪਰੋਕਤ ਵਿਚਾਰ ਦੇ ਅਧੂਰੇਪਣ ਨੂੰ ਕਿਸੇ ਕੀਮਤ ਤੇ ਵੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਸਗੋਂ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਹੱਦ ਤੋਂ ਬਾਅਦ ਮਨੁੱਖ ਵਿਰੋਧੀ ਵਿਚਾਰ ਵੀ ਹੈ।

“ਜੀਵਨ ਦੀ ਇੱਜ਼ਤ ਕਰੋ, ਆਦਰ ਕਰੋ, ਜ਼ਿੰਦਗੀ ਨਾਲੋਂ ਪਵਿੱਤਰ ਕੁੱਝ ਵੀ ਨਹੀਂ, ਜੀਵਨ ਤੋਂ ਦੈਵੀ ਹੋਰ ਕੁੱਝ ਨਹੀਂ।” (ਪੰਨਾ 722) ਇਨ੍ਹਾਂ ਵਿਚਾਰਾਂ ਨਾਲ ਘੱਟੋ-ਘੱਟ ਪਦਾਰਥਵਾਦੀਆਂ ਦਾ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ। ਸਾਰੇ ਪਦਾਰਥਵਾਦੀ ਪਹਿਲਾਂ ਹੀ ਇਸ ਉੱਪਰ ਬਲ ਦਿੰਦੇ ਰਹੇ ਹਨ। ਚਾਰਵਾਕ ਤੋਂ ਲੈ ਕੇ ਹੁਣ ਤੱਕ। ਰਜਨੀਸ਼ ਦੀ ਇਸ ਗੱਲ ਨਾਲ ਵੀ ਕਿਸੇ ਨੂੰ ਕੋਈ ਇਤਰਾਜ਼ ਨਹੀਂ ਕਿ ‘ਸਿਰਜਣਾਤਮਕ ਬਣੋ’। ਕਲਾ ਦੀ ਸਿਰਜਣਾ ਕਰੋ, ਸੰਗੀਤ ਦੀ ਸਿਰਜਣਾ ਕਰੋ, ਕਾਵਿ ਦੀ ਸਿਰਜਣਾ ਕਰੋ। ਪਰ ਵਿਰੋਧ ਇਸ ਸਵਾਲ ਉੱਪਰ ਹੈ ਕਿ ਇਹ ਸਿਰਜਣਾਤਮਕਤਾ ਕਿਸ ਲਈ? ਰਜਨੀਸ਼ ਦਾ ਸਿੱਧਾ ਜਵਾਬ ਹੈ ਕਿ “ਸਿਰਫ਼ ਆਪਣੀ ਖੁਸ਼ੀ ਲਈ।” ਇੱਥੇ ਸਿੱਧੇ ਤੌਰ ਤੇ “ਕਲਾ ਮਨੋਰੰਜਨ ਲਈ ਮਨ ਦੀ ਖੁਸ਼ੀ ਲਈ।” ਦਾ ਸਮਰਥਨ ਹੈ। ਪਰ ਇਹ ਸਿਧਾਂਤ ਉੱਚ ਵਰਗਾਂ ਦਾ ਹੋ ਸਕਦਾ ਹੈ, ਆਮ ਲੋਕਾਂ ਦਾ ਨਹੀਂ। ਕਲਾ ਦਾ ਮੰਤਵ ਉਪਯੋਗਤਾ ਤੋਂ ਲੈ ਕੇ ਯਥਾਰਥ ਦੀਆਂ ਕੁੜੱਤਣਾਂ ਤੋਂ ਰਾਹਤ ਲਈ ਵੀ ਲੋਕ-ਕਲਾ ਦਾ ਪ੍ਰਯੋਗ ਕਰਦੇ ਹਨ, ਪਰ ਸੁਚੇਤ ਤੌਰ ਤੇ ਕਲਾ ਕਦੇ ਵੀ ਕੇਵਲ ਮਨੋਰੰਜਨ ਲਈ ਨਹੀਂ ਹੋ ਸਕਦੀ। ਉਹ ਸਿੱਧੇ ਅਸਿੱਧੇ ਢੰਗ ਨਾਲ ਜੀਵਨ ਨੂੰ ਵਧੇਰੇ ਸੁੰਦਰ ਬਣਾਉਣ ਪ੍ਰਤੀ ਪ੍ਰਤਿਬੱਧ ਹੁੰਦੀ ਹੈ। ਸ਼ਬਦਾਂ ਦੀ ਕਲਾ ਤਾਂ ਗੁਲਾਮੀ ਦੇ ਬੰਧਨਾਂ ਨੂੰ ਤੋੜਨ ਲਈ ਸਹਾਇਕ ਸਿੱਧ ਹੁੰਦੀ ਹੈ। ਪਰ ਜਿਵੇਂ ਕਿ ਪਿੱਛੇ ਵੇਖ ਆਏ ਹਾਂ ਕਿ ਰਜਨੀਸ਼ ਸਮਕਾਲੀ ਸਥਿਤੀ ਨੂੰ ਬਣਾਈ ਰੱਖਣਾ ਚਾਹੁੰਦਾ ਹੈ, ਇਸ ਲਈ ਉਸਤੋਂ ਇਹ ਆਸ ਨਹੀਂ ਰੱਖੀ ਜਾ ਸਕਦੀ ਕਿ ਉਹ ਕਲਾ ਨੂੰ ਉਦੇਸ਼ ਮੁਖੀ ਪ੍ਰਵਾਣ ਕਰੇ। ਰਜਨੀਸ਼ ਉਦੇਸ਼ਹੀਣਤਾ ਦਾ ਵਿਚਾਰਕ ਹੈ।

ਦਸਵੇਂ ਸੁਝਾਅ ਵਿੱਚ ਰਜਨੀਸ਼ ਕਹਿੰਦਾ ਹੈ, “ਕਿਸੇ ਤਰ੍ਹਾਂ ਦੇ ਨਿਯਮਾਂ ਨੂੰ ਮੈਂ ਨਹੀਂ ਮੰਨਿਆ।” ਰਜਨੀਸ਼ ਉਸਦੇ ਆਪਣੇ ਕਹਿਣ ਮੁਤਾਬਕ ਸੋਲ੍ਹਾਂ ਸਾਲ ਦੀ ਉਮਰ ਤੱਕ ਜੈਨੀ ਨਿਯਮਾਂ ਅਨੁਸਾਰ ਉਸਨੇ ਕਦੇ ਰਾਤ ਨੂੰ ਖਾਣਾ ਨਹੀਂ ਖਾਧਾ। ਸਕੂਲ ਦੇ ਵਿਦਿਆਰਥੀਆਂ ਨਾਲ ਜੇ ਜਬਰਦਸਤੀ ਖਾਧਾ ਤਾਂ ਬਿਮਾਰ ਹੋ ਗਿਆ, ਜਾਂ ਇਸੇ ਤਰ੍ਹਾਂ ਹੋਰ ਨਿਯਮ। ਇਹ ਨਿਯਮ ਆਦਮੀ ਕਈ ਵਾਰ ਸੁਚੇਤ ਨਹੀਂ ਅਚੇਤ ਹੀ ਗ੍ਰਹਿਣ ਕਰ ਰਿਹਾ ਹੁੰਦਾ ਹੈ। ਇਹ ਉਸਦੇ ਸੰਸਕਾਰਾਂ ਦਾ ਹਿੱਸਾ ਬਣ ਜਾਂਦੇ ਹਨ। ਜਿਵੇਂ ਜੈਨੀ ਵੈਸ਼ਨੋ ਹੁੰਦੇ ਹਨ। ਰਜਨੀਸ਼ ਦਾ ਕਮਿਊਨ ਵੀ ਸ਼ਾਕਾਹਾਰੀ ਹੈ। “ਜੀਵਨ ਪ੍ਰਤੀ ਇੱਜ਼ਤ ਆਦਰ ਕਰਕੇ ਮੇਰਾ ਕਮਿਊਨ ਸ਼ਾਕਾਹਾਰੀ ਹੈ। ਸਿਰਫ਼ ਸੁਆਦ ਵਾਸਤੇ ਹੀ ਜੀਵਨ (ਜੀਵ) ਨੂੰ ਤਬਾਹ ਕਰਨਾ, ਦਿਲ ਖਰਾਬ ਕਰਨ ਵਾਲਾ ਵਿਚਾਰ ਹੈ। “(ਪੰਨਾ 722) ਮਸਲਾ ਇੱਥੇ ਇਹ ਨਹੀਂ ਹੈ ਕਿ ਰਜਨੀਸ਼ ਸ਼ਾਕਾਹਾਰੀ ਹੋ ਕੇ ਸਵਰਗ ਦੀ ਝਾਕ ਰੱਖਦਾ ਹੈ ਕਿ ਨਹੀਂ। ਸਗੋਂ ਮਸਲਾ ਇਹ ਹੈ ਕਿ ਜੈਨੀ ਨਿਯਮ ਸੰਸਕਾਰਾਂ ਦਾ ਹਿੱਸਾ ਬਣ ਗਏ ਹਨ। ਫਿਰ ਇਹ ਤਾਂ ਮੰਨ ਲਿਆ ਮਾਸ ਖਾਣਾ ਤੇਰੇ ਲਈ ਦਿਲ ਖਰਾਬ ਕਰਨ ਵਾਲੀ ਗੱਲ ਹੈ ਪਰ ਤਿੰਨ ਹਜ਼ਾਰ ਜਾਂ ਸੱਤ ਹਜ਼ਾਰ ਲੋਕਾਂ ਨੂੰ ਕਿਉਂ ਆਪਣੇ ਵਾਂਗ ਫਾਹੇ ਦਿੱਤਾ ਹੋਇਆ ਹੈ। ਕਿੱਥੇ ਹੈ ਵਿਅਕਤੀਗਤ ਸੁਤੰਤਰਤਾ ਦਾ ਵਿਚਾਰ। ਇਸ ਲਈ ਇਸ ਗੱਲ ਵਿੱਚ ਕੋਈ ਤੱਤ ਨਹੀਂ ਕਿ ਰਜਨੀਸ਼ ਨੇ ਕਿਸੇ ਵੀ ਨਿਯਮ ਨੂੰ ਨਹੀਂ ਮੰਨਿਆ। ਪਰ ਉਪਰਲੀ ਸਾਰੀ ਚਰਚਾ ਤੋਂ ਸਪੱਸ਼ਟ ਹੋ ਗਿਆ ਹੈ ਕਿ ਉਹ ਸੁਝਾਵਾਂ ਦੇ ਰੂਪ ਵਿੱਚ ਨਵੇਂ ਨਿਯਮਾਂ ਦੀ ਰਚਨਾ ਕਰ ਰਿਹਾ ਹੈ, ਜੋ ਪੂੰਜੀਵਾਦੀ ਵਿਵਸਥਾ ਦੇ ਅਨੁਕੂਲ ਹਨ। ਉਹ ਆਪ ਵੀ ਮੰਨਦਾ ਹੈ ਕਿ ਜੋ ਅੱਜ ਸੱਚ ਹੈ ਕਲ੍ਹ ਬਦਲ ਸਕਦਾ ਹੈ। ਨਿਯਮਾਂ ਉੱਪਰ ਵੀ ਇਹ ਗੱਲ ਲਾਗੂ ਹੁੰਦੀ ਹੈ। ਇਸ ਸੰਦਰਭ ਵਿੱਚ ਉਸਦੇ ਇਨ੍ਹਾਂ ਵਿਚਾਰਾਂ ਦੇ ਆਰ ਪਾਰ ਝਾਕਿਆ ਜਾ ਸਕਦਾ ਹੈ ਕਿ, “ਜੇ ਨਿਯਮਾਂ ਅਨੁਸਾਰ ਜਿਉਂਦਾ ਹੈ ਆਪਣੇ ਆਪ ਨੂੰ ਤਬਾਹ ਕਰਦਾ ਹੈ। ਆਪਣੇ ਆਪ ਨੂੰ ਜ਼ਹਿਰੀਲਾ ਬਣਾ ਰਿਹਾ ਹੈ। ਨਿਯਮ ਤੁਹਾਡੇ ਤੋਂ ਬਾਹਰ ਕਿਸ ਨੇ ਬਣਾਏ ਹਨ। ਉਸ ਸਮੇਂ ਬਣਾਏ ਜਿਥੇ ਤੁਸੀਂ ਆਪ ਨਹੀਂ ਵਿਚਰੇ।” ਇਨ੍ਹਾਂ ਦਾ ਇੱਕ ਸਮਾਂ ਅਤੇ ਸਥਾਨ ਹੈ। (ਪੰਨਾ 731) ਨਿਯਮ ਕਿਸੇ ਸਮੇਂ ਸਥਾਨ ਵਿੱਚ ਬਣਦੇ ਹਨ। ਇਸ ਨਾਲ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਪਰ ਇਹ ਸਾਰੇ ਨਿਯਮ ਸਮੇਂ ਸਥਾਨ ਦੀ ਬਦਲੀ ਕਰਕੇ ਫਜ਼ੂਲ ਹੋ ਜਾਂਦੇ ਹਨ, ਯਥਾਰਥਕ ਨਹੀਂ। ਇਵੇਂ ਤਾਂ ਇੱਕ ਸੰਨ ਵਿੱਚ ਇੱਕ ਨਿਯਮ ਬਣਨ ਅਗਲੇ ਵਿੱਚ ਵੱਖਰੇ ਤੇ ਦੋਨਾਂ ਦਾ ਕੋਈ ਸਬੰਧ ਹੀ ਨਾ ਹੋਵੇ। ਪਰ ਇਤਿਹਾਸ ਦੇ ਵਿਕਾਸ ਵਾਂਗ ਨਿਯਮਾਂ ਦਾ ਵਿਕਾਸ ਵੀ ਹੁੰਦਾ ਹੈ। ਦਿੱਕਤ ਉਦੋਂ ਸਾਹਮਣੇ ਆਉਂਦੀ ਹੈ, ਜਦੋਂ ਸਮਾਂ ਵਿਹਾ ਚੁੱਕੇ ਨਿਯਮਾਂ ਨਾਲ ਚੰਬੜੇ ਰਹਿਣ ਦੀ ਜ਼ਿੱਦ ਕੀਤੀ ਜਾਂਦੀ ਹੈ। ਇਸਦਾ ਇਹ ਵੀ ਅਰਥ ਨਹੀਂ ਕਿ ਜੇ ਪਿਛਲੇ ਸਮਾਂ ਵਿਹਾ ਚੁੱਕੇ ਨਿਯਮ ਛੱਡਣੇ ਚਾਹੀਦੇ ਹਨ ਤਾਂ ਅੱਜ ਦੇ ਸਮੇਂ ਦੇ ਕੋਈ ਨਿਯਮ ਹੀ ਨਹੀਂ ਹਨ। ਸੁਚੇਤ ਪੱਧਰ ਤੇ ਰਜਨੀਸ਼ ਲੱਖ ਕਹੇ ਕਿ ਉਹ ਕਿਸੇ ਵੀ ਨਿਯਮ ਨੂੰ ਨਹੀਂ ਮੰਨਦਾ ਪਰ ਉਸਦੇ ਸਾਰੇ/ਵਿਚਾਰ ਲੜੀ, ਨਿਯਮ ਪੂੰਜੀਵਾਦੀ, ਅਰਾਜਕਤਾ, ਵਿਅਕਤੀਵਾਦ ਦੇ ਅਨੁਕੂਲ ਚਲਦੇ ਹਨ। ਇੱਕ ਗੱਲ ਹੋਰ ਜੇ ਵਿਅਕਤੀਵਾਦ ਕਿਸੇ ਵੀ ਨਿਯਮ ਵਿੱਚ ਨਹੀਂ ਬੱਝਦਾ ਤਾਂ ਤੁਸੀਂ ਕਿਹੜੇ ਸਮਾਜ ਦੀ ਕਲਪਨਾ ਕਰੋਗੇ? ਅਰਾਜਕ ਸਮਾਜ ਦੀ। ਰਜਨੀਸ਼ ਮੂਲਰੂਪ ਵਿੱਚ ਅਰਾਜਕਤਾਵਾਦੀ ਤਾਂ ਹੈ ਹੀ। ਇਸੇ ਅਰਾਜਕਤਾ ਵਿਚੋਂ ਉਸਦਾ ਸੁਨਹਿਰੀ ਸੁਝਾਅ ਪੈਦਾ ਹੁੰਦਾ ਹੈ। "The Golden rule for life is that their are no golden rules" (ਪੰਨਾ 730)

‘ਖ਼ਤਰਨਾਕ ਢੰਗ ਨਾਲ ਜੀਉ’ ਰਜਨੀਸ਼ ਦਾ ਇੱਕ ਹੋਰ ਸੂਤਰ-ਵਾਕ ਹੈ। ਇਸਦਾ ਪ੍ਰਾਸੰਗਿਕ ਅਰਥ ਬਣਦਾ ਹੈ ਕਿ ਹਮੇਸ਼ਾਂ ਪੰਗੇ ਲਓ। “ਖ਼ਤਰਨਾਕ ਢੰਗ ਨਾਲ ਜਿਉਣ ਦਾ ਅਰਥ ਹੈ ਜਦੋਂ ਵੀ ਤੁਹਾਡੇ ਸਾਹਮਣੇ ਚੋਣ ਹੋਵੇ, ਸਾਵਧਾਨ। ਆਸਾਨ ਨੂੰ ਨਾ ਚੁਣੋ, ਇੱਜ਼ਤਦਾਰ, ਸਮਾਜਿਕ ਤੌਰ ਤੇ ਪ੍ਰਵਾਨਿਤ ਦੀ ਚੋਣ ਨਾ ਕਰੋ। ਜ਼ਮੀਰ ਦੀ ਆਵਾਜ਼ ਸੁਣੋ।” (ਪੰਨਾ 744) ਇਨ੍ਹਾਂ ਸ਼ਬਦਾਂ ਦੇ ਨਤੀਜੇ ਵਿਅਕਤੀਗਤ ਜੀਵਨ ਤੋਂ ਲੈ ਕੇ ਸਮਾਜਿਕ ਜੀਵਨ ਜੰਗਾਂ ਯੁੱਧਾਂ ਲੜਾਈਆਂ ਤੱਕ ਵੱਖੋ ਵੱਖਰੇ ਹੋਣਗੇ। ਅਸਲ ਵਿੱਚ ਇਹ ਸੁਝਾਅ ਰਜਨੀਸ਼ ਆਪਣੇ ਨਿੱਜੀ ਜੀਵਨ ਦੇ ਆਧਾਰ ਉੱਪਰ ਦਿੰਦਾ ਹੈ। ਜੇ ਹਰ ਵਿਅਕਤੀ ਦੀ ਆਪਣੀ ਜ਼ਿੰਦਗੀ ਹੈ। ਜੇ ਉਹ ਰਜਨੀਸ਼ ਦੇ ਕਹਿਣ ਮੁਤਾਬਿਕ ‘ਯੁਨੀਕ’ ਹੈ, ਤਾਂ ਉਹ ਰਜਨੀਸ਼ ਨਹੀਂ ਹੋ ਸਕਦਾ। ਜੇ ਉਹ ਰਜਨੀਸ਼ ਨਹੀਂ ਹੋ ਸਕਦਾ ਤਾਂ ਉਸ ਲਈ ਇਹ ਸੁਝਾਅ ਮੰਨਣ ਦਾ ਕੋਈ ਬੰਧਨ ਨਹੀਂ। ਰਜਨੀਸ਼ ਯੂਨੀਵਰਸਿਟੀ ਪਰਿਵਾਰ ਦੇ ਆਦੇਸ਼ ਦੇ ਉਲਟ ਜਾਂਦਾ ਹੈ, ਘਰੋਂ ਪੈਸੇ ਕਬੂਲ ਨਹੀਂ ਕਰਦਾ, ਅਖ਼ੀਰ ਤੇ ਸਮਝੌਤਾ ਪਿਓ ਨਾਲ ਇਹ ਹੁੰਦਾ ਹੈ ਕਿ ਉਹ ਪੈਸੇ ਹੋਸਟਲ ਰੱਖ ਜਾਇਆ ਕਰੇਗਾ। ਪਰ ਰਜਨੀਸ਼ ਉਸਨੂੰ ਕਿਵੇਂ ਖਰਚੇਗਾ ਉਹ ਉਸਦਾ ਹਿਸਾਬ ਨਹੀਂ ਰੱਖੇਗਾ। ਹੈ ਨਾ ਖ਼ਤਰਨਾਕ ਢੰਗ ਨਾਲ ਜੀਉਣਾ! ਯੂਨੀਵਰਸਿਟੀ ਦੇ ਲਾਅ ਮੁਤਾਬਿਕ ਉਹ ਮਿਲਟਰੀ ਟ੍ਰੇਨਿੰਗ ਨਹੀਂ ਕਰਦਾ ਫਿਰ ਵੀ ਜਾਅਲੀ ਡਿਗਰੀ ਪ੍ਰਵਾਣ ਕਰ ਲੈਂਦਾ ਹੈ, ਵੀ. ਸੀ. ਦੇ ਕਹੇ। ਕਿੰਨਾ ਖ਼ਤਰਨਾਕ ਜੀਉਣ ਢੰਗ ਹੈ! ਕਲਾਸ ਵਿੱਚ 12 ਤੋਂ 2 ਵਜੇ ਤੱਕ ਸੁੱਤਾ ਰਹਿੰਦਾ ਹੈ, ਗਾਲਾਂ ਕੱਢਦਾ ਹੈ, ਪ੍ਰੋਫੈਸਰਾਂ ਨੂੰ, ਬਹੁਤ ਵਧੀਆ ਢੰਗ ਹੈ, ਜੀਉਣ ਦਾ! ਸਾਰੇ ਸਰਟੀਫਿਕੇਟ ਫਾੜ ਕੇ, ਹੁਣ ਵਾਲਾ ਪ੍ਰਵਾਣਿਤ ਰੂਪ ਧਾਰਣ ਕਰ ਲੈਂਦਾ ਹੈ। ਹੈ ਨਾ ਖ਼ਤਰਨਾਕ ਢੰਗ ਨਾਲ ਜੀਉਣ ਦੀ ਮਿਸਾਲ। ਪਰ ਹਰ ਵਅਕਤੀ ਉੱਪਰ ਇਸਨੂੰ ਠੋਸਿਆ ਜਾ ਸਕਦਾ ਹੈ। ਇਹ ਸੁਝਾਅ ਠੀਕ ਹੈ ਕਿ ਜ਼ਮੀਰ ਦੀ ਆਵਾਜ਼ ਅਨੁਸਾਰ ਫੈਸਲਾ ਕਰਨਾ ਚਾਹੀਦਾ ਹੈ, ਪਰ ਭਾਵੁਕ ਨਹੀਂ ਹੋਣਾ ਚਾਹੀਦਾ। ਜੇ ਥੋੜ੍ਹੀ ਦੇਰ ਚੁੱਪ ਰਹਿ ਕੇ ਚਲਦਾ ਹੋਵੇ ਤੇ ਤੁਹਾਡੀ ਇੱਜ਼ਤ ਨਾਲ ਜਿਉਣ ਨੂੰ ਵੀ ਠੇਸ ਨਾ ਲੱਗਦੀ ਹੋਵੇ, ਤਾਂ ਫੈਸਲਾ ਹੋਰ ਹੋਵੇਗਾ ਪਰ ਜੇ ਇੱਕ ਫੈਸਲਾ ਸਾਰੀ ਸ਼ਖਸੀਅਤ ਨੂੰ ਹੀ ਕੁਚਲ ਕੇ ਰੱਖ ਸਕਦਾ ਹੋਵੇ ਤਾਂ ਫਿਰ ਚੋਣ ਬਿਲਕੁਲ ਦੂਸਰੀ ਹੋਵੇਗੀ। ਜਾਣ ਬੁੱਝ ਕੇ ਸੌਖੇ ਇੱਜ਼ਤਦਾਰ ਤੇ ਪ੍ਰਵਾਣਿਤ ਨੂੰ ਇਸ ਲਈ ਤਿਆਗਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਇਸ ਸਭ ਕੁੱਝ ਦੇ ਉਲਟ ਕਰਨਾ ਹੀ ਕਰਨਾ ਹੈ। ਸਮੂਹਿਕ ਤੌਰ ਤੇ ਸਮਾਜ ਤੇ ਦੇਸ਼ਾਂ ਦੇ ਫੈਸਲਿਆਂ ਵਿੱਚ ਸਟ੍ਰੈਟਜੀ, ਰਾਜਨੀਤੀ, ਕੂਟਨੀਤੀ ਸਭ ਸ਼ਾਮਲ ਹੁੰਦੇ ਹਨ। ਉਥੇ ‘ਖ਼ਤਰਨਾਕ ਢੰਗ’ ਨਾਲ ਜਿਉਣ ਦਾ ਅਰਥ’ ਇੱਕ ਕਦਮ ਪਿੱਛੇ ਦੋ ਕਦਮ ਅੱਗੇ’ ਦਾ ਪੈਂਤੜਾ ਵੀ ਲੈਣਾ ਪੈ ਸਕਦਾ ਹੈ। ਦੁਸ਼ਮਣ ਦੇ ਦੁਸ਼ਮਣ ਨੂੰ ਮਿੱਤਰ’ ਵੀ ਬਣਾਉਣਾ ਪੈ ਸਕਦਾ ਹੈ। ਪਰ ਰਜਨੀਸ਼ ਲਈ ਇਸ ਤਰ੍ਹਾਂ ਦੀ ਰਾਜਨੀਤੀ ਘ੍ਰਿਣਾਯੋਗ ਹੈ ਰਾਜਨੀਤਕ ਨੇਤਾਵਾਂ ਬਾਰੇ ਉਸਦੇ ਵਿਚਾਰ ਆਮ ਆਦਮੀ ਤੋਂ ਵੀ ਗਏ ਗੁਜ਼ਰੇ ਹਨ। ਰਜਨੀਸ਼ ਕਹਿੰਦਾ ਹੈ, ‘ਸੱਚਾਈ ਵਿਅਕਤੀਆਂ ਰਾਹੀਂ ਪ੍ਰਗਟ ਹੁੰਦੀ ਹੈ’ ਕੋਈ ਸ਼ੱਕ ਨਹੀਂ, ਸੱਚਾਈ ਦਾ ਵਿਅਕਤੀਗਤ ਪਾਸਾਰ ਵੀ ਹੈ। ਵਿਅਕਤੀ ਉਸਨੂੰ ਅਨੁਭਵ ਕਰਦਾ ਹੈ। ਪਰ ਸਮੂਹਿਕਤਾ (ਜਿਸਨੂੰ ਰਜਨੀਸ਼ ਹਮੇਸ਼ਾ ਭੀੜ ਕਹਿੰਦਾ ਹੈ) ਜਾਂ ਭੀੜ ਹਰ ਸਮੇਂ ਅਰਾਜਕ ਨਹੀਂ ਹੁੰਦੀ, ਸਗੋਂ ਇੱਕ ਉਦੇਸ਼ ਨੂੰ ਲੈ ਕੇ ਚੱਲਦੀ ਸਮੂਹਿਕ ਜਨਤਾ ਵਲੋਂ ਕੀਤਾ ਗਿਆ ਐਕਸ਼ਨ ਬਾਹਰ ਵੀ ਵੱਖਰੇ ਸਿੱਟੇ ਕੱਢਦਾ ਹੈ ਤੇ ਵਿਅਕਤੀਆਂ ਵਿੱਚ ਉਨ੍ਹਾਂ ਦਾ ਜਿੱਤ ਬਾਦ ਸਮੂਹਿਕਤਾ ਵਿੱਚ ਵਿਸ਼ਵਾਸ ਉੱਭਰਦਾ ਹੈ, ਪਰ ਹਾਰ ਸਮੇਂ ਨਿਰਾਸ਼ਾ ਵੀ ਆਉਂਦੀ ਹੈ। ਇਸੇ ਲਈ ਇਥੇ ਖ਼ਤਰਨਾਕ ਢੰਗ ਨਾਲ ਜਿਉਣ ਦਾ ਅਰਥ ਹੈ, ਖੱਬਾ, ਸੱਜਾ ਅਤਿਵਾਦੀ ਹੋਣਾ। ਕੀ ਰਜਨੀਸ਼ ਇਸਨੂੰ ਪ੍ਰਵਾਨ ਕਰੇਗਾ? ਸਪੱਸ਼ਟ ਹੈ ਰਜਨੀਸ਼ ਹਰ ਗੱਲ ਵਿਅਕਤੀਵਾਦੀ ਨਜ਼ਰੀਏ ਤੋਂ ਵਿਚਾਰਦਾ ਹੈ, ਤੇ ਆਪਣੀ ਨਿੱਜੀ ਪ੍ਰਵਿਰਤੀ ਅਨੁਸਾਰ ਅਰਾਜਕਤਾ ਤੱਕ ਪਹੁੰਚਦਾ ਹੈ।

ਰਜਨੀਸ਼ ਦਾ ਬਾਰ੍ਹਵਾਂ ਸੁਝਾਅ ਹੈ ‘ਧਿਆਨ ਨਾਲ ਜੀਓ’ (ਪੰਨਾ 752) ਸੁਚੇਤ ਹੋ ਕੇ ਜੀਉ। ਇੱਕ ਹੱਦ ਤੱਕ ਇਹ ਸੁਝਾਅ ਪ੍ਰਮਾਣਿਕਤਾ ਦੀ ਹੱਦ ਵਿੱਚ ਰਹਿੰਦਾ ਹੈ। ਪਰ ਜਿਉਂ ਹੀ ਵਿਅਕਤੀ ਨੂੰ ਦ੍ਰਿਸ਼ਟਾ ਬਣਾ ਦਿੱਤਾ ਜਾਂਦਾ ਹੈ ਤਾਂ ਉਹ ਧਿਆਨ ਦੇ ਖ਼ੇਤਰ ਵਿੱਚ ਸ਼ਾਮਲ ਹੋ ਜਾਂਦਾ ਹੈ। ਉਹ ਉਸ ਪੜਾਅ ਤੇ ਪਹੁੰਚ ਜਾਂਦਾ ਹੈ, ਜਿਥੇ ਵਿਚਾਰ ਗਾਇਬ ਹੋ ਜਾਂਦੇ ਹਨ, ਅਹਿਸਾਸ ਗਾਇਬ ਹੋ ਜਾਂਦੇ ਹਨ, ਭਾਵਨਾਵਾਂ ਗਾਇਬ ਹੋ ਜਾਂਦੀਆਂ ਹਨ ਤੇ ਹੋ ਜਾਂਦਾ ਹੈ ਚੁੱਪ ਦਾ ਰਾਜ਼। ਸ਼ਾਇਦ ਮਨ ਨੂੰ ਧਿਆਨ ਵਿੱਚ ਲਿਜਾਣ ਲਈ ਦ੍ਰਿਸ਼ਟਾ ਹੋਣਾ ਸਹਾਇਕ ਹੁੰਦਾ ਹੈ। ਪਰ ਸਮਾਜਿਕ ਪੱਧਰ ਤੇ ਦ੍ਰਿਸ਼ਟਾ ਦਾ ਅਰਥ ਹੈ, ਸਮਾਜਿਕ ਕਾਰਜਾਂ ਤੋਂ ਅਭਿੱਜ ਰਹਿਣਾ, ਸਮਾਜਿਕ ਗਤੀਵਿਧੀਆਂ ਤੋਂ ਬੇਲਾਗ ਰਹਿਣਾ, ਸਮਾਜਿਕ ਪਰਿਵਰਤਨ ਵਿੱਚ ਨਿਸ਼ਕ੍ਰਿਆ ਰਹਿਣਾ, ਰਾਜਨੀਤਕ ਚੇਤਨਤਾ ਤੋਂ ਕੋਰਾ ਰਹਿਣਾ, ਮਾਨਵੀ ਗੁਣਾਂ ਵਿਚਾਰਾਂ, ਅਹਿਸਾਸਾਂ, ਭਾਵਨਾਵਾਂ ਤੋਂ ਦੂਰ ਪੱਥਰ ਦੀ ਮੂਰਤੀ ਹੋਣਾ। ਰਜਨੀਸ਼ ਦਾ ਦਰਸ਼ਨ ਜੇ ਕੋਈ ਹੈ ਤਾਂ ਉਹ ਇਹੀ ਹੈ।

ਰਜਨੀਸ਼ ਦੇ ਕੁੱਝ ਇੱਕ ਸੂਤ੍ਰਿਕ ਵਿਚਾਰਾਂ ਦਾ ਜਦੋਂ ਅਸੀਂ ਬਾਹਰੀ ਜਾਦੂਮਈ ਅਸਰ ਤੋਂ ਵੱਖ ਹੋ ਕੇ ਬਾਹਰ-ਮੁਖੀ ਅਧਿਐਨ ਕਰਦੇ ਹਾਂ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਰਜਨੀਸ਼ ਕੋਲ ਮਦਾਰੀਪੁਣੇ ਦੀ ਕਲਾ ਹੈ। ਮਦਾਰੀਪੁਣੇ ਨੂੰ ਲਾਂਭੇ ਕਰਕੇ ਉਸਦੀ ਅਸਲੀਅਤ ਨੂੰ ਘੋਖਿਆਂ ਕਈ ਵਾਰੀ ਉਹ ਆਪਣੇ ਨਿੱਜੀ ਜੀਵਨ ਤੋਂ ਹੀ ਸਿਧਾਂਤ ਘੜ ਰਿਹਾ ਦਿਖਾਈ ਦਿੰਦਾ ਹੈ, ਕਈ ਵਾਰੀ ਅਤਿਵਾਦੀ ਪੁਜੀਸ਼ਨ ਲੈਣ ਕਰਕੇ ਸਾਡਾ ਧਿਆਨ ਖਿੱਚਦਾ ਹੈ। ਇਥੇ ਇਹ ਉਹ ਅਰਾਜਕਤਾਵਾਦੀ ਬਣ ਜਾਂਦਾ ਹੈ। ਵਿਅਕਤੀਵਾਦੀ ਤਾਂ ਉਹ ਹਰ ਪੱਧਰ ਤੇ ਰਹਿੰਦਾ ਹੈ। ਇਸ ਲਈ ਜੇ ਇਹ ਕਹਿ ਦਿੱਤਾ ਜਾਵੇ ਕਿ ਉਸਨੇ ਪੁਰਾਣੇ ਧਰਮਾਂ ਦਾ ਸੌ ਪ੍ਰਤੀਸ਼ਤ ਵਿਰੋਧ ਕਰਦਿਆਂ ਜਿਹੜਾ ਆਪਣਾ ਧਰਮ ਸਿਰਜਣ ਦਾ ਯਤਨ ਕੀਤਾ ਹੈ ਉਹ ਅਜੋਕੇ ਪੂੰਜੀਵਾਦੀ ਸਮਾਜ ਦੇ ਅਨੁਕੂਲ ਧਰਮ ਹੈ ਤਾਂ ਕੋਈ ਅਤਿਕਥਨੀ ਨਹੀਂ। ਇਸ ਸਮਾਜ ਤੋਂ ਅਗਾਂਹ ਉਹ ਦੇਖ ਨਹੀਂ ਸਕਦਾ ਇਸ ਲਈ ਉਹ ਯਥਾਸਥਿਤੀਵਾਦੀ ਹੈ। ਇਹੀ ਹੈ ਰਜਨੀਸ਼ ਦੀ ਅਸਲੀਅਤ।

ਡਾ: ਕਰਮਜੀਤ ਸਿੰਘ




.