.

ਜਸਬੀਰ ਸਿੰਘ ਵੈਨਕੂਵਰ

ਜੈਸਾ ਅੰਨ ਤੈਸਾ ਮਨ
(ਭਾਗ ੭)

ਘਰ, ਸਕੂਲ, ਆਲੇ-ਦੁਆਲੇ ਦੇ ਵਾਤਾਵਰਨ ਅਤੇ ਧਰਮ ਮੰਦਰਾਂ ਵਿੱਚੋਂ ਮਿਲ ਰਹੇ ਭੋਜਨ (ਗਿਆਨ) `ਚੋਂ (ਜ਼ਿਆਦਾਤਰ) ਇਨਸਾਨੀਅਤ ਭਰਪੂਰ ਤੱਤ ਗਾਇਬ ਹੋਣ ਕਾਰਨ, ਜਨ-ਸਾਧਾਰਨ ਮਨੁੱਖੀ ਕਦਰਾਂ-ਕੀਮਤਾਂ ਤੋਂ ਮੂੰਹ ਮੋੜੀ ਬੈਠਾ ਹੈ। ਇਸ ਭੋਜਨ ਦੇ ਮਾਰੂ ਪ੍ਰਭਾਵ ਕਾਰਨ ਮਨੁੱਖ ਸਵਾਰਥ ਭਰਪੂਰ ਜੀਵਨ ਨੂੰ ਹੀ ਸਫ਼ਲ ਜੀਵਨ ਸਮਝਣ ਲੱਗ ਪਿਆ ਹੈ। ਮਨੁੱਖ ਅਗਿਆਨਤਾ ਦੇ ਅੰਧੇਪਣ ਦਾ ਸ਼ਿਕਾਰ ਹੋ ਕੇ ਖੂਹ ਦਾ ਡੱਡੂ ਹੀ ਬਣ ਕੇ ਰਹਿ ਜਾਂਦਾ ਹੈ। ਇਸ ਤਰ੍ਹਾਂ ਦਾ ਜੀਵਨ ਜੀਵਿਆਂ, ਮਨੁੱਖ ਨੂੰ ਇਸ ਗੱਲ ਦੀ ਭਿਣਕ ਤੀਕ ਵੀ ਨਹੀਂ ਪੈਂਦੀ ਕਿ ਉਹ ਹਰ ਪਲ ਇਨਸਾਨੀਅਤ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਨਸਾਨੀਅਤ ਤੋਂ ਮੂੰਹ ਮੋੜਨ ਦਾ ਹੀ ਇਹ ਨਤੀਜਾ ਹੈ ਕਿ ਮਨੁੱਖ ਨੂੰ, ਮਨੁੱਖੀ ਜਜ਼ਬਿਆਂ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਅਹਿਮੀਅਤ ਦਾ ਅਹਿਸਾਸ ਤੀਕ ਨਹੀਂ ਹੋ ਰਿਹਾ ਹੈ। ਇਸ ਲਈ (ਆਮ ਤੌਰ `ਤੇ) ਮਨੁੱਖ ਨੇ, ਆਪਣੇ ਜੀਵਨ ਦਾ ਮੁੱਖ ਮਨੋਰਥ ਕੇਵਲ ਧਨ ਇਕੱਠਾ ਕਰਨਾ ਹੀ ਸਮਝਿਆ ਹੋਇਆ ਹੈ। ਮਨੁੱਖ ਦੇ ਜੀਵਨ ਦੀਆਂ (ਲਗ-ਪਗ) ਸਮੂਹ ਸਰਗਰਮੀਆਂ ਦਾ ਕੇਂਦਰ-ਬਿੰਦੂ ਧਨ ਹੀ ਹੈ।
ਧਨ ਤੋਂ ਇਲਾਵਾ, ਮਨੁੱਖ ਆਪਣੀ ਵਿਅਕਤੀਗਤ, ਪਰਵਾਰਕ, ਇਲਾਕਾਈ ਅਤੇ ਕੌਮੀ ਆਦਿ ਪਛਾਣ ਨੂੰ ਬਰਕਰਾਰ ਰੱਖਣ ਲਈ ਜੂਝ ਰਿਹਾ ਹੈ। ਇਸ ਪਛਾਣ ਨੂੰ ਕਾਇਮ ਰੱਖਣ ਵਿੱਚ ਕੋਈ ਬੁਰਾਈ ਤਾਂ ਨਹੀਂ ਹੈ ਜੇਕਰ ਮਨੁੱਖ ਇਸ ਪਛਾਣ ਨੂੰ ਬਰਕਰਾਰ ਰੱਖਣ ਲਈ ਇਨਸਾਨੀ ਕਦਰਾਂ-ਕੀਮਤਾਂ ਨੂੰ ਕੁਰਬਾਨ ਨਾ ਕਰਦਾ। ਪਰ ਮਨੁੱਖ, ਆਪਣੀ ਪਛਾਣ ਬਣਾਈ ਰਖਣ ਲਈ, ਇਨਸਾਨੀਅਤ ਦਾ ਘਾਣ ਕਰਨ ਤੋਂ ਕਿਸੇ ਤਰ੍ਹਾਂ ਕੋਈ ਸੰਗ-ਸੰਕੋਚ ਨਹੀਂ ਕਰ ਰਿਹਾ ਹੈ। ਆਲੇ-ਦੁਆਲੇ ਵਲ ਨਿਗਾਹ ਮਾਰ ਕੇ ਪ੍ਰਤੱਖ ਰੂਪ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਲਗ-ਪਗ ਹਰੇਕ ਥਾਂ (ਕਿਧਰੇ ਘੱਟ ਅਤੇ ਕਿਧਰੇ ਵਧੇਰੇ) ਕੇਵਲ ਧਨ ਕਾਰਨ ਹੀ ਨਹੀਂ ਸਗੋਂ ਜਾਤ-ਪਾਤ, ਦੇਸ਼ ਅਤੇ (ਰਸਮੀ) ਧਰਮ ਆਦਿ ਕਾਰਨ ਕਿਧਰੇ ਸਮੂਹਕ ਰੂਪ ਵਿੱਚ ਕਤਲਾਮ, ਕਿਧਰੇ ਜ਼ਬਰ-ਜਿਨਾਹ ਅਤੇ ਕਿਧਰੇ ਲੱਖਾਂ ਕ੍ਰੋੜਾਂ ਦੀ ਸੰਪਤੀ ਨੂੰ ਸਾੜਿਆ-ਫੂਕਿਆ ਅਤੇ ਲੁਟਿਆ ਜਾ ਰਿਹਾ ਹੈ। ਅਣਮਨੁੱਖੀ ਕਾਰੇ ਕਰਨ ਵਾਲਿਆਂ ਵਿੱਚ ਸਮਾਜ ਦਾ ਹਰੇਕ ਵਰਗ ਸ਼ਾਮਲ ਹੈ। ਇਨਸਾਨੀਅਤ ਦੇ ਕਾਤਲਾਂ ਵਿੱਚ, ਆਮ ਮਨੁੱਖ ਦੀ ਹੀ ਸ਼ਮੂਲੀਅਤ ਨਹੀਂ ਸਗੋਂ ਰਾਜਨੀਤਕ, ਸਮਾਜਿਕ ਅਤੇ (ਕਥਿਤ) ਧਾਰਮਿਕ ਆਗੂਆਂ ਦੀ ਵੀ ਸ਼ਮੂਲੀਅਤ ਹੈ। ਇਹ ਕਥਿਤ ਭ੍ਰਿਸ਼ਟ ਆਗੂ ਕਿਧਰੇ ਤਾਂ ਸਿੱਧੇ, ਕਿਧਰੇ ਅਸਿੱਧੇ ਰੂਪ ਵਿੱਚ ਸ਼ਾਮਲ ਹਨ ਅਤੇ ਕਿਧਰੇ ਖੁੱਲ੍ਹਮ-ਖੁੱਲ੍ਹੇ, ਮਨੁੱਖਤਾ ਨੂੰ ਕਲੰਕਿਤ ਕਰਨ ਵਾਲਿਆਂ ਦੀ ਪੁਸ਼ਤ-ਪਨਾਹੀ ਕਰ ਕੇ ਆਪਣੀ ਤਾਕਤ ਅਤੇ ਸਾਧਨਾ ਦੀ ਦੁਰਵਰਤੋਂ ਕਰ ਰਹੇ ਹਨ।
ਮਨੁੱਖੀ ਮਨ ਉੱਤੇ ਇਸ ਭੋਜਨ ਦੇ ਮਾਰੂ ਅਤੇ ਭਿਅੰਕਰ ਅਸਰ ਦਾ ਹੀ ਇਹ ਪ੍ਰਤੱਖ ਪ੍ਰਭਾਵ ਹੈ ਕਿ ਮਨੁੱਖ ਨੂੰ ਅਣਮਨੁੱਖੀ ਕਾਰਾ ਕਰਦਿਆਂ, ਨਾ ਤਾਂ ਰੰਚ-ਮਾਤਰ ਸੰਕੋਚ ਹੁੰਦਾ ਹੈ ਅਤੇ ਨਾ ਹੀ ਇਸ ਦਾ ਹਿਰਦਾ ਕੰਬਦਾ ਹੈ। ਮਨੁੱਖ, ਸੰਗ-ਸੰਕੋਚ ਕਰਨ ਦੀ ਥਾਂ ਸਗੋਂ ਮਾਣ ਮਹਿਸੂਸ ਕਰਦਾ ਹੈ। ਗੁਰਬਾਣੀ ਵਿੱਚ, ਮਨੁੱਖ ਦੀ ਇਸ ਵਹਿਸ਼ੀਆਨਾ ਰੁਚੀ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ:-
ਪਾਪੁ ਬੁਰਾ ਪਾਪੀ ਕਉ ਪਿਆਰਾ॥ ਪਾਪਿ ਲਦੇ ਪਾਪੇ ਪਾਸਾਰਾ॥ (ਪੰਨਾ ੯੩੫) ਅਰਥ:- (ਹੇ ਪਾਂਡੇ!) ਪਾਪ ਮਾੜਾ (ਕੰਮ) ਹੈ, ਪਰ ਪਾਪੀ ਨੂੰ ਪਿਆਰਾ ਲੱਗਦਾ ਹੈ, ਉਹ (ਪਾਪੀ) ਪਾਪ ਨਾਲ ਲੱਦਿਆ ਹੋਇਆ ਪਾਪ ਦਾ ਹੀ ਖਿਲਾਰਾ ਖਿਲਾਰਦਾ ਹੈ।
ਇਸ ਭੋਜਨ (ਗਿਆਨ) ਦੇ ਮਾਰੂ ਪ੍ਰਭਾਵ ਦਾ ਇੱਕ ਭਿਆਨਕ ਰੂਪ ਇਹ ਵੀ ਹੈ ਕਿ ਮਨੁੱਖੀ ਮਨ ਵਿੱਚ, ਆਪਣੇ ਧੜੇ, ਜਥੇਬੰਦੀ, ਆਪਣੇ ਧਰਮ (ਭਾਵ, ਧਰਮ ਦੀ ਸ਼ਾਖ਼ਾ, ਸੰਪਰਦਾ) ਆਦਿ ਤੋਂ ਮਿਲਣ ਵਾਲੇ ਭੋਜਨ ਬਾਰੇ ਇਹ ਧਾਰਨ ਪਰਪੱਕ ਹੋ ਜਾਂਦੀ ਹੈ ਕਿ ਕੇਵਲ ਇਹ ਭੋਜਨ ਹੀ ਦੁਨੀਆਂ `ਚ ਸਰਬ-ਸ਼੍ਰਸ਼ੇਟ ਅਤੇ ਉੱਤਮ ਹੈ। ਜੇਕਰ ਇਹ ਮਾਣ ਦੂਜਿਆਂ ਨਾਲ ਨਫ਼ਰਤ ਅਤੇ ਅਣਮਨੁੱਖੀ ਵਰਤਾਓ ਦਾ ਕਾਰਨ ਨਾ ਬਣੇ, ਤਾਂ ਇਸ ਵਿੱਚ ਕੋਈ ਬੁਰਾਈ ਨਹੀਂ ਹੈ। ਪਰ ਮਨੁੱਖ ਤਾਂ ਇਸ ਮਾਣ ਵਿੱਚ ਮੱਤਾ ਹੋਇਆ ਇਨਸਾਨੀਅਤ ਤੋਂ ਹੀ ਮੂੰਹ ਮੋੜ ਲੈਂਦਾ ਹੈ। ਤਾਂਹੀਓ! ਇਸ ਮਾਣ ਦੇ ਨਸ਼ੇ ਵਿੱਚ ਚੂਰ ਹੋਇਆ ਮਨੁੱਖ, ਦੂਜਿਆਂ ਨੂੰ ਜ਼ਬਰਦਸਤੀ ਆਪਣਾ ਭੋਜਨ (ਗਿਆਨ ਅਤੇ ਸੋਚ ਆਦਿ) ਖੁਆਉਣ ਅਤੇ ਨਾਹ-ਨੁੱਕਰ ਕਰਨ `ਤੇ ਜਾਨੋਂ ਮਾਰ-ਮੁਕਾਉਣ ਵਰਗੇ ਅਣਮਨੁੱਖੀ ਕਾਰਿਆਂ ਨੂੰ ਮਨੁੱਖਤਾ ਦੇ ਸੇਵਾ ਸਮਝ ਰਿਹਾ ਹੈ। ਇਸ ਤਰ੍ਹਾਂ ਦੀ ਮਨੌਤ ਕਿਸੇ ਇੱਕ ਧਿਰ ਦੀ ਨਹੀਂ ਸਗੋਂ ਹਰੇਕ ਧਿਰ (ਰਾਜਸੀ, ਸਮਾਜਿਕ, ਧਾਰਮਿਕ ਅਤੇ ਨਾਸਤਿਕ ਆਦਿ) ਦੀ ਹੈ।
ਇਸ ਤਰ੍ਹਾਂ ਦੀ ਧਾਰਨਾ ਕਾਰਨ ਹੀ ਮਨੁੱਖ ਜਿੱਥੇ ਵੀ ਖੜਾ ਹੈ, ਉਸ ਥਾਂ ਤੋਂ ਟੱਸ ਤੋਂ ਮੱਸ ਹੋਣ ਲਈ ਤਿਆਰ ਨਹੀਂ ਹੈ। ਭਾਵ, ਜਿਹੋ-ਜਿਹੀ ਇਸ ਦੀ ਧਾਰਨਾ ਬਣ ਚੁਕੀ ਹੈ, ਇਸ ਨੂੰ ਹੀ ਸੱਚ ਮੰਨ ਕੇ ਕਿਸੇ ਹੋਰ ਧਾਰਨਾ ਨੂੰ ਮੰਨਣਾ ਤਾਂ ਕਿਧਰੇ ਰਿਹਾ, ਸੁਣਨ ਲਈ ਵੀ ਤਿਆਰ ਨਹੀਂ ਹੈ। ਉਦਾਹਰਣ ਵਜੋਂ ਜੇਕਰ (ਕਥਿਤ) ਧਾਰਮਿਕ ਦੁਨੀਆ ਵਲ ਨਜ਼ਰ ਮਾਰੀ ਜਾਏ ਤਾਂ ਹਰ ਧਰਮ ਦੇ ਪੈਰੋਕਾਰਾਂ ਵਿੱਚ ਇਹ ਦਿਖਾਈ ਦਿੰਦਾ ਹੈ ਕਿ ਇਕੋ ਧਰਮ ਦੇ ਪੈਰੋਕਾਰਾਂ ਵਿੱਚ ਇਕੋ ਇਸ਼ਟ, ਇਕੋ ਧਰਮ ਗ੍ਰੰਥ ਆਦਿ ਹੋਣ ਦੇ ਬਾਵਜੂਦ ਵੀ ਕਈ ਤਰ੍ਹਾਂ ਦੇ ਮੱਤ-ਭੇਦ ਪਾਏ ਜਾਂਦੇ ਹਨ। ਗੱਲ ਜੇਕਰ ਸਾਧਾਰਨ ਮੱਤ-ਭੇਦਾਂ ਤੀਕ ਹੀ ਸੀਮਤ ਰਹਿੰਦੀ ਤਾਂ ਵੀ ਸ਼ਾਇਦ ਚਿੰਤਾ ਦਾ ਵਿਸ਼ਾ ਨਾ ਹੁੰਦਾ, ਪਰ ਇਹਨਾਂ ਮੱਤ-ਭੇਦਾਂ ਕਾਰਨ, ਇਕੋ ਧਰਮ ਦੇ ਪੈਰੋਕਾਰਾਂ ਦਾ, ਇੱਕ ਦੂਜੇ ਨਾਲ ਨਫ਼ਰਤ ਦਾ ਅਤੁੱਟ ਰਿਸ਼ਤਾ ਕਾਇਮ ਹੋ ਰਿਹਾ ਹੈ। ਮਨੁੱਖ ਇੱਕ ਦੂਜੇ ਦੇ ਨੇੜੇ ਹੋਣ ਦੀ ਥਾਂ ਦੂਰ ਹੋ ਰਿਹਾ ਹੈ। ਇਹ ਦੂਰੀਆਂ ਲਗਾਤਾਰ ਵਧਦੀਆਂ ਹੀ ਜਾਂਦੀਆਂ ਹਨ। ਇਹ ਸਿਲਸਿਲਾ ਘਟਣ ਦੀ ਥਾਂ ਲਗਾਤਾਰ ਵਧਦਾ ਹੀ ਜਾ ਰਿਹਾ ਹੈ।
ਇਹਨਾਂ ਮੱਤ-ਭੇਦਾਂ ਦਾ ਆਧਾਰ ਕਿਤੇ ਸਿਧਾਂਤ ਅਤੇ ਕਿਤੇ ਮਰਯਾਦਾ ਅਰਥਾਤ ਕਰਮ ਕਾਂਡ ਬਣਿਆ ਹੋਇਆ ਹੈ। ਇਹਨਾਂ ਮੱਤ-ਭੇਦਾਂ ਕਾਰਨ, ਹਰੇਕ ਧਿਰ ਇਹ ਦਾਅਵਾ ਕਰਦੀ ਹੈ ਕਿ ਜੋ ਭਾਵ ਉਸ ਦੀ ਸਮਝ ਵਿੱਚ ਆਇਆ ਹੈ, ਉਹ ਹੀ ਅਸਲ ਭਾਵ ਹੈ। ਦੂਜੀ ਧਿਰ ਪਹਿਲੀ ਦੇ ਦਾਅਵੇ ਨੂੰ ਰੱਦ ਕਰਕੇ ਆਪਣਾ ਦਾਅਵਾ ਪੇਸ਼ ਕਰ ਰਹੀ ਹੈ; ਤੀਜੀ ਧਿਰ, ਪਹਿਲੀਆਂ ਦੋਹਾਂ ਦਾਅਵਾ ਨੂੰ ਝੂਠਲਾ ਕੇ ਆਪਣਾ ਦਾਅਵਾ ਪੇਸ਼ ਕਰ ਰਹੀ ਹੈ। ਹਰੇਕ ਧਿਰ ਆਪਣੇ ਹੀ ਨੱਕ ਦੀ ਸੇਧ ਵਿੱਚ ਤੁਰੀ ਜਾ ਰਹੀ ਹੈ। ਹਰ ਕੋਈ ਆਪਣੇ ਢੰਗ ਨਾਲ ਤਰਕ ਪੇਸ਼ ਕਰ ਰਿਹਾ ਹੈ। ਹੈਰਾਨਗੀ ਦੀ ਗੱਲ ਇਹ ਹੈ ਕਿ ਇਸ ਦੌੜ ਵਿੱਚ ਸ਼ਾਮਲ (ਕਈ) ਧਿਰਾਂ, ਆਮ ਤੌਰ `ਤੇ ਇਨਸਾਨੀਅਤ ਨੂੰ ਹੀ ਭੁਲਾ ਦਿੰਦੀਆਂ ਹਨ। ਇਸ ਤਰ੍ਹਾਂ ਦੀ ਕਸ਼ਮਕਸ਼ ਵਿੱਚ ਆਮ ਤੌਰ `ਤੇ ਸੱਚ ਅਲੋਪ ਹੋ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਹਾਲਾਤਾਂ ਉੱਤੇ ਰੋਸ਼ਨੀ ਪਾਉਂਦਿਆਂ ਹੋਇਆਂ ਜਿੱਥੇ ਹੋਰ ਪਹਿਲੂਆਂ ਉੱਤੇ ਚਾਣਨਾ ਪਾਇਆ ਹੈ, ਉੱਥੇ ਕਥਿਤ ਧਾਰਮਿਕ ਆਗੂਆਂ ਵਲੋਂ ਸ਼ਬਦੀ ਜੰਗ ਦਾ ਵੀ ਵਿਸ਼ੇਸ਼ ਤੌਰ ਉੱਤੇ ਵਰਣਨ ਕਰਦਿਆਂ ਕਿਹਾ ਹੈ:-
ਸਚੁ ਕਿਨਾਰੇ ਰਹਿ ਗਇਆ ਖਹਿ ਮਰਦੇ ਬਾਹਮਣ ਮਉਲਾਣੇ। (ਵਾਰ ੧, ਪਉੜੀ ੨੧-ਭਾਈ ਗੁਰਦਾਸ ਜੀ)
ਮਨੁੱਖ ਵਲੋਂ ਇਨਸਾਨੀਅਤ ਵਲ ਪਿੱਠ ਕਰਕੇ ਹੈਵਾਨੀਅਤ ਦੇ ਜੀਵਨ ਜਿਊਂਣ ਦਾ ਕਾਰਨ, ਪ੍ਰਭੂ ਨਹੀਂ ਸਗੋਂ ਚੌਗਿਰਦੇ ਵਿੱਚੋਂ ਮਿਲਣ ਵਾਲਾ ਭੋਜਨ ਹੈ। ਸਵਾਰਥਪੁਣਾ, ਈਰਖ਼ਾ-ਦਵੈਸ਼, ਮੇਰ-ਤੇਰ, ਜਾਤੀ ਅਭਿਮਾਨ, (ਅਗਿਆਨਤਾ ਭਰਪੂਰ) ਧਾਰਮਿਕ ਕਟੜਤਾ, ਪੱਖ-ਪਾਤ ਆਦਿ ਰੱਬੀ ਦਾਤਾਂ ਨਹੀਂ ਹਨ। ਇਹ ਮਨੁੱਖ ਨੂੰ ਆਪਣੇ ਆਲੇ-ਦੁਆਲੇ (ਭਾਵ, ਘਰ, ਸਕੂਲ, ਸਮਾਜਿਕ, ਰਾਜਨੀਤਕ ਅਤੇ ਧਰਮ ਮੰਦਰਾਂ) ਵਲੋਂ ਪਰੋਸੇ ਹੋਏ ਭੋਜਨ (ਗਿਆਨ) ਨੂੰ ਖਾਣ ਦਾ ਸਿੱਟਾ ਹਨ। ਇਹ ਠੀਕ ਹੈ ਕਿ ਇਹ ਸਭ ਕੁੱਝ ਰੱਬੀ ਨਿਆਂ-ਪ੍ਰਣਾਲੀ ਦਾ ਹਿੱਸਾ ਹੈ। ਇਸ ਨਿਆਂ-ਪ੍ਰਣਾਲੀ ਅਨੁਸਾਰ ਜੇਕਰ ਕੋਈ ਮਨੁੱਖ ਜ਼ਹਿਰੀਲਾ ਭੋਜਨ ਖਾਵੇਗਾ ਤਾਂ ਉਸ ਦਾ ਵਿਨਾਸ਼ ਹੋਣਾ ਸੁਭਾਵਿਕ ਹੈ। ਭਾਈ ਗੁਰਦਾਸ ਜੀ ਨੇ ਰੱਬੀ ਨਿਯਮਾਵਲੀ ਦੇ ਇਸ ਪੱਖ ਦਾ ਵਰਣਨ ਕਰਦਿਆਂ ਹੋਇਆ ਕਿਹਾ ਹੈ:-
(ੳ) ਸੋਈ ਪਾਰੋ ਖਾਤਿ ਗਾਤਿ ਬਿਬਿਧਿ ਬਿਕਾਰ ਹੋਤ, ਸੋਈ ਪਾਰੋ ਖਾਤ ਗਾਤ ਹੋਇ ਉਪਚਾਰ ਹੈ। (ਅਰਥ:- ਜਿਵੇਂ ਉਹੋ ਕੱਚਾ ਪਾਰਾ ਖਾਣ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੇ ਰੋਗ ਉਤਪੰਨ ਹੋ ਜਾਂਦੇ ਹਨ ਅਤੇ ਉਹੋ ਹੀ ਸ਼ੁੱਧ ਕੀਤਾ ਪਾਰਾ ਖਾਧਿਆਂ ਸਰੀਰਕ ਰੋਗਾਂ ਦਾ ਇਲਾਜ ਹੁੰਦਾ ਹੈ।)
ਸੋਈ ਪਾਰੋ ਪਰਸਤ ਕੰਚਨਹਿ ਸੋਖ ਲੇਤ, ਸੋਈ ਪਾਰੋ ਪਰਸ ਤਾਂਬੋ ਕਨਿਕ ਧਾਰਿ ਹੈ। (ਅਰਥ:-ਜਿਵੇਂ ਉਸੇ ਕੱਚੇ ਪਾਰੇ ਦੇ ਘੋਲ ਵਿੱਚ ਸੋਨਾ ਪਿਆਂ ਉਡ ਜਾਂਦਾ ਹੈ ਤੇ ਉਸੇ ਰਸਾਇਣ ਰੂਪ ਪਾਰੇ ਨਾਲ ਮਿਲ ਕੇ ਤਾਂਬਾ ਸੋਨੇ ਦਾ ਰੂਪ ਧਾਰ ਲੈਂਦਾ ਹੈ।)
ਸੋਈ ਪਾਰੋ ਅਗਹੁ ਨ ਹਾਥਨ ਕੈ ਗਹਿਓ ਜਾਇ, ਸੋਈ ਪਾਰੋ ਗੁਟਕਾ ਹੁਇ ਸਿਧ ਨਮਸਕਾਰ ਹੈ। (ਅਰਥ:-ਜਿਵੇਂ ਉਹੋ ਪਾਰਾ ਇਤਨਾ ਚਲਾਇਮਾਨ ਹੈ ਕਿ ਹੱਥਾਂ ਨਾਲ ਫੜਿਆ ਨਹੀਂ ਜਾ ਸਕਦਾ, ਪਰ ਉਹੋ ਪਾਰਾ ਜੋਗੀਆਂ ਦਾ ਗੁਟਕਾ (ਗੋਲੀ) ਬਣ ਕੇ ਸਿੱਧਾਂ ਲਈ ਵੀ ਸਤਿਕਾਰ ਜੋਗ ਬਣ ਜਾਂਦਾ ਹੈ।)
ਮਾਨਸ ਜਨਮੁ ਪਾਇ ਜੈਸੀਐ ਸੰਗਤਿ ਮਿਲੈ, ਤੈਸੀ ਪਾਵੈ ਪਦਵੀ ਪ੍ਰਤਾਪ ਅਧਿਕਾਰ ਹੈ॥ (ਅਰਥ:-ਇਸੇ ਤਰ੍ਹਾਂ ਪ੍ਰਾਣੀ ਮਨੁੱਖਾ ਜਨਮ ਪਾ ਕੇ ਜਿਹੋ-ਜਿਹੀ ਸੰਗਤਿ ਵਿੱਚ ਸ਼ਾਮਲ ਹੁੰਦਾ ਹੈ, ਸੰਗਤਿ ਦੇ ਪ੍ਰਭਾਵ ਅਨੁਸਾਰ ਉਹੋ ਜਿਹੀ ਯੋਗਤਾ ਤੇ ਪਦਵੀ ਪਾ ਲੈਂਦਾ ਹੈ।)
(ਅ) ਕਾਹੂ ਦਸਾਕੇ ਪਵਨ ਗਵਨ ਕੈ ਬਰਖਾ ਹੈ, ਕਾਹੂ ਦਸਾਕੇ ਪਵਨ ਬਾਦਰ ਬਿਲਾਤ ਹੈ। (ਅਰਥ:- ਜਿਵੇਂ ਕਿਸੇ ਪਾਸੇ ਦੀ ਹਵਾ ਚਲਣ ਨਾਲ ਵਰਖਾ ਹੁੰਦੀ ਹੈ, ਪਰ ਕਿਸੇ ਪਾਸੇ ਦੀ ਹਵਾ ਬੱਦਲ ਉਡਾ ਦਿੰਦੀ ਹੈ।)
ਕਾਹੂ ਜਲ ਪਾਨ ਕੀਏ ਰਹਤ ਅਰੋਗ ਦੋਹੀ, ਕਾਹੂ ਜਲ ਪਾਨ ਬਿਆਪੇ ਬ੍ਰਿਥਾ ਬਿਲਲਾਤ ਹੈ। (ਅਰਥ:-ਜਿਵੇਂ ਕੋਈ ਪਾਣੀ ਪੀਣ ਨਾਲ ਸਰੀਰ ਅਰੋਗ ਰਹਿੰਦਾ ਹੈ, ਪਰ ਕੋਈ ਹੋਰ ਪਾਣੀ ਪੀਣ ਨਾਲ ਰੋਗ ਆ ਚੰਬੜਦਾ ਹੈ, ਜਿਸ ਨਾਲ ਰੋਗੀ ਰੋਂਦਾ ਕੁਰਲਾਂਦਾ ਹੈ।)
ਕਾਹੂ ਗ੍ਰਿਹ ਕੀ ਅਗਨਿ ਪਾਕ ਸਾਕ ਸਿਧਿ ਕਰੈ, ਕਾਹੂ ਗ੍ਰਿਹ ਕੀ ਅਗਨਿ ਭਵਨੁ ਜਗਤ ਹੈ। (ਅਰਥ:- ਜਿਵੇਂ ਕਿਸੇ ਘਰ ਦੀ ਅਗਨਿ ਪਕਵਾਨ ਤੇ ਸਬਜ਼ੀ ਭਾਜੀ ਤਿਆਰ ਕਰਨ ਵਿੱਚ ਸਹਾਈ ਹੁੰਦੀ ਹੈ, ਪਰ ਕਿਸੇ ਘਰ ਦੀ ਭਵਕੀ ਹੋਈ ਅੱਗ ਘਰ ਨੂੰ ਹੀ ਸਾੜ-ਫੂਕ ਦਿੰਦੀ ਹੈ।)
ਕਾਹੂ ਕੀ ਸੰਗਤ ਮਿਲਿ ਜੀਵਨ ਮੁਕਤਿ ਹੁਇ, ਕਾਹੂ ਕੀ ਸੰਗਤਿ ਮਿਲਿ ਜਮੁਪੁਰਿ ਜਾਤ ਹੈ॥ (ਅਰਥ:- ਇਸੇ ਤਰ੍ਹਾਂ ਕਿਸੇ ਦੀ ਸੰਗਤਿ ਵਿੱਚ ਮਿਲਿਆਂ ਜੀਵਨ-ਮੁਕਤੀ ਪਾਈਦਾ ਹੈ, ਪਰ ਕਿਸੇ ਦੀ ਸੰਗਤਿ ਵਿੱਚ ਮਿਲਿਆਂ ਜਮਪੁਰੀ ਵਿੱਚ ਜਾਈਦਾ ਹੈ।)
ਮਨੁੱਖ ਨੂੰ ਜਿਸ ਤਰ੍ਹਾਂ ਦਾ (ਜ਼ਿਆਦਾਤਰ) ਭੋਜਨ (ਗਿਆਨ, ਸੰਗਤ ਆਦਿ) ਮਿਲ ਰਿਹਾ ਹੈ, ਇਸ ਨਾਲ ਮਨੁੱਖ ਰੋਬਾਟ ਬਣਦਾ ਜਾ ਰਿਹਾ ਹੈ ਅਤੇ ਇਸ ਵਿੱਚੋਂ ਮਨੁੱਖੀ ਜਜ਼ਬੇ ਮਰ ਮਿਟ ਰਹੇ ਹਨ। ਤਾਂਹੀਓ! ਮਨੁੱਖਤਾ ਦੇ ਸੱਚੇ ਹਮਦਰਦਾਂ ਵਲੋਂ ਜੇਕਰ ਕਿਧਰੇ ਸੁਆਦਲਾ ਅਤੇ ਰਿਸ਼ਟ-ਪੁਸ਼ਟ ਭੋਜਨ ਪਰੋਸਿਆ ਵੀ ਜਾ ਰਿਹਾ ਹੈ ਤਾਂ ਜਨ-ਸਾਧਾਰਨ, ਇਸ ਭੋਜਨ ਨੂੰ ਖਾਣਾ ਤਾਂ ਕਿਧਰੇ ਰਿਹਾ, ਅੱਖ ਚੁੱਕ ਕੇ ਵੀ ਨਹੀਂ ਦੇਖਦਾ ਹੈ। ਮਨੁੱਖ, ਪਸ਼ੂਪੁਣੇ ਨੂੰ ਪ੍ਰਫੁੱਲਿਤ ਕਰਨ ਵਾਲੇ ਭੋਜਨ ਨੂੰ ਹੀ ਖਾਣ ਦਾ ਇਤਨਾ ਆਦੀ ਹੋ ਚੁਕਾ ਹੈ ਕਿ ਇਸ ਨੂੰ ਮਨੁੱਖਤਾ ਦ੍ਰਿੜ ਕਰਾਉਣ ਵਾਲਾ ਭੋਜਨ ਚੰਗਾ ਹੀ ਨਹੀਂ ਲਗਦਾ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨ ਵਿੱਚ ਇਸ ਸੱਚ ਨੂੰ ਹੀ ਬਿਆਨ ਕੀਤਾ ਹੋਇਆ ਹੈ:-
ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ॥ (ਪੰਨਾ ੪੯੩) ਅਰਥ:- ਕਾਂ ਅੱਗੇ ਕੋਈ ਸੁਆਦਲਾ ਭੋਜਨ ਰੱਖੀਏ (ਤਾਂ ਉਸ ਨੂੰ ਖਾਣ ਦੇ ਥਾਂ) ਉਹ ਵਿਸ਼ਟਾ ਖਾ ਕੇ, ਵਿਸ਼ਟਾ ਮੂੰਹ ਵਿੱਚ ਪਾ ਕੇ ਖ਼ੁਸ਼ ਹੁੰਦਾ ਹੈ।
ਇਸ ਭੋਜਨ ਦਾ ਹੀ ਇਹ ਪ੍ਰਤੱਖ ਪ੍ਰਭਾਵ ਹੈ ਕਿ ਮਨੁੱਖ ਸੱਚ (ਧਰਮ) ਨਾਲ ਜੁੜਣ ਦੀ ਥਾਂ ਆਪਣੀ ਸੰਸਥਾ, ਗਰੁੱਪ, ਇਲਾਕਾ, ਦੇਸ, ਜਾਤ-ਪਾਤ ਆਦਿ ਨਾਲ ਹੀ ਜੁੜਨ ਵਿੱਚ ਮਾਣ ਮਹਿਸੂਸ ਕਰ ਰਿਹਾ ਹੈ। ਇਹ ਮਾਣ ਮਾੜਾ ਨਹੀਂ ਜੇਕਰ ਇਸ ਮਾਣ ਨਾਲ, ਮਨੁੱਖ ਅੰਦਰ ਉੱਚੀ-ਸੁੱਚੀ ਇਨਸਾਨੀਅਤ ਦਾ ਮਾਦਾ ਪੈਦਾ ਹੁੰਦਾ ਹੋਵੇ। ਜੇ ਮਨੁੱਖ ਆਪਣੇ ਵਡੇਰਿਆਂ ਵਲੋਂ ਦਿਖਾਈ ਹੋਈ ਇਨਸਾਨੀਅਤ ਤੋਂ ਪ੍ਰੇਰਿਨਾ ਲੈ ਕੇ, ਉਹਨਾਂ ਦੇ ਪਦ-ਚਿੰਨ੍ਹਾਂ ਉੱਤੇ ਚਲਦਿਆਂ, ਇਨਸਾਨੀਅਤ ਭਰਪੂਰ ਜੀਵਨ ਜਿਊਂਣ ਲੱਗ ਪਵੇ। ਪਰ ਆਮ ਤੌਰ `ਤੇ ਜਾਤ, ਕੁਲ਼ ਆਦਿ ਦਾ ਮਾਣ ਮਨੁੱਖ ਨੂੰ ਮਨੁੱਖਤਾ ਤੋਂ ਭਟਕਾਉਣ ਦਾ ਹੀ ਕਾਰਨ ਬਣ ਰਿਹਾ ਹੈ। ਇਸ ਲਈ ਆਮ ਤੌਰ `ਤੇ ਅਜਿਹਾ ਹੀ ਦੇਖਣ ਵਿੱਚ ਆਉਂਦਾ ਹੈ ਕਿ ਮਨੁੱਖ ਆਪਣੇ ਧੜੇ ਆਦਿ ਦੀ ਗ਼ਲਤ ਗੱਲ ਜਾਂ ਨੀਤੀ ਦੀ ਹਿਮਾਇਤ ਕਰਨ ਅਤੇ ਦੂਜਿਆਂ (ਭਾਵ, ਆਪਣੇ ਵਿਰੋਧੀਆਂ) ਦੀ ਸੱਚੀ ਗੱਲ ਦੀ ਵੀ ਨਿਖੇਧੀ ਕਰਨ ਵਿੱਚ ਹਮੇਸ਼ਾਂ ਤਤਪਰ ਰਹਿੰਦਾ ਹੈ। ਇਹ ਗੱਲ ਹਰੇਕ ਖੇਤਰ ਵਿੱਚ (ਰਾਜਨੀਤਕ, ਸਮਾਜਿਕ, ਆਰਥਕ ਅਤੇ ਧਾਰਮਿਕ) ਪ੍ਰਤੱਖ ਰੂਪ ਵਿੱਚ ਦੇਖੀ ਜਾ ਸਕਦੀ ਹੈ। ਮਨੁੱਖ ਲਈ ਉਹੀ ਸੱਚ ਹੈ ਜੋ ਇਸ ਨੂੰ ਆਪਣਿਆਂ ਨੇ ਦ੍ਰਿੜ ਕਰਵਾਇਆ ਹੈ। ਕਈ ਵਾਰ ਇਹ ਜਾਣਦਿਆਂ ਹੋਇਆਂ ਵੀ ਕਿ ਜਿਹਨਾਂ ਨੂੰ ਉਹ ਆਪਣਾ ਸਮਝਦਾ ਹੈ, ਉਹ ਗ਼ਲਤ ਹਨ ਪਰ ਫਿਰ ਵੀ ਉਹਨਾਂ ਦਾ ਸਾਥ ਦੇਣ ਅਤੇ ਸਹੀ ਗੱਲ ਕਹਿਣ ਵਾਲਿਆਂ ਦੀ ਨਿਖੇਧੀ ਕਰਨ ਲੱਗ ਪੈਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖ ਦੀ ਇਸ ਸੋਚ ਦਾ ਵਰਣਨ ਕਰਦਿਆਂ ਆਖਿਆ ਹੈ:-
ਫਰੀਦਾ ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ॥ ਜੋ ਸੈਤਾਨਿ ਵੰਞਾਇਆ ਸੇ ਕਿਤ ਫੇਰਹਿ ਚਿਤ॥ (ਪੰਨਾ ੧੩੭੮) ਅਰਥ:-ਹੇ ਫਰੀਦ! (ਭਾਵੇਂ ਕਿਤਨਾ ਹੀ) ਪੁਕਾਰ ਪੁਕਾਰ ਕੇ ਆਖੀਏ (ਕਿਤਨਾ ਹੀ) ਨਿੱਤ ਮੱਤਾਂ ਦੇਈਏ; ਪਰ, ਜਿਨ੍ਹਾਂ ਬੰਦਿਆਂ ਨੂੰ (ਮਨ-) ਸ਼ੈਤਾਨ ਨੇ ਵਿਗਾੜਿਆ ਹੋਇਆ ਹੈ, ਉਹ ਕਿਵੇਂ ( ‘ਦੁਨੀ’ ਵਲੋਂ) ਚਿੱਤ ਫੇਰ ਸਕਦੇ ਹਨ? ।
ਮਨੁੱਖਤਾ ਦੇ ਸੱਚੇ ਹਿਤੈਸ਼ੀਆਂ ਨੇ, ਇਸ ਲਈ ਹੀ ਇਹਨਾਂ ਸਰੋਤਾਂ ਤੋਂ ਮਿਲ ਰਹੇ ਭੋਜਨ ਤੋਂ ਜਨ-ਸਾਧਾਰਨ ਨੂੰ ਸੁਚੇਤ ਕੀਤਾ ਹੈ। ਮਨੁੱਖ ਨੂੰ ਸੱਚੀ-ਸੁੱਚੀ ਇਨਸਾਨੀਅਤ ਦ੍ਰਿੜ ਕਰਵਾ ਕੇ, ਪਸ਼ੂਪੁਣੇ ਤੋਂ ਉਪਰ ਉਠਾਉਣ ਦੀ ਹਰ ਸੰਭਵ ਕੋਸ਼ਸ਼ ਕੀਤੀ ਹੈ। ਮਨੁੱਖਤਾ ਦੇ ਸ਼ੁੱਭ ਚਿੰਤਕਾਂ ਨੇ, ਜਿੱਥੇ ਮਨੁੱਖ ਨੂੰ, ਮਨੁੱਖੀ ਕਦਰਾਂ-ਕੀਮਤਾਂ ਦੀ ਅਹਿਮੀਅਤ ਦ੍ਰਿੜ ਕਰਵਾਈ ਹੈ, ਉੱਥੇ ਨਾਲ ਹੀ ਇਨਸਾਨੀਅਤ ਤੋਂ ਦੂਰ ਲਿਜਾਣ ਵਾਲੇ ਭੋਜਨ ਤੋਂ ਵੀ ਸਾਵਧਾਨ ਕੀਤਾ ਹੈ। ਇਨਸਾਨੀਅਤ ਨੂੰ ਪਿਆਰ ਕਰਨ ਵਾਲਿਆਂ ਨੇ ਮਨੁੱਖ ਨੂੰ, ਮੁੱਖ ਰੂਪ ਵਿੱਚ ਕੇਵਲ ਮਨੁੱਖਤਾ ਹੀ ਦ੍ਰਿੜ ਕਰਵਾਈ ਹੈ। ਅਜਿਹੇ ਪ੍ਰਾਣੀਆਂ ਨੇ ਆਪਣੀ ਜਾਤ, ਸਭਿਆਚਾਰ, ਦੇਸ਼, ਕੌਮ ਅਤੇ ਧਰਮ ਆਦਿ ਨੂੰ ਪ੍ਰਫੁੱਲਿਤ ਕਰਨ ਦੀ ਥਾਂ, ਇਨਸਾਨੀਅਤ ਨੂੰ ਹੀ ਪ੍ਰਫੁੱਲਿਤ ਕਰਨ ਲਈ ਹੰਭਲਾ ਮਾਰਿਆ ਹੈ। ਮਨੁੱਖਤਾ ਦੇ ਸੱਚੇ ਹਿਤੈਸ਼ੀਆਂ ਨੇ ਜਾਤ-ਪਾਤ, ਦੇਸ਼, ਸਭਿਆਚਾਰ ਅਤੇ ਧਰਮ ਆਦਿ ਦੇ ਨਾਮ ਉੱਤੇ ਮਨੁੱਖਤਾ ਨੂੰ ਵੰਡਿਆਂ ਨਹੀਂ ਹੈ। ਉਹਨਾਂ ਨੇ ਤਾਂ ਇਸ ਭਿੰਨਤਾ ਨੂੰ, ਇਕੋ ਬਗ਼ੀਚੀ ਦੇ ਵੱਖ ਵੱਖ ਫੁਲਾਂ ਦੇ ਰੂਪ ਵਿੱਚ ਦੇਖਦਿਆਂ ਹੋਇਆਂ ਇਹਨਾਂ ਨੂੰ ਇਸ ਬਗ਼ੀਚੀ ਦੀ ਖ਼ੂਬਸੂਰਤੀ ਦੇ ਅਨਿਖੜਿਵੇ ਅੰਗ ਦੇ ਰੂਪ ਵਿੱਚ ਸਵੀਕਾਰ ਕੀਤਾ ਹੈ। ਭਾਈ ਗੁਰਦਾਸ ਜੀ ਦੇ ਨਿਮਨ ਲਿਖਤ ਕਬਿੱਤ ਵਿੱਚ ਇਸ ਤਰ੍ਹਾਂ ਦੀ ਧਾਰਨਾ ਦਾ ਹੀ ਪ੍ਰਗਟਾਵਾ ਕੀਤਾ ਹੋਇਆ ਹੈ:-
ਜੈਸੇ ਪਤਿਬ੍ਰਤਾ ਪਰ ਪੁਰਖੈ ਨ ਦੇਖੀਓ ਚਾਹੈ, ਪੂਰਨ ਪਤਬ੍ਰਤਾ ਕੈ ਪੑਤ ਹੀ ਕੈ ਧਿਆਨ ਹੈ। (ਅਰਥ:- ਜਿਵੇਂ ਪਤੀਬ੍ਰਤਾ ਇਸਤ੍ਰੀ ਪਰਾਏ ਪੁਰਖ ਨੂੰ ਵੇਖਣਾ ਨਹੀਂ ਚਾਹੁੰਦੀ ਅਤੇ ਪੂਰਨ ਪਤੀਬ੍ਰਤਾ ਧਰਮ ਦੀ ਧਾਰਨੀ ਹੋਣ ਕਰਕੇ ਉਸ ਦਾ ਧਿਆਨ ਕੇਵਲ ਆਪਣੇ ਪਤੀ ਵਿੱਚ ਹੀ ਹੁੰਦਾ ਹੈ।)
ਸਰ ਸਰਿਤਾ ਸਮੁੰਦ੍ਰ ਚਾਤ੍ਰਿਕ ਨ ਚਾਹੈ ਕਾਹੂ, ਆਸ ਘਨ ਬੂੰਦ ਪ੍ਰਿਅ ਪ੍ਰਿਅ ਗੁਨ ਗਿਆਨ ਹੈ। (ਅਰਥ:-ਜਿਵੇਂ ਪਪੀਹਾ ਕਿਸੇ ਸਰੋਵਰ, ਨਦੀ ਜਾਂ ਸਮੁੰਦਰ ਦਾ ਜਲ ਨਹੀਂ ਚਾਹੁੰਦਾ, ਬੱਦਲ ਦੀ ਸਵਾਂਤੀ ਬੂੰਦ ਦੀ ਇਕੋ ਆਸ ਵਿੱਚ ਪ੍ਰਿਉ ਪ੍ਰਿਉ ਗੁਣ ਗਾਉਣੇ ਹੀ ਉਹ ਜਾਣਦਾ ਹੈ। ਭਾਵ, ਪ੍ਰਿਉ ਪ੍ਰਿਉ ਹੀ ਕੂਕੀ ਜਾਂਦਾ ਹੈ।)
ਦਿਨਕਰ ਓਰ ਭੋਰ ਚਾਹਤ ਨਹੀ ਚਕੋਰ, ਮਨ ਬਚ ਕ੍ਰਮ ਹਿਮ ਕਰ ਪ੍ਰਿਅ ਪ੍ਰਾਨ ਹੈ। (ਅਰਥ:- ਜਿਵੇਂ ਚਕੋਰ ਲੋਅ ਫੁਟਣ `ਤੇ ਵੀ ਸੂਰਜ ਵਾਲੇ ਪਾਸੇ ਵੇਖਣਾ ਵੀ ਨਹੀਂ ਚਾਹੁੰਦਾ, ਕਿਉਂਕਿ ਮਨ ਬਾਣੀ ਅਤੇ ਕਰਮ ਕਰਕੇ ਭਾਵ, ਹਿਤੋਂ ਚਿਤੋਂ, ਚੰਦਰਮਾ ਹੀ ਉਸ ਦਾ ਪ੍ਰਾਣ-ਪਿਆਰਾ ਹੈ।)
ਤੈਸੇ ਗੁਰਸਿਖ ਆਨ ਦੇਵ ਸੇਵ ਰਹਤਿ ਪੈ, ਸਹਜ ਸੁਭਾਵ ਨ ਅਵਗਿਆ ਅਭਮਾਨੁ ਹੈ॥ (ਅਰਥ:- ਤਿਵੇਂ ਸਤਿਗੁਰੂ ਦਾ ਅਨਿੰਨ ਸੇਵਕ ਸਿਖ ਆਪਣੇ ਪ੍ਰਾਣ ਪਿਆਰੇ ਸਤਿਗੁਰੂ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤੇ ਦੀ ਅਰਾਧਨਾ ਤੋਂ ਰਹਿਤ ਹੁੰਦਾ ਹੈ; ਪਰੰਤੂ ਸ਼ਾਤ ਸੁਭਾਵ ਵਿੱਚ ਰਹਿ ਕੇ ਨਾ ਕਿਸੇ ਦਾ ਨਿਰਾਦਰ ਕਰਦਾ ਹੈ ਅਤੇ ਨਾ ਹੀ ਆਪਣੀ ਉੱਤਮਤਾ ਦਾ ਹੰਕਾਰ ਕਰਦਾ ਹੈ।)
ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਨੇ ਮਨੁੱਖ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਦਿਆਂ ਹੋਇਆਂ ਇਹ ਦ੍ਰਿੜ ਕਰਾਇਆ ਹੈ:-
ਆਪਨੋ ਸੁਅੰਨਿ ਜੈਸੇ ਲਾਗਤ ਪਿਆਰੋ ਜੀਅ, ਜਾਨੀਐ ਵੈਸੋ ਈ ਪਿਆਰੋ ਸਕਲ ਸੰਸਾਰ ਕਉ। (ਅਰਥ:-ਜਿਵੇਂ ਆਪਣਾ ਪੁੱਤਰ ਚਿਤ ਨੂੰ ਪਿਆਰਾ ਲਗਦਾ ਹੈ, ਤਿਵੇਂ ਹੀ ਸਮਝਣਾ ਚਾਹੀਦਾ ਹੈ ਕਿ ਸਾਰੇ ਸੰਸਾਰ ਦੇ ਹਰੇਕ ਜੀਵ ਨੂੰ ਆਪੋ ਆਪਣਾ ਪੁੱਤਰ ਪਿਆਰਾ ਹੁੰਦਾ ਹੈ।)
ਆਪਨੋ ਦਰਬੁ ਜੈਸੇ ਰਾਖੀਐ ਜਤਨ ਕਰਿ, ਵੈਸੋ ਈ ਸਮਝਿ ਸਭ ਕਾਹੂ ਕੇ ਬਿਉਹਾਰ ਕਉ। (ਅਰਥ:- ਜਿਵੇਂ ਆਪਣਾ ਧਨ-ਪਦਾਰਥ ਜਤਨ ਕਰ ਕਰਕੇ ਸੰਭਾਲ ਰਖੀਦਾ ਹੈ, ਤਿਵੇਂ ਹੀ ਹਰੇਕ ਮਨੁੱਖ ਦੇ ਮਾਇਕ ਕਾਰ-ਵਿਹਾਰ ਨੂੰ ਸਮਝਣਾ ਚਾਹੀਦਾ ਹੈ।)
ਅਸਤੁਤਿ ਨਿੰਦਾ ਸੁਨਿ ਬਿਆਪਤ ਹਰਖ ਸੋਗ, ਵੈਸੀਐ ਲਗਤ ਜਗ ਅਨਿਕ ਪ੍ਰਕਾਰ ਕਉ। (ਅਰਥ:- ਜਿਵੇਂ ਆਪਣੀ ਉਸਤਤੀ ਸੁਣ ਕੇ ਖ਼ੁਸ਼ੀ ਹੁੰਦੀ ਅਤੇ ਨਿੰਦਿਆ ਸੁਣ ਕੇ ਦੁਖ ਹੁੰਦਾ ਹੈ, ਉਸੇ ਤਰ੍ਹਾਂ ਹੀ ਸਮਝੀਏ ਕਿ ਜਗਤ ਦੇ ਅਨਿਕ ਪ੍ਰਕਾਰੀ ਮਨੁੱਖਾਂ ਨੂੰ ਉਸਤਤੀ ਸੁਣ ਕੇ ਪ੍ਰਸੰਨਤਾ ਹੁੰਦੀ ਹੈ ਤੇ ਨਿੰਦਿਆ ਸੁਣ ਕੇ ਦੁਖ ਲਗਦਾ ਹੈ।)
ਤੈਸੇ ਕੁਲ ਧਰਮੁ ਕਰਮ ਜੈਸੇ ਜੈਸੇੋ ਕਾਕੋ, ਉਤਮ ਕੈ ਮਾਨਿ ਜਾਨਿ ਬ੍ਰਹਮ ਬ੍ਰਿਥਾਰ ਕਉ॥ (ਅਰਥ:-ਇਸੇ ਤਰ੍ਹਾਂ ਕੁਲ-ਰੀਤੀ ਅਨੁਸਾਰ ਜਿਸ ਜਿਸ ਦਾ ਜੈਸਾ ਜੈਸਾ ਕਰਮ-ਧਰਮ (ਕਾਰ-ਵਿਹਾਰ) ਹੁੰਦਾ ਹੈ, ਉਸ ਲਈ ਉਹੋ ਹੀ ਉੱਤਮ ਕਰਕੇ ਮੰਨ ਲੈਣਾ ਚਾਹੀਦਾ ਹੈ। ਇਸ ਵਿੱਚ ਹੀ ਪਾਰਬ੍ਰਹਮ ਦੀ ਸਰਬ-ਵਿਆਪਕਤਾ ਸਮਝੀ ਜਾ ਸਕਦੀ ਹੈ।) (ਭਾਈ ਗੁਰਦਾਸ ਜੀ)
ਮਨੁੱਖਤਾ ਦਾ ਪਾਠ ਪੜ੍ਹਾਉਣ ਵਾਲਿਆਂ ਨੇ ਜਨ-ਸਾਧਾਰਨ ਨੂੰ ਨਾ ਤਾਂ ਆਪਣੇ ਸਭਿਆਚਾਰ, ਇਲਾਕੇ, ਦੇਸ ਅਤੇ ਧਰਮ ਆਦਿ ਉੱਤੇ ਮਾਣ ਕਰਨ ਤੋਂ ਰੋਕਿਆ ਹੈ ਅਤੇ ਨਾ ਹੀ ਇਹਨਾਂ ਨੂੰ ਪ੍ਰਫੁੱਲਿਤ ਕਰਨ ਤੋਂ ਵਰਜਿਆ ਹੈ। ਸੱਚੀ-ਸੁੱਚੀ ਇਨਸਾਨੀਅਤ ਦੇ ਮੁਦਈਆਂ ਨੂੰ ਵੀ ਆਪਣਾ ਸਭਿਆਚਾਰ, ਦੇਸ਼ ਅਤੇ ਧਰਮ ਆਦਿ ਉਸੇ ਤਰ੍ਹਾਂ ਪਿਆਰਾ ਹੁੰਦਾ ਹੈ ਜਿਵੇਂ ਕਿ ਆਮ ਵਿਅਕਤੀ ਨੂੰ। ਪਰੰਤੂ ਆਮ ਵਿਅਕਤੀ ਅਤੇ ਇਨਸਾਨੀਅਤ ਦੇ ਮੁਦਈਆਂ ਦੇ ਪਿਆਰ ਵਿੱਚ ਇੱਕ ਬੁਨਿਆਦੀ ਅੰਤਰ ਹੁੰਦਾ ਹੈ; ਉਹ ਫ਼ਰਕ ਹੈ ਕਿ ਇਨਸਾਨੀਅਤ ਨੂੰ ਪਿਆਰ ਕਰਨ ਵਾਲਿਆਂ ਲਈ ਇਨਸਾਨੀਅਤ ਸਭ ਤੋਂ ਉਪਰ ਹੁੰਦੀ ਹੈ ਜਦ ਕਿ ਜਨ-ਸਾਧਾਰਨ ਲਈ ਜਾਤ-ਪਾਤ, ਦੇਸ਼ ਅਤੇ (ਰਸਮੀ) ਧਰਮ ਆਦਿ ਪਹਿਲਾਂ ਅਤੇ ਮਨੁੱਖਤਾ ਬਾਅਦ ਵਿੱਚ ਹੁੰਦੀ ਹੈ।
ਮਨੁੱਖਤਾ ਦੇ ਅਜਿਹੇ ਹਿਤੈਸ਼ੀਆਂ ਵਲੋਂ ਸਮੇਂ ਸਮੇਂ ਦੇਸ਼-ਭਗਤੀ, ਧਰਮ ਅਤੇ ਧਰਮ ਮੰਦਰਾਂ ਦੇ ਸੰਬੰਧ ਵਿੱਚ ਪ੍ਰਗਟਾਏ ਵਿਚਾਰਾਂ ਦਾ ਵਰਨਣ ਕਰਨਾ ਯੋਗ ਹੋਵੇਗਾ। 'ਦੇਸ਼-ਭਗਤੀ' ਦੇ ਸੰਬੰਧ ਵਿੱਚ 'ਖ਼ਲੀਲ ਜਿਬਰਾਨ' ਦੀ ਇਹ ਲਿਖਤ ਪੜ੍ਹਣ ਯੋਗ ਹੈ:
“ਆਪਣੇ ਸੁਹਾਵਨੇ ਵਤਨ ਲਈ ਮੇਰੇ ਮਨ ਵਿੱਚ ਸੱਚਮੁੱਚ ਪ੍ਰੇਮ-ਭਾਵਨਾ ਹੈ ਅਤੇ ਮੈਂ ਗ਼ਰੀਬੀ ਕਰਕੇ ਆਪਣੇ ਦੇਸ਼-ਵਾਸੀਆਂ ਨਾਲ ਦਿਲੋਂ-ਮਨੋਂ ਪਿਆਰ ਕਰਦਾ ਹਾਂ, ਪਰ ਜੇ ਇਹ ਲੋਕ ਬਗ਼ਾਵਤ ਕਰਨ ਤੇ ਲੁੱਟਮਾਰ ਕਰਨ ਲਈ ਹੋਰਾਂ ਦਾ ਖ਼ੂਨ-ਖ਼ਰਾਬਾ ਕਰਨ, ਪੜੋਸੀ ਦੇਸ਼ `ਤੇ ਧਾਵਾ ਬੋਲਣ ਤਾਂ ਮੈਂ ਇਹਨਾਂ ਇਨਸਾਨੀਅਤ ਦੇ ਕਾਤਲਾਂ ਨਾਲ ਨਫ਼ਰਤ ਹੀ ਕਰਾਂਗਾ।
ਮੈਂ ਆਪਣੀ ਜਨਮ-ਭੂਮੀ ਦੀ ਸਿਫ਼ਤ ਕਰਦਾ ਨਹੀਂ ਥਕਦਾ; ਇਹ ਮੇਰੇ ਬਚਪਨ ਦੀ ਖੇਡ-ਭੂਮੀ ਹੈ, ਜਿੱਥੇ ਮੈਂ ਨੱਚਿਆ, ਕੁੱਦਿਆ ਤੇ ਵਧਿਆ ਫੁਲਿਆ। ਪਰ ਜੇ ਇਸ ਦੇਸ਼ ਦੇ ਲੋਕ ਨਿਆਸਰੇ ਰਾਹੀਆਂ ਨੂੰ ਆਸਰਾ ਦੇਣ ਅਤੇ ਅੰਨ-ਪਾਣੀ ਦੀ ਸੇਵਾ ਤੋਂ ਵੀ ਇਨਕਾਰ ਕਰਨ ਤਾਂ ਮੈਂ ਉਪਰੋਕਤ ਉਸਤਤ-ਮਹਿਮਾ ਤੇ ਦਰਸ਼ਨ-ਲਾਲਸਾ ਨੂੰ ਭੁਲਾ ਦੇਣਾ ਹੀ ਠੀਕ ਸਮਝਾਂਗਾ, ਮੇਰੇ ਅੰਦਰ ਦੀ ਆਵਾਜ਼ ਕਹਿ ਰਹੀ ਹੈ ਕਿ ਜੋ ਗ਼ਰੀਬਾਂ ਦੀ ਸੇਵਾ ਦੇ ਕੰਮ ਨਹੀਂ ਆਉਂਦਾ, ਉਹ ਘਰ ਬੇਕਾਰ ਤੇ ਢਾਹੇ ਜਾਣ ਦੇ ਲਾਇਕ ਹੈ।”

ਸਤ ਪੁਰਸ਼ਾਂ ਦਾ ਇਹ ਵਿਸ਼ਵਾਸ ਹੈ ਕਿ ਸੱਚਾ-ਸੁੱਚਾ ਇਨਸਾਨ ਹੀ ਚੰਗਾ ਨਾਗਰਿਕ ਅਤੇ ਸੱਚਾ ਧਰਮੀ ਹੋ ਸਕਦਾ ਹੈ। ਇਹੋ-ਜਿਹਾ ਨੇਕ ਇਨਸਾਨ, ਮਨੁੱਖ ਦੀ ਪਛਾਣ ਜਾਤ-ਪਾਤ, ਇਲਾਕਾ, ਦੇਸ਼, ਕੌਮ ਜਾਂ ਧਰਮ ਦੇ ਆਧਾਰ `ਤੇ ਕਰਨ ਦੀ ਥਾਂ, ਉਸ ਦੇ ਚੰਗੇ ਜਾਂ ਮਾੜੇ ਆਚਰਣ ਤੋਂ ਕਰਦਾ ਹੈ। ਚੰਗਾ ਇਨਸਾਨ ਹਰੇਕ ਖੇਤਰ ਵਿੱਚ ਹੀ (ਧਾਰਮਿਕ, ਸਮਾਜਿਕ, ਆਰਥਿਕ, ਰਾਜਨੀਤਕ ਖੇਤਰ ਅਤੇ ਆਪਸੀ ਰਿਸ਼ਤਿਆਂ ਆਿਦ ਨੂੰ ਨਿਭਾਉਣ `ਚ) ਹਰ ਸਮੇਂ, ਇਨਸਾਨੀ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਦਾ ਹੈ। ਭੈੜਾ ਇਨਸਾਨ ਨਾ ਤਾਂ ਚੰਗਾ ਨਾਗਰਿਕ ਬਣ ਸਕਦਾ ਹੈ, ਨਾ ਹੀ ਸੱਚਾ ਦੇਸ਼-ਭਗਤ ਅਤੇ ਨਾ ਹੀ ਸੱਚਾ ਧਰਮੀ ਅਤੇ ਨਾ ਹੀ ਚੰਗਾ ਰਾਜਨੀਤਕ ਆਦਿ ਬਣ ਸਕਦਾ ਹੈ।
(ਨੋਟ:- ਕਈ ਵਿਦਵਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਸ਼-ਭਗਤ ਦੇ ਰੂਪ ਵਿੱਚ ਦੇਖਦੇ ਹਨ। ਪਰ ਗੁਰੂ ਸਾਹਿਬਾਨ ਦਾ ਆਦਰਸ਼ ਦੇਸ਼-ਭਗਤੀ ਨਹੀਂ ਸੀ। ਗੁਰਦੇਵ ਲਈ ਕੋਈ ਦੇਸੀ ਜਾਂ ਵਿਦੇਸੀ ਨਹੀਂ ਸੀ। ਗੁਰੂ ਸਾਹਿਬ ਨੇ ਜੋ ਸੰਘਰਸ਼ ਵਿੱਢਿਆ ਸੀ ਉਹ ਕਿਸੇ ਕੌਮ, ਧਰਮ, ਜਾਤ, ਜਾਂ ਦੇਸ ਦੇ ਵਸਨੀਕਾਂ ਦੇ ਵਿਰੁੱਧ ਨਹੀਂ ਸੀ; ਇਹ ਕੇਵਲ ਜ਼ੁਲਮ ਦੇ ਵਿਰੁੱਧ ਸੀ। ਜ਼ਾਲਮ ਭਾਵੇਂ ਕਿਸੇ ਵੀ ਜਾਤ-ਪਾਤ, ਇਲਾਕੇ ਜਾਂ ਧਰਮ ਨਾਲ ਸੰਬੰਧਿਤ ਸੀ, ਗੁਰੂ ਸਾਹਿਬ ਨੇ ਉਸ ਦਾ ਵਿਰੋਧ ਕੀਤਾ ਹੈ। ਇਸ ਲਈ ਗੁਰੂ ਸਾਹਿਬ ਦਾ ਆਦਰਸ਼ ਵਿਸ਼ਵ-ਵਿਆਪੀ ਸੀ ਨਾ ਕਿ ਦੇਸ਼-ਭਗਤੀ।)
ਜਨ-ਸਾਧਾਰਨ ਨੂੰ ਆਪਣੇ ਧਰਮ ਵਿੱਚ ਲਿਆਉਣ ਲਈ ਦਿੱਤੇ ਜਾਂਦੇ (ਝੂਠੇ) ਲਾਰੇ ਅਤੇ ਦਿਖਾਏ ਜਾਂਦੇ ਸਰ-ਸਬਜ਼ ਬਾਗ਼ ਦੇ ਸੰਬੰਧ ਵਿੱਚ 'ਇਲਾਮਾ ਮੁਹੰਮਦ ਇਕਬਾਲ' ਦਾ ਇਹ ਸ਼ਿਅਰ ਵੀ ਕਥਿਤ ਧਾਰਮਿਕ ਆਗੂਆਂ ਵਲੋਂ ਗੁਮਰਾਹਕੁੰਨ ਪ੍ਰਚਾਰ ਦੀ ਅਸਲੀਅਤ ਨੂੰ ਜੱਗ ਜ਼ਾਹਰ ਕਰਦਾ ਹੈ:-
ਬਹਿਸ਼ਤੋ, ਹੂਰਾਂ, ਗ਼ਲਿਮਾਂ, ਇਵਜ਼ਿ-ਤਾਇਤ ਮੈਂ ਨਾ ਮਾਨੂੰਗਾ। ਇਨਹੀਂ ਬਾਤੋਂ ਸੇ, ਐ ਜ਼ਾਹਿਦ! ਜ਼ਈਫ਼ ਈਮਾਨ ਹੋਤਾ ਹੈ। (ਭਾਵ:- ਮੈਂ ਇਹ ਲਾਰਾ ਕਿ ਇਸਲਾਮੀ ਸ਼ਰ੍ਹਾ ਦੀ ਤਾਬੇਦਾਰੀ ਦੇ ਬਦਲੇ ਅੱਗੇ ਬਹਿਸ਼ਤ ਵਿੱਚ ਹੂਰਾਂ ਅਤੇ ਲੌਂਡੇ ਮਿਲਣਗੇ, ਕਦਾਚਿਤ ਨਹੀਂ ਮੰਨਦਾ, ਕਿਉਂਕਿ ਅਜਿਹੀਆਂ ਗੱਲਾਂ ਤੇ ਲਾਰਿਆਂ ਨਾਲ ਈਮਾਨ ਹੀ ਕਮਜ਼ੋਰ ਪੈ ਜਾਂਦਾ ਹੈ)
ਬੰਬਈ ਵਿੱਚ, ਕੋਈ ਸੱਤ ਕੁ ਦਹਾਕੇ ਪਹਿਲਾਂ, ਇੱਕ ਸਭਾ ਵਿੱਚ 'ਮੁਹੰਮਦ ਅਲੀ ਦੇ ਆਪਣੇ ਭਾਸ਼ਣ ਵਿੱਚ ਆਖੇ ਇਹ ਸ਼ਬਦ ਵੀ ਧਿਆਨ ਯੋਗ ਹਨ: “ਕੁਰਾਨ ਦੇ ਉਪਦੇਸ਼ ਦੇ ਸੰਬੰਧ ਵਿੱਚ ਹਿੰਦੂਆਂ ਜਾਂ ਈਸਾਈਆਂ ਦੇ ਦਿਲਾਂ ਵਿੱਚ ਹੋਣ ਵਾਲੀਆਂ ਉਲਟ ਭਾਵਨਾਵਾਂ ਦੀ ਜ਼ਿੰਮੇਵਾਰੀ ਮੁਸਲਮਾਨਾਂ ਦੀ ਹੈ। ਅਨ ਧਰਮਾਂ ਦੇ ਸੰਬੰਧ ਵਿੱਚ ਜੋ ਬ੍ਰਿਤੀ ਕੁਰਾਨ ਦੀ ਮੰਨੀ ਜਾਂਦੀ ਹੈ, ਉਸ ਦੇ ਲਈ ਅਸਲ ਵਿੱਚ ਕੁਰਾਨ ਜ਼ਿੰਮੇਵਾਰ ਨਹੀਂ ਹੈ ਬਲਕਿ ਉਹ ਚੰਦ ਮੁਸਲਮਾਨ ਹਨ ਜੋ ਕੁਰਾਨ ਦੇ ਉਪਦੇਸ਼ ਦੇ ਉਲਟ ਕੰਮ ਕਰ ਰਹੇ ਹਨ. . ਮੈਂ ਖ਼ੁਦ ਕਿਸੇ ਸਮੇਂ ਨਾਸਤਿਕ ਅਤੇ ਹਿੰਦੂ ਵਿਰੋਧੀ ਜਾਂ ਈਸਾਈ-ਵਿਰੋਧੀ ਦੇ ਅਰਥ ਵਿੱਚ ਮੁਸਲਮਾਨ ਸੀ; ਪਰ ਕੁਰਾਨ ਪੜ੍ਹਣ `ਤੇ ਇਸਲਾਮ ਦਾ ਅਸਲੀ ਅਰਥ ਮੇਰੀ ਸਮਝ ਵਿੱਚ ਆ ਗਿਆ ਅਤੇ ਅੱਜ ਮੈਂ ਇੱਕ ਸੱਚੇ ਹਿੰਦੂ ਜਾਂ ਸੱਚੇ ਈਸਾਈ ਨੂੰ ਅਸਲੀ ਮੁਸਲਮਾਨ ਸਮਝ ਸਕਦਾ ਹਾਂ।”
ਹਰ ਧਰਮ ਅਤੇ ਧਰਮ ਮੰਦਰਾਂ ਦੇ ਸੰਬੰਧ ਵਿੱਚ ਸਮੇਂ ਸਮੇਂ ਇਹੋ-ਜਿਹੇ ਦਾਨਸ਼ਮੰਦਾਂ ਨੇ ਜਨ-ਸਾਧਾਰਨ ਨੂੰ ਸੁਚੇਤ ਕੀਤਾ ਹੈ। ਉਦਾਹਰਣ ਵਜੋਂ ਈਸਾਈਅਤ ਨੂੰ ਪਿਆਰ ਕਰਨ ਵਾਲੇ ਇੱਕ ਈਸਾਈ ਦਾ ਇਹ ਕਥਨ ਕਿ ਜਦ ਇੱਕ ਚਰਚ ਵਿੱਚੋਂ ਇੱਕ ਸੱਚੇ ਈਸਾਈ ਨੂੰ ਬਾਹਰ ਕੱਢ ਦਿੱਤਾ ਤਾਂ ਉਹ ਡਾਢਾ ਮਾਯੂਸ ਹੋਇਆ। ਮਾਯੂਸ ਹੋਏ ਨੂੰ ਜੀਸਸ ਮਸੀਹ ਨੇ ਧਰਵਾਸ ਦਿੰਦਿਆਂ ਕਿਹਾ ਕਿ ਉਸ ਨੂੰ ਘਬਰਾਉਣ ਦੀ ਲੋੜ ਨਹੀਂ ਚੂੰਕਿ ਚਰਚ ਵਾਲੇ ਮੈਂਨੂੰ ਵੀ ਅੰਦਰ ਨਹੀਂ ਜਾਣ ਦਿੰਦੇ ਹਨ। ਤਾਂਹੀਓਂ! ਮੈਂ ਵੀ ਚਰਚ ਤੋਂ ਬਾਹਰ ਹੀ ਬੈਠਾ ਹੋਇਆ ਹਾਂ।
ਇਸੇ ਤਰ੍ਹਾਂ ਗੁਰਦੁਆਰਿਆਂ ਦੇ ਸੰਬੰਧ ਵਿੱਚ ਇੱਕ ਵੇਰ ਗੁਰਦੁਆਰੀਏ ਸੇਵਕਾਂ ਦੇ ਇੱਕ ਇਕੱਠ ਵਿੱਚ ਪੰਥ ਦਰਦੀ ਦੇ ਇਹ ਸ਼ਬਦ ਵੀ ਧਿਆਨ ਦੇਣ ਯੋਗ ਹਨ, “ਗੁਰਦੁਆਰਿਆਂ ਦੇ ਸੇਵਕਾਂ ਤੇ ਪ੍ਰਬੰਧਕਾਂ ਦੇ ਜੀਵਨ, ਵਰਤੋਂ-ਵਿਹਾਰ ਤੇ ਪ੍ਰਬੰਧ-ਢਾਂਚੇ ਨੇ ਮਨੁੱਖ ਦੇ ਜੀਵਨ-ਸੋਮੇ-ਗੁਰ ਅਸਥਾਨਾਂ-ਦਾ ਵਾਤਾਵਰਣ ਹੀ ਕੁੱਝ ਅਜਿਹਾ ਕਰ ਛੱਡਿਆ ਏ ਕਿ ਜੋ ਸਾਦਾ ਤੇ ਸਰਲ ਆਤਮਾ ਇਥੇ ਸੇਵਾ (ਮੁਲਾਜ਼ਮਤ) ਵਿੱਚ ਆਉਂਦਾ ਹੈ, ਉਹ ਪ੍ਰਭੂ-ਵਿਸ਼ਵਾਸ ਤੇ ਆਸਤਿਕਤਾ ਵਿੱਚ ਵਧੇਰੇ ਪਰਪੱਕ ਹੋਣ ਦੀ ਥਾਂ, ਉਲਟਾ ਉਸ ਅੰਦਰੋਂ ਵਿਸ਼ਵਾਸ ਅਤੇ ਆਸਤਕਿਤਾ ਦਾ ਅਭਾਵ ਹੁੰਦਾ ਜਾਂਦਾ ਹੈ। ਨਹੀਂ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ, ਜਾਗਦੀ ਜੋਤਿ’ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੇਵਕ, ਰਾਤ ਦਿਨ ਗੁਰੂ-ਸੇਵਾ ਵਿੱਚ ਤੱਤਪਰ ਰਹਿੰਦਾ ਹੋਇਆ ਅਜਿਹੇ ਪਾਪ ਕਰਨ ਦਾ ਭਾਗੀ ਹੋਵੇ ਜਿਨ੍ਹਾਂ ਨੂੰ ਸੋਚਣ ਤੋਂ ਹੀ ਸਾਧਾਰਨ ਮਨੁੱਖ ਵੀ ਲੱਜਾ ਕਰਦਾ ਹੈ। ਅਜਿਹੇ ਸੇਵਕ ਦੀ ਆਚਰਣਕ ਗਿਰਾਵਟ ਹੋਰ ਹਜ਼ਾਰਾਂ ਲੋਕਾਂ ਦੇ ਦਿਲਾਂ `ਚੋਂ ਸਿੱਖੀ ਸਿਦਕ ਅਤੇ ਆਸਤਿਕਤਾ ਦਾ ਅਭਾਵ ਕਰਨ ਦਾ ਕਾਰਨ ਬਣਦੀ ਹੈ। ਇਸ ਲਈ, ਉਸ ਉੱਤੇ ਆਪਣੀ ਅਤੇ ਜਨਤਾ ਦੀ ਮਹਾਨ ਜ਼ਿੰਮੇਵਾਰੀ ਹੈ।” (ਗੁਰਮਤਿ ਵਿਆਖਿਆਨ- ਪ੍ਰਿੰਸੀਪਲ ਹਰਿਭਜਨ ਸਿੰਘ)
ਸੋ, ਗੱਲ ਕੀ? ਮਨੁੱਖੀ ਮਨ ਨੂੰ ਇਹਨਾਂ ਮੁੱਖ ਸਰੋਤਾਂ ਤੋਂ ਜਿਹੋ-ਜਿਹਾ ਭੋਜਨ ਮਿਲ ਰਿਹਾ ਹੈ, ਇਸ ਨਾਲ ਇਸ ਅੰਦਰੋਂ ਇਨਸਾਨੀਅਤ ਦਾ ਮਾਦਾ ਖ਼ਤਮ ਹੁੰਦਾ ਜਾ ਰਿਹਾ ਹੈ। ਮਨੁੱਖ ਇਨਸਾਨੀਅਤ ਭਰਪੂਰ ਜੀਵਨ ਜਿਊਂਣ ਦੀ ਬਜਾਏ ਸਵਾਰਥ ਭਰਪੂਰ ਜੀਵਨ ਜਿਊਂਣ ਵਿੱਚ ਹੀ ਵਿਸ਼ਵਾਸ ਰੱਖਦਾ ਹੈ। ਇਸ ਦੇ ਮਨ ਵਿੱਚ ਭਾਵਕ-ਏਕਤਾ, ਇਨਸਾਨੀ ਬਰਾਦਰੀ ਤੇ ਭੈਣਾਂ-ਭਰਾਵਾਂ, ਸੁਮਿੱਤਰਾਂ ਵਾਂਗ ਰਲ-ਮਿਲ ਬੈਠਣ ਅਤੇ ਦੁਬਿਧਾ ਦੂਰ ਕਰਨ ਦਾ ਭਾਵ ਉਜਾਗਰ ਨਹੀਂ ਹੋ ਰਿਹਾ ਹੈ। ਮਨੁੱਖ ਨੇ ਜਿੱਥੇ ਇੱਕ ਪਾਸੇ ਧਨ ਨੂੰ ਹੀ ਆਪਣੇ ਜੀਵਨ ਦਾ ਇੱਕ ਮਾਤਰ ਉਦੇਸ਼ ਮੰਨ ਲਿਆ ਹੈ ਉੱਥੇ ਦੂਜੇ ਪਾਸੇ ਆਪਣੀ ਪਛਾਣ ਮਨੁੱਖ ਦੇ ਰੂਪ ਵਿੱਚ ਨਹੀਂ ਬਲਕਿ ਜਾਤ-ਪਾਤ, ਇਲਾਕਾ, ਧਰਮ ਆਦਿ ਦੇ ਰੂਪ ਵਿੱਚ ਹੀ ਕਾਇਮ ਕਰ ਲਈ ਹੈ। ਇਸ ਪਛਾਣ ਨੂੰ ਕਾਇਮ ਰੱਖਣ ਲਈ ਹੀ ਦਿਨ ਰਾਤ ਸ਼ੰਘਰਸ਼ ਕਰ ਰਿਹਾ ਹੈ। ਇਸ ਦੌੜ ਵਿੱਚ ਮਨੁੱਖ, ਮਨੁੱਖਤਾ ਵਾਲੇ ਫ਼ਰਜ਼ ਨੂੰ ਮੂਲੋਂ ਹੀ ਭੁਲਦਾ ਜਾ ਰਿਹਾ ਹੈ। ਇਹ ਮਨੁੱਖਤਾ ਲਈ ਨਿਰਸੰਦੇਹ ਖ਼ਤਰੇ ਦੀ ਘੰਟੀ ਹੈ। ਜੇਕਰ ਸਮੇਂ ਸਿਰ ਇਸ ਵਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਕਰਤੇ ਦੀ ਸਭ ਤੋਂ ਸਰਬ ਸ੍ਰੇਸ਼ਟ ਕ੍ਰਿਤ ਆਪਣੇ ਹੀ ਨਹੀਂ ਸਗੋਂ ਰੱਬੀ ਰਚਨਾ ਦੇ ਹੋਰ ਰੂਪਾਂ ਦੇ ਵਿਨਾਸ਼ ਦਾ ਵੀ ਕਾਰਨ ਬਣ ਸਕਦੀ ਹੈ। (ਚੱਲਦਾ)




.