.

ਕੋਊ ਹਰਿ ਸਮਾਨਿ ਨਹੀ ਰਾਜਾ

(ਸੁਖਜੀਤ ਸਿੰਘ, ਕਪੂਰਥਲਾ)

ਮਨੁੱਖਾ ਜੀਵਨ ਦੀ ਮੰਜ਼ਿਲ ਪ੍ਰਮਾਤਮਾ ਦਾ ਮਿਲਾਪ ਹੈ। ਇਸ ਪ੍ਰਾਪਤੀ ਲਈ ਮਨੁੱਖ ਆਪਣੇ-ਆਪਣੇ ਵਿੱਤ ਅਨੁਸਾਰ, ਆਪਣੀ-ਆਪਣੀ ਮਤਿ ਅਨੁਸਾਰ ਆਪਣੇ-ਆਪਣੇ ਸਾਧਨਾਂ ਦੁਆਰਾ ਯਤਨਸ਼ੀਲ ਹੈ। ਪ੍ਰੰਤੂ ਬਹੁਗਿਣਤੀ ਨੂੰ ਇਸ ਮੰਜਿਲ ਦੀ ਪ੍ਰਾਪਤੀ ਨਹੀਂ ਹੁੰਦੀ, ਐਸਾ ਕਿਉਂ ਹੁੰਦਾ ਹੈ? ਆਮ ਤੌਰ ਤੇ ਮਨੁੱਖ ਦੁਨਿਆਵੀ ਰਾਜ ਭਾਗ ਵਾਲਿਆਂ ਦੀ ਚਕਾਚੌਂਧ ਵਲ ਵੇਖ-ਵੇਖ ਕੇ ਉਹਨਾਂ ਦੇ ਪਿਛੇ ਤੁਰਨ ਲਗ ਪੈਂਦਾ ਹੈ ਅਤੇ ਸਮਝਦਾ ਹੈ ਕਿ ਹੁਣ ਤਾਂ ਸ਼ਾਇਦ ਇਹਨਾਂ ਨੇ ਜੋ ਕੁੱਝ ਪ੍ਰਾਪਤ ਕੀਤਾ ਹੈ, ਇਹ ਸਭ ਕੁੱਝ ਪ੍ਰਾਪਤ ਕਰਨਾ ਹੀ ਮੇਰੀ ਮੰਜ਼ਿਲ ਹੈ। ਪ੍ਰੰਤੂ ਭਗਤ ਕਬੀਰ ਸਾਹਿਬ ਦੇ ਰਾਗ ਬਿਲਾਵਲ ਵਿੱਚ ਦਰਜ ਪਾਵਨ ਗੁਰਬਾਣੀ ਬਚਨ-

ਕੋਊ ਹਰਿ ਸਮਾਨਿ ਨਹੀ ਰਾਜਾ।।

ਏਹ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ।। (ਬਿਲਾਵਲ ਕਬੀਰ ਜੀ-੮੫੬)

ਸਾਨੂੰ ਅਗਵਾਈ ਦਿੰਦੇ ਹਨ ਕਿ ਇਹ ਦੁਨਿਆਵੀ ਰਾਜੇ ਬਹੁਤ ਥੋੜੇ ਸਮੇਂ ਲਈ ਰਾਜ ਕਰ ਕੇ ਚਲੇ ਜਾਂਦੇ ਹਨ, ਆਪਣੇ ਰਾਜ ਭਾਗ ਦੇ ਝੂਠੇ ਵਿਖਾਵੇ ਕਰਦੇ ਹਨ, ਜਗਤ ਵਿੱਚ ਕੋਈ ਵੀ ਪ੍ਰਮਾਤਮਾ ਦੇ ਬਰਾਬਰ ਰਾਜਾ ਨਹੀਂ ਹੈ ਅਤੇ ਨਾਂ ਹੀ ਕਦੀ ਹੋ ਸਕਦਾ ਹੈ। ਅਕਾਲ ਪੁਰਖ ਸਾਰੇ ਰਾਜਿਆਂ, ਬਾਦਸ਼ਾਹਾਂ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੈ।

ਅਕਾਲ ਪੁਰਖ ਦੇ ਅਟੱਲ ਰਾਜ ਭਾਗ ਦੇ ਮੁਕਾਬਲੇ ਜਦੋਂ ਅਸੀਂ ਦੁਨਿਆਵੀ ਰਾਜ ਭਾਗ ਵਾਲਿਆਂ ਨੂੰ ਰੱਖ ਕੇ ਵੇਖਦੇ ਹਾਂ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਕਈ ਰਾਜੇ ਆਪਣੇ-ਆਪਣੇ ਸਮੇਂ ਅਨੁਸਾਰ ਰਾਜ ਕਰਕੇ ਆਪਣੀ ਹਕੂਮਤ ਛੱਡ ਜਾਂਦੇ ਹਨ, ਉਹਨਾਂ ਦੀ ਥਾਂ ਤੇ ਹੋਰ ਰਾਜਾ ਤਖ਼ਤ ਦਾ ਮਾਲਕ ਬਣਦਾ ਹੈ। ਦੁਨਿਆਵੀ ਰਾਜਿਆਂ ਦੇ ਰਾਜ ਭਾਗ ਦੀ ਸਮਾਂ ਸੀਮਾਂ ਉਨਾਂ ਚਿਰ ਹੀ ਸਲਾਮਤ ਹੈ, ਜਿੰਨਾਂ ਚਿਰ ਪ੍ਰਭੂ ਰਾਜੇ ਦੀ ਕ੍ਰਿਪਾ ਰਹੇ, ਜੇ ਉਸਦੀ ਕ੍ਰਿਪਾ ਦ੍ਰਿਸ਼ਟੀ ਨਾਂ ਰਹੇ ਤਾਂ ਗੁਰੂ ਨਾਨਕ ਸਾਹਿਬ ਦੇ ‘ਆਸਾ ਕੀ ਵਾਰ` ਦੇ ਬਚਨ-

ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ।।

ਦਰਿ ਮੰਗਨਿ ਭਿਖ ਨ ਪਾਇਦਾ।। (ਮਹਲਾ੧-੪੭੨)

ਵਾਲੀ ਅਵਸਥਾ ਬਣਦਿਆਂ ਵੀ ਦੇਰ ਨਹੀ ਲਗਦੀ। ਗੁਰਬਾਣੀ ਤਾਂ ਦੁਨਿਆਵੀ ਰਾਜ ਭਾਗਾਂ ਦੇ ਮਾਲਕਾਂ ਨੂੰ ਬਾਰ-ਬਾਰ ਚੇਤਾਵਨੀ ਦਿੰਦੀ ਹੈ ਕਿ ਕੋਈ ਜਿੰਨੇ ਮਰਜੀ ਵੱਡੇ ਤੋਂ ਵੱਡੇ ਰਾਜਭਾਗ ਦਾ ਮਾਲਕ ਵੀ ਕਿਉਂ ਨਾ ਬਣ ਜਾਵੇ, ਸੋਨੇ, ਹੀਰੇ, ਜਵਾਹਰਾਤਾਂ ਨਾਲ ਸ਼ਿੰਗਾਰੇ ਹਾਥੀਆਂ ਵਾਲੀ ਬਹੁਤ ਵੱਡੀ ਫੌਜ ਦਾ ਮਾਲਕ ਹੋਵੇ, ਹਵਾ ਤੋਂ ਵੀ ਤੇਜ਼ ਦੌੜਣ ਵਾਲੇ ਵਧੀਆ ਘੋੜਿਆਂ ਦੀ ਸਵਾਰੀ ਵੀ ਕਿਉਂ ਨਾ ਕਰਦਾ ਹੋਵੇ, ਉਸ ਨੂੰ ਸਲਾਮਾਂ ਕਰਨ ਵਾਲੀ ਪਰਜਾ ਦੀਆਂ ਲਗੀਆਂ ਲਾਈਨਾਂ ਦੀ ਗਿਣਤੀ ਨਾ ਕੀਤੀ ਜਾ ਸਕਦੀ ਹੋਵੇ, ਇੰਨਾਂ ਵੱਡਾ ਰਾਜ ਭਾਗ ਹੋਣ ਵਾਲੇ ਦਾ ਅੰਤ ਜਰੂਰ ਹੋਵੇਗਾ, ਇਸ ਸੰਸਾਰ ਤੋਂ ਨੰਗੇ ਪੈਰੀ, ਖਾਲੀ ਹੱਥ ਹੀ ਜਾਣਾ ਪਵੇਗਾ।

ਸੰਸਾਰ ਦਾ ਇਤਿਹਾਸ ਗਵਾਹ ਹੈ ਕਿ ਇਸ ਮਾਤ ਲੋਕ ਤੇ ਕਈ ਵੱਡੇ ਤੋਂ ਵੱਡੇ ਹੁਕਮਰਾਨ ਆਏ ਜੋ ਹਿਟਲਰ, ਨੈਪੋਲੀਅਨ ਤੇ ਸਿੰਕਦਰ ਵਾਂਗ ਸਾਰੇ ਸੰਸਾਰ ਉਪਰ ਰਾਜ ਸਥਾਪਤ ਕਰਨਾ ਚਾਹੁੰਦੇ ਸਨ, ਪ੍ਰੰਤੂ ਉਹ ਆਪਣੇ-ਆਪਣੇ ਕਾਲ ਅਨੁਸਾਰ ਰਾਜ ਕਰਕੇ ਅੰਤ ਕਾਲ ਦਾ ਹੀ ਸ਼ਿਕਾਰ ਹੋ ਕੇ ਇਸ ਸੰਸਾਰ ਤੋਂ ਕੂਚ ਕਰ ਗਏ। ਸਦਾ ਕਾਇਮ ਰਹਿਣ ਵਾਲਾ ਰਾਜ ਭਾਗ ਕੇਵਲ ਪ੍ਰਮੇਸ਼ਰ ਦੇ ਹਿੱਸੇ ਹੀ ਆਇਆ ਹੈ।

ਇਸੇ ਲਈ ਗੁਰੂ ਅਰਜਨ ਸਾਹਿਬ ਰਾਗ ਸਾਰੰਗ ਵਿੱਚ ਸਾਨੂੰ ਸਮਝਾਉਂਦੇ ਹਨ:-

ਰਾਣਾ ਰਾਉ ਰਾਜ ਭਏ ਰੰਕਾ ਉਨਿ ਝੂਠੇ ਕਹਣ ਕਹਾਇੳ।।

ਹਮਰਾ ਰਾਜਨੁ ਸਦਾ ਸਲਾਮਤਿ ਤਾ ਕੋ ਸਗਲ ਘਟਾ ਜਸੁ ਗਾਇੳ।। (ਸਾਰੰਗ ਮਹਲਾ ੫-੧੨੩੫)

ਗੁਰਬਾਣੀ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਸਾਨੂੰ ਇਸ ਵਿਸ਼ੇ ਉਪਰ ਗਿਆਨ ਦੀ ਬਖਸ਼ਿਸ਼ ਕਰਦੇ ਹਨ ਕਿ ਸੰਸਾਰ ਵਿੱਚ ਕਿੰਨੇ ਹੀ ਜਗਤ ਦੇ ਪਾਤਸ਼ਾਹ ਹਨ, ਉਹਨਾਂ ਦੀਆਂ ਸਿਫਤਾਂ ਕਰਨ ਵਾਲੇ ਵਜੀਰਾਂ, ਨੌਕਰਾਂ, ਪਰਜਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਤਾਂ ਇਹਨਾਂ ਦੁਨਿਆਵੀ ਰਾਜਿਆਂ ਨੂੰ ਰਾਜ ਭਾਗ ਬਖਸ਼ਿਸ਼ ਕਰਨ ਵਾਲੇ ਮਾਲਕ ਪ੍ਰਮਾਤਮਾ ਦਾ ਅੰਤ ਕਿਵੇ ਪਾਇਆ ਜਾ ਸਕਦਾ ਹੈ।

ਕੇਤੜਿਆ ਪਾਤਿਸ਼ਾਹ ਜਗਿ ਕਿਤੜੇ ਮਸਲਤਿ ਕਰਨ ਵਜੀਰਾ।।

ਕੇਤੜਿਆ ਉਮਰਾਉ ਲਖ ਮਨਸਬਦਾਰ ਹਜਾਰ ਵਡੀਰਾ।।

(ਭਾਈ ਗੁਰਦਾਸ ਜੀ-ਵਾਰ ੮ ਪਉੜੀ ੧੯)

ਇਸ ਲਈ ਸਾਨੂੰ ਚਾਹੀਦਾ ਹੈ ਕਿ ਮਨੁੱਖਾ ਜੀਵਨ ਵਿੱਚ ਪ੍ਰਭੂ ਰੂਪੀ ਮੰਜ਼ਿਲ ਦੀ ਪ੍ਰਾਪਤੀ ਕਰਨ ਲਈ ਨਾਸ਼ਵੰਤ ਰਾਜ ਭਾਗਾਂ ਦੇ ਮਾਲਕ ਦੁਨਿਆਵੀ ਰਾਜਿਆਂ ਦੀ ਅਸਲੀਅਤ “ਏਹ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ” ਨੂੰ ਸਮਝਦੇ ਹੋਏ ਜਿਸ ਮਾਲਕ ਦੇ ਹੱਥ ਵਿੱਚ ਸਭ ਕੁੱਝ ਹੈ, ਉਸ ਦੇ ਧਿਆਨ ਵਿੱਚ ਜੁੜਨ ਦਾ ਯਤਨ ਕਰੀਏ ਅਤੇ ਇਸ ਸਬੰਧ ਵਿੱਚ ਪੰਚਮ ਪਾਤਸ਼ਾਹ ਪਾਸੋਂ ਗੁਰਬਾਣੀ ਦੀ ਰੋਸ਼ਨੀ ਵਿੱਚ ਅਗਵਾਈ ਲੈ ਲਈਏ-

ਜਾ ਕੈ ਵਸਿ ਖਾਨ ਸੁਲਤਾਨ।। ਜਾ ਕੈ ਵਸਿ ਹੈ ਸਗਲ ਜਹਾਨ।।

ਜਾ ਕਾ ਕੀਆ ਸਭੁ ਕਿਛੁ ਹੋਇ।। ਤਿਸ ਤੇ ਬਾਹਰਿ ਨਾਹੀ ਕੋਇ।।

(ਗਉੜੀ ਗੁਆਰੇਰੀ ਮਹਲਾ ੫-੧੮੨)

ਦੁਨਿਆਵੀ ਬਾਦਸ਼ਾਹਾਂ ਦੇ ਰਾਜ ਭਾਗ ਤਾਂ ਥੋੜ ਚਿਰੇ ਹਨ। ਪਰ ਪ੍ਰਮਪਿਤਾ ਪ੍ਰਮੇਸ਼ਰ ਦਾ ਰਾਜ ਭਾਗ ਤਾਂ ਸਦਾ ਅਟਲ ਹੈ, ਇਸ ਲਈ ਪ੍ਰਮਾਤਮਾ ਦਾ ਸਿਮਰਨ ਕਰਨਾ ਹੀ ਮਨੁੱਖ ਲਈ ਲਾਭਦਾਇਕ ਹੈ-

ਹਉ ਬਲਿਹਾਰੀ ਸਾਚੇ ਨਾਵੈ।। ਰਾਜ ਤੇਰਾ ਕਬਹੁ ਨ ਜਾਵੈ।।

ਰਾਜੋ ਤ ਤੇਰਾ ਸਦਾ ਨਿਹਚਲੁ ਏਹੁ ਕਬਹੁ ਨ ਜਾਵਏ।। (ਵਡਹੰਸ ਮਹਲਾ ੧-੫੬੬)

ਉਹ ਅਕਾਲ ਪੁਰਖ ਕਿੱਡੇ ਵੱਡੇ ਰਾਜ ਦਰਬਾਰ, ਤਖਤ ਦਾ ਮਾਲਕ ਹੈ ਕੀ ਉਸ ਦੇ ਬਰਾਬਰ ਸੰਸਾਰ ਵਿੱਚ ਹੋਰ ਕੋਈ ਵੀ ਤਖਤ, ਰਾਜ ਦਰਬਾਰ ਹੋ ਸਕਦਾ ਹੈ? ਕੀ ਉਸ ਦੀ ਬਰਾਬਰੀ ਕਰਨ ਦੀ ਕੋਈ ਵੀ ਦਾਅਵੇਦਾਰੀ ਕਰ ਸਕਦਾ ਹੈ? ਇਸ ਸਬੰਧ ਵਿੱਚ ਵਡਹੰਸ ਰਾਗ ਰਾਹੀਂ ਪੰਜਵੇ ਨਾਨਕ ਸਪਸ਼ਟ ਕਰਦੇ ਹਨ-

ਅਤਿ ਊਚਾ ਤਾ ਕਾ ਦਰਬਾਰਾ।। ਅੰਤੁ ਨਾਹੀ ਕਿਛੁ ਪਾਰਾਵਾਰਾ।।

ਕੋਟਿ ਕੋਟਿ ਕੋਟਿ ਲਖ ਧਾਵੈ।। ਇਕੁ ਤਿਲੁ ਤਾ ਕਾ ਮਹਲੁ ਨ ਪਾਵੈ।। (ਵਡਹੰਸ ਮਹਲਾ ੫-੫੬੨)

ਉਹ ਮਾਲਕ ਕਿੰਨਾ ਉਚਾ ਹੈ, ਕੀ ਉਸ ਮਾਲਕ ਦੀ ਉਚਾਈ ਦਾ ਕੋਈ ਅੰਤ ਪਾਇਆ ਜਾ ਸਕਦਾ ਹੈ? ਅਸੀ ਆਪ ਤਾਂ ਸ਼ਾਇਦ ਪੂਰਨ ਤੌਰ ਤੇ ਸਮਝਣ ਦੇ ਸਮਰਥ ਨਾਂ ਹੋ ਸਕੀਏ ਪੰਤੂ ਗੁਰੂ ਸਾਹਿਬ ਨੂੰ ਤਾਂ ਪ੍ਰਮੇਸ਼ਰ ਦੇ ਦਰ ਘਰ ਦੀ ਪੂਰਨ ਤੌਰ ਤੇ ਸੂਝ ਹੈ ਤਾਂ ਹੀ ਗੁਰਬਾਣੀ ਰਾਹੀਂ ਸਾਨੂੰ ਸਮਝਾ ਰਹੇ ਹਨ-

ਮੈ ਪੇਖਿਓ ਰੀ ਊਚਾ ਮੋਹਨੁ ਸਭ ਤੇ ਊਚਾ।।

ਆਨ ਨ ਸਮਸਰਿ ਕੋਊ ਲਾਗੈ ਢੂਢਿ ਰਹੇ ਹਮ ਮੂਚਾ।। (ਦੇਵਗੰਧਾਰੀ ਮਹਲਾ ੫-੫੩੪)

ਉਸ ਉਚੇ ਰਾਜ ਦੇ ਮਾਲਕ ਦੀ ਬਰਾਬਰੀ ਤਾਂ ਨਹੀ ਹੋ ਸਕਦੀ, ਹਾਂ ਇਹ ਜਰੂਰ ਕੀਤਾ ਜਾ ਸਕਦਾ ਹੈ ਕਿ ਉਸ ਦੇ ਗੁਣਾਂ ਨੂੰ ਗਾ-ਗਾ ਕੇ ਅਸੀਂ ਵੀ ਆਪਣੇ ਜੀਵਨ ਨੂੰ ਵਿਕਾਰਾਂ ਤੋਂ ਰਹਿਤ ਕਰਕੇ ਉਚੇ ਸੁਚੇ ਆਚਰਣ ਦੇ ਮਾਲਕ ਬਨਣ ਲਈ ਯਤਨ ਕਰ ਸਕੀਏ-

ਉਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ।।

ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨਸਹਿ ਪਾਪ ਘਨੇਰੇ।। (ਬਿਲਾਵਲ ਮਹਲਾ੫ -੮੦੨)

ਜੇ ਅਸੀਂ ਉਸ ਉਚੇ ਦੇ ਸਿਮਰਨ ਵਲ ਸਹੀ ਅਰਥਾਂ ਵਿੱਚ ਲਗ ਜਾਈਏ ਤਾਂ ਸਾਡੀ ਜਿੰਦਗੀ ਵਿਚੋਂ ਅਸਫਲਤਾਵਾਂ ਦੀ ਲੜੀ ਦਾ ਖਾਤਮਾ ਅਵਸ਼ ਹੋ ਜਾਵੇਗਾ ਕਿਉਂਕਿ ਉਸ ਮਾਲਕ ਦਾ ਰਾਜ ਭਾਗ ਸਦਾ ਅਟਲ ਹੈ, ਉਹ ਵਿਸ਼ੇ ਵਿਕਾਰਾਂ ਦੇ ਦਾਗਾਂ ਤੋਂ ਪੂਰੀ ਤਰਾਂ ਸੁਤੰਤਰ ਹੈ। ਗੁਰਬਾਣੀ ਸਾਨੂੰ ਅਗਵਾਈ ਬਖਸ਼ਿਸ਼ ਕਰਦੀ ਹੈ-

ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ।।

ਸਦਾ ਅਭਗੁ ਦੀਬਾਣੁ ਹੈ ਹਉ ਤਿਸੁ ਨਮਸਕਾਰਦਾ।। (ਵਾਰ ਗੁਜਰੀ ਮਹਲਾ ੫-੫੧੯)

ਸਾਰੀ ਵਿਚਾਰ ਤੋਂ ਸਪਸ਼ਟ ਹੈ ਕਿ ਮਨੁੱਖਾ ਜੀਵਨ ਦੀ ਮੰਜ਼ਿਲ ਪ੍ਰਮਾਤਮਾ ਦਾ ਮਿਲਾਪ ਤਾਂ ਹੀ ਸੰਭਵ ਹੈ ਜੇ ਅਸੀਂ ਦੁਨਿਆਵੀ ਨਾਸ਼ਵੰਤ ਰਾਜ ਭਾਗ ਵਾਲਿਆਂ ਦੀ ਟੇਕ ਛਡ ਕੇ ਸਚੇ ਸਦੀਵੀ ਰਾਜ ਦੇ ਮਾਲਕ ਪ੍ਰਮੇਸ਼ਰ ਦੀ ਓਟ ਲੈ ਲਈਏ ਅਤੇ ਉਸ ਉਪਰ ਪੂਰਨ ਭਰੋਸਾ ਰੱਖ ਲਈਏ ਤਾਂ ਪ੍ਰਭੂ ਆਪਣਾ ਨਾਮ ਜਪਣ ਵਾਲਿਆਂ ਦੇ ਸਿਰ ਉਪਰ ਐਸਾ ਸਦੀਵੀ ਛਤਰ ਝੁਲਾ ਦਿੰਦਾ ਹੈ ਜੋ ਕਦੀਂ ਵੀ ਨਾਸ਼ ਨਹੀਂ ਹੁੰਦਾ ਅਤੇ ਕੋਈ ਦੁਨਿਆਵੀ ਰਾਜ ਭਾਗ ਦਾ ਮਾਲਕ ਉਸ ਦੀ ਬਰਾਬਰੀ ਨਹੀਂ ਕਰ ਸਕਦਾ।

ਐਸੀ ਲਾਲ ਤੁਝ ਬਿਨੁ ਕਉਨੁ ਕਰੈ।।

ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤਰ ਧਰੈ।।

ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀ ਢਰੈ।।

ਨੀਚਹ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨ ਡਰੈ।। (ਮਾਰੂ ਰਵਿਦਾਸ ਜੀ -੧੧੦੬)

============

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201/6 ਮੁਹੱਲਾ ਸੰਤਪੁਰਾ, ਕਪੂਰਥਲਾ

98720-76876, 01822-276876

ਈ. ਮੇਲ-[email protected]
.