.

ਵਿਦਿਅਕ ਅਦਾਰਿਆਂ ਵਿਚ ਗੁਰਬਾਣੀ ਦਾ ਅਧਿਐਨ

ਹਾਕਮ ਸਿੰਘ


ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਧਿਆਤਮਿਕ ਗਿਆਨ ਹੈ। ਅਧਿਆਤਮਿਕ ਗਿਆਨ ਵਿਗਿਆਨ, ਸਮਾਜ ਸ਼ਾਸਤਰ, ਸਾਹਿਤ ਅਤੇ ਕਲਾ ਤੋਂ ਭਿੰਨ ਹੁੰਦਾ ਹੈ। ਇਹ ਅਦਿੱਖ ਪਰਭੂ ਦੀ ਹੋਂਦ ਅਤੇ ਬੇਅੰਤਤਾ ਦੇ ਵਿਸ਼ਵਾਸ ਤੇ ਆਧਾਰਤ ਗਿਆਨ ਹੈ। ਵਿਗਿਆਨ ਪਦਾਰਥ ਦਾ ਗਿਆਨ ਹੁੰਦਾ ਹੈ। ਸਮਾਜ ਸ਼ਾਸਤਰ ਮਨੁੱਖ ਵੱਲੋਂ ਸਿਰਜੇ ਸਮਾਜ ਦਾ ਗਿਆਨ ਹੈ। ਸਾਹਿਤ ਅਤੇ ਕਲਾ ਮਨੁੱਖ ਦੇ ਮਨੋਰੰਜਨ ਦੇ ਸਾਧਨਾਂ ਦੀਆਂ ਰਚਨਾਵਾਂ ਹੁੰਦੀਆਂ ਹਨ। ਵਿਗਿਆਨ, ਸਮਾਜ ਸ਼ਾਸਤਰ, ਸਾਹਿਤ ਅਤੇ ਕਲਾ ਦੇ ਵਿਸ਼ੇ ਵਸਤੂਆਂ ਦੀਆਂ ਸੀਮਾਵਾਂ ਵਿਦਿਅਕ ਅਦਾਰੇ ਨਿਰਧਾਰਤ ਕਰਦੇ ਹਨ ਅਤੇ ਇਹਨਾਂ ਵਿਸ਼ਿਆਂ ਦੇ ਅਧਿਐਨ, ਸਿੱਖਿਆ ਅਤੇ ਖੋਜ ਦੇ ਢੰਗਾਂ ਅਤੇ ਸਰੋਤਾਂ ਦਾ ਨਿਰਮਾਣ ਅਤੇ ਨਿਰਨਾ ਕਰਦੇ ਹਨ। ਹਰ ਅਕਾਦਮਿਕ ਵਿਸ਼ੇ ਦੀ ਵਖਰੀ ਪਰਿਭਾਸ਼ਿਕ ਸ਼ਬਦਾਵਲੀ ਹੁੰਦੀ ਹੈ ਜੋ ਵਿਸ਼ੇ ਦੇ ਵਿਸ਼ੇਸ਼ਗ ਘੜਦੇ, ਨਿਰਧਾਰਤ ਅਤੇ ਪਰਵਾਨ ਕਰਦੇ ਹਨ। ਵਿਗਿਆਨ, ਵਿਸ਼ੇਸ਼ ਕਰਕੇ ਭੌਤਕ ਵਿਗਿਆਨ, ਗਣਿਤ ਨੂੰ ਸ਼ਬਦਾਵਲੀ ਵਜੋਂ ਵਰਤਦਾ ਹੈ ਕਿਉਂਕਿ ਮਨੁੱਖੀ ਭਾਸ਼ਾ ਵਿਚ ਵਿਗਿਆਨਕ ਜਾਣਕਾਰੀ ਦੇ ਸੰਚਾਰ ਦੀ ਯੋਗਤਾ ਨਹੀਂ ਹੈ। ਜਿਨ੍ਹਾਂ ਵਿਸ਼ਿਆਂ ਦਾ ਵਿਦਿਅਕ ਅਦਾਰਿਆਂ ਵਿਚ ਅਧਿਐਨ ਕੀਤਾ ਜਾਂਦਾ ਹੈ ਅਤੇ ਸਿੱਖਿਆ ਦਿੱਤੀ ਜਾਂਦੀ ਹੈ ਉਹ ਸਾਰੇ ਹੀ ਦਿਖਾਈ ਦੇਣ ਵਾਲੇ ਚਲਾਏਮਾਨ ਪਦਾਰਥ, ਮਨੁੱਖੀ ਸਰੀਰ, ਬੁੱਧੀ ਅਤੇ ਸਮਾਜ ਨਾਲ ਸਬੰਧਿਤ ਹੁੰਦੇ ਹਨ। ਅਦਿੱਖ ਅਤੇ ਨਿਹਚਲ ਪਰਭੂ ਅਤੇ ਉਸ ਦੇ ਗੁਣਾਂ ਦਾ ਗਿਆਨ ਅਕਾਦਮਿਕ ਵਿਸ਼ਿਆਂ ਦੀ ਸ਼੍ਰੇਣੀ ਦਾ ਭਾਗ ਨਹੀਂ ਹੈ। ਫਿਰ ਵੀ ਕਈ ਯੂਨੀਵਰਸਿਟੀਆਂ ਅਤੇ ਹੋਰ ਅਕਾਦਮਿਕ ਅਦਾਰਿਆਂ ਵਿਚ ਧਰਮ
(Religion) ਦੇ ਅਧਿਐਨ ਦੀ ਵਿਵਸਥਾ ਕੀਤੀ ਗਈ ਹੈ। ਵਿਦਿਅਕ ਅਦਾਰਿਆਂ ਦਾ ਮਨੋਰਥ ਸਰਕਾਰ, ਸਮਾਜ ਅਤੇ ਮਨੁੱਖ ਦੀ ਬੇਹਤਰੀ, ਸੁਵਿਧਾ ਅਤੇ ਮਨੋਰੰਜਨ ਲਈ ਗਿਆਨ ਜਾਂ ਜਾਣਕਾਰੀ ਦੀ ਸਹੂਲਤ ਪਰਦਾਨ ਕਰਨਾ ਹੈ। ਅਧਿਆਤਮਿਕ ਗਿਆਨ ਦੀ ਸਰਕਾਰ ਜਾਂ ਸਮਾਜ ਦੀ ਬੇਹਤਰੀ ਅਤੇ ਸੁਵਿਧਾ ਲਈ ਕੋਈ ਪ੍ਰਸੰਗਕਤਾ ਨਹੀਂ ਹੈ। ਇਸ ਦੀ ਵਿਗਿਆਨਕ ਅਤੇ ਸਮਾਜਕ ਜਾਣਕਾਰੀ ਵਾਂਗ ਗਿਣਤੀ ਮਿਣਤੀ, ਤੁਲਣਾ ਅਤੇ ਵੰਡ ਕਰਨੀ ਵੀ ਸੰਭਵ ਨਹੀਂ ਹੈ ਅਤੇ ਨਾ ਹੀ ਇਹ ਲੋਕਾਂ ਦੀਆਂ ਦੁਨਿਆਵੀ ਅਤੇ ਸਰੀਰਕ ਲੋੜਾਂ ਪੂਰੀਆਂ ਕਰਨ ਦੀ ਵਿਧੀ ਹੈ। ਅਧਿਆਤਮਕ ਗਿਆਨ ਦਾ ਅਕਾਦਮਿਕ ਅਦਾਰਿਆਂ ਦੀ ਸਿੱਖਿਆ ਪਰਨਾਲੀ ਵਿਚ ਕੋਈ ਉਪਯੋਗੀ ਸਥਾਨ ਨਹੀਂ ਹੈ। ਗੁਰਬਾਣੀ ਅਧਿਆਤਮਿਕ ਗਿਆਨ ਪਰਾਪਤੀ ਦੀ ਤੁਲਨਾ ‘ਗੁੰਗੇ ਦੇ ਗੁੜ’ ਨਾਲ ਕਰਦੀ ਹੈ। ਗੁਰਬਾਣੀ ਦਾ ਕਥਨ ਹੈ: “ਗਿਆਨੈ ਕਾਰਨ ਕਰਮ ਅਭਿਆਸੁ॥ ਗਿਆਨੁ ਭਇਆ ਤਹ ਕਰਮਹ ਨਾਸੁ॥“ (ਪੰ: ੧੧੬੭) ਅਤੇ “ਗਿਆਨੁ ਗਿਆਨੁ ਕਥੈ ਸਭੁ ਕੋਈ ਕਥਿ ਕਥਿ ਬਾਦੁ ਕਰੇ ਦੁਖੁ ਹੋਈ॥“ (ਪੰ: ੮੩੧)। ਸਵਾਲ ਉਠਦਾ ਹੈ ਕਿ ਜੇਕਰ ਅਧਿਆਤਮਿਕ ਗਿਆਨ ਵਾਸਤਵ ਵਿਚ ਅਕਾਦਮਿਕ ਵਿਸ਼ਾ ਹੈ ਹੀ ਨਹੀਂ ਤਾਂ ਵਿਦਿਅਕ ਅਦਾਰਿਆਂ ਦੇ ਧਾਰਮਕ ਵਿਭਾਗਾਂ ਦਾ ਕੀ ਮਨੋਰਥ ਹੈ? ਧਰਮ ਦਾ ਸਬੰਧ ਅਧਿਆਤਮਿਕ ਗਿਆਨ ਨਾਲ ਹੈ ਜੋ ਵਿਦਿਅਕ ਸੰਸਥਾਵਾਂ ਵਿਚ ਪੜ੍ਹਾਇਆ ਜਾਣ ਵਾਲਾ ਵਿਸ਼ਾ ਨਹੀਂ ਹੈ। ਅਧਿਆਤਮਿਕ ਗਿਆਨ ਤੇ ਸੰਤ ਮੰਡਲੀਆਂ ਅਤੇ ਸੰਗਤ ਵਿਚੋਂ ਪ੍ਰਾਪਤ ਹੁੰਦਾ ਹੈ ਅਤੇ ਇਹ ਪ੍ਰਵਾਣਤ ਸਮਾਜਕ ਇਕਾਈਆਂ ਨਹੀਂ ਹਨ। ਭਾਰਤ ਦੇ ਵਿਦਿਅਕ ਅਦਾਰਿਆਂ ਵਿਚ ਧਰਮ (Religion) ਦੇ ਵਿਸ਼ੇ ਦਾ ਅਧਿਐਨ ਅਤੇ ਸਿੱਖਿਆ ਯੂਰਪੀ ਸਾਮਰਾਜ ਵੱਲੋਂ ਸ਼ੁਰੂ ਕੀਤੀ ਗਈ ਸੀ। ਇਸ ਵਿਸ਼ੇ ਤੇ ਅਰਵਿੰਦ-ਪਾਲ ਸਿੰਘ ਮੰਡੇਰ ਨੇ ਆਪਣੀ ੨੦੦੯ ਵਿਚ ਪਰਕਾਸ਼ਤ ਪੁਸਤਕ “ Religion and the specter of the West “ ਵਿਚ ਵਿਸਤ੍ਰਤ ਵਿਚਾਰ ਕੀਤੀ ਹੈ।

ਅਰਵਿੰਦ-ਪਾਲ ਸਿੰਘ ਮੰਡੇਰ ਨੇ ਇਹ ਵਿਚਾਰ ਪੇਸ਼ ਕੀਤਾ ਹੈ ਕਿ ਰਿਲੀਜਅਨ
(Religion) ਦਾ ਸੰਕਲਪ ਪੱਛਮੀ ਸਾਮਰਾਜ ਦੀ ਘਾੜਤ ਅਤੇ ਦੇਣ ਹੈ ਜੋ ਸੰਸਾਰ ਨੂੰ ਪੱਛਮ ਅਤੇ ਪੂਰਬ ਦੇ ਕਾਲਪਨਿਕ ਭਾਗਾਂ ਵਿਚ ਵੰਡ ਕੇ ਪੱਛਮ ਅਤੇ ਈਸਾਈ ਧਰਮ ਨੂੰ ਉਤਮ ਅਤੇ ਪੂਰਬ ਅਤੇ ਪੂਰਬੀ ਧਾਰਮਕ ਸਭਿਆਚਾਰਾਂ ਨੂੰ ਨੀਵਾਂ ਦਰਸਾਉਣ ਲਈ ਘੜਿਆ ਗਿਆ ਹੈ ਅਤੇ ਇਹੋ ਸੰਕਲਪ ਭਾਰਤ ਦੇ ਲੋਕਾਂ ਵਿਚ ਮਾਨਸਕ ਹੀਣਤਾ ਅਤੇ ਧਾਰਮਕ ਛੋਟੇਪਣ ਦੀ ਭਾਵਨਾ ਪੈਦਾ ਕਰਦਾ ਅਤੇ ਧਾਰਮਕ ਦਵੰਦ ਨੂੰ ਸ਼ੈਹ ਦਿੰਦਾ ਹੈ। ਉਸ ਨੇ ਲਿਖਿਆ ਹੈ, “ਰਿਲੀਜਅਨ” ਨੂੰ ਹੁਣ ਮੁਕਾਬਲਤਨ ਨਵੀਂ ਕਾਢ ਸਮਝਿਆ ਜਾਂਦਾ ਹੈ ਜੋ ਉਨੀਵੀਂ ਸ਼ਤਾਬਦੀ ਵਿਚ ਅਨੇਕ ਵਿਭਿੰਨ ਵਾਰਤਾਲਾਪਾਂ ਦੇ ਭੇੜ ਵਿਚੋਂ ਉਤਪੰਨ ਹੋਈ ਹੈ। (੧੩ ਦੇ ਫੁਟਨੋਟ ਵਿਚ ਉਸ ਨੇ ੧੩ ਰਚਨਾਵਾਂ ਦੇ ਹਵਾਲੇ ਦਿੱਤੇ ਹਨ)। ਇਹ ਵਧੇਰੇ ਪਰਵਾਨ ਕੀਤਾ ਜਾਂਦਾ ਹੈ ਕਿ ਰਿਲੀਜਅਨ ਦੇ ਸੰਕਲਪ ਦੇ ਨਿਰਮਾਣ ਨੂੰ ਪੱਛਮ ਦੀ ਤੁਲਨਾਤਮਕ ਕਲਪਨਾ ਦੀ ਬਣਤਰ ਤੋਂ ਵਖਰਾ ਨਹੀਂ ਕੀਤਾ ਜਾ ਸਕਦਾ। ਦਰਅਸਲ ਡੈਨੀਅਲ ਡੁਬੁਅਸਨ ਨੇ ਦਲੀਲ ਦਿੱਤੀ ਹੈ ਕਿ “ਰਿਲੀਜਅਨ …. ਨੁੰ ਉਹ ਸਥਾਨ ਸਮਝਿਆ ਜਾਣਾ ਚਾਹੀਦਾ ਹੈ ਜਿਸ ਵਿਚ ਸਿਧਾਂਤਕ ਤੌਰ ਤੇ ਪੱਛਮ ਦੀ ਪਹਿਚਾਣ ਜਾਂ ਮੂਰਤ ਸਥਾਪਤ ਅਤੇ ਪਰਿਭਾਸ਼ਤ ਕੀਤੀ ਗਈ ਹੈ।“ (੧੪)। ਇਸੇ ਲਈ ਉਹ ਤਜਵੀਜ਼ ਕਰਦਾ ਹੈ ਕਿ “ਪੱਛਮ ਦੀ ਧਾਰਮਕ ਚੇਤਨਤਾ ਦੀ ਗੱਲ ਕਰਨ ਦੀ ਥਾਂ ਇਹ ਆਖਣਾ ਯਕੀਨਣ ਵੱਧ ਉਚੱਤ ਹੋਵੇਗਾ ਕਿ ਬਹੁਤ ਠੀਕ ਅਤੇ ਸਹੀ ਅਰਥਾਂ ਵਿਚ ਕੇਵਲ ਪੱਛਮ ਹੀ ਧਾਰਮਕ ਹੈ, ਉਹ ਧਰਮ (Religion), ਜਿਸ ਦਾ ਮਨੋਰਥ ਇਕ ਘਟਨਾਵਾਂ ਦੇ ਜੁੱਟ ਨੂੰ ਇਕ ਭਾਵਨਾ ਦੇ ਤੌਰ ਤੇ ਵਖਰਾ ਕਰਨਾ ਸੀ ਜੋ (ਘਟਨਾਵਾਂ ਦਾ ਜੁੱਟ) ਓਦੋਂ ਤੋਂ ਇਕ ਜਿਨਸ ਸਮਝਿਆ ਜਾਂਦਾ ਹੈ, ਪੱਛਮ ਦੀ ਨਿਵੇਕਲੀ ਕਿਰਤ ਹੈ, ਅਤੇ ਜੋ ਇਸ ਤਰ੍ਹਾਂ ਉਸ ਦੀ ਅੰਦਰੂਨੀ ਖਸਲਤ ਸਥਾਪਤ ਕਰਦੀ ਹੈ।“ (ਪੰ: ੬)। [“”Religion” is now understood to be a relatively recent invention that emerged during the course of the nineteenth century at the intersection of a variety of different discourses. (13). It is increasingly accepted that the construction of religion as a concept cannot be separated from the formation of the comparative imaginary of the West. Indeed, Daniel Dubuisson has argued that “religion … must be considered the locus in which the identity or figure of the West has in principle been constituted and defined.” (14). This is why, he suggests, that ‘instead of speaking about the religious consciousness of the West, it would surely be more judicious to say that the West is religious only in the very exact and strict sense that religion, as a notion intended to isolate a set of phenomenon thenceforth considered homogenous, is the exclusive creation of the West, and is thus what may constitute its innermost nature.]” ਅਰਵਿੰਦ-ਪਾਲ ਅਗੇ ਲਿਖਦਾ ਹੈ, “ ਅਜੀਬ ਸਥਿਤੀ ਬਣੀ ਹੋਈ ਹੈ: ਭਾਰਤੀਆਂ ਕੋਲ ਰਿਲੀਜੀਅਨ ਲਈ ਕੋਈ ਠੀਕ ਸ਼ਬਦ ਨਹੀਂ ਹੈ ਫਿਰ ਵੀ ਉਹ ਇਸ ਦੀ ਪੁਕਾਰ ਤੇ ਪ੍ਰਤੀਕਿਰਿਆ ਦਿਖਾਉਣੋਂ ਬਚ ਨਹੀਂ ਸਕਦੇ। ਜਿਵੇਂ ਡੈਰੀਡਾ ਨੇ ਟਿੱਪਣੀ ਕੀਤੀ ਹੈ, “ਜਿਸ ਨੂੰ ਅਸੀਂ ਰਿਲੀਜਅਨ ਆਖਦੇ ਹਾਂ ਉਸ ਲਈ ਹਿੰਦ-ਯੂਰਪੀ (ਭਾਸ਼ਾਵਾਂ) ਵਿਚ ਕੋਈ ਸਾਂਝਾ ਸ਼ਬਦ ਨਹੀਂ ਹੈ, ਕੋਈ ਸਰਬ ਵਿਆਪੀ ਸਚਾਈ ਨਹੀਂ ਹੈ ਜੋ ਰਿਲੀਜਅਨ ਹੋਵੇ।“ (ਪੰ:੯)। [“Religion” is now understood to be a relatively recent invention that emerged during the course of the nineteenth century at the intersection of a variety of different discourses. (13). It is increasingly accepted that the construction of religion as a concept cannot be separated from the formation of the comparative imaginary of the West. Indeed, Daniel Dubuisson has argued that “religion … must be considered the locus in which the identity or figure of the West has in principle been constituted and defined.” (14). This is why, he suggests, that ‘instead of speaking about the religious consciousness of the West, it would surely be more judicious to say that the West is religious only in the very exact and strict sense that religion, as a notion intended to isolate a set of phenomenon thenceforth considered homogenous, is the exclusive creation of the West, and is thus what may constitute its innermost nature.]” ਮੰਡੇਰ ਆਪਣੀ ਇਸ ਪੁਸਤਕ ਦੇ ਮਨੋਰਥ ਬਾਰੇ ਲਿਖਦਾ ਹੈ: “ਤਦ ਇਸ ਪੁਸਤਕ ਵਿਚ ਛਾਨ ਬੀਣ ਕੀਤਾ ਕੇਂਦਰੀ ਵਿਸ਼ਾ ਇਹ ਹੈ। ਜੇਕਰ ਰਿਲੀਜਅਨ ਦੇ ਸਰਵਵਿਆਪਕ ਸਭਿਆਚਾਰ ਹੋਣ ਦੀ ਧਾਰਨਾ ਨੂੰ ਖਤਮ ਕਰ ਦਿੱਤਾ ਜਾਵੇ, ਜੇਕਰ ਅਸੀਂ ਇਹ ਮੰਨ ਲਈਏ ਕਿ ਰਿਲੀਜਅਨ ਨੂੰ ਇਕ ਸੰਕਲਪ ਵਜੋਂ ਸਭਿਆਚਾਰਾਂ ਵਿਚ ਬਿਨਾ ਕਿਸੇ ਸਮੱਸਿਆ ਦੇ ਉਲਥਾਇਆ ਨਹੀਂ ਜਾ ਸਕਦਾ, ਯਾਨੀ ਕੁੱਝ ਛੱਡੇ ਬਿਨਾ, ਕੀ ਉਸ ਯੰਤਰ ਵਿਧੀ ਨੂੰ ਮਿਟਾਉਣਾ ਸੰਭਵ ਹੈ ਜਿਸ ਰਾਹੀਂ ਅਜਿਹੀਆਂ (ਧਾਰਮਕ) ਪਛਾਣਾਂ ਪੈਦਾ ਹੁੰਦੀਆਂ ਹਨ? ਅਜਿਹੀ ਯੰਤਰ ਵਿਧੀ ਨੂੰ ਮਿਟਾਉਣ ਦੇ ਰਾਜਸੀ ਅਤੇ ਮਨੋਵਿਗਿਆਨਕ ਸੰਭਾਵੀ ਅਰਥ ਕੀ ਹੋਣਗੇ, ਵਿਸ਼ੇਸ਼ ਤੌਰ ਤੇ ਐਸੇ ਸਮੇਂ ਵਿਚ ਜਦੋਂ ਪੱਛਮ ਦਾ ਹਊਆ ਆਪਣੇ ਵਿਸ਼ਵ ਵਿਆਪਕ ਪੂੰਜੀਵਾਦ ਦੇ ਰੂਪ ਵਿਚ ਆਪਣੇ ਅਖੀਰਲੇ ਮਨੋਰਥ ਦੀ ਪਰਾਪਤੀ ਸਾਕਾਰ ਕਰਦਾ ਪਰਤੀਤ ਹੁੰਦਾ ਹੋਵੇ?” ।[“Here then is the central issue interrogated in this book. If the notion of religion as a cultural universal is deconstructed, if we accept that religion as a concept cannot be unproblematically translated across cultures, that is, without leaving some residue, is it possible to dissipate the mechanism by which such identifications occur? What might be the political and psychological implications of this dissipation, particularly at a a time when the specter of the West appears to be achieving its final incarnation in the form of capitalist globalization?][ਜਿਸ ਅਸਤਿਤਵ ਨੂੰ ਅਸੀਂ ਪੱਛਮ ਆਖਦੇ ਹਾਂ ਉਹ ਯੂਰਪ ਦੇ ਫਿਲਾਸਫਰਾਂ ਵਲੋਂ ਘੜੇ ਰਿਲੀਜਅਨ ਦੇ ਸੰਕਲਪ ਵਿਚੋਂ ਪਰਗਟ ਹੋਇਆ ਹੈ। ਰਿਲੀਜਅਨ ਅਤੇ ਪੱਛਮ ਦੇ ਸੰਕਲਪਾਂ ਨੇ ਰਲ ਮਿਲ ਕੇ ਈਸਾਈ ਮਤ ਨੂੰ ਸਰਵ ਵਿਆਪਕ ਅਤੇ ਉਤਮ ਪਰਚਾਰਿਆ ਹੈ ਅਤੇ ਵਿਸ਼ਵ ਦੇ ਦੂਜੇ ਧਰਮਾਂ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਨੀਵੀਂ ਜਾਂ ਤੁੱਛ ਦੱਸ ਕੇ ਛੁਟਿਆਇਆ ਹੈ। ਵਿਸ਼ਵ ਦੇ ਦੂਜੇ ਧਰਮਾਂ ਦਾ, ਸਾਮੀ ਜਾਂ ਅਬਰਾਹੀਮੀ ਧਰਮਾਂ ਨੂੰ ਛੱਡ ਕੇ, ਈਸਾਈ ਧਾਰਮਕ ਵਿਚਾਰਧਾਰਾ ਨਾਲ ਸਿਧਾ ਸਬੰਧ ਨਹੀਂ ਹੈ ਅਤੇ ਨਾ ਹੀ ਉਹ ਇਸਾਈ ਮਤ ਦੀ ਵਿਚਾਰਧਾਰਾ ਤੇ ਨਿਰਭਰ ਕਰਦੇ ਹਨ। ਹਰ ਧਰਮ ਦੀ ਆਪਣੀ ਵਖਰੀ ਅਧਿਆਤਮਿਕ ਵਿਚਾਰਧਾਰਾ ਅਤੇ ਸਭਿਆਚਾਰਕ ਪਛਾਣ ਹੈ। ਹਰ ਧਰਮ ਦਾ ਆਪਣਾ ਪਿਛੋਕੜ ਅਤੇ ਪਰਥਾ ਹੈ। ਗੁਰਬਾਣੀ ਸਾਰੇ ਧਰਮਾਂ ਨੂੰ ਬਰਾਬਰ ਸਮਝ ਕੇ ਉਹਨਾਂ ਦਾ ਆਦਰ ਕਰਦੀ ਹੈ। ਦੂਜੇ ਧਰਮਾਂ ਬਾਰੇ ਗੁਰਬਾਣੀ ਦੇ ਕਥਨ ਹਨ: “ ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕਰਾਣੁ॥ ਸਰਮ ਸੁਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ॥ ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ॥ ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ॥‘ (ਪੰ: ੧੪੧) ਅਤੇ “ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ॥ ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ॥ ਹੋਇ ਮੁਸਲਿਮ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ॥ ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ॥ ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ॥“ (ਪੰ: ੧੪੧)। ਹਿੰਦੂ ਧਰਮ ਬਾਰੇ ਗੁਰਬਾਣੀ ਦਾ ਕਥਨ ਹੈ: “ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ॥ ਤੀਰਥ ਨਾਵਹਿ ਅਰਚਾ ਪੂਜਾ ਅਗਰ ਵਾਸ ਬਹਕਾਰੁ॥“ (ਪੰ: ੪੬੫)। ਜੈਨ ਮਤ ਅਤੇ ਦੂਜੇ ਧਰਮਾਂ ਬਾਰੇ ਗੁਰਬਾਣੀ ਦਾ ਉਪਦੇਸ਼ ਹੈ, “ਦਇਆ ਦਿਗੰਬਰ ਦੇ ਬੀਚਾਰੀ॥ ਆਪਿ ਮਰੈ ਅਵਰਾ ਨਹਿ ਮਾਰੀ॥“ (ਪੰ: ੩੫੬); “ਜੋਗੀ ਸੁੰਨਿ ਧਿਆਵਨਿ ਜੇਤੇ ਅਲਖ ਨਾਮੁ ਕਰਤਾਰੁ॥ ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰ॥“ (ਪੰ: ੪੬੫) ਅਤੇ “ਆਸ ਨਿਰਾਸੀ ਤਉ ਸੰਨਿਆਸੀ॥ ਜਾ ਜਤੁ ਜੋਗੀ ਤਾ ਕਾਇਆ ਭੋਗੀ॥“ (ਪੰ: ੩੫੬)। ਗੁਰਬਾਣੀ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ ਪਰ ਉਹਨਾਂ ਵਿਚ ਆਈਆਂ ਕੁਰੀਤੀਆਂ ਨੂੰ ਉਜਾਗਰ ਕਰਕੇ ਉਹਨਾਂ ਕੁਰੀਤੀਆਂ ਨੂੰ ਦੂਰ ਕਰਨ ਲਈ ਗੁਰੂ ਦੀ ਅਗਵਾਈ ਹੇਠ ਪਰਭੂ ਦੇ ਨਾਮ ਸਿਮਰਨ ਦਾ ਸੁਝਾ ਦਿੰਦੀ ਹੈ।
ਪੱਛਮੀ ਤਾਕਤਾਂ ਵੱਲੋਂ ਆਪਣੇ ਸਭਿਆਚਾਰ ਅਤੇ ਈਸਈ ਧਰਮ ਨੂੰ ਵਿਸ਼ੇਸ਼ ਅਤੇ ਉਤਮ ਦਰਸਾਉਣਾ ਉਹਨਾਂ ਦੀ ਸਾਮਰਾਜੀ ਨੀਤੀ ਦਾ ਜ਼ਰੂਰੀ ਅੰਗ ਸੀ। ਦਰਅਸਲ ਅੰਗ੍ਰੇਜ਼ੀ ਅਤੇ ਯੂਰਪ ਦੇ ਈਸਾਈਆਂ ਨੂੰ ਭਾਰਤ ਤੇ ਜਿੱਤ ਪਰਾਪਤ ਕਰਕੇ ਆਪਣਾ ਰਾਜ ਸਥਾਪਤ ਕਰਨ ਮਗਰੋਂ ਇਕ ਬਹੁਤ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਭਾਵੇਂ ਉਹਨਾਂ ਭਾਰਤ ਦੇ ਬਹੁਤੇ ਹਿੱਸੇ ਤੇ ਆਪਣਾ ਰਾਜ ਕਾਇਮ ਕਰ ਲਿਆ ਸੀ ਪਰ ਉਹ ਹਿੰਦੂ ਜਨਤਾ ਦਾ ਸਤਿਕਾਰ ਪਰਾਪਤ ਕਰਨ ਵਿਚ ਸਫਲ ਨਹੀਂ ਹੋਏ ਸਨ। ਜਦੋਂ ਵੀ ਕੋਈ ਪਤਵੰਤਾ ਹਿੰਦੂ ਅੰਗ੍ਰੇਜ਼ ਪਰਸ਼ਾਸਕ ਨੂੰ ਮਿਲਦਾ ਉਹ ਉਸ ਦੇ ਦਫਤਰ ਜਾਂ ਘਰ ਦਾ ਪਾਣੀ ਤੱਕ ਨਾ ਪੀਂਦਾ ਅਤੇ ਘਰ ਆ ਕੇ ਸਾਰੇ ਕਪੜੇ ਧੋ, ਇਸ਼ਨਾਨ ਕਰ ਅਤੇ ਸੁੱਚਾ ਹੋਣ ਮਗਰੋਂ ਹੀ ਕੁੱਝ ਖਾਂਦਾ ਪੀਂਦਾ। ਪੁਰਤਗੀਜ਼ੀਆਂ ਅਤੇ ਫਰਾਂਸੀਸੀਆਂ ਨੇ ਹਿੰਸਾ ਰਾਹੀਂ ਹਿੰਦੂਆਂ ਦੀ ਸਮਾਜਕ ਘਿਰਨਾ ਦਾ ਹਲ ਲੱਭ ਲਿਆ। ਪਰ ਅੰਗ੍ਰੇਜ਼ ਪਰਸ਼ਾਸਕ ਇਸ ਸਮੱਸਿਆ ਦਾ ਕਾਰਗਰ ਹੱਲ ਲੱਭਣ ਦਾ ਉਪਰਾਲਾ ਕਰਨ ਲੱਗ ਪਏ। ਹਿੰਦੂ ਧਾਰਮਕ ਆਗੂਆਂ ਦੇ ਅੰਗ੍ਰੇਜ਼ ਪਰਸ਼ਾਸਕਾਂ ਨੂੰ ਸ਼ੂਦਰਾਂ ਬਰਾਬਰ ਸਮਝਣ ਦੇ ਬਾਵਜੂਦ ਪਹਿਲਾ ਅੰਗ੍ਰੇਜ਼ ਗਵਰਨਰ ਜਨਰਲ, ਵਾਰਿਨ ਹੇਸਟਿੰਗਜ਼
(Warren Hastings) (੧੭੭੩-੧੭੮੫), ਸਨਾਤਨੀ ਧਾਰਮਕ ਸਰੋਤਾਂ ਦਾ ਪਰਸੰਸਕ ਹੋ ਗਿਆ। ਅੰਗ੍ਰੇਜ਼ ਚਿੰਤਕਾਂ ਅਤੇ ਪ੍ਰਬੰਧਕਾਂ ਨੇ, ਮੁਸਲਮਾਨ ਸ਼ਾਸਕਾਂ ਤੋਂ ਉਲਟ, ਹਿੰਦੂ ਆਗੂਆਂ ਦੀ ਯੂਰਪੀਆਂ ਪ੍ਰਤੀ ਘਿਰਨਾ ਸਮਾਪਤ ਕਰਨ ਅਤੇ ਆਪਣੀ ਸੋਚ ਅਤੇ ਰਾਜ ਪ੍ਰਤੀ ਮਾਨਸਕ ਅਧੀਨਗੀ ਉਤੇਜਿਤ ਕਰਨ ਲਈ ਦੋ ਢੰਗ ਵਰਤੇ। ਇਕ, ਉਹਨਾਂ ਨੇ ਵੇਦਾਂ ਅਤੇ ਹਿੰਦੂ ਸ਼ਾਸਤਰਾਂ ਦਾ ਗੰਭੀਰ ਅਤੇ ਪਰਸੰਸਾ ਪੂਰਨ ਅਧਿਐਨ ਅਤੇ ਅਨੁਵਾਦ ਕੀਤਾ, ਅਤੇ ਉਹਨਾਂ ਨੂੰ ਇੰਡੌਲੌਜੀ (Indology) ਨਾਂ ਦੇ ਅਕਾਦਮਿਕ ਵਿਸ਼ੇ ਵਜੋਂ ਮਾਨਤਾ ਦਿੱਤੀ, ਜਿਥੋਂ ਅਕਾਦਮਿਕ ਅਦਾਰਿਆਂ ਵਿਚ ਧਰਮ ਦੇ ਅਧਿਐਨ ਦਾ ਮੁਢ ਬੱਝਾ। ਉਹਨਾਂ ਨੇ ਸੰਸਕ੍ਰਿਤ ਭਾਸ਼ਾ, ਜੋ ਹਿੰਦ-ਯੂਰਪੀ (Indo-European) ਜਾਂ ਹਿੰਦ-ਜਰਮੇਨਕ (Indo-Germanic) ਭਾਸ਼ਾਵਾਂ ਦਾ ਭਾਗ ਹੈ, ਵਿਚ ਲਿਖੇ ਹਿੰਦੂ ਧਾਰਮਕ ਗ੍ਰੰਥਾਂ ਦੀ ਵਿਚਾਰਧਾਰਾ ਦੀ ਪਰਸੰਸਾ ਕੀਤੀ ਪਰ ਉਹਨਾਂ ਨੂੰ ਈਸਾਈ ਮਤ ਦੀਆਂ ਪਰਚਲਤ ਸੋਚ ਸ਼੍ਰੇਣੀਆਂ ਨਾਲ ਤੁਲਣਾ ਕਰ ਕੇ ਈਸਾਈ ਮਤ ਦੀ ਵਿਚਾਰਧਾਰਾ ਤੋਂ ਵਖਰਾ, ਦੂਸਰਾ ਅਤੇ ਨੀਵਾਂ ਦਰਸਾਇਆ। ਅੰਗ੍ਰੇਜ਼ ਚਿੰਤਕ ਹਿੰਦੂ ਧਰਮ ਦੇ ਪਰਚਲਤ ਬਦਲੇ ਹੋਏ ਵਿਹਾਰ ਅਤੇ ਧਾਰਮਕ ਰੀਤਾਂ ਨੂੰ ਧਰਮ ਮੰਨਣ ਤੋਂ ਇਨਕਾਰੀ ਸਨ। ਦੂਜਾ, ਉਹਨਾਂ ਲਾਰਡ ਮਕਾਲੇ (Lord Macaulay) ਦੀ ਸ਼ਿਫਾਰਸ਼ ਤੇ ਅੰਗ੍ਰੇਜ਼ੀ ਭਾਸ਼ਾ ਨੂੰ ਭਾਰਤ ਵਿਚ ਸਿੱਖਿਆ ਦਾ ਮਾਧਿਅਮ ਬਣਾਇਆ ਤਾਂ ਜੋ ਭਾਰਤੀਆਂ ਦੀ ਸੋਚ ਨੂੰ ਪੱਛਮ ਪੱਖੀ ਬਣਾ ਕੇ ਉਹਨਾਂ ਵਿਚ ਭਾਰਤੀ ਸਭਿਆਚਾਰ ਬਾਰੇ ਹੀਣ ਭਾਵਨਾ ਪੈਦਾ ਕੀਤੀ ਜਾ ਸਕੇ। ਪੱਛਮੀ ਵਿਚਾਰਧਾਰਾ ਤੋਂ ਪਰਭਾਵਿਤ ਅੰਗ੍ਰੇਜ਼ੀ ਭਾਸ਼ਾ ਵਿਚ ਰਸਮੀ ਸਿੱਖਿਆ ਨੇ ਭਾਰਤੀ ਵਿਦਿਆਰਥੀਆਂ ਦੇ ਦਿਮਾਗਾਂ ਨੂੰ ਐਸਾ ਪਰੋਗਰਾਮ (Program) ਕੀਤਾ ਕਿ ਪੜ੍ਹੇ ਲਿਖੇ ਭਾਰਤੀਆਂ ਦੀ ਸੋਚ ਵਿਚੋਂ ਭਾਰਤੀ ਸੰਸਕ੍ਰਿਤੀ ਦੀ ਪਰੰਪਰਾ ਦੇ ਪਰਭਾਵ ਦੀ ਮਾਤਰਾ ਘਟਣੀ ਸ਼ੁਰੂ ਹੋ ਗਈ। ਇਸੇ ਸਿੱਖਿਆ ਪਰਨਾਲੀ ਦੇ ਪਰਭਾਵ ਕਾਰਨ ਅਜੋਕਾ ਭਾਰਤੀ ਸਮਾਜ ਪੱਛਮੀ ਵਿਹਾਰ, ਪਹਿਰਾਵਾ, ਖਾਣਾ, ਬੋਲੀ, ਮਨੋਰੰਜਨ ਅਤੇ ਸਭਿਆਚਾਰਕ ਜੀਵਨ ਸ਼ੈਲੀ ਨਾਲ ਕੀਲਿਆ ਪਿਆ ਹੈ। ਕਈ ਵਰਗਾਂ ਵਿਚ ਪੱਛਮੀ ਸਭਿਆਚਾਰ ਦੇ ਮੁਕਾਬਲੇ ਭਾਰਤੀ ਬੋਲੀ ਅਤੇ ਜੀਵਨ ਸ਼ੈਲੀ ਨੂੰ ਘਟੀਆ ਸਮਝਣ ਦਾ ਰਿਵਾਜ ਹੈ। ਪੱਛਮੀ ਸਿੱਖਿਆ ਦਾ ਫੋਕਸ ਪਦਾਰਥਵਾਦ ਅਤੇ ਉਪਭੋਗਤਾ ਵਾਦ ਹੈ ਜਿਸ ਦੇ ਫਲ ਸਰੂਪ ਪੱਛਮੀ ਸਮਾਜ ਵਿਚ ਸੰਤੋਖ ਘਟ ਪਾਇਆ ਜਾਂਦਾ ਹੈ। ਪੱਛਮ ਵਿਚ ਨਸਲੀ ਅਹੰਕਾਰ ਦਾ ਭਿਆਨਕ ਰੂਪ ਵੀ ਕਿਤੇ-ਕਿਤੇ ਵੇਖਣ ਨੂੰ ਮਿਲਦਾ ਹੈ। ਪੱਛਮ ਦੇ ਪਰਭਾਵ ਅਤੇ ਨਕਲ ਵਿਚ ਭਾਰਤੀਆਂ ਦਾ ਜਾਤੀ ਅਤੇ ਧਾਰਮਕ ਅਹੰਕਾਰ ਅੱਗੇ ਨਾਲੋਂ ਵੱਧ ਅਤੇ ਭਿਆਨਕ ਰੂਪ ਧਾਰਨ ਕਰ ਗਿਆ ਹੈ। ਯੂਰਪੀ ਈਸਾਈ ਮਤ ਦੀ ਪਰਥਾ ਅਤੇ ਸਭਿਆਚਾਰ ਦੇ ਪਰਭਤਾਸ਼ਾਲੀ ਪਰਭਾਵ ਅਤੇ ਸਾਮਰਾਜੀ ਸ਼ਕਤੀਆਂ ਦੀ ਨੀਤੀ ਨੇ ਭਾਰਤੀ ਸਮਾਜ ਅਤੇ ਧਾਰਮਕ ਵਿਚਾਰਧਾਰਾ ਵਿਚ ਅਸੁਖਾਵਾਂ ਪਰੀਵਰਤਨ ਲੈ ਆਂਦਾ ਹੈ ਜਿਸ ਕਾਰਨ ਭਾਰਤ ਦੇ ਲੋਕਾਂ ਵਿਚ ਵੰਡੀਆਂ ਪੈ ਗਈਆਂ ਹਨ ਅਤੇ ਉਹ ਆਪਸ ਵਿਚ ਲੜ ਕੇ ਬਰਬਾਦ ਹੋਣ ਦੇ ਰਾਹ ਪਏ ਹੋਏ ਹਨ। ਪੱਛਮੀ ਸਭਿਆਚਾਰਕ ਪਰਭਾਵ ਅਤੇ ਸਾਮਰਾਜੀ ਕੁਟਲ ਨੀਤੀ ਕਾਰਨ ਹੀ ੧੯੪੭ ਵਿਚ ਲੱਖਾਂ ਪਰਵਾਰਾਂ ਦਾ ਉਜਾੜਾ ਅਤੇ ਮਾਸੂਮ ਲੋਕਾਂ ਦਾ ਘਾਣ ਹੋਇਆ, ਹਿੰਦ-ਪਾਕ ਦੀਆਂ ਦੋ ਜੰਗਾਂ ਹੋਈਆਂ, ਬਾਬਰੀ ਮਸਜਦ ਢਾਹੀ ਗਈ, ਜੂਨ ੧੯੮੪ ਵਿਚ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ, ਨਵੰਬਰ ੧੯੮੪ ਵਿਚ ਸਿੱਖ ਨਾਗਰਿਕਾਂ ਦੀ ਨਸਲਕੁਸ਼ੀ ਹੋਈ ਅਤੇ ਗੁਜਰਾਤ ਦੇ ਮੁਸਲਮਾਨਾਂ ਦਾ ਕਤਲੇ-ਆਮ ਹੋਇਆ। ਸਾਮਰਾਜ ਦੇ ਪਰਭਾਵ ਕਾਰਨ ਹੀ ਭਾਰਤ ਧਰਮ ਨਿਰਪੱਖ ਮਖੌਟੇ ਵਾਲਾ ਹਿੰਦੂ ਰਾਸ਼ਟਰ ਬਣਿਆ ਅਤੇ ਹਿੰਦੂਤਵ ਦੇ ਅਨੁਯਾਈਆਂ ਨੇ ਅੱਧ-ਫੌਜੀ ਸੰਗਠਨ ਬਣਾ ਕੇ ਭਾਰਤ ਦੀ ਧਾਰਮਕ ਸ਼ੁਧੀ ਕਰਨ ਦਾ ਪਰੋਗਰਾਮ ਉਲੀਕਿਆ।
ਅੰਗ੍ਰੇਜ਼ੀ ਰਾਜ, ਪੱਛਮੀ ਸਿੱਖਿਆ ਅਤੇ ਈਸਾਈ ਵਿਚਾਰਧਾਰਾ ਨੇ ਸਿੱਖ ਸ਼ਰਧਾਲੂਆਂ ਨੂੰ ਵੀ ਕਾਫੀ ਪਰਭਾਵਿਤ ਕੀਤਾ ਹੈ। ਉਸ ਪਰਭਾਵ ਬਾਰੇ ਵਿਚਾਰ ਕਰਨ ਤੋਂ ਪਹਿਲੋਂ ਸਿੱਖ ਧਰਮ ਦੇ ਪਿਛੋਕੜ ਤੇ ਸਰਸਰੀ ਨਜ਼ਰ ਮਾਰ ਲੈਣੀ ਉਚਿਤ ਹੋਵੇਗੀ। ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਚੀ ਅਤੇ ਉਸ ਬਾਣੀ ਦੇ ਉਪਦੇਸ਼ ਅਨੁਸਾਰੀ ਜੀਵਨ ਧਾਰ ਕੇ ਗੁਰਬਾਣੀ ਦਾ ਪਰਚਾਰ ਕੀਤਾ। ਗੁਰੂ ਸਾਹਿਬਾਨ ਦੇ ਜੀਵਨ ਕਾਲ ਸਮੇਂ ਹੀ ਗੁਰ ਪਰਵਾਰਾਂ ਦੇ ਕਈ ਸਦੱਸਾਂ ਵੱਲੋਂ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਦੀ ਵਿਰੋਧਤਾ ਹੋਣੀ ਸ਼ੁਰੂ ਹੋ ਗਈ ਸੀ। ਇਸੇ ਵਿਰੋਧਤਾ ਕਾਰਨ ਗੁਰੂ ਅਰਜਨ ਸਾਹਿਬ ਸ਼ਹੀਦ ਕੀਤੇ ਗਏ ਅਤੇ ਅਖੀਰਲੇ ਪੰਜ, ਛੇਵੇਂ ਤੋਂ ਦਸਵੇਂ, ਗੁਰੂ ਸਾਹਿਬਾਨ ਨੂੰ ਪੰਜਾ ਦਰਿਆਵਾਂ ਦੀ ਧਰਤੀ ਛੱਡ ਕੇ ਸਤਲੁਜ ਦੇ ਪੂਰਬ ਦੀ ਪੁਆਧ ਵਿਚ ਆਪਣਾ ਟਿਕਾਣਾ ਬਣਾਉਣਾ ਪਿਆ। ਦਸਵੇਂ ਗੁਰੂ, ਗੋਬਿੰਦ ਸਿੰਘ ਜੀ, ਦੇ ਜੋਤੀ ਜੋਤ ਸਮਾਉਣ ਉਪਰੰਤ ਮਾਧੋ ਦਾਸ ਬੈਰਾਗੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਨੀਤੀ ਤਿਆਗ, ਗੁਰਬਾਣੀ ਉਪਦੇਸ਼ ਵਿਰੁਧ ਬਦਲੇ ਦੀ ਭਾਵਨਾ ਨਾਲ ਮੁਗ਼ਲ ਸਾਸ਼ਨ ਤੇ ਹਮਲਾ ਕਰ ਕੇ ਗੁਰਮਤਿ ਪਰਸਾਰ ਦੇ ਸਾਰੇ ਰਾਹ ਬੰਦ ਕਰਵਾ ਦਿੱਤੇ। ਮੁਗ਼ਲ ਸਾਸ਼ਨ ਨੇ ਗੁਰਮਤਿ ਦੇ ਉਪਾਸ਼ਕਾਂ ਨੂੰ ਮਾਰ ਮੁਕਾਉਣ ਦਾ ਤੱਹੀਯਾ ਕਰ ਲਿਆ ਅਤੇ ਬਹੁਤੇ ਸੱਚੇ ਸੁੱਚੇ ਗੁਰਸਿੱਖ ਸ਼ਹੀਦ ਕਰ ਦਿੱਤੇ। ਗੁਰੂ ਸਾਹਿਬਾਨਾਂ ਦੇ ਪਰਵਾਰਿਕ ਵਿਰੋਧੀਆਂ ਅਤੇ ਉਹਨਾਂ ਦੇ ਸਹਿਯੋਗੀ ਨਿਰਮਲੇ ਅਤੇ ਉਦਾਸੀਆਂ ਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਗੁਰ ਅਸਥਾਨਾਂ ਤੇ ਕਬਜ਼ੇ ਕਰ ਲਏ। ਉਹਨਾਂ ਵਿਚੋਂ ਬਹੁਤੇ ਗੁਰਬਾਣੀ ਵਿਰੋਧੀ ਸਨਾਤਨੀ ਮਰਯਾਦਾ ਲਾਗੂ ਕਰ ਕੇ ਗੁਰਬਾਣੀ ਦੇ ਨਾਂ ਤੇ ਕਰਮ ਕਾਂਡਾਂ ਦਾ ਪਰਚਾਰ ਕਰਨ ਲੱਗ ਪਏ। ਜੇਕਰ ਮਾਧੋ ਦਾਸ ਬੈਰਾਗੀ ਗੁਰੂ ਗੋਬਿੰਦ ਸਿੰਘ ਜੀ ਦੀ ਨੀਤੀ ਦਾ ਪਾਲਣਾ ਕਰਦਾ ਹੋਇਆ ਮੁਗ਼ਲ ਸਾਸ਼ਨ ਤੇ ਧਾਵਾ ਬੋਲ ਕੇ ਮੁਗਲਾਂ ਨੂੰ ਸਿੱਖਾਂ ਦਾ ਵੈਰੀ ਨਾ ਬਣਾਉਂਦਾ ਤਾਂ ਗੁਰਬਾਣੀ ਦੇ ਸਹੀ ਸੰਚਾਰ ਦੇ ਬਹੁਤੇ ਸਾਧਨ ਬਰਕਰਾਰ ਰਹਿਣੇ ਸਨ। ਇਹ ਕਹਿਣਾ ਅਣ ਉਚਿਤ ਨਹੀਂ ਹੋਵੇਗਾ ਕਿ ਮਾਧੋ ਦਾਸ ਦੀ ਭੁਲ ਨੇ ਗੁਰਬਾਣੀ ਦੇ ਸਹੀ ਪਰਚਾਰ ਨੂੰ ਤਕਰੀਬਨ ਸਮਾਪਤ ਕਰਨ ਦੀ ਭੂਮਿਕਾ ਨਿਭਾਈ ਹੈ।
ਗੁਰ ਪਰਵਾਰ ਦੇ ਵਿਰੋਧੀਆਂ ਅਤੇ ਉਹਨਾਂ ਦੇ ਨਿਰਮਲੇ ਅਤੇ ਉਦਾਸੀ ਸਹਿਯੋਗੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਹੀ ਉਪਦੇਸ਼ ਦੀ ਥਾਂ ਗੁਰਬਾਣੀ ਅਤੇ ਸਨਾਤਨੀ ਵਿਚਾਰਧਾਰਾ ਦੇ ਮਿਲਗੋਭੇ ਨੂੰ ਸਿੱਖ ਧਰਮ ਦੀ ਮੁੱਖ ਧਾਰਾ ਬਣਾ ਛੱਡਿਆ। ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਵੀ ਉਹੋ ਵਿਚਾਰਧਾਰਾ ਸਿੱਖ ਧਰਮ ਦੀ ਮੁੱਖ ਧਾਰਾ ਬਣੀ ਰਹੀ। ਉਸ ਵਿਚਾਰਧਾਰਾ ਨੂੰ ਗੁਰਬਾਣੀ ਦੀ ਸਹੀ ਵਿਚਾਰਧਾਰਾ ਆਖਣਾ ਅਣ ਉਚਿਤ ਹੈ। ਜਦੋਂ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕੀਤਾ ਓਦੋਂ ਵੀ ਸਿੱਖ ਧਰਮ ਵਿਚ ਸਨਾਤਨੀ ਵਿਚਾਰਧਾਰਾ ਦਾ ਡੂੰਘਾ ਪਰਭਾਵ ਸੀ ਪਰ ਅੰਗਰੇਜ਼ਾਂ ਨੂੰ ਗੁਰਬਾਣੀ ਅਤੇ ਭਗਤੀ ਲਹਿਰ ਦੀ ਹਿੰਦੂ ਸਭਿਆਚਾਰ ਦੀ ਬੁਨਿਆਦੀ ਜਾਤੀ ਪਰਨਾਲੀ ਨਾਲ ਵਿਰੋਧਤਾ ਦਾ ਵੀ ਗਿਆਨ ਸੀ। ਓਸ ਸਮੇਂ ਗੁਰਬਾਣੀ ਅਤੇ ਹਿੰਦੂ ਸਨਾਤਨੀ ਵਿਚਾਰਧਾਰਾ ਵਿਚ ਚਾਰ ਮੁੱਖ ਭੇਦ ਪਰਤੱਖ ਨਜ਼ਰ ਆਉਂਦੇ ਸਨ: ਗੁਰਬਾਣੀ (੧) ੴ ਦਾ ਉਪਦੇਸ਼ ਕਰਦੀ ਸੀ; (੨) ਜਾਤ ਪਾਤ ਪਰਨਾਲੀ ਦੇ ਵਿਰੁਧ ਮਨੁੱਖੀ ਬਰਾਬਰਤਾ ਦੀ ਹਾਮੀ ਸੀ; (੩) ਗੁਰੂ ਦੀ ਕਿਰਪਾ ਅਤੇ ਅਗਵਾਈ ਨੂੰ ਜ਼ਰੂਰੀ ਸਮਝਦੀ ਸੀ; ਅਤੇ (੪) ਮਨੁੱਖੀ ਮਨ ਨੂੰ ਸਾਧਣ ਦੀ ਵਿਧੀ ਵਿਚ ਗੁਰ-ਸ਼ਬਦ ਦੀ ਅਹਿਮ ਭੂਮਿਕਾ ਮੰਨਦੀ ਸੀ।
ਪੱਛਮੀ ਵਿਦਵਾਨਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਨਣ ਅਤੇ ਸਮਝਣ ਦੀ ਰੁਚੀ ਨਹੀਂ ਸੀ ਉਹ ਤੇ ਸਿੱਖ ਇਤਹਾਸ, ਸਭਿਆਚਾਰ ਅਤੇ ਜਾਤੀ ਪਰਨਾਲੀ ਬਾਰੇ ਜਾਨਣ ਅਤੇ ਲਿਖਣ ਦੇ ਚਾਹਵਾਨ ਸਨ। ਗੁਰਬਾਣੀ ਨਾਲ ਤੇ ਉਸ ਸਮੇਂ ਨਿਰਮਲੇ, ਉਦਾਸੀ ਅਤੇ ਕੁੱਝ ਸੰਪਰਦਾਵਾਂ ਦਾ ਹੀ ਸਰੋਕਾਰ ਸੀ। ਗੁਰਬਾਣੀ ਉਪਦੇਸ਼ ਨੂੰ ਸਮਝਣ ਬਾਰੇ ਅੰਗ੍ਰੇਜ਼ੀ ਰਾਜ ਵੱਲੋਂ ਪਹਿਲਾ ਮਹੱਤਵ ਪੂਰਨ ਜਤਨ ਅਰਨਸਟ ਟ੍ਰੰਪ
(Ernst Trumpp) ਨੂੰ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਕਰਨ ਦੀ ਜ਼ਿੰਮੇਵਾਰੀ ਸੌਂਪਣਾ ਸੀ। ਉਸ ਦੀ ਰਚਨਾ, “The Adi Granth” ੧੮੭੭ ਵਿਚ ਪਰਕਾਸ਼ਤ ਹੋਈ। ਟ੍ਰੰਪ ਦੇ ਪਿਛੋਕੜ, ਸਿਖਲਾਈ ਅਤੇ ਸੋਚ ਤੇ ਈਸਾਈ ਮਤ ਦਾ ਡੂੰਘਾ ਪਰਭਾਵ ਸੀ ਅਤੇ ਹਾਕਮ ਸ਼੍ਰੇਣੀ ਦਾ ਸਹਿਯੋਗੀ ਹੋਣ ਕਾਰਨ ਉਸ ਦੀ ਗੁਰਬਾਣੀ ਪ੍ਰਤੀ ਵਿਦੇਸ਼ੀ ਅਫਸਰਸ਼ਾਹੀ ਵਾਲੀ ਪਹੁੰਚ ਸੀ। ਉਸ ਦਾ ਪਿਛੋਕੜ ਅਤੇ ਮਨੋ ਬਿਰਤੀ ਉਸ ਦੇ ਗੁਰੂ ਗ੍ਰੰਥ ਸਾਹਿਬ ਦੇ ਅਧਿਆਤਮਿਕ ਉਪਦੇਸ਼ ਸਮਝਣ ਵਿਚ ਭਾਰੀ ਮਾਨਸਕ ਰੁਕਾਵਟ ਬਣੇ ਹੋਏ ਸਨ। ਦਰਅਸਲ ਉਹ ਗੁਰਬਾਣੀ ਦੀ ਈਸਾਈ ਮਤ ਅਤੇ ਯੂਰਪ ਵਿਚ ਚਲ ਰਹੇ ਧਾਰਮਕ ਵਿਸ਼ਿਆਂ ਦੇ ਵਿਵਾਦ ਦੇ ਸੰਦਰਭ ਵਿਚ ਸਮੀਖਿਆ ਕਰਨ ਦਾ ਜਤਨ ਕਰ ਰਿਹਾ ਸੀ। ਆਪਣੇ ਇਸ ਮੰਤਵ ਵਿਚ ਤੇ ਭਾਵੇਂ ਉਹ ਬਹੁਤਾ ਸਫਲ ਨਾ ਹੋਇਆ ਪਰ ਉਸ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਈਸਾਈ ਧਾਰਮਕ ਵਿਚਾਰਧਾਰਾ ਦੀਆਂ ਸੋਚ ਸ਼੍ਰੇਣੀਆਂ ਵਿਚ ਉੱਲਥਾ ਕੇ ਢਾਲਣ ਦੀ ਜੋ ਵਿਉਂਤ ਬਣਾਈ ਉਹ ਜ਼ਰੂਰ ਪਰਚਲਤ ਹੋ ਗਈ। ਪੱਛਮੀ ਵਿਦਵਾਨਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਈਸਾਈ ਧਾਰਮਕ ਸੋਚ ਸ਼੍ਰੇਣੀਆਂ ਵਿਚ ਢਾਲ ਕੇ ਸਮਝਣ ਦਾ ਦੂਜਾ ਮਹੱਤਵਪੂਰਨ ਉਪਰਾਲਾ ਐਮ. ਏ. ਮੈਕਾਲਿਫ (M.A. Macauliffe) ਨੇ ੬ ਜਿਲਦਾਂ ਵਿਚ “The Sikh religion” (੧੯੦੯) ਰਚ ਕੇ ਕੀਤਾ, ਅਤੇ ਤੀਜਾ ਡਬਲਯੂ. ਐਚ. ਮੈਕਲੋਡ (“The Sikh religion”) ਨੇ “Guru Nanak and the Sikh religion” (੧੯੬੮) ਪਰਕਾਸ਼ਤ ਕਰਕੇ। ਇਸ ਤੋਂ ਇਲਾਵਾ ਡੰਕਨ ਗਰੀਨਲੀਜ਼ (Duncan Greenlees) ਨੇ “Gospel of Guru Granth Sahib” (੧੯੬੦) ਲਿਖਿਆ ਜਿਸ ਨੂੰ ਥੀਓਸੋਫੀਕਲ ਸੋਸਾਇਟੀ ਨੇ ਪਰਕਾਸ਼ਤ ਕੀਤਾ। ਇਹ ਸਾਰੇ ਪੱਛਮੀ ਵਿਦਵਾਨ ਯੂਰਪ ਦੇ ਈਸਾਈਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਆਪਣੀ ਸਮਝ, ਰੁਚੀ ਅਤੇ ਯੋਗਤਾ ਅਨੁਸਾਰ ਜਾਣਕਾਰੀ ਦੇਣ ਦਾ ਜਤਨ ਕਰ ਰਹੇ ਸਨ। ਉਹਨਾਂ ਦਾ ਗੁਰਬਾਣੀ ਦੀ ਪਵਿੱਤਰਤਾ ਨਾਲ ਕੋਈ ਸਰੋਕਾਰ ਨਹੀਂ ਸੀ ਉਹਨਾਂ ਲਈ ਤੇ ਗੁਰਬਾਣੀ ਇਕ ਧਾਰਮਕ ਵਿਸ਼ਾ ਸੀ। ਦਰਅਸਲ ਉਹ ਗੁਰਬਾਣੀ ਨੂੰ ਈਸਾਈ ਸੋਚ ਵਾਲੇ ਯੂਰਪੀ ਲੋਕਾਂ ਦੀ ਸਮਝ ਵਿਚ ਆਉਣ ਵਾਲੀ ਭਾਸ਼ਾ ਵਿਚ ਉੱਲਥਾ ਰਹੇ ਸਨ ਅਤੇ ਅੰਗ੍ਰੇਜ਼ੀ ਸਿੱਖਿਆ ਪ੍ਰਾਪਤ ਬ੍ਰਿਟਿਸ਼ ਰਾਜ ਦੇ ਸਿੱਖ ਪਰਸੰਸਕਾਂ ਦੀ ਗੁਰਬਾਣੀ ਨੂੰ ਵਖਰੇ ਢੰਗ ਨਾਲ ਪੇਸ਼ ਕਰਨ ਵਿਚ ਰਹਿਨੁਮਾਈ ਕਰ ਰਹੇ ਸਨ। ਉਹਨਾਂ ਦੀਆਂ ਲਿਖਤਾਂ ਤੋਂ ਸੇਧ ਲੈ ਕੇ ਹੀ ਅੰਗ੍ਰੇਜ਼ੀ ਸਿੱਖਿਆ ਪਰਾਪਤ ਸਿੱਖ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਗ੍ਰੇਜ਼ੀ ਅਨੁਵਾਦ ਕੀਤੇ ਅਤੇ ਗੁਰਬਾਣੀ ਉਪਦੇਸ਼ ਦੀ ਪੰਜਾਬੀ ਭਾਸ਼ਾ ਵਿਚ ਵਿਆਖਿਆ ਕੀਤੀ। ਉਹਨਾਂ ਦਾ ਮਨੋਰਥ ਵੀ ਪੱਛਮੀ ਵਿਦਵਾਨਾਂ ਅਤੇ ਪੱਛਮੀ ਵਿਚਾਰਧਾਰਾ ਤੋਂ ਪਰਭਾਵਿਤ ਸਿੱਖਾਂ ਅਤੇ ਭਾਰਤੀਆਂ ਨੂੰ ਗੁਰਬਾਣੀ ਉਪਦੇਸ਼ ਬਾਰੇ ਨਵੀਂ ਪੱਛਮੀ ਸੋਚ ਅਨੁਸਾਰ ਜਾਣਕਾਰੀ ਦੇਣਾ ਸੀ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਗ੍ਰੇਜ਼ੀ ਅਨੁਵਾਦਾਂ ਤੋਂ ਇਲਾਵਾ ਗੁਰਬਾਣੀ ਉਪਦੇਸ਼ ਬਾਰੇ ਪੱਛਮੀ ਸਿਖਿਆ ਪਰਾਪਤ ਪਾਠਕਾਂ ਨੂੰ ਪੱਛਮੀ ਵਿਚਾਰਧਾਰਾ ਤੋਂ ਪਰਭਾਵਤ ਆਧੁਨਿਕ ਸ਼ੈਲੀ ਵਿਚ ਜਾਣਕਾਰੀ ਦੇਣ ਲਈ ਵੀਹਵੀਂ ਸ਼ਤਾਬਦੀ ਦੇ ਪਹਿਲੇ ਦਹਾਕਿਆਂ ਵਿਚ ਚਾਰ ਸਿੱਖ ਵਿਦਵਾਨਾਂ ਦੀਆਂ ਰਚਨਾਵਾਂ ਵਰਨਨਯੋਗ ਹਨ। ਅੰਗ੍ਰੇਜ਼ੀ ਵਿਚ ਗਿਆਨੀ ਸ਼ੇਰ ਸਿੰਘ ਦੀ
“Philosophy of Sikhism” (੧੯੪੪), ਪੰਜਾਬੀ ਵਿਚ ਭਾਈ ਕਾਨ੍ਹ ਸਿੰਘ ਦੇ “ਗੁਰਮਤਿ ਪਰਭਾਕਰ” ਅਤੇ “ਗੁਰਮਤਿ ਸੁਧਾਕਰ”, ਭਾਈ ਵੀਰ ਸਿੰਘ ਦੀ “ਸੰਥਿਆ ਸ੍ਰੀ ਗੁਰੁ ਗ੍ਰੰਥ ਸਾਹਿਬ” (੧੯੫੮) ਅਤੇ ਭਾਈ ਜੋਧ ਸਿੰਘ ਦਾ “ਗੁਰਮਤਿ ਨਿਰਣਯ” (੧੯੩੨)। ਗਿਆਨੀ ਸ਼ੇਰ ਸਿੰਘ ਗੁਰਬਾਣੀ ਦੀ ਪੱਛਮੀ ਫਿਲਾਸਫਰਾਂ ਦੇ ਵਿਚਾਰਾਂ ਨਾਲ ਤੁਲਨਾ ਕਰਕੇ ਗੁਰਬਾਣੀ ਉਪਦੇਸ਼ ਦੀ ਸਚਾਈ ਨੂੰ ਸਿੱਧ ਕਰਨ ਦਾ ਜਤਨ ਕਰਦਾ ਹੈ। ਉਸ ਲਈ ਗੁਰਬਾਣੀ ਦੀ ਸਚਾਈ ਦਾ ਮਾਪ ਦੰਡ ਪੱਛਮੀ ਫ਼ਿਲਾਸਫ਼ਰਾਂ ਦੀ ਵਿਚਾਰਧਾਰਾ ਹੈ। ਭਾਈ ਜੋਧ ਸਿੰਘ ਨੇ “ਗੁਰਮਤਿ ਨਿਰਣਯ” ਵਿਚ ਗੁਰਬਾਣੀ ਵਿਚ ਆਏ ਕੁੱਝ ਸੰਕਲਪਾਂ ਨੂੰ ਪੱਛਮੀ ਵਿਗਿਆਨੀਆਂ ਅਤੇ ਚਿੰਤਕਾਂ ਦੇ ਵਿਚਾਰਾਂ ਦੇ ਅਨੁਕੂਲ ਦੱਸਿਆ ਹੈ।
ਸਿੰਘ ਸਭਾਵਾਂ ਦੇ ਵਿਦਵਾਨਾਂ ਨੇ ਪੱਛਮੀ ਵਿਚਾਰਧਾਰਾ ਦੇ ਪਰਭਾਵ ਅਧੀਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਹੀ ਵਿਆਖਿਆ ਕਰਨ ਦਾ ਉਪਰਾਲਾ ਕਰਨ ਦੇ ਨਾਲ-ਨਾਲ ਸਿੱਖ ਮਤ ਦੇ ਅਨੁਯਾਈਆਂ ਵਿਚ ਇਕ ਵਖਰੇ, ਉਤਮ, ਖ਼ਾਲਸ ਅਤੇ ਵਿਸ਼ੇਸ਼ ਸਮਾਜ ਦੇ ਸਦੱਸ ਹੋਣ ਦੀ ਭਾਵਨਾ ਵੀ ਉਤੇਜਿਤ ਕੀਤੀ। ਗੁਰਬਾਣੀ ਐਸਾ ਕੋਈ ਉਪਦੇਸ਼ ਨਹੀਂ ਕਰਦੀ। ਉਹ ਤੇ ਮਨੁੱਖ ਨੂੰ ਗੁਰੂ ਦੀ ਕਿਰਪਾ ਦੁਆਰਾ ਗੁਰ-ਸ਼ਬਦ ਰਾਹੀਂ ਮਨ ਨੂੰ ਸਾਧਨ ਜਾਂ ਮਾਰਨ ਲਈ ਆਖਦੀ ਹੈ। ਉਹ ਨਿਜੀ ਜੀਵਨ ਵਿਚ ਹਲੀਮੀ, ਸੰਤੋਖ, ਸਹਿਜ ਅਤੇ ਨਾਮ ਸਿਮਰਨ ਧਾਰਨ ਕਰਨ ਦਾ ਉਪਦੇਸ਼ ਕਰਦੀ ਹੈ। ਉਹ ਤੇ “ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥“ (ਪੰ: ੪੭੦) ਅਤੇ ਮਾਨਵਤਾ ਵਿਚ ਸਾਂਝੀਵਾਲਤਾ ਅਤੇ ਪਰੇਮ ਭਾਵਨਾ ਦਾ ਪੈਗਾਮ ਦਿੰਦੀ ਹੈ ਨਾ ਕਿ ਨਿਆਰੇਪਣ ਜਾਂ ਵਿਸ਼ੇਸ਼ ਬਨਣ ਦਾ। ਦਰਅਸਲ ਗੁਰਬਾਣੀ ਮਨੁੱਖ ਨੂੰ ਹਲੀਮੀ ਹੀ ਨਹੀਂ ਸਗੋਂ ਆਪਣੀ ਸੁਤੰਤਰ ਹੋਂਦ, “ਮੈਂ ਹਾਂ”, ਦੇ ਭਰਮ ਨੂੰ ਤਿਆਗਣ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਦੇ ਫੁਰਮਾਨ ਹਨ: “ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂ ਹੀ ਮੈ ਨਾਹੀ॥ ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ॥੧॥ ਮਾਧਵੇ ਕਿਆ ਕਹੀਐ ਭ੍ਰਮੁ ਐਸਾ॥ ਜੈਸਾ ਮਾਨੀਐ ਹੋਇ ਨ ਤੈਸਾ॥“ (ਪੰ: ੬੫੭); “ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ॥ ਅਬ ਹਮ ਤੁਮ ਏਕ ਭਏ ਹਹਿ ਏਕੈ ਦੇਖਤ ਮਨੁ ਪਤੀਆਹੀ॥“ (ਪੰ: ੩੪੦); “ਹਉਮੈ ਕਰੀ ਤਾਂ ਤੂ ਨਾਹੀ ਤੂ ਹੋਵਹਿ ਹਉ ਨਾਹਿ॥“ (ਪੰ: ੧੦੯੨੦। ਹਉਮੈ ਨੂੰ ਅਕਸਰ ਨਿਰਾ ਅਭਿਮਾਨ, ਘੁਮੰਡ ਜਾਂ ਅਹੰਕਾਰ ਸਮਝ ਲਿਆ ਜਾਂਦਾ ਹੈ, ਜੋ ਸਹੀ ਨਹੀਂ ਹੈ। ਹਉਮੈ ਸੁਤੰਤਰ ਹੋਂਦ ਦੇ ਭਰਮ ਦੀ ਉਪਜ ਹੈ। ਸਿੰਘ ਸਭਾਵਾਂ ਅਤੇ ਖਾਲਸਾ ਦੀਵਾਨ ਵੱਲੋਂ ਸਿੱਖਾਂ ਵਿਚ ਨਿਆਰੇਪਣ ਅਤੇ ਉੱਤਮਤਾ ਦਾ ਪਰਚਾਰ ਗੁਰਬਾਣੀ ਵੱਲੋਂ ਬਾਰ-ਬਾਰ ਦ੍ਰਿੜ ਕਰਵਾਏ ਨਿਰਹੰਕਾਰ ਅਤੇ ਨਿਮਰਤਾ ਵਾਲੇ ਜੀਵਨ ਢੰਗ ਦੇ ਵਿਪਰੀਤ ਸੀ। ਸਿੰਘ ਸਭਾਵਾਂ ਦੇ ਵਿਦਵਾਨਾਂ ਨੇ ਗੁਰਬਾਣੀ ਦੀ ਸਹੀ ਵਿਆਖਿਆ ਕਰਨ ਦੇ ਜਤਨ ਤਾਂ ਕੀਤੇ ਪਰ ਸਿੱਖ ਸ਼ਰਧਾਲੂਆਂ ਨੂੰ ਗੁਰਬਾਣੀ ਉਪਦੇਸ਼ ਅਨੁਸਾਰੀ ਜੀਵਨ ਢਾਲਣ ਲਈ ਪਰੇਰਤ ਕਰਨ ਦੀ ਥਾਂ ਨਵਾਂ, ਨਿਆਰਾ ਅਤੇ ਵਖਰਾ ਸਮਾਜ ਸਿਰਜਣ ਲਈ ਉਤਸ਼ਾਹਿਤ ਕਰ ਦਿੱਤਾ ਜਿਸ ਦੇ ਫਲ ਸਰੂਪ ਸਿੱਖ ਸ਼ਰਧਾਲੂਆਂ ਵਿਚ ਗੁਰਬਾਣੀ ਉਪਦੇਸ਼ ਪ੍ਰਤੀ ਰੁਚੀ ਘਟ ਗਈ। ਸਿੱਖਾਂ ਵਿਚ ਨਿਆਰੇ ਅਤੇ ਵਖਰੇ ਬਨਣ ਦੀ ਭਾਵਨਾ ਨੇ ਸਿਆਸੀ ਰੂਪ ਧਾਰਨ ਕਰ ਲਿਆ। ਗੁਰ ਪਰਵਾਰਾਂ ਦੇ ਗੁਰਬਾਣੀ ਉਪਦੇਸ਼ ਵਿਰੋਧੀ ਸਦੱਸਾਂ ਅਤੇ ਉਹਨਾਂ ਦੇ ਨਿਰਮਲੇ ਅਤੇ ਉਦਾਸੀ ਸਹਿਯੋਗੀਆਂ ਨੇ ਗੁਰੂ ਘਰਾਂ ਵਿਚ ਸਨਾਤਨੀ ਕਰਮ-ਕਾਂਡੀ ਰੀਤਾਂ ਚਾਲੂ ਕੀਤੀਆਂ ਸਨ, ਸਿੰਘ ਸਭਾਵਾਂ ਦੇ ਵਿਦਵਾਨਾਂ ਨੇ ਗੁਰਬਾਣੀ ਉਪਦੇਸ਼ ਦੇ ਵਿਪਰੀਤ ਸਿੱਖ ਜਗਤ ਵਿਚ ਵੰਡੀਆਂ ਪਾਊ ਸਿਆਸੀ ਭਾਵਨਾਵਾਂ ਉਤੇਜਿਤ ਕਰਕੇ ਬਹੁਤੇ ਸਿੱਖਾਂ ਦੀ ਰੁਚੀ ਗੁਰਬਾਣੀ ਉਪਦੇਸ਼ ਤੋਂ ਹਟਾ ਕੇ ਸਿਆਸੀ ਗਤੀਵਿਧੀਆਂ ਤੇ ਕੇਂਦਰਤ ਕਰ ਦਿੱਤੀ।
ਗੁਰਬਾਣੀ ਦੇ ਮਾਨਵਤਾ ਦੀ ਬਰਾਬਰੀ ਅਤੇ ਸਾਂਝੀਵਾਲਤਾ ਦੇ ਉਪਦੇਸ਼ ਨੂੰ ਅਣਡਿੱਠ ਕਰਨ ਨਾਲ ਸਿੱਖ ਪੰਜਾਬੀ ਸਭਿਆਚਾਰ ਦੇ ਸਾਂਝੇ ਜੀਵਨ ਨਾਲੋਂ ਟੁੱਟ ਗਏ, ਅਤੇ ਇਕ ਨਿਆਰੇ, ਵਖਰੇ ਅਤੇ ਵਿਸ਼ੇਸ਼ ਸਿੱਖ ਸਮਾਜ ਦੀ ਕਲਪਨਾ ਕਰਨ ਲੱਗ ਪਏ। ਅੰਗ੍ਰੇਜ਼ੀ ਸਾਮਰਾਜ ਸੰਯੁਕਤ ਪੰਜਾਬੀ ਸਭਿਆਚਾਰ ਤੋਂ ਖ਼ੌਫ਼ ਖਾਂਦਾ ਸੀ। ਅੰਗ੍ਰੇਜ਼ੀ ਰਾਜ ਦੀ ਚਿੰਤਾ ਦੂਰ ਕਰਨ ਲਈ ਉਹਨਾਂ ਦੇ ਹਮਾਇਤੀ ਦਯਾਨੰਦ ਗੁਜਰਾਤੀ ਨੇ ਪੰਜਾਬੀ ਸਭਿਆਚਾਰ ਦੀ ਸਾਂਝੀਵਾਲਤਾ ਨੂੰ ਖੇਰੂੰ-ਖੇਰੂੰ ਕਰਨ ਦੀ ਯੋਜਨਾ ਬਣਾਈ। ਉਸ ਨੇ ਖੁੱਲ੍ਹੇ ਤੌਰ ਤੇ ਗੁਰਬਾਣੀ ਅਤੇ ਗੁਰੂ ਸਾਹਿਬਾਨ ਦਾ ਨਿਰਾਦਰ ਕਰਨਾ ਸ਼ੁਰੂ ਕਰ ਦਿੱਤਾ। ਸਿੱਖਾਂ ਨੇ ਉਸ ਦੀ ਇਸ ਨਿਦਣਯੋਗ ਕਾਰਵਾਈ ਨੂੰ ਆਪਣੇ ਸਵੈ ਮਾਨ ਅਤੇ ਧਾਰਮਕ ਸ਼ਰਧਾ ਲਈ ਵੰਗਾਰ ਜਾਣ ਕੇ ਉਸ ਦੀ ਕੜੀ ਵਿਰੋਧਤਾ ਕੀਤੀ। ਉਸ ਨੂੰ ਪਤਾ ਸੀ ਕਿ ਸਿੱਖ ਕਰੋਧ ਵਿਚ ਆ ਕੇ ਉਸ ਦਾ ਪਬਲਿਕ ਤੌਰ ਤੇ ਵਿਰੋਧ ਕਰਨਗੇ ਜਿਸ ਨਾਲ ਉਸ ਦੀ ਹਿੰਦੂ ਅਤੇ ਸਿੱਖਾਂ ਵਿਚ ਫੁਟ ਪਾਉਣ ਦੀ ਯੋਜਨਾ ਸਫਲ ਹੋ ਜਾਵੇਗੀ। ਸਿੰਘ ਸਭਾ ਦੇ ਆਗੂ ਦਯਾਨੰਦ ਦੇ ਵਿਛਾਏ ਜਾਲ ਨੂੰ ਸਮਝਣੋਂ ਅਸਮਰਥ ਰਹੇ ਅਤੇ ਉਸ ਦੀ ਚਾਲ ਵਿਚ ਫਸ ਗਏ। ਪੰਜਾਬੀ ਹਿੰਦੂ ਅਤੇ ਸਿੱਖ ਸਦੀਆਂ ਤੋਂ ਇਕੱਠੇ ਰਹਿੰਦੇ ਆਏ ਸਨ ਅਤੇ ਉਹਨਾਂ ਦੀ ਬਹੁਤ ਪੁਰਾਣੀ ਸਭਿਆਚਾਰਕ ਸਾਂਝ ਸੀ। ਦਯਾਨੰਦ ਗੁਜਰਾਤੀ ਗੈਰ-ਪੰਜਾਬੀ ਸੀ ਅਤੇ ਪੰਜਾਬੀ ਸਮਾਜ ਵਿਚ ਫੁਟ ਪਾਉਣ ਦੇ ਮਨੋਰਥ ਨਾਲ ਪੰਜਾਬ ਆਇਆ ਸੀ। ਜੇਕਰ ਸਿੱਖ ਆਗੂ ਦਯਾਨੰਦ ਦੀ ਘਿਨਾਉਣੀ ਯੋਜਨਾ ਦੇ ਢੌਂਗ ਦਾ ਪਰਦਾ ਫਾਸ਼ ਕਰਕੇ ਆਪਣੇ ਹਿੰਦੂ ਪੜੋਸੀਆਂ ਨੂੰ ਉਸ ਦੀਆਂ ਚਾਲਾਂ ਤੋਂ ਜਾਣੂ ਕਰਵਾਉਣ ਦਾ ਜਤਨ ਕਰਦੇ ਤਾਂ ਸੰਭਵ ਹੈ ਕਿ ਹਿੰਦੂ ਸਿੱਖਾਂ ਵਿਚ ਏਨੀ ਦੂਰੀ ਪੈਦਾ ਨਾ ਹੁੰਦੀ। ਇਹ ਵੀ ਸੱਚ ਹੈ ਕਿ ਸਾਮਰਾਜੀ ਸ਼ਕਤੀਆਂ ਦਯਾਨੰਦ ਦੀਆਂ ਪਾੜ ਪਾਊ ਕਾਰਵਾਈਆਂ ਵਿਚ ਭਾਗੀਦਾਰ ਸਨ ਇਸ ਲਈ ਉਸ ਦੀਆਂ ਕਾਰਵਾਈਆਂ ਨੂੰ ਠਲ੍ਹ ਪਾਉਣੀ ਸੌਖੀ ਨਹੀਂ ਸੀ। ਦਯਾਨੰਦ ਗੁਜਰਾਤੀ ਪੰਜਾਬੀਆਂ ਵਿਚ ਫੁਟ ਅਤੇ ਨਫ਼ਰਤ ਦੇ ਬੀਜ ਬੋ ਕੇ ੧੯੪੭ ਅਤੇ ੧੯੮੪ ਦੇ ਕਤਲੇ ਆਮ ਦਾ ਨਿਰਮਾਤਾ ਹੋ ਨਿਬੜਿਆ।
ਅਜੋਕਾ ਹਿੰਦੂ ਧਰਮ ਜਾਤ ਪਾਤ ਦੀ ਬੁਨਿਆਦ ਤੇ ਆਸਰਤ ਸਭਿਆਚਾਰ ਹੈ। ਜੋ ਕੋਈ ਵੀ ਜਾਤ ਪਾਤ ਨੂੰ ਮੰਨਦਾ ਹੈ ਉਹ ਵਾਸਤਵ ਵਿਚ ਹਿੰਦੂ ਹੈ। ਹਿੰਦੂ ਦੀ ਦੂਜੀ ਪਛਾਣ ਇਹ ਹੈ ਕਿ ਉਹ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਕਰਦਾ ਹੈ। ਜੋ ਵੀ ਆਪਣੇ ਇਸ਼ਟ ਦੀ ਮੂਰਤੀ ਜਾਂ ਚਿੰਨ੍ਹ ਬਣਾ ਕੇ ਪੂਜਾ ਕਰਦਾ ਹੈ ਉਹ ਹਿੰਦੂ ਹੈ। ਹਿੰਦੂ ਅਖਵਾਉਣ ਲਈ ਵਿਅਕਤੀ ਨੂੰ ਹਿੰਦੂ ਧਰਮ ਵੱਲੋਂ ਪ੍ਰਵਾਣਤ ਜਾਤ ਵਿਚ ਜਨਮ ਲੈ ਕੇ ਉਸ ਜਾਤ ਦੁਆਰਾ ਆਪਣੀ ਪਛਾਣ ਬਨਾਉਣ ਅਤੇ ਧਾਰਮਕ ਮੂਰਤੀਆਂ ਜਾਂ ਚਿੰਨ੍ਹਾਂ ਦੀ ਪੂਜਾ ਕਰਨਾ ਜ਼ਰੂਰੀ ਸਮਝਿਆ ਜਾਂਦਾ ਹੈ। ਗੁਰਬਾਣੀ ਹਿੰਦੂ ਧਰਮ ਦੀ ਜਾਤ ਪਾਤ ਪਰਨਾਲੀ ਨੂੰ ਅਸਵੀਕਾਰ ਕਰਦੀ ਹੈ, ਅਤੇ ਮਨੁੱਖੀ ਏਕਤਾ ਅਤੇ ਬਰਾਬਰਤਾ ਦੀ ਅਲੰਬਰਦਾਰ ਹੈ। ਗੁਰਬਾਣੀ ਦੇ ਕਥਨ ਹਨ: “ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ॥“ (ਪ: ੮੩) ਅਤੇ “ਗਰਭ ਵਾਸ ਮਹਿ ਕੁਲੁ ਨਹੀ ਜਾਤੀ॥“ (ਪੰ: ੩੨੪)। ਗੁਰਬਾਣੀ ਹਿੰਦੂ ਧਰਮ ਵਾਲੀ ਮੂਰਤੀ ਪੂਜਾ ਨੂੰ ਪਰਵਾਨ ਨਹੀਂ ਕਰਦੀ: “ਦੇਵਾ ਦੇਵੀ ਪੂਜੀਏ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ॥“ (ਪੰ: ੬੩੭) ਅਤੇ “ਏਕੈ ਪਾਥਰੁ ਕੀਜੈ ਭਾਉ॥ ਦੂਜੇ ਪਾਥਰ ਧਰੀਐ ਪਾਉ॥ ਜੋ ਓਹ ਦੇਉ ਤ ਉਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ॥“ (ਪੰ: ੫੨੫)। ਕਿਉਂਕਿ ਗੁਰੂ ਗ੍ਰੰਥ ਸਾਹਿਬ ਹਿੰਦੂ ਧਰਮ ਦੀ ਜਾਤ ਪਾਤ ਰਾਹੀਂ ਮਨੁੱਖਤਾ ਦੀ ਵੰਡ ਅਤੇ ਮੂਰਤੀਆਂ ਜਾਂ ਚਿੰਨ੍ਹਾਂ ਦੀ ਪੂਜਾ ਨੂੰ ਪਰਵਾਨ ਨਹੀਂ ਕਰਦਾ ਹਿੰਦੂ ਗੁਰੂ ਗ੍ਰੰਥ ਸਾਹਿਬ ਨੂੰ ਪਵਿਤਰ ਧਰਮ ਗ੍ਰੰਥ ਮੰਨਣ ਤੋਂ ਇਨਕਾਰੀ ਹਨ। ਜੋ ਲੋਕ ਵੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨੂੰ ਮੰਨ ਕੇ ਆਪਣੇ ਜੀਵਨ ਵਿਚ ਧਾਰਨ ਕਰਦੇ ਹਨ ਉਹ ਹਿੰਦੂ ਨਹੀਂ ਹਨ। ਹਿੰਦੂਆਂ ਅਤੇ ਸਿੱਖਾਂ ਦੇ ਅੰਤਰ ਦੇ ਮਸਲੇ ਬਾਰੇ ਅਜੋਕੇ ਸਿੱਖ ਸਮਾਜ ਦੀ ਸਥਿਤੀ ਕੁੱਝ ਅਸਪਸ਼ਟ ਅਤੇ ਭਰਮਾਊ ਹੈ। ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣਾ ਇਸ਼ਟ ਮੰਨਦੇ ਹਨ। ਗੁਰਬਾਣੀ ਜਾਤ ਪਾਤ ਅਤੇ ਮੂਰਤੀ ਪੂਜਾ ਦਾ ਖੰਡਨ ਕਰਦੀ ਹੈ। ਪਰ ਅਜੋਕੇ ਸਿੱਖ ਸਮਾਜ ਵਿਚ ਜਾਤ ਪਾਤ ਦੀ ਵਿਆਪਕਤਾ ਹੈ ਅਤੇ ਬਹੁਤੇ ਸਿੱਖ ਜਾਤ ਪਾਤ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਆਪਣੀ ਜਾਤ ਦਾ ਪਰਗਟਾਵਾ ਕਰਨ ਵਿਚ ਫਖ਼ਰ ਮਹਿਸੂਸ ਕਰਦੇ ਹਨ। ਸਿੱਖਾਂ ਦੇ ਕਈ ਧਰਮ ਅਸਥਾਨ ਅਤੇ ਬਹੁਤੇ ਧਰਮ ਅਸਥਾਨਾਂ ਦੇ ਪ੍ਰਬੰਧਕ ਜਾਤੀ ਪਰੰਪਰਾ ਨੂੰ ਸਮਰਪਿਤ ਹਨ। ਬਹੁਤੇ ਡੇਰਿਆਂ ਵਿਚ ਪਾਹੁਲ ਛਕਾਉਣ ਸਮੇਂ ਜਾਤ ਦਾ ਖਿਆਲ ਰਖਿਆ ਜਾਂਦਾ ਹੈ। ਕਿਉਂਕਿ ਸਿੱਖ ਸਮਾਜ ਵਿਚ ਹਿੰਦੂ ਸਮਾਜ ਵਾਲੇ ਜਾਤ ਪਾਤੀ ਨਿਯਮ ਪਰਚਲਤ ਹਨ ਇਸ ਲਈ ਇਹ ਆਖਣਾ ਅਣ ਉਚਿਤ ਨਹੀਂ ਹੋਵੇਗਾ ਕਿ ਸਿੱਖ ਸਮਾਜ ਨੇ ਗੁਰਬਾਣੀ ਦੇ ਜਾਤ ਪਾਤ ਦੇ ਉਪਦੇਸ਼ ਨੂੰ ਪਰਵਾਨ ਨਹੀਂ ਕੀਤਾ ਹੈ।
ਦੂਜੇ, ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਕੁੱਝ ਕਾਰਨਾਂ ਕਰਕੇ, ਜਿਨ੍ਹਾਂ ਦਾ ਜ਼ਿਕਰ ਉਪਰ ਕੀਤਾ ਗਿਆ ਹੈ, ਸਿੱਖ ਜਗਤ ਵਿਚ ਗੁਰਬਾਣੀ ਪੜ੍ਹਨ, ਸੁਨਣ, ਸਮਝਣ, ਵਿਚਾਰਨ ਅਤੇ ਗੁਰਬਾਣੀ ਉਪਦੇਸ਼ ਅਨੁਸਾਰ ਮਨ ਸਾਧਣ ਦੀ ਪਰਥਾ ਨਹੀਂ ਬਣ ਪਾਈ ਹੈ। ਅਜੋਕੇ ਸਿੱਖ ਸਮਾਜ ਵਿਚ ਵਿਰਲੇ ਸਿੱਖ ਸ਼ਰਧਾਲੂ ਗੁਰਬਾਣੀ ਉਪਦੇਸ਼ ਪ੍ਰਤੀ ਗੰਭੀਰ ਨਜ਼ਰ ਆਉਂਦੇ ਹਨ। ਬਹੁਤੇ ਸਿੱਖ ਗੁਰਦੁਆਰੇ ਦੇ ਦਰਸ਼ਨ ਕਰਨ ਜਾਂ/ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ, ਵਿਸ਼ੇਸ਼ ਦਿਨ ਅਤੇ ਜਸ਼ਨ ਮਨਾਉਣ, ਜਲਸੇ ਕਰਨ ਜਲੂਸ ਕੱਢਣ ਅਤੇ ਵਿਸ਼ੇਸ਼ ਪਹਿਰਾਵਾ ਪਹਿਨਣ ਨੂੰ ਹੀ ਸਿੱਖ ਧਰਮ ਸਮਝਦੇ ਹਨ। ਥੋੜੇ ਸ਼ਰਧਾਲੂ ਗੁਰਬਾਣੀ ਦੀਆਂ ਨਿਯਮਿਤ ਬਾਣੀਆਂ ਦਾ ਨਿਤਨੇਮ ਵੀ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਧਾਰਮਕ ਸ਼ਰਧਾ ਦਾ ਪਰਤੀਕ ਹੈ ਪਰ ਗੁਰਬਾਣੀ ਪੜ੍ਹਨਾ, ਸੁਨਣਾ, ਸਮਝਣਾ, ਵਿਚਾਰਨਾ ਅਤੇ ਉਸ ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਸੁਧਾਰਨਾ ਵੀ ਇਕ ਸਿੱਖ ਲਈ ਉਤਨਾ ਹੀ ਜ਼ਰੂਰੀ ਹੈ।
ਨਿਰਮਲੇ ਅਤੇ ਉਦਾਸੀ ਵਿਦਵਾਨ ਗੁਰਬਾਣੀ ਨੂੰ ਸਨਾਤਨੀ ਵਿਚਾਰਧਾਰਾ ਨਾਲ ਜੋੜਨ ਦਾ ਜਤਨ ਕਰਦੇ ਰਹੇ ਸਨ। ਸਿੰਘ ਸਭਾ ਦੇ ਬਹੁਤੇ ਵਿਦਵਾਨ ਗੁਰਬਾਣੀ ਨੂੰ ਭਾਰਤੀ ਸਭਿਆਚਾਰ ਵਿਚੋਂ ਵਿਕਸਤ ਹੋਈ ਮਾਨਵਤਾ ਦੇ ਸਤਿਕਾਰ, ਸੁਤੰਤਰਤਾ ਅਤੇ ਕਲਯਾਨ ਲਈ ਵਡਮੁੱਲੀ ਵਿਚਾਰਧਾਰਾ ਮੰਨਣ ਲਈ ਤਿਆਰ ਨਹੀਂ ਹਨ। ਉਹ ਗੁਰਬਾਣੀ ਨੂੰ ਭਾਰਤੀ ਪਰੰਪਰਾ ਨਾਲੋਂ ਤੋੜ ਕੇ ਇਕ ਵਖਰੀ ਅਤੇ ਨਵੀਂ ਵਿਚਾਰਧਾਰਾ ਵਜੋਂ ਪੇਸ਼ ਕਰਦੇ ਹਨ। ਉਹਨਾਂ ਨੂੰ ਇਹ ਤੌਖਲਾ ਲਗਿਆ ਹੋਇਆ ਹੈ ਕਿ ਹਿੰਦੂ ਧਰਮ ਦਾ ਬੋਹੜ ਸਿੱਖ ਧਰਮ ਨੂੰ ਨਿਗਲ ਜਾਵੇਗਾ। ਉਹ ਇਹ ਨਹੀਂ ਮੰਨਦੇ ਕਿ ਹਿੰਦੂ ਧਰਮ ਦੇ ਬੋਹੜ ਦਾ ਹਊਆ ਅੰਗ੍ਰੇਜ਼ੀ ਸਾਮਰਾਜ ਨੇ ਘੜਿਆ ਸੀ। ਨਿਰਮਲੇ ਅਤੇ ਉਦਾਸੀ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੰਜਵਾਂ ਵੇਦ ਸਿੱਧ ਕਰਨ ਦੇ ਬਹੁਤ ਜਤਨ ਕੀਤੇ ਸਨ ਪਰ ਕੋਈ ਵੀ ਹਿੰਦੂ ਵਿਦਵਾਨ ਜਾਤ ਪਾਤ ਪਰਨਾਲੀ ਦਾ ਖੰਡਨ ਕਰਨ ਵਾਲੇ ਗ੍ਰੰਥ ਨੂੰ ਹਿੰਦੂ ਧਾਰਮਕ ਗ੍ਰੰਥਾਂ ਵਿਚ ਸ਼ਾਮਲ ਕਰਨ ਲਈ ਤਿਆਰ ਨਹੀਂ ਸੀ ਹੋਇਆ। ਜੇਕਰ ਦੋ ਸੌ ਸਾਲ ਵਿਚ ਨਿਰਮਲੇ ਅਤੇ ਉਦਾਸੀ ਵਿਦਵਾਨ ਗੁਰਬਾਣੀ ਨੂੰ ਹਿੰਦੂ ਧਰਮ ਦਾ ਹਿਸਾ ਬਨਾਉਣ ਵਿਚ ਸਫਲ ਨਹੀਂ ਹੋ ਸਕੇ ਹੁਣ ਕੌਣ ਗੁਰਬਾਣੀ ਨੂੰ ਹਿੰਦੂ ਧਰਮ ਵਿਚ ਸ਼ਾਮਲ ਕਰਨ ਲਈ ਤਿਆਰ ਹੋ ਜਾਵੇਗਾ? ਫਿਰ ਵੀ ਕਈ ਸਿੱਖ ਵਿਦਵਾਨ ਗੁਰਬਾਣੀ ਉਤੇ ਸਨਾਤਨੀ ਵਿਚਾਰਧਾਰਾ ਦੇ ਪਰਭਾਵ ਤੋਂ ਪਰੇਸ਼ਾਨ ਹਨ। ਸਨਾਤਨੀ ਵਿਚਾਰਧਾਰਾ ਦੇ ਪਰਭਾਵ ਦੇ ਹਊਏ ਨੇ ਕਈ ਵਿਦਵਾਨਾਂ ਦੀ ਮਾਨਸਿਕਤਾ ਤੇ ਏਨਾ ਬੋਝ ਪਾਇਆ ਹੋਇਆ ਹੈ ਕਿ ਉਹ ਗੁਰਬਾਣੀ ਦੇ ਸਰੋਤਾਂ ਅਤੇ ਗੁਰਬਾਣੀ ਵਿਚ ਦਰਸਾਏ ਵਾਤਾਵਰਣ ਬਾਰੇ ਚਿੰਤਤ ਹਨ ਅਤੇ ਰਾਮ ਜਾਂ ਹਰੀ ਕਹਿਣ ਤੋਂ ਕੰਨੀ ਕਤਰਾਉਂਦੇ ਹਨ। ਗੁਰਬਾਣੀ ‘ਧੁਰ’ ਜਾਂ ‘ਖਸਮ” ਕੀ ਬਾਣੀ ਹੈ। ਇਹ ਸਦੀਵੀ ਸੱਚ ਹੈ। ਗੁਰੂ ਸਾਹਿਬਾਨ ਨੇ ਗੁਰਬਾਣੀ ਦੀ ਸ਼ਬਦਾਵਲੀ ਅਤੇ ਅਲੰਕਾਰ ਆਪ ਚੁਣ ਕੇ ਵਰਤੇ ਹਨ ਅਤੇ ਉਹ ਕਿਸੇ ਸਵਾਰਥੀ ਸੋਚ ਜਾਂ ਰਾਜਸੀ ਅਜੰਡੇ ਦੀ ਪਰੋੜ੍ਹਤਾ ਨਹੀਂ ਕਰਦੇ। ਗੁਰਬਾਣੀ ਦੀ ਵਿਆਖਿਆ ਕਰਨ ਸਮੇਂ ਵਿਦਵਾਨਾਂ ਨੂੰ ਕੋਈ ਰੁਕਾਵਟ ਮਹਿਸੂਸ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਸਫਾਈ ਪੇਸ਼ ਕਰਨ ਦੀ ਆਵਸ਼ਕਤਾ ਹੋਣੀ ਚਾਹੀਦੀ ਹੈ।
ਸਿੱਖ ਵਿਦਵਾਨਾਂ ਦਾ ਹਿੰਦੂ ਧਰਮ ਦੇ ਆਗੂਆਂ ਦੀ ਸਿੱਖ ਧਰਮ ਨੂੰ ਖਤਮ ਕਰਨ ਦੀ ਸਾਜ਼ਿਸ਼ ਦੇ ਭਰਮ ਦਾ ਇਕ ਹੋਰ ਕਾਰਨ ਵੀ ਹੋ ਸਕਦਾ ਹੈ। ਆਧੁਨਿਕ ਯੁਗ ਵਿਚ ਤਕਨਾਲੌਜੀ ਨੇ ਜੀਵਨ ਦੀ ਗਤੀ ਤੇਜ਼ ਕਰ ਦਿੱਤੀ ਹੈ, ਵਿਸ਼ਵ ਵਿਆਪੀ ਸਾਮਰਾਜੀ ਪੂੰਜੀਵਾਦ ਸਾਰੀਆਂ ਕੌਮਾਂ ਨੂੰ ਆਪਣੇ ਅਧੀਨ ਕਰਨ ਲਈ ਸਾਜ਼ਸ਼ਾਂ ਘੜ ਰਿਹਾ ਅਤੇ ਜੰਗਾਂ ਛੇੜ ਰਿਹਾ ਹੈ, ਅਤੇ ਉਪਭੋਗਤਾਵਾਦ ਮਨੁੱਖੀ ਜੀਵਨ ਵਿਚ ਅਮੁੱਕ ਇੱਛਾਵਾਂ ਉਤੇਜਿਤ ਕਰ ਰਿਹਾ ਹੈ। ਐਸੇ ਤੇਜ਼ੀ ਨਾਲ ਬਦਲ ਰਹੇ ਵਾਤਾਵਰਣ ਵਿਚ ਅਧਿਆਤਮਿਕ ਵਿਚਾਰਾਂ ਵਿਚ ਦਿਲਚਸਪੀ ਘਟ ਜਾਣੀ ਸੁਭਾਵਕ ਹੈ। ਪਰ ਬਹੁਤੇ ਸਿੱਖ ਸ਼ਰਧਾਲੂ ਜੋ ਗੁਰਦੁਆਰੇ ਜਾਂਦੇ ਅਤੇ ਧਾਰਮਕ ਪ੍ਰੋਗਰਾਮਾਂ ਵਿਚ ਸ਼ਿਰਕਤ ਕਰਦੇ ਹਨ ਉਹਨਾਂ ਵਿਚ ਗੁਰਬਾਣੀ ਉਪਦੇਸ਼ ਬਾਰੇ ਵਿਸਤ੍ਰਤ ਅਗਿਆਨਤਾ ਦਾ ਪਰਗਟਾਵਾ ਜ਼ਰੂਰ ਚਿੰਤਾਜਨਕ ਹੈ। ਇਸ ਦਾ ਇਕ ਸਪਸ਼ਟ ਕਾਰਨ ਇਹ ਹੈ ਕਿ ਸਿੱਖ ਵਿਦਵਾਨ ਸਿੱਖ ਸਮਾਜ ਦਾ ਸਹੀ ਦਿਸ਼ਾ ਨਿਰਦੇਸ਼ਣ ਕਰਨ ਵਿਚ ਅਸਫਲ ਰਹੇ ਹਨ। ਕਈ ਵਿਦਵਾਨ ਇਸ ਖੇਤਰ ਵਿਚ ਆਪਣੀ ਅਸਫਲਤਾ ਛੁਪਾਉਣ ਲਈ ਹਿੰਦੂ ਧਾਰਮਕ ਸੰਸਥਾਵਾਂ ਜਾਂ ਬ੍ਰਾਹਮਣਾਂ ਨੂੰ ਕੋਸਣ ਲੱਗ ਪੈਂਦੇ ਹਨ। ਹਿੰਦੂ-ਸਿੱਖ ਮਸਲਾ ਅੰਗਰੇਜ਼ਾਂ ਦਾ ਖੜ੍ਹਾ ਕੀਤਾ ਹੋਇਆ ਹੈ ਅਤੇ ਹੁਣ ਇਹ ਭਾਰਤ ਅਤੇ ਪੰਜਾਬ ਦੀ ਸਿਆਸਤ ਦਾ ਅਨਿਖੜਵਾਂ ਅੰਗ ਬਣ ਚੁੱਕਾ ਹੈ। ਹਾਲ ਦੀ ਘੜੀ ਇਸ ਮਸਲੇ ਦਾ ਹਲ ਲੱਭਣਾ ਕਾਫੀ ਔਖਾ ਜਾਪਦਾ ਹੈ ਕਿਉਂਕਿ ਅਜੋਕੀ ਸਿਆਸਤ ਲੋਕਾਂ ਦੀ ਏਕਤਾ ਅਤੇ ਸ਼ਾਂਤੀ ਭੰਗ ਕਰਨ ਲਈ ਵੰਡੀਆਂ ਅਤੇ ਝਗੜੇ ਪਾਉਣ ਵਿਚ ਰੁੱਝੀ ਹੋਈ ਹੈ। ਅਕਾਦਮਿਕ ਅਦਾਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਧਿਐਨ ਮਹੱਤਵਪੂਰਨ ਹੋ ਗਿਆ ਹੈ ਕਿਉਂਕਿ ਸਿੱਖ ਧਰਮ, ਜੋ ਗੁਰਬਾਣੀ ਦੀ ਉਪਜ ਹੈ, ਬਹੁਤ ਸਾਰੀਆਂ ਸੰਪਰਦਾਵਾਂ ਵਿਚ ਵੰਡਿਆ ਹੋਇਆ ਹੈ। ਹਰ ਸੰਪਰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਆਪਣੀ ਸੰਪਰਦਾ ਦੇ ਮਨੋਰਥ ਨੂੰ ਮੁੱਖ ਰੱਖ ਕੇ ਕਰਦੀ ਹੈ। ਇਸ ਸਮੇਂ ਕੁੱਝ ਗੁਰਦੁਆਰਿਆਂ ਦੀ ਆਮਦਨੀ ਦੇ ਪਰਬੰਧ ਲਈ ਪੰਜਾਬ ਦੇ ਸਿੱਖਾਂ ਵੱਲੋਂ ਚੁਣੀ ਸੰਸਥਾ ਸਿੱਖ ਧਰਮ ਦੀ ਮੁੱਖ ਧਾਰਾ ਦਾ ਨਿਰਨਾ ਕਰਨ ਨੂੰ ਆਪਣਾ ਅਧਿਕਾਰ ਸਮਝਦੀ ਹੈ। ਵੈਸੇ ਸਿੱਖ ਪੁਜਾਰੀ ਵੀ ਗੁਰਬਾਣੀ ਦੀ ਸ਼ੁਧ ਵਿਆਖਿਆ ਅਤੇ ਸਿੱਖ ਧਰਮ ਦੀਆਂ ਰੁਹ ਰੀਤਾਂ ਦੀ ਪਾਲਣਾ ਕਰਨੀ ਆਪਣੀ ਵਿਸ਼ੇਸ਼ ਜ਼ਿੰਮੇਵਾਰੀ ਸਮਝਦੇ ਹਨ ਭਾਵੇਂ ਗੁਰਬਾਣੀ ਪੁਜਾਰੀ ਪਰਥਾ ਨੂੰ ਮਾਨਤਾ ਨਹੀਂ ਦਿੰਦੀ। ਕੁੱਝ ਸਿਆਸੀ ਧੜੇ ਸਿੱਖ ਧਰਮ ਦੇ ਉਪਾਸ਼ਕਾਂ ਦੇ ਹੱਕਾਂ ਦੀ ਰਖਿਆ ਕਰਨ ਦਾ ਮਨੋਰਥ ਘੋਸ਼ਿਤ ਕਰਕੇ ਆਪਣੀ ਪਰਸਿੱਧੀ ਬਨਾਉਣ ਵਿਚ ਰੁੱਝੇ ਹੋਏ ਹਨ। ਗੁਰਬਾਣੀ ਸਿੱਖ ਧਰਮ ਦੀ ਬੁਨਿਆਦ ਅਤੇ ਜੜ ਹੈ ਪਰ ਸਿੱਖ ਸਿਆਸੀ ਧੜਿਆਂ ਦੀਆਂ ਬਹੁਤੀਆਂ ਗਤੀਵਿਧੀਆਂ ਗੁਰਬਾਣੀ ਉਪਦੇਸ਼ ਦੇ ਵਿਰੁਧ ਹੋਣ ਕਾਰਨ ਸਿੱਖਾਂ ਵਿਚ ਗੁਰਬਾਣੀ ਪ੍ਰਤੀ ਓਪਰਾਪਣ ਉਤੇਜਿਤ ਕਰਦੀਆਂ ਹਨ। ਸਿਆਸੀ ਧੜੇ ਸਿੱਖ ਧਰਮ ਵਿਚ ਜਾਤ ਪਾਤੀ ਵਿਤਕਰਾ ਅਤੇ ਮੂਰਤੀ ਪੂਜਾ ਉਤਸ਼ਾਹਿਤ ਕਰਨ ਵਿਚ ਵਿਅਸਤ ਹਨ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨੁੱਖ ਨੂੰ ਗੁਰ-ਸ਼ਬਦ ਦੀ ਓਟ ਰਾਹੀਂ ਆਪਣਾ ਮਨ ਵਸ ਕਰਕੇ ਆਪਣੇ ਨਿਜੀ ਜੀਵਨ ਵਿਚ ਸੁਧਾਰ ਲਿਆਉਣ ਦਾ ਉਪਦੇਸ਼ ਕਰਦੀ ਹੈ। ਗੁਰਬਾਣੀ ਵੱਲੋਂ ਦਰਸਾਏ ਰਾਹ ਤੇ ਚਲ ਕੇ ਹੀ ਸੰਸਾਰ ਵਿਚ ਏਕਤਾ, ਸੁਤੰਤਰਤਾ, ਬਰਾਬਰਤਾ, ਸ਼ਾਂਤੀ ਅਤੇ ਖੁਸ਼ਹਾਲੀ ਆ ਸਕਦੀ ਹੈ। ਗੁਰਬਾਣੀ ਦੇ ਐਸੇ ਉਤਮ ਮਨੁੱਖਤਾ ਵਾਦੀ ਮਨੋਰਥ ਨੇ ਗੁਰਬਾਣੀ ਦੇ ਸੱਚੇ ਉਪਾਸ਼ਕਾਂ ਨੂੰ ਦੂਜੇ ਧਾਰਮਕ ਅਤੇ ਸੰਸਾਰਕ ਵਿਚਾਰਧਾਰਾਵਾਂ ਦੇ ਧਾਰਨੀਆਂ ਦਾ ਮੋਹਰੀ ਬਣਾ ਦਿੱਤਾ ਹੈ। ਹੁਣ ਉਹਨਾਂ ਨੂੰ ਦੂਜੇ ਧਰਮਾਂ ਦੇ ਪਰਭਾਵ ਤੋਂ ਭੈ ਭੀਤ ਨਹੀ ਹੋਣਾ ਚਾਹੀਦਾ। ਹੁਣ ਤੇ ਸਾਧਾਰਣ ਸਿੱਖਾਂ ਨੂੰ ਆਪਣੇ ਜੀਵਨ ਵਿਚੋਂ ਗੁਰਬਾਣੀ ਉਪਦੇਸ਼ ਦੇ ਵਿਪਰੀਤ ਵਿਹਾਰ ਨੂੰ ਮਨਫ਼ੀ ਕਰਨ, ਜਾਤ ਪਾਤ ਅਤੇ ਨਸਲੀ ਵਿਤਕਰੇ ਦੀ ਭਾਵਨਾ ਅਤੇ ਵਿਹਾਰ ਤੋਂ ਛੁਟਕਾਰਾ ਪਾਉਣ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦੇ ਨਾਲ-ਨਾਲ ਗੁਰਬਾਣੀ ਉਪਦੇਸ਼ ਨੂੰ ਸਮਝ ਕੇ ਜੀਵਨ ਵਿਚ ਧਾਰਨ ਕਰਕੇ ਜੀਵਨ ਸੁਧਾਰਨ ਵਲ ਧਿਆਨ ਦੇਣ ਦੀ ਲੋੜ ਹੈ।




.